Badnami (Punjabi Story) : Anton Chekhov

ਬਦਨਾਮੀ (ਕਹਾਣੀ) : ਐਂਤਨ ਚੈਖਵ

ਸੁਲੇਖ ਦੇ ਅਧਿਆਪਕ ਸਰਗੇਈ ਕਪੀਤੋਨਿਚ ਅਹਿਨੀਵ ਦੀ ਧੀ ਨਤਾਲੀਆ ਦਾ ਵਿਆਹ ਇਤਹਾਸ ਅਤੇ ਭੂਗੋਲ ਦੇ ਅਧਿਆਪਕ ਇਵਾਨ ਪੇਤਰੋਵਿਚ ਲੋਸ਼ਾਦਨਿਖ ਦੇ ਨਾਲ ਹੋ ਰਿਹਾ ਸੀ। ਵਿਆਹ ਦੀ ਪਾਰਟੀ ਬੇਹੱਦ ਕਾਮਯਾਬ ਸੀ। ਮਹਿਮਾਨ ਬੈਠਕ ਵਿੱਚ ਨੱਚ-ਗਾ ਰਹੇ ਸਨ। ਇਸ ਮੌਕੇ ਲਈ ਕਲੱਬ ਵਲੋਂ ਕਿਰਾਏ ਤੇ ਕੀਤੇ ਬੈਰੇ ਕਾਲੇ ਕੋਟ ਅਤੇ ਮੈਲੀਆਂ ਚਿੱਟੀਆਂ ਟਾਈਆਂ ਪਹਿਨ ਪਾਗਲਾਂ ਦੀ ਤਰ੍ਹਾਂ ਏਧਰ-ਉੱਧਰ ਆ-ਜਾ ਰਹੇ ਸਨ। ਹਵਾ ਵਿੱਚ ਰਲ਼ੀਆਂ-ਮਿਲ਼ੀਆਂ ਆਵਾਜਾਂ ਦਾ ਰੌਲਾ ਸੀ। ਬਾਹਰ ਖੜੇ ਲੋਕ ਬਾਰੀਆਂ ਵਿੱਚੋਂ ਅੰਦਰ ਝਾਕ ਰਹੇ ਸਨ। ਸੋਫੇ ਤੇ ਨਾਲ ਨਾਲ ਬੈਥੇ, ਹਿਸਾਬ ਦਾ ਅਧਿਆਪਕ, ਫਰਾਂਸੀਸੀ ਦਾ ਅਧਿਆਪਕ ਅਤੇ ਟੈਕਸਾਂ ਦਾ ਜੂਨੀਅਰ ਅਸੈੱਸਰ ਇਕ ਦੂਜੇ ਨਾਲ ਕਾਹਲੀ ਕਾਹਲੀ ਗੱਲਾਂ ਕਰ ਰਹੇ ਸਨ ਅਤੇ ਉਹ ਮਹਿਮਾਨਾਂ ਨੂੰ ਜਿਉਂਦੇ ਵਿਅਕਤੀਆਂ ਨੂੰ ਦਫਨਾਏ ਗਏ ਵਿਅਕਤੀਆਂ ਦੇ ਕਿੱਸੇ ਸੁਣਾਉਂਦੇ ਹੋਏ, ਇੱਕ ਦੂਜੇ ਨੂੰ ਟੋਕ ਰਹੇ ਸਨ ਅਤੇ ਰੂਹਾਨੀਅਤ ਬਾਰੇ ਆਪਣੀਆਂ ਰਾਵਾਂ ਦੇ ਰਹੇ ਸਨ। ਇਹਨਾਂ ਵਿਚੋਂ ਕਿਸੇ ਨੂੰ ਰੂਹਾਨੀਅਤ ਵਿਚ ਵਿਸ਼ਵਾਸ਼ ਨਹੀਂ ਸੀ, ਪਰ ਸਾਰੇ ਮੰਨਦੇ ਸਨ ਕਿ ਇਸ ਸੰਸਾਰ ਵਿਚ ਬਹੁਤ ਸਾਰੀਆਂ ਚੀਜ਼ਾਂ ਸਨ ਜੋ ਹਮੇਸ਼ਾ ਮਨੁੱਖ ਦੇ ਮਨ ਤੋਂ ਪਰੇ ਰਹਿਣਗੀਆਂ। ਅਗਲੇ ਕਮਰੇ ਵਿੱਚ ਸਾਹਿਤ ਦਾ ਮਾਸਟਰ ਮਹਿਮਾਨਾਂ ਨੂੰ ਅਜਿਹੇ ਕੇਸ ਸਮਝਾ ਰਿਹਾ ਸੀ, ਜਿਨ੍ਹਾਂ ਵਿੱਚ ਇੱਕ ਸੰਤਰੀ ਨੂੰ ਰਾਹੀਆਂ ਤੇ ਗੋਲੀ ਚਲਾਉਣ ਦਾ ਹੱਕ ਹੁੰਦਾ ਹੈ। ਵਿਸ਼ੇ, ਤੁਸੀਂ ਵੇਖਦੇ ਹੀ ਹੋ, ਚਿੰਤਾਜਨਕ, ਪਰ ਬਹੁਤ ਰੌਚਿਕ ਸਨ। ਦਰਅਸਲ ਉਹ ਸਮਾਜ ਦੇ ਹੇਠਲੇ ਵਰਗ ਦੇ ਲੋਕ ਸਨ ਜਿਨ੍ਹਾਂ ਨੂੰ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋਣ ਦੀ ਇਜਾਜਤ ਨਹੀਂ ਸੀ।

ਅੱਧੀ-ਰਾਤ ਦੇ ਸਮੇਂ ਮੇਜਬਾਨ ਅਹਿਨੀਵ ਇਹ ਦੇਖਣ ਲਈ ਰਸੋਈ ਵਿੱਚ ਗਿਆ ਕਿ ਕੀ ਰਾਤ ਦੇ ਖਾਣੇ ਦਾ ਇੰਤਜ਼ਾਮ ਹੋ ਗਿਆ ਸੀ। ਰਸੋਈ ਉੱਪਰ ਤੋਂ ਹੇਠਾਂ ਤੱਕ ਧੂਏਂ ਨਾਲ ਭਰੀ ਸੀ। ਹੰਸਾਂ ਅਤੇ ਬੱਤਖਾਂ ਦੇ ਭੁੰਨੇ ਹੋਏ ਮਾਸ ਦੀ ਅਤੇ ਹੋਰ ਅਨੇਕ ਤਰ੍ਹਾਂ ਦੀ ਗੰਧ ਧੂਏਂ ਵਿੱਚ ਮਿਲੀ ਹੋਈ ਸੀ। ਦੋ ਮੇਜਾਂ ਉੱਤੇ ਸਰਾਬ ਅਤੇ ਹੋਰ ਖਾਣ-ਪੀਣ ਦਾ ਸਾਮਾਨ ਕਲਾਤਮਕ ਬੇਤਰਤੀਬੀ ਨਾਲ ਟਿਕਾਇਆ ਹੋਇਆ ਸੀ। ਮੋਟੀ ਜਿਹੀ ਬੈਰਲ ਤੇ ਬੰਨ੍ਹੀ ਬੈਲਟ ਵਰਗੀ ਲੱਗਦੀ ਲਾਲ ਚਿਹਰੇ ਵਾਲੀ ਬਾਵਰਚਣ, ਮਾਰਫਾ ਉਨ੍ਹਾਂ ਮੇਜਾਂ ਦੇ ਕੋਲ ਭੱਜ-ਨੱਠ ਕਰਦੀ ਵਿੱਖ ਰਹੀ ਸੀ।

“ਸੁਣ, ਮੈਨੂੰ ਸਟਰਜਨ ਮੱਛੀ ਵਿਖਾ”, ਆਪਣੇ ਹੱਥਾਂ ਨੂੰ ਆਪਸ ਵਿੱਚ ਰਗੜਦੇ ਅਤੇ ਜੀਭ ਨਾਲ ਆਪਣੇ ਬੁੱਲ੍ਹਾਂ ਨੂੰ ਚੱਟਦੇ ਹੋਏ ਅਹਿਨੀਵ ਨੇ ਕਿਹਾ। “ਕੈਸੀ ਵਧੀਆ ਖੁਸ਼ਬੂ ਹੈ! ਮੈਂ ਤਾਂ ਰਸੋਈ ਵਿੱਚ ਰੱਖਿਆ ਸਾਰਾ ਖਾਣਾ ਖਾ ਸਕਦਾ ਹਾਂ! ਜਰਾ ਮੈਨੂੰ ਸਟਰਜਨ ਮੱਛੀ ਤਾਂ ਵਿਖਾ।”

ਮਾਰਫਾ ਇੱਕ ਬੈਂਚ ਦੇ ਕੋਲ ਗਈ ਅਤੇ ਉਸਨੇ ਧਿਆਨ ਨਾਲ ਇੱਕ ਮੈਲ਼ਾ ਅਖ਼ਬਾਰ ਚੁੱਕਿਆ। ਉਸਦੇ ਹੇਠਾਂ ਕੜਾਹੀ ਵਿੱਚ ਇੱਕ ਪੱਕੀ ਹੋਈ ਵੱਡੀ ਸਾਰੀ ਸਟਰਜਨ ਮੱਛੀ ਰੱਖੀ ਹੋਈ ਸੀ, ਜਿਸਦੇ ਉੱਤੇ ਖਜੂਰ ਅਤੇ ਗਾਜਰ ਦੇ ਟੁਕੜੇ ਛਿੜਕੇ ਹੋਏ ਸਨ। ਅਹਿਨੀਵ ਨੇ ਸਟਰਜਨ ਮੱਛੀ ਉੱਤੇ ਨਜ਼ਰ ਸੁੱਟੀ ਅਤੇ ਚੈਨ ਦੀ ਸਾਹ ਲਈ। ਉਸਦਾ ਚਿਹਰਾ ਖਿੜ ਗਿਆ ਅਤੇ ਉਸਦੀ ਅੱਖਾਂ ਵਿੱਚ ਸਬਰ-ਸੰਤੁਸ਼ਟੀ ਦਾ ਭਾਵ ਆ ਗਿਆ। ਉਹ ਝੁੱਕਿਆ ਅਤੇ ਉਸਨੇ ਆਪਣੇ ਮੂੰਹ ਵਿੱਚੋਂ ਗੱਡੇ ਦੇ ਸੁੱਕੇ ਪਹੀਏ ਦੇ ਚਰਮਰਾਉਣ ਵਰਗੀ ਅਵਾਜ ਕੱਢੀ। ਉਹ ਥੋੜ੍ਹੀ ਦੇਰ ਉਥੇ ਹੀ ਖੜਾ ਰਿਹਾ। ਫਿਰ ਖੁਸ਼ ਹੋ ਕੇ ਉਸਨੇ ਆਪਣੀ ਉਂਗਲਾਂ ਮੜੱਕੀਆਂ ਅਤੇ ਦੁਬਾਰਾ ਆਪਣੇ ਬੁੱਲ੍ਹਾਂ ਦੇ ਚਟਖਾਰਾ ਲੈਣ ਦੀ ਅਵਾਜ਼ ਕੱਢੀ।

ਆਹਾ! ਦਿਲੀ ਚੁੰਮਣ ਦੀ ਆਵਾਜ਼। ਮਾਰਫਾ, ਤੂੰ ਕਿਸ ਨੂੰ ਚੁੰਮਿਆ ਹੈ? ਨਾਲ ਵਾਲੇ ਕਮਰੇ ਵਿੱਚੋਂ ਕਿਸੇ ਦੀ ਅਵਾਜ ਆਈ, ਅਤੇ ਜਲਦੀ ਹੀ ਦਰਵਾਜੇ ਉੱਤੇ ਸਹਾਇਕ ਮਾਸਟਰ, ਵੈਨਕਿਨ ਦਾ ਤਾਜ਼ਾ ਮੁੰਨਿਆ ਹੋਇਆ ਸਿਰ ਨਜ਼ਰ ਆਇਆ। “ਤੂੰ ਇਧਰ ਕਿਸ ਨੂੰ ਚੁੰਮਿਆ ਸੀ ? ਅਹਾ! ਬਹੁਤ ਅੱਛਾ! ਸਰਗੇਈ ਕਪੀਤੋਨਿਚ ! ਸ਼ਾਨਦਾਰ ਨਾਨਾ ਜੀ! ਮੈਂ ਕਹਾਂਗਾ!”

“ਮੈਂ ਕਿਸੇ ਨੂੰ ਨਹੀਂ ਚੁੰਮ ਰਿਹਾ ਸੀ,” ਅਹਿਨੀਵ ਨੇ ਬੇਚੈਨੀ ਵਿੱਚ ਕਿਹਾ, “ਮੂਰਖ ਆਦਮੀ, ਤੈਨੂੰ ਇਹ ਗੱਲ ਕਿਸਨੇ ਕਹੀ? ਮੈਂ ਤਾਂ ਕੇਵਲ ਆਪਣੇ ਬੁੱਲ੍ਹਾਂ ਦੇ ਚਟਖਾਰੇ ਦੀ ਅਵਾਜ਼ ਕੱਢ ਰਿਹਾ ਸੀ...ਵਧੀਆ ਪੱਕੀ ਹੋਈ ਮੱਛੀ ਵੇਖਣ ਦੀ ਖੁਸ਼ੀ ਚੜ੍ਹਨ ਕਰਕੇ...ਚਟਖਾਰਾ ਲੈਣ ਦੀ ਅਵਾਜ਼। “

ਇਹ ਬਹਾਨੇ ਮੈਨੂੰ ਨਹੀਂ, ਕਿਸੇ ਹੋਰ ਨੂੰ ਦੱਸਣਾ, ਵੈਨਕਿਨ ਚਹਿਕਿਆ। ਉਸਦੇ ਚਿਹਰੇ ਉੱਤੇ ਇੱਕ ਚੌੜੀ ਮੁਸਕਾਨ ਫੈਲ ਗਈ ਸੀ। ਫਿਰ ਉਹ ਦਰਵਾਜੇ ਕੋਲੋਂ ਹਟਕੇ ਦੂਜੇ ਕਮਰੇ ਵਿੱਚ ਚਲਾ ਗਿਆ।

ਅਹਿਨੀਵ ਸ਼ਰਮ ਮੰਨ ਗਿਆ।

ਸ਼ੈਤਾਨ ਹੀ ਜਾਣਦਾ ਹੈ ਕਿ ਇਸ ਘਟਨਾ ਦਾ ਨਤੀਜਾ ਕੀ ਹੋਵੇਗਾ ! ਉਸਨੇ ਸੋਚਿਆ। ਹੁਣ ਉਹ ਦੂਸਰਿਆਂ ਕੋਲ ਮੇਰੀ ਨਿੰਦਾ ਕਰਦਾ ਫਿਰੇਗਾ। ਬਦਮਾਸ਼ ਕਿਤੇ ਦਾ! ਉੱਫ! ਉਹ ਜੰਗਲੀ ਪੂਰੇ ਸ਼ਹਿਰ ਦੇ ਸਾਹਮਣੇ ਮੇਰੀ ਇੱਜਤ ਰੋਲ਼ ਦੇਵੇਗਾ !

ਅਹਿਨੀਵ ਸਹਿਮਿਆ ਸਹਿਮਿਆ ਬੈਠਕ ਵਿੱਚ ਦਾਖ਼ਿਲ ਹੋਇਆ। ਉਹ ਚੋਰ-ਨਿਗਾਹਾਂ ਨਾਲ ਇਹ ਵੇਖ ਰਿਹਾ ਸੀ ਕਿ ਵੈਨਕਿਨ ਕੀ ਕਰ ਰਿਹਾ ਹੈ। ਵੈਨਕਿਨ ਪਿਆਨੋ ਦੇ ਕੋਲ ਖੜਾ ਸੀ। ਉਸਦਾ ਸਿਰ ਝੁੱਕਿਆ ਹੋਇਆ ਸੀ ਅਤੇ ਉਹ ਪੁਲਿਸ ਇੰਸਪੈਕਟਰ ਦੀ ਸਾਲੀ ਦੇ ਕੰਨ ਵਿੱਚ ਕੁੱਝ ਫੁਸਫੁਸਾ ਰਿਹਾ ਸੀ। ਉਸਦੀ ਗੱਲ ਸੁਣ ਕੇ ਉਹ ਕੁੜੀ ਹਸ ਰਹੀ ਸੀ।

ਜ਼ਰੂਰ ਇਹ ਮੇਰੀ ਹੀ ਨਿੰਦਾ ਕਰ ਰਿਹਾ ਹੈ, ਅਹਿਨੀਵ ਨੇ ਸੋਚਿਆ। ਸ਼ੈਤਾਨ ਉਸਦਾ ਬੇੜਾ ਗ਼ਰਕ ਕਰੇ ! ਤੇ ਕੁੜੀ ਨੇ ਵੈਨਕਿਨ ਦੀਆਂ ਗੱਲਾਂ ਨੂੰ ਸਚ ਮੰਨ ਲਿਆ ਹੈ, ਤਾਂ ਹੀ ਉਹ ਹਸ ਰਹੀ ਹੈ। ਹੇ ਰੱਬਾ ! ਨਹੀਂ, ਮੈਂ ਇਸ ਗੱਲ ਨੂੰ ਇੰਜ ਹੀ ਨਹੀਂ ਛੱਡ ਸਕਦਾ। ਮੈਨੂੰ ਲੋਕਾਂ ਨੂੰ ਸੱਚਾਈ ਦੱਸਣੀ ਹੀ ਪਵੇਗੀ ਤਾਂਕਿ ਕੋਈ ਵੀ ਵੈਨਕਿਨ ਦੀਆਂ ਗੱਲਾਂ ਉੱਤੇ ਯਕੀਨ ਨਾ ਕਰੇ। ਮੈਂ ਖ਼ੁਦ ਇਸ ਬਾਰੇ ਸਾਰਿਆਂ ਨੂੰ ਦੱਸਾਂਗਾ ਤਾਂਕਿ ਅੰਤ ਵਿੱਚ ਵੈਨਕਿਨ ਦੀਆਂ ਗੱਲਾਂ ਮਨ-ਘੜਤ ਗੱਪ ਸਾਬਤ ਹੋਣ।

ਬੇਚੈਨੀ ਵਿੱਚ ਆਪਣੇ ਸਿਰ ਨੂੰ ਖੁਰਕਦੇ ਹੋਏ ਅਹਿਨੀਵ ਫਰਾਂਸੀਸੀ ਦੇ ਅਧਿਆਪਕ ਕੋਲ ਗਿਆ।

“ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਰਾਤ ਦੇ ਖਾਣੇ ਦੀ ਤਿਆਰੀ ਦੇਖਣ ਲਈ ਰਸੋਈ ਵਿੱਚ ਗਿਆ ਸੀ,” ਉਸਨੇ ਆਪਣੇ ਮਹਿਮਾਨ ਨੂੰ ਕਿਹਾ। “ਮੈਨੂੰ ਪਤਾ ਹੈ, ਤੁਹਾਨੂੰ ਮੱਛੀ ਪਸੰਦ ਹੈ। ਇਸਲਈ ਮੈਂ ਇੱਕ ਖਾਸ ਵੱਡੀ ਸਟਰਜਨ ਮੱਛੀ ਦਾ ਇੰਤਜ਼ਾਮ ਕੀਤਾ ਹੈ। ਤਕਰੀਬਨ ਦੋ ਗਜ਼ ਲੰਬੀ ਮੱਛੀ ! ਹਾ, ਹਾ ਹਾ ! ਓ ਇਹ ਗੱਲ ਤੁਹਾਨੂੰ ਦੱਸਣਾ ਤਾਂ ਮੈਂ ਭੁੱਲ ਹੀ ਗਿਆ। ਰਸੋਈ ਵਿੱਚ ਉਸ ਸਟਰਜਨ ਮੱਛੀ ਨਾਲ ਜੁੜਿਆ ਇੱਕ ਕਿੱਸਾ ਮੈਂ ਤੁਹਾਨੂੰ ਦੱਸਦਾ ਹਾਂ। ਥੋੜ੍ਹੀ ਦੇਰ ਪਹਿਲਾਂ ਮੈਂ ਰਾਤ ਦੇ ਖਾਣੇ ਦੇ ਇੰਤਜ਼ਾਮ ਦੇਖਣ ਲਈ ਰਸੋਈ ਵਿੱਚ ਗਿਆ। ਚੰਗੀ ਤਰ੍ਹਾਂ ਪੱਕੀ ਸਟਰਜਨ ਮੱਛੀ ਨੂੰ ਵੇਖਕੇ ਮੈਂ ਬੁੱਲ੍ਹਾਂ ਨਾਲ ਚਟਖਾਰਾ ਲੈਣ ਦੀ ਅਵਾਜ਼ ਕੱਢੀ। ਉਹ ਵੱਡੀ ਸੁਆਦੀ ਮੱਛੀ ਲੱਗ ਰਹੀ ਸੀ। ਉਦੋਂ ਹੀ ਉਹ ਮੂਰਖ ਵੈਨਕਿਨ ਰਸੋਈ ਦੇ ਬੂਹੇ ਉੱਤੇ ਆਇਆ ਅਤੇ ਕਹਿਣ ਲਗਾ ….ਹਾ, ਹਾ, ਹਾ ! ਅਤੇ ਕਹਿਣ ਲਗਾ ...ਆਹਾ ! ਤਾਂ ਤੂੰ ਇੱਥੇ ਮਾਰਫਾ ਨੂੰ ਚੁੰਮ ਰਹੇ ਹੋ ! ਤੁਸੀਂ ਹੀ ਸੋਚੋ...ਬਾਵਰਚਣ ਦਾ ਚੁੰਮੰ ! ਕੀ ਮਨ-ਘੜਤ ਗੱਲ ਸੀ ! ਮਹਾਮੂਰਖ ਵਿਅਕਤੀ ! ਉਹ ਔਰਤ ਉਂਜ ਹੀ ਵੇਖਣ ਨੂੰ ਬੜੀ ਡਰਾਉਣੀ ਹੈ। ਉਹ ਕਿਸੇ ਬਾਂਦਰੀ ਵਰਗੀ ਬਦਸੂਰਤ ਲੱਗਦੀ ਹੈ ! ਤੇ ਉਹ ਮੂਰਖ ਆਦਮੀ ਬੇਸਿਰ-ਪੈਰ ਗੱਲ ਕਰ ਰਿਹਾ ਸੀ ਕਿ ਅਸੀਂ ਇੱਕ ਦੂਜੇ ਨੂੰ ਚੁੰਮ ਰਹੇ ਸੀ! ਕਿੰਨਾ ਅਜੀਬ ਆਦਮੀ ਹੈ!”

“ਕੌਣ ਅਜੀਬ ਆਦਮੀ ਹੈ?” ਉਨ੍ਹਾਂ ਕੋਲ ਆ ਰਹੇ ਹਿਸਾਬ ਦੇ ਅਧਿਆਪਕ ਨੇ ਪੁੱਛਿਆ।

“ਓ, ਮੈਂ ਵੈਨਕਿਨ ਦੀ ਗੱਲ ਕਰ ਰਿਹਾ ਹਾਂ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਰਸੋਈ ਵਿੱਚ ਗਿਆ..” ਮਾਰਫਾ ਅਤੇ ਸਟਰਜਨ ਮੱਛੀ ਦੀ ਕਹਾਣੀ ਦੋਹਰਾਈ ਗਈ।

“ਉਸਦੀ ਗੱਲ ਸੁਣਕੇ ਮੈਨੂੰ ਹਾਸੀ ਆ ਰਹੀ ਹੈ। ਕਿੰਨਾ ਅਜੀਬ ਆਦਮੀ ਹੈ ! ਮੇਰੇ ਖ਼ਿਆਲ ਵਿੱਚ ਮਾਰਫਾ ਨੂੰ ਚੁੰਮਣ ਦੀ ਬਜਾਏ ਕਿਸੇ ਕੁੱਤੇ ਨੂੰ ਚੁੰਮਣਾ ਚੰਗਾ ਹੋਵੇਗਾ,” ਅਹਿਨੀਵ ਨੇ ਕਿਹਾ ਅਤੇ ਮੁੜਦੇ ਹੋਏ ਉਸਨੇ ਟੈਕਸਾਂ ਦਾ ਜੂਨੀਅਰ ਅਸੈੱਸਰ ਨੂੰ ਵੇਖਿਆ।

ਅਸੀਂ ਵੈਨਕਿਨ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ ਉਸਨੇ ਜੂਨੀਅਰ ਅਸੈੱਸਰ ਨੂੰ ਕਿਹਾ, ਕਿੰਨਾ ਅਜੀਬ ਆਦਮੀ ਹੈ ! ਉਹ ਰਸੋਈ ਵਿੱਚ ਘੁਸਿਆ ਅਤੇ ਉਸਨੇ ਮੈਨੂੰ ਮਾਰਫਾ ਦੇ ਕੋਲ ਖੜਾ ਦੇਖਿਆ। ਬਸ, ਫਿਰ ਕੀ ਸੀ ! ਉਹ ਉਸੇ ਵਕਤ ਸਾਡੇ ਦੋਨਾਂ ਦੇ ਬਾਰੇ ਬੇਹੂਦਾ ਕਹਾਣੀਆਂ ਘੜਨ ਲਗਾ। ‘ਤੁਸੀਂ ਚੁੰਮਣ ਦਾ ਸੁਆਦ ਲੈ ਰਹੇ ਸੀ?’ ਉਸਨੇ ਪੀ ਰੱਖੀ ਸੀ ਇਸਲਈ ਉਹ ਆਪਣੇ ਹੋਸ਼-ਹਵਾਸ ਵਿੱਚ ਨਹੀਂ ਸੀ। ਜਾਗਦੇ ਹੋਏ ਸਪਨੇ ਵੇਖ ਰਿਹਾ ਸੀ। ਮੈਂ ਕਿਹਾ ...‘ਮਾਰਫਾ ਨੂੰ ਚੁੰਮਣ ਦੀ ਬਜਾਏ ਮੈਂ ਕਿਸੇ ਬੱਤਖ਼ ਨੂੰ ਚੁੰਮਣਾ ਪਸੰਦ ਕਰਾਂਗਾ। ਅਤੇ ਫਿਰ ਮੈਂ ਸ਼ਾਦੀ- ਸ਼ੁਦਾ ਹਾਂ। ਮੈਂ ਕਿਹਾ...ਤੂੰ ਮਹਾਮੂਰਖ ਹੈਂ! ਦੱਸੋ, ਮੇਰੇ ਉੱਤੇ ਅਜਿਹਾ ਘਟੀਆ ਇਲਜ਼ਾਮ ਲਗਾ ਕੇ ਉਸਨੇ ਮੇਰੀ ਹਾਲਤ ਕਿੰਨੀ ਹਾਸੋਹੀਣੀ ਬਣਾ ਦਿੱਤੀ।’

“ਕਿਸਨੇ ਤੁਹਾਡੀ ਹਾਲਤ ਹਾਸੋਹੀਣੀ ਬਣਾ ਦਿੱਤੀ?” ਧਰਮ-ਸ਼ਾਸਤਰ ਪੜ੍ਹਾਉਣ ਵਾਲੇ ਪਾਦਰੀ ਨੇ ਅਹਿਨੀਵ ਕੋਲੋਂ ਪੁੱਛਿਆ।

“ਵੈਨਕਿਨ ਨੇ। ਮੈਂ ਰਸੋਈ ਵਿੱਚ ਖੜਾ ਸਟਰਜਨ ਮੱਛੀ ਦੇ ਬਾਰੇ ਪਤਾ ਕਰ ਰਿਹਾ ਸੀ …” ਆਦਿ ਆਦਿ। ਅੱਧੇ ਘੰਟੇ ਦੇ ਅੰਦਰ ਹੀ ਸਾਰੇ ਮਹਿਮਾਨਾਂ ਨੂੰ ਵੈਨਕਿਨ ਅਤੇ ਸਟਰਜਨ ਮੱਛੀ ਵਾਲੀ ਕਹਾਣੀ ਦੇ ਬਾਰੇ ਪਤਾ ਚੱਲ ਗਿਆ।

ਹੁਣ ਉਸਨੂੰ ਦੱਸਣ ਦਿਓ, ਅਹਿਨੀਵ ਨੇ ਆਪਣੇ ਹੱਥ ਆਪਸ ਵਿੱਚ ਰਗੜਦੇ ਹੋਏ ਸੋਚਿਆ। ਹੁਣ ਉਸਨੂੰ ਮੇਰੀ ਨਿੰਦਾ ਕਰਨ ਦਿਓ। ਉਹ ਜਿਵੇਂ ਹੀ ਲੋਕਾਂ ਨੂੰ ਇਹ ਕਹਾਣੀ ਦੱਸਣਾ ਸ਼ੁਰੂ ਕਰੇਗਾ, ਉਹ ਉਸਨੂੰ ਵਿੱਚ ਹੀ ਰੋਕ ਦੇਣਗੇ : ਬਕਵਾਸ ਮਤ ਕਰੋ, ਮੂਰਖ ਆਦਮੀ! ਸਾਨੂੰ ਇਸ ਬਾਰੇ ਸਭ ਪਤਾ ਹੈ।

ਅਤੇ ਇਸ ਗੱਲ ਤੋਂ ਅਹਿਨੀਵ ਇੰਨਾ ਸੰਤੁਸ਼ਟ ਮਹਿਸੂਸ ਕਰਨ ਲਗਾ ਕਿ ਖੁਸ਼ ਹੋ ਕੇ ਉਸਨੇ ਕੁਝ ਜ਼ਿਆਦਾ ਹੀ ਚਾੜ੍ਹ ਲਈ। ਨੌਜਵਾਨ ਲੋਕਾਂ ਨੂੰ ਉਨ੍ਹਾਂ ਦੇ ਕਮਰੇ ਵਿੱਚ ਛੱਡ ਕੇ ਉਹ ਆਪਣੇ ਕਮਰੇ ਵਿੱਚ ਗਿਆ ਅਤੇ ਇੱਕ ਮਾਸੂਮ ਬੱਚੇ ਵਰਗੀ ਡੂੰਘੀ ਨੀਂਦ ਵਿੱਚ ਡੁੱਬ ਗਿਆ। ਅਗਲੇ ਦਿਨ ਉੱਠਣ ਉੱਤੇ ਉਸਨੂੰ ਸਟਰਜਨ ਦੀ ਕਹਾਣੀ ਦਾ ਕੋਈ ਅੰਸ਼ ਯਾਦ ਨਹੀਂ ਰਿਹਾ।

ਪਰ, ਅਫਸੋਸ! ਬੰਦਾ ਜੋੜੇ ਪਲੀ ਪਲੀ, ਰੱਬ ਰੁੜ੍ਹਾਵੇ ਕੁੱਪਾ। ਕਾਲੀ ਜਬਾਨ ਆਪਣਾ ਸ਼ੈਤਾਨੀ ਕੰਮ ਕਰ ਜਾਂਦੀ ਹੈ। ਇਸਲਈ ਅਹਿਨੀਵ ਦੀ ਰਣਨੀਤੀ ਉਸਦੇ ਕਿਸੇ ਕੰਮ ਨਹੀਂ ਆਈ। ਇੱਕ ਹਫਤੇ ਬਾਅਦ, ਬੁੱਧਵਾਰ ਦੇ ਦਿਨ, ਤੀਸਰੇ ਪਾਠ ਦੇ ਬਾਅਦ ਜਦੋਂ ਅਹਿਨੀਵ ਸਟਾਫ਼ ਕਮਰੇ ਵਿੱਚ ਖੜਾ ਇੱਕ ਵਿਦਿਆਰਥੀ ਵਿਸੇਕਿਨ ਦੀਆਂ ਮਾੜੀਆਂ ਰੁਚੀਆਂ ਬਾਰੇ ਚਰਚਾ ਕਰ ਰਿਹਾ ਸੀ, ਤੱਦ ਹੈੱਡਮਾਸਟਰ ਨੇ ਉਸਨੂੰ ਇਸ਼ਾਰੇ ਨਾਲ ਵੱਖ ਬੁਲਾਇਆ।

“ਵੇਖੋ, ਸਰਗੇਈ ਕਪੀਤੋਨਿਚ," ਹੈੱਡਮਾਸਟਰ ਨੇ ਕਿਹਾ, “ਮਾਫ ਕਰਨਾ ਕਿਉਂਕਿ ਇਹ ਮਾਮਲਾ ਮੇਰੇ ਨਾਲ ਜੁੜਿਆ ਨਹੀਂ ਹੈ, ਪਰ ਕੁੱਝ ਵੀ ਹੋਵੇ, ਮੈਨੂੰ ਇਸਦੇ ਬਾਰੇ ਵਿੱਚ ਤੁਹਾਡੇ ਨਾਲ ਦੋ ਟੁੱਕ ਗੱਲ ਕਰਨੀ ਹੋਵੇਗੀ।... ਇਹ ਮੇਰਾ ਫਰਜ ਹੈ... ਵੇਖੋ, ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਉਸ ਤੀਵੀਂ ਨਾਲ - - ਉਹ ਜੋ ਤੁਹਾਡੀ ਬਾਵਰਚਣ ਹੈ ---ਉਸ ਨਾਲ ਤੁਹਾਡੇ ਕਰੀਬੀ ਸੰਬੰਧ ਹਨ!

ਵੇਖੋ, ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ, ਪਰ...ਚਾਹੇ ਤੁਹਾਡੇ ਉਸ ਨਾਲ ਕਰੀਬੀ ਸੰਬੰਧ ਹੋਣ, ਚਾਹੇ ਤੁਸੀਂ ਉਸਦੇ ਚੁੰਮਣ ਲਓ ... ਤੁਸੀਂ ਉਸਦੇ ਨਾਲ ਜੋ ਤੁਹਾਡੀ ਇੱਛਾ ਹੋਵੇ, ਕਰੋ, ਮਗਰ ਇੰਨਾ ਖੁੱਲ ਕੇ ਮਤ ਕਰੋ ! ਵੇਖੋ, ਇਹ ਮੇਰੀ ਸਨਿਮਰ ਬੇਨਤੀ ਹੈ। ਇਹ ਮਤ ਭੁੱਲੋ ਕਿ ਤੁਸੀਂ ਇੱਕ ਅਧਿਆਪਕ ਹੋ।

ਇਹ ਸੁਣ ਕੇ ਅਹਿਨੀਵ ਜਿਵੇਂ ਸੁੰਨ ਰਹਿ ਗਿਆ। ਉਸਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਅਣਗਿਣਤ ਮੱਖਿਆਲ ਨੇ ਉਸਨੂੰ ਡੰਗ ਲਿਆ ਹੋਵੇ, ਜਿਵੇਂ ਉਸਤੇ ਉੱਬਲ਼ਦਾ ਪਾਣੀ ਪੈ ਗਿਆ ਹੋਵੇ ਤੇ ਉਸਦੀ ਤਵਚਾ ਨੂੰ ਝੁਲਸ ਗਈ ਹੋਵੇ। ਅਜਿਹੀ ਭਿਆਨਕ ਹਾਲਤ ਵਿੱਚ ਉਹ ਘਰ ਪਹੁੰਚਿਆ। ਰਸਤੇ ਵਿੱਚ ਉਸਨੂੰ ਲਗਾ ਜਿਵੇਂ ਉਸਦੇ ਮੂੰਹ ਉੱਤੇ ਲੁੱਕ ਪੋਤੀ ਹੋਈ ਹੋਵੇ। ਘਰ ਨਵੀਂ ਮੁਸੀਬਤ ਉਸਦੀ ਉਡੀਕ ਕਰ ਰਹੀ ਸੀ।

“ਤੁਸੀਂ ਕੁੱਝ ਖਾਂਦੇ ਕਿਉਂ ਨਹੀਂ?” ਰਾਤ ਦੇ ਖਾਣੇ ਦੇ ਸਮੇਂ ਉਸਦੀ ਪਤਨੀ ਨੇ ਉਸ ਕੋਲੋਂ ਪੁੱਛਿਆ। “ਤੁਸੀਂ ਕਿਹੜੀਆਂ ਸੋਚਾਂ ਵਿੱਚ ਡੁੱਬੇ ਹੋ? ਤੁਹਾਨੂੰ ਆਪਣੀ ਮਹਿਬੂਬਾ ਯਾਦ ਆ ਰਹੀ ਹੈ ਨਾ? ਕੀ ਮਾਰਫਾ ਦੀ ਯਾਦ ਸਤਾ ਰਹੀ ਹੈ? ਮੈਨੂੰ ਸਭ ਪਤਾ ਚੱਲ ਗਿਆ ਹੈ, ਬੇਵਫਾ! ਦਿਆਲੁ ਦੋਸਤਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ, ਬੂਝੜ ਬੰਦੇ!” ਅਤੇ ਉਸਨੇ ਅਹਿਨੀਵ ਦੀ ਗੱਲ੍ਹ ਉੱਤੇ ਖਿੱਚ ਕੇ ਥੱਪੜ ਜੜ ਦਿੱਤਾ।

ਉਹ ਲੜਖੜਾਉਂਦਾ ਹੋਇਆ ਖਾਣੇ ਦੀ ਮੇਜ ਤੋਂ ਉਠਿਆ ਅਤੇ ਬਿਨਾਂ ਆਪਣੀ ਟੋਪੀ ਜਾਂ ਕੋਟ ਲਈ ਹੋਏ ਸਿੱਧਾ ਵੈਨਕਿਨ ਦੇ ਘਰ ਵੱਲ ਚੱਲ ਪਿਆ। ਵੈਨਕਿਨ ਘਰ ਹੀ ਸੀ।

“ਬਦਮਾਸ਼ ਕਿਤੋਂ ਦੇ!” ਉਸਨੇ ਵੈਨਕਿਨ ਨੂੰ ਕਿਹਾ। “ਤੂੰ ਪੂਰੇ ਜੱਗ ਦੇ ਸਾਹਮਣੇ ਮੈਨੂੰ ਬਦਨਾਮ ਕਿਉਂ ਕੀਤਾ? ਤੂੰ ਸਭ ਕੋਲ ਮੇਰੀ ਨਿੰਦਾ ਕਿਉਂ ਕੀਤੀ?”

“ਕੀ ਕਿਹਾ ? ਨਿੰਦਾ ..ਕਿਹੜੀ ਨਿੰਦਾ? ਇਹ ਤੂੰ ਮੇਰੇ ਉੱਤੇ ਕੀ ਇਲਜ਼ਾਮ ਮੜ੍ਹ ਰਹੇ ਹੋ?”

“ਤਾਂ ਫਿਰ ਸਾਰਿਆ ਨੂੰ ਇਹ ਝੂਠੀ ਗੱਲ ਕਿਸਨੇ ਦੱਸੀ ਕਿ ਮੈਂ ਮਾਰਫਾ ਨੂੰ ਚੁੰਮ ਰਿਹਾ ਸੀ ? ਹੁਣ ਤੂੰ ਕਹੇਂਗਾ ਕਿ ਉਹ ਤੂੰ ਨਹੀਂ ਸੀ! ਉਹ ਤੂੰ ਨਹੀਂ ਸੀ, ਜਿਸਨੇ ਮੇਰੀ ਇੱਜਤ ਰੋਲ਼ੀ?”

ਵੈਨਕਿਨ ਨੇ ਹੈਰਾਨੀ ਨਾਲ ਆਪਣੀਆਂ ਪਲਕਾਂ ਝਪਕੀਆਂ। ਉਸ ਦੇ ਰੌਂਗਟੇ ਖੜੇ ਹੋ ਗਏ। ਉਸਨੇ ਆਪਣੀਆਂ ਪਲਕਾਂ ਉਠਾ ਕੇ ਕਿਸੇ ਤਰ੍ਹਾਂ ਕਿਹਾ, “... ਜੇਕਰ ਮੈਂ ਤੁਹਾਡੇ ਬਾਰੇ ਵਿੱਚ ਇੱਕ ਸ਼ਬਦ ਵੀ ਕਿਸੇ ਨੂੰ ਕਿਹਾ ਹੋਵੇ ਤਾਂ ਮੈਨੂੰ ਰੱਬ ਦੀ ਮਾਰ ਵੱਗੇ। ਮੇਰੀਆਂ ਅੱਖਾਂ ਫੁੱਟ ਜਾਣ ਅਤੇ ਕੱਖ ਨਾ ਰਵੇ। ਘਰ ਮਕਾਨ ਕੁਝ ਨਾ ਰਹੇ, ਪਲੇਗ ਪਵੇ ਮੈਨੂੰ!”

ਵੈਨਕਿਨ ਦੀ ਸੱਚਾਈ ਬਿਨਾਂ ਸ਼ੱਕ ਸੀ। ਇਹ ਸਪੱਸ਼ਟ ਸੀ ਕਿ ਉਸਨੇ ਕਿਸੇ ਕੋਲ ਵੀ ਅਹਿਨੀਵ ਦੀ ਨਿੰਦਾ ਨਹੀਂ ਕੀਤੀ ਸੀ।

“ਪਰ ਫਿਰ ਉਹ ਕੌਣ ਸੀ? ਕੌਣ ?” ਅਹਿਨੀਵ ਨੇ ਖ਼ੁਦ ਨੂੰ ਪੁੱਛਿਆ। ਉਸਦੇ ਦਿਮਾਗ਼ ਵਿੱਚ ਸਾਰੇ ਜਾਣਕਾਰਾਂ ਦੇ ਨਾਮ ਆ ਜਾ ਰਹੇ ਸਨ। ਆਪਣੀ ਛਾਤੀ ਉੱਤੇ ਦੁਹੱਥੜ ਮਾਰਦੇ ਹੋਏ ਉਹ ਫਿਰ ਬੋਲਿਆ, “ਆਖਿਰ ਕੌਣ ਸੀ ਉਹ ਨਿੰਦਕ?”

  • ਮੁੱਖ ਪੰਨਾ : ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ