Bas Ena Hi (Punjabi Story) : Ashok Vasishth

ਬਸ ਏਨਾ ਹੀ (ਕਹਾਣੀ) : ਅਸ਼ੋਕ ਵਾਸਿਸ਼ਠ

ਮੋਹਬਤ ਕੀ ਝੂਠੀ ਕਹਾਨੀ ਪੇ ਰੋਏ
ਬਹੁਤ ਚੋਟ ਖਾਈ ਜਵਾਨੀ ਪੇ ਰੋਏ।
ਸ਼ਿਵਾਜੀ ਸਟੇਡੀਅਮ ਤੋਂ ਪੰਜਾਬੀ ਬਾਗ ਵੱਲ ਜਾਂਦੀ ਕਲਸਟਰ ਬਸ ਦੇ ਡਰਾਈਵਰ ਨੇ ਪੁਰਾਣੇ ਗਾਣਿਆਂ ਦਾ ਰਿਕਾਰਡ ਚਾਲੂ ਕੀਤਾ ਤਾਂ ਉਸ ਦਾ ਪਹਿਲਾ ਗੀਤ ਇਹੋ ਸੀ। ਸੀਨੀਅਰ ਸਿਟੀਜ਼ਨ ਵਾਲੀ ਸੀਟ ‘ਤੇ ਬੈਠਾ ਜਤਿਨ ਖੁਸ਼ੀ ਵਿਚ ਉਛਲ ਪਿਆ, “ਵਾਹ, ਮਜਾ ਆ ਗਿਆ, ‘ਮੋਹਬਤ ਕੀ ਝੂਠੀ ਕਹਾਨੀ ਪੇ ਰੋਏ...।’ ਕਿਆ ਬਾਤ ਹੈ। ਗੀਤਕਾਰ ਦੇ ਬੋਲ ਨਹੀਂ ਸਗੋਂ ਉਸ ਦੀ ਰੂਹ ਬੋਲ ਰਹੀ ਹੈ! ਕੀ ਖਿਆਲ ਹੈ, ਤੁਹਾਡਾ..?” ਉਸ ਨੇ ਨਾਲ ਬੈਠੀ ਮਹਿਲਾ ਸਵਾਰੀ ਵੱਲ ਦੇਖ ਕੇ ਪੁਛਿਆ। ਉਹ ਥੋੜ੍ਹਾ ਸ਼ਰਮਾਈ, ਪੁਰਾਣੇ ਜ਼ਮਾਨੇ ਦੀ ਹੁੰਦੀ ਤਾਂ ਖਬਰੇ ਗੱਲ ਈ ਨਾ ਕਰਦੀ। ਉਹ ਨਵੇਂ ਜ਼ਮਾਨੇ ਦੀ ਸੀ, ਪਰ ਬੰਦਾ, ਖਾਸ ਕਰ ਮੁਟਿਆਰ ਭਾਵੇਂ ਕਿੰਨੀ ਵੀ ਖੁਲ੍ਹੇ ਸੁਭਾਅ ਦੀ ਕਿਉਂ ਨਾ ਹੋਵੇ, ਕਿਸੇ ਅਜਨਬੀ ਵਲੋਂ ਇਸ ਤਰ੍ਹਾਂ ਅਚਾਨਕ ਕੁਝ ਪੁੱਛੇ ਜਾਣ ‘ਤੇ ਸੰਕੋਚ ਤੋਂ ਕੰਮ ਲੈਂਦਾ ਹੀ ਹੈ। ਮੁਟਿਆਰ ਨੇ ਕੁਝ ਬੋਲਣ ਤੋਂ ਸੰਕੋਚ ਕਰਨਾ ਚਾਹਿਆ ਪਰ ਉਹ ਬਹੁਤੀ ਦੇਰ ਇਸ ਮਨੋ ਸਥਿਤੀ ਵਿਚ ਨਾ ਰਹਿ ਸਕੀ ਤੇ ਛੇਤੀ ਹੀ ਤਬਲੇ ਦੀ ਸੰਗਤ ਕਰਨ ਲਈ ਮੈਦਾਨ ਵਿਚ ਨਿੱਤਰ ਆਈ।
ਉਸ ਦੇ ਰੁਖ ਤੋਂ ਇਹੋ ਪ੍ਰਤੀਤ ਹੁੰਦਾ ਸੀ ਕਿ ਉਸ ਨੂੰ ਆਲੇ-ਦੁਆਲੇ ਦੀ ਬਹੁਤੀ ਪਰਵਾਹ ਨਹੀਂ ਹੈ। ਉਸ ਨੇ ਨਿਧੜਕ ਹੋ ਜਤਿਨ ਨੂੰ ਇਕ ਨਜ਼ਰ ਤੱਕਿਆ, ਖੌਰੇ ਉਸ ਨੂੰ ਕੀ ਚੰਗਾ ਲੱਗਾ, ਉਹਨੇ ਉਸ ਨਾਲ ਖੁਲ੍ਹਣ ਵਿਚ ਦੇਰ ਨਾ ਲਾਈ। “ਹੋ ਸਕਦਾ ਹੈ, ਉਸ ਨੇ ਮੁਹੱਬਤ ਵਿਚ ਠੋਕਰ ਖਾਧੀ ਹੋਵੇ! ਇਸੇ ਲਈ!”
“ਗੱਲ ਤਾਂ ਤੁਹਾਡੀ ਠੀਕ ਹੈ, ਪਰ ਮੈਡਮ...।” ਮੈਡਮ ਸ਼ਬਦ ਬੋਲਦਿਆਂ ਜਤਿਨ ਰੁਕ ਗਿਆ।
“ਹਾਂ ਹਾਂ, ਰੁਕ ਕਿਉਂ ਗਏ? ਬੋਲੋ ਨਾ!”
“ਜਦ ਸਾਡੇ ਵਿਚਕਾਰ ਏਨਾ ਵਧੀਆ ਵਾਰਤਾਲਾਪ ਚਲ ਹੀ ਪਿਆ ਹੈ ਤਾਂ ਇਕ ਦੂਜੇ ਨਾਲ ਥੋੜ੍ਹੀ ਜਿਹੀ ਜਾਣ-ਪਛਾਣ ਹੋ ਈ ਜਾਣੀ ਚਾਹੀਦੀ ਹੈ। ਇਸ ਨਾਚੀਜ਼ ਨੂੰ ਲੋਕ ਜਤਿਨ ਨਾਂ ਨਾਲ ਬੁਲਾਉਂਦੇ ਨੇ।”
“ਮੈ ਜੰਨਤ ਹਾਂ!”
“ਜੰਨਤ? ਕੀ ਤੁਸੀਂ ਸੱਚਮੁਚ ਦੀ ਜੰਨਤ ਹੋ?”
“ਹਾਂ, ਮੈਂ ਸੱਚਮੁਚ ਦੀ ਜੰਨਤ ਹਾਂ। ਕੋਈ ਸ਼ੱਕ?”
“ਥੋੜ੍ਹਾ ਸ਼ੱਕ ਜਰੂਰ ਹੈ!”
“ਉਹ ਕਿੱਦਾਂ?”
“ਜੰਨਤ ਭਾਵੇਂ ਜੰਨਤ ਈ ਹੁੰਦੀ ਐ ਪਰ ਉਹ ਏਨੀ...।”
“ਬਸ ਰਹਿਣ ਦਿਓ ਹੁਣ, ਮੈਂ ਜਾਣਦੀ ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ!”
“ਚਲੋ ਨਾ ਸਹੀ ਪਰ ਇਕ ਗੱਲ ਤਾਂ ਕਹਿ ਹੀ ਸਕਦਾਂ! ਤੁਸੀਂ ਜੰਨਤ ਨੂੰ ਮਾਤ ਪਾਉਣ ਵਾਲੀ ਜੰਨਤ ਹੋ!”
“ਏਸ ਗੱਲ ਨੂੰ ਛੱਡੋ। ਮੈਨੂੰ ਇਹ ਦੱਸੋ, ਇਹੋ ਜਿਹਾ ਸੋਗੀ ਗਾਣਾ ਸੁਣ ਕੇ ਤੁਸੀਂ ਉਛਲ ਕਿਉਂ ਪਏ ਸੀ?” ਜੰਨਤ ਨੇ ਗੱਲ ਹੋਰ ਪਾਸੇ ਪਾਉਣ ਲਈ ਜਤਿਨ ‘ਤੇ ਸਵਾਲ ਦਾ ਗੋਲਾ ਦਾਗ ਦਿੱਤਾ।
“ਜਿਨ੍ਹਾਂ ਪਿਆਰ ਵਿਚ ਠੋਕਰ ਖਾਧੀ ਹੁੰਦੀ ਹੈ, ਉਨ੍ਹਾਂ ਦੀ ਹਾਲਤ ਇਹੋ ਜਿਹੀ ਬਣ ਜਾਂਦੀ ਹੈ-ਉਹ ਨਾ ਜਿਉਂਦਿਆਂ ਵਿਚ ਰਹਿੰਦੇ ਹਨ ਤੇ ਨਾ ਮੋਇਆਂ ਵਿਚ। ਗੀਤਕਾਰ ਨੇ ਪਿਆਰ ਵਿਚ ਮੋਏ ਬੰਦਿਆਂ ਦੀ ਮਨੋ ਸਥਿਤੀ ਦਾ ਵਰਣਨ ਬਹੁਤ ਸਿਆਣਪ ਨਾਲ ਕੀਤਾ ਹੈ। ਗੀਤ ਦੇ ਬੋਲ ਦਿਲ ਨੂੰ ਛੁਹੰਦੇ ਹਨ।”
“ਤੁਹਾਡੇ ਵੱਲ ਦੇਖ ਕੇ ਮੈਨੂੰ ਲੱਗਦਾ ਨਹੀਂ ਤੁਸੀਂ ਕਦੇ ਪਿਆਰ ਵਿਚ ਠੋਕਰ ਖਾਧੀ ਹੋਵੇਗੀ।”
“ਤੁਸੀਂ ਠੀਕ ਕਿਹੈ, ਮੈਂ ਪਿਆਰ ਵਿਚ ਠੋਕਰ ਕਦੇ ਨਹੀਂ ਖਾਧੀ, ਇਸ ਦਰਦ ਦੀ ਥਾਹ ਪਾਉਣਾ ਮੇਰੇ ਲਈ ਮੁਸ਼ਕਿਲ ਹੈ। ਗੀਤ ਦੇ ਬੋਲ ਏਨੇ ਦਰਦ ਭਿੰਨੇ ਹਨ ਕਿ ਮੇਰਾ ਮਨ ਬਦੋਬਦੀ ਉਸ ਕਲਪਿਤ ਪ੍ਰੇਮੀ ਲਈ ਕੁਰਲਾ ਉਠਿਆ, ਜਿਸ ਪਿਆਰ ਦੇ ਮਾਮਲੇ ਵਿਚ ਠੋਕਰ ਖਾਧੀ ਹੋਵੇਗੀ।”
“ਦੂਜੇ ਦਾ ਦਰਦ ਦੇਖ-ਸੁਣ ਕੇ ਜਿਨ੍ਹਾਂ ਦੀ ਆਤਮਾ ਕੁਰਲਾ ਉਠਦੀ ਹੈ, ਉਹ ਬੰਦੇ ਸੰਵੇਦਨਸ਼ੀਲ ਹੁੰਦੇ ਨੇ, ਬਿਲਕੁਲ ਤੁਹਾਡੇ ਜਿਹੇ।” ਜੰਨਤ ਨੇ ਪਹਿਲਾਂ ਤਾਂ ਮੋਹ ਦੀ ਵਰਖਾ ਕਰਦੀਆਂ ਨਜ਼ਰਾਂ ਨਾਲ ਜਤਿਨ ਨੂੰ ਤੱਕਿਆ ਤੇ ਫੇਰ ਹੌਲੀ ਜਿਹੇ ਕਿਹਾ।
ਪਹਿਲਾ ਗਾਣਾ ਖਤਮ ਹੋਣ ਮਗਰੋਂ ਰਿਕਾਰਡਰ ‘ਤੇ ਦੂਜਾ ਗਾਣਾ ਸ਼ੁਰੂ ਹੋ ਗਿਆ। ਉਸ ਦੇ ਬੋਲ ਸਨ,
“ਤੁਮ ਅਗਰ ਮੁਝ ਕੋ ਨਾ ਚਾਹੋ
ਤੋ ਕੋਈ ਬਾਤ ਨਹੀਂ।
ਤੁਮ ਕਿਸੀ ਔਰ ਕੋ ਚਾਹੋਗੀ
ਤੋ ਮੁਸ਼ਕਿਲ ਹੋਗੀ।”
“ਵਾਹ! ਅਰੇ ਵਾਹ! ਕਿਆ ਬਾਤ ਹੈ!” ਜਤਿਨ ਨੇ ਗੀਤ ਦੇ ਬੋਲਾਂ ਨੂੰ ਖੁੱਲ੍ਹੇ ਦਿਲ ਨਾਲ ਦਾਦ ਦਿੱਤੀ।
“ਹੌਲੀ, ਬਸ ਵਿਚ ਹੋਰ ਲੋਕ ਵੀ ਬੈਠੇ ਨੇ!” ਜੰਨਤ ਨੇ ਤਾੜਿਆ।
“ਸੱਤ ਬਚਨ ਮਹਾਰਾਜ।”
“ਪਰ ਇਹਦੇ ਵਿਚ ਏਨਾ ਖੁਸ਼ ਹੋਣ ਵਾਲੀ ਕਿਹੜੀ ਗੱਲ ਹੈ?” ਜਤਿਨ ਨੂੰ ਉਛਲਦਿਆਂ ਦੇਖ ਜੰਨਤ ਨੇ ਸ਼ਬਦ ਬਾਣ ਚਲਾਇਆ।
“ਗੱਲ ਭਾਵੇਂ ਕੋਈ ਨਹੀਂ ਪਰ ਗੀਤ ਦੇ ਬੋਲ ਹੀ ਦਿਲ ਨੂੰ ਛੂਹ ਜਾਣ ਵਾਲੇ ਨੇ।” ਜਤਿਨ ਨੇ ਸਫਾਈ ਦਿੱਤੀ।
“ਤੁਸੀਂ ਘਰ ਨਹੀਂ ਬੈਠੇ, ਬੰਦੇ ਨੂੰ ਆਲੇ-ਦੁਆਲੇ ਦਾ ਖਿਆਲ ਰੱਖਣਾ ਚਾਹੀਦੈ।” ਜੰਨਤ ਦੀ ਨਸੀਹਤ ਸੁਣ ਜਤਿਨ ਚੁਪ ਕਰਕੇ ਗੀਤ ਸੁਣਨ ਲੱਗ ਪਿਆ। ਉਹਨੂੰ ਚੁੱਪ ਬੈਠਾ ਦੇਖ ਜੰਨਤ ਨੂੰ ਚੰਗਾ ਨਹੀਂ ਲੱਗਾ। ਉਸ ਨੇ ਕੂਹਣੀ ਮਾਰਦਿਆਂ ਕਿਹਾ, “ਮੈਂ ਤੁਹਾਨੂੰ ਉਛਲਣ ਤੋਂ ਵਰਜਿਐ, ਮੌਨ ਵਰਤ ਰੱਖਣ ਲਈ ਨਹੀਂ ਕਿਹਾ।”
“ਓਅ! ਮੈਂ ਤਾਂ ਡਰ ਈ ਗਿਆ ਸਾਂ।”
“ਅੱਛਾ?”
“ਹੋਰ ਨਹੀਂ ਤਾਂ ਕੀ!”
“ਘਰ ਵੀ ਏਦਾਂ ਕਰਦੇ ਓ?”
“ਘਰ ਕੀ ਤੇ ਬਾਹਰ ਕੀ, ਜਦ ਥਾਣੇਦਾਰ ਘੁਰਕੀ ਮਾਰਦੈ ਤਾਂ ਵੱਡੇ ਵੱਡਿਆਂ ਦੀ ਹਵਾ ਨਿੱਕਲ ਜਾਂਦੀ ਐ।”
“ਪਰ ਤੁਸੀਂ ਏਨੇ ਵੀ ਸ਼ਰੀਫ ਨਹੀਂ ਲੱਗਦੇ!”
“ਸਹੁੰ ਰੱਬ ਦੀ, ਵੈਸੇ ਮੈਂ ਸ਼ਰੀਫ ਆਦਮੀ ਹਾਂ।”
“ਤੁਸੀਂ ਕਹਿੰਦੇ ਹੋ ਤਾਂ ਮੰਨ ਲੈਂਦੇ ਹਾਂ, ਸ਼੍ਰੀਮਾਨ ਜਤਿਨ ਜੀ!”
“ਸ਼ੁਕਰੀਆ!”
“ਇਸ ਗਾਣੇ ਨੇ ਮੋਹ ਲਿਆ ਬਈ। ਗੀਤਕਾਰ ਨੇ ਮੇਰੇ ਦਿਲ ਦੀ ਗੱਲ ਕਹੀ ਹੈ!”
“ਤੁਹਾਡਾ ਇਸ਼ਾਰਾ ਕਿਧਰ ਹੈ?”
“ਮਰਨੈ ਮੈਂ, ਇਹ ਦੱਸ ਕੇ!”
“ਜੇ ਇਹ ਕਹਿ ਸਕਦੇ ਹੋ ਕਿ ਗੀਤਕਾਰ ਨੇ ਤੁਹਾਡੇ ਦਿਲ ਦੀ ਗੱਲ ਕੀਤੀ ਹੈ ਤਾਂ ਇਹ ਦੱਸਣ ਵਿਚ ਕੀ ਹਰਜ ਹੈ!”
“ਹਰਜ ਹੈ ਮੈਡਮ ਜੀ, ਹਰਜ ਹੈ! ਜੇ ਮੈਂ ਉਸ ਨਾਜ਼ਨੀਨ ਨੂੰ ਇਹ ਦੱਸ ਦੇਵਾਂ...।”
“ਕੀ ਦੱਸ ਦੇਵਾਂ?” ਜਤਿਨ ਨੂੰ ਵਿਚੋਂ ਟੋਕਦਿਆਂ ਜੰਨਤ ਨੇ ਉਸ ਨੂੰ ਟੋਹਿਆ।
“ਛੱਡੋ ਜੀ, ਤੁਸੀਂ ਕੀ ਲੈਣਾ ਇਹ ਜਾਣ ਕੇ, ਤੁਸੀਂ ਬਸ ਗੀਤ ਦਾ ਮਜ਼ਾ ਲਓ!”
“ਜੇ ਬੰਦਾ ਪਹਿਲਾਂ ਹੀ ਕਿਸੇ ਨਾਲ ਬੱਝ ਚੁਕਾ ਹੋਵੇ, ਬਾਲ ਬੱਚਿਆਂ ਵਾਲਾ ਹੋਵੇ, ਫੇਰ?”
“ਇਸ ਨਾਲ ਕੋਈ ਫਰਕ ਨਹੀਂ ਪੈਂਦਾ!”
“ਉਹ ਕਿੱਦਾਂ?”
“ਪਿਆਰ ਦਾ ਜਜ਼ਬਾ ਦੁਨਿਆਵੀ ਸਬੰਧਾਂ ਦਾ ਮੋਹਤਾਜ ਨਹੀਂ, ਪਿਆਰ ਕਰਨ ਦੀ ਚੀਜ਼ ਹੈ, ਪਿਆਰ ਮਾਣਨ ਦੀ ਚੀਜ਼ ਹੈ। ਦੁਨਿਆਵੀ ਰਿਸ਼ਤੇ ਆਪਣੀ ਥਾਂ ਰਹੇ, ਇਹ ਬੜੀ ਉਚੀ ਚੀਜ਼ ਹੈ!”
“ਪਰ ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਜਿਸ ਨੂੰ ਚਾਹੁੰਦੇ ਹੋ ਜਾਂ ਚਾਹੁਣ ਲੱਗ ਪਏ ਹੋ, ਉਹ ਕਿਸੇ ਦੀ ਪਤਨੀ ਹੈ, ਕਿਸੇ ਦੀ ਮਾਂ ਹੈ!”
“ਮੈਂ ਕਿਸੇ ਤੋਂ ਉਹਦੀ ਪਤਨੀ, ਬੱਚਿਆਂ ਤੋਂ ਉਨ੍ਹਾਂ ਦੀ ਮਾਂ ਖੋਹਣ ਦੀ ਗੱਲ ਤਾਂ ਨਹੀਂ ਕੀਤੀ।”
“ਤੁਸੀਂ ਕਰ ਵੀ ਨਹੀਂ ਸਕਦੇ!”
“ਮੈਂ ਸੋਚ ਵੀ ਨਹੀਂ ਸਕਦਾ, ਕਰਨਾ ਤਾਂ ਇਕ ਪਾਸੇ ਰਿਹਾ!”
“ਹੁਣ ਕੀ ਕਹਿ ਰਹੇ ਸੀ, ਗਾਣੇ ਦੇ ਬੋਲ ਸੁਣ ਕੇ?”
“ਘੱਟੋ ਘੱਟ ਇਹ ਗੱਲ ਤਾਂ ਮੈਂ ਨਹੀਂ ਕੀਤੀ!”
“ਚਲੋ, ਮੰਨ ਲਿਆ। ਜੇ ਕੋਈ ਤੁਹਾਨੂੰ ਦਿਲ ਦੇ ਬੈਠੇ?”
“ਉਹਨੂੰ ਕੋਈ ਨੁਕਸਾਨ ਨਹੀਂ ਹੋਣ ਲੱਗਾ!”
“ਉਹ ਕਿਵੇਂ?”
“ਅਸੀਂ ਕੋਈ ਗਲਤ ਗੱਲ ਕਰਨੀ ਹੀ ਨਹੀਂ, ਨਾ ਬਈ ਨਾ!” ਉਸ ਕੰਨਾਂ ਨੂੰ ਹੱਥ ਲਾਏ। ਉਹਦੀ ਅਦਾ ਦੇਖ ਜੰਨਤ ਦਾ ਹਾਸਾ ਨਿਕਲ ਗਿਆ।
“ਸ਼੍ਰੀਮਾਨ ਜਤਿਨ ਜੀ, ਮੈਨੂੰ ਇਕ ਗੱਲ ਦੱਸੋ, ਮੰਨ ਲਓ ਤੁਸੀਂ ਹੁਣ ਵਾਲੀ ਚੜ੍ਹਦੀ ਜਵਾਨੀ ਭਾਵ ਨੌਜਵਾਨੀ ਵਿਚ ਨਹੀਂ ਹੋ, ਜਵਾਨੀ ਦੇ ਅਸਲ ਦਿਨ ਸ਼ੁਰੂ ਹੋ ਚੁਕੇ ਹਨ। ਤੁਹਾਡਾ ਵਿਆਹ ਨਹੀਂ ਹੋਇਆ। ਬਾਲ ਬੱਚਿਆਂ ਦਾ ਸਵਾਲ ਈ ਪੈਦਾ ਨਹੀਂ ਹੁੰਦਾ। ਜੇ ਤੁਸੀਂ ਕਿਸੇ ਨੂੰ ਦਿਲ ਦੇ ਬਹਿੰਦੇ ਹੋ ਪਰ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ। ਉਸ ਹਾਲਤ ਵਿਚ ਤੁਸੀਂ ਕੀ ਕਰੋਗੇ?”
“ਜੇ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ ਤਾਂ ਮੈਂ ਕੀ ਕਰਾਂਗਾ? ਪਹਿਲੀ ਗੱਲ ਜੇ ਮੇਰਾ ਪਿਆਰ ਸ਼ੁਰੂ ਨਹੀਂ ਹੋਇਆ ਤਾਂ ਬਿਨਾ ਮਤਲਬ ਦੂਜੇ ਦੇ ਮਾਮਲੇ ਵਿਚ ਟੰਗ ਅੜਾਉਣ ਵਾਲਾ ਮੈਂ ਕੌਣ ਹੁੰਨਾ? ਜੇ ਪਿਆਰ ਪੈ ਜਾਣ ਤੋਂ ਬਾਅਦ ਇਹੋ ਜਿਹਾ ਕੁਝ ਹੋ ਜਾਂਦਾ ਤਾਂ ਥੋੜ੍ਹੀ ਮੁਸ਼ਕਲ ਜਰੂਰ ਹੋ ਜਾਂਦੀ। ਮੈਂ ਝੂਠ ਨਹੀਂ ਬੋਲਦਾ।” ਜਤਿਨ ਨੇ ਭੋਲੇਪਨ ਵਿਚ ਕਹਿ ਦਿੱਤਾ।
“ਪਰ ਪਿਆਰ ਤਾਂ ਦੋਹੀਂ ਪਾਸੇ ਹੋਣਾ ਚਾਹੀਦਾ ਹੈ?” ਜੰਨਤ ਨੇ ਉਸ ਨੂੰ ਹੋਰ ਟੋਹਣ ਦੇ ਮੰਤਵ ਨਾਲ ਪੁੱਛਿਆ।
“ਤੁਸੀਂ ਠੀਕ ਕਹਿੰਦੇ ਹੋ, ਇਕਪਾਸੜ ਪਿਆਰ ਨਿਰਾ ਧੋਖਾ ਹੁੰਦਾ ਏ। ਆਪਣੇ ਆਪ ਨੂੰ ਧੋਖੇ ਵਿਚ ਰੱਖਣਾ, ਇਹ ਕੋਈ ਚੰਗੀ ਗੱਲ ਤਾਂ ਨਹੀਂ। ਪਰ ਜੇ ਬੰਦੇ ਤੋਂ ਨਾਂਹ ਨਾਂਹ ਕਰਦੇ ਵੀ ਇਹੋ ਜਿਹੀ ਬੇਵਕੂਫੀ ਹੋ ਜਾਂਦੀ ਹੈ ਤਾਂ ਦਿਲ ਨੂੰ ਸਮਝਾਉਣਾ ਚਾਹੀਦਾ ਹੈ!”
“ਮਤਲਬ, ਤੁਸੀਂ ਪਿੱਛੇ ਹਟ ਜਾਂਦੇ?”
“ਕਿਸੇ ਬੰਦੇ ਦੇ ਤੁਹਾਡੇ ਜੀਵਨ ਵਿਚ ਆਉਣ ਜਾਂ ਨਾ ਆਉਣ ਨਾਲ ਜੀਵਨ ਦੀ ਗੱਡੀ ਰੁਕ ਨਹੀਂ ਜਾਂਦੀ, ਇਹ ਚਲਦੀ ਰਹਿੰਦੀ ਹੈ!” ਜਤਿਨ ਨੇ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ।
“ਪਰ ਤੁਸੀਂ ਉਸ ਨੂੰ ਆਪਣੇ ਪਿਆਰ ਦੀ ਦੁਹਾਈ ਤਾਂ ਦੇ ਈ ਸਕਦੇ ਹੋ!”
“ਕਾਹਦੇ ਲਈ?”
“ਪਿਆਰ ਲਈ!”
“ਜਿਹੜਾ ਪਿਆਰ ਮੇਰਾ ਨਹੀਂ, ਕਿਸੇ ਹੋਰ ਦਾ ਏ, ਉਸ ਤੋਂ ਲਾਂਭੇ ਹਟ ਜਾਣ ਵਿਚ ਈ ਸਿਆਣਪ ਏ!” ਜਤਿਨ ਨੇ ਦਾਨੀ ਗੱਲ ਕੀਤੀ।
“ਤੁਹਾਡੇ ਉਚੇ-ਸੁੱਚੇ ਵਿਚਾਰ ਸੁਣ ਕੇ ਚੰਗਾ ਲੱਗਾ!”
‘ਜੀਵਨ ਕੇ ਦੋ ਪਹਿਲੂ ਹੈਂ
ਹਰਿਆਲੀ ਔਰ ਰਾਸਤਾ।’
“ਲੈ ਗੱਲਾਂ ਵਿਚ ਪਤਾ ਈ ਨਹੀਂ ਲੱਗਾ, ਏਧਰ ਨਵਾਂ ਗਾਣਾ ਸ਼ੁਰੂ ਹੋ ਚੁਕੈ ਤੇ ਅਸੀਂ ਪਹਿਲੇ ਮਗਰ ਈ ਲੱਗੇ ਹੋਏ ਹਾਂ।” ਨਵੇਂ ਗਾਣੇ ਦੇ ਬੋਲ ਕੰਨਾਂ ਵਿਚ ਪਏ ਤਾਂ ਜਤਿਨ ਬੋਲ ਪਿਆ।
“ਗਾਣਾ ਇਹ ਵੀ ਚੰਗੈ!”
“ਓਏ ਹੋਏ ਹੋਏ! ‘ਜੀਵਨ ਕੇ ਦੋ ਪਹਿਲੂ ਹੈਂ, ਹਰਿਆਲੀ ਔਰ ਰਾਸਤਾ’ ਗੱਲ ਤਾਂ ਠੀਕ ਹੈ। ਮੈਥੋਂ ਚੰਗੀ ਤਰ੍ਹਾਂ ਹੋਰ ਕੌਣ ਜਾਣ ਸਕਦੈ।”
“ਕਿਉਂ ਤੁਸੀਂ ਕੋਈ ਖਾਸ ਹੋ?”
“ਖਾਸ ਕੀ ਹੁੰਦਾ, ਮੈਂ ਨਹੀਂ ਜਾਣਦਾ, ਮੈਂ ਜਿਹੋ ਜਿਹਾ ਹਾਂ ਠੀਕ ਹਾਂ।”
“ਤੁਹਾਡੀ ਗੱਲ ਤੋਂ ਲੱਗਦਾ ਹੈ, ਤੁਸੀਂ ਜੀਵਨ ਵਿਚ ਬਹੁਤੀ ਖੁਸ਼ੀ ਨਹੀਂ ਦੇਖੀ।”
“ਜੱਗੋਂ ਬਾਹਰਾ ਦੁੱਖ ਵੀ ਤਾਂ ਨਹੀਂ ਦੇਖਿਆ। ਸਾਡੇ ਜਿਹੀ ਹੈਸੀਅਤ ਦੇ ਬੰਦੇ ਲਈ ਏਨਾ ਹੀ ਕਾਫੀ ਹੈ।”
“ਫੇਰ ਵੀ ਤੁਸੀਂ ਇਹ ਗਾਣਾ ਸੁਣ ਕੇ ਝੂਮ ਉਠੇ ਹੋ!” ਜੰਨਤ ਨੇ ਚੁਟਕੀ ਲਈ।
“ਕਿਉਂਕਿ ਗੀਤਕਾਰ ਨੇ ਜੀਵਨ ਦੀ ਹਕੀਕਤ ਬਿਆਨ ਕੀਤੀ ਹੈ।”
“ਜਰਾ ਖੁਲ੍ਹ ਕੇ ਦੱਸੋਗੇ, ਪਲੀਜ਼!”
“ਜੀਵਨ ਦੇ ਇਹੋ ਦੋ ਪਹਿਲੂ ਨੇ ਮੈਡਮ। ਮੈਂ ਭਾਵੇਂ ਬਹੁਤੀ ਹਰਿਆਲੀ ਨਹੀਂ ਦੇਖੀ, ਪਰ ਦੇਖੀ ਤਾਂ ਹੈ। ਰਹੀ ਰਸਤੇ ਦੀ ਗੱਲ, ਸਾਰੇ ਲੋਕ ਰਸਤੇ ਦੇਖਦੇ ਹਨ-ਚੰਗੇ ਵੀ ਤੇ ਮਾੜੇ ਵੀ। ਇਹ ਸਾਡੀ ਸਾਰਿਆਂ ਦੀ ਹੋਣੀ ਹੈ। ਰਸਤੇ ਸਾਨੂੰ ਬਹੁਤ ਕੁਝ ਸਿਖਾ ਦਿੰਦੇ ਹਨ, ਆਦਮੀ ਧੱਕੇ ਖਾ ਕੇ ਈ ਬਣਦੈ, ਇਹ ਇਸ ਦਾ ਚੰਗਾ ਪਹਿਲੂ ਹੈ।”
“ਬਹੁਤ ਖੂਬ! ਗੱਲ ਨੂੰ ਮੋੜ ਚੰਗਾ ਦੇ ਲੈਂਦੇ ਹੋ! ਸਾਫ-ਸਾਫ ਕਿਉਂ ਨਹੀਂ ਕਹਿੰਦੇ ਮੈਂ ਹਰਿਆਲੀ ਨਹੀਂ ਦੇਖੀ, ਸੜਕਾਂ ‘ਤੇ ਧੱਕੇ ਖਾਧੇ ਨੇ!”
“ਸੜਕਾਂ ‘ਤੇ ਧੱਕੇ ਕੌਣ ਨਹੀਂ ਖਾਂਦਾ? ਦੂਜੀ ਗੱਲ, ਮੈਂ ਤਾਂ ਹੁਣ ਵੀ ਹਰਿਆਲੀ ਮਾਣ ਰਿਹਾਂ!”
ਜਤਿਨ ਕੀ ਕਹਿਣਾ ਚਾਹੁੰਦਾ ਹੈ, ਜੰਨਤ ਸਮਝ ਤਾਂ ਗਈ ਪਰ ਫੇਰ ਵੀ ਉਹਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, “ਉਹ ਕਿੱਦਾਂ?”
“ਦੇਖੋ, ਏਨੀ ਖੂਬਸੂਰਤ, ਏਨੀ...।”
“ਬਸ ਬਸ ਰਹਿਣ ਦਿਓ, ਚੁੱਪ ਕਰ ਜਾਓ ਹੁਣ ਹੋਰ ਨਹੀਂ ਬੋਲਣਾ। ਇਥੇ ਅਸੀਂ ਇਕੱਲੇ ਕਾਰੇ ਨਹੀਂ ਬੈਠੇ!” ਜੰਨਤ ਨੇ ਉਸ ਨੂੰ ਤਾੜ ਦਿੱਤਾ ਪਰ ਉਸ ਦੀ ਗੱਲ ਤੋਂ ਖੁਸ਼ ਹੋਏ ਬਿਨਾ ਨਹੀਂ ਰਹੀ।
“ਜੇ ਕਹੋ ਤਾਂ ਗਾਣੇ ਨੂੰ ਮਾਣ ਲਵਾਂ!” ਜਤਿਨ ਨੇ ਗੱਲ ਦੂਜੇ ਪਾਸੇ ਪਾਉਣ ਦਾ ਯਤਨ ਕੀਤਾ।
“ਜਰੂਰ, ਅਸੀਂ ਏਨਾ ਚੰਗਾ ਕੰਮ ਕਰਨ ਤੋਂ ਰੋਕ ਕਿਵੇਂ ਸਕਦੇ ਹਾਂ, ਤੁਸੀਂ ਗਾਣਾ ਐਂਜਵਾਏ ਕਰੋ ਪਲੀਜ਼!”
“ਤੇ ਤੁਸੀਂ?”
“ਮੈਂ ਕਿਹੜਾ ਕੰਨ ਬੰਦ ਕੀਤੇ ਨੇ। ਹਾਂ, ਤੁਹਾਡੇ ਵਾਂਗ ਉਛਲ ਨਹੀਂ ਰਹੀ!”
“ਕਿਤੇ ਇਹ ਨਾ ਕਹਿਣਾ ਕਿ ਹਰਿਆਲੀ ਤੁਹਾਡੇ ਜੀਵਨ ਵਿਚ ਵੀ ਨਹੀਂ ਆਈ।” ਜਤਿਨ ਨੇ ਵਿਚੋਂ ਟੋਕਿਆ।
“ਥੋੜ੍ਹੀ ਬਹੁਤ ਹਰਿਆਲੀ ਤਾਂ ਮਾਣੀ ਹੀ ਹੈ!”
“ਕਦੇ ਹਰਿਆਲੀ ਵੀ ਹਰਿਆਲੀ ਨੂੰ ਮਾਣਦੀ ਹੈ?”
“ਫੇਰ ਉਹੋ ਗੱਲ, ਕਿਹਾ ਨਾ ਅਸੀਂ...!”
“ਸਮਝ ਗਿਆ ਮੈਡਮ ਸਮਝ ਗਿਆ, ਅੱਗੇ ਹੋਰ ਕੁਝ ਕਹਿਣ ਦੀ ਲੋੜ ਨਹੀਂ!”
“ਚਲੋ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦੈ!”
“ਤੁਸੀਂ ਇਸ ਬੰਦੇ ਨੂੰ ਸਮਝਦਾਰ ਮੰਨਿਆ, ਧੰਨਵਾਦੀ ਹਾਂ ਇਸ ਕਿਰਪਾ ਲਈ।”
ਏਨੇ ਨੂੰ ਰਿਕਾਰਡਰ ‘ਤੇ ਨਵਾਂ ਗਾਣਾ ਵੱਜਣ ਲੱਗਾ,
ਏ ਭਾਈ ਜ਼ਰਾ ਦੇਖ ਕੇ ਚਲੋ
ਆਗੇ ਹੀ ਨਹੀਂ ਪੀਛੇ ਭੀ
ਊਪਰ ਹੀ ਨਹੀਂ ਨੀਚੇ ਭੀ
ਦਾਏਂ ਹੀ ਨਹੀਂ ਬਾਏਂ ਭੀ।
“ਮੈਂ ਇਹੋ ਕਹਿਣਾ ਸੀ। ਆਪਣੇ ਅੱਗੇ-ਪਿੱਛੇ, ਖੱਬੇ-ਸੱਜੇ ਦੇਖੋ। ਚੰਗੇ ਰਹੋਗੇ।” ਜੰਨਤ ਨੇ ਗਾਣੇ ਦੇ ਬਹਾਨੇ ਸਿਆਣਪ ਦੀ ਗੱਲ ਸਮਝਾਈ।
“ਏਨੀ ਚੰਗੀ ਤੇ ਸਿਆਣੀ ਗੱਲ ਕਰਨ ਲਈ ਧੰਨਵਾਦ।”
“ਉਹਦੀ ਲੋੜ ਨਹੀਂ, ਬਸ ਜੋ ਕਿਹੈ ਉਹਨੂੰ ਜੀਵਨ ਵਿਚ ਉਤਾਰ ਲਵੋ, ਤੁਹਾਡਾ ਕਲਿਆਣ ਹੋਵੇਗਾ!” ਜੰਨਤ ਨੇ ਸਿਆਣਿਆਂ ਵਾਂਗ ਮੱਤ ਦਿੰਦਿਆਂ ਕਿਹਾ।
“ਜੋ ਹੁਕਮ ਮੇਰੇ ਆਕਾ!”
“ਕੌਣ ਆਕਾ ਤੇ ਕਿਸ ਦਾ ਆਕਾ, ਇਥੇ ਤਾਂ ਸਭ ਰੋਟੀਆਂ ਕਾਰਨ ਪੂਰੇ ਤਾਲ ਐ। ਰੋਟੀ ਲਈ ਅੰਨੀ ਦੌੜ, ਬੰਦਾ ਮਾਰਿਆ ਮਾਰਿਆ ਫਿਰ ਰਿਹੈ, ਸਭ ਆਪੋ ਆਪਣੀ ਥਾਂ ਮਜਬੂਰੀਆਂ-ਲਾਚਾਰੀਆਂ ਦੇ ਭੰਨੇ।” ਬੋਲਦਿਆਂ ਜੰਨਤ ਦਾ ਸੁਰ ਥੋੜ੍ਹਾ ਗੰਭੀਰ ਹੋ ਗਿਆ।
“ਛੱਡੋ ਜੀ ਚਿੰਤਾ-ਫਿਕਰਾਂ ਦੀਆਂ ਗੱਲਾਂ ਨੂੰ। ਘਰ ਜਾ ਕੇ ਇਹੋ ਕੁਝ ਦੇਖਣਾ ਸੁਣਨਾ। ਆਹ ਜਿਹੜੀਆਂ ਦੋ ਘੜੀਆਂ ਮਿਲੀਆਂ ਨੇ, ਜਿੰਨਾ ਹੋ ਸਕੇ ਉਨ੍ਹਾਂ ਨੂੰ ਮਾਣ ਲਈਏ ਤਾਂ ਚੰਗਾ ਹੈ।” ਜੰਨਤ ਦੀ ਗੱਲ ਨਾਲ ਸਹਿਮਤ ਹੁੰਦਿਆਂ ਵੀ ਜਤਿਨ ਨੇ ਧਿਆਨ ਦੂਜੇ ਪਾਸੇ ਲਾਉਣ ਦਾ ਯਤਨ ਕੀਤਾ।
“ਮੈਂ ਜਦੋਂ ਇਹ ਗਾਣਾ ਸੁਣਦੀ ਹਾਂ ਤਾਂ ਰਾਜ ਕਪੂਰ ਬਦੋਬਦੀ ਯਾਦ ਆ ਜਾਂਦਾ ਏ। ਉਸ ਜੋਕਰ ਦੀ ਭੂਮਿਕਾ ਵਿਚ ਜਾਨ ਪਾ ਦਿੱਤੀ ਸੀ। ਜੋਕਰ ਦਾ ਉਪਰੋਂ ਉਪਰੋਂ ਹੱਸਣਾ, ਦੂਜਿਆਂ ਨੂੰ ਖੁਸ਼ ਕਰਨਾ ਪਰ ਅੰਦਰੋਂ, ਕੁਝ ਨਾ ਪੁੱਛੋ!”
“ਇਹੋ ਅਸਲ ਜੀਵਨ ਹੈ। ਜੋਕਰ ਦੀ ਮਾਂ ਸਰਕਸ ਵਿਚ ਉਹਨੂੰ ਵੱਡੀ ਛਾਲ ਮਾਰਦਿਆਂ ਦੇਖ ਪੰਡਾਲ ਵਿਚ ਹੀ ਦਮ ਤੋੜ ਦਿੰਦੀ ਹੈ, ਜੋਕਰ ਲਈ ਜੀਵਨ ਦਾ ਸਭ ਤੋਂ ਵੱਡਾ ਦੁੱਖ, ਪਰ ਦੁੱਖ ਦੀ ਏਸ ਔਖੀ ਘੜੀ ਵਿਚ ਵੀ ਉਹ ਆਪਣੇ ਕੰਮ ਤੋਂ ਮੂੰਹ ਨਹੀਂ ਮੋੜ ਸਕਦਾ।”
“ਜੋ ਦਿਸਦਾ ਹੈ, ਉਹ ਹੁੰਦਾ ਨਹੀਂ ਤੇ ਜੋ ਹੁੰਦਾ ਹੈ, ਉਹ ਦਿਸਦਾ ਨਹੀਂ।”
“ਕਈ ਵਾਰ ਤਾਂ ਮੈਨੂੰ ਸ਼ੱਕ ਜਿਹਾ ਹੋਣ ਲਗਦਾ ਕਿ ਸੱਚੀ ਮੁੱਚੀ ਅਸੀਂ ਮਨੁੱਖੀ ਜੂਨ ਭੋਗ ਰਹੇ ਹਾਂ! ਇਹੋ ਜਿਹੇ ਹਮਾਤੜ ਸਾਥ ਬੰਦਿਆਂ ਦੀ ਇਸ ਦੁਨੀਆਂ ਵਿਚ ਕੋਈ ਕਮੀ ਨਹੀਂ ਜਿਹੜੇ ਅਸਲੋਂ ਨਰਕ ਭੋਗਦੇ ਹਨ। ਉਨ੍ਹਾਂ ਦੇ ਅਤੇ ਜਾਨਵਰਾਂ ਦੇ ਜੀਵਨ ਵਿਚ ਬਹੁਤਾ ਅੰਤਰ ਦਿਖਾਈ ਨਹੀਂ ਦਿੰਦਾ।”
“ਮੈਡਮ ਤੁਸੀਂ ਠੀਕ ਕਿਹੈ। ਅੰਤਾਂ ਦੀ ਗਰੀਬੀ ਦੀ ਚੱਕੀ ਵਿਚ ਪਿਸ ਰਿਹਾ ਬੰਦਾ ਦੋਪਾਯਾ ਜਾਨਵਰ ਹੀ ਤਾਂ ਹੁੰਦਾ। ਉਹਨੂੰ ਕੀ ਚੰਗਾ ਲੱਗਦਾ ਹੈ, ਕੀ ਨਹੀਂ, ਇਹ ਜਾਣਨ ਲਈ ਕਿਸੇ ਕੋਲ ਸਮਾਂ ਹੀ ਨਹੀਂ ਤੇ ਜੇ ਥੋੜ੍ਹਾ ਬਹੁਤ ਸਮਾਂ ਹੋਵੇ ਵੀ ਤਾਂ ਉਹ ਇਸ ਪਾਸੇ ਦੇਖਣਾ ਨਹੀਂ ਚਾਹੁੰਦਾ। ਕੂੜੇ ਦੇ ਢੇਰਾਂ ‘ਤੇ ਆਪਣੇ ‘ਕੰਮ’ ਦੀਆਂ ਰੱਦੀ ਵਸਤਾਂ ਇਕੱਠੀਆਂ ਕਰਨ ਵਾਲੇ ਲੋਕਾਂ ਨੂੰ ਹੀ ਦੇਖ ਲਓ, ਮੈਂ ਤਾਂ ਕਈ ਵਾਰ ਇਨ੍ਹਾਂ ਨੂੰ ਦੇਖ ਸੋਚਣ ਲੱਗ ਜਾਂਦਾ ਹਾਂ ਕਿ ਇਹ ਲੋਕ ਵੀ ਮਨੁੱਖ ਹੁੰਦੇ ਹਨ?”
ਜਤਿਨ ਨੂੰ ਗੰਭੀਰ ਹੁੰਦਿਆਂ ਦੇਖ ਜੰਨਤ ਨੇ ਆਪਸ ਵਿਚ ਚੋਹਲ-ਮੋਹਲ ਕਰ ਰਹੇ ਜੋੜੇ ਵੱਲ ਇਸ਼ਾਰਾ ਕਰਦਿਆਂ ਹੌਲੀ ਜਿਹੇ ਕਿਹਾ, “ਇਸੇ ਲਈ ਤਾਂ ਮੈਂ ਕਹਿੰਦੀ ਹਾਂ, ਏ ਭਾਈ ਜ਼ਰਾ ਦੇਖ ਕੇ ਚਲੋ।”
“ਘੱਟੋ ਘੱਟ ਇਹ ਜੀਵਨ ਨੂੰ ਮਾਣ ਤਾਂ ਰਹੇ ਨੇ।”
“ਜੀਵਨ ਉਹ ਲੋਕ ਵੀ ਮਾਣਦੇ ਨੇ ਜਿਨ੍ਹਾਂ ਦੀ ਗੱਲ ਤੁਸੀਂ ਕਰਦੇ ਹੋ!”
“ਉਹ ਕਿੱਦਾਂ?”
“ਇਨ੍ਹਾਂ ਲੋਕਾਂ ਦੀ ਇੱਜਤ ਦਾ ਮਾਨਦੰਡ ਉਹ ਨਹੀਂ ਹੁੰਦਾ ਜਿਸ ਨਾਲ ਅਸੀਂ ਸੋ ਕਾਲਡ ਇੱਜਤਦਾਰ ਲੋਕ ਚੰਬੜੇ ਹੋਏ ਹਾਂ। ਇਨ੍ਹਾਂ ਦਾ ਜਿਹੜਾ ਮਾਨਦੰਡ ਹੁੰਦੈ, ਉਸ ਅਨੁਸਾਰ ਉਹ ਜੀਵਨ ਨੂੰ ਮਾਣਦੇ ਹਨ!”
“ਜੀਣਾ ਤਾਂ ਹੋਇਆ ਈ ਨਾ, ਇਨ੍ਹਾਂ ਲੋਕਾਂ ਨੇ ਵੀ!” ਜੰਨਤ ਦੀ ਗੱਲ ਸੁਣ ਜਤਿਨ ਨੇ ਇਨ੍ਹਾਂ ਸ਼ਬਦਾਂ ਵਿਚ ਆਪਣੀ ਸਹਿਮਤੀ ਜਤਾਈ,
ਇਬਤਦਾਏ ਇਸ਼ਕ ਹੈ
ਸਾਰੀ ਰਾਤ ਜਾਗੇ
ਅੱਲਾ ਜਾਨੇ ਕਯਾ ਹੋਗਾ
ਮੌਲਾ ਜਾਨੇ ਕਯਾ ਹੋਗਾ।
ਇਸ ਗਾਣੇ ਦੇ ਬੋਲ ਸੁਣ ਦੋਹਾਂ ਦੀਆਂ ਗਹਿਰ ਗੰਭੀਰ ਗੱਲਾਂ ਨੂੰ ਬਰੇਕ ਲੱਗ ਗਈ।
“ਪੁਰਾਣੇ ਗਾਣਿਆਂ ਦਾ ਕੋਈ ਜਵਾਬ ਨਹੀਂ। ਅਸੀਂ ਬਚਪਨ ਵਿਚ ਇਹ ਗਾਣਾ ਸੁਣਦੇ ਹੁੰਦੇ ਸਾਂ, ਬਹੁਤ ਚੰਗਾ ਲੱਗਦਾ ਸੀ। ਅੱਜ ਵੀ ਇਹ ਗਾਣਾ ਸੁਣ ਕੇ ਤਨ-ਮਨ ਹਰਾ ਹੋ ਜਾਂਦਾ!” ਜਤਿਨ ਝੂਮ ਉਠਿਆ ਤੇ ਜੰਨਤ ਦੇ ਚਿਹਰੇ ਨੂੰ ਦੇਖਣ ‘ਤੇ ਲਗਦਾ ਸੀ ਕਿ ਉਹ ਵੀ ਖੁਸ਼ ਹੋ ਰਹੀ ਹੈ।
“ਗੀਤਕਾਰ ਦੇ ਮਨ ਦੀ ਉਡਾਰੀ ਹੈ, ਉਹ ਗਾਣੇ ਰਾਹੀਂ ਜੋ ਚਾਹੇ ਕਹਿ ਸਕਦਾ।”
“ਉਡਾਰੀ ਜਿਹੀ ਉਡਾਰੀ, ਜ਼ਰਾ ਦੇਖੋ ਤਾਂ ਸਹੀ, ‘ਇਬਤਦਾਏ ਇਸ਼ਕ ਹੈ...।”
“ਪਰ ਇਧਰ ਅਜਿਹਾ ਕੁਝ ਨਹੀਂ, ਐਵੇਂ ਨਾ ਖੁਸ਼ ਹੋਈ ਜਾਓ!”
“ਖੋਤਾ ਈ ਖੂਹ ‘ਚ ਪਾ ਦਿੱਤਾ, ਤੁਸੀਂ ਗਾਣਾ ਐਂਜਵਾਏ ਕਰੋ, ਇਧਰ ਕੀ ਹੈ ਤੇ ਉਧਰ ਕੀ ਹੈ, ਅਸਾਂ ਇਸ ਤੋਂ ਕੀ ਲੈਣਾ ਭਾਈ! ਉਂਜ ਜੋ ਤੁਸੀਂ ਕਿਹੈ, ਖਿਆਲ ਇਹ ਵੀ ਮਾੜਾ ਨਹੀਂ!” ਜਤਿਨ ਨੇ ਅੱਖਾਂ ਮਟਕਾਉਂਦਿਆਂ ਜੰਨਤ ਦੇ ਕੰਨ ਵਿਚ ਕਿਹਾ।
“ਹਾਂ ਹਾਂ ਠੀਕ ਹੈ, ਜ਼ਰਾ ਪਰ੍ਹੇ ਹੋ ਕੇ ਬੈਠੋ!” ਆਪਣੇ ਨਾਲ ਸਟ ਰਹੇ ਜਤਿਨ ਨੂੰ ਦੂਜੇ ਪਾਸੇ ਧੱਕਦਿਆਂ ਜੰਨਤ ਬੋਲੀ। ਜਤਿਨ ਥੋੜ੍ਹਾ ਹਟ ਕੇ ਬੈਠ ਗਿਆ। ਗਾਣੇ ਦੇ ਬੋਲਾਂ ਨਾਲ ਉਹ ਮਸਤੀ ਵਿਚ ਝੂਮ ਉਠਿਆ। ਜੰਨਤ ਨੇ ਉਸ ਦੀਆਂ ਗੱਲਾਂ ਤੇ ਅਦਾਵਾਂ ਉਪਰ ਕੋਈ ਟੀਕਾ-ਟਿੱਪਣੀ ਨਹੀਂ ਕੀਤੀ। ਉਹ ਚੁੱਪ ਕੀਤੀ ਬੈਠੀ ਰਹੀ। ਪਰ ਉਹ ਵੀ ਕਿੰਨੀ ਦੇਰ ਚੁੱਪ ਰਹਿ ਸਕਦੀ ਸੀ। ਉਸ ਬਾਹਰ ਦੇਖਿਆ, ਸੜਕ ‘ਤੇ ਲੱਗੇ ਜਾਮ ਨੂੰ ਦੇਖ ਕਹਿਣ ਲੱਗੀ, “ਬੜਾ ਜਾਮ ਲੱਗਿਆ, ਜਾਪਦਾ ਅੱਜ ਵੀ ਘਰ ਦੇਰ ਨਾਲ ਪੁੱਜਾਂਗੇ!”
“ਤੁਸੀਂ ਛੱਡੋ ਜੀ ਇਸ ਗੱਲ ਨੂੰ, ਜਾਮ ਸਾਨੂੰ ਕੀ ਕਹਿੰਦੈ, ਇਹ ਡਰਾਈਵਰ ਦੀ ਪ੍ਰਾਬਲਮ ਐ, ਉਹ ਇਸ ਨਾਲ ਸਿੱਝ ਰਿਹੈ, ਤੁਸੀਂ ਚੁਪ ਕਰਕੇ ਗਾਣਾ ਐਂਜਵਾਏ ਕਰੋ।” ਏਨਾ ਕਹਿ ਉਹ ਇਕ ਵਾਰ ਫਿਰ ਰੁਮਾਨੀ ਸੰਸਾਰ ਵਿਚ ਗੁੰਮ ਹੋ ਗਿਆ। ਜੰਨਤ ਨੇ ਇਸ ਗਾਣੇ ਦੇ ਮਾਮਲੇ ਵਿਚ ਉਸ ਨਾਲ ਤਬਲੇ ਦੀ ਸੰਗਤ ਭਾਵੇਂ ਨਹੀਂ ਕੀਤੀ ਪਰ ਉਹਦੀ ਮੁਖ ਮੁਦਰਾ ਬਿਆਨ ਕਰਦੀ ਸੀ ਕਿ ਉਹ ਵੀ ਗਾਣੇ ਨੂੰ ਉਸੇ ਤਰ੍ਹਾਂ ਈ ਮਾਣ ਰਹੀ ਹੈ।
ਬਸ ਕਰਮਪੁਰੇ ਦੇ ਸਟਾਪ ਤੋਂ ਅੱਗੇ ਵਧੀ। ਜਤਿਨ ਹੁਣ ਗੰਭੀਰ ਹੋ ਗਿਆ ਤੇ ਘੜੀ ਮੁੜੀ ਸੜਕ ਵੱਲ ਦੇਖਣ ਲੱਗਾ। ਅਗਲਾ ਸਟਾਪ ਆਉਣ ਤੋਂ ਪਹਿਲਾਂ ਉਸ ਇਕ ਭਰਵੀਂ ਨਜ਼ਰ ਨਾਲ ਜੰਨਤ ਨੂੰ ਦੇਖਿਆ ਤੇ ਹੌਲੀ ਜਿਹੇ ਕਿਹਾ, “ਬਸ ਏਨਾ ਹੀ...!” ਉਹ ਬਸ ਤੋਂ ਹੇਠਾਂ ਉਤਰ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ