Bathlu Chamiar (Punjabi Story) : Atarjit

ਬਠਲੂ ਚਮਿਆਰ (ਕਹਾਣੀ) : ਅਤਰਜੀਤ

ਬਠਲੂ ਦਾ ਹੱਥ ਹਾਲੇ ਵੀ ਕਹੀ ਦੇ ਬਾਂਹੇ ਤੇ ਘੁੱਟਿਆ ਹੋਇਆ ਸੀ। ਲੱਗਦਾ ਸੀ ਉਹ ਹੁਣੇ ਉੱਠੇਗਾ ਤੇ ਕੋਲ ਪਏ ਬੱਠਲ ਨੂੰ ਭਰ ਕੇ ਸਿਰ ਉੱਤੇ ਧਰੇਗਾ। ਉਸਦੇ ਤੇਜ਼ ਚੱਲਦੇ ਸਾਹ ਤੇ ਵੱਖੀ 'ਤੇ ਘੁੱਟਿਆ ਦੂਜਾ ਹੱਥ, ਉਸਦੀ ਪਲ ਪਲ ਨਿੱਘਰਦੀ ਹਾਲਤ ਦੀ ਗਵਾਹੀ ਭਰਦਾ ਸੀ। ਉਸਨੇ ਫਿਰ ਉਠਣਾ ਚਾਹਿਆ, ਪਰ ਉਸਦੇ ਸਰੀਰ ਦੀ ਸਾਰੀ ਸਤਾ ਵੱਖੀ ਦੀ ਪੀੜ ਨੇ ਨਪੀੜ ਦਿੱਤੀ ਸੀ; ਉਹ ਉੱਠ ਨਾ ਸਕਿਆ। ਉਸਨੇ ਸਾਰੀ ਜ਼ਿੰਦਗੀ ਕਰੜੇ ਤੋਂ ਕਰੜਾ ਕੰਮ ਕੀਤਾ, ਪਰ ਜ਼ਿੰਦਗੀ 'ਚ ਉਹਨੇ ਕਦੇ ਹਾਰ ਨਾ ਮੰਨੀ-ਉਹ ਕਦੇ ਬੀਮਾਰ ਨਾ ਹੋਇਆ।
ਉਸਨੇ ਹੁਣ ਤੱਕ ਆਪਣੀ ਪੀੜ ਨੂੰ ਘੁੱਟੀਂ ਘੁੱਟੀਂ ਪੀ ਜਾਣਾ ਚਾਹਿਆ ਸੀ ਕਿ ਉਹਦੀ ਬੱਸ ਹੁੰਦੀ ਜਾਂਦੀ ਸੀ। ਉਸਦੀਆਂ ਹੂੰਗਰਾਂ ਪਲੋ ਪਲੀ ਚੀਕਾਂ ਵਿੱਚ ਵਟ ਗਈਆਂ। ਉਸਨੇ ਉੱਠ ਕੇ ਟੋਏ ਵਿੱਚੋਂ ਬਾਹਰ ਆਉਣਾ ਚਾਹਿਆ, ਪਰ ਹਿੱਲ ਸਕਣ ਦੀ ਸਮਰੱਥਾ, ਉਸ ਵਿੱਚ ਬਾਕੀ ਨਹੀਂ ਸੀ। ਉਸ ਦੇ ਬੁੱਲ੍ਹ ਖੁਸ਼ਕ ਹੋ ਗਏ, ਗਲਾ ਸੁੱਕ ਗਿਆ ਤੇ ਵੱਖੀ ਦੀ ਪੀੜ, ਉਸਦੇ ਸਾਰੇ ਸਰੀਰ ਨੂੰ ਛੁਰੀ ਵਾਂਗ ਚੀਰਦੀ ਜਾ ਰਹੀ ਸੀ। ਸੁੰਨ-ਮਸੁੰਨੀ ਰੋੜਾਂ ਵਾਲੀ ਛਪੜੀ, ਜਿਵੇਂ ਉਸਦੀ ਹਾਲਤ 'ਤੇ ਸਿਸਕੀਆਂ ਭਰ ਰਹੀ ਸੀ।
ਜਿਵੇਂ ਜਿਵੇਂ ਪਤਾ ਲਗਦਾ ਗਿਆ, ਰਾਹ ਗੁਜ਼ਰਦੇ ਬੰਦੇ ਤੇ ਕੰਮ ਦੇ ਜ਼ੋਰ ਦੇ ਦਿਨਾਂ ਵਿੱਚ ਘਰੀਂ ਰਹਿ ਗਏ ਬੰਦੇ ਰੋੜਾਂ ਵਾਲੀ ਛਪੜੀ 'ਤੇ ਕੱਠੇ ਹੁੰਦੇ ਗਏ।
"ਪਾਟ ਗਿਆ ਓਏ ਕਾਲਜਾ……।" ਬਠਲੂ ਦੀ ਚੀਕ ਨਿਕਲ ਗਈ। ਕਿਸੇ ਨੇ ਕੋਲ ਪਿਆ ਬੱਠਲ ਅਤੇ ਕਹੀ ਲਾਂਭੇ ਕਰ ਦਿੱਤੇ ਤੇ ਉਸਨੂੰ ਥੋੜ੍ਹਾ ਕੁ ਠੀਕ ਕਰਕੇ, ਪੋਲੀ ਮਿੱਟੀ ਤੇ ਲਿਟਾ ਦਿੱਤਾ।
"ਗੱਲ ਕੀ ਹੋ ਗਈ?" ਕਿਸੇ ਨੇ ਪੁੱਛਿਆ।
"ਵੱਖੀ ਨੂੰ ਘੁੱਟਦੈ, ਪਤਾ ਨੀਂ ਕੀ ਹੋ ਗਿਆ?" ਕਿਸੇ ਨੇ ਜਵਾਬ ਦਿੱਤਾ।
"ਇੱਥੋਂ ਈ ਕੁੱਝ ਹੋ ਗਿਆ। ਇੱਥੋਂ ਅੱਗੇ ਵੀ ਕਈਆਂ ਨੂੰ ਧੱਕਾ ਵੱਜਿਆ। ਕਿਸੇ ਨੇ ਉਸਦਾ ਕੁੜਤਾ ਉਤਾਂਹ ਕਰ ਕੇ ਵੇਖਿਆ। ਖੱਬੀ ਵੱਖੀ ਨੀਲੀ ਹੋ ਰਹੀ ਸੀ। ਕੰਡ ਵਿੱਚ ਮੌਰਾਂ ਤੋਂ ਹੇਠਾਂ ਵੱਡਾ ਸਾਰਾ ਨੀਲ ਸੀ।
"ਆਹ ਵੇਖੋ ਐਥੇ ਕਰ ਕੇ ਈ ਵੱਜਿਐ ਧੱਫ਼ਾ। ਇੱਥੇ ਛਪੜੀ ਤੇ ਸ਼ੈ ਹੈਗੀ, ਕਈਆਂ ਨੇ ਵੇਖੀ ਐ," ਖੇਮੀ ਅੰਬੋ ਨੇ ਮੌਰਾਂ ਤੇ ਵੇਖ ਕੇ ਆਖਿਆ।
"ਸੁੱਖ ਨਾਲ ਵਾਢੀ ਦੀ ਦਿਹਾੜੀ ਬਥੇਰੀ ਸੀ। ਕੀ ਥੁੜਿਆ ਪਿਆ ਸੀ ਮਿੱਟੀ ਦੇ ਘੋਲ ਬਿਨਾਂ? ਪਰ ਜਿਹੜੀ ਗਰਾਗਤ ਹੋਣੀ ਹੋਵੇ।"
"ਇਹਨੇ ਤਾਂ ਵਿਚਾਰੇ ਨੇ ਭਲੇ ਦੀ ਖ਼ਾਤਰ ਕਾਗ ਉਡਾਏ ਸੀ- ਕੀ ਪਤਾ ਸੀ ਬਈ ਗਲ ਨੂੰ ਫਰਾਹੇ ਪੈ ਜਾਣਗੇ। ਇਹਨੇ ਤਾਂ ਸੋਚਿਆ ਸੀ ਬਈ ਟੋਆ ਭਰ ਕੇ ਪਿੰਡ ਦਾ ਭਲਾ ਹੋ ਜੇ।"
ਗੱਲ ਇਹ ਸੀ, ਜੋ ਬਠਲੂ ਭਲੇ ਦੀ ਖ਼ਾਤਰ ਕਰਨਾ ਚਾਹੁੰਦਾ ਸੀ, ਜਿਸ ਦੇ ਬਦਲੇ ਅੱਜ ਉਸਦੀ ਜਾਨ ਨੂੰ ਬਣੀਆਂ ਹੋਈਆਂ ਸਨ। ਰੋੜਾਂ ਵਾਲੀ ਛਪੜੀ 'ਤੇ ਦਿਉਣ ਦੇ ਰਾਹ ਵਿਚਲਾ ਟੋਆ, ਜੋ ਮੀਂਹ ਦੀ ਖਾਰ ਨੇ ਪਾਇਆ ਸੀ, ਅੱਜ ਸਭ ਦੀ ਦੰਦ ਕਥਾ ਬਣ ਗਿਆ ਸੀ। ਅੱਜ ਤੋਂ ਸਿਰਫ਼ ਦੋ ਦਿਨ ਪਹਿਲਾਂ, ਇਹ ਸਿਰਫ਼ ਖਾਤਾ ਸੀ। ਦਸ ਬਾਰਾਂ ਫੁੱਟ ਡੂੰਘਾ, ਕਿਸੇ ਕਿਨਾਰੇ ਤੋਂ ਪੰਜ ਫੁੱਟ ਕਿਸੇ ਤੋਂ ਚਾਰ ਦੇ ਏੜ-ਗੇੜ ਵਿੱਚ। ਕਿਨਾਰੇ ਗਿਣਨ ਲੱਗੋ ਤਾਂ ਕੋਈ ਹਿਸਾਬ ਕਿਤਾਬ ਵਿੱਚ ਆਉਣ ਵਾਲੀ ਗੱਲ ਨਹੀਂ ਸੀ, ਨਾ ਮੁਰੱਬਾ ਨਾ ਘਣ। ਚਿੱਬ-ਖੜਿੱਬਾ ਅਤੇ ਡਰਾਉਣਾ-ਡਰਾਉਣਾ।
ਪਿੰਡ ਨੀਵਾਂ ਹੋਣ ਕਰਕੇ, ਮੀਂਹ ਦਾ ਸਾਰਾ ਪਾਣੀ ਪਿੰਡ ਵੱਲ ਆਉਂਦਾ ਤੇ ਦਿਉਣ ਦਾ ਰਾਹ ਸੂਏ ਵਾਂਗ ਭਰਿਆ, ਪਹਿਲਾਂ ਇਸ ਛਪੜੀ ਵਿੱਚ ਦੈਂ -ਦੈਂ ਡਿਗਦਾ ਇਸਨੂੰ ਤਾਰੀ ਲਾ ਦਿੰਦਾ। ਛਪੜੀ ਦਾ ਕਿਨਾਰਾ ਖੁਰ-ਖੁਰ ਕੇ ਇਹ ਇੱਕ ਵੱਡਾ ਖਾਤਾ ਬਣ ਗਿਆ ਸੀ। ਇਸ ਦੇ ਨਾਲ ਰਾਹ, ਮਸਾਂ ਗੱਡੇ ਦੇ ਲੀਹੇ ਜਿੰਨਾ ਸੀ। ਕੋਲ ਦੀ ਲੰਘਦੇ ਲੋਕ ਚਰਚਾ ਛੇੜਦੇ, ਮੱਥਾ ਸਕੋੜਦੇ, ਇਸਦੇ ਭਰੇ ਜਾਣ ਦੀ ਲੋੜ ਮਹਿਸੂਸ ਕਰਦੇ, ਪੰਚਾਇਤ ਨੂੰ ਠੰਡੀਆਂ ਤੱਤੀਆਂ ਸੁਣਾਉਂਦੇ ਤੇ ਪਿੰਡ ਦੇ ਲੋਕਾਂ ਦੀ ਬੇਇਤਫ਼ਾਕੀ ਕਾਰਨ ਬਣੀ ਨਵੀਂ ਪੰਚਾਇਤ ਦੇ 'ਨਕਾਰੇਪਣ' ਤੇ ਨੱਕ ਬੁੱਲ੍ਹ ਕੱਢਦੇ, ਖਿਝਦੇ ਅੱਗੇ ਲੰਘ ਜਾਂਦੇ। ਸਿਵਿਆਂ ਕੋਲੋਂ ਲੰਘਦੇ ਕਿਸੇ ਡਰੂ ਤੇ ਅੰਧ-ਵਿਸ਼ਵਾਸੀ ਆਦਮੀ ਵਾਂਗ ਉਨ੍ਹਾਂ ਦੀ ਖਿਝ ਖਿਝਾਈ ਪਰ੍ਹੇ ਜਾਣ ਨਾਲ ਹੀ ਵਾਹਿਗੁਰੂ ਵਾਹਿਗੁਰੂ ਦੇ ਜਾਪ ਵਾਂਗ ਠਰ ਜਾਂਦੀ। ਗੱਲ ਵਿਸਰ ਜਾਂਦੀ ਤੇ ਲੋਕ ਮੁੜ ਆਪੋ ਆਪਣੇ ਧੰਦੀਂ ਜੁੜ ਜਾਂਦੇ।
ਇੱਕ ਰਾਤ ਨੇਰ੍ਹੇ ਵਿਚ, ਕੱਖਾਂ ਦਾ ਲੱਦਾ ਲਈ ਆਉਂਦਾ ਊਠ, ਇਸ ਵਿੱਚ ਡਿੱਗ ਪਿਆ ਤੇ ਮੂਹਰਲੀ ਲੱਤ ਬਾਹੂ ਕੋਲੋਂ ਟੁੱਟ ਗਈ। ਹਾਲੇ ਪਰਸੋਂ ਹੀ ਲਾਂਗੇ ਦਾ ਭਰਿਆ ਗੱਡਾ, ਇਸ ਵਿੱਚ ਪਾਸ ਮਾਰਨੋਂ ਮਸਾਂ ਬਚਿਆ ਸੀ।
"ਆਹ ਬੜੈ ਬਈ ਪਿੱਟਣਾ। ਇਹ ਜ਼ਰੂਰ ਲਊ ਕਿਸੇ ਨਾ ਕਿਸੇ ਦੀ ਜਾਨ- ਨਹੀਂ ਤਾਂ ਕਿਸੇ ਪਸ਼ੂ ਦਾ ਗੱਡਾ ਭੇਡਾ ਤਾਂ ਹੈ ਨੀਂ…" ਇਸ ਤਰ੍ਹਾਂ ਦੀ ਬੁੜ-ਬੁੜ ਦਾ ਪੰਚਾਇਤ 'ਤੇ ਕੀ ਅਸਰ ਹੋਇਆ- ਇਹ ਜਾਣੇ ਪੰਚਾਇਤ ਦੀ ਬਲਾ! ਉਸ ਦਾ ਕਾਰ ਵਿਹਾਰ ਤਾਂ ਉਸ ਪੰਚਾਇਤੀ ਨਲਕੇ ਵਰਗਾ ਸੀ ਜਿਸ ਦੇ ਇੱਕ ਮਹੀਨੇ ਬਾਅਦ ਹੀ ਨਾ ਕਿੱਲ ਸੀ ਨਾ ਬੋਕੀ। ਡੰਡਾ ਖੌਰੇ ਕੋਈ ਲਾਹ ਕੇ ਲੈ ਗਿਆ ਸੀ। ਕਿਸੇ ਨੇ ਕਿਹਾ ਇਹ ਟੋਆ ਤਾਂ ਸਾਂਝਾ ਬਾਬਾ ਹੈ- ਸਾਂਝੇ ਬਾਬੇ ਨੂੰ ਕੌਣ ਰੋਂਦੈ। "ਜੇ ਇਹ ਸਾਂਝਾ ਬਾਬਾ ਹੁੰਦਾ ਤਾਂ ਇਸਨੂੰ ਸਾਰੇ ਰੋਂਦੇ। ਆਪਣੇ ਆਪਣੇ ਢਿੱਡ ਦੀ ਬਣੀ ਏ ਜ਼ਮਾਨੇ 'ਚ ਇਸ ਬਾਬੇ ਨੂੰ ਕੌਣ ਰੋਵੇ? ਜੀਹਦਾ ਅਸਲ ਵਿੱਚ ਕੋਈ ਖਸਮ-ਗੁਸਾਈਂ ਹੈ ਹੀ ਨਹੀਂ?" ਇਹੋ ਜਿਹੀ ਗੱਲ ਕਹਿਣ ਵਾਲੇ 'ਤੇ ਕਈਆਂ ਨੇ ਨੱਕ ਬੁੱਲ ਚੜ੍ਹਾਏ ਹੋਣਗੇ।
ਲੋਕਾਂ ਦੇ ਲਲਾ-ਲਲਾ ਕਰਨ 'ਤੇ ਸਰਪੰਚ ਨੇ ਸੌ-ਪੰਜਾਹ ਖਰਚਣ ਦਾ 'ਪੁੰਨ ਨਾਲੋਂ ਫਲੀਆਂ ਵੱਧ' ਦਾ ਖ਼ਿਆਲ ਹੀ ਸੋਚ ਲਿਆ। ਠੱਲ੍ਹ ਬੰਨਣ ਤੇ ਟੋਆ ਪੂਰਨ ਦਾ, ਪੰਚਾਇਤ ਨੇ ਕਿਸੇ ਨੂੰ ਠੇਕਾ ਦੇਣਾ ਪ੍ਰਵਾਨ ਕਰ ਲਿਆ। ਦਸ ਬਾਰਾਂ ਦਿਨਾਂ 'ਚ ਠੱਲ੍ਹ ਬੱਝ ਗਈ। ਟੋਏ ਦਾ ਠੇਕਾ ਬਠਲੂ ਨੇ ਲੈ ਲਿਆ।
ਮਿੱਟੀ ਦਾ ਕੰਮ ਕਰਨ ਲਈ ਪਿੰਡ ਵਿੱਚ ਬਠਲੂ ਚਮਿਆਰ, ਸਭ ਤੋਂ ਵਾਧੂ ਸੀ। ਚਿਰ ਦੀ ਗੱਲ ਹੈ, ਜਦੋਂ ਪਿੰਡ ਵਿੱਚ ਗੁਰਦੁਆਰੇ ਵਾਲਾ ਟੋਭਾ ਪੁਟਦੇ ਸਨ, ਸੁੰਦਰ ਨੇ ਸਭ ਤੋਂ ਵੱਡਾ ਬੱਠਲ, ਗਿੱਲੀ ਤੇ ਚੀਕਣੀ ਮਿੱਟੀ ਦਾ, ਟੀਸੀ ਲਾਵਾਂ ਚੁੱਕਿਆ ਸੀ। ਤਮਾਸ਼ਬੀਨਾਂ ਨੇ ਟੀਸੀ ਤੇ ਡੱਕਾ ਗੱਡ ਕੇ, ਮੈਲੀ-ਕੁਚੈਲੀ ਲੀਰ ਦੀ ਝੰਡੀ ਕਰ ਦਿੱਤੀ ਸੀ। ਉਸ ਨੇ ਟੋਭੇ ਤੋਂ ਪੂਰਾ ਗੇੜਾ ਲਾਇਆ ਸੀ। "ਇੱਕ ਗੇੜਾ ਹੋਰ ਲਾਮਾਂ?" ਫੂਕ 'ਚ ਆਇਆ ਸੁੰਦਰ, ਜਦੋਂ ਬੋਲਿਆ ਸੀ ਤਾਂ ਬੋਲ ਉਸਦੇ ਬੁੱਲ੍ਹਾਂ ਤੋਂ ਨਹੀਂ, ਸਗੋਂ ਘੰਡ ਤੋਂ ਵੀ ਹੇਠਾਂ, ਉਸਦੇ ਢਿੱਡ ਵਿੱਚ ਗਰਗਰਾਏ ਸਨ। ਨੰਗੇ ਪਿੰਡੇ ਮੁੜ੍ਹਕੋ ਮੁੜ੍ਹਕੀ, ਸੁੰਦਰ ਹੌਂਕ ਰਿਹਾ ਸੀ। ਲੁਹਾਰ ਦੀ ਧੌਂਕਣੀ ਵਾਂਗ ਉਸਦਾ ਢਿੱਡ ਫੁੱਲਦਾ ਜਾਂਦਾ ਸੀ-ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਸੀ- ਫਿਰ ਵੀ ਉਹ ਗਰਰ ਗਰਰ ਕਰ ਕੇ ਬੋਲਿਆ, "ਇੱਕ ਗੇੜਾ ਹੋਰ ਲਾਮਾਂ?"
"ਵਾਹ ਉਇ ਬਠਲੂ! ਕੰਜਰ ਦਿਆ ਚਮਿਆਰਾ, ਹੱਦ ਕਰਤੀ ਆਹ ਤਾਂ!"
"ਬੜਾ ਜੌਧਰ ਚਮਿਆਰ ਆ ਬਈ!" ਲੋਕ ਉਸਦੇ ਦੁਆਲੇ ਜੁੜੇ ਥਾਪੀਆਂ ਦੇ ਰਹੇ ਸਨ।
"ਲੈ ਉਇ ਸੁੰਦਰਾ! ਗੁੜ ਖਾਹ। ਸਹੁਰਿਆ ਮੱਦੀਆ ਹੱਦ ਕਰ 'ਤੀ ਆਹ ਤਾਂ!" ਬਚਨ ਸਿਹੁੰ ਅਕਾਲੀ, ਪੁਟਾਵਿਆਂ ਨੂੰ ਹੱਲਾਸ਼ੇਰੀ ਦਿੰਦਾ, ਉਸ ਵੱਲ ਅਹੁਲਿਆ ਸੀ। ਅੱਧ ਸੇਰ ਦਾ ਵਾਰਾ ਗੁੜ, ਸੁੰਦਰ ਥਾਂਏ ਮਰੜ ਮਰੜ ਚੱਬ ਗਿਆ ਸੀ। ਢੋਲ ਵਾਲੇ ਨੇ ਸੁੰਦਰ ਦੇ ਨਾਂ 'ਤੇ ਢੋਲ ਕੁੱਟਿਆ ਤੇ ਪੁਟਾਵਿਆਂ ਨੇ ਖੁਸ਼ੀ 'ਚ ਕਿਲਕਾਰਾ ਮਾਰਿਆ ਸੀ। ਉਸ ਦਿਨ ਤੋਂ ਉਹਦੇ ਨਾਂ ਨਾਲੋਂ 'ਮੱਦੀ' ਸ਼ਬਦ ਲਹਿ ਗਿਆ ਸੀ, ਬਠਲੂ ਸ਼ਬਦ ਜੁੜ ਗਿਆ ਸੀ।
ਉਸਨੂੰ ਪੰਚਾਇਤ ਨੇ ਪੰਚਾਇਤ ਘਰ ਵਿੱਚ ਬੁਲਾਇਆ ਸੀ। ਉਹ ਹੁਕਮ-ਬੱਧੇ ਗੁਲਾਮ ਵਾਂਗ ਭੱਜਿਆ ਭੱਜਿਆ ਗਿਆ ਸੀ ਤੇ ਇਸ ਟੋਏ ਦਾ ਠੇਕਾ ਬਠਲੂ ਨੇ ਲੈ ਲਿਆ। ਉੱਕੇ-ਪੁੱਕੇ ਪੱਚੀ ਰੁਪਏ ਉਸ ਨੇ ਹੱਸ ਕੇ ਪਰਵਾਨ ਕਰ ਲਏ।
"ਕਿਉਂ ਬਠਲੂ ਖ਼ੁਸ਼ ਐਂ, ਊਂ ਤਾਂ………?" ਸਰਪੰਚ ਨੇ ਦਇਆ ਵਿਖਾਉਂਦਿਆਂ ਕਿਹਾ ਸੀ,
"ਸਰਦਾਰੋ ਤੁਸੀਂ ਖ਼ੁਸ਼ ਚਾਹੀਦੇ ਓ। ਮੇਰਾ ਕੀ ਐ?" ਉਸਨੇ ਹੱਥ ਜੋੜੇ ਸਨ।
"ਤੂੰ ਵੀ ਗਰੀਬ ਆਦਮੀ ਐਂ, ਚਲ ਸੇਰ ਗੁੜ ਦੇ ਦਿਆਂਗੇ ਚਾਹ ਚਬਟੇ ਨੂੰ।" ਬਠਲੂ ਹੋਰ ਖਿੜ ਗਿਆ, "ਸ਼ਾਬਾਸ਼ੇ ਸਰਦਾਰੋ! ਸਾਡੇ ਵੀ ਥੋਡੇ ਸਿਰ 'ਤੇ ਦਿਹਾੜੇ ਟੁੱਟ ਜਾਣਗੇ।"
"ਗਧੀਆਂ ਵਾਲਾ ਤਾਂ ਪੰਦਰਾਂ ਵੀਹਾਂ 'ਚ ਕਰਾ ਦਿੰਦਾ ਇਹ ਕੰਮ।" ਇੱਕ ਮੈਂਬਰ ਨੇ ਮੁੱਛਾਂ ਤੇ ਹੱਥ ਫੇਰਿਆ ਜਿਵੇਂ ਉਹ ਬਠਲੂ 'ਤੇ ਹੋਰ ਅਹਿਸਾਨ ਕਰ ਰਿਹਾ ਸੀ। ਬਠਲੂ ਨੇ ਮੈਂਬਰ ਦੀਆਂ ਅੱਖਾਂ ਵਿਚਲੀ ਸ਼ੈਤਾਨੀ ਨੂੰ ਦਾਨਾਈ ਜਾਣਿਆ।
"ਬੰਬਰਾ ਮੈਂ ਕੋਈ ਭੱਜਿਆ ਪਚੈਤ ਤੋਂ, ਤੁਸੀਂ ਪੰਦਰਾਂ ਈ ਦੇ ਦਿਓ।" ਸੁੰਦਰ ਨੇ ਨਿਮਰਤਾ ਤੋਂ ਵੱਧ ਹੀਣਤਾ ਦੇ ਭਾਰ ਹੇਠ ਕਿਹਾ।
"ਕੋ ਨੀ! ਕੋ ਨੀ! ਤੂੰ ਜਾਹ ਕੰਮ ਕਰ। ਠੀਕ ਐ ਪੱਚੀ ਰੁਪਏ। ਉਕੇ-ਪੁਕੇ।" ਬਠਲੂ ਹੱਥ ਜੋੜੀ, ਪੁਠੇ ਪੈਰੀਂ, ਪਿੱਛੇ ਮੁੜਿਆ। ਠਿੱਬ-ਖੜਿੱਬੇ ਜੋੜੇ ਪਾਉਂਦਿਆਂ, ਉਸ ਨੇ ਖੁੱਚਾਂ ਤੋਂ ਥੋੜ੍ਹੀ ਹੇਠਾਂ ਲਮਕਦੀ ਧੋਤੀ, ਸੰਭਾਲੀ ਤੇ 'ਸਾਸਰੀਕਾਲ' ਆਖਦੇ ਹੀ ਪੰਚਾਇਤੀਆਂ ਵੱਲੋਂ ਮੂੰਹ ਭੁਆਇਆ।
ਉਸ ਨੇ ਮਗਰੋਂ ਆਪਣਾ ਨਾਂ ਸੁਣਿਆ ਤੇ ਪੰਚਾਇਤੀਆ ਦਾ ਠਹਾਕਾ- "ਬਠਲੂ ਈ ਰਿਹਾ ਕੰਜਰ ਦਾ ਸਾਰੀ ਉਮਰ।" ਤੇ ਉਸ ਨੂੰ ਲੱਗਿਆ ਜਿਵੇਂ ਉਸ ਦੇ ਸਿਰੜੀ ਅਤੇ ਮਿਹਨਤੀ ਹੋਣ ਦੀ ਜਿਵੇਂ ਉਸ ਨੇ ਵਡਿਆਈ ਕੀਤੀ ਹੋਵੇ। ਉਹ ਆਪ ਵੀ ਹੱਸ ਪਿਆ। ਸਰਦਾਰ ਦੇ ਧੰਨਵਾਦ ਵਿੱਚ ਉਸਦਾ ਲੂੰਅ-ਲੂੰਅ ਭਿੱਜਿਆ ਹੋਇਆ ਸੀ।
ਸੁੰਦਰ ਕਹੀ ਅਤੇ ਬੱਠਲ ਲੈ ਕੇ, ਛੱਪੜੀ ਤੇ ਅੱਪੜ ਗਿਆ। ਈਨੂੰ ਉਸ ਨੇ ਰੱਸੀ ਨਾਲ, ਸਿਰ 'ਤੇ ਕੱਸ ਕੇ ਬੰਨ੍ਹ ਲਿਆ। ਉਸਦੀਆਂ ਬੂਦਰੀਆਂ, ਪੱਗ ਦੇ ਉਧੜ-ਗੁਧੜੇ ਲੜਾਂ 'ਚੋਂ ਬਾਹਰ ਨਿਕਲੀਆਂ ਹੋਈਆਂ ਸਨ, ਜਿਵੇਂ ਉਸਨੂੰ ਟਿੱਚਰਾਂ ਕਰ ਰਹੀਆਂ ਹੋਣ। ਰਾਹ ਵਾਲੇ ਪਾਸਿਓਂ ਉਸ ਨੇ ਟੋਏ ਨੂੰ ਗਹੁ ਨਾਲ ਵੇਖਿਆ। ਉਹ ਵੇਖਦਾ ਰਿਹਾ, ਜਿਵੇਂ ਮਿਟੇ ਹੋਏ ਅੱਖਰਾਂ ਨੂੰ ਉਠਾਉਂਦਾ ਹੋਵੇ। ਉਹ ਕਿੰਨਾ ਚਿਰ ਵੇਖੀ ਗਿਆ। ਸਾਰੀ ਇਬਾਰਤ ਜਿਵੇਂ ਉਸਨੇ ਪੜ੍ਹ ਲਈ ਅਤੇ ਸਮਝ ਲਈ।
"ਸੁੰਦਰ ਸਿਆਂ! ਤੇਰਾ ਇਹ ਦੋ ਦਿਨਾਂ ਦਾ ਕੰਮ ਐ ਬੱਸ। ਪੱਚੀ ਰੁਪਈਏ ਖਰੇ ਹੋ ਜਾਣਗੇ। ਹਾੜ੍ਹੀ ਦੀ ਵਾਢੀ 'ਚ ਤਾਂ ਏਨੇ ਨਾ ਪੈਂਦੇ………। ਰੋਟੀ ਚਾਹ ਜ਼ਰੂਰ ਜੱਟ ਦੇ ਪੱਲਿਓਂ ਮਿਲਦੀ। ਫੇਰ ਵੀ ਫੈਦੈ ਏਥੇ। ਹਰੋ ਨੇ ਭਲਾ ਕੀ ਕਰਨਾ ਸੀ- ਬੱਠਲ ਤਾਂ ਮੈਂ ਆਪੇ ਬਥੇਰਾ ਚੁੱਕ ਲਿਆ ਕਰੂੰ……। ਮਣ ਸਵਾ ਮਣ ਮਿੱਟੀ ਦੀ ਕਿਹੜੀ ਗੱਲ ਐ? ਉਹ ਸੇਰ ਬੱਲੀਆਂ ਚੁਗ ਲਿਆਊ।"
ਉਹ ਆਪਣੇ ਆਪ ਨੂੰ ਦਿਲਬਰੀਆਂ ਦਿੰਦਾ, ਛਪੜੀ 'ਚ ਝੁਕਿਆ ਅਤੇ ਸਿਰ ਤੋਂ ਉੱਚੀ ਕਹੀ ਉਲਾਰ ਕੇ ਧਰਤੀ ਦੀ ਪਾਂਡੂ-ਹਿੱਕ ਤੇ ਮਾਰੀ। ਕਹੀ ਮਸਾਂ ਸੂਤ ਭਰ ਖੁਭੀ ਤੇ ਬੁੜ੍ਹਕ ਗਈ। ਇਵੇਂ ਖੌਝ-ਖਜਾਈ ਕਰਕੇ ਉਸਨੇ ਬੱਠਲ ਭਰਿਆ ਤੇ ਚੁੱਕ ਕੇ ਬਾਹਰ ਆਇਆ। ਟੋਏ ਵਿੱਚ ਗਰਦਾ-ਗੋਰ ਸੀ।
ਹੁਣ ਫਿਰ ਉਹ ਛਪੜੀ ਵਿੱਚ ਉਤਰ ਗਿਆ ਸੀ। ਇਸ ਵਾਰ ਉਸਨੇ ਬੱਠਲ ਪਰ੍ਹੇ ਰੱਖ ਦਿੱਤਾ ਤੇ ਪਾਂਡੋ ਮਿੱਟੀ ਪੁੱਟਣ ਲੱਗ ਪਿਆ। ਹਰ ਵਾਰ, ਕਹੀ ਸਿਰ ਤੋਂ ਉਲਾਰਦਾ ਤੇ 'ਹੁੱਪ' ਆਖਦਾ ਧਰਤੀ 'ਤੇ ਮਾਰਦਾ। ਹੌਲੀ ਹੌਲੀ ਮਿੱਟੀ ਦਾ ਢੇਰ ਬਣਨ ਲੱਗ ਪਿਆ। ਉਸਦੀ ਕਹੀ, ਪਾਂਡੋ ਦੀ ਤਹਿ ਨੂੰ ਪਾੜ ਚੁੱਕੀ ਸੀ। ਹੇਠਾਂ ਤੋਂ ਬਰੇਤਾ ਨਿਕਲ ਆਇਆ ਸੀ। ਉਸਦਾ ਕੰਮ ਸੌਖਾ ਹੋ ਗਿਆ। ਜਦ ਹਰੋ ਉਸਦੀ ਰੋਟੀ ਲੈ ਕੇ ਆਈ, ਉਸਨੇ ਗੱਡਾ ਮਿੱਟੀ ਦਾ ਪੁੱਟ ਦਿੱਤਾ ਸੀ। ਹਰੋ, ਉਸਦੇ ਕੋਲ ਪਾਣੀ ਦੀ ਮੱਘੀ ਅਤੇ ਰੋਟੀਆਂ ਰੱਖ ਕੇ, ਸਿਲੇਹਾਰਨਾਂ ਨਾਲ ਜਾ ਰਲੀ।
ਬਠਲੂ ਬਾਹਰ ਆਇਆ ਤਾਂ ਉਸਦੇ ਪਿੰਡੇ ਤੇ ਮੁੜ੍ਹਕੇ ਦੀਆਂ ਤਤੀਰੀਆਂ ਵਹਿ ਰਹੀਆਂ ਸਨ। ਲੱਤਾਂ ਉੱਤੇ ਮਿੱਟੀ ਜੰਮ ਕੇ ਵਿੱਚ ਵਿੱਚ ਮੁੜ੍ਹਕੇ ਨੇ ਡੂੰਘੀਆਂ ਲਕੀਰਾਂ ਵਾਹ ਦਿੱਤੀਆਂ ਸਨ। ਦੁਫਾੜ ਕੀਤੀਆਂ ਹੋਈਆਂ ਮਿਰਚਾਂ ਨਾਲ ਤਿੰਨ ਮੋਟੀਆਂ ਰੋਟੀਆਂ ਝੰਬ ਲਈਆਂ ਤੇ ਓਕ ਨਾਲ ਪਾਣੀ ਪੀ ਕੇ ਮੁੜ ਛਪੜੀ ਵਿੱਚ ਉਤਰ ਗਿਆ। ਉਸਨੇ ਥਾਪੜ ਥਾਪੜ ਕੇ ਬੱਠਲ ਭਰਿਆ ਤੇ ਝੋਸੇ ਜਿਹੇ ਨਾਲ ਪਹਿਲਵਾਨ ਦੀ ਤਰ੍ਹਾਂ ਬਾਲਾ ਕੱਢ ਕੇ ਸਿਰ 'ਤੇ ਰੱਖ ਲਿਆ। ਮਿੱਟੀ ਕਿਰਦੀ ਕਿਰਦੀ ਪਹਿਲਾਂ ਉਸਦੀ ਛਾਤੀ 'ਤੇ ਪਈ- ਫਿਰ ਦਾੜ੍ਹੀ, ਅੱਖਾਂ ਅਤੇ ਮੱਥੇ ਨੂੰ ਭਰ ਗਈ। ਛਪੜੀ 'ਚੋਂ ਬਾਹਰ ਨਿਕਲਦਾ ਉਹ 'ਬਠਲੂ ਸੁੰਦਰ' ਨਹੀਂ ਸੀ ਲਗਦਾ ਸਗੋਂ ਪ੍ਰੇਤ ਲਗਦਾ ਸੀ।
ਕੱਲ੍ਹ ਤੋਂ ਦੋ ਦਿਨ ਉਹ ਇਵੇਂ ਖਪਦਾ ਰਿਹਾ। ਕਦੀ ਮਿੱਟੀ ਪੁੱਟਣ ਲੱਗ ਪੈਂਦਾ, ਕਦੀ ਪੁੱਟੀ ਹੋਈ ਮਿੱਟੀ ਨੂੰ ਚੁੱਕ ਚੁੱਕ ਕੇ ਟੋਏ ਵਿੱਚ ਸੁੱਟਣ ਲੱਗ ਪੈਂਦਾ। ਲਗਦਾ ਸੀ ਛਪੜੀ ਵਿਚਲਾ ਟੋਆ, ਰਾਹ ਵਾਲੇ ਟੋਏ ਨਾਲੋਂ ਵੱਡਾ ਹੋ ਗਿਆ, ਪਰ ਰਾਹ ਵਾਲਾ ਟੋਆ, ਜਿਵੇਂ ਹਾਲੇ ਵੀ ਥੱਲੇ ਹੀ ਥੱਲੇ ਜਾ ਰਿਹਾ ਸੀ। ਮਿੱਟੀ ਪੋਲੀ ਨਿਕਲ ਆਉਣ ਕਰਕੇ ਉਸਦਾ ਕੰਮ ਸੌਖਾ ਹੋ ਗਿਆ ਸੀ। ਕਹੀ ਧਰਤੀ ਵਿੱਚ ਖਸਕ ਦੇਣੇ ਧਸ ਜਾਂਦੀ। ਉਹ ਨਾਲ ਦੀ ਨਾਲ ਬੱਠਲ ਭਰ ਕੇ ਸੁੱਟਣ ਲੱਗ ਪਿਆ। ਪਰ ਟੋਆ ਤਾਂ ਉਸ ਨਾਲ ਮਸ਼ਕਰੀ ਕਰੀ ਜਾ ਰਿਹਾ ਸੀ।
"ਕੀ ਦਿਹਾੜੀ ਕੀਤੀ ਐ ਬਠਲੂ?" ਪਿਛਲੇ ਪਹਿਰ ਦੀ ਰੋਟੀ ਲਿਜਾ ਰਹੇ ਸਰਬੂ ਨੇ ਪੁੱਛਿਆ ਸੀ।
"ਉਕੇ ਪੁਕੇ ਪੱਚੀ ਰੁਪਏ ਕੀਤੇ ਐ- ਭਮੇ ਕੈ ਦਿਨਾਂ 'ਚ ਭਰੇ। ਭਮੇ ਕੱਲ੍ਹ ਨੂੰ ਭਰਜੇ।"
"ਕੱਲ੍ਹ ਨੂੰ ਭਰ ਦੇਂਗਾ? ਦੋ ਦਿਨਾਂ 'ਚ ਤਾਂ ਨੀ ਭਰਨਾ ਇਹ।" ਸਰਬੂ ਬਿੰਦ ਕੁ ਪੈਰ ਮਲਦਾ ਰੁਕ ਗਿਆ ਸੀ।
"ਦੇਖਦਾ ਜਾਹ ਕੱਲ੍ਹ ਨੂੰ, ਦੁਪਹਿਰ ਨੂੰ ਭਰਦੂੰ। ਢੂਡ ਦਿਹਾੜੀ ਦਾ ਕੰਮ ਐ, ਮੇਰਾ ਇਹ ਤਾਂ!"
"ਕੰਜਰ ਦਿਆ ਚਮਿਆਰਾ ਮਿੱਟੀ ਦਾ ਕੰਮ ਐ। ਇਹ ਕਿਹੜਾ ਤੋਲੀ ਮਿਣੀ ਹੁੰਦੀ ਐ।"
"ਮੈਨੂੰ ਤਾਂ ਲਗਦੈ ਟੇਡਾ, ਫਸਾ ਲਿਆ ਸਰਪੰਚ ਨੇ, ਤੈਨੂੰ। ਦੋ ਤਿੰਨ ਸੌ ਕਮਾ ਲੂ, ਸਰਪੰਚ ਇਹਦੇ 'ਚੋਂ।"
"ਉਹ ਕਿਵੇਂ?" ਬਠਲੂ ਬੱਠਲ ਖਾਲੀ ਕਰਕੇ ਉਸ ਵੱਲ ਵੇਖਣ ਲੱਗ ਪਿਆ। ਉਸ ਨੇ ਢਿੱਡ ਖੁਰਕਦਿਆਂ, ਈਨੂੰ ਤੋਂ ਮਿੱਟੀ ਝਾੜੀ……। ਬੱਠਲ ਲੱਕ ਉੱਤੇ ਰੱਖ ਕੇ, ਉਪਰੋਂ ਦੀ ਬਾਹਾਂ ਵਲੀ, ਉਸ ਵੱਲ ਵੇਖਦਾ, ਉਹ ਖੜੋਤਾ ਰਿਹਾ।
"ਸੌ ਤੋਂ ਘੱਟ ਰਸੀਦ ਨੀਂ ਪਾਉਣੀ ਖਰਚ 'ਚ।"
ਬਠਲੂ ਦਾ ਦਿਲ ਧੜਕਿਆ ਪਰ ਉਹ ਸੰਭਲ ਗਿਆ।
"ਚਲ ਉਹਦਾ ਦੀਨ ਅਮਾਨ। ਆਪਾਂ ਤਾਂ ਨਗਰ ਦੀ ਸੇਵਾ ਕਰਨੀ ਐਂ।" "ਬੱਸ ਤੈਨੂੰ ਦੱਸ 'ਤਾ ਪੰਗਾ ਲੈ ਲਿਆ ਤੂੰ।"
"ਪੰਗਾ ਕਾਹਦੈ? ਪੱਚੀ ਰੁਪਏ ਕਿਤੋਂ ਬਣਦੇ ਐ? ਆਪਣਾ ਕੰਮ ਤਾਂ ਸੇਵਾ ਕਰਨੈਂ।"
"ਸੇਵਾ! ਸੇਵਾ ਤਾਂ ਮੁਖਤ ਹੁੰਦੀ ਹੈ।"
"ਉਇ ਲੈ, ਨਾ ਦੇਵੇ ਪਚੈਤ, ਤਾਂ ਕੀ ਫ਼ਰਕ ਪੈਂਦੈ?"
……ਤੇ ਉਸ ਤੋਂ ਮਗਰੋਂ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ।
"ਸੁੰਦਰ ਸਿਆਂ, ਨਗਰ ਨਾਲ ਕਾਹਦੀ ਅੜੀ ਝੜੀ? ਪਚੈਤ, ਜਿਹੜਾ ਦੇ ਦੂ, ਉਹੀ ਬਥੇਰਾ। ਨਗਰ-ਖੇੜਾ ਵਸਦਾ ਰਹੇ, ਏਦੂੰ ਵੱਡਾ ਤਾਂ ਰੱਬ ਦਾ ਨਾਂ ਐ……"
"ਬਠਲੂ ਐਂ ਲਗਦੈ ਜਿਵੇਂ ਮਰਾਸੀਆਂ ਨਾਲ ਰਿਹਾ ਹੁੰਨੈਂ…… ਬੜੀਆਂ ਅਸੀਸਾਂ ਦੇਣੀਆਂ ਆਉਂਦੀਆਂ" ਮਹੀਆਂ ਲਿਜਾ ਰਹੇ ਬੌਣੇ ਪਾਲੇ ਨੇ ਕਿਹਾ।
"ਹੋਰ ਸਰਦਾਰਾ! ਦਰਸ਼ੀਸ਼ਾਂ ਦੇਣੀਐ ਅਸੀਂ ਗਰੀਬਾਂ ਨੇ………ਨਗਰ ਦਾ ਦਿੱਤਾ ਖਾਨੇ ਆਂ।"
"ਪੱਚੀ ਰੁਪਏ ਤਾਂ ਥੋੜ੍ਹੇ ਆ ਬਈ। ਕਮ ਸੇ ਕਮ, ਚਾਰ ਦਿਨ ਤਾਂ ਲੱਗਣਗੇ ਤੇਰੇ। ਇਹ ਹਿਸਾਬ ਤਾਂ ਸਵਾ ਛੀ ਪਈ, ਦਿਹਾੜੀ।"
"ਮੇਰਾ ਤਾਂ ਇਹ ਖੱਬੇ ਹੱਥ ਦਾ ਕੰਮ ਐ, ਪਾਲਾ ਸਿਆਂ। ਕੱਲ੍ਹ ਨੂੰ ਵੇਖੀਂ ਰੰਗ।" ਬਠਲੂ ਨੇ ਹੁੱਬ ਕੇ ਕਿਹਾ। ਬੋਲਣ ਵਾਲੇ ਦੇ ਸ਼ਬਦਾਂ 'ਤੇ ਉਸਨੂੰ ਭਰੋਸਾ ਹੀ ਨਹੀਂ ਸੀ ਹੋ ਰਿਹਾ।
"ਸਾਰੀ ਉਮਰ ਬਠਲੂ ਈ ਰਿਹਾ। ਤੈਨੂੰ ਕੀਹਨੇ ਆਖਤਾ, ਬੀ ਦੋ ਦਿਨਾਂ 'ਚ ਭਰ ਦੇਂਗਾ। ਗਧੀਆਂ ਆਲੇ ਸੌ ਮੰਗਦੇ ਸੀ।" ਬਠਲੂ ਨੂੰ ਇੱਕ ਦਮ ਝਟਕਾ ਜਿਹਾ ਵੱਜਾ। ਉਸਨੂੰ ਕੱਲ ਹੀ ਪੰਚਾਇਤੀਆਂ ਨਾਲ ਹੋਈ ਗੱਲ ਬਾਤ ਦਾ ਚੇਤਾ ਆਇਆ। ਇੱਕ ਮੈਂਬਰ ਨੇ ਵੀ ਉਸਨੂੰ ਕਿਹਾ ਸੀ- "ਸਾਰੀ ਉਮਰ ਬਠਲੂ ਈ ਰਿਹਾ" – ਤੇ ਮਗਰੋਂ ਉਹ ਉੱਚੀ ਉੱਚੀ ਹੱਸਦੇ ਸਨ। ਉਹ ਤਾਂ ਕਹਿੰਦਾ ਸੀ "ਗਧੀਆਂ ਵਾਲੇ ਪੰਦਰਾਂ ਰੁਪਈਆਂ 'ਚ ਭਰ ਦੇਣਗੇ।"
"ਬਾਖਰੂ! ਬਾਖਰੂ! ਸੌ ਰੁਪਈਆ ਇਹ ਤਾਂ ਜਮਾ ਈ ਹਲਕਣ 'ਤੇ ਲੱਕ ਬੰਨ੍ਹਿਐ।"
"ਕੰਮ ਈ ਏਨੇ ਦੈ- ਹੋਰ ਕਿਸੇ ਨੇ ਇੱਧਰ ਮੂੰਹ ਨੀਂ ਕੀਤਾ, ਤੂੰ ਫਸ ਗਿਆ।"
"ਉਹ ਜਾਣੇ! ਬੰਦੇ ਦੀ ਜੁਬਾਨ ਵੀ ਹੁੰਦੀ ਐ ਕੁਛ।"
ਉਹ 'ਚੰਗਾ ਬਾਈ' ਆਖ ਕੇ ਤੁਰ ਗਿਆ। ਬਠਲੂ ਪਾਣੀ ਪੀ ਕੇ ਮੁੜ ਕੰਮ ਤੇ ਲੱਗ ਗਿਆ। ਉਹ ਕੰਮ ਵਿੱਚ ਏਨਾ ਮਸਤ ਸੀ ਕਿ ਉਸਨੂੰ ਪਤਾ ਵੀ ਨਾ ਲੱਗਾ ਕਿ ਸਰਪੰਚ ਉਸਦੇ ਕੋਲ ਕਦੋਂ ਆ ਗਿਆ।
"ਵਾਹ ਓਇ ਬਹਾਦਰਾ ਤੇਰੇ ਕਰ 'ਤੀਆਂ ਕਮਾਲਾਂ।"
ਸਰਪੰਚ ਨੇ ਆਉਂਦਿਆਂ ਹੀ ਹੱਲਾਸ਼ੇਰੀ ਦਿੱਤੀ।
"ਸਰਪੰਚਾ ਸਾਲਾ ਐਂ ਲਗਦੈ ਬਈ ਟੋਆ ਤਾਂ ਥੱਲੇ ਈ ਥੱਲੇ ਜਈ ਜਾਂਦੈ। ਉੱਪਰ ਨੂੰ ਤਾਂ ਕੀ ਆਉਣਾ ਸੀ- ਇਹ ਤਾਂ……।" ਬਠਲੂ ਅੰਦਰ ਜਿਵੇਂ ਰੋ ਰਿਹਾ ਹੋਵੇ।
"ਨਹੀਂ! ਨਹੀਂ! ! ਦੇਖ ਤਾਂ ਸਹੀ ਕਿੰਨਾ ਭਰ ਗਿਆ। ਕਿੱਥੋਂ ਤਾਈਂ ਆ ਗਿਆ। ਮਿੱਟੀ ਦੇ ਕੰਮ ਦਾ ਪਤਾ ਨੀਂ ਲਗਦਾ ਹੁੰਦਾ", ਤੇ ਸਰਪੰਚ ਕਾਗਜ਼ ਵਿੱਚ ਵਲੇਟਿਆ ਪਾਈਆ ਗੁੜ ਉਸਦੇ ਹੱਥਾਂ ਤੇ ਸੁੱਟ ਤੁਰ ਗਿਆ। ਬਠਲੂ ਕਿੰਨਾਂ ਚਿਰ ਅਸੀਸਾਂ ਦੇਈ ਗਿਆ। ਗੁੜ ਖਾ ਕੇ, ਉਸ ਨੇ ਉਂਗਲਾਂ ਨਾਲ ਚਿੰਬੜੇ ਗੁੜ ਦੇ ਭੋਰੇ ਵੀ, ਜੀਭ ਨਾਲ ਚੱਟ ਲਏ ਤੇ ਉਪਰ ਅਸਮਾਨ ਵੱਲ ਦੇਖਣ ਲੱਗਾ।
ਪਤਾ ਨਹੀਂ ਅੰਤਰ ਆਤਮਾ ਨਾਲ, ਸਰਪੰਚ ਦੀ ਖ਼ੈਰ ਮੰਗਦਾ ਸੀ। ਉਸਨੇ ਦੋਵੇਂ ਹੱਥ ਜੋੜੇ, ਅੱਖਾਂ ਬੰਦ ਕੀਤੀਆਂ ਤੇ ਉਸਦੇ ਕੰਨਾਂ ਵਿੱਚ ਸਰਪੰਚ ਦੇ ਸ਼ਬਦ ਗੂੰਜੇ, "ਬੰਦਾ ਕੌਣ ਐ ਕੁੱਝ ਕਰਨ ਆਲਾ? ਓਸ ਲੀਲੀ ਛਤਰੀ ਆਲੇ ਦੀ ਮਿਹਰ ਚਾਹੀਦੀ ਹੈ।" ਬਠਲੂ ਦਾ ਅੰਦਰਲਾ ਰੱਬ ਦੀ ਰਜ਼ਾ ਵਿੱਚ ਰੰਗਿਆ ਗਿਆ ਸੀ।
"ਸੱਤ ਐ ਮਹਾਰਾਜ!" ਬਠਲੂ ਨੇ ਉੱਚੀ ਸਾਰੀ ਕਿਹਾ, ਜਿਵੇਂ ਹੁਣ ਵੀ ਸਰਪੰਚ ਉਸਦੇ ਕੋਲ ਖੜਾ ਹੋਵੇ। 'ਬਾਖਰੂ' ਕਹਿ ਕੇ ਉਹ ਫੇਰ ਟੋਏ ਵਿੱਚ ਉੱਤਰ ਗਿਆ।
ਦੂਜੇ ਦਿਨ ਵੀ ਉਹ ਖਪਦਾ ਰਿਹਾ, ਮੁੜ੍ਹਕੋ ਮੁੜ੍ਹਕੀ ਰੌਖਲਿਆ ਹੋਇਆ, ਹਾਲੋਂ ਬੇਹਾਲ। ਛਪੜੀ ਵਾਲੇ ਪੈਰੋ-ਪੈਰ ਡੂੰਘੇ ਹੋ ਰਹੇ ਟੋਏ ਵਿੱਚੋਂ ਨਿਕਲਣ ਲਈ, ਉਸ ਨੇ ਪੌਡੇ (ਪੈਰ ਧਰਨ ਦੀ ਥਾਂ) ਬਣਾ ਲਏ ਸਨ। ਬੜੀ ਫੁਰਤੀ ਨਾਲ ਟੋਏ ਵਿੱਚ ਉੱਤਰਦਾ, ਥਾਪੜ ਥਾਪੜ ਕੇ ਬੱਠਲ ਭਰਦਾ ਤੇ ਕਾਹਲੇ ਪੈਰੀਂ ਪੌਡੇ ਚੜ੍ਹਦਾ ਤੇ ਰਾਹ ਵਾਲੇ ਟੋਏ ਵਿੱਚ ਮਿੱਟੀ ਸੁੱਟ ਕੇ, ਭੰਬੀਰੀ ਵਾਂਗ ਮੁੜਦਾ। ਜਾਂਘੀਏ ਤੋਂ ਥੱਲੇ, ਉਸ ਦੇ ਲੋਹ-ਪੱਟਾਂ ਵਿੱਚ ਕੁੱਕੜੀਆਂ ਪੈਂਦੀਆਂ ਲਗਦੀਆਂ- ਬੇਸ਼ੱਕ ਇਹ ਉਸਦੀ ਮਜ਼ਬੂਤੀ ਕਰ ਕੇ ਇੰਨੀਆਂ ਨਹੀਂ ਸਨ, ਜਿੰਨੀਆਂ ਸਿਰ ਉਤਲੇ ਭਾਰ ਕਰ ਕੇ ਸਨ। ਗੱਲ ਹੁਣ ਸਾਰੇ ਪਿੰਡ ਵਿੱਚ ਫੈਲ ਗਈ ਸੀ। ਕੋਈ ਇਸਨੂੰ ਬਠਲੂ ਦੀ ਬਦਅਕਲੀ ਆਖਦਾ ਤੇ ਕੋਈ ਪੰਚਾਇਤ ਦਾ ਧੱਕਾ ਜਾਂ ਹੇਰਾ ਫੇਰੀ। ਕੁੱਝ ਵੀ ਹੋਵੇ, ਬਠਲੂ ਪੂਰੀ ਸਿਦਕ ਦਿਲੀ ਅਤੇ ਸਬਰ ਸੰਜਮ ਨਾਲ ਕੰਮ ਨੂੰ ਜੁੱਟਿਆ ਹੋਇਆ ਸੀ।
"ਅੱਜ ਮੈਂ ਚੱਲਾਂ? ਬੱਲੀਆਂ ਨੂੰ ਨਹੀਂ ਜਾਂਦੀ- ਜਾਂ ਭੋਲੇ ਨੂੰ ਰੱਖ ਲੈ- ਮਦਦ ਕਰਾ ਦੂ।" ਹਰੋ ਨੇ ਅੰਤਾਂ ਦਾ ਓੜਕ ਕੀਤਾ ਸੀ ਪਰ ਉਸ ਨੇ ਇਸ ਗੱਲ ਨੂੰ ਗੌਲਿਆ ਨਹੀਂ ਸੀ। "ਮੈਂ ਕੱਲਾ ਈ ਬਥੇਰਾਂ- ਸਾਰੇ ਟੱਬਰ ਨੇ ਕੀ ਕਰਨੈ ਓਥੇ।" ਬਠਲੂ ਨੇ ਪੂਰੇ ਹੌਸਲੇ ਨਾਲ ਕਿਹਾ- "ਮੈਂ ਬਾਹਲੇ ਤੋਂ ਬਾਹਲਾ ਕੱਲ੍ਹ ਦੁਪਹਿਰ ਤੱਕ ਭਰਦੂੰ ਇਹ –ਪਰਵਾਹ ਨਾ ਕਰ।" ਕਹਿਣ ਨੂੰ ਤਾਂ ਉਸਨੂੰ ਹਰੋ ਦੀ ਗੱਲ ਠੀਕ ਲੱਗਣ ਲੱਗ ਪਈ ਸੀ।
"ਮੈਨੂੰ ਤਾਂ ਲਗਦੈ, ਐਮੇ ਗਿੱਲਾ ਪੀਹਣ ਪਾ ਲਿਐ ਪਚੈਤ ਮਗਰ ਲੱਗ ਕੇ। ਕੱਲ੍ਹ ਸਰਬੂ ਕਹਿੰਦਾ ਸੀ, ਸਰਪੰਚ ਨੇ ਸੌ ਤੋਂ ਘੱਟ ਰਸੀਤ ਨੀ ਪਾਉਣੀ, ਖਰਚੇ 'ਚ। ਹੱਡ ਤੂੰ ਤੁੜਾਈ ਜਾਨੈ। ਫੇਰ ਐਂ ਐਂ ਬੀ ਨਿਬੜ ਜਾਵੇ ਅੱਜ।" ਜਿਉਂ ਜਿਉਂ ਉਸਨੂੰ ਗੱਲਾਂ ਯਾਦ ਆਈ ਜਾਂਦੀਆਂ, ਉਸਦਾ ਦਿਲ ਬੈਠਦਾ ਜਾਂਦਾ ਸੀ। ਹਰੋ, ਮੈਲੀ ਜਿਹੀ ਚਾਦਰ ਵਿੱਚ ਕਣਕ ਝਾਰਨ ਵਾਲਾ ਝਾਰਨਾ ਚੁੱਕ ਕੇ, ਟਾਟਾਂ ਬੱਲੀਆਂ ਚੁਗਣ ਤੁਰ ਗਈ ਸੀ। ਸਭ ਕੁੱਝ ਬਠਲੂ ਦੀਆਂ ਅੱਖਾਂ ਅੱਗੇ ਘੁੰਮ ਗਿਆ…………।
ਦੁਪਹਿਰ ਢਲਣ ਲੱਗੀ ਸੀ। ਉਸਨੂੰ ਲਗਦਾ ਸੀ, ਦਿਨ ਪਹਾੜ ਜੇਡਾ ਹੋ ਗਿਆ ਤੇ ਟੋਆ ਕਿਸੇ ਮਹਾਤਮਾ ਦਾ 'ਲੋਟਾ'। ਉਹ ਵਾਰ ਵਾਰ ਅੱਖਾਂ ਉੱਤੇ ਹੱਥ ਦੀ ਛਤਰੀ ਬਣਾ ਕੇ ਸੂਰਜ ਵੱਲ ਵੇਖਦਾ। ਢਲੀ ਹੋਈ ਦੁਪਹਿਰ ਉਸ ਦੀ ਆਪਣੀ ਉਮਰ ਵਰਗੀ ਸੀ। ਅਸਮਾਨ ਉੱਤੇ ਟਾਵਾਂ ਟਾਵਾਂ ਬੱਦਲ ਘੁੰਮ ਰਿਹਾ ਸੀ, ਉਸਦੇ ਫਿਕਰਾਂ ਭਰੇ ਸਾਹਾਂ ਦੀ ਹਵਾੜ ਵਰਗਾ। ਕਦੀ ਕਦਾਈਂ ਹੀ, ਹਵਾ ਦਾ ਠੰਢਾ ਬੁੱਲਾ ਆਉਂਦਾ ਜੋ ਮੁੜ੍ਹਕੇ ਨਾਲ ਤਰ, ਉਸਦੇ ਪਿੰਡੇ ਨੂੰ ਪਲੋਸ ਜਾਂਦਾ- ਨਹੀਂ ਤਾਂ ਮੌਸਮ ਉਸਦੇ ਅੰਦਰੋਂ ਚਲਦੇ ਸਾਹਾਂ ਦੀ ਤਪਸ਼ ਜਿਹਾ ਸੀ।
ਕੱਲ੍ਹ ਉਸਦੇ ਦਿਮਾਗ਼ ਵਿੱਚ ਪੱਚੀ ਰੁਪਇਆਂ ਦੀ ਤਸਵੀਰ ਸੀ। ਕਿੰਨੇ ਈ ਟੋਏ ਮੁੰਦਣ ਦੀ ਸਕੀਮ। ਪੱਚੀ ਰੁਪਏ ਦੇ ਨੋਟਾਂ ਦੇ ਆਕਾਰ ਸੁੰਗੜ ਕੇ, ਅੱਜ ਅੱਕ ਦੀਆਂ ਕੁਕੜੀਆਂ 'ਚੋਂ ਉਡਦੇ ਫੰਬੇ ਬਣ ਗਏ ਸਨ। ਹੁਣ ਤਾਂ ਉਸ ਦੇ ਦਿਮਾਗ ਵਿੱਚ ਕੰਮ ਦੇ ਖ਼ਤਮ ਹੋਣ ਦਾ ਵਕਤ ਸੀ। ਅੱਖਾਂ ਅੱਗੇ, ਨਾ ਅੱਟਿਆ ਜਾਣ ਵਾਲਾ ਲੋਟਾ ਸੀ।
ਉਹ ਪਾਣੀ ਪੀਣ ਲਈ ਮੱਘੀ ਕੋਲ ਬੈਠ ਗਿਆ। ਪਾਣੀ ਪੀ ਕੇ ਉਸਦਾ, ਉਠਣ ਨੂੰ ਜੀਅ ਨਹੀਂ ਸੀ ਕਰਦਾ। ਮਨ ਮਾਰ ਕੇ ਉਹ ਉਠਿਆ ਤੇ ਮੁੜ ਟੋਏ ਵਿੱਚ ਉੱਤਰ ਗਿਆ। ਹਾਲੇ ਵੀ ਉਸਦਾ ਦਮ ਲੈਣ ਨੂੰ ਜੀਅ ਕਰਦਾ ਸੀ। ਹੋਰ ਬੱਠਲ ਭਰਨ ਦੀ ਉਸਨੂੰ ਹਿੰਮਤ ਨਾ ਪਈ। ਬਰੇਤੇ ਦੀ ਢੇਰੀ 'ਤੇ ਉਹ ਖੁਭ ਕੇ ਬੈਠ ਗਿਆ- ਬਰੇਤਾ ਜਿਵੇਂ ਉਸਦੀ ਪੀੜ ਚੁਗ ਰਿਹਾ ਹੋਵੇ। ਉਹ ਆਰਾਮ ਨਾਲ ਕਹੀ ਦੇ ਬਾਂਹੇ ਉੱਤੇ ਸਿਰ ਰੱਖ ਕੇ, ਚਮਕਦੇ ਰੇਤ ਨੂੰ ਵੇਖੀ ਗਿਆ। ਉਸਦੇ ਹੱਡ ਦੁਖ ਰਹੇ ਸਨ- ਸਿਰ ਉੱਤੇ ਹੁਣ ਵੀ ਬੱਠਲ ਟਿਕਿਆ ਲਗਦਾ ਸੀ। ਗਰਦਨ ਆਕੜੀ ਹੋਈ। ਖਬਰੇ ਥਕੇਵੇਂ ਨੂੰ ਭੁਲਾਉਣ ਲਈ ਹੀ ਉਸਨੇ ਪੈਰਾਂ ਉੱਤੇ ਰੇਤਾ ਪਾਉਣਾ ਸ਼ੁਰੂ ਕੀਤਾ। ਉਸਨੂੰ ਬਚਪਨ ਦੀ 'ਰਾਜੇ ਦੀ ਘੋੜੀ ਸੂਣ ਵਾਲੀ' ਖੇਡ ਬਠਲੂ ਦੇ ਯਾਦ ਆਈ। ਨਾ ਰਾਜੇ ਦੀ ਘੋੜੀ ਅੱਖਾਂ ਮੀਟ ਕੇ ਸੂਈ ਤੇ ਨਾ ਅੱਖਾਂ ਖੁਲ੍ਹੀਆਂ ਰੱਖ ਕੇ। ਉਹ ਤਾਂ ਇੱਕ ਖੇਡ ਸੀ ਤੇ ਬਠਲੂ ਜੀਵਨ ਨੂੰ ਹੀ ਇੱਕ ਖੇਡ ਸਮਝਦਾ ਰਿਹਾ ਸੀ। 'ਬਠਲੂ ਹੀ ਰਿਹਾ' – ਪੰਚ ਦੇ ਬੋਲ ਉਸਨੂੰ ਫਿਰ ਚੇਤੇ ਆਏ।
ਉਸਨੂੰ ਲੱਗਿਆ ਕਿ ਮਿੱਟੀ ਨੇ ਉਸਦੇ ਪੈਰ ਫੜ ਲਏ ਹਨ। ਅਚੇਤ ਹਾਲਤ ਵਿੱਚ ਹੀ ਉਸਨੇ ਮਿੱਟੀ ਤੋਂ ਪੈਰ ਛੁਡਾਉਣ ਦਾ ਯਤਨ ਕੀਤਾ, ਪਰ ਮਿੱਟੀ, ਉਸਦੇ ਪੈਰਾਂ ਨੂੰ ਛੱਡ ਹੀ ਨਹੀਂ ਸੀ ਰਹੀ। ਇਸੇ ਅਵਸਥਾ ਵਿੱਚ ਉਹ ਜ਼ੋਰ ਲਾਈ ਗਿਆ।
"ਬੱਸ ਸੁੰਦਰਾ ਤੂੰ ਸੱਚੀਂ ਬਠਲੂ ਰਿਹਾ। ਹੁਣ ਦੱਸ ਕੀ ਕਰੇਂਗਾ? ਇਹ ਮਿੱਟੀ ਨੀ ਹੁਣ ਤੈਨੂੰ ਛੱਡਣ ਲੱਗੀ।" ਉਸਨੇ ਵਿਸ਼ਵਾਸ ਨਾਲ ਆਪਣੇ ਆਪ ਨੂੰ ਕਿਹਾ। ਰਾਹ ਜਾਂਦੇ ਪਸ਼ੂਆਂ 'ਚੋਂ ਗਾਂ ਦੇ ਰੰਭਣ ਦੀ ਆਵਾਜ਼ ਸੁਣ ਕੇ, ਉਸਦੀ ਸੁਰਤ ਪਰਤੀ ਤੇ ਉਹ ਕਹੀ ਨੂੰ ਪੀਨ ਵਾਲੇ ਪਾਸਿਓਂ ਚੁੱਕ ਕੇ ਖੜ੍ਹਾ ਹੋ ਗਿਆ। ਉਸਦੇ ਪੈਰਾਂ ਉਤਲਾ ਰੇਤਾ, ਬਿਰਨ ਬਿਰਨ ਕਿਰ ਗਿਆ। ਨਾਲ ਹੀ ਉਸਨੂੰ ਜਾਪਿਆ ਜਿਵੇਂ ਉਸਦਾ ਆਪਾ ਹੀ ਵਿਖਰ ਗਿਆ ਹੋਵੇ। ਜਿਵੇਂ ਕਹੀ ਦੇ ਨਾਲ ਉੇਹ ਆਪ ਵੀ ਪੁੱਠਾ ਹੋ ਗਿਆ ਹੋਵੇ।
"ਬਾਖਰੂ! ਸੱਚਿਆ ਪਾਅਸ਼ਾ ਕਰਦੇ ਫ਼ਤੇ ਮੋਰਚਾ।" ਉਸਨੇ ਕਹੀ ਨੂੰ ਉੱਪਰ ਉਲਾਰਿਆ ਤੇ ਸਾਰੇ ਜ਼ੋਰ ਦੀ ਕਹੀ ਬਰੇਤੇ ਵਿੱਚ ਧਸਾ ਦਿੱਤੀ। ਇਸਦਾ, ਉਸਨੂੰ ਮਗਰੋਂ ਪਤਾ ਲੱਗਾ ਕਿ ਬਰੇਤੇ ਉੱਤੇ ਏਨਾ ਜ਼ੋਰ ਲਾਉਣ ਦੀ ਲੋੜ ਨਹੀਂ ਸੀ। ਬੱਠਲ ਭਰ ਕੇ ਚੁੱਕਿਆ ਤੇ ਪੌਂਡਿਆਂ 'ਚ ਪੈਰ ਅੜਾਉਂਦਾ, ਉਹ ਬਾਹਰ ਆਇਆ। ਗੋਡਿਆਂ 'ਤੇ ਭਾਰ ਦੇ ਕੇ ਉਹ ਲੱਤਾਂ ਨੂੰ ਲੱਦਾ ਲਈ ਆਉਂਦੇ ਊਠ ਵਾਂਗ ਅਕੜਾ ਕੇ ਚੁੱਕਦਾ ਸੀ। ਨਵੀਂ ਡਿੱਗੀ ਮਿੱਟੀ ਦਾ ਚਿੰਨ੍ਹ ਟੋਏ ਵਿੱਚੋਂ ਲੱਭਣਾ ਮੁਸ਼ਕਲ ਦਿੱਸ ਰਿਹਾ ਸੀ। ਉਹ ਖੜ੍ਹਾ ਵੇਖਦਾ ਰਿਹਾ। ਗਰਦ ਟੋਏ 'ਚੋਂ ਬਾਹਰ ਆ ਕੇ ਉਸਦੀ ਘਸਮੈਲੀ, ਖਿਲਰੀ-ਪੁਲਰੀ ਦਾਹੜੀ ਵਿੱਚ ਉਲਝ ਕੇ ਦਮ ਤੋੜ ਰਹੀ ਸੀ। ਇਸੇ ਤਰ੍ਹਾਂ ਦੀ ਇੱਕ ਗਰਦ, ਉਸਦੇ ਅੰਦਰੋਂ ਉਠਦੀ ਲਗਦੀ ਸੀ, ਪਰ ਇਸਦਾ ਦਮ ਨਹੀਂ ਸੀ ਟੁੱਟਦਾ, ਸਗੋਂ ਇਹ ਬਠਲੂ ਦਾ ਦਮ ਘੁੱਟ ਰਹੀ ਸੀ।
ਅੱਧ-ਪੂਰਿਆ ਟੋਆ, ਹਰ ਬੱਠਲ ਸੁੱਟਣ ਤੋਂ ਬਾਅਦ, ਉਸਨੂੰ ਡੂੰਘਾ ਹੋਈ ਜਾਂਦਾ ਲੱਗਿਆ।
"ਇਹ ਨੀ ਭਰਿਆ ਜਾਂਦਾ ਅੱਜ ਸੁੰਦਰਾ" - ਉਸਨੇ ਘੰਟਾ ਕੁ ਦਿਨ ਖੜੇ ਨਾਲ, ਆਪ ਹੀ ਢੇਰੀ ਢਾਹ ਦਿੱਤੀ। ਕੰਮ ਛੱਡ ਕੇ, ਉਹ ਬੈਠ ਗਿਆ। ਉਸਦਾ ਜੀਅ ਕਾਹਲਾ ਪੈਣ ਲੱਗ ਪਿਆ ਕਿ ਉਹ ਟਿੰਡ ਫੌੜ੍ਹੀ ਚੁੱਕ ਕੇ, ਘਰ ਨੂੰ ਤੁਰ ਜਾਵੇ ਤੇ ਪੰਚਾਇਤ ਨੂੰ ਆਖ ਦੇਵੇ, ਉਸ ਤੋਂ ਨਹੀਂ ਭਰਿਆ ਜਾਂਦਾ। ਆਪੇ ਭਰਵਾ ਲੈਣ ਜੀਹਤੋਂ ਮਰਜ਼ੀ।
ਪਲ ਹੀ ਪਲ ਉਸਨੇ ਆਪਣੇ ਆਪ ਨੂੰ ਪੰਚਾਇਤ ਘਰ ਵਿੱਚ ਖੜੋਤਾ ਮਹਿਸੂਸ ਕੀਤਾ।
"ਸੁੰਦਰਾ ਅੱਜ ਤਾਈਂ ਤੈਂ ਕਦੇ ਢੇਰੀ ਨੀ ਢਾਹੀ, ਔਖੇ ਤੋਂ ਔਖੇ ਕੰਮ ਮੂਹਰੇ। ਅੱਜ ਤੈਨੂੰ ਕੀ ਹੋ ਗਿਆ? ਭੈਣ ਦੀ ਮਰਾਵੇ, ਕੱਲ੍ਹ ਨੂੰ ਭਰਜੂ, ਅੱਜ ਨਾ ਸਹੀ, ਨਾਂ ਨੂੰ ਲੀਕ ਕਿਉਂ ਲਵਾਉਣ ਲੱਗਿਐਂ?" ਉਸ ਨੇ ਆਪਣੇ ਆਪ ਨੂੰ ਦਿਲਬਰੀ ਦਿੱਤੀ- "ਬੰਦੇ ਦੀ ਜ਼ਬਾਨ ਵੀ ਹੁੰਦੀ ਐ ਕੁਛ! ਫੇਰ ਅਤਬਾਰ ਨੀ ਰਹਿੰਦਾ ਬੰਦੇ ਦਾ!" ਆਪਣੇ ਹੀ ਅਬੋਲ ਸ਼ਬਦਾਂ ਨੇ ਉਸਨੂੰ ਟੁੰਬਿਆ। ਉਹ ਝਈ ਲੈ ਕੇ ਉੱਠਿਆ।
"ਖਾਜਾ ਬਲੀ- ਕਰ ਦੇ ਭਲੀ।" ਟੋਏ ਵਿੱਚ ਉਤਸ਼ਾਹ ਨਾਲ ਉੱਤਰਦਿਆਂ ਉਸਨੇ ਟੋਏ ਨੂੰ ਹੀ ਨਮਸਕਾਰ ਕੀਤੀ। ਪੂਰੇ, ਜਿਗਰੇ ਨਾਲ ਉਸਨੇ ਥਾਪੜ ਕੇ ਬੱਠਲ ਭਰਿਆ ਤੇ ਹੁੱਪ ਕਹਿ ਕੇ ਪਹਿਲਵਾਨ ਦੀ ਤਰ੍ਹਾਂ ਬਾਲਾ ਕੱਢਿਆ ਤੇ ਸਿਰ 'ਤੇ ਰੱਖ ਕੇ, ਪੌਂਡੇ ਚੜ੍ਹਦਾ ਬਾਹਰ ਆ ਗਿਆ। ਪੌਂਡੇ ਚੜ੍ਹਦਿਆਂ ਉਸਨੂੰ ਖੱਬੀ ਵੱਖੀ ਵਿੱਚ ਮੱਠਾ ਜਿਹਾ ਦਰਦ ਅਨੁਭਵ ਹੋਇਆ। ਬੁੱਲ੍ਹਾਂ ਨੂੰ ਦੰਦਾਂ ਵਿੱਚ ਘੁੱਟ ਕੇ ਉਹ ਬਾਹਰ ਆ ਗਿਆ। ਉਸਦੇ ਪੁੜੇ ਪਿੱਛੇ ਵੱਲ ਨਿਕਲੇ ਹੋਏ ਤੇ ਛਾਤੀ ਹੋਰ ਅਗਾਂਹ ਵੱਲ ਨੂੰ ਉੱਭਰੀ ਹੋਈ ਸੀ। ਉਸਦੇ ਸਿਰੜੀ ਸੁਭਾਅ ਵਾਲੇ ਜੁੱਸੇ ਦਾ ਪ੍ਰਭਾਵ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ ਲਗਦਾ। ਰਾਹ ਵਾਲੇ ਟੋਏ ਤੀਕ ਅੱਪੜਦਿਆਂ ਖੱਬੀ ਵੱਖੀ ਵਿੱਚ ਹੀ ਇੱਕ ਚੀਸ ਹੋਰ ਉੱਠੀ। ਉਸਨੇ ਜੀਭ ਦੰਦਾਂ ਵਿੱਚ ਨਪੀੜ ਲਈ ਤੇ ਬੱਠਲ ਟੋਏ 'ਚ ਢੇਰੀ ਕਰ ਦਿੱਤਾ- ਪਰ ਬੱਠਲ ਹੱਥੋਂ ਨਿਕਲ ਗਿਆ ਤੇ ਟੋਏ ਵਿੱਚ ਜਾ ਪਿਆ।
ਉਹ ਟੋਏ ਵਿੱਚ ਉਤਰਿਆ। ਦਰਦ ਵਧਦਾ ਜਾਂਦਾ ਸੀ। ਮਗਜ਼ ਨੂੰ ਚੜ੍ਹਦੀ ਗਰਦ ਨੂੰ ਉਹਨੇ ਨਾ ਗੌਲਿਆ। ਬੱਠਲ ਚੁੱਕ ਕੇ ਸਿੱਧਾ ਹੋ ਗਿਆ। ਟੋਆ ਮੋਟੇ ਪੱਟ ਤਾਈਂ ਡੂੰਘਾ ਰਹਿ ਗਿਆ ਸੀ। ਸਾਫ਼ ਸੀ ਕਿ ਅੱਜ ਕੰਮ ਨਹੀਂ ਸੀ ਮੁੱਕਣਾ।
"ਚਲੋ ਕੱਲ੍ਹ ਨੂੰ ਨਬੇੜ ਲਊਂ," ਉਹਨੇ ਸੋਚਿਆ। ਬਾਹਰ ਨਿਕਲਦਿਆਂ, ਇੱਕ ਹੋਰ ਜ਼ੋਰ ਦੀ ਕਸਕ ਉੱਠੀ ਤੇ ਉਹ ਕੱਠਾ ਜਿਹਾ ਹੋ ਗਿਆ। ਉਸ ਨੇ ਮੱਘੀ ਕੋਲ ਖੜੋਤਿਆਂ, ਬੱਠਲ ਸੁੱਟ ਦਿੱਤਾ। ਕਿੰਨਾ ਚਿਰ ਬੱਠਲ, ਟੰਨ ਟੰਨ ਕਰਦਾ ਰਿਹਾ, ਆਪਣੇ ਹਮਨਾਮ ਤੇ ਹਮੇਸ਼ਾਂ ਦੇ ਸਾਥੀ ਦੀ ਹਾਲਤ ਦੀ ਖਿੱਲੀ ਉਡਾਉਂਦਿਆਂ ਵਾਂਗ।
ਪਾਣੀ ਪੀ ਕੇ ਉਹ ਫਿਰ ਉਠਿਆ ਤੇ ਬੱਠਲ ਚੁੱਕ ਕੇ ਟੋਏ 'ਚ ਚਲਾ ਗਿਆ। ਕਹੀ ਚੁੱਕੀ ਤਾਂ ਪਹਿਲੇ ਟੱਕ ਹੀ, ਫੇਰ ਜ਼ੋਰ ਦੀ ਚੀਕਾਂ ਕਢਾਉਂਦੀ ਚੀਸ ਉੱਠੀ। "ਹਾਏ" ਉਸਦੇ ਮੂੰਹੋਂ ਜ਼ੋਰ ਦੀ ਨਿਕਲਿਆ ਤੇ ਮੁੜ ਦਰਦ ਵਧਦਾ ਗਿਆ। ਹੱਥ ਵਿੱਚ ਕਹੀ ਦਾ ਬਾਹਾਂ ਫੜੀ ਉਹ ਟੋਏ ਵਿੱਚ ਡਿੱਗ ਪਿਆ।
ਪੀੜ ਨੂੰ ਪੀਣ ਵਰਗਾ ਪ੍ਰਭਾਵ, ਹਾਲੇ ਵੀ ਉਸਦੇ ਮੱਥੇ ਤੇ ਉੱਭਰਿਆ ਹੋਇਆ ਸੀ। ਕਹੀ ਦਾ ਬਾਹਾਂ, ਹਾਲੇ ਵੀ ਉਸਦੇ ਹੱਥ ਵਿੱਚ ਸੀ। ਲਗਦਾ ਸੀ, ਉਹ ਹੁਣੇ ਉਠ ਕੇ, ਮਿੱਟੀ ਨਾਲ ਦੋ ਹੱਥ ਕਰਨ ਨੂੰ ਤਿਆਰ ਸੀ।
ਉਸ ਦੀਆਂ ਚੀਕਾਂ ਸੁਣ ਕੇ ਲੋਕ ਕੱਠੇ ਹੋਈ ਜਾਂਦੇ ਸਨ। ਉਸਨੂੰ ਟੋਏ ਤੋਂ ਬਾਹਰ ਕੱਢ ਲਿਆ ਗਿਆ। ਖੇਸ ਉੱਤੇ ਪਾ ਕੇ ਹਰ ਕੋਈ ਮੂੰਹ ਆਈ ਆਖ ਰਿਹਾ ਸੀ।
"ਛੱਪੜ 'ਚ ਸ਼ੈ ਹੈ ਗੀ- ਅੱਗੇ ਕੈ ਹੇਲੇ ਹੋਏ ਐ।"
"ਜੁਆਕਾਂ ਦੇ ਕਰਮਾਂ ਨੂੰ ਇਹਨੂੰ ਤਾਂ ਕੁਛ ਨਾ ਹੋਵੇ ਵਿਚਾਰੇ ਨੂੰ। ਇਹ ਤਾਂ ਪਿੰਡ ਦੀ ਗਊ ਸੀ।"
"ਤਾਂ ਹੀ ਤਾਂ ਪੱਚੀਆਂ 'ਚ ਫਸਾ ਲਿਆ ਵਿਚਾਰੇ ਨੂੰ।"
"ਰੱਬ ਦੇ ਘਰ ਵੀ ਨਿਆਂ ਨੀਂ! ਹੇ ਬਾਖਰੂ ਸੁੱਖ ਵਰਤਾ।"
"ਗਰੀਬ ਮੁੱਢੋਂ ਇਹੀ ਸੋਚਦਾ ਆਇਐ!" ਕਿਸੇ ਨੇ ਕਿਹਾ, ਜਿਸਦਾ ਖ਼ਾਸ ਅਸਰ ਨਹੀਂ ਹੋਇਆ।
ਪਿੰਡ ਦਾ ਡਾਕਟਰ ਆਇਆ, ਪਸਲੀਆਂ ਅਤੇ ਮੌਰਾਂ ਹੇਠਲਾ ਨੀਲ ਵੇਖ ਕੇ ਆਖ ਗਿਆ:
"ਦਿਲ ਦੀ ਨਾੜੀ ਫਟਗੀ ਲਗਦੀ ਐ।"
ਟੀਕਾ ਲਾ ਕੇ ਉਹ ਤੁਰਦਾ ਹੋਇਆ। ਲੋਕਾਂ ਦੀ ਭੀੜ ਵਿੱਚ ਗੁੱਛਾ ਮੁੱਛਾ ਹੋਇਆ ਬਠਲੂ ਹਿੱਕ ਵਿੱਚ ਗੋਡੇ ਦੇਈ ਪਿਆ ਸੀ। ਉਸਦੀਆਂ ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ।
ਕਿਸੇ ਸ਼ੈ ਵੱਲੋਂ ਧੱਕਾ ਮਾਰਨ ਦੀ ਚਰਚਾ ਜ਼ੋਰਾਂ 'ਤੇ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਤਰਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ