Punjabi Kavita
  

Batuaa : Baldev Singh Grewal

ਬਟੂਆ : ਬਲਦੇਵ ਸਿੰਘ ਗਰੇਵਾਲ

ਇਹ ਕੀ? ਅਜਿਹਾ ਕਿਉਂ ਕਰ ਰਹੇ ਨੇ ਮਾਸੀ ਜੀ?
ਉਸ ਦਿਨ ਨਹਾ ਕੇ ਮੈਂ ਬਾਹਰ ਆਇਆ ਸੀ ਤਾਂ ਮਾਸੀ ਜੀ ਨੂੰ ਇੰਝ ਕਰਦਿਆਂ ਦੇਖ ਕੇ ਅਜੀਬ ਸੋਚਾਂ ਵਿਚ ਪੈ ਗਿਆ ਸੀ ।

ਉਹ ਇਕ ਦਿਨ ਪਹਿਲਾਂ ਹੀ ਮੇਰੇ ਕੋਲ ਇਲਾਜ ਲਈ ਆਏ ਸਨ। ਉਦੋਂ ਮੈਂ ਜਲੰਧਰ ਵਿਚ ਨੌਕਰੀ ਕਰਦਾ ਸੀ। ਆਪਣੇ ਅਹੁਦੇ ਕਾਰਣ ਸ਼ਹਿਰ ਵਿਚ ਮੇਰੀ ਵਾਕਫ਼ੀਅਤ ਦਾ ਘੇਰਾ ਬਹੁਤ ਵਿਸ਼ਾਲ ਸੀ ਤੇ ਮੇਰੇ ਕਿਹਾਂ ਕੰਮ ਹੋ ਜਾਂਦੇ ਸਨ।

ਇਸੇ ਲਈ ਮੇਰੇ ਰਿਸ਼ਤੇਦਾਰਾਂ ਜਾਂ ਵਾਕਿਫ਼ਕਾਰਾਂ ਦਾ ਜਦ ਕੋਈ ਕੰਮ ਅੜ ਜਾਂਦਾ ਸੀ ਜਾਂ ਕਿਸੇ ਨੂੰ ਇਲਾਜ ਵਗੈਰਾ ਦੀ ਲੋੜ ਹੁੰਦੀ ਸੀ, ਉਹ ਮੇਰੇ ਕੋਲ ਆ ਜਾਂਦੇ ਸਨ।

ਮਾਸੀ ਜੀ ਇਸੇ ਬਿਮਾਰੀ ਦੇ ਇਲਾਜ ਲਈ ਪਹਿਲਾਂ ਵੀ ਦੋ ਵਾਰ ਆ ਚੁੱਕੇ ਸਨ। ਤੀਸਰੀ ਵਾਰ ਆਏ ਸਨ ਤਾਂ ਮੈਂ ਦੁੱਖੀ ਜਿਹਾ ਹੋ ਗਿਆ ਸੀ। ਮੇਰਾ ਦਿਲ ਭਰ ਆਇਆ ਸੀ। ਮੈਂ ਅੰਦਰ ਜਾ ਕੇ ਫਿਸ ਹੀ ਪਿਆ ਸੀ।

ਮੇਰਾ ਆਪਣੀ ਇਸ ਮਾਸੀ ਨਾਲ ਰਿਸ਼ਤਾ ਹੀ ਅਜੀਬ ਹੈ। ਇਸ ਰਿਸ਼ਤੇ ਨੂੰ ਮਾਸੀ ਭਾਣਜੇ ਵਾਲਾ ਰਿਸ਼ਤਾ ਕਹਿ ਕੇ ਛੋਟਾ ਕਰਨ ਵਾਲੀ ਗੱਲ ਹੋਵੇਗੀ। ਮੇਰਾ ਤੇ ਉਹਨਾਂ ਦਾ ਉਮਰ ਵਿਚ ਮਸਾਂ ਅਠਾਰਾਂ ਕੁ ਸਾਲ ਦਾ ਫ਼ਰਕ ਸੀ। ਬਚਪਨ ਤੋਂ ਹੀ ਮੇਰਾ ਰਿਸ਼ਤਾ ਉਹਨਾ ਨਾਲ ਅਜਿਹਾ ਬਣ ਗਿਆ ਸੀ ਕਿ ਮੈਂ ਉਹਨਾ ਤੋਂ ਵਿਛੜ ਕੇ, ਨਾਨਕਿਆਂ ਤੋਂ ਆਪਣੇ ਪਿੰਡ ਆਉਣ ਲਈ ਕਦੇ ਰਾਜ਼ੀ ਨਹੀਂ ਸੀ ਹੁੰਦਾ। ਇਸ ਲਈ ਬਚਪਨ ਵਿਚ ਮੈਂ ਜ਼ਿਆਦਾ ਨਾਨਕੀਂ ਹੀ ਰਿਹਾ ਸੀ। ਪ੍ਰਾਇਮਰੀ ਮੈਂ ਨਾਨਕੇ ਪਿੰਡ ਹੀ ਕੀਤੀ ਸੀ। ਆਖਦੇ ਨੇ, ਜਦ ਮੈਂ ਨਾਨਕੇ ਘਰ ਪੈਦਾ ਹੋਇਆ ਸੀ ਤਾਂ ਮਾਸੀ ਜੀ ਨੇ ਧੱਕੇ ਨਾਲ ਗੁੜ੍ਹਤੀ ਮੈਨੂੰ ਆਪ ਦਿੱਤੀ ਸੀ। ਬਚਪਨ ਤੋਂ ਹੀ ਉਹ ਮੇਰੇ ’ਤੇ ਆਪਣਾ ਹੱਕ ਸਮਝਦੇ ਸਨ। ਸਾਰਾ ਸਾਰਾ ਦਿਨ ਮੈਨੂੰ ਕੁੱਛੜ ਚੁੱਕੀ ਫਿਰਿਆ ਕਰਦੇ ਸਨ। ਸਾਡਾ ਇਹ ਪਿਆਰ ਸਾਰੀ ਉਮਰ ਬਣਿਆ ਰਿਹਾ ਸੀ। ਉਹ ਮਾਣ ਨਾਲ ਕਿਹਾ ਕਰਦੇ ਸਨ- ਤੂੰ ਬੀਬੀ ਦਾ ਨਹੀਂ, ਮੇਰਾ ਪੁੱਤਰ ਏਂ।

ਨਾਨੀ ਜੀ ਦੱਸਿਆ ਕਰਦੇ ਸਨ, ਜਦ ਮੈਂ ਨਿਆਣਾ ਸੀ, ਉਦੋਂ ਮੈਂ ਵੀ ਇਹੋ ਜ਼ਿੱਦ ਕਰਿਆ ਕਰਦਾ ਸਾਂ- ਮੈਂ ਬੀਬੀ ਦਾ ਨਹੀਂ, ਮਾਸੀ ਦਾ ਪੁੱਤਰ ਹਾਂ।

ਮਾਸੀ ਜੀ ਦਾ ਸੁਭਾਅ ਹੀ ਕੁਝ ਅਜਿਹਾ ਸੀ। ਉਹ ਰੱਜ ਕੇ ਸੁਹਣੇ ਹੀ ਨਹੀਂ, ਪੁੱਜ ਕੇ ਚੰਗੇ ਵੀ ਸਨ। ਸਾਰੇ ਹੀ ਉਹਨਾਂ ਨੂੰ ਪਿਆਰ ਕਰਦੇ ਸਨ। ਵਿਆਹ ਸ਼ਾਦੀਆਂ ’ਤੇ ਮਾਸੀ ਜੀ ਨੱਚਣ ਗਾਉਣ ਦੀਆਂ ਧੂੜਾਂ ਉਭਾਰ ਦਿੰਦੇ ਸਨ। ਖ਼ੂਬਸੂਰਤੀ ਕਾਰਣ ਪੂਰੀ ਰਿਸ਼ਤੇਦਾਰੀ ਵਿਚ ਉਹਨਾ ਦਾ ਡੰਕਾ ਵਜਦਾ ਸੀ।

ਗਾਉਣ ਵਿਚ ਤਾਂ ਉਹਨਾਂ ਦਾ ਜਵਾਬ ਹੀ ਨਹੀਂ ਸੀ। ਕੋਈ ਮੌਕਾ ਹੋਵੇ, ਉਹ ਅੱਗੇ ਹੋ ਕੇ ਨੱਚਿਆ ਗਾਇਆ ਕਰਦੇ ਸਨ ਤੇ ਬਾਕੀ ਕੁੜੀਆਂ ਉਹਨਾਂ ਦਾ ਸਾਥ ਦਿਆ ਕਰਦੀਆਂ ਸਨ।

ਮੈਨੂੰ ਉਹਨਾਂ ਦਿਨਾਂ ਦੀ ਵੀ ਯਾਦ ਹੈ, ਜਦ ਉਹਨਾਂ ਦਾ ਆਪਣਾ ਵਿਆਹ ਹੋਇਆ ਸੀ। ਉਹਨਾਂ ਦਾ ਚਿਹਰਾ ਦਿਨਾਂ ਵਿਚ ਹੀ ਖਿੜ੍ਹ ਗਿਆ ਸੀ। ਉਹਨਾ ਦੀ ਇਕ ਸਹੇਲੀ ਨੇ ਆਖ ਵੀ ਦਿੱਤਾ ਸੀ- ਨੀ, ਵਿਆਹ ਦੇ ਚਾਅ ’ਚ ਫਿੱਟਦੀ ਜਾਨੀ ਏ। ਦਿਨਾਂ ’ਚ ਹੀ ਸੰਧੂਰੀ ਅੰਬ ਬਣ ਗਈ ਏਂ!

ਇਹ ਆਖ ਕੇ ਉਸ ਸਹੇਲੀ ਨੇ ਮਾਸੀ ਜੀ ਨੂੰ ਆਪਣੀਆਂ ਬਾਹਾਂ ’ਚ ਘੁੱਟ ਲਿਆ ਸੀ। ਮਾਸੀ ਜੀ ਨੇ ਉਸ ਤੋਂ ਪਰ੍ਹਾਂ ਹਟਦਿਆਂ ਹੱਸ ਕੇ ਕਿਹਾ ਸੀ- ਨੀਂ, ਪਰ੍ਹਾਂ ਹੱਟ। ਹੁਣ ਇਹ ਸਭ ਕਿਸੇ ਦੀ ਅਮਾਨਤ ਹੈ।

ਜਦ ਬਾਰਾਤ ਆਈ ਸੀ, ਮਿਲਣੀ ਤੋਂ ਬਾਅਦ, ਉਸੇ ਸਹੇਲੀ ਨੇ ਆ ਕੇ ਮਾਸੀ ਜੀ ਨੂੰ ਕਿਹਾ ਸੀ- ਨੀਂ ਲੱਗਦੈ ਕੋਈ ਪੁਨੂੰ ਸੌਦਾਗਰ ਆਇਆ ਹੈ, ਆਪਣਾ ਕਾਫ਼ਲਾ ਲੈ ਕੇ। ਨੀਂ, ਥਲਾਂ ’ਚ ਉਸ ਦੀਆਂ ਪੈੜਾਂ ਢੂੰਡਣ ਨੂੰ ਮੇਰਾ ਬੜਾ ਜੀਅ ਕਰਦੈ..!

- ਆਪਣੇ ਸੌਦਾਗਰ ਦੀਆਂ ਪੈੜਾਂ ਮੈਂ ਆਪ ਢੂੰਡ ਲਵਾਂਗੀ। ਕਿਸੇ ਹੋਰ ਨੂੰ ਕਸ਼ਟ ਕਰਨ ਦੀ ਕੋਈ ਲੋੜ ਨਹੀਂ। ...ਤੇ ਫਿਰ ਮਾਸੀ ਜੀ ਕਿੰਨੀ ਦੇਰ ਤੱਕ ਉਸ ਕੋਲੋਂ ਆਪਣੇ ਪ੍ਰਾਹੁਣੇ ਦੀਆਂ ਸਿਫ਼ਤਾਂ ਸੁਣਦੇ ਰਹੇ ਸਨ।

ਉਦੋਂ ਬਾਰਾਤਾਂ ਤਿੰਨ ਦਿਨ ਰੱਖੀਆਂ ਜਾਂਦੀਆਂ ਸਨ। ਪਿੰਡ ਦਾ ਕੋਈ ਵੀ ਵਿਆਹ ਪੂਰੇ ਪਿੰਡ ਲਈ ਜਸ਼ਨ ਹੁੰਦਾ ਸੀ। ਬਾਰਾਤ ਦੇ ਆਰਾਮ ਲਈ ਪੂਰੇ ਪਿੰਡ ਵਿਚੋਂ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ। ਬਾਰਾਤ ਕਿਸੇ ਦੀ ਖੁਲ੍ਹੀ ਹਵੇਲੀ ਵਿਚ ਉਤਾਰੀ ਜਾਂਦੀ ਸੀ। ਕਈ ਪਿੰਡਾਂ ਵਿਚ ਜੰਞ ਘਰ ਵੀ ਹੁੰਦੇ ਸੀ।

ਮਾਸੀ ਜੀ ਦੇ ਸਹੁਰੇ ਨਾਲ ਨਕਲੀਏ ਵੀ ਲੈ ਕੇ ਆਏ ਸਨ। ਦੁਪਹਿਰੇ ਨਕਲਾਂ ਵੇਲੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਕੱਠੇ ਹੋ ਜਾਂਦੇ ਸਨ। ਮੇਰੇ ਵੱਡਾ ਹੋਣ ਤੱਕ, ਇਸ ਵਿਆਹ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ। ਮੈਨੂੰ ਉਹ ਵੀ ਯਾਦ ਹੈ, ਬਾਰਾਤ ਜਦ ਡੇਰਿਉਂ ਪਹਿਲੀ ਰਾਤ ਨੂੰ ਰੋਟੀ ਖਾਣ ਆਈ ਸੀ। ਨਾਨਾ ਜੀ ਦਾ ਵਿਹੜਾ ਜਗ-ਮਗ ਕਰ ਰਿਹਾ ਸੀ। ਚਾਨਣੀਆਂ ਹੇਠ ਗੈਸ ਜਗ ਰਹੇ ਸਨ। ਉਦੋਂ ਅਜੇ ਬਿਜਲੀ ਨਹੀਂ ਸੀ ਆਈ ਪਿੰਡਾਂ ਵਿਚ। ਮੈਂ ਮਾਸੀ ਜੀ ਦੇ ਨਾਲ ਨਾਲ ਫਿਰ ਰਿਹਾ ਸੀ। ਉਹ ਸੁੱਭਰ ਲਈ ਬਨੇਰੇ ’ਤੇ ਬੈਠੀਆਂ ਕੁੜੀਆਂ ਦੇ ਪਿੱਛੇ ਜਾ ਬੈਠੇ ਸਨ। ਮੈਂ ਵੀ ਉਹਨਾਂ ਦੇ ਨਾਲ ਉਥੇ ਜਾ ਬੈਠਾ ਸੀ।

ਮਾਸੜ ਜੀ ਦਾ ਉਸ ਵੇਲੇ ਰੌਸ਼ਨੀ ਵਿਚ ਚਮਕਦਾ, ਸਿਹਰਿਆਂ ਵਾਲਾ ਚਿਹਰਾ, ਮੈਨੂੰ ਅੱਜ ਤੱਕ ਯਾਦ ਹੈ। ਇਕ ਸਹੇਲੀ ਨੇ ਮਾਸੀ ਦੇ ਚੂੰਢੀ ਵੱਢ ਕੇ ਕਿਹਾ ਸੀ- ਨੀਂ ਤੂੰ ਤਾਂ ਬਾਜੀ ਮਾਰ ਗਈ। ਤੇਰਾ ਪ੍ਰਾਹੁਣਾ ਤਾਂ ਰਾਂਝੇ ਨੂੰ ਵੀ ਮਾਤ ਪਾ ਗਿਆ। ਨੀਂ, ਕਿਤੇ ਸਾਨੂੰ ਵੀ ਚੂਰੀ ਖੁਆਣ ਦਾ ਮੌਕਾ ਦੇ ਦਈਂ।

ਕੋਲ ਬੈਠੀ ਇਕ ਬੁੱਢੀ ਨੇ ਉਸਨੂੰ ਝਿੜਕ ਦਿੱਤਾ ਸੀ- ਬਹੁਤੀ ਨਾ ਲੂਰ ਲੂਰ ਕਰਿਆ ਕਰ। ਤੈਨੂੰ ਵੀ ਕੋਈ ਟੱਕਰ ਜਾਊ।
ਮਾਸੀ ਜੀ ਕੁੜੀਆਂ ਨਾਲ ਰਲ ਕੇ ਗਾਉਣ ਲੱਗ ਪਏ ਸਨ- ਤੇਰਾ ਵਿਹੜਾ ਸਜਾਇਆ ਨੀ ਮਾਏ ਮੇਰੇ ਗੋਬਿੰਦ ਨੇ।

ਅਗਲੇ ਦਿਨ ਜਦ ਮਾਸੀ ਜੀ ਸੂਹਾ ਜੋੜਾ ਪਾਈ ਲਾਵਾਂ ਲਈ ਜਾਣ ਲੱਗੇ ਸਨ ਤਾਂ ਉਸੇ ਸਹੇਲੀ ਨੇ ਕਿਹਾ ਸੀ- ਨੀਂ ਸ਼ਰਮੋ-ਕ-ਸ਼ਰਮੀ ਹੀ ਰੋ ਲਾ। ਅੱਜ ਤੋਂ ਤੂੰ ਪਰਾਈ ਹੋ ਜਾਣਾ ਹੈ।
ਅਗੋਂ ਮਾਸੀ ਜੀ ਨੇ ਮੁਸਕਰਾ ਕੇ ਕਿਹਾ ਸੀ- ਪਰਾਈ ਨਹੀਂ, ਕਿਸੇ ਦੀ ਹੋਣ ਜਾ ਰਹੀ ਆਂ।

ਤੀਸਰੇ ਦਿਨ ਜਦ ਬਾਰਾਤ ਰੁਖ਼ਸਤ ਹੋਣ ਲੱਗੀ, ਮਾਸੀ ਜੀ ਨੂੰ ਸਾਲੂਆਂ ਨਾਲ ਸ਼ਿੰਗਾਰੀ ਹੋਈ ਬਲਦਾਂ ਵਾਲੀ ਗੱਡੀ ਵਿਚ ਬਿਠਾਇਆ ਗਿਆ। ਮੈਂ ਬਹੁਤ ਰੋਇਆ ਸੀ। ਉਹਨਾ ਦੇ ਨਾਲ ਜਾਣ ਦੀ ਜ਼ਿੱਦ ਕੀਤੀ ਸੀ। ਚੀਖਾਂ ਮਾਰਦਾ ਗੱਡੀ ਦੇ ਪਿੱਛੇ ਭੱਜਾ ਸੀ...।

ਉਸ ਵੇਲੇ ਮਾਸੀ ਜੀ ਦੀ ਉਸੇ ਸਹੇਲੀ ਨੇ ਮੈਨੂੰ ਆਪਣੇ ਨਾਲ ਘੁੱਟ ਕੇ ਚੁੱਪ ਕਰਵਾਇਆ ਸੀ।
ਮਾਸੀ ਜੀ ਮੁਕਲਾਵੇ ਚਲੇ ਗਏ ਸਨ। ਮੈਂ ਸਾਰਾ ਸਾਰਾ ਦਿਨ ਡੌਰ-ਭੌਰਾ ਜਿਹਾ ਫਿਰਦਾ ਰਹਿੰਦਾ।
ਮਾਸੜ ਜੀ ਫ਼ੌਜ ਵਿਚ ਸਨ। ਉਹਨਾ ਦੀ ਛੁੱਟੀ ਮੁੱਕ ਗਈ। ਮਾਸੀ ਜੀ ਵਾਪਸ ਆ ਗਏ ਸਨ।

ਉਦੋਂ ਮਾਸੀ ਜੀ ਸਾਰਾ ਸਾਰਾ ਦਿਨ ਉਹਨਾ ਦੀ ਚਿੱਠੀ ਉਡੀਕਦੇ ਰਹਿੰਦੇ ਸਨ। ਮਾਸੜ ਜੀ ਦੀ ਚਿੱਠੀ ਆਉਦੀ ਸੀ ਤਾਂ ਵਾਰ ਵਾਰ ਉਸ ਨੂੰ ਪੜ੍ਹਦੇ ਰਹਿੰਦੇ ਸਨ। ਸਾਲ ਕੁ ਬਾਅਦ, ਮਾਸੜ ਜੀ ਦੀਆਂ ਚਿੱਠੀਆਂ ਆਉਣੀਆਂ ਬੰਦ ਹੋ ਗਈਆਂ ਸਨ।
ਓਦੋਂ ਅਜੇ ਇੰਡੀਆ ਆਜ਼ਾਦ ਨਹੀਂ ਸੀ ਹੋਇਆ। ਦੂਸਰੀ ਵਿਸ਼ਵ ਜੰਗ ਲੱਗ ਗਈ ਸੀ। ਮਾਸੜ ਜੀ ਹੋਰਾਂ ਦੀ ਫ਼ੌਜ ਬਰਮਾ ਵੱਲ ਚਲੇ ਗਈ ਸੀ। ਕੁਝ ਮਹੀਨਿਆਂ ਬਾਅਦ, ਮਾਸੜ ਜੀ ਲਾਪਤਾ ਹੋ ਗਏ ਸਨ। ਉਹਨਾ ਦੀ ਕੋਈ ਉਘ-ਸੁਘ ਨਹੀਂ ਸੀ ਮਿਲਦੀ। ਫਿਰ ਪਤਾ ਲੱਗਾ ਸੀ ਕਿ ਉਹ ਆਜ਼ਾਦ ਹਿੰਦ ਫ਼ੌਜ ਵਿਚ ਚਲੇ ਗਏ ਸਨ। ਉਸ ਤੋਂ ਬਾਅਦ ਕੁਝ ਪਤਾ ਨਾ ਲੱਗਾ। ਮਾਸੀ ਜੀ ਹਰ ਵੇਲੇ ਮੁਰਝਾਏ ਜਿਹੇ ਰਹਿੰਦੇ ਸਨ।
..ਤੇ ਫਿਰ ਕਿਸੇ ਨੇ ਕਿਹਾ ਸੀ, ਮਾਸੜ ਜੀ ਲੜਾਈ ਵਿਚ ਮਾਰੇ ਗਏ ਹਨ।
ਮਕਾਣਾਂ ਆਉਣ ਲੱਗੀਆਂ। ਪਰ ਮਾਸੀ ਜੀ ਪੱਥਰ ਬਣੇ ਬੈਠੇ ਰਹਿੰਦੇ। ਨਾ ਰੋਂਦੇ, ਨਾ ਕੁਰਲਾਉਂਦੇ।

ਦਲਾਨ ਵਿਚ ਅੰਗੀਠੀ ਤੇ ਮਾਸੜ ਜੀ ਦੀ ਫੋਟੋ ਪਈ ਹੁੰਦੀ ਸੀ। ਉਸ ਨੂੰ ਘੰਟਿਆਂ ਬੱਧੀ ਦੇਖਦੇ ਰਹਿੰਦੇ ਸਨ। ਨਾਨਾ ਨਾਨੀ ਬਹੁਤ ਫ਼ਿਕਰ ਕਰਨ ਲਗ ਪਏ। ਇਕ ਦਿਨ ਨਾਨੀ ਨੇ ਕਿਹਾ ਵੀ ਸੀ- ਕੁੜੀ ਨੂੰ ਰੋਣਾ ਚਾਹੀਦੈ।

ਮਾਸੀ ਜੀ ਦੀ ਉਸੇ ਸਹੇਲੀ ਨੇ ਵੀ ਮਾਸੀ ਜੀ ਨੂੰ ਆਪਣੇ ਨਾਲ ਘੁੱਟਦਿਆਂ ਕਿਹਾ ਸੀ -ਨੀ, ਤੇਰੇ ਨਾਲ ਤਾਂ ਸੱਸੀ ਤੋਂ ਵੀ ਮਾੜੀ ਹੋਈ ਐ।

ਮਾਸੀ ਜੀ ਫਿਰ ਵੀ ਕੁਝ ਨਹੀਂ ਸੀ ਬੋਲੇ। ਮਾਸੜ ਜੀ ਦੀ ਫੋਟੋ ਵੱਲ ਦੇਖਦੇ ਰਹੇ ਸਨ। ਮੈਂ ਡੌਰ-ਭੌਰ ਹੋਇਆ ਸਭ ਦੇਖਦਾ ਰਹਿੰਦਾ।

ਸਾਲ ਕੁ ਬਾਦ ਮਾਸੀ ਜੀ ਨੂੰ ਉਹਨਾ ਦੇ ਸਹੁਰੇ ਆ ਕੇ ਲੈ ਗਏ ਸਨ। ਜਾਣ ਲੱਗੇ ਮਾਸੀ ਜੀ ਮਾਸੜ ਜੀ ਦੀ ਫੋਟੋ ਅੰਗੀਠੀ ਤੋਂ ਚੁੱਕ ਕੇ ਲੈ ਗਏ ਸਨ। ਕੁਝ ਦਿਨਾਂ ਬਾਦ ਉਹਨਾ ਦੇ ਦਿਓਰ ਨੇ ਉਹਨਾ ਉਪਰ ਚਾਦਰ ਪਾ ਲਈ ਸੀ।

ਜ਼ਿੰਦਗੀ ਫਿਰ ਆਮ ਵਾਂਗ ਚੱਲ ਪਈ ਸੀ। ਮਾਸੀ ਜੀ ਆਪਣੇ ਘਰ ਖ਼ੁਸ਼ ਸਨ। ਮੈਂ ਆਪਣੇ ਪਿੰਡ ਆ ਕੇ ਹਾਈ ਸਕੂਲ ਵਿਚ ਪੜ੍ਹਨੇ ਪੈ ਗਿਆ ਸੀ। ਛੋਟੇ ਮਾਸੜ ਜੀ ਨੇ ਛੋਟਾ ਜਿਹਾ ਵਪਾਰ ਕਰਨਾ ਸ਼ੁਰੂ ਕੀਤਾ। ਉਹਨਾ ਦਾ ਕੰਮ ਚੱਲ ਨਿਕਲਿਆ ਸੀ। ਉਹ ਕਾਫ਼ੀ ਅਮੀਰ ਹੋ ਗਏ ਸਨ। ਉਹਨਾ ਦੇ ਘਰ ਦੋ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ ਸੀ। ਮਾਸੜ ਜੀ ਦੀ ਇਕ ਆਦਤ ਸਭ ਨੂੰ ਬੁਰੀ ਲੱਗਦੀ ਸੀ। ਉਹ ਸ਼ਰਾਬ ਬਹੁਤ ਪੀਂਦੇ ਸਨ। ਜਿਉਂ ਜਿਉਂ ਉਹਨਾਂ ਦਾ ਵਪਾਰ ਵੱਧਦਾ ਗਿਆ, ਉਹਨਾਂ ਦੇ ਸ਼ਰਾਬ ਪੀਣ ਵਾਲੇ ਸਾਥੀਆਂ ਦੀ ਢਾਣੀ ਵੱਡੀ ਹੁੰਦੀ ਗਈ। ਸ਼ਾਮ ਨੂੰ ਹਵੇਲੀ 20-20 ਬੰਦੇ ਬੈਠੇ ਦਾਰੂ ਪੀਂਦੇ ਰਹਿੰਦੇ। ਮਾਸੜ ਜੀ ਦਾਰੂ ਤੇ ਪੈਸਾ ਪਾਣੀ ਵਾਂਗ ਰੋੜ ਦਿੰਦੇ ਸਨ। ਹਰ ਕੋਈ ਉਹਨਾ ਦੀ ਇਸ ਆਦਤ ’ਤੇ ਔਖਾ ਸੀ, ਪਰ ਮਾਸੀ ਜੀ ਨੇ ਕਦੇ ਕੋਈ ਇਤਰਾਜ਼ ਨਹੀਂ ਸੀ ਕੀਤਾ। ਉਹ ਸਭ ਦੀਆਂ ਰੋਟੀਆਂ ਪਕਾਉਂਦੇ। ਸਭ ਨੂੰ ਛਕਾਉਂਦੇ। ਹਰ ਕੋਈ ਉਹਨਾ ਦੇ ਸੁਭਾਅ ਦੇ ਗੁਣਗਾਣ ਕਰਦਾ ਸੀ।

ਅਸੀਂ ਸਭ ਰਿਸ਼ਤੇਦਾਰ ਇਸ ਗੱਲ ਤੋਂ ਹੈਰਾਨ ਹੋਇਆ ਕਰਦੇ ਸਾਂ, ਮਾਸੀ ਜੀ ਨੂੰ ਮਾਸੜ ਜੀ ਦੀ ਇੰਝ ਸ਼ਰਾਬ ਪੀਣੀ ਬੁਰੀ ਕਿਉਂ ਨਹੀਂ ਲਗਦੀ? ਦੁਨੀਆ ਦੀ ਲਗਭਗ ਹਰ ਪਤਨੀ ਆਪਣੇ ਪਤੀ ’ਤੇ ਅਧਿਕਾਰ ਜਮਾਉਂਦੀ ਹੈ। ਉਸ ਦੀ ਹਰ ਗ਼ਲਤ ਹਰਕਤ ’ਤੇ ਵਾਵੇਲਾ ਖੜ੍ਹਾ ਕਰਦੀ ਹੈ, ਪਰ ਮਾਸੀ ਜੀ ਕਿਵੇਂ ਮਾਸੜ ਜੀ ਦੀ ਸ਼ਰਾਬ ਦੀ ਖਰਮਸਤੀ ਨੂੰ ਝੇਲੀ ਜਾ ਰਹੇ ਸਨ?

ਉਹ ਹਰ ਵੇਲੇ ਚੁੱਪ ਰਹਿੰਦੇ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮਾਸੜ ਜੀ ਜਿੰਨਾ ਰੋੜ੍ਹਦੇ ਸਨ, ਉਸ ਤੋਂ ਸੈਂਕੜੇ ਗੁਣਾ ਵੱਧ ਕਮਾ ਲੈਂਦੇ ਸਨ। ਅਸੀਂ ਸੋਚਦੇ, ਸ਼ਾਇਦ ਮਾਸੀ ਜੀ ਇਸੇ ਲਈ ਨਾਰਾਜ਼ ਨਹੀਂ ਹੁੰਦੇ। ਮੈਂ ਇਕ ਵਾਰ ਪੁੱਛਿਆ ਵੀ ਸੀ। ਉਹਨਾ ਨੇ ਕਿਹਾ ਸੀ-ਪੁੱਤਰ, ਹਰ ਇਕ ਦੀ ਆਪੋ ਆਪਣੀ ਮੌਜ ਹੈ।
ਮੈਂ ਦੇਖਿਆ, ਉਹਨਾ ਦੀਆਂ ਅੱਖਾਂ ਵਿਚ ਇਕ ਅੰਤਰੀਵ ਕਿਸਮ ਦਾ ਦੁੱਖ ਸੀ।
ਮੈਂ ਪੜ੍ਹ ਲਿਖ ਕੇ ਨੌਕਰ ਹੋ ਗਿਆ। ਮੇਰਾ ਵਿਆਹ ਵੀ ਹੋ ਗਿਆ। ਬੱਚੇ ਵੀ ਹੋ ਗਏ। ਪਰ ਮੇਰਾ ਤੇ ਮਾਸੀ ਜੀ ਦਾ ਪਿਆਰ ਉਝ ਦਾ ਉਝ ਬਣਿਆ ਰਿਹਾ। ਉਹ ਮੇਰੀ ਪਤਨੀ ਨੂੰ ਵੀ ਬਹੁਤ ਪਿਆਰ ਕਰਦੇ ਸਨ। ਉਸ ਦੀਆਂ ਸਿਫ਼ਤਾਂ ਕਰਦੇ ਸਾਹ ਨਾ ਲੈਂਦੇ। ਕਈ ਵਾਰ ਉਸ ਨੂੰ ਮਿੱਠੀ ਜਿਹੀ ਝਿੜਕੀ ਵੀ ਮਾਰ ਦਿੰਦੇ-ਦੇਖੀਂ, ਕਿਤੇ ਮੇਰੇ ਪੁੱਤ ਨੂੰ ਤੰਗ ਨਾ ਕਰੀਂ। ਇਕ ਵਾਰ ਆਏ ਤੇ ਕਹਿਣ ਲੱਗੇ- ਪੁੱਤਰ, ਮੇਰੇ ਗਲ਼ ਵਿਚ ਦਰਦ ਰਹਿੰਦੀ ਐ। ਰੁਕਦਾ ਜਿਹਾ ਲਗਦੈ।

ਮੈਂ ਉਹਨਾ ਨੂੰ ਆਪਣੇ ਇਕ ਮਿੱਤਰ ਡਾਕਟਰ ਦੇ ਹਸਪਤਾਲ ਲੈ ਗਿਆ। ਉਸ ਨੇ ਚੈਕਿੰਗ ਕੀਤੀ। ਐਕਸਰੇ ਕਰਵਾਏ। ਮਾਸੀ ਜੀ ਦੇ ਗਲ਼ੇ ਵਿਚ ਰਸੌਲੀ ਸੀ। ਉਪਰੇਸ਼ਨ ਕਰ ਦਿੱਤਾ ਗਿਆ। ਗਲ਼ੇ ਦੀ ਰਸੌਲੀ ਕੱਢ ਦਿੱਤੀ ਗਈ।

ਤਿੰਨ ਕੁ ਸਾਲ ਬਾਦ ਫਿਰ ਉਹੋ ਤਕਲੀਫ਼ ਲੈ ਕੇ ਉਹ ਆ ਗਏ। ਡਾਕਟਰ ਨੇ ਫਿਰ ਉਪਰੇਸ਼ਨ ਕਰ ਦਿੱਤਾ। ਇਸ ਵਾਰ ਡਾਕਟਰ ਨੇ ਮੈਨੂੰ ਚੇਤਾਵਨੀ ਦੇ ਦਿੱਤੀ ਇਹ ਆਖ਼ਰੀ ਉਪਰੇਸ਼ਨ ਹੈ। ਇਸ ਬਿਮਾਰੀ ਨੇ ਫਿਰ ਜਾਗ ਪੈਣਾ ਹੈ। ਕਦ, ਕਦੋਂ ਇਸ ਬਾਰੇ ਮੈਂ ਯਕੀਨ ਨਾਲ ਕੁਝ ਨਹੀਂ ਆਖ ਸਕਦਾ। ਮਾਸੀ ਜੀ ਨੂੰ ਕੈਂਸਰ ਹੋ ਗਿਆ ਸੀ, ਪਰ ਉਹਨੀਂ ਦਿਨੀਂ ਅੱਜ ਵਰਗੇ ਇਲਾਜ ਨਹੀਂ ਸਨ।

ਮਾਸੀ ਜੀ ਪਿੰਡ ਵਾਪਸ ਚਲੇ ਗਏ। ਮੈਂ ਇਸ ਕੈਂਸਰ ਬਾਰੇ ਸਭ ਤੋਂ ਲੁਕਾ ਰੱਖਿਆ। ਮੈਨੂੰ ਡਰ ਸੀ ਕਿਤੇ ਕੋਈ ਇਹ ਗੱਲ ਮਾਸੀ ਜੀ ਨੂੰ ਦੱਸ ਨਾ ਦੇਵੇ। ਫਿਰ ਤਾਂ ਉਹ ਜਿਉਂਦੇ ਹੀ ਮਰ ਜਾਣਗੇ।

ਉਹਨਾ ਨੂੰ ਮੇਰੇ ਉਪਰ ਬਹੁਤ ਭਰੋਸਾ ਸੀ। ਉਹ ਜਦ ਵੀ ਢਿੱਲੇ ਹੁੰਦੇ ਸਨ, ਆਪਣੇ ਪੁੱਤਰਾਂ ਨੂੰ ਆਖਿਆ ਕਰਦੇ ਸਨ- ਮੈਨੂੰ ਮੇਰੇ ਪੁੱਤਰ ਕੋਲ ਲੈ ਚਲੋ। ਉਹ ਆਪੇ ਮੈਨੂੰ ਬਚਾਅ ਲਊ।

ਕਈ ਵਾਰ ਉਹਨਾ ਦੇ ਪੁੱਤਰ ਹਿਰਖ ਵੀ ਕਰਦੇ ਸਨ- ਬੀਬੀ, ਅਸੀਂ ਵੀ ਤਾਂ ਤੇਰੇ ਪੁੱਤਰ ਆਂ।

ਪਤਾ ਨਹੀਂ ਕਿਉਂ ਮਾਸੀ ਜੀ ਨੇ ਉਹਨਾਂ ਨੂੰ ਮੇਰੇ ਵਾਲਾ ਦਰਜਾ ਕਦੇ ਨਹੀਂ ਸੀ ਦਿਤਾ। ਇਸ ਵਾਰ ਜਦ ਉਹ ਤੀਸਰੀ ਵਾਰ ਆਏ ਤਾਂ ਮੈਂ ਡੋਲ ਜਿਹਾ ਗਿਆ ਸੀ।

ਸੋਚਦਾ ਸੀ, ਇਸ ਵਾਰ ਮਾਸੀ ਜੀ ਦਾ ਭਰੋਸਾ ਕਿਵੇਂ ਕਾਇਮ ਰੱਖ ਸਕਾਂਗਾ! ਮੈਂ ਅੰਦਰ ਜਾ ਕੇ ਫਿਸ ਹੀ ਪਿਆ ਸੀ। ਮੇਰੀ ਪਤਨੀ ਨੇ ਹੀ ਮੈਨੂੰ ਢਾਰਸ ਦਿੱਤੀ ਸੀ ਤੇ ਕਿਹਾ ਸੀ- ਸੰਭਾਲੋ ਆਪਣੇ ਆਪ ਨੂੰ। ਮਾਸੀ ਜੀ ਨੂੰ ਪਤਾ ਲੱਗੇਗਾ ਤਾਂ ਉਹ ਜਿਊਂਦੇ ਹੀ ਮਰ ਜਾਣਗੇ।
ਅਗਲੇ ਦਿਨ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਸੀ। ਮੈਂ ਜਦ ਉਠਿਆ ਸਾਂ ਤਾਂ ਉਹ ਇਸ਼ਨਾਨ ਕਰ ਕੇ ਪਾਠ ਕਰ ਰਹੇ ਸੀ।
ਮੈਂ ਜਦ ਨਹਾ ਕੇ ਬਾਹਰ ਆਇਆ ਤਾਂ ਉਹਨਾ ਵੱਲ ਦੇਖ ਕੇ ਘਬਰਾ ਜਿਹਾ ਗਿਆ ਸੀ।
ਇਹ ਕੀ? ਮਾਸੀ ਜੀ ਇਹ ਕੀ ਕਰ ਰਹੇ ਹਨ?

ਉਹਨਾਂ ਨੇ ਆਪਣਾ ਬਟੂਆ ਦੋਹਾਂ ਹੱਥਾਂ ਵਿਚ ਫੜ੍ਹਿਆ ਹੋਇਆ ਸੀ ਤੇ ਅਰਦਾਸ ਕਰ ਰਹੇ ਸਨ। ਫਿਰ ਉਹਨਾ ਨੇ ਉਸ ਬਟੂਏ ਨੂੰ ਆਪਣੇ ਮੱਥੇ ਨਾਲ ਲਗਾਇਆ ਤੇ ਕਿੰਨੀ ਦੇਰ ਲਗਾਈ ਰੱਖਿਆ। ਮੈਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਤੇ ਕਹਿਣ ਲਗੇ- ਪੁੱਤ, ਇਸ ਵਾਰ ਨਹੀਂ ਲੱਗਦਾ ਮੈਂ ਠੀਕ ਹੋਵਾਂ। ਤੂੰ ਇਹ ਮੇਰਾ ਬਟੂਆ ਆਪਣੇ ਕੋਲ ਰੱਖ ਲੈ। ਜੇ ਮੈਨੂੰ ਕੁਝ ਹੋ ਗਿਆ, ਇਹ ਬਟੂਆ ਮੇਰੇ ਨਾਲ ਹੀ ਮੇਰੀ ਚਿਖਾ ਵਿਚ ਰੱਖ ਦੇਵੀਂ।

ਮਾਸੀ ਜੀ ਦੀ ਗੱਲ ਸੁਣ ਕੇ ਮੈਂ ਅੰਦਰੋਂ ਕੁਰਲਾ ਉਠਿਆ ਸੀ, ਪਰ ਉਪਰੋਂ ਉਪਰੋਂ ਉਹਨਾਂ ਨੂੰ ਤਸੱਲੀ ਦੇ ਰਿਹਾ ਸੀ- ਮਾਸੀ ਜੀ, ਤੁਹਾਨੂੰ ਕੁਝ ਨਹੀਂ ਹੋਣ ਲੱਗਾ। ਮੈਂ ਹਾਂ ਨਾ। ਤੁਹਾਨੂੰ ਮੇਰੇ ’ਤੇ ਇਤਬਾਰ ਨਹੀਂ?
ਮਾਸੀ ਜੀ ਬੋਲੇ ਕੁਝ ਨਾ। ਚੁੱਪ ਚਾਪ ਹੀ ਰਹੇ।

ਹਸਪਤਾਲ ਵਿਚ ਮੇਰੇ ਮਿੱਤਰ ਡਾਕਟਰ ਨੇ ਉਹਨਾ ਨੂੰ ਦਾਖ਼ਲ ਕਰ ਲਿਆ। ਖ਼ੂਬ ਹੌਸਲਾ ਦਿੱਤਾ। ਦਵਾਈਆਂ ਵੀ ਦਿੰਦੇ ਰਹੇ। ਉਪਰੇਸ਼ਨ ਨਾ ਕਰਨਾ ਸੀ, ਨਾ ਹੀ ਕੀਤਾ। ਮਾਸੀ ਜੀ ਪੁੱਛਦੇ ਰਹੇ- ਇਸ ਵਾਰ ਉਪਰੇਸ਼ਨ ਨਹੀਂ ਕਰਨਾ।
ਡਾਕਟਰ ਨੇ ਕਿਹਾ- ਹੁਣ ਡਾਕਟਰੀ ਬਹੁਤ ਅੱਗੇ ਵੱਧ ਗਈ ਹੈ। ਹੁਣ ਉਪਰੇਸ਼ਨ ਤੋਂ ਬਗ਼ੈਰ ਵੀ ਇਲਾਜ ਹੋ ਜਾਂਦਾ ਹੈ।

ਮਾਸੀ ਜੀ ਨੇ ਡਾਕਟਰ ਦੀ ਗੱਲ ਸੁਣ ਕੇ ਅੱਖਾਂ ਮੀਟ ਲਈਆਂ। ਬੋਲੇ ਕੁਝ ਨਾ।
ਉਹਨਾ ਦੀ ਹਾਲਤ ਦਿਨ ਬਦਿਨ ਨਿਘਰਦੀ ਜਾ ਰਹੀ ਸੀ। । ਕੁਝ ਦਿਨਾਂ ਬਾਅਦ ਉਹਨਾ ਦੀ ਆਵਾਜ਼ ਵੀ ਬੰਦ ਹੋ ਗਈ। ਉਹਨਾ ਦਾ ਅੰਤ ਸਾਫ਼ ਨਜ਼ਰ ਆਉਣ ਲੱਗ ਪਿਆ ਸੀ।

ਉਹਨਾ ਦੀ ਹਸਪਤਾਲੋਂ ਛੁੱਟੀ ਕਰ ਦਿੱਤੀ ਗਈ। ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਸਨ। ਮਾਸੜ ਜੀ ਉਹਨਾ ਨੂੰ ਪਿੰਡ ਲੈ ਗਏ। ਪਿੰਡ ਜਾ ਕੇ, ਕੁਝ ਹੀ ਦਿਨਾਂ ਬਾਦ ਮਾਸੀ ਜੀ ਚੱਲ ਵਸੇ।
ਫ਼ੋਨ ਆਇਆ, ਅਸੀਂ ਗਏ। ਉਹਨਾ ਦੀ ਦੇਹ ਨੂੰ ਚਿਖਾ ’ਤੇ ਰੱਖਿਆ ਗਿਆ।

ਮੈਂ ਚੁੱਪ-ਚਾਪ ਉਹਨਾ ਦਾ ਬਟੂਆ ਉਹਨਾ ਦੀ ਛਾਤੀ ਤੇ ਰੱਖ ਦਿੱਤਾ। ਕਿਸੇ ਨੇ ਕੁਝ ਨਾ ਕਿਹਾ। ਬਸ ਮਾਸੜ ਜੀ ਨੇ ਮੇਰੇ ਮੋਢੇ ’ਤੇ ਉਸ ਵੇਲੇ ਹੱਥ ਰੱਖ ਦਿੱਤਾ ਸੀ। ਮੈਂ ਉਹਨਾ ਦੀ ਛਾਤੀ ਨਾਲ ਲੱਗ ਕੇ ਰੋ ਪਿਆ ਸੀ। ਉਹਨਾ ਮੈਨੂੰ ਹਿੱਕ ਨਾਲ ਘੁੱਟ ਲਿਆ ਤੇ ਮੇਰੀ ਪਿੱਠ ਤੇ ਚੁੱਪ ਚਾਪ ਥਾਪੀਆਂ ਦਿੰਦੇ ਰਹੇ।

ਸਸਕਾਰ ਕਰ ਦਿੱਤਾ ਗਿਆ। ਸਭ ਰਸਮਾਂ ਹੋ ਗਈਆਂ। ਮਾਸੜ ਜੀ ਸਾਨੂੰ ਤੋਰਨ ਬੱਸ ਅੱਡੇ ਤੱਕ ਆਏ। ਮੈਂ ਉਹਨਾਂ ਨੂੰ ਪੁੱਛਿਆ-ਤੁਹਾਨੂੰ ਪਤਾ ਸੀ ਮਾਸੀ ਜੀ ਦੇ ਬਟੂਏ ਵਿਚ ਕੀ ਸੀ?

ਮੈਂ ਜਦੋਂ ਸ਼ਹਿਰੋਂ ਤੁਰਨ ਲੱਗਾ ਸੀ, ਮਾਸੀ ਜੀ ਦਾ ਬਟੂਆ ਨਾਲ ਲੈ ਕੇ ਆਇਆ ਸੀ। ਉਹਨਾ ਦੇ ਬੋਲ ਮੈਨੂੰ ਯਾਦ ਸਨ। ਜੇਬ ਵਿਚ ਪਾਉਣ ਲੱਗੇ ਮੈਂ ਬਟੂਆ ਖੋਲ੍ਹ ਕੇ ਪਹਿਲੀ ਵਾਰ ਦੇਖਿਆ ਸੀ ਤੇ ਕੰਬ ਗਿਆ ਸੀ। ਮਾਸੀ ਜੀ ਨੇ ਉਹ ਬਟੂਆ ਸਾਰੀ ਉਮਰ ਸੰਭਾਲੀ ਰੱਖਿਆ ਸੀ। ਸਾਰੀ ਉਮਰ ਆਪਣੇ ਕੋਲ ਰੱਖਿਆ ਸੀ।

ਜਦ ਮੈਂ ਉਹ ਬਟੂਆ ਮਾਸੀ ਜੀ ਦੀ ਛਾਤੀ ’ਤੇ ਰੱਖਿਆ ਸੀ ਤਾਂ ਮਾਸੜ ਜੀ ਦਾ ਮੇਰੇ ਮੋਢੇ ਤੇ ਹੱਥ ਰੱਖ ਦੇਣਾ ਕੁਝ ਅਰਥ ਰੱਖਦਾ ਸੀ। ਤੁਰਨ ਲੱਗਿਆਂ ਜਦ ਮੈਂ ਮਾਸੜ ਜੀ ਨੂੰ ਉਸ ਬਾਰੇ ਪੁਛਿਆ ਸੀ ਤਾਂ ਉਹਨਾਂ ਦੇ ਜਵਾਬ ਨੇ ਮੈਨੂੰ ਹੋਰ ਵੀ ਹੱਕਾ-ਬੱਕਾ ਕਰ ਦਿੱਤਾ ਸੀ।
ਉਹਨਾ ਨੂੰ ਵੀ ਪਤਾ ਸੀ, ਮਾਸੀ ਜੀ ਦੇ ਬਟੂਏ ਵਿਚ ਵੱਡੇ ਮਾਸੜ ਜੀ ਦੀ ਫੋਟੋ ਸੰਭਾਲੀ ਹੋਈ ਸੀ।

ਮਾਸੜ ਜੀ ਨੇ ਪੈਰ ਦੇ ਅੰਗੂਠੇ ਨਾਲ ਮਿੱਟੀ ਖਰੋਚਦਿਆਂ ਕਿਹਾ ਸੀ- ਤੇਰੀ ਮਾਸੀ ਸਾਰੀ ਉਮਰ ਮੇਰੇ ਭਾਈ ਸਾਹਬ ਦੀ ਫੋਟੋ ਸੰਭਾਲੀ ਜਿਊੁਂਦੀ ਰਹੀ ਤੇ ਉਹਨਾ ਦੀ ਫੋਟੋ ਲੈ ਕੇ ਤੁਰ ਗਈ ਹੈ..!
ਮੈਂ ਕਿੰਨੀ ਦੇਰ ਮਾਸੜ ਜੀ ਨੂੰ ਆਪਣੇ ਨਾਲ ਘੁੱਟੀ ਅੱਥਰੂ ਕੇਰਦਾ ਰਿਹਾ।
ਉਹਨਾ ਦੀ ਪਿੱਠ ਥਪ-ਥਪਾਉਂਦਾ ਰਿਹਾ।

ਬੱਸ ਵਿਚ ਬੈਠਾ ਤਾਂ ਮਾਸੀ ਜੀ ਦੀ ਆਪਣੀ ਸਹੇਲੀ ਨੂੰ ਕਹੀ ਗੱਲ ਵਾਰ ਵਾਰ ਯਾਦ ਆਉਂਦੀ ਰਹੀ- ਆਪਣੇ ਸੌਦਾਗਰ ਦੀਆਂ ਪੈੜਾਂ ਮੈਂ ਆਪ ਢੂੰਡ ਲਵਾਂਗੀ, ਕਿਸੇ ਹੋਰ ਨੂੰ ਕਸ਼ਟ ਕਰਨ ਦੀ ਕੋਈ ਲੋੜ ਨਹੀਂ।
... ਤੇ ਮੈਨੂੰ ਲੱਗਾ ਸੀ, ਮਾਸੀ ਜੀ ਸਾਰੀ ਉਮਰ ਹੀ ਤੱਤੇ ਥਲਾਂ ਵਿਚ ਭਟਕਦੇ ਰਹੇ ਸਨ ਤੇ ਵੱਡੇ ਮਾਸੜ ਜੀ ਦੀਆਂ ਪੈੜਾਂ ਭਾਲਦੇ ਰਹੇ ਸਨ...

ਪੰਜਾਬੀ ਕਹਾਣੀਆਂ (ਮੁੱਖ ਪੰਨਾ)