ਬੀ ਪੌਜ਼ੇਟਿਵ ਯਾਰ (ਕਹਾਣੀ) : ਬਲੀਜੀਤ
ਪੁਰਾਣੀ ਗੱਲ ਏ । ਬੜੀ ਪੁਰਾਣੀ । ਜਿੰਨਾ ਪੁਰਾਣਾ ਕਿਸੇ ਦੀਆਂ ਨਸਾਂ ਵਿੱਚ ਵਗਦਾ ਖ਼ੂਨ ਹੋ ਸਕਦਾ । ਪਰ ਮੈਨੂੰ ਭੁੱਲਦੀ ਨਹੀਂ ।
ਮੇਰੇ ਲਈ ਓਹਦਾ ਨਾਂਓ 'ਪਿਊਸ਼ ਚਾਵਲਾ' ਹੀ ਸੀ । ਓਹਦੇ ਏਸ ਨਾਂਓ... ਕੇਵਲ 'ਨਾਂਓ' ਨੂੰ ਮੈਂ ਬੜੀ ਦੇਰ ਪਹਿਲਾਂ ਮਿਲਿਆ ਸੀ । ਜੀਊਂਦੇ ਜਾਗਦੇ, ਸਾਲਮ ਸਬੂਤੇ ਪਿਊਸ਼ ਨੂੰ ਕਿਤੇ ਬਾਅਦ 'ਚ ਟਕਰਿਆ । ਓਹਦੇ ਏਸ ਨਾਂਓ ਨਾਲ ਪਹਿਲੀ, ਸਭ ਤੋਂ ਪੁਰਾਣੀ ਮੁਲਾਕਾਤ ਅਖ਼ਬਾਰ ਵਿੱਚ ਛਪੀ ਸੁਰਖ਼ੀ ਪੜ੍ਹਕੇ ਹੋਈ ਸੀ । ਸਕੂਲ ਨੂੰ ਤੁਰਦੇ ਮੇਰੇ ਛੇ ਸਾਲ ਦੇ ਵੱਡੇ ਬੇਟੇ ਨੇ ਹੇਠੋਂ ਸੜਕ ਤੋਂ ਉਤਾਂਹ ਨੂੰ ਵਗਾਹ ਕੇ ਸੁੱਟਿਆ ਹੋਇਆ ਅਖ਼ਬਾਰ ਦੂਸਰੀ ਮੰਜ਼ਲ ਦੀਆਂ ਪੌੜੀਆਂ 'ਚ ਗਿਰਦਾ ਸੁਣ, ਵੇਖ ਲਿਆ ਸੀ । ਉਹੀ ਅਖ਼ਬਾਰ ਚੁੱਕ ਕੇ ਉਸ ਨੇ ਮੈਨੂੰ ਮੰਜੇ 'ਤੇ ਸਿੱਧੇ ਲੇਟੇ ਨੂੰ ਵਿਖਾਉਂਦਿਆਂ, ਮੇਰੀ ਵੱਖੀ ਨਾਲ ਟਿਕਾ ਦਿੱਤਾ, ''ਡੈਡੀ ਜੀ, ਆਪ ਕਭੀ ਨਹੀਂ ਪੜਤੇ । ਪੜੋ ਅਖ਼ਬਾਰ ।'' ਬੱਚਾ ਬਾਪ ਨੂੰ ਕੁੱਝ ਪੜ੍ਹਨ ਲਈ ਕਹਿ ਰਿਹਾ ਸੀ । ਬੱਚੇ ਦਾ ਦਿਲ ਰੱਖਣ ਲਈ ਮੈਂ ਬਿਨਾਂ ਕੁੱਝ ਹੋਰ ਸੋਚੇ ਓਹਦੇ ਸ੍ਹਾਮਣੇ ਹੀ ਅਖ਼ਬਾਰ ਖੋਲ੍ਹ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ।
ਓ ਹੋ, ਕਮਾਲ!! ਮੇਰਾ ਕੰਮ ਹੋ ਗਿਆ ਸੀ ।
ਅਖ਼ਬਾਰ ਦੇ ਪਹਿਲੇ ਸਫ਼ੇ 'ਤੇ ਹੇਠਾਂ ਨੂੰ ਲਟਕਾਈ ਹੋਈ ਖ਼ਬਰ ਵਿੱਚ ਭਰਤੀ ਕੀਤੇ ਗਏ ਅਫ਼ਸਰਾਂ ਦੇ ਨਾਂਓ ਸਨ । ਵਿਚਾਲੇ ਜਹੇ ਸਾਬਕਾ ਫ਼ੌਜੀਆਂ ਦੀ ਲਿਸਟ ਵਿੱਚ ਕਿਤੇ 'ਪਿਊਸ਼ ਚਾਵਲਾ' ਛਪਿਆ ਹੋਇਆ ਪੜਿ੍ਹਆ । ਰੀਜ਼ਰਵ ਲਿਸਟ ਅੰਤ ਵਿੱਚ ਸਭ ਤੋਂ ਥੱਲੇ... ਅਤੇ ਬਚਦੀ, ਮੁੱਕਦੀ ਖ਼ਬਰ ਅਖ਼ਬਾਰ ਦੇ ਪੰਦਰਵੇਂ ਸਫ਼ੇ 'ਤੇ ਵਗਾਹ ਕੇ ਸੁੱਟੀ ਹੋਈ ਮਿਲੀ ਜਿੱਥੇ ਅਖ਼ੀਰ ਉੱਤੇ ਮੇਰਾ ਨਾਂ ਲਟਕਿਆ ਹੋਇਆ ਪੜਿ੍ਹਆ । ਖ਼ਬਰ ਪੜ੍ਹਕੇ ਮੈਂ ਕਮਲਾ ਜਿਹਾ ਹੋ ਕੇ ਗੁਣਗੁਣਾਓਣ ਲੱਗ ਪਿਆ । ਚੰਗੀ ਸਰਕਾਰੀ ਅਫ਼ਸਰੀ ਕਿਤੇ ਮਿਲਦੀ ਐ! ਚੁਸਤ ਹੋ ਕੇ ਕੱਪੜੇ ਪਾਏ ਤੇ ਪਟਿਆਲੇ ਵੱਲ ਦੀ ਬੱਸ ਫੜ ਲਈ ਜਿੱਥੋਂ ਭਰਤੀ ਬੋਰਡ ਨੇ ਇਹ ਖ਼ਬਰ ਛਾਪੀ ਸੀ । ਉਸੇ ਦਿਨ 'ਪਿਊਸ਼ ਚਾਵਲਾ' ਦੇ ਏਸ ਨਾਂਓ ਨਾਲ ਮੇਰੀ ਦੂਸਰੀ ਮੁਲਾਕਾਤ ਭਰਤੀ ਬੋਰਡ ਦੇ ਨੋਟਿਸ ਬੋਰਡ ਦੀ ਜਾਲੀ ਵਿੱਚੋਂ ਦੀ ਹੋਈ ਜਿੱਥੇ ਦਸਤਖਤ ਕੀਤੀਆਂ ਮੈਰਿਟ ਲਿਸਟਾਂ ਪੁੰਨਿਆਂ ਦੇ ਚੰਦ ਰੰਗੀ ਜਿੰਦੀ ਲਾ ਕੇ ਕੈਦ ਕੀਤੀਆਂ, ਟੰਗੀਆਂ ਹੋਈਆਂ ਸਨ । ਮੈਨੂੰ ਆਪਣੀ ਮੈਰਿਟ ਲਿਸਟ ਦਸਤਖਤ ਕੀਤੀ ਹੋਈ ਵੇਖਣ ਦੀ ਅੱਚਵੀ ਜਹੀ ਲੱਗੀ ਹੋਈ ਸੀ । ਮੈਂ ਉਸ ਵੇਲੇ ਉੱਥੇ ਇੱਕਲਾ ਉਮੀਦਵਾਰ ਖੜ੍ਹਾ ਸੀ । ਬੋਰਡ ਦਾ ਕੋਈ ਕਲਾਸ ਫੋਰ ਮੁਲਾਜ਼ਮ ਸੀਮਿੰਟ ਦੇ ਬੈਂਚ 'ਤੇ ਬੈਠਾ ਬੀੜੀ ਚੁੰਘ ਰਿਹਾ ਸੀ:
'' ਤੇਰਾ ਨਾਂਓਂ ਹੈਗਾ ਇਸ ਮਾ?''
'' ਹੈਗਾ ।''
'' ਮੌਜ ਗੈਲ ਘਰ ਬੈਠ । ਆਪੇ ਪੁੱਜੂ ਚਿੱਠੀ ਤੇਰੇ ਟਿਕਾਣੇ 'ਪਰ ।'' ਸਾਰੀਆਂ ਮੈਰਿਟ ਲਿਸਟਾਂ ਮੈਂ ਆਪਣੇ ਹੱਥ ਨਾਲ ਚੰਗੀ ਤਰ੍ਹਾਂ ਖੁਸ਼ਖਤ ਕਰਕੇ ਚਿੱਟੇ ਕਾਗਜ਼ 'ਤੇ ਉਤਾਰ ਲਈਆਂ । ਕਈ ਵਾਰ ਐਨਕਾਂ ਲਾ ਕੇ, ਲਾਹ ਕੇ ਨਾਂਵਾਂ ਦੀ ਤਸੱਲੀ ਕੀਤੀ । ਕੁੱਲ ਬਿਆਲੀ ਉਮੀਦਵਾਰਾਂ ਨੂੰ ਰੱਖਿਆ ਗਿਆ ਸੀ ਜਿਹਨਾਂ ਵਿੱਚ ਤਿੰਨ ਜਨਾਨੀਆਂ ਵੀ ਸਨ ।
ਪਿਊਸ਼ ਚਾਵਲਾ!! ਬੜੀ ਖਿੱਚ ਸੀ ਏਸ ਨਾਂ ਵਿੱਚ । ਕਈ ਵਾਰ ਨਾਂਵਾਂ ਦੀਆਂ ਲਿਸਟਾਂ ਪੜ੍ਹੀਆਂ । ਹੋਰ ਨਾਂ ਸਨ... ਰਣਜੀਤ ਸਿੰਘ, ਮਲਕੀਤ ਸਿੰਘ... ਵਿਜੇ ਗੋਇਲ । ਗੋਇਲ । ਗਰਗ । ਗੁਪਤੇ । ਸਾਰੇ ਬੋਰਿੰਗ ਨਾਂਓ । ਪਰ... ਕਈ ਵਾਰ ਖੁਦ ਨੂੰ ਬੋਲ ਕੇ ਸੁਣਾਇਆ...ਪਿਊਸ਼ ਚਾਵਲਾ!
ਉਹ ਆਪ ਸਾਲਮ ਸਬੂਤਾ ਸਭ ਤੋਂ ਪਹਿਲਾਂ ਮੈਨੂੰ ਸੱਤਾ ਦੇ ਗਲਿਆਰਿਆਂ ਵਿੱਚ ਨੌਕਰੀ ਤੋਂ ਮੁਅੱਤਲ ਹੋਇਆ, ਬੌਂਦਲਿਆ ਘੁੰਮਦਾ ਮਿਲਿਆ ਸੀ । ਮੇਰੇ ਵੱਲ ਨੂੰ ਤੇਜੋ ਤੇਜ ਤੁਰਦਾ ਉਹ ਲੱਗਭਗ ਮੇਰੇ ਵਿੱਚ ਹੀ ਆ ਵੱਜਿਆ ਸੀ; ਅਣਜਾਣੇ ਹੀ ਮੈਨੂੰ ਧੱਕਾ ਮਾਰ ਕੇ ਸੁੱਟ ਹੀ ਦੇਂਦਾ ਜੇ ਮੈਂ ਥੋ੍ਹੜਾ ਜਿਹਾ ਪਿੱਛੇ ਨੂੰ ਹੱਟ ਕੇ ਉਸ ਨੂੰ ਜੱਫੀ ਨਾ ਪਾ ਲੈਂਦਾ... ਤੇ ਜੇ ਪਿਊਸ਼ ਮੈਨੂੰ ਆਪਣੀ ਕੈੜੀ ਜੱਫੀ 'ਚ ਨਾ ਘੁੱਟਦਾ ਤਾਂ ਮੈਂ ਫੁੜ੍ਹਕ ਕੇ ਗਿਰ ਜਾਂਦਾ । ਅਜੇ ਤੱਕ ਮੈਂ ਉਸ ਨੂੰ ਆਪਣਾ ਕੁਲੀਗ ਸਮਝਦਾ ਹੋਇਆ ਪਹਿਚਾਣਦਾ ਸਾਂ । ਮੈਨੂੰ ਇਲਮ ਨਹੀਂ ਸੀ ਕਿ ਆਪਣੀ ਆਪਣੀ ਲੱਗਦੀ ਇਹ ਸ਼ਕਲ ਉਸ ਪਿਊਸ਼ ਚਾਵਲੇ ਦੀ ਏ ਜਿਸ ਦਾ ਨਾਂ ਮੈਂ ਅਖ਼ਬਾਰ ਵਿੱਚ ਪੜ੍ਹਕੇ ਅੰਡਰਲਾਈਨ ਕੀਤਾ...ਤੇ ਆਪਣੇ ਹੱਥ ਨਾਲ ਕੋਰੇ ਕਾਗਜ਼ ਉੱਤੇ ਖੁਸ਼ਖਤ ਕਰਕੇ ਉਤਾਰਿਆ ਸੀ । ਕਿਸੇ ਹੋਰ ਈ ਕਲਮ ਨੇ ਇਹ ਨਾਂ ਮੇਰੇ ਅੰਦਰ ਕਿਤੇ ਲਿਖਕੇ ਸੰਭਾਲ ਲਿਆ ਸੀ ।
'' ਬਲੀ ਸਰ, ਮੈਂ ਪਿਊਸ਼!''
'' ਅੱਛਾ, ਤੁਸੀਂ ਓਂ ਪਿਊਸ਼!'', ਓਦਣ ਸਿਵਲ ਸੈਕਟਰੀਏਟ ਦੀ ਛੇਵੀਂ ਮੰਜ਼ਿਲ ਉੱਤੇ ਜੱਫੀ ਪਾ ਕੇ ਉਸ ਨੇ ਮੇਰੇ ਅੰਦਰ ਟਿਕੇ ਆਪਣੇ ਨਾਂ ਤੇ ਸ਼ਕਲ ਨੂੰ ਇੱਕ ਦੂਜੇ ਨਾਲ ਘੁੱਟ ਕੇ ਜੋੜ ਦਿੱਤਾ ਸੀ ।
ਉਂਜ ਗੱਲ ਇਹ ਵੀ ਪੁਰਾਣੀ ਹੋ ਗਈ ਏ ।
ਸੈਕਟਰੀਏਟ ਵਿੱਚ ਜਦੋਂ ਕਦੇ ਦਫ਼ਤਰੀ ਮੀਟਿੰਗਾਂ ਤੋਂ ਬਾਅਦ ਸਰਕਾਰੀ ਅਧਿਕਾਰੀ ਵਿਹਲੇ, ਸੌਖੇ ਹੋ ਕੇ ਬਹਿੰਦੇ ਤਾਂ ਉਸ ਨੂੰ ਪਿਊਸ਼ ਕਹਿਕੇ ਬੁਲਾਇਆ ਜਾਂਦਾ । ਉਹ ਆਪਣੇ ਬੋਲੇ ਇਸ ਨਾਂ ਨੂੰ ਹੁੰਘਾਰਾ ਭਰਦਾ... ਪਰ ਮੈਂ... ਮੈਂ ਉਹਦਾ ਨਾਂ ਬੋਲਿਆ ਜਾਂਦਾ ਸੁਣਕੇ ਆਪਣੇ ਅੰਦਰੋਂ ਬਿਨਾਂ ਬੋਲੇ ਸਿਰਫ਼ ਆਪਣੀ ਸਹੂਲਤ ਲਈ ਨਾਲ ਚਾਵਲਾ ਜੋੜ ਕੇ 'ਚਾਵਲਾ ਸਕਿਓਏਰ' ਹੋਟਲਾਂ, ਹਾਤਿਆਂ ਨੂੰ ਯਾਦ ਕਰਨ ਲੱਗ ਪੈਂਦਾ ਜਿੱਥੇ ਦਿਨ ਛਿਪਦੇ ਬਹਿਕੇ ਅਕਸਰ ਹੀ ਅਸੀਂ ਦਾਰੂ-ਚਿਕਨ ਵਿੱਚੀਂ ਨਿਕਲ ਜਾਂਦੇ ਸਾਂ । ਜਦੋਂ ਵੀ ਕਦੀ ਉਸ ਨੂੰ ਮਿਲਣਾ ਤਾਂ ਮੈਂ ਉਸਨੂੰ ਹਿੰਦੂ ਮਹਾਜਨ ਲੋਕਾਂ ਵਿੱਚੋਂ ਅਰੋੜਾ-ਖੱਤਰੀ ਸਮਝ ਕੇ, ਹੋਰ ਸਮਝਣ ਦੀ ਕੋਸ਼ਿਸ਼ ਕਰਨੀ... ਪੰਜਾਬ ਦੀ ਉਹ ਹਿੰਦੂ ਬਰਾਦਰੀ ਜਿਸਦੇ ਬਹੁਤੇ ਲੋਕ ਵੱਡੀਆਂ, ਛੋਟੀਆਂ ਦੁਕਾਨਾਂ, ਰੇਹੜੀਆਂ... ਸ਼ੋਅ-ਰੂਮਾਂ 'ਚ ਬਹਿਕੇ ਵਣਜ ਕਰਦੇ ਹੁੰਦੇ ਨੇ । ਇੱਕ ਵਾਰ ਪਿਊਸ਼ ਨੇ ਮੇਰੇ ਦਫ਼ਤਰ ਦੇ ਵੱਡੇ ਬਾਬੂ ਸੰਦੀਪ ਸੂਰੀ ਦਾ ਕੋਈ ਕੰਮ ਕਰ ਦੇਣ ਦੀ ਸਿਫ਼ਾਰਸ਼ ਕਰ ਦਿੱਤੀ ਸੀ ਤਾਂ ਮੈਂ... ਇਹ ਗੱਲ ਵੀ ਮੈਂ ਆਪਣੇ ਦਿਮਾਗ ਵਿੱਚ ਘੁੰਮਦੀ 'ਪਿਊਸ਼ ਚਾਵਲਾ' ਨਾਂ ਦੀ ਸੀ. ਡੀ. ਵਿੱਚ ਲਿਖਕੇ ਸੇਵ ਕਰ ਲਈ ਸੀ ।
ਮੇਰੇ ਲਈ ਪਿਊਸ਼ ਦੇ ਅਰੋੜਾ-ਖੱਤਰੀ, ਅਫ਼ਸਰ-ਕੁਲੀਗ, ਫਿੱਟ-ਫ਼ਾਈਨ, ਐੱਮ. ਏ. ਐੱਲ. ਐੱਲ. ਬੀ. ਹੋਣ ਤੋਂ ਇਲਾਵਾ ਅਗਲੀ ਵੱਡੀ ਗੱਲ ਓਹਦੇ ਫ਼ੌਜੀ ਹੋਣ ਦੀ ਸੀ । ਉਸ ਦੀ ਈ-ਮੇਲ ਆਈ ਡੀ ਵਿੱਚ ਵੀ 'ਕੈਪਟਨ' ਸ਼ਬਦ ਪਰੋਇਆ ਹੋਇਆ ਬਹੁਤ ਜਚਦਾ ਸੀ । ਫ਼ੌਜ ਦੇ ਪੰਜ ਸਾਲ ਦੇ ਸ਼ੌਰਟ-ਸਰਵਿਸ ਕਮਿਸ਼ਨ ਦੁਰਾਨ ਉਸਨੇ ਸਿਆਚਿਨ ਗਲੇਸ਼ੀਅਰ ਦੀ ਜੰਗ ਵੀ ਲੜੀ ਸੀ । ਸਾਲਟੋਰੋ ਦੀਆਂ ਚਿਚਲਾਉਂਦੀਆਂ ਪਹਾੜੀਆਂ ਦੀ ਅਖ਼ੀਰਲੀ, ਬਰਫ਼ੀਲੀ ਉਚਾਈ ਤੱਕ ਪੈਦਲ ਤੁਰਦਿਆਂ, ਪੁੱਜਦਿਆਂ ਪੰਦਰਾਂ ਤੋਂ ਦੋ ਤਿੰਨ ਦਿਨ ਵੱਧ ਹੀ ਲੱਗ ਜਾਂਦੇ । ਬਰਫ਼ੀਲੀਆਂ ਤੇਜ ਤੁਫ਼ਾਨੀ ਹਵਾਵਾਂ ਵੱਲ ਨੂੰ ਪਿੱਠ 'ਤੇ ਲਟਕਦਾ ਪਿੱਠੂ ਕਰਕੇ ਪੁੱਠੇ ਪੈਰੀਂ ਤੁਰਨਾ ਕਿਹੜਾ ਸੁਖਾਲਾ ਹੁੰਦੈ? ਗਲੇਸ਼ੀਅਰ ਦੇ ਨਾਰਦਨ ਸੈਕਟਰ ਵਿੱਚ...'ਬਿਲਾਫੌਂਡ ਲਾ' ਤੋਂ ਵੀ ਕਿਤੇ ਉਪਰ ਪਰਾਂਹ ...ਅੱਗੇ? ਕਿੱਥੇ?...ਪਤਾ ਨਹੀਂ ਕਿੱਥੇ? ... ਉਹ ਕਿਸੇ ਬੇਨਾਮ ਪੋਸਟ ਉੱਤੇ ਓਵਜ਼ਰਬੇਸ਼ਨ ਅਫ਼ਸਰ ਤੈਨਾਤ ਸੀ । ਜਿੱਥੇ ਉਸਨੂੰ ਬੋਫ਼ਰਜ਼ ਤੋਪ ਦਾ ਫ਼ਾਇਰ ਵੀ ਮਿਲਿਆ ਹੋਇਆ ਸੀ । ਉੱਥੇ ਉਹ ਪੂਰੇ ਸੌ ਦਿਨ ਤੇ ਸੌ ਰਾਤਾਂ ਰਿਹਾ ਸੀ । ਮਾਵਾਂ ਦੇ ਕਈ ਪੁੱਤ ਓਧਰ ਨੂੰ ਗਏ ਉਹਨਾਂ ਦਾ ਕਦੇ ਕੁੱਝ ਨਹੀਂ ਮੁੜਿਆ । ਸਿਆਚਿਨ ਗਲੇਸ਼ੀਅਰ ਦੀ ਚਿੱਟੀ ਸਰਾਲ ਨੇ ਸੌਆਂ... ਹਜ਼ਾਰਾਂ ਫ਼ੌਜੀਆਂ ਨੂੰ ਨਿਗਲ ਲਿਆ ਸੀ... ਕਦੇ ਉਸਨੇ ਮੈਨੂੰ ਇਹ ਵੀ ਦੱਸਿਆ ਕਿ ਉਹ ਇਸ ਲੜਾਈ ਵਿੱਚ ਇੱਕ ਸਕਿੰਟ ਦੇ ਇੱਕ ਟੁੱਕੜੇ ਦੇ ਫ਼ਾਸਲੇ ਨਾਲ ਮੌਤ ਦੇ ਮੂੰਹ ਵਿੱਚੋਂ ਨਿਕਲ ਆਇਆ ਸੀ:
'' ਹੈਲੀਕੌਪਟਰ ਜਦੋਂ ਦੂਸਰੀ ਵਾਰੀ ਰਾਸ਼ਨ ਛੱਡਣ ਆਇਆ ਤਾਂ ਮੈਂ ਹੌਲਦਾਰ ਨੂੰ ਕਿਹਾ ਕਿ ਪਾਇਲਟ ਨੂੰ ਸਮਝਾ ਕੇ ਆਵੇ ਕਿ ਅੱਗੇ ਤੋਂ ਸਿੱਧਾ ਨਾ ਉੜੇ । ਉੱਥੋਂ ਪਾਕਿਸਤਾਨੀਆਂ ਨੂੰ ਹੈਲੀਕੌਪਟਰ ਦਿੱਸਦੈ । ਪਹਾੜੀ ਦੇ ਪਿਛਾਂਹ ਤੋਂ ਘੁਮਾ ਕੇ ਲਿਆਵੇ । ਮਿੰਟ 'ਚ ਕੌਫ਼ੀ ਖਤਮ ਕਰਕੇ ਮੈਂ ਵੀ ਮਗਰ ਈ ਤੁਰ ਗਿਆ । ਮੈਂ ਹੈਲੀਕੌਪਟਰ ਤੋਂ ਵੀਹ ਕੁ ਫੁੱਟ ਦੀ ਦੂਰੀ 'ਤੇ ਪੁੱਜਾ ਤਾਂ... ਦੂਜੇ ਪਾਸਿਓਂ ਆਉਂਦੇ ਮੋਰਟਾਰ ਦੇ ਗੋਲੇ ਦੀ ਗੂੰਜ ਸੁਣਕੇ ਮੈਂ ਆਪਣੇ ਆਪ ਨੂੰ ਬਰਫ਼ 'ਤੇ ਸੁੱਟ ਲਿਆ । ਧਮਾਕਾ ਹੋ ਗਿਆ! ਹੈਲੀਕੌਪਟਰ ਡੈਮੇਜ ਹੋ ਗਿਆ । ਹੌਲਦਾਰ ਸਮੇਤ ਤਿੰਨ ਫ਼ੌਜੀ ਮੌਕੇ 'ਤੇ ਹੀ ਖਤਮ । ਚੌਥੇ ਦੀਆਂ ਗੋਡੇ ਤੋਂ ਹੇਠਾਂ ਲੱਤਾਂ ਕੱਟੀਆਂ ਗਈਆਂ । ਘੰਟੇ ਬਾਅਦ ਉਹ ਵੀ ਦਮ ਤੋੜ ਗਿਆ ।''
...ਤੇ ਅਗਲੇ ਦਿਨ ਪਿਊਸ਼ ਨੇ ਪਾਕਿਸਤਾਨ ਦੀ ਉਹ ਪੋਸਟ ਉੜਾ ਦਿੱਤੀ ਜਿੱਥੋਂ ਉਹ ਗੋਲਾ ਤੁਰਿਆ ਸੀ । ਫੇਰ ਡੇਢ ਮਹੀਨਾ ਪਾਕਿਸਤਾਨ ਵੱਲੋਂ ਇੱਕ ਵੀ ਗੋਲੀ ਨੇ ਬਰਫ਼ੀਲਾ ਬਾਰਡਰ ਪਾਰ ਨਹੀਂ ਕੀਤਾ । ਇਹ ਗੱਲ ਵੀ ਉਸਨੇ ਕਈ ਵਾਰ ਸੁਣਾਈ ਕਿ ਉਸਨੂੰ ਪਾਕਿਸਤਾਨ ਦੀ ਪੋਸਟ ਨਸ਼ਟ ਕਰਨ ਦੀ ਬਹਾਦਰੀ ਲਈ ਸੂਰਬੀਰਤਾ ਦਾ ਮੈਡਲ ਮਿਲਣ ਦੀ ਫ਼ਾਈਲ ਚੱਲ ਪਈ ਸੀ... ਤੇ ਜੇ ਫ਼ਾਈਲ ਸਿਰੇ ਚੜ੍ਹ ਜਾਂਦੀ ਤਾਂ ਉਸਨੂੰ ਕਦੋਂ ਦੀ ਪੈਨਸ਼ਨ ਲੱਗੀ ਹੋਣੀ ਸੀ, ਪਰ... ਉਸ ਦੇ ਬਰੀਗੇਡੀਅਰ... ਜੋ ਕੋਈ ਮੁਸਲਮਾਨ... ਖ਼ਾਨ ਸੀ... ਨੇ ਉਸ ਦੀ ਫ਼ਾਈਲ ਨੱਪ ਲਈ । ਪਿਊਸ਼ ਉਦਾਸ ਜਿਹਾ ਹੋ ਕੇ ਕਹਿ ਜਾਂਦਾ ਕਿ ਤੁਸੀਂ ਇਹ ਨਾ ਸੋਚੋ ਕਿ ਫ਼ੌਜ ਵਿੱਚ ਤੁਹਾਡੀ ਜਾਤ, ਬਰਾਦਰੀ, ਧਰਮ ਦੇ ਅਧਾਰ ਉੱਤੇ ਤੁਹਾਡੇ ਨਾਲ ਨਿਆਂ, ਅਨਿਆਂ, ਵਿਤਕਰਾ ਨਹੀਂ ਹੁੰਦਾ । ਪੈਨਸ਼ਨ ਤਾਂ ਕਿਹੜੀ ਮਿਲਣੀ ਸੀ... ਉਸਨੇ ਫ਼ੌਜ ਵਿੱਚ ਅੱਗੇ ਹੋਰ ਸਥਾਈ ਕਮਿਸ਼ਨ ਲੈਣ ਦਾ ਖ਼ਿਆਲ ਹੀ ਛੱਡ ਦਿੱਤਾ । ਉਹ ਇਹ ਵੀ ਦੱਸਦਾ ਹੁੰਦਾ ਸੀ ਕਿ ਉਸਨੂੰ ਫ਼ੌਜੀ ਅਫ਼ਸਰਾਂ ਵਾਲੇ ਵੱ੍ਹਟਸਐਪ ਗਰੁੱਪ ਵਿੱਚ ਆਉਂਦੇ ਪੁਰਾਣੇ ਸਾਥੀਆਂ ਦੇ ਮੈਸੇਜਿਜ਼ ਤੋਂ ਪਤਾ ਲੱਗਦਾ ਰਹਿੰਦਾ ਐ ਕਿ ਉਸਦੇ ਨਾਲ ਦੇ ਹੁਣ ਕਰਨਲ, ਬਰੀਗੇਡੀਅਰ ਬਣ ਚੁੱਕੇ ਹਨ । ਜੇ ਖ਼ਾਨ ਨਾ ਹੁੰਦਾ... ਕੋਈ ਹੋਰ ਹੁੰਦਾ...ਤਾਂ... ਤਾਂ...
ਹਿੰਦੂ ਅਰੋੜਾ-ਖੱਤਰੀ, ਫ਼ੌਜੀ ਹੋਣ ਤੋਂ ਇਲਾਵਾ ਉਹ ਹੋਰ ਵੀ ਸੀ ਕਈ ਕੁੱਝ । ਹੁਣ ਵਾਲੀ ਘਰਵਾਲੀ ਤੋਂ ਜੰਮੀ ਧੀ ਦਾ ਬਾਪ ਸੀ । ਮੇਰੇ ਦਿਮਾਗ ਵਿੱਚ ਲੱਗੀ ਸੀ ਡੀ ਘੁੰਮਣ ਤੋਂ ਕਦੇ ਨਹੀਂ ਹਟਦੀ । ਇਹ ਗੱਲ ਵੀ ਮੈਨੂੰ ਖੱਬਿਓਂ ਸੱਜਿਓਂ ਪਤਾ ਲੱਗੀ ਕਿ ਫ਼ੌਜ ਤੋਂ ਵਿਹਲਾ ਹੋ ਕੇ ਆਏ, ਮੇਰੇ ਨਾਲ ਸਿਵਲ ਸਰਵਿਸ ਵਿੱਚ ਭਰਤੀ ਹੋਣ ਤੋਂ ਬਾਅਦ ਪਿਊਸ਼ ਦਾ ਪਹਿਲਾਂ 'ਪਹਿਲਾ' ਵਿਆਹ ਹੋਇਆ ਸੀ । ਅੱਜਕਲ ਜਮਾਨਾ ਨੀਂ ਰਿਹਾ ਕਿਸੇ ਨੂੰ ਅੰਦਰਲੀ, ਪਰਸਨਲ ਗੱਲ ਪੁੱਛਣ ਦਾ । ਨਾਲੇ ਬੰਦੇ ਦੀ ਜ਼ੁਬਾਨ ਦੱਸਣ ਦੀ ਬਜਾਏ ਲੁਕੋਣ ਦਾ ਕੰਮ ਬਹੁਤਾ ਕਰਦੀ ਐ । ਤਾਂ ਵੀ ਇੱਕ ਦਿਨ ਜਿਗਰਾ ਕਰਕੇ ਪੁੱਛ ਹੀ ਲਿਆ:
'' ਪਿਊਸ਼ ਪਹਿਲਾਂ ਤੇਰਾ ਵਿਆਹ ਕੀਹਦੇ ਨਾਲ ਹੋਇਆ ਸੀ?''
''ਲੁਧਿਆਣੇ ਕਾਲਿਜ 'ਚ ਇੰਗਲਿਸ਼ ਦੀ ਲੈਕਚਰਾਰ ਲੱਗੀ ਹੋਈ ਸੀ ।''
'' ਅੱਛਿਆ!! ਲੁਧਿਆਣੇ ਦੇ ਅਰੋੜਿਆਂ, ਖੱਤਰੀਆਂ ਦੀ ਧੀ ਸੀ ।''
'' ਨਾ ਨਾ । ਨਾ ਖੱਤਰੀ । ਨਾ ਅਰੋੜੇ । ਬਾਣੀਏ ਸਨ । ਪੱਕੇ ਬਾਣੀਏ ।''
'' ਇੰਟਰਕਾਸਟ ਮੈਰਿਜ ਹੋਈ ਸੀ?''
''ਹਾਂਅ, ਹਾਂ । ਅਗਰਵਾਲ ਸਨ ।''
'' ਉਸ ਵਿਆਹ 'ਚੋਂ ਬੱਚਾ ਵੀ ਸੀ ਕੋਈ?'' ਗੱਲ ਚੱਲ ਪਈ ਤਾਂ ਮੈਂ ਉਸਦੀ ਜਿਰਹਾ ਕਰਨ 'ਤੇ ਉਤਰ ਆਇਆ ।
'' ਨਾ, ਨਾ । ਬੱਚੇ ਤੱਕ ਤਾਂ ਗੱਲ ਈ ਨੀਂ ਪਹੁੰਚੀ । ਪਹਿਲਾਂ ਈ ਖੜਕਾ ਦੜਕਾ ਹੋ ਗਿਆ । ਬੜੇ ਖੱਬੀਖ਼ਾਨ ਸਨ । ਤੂੰ ਜਾਣਦਾ ਨੀਂ ਓਸ ਡੀ ਸੀ ਨੂੰ ਜਿਹੜਾ ਕਦੇ ਕਦੇ ਅਖ਼ਬਾਰਾਂ 'ਚ ਲੇਖ ਲਿਖਦਾ ਹੁੰਦਾ ਸੀ, ਜਿਹੜਾ? ਕਿੱਥੇ? ਡੀ ਸੀ ਲੱਗਾ ਸੀ, ਜਦੋਂ ਤੂੰ ਪੱਟੀ ਸਵ-ਡਿਵੀਜ਼ਨ 'ਚ ਸੀ...''
'' ਆਹੋ ਤਰਨਤਾਰਨ ਡੀ ਸੀ ਹੁੰਦਾ ਸੀ ।''
'' ਓਹਦਾ ਤਾਇਆ ਸੀ ।''
'' ਹੈਂਅ, ਹੈਂਅ!!''
''ਉਹਨਾਂ ਤਾਂ ਮੇਰੇ 'ਤੇ ਦਾਜ ਮੰਗਣ ਦਾ, ਤੇ ਹੋਰ ਕਈ ਕੇਸ ਪੁਆ 'ਤੇ ਸੀ । ਕਿੰਨੀਆਂ ਈ ਧਾਰਾਂਵਾਂ ਲੁਆ ਦਿੱਤੀਆਂ । ਉਹਨਾਂ ਦੀ ਫ਼ੈਮਲੀ 'ਚ ਕਈ ਪੁਲਸ ਅਫ਼ਸਰ ਵੀ ਸਨ । ਉਹਨਾਂ ਤਾਂ ਮੈਨੂੰ ਅਰੈੱਸਟ ਕਰਵਾ ਦਿੱਤਾ ਸੀ । ਕਈ ਦਿਨ ਮੈਂ ਅੰਦਰ ਰਿਹਾ । ਤਾਹੀਂਓਂ ਤਾਂ ਮੈਂ ਓਦੋਂ ਸਸਪੈਂਡ ਹੋਇਆ... ਫਿਰਦਾ ਸੀ ... ਬਹਾਲ ਹੋਣ ਨੂੰ ।''
'' ਹੁਣ ਸੈਕਿੰਡ ਮੈਰਿਜ ਵੀ ਇੰਟਰਕਾਸਟ ਹੋਈ ਐ?''
'' ਨਾ, ਨਾ । ਇੰਟਰਕਾਸਟ ਮੈਰਿਜ ਦੇ ਤਾਂ ਸਾਨੂੰ ਪਹਿਲਾਂ ਈ ਹੱਥ ਲੱਗੇ ਹੋਏ ਸੀ । ਸੈਕਿੰਡ ਮੈਰਿਜ ਤਾਂ ਮੇਰੀ ਆਪਣੀ ਕਾਸਟ ਵਿੱਚ ਹੀ ਹੋਈ ਐ ।''
'' ਇਹ ਕਿਹੜੇ ਸ਼ਹਿਰ ਦੇ ਅਰੋੜੇ-ਖੱਤਰੀ ਨੇ?'' ਅਗਲਾ ਸੁਆਲ ਮੇਰੀ ਕਾਲੀ ਜੀਭ ਉੱਤੇ ਪਹਿਲਾਂ ਹੀ ਬਾਂਹ ਚੁੱਕੀ ਖੜ੍ਹਾ ਸੀ ।
''ਨਹੀਂ ਬਲੀ ਸਰ । ਅਸੀਂ ਖੱਤਰੀ ਨਹੀਂ ਆਂ । ਨਾ ਹੀ ਅਰੋੜੇ ਵਗੈਰਾ ਆਂ । ਅਸੀਂ ਤਾਂ ਬ੍ਰਾਹਮਣ ਆਂ । ਬ੍ਰਾਹਮਣ! ਗੁਰਦਾਸਪੁਰ ਦੇ ਪੰਡਤ ... ''
ਮੈਨੂੰ ਕਾਫ਼ੀ ਝਟਕਾ ਲੱਗਿਆ । ਮੇਰੇ ਅੰਦਰ ਗੇੜੇ ਕੱਟਦੀ, ਘੁੰਮਦੀ 'ਪਿਊਸ਼ ਚਾਵਲਾ' ਨਾਂ ਦੀ ਸੀ ਡੀ ਯੱਕ ਦਮ ਝਟਕਾ ਮਾਰ ਕੇ ਰੁਕ ਗਈ । ਡਾਟਾ ਕਰੱਪਟ ਹੋ ਕੇ ਪੜੇ੍ਹ ਜਾਣ ਤੋਂ ਜੁਆਬ ਦੇ ਗਿਆ । ਮੇਰੇ ਵਜੂਦ ਉੱਤੇ ਵੱਡਾ ਕਾਟਾ ਵੱਜ ਗਿਆ । ਮੈਂ ਅੱਧਾ ਕੁ ਹੋ ਕੇ ਡਰਦੀ ਜਹੀ ਆਵਾਜ਼ ਵਿੱਚ ਕਿਹਾ, '' ਮੈਰਿਟ ਲਿਸਟ ਵਿੱਚ ਤਾਂ ਤੇਰਾ ਨਾਂ ਪਿਊਸ਼ ਚਾਵਲਾ ਲਿਖਿਆ ਹੋਇਆ ਸੀ ।''
'' ਉਹ ਨਾਂ ਬੋਰਡ ਦੀ ਲਿਸਟ ਵਿੱਚ ਕਲੈਰੀਕਲ ਮਿਸਟੇਕ ਕਰਕੇ ਲਿਖਿਆ ਗਿਆ ਸੀ । ਮੈਂ ਆਪਣੇ ਵਲੋਂ ਅਰਜ਼ੀ ਦੇ ਦਿੱਤੀ ਸੀ । ਉਹਨਾਂ ਨੇ ਇਹ ਗਲਤੀ ਬਾਅਦ 'ਚ ਦਰੁਸਤ ਕਰ ਦਿੱਤੀ । ਮੇਰਾ ਨਾਮ ਪਿਊਸ਼ ਚਾਵਲਾ ਨਹੀਂ । ਮੇਰਾ ਅਸਲੀ ਨਾਮ ਪਿਊਸ਼ ਚੰਦਰ ਐ । ਪਿਊਸ਼ ਚੰਦਰ ਸ਼ਰਮਾ ।''
... ਪਿਊਸ਼ ਚੰਦਰ... ਪਿਊਸ਼ ਚਾਵਲਾ... ਪਿਊਸ਼ ਚੰਦਰ ਸ਼ਰਮਾ ... ਮੈਨੂੰ ਸਮਝ ਨਾ ਲੱਗੇ ਕਿ... ਇਹ ਕਿਵੇਂ ਹੋ ਸਕਦੈ... ਮੈਂ ਤਾਂ ਬਾਰਾਂ, ਪੰਦਰਾਂ ਸਾਲਾਂ ਤੋਂ ਆਪਣੇ ਥੋਬੜੇ ਵਿੱਚ ਪਿਊਸ਼ ਦੀ ਸੀ ਡੀ ਚਾਵਲਾ... ਚਾਵਲਾ... ਅਰੋੜਾ, ਖੱਤਰੀ... ਲਿਖ ਲਿਖਕੇ ਭਰ ਦਿੱਤੀ ਸੀ । ਇੰਨੇ ਸਾਲਾਂ ਤੋਂ ਮੇਰੇ ਅੰਦਰ ਅਰੋੜਾ, ਖੱਤਰੀ ਬਣਕੇ ਜਿਊ ਰਹੇ ਪਿਊਸ਼ ਨੂੰ ਮੈਂ ਉਸਦੇ ਮੂੰਹ ਤੋਂ ਇੱਕ ਲਾਈਨ ਦਾ ਛੋਟਾ ਜਿਹਾ ਬਿਆਨ ਸੁਣਕੇ ਪੰਡਤਾਂ ਦਾ ਮੁੰਡਾ ਬਣਾ ਦੇਣ ਦਾ ਆਰਡਰ ਕਿਵੇਂ ਕਰ ਦਿਆਂ??!! ਹੁਣ ਮੇਰੇ ਪੱਲੇ ਕੁੱਝ ਬੋਲਣ, ਪੁੱਛਣ ਦੀ ਕੋਈ ਸੱਤਿਆ ਬਚੀ ਨਹੀਂ ਰਹਿ ਗਈ ਸੀ । ਏਡਾ ਹਾਦਸਾ!!
***
ਏਸ ਹਾਦਸੇ ਤੋਂ ਬਾਅਦ ਖਾਸ ਕਰ ਮੈਂ... ਪਿਊਸ਼ ਵੀ... ਆਪੋ ਆਪਣਾ ਟੋਕਰਾ ਸਿਰ 'ਤੇ ਚੁੱਕੀ ਦਫ਼ਤਰ-ਦਰ-ਦਫ਼ਤਰ ਨੌਕਰੀ ਕਰਦੇ ਰਹੇ । ਸਾਨੂੰ ਦੋਵਾਂ ਨੂੰ ਕੋਈ ਸ਼ਕਤੀ ਕਿਤੇ, ਕਿਸੇ ਦਫ਼ਤਰ ਵਿੱਚ ਟਿਕ ਕੇ ਇੱਕ ਛਿਮਾਹੀ ਤੋਂ ਵੱਧ ਕੰਮ ਨਾ ਕਰਨ ਦੇਂਦੀ । ਅਮੂਮਨ ਸਾਡੀ ਦੋਵਾਂ ਦੀ ਬਦਲੀ ਹੋ ਜਾਂਦੀ । ਕਈ ਵਾਰ ਅਸੀਂ ਦੋਵੇਂ ਇੱਕ ਦੂਜੇ ਦੀ ਥਾਂ ਲੱਗੇ । ਜੇ ਅਸੀਂ ਇੱਕੋ ਜ਼ਿਲ੍ਹੇ ਵਿੱਚ ਲੱਗ ਜਾਂਦੇ ਤਾਂ ਚੰਡੀਗੜ੍ਹ ਤੋਂ ਇੱਕੋ ਕਾਰ ਵਿੱਚ ਜਾਂਦੇ । ਸੋਮਵਾਰ ਨੂੰ ਸਵੇਰੇ ਦਫ਼ਤਰ ਨੂੰ ਤੁਰਨ ਲੱਗੇ ਕਾਰ ਮੈਂ ਚਲਾਉਂਦਾ । ਸ਼ੁਕਰਵਾਰ ਨੂੰ ਵੀਕ ਐਂਡ 'ਤੇ ਘਰਾਂ ਨੂੰ ਵਾਪਸ ਮੁੜਦੇ ਤਾਂ ਕਾਰ ਪਿਊਸ਼ ਚਲਾਉਂਦਾ । ਹਨੇਰੇ 'ਚ ਡਰਾਈਵ ਕਰਨ ਤੋਂ ਮੈਂ ਹਮੇਸ਼ਾ ਟਲਦਾ ਹੁੰਦਾ । ਅਸਲ ਗੱਲ ਇਹ ਹੁੰਦੀ ਕਿ ਸ਼ਾਮ ਨੂੰ ਮੈਂ ਪੀਤੀ ਹੁੰਦੀ... ਚਲਦੀ ਕਾਰ 'ਚ ਵੀ ਮੂਹਰਲੀ ਖੱਬੀ ਸੀਟ 'ਤੇ ਬੈਠਾ ਬਿਸਲੇਰੀ ਦੀ ਬੋਤਲ 'ਲੂਚ ਪਊਏ ਤੋਂ ਵੱਧ ਪਾਈ ਦਾਰੂ ਖਿੱਚੀ ਜਾਂਦਾ ਤੇ ਪਿਊਸ਼ ਦੇ ਝੋਲਿਆਂ 'ਚੋਂ ਕੱਢਿਆ ਸਮਾਨ ਖਾਈ ਜਾਂਦਾ... ਸਫ਼ਰ ਵਿੱਚ ਪਿਊਸ਼ ਦੋ ਤਿੰਨ ਬੈਗ ਸਮਾਨ ਦੇ ਭਰੇ ਨਾਲ ਲੈ ਕੇ ਤੁਰਦਾ ਹੁੰਦਾ ਸੀ । ਬਹੁਤਾ ਖਾਣ ਦਾ ਸਮਾਨ ਉਸਨੇ ਫ਼ੌਜੀ ਕੰਨਟੀਨ ਤੋਂ ਖਰੀਦਿਆ ਹੁੰਦਾ । ਕਈ ਤਰ੍ਹਾਂ ਦੇ ਮਿੱਠੇ ਨਮਕੀਨ ਬਿਸਕੁੱਟ, ਪਲਾਸਟਿਕ ਦੀਆਂ ਡੱਬੀਆਂ 'ਚ ਬੰਦ ਭਾਂਤ ਭਾਂਤ ਦੀਆਂ ਮਠਿਆਈਆਂ, ਫਲ-ਫ਼ਰੂਟ, ਸੁੱਕੇ ਮੇਵੇ... ਸੁਆਮੀ ਬਾਬਾ ਰਾਮ ਦੇਵ ਦੇ ਮੁਰੱਬੇ, ਚਵਨਪਰਾਸ਼ । ਆਂਵਲਾ ਕੈਂਡੀ... ਪੂਰੀ ਦੁਕਾਨ ਚੁੱਕੀ ਹੁੰਦੀ । ਪੀਣ ਲਈ ਬੋਤਲਾਂ 'ਚ ਭਰਿਆ ਆਰ.ਓ. ਦਾ ਪਾਣੀ । ਅਸੀਂ ਦੋਵੇਂ ਫਲ-ਫ਼ਰੂਟ, ਮਠਿਆਈ ਦਾ ਅੱਧਾ ਅੱਧਾ ਪੀਸ ਖਾ ਕੇ ਸਮੇਂ ਦੀਆਂ ਸਰਕਾਰਾਂ ਦੇ ਨੇਤਾ, ਨੀਤਾਂ ਅਤੇ ਨੀਤੀਆਂ ਦੇ ਬਖੀਏ ਉਧੇੜਦੇ, ਬਹਿਸ ਕਰਦੇ ਗੱਡੀ ਦੱਬੀ ਰੱਖਦੇ । ਸਫ਼ਰ ਕਟੀ ਜਾਂਦਾ । ਜ਼ਿੰਦਗੀ ਤੁਰੀ ਜਾਂਦੀ । ਤੁਰਦੀ ਰਹੀ ।
***
ਉਸ ਵਾਰੀ ਪਿਊਸ਼ ਮੇਰੇ ਤੋਂ ਵੀ ਚੌਵੀ ਕਿੱਲੋਮੀਟਰ ਅਗਾਂਹ ਸ਼ਾਹਕੋਟ ਲੱਗਿਆ ਹੋਇਆ ਸੀ । ਸ਼ੁਕਰਵਾਰ ਨੂੰ ਮੇਰੀ ਸਰਕਾਰੀ ਕੋਠੀ ਤੱਕ ਪੁੱਜਦਾ ਉਹ ਲੇਟ ਹੋ ਗਿਆ ਸੀ । ਕਿਚਨ ਵਿੱਚ ਮਾਂਹ ਛੋਲਿਆਂ ਦੀ ਥੋੜ੍ਹੀ ਜਹੀ ਦਾਲ ਦੁਪਹਿਰ ਦੀ ਬਚੀ ਪਈ ਸੀ । ਮੈਂ ਚੌਕੀਦਾਰ ਨੂੰ ਕਿਹਾ ਕਿ ਪੰਜ ਸੱਤ ਮੁੱਠੀਆਂ ਚੌਲਾਂ ਦੀਆਂ ਉਬਾਲ ਕੇ ਰੱਖ ਲਵੇ । ਪਿਊਸ਼ ਨੂੰ ਮੇਰੇ ਤੱਕ ਪੁੱਜਦੇ ਸੱਤ ਵੱਜ ਗਏ । ਗਰਮੀ ਵਿੱਚ ਭੁੱਖ ਮੈਨੂੰ ਵੀ ਲੱਗੀ ਪਈ ਸੀ, '' ਪਿਊਸ਼ ਖਾਣਾ ਕੁਸ਼?'' ਲੇਟ ਤਾਂ ਹੋ ਈ ਗਏ ਸੀ । ਵਾਪਸੀ ਦਾ ਸਫ਼ਰ ਵੀ ਏਨੀ ਟਰੈਫਿਕ 'ਚ ਚਾਰ ਘੰਟੇ ਤੋਂ ਪਹਿਲਾਂ ਨਹੀਂ ਸੀ ਮੁੱਕਣਾ । ਪਿਊਸ਼ ਸਿੱਧਾ ਚੌਕੀਦਾਰ ਨੂੰ ਹੀ ਕਾਹਲੀ 'ਚ ਕਹਿਣ ਲੱਗਾ, ''ਬੱਲਿਆ, ਭੁੱਖ ਬੜੀ ਜ਼ੋਰ ਦੀ ਲੱਗੀ ਆ । ਟੈਮ ਬਿਲਕੁਲ ਨੀਂ ਹੈਗਾ । ਜੋ ਕੁੱਝ ਹੈਗਾ ਇੱਕੋ ਪਲੇਟ 'ਚ ਇੱਕੋ ਵਾਰੀ ਈ ਉਲੱਦ ਕੇ ਲੈ ਆ ਸਾਰਾ । ਦੋ ਚਮਚੇ ਵੀ ਵਿੱਚ ਈ ਸੁੱਟਦਾ ਲਈ ਆਵੀਂ ।'' ਮੈਂ ਦੋ ਪੈੱਗ ਵੀ ਖਿੱਚ ਗਿਆ । ਇੱਕੋ ਪਲੇਟ 'ਚੋਂ ਦਾਲ ਚੌਲ ਵੀ ਅਸੀਂ ਫ਼ਟਾਫ਼ਟ ਧੂਹ ਦਿੱਤੇ । ਪਿਊਸ਼ ਦੇ ਕਾਰ ਤੋਰਦਿਆਂ ਮੈਂ ਸੋਚਿਆ: ਜਦੋਂ ਘਰਾਂ ਤੋਂ ਦੋ ਸੌ ਕਿੱਲੋਮੀਟਰ ਦੀ ਦੂਰੀ 'ਤੇ ਨੌਕਰੀ ਕਰਦਿਆਂ ਤਿੰਨ ਡੰਗ ਰੋਟੀ ਲਈ ਦੂਸਰਿਆਂ ਦੇ ਹੱਥਾਂ ਵੱਲ ਝਾਕਣਾ ਪੈਂਦਾ ਤਾਂ ਸਾਰੀ ਅਫ਼ਸਰੀ ਭੁੱਲ ਜਾਂਦੀ ਐ । ਕਾਰ ਨੇ ਸਪੀਡ ਫੜ ਲਈ । ਓਦਣ ਮੈਂ ਕਾਫ਼ੀ ਪੀ ਗਿਆ । ਉੱਚੀ ਉੱਚੀ ਗੱਪਾਂ ਮਾਰਦਾ ਮੈਂ ਪਿਊਸ਼ ਦੇ ਬੈਗ 'ਚੋਂ ਸਮਾਨ ਕੱਢ-ਕੱਢ ਆਪ ਵੀ ਖਾਈ ਗਿਆ... ਤੇ ਗੱਡੀ ਚਲਾਉਂਦੇ ਪਿਊਸ਼ ਨੂੰ ਵੀ ਫੜਾਈ ਗਿਆ... ਤੇ ਜਦੋਂ ਮੈਂ ਬਕ ਮਾਰਨ ਤੋਂ ਨਾ ਹਟਿਆ ਤਾਂ ਪਿਊਸ਼ ਨੇ ਮੌਨ ਧਾਰਨ ਕਰ ਲਿਆ ... ਗੱਡੀ ਨੂੰ ਦੱਬੀ ਰੱਖਿਆ ।
ਜਦੋਂ ਅਸੀਂ ਕੁਰਾਲੀ ਲੰਘ ਆਏ ਤਾਂ ਸੜਕ ਵਿਚਕਾਰ ਬੱਸ ਅਤੇ ਟੈਂਪੂ ਦੇ ਐਕਸੀਡੈਂਟ ਕਾਰਨ ਲੱਗੇ ਟ੍ਰੈਫ਼ਿਕ ਦੇ ਜਾਮ ਨੂੰ ਦੇਖ ਕੇ ਮੈਂ ਤ੍ਰਬਕ ਗਿਆ । ਘਰ ਪੁੱਜਣ ਨੂੰ ਕਾਹਲਾ ਪੈ ਗਿਆ... ਤੇ ਅਵਾ ਤਵਾ ਬੋਲਣ ਲੱਗਿਆ... ਬੋਲਦਾ ਰਿਹਾ... ਬੋਲਦਾ ਰਿਹਾ... ਤੇ... ਤੇ ਆਹ ਕੀ ਹੋ ਗਿਆ... ਹੇ ਮੇਰੇ ਮਾਲਕ?
ਹੈਂ ਆਹ ਕੀ ਹੋ ਗਿਆ?? ਮੇਰੇ ਬਕ ਬਕ ਬੋਲਦੇ ਸ਼ਰਾਬੀ ਮੂੰਹ ਵਿੱਚੋਂ ਤਰਲ ਪਦਾਰਥ ਦਾ ਇੱਕ ਤੁਪਕਾ ਬੁੜ੍ਹਕ ਕੇ ਪਿਊਸ਼ ਦੇ ਅੱਡੇ ਹੋਏ ਮੂੰਹ ਵਿੱਚ ਬੋਫ਼ਰਜ਼ ਤੋਪ ਦੇ ਗੋਲੇ ਵਾਂਗ ਜਾ ਗਿਰਿਆ । ਉਹ ਥੱਕਿਆ ਹੋਇਆ ਬਾਸੀਆਂ ਲੈ ਰਿਹਾ ਸੀ, ...ਹੈਂ? ਮੇਰੀ ਜੀਭ ਤਾਲੂਏ ਨੂੰ ਜਾ ਲੱਗੀ । ਮੈਂ ਡਰਕੇ ਅੱਖਾਂ ਮੀਚ ਲਈਆਂ । ਕੋਈ ਗੋਲਾ ਮੇਰੇ 'ਤੇ ਵੀ ਡਿੱਗਣ ਨੂੰ ਤਿਆਰ ਸੀ । ਹੌਲਿਆ ਹੋਇਆ ਮੈਂ ਬਿਲਕੁਲ ਬੇਜ਼ੁਬਾਨ ਹੋ ਗਿਆ । ਕੀ ਕਰਾਂ ਹੁਣ ਮੈਂ? .. ਪਿਊਸ਼ ਤਾਂ ਕੇਵਲ ਸਾਤਵਿਕ ਭੋਜਨ ਕਰਦਾ ਸੀ । ਇਹ ਮੈਂ ਕੀ ਝੱਲ ਖਿੰਡਾ ਦਿੱਤਾ । ਮੈਂ ਸੁੰਨ ਹੋ ਕੇ ਕੰਬ ਗਿਆ । ਘਬਰਾਇਆ ਹੋਇਆ ਕੁੱਝ ਭਿਆਨਕ ਵਾਪਰਨ ਦੀ ਲੰਮੀ ਉਡੀਕ 'ਚ ਬੈਠਿਆ ਰਿਹਾ । ਹੁਣ ਕੀ ਕਰੇਗਾ ਪਿਊਸ਼? ਕੀ ਕਰੇਗਾ ਉਹ? ਦਏਗਾ ਮੇਰੇ ਕੰਨਾਂ 'ਤੇ ਇੱਕ ...
ਪਿਊਸ਼ ਨੇ ਮੇਰੇ ਡਰ ਦੇ ਲੰਮੇ ਸਫ਼ਰ ਦੁਰਾਨ ਮੂੰਹ ਵਿੱਚ ਹੋਰ ਥੁੱਕ ਪੈਦਾ ਕੀਤਾ... ਉਸ ਦੀ ਇਹ ਜੁਗਤ ਯਾਦ ਕਰਦਿਆਂ ਹਰ ਵਾਰ ਮੇਰੀਆਂ ਅੱਖਾਂ ਭਰ ਆਉਂਦੀਆਂ... ਤੇ ਬਾਰੀ ਦਾ ਸ਼ੀਸ਼ਾ ਥੱਲੇ ਕਰਦੇ ਨੇ ਖੰਘਾਰਦੇੇ, ਜ਼ੋਰ ਦੀ ਆਵਾਜ਼ ਕਰਦਿਆਂ ਬਾਹਰ ûੱਕ ਦਿੱਤਾ । ਖਿੜਕੀ ਦਾ ਸ਼ੀਸ਼ਾ ਬੰਦ ਕੀਤਾ । ਮੂੰਹ ਬੰਦ ਕਰਕੇ ਸਿੱਧਾ ਦੇਖਣ ਲੱਗਿਆ । ਗੱਡੀ ਗੇਅਰ 'ਚ ਪਾ ਦਿੱਤੀ...ਤੇ...ਤੇ ਹੁਣ ਕੇਵਲ ਸਫ਼ਰ ਮੁਕਾਉਂਦੀ ਕਾਰ ਦੀ ਆਵਾਜ਼ ਆ ਰਹੀ ਸੀ । ਕੋਈ ਕੁੱਝ ਨਾ ਬੋਲ ਸਕਿਆ । ਬੜਾ ਲੰਬਾ ਸਮਾਂ ਲੱਗਿਆ ਗੱਡੀ ਅੰਦਰਲੇ ਮਹੌਲ ਨੂੰ ਢਿੱਲਾ ਹੁੰਦਿਆਂ... ਗੱਡੀ ਦਾ ਮੂਹਰਲਾ ਸੱਜਾ ਟਾਇਰ ਸੜਕ ਦੇ ਟੋਏ ਵਿੱਚ ਵੱਜਿਆ ਤਾਂ... ਤਾਂ ਪਿਊਸ਼ ਨੇ ਬਰੇਕ ਧਰਤੀ 'ਚ ਗੱਡ ਦਿੱਤੀ, ਤੇ ਗੱਡੀ ਅੰਦਰ ਪਸਰੀ ਡਰਾਵਣੀ ਚੁੱਪ ਤੋਂ ਮੇਰੀ ਖਲਾਸੀ ਕਰਾਈ:
'' ਸੜਕ 'ਚ ਐਡੇ ਵੱਡੇ ਵੱਡੇ ਟੋਏ ਕਿਸੇ ਕੰਜਰ ਨੂੰ ਨਹੀਂ ਦਿੱਸਦੇ । ਹੈ ਈ ਨੀਂ ਕੋਈ ਜਿਉਂਦਾ ਜਾਗਦਾ । ਨਿਗ੍ਹਾ ਈ ਮੁੱਕ ਗਈ''
ਚੰਗਾ ਝੂਟਾ ਵੱਜਿਆ । ਅਸੀਂ ਹੋਰ ਸੰਭਲ ਕੇ ਆਪਣੇ ਸਰੀਰ ਦੇ ਪਿੰਜਰਿਆਂ ਨੂੰ ਨਵੇਂ ਸਿਰੇ ਤੋਂ ਸੀਟਾਂ 'ਚ ਸੰਭਾਲਿਆ... ਪਿਛਲੀ ਸੀਟ 'ਚ ਫਸਾਏ ਸਾਡੇ ਬੈਗ ਹਿੱਲ ਕੇ ਇੱਕ ਦੂਜੇ ਨਾਲ ਮੁੜ ਤੋਂ ਟਿਕ ਗਏ । ਹੋਏ ਹਾਦਸੇ ਬਾਰੇ ਅਸੀਂ ਹੋਰ ਕੋਈ ਗੱਲ ਨਾ ਕਰ ਸਕੇ । ਤੇ ਇਹ ਸਮਝਦਿਆਂ ਕਿ ਕੁੱਝ ਨਹੀਂ ਹੋਇਆ:
'' ਚੰਗਾ ਭਰਾ''
'' ਚੰਗਾ... '', ਕਹਿੰਦਿਆਂ ਆਪੋ ਆਪਣੇ ਘਰੀਂ ਜਾ ਵੜੇ ।
***
ਪਿਛਲੀਆਂ ਵਿਧਾਨ ਸਭਾ ਚੋਣਾਂ ਦੁਰਾਨ ਮੈਂ ਸਤਲੁਜ ਦਰਿਆ ਦੇ ਕੰਢੇ ਪੈਂਦੀ ਤਹਿਸੀਲ ਵਿੱਚ ਪਿਊਸ਼ ਦੀ ਥਾਂ ਉੱਤੇ ਦੂਸਰੀ ਵਾਰ ਜਾ ਲਿੱਗਆ । ਚੋਣ ਕਮਿਸ਼ਨ ਨੇ ਸਾਨੂੰ ਦੋਵਾਂ ਨੂੰ ਫ਼ੋਰਨ ਇੱਕ ਦੂਸਰੇ ਦਾ ਚਾਰਜ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਰਿਪੋਰਟ ਕਰਨ ਦਾ ਸਖ਼ਤ ਹੁਕਮ ਮੇਲ ਕਰ ਦਿੱਤਾ ਸੀ । ਕੋਈ ਜੁਆਇਨਿੰਗ ਟਾਇਮ ਨਹੀਂ ਸੀ ਦਿੱਤਾ ਗਿਆ । ਸਰਕਾਰੀ ਜਮੀਨ ਦੇ ਗੱਭਿਓਂ ਲੰਘਦੀ ਸੜਕ ਦੇ ਇੱਕ ਪਾਸੇ ਮੇਰਾ ਦਫ਼ਤਰ, ਸਮੇਤ ਸਰਕਾਰੀ ਰਿਹਾਇਸ਼ । ਦੂਜੇ ਪਾਸੇ ਸਰਕਾਰੀ ਹਸਪਤਾਲ । ਜਿਦਣ ਮੈਂ ਜੁਆਇਨ ਕੀਤਾ ਓਦਣ ਵੀਰਵਾਰ ਸੀ । ਇਸੇ ਹਸਪਤਾਲ ਵਿੱਚ ਹਫ਼ਤੇ ਦੇ ਹਰ ਵੀਰਵਾਰ ਦੀ ਰਾਤ ਨੂੰ ਐਮਰਜੈਂਸੀ ਵਾਰਡ ਦੀ ਡਿਊਟੀ ਕਰਦੇ ਡਾਕਟਰ ਰਸ਼ਪਾਲ ਨਾਲ ਮੇਰੀ ਮੁਲਾਕਾਤ ਪਿਊਸ਼ ਨੇ ਹੀ ਕਰਵਾਈ ਸੀ । ਪਿਊਸ਼ ਤਾਂ ਜਦੇ ਈ ਤੁਰ ਗਿਆ ਅੰਮਿ੍ਤਸਰ ਨੂੰ ਜਿੱਥੇ ਉਸ ਨੇ ਅੰਮਿ੍ਤਸਰ ਵੈਸਟ ਹਲਕੇ ਦੇ ਰੀਟਰਨਿੰਗ ਅਫ਼ਸਰ ਦੀ ਡਿਊਟੀ ਕਰਨੀ ਸੀ । ਡਾਕਟਰ ਰਸ਼ਪਾਲ ਮੇਰੇ ਨਾਲ ਰਾਤ ਇਕੱਠੇ ਗੁਜਾਰਨ ਦੀ ਸਲਾਹ ਮਿਲਾ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਵੱਲ ਸੜਕ ਪਾਰ ਕਰ ਗਿਆ ਸੀ ।
ਅਸਲ ਵਿੱਚ ਡਾਕਟਰ ਰਸ਼ਪਾਲ ਪਹਿਲਾਂ ਵੀ ਵੀਰਵਾਰ ਦੀ ਹਰ ਰਾਤ ਏਸੇ ਸਰਕਾਰੀ ਕੋਠੀ ਵਿੱਚ ਪਿਊਸ਼ ਨਾਲ ਸਾਂਝੀ ਕੱਟਦਾ ਹੁੰਦਾ ਸੀ । ਕੋਈ ਡਾਕਟਰ ਦੋਸਤ ਬਣਾਈ ਰੱਖਣਾ ਕੀ ਮਾੜਾ, ਇਹੀ ਸੋਚਦਾ ਮੈਂ ਕੋਠੀ ਦਾ ਗੇਟ ਲੰਘ ਗਿਆ । ਪੂਰਬੀਏ ਚੌਕੀਦਾਰ ਨੇ ਰਾਹ ਦੇ ਇੱਕ ਪਾਸੇ ਖੜ੍ਹਕੇ ਸਲਾਮ ਕੀਤੀ, ਤੇ ਕੋਠੀ ਦੇ ਡਰਾਇੰਗ ਰੂਮ ਦਾ ਜਾਲੀ ਵਾਲਾ ਦਰਵਾਜਾ ਮੇਰੇ ਅੰਦਰ ਲੰਘ ਜਾਣ ਤੱਕ ਹੱਥ ਨਾਲ ਰੋਕੀ ਰੱਖਿਆ ।
'' ਕਿਆ ਖਲਾਏਗਾ ਆਜ ਰਾਤ ਮੇਂ?''
'' ਜੋ ਭੀ ਆਪ ਕਾ ਹੁਕਮ ਹੋ । ਪਿਊਸ਼ ਸਾਹਿਬ ਤੋ ਦਾਲ-ਫੁਲਕਾ ਹੀ ਖਾਤੇ ਥੇ । ਉਨਹੋਂ ਨੇ ਸਾਰਾ ਸਾਮਾਨ ਭਰ ਰੱਖਾ ਹੈ ਕਿਚਨ ਮੇਂ । ਅਭੀ ਭੀ ਬਹੁਤ ਪੜਾ ਹੈ । ਆਪ ਜੋ ਕਹੇਂ ।''
''ਡਾਕਟਰ ਕਬ ਸੇ ਆ ਰਹਾ ਇਧਰ ਪਿਊਸ਼ ਕੇ ਪਾਸ?'' ਮੈਂ ਵੈਸੇ ਈ ਪੁੱਛ ਲਿਆ ।
''ਬਸ ਜਬ ਸੇ ਪਿਊਸ਼ ਸਾਹਿਬ ਆਏ । ਹਰ ਵੀਰਵਾਰ ਸਿਆਮ ਕੋ ਪੱਕਾ । ਆਜ ਤੋ ਡਾਕਟਰ ਸਾਹਿਬ ਤੀਨ ਵਜੇ ਹੀ ਇਧਰ ਆ ਗਏ ਥੇ ।''
''ਅਬ ਕਬ ਲੌਟੇਗਾ ਡਾਕਟਰ?''
''ਕੋਈ ਕੇਸ ਹੋ ਤੋ ਪਤਾ ਨਹੀਂ । ਵੈਸੇ ਆਠ, ਸਾੜੇ ਆਠ ਪਹੁੰਚ ਜਾਤੇ ਹੈਂ ।''
ਮੈਂ ਉਸ ਨੂੰ ਡਾਕਟਰ ਦੇ ਮੁੜ ਆਉਣ ਤੋਂ ਪਹਿਲਾਂ ਦਾਲ-ਫੁਲਕਾ ਤਿਆਰ ਕਰਨ ਲਈ ਕਹਿਕੇ ਰੁਖ਼ਸਤ ਕਰ ਦਿੱਤਾ...ਤੇ ਆਪਣੇ ਦਿਮਾਗ ਵਿੱਚ ਇੱਕ ਹੋਰ ਖਾਲੀ ਸੀ ਡੀ ਲਗਾ ਕੇ ਬੈੱਡ 'ਤੇ ਲੇਟ ਕੇ ਕੁੱਝ ਸੋਚਣਾ ਸ਼ੁਰੂ ਕਰਨ ਲੱਗਿਆ । ਸੀ ਡੀ ਦਾ ਨਾਂ ਰੱਖਿਆ 'ਡਾਕਟਰ ਰਸ਼ਪਾਲ' ।
ਹਰੇਕ ਵੀਰਵਾਰ ਰਾਤ ਦੀ ਐਮਰਜੈਂਸੀ ਡਿਊਟੀ ਵਿੱਚ ਹਾਦਸਿਆਂ... ਲੜਾਈ ਝਗੜਿਆਂ ਦੀ ਵੱਢ-ਕੱਟ ਦੇ ਫੱਟਾਂ, ਅੱਗਾਂ ਸੱਪਾਂ ਕੁੱਤਿਆਂ ਦੇ ਖਾਧੇ ਲੋਕਾਂ, ਗੋਲੀਆਂ ਦੀ ਮਾਰ ਹੇਠ ਆਏ ਮਨੁੱਖੀ ਅੰਗਾਂ... ਧਾਰਾ ਤਿੰਨ ਸੌ ਤੇਈ, ਚੌਵੀ, ਪੱਚੀ, ਛੱਬੀ ਤੋਂ ਵਿਹਲਾ ਹੋ ਕੇ ਰਸ਼ਪਾਲ ਮੇਰੇ ਬੈੱਡ 'ਤੇ ਆ ਟਪਕਦਾ । ਹੁਣ ਮੈਂ ਡਾਕਟਰ ਬਾਰੇ ਕਿਸੇ ਭੁਲੇਖੇ 'ਚ ਨਹੀਂ ਸੀ ਰਹਿਣਾ ਚਾਹੁੰਦਾ । ਪਿਊਸ਼ ਨੂੰ ਅਰੋੜਾ ਜਾਂ ਖੱਤਰੀ ਸਮਝ ਕੇ ਮੈਂ ਬੇਲੋੜੇ, ਵੱਡੇ ਸੰਕਟ 'ਚ ਪਿਆ ਹੋਇਆ ਸਾਂ । ਆਪਣੀ ਜਾਤ ਦੱਸ ਕੇ ਮੈਂ ਉਸ ਤੋਂ ਕਨਫ਼ਰਮ ਕਰ ਲਿਆ ਕਿ ਉਹ ਦੇਖਣ ਨੂੰ ਮੋਨਾ ਪਰ ਜੱਟ ਸਿੱਖ ਸੀ । ਦੋ ਭਾਈਆਂ ਦੀ ਵੰਡ ਵਿੱਚ ਉਸਦੇ ਹਿੱਸੇ ਪੰਦਰਾਂ ਖੇਤ ਤੇ ਦੋ ਮੋਟਰਾਂ ਆਉਂਦੀਆਂ ਸਨ । ਚਕੋਤਾ ਇੱਕ ਕਿੱਲੇ ਮਗਰ ਚਾਲੀ ਹਜਾਰ, ਹਾੜੀ ਸਾਓਣੀ ਦੋ ਕਿਸ਼ਤਾਂ 'ਚ ਆਈ ਜਾਂਦਾ ।
''ਤਨਖ਼ਾਹ ਤਾਂ ਡਾਕਟਰਾਂ ਤੋਂ ਵੱਧ ਕਿਹੜੇ ਸਰਕਾਰੀ ਅਫ਼ਸਰ... ਆਈ. ਏ. ਐੱਸ... ਪੀ. ਸੀ. ਐੱਸ. ਦੀ ਵੀ ਨੀਂ ਹੋਣੀ ।'' ਰਸ਼ਪਾਲ ਖੁੱਲ ਕੇ ਗੱਲਾਂ ਕਰਦਾ । ਮੇਰੀ ਸੀ ਡੀ ਭਰੀ ਜਾਂਦੀ । ਉਹਦੇ ਘਰੋਂ ਵੀ ਓਹਦੇ ਬਰਾਬਰ ਦੀ ਡਾਕਟਰ ਸੀ । ਬਾਪ ਫੂਡ ਸਪਲਾਈ 'ਚੋਂ ਚੰਗੀ ਅਫ਼ਸਰੀ ਤੋਂ ਰਿਟਾਇਰ ਹੋਇਆ ਸੀ ।
''ਬਾਪੂ ਨੇ ਪਹਿਲਾਂ ਸਾ ਇਕਲ ਏ ਚਲਾਇਆ । ਦੇਰ ਬਾਅਦ ਸਕੂਟਰ 'ਤੇ ਚੜਿ੍ਹਆ । ਤਾਂ ਹੀ ਤਾਂ ਮੈਂ ਬਾਪ ਦੇ ਬਚਾਏ ਪੈਸਿਆਂ ਨਾਲ ਕਾਰ 'ਤੇ ਐਸ਼ ਕਰਦਾਂ ।'' ਓਹਦਾ ਗੋਤ ਜੱਟਾਂ ਦੇ ਮਸ਼ਹੂਰ ਗੋਤਾਂ... ਬਰਾੜ, ਸਿੱਧੂ, ਗਿੱਲ, ਕੰਗ, ਵਿਰਕ, ਸੰਧੂ... ਵਿੱਚੋਂ ਨਹੀਂ ਸੀ । ਮੇਰੀ ਸੀ ਡੀ ਓਹਦੇ ਜੱਟ ਗੋਤ ਨੂੰ ਲਿਖਣ, ਪੜ੍ਹਨ ਤੋਂ ਪਾਸਾ ਜਿਹਾ ਵੱਟਦੀ ਸੀ । ਮੈਨੂੰ ਨੀਂ ਪਤਾ ਓਹਦਾ ਗੋਤ । ਕਿਤੇ ਕਿਤਾਬਾਂ 'ਚ ਲਿਖਿਆ ਹੋਣਾ । ਉਹ ਆਪ ਵੀ ਕਹਿ ਦੇਂਦਾ,''ਆਹ ਕਿਹੜਾ ਜੱਟਾਂ ਦਾ ਗੋਤ ਹੋਇਆ'', ਪਰ ਉਹਦਾ ਸੁਭਾਅ ਜੱਟਾਂ ਵਰਗਾ ਹੀ ਸੀ । ਖੁੱਲਾ । ਓਹੋ ਜਿਹਾ ਸੁਭਾਅ ਜਿਵੇਂ ਦਾ ਮੈਂ ਚਾਹੁੰਦਾ ਕਿਸੇ ਦਾ ਹੋਵੇ । ਮੈਂ ਚੌਕੀਦਾਰ ਨੂੰ ਪੱਕਾ ਈ ਹੁਕਮ ਲਾ 'ਤਾ ਬਈ ਹਰੇਕ ਵੀਰਵਾਰ ਰਾਤ ਨੂੰ ਡਿਨਰ ਵਿੱਚ ਬਿਨਾਂ ਪੁੱਛੇ ਚਿਕਨ ਵੀ ਬਣਾ ਇਆ ਕਰੇ । ਮੇਰੇ ਰੋਕਣ ਦੇ ਬਾਵਜੂਦ ਡਾਕਟਰ ਕਿਚਨ ਵਿੱਚ ਜਾ ਵੜਦਾ: ''ਦੇਖੀਏ ਤਾਂ ਸਹੀ ਭੱਈਆ ਕਿਹੜਾ ਚਿਕਨ ਚੱਕ ਲਿਆਇਆ ।'' ਤੇ ਛੁਰੀ ਫੜਕੇ ਚਿਕਨ 'ਤੋਂ ਚਰਬੀ ਲਾਹੁਣ ਲੱਗ ਪੈਂਦਾ । ਮੈਂ ਉਸ ਨੂੰ ਰਸੋਈ ਵਿੱਚ ਕੰਮ ਕਰਨ ਤੋਂ ਰੋਕਿਆ ਤਾਂ ਹੱਸ ਪਿਆ,'' ਚਰਬੀ ਹੁਣ ਤਾਂ ਸਾਹਮਣੇ ਪਈ ਐ । ਕੱਟ ਕੇ ਬਾਹਰ ਸਿੱਟ 'ਤੀ । ਖਾ ਕੇ ਅੰਦਰ ਜਾ ਕੇ ਜੇ ਨਾੜਾਂ 'ਚ ਕੱਠੀ ਹੋ ਕੇ ਫਸ ਗੀ, ਢਾਈ ਲੱਖ ਰੁਪੱਈਆ ਲੱਗੂ ।'' ਉਹ ਕਾਬਿਲ ਸਰਜਨ ਵੀ ਤਾਂ ਸੀ । ਉਹ ਦਾਰੂ ਨੂੰ ਹੱਥ ਨਹੀਂ ਸੀ ਲਾਉਂਦਾ:
''ਬਾਪੂ ਸਾਰੀ ਉਮਰ ਦਾਰੂ ਪੀਂਦਾ ਰਿਹਾ । ਹੁਣ ਵੀ ਰੋਜ਼ ਦਾਰੂ ਪੀਂਦਾ । ਮੇਰੇ ਹਿੱਸੇ ਦੀ ਵੀ ਖਿੱਚ ਗਿਆ'', ਡਾਕਟਰ ਡਟ ਕੇ ਬੋਲਦਾ,''ਇੱਕ ਦਿਨ ਬਾਪੂ ਨੂੰ ਬੁਖ਼ਾਰ ਚੜ੍ਹ ਗਿਆ । ਸਾਰਾ ਘਰ ਸਿਰ 'ਤੇ ਚੱਕ ਲਿਆ । ਘਰ 'ਚ ਦੋ ਐੱਮ ਡੀ ਡਾਕਟਰ ਐ । ਬੁਖ਼ਾਰ ਸਾਲਾ ਖਾ ਲੂ । ਉਤਰ ਜੂੂ ਬੁਖ਼ਾਰ । ਦੁਆਈਆਂ ਈ ਏਨੀਆਂ ਸਟਰੌਂਗ ਆ ਗਈਆਂ ਕਿ ਅਸੀਂ ਦੋਵੇਂ ਮਰੀਜ ਦੇ ਟੀਕਾ ਘੱਟ ਈ ਲਾਉਂਦੇ ਆਂ । ਬਾਪੂ ਸਾਨੂੰ ਗਾਲਾਂ ਕੱਢੇ । ਕਹੇ ਛੇਤੀ ਟੀਕਾ ਲਾ ਕੇ ਮੇਰਾ ਬੁਖ਼ਾਰ ਉਤਾਰੋ... ਸ਼ਾਮ ਤੱਕ ''
'' ਬਾਪੂ ਨੂੰ ਤਕਲੀਫ਼ ਹੋਣੀ...''
''ਕਾਹਨੂੰ । ਉਹਨੂੰ ਐਂ ਸੀ ਬਈ ਜੇ ਸ਼ਾਮ ਤੱਕ ਬੁਖ਼ਾਰ ਨਾ ਉਤਰਿਆ ਤਾਂ ਮੈਂ ਕਿਤੇ ਦਾਰੂ ਪੀਣ ਤੋਂ ਨਾ ਰਹਿ ਜਮਾਂ ।''
ਤਾਂ ਵੀ ਇੱਕ ਸ਼ਾਮ ਮੇਰੇ ਕਹੇ ਦਾ ਮਾਣ ਰੱਖਦਿਆਂ ਰਸ਼ਪਾਲ ਨੇ ਵੈਟ ਸਿਕਸਟੀ ਨਾਈਨ ਦਾ ਮਾਮੂਲੀ ਜਿਹਾ ਪੈੱਗ ਮੂੰਹ ਮਰੋੜਦਿਆਂ ਲਾ ਲਿਆ ਸੀ । ਪੰਜ ਸੱਤ ਮਿੰਟ ਬਾਅਦ ਕਹਿੰਦਾ: '' ਹੈਗਾ ਯਾਰ ਨਸ਼ਾ । ਹੈਗਾ । ਹੁਣ ਮਹਿਸੂਸ ਹੋ ਰਿਹਾ । ਕਮਾਲ ਐ ਮੈਂ ਜੱਟ ਹੋ ਕੇ ਵੀ ਕਦੇ ਸ਼ਰਾਬ ਨੀਂ ਪੀਤੀ ।''
ਡਾਕਟਰੀ ਪੇਸ਼ੇ ਅੰਦਰ ਵਸੀਆਂ ਚੰਗੀਆਂ, ਮੰਦੀਆਂ ਕਰਤੂਤਾਂ ਬਾਰੇ ਉਹ ਦੱਸਦਾ ਨਾ ਥੱਕਦਾ:
... ਨਰਸਾਂ ਤਾਂ ਆਪਣੇ ਆਪ ਨੂੰ ਡਾਕਟਰ ਈ ਸਮਝਦੀਆਂ । ਅਬੌਰਸ਼ਨ, ਡਲਿਵਰੀਆਂ ਕਰ ਕਰਕੇ ਡਾਕਟਰਾਂ ਤੋਂ ਵੱਧ ਪੈਸੇ ਬਣਾਉਂਦੀਆਂ ।
... ਮੈਂ ਵੀ ਸਰਜਨ ਆਂ । ਪਰ ਸਭ ਤੋਂ ਵਧੀਆ ਸਰਜਨ ਤਾਂ ਸ਼ਡਿਊਲਡ ਕਾਸਟਾਂ ਤੇ ਨਾਈਆਂ ਚੋਂ ਨੇ । ਇਹਨਾਂ ਵਰਗੀ ਛੁਰੀ, ਕੈਂਚੀ ਕਿਹੜਾ ਚਲਾ ਲੂ ।
... ਹਰੇਕ ਡਾਕਟਰ ਨਰਸ ਉੱਤੇ ਆਪਣਾ ਹੱਕ ਖਰਾ ਸਮਝਦਾ ।
... ਇਹਨਾਂ ਦੀਆਂ ਕਰਤੂਤਾਂ ਤੋਂ ਜਕਦਿਆਂ ਦੱਸਦਿਆਂ ਸ਼ਰਮ ਆਉਂਦੀ ਬਈ ਮੈਂ ਵੀ ਇਹਨਾਂ ਦੇ ਵਿੱਚੋਂ ਈ ਆਂ ।
ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਉਸਨੂੰ ਆਪਣਾ ਦੋਸਤ ਅਪਣਾ ਲਿਆ ।
ਚੋਣਾਂ ਦਾ ਦਫ਼ਤਰੀ ਕੰਮ ਮੁਕਾ ਕੇ ਅਸੀਂ ਦੋ ਹਫ਼ਤਿਆਂ ਤੋਂ ਸੁਹਣੀ, ਸੌਖੀ ਨੌਕਰੀ ਕਰ ਰਹੇ ਸਾਂ ਕਿ... ਕਿ...ਅਚਾਨਕ ਓਦਣ...
ਡਾਕਟਰ ਨੇ ਅਚਾਨਕ ਓਸ ਵੀਰਵਾਰ ਨੂੰ ਇਹ ਕਿਹੋ ਜਿਹਾ ਦਾਨ ਕਰਨ ਨੂੰ ਮੈਨੂੰ ਮਨਾ ਲਿਆ ਸੀ । ਅਜਿਹਾ ਦਾਨ ਲੋਕੀ ਕਰੀ ਜਾਂਦੇ ਹਨ । ਪਰ ਮੈਂ ਕਦੇ ਇਹ ਦਾਨ ਨਹੀਂ ਸੀ ਕੀਤਾ । ਮੇਰੇ ਮਨ ਵਿੱਚ ਵੀ ਕਦੇ ਨਹੀਂ ਆਈ ਅਜਿਹਾ ਦਾਨ ਕਰਨ ਦੀ ਗੱਲ । ਅਜਿਹਾ ਕੁੱਝ ਦਾਨ ਕਰਨ ਨੂੰ ਤਾਂ ਮੈਨੂੰ ਕਿਸੇ ਪੰਡਤ, ਜੋਤਸ਼ੀ ਨੇ ਵੀ ਕਦੇ ਨਹੀਂ ਸੀ ਕਿਹਾ ।
ਖ਼ੂਨ ਦਾਨ!!
ਉਮਰ ਵਿੱਚ ਮੈਂ ਰਸ਼ਪਾਲ ਤੋਂ ਵੱਡਾ ਆਂ । ਤਾਂ ਵੀ ਉਸਨੂੰ ਨਾਂਹ ਨਹੀਂ ਸੀ ਕਹਿ ਸਕਿਆ । ਉਸਨੇ ਮਰੀਜ਼ ਬੱਚੀ ਦੀ ਨਿਘਰਦੀ ਹਾਲਤ ਦਾ ਵਿਖਿਆਨ ਸੁਣਾਇਆ । ਪਰ ਮੇਰੇ 'ਤੇ ਉਸ ਦੀਆਂ ਇਹਨਾਂ ਗੱਲਾਂ ਨੇ ਕੋਈ ਅਸਰ ਨਾ ਕੀਤਾ । ਜੇ ਮੈਨੂੰ ਸਮਝਾਉਣ ਵਾਲਾ ਕੋਈ ਹੋਰ ਹੁੰਦਾ ਤਾਂ ਮੈਂ ਕਦੇ ਨਾ ਮੰਨਦਾ । ਹਾਂ ਕਹਿਕੇ ਵੀ ਮੈਂ ਦੁਵਿਧਾ ਵਿੱਚ ਹੀ ਰਿਹਾ । ਉਸਨੇ ਖ਼ੂਨ ਦਾਨ ਕਰਨ ਦੇ ਮੈਨੂੰ ਆਪ ਨੂੰ ਹੋਣ ਵਾਲੇ ਸਰੀਰਕ ਫ਼ਾਇਦੇ ਵੀ ਗਿਣਾਉਣੇ ਸ਼ੁਰੂ ਕਰ ਦਿੱਤੇ ।
''ਤੁਸੀਂ ਚਿੰਤਾ ਛੱਡੋ । ਥਿੰਕ ਪੌਜ਼ੇਟਿਵ । ਬੀ ਪੌਜ਼ੇਟਿਵ ਯਾਰ । ਮੈਂ...ਇੱਕ ਡਾਕਟਰ ਨੇ ਵੀ ਨਾਲ ਜਾਣਾ । ਮੈਂ ਵੀ ਨਾਲ ਹੀ ਉਸੇ ਮਰੀਜ਼ ਬੱਚੀ ਲਈ ਬਲੱਡ ਡੋਨੇਟ ਕਰਨਾ । ਮੈਂ, ਤੁਸੀਂ ਤੇ ਪਿਊਸ਼ ... ਆਪਾਂ ਤਿੰਨਾਂ ਨੇ ਤਿੰਨ ਯੂਨਿਟ ਖ਼ੂਨ ਦਾਨ ਕਰਨਾ । ਡਰਨ ਦੀ ਕੋਈ ਗੱਲ ਨੀਂ । ਬੰਦੇ ਦੀ ਤਿੱਲੀ 'ਚ ਢਾਈ ਲੀਟਰ ਖ਼ੂਨ ਰੀਜ਼ਰਵ ਪਿਆ ਰਹਿੰਦਾ । ਕੋਈ ਫ਼ਰਕ ਨਹੀਂ ਪੈਂਦਾ । ਬੌਡੀ ਦਾਨ ਕੀਤੇ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਖ਼ੂਨ ਬਣਾਉਣ ਦੀ ਪ੍ਰਕਿਰਿਆ ਨਾਲ ਦੀ ਨਾਲ ਸ਼ੁਰੂ ਕਰ ਦਿੰਦੀ ਐ । ''
'' ਅੱਛਿਆ ਪਿਊਸ਼ ਵੀ ਹੋਊ'', ਪਿਊਸ਼ ਦੇ ਵੀ ਨਾਲ ਹੋਣ ਦੀ ਛੋਟੀ ਜਹੀ ਖੁਸ਼ੀ ਮਹਿਸੂਸ ਹੋਈ ।
'' ਪਿਊਸ਼ ਨੇ ਤਾਂ ਚਾਰ ਮਹੀਨੇ ਪਹਿਲਾਂ ਵੀ ਏਸੇ ਮਰੀਜ਼ ਨੂੰ ਬਲੱਡ ਡੋਨੇਟ ਕੀਤਾ ।''
ਅਜੀਬ ਨਾਂ ਸੀ ਬੀਮਾਰੀ ਦਾ । ਥੈਲਾਸੀਮੀਆ । ਰਸ਼ਪਾਲ ਦੇ ਇੱਕ ਕੁਲੀਗ ਦੀ ਨੌਂ ਸਾਲ ਦੀ ਬੱਚੀ ਨੂੰ ਇਸ ਬੀਮਾਰੀ ਦਾ ਭੂਤ ਚਿੰਬੜ ਗਿਆ ਸੀ ।
''ਅਜਿਹੇ ਮਰੀਜ਼ਾਂ ਦਾ ਆਪਣਾ ਸਰੀਰ ਆਪਣੇ ਲਈ ਵੀ ਖ਼ੂਨ ਨਹੀਂ ਬਣਾਉਂਦਾ । ਇਹ ਲੋਕ ਦੂਸਰਿਆਂ ਦੇ ਦਾਨ ਕੀਤੇ ਖ਼ੂਨ ਉੱਤੇ ਹੀ ਜਿਉਂਦੇ ਰਹਿ ਸਕਦੇ ਹਨ । ਐਵਰੇਜ ਲਾਈਫ਼ ਪੈਤੀਂ ਸਾਲ... ਵੱਧ ਤੋਂ ਵੱਧ ਚਾਲੀ । ਉਹ ਵੀ ਸੌਆਂ 'ਚੋਂ ਕੋਈ, ਕਿਸੇ ਇੱਕ ਦੀ ।''
'' ਕਿਹਨਾਂ ਦੀ ਕੁੜੀ ਐ?'' ਮੇਰੀ ਸੀ ਡੀ ਫੇਰ ਹਿੱਲਣ ਲੱਗੀ ।
'' ਕਿਹਨਾਂ ਦੀ ਕੁੜੀ ਐ!!'' ਰਸ਼ਪਾਲ ਖਿਝਿਆ ਜਿਹਾ ਲੱਗਿਆ,''ਮੁਰਦਿਆਂ, ਮੰਗਤਿਆਂ ਦੀ ਵੀ ਕੋਈ ਜਾਤ ਹੁੰਦੀ ਐ...''
ਖ਼ੂਨ ਦਾਨ ਕਰਨ ਦਾ ਪ੍ਰੋਗਰਾਮ ਡੀ ਐਮ ਸੀ ਹਸਪਤਾਲ ਵਿੱਚ ਬਾਅਦ ਦੁਪਹਿਰ ਸ਼ੁਕਰਵਾਰ ਦਾ ਰੱਖਿਆ ਗਿਆ ਸੀ । ਪਿਊਸ਼ ਚਾਵਲੇ...ਸੌਰੀ ਪਿਊਸ਼ ਚੰਦਰ ਨੇ ਅੱਜ ਮੈਨੂੰ ਬਹੁਤ ਸਹਿਜ ਹੋ ਕੇ ਜੱਫੀ ਪਾਈ ।
'' ਹੋਰ ਬਲੀ ਸਰ! ਕੀ ਹਾਲ ਐ? ਕਿਵੇਂ ਚੱਲ ਰਿਹਾ ਤੁਹਾਡੇ ਦਫ਼ਤਰ ਦਾ ਬੱਘੀਖਾਨਾ ।'' .
"ਸਭ ਠੀਕ ਐ । ਚੱਲੀ ਜਾਂਦਾ । ਪਿਊਸ਼... ਤੁਸੀਂ ਹੁਣ ਪਾਇਲ ਸਬ-ਡਿਵੀਜ਼ਨ 'ਚ ਈ ਓਂ? ਜਾਂ? ''
''ਅੱਜ ਤੱਕ ਤਾਂ ਉੱਥੇ ਈ ਆਂ । ਕੱਲ ਦਾ ਪਤਾ ਨੀਂ ।''
''ਜਰਗ ਪਿੰਡ ਤੁਹਾਡੇ ਏਰੀਏ 'ਚ ਪੈਂਦਾ?''
''ਆਹੋ । ਕੀ ਗੱਲ?''
''ਵਿਜਟ ਕੀਤਾ ਕਦੇ?''
''ਹਾਂ । ਗਿਆਂ ਦੋ ਕੁ ਵਾਰੀ । ਵੱਡਾ ਪਿੰਡ ਐ । ਮੇਲਾ ਵੀ ਭਰਦਾ ਹੁੰਦਾ ਉੱਥੇ । ਕੁੱਝ ਖਾਸ ਐ ਜਰਗ? ''
'' ਉੱਥੇ ਸ਼ਮਸ਼ਾਨ ਘਾਟ ਵਿੱਚ ਵੱਖ ਵੱਖ ਜਾਤਾਂ, ਬਰਾਦਰੀਆਂ ਦੇ ਸੱਤ ਕਰੀਮੇਸ਼ਨ ਸ਼ੈਡ ਨੇ ।''
''ਪਰ ਭਾਈ ਜਾਨ, ਹੱਡਾ ਰੋੜੀ ਤਾਂ ਇੱਕੋ ਐ ।'' ਇਹ ਗੱਲ ਉਸਨੇ ਘੂਰਦੀਆਂ ਅੱਖਾਂ ਦੀ ਨਿਗ੍ਹਾ ਮੇਰੀਆਂ ਅੱਖਾਂ ਵਿੱਚ ਮਾਰਦਿਆਂ ਕਹੀ ਤੇ ਪੈਂਤੜਾ ਬਦਲ ਦਿੱਤਾ, ''ਪਹਿਲਾਂ ਵੀ ਖ਼ੂਨ ਦਾਨ ਕੀਤਾ ਕਦੇ?''
''ਪਿਊਸ਼ ਮੈਂ ਕਦੇ ਖ਼ੂਨ ਦਾਨ ਨਹੀਂ ਕੀਤਾ ।''
''ਚਲੋ । ਮੁਬਾਰਕ! ਅੱਜ ਕਰ ਦੇਣੈ! ਘਬਰਾਉਣ ਦੀ ਲੋੜ ਨਹੀਂ । ਮੈਂ ਵੀਹ ਵਾਰ ਕਰ ਚੁੱਕਾਂ । ਕੋਈ ਕਮੀ ਦਿੱਸਦੀ ਐ ਮੇਰੇ 'ਚ ।''
ਰਸ਼ਪਾਲ ਮੂਹਰੇ ਮੂਹਰੇ । ਅਸੀਂ ਦੋਵੇਂ ਪਿੱਛੇ ਪਿੱਛੇ । ਖ਼ੂਨ ਦਾਨੀ ਤੁਰ ਪਏ । ਮਰੀਜ਼ ਕੁੜੀ ਦਾ ਬਾਪ ਵੀ ਨਾਲ ਆ ਰਲਿਆ । ਉਸਨੇ ਪਹਿਲਾਂ ਸਾਨੂੰ ਡਾਰਕ ਚੌਕਲੇਟ ਖਲਾਈ । ਫੇਰ ਜੂਸ ਪਿਲਾਇਆ । ਅਸੀਂ ਸਾਰੇ ਹਸਪਤਾਲ ਦੇ ਉਸ ਹਿੱਸੇ ਵੱਲ ਨੂੰ ਵਧੇ ਜਿੱਥੇ ਉੱਚੇ ਜਹੇ ਹਾਲ ਕਮਰੇ ਵਿੱਚ ਖ਼ੂਨ ਲੈਣ ਤੇ ਖ਼ੂਨ ਨੂੰ ਸੰਭਾਲਣ ਦਾ ਪ੍ਰਬੰਧ ਸੀ । ਸਭ ਤੋਂ ਪਹਿਲਾਂ ਸਾਡਾ ਖ਼ੂਨ ਟੈਸਟ ਕੀਤਾ ਗਿਆ । ਸਭ ਦਾ ਬਲੱਡ-ਗਰੁੱਪ ਦੇਖਿਆ ਗਿਆ । ਕਿਸੇ ਨੂੰ ਕੋਈ ਪੁੱਠੀ ਬੀਮਾਰੀ ਤਾਂ ਨਹੀਂ ਲੱਗੀ ਹੋਈ । ਹਸਪਤਾਲ ਦਾ ਮੁਲਾਜ਼ਮ ਲੈਬ ਟੈਕਨੀਸ਼ੀਅਨ ਮੁੰਡਾ ਸਾਡੀਆਂ ਰਿਪੋਰਟਾਂ ਵਾਲੇ ਕਾਗਜ਼ ਹੱਥ 'ਚ ਫੜੀ ਬਿਲਕੁਲ ਮਸ਼ੀਨ ਵਾਂਗ ਸਾਨੂੰ ਕੱਖ ਵੀ ਨਾ ਸਮਝਦਾ ਹੋਇਆ ਤੰਗ ਜਹੇ ਬੈੱਡਾਂ 'ਤੇ ਲੇਟਣ ਲਈ ਹੁਕਮਰਾਨ ਭਾਸ਼ਾ ਵਿੱਚ ਬੋਲਦਾ, ਸਮਝਾਉਂਦਾ ਫਿਰੀ ਗਿਆ । ਨਾਲ ਦੀ ਨਾਲ ਓਹਦਾ ਮੋਬਾਇਲ ਵੀ ਚੱਲੀ ਜਾ ਰਿਹਾ ਸੀ । ਬਹੁਤਾ ਧਿਆਨ ਫੋਨ ਸੁਣਨ ਵਿੱਚ ਸੀ । ਸਾਥੋਂ ਸਿਵਾ ਉੱਥੇ ਕੋਈ ਹੋਰ ਖ਼ੂਨ ਦਾਨੀ ਨਹੀਂ ਸਨ । ਸਭ ਤੋਂ ਪਹਿਲਾਂ ਉਸ ਨੇ ਮੇਰੀ ਕੂਹਣੀ ਅੰਦਰਲੀ ਮੋਟੀ ਨਾੜ ਲੱਭ ਕੇ ਵਿੱਚ ਸੂਈ ਖੁਭੋ ਦਿੱਤੀ । ਸੂਈ ਦੇ ਨਾਲ ਲੰਬੀ ਪਾਇਪ ਜੁੜੀ ਹੋਈ ਸੀ । ਪਾਇਪ ਦਾ ਦੂਸਰਾ ਹਿੱਸਾ ਚੰਦਰਮਾ ਦੇ ਰੰਗ ਵਰਗੀ ਗੁੱਥਲੀ ਨਾਲ ਜੁੜਿਆ ਹੋਇਆ ਸੀ । ਗੁੱਥਲੀ ਸ਼ਾਇਦ ਤੋਲ ਕਰਨ ਵਾਲੀ ਮਸ਼ੀਨ ਉੱਪਰ ਪਈ ਸੀ । ਜਿਵੇਂ ਜਿਮੀਂਦਾਰ ਖਾਲ 'ਚ ਚਲਦੇ ਪਾਣੀ ਦਾ ਨੱਕਾ ਮੋੜ ਕੇ ਪਾਣੀ ਦੂਸਰੇ ਪਾਸੇ ਤੋਰ ਦਿੰਦੇ ਐ, ਮੇਰਾ ਖ਼ੂਨ ਮੇਰੇ ਦਿਲ ਵੱਲ ਆਉਣ ਜਾਣ ਦੀ ਵਜਾਏ ਪਾਇਪ ਰਾਹੀਂ ਗੁੱਥਲੀ ਵਿੱਚ ਭਰਨਾ ਸ਼ੁਰੂ ਹੋ ਚੁੱਕਿਆ ਸੀ । ਲੈਬ ਟੈਕਨੀਸ਼ੀਅਨ ਮੁੰਡੇ ਨੇ ਮੇਰੇ ਹੱਥ ਵਿੱਚ ਹਲਕੇ ਪੀਲੇ ਰੰਗ ਦੀ ਬਾਲ ਫੜਾ ਦਿੱਤੀ ।
''ਬਾਲ ਨੂੰ ਮੁੱਠ ਵਿੱਚ ਘੁੱਟੀ ਜਾਓ । ਹੋਰ ਤੁਸੀਂ ਕੁੱਝ ਨਹੀਂ ਕਰਨਾ । ਆਪੇ ਸਭ ਹੋਈ ਜਾਣਾ ।'' ਉਹ ਪਿਊਸ਼ ਵੱਲ ਤੁਰ ਗਿਆ... ਮੈਂ ਬਾਲ ਘੁੱਟੀ ਗਿਆ... ਉਹ ਰਸ਼ਪਾਲ ਦੇ ਮੰਜੇ 'ਤੇ ਪਹੁੰਚ ਗਿਆ... ਜਦੋਂ ਉਹ ਬੇਨਾਮ ਲੈਬ ਟੈਕਨੀਸ਼ੀਅਨ ਮੁੰਡਾ ਫੇਰ ਮੇਰੇ ਕੋਲ ਆਇਆ ਤਾਂ ਉਸਨੇ ਹੱਥ 'ਚ ਫੜੀਆਂ ਸਾਡੀਆਂ ਰਿਪੋਰਟਾਂ ਦੂਹਰੀਆਂ ਕਰਕੇ ਮੇਰੀ ਵੱਖੀ ਹੇਠਾਂ ਨੂੰ ਫਸਾ ਦਿੱਤੀਆਂ । ਮੇਰੇ ਬੈੱਡ 'ਤੇ ਆਪਣਾ ਫੋਨ ਟਿਕਾ ਕੇ ਸਟੂਲ ਖਿੱਚ ਕੇ ਬਹਿ ਗਿਆ । ਸੂਈ ਕੱਢ ਦਿੱਤੀ । ਮੇਰੀ ਖੱਲ ਵਿੱਚ ਹੋਏ ਸੁਰਾਖ਼ ਉੱਤੇ ਸਪਿਰਟ ਦਾ ਫੰਬਾ ਰੱਖ ਕੇ ਟੇਪ ਲਾ ਦਿੱਤੀ । ਮੈਨੂੰ ਅਜੇ ਤੱਕ ਕੁੱਝ ਨਹੀਂ ਸੀ ਹੋਇਆ । ਉਸ ਬੇਨਾਮ ਮੁੰਡੇ ਦਾ ਮੋਬਾਇਲ ਫੇਰ ਵੱਜ ਗਿਆ ।
''ਇੱਕ ਮਿੰਟ'' ਇਹ ਸ਼ਬਦ ਪਤਾ ਨਹੀਂ ਉਹ ਕਿਸ ਨੂੰ ਕਹਿੰਦਾ ਫੋਨ ਕੰਨ ਨੂੰ ਲਾਈ ਸ਼ੀਸ਼ੇ ਦੇ ਦਰਵਾਜੇ ਥਾਣੀਂ ਕਮਰੇ ਤੋਂ ਬਾਹਰ ਹੋ ਗਿਆ । ਪਹਿਲੀ ਵਾਰੀ ਖ਼ੂਨ ਦਾਨ ਕੀਤਾ ਸੀ । ਕੁੱਝ ਵੀ ਨਹੀਂ ਸੀ ਹੋਇਆ ਅਜੇ ਤੱਕ... ਤਾਂ ਵੀ ਅਜੇ ਕੁੱਝ ਵੀ ਹੋ ਸਕਦਾ ਸੀ ।
ਰਸ਼ਪਾਲ ਤੇ ਪਿਊਸ਼ ਵੀ ਨੀਵੇਂ ਜਹੇ ਬੈੱਡਾਂ 'ਤੇ ਅਹਿੱਲ ਪਏ ਸਨ । ਮੇਰੇ ਮਨ ਦਾ ਮਹੌਲ ਅਜਿਹਾ ਸੀ ਕਿ ਮੈਂ ਬਿਨਾਂ ਕਹੇ ਕੁੱਝ ਨਹੀਂ ਸੀ ਕਰ ਸਕਦਾ । ਉੱਠ ਕੇ ਖੜ੍ਹਾ ਨਹੀਂ ਸੀ ਹੋ ਸਕਦਾ । ਮੈਂ ਪਿਆ ਪਿਆ ਸਾਰਿਆਂ ਦੇ ਖ਼ੂਨ ਦੀਆਂ ਦੂਹਰੀਆਂ ਕਰਕੇ ਰੱਖੀਆਂ ਪਈਆਂ ਕਾਗਜ਼ੀ ਰਿਪੋਰਟਾਂ ਵੱਲ ਝਾਕੀ ਗਿਆ... ਲਗਾਤਾਰ ਝਾਕੀ ਗਿਆ... ਤੇ ਰਿਪੋਰਟਾਂ ਨੂੰ ਚੁੱਕ ਕੇ ਪੜ੍ਹਨ ਬਾਰੇ ਸੋਚਣ ਲੱਗ ਪਿਆ... ਪਰ ਰਿਪੋਰਟਾਂ ਛੂਹਣ ਜੋਗੀ ਹਿੰਮਤ ਇੱਕਠੀ ਨਹੀਂ ਕਰ ਸਕਿਆ... ਸਮਝਣ ਲੱਗਿਆ... ਜੋ ਖ਼ੂਨ ਮੈਂ ਦਾਨ ਕੀਤਾ ਉਹ ਕੇਵਲ ਉਸ ਔਰਤ, ਮਰਦ ਨੂੰ ਚੜ੍ਹਾਇਆ ਜਾ ਸਕਦੈ ਜਿਸ ਦਾ ਬਲੱਡ ਗਰੁੱਪ ਮੇਰੇ ਨਾਲ ਮਿਲਦਾ ਹੋਊ... ਸਾਡਾ ਤਿੰਨਾਂ ਦਾ ਖ਼ੂਨ...ਹਾਂ... ਤਿੰਨਾਂ ਦਾ ਖ਼ੂਨ ਜੇ ਥੈਲਾਸੀਮੀਆ ਦੀ ਮਾਰੀ ਇਸ ਕੁੜੀ ਨੂੰ ਨਾ ਵੀ ਚੜ੍ਹਾਇਆ ਗਿਆ ਤਾਂ ਵੀ... ਕਿਤੇ ਨਾ ਕਿਤੇ... ਕਿਸੇ ਨਾ ਕਿਸੇ... ਬੇਨਾਮ ... ਕਿਸੇ ਬੇਪਛਾਣ ਦੇ ਸਰੀਰ ਵਿੱਚ ਸਾਡਾ ਤਿੰਨਾਂ ਦੇ ਖ਼ੂਨ ਦਾ ਕੋਈ ਨਾ ਕੋਈ ਹਿੱਸਾ ਰਲ ਕੇ, ਇੱਕ ਹੋ ਕੇ, ਇਕੱਠਾ ਹੋ ਜਾਣਾ । ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰਾ ਬਲੱਡ ਗਰੁੱਪ ਬੀ ਪੌਜ਼ੇਟਿਵ ਹੈ । ਮੈਨੂੰ ਪਿਊਸ਼ ਦਾ ਬਲੱਡ ਗਰੁੱਪ ਜਾਣਨ ਦੀ ਇੱਛਾ ਹੋਈ ।
''ਪਿਊਸ਼ ਤੇਰਾ ਬਲੱਡ ਗਰੁੱਪ ਕੀ ਐ?''
''ਮੇਰਾ ਬਲੱਡ ਗਰੁੱਪ ਬੀ ਪੌਜ਼ੇਟਿਵ ਐ ।'' ਹੈਂ!! ਪਿਊਸ਼ ਦਾ ਬਲੱਡ ਗਰੁੱਪ ਵੀ ਬੀ-ਪੌਜ਼ੇਟਿਵ ਹੀ ਸੀ । ਕਮਾਲ ਹੋ ਗੀ ਯਾਰ!!
''ਮੇਰਾ ਵੀ ਬੀ ਪੌਜ਼ੇਟਿਵ ਐ!!'' ਰਸ਼ਪਾਲ ਨੇ ਮੇਰੇ ਦਿਮਾਗ ਵਿੱਚ ਗੇੜੇ ਕੱਟਦੀ ਸੀ ਡੀ ਵਿੱਚ ਹੋਰ ਸ਼ੂਕਦਾ ਗੋਲਾ ਦਾਗ ਦਿੱਤਾ ।