Bebe (Punjabi Story) : S. Saki

ਬੇਬੇ (ਕਹਾਣੀ) : ਐਸ ਸਾਕੀ

ਰਾਤੀਂ ਰੋਟੀ-ਟੁੱਕ ਤੋਂ ਵਿਹਲੀ ਹੋ ਕੇ ਮਾਂ ਚਰਖਾ ਡਾਹ ਲੈਂਦੀ। ਗੁਆਂਢ ਦੀਆਂ ਚਾਰ-ਪੰਜ ਔਰਤਾਂ ਵੀ ਮਾਂ ਨਾਲ ਆ ਮਿਲਦੀਆਂ। ਉਨ੍ਹਾਂ ਨਾਲ ਮੇਰੀ ਵੱਡੀ ਭੈਣ ਵੀਰੋ ਵੀ ਹੁੰਦੀ। ਉਹ ਗੱਲਾਂ ਕਰਦੀਆਂ ਅਤੇ ਗੀਤ ਗਾਉਂਦੀਆਂ ਹੋਈਆਂ ਸੂਤ ਕੱਤਦੀਆਂ, ਉਸ ਨੂੰ ਰੰਗਦੀਆਂ, ਫਿਰ ਉਸ ਦੀਆਂ ਦਰੀਆਂ ਬੁਣਦੀਆਂ ਜਾਂ ਕਈ ਵਾਰੀ ਜੁਲਾਹੇ ਕੋਲੋਂ ਖੇਸ ਜਾਂ ਚਤਹੀਆਂ ਤਿਆਰ ਕਰਵਾਉਂਦੀਆਂ। ਇਹ ਕੋਈ ਪੰਜਾਹ ਵਰ੍ਹੇ ਪਹਿਲਾਂ ਦੀ ਗੱਲ ਹੈ।
ਘਰ ਵਿੱਚ ਮੈਂ ਜਾਂ ਵੱਡਾ ਭਰਾ ਦਲਜੀਤ ਅਕਸਰ ਅਜਿਹਾ ਹੁੰਦਾ ਵੇਖਦੇ ਰਹਿੰਦੇ ਸੀ। ਉਸ ਵੇਲੇ ਮੈਨੂੰ ਤਾਂ ਕੁਝ ਨਹੀਂ ਸੀ ਕਰਨਾ ਪੈਂਦਾ, ਪਰ ਦਲਜੀਤ ਜ਼ਰੂਰ ਮਾਂ ਅਤੇ ਭੈਣ ਦੀ ਮਦਦ ਕਰਦਾ ਰਹਿੰਦਾ। ਮਾਂ ਨੇ ਜੇ ਕੋਈ ਵੀ ਕੰਮ ਕਰਵਾਉਣਾ ਹੁੰਦਾ ਤਾਂ ਉਹ ਦਲਜੀਤ ਨੂੰ ਹੀ ਕਰਨ ਲਈ ਆਖਦੀ। ਮੇਰੀ ਕਿਸੇ ਵੀ ਥਾਂ ਕੋਈ ਪੁੱਛ ਨਾ ਪੈਂਦੀ। ਮੇਰਾ ਮਨ ਕਰਦਾ ਕਿ ਬੇਬੇ ਮੈਨੂੰ ਵੀ ਕੋਈ ਕੰਮ ਕਰਨ ਨੂੰ ਕਹੇ, ਪਰ ਮੈਨੂੰ ਹਰ ਵਾਰੀ ਛੋਟਾ ਜਾਂ ਗ਼ੈਰ-ਜ਼ਿੰਮੇਵਾਰ ਸਮਝ ਕੇ ਕਿਸੇ ਵੀ ਕੰਮ ਦੇ ਨੇੜੇ ਨਾ ਲੱਗਣ ਦਿੱਤਾ ਜਾਂਦਾ।
ਇੱਕ ਦਿਨ ਬਹੁਤ ਅਜੀਬ ਜਿਹੀ ਗੱਲ ਹੋਈ। ਬੇਬੇ ਚਰਖੇ ’ਤੇ ਰੂੰ ਦੀਆਂ ਪੂਣੀਆਂ ਨਹੀਂ ਸਗੋਂ ਹੋਰ ਹੀ ਕੁਝ ਕੱਤ ਰਹੀ ਸੀ। ਇਸ ਬਾਰੇ ਦਲਜੀਤ ਨੂੰ ਤਾਂ ਪਤਾ ਸੀ, ਪਰ ਜਦੋਂ ਮੈਂ ਉਸ ਕੋਲੋਂ ਇਸ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਹ ਮੈਨੂੰ ਖਿੱਝ ਕੇ ਪਿਆ। ਇੱਕ ਵਾਰੀ ਤਾਂ ਮੈਂ ਚੁੱਪ ਹੋ ਗਿਆ, ਪਰ ਸਾਰੀ ਗੱਲ ਜਾਣਨ ਲਈ ਜਿਵੇਂ ਮੇਰੇ ਢਿੱਡ ਵਿੱਚ ਉੱਥਲ-ਪੁੱਥਲ ਮਚਦੀ ਰਹੀ।
‘‘ਬੇਬੇ, ਤੂੰ ਇਹ ਕੀ ਕੱਤ ਰਹੀ ਹੈਂ?’’ ਜਦੋਂ ਮੇਰੇ ਕੋਲੋਂ ਨਾ ਰਿਹਾ ਗਿਆ ਤਾਂ ਮੈਂ ਮਾਂ ਨੂੰ ਪੁੱਛ ਹੀ ਲਿਆ। ਪਹਿਲੀ ਵਾਰੀ ਬੇਬੇ ਨੇ ਇਹਦਾ ਕੋਈ ਜਵਾਬ ਨਾ ਦਿੱਤਾ ਸਗੋਂ ਉਹ ਉਸੇ ਤਰ੍ਹਾਂ ਚੁੱਪਚਾਪ ਸੂਤ ਕੱਤਦੀ ਰਹੀ। ਕੋਈ ਜਵਾਬ ਨਾ ਪਾ ਕੇ ਮੈਂ ਗਲੀ ਵਿੱਚ ਖੇਡਣ ਨਿਕਲ ਗਿਆ। ਥੋੜ੍ਹੇ ਚਿਰ ਬਾਅਦ ਮੈਂ ਖੇਡ ਕੇ ਘਰ ਮੁੜਿਆ ਤਾਂ ਮਾਂ ਅਜੇ ਵੀ ਚਰਖਾ ਚਲਾ ਰਹੀ ਸੀ। ਮੈਂ ਮੁੜ ਬੇਬੇ ਕੋਲੋਂ ਉਹੀ ਗੱਲ ਪੁੱਛੀ, ‘‘ਬੇਬੇ ਤੂੰ ਆਹ ਕੀ ਕੱਤ ਰਹੀ ਹੈਂ?’’
‘‘ਇਹ ਉੱਨ ਹੈ।’’ ਮੇਰੇ ਵੱਲ ਬਿਨਾਂ ਦੇਖਿਆ ਮਾਂ ਬੋਲੀ, ਪਰ ਮੈਨੂੰ ਕੁਝ ਸਮਝ ਨਾ ਆਈ। ਮੈਂ ਫਿਰ ਬੋਲਿਆ, ‘‘ਬੇਬੇ ਉੱਨ ਕੀ ਹੁੰਦੀ ਹੈ?’’
‘‘ਵੇ ਕਮਲਿਆ, ਤੈਨੂੰ ਉੱਨ ਦਾ ਵੀ ਪਤਾ ਨਹੀਂ। ਉੱਨ ਕੱਤ ਕੇ ਉਹਦੇ ਗਰਮ ਕੱਪੜੇ ਬਣਦੇ ਨੇ। ਇਹ ਸਾਰਾ ਕੁਝ ਮੈਂ ਤੇਰੇ ਲਈ ਹੀ ਤਾਂ ਕਰ ਰਹੀ ਹਾਂ।’’
ਮੈਨੂੰ ਲੱਗਾ ਜਿਵੇਂ ਇਹ ਆਖਦਿਆਂ ਮੇਰੇ ਲਈ ਬੇਬੇ ਦੇ ਮਨ ਵਿੱਚ ਅਥਾਹ ਪਿਆਰ ਉਮੜ ਆਇਆ ਸੀ, ਪਰ ਮੈਨੂੰ ਤਾਂ ਵੀ ਪੂਰੀ ਗੱਲ ਦੀ ਸਮਝ ਨਾ ਆਈ।
‘‘ਬੇਬੇ, ਤੂੰ ਮੇਰੇ ਲਈ ਕੀ ਕਰ ਰਹੀ ਹੈਂ?’’ ਸਾਰੀ ਜਾਣਕਾਰੀ ਲੈਣ ਲਈ ਮੈਂ ਪੁੱਛਿਆ। ਚਰਖਾ ਚਲਾਉਂਦੀ ਮਾਂ ਦੇ ਹੱਥ ਕੁਝ ਚਿਰ ਲਈ ਰੁਕ ਗਏ, ‘‘ਪਹਿਲਾਂ ਪੁੱਤ ਮੈਂ ਇਸ ਨੂੰ ਕੱਤਾਂਗੀ। ਫਿਰ ਮੈਂ ਇਸ ਨੂੰ ਰੰਗ ਕੇ ਜੁਲਾਹੇ ਕੋਲ ਕੱਪੜਾ ਬੁਣਨ ਲਈ ਭੇਜਾਂਗੀ। ਜਦੋਂ ਕੱਪੜਾ ਬਣ ਜਾਵੇਗਾ ਤਾਂ ਮੈਂ ਤੇਰੇ ਲਈ ਕੋਟ ਬਣਵਾਵਾਂਗੀ।’’
ਮਾਂ ਦੀ ਇਸ ਗੱਲ ਤੋਂ ਮੈਂ ਉਸ ਦੇ ਚਿਹਰੇ ਵੱਲ ਵੇਖਣ ਲੱਗਾ। ਮੈਨੂੰ ਜਿਵੇਂ ਉਸ ਦੀ ਗੱਲ ’ਤੇ ਯਕੀਨ ਹੀ ਨਹੀਂ ਆ ਰਿਹਾ ਸੀ। ਉਸ ਦੀ ਗੱਲ ਸੁਣ ਕੇ ਗਰਮ ਕੋਟ ਜਿਵੇਂ ਮੈਂ ਆਪਣੀਆਂ ਅੱਖਾਂ ਸਾਹਮਣੇ ਲੈ ਆਇਆ ਕਿਉਂਕਿ ਉਦੋਂ ਗਰਮ ਕੋਟ ਸਿਰਫ਼ ਵੱਡੇ ਘਰਾਂ ਦੇ ਮੁੰਡੇ ਹੀ ਪਹਿਨਦੇ ਸਨ। ਅਸੀਂ ਆਮ ਜਿਹੇ ਮੁੰਡੇ ਤਾਂ ਮੋਟੇ ਕੱਪੜਿਆਂ ਨਾਲ ਹੀ ਸਰਦੀ ਲੰਘਾ ਦਿੰਦੇ ਸਾਂ। ਮੈਂ ਚਰਖੇ ਕੋਲ ਬੈਠਾ ਮਾਂ ਰਾਹੀਂ ਕੱਤਿਆ ਗਲੋਟਾ ਹੱਥ ਵਿੱਚ ਲੈ ਕੇ ਉਸ ਨੂੰ ਸਹਿਲਾਉਣ ਲੱਗਾ।
ਇਸ ਤੋਂ ਬਾਅਦ ਜਿਵੇਂ ਮੈਂ ਬਦਲ ਗਿਆ। ਮੈਂ ਸਾਰਾ ਦਿਨ ਚਾਅ ਨਾਲ ਭਰਿਆ ਰਹਿੰਦਾ। ਮੈਨੂੰ ਮਾਂ ਕੋਲੋਂ ਇਹ ਜਾਣ ਕੇ ਹੋਰ ਵੀ ਖ਼ੁਸ਼ੀ ਹੋਈ ਕਿ ਇਹ ਕੋਟ ਸਿਰਫ਼ ਮੇਰੇ ਲਈ ਹੀ ਬਣਾਇਆ ਜਾ ਰਿਹਾ ਸੀ। ਵੱਡੇ ਭਰਾ ਦਲਜੀਤ ਲਈ ਨਹੀਂ। ਪਹਿਲਾਂ ਮੈਂ ਸਕੂਲੋਂ ਘਰ ਆ ਰੋਟੀ ਖਾ ਕੇ ਬਾਹਰ ਖੇਡਣ ਲਈ ਨਿਕਲ ਜਾਂਦਾ ਤੇ ਘਰ ਦਾ ਕੋਈ ਕੰਮ ਨਹੀਂ ਕਰਦਾ ਸੀ। ਹੁਣ ਦਲਜੀਤ ਤਾਂ ਭਾਵੇਂ ਘਰੋਂ ਬਾਹਰ ਚਲਿਆ ਜਾਂਦਾ, ਪਰ ਮੈਂ ਸਾਰਾ-ਸਾਰਾ ਦਿਨ ਘਰ ਹੀ ਰਹਿੰਦਾ। ਮਾਂ ਦੇ ਮੂੰਹੋਂ ਨਿਕਲੀ ਛੋਟੀ ਤੋਂ ਛੋਟੀ ਗੱਲ ਨੂੰ ਪੂਰਾ ਕਰਨ ਲਈ ਜਿਵੇਂ ਮੈਨੂੰ ਤਾਂ ਚਾਅ ਚੜ੍ਹ ਜਾਂਦਾ। ਮੈਂ ਨੱਸ-ਨੱਸ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ। ਭਾਵੇਂ ਥੋੜ੍ਹੀ ਠੰਢ ਆ ਗਈ ਸੀ, ਪਰ ਤਾਂ ਵੀ ਮੈਂ ਦਿਨ ਵਿੱਚ ਬੇਬੇ ਨੂੰ ਤਿੰਨ ਚਾਰ ਵਾਰੀ ਪਾਣੀ ਪਿਲਾਉਂਦਾ। ਜੇ ਬੇਬੇ ਕਿਤੇ ਦਲਜੀਤ ਨੂੰ ਕੋਈ ਕੰਮ ਕਰਨ ਲਈ ਆਖ ਵੀ ਦਿੰਦੀ ਤਾਂ ਮੈਂ ਹੀ ਨੱਸ ਕੇ ਉਹ ਕੰਮ ਕਰਨ ਲਈ ਟੁਰ ਪੈਂਦਾ। ਮੈਨੂੰ ਲੱਗਦਾ ਜਿਵੇਂ ਅਜਿਹਾ ਕਰਨ ’ਤੇ ਬੇਬੇ ਨੂੰ ਮੇਰੇ ’ਤੇ ਬਹੁਤ ਪਿਆਰ ਆਵੇਗਾ ਅਤੇ ਉਹ ਕੋਟ ਲਈ ਹੋਰ ਵਧੀਆ ਸੂਤ ਕੱਤੇਗੀ।
ਕਈ ਵਾਰ ਗੁਆਂਢ ਦੀਆਂ ਔਰਤਾਂ ਅੱਠ-ਨੌਂ ਵਜੇ ਰਾਤ ਤੀਕ ਸੂਤ ਕੱਤ ਕੇ ਆਪਣੇ-ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ, ਪਰ ਬੇਬੇ ਹੋਰ ਰਾਤ ਗਏ ਤੀਕ ਵੱਡੀ ਭੈਣ ਨਾਲ ਮਿਲ ਕੇ ਉੱਨ ਕੱਤਦੀ ਰਹਿੰਦੀ। ਜਿੰਨੀ ਦੇਰ ਤਕ ਚਰਖਾ ਚੱਲਦਾ, ਮੈਂ ਜਾਗਦਾ ਰਹਿੰਦਾ। ਫਿਰ ਇੱਕ ਦਿਨ ਅਜਿਹਾ ਵੀ ਆਇਆ ਕਿ ਕੱਤਣ ਦਾ ਸਾਰਾ ਕੰਮ ਮੁੱਕ ਗਿਆ। ਅਗਲੇ ਦਿਨ ਹੱਟੀ ਤੋਂ ਰੰਗ ਲਿਆ ਕੇ ਬੇਬੇ ਨੇ ਚੁੱਲ੍ਹੇ ’ਤੇ ਗਰਮ ਪਾਣੀ ਕਰਕੇ ਰੰਗ ਪਕਾਉਣਾ ਸੀ। ਮੇਰੇ ਕੋਲੋਂ ਚੁੱਲ੍ਹੇ ਵਿੱਚ ਪਾਥੀਆਂ ਲਾ ਕੇ ਅੱਗ ਤਾਂ ਨਾ ਬਾਲੀ ਗਈ, ਪਰ ਮੈਂ ਬੇਬੇ ਨੂੰ ਪਾਥੀਆਂ ਜ਼ਰੂਰ ਫੜਾਉਂਦਾ ਰਿਹਾ। ਉਸ ਦਿਨ ਮੈਂ ਬੇਬੇ ਅਤੇ ਵੱਡੀ ਭੈਣ ਦੇ ਬਹੁਤ ਕਿਹਾਂ ਵੀ ਸਕੂਲ ਨਹੀਂ ਗਿਆ। ਮੈਂ ਵੇਖਣਾ ਚਾਹੁੰਦਾ ਸਾਂ ਕਿ ਉਹ ਕਿਵੇਂ ਅੱਗ ਬਾਲਣਗੀਆਂ, ਪਾਣੀ ਉਬਾਲਣਗੀਆਂ, ਕਿਵੇਂ ਰੰਗ ਪਕਾਉਣਗੀਆਂ ਅਤੇ ਫਿਰ ਮਿਲ ਕੇ ਕਿਵੇਂ ਸੂਤ ਨੂੰ ਰੰਗਣਗੀਆਂ ਜਿਸ ਨੂੰ ਬੁਣ ਕੇ ਮੇਰੇ ਕੋਟ ਲਈ ਕੱਪੜਾ ਤਿਆਰ ਹੋਵੇਗਾ।
ਜੁਲਾਹਾ ਸੂਤ ਲੈ ਗਿਆ। ਉਹ ਦਸ ਦਿਨਾਂ ਬਾਅਦ ਮੁੜ ਆਉਣ ਲਈ ਕਹਿ ਗਿਆ, ਪਰ ਮੈਂ ਅਗਲੇ ਦਿਨ ਸਵੇਰੇ ਹੀ ਉਸ ਦੇ ਘਰ ਪਹੁੰਚ ਗਿਆ।
‘‘ਚਾਚਾ ਕੱਪੜਾ ਤਿਆਰ ਹੋ ਗਿਆ?’’
ਮੇਰੇ ਇਸ ਸਵਾਲ ’ਤੇ ਜੁਲਾਹਾ ਬੋਲਿਆ ਤਾਂ ਕੁਝ ਨਹੀਂ, ਪਰ ਉਸ ਨੇ ਮੇਰੇ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਮੈਂ ਕਮਲਾ ਹੋਵਾਂ ਜਿਹੜਾ ਅਗਲੇ ਦਿਨ ਹੀ ਕੱਪੜੇ ਦਾ ਸੁਆਲ ਲੈ ਕੇ ਉਸ ਦੇ ਬੂਹੇ ’ਤੇ ਪਹੁੰਚ ਗਿਆ ਸੀ। ਜਿੰਨੇ ਦਿਨ ਕੱਪੜਾ ਨਾ ਆਇਆ, ਮੈਂ ਸਕੂਲੋਂ ਘਰ ਆ ਕੇ ਬੇਬੇ ਨੂੰ ਜ਼ਰੂਰ ਪੁੱਛਦਾ ਰਿਹਾ, ‘‘ਬੇਬੇ ਕੀ ਜੁਲਾਹਾ ਕੱਪੜਾ ਦੇ ਗਿਆ?’’
ਮਸਾਂ ਹੀ ਦਸ ਦਿਨ ਲੰਘੇ। ਜਦੋਂ ਇੱਕ ਦਿਨ ਮੈਂ ਸਕੂਲੋਂ ਘਰ ਮੁੜਿਆ ਤਾਂ ਜੁਲਾਹਾ ਬੁਣ ਕੇ ਫੜਾ ਗਿਆ ਸੀ। ਮੈਂ ਰੋਜ਼ ਵਾਂਗ ਮਾਂ ਨਾਲ ਕੱਪੜੇ ਦੀ ਗੱਲ ਕੀਤੀ ਤਾਂ ਉਸ ਨੇ ਕੋਠੜੀ ਵੱਲ ਇਸ਼ਾਰਾ ਕਰ ਦਿੱਤਾ। ਇਹ ਸੁਣਦਿਆਂ ਮੈਂ ਬਸਤਾ ਇੱਕ ਪਾਸੇ ਵਗਾਹ ਮਾਰਿਆ ਅਤੇ ਕੋਠੜੀ ਵਿੱਚ ਜਾ ਪਲਾਂ ਵਿੱਚ ਕੋਟ ਦਾ ਕੱਪੜਾ ਲੈ ਕੇ ਬਾਹਰ ਆ ਗਿਆ। ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮਾਂ ਅਤੇ ਭੈਣ ਨੇ ਮੇਰੇ ਲਈ ਸੱਚਮੁੱਚ ਹੀ ਕੋਟ ਦਾ ਕੱਪੜਾ ਤਿਆਰ ਕਰਵਾ ਦਿੱਤਾ ਸੀ। ਮੈਂ ਕਿੰਨਾ ਚਿਰ ਕੱਪੜੇ ਨੂੰ ਵਾਰ-ਵਾਰ ਹੱਥ ਲਾ ਕੇ ਵੇਖਦਾ ਰਿਹਾ।
ਸਾਡੀ ਗਲੀ ਵਿੱਚ ਚਾਚਾ ਪ੍ਰੀਤਮ ਸਿੰਘ ਰਹਿੰਦਾ ਸੀ। ਉਹ ਪਟਿਆਲੇ ਵਿੱਚ ਰਾਜੇ ਦੇ ਮਹਿਲਾਂ ਦਾ ਦਰਜ਼ੀ ਸੀ। ਉਹ ਰਾਣੀਆਂ ਦੇ ਕੱਪੜੇ ਸਿਊਣ ਵਿੱਚ ਮਾਹਿਰ ਸੀ। ਮੇਰੀ ਬੇਬੇ ਨੂੰ ਉਹ ਭਾਬੀ ਆਖਦਾ ਸੀ ਅਤੇ ਮੈਂ ਤੇ ਦਲਜੀਤ ਉਸ ਨੂੰ ਚਾਚਾ ਸੱਦਦੇ ਸਾਂ। ਉਹ ਕਦੇ-ਕਦਾਈਂ ਗਲੀ ਵਾਲਿਆਂ ਦੇ ਕੱਪੜੇ ਵੀ ਸਿਉਂ ਦਿੰਦਾ ਸੀ। ਇਹ ਵੱਖਰੀ ਗੱਲ ਕਿ ਉਹ ਸੱਤ ਦਿਨ ਕਹਿ ਕੇ ਕਈ ਵਾਰ ਕਈ ਮਹੀਨਿਆਂ ਤੀਕ ਕੱਪੜੇ ਸਿਉਂ ਕੇ ਨਹੀਂ ਸੀ ਮੋੜਦਾ।
‘‘ਆ ਭਾਬੀ, ਬਹਿ ਜਾ,’’ ਬਾਹਰਲੀ ਬੈਠਕ ਵਿੱਚ ਦਾਖਲ ਹੁੰਦੀ ਮਾਂ ਨੂੰ ਵੇਖ ਉਸ ਨੇ ਕਿਹਾ।
‘‘ਵੇ ਪ੍ਰੀਤਮ ਬੈਠਣਾ ਕਾਹਦਾ, ਆਹ ਤੇਰਾ ਛੋਟਾ ਭਤੀਜਾ ਹੈਗਾ। ਇਸ ਦੇ ਕੋਟ ਦਾ ਕੱਪੜਾ ਲੈ ਕੇ ਆਈ ਹਾਂ। ਤੂੰ ਛੇਤੀ ਹੀ ਸਿਉਂ ਦੇਈਂ, ਉਪਰੋਂ ਠੰਢ ਵੀ ਤਾਂ ਉਤਰਦੀ ਆ ਰਹੀ ਹੈ।’’ ਮਾਂ ਨੇ ਸ਼ਾਇਦ ਇਹ ਇਸ ਕਰਕੇ ਆਖਿਆ ਸੀ ਕਿਉਂਕਿ ਪ੍ਰੀਤਮ ਚਾਚੇ ਬਾਰੇ ਉਹ ਜਾਣਦੀ ਸੀ ਕਿ ਉਹ ਕਦੇ ਵੀ ਕਿਸੇ ਦਾ ਕੱਪੜਾ ਵਕਤ ’ਤੇ ਸਿਉਂ ਕੇ ਨਹੀਂ ਦਿੰਦਾ ਸੀ।
ਚਾਚੇ ਨੇ ਮੇਰੇ ਕੋਟ ਦਾ ਮੇਚ ਲੈ ਲਿਆ।
‘‘ਵੇ ਕਦੋਂ ਦੇਵੇਂਗਾ ਇਹ ਕੋਟ?’’
‘‘ਭਾਬੀ, ਹਫ਼ਤਾ ਭਰ ਤਾਂ ਲੱਗ ਹੀ ਜਾਵੇਗਾ। ਜੇ ਸੱਚ ਪੁੱਛੇਂ ਭਾਬੀ, ਮੇਰੇ ਕੋਲ ਤਾਂ ਪਹਿਲਾਂ ਹੀ ਮਹਿਲ ਦੇ ਕੱਪੜਿਆਂ ਦਾ ਢੇਰ ਲੱਗਿਆ ਪਿਆ। ਪਤਾ ਨਹੀਂ ਲੱਗਦਾ ਇਹ ਰਾਣੀਆਂ ਇੰਨੇ ਕੱਪੜਿਆਂ ਦਾ ਕਰਦੀਆਂ ਕੀ ਨੇ?
ਸਾਡੀਆਂ ਤ੍ਰੀਮਤਾਂ ਤਾਂ ਇੱਕ ਸੂਟ ਨਾਲ ਵਰ੍ਹਾ ਲੰਘਾ ਦਿੰਦੀਆਂ ਨੇ।’’
‘‘ਤੂੰ ਹਫ਼ਤੇ ਮਗਰੋਂ ਕੋਟ ਦੇ ਦੇਵੇਂਗਾ ਨਾ…?’’ ਬੇਬੇ ਨੇ ਗੱਲ ਅਧੂਰੀ ਛੱਡ ਦਿੱਤੀ ਜਿਵੇਂ ਉਹ ਪ੍ਰੀਤਮ ਛੀਂਬੇ ਕੋਲੋਂ ਪੱਕੀ ਹਾਂ ਕਰਵਾਉਣਾ ਚਾਹੁੰਦੀ ਸੀ।
‘‘ਭਾਬੀ, ਮੈਂ ਭਲਾ ਤੇਰੇ ਅੱਗੇ ਝੂਠ ਕਿਵੇਂ ਬੋਲ ਸਕਦਾਂ। ਮੈਂ ਕੋਟ ਸੱਤ ਦਿਨਾਂ ਬਾਅਦ ਹੀ ਦੇ ਦੇਵਾਂਗਾ।’’
ਪਤਾ ਨਹੀਂ ਮੈਨੂੰ ਇਹ ਸਭ ਹੋਣਾ ਕਿਉਂ ਚੰਗਾ ਨਾ ਲੱਗਾ। ਮੇਰਾ ਮਨ ਕਰ ਰਿਹਾ ਸੀ ਕਿ ਪ੍ਰੀਤਮ ਚਾਚੇ ਨੂੰ ਕਹਾਂ ਕਿ ਉਹ ਇੱਕ ਰਾਤ ਵਿੱਚ ਹੀ ਮੇਰਾ ਕੋਟ ਸਿਉਂ ਦੇਵੇ। ਉਸ ਵੇਲੇ ਸੱਤ ਦਿਨ ਮੈਨੂੰ ਸੱਤ ਵਰ੍ਹਿਆਂ ਜਿੱਡੇ ਲੱਗੇ, ਪਰ ਬੇਬੇ ਦੇ ਹੁੰਦਿਆਂ ਮੈਂ ਚਾਚੇ ਨੂੰ ਕੁਝ ਨਾ ਕਹਿ ਸਕਿਆ। ਮੈਂ ਬੇਬੇ ਨਾਲ ਘਰ ਮੁੜ ਆਇਆ। ਹੁਣ ਮੈਨੂੰ ਇੱਕ ਨਵਾਂ ਹੀ ਕੰਮ ਲੱਭ ਗਿਆ ਸੀ। ਮੈਂ ਸਕੂਲੋਂ ਘਰ ਆ ਕੇ ਰਾਤ ਗਿਆਂ ਤੀਕ ਗਲੀ ਦੇ ਸ਼ੁਰੂ ’ਚ ਪੈਂਦੇ ਪ੍ਰੀਤਮ ਚਾਚੇ ਦੇ ਘਰ ਮੂਹਰੇ ਨੂੰ ਦਸ ਚੱਕਰ ਮਾਰਦਾ। ਮੈਂ ਰੋਜ਼ ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਦੇ ਘਰ ਪਹੁੰਚ ਜਾਂਦਾ, ਪਰ ਹਰ ਵਾਰੀ ਮੈਨੂੰ ਪ੍ਰੀਤਮ ਚਾਚਾ ਰਾਣੀਆਂ ਦੇ ਕੱਪੜੇ ਸਿਊਂਦਾ ਹੋਇਆ ਹੀ ਦਿਖਾਈ ਦਿੰਦਾ।
‘ਇਹ ਮੇਰਾ ਕੋਟ ਕਿਉਂ ਨਹੀਂ ਸਿਊਂਦਾ?’ ਪਰ ਇਹ ਸਵਾਲ ਪ੍ਰੀਤਮ ਚਾਚੇ ਕੋਲੋਂ ਨਾ ਪੁੱਛ ਸਕਾਂ। ਇਹ ਸੋਚ ਕਿ ਮਤੇ ਉਹ ਮੇਰੇ ਨਾਲ ਗੁੱਸੇ ਹੋ ਕੇ ਮੇਰਾ ਕੋਟ ਸਿਊਣ ਲਈ ਹੋਰ ਵੱਧ ਦਿਨ ਲਾ ਦੇਵੇ ਜਾਂ ਜਾਣ ਕੇ ਉਸ ਨੂੰ ਖ਼ਰਾਬ ਹੀ ਨਾ ਕਰ ਦੇਵੇ।
‘‘ਚਾਚਾ ਜੀ, ਤੁਸੀਂ ਮੇਰਾ ਕੋਟ…?’’ ਜਦੋਂ ਇੱਕ ਦਿਨ ਮੇਰੇ ਕੋਲੋਂ ਨਾ ਰਿਹਾ ਗਿਆ ਤਾਂ ਮੈਂ ਇਹ ਸੁਆਲ ਪ੍ਰੀਤਮ ਚਾਚੇ ਨੂੰ ਪਾ ਹੀ ਦਿੱਤਾ।
‘‘ਬੱਸ ਪੁੱਤ, ਕੱਲ੍ਹ ਉਹਦਾ ਹੀ ਨੰਬਰ ਲੱਗੇਗਾ। ਕੱਲ੍ਹ ਸਵੇਰੇ ਸ਼ੁਰੂ ਕਰਾਂਗੇ ਉਸ ਨੂੰ!’’ ਫਿਰ ਕੀ, ਮੈਂ ਕੋਟ ਦੇ ਚਾਅ ’ਚ ਰਾਤ ਮਸਾਂ ਹੀ ਕੱਟੀ ਤੇ ਅਗਲਾ ਦਿਨ ਚੜ੍ਹਨ ਦਾ ਇੰਤਜ਼ਾਰ ਕਰਨ ਲੱਗਾ। ਸਵੇਰੇ ਤਿਆਰ ਹੋ ਕੇ ਮੈਂ ਸਕੂਲ ਚਲਾ ਗਿਆ। ਚਾਚੇ ਪ੍ਰੀਤਮ ਦੇ ਘਰ ਅੱਗਿਓਂ ਲੰਘਦਿਆਂ ਮੈਂ ਉੱਧਰ ਸਰਸਰੀ ਜਿਹੀ ਨਜ਼ਰ ਮਾਰੀ, ਪਰ ਉਨ੍ਹਾਂ ਦੀ ਬੈਠਕ ਬਾਹਰਲੀ ਬਾਰੀ ਅਤੇ ਬੂਹਾ ਬੰਦ ਸਨ। ਮੈਂ ਕੁਝ ਚਿਰ ਲਈ ਚੁੱਪਚਾਪ ਖੜ੍ਹਾ ਉਨ੍ਹਾਂ ਵੱਲ ਵੇਖਦਾ ਰਿਹਾ। ਸੋਚਿਆ ਕਿ ਇੱਕ ਵਾਰ ਬੰਦ ਬੂਹਾ ਖੜਕਾ ਕੇ ਪੁੱਛਾਂ ਕਿ ਉਸ ਨੇ ਕੋਟ ਸਿਊਂਣਾ ਸ਼ੁਰੂ ਕਰ ਦਿੱਤਾ ਜਾਂ ਨਹੀਂ, ਪਰ ਪਤਾ ਨਹੀਂ ਕੀ ਸੋਚ ਕੇ ਮੈਂ ਬੰਦ ਬੂਹੇ ਨੂੰ ਛੱਡ ਕੇ ਸਕੂਲ ਚਲਾ ਗਿਆ। ਸਕੂਲੇ ਪੜ੍ਹਾਈ ’ਚ ਮੇਰਾ ਉੱਕਾ ਹੀ ਮਨ ਨਾ ਲੱਗਾ।
ਦੁਪਹਿਰ ਵੇਲੇ ਸਾਰੀ ਛੁੱਟੀ ਬਾਅਦ ਮੈਂ ਘਰ ਵੱਲ ਪਰਤ ਪਿਆ। ਜਦੋਂ ਮੈਂ ਪ੍ਰੀਤਮ ਚਾਚੇ ਦੇ ਘਰ ਨੇੜੇ ਪਹੁੰਚਿਆ ਤਾਂ ਉਸ ਦੀ ਬੈਠਕ ਦਾ ਬਾਹਰਲਾ ਬੂਹਾ ਖੁੱਲ੍ਹਾ ਸੀ। ਮੇਰੇ ਪੈਰ ਕੁਝ ਪਲਾਂ ਲਈ ਰੁਕ ਗਏ। ਜਦੋਂ ਮੈਂ ਖੁੱਲ੍ਹੇ ਬੂਹੇ ਰਾਹੀਂ ਅੰਦਰ ਝਾਤੀ ਮਾਰੀ ਤਾਂ ਪ੍ਰੀਤਮ ਚਾਚਾ ਫੱਟੇ ’ਤੇ ਕੱਪੜਾ ਰੱਖੀ ਮੇਰੇ ਕੋਟ ਦੀ ਕਟਾਈ ਕਰ ਰਿਹਾ ਸੀ। ਮੇਰਾ ਮਨ ਕੀਤਾ ਕਿ ਮੈਂ ਪ੍ਰੀਤਮ ਚਾਚੇ ਨੂੰ ਕੋਟ ਬਾਰੇ ਕਈ ਸਵਾਲ ਕਰਾਂ, ਪਰ ਅਜਿਹਾ ਨਾ ਕਰ ਸਕਿਆ। ਇਹੋ ਸੋਚ ਮਤੇ ਕੈਂਚੀ ਚਲਾਉਂਦਿਆਂ ਚਾਚੇ ਕੋਲੋਂ ਕੋਈ ਭੁੱਲ ਨਾ ਹੋ ਜਾਵੇ। ਉਸ ਦਿਨ ਮੈਂ ਚੱਜ ਨਾਲ ਰੋਟੀ ਵੀ ਨਾ ਖਾਧੀ। ਹਨੇਰੇ ਹੋਏ ਤੀਕ ਜਾਂ ਤਾਂ ਮੈਂ ਉਸ ਗਲੀ ਵਿੱਚ ਚੱਕਰ ਮਾਰਦਾ ਰਿਹਾ ਜਾਂ ਤਿੰਨ ਚਾਰ ਵਾਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਪ੍ਰੀਤਮ ਚਾਚੇ ਦੀ ਬੈਠਕ ਵਿੱਚ ਜਾ ਵੜਿਆ।
ਅਗਲਾ ਦਿਨ ਐਤਵਾਰ ਦਾ ਸੀ। ਛੁੱਟੀ ਹੋਣ ਕਰਕੇ ਉਸ ਦਿਨ ਮੈਂ ਉੱਕਾ ਹੀ ਵਿਹਲਾ ਸੀ। ਉਸ ਦਿਨ ਮੈਂ ਪ੍ਰੀਤਮ ਚਾਚੇ ਦੇ ਹੱਥਾਂ ’ਚ ਕੋਟ ਨੂੰ ਜੁਆਨ ਹੁੰਦੇ ਵੇਖਿਆ। ਉਸ ਸ਼ਾਮ ਮੇਰੀ ਖ਼ੁਸ਼ੀ ਦੀ ਕੋਈ ਹੱਦ ਹੀ ਨਹੀਂ ਸੀ, ਜਦੋਂ ਬੇਬੇ ਪ੍ਰੀਤਮ ਚਾਚੇ ਕੋਲੋਂ ਕੋਟ ਲੈ ਕੇ ਆਈ। ਅਗਲੇ ਦਿਨ ਸਵੇਰ ਸਾਰ ਸਾਰੇ ਘਰ ਵਿੱਚ ਸਭ ਤੋਂ ਪਹਿਲਾਂ ਜਾਗਣ ਵਾਲਾ ਮੈਂ ਹੀ ਸੀ। ਜਾਗਣ ਸਾਰ ਪਹਿਲਾਂ ਮੈਂ ਕੋਠੜੀ ਵਿੱਚ ਗਿਆ ਜਿੱਥੇ ਰਾਤ ਵੇਲੇ ਬੇਬੇ ਨੇ ਮੇਰੇ ਸਾਹਮਣੇ ਕੋਟ ਪੇਟੀ ’ਤੇ ਧਰਿਆ ਸੀ। ਕੋਟ ਅਜੇ ਵੀ ਉੱਥੇ ਹੀ ਪਿਆ ਸੀ। ਪਹਿਲਾਂ ਮੈਂ ਕੋਟ ਨੂੰ ਛੂਹ ਕੇ ਵੇਖਿਆ। ਫਿਰ ਇਉਂ ਪੋਲਾ ਪੋਲਾ ਹੱਥ ਫੇਰਨ ਲੱਗਾ ਜਿਵੇਂ ਮੇਰੇ ਸਾਹਮਣੇ ਕੋਟ ਨਾ ਹੋ ਕੇ ਚਿੜੀ ਦਾ ਬੋਟ ਪਿਆ ਸੀ। ਫਿਰ ਮੈਂ ਦਿਨ ਚੜ੍ਹਨ ਦਾ ਇੰਤਜ਼ਾਰ ਕਰਨ ਲੱਗਾ।
ਮੈਂ ਸਭ ਤੋਂ ਪਹਿਲਾਂ ਨਲਕੇ ’ਤੇ ਨਹਾ ਕੇ ਸਕੂਲ ਜਾਣ ਲਈ ਤਿਆਰ ਹੋ ਗਿਆ।
‘‘ਵੇ ਛੋਟੇ, ਤੂੰ ਅੱਜ ਇੰਨੀ ਸਦੇਹਾਂ ਕਿਉਂ ਨਹਾ ਲਿਆ?’’ ਵਿਹੜੇ ਵਿੱਚ ਝਾੜੂ ਮਾਰਦੀ ਬੇਬੇ ਨੇ ਕਿਹਾ।
‘‘ਬੇਬੇ, ਅੱਜ ਸਕੂਲ ਵੀ ਤਾਂ ਜਾਣਾ ਹੈ।’’
‘‘ਵੇ ਚੰਦਰਿਆ, ਸਕੂਲ ਤਾਂ ਕਿਤੇ ਦਿਨ ਚੜ੍ਹੇ ਜਾ ਕੇ ਲੱਗਦਾ, ਪਰ ਤੂੰ ਆਹ ਸਵੇਰੇ ਹੀ…।’’
ਮਾਂ ਦੇ ਅਜਿਹੇ ਸੁਆਲਾਂ ਤੋਂ ਬਚਣ ਲਈ ਮੈਂ ਕੋਠੜੀ ਵੱਲ ਨੂੰ ਜਾਣ ਲੱਗਾ ਤਾਂ ਪਿੱਛੋਂ ਬੇਬੇ ਦੀ ਆਵਾਜ਼ ਸੁਣਾਈ ਦਿੱਤੀ।
‘‘ਵੇ ਅੱਜ ਕੋਟ ਪਹਿਨ ਕੇ ਨਾ ਜਾਈਂ। ਅਜੇ ਇੰਨਾ ਸੀਤ ਨਹੀਂ ਪੈਣ ਲੱਗਾ।’’
ਪਰ ਮੈਂ ਤਾਂ ਬੇਬੇ ਦੀ ਗੱਲ ਅਣਸੁਣੀ ਹੀ ਕਰ ਦਿੱਤੀ। ਮੈਂ ਕੋਠੜੀ ਵਿੱਚੋਂ ਕੋਟ ਚੁੱਕ ਕੇ ਬਾਹਰ ਵਿਹੜੇ ਵਿੱਚ ਆ ਗਿਆ। ਬੇਬੇ ਨੇ ਘਰ ਦਾ ਕੰਮ ਮੁਕਾਇਆ। ਸਾਡੇ ਲਈ ਰੋਟੀ ਤਿਆਰ ਕੀਤੀ, ਪਰ ਇਸ ਅਰਸੇ ਵਿੱਚ ਉਸ ਨੇ ਮੈਨੂੰ ਕੁਝ ਨਹੀਂ ਕਿਹਾ। ਸ਼ਾਇਦ ਉਹ ਮੇਰੇ ਮਨ ’ਚ ਵਸੇ ਨਵੇਂ ਕੋਟ ਵਾਲੇ ਚਾਅ ਤੋਂ ਚੰਗੀ ਤਰ੍ਹਾਂ ਵਾਕਫ਼ ਸੀ।
ਮੈਂ ਕੁੜਤੇ ਪਜਾਮੇ ਨਾਲ ਨਵਾਂ ਕੋਟ ਪਹਿਨ ਕੇ ਸਕੂਲ ਨੂੰ ਟੁਰ ਪਿਆ। ਸੜਕ ’ਤੇ ਤੁਰਿਆ ਜਾਂਦਾ ਮੈਂ ਚੋਰ ਅੱਖ ਨਾਲ ਲੋਕਾਂ ਵੱਲ ਝਾਤ ਵੀ ਮਾਰ ਲੈਂਦਾ ਸਾਂ ਕਿ ਲੋਕ ਮੇਰੇ ਨਵੇਂ ਕੋਟ ਨੂੰ ਜ਼ਰੂਰ ਵੇਖ ਰਹੇ ਹੋਣਗੇ। ਮੈਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਲੋਕਾਂ ਦੀਆਂ ਨਜ਼ਰਾਂ ਮੇਰੇ ਕੋਟ ’ਤੇ ਹੀ ਟਿਕੀਆਂ ਹੋਣ।
ਸਕੂਲ ’ਚ ਸਾਰੀ ਛੁੱਟੀ ਹੁੰਦਿਆਂ ਤਕ ਮੇਰਾ ਬਹੁਤਾ ਵਕਤ ਚਾਅ ਭਰਿਆ ਲੰਘਿਆ। ਮੇਰੇ ਦੋ ਤਿੰਨ ਮਿੱਤਰਾਂ ਨੇ ਮੇਰੇ ਕੋਟ ਦੀ ਗੱਲ ਕੀਤੀ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਾ। ਮੇਰੇ ਮਨ ਵਿੱਚ ਇਸ ਗੱਲ ਦਾ ਮਲਾਲ ਰਿਹਾ ਕਿ ਪੀਰੀਅਡ ਦੀ ਹਰ ਘੰਟੀ ਵੱਜਣ ’ਤੇ ਨਵੇਂ ਅਧਿਆਪਕ ਜਮਾਤ ਵਿੱਚ ਤਾਂ ਆਏ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮੇਰੇ ਨਾਲ ਕੋਟ ਦੀ ਗੱਲ ਨਹੀਂ ਕੀਤੀ। ਉਹ ਤਾਂ ਬੱਸ ਸਾਰੇ ਹੀ ਆਪਣੀ ਆਕੜ ਵਿੱਚ ਕਲਾਸ ’ਚ ਆ ਕੇ ਬੱਚਿਆਂ ਨੂੰ ਪੜ੍ਹਾ ਕੇ ਕਲਾਸ ’ਚੋਂ ਬਾਹਰ ਨਿਕਲਦੇ ਰਹੇ। ਸਾਰੀ ਛੁੱਟੀ ਬਾਅਦ ਮੁੰਡੇ ਸਕੂਲ ਸਾਹਮਣੇ ਬਣੇ ਪਾਰਕ ਵਿੱਚ ਅਕਸਰ ਕਬੱਡੀ ਦੇ ਇੱਕ ਦੋ ਪਾਲੇ ਖੇਡ ਕੇ ਘਰ ਨੂੰ ਜਾਂਦੇ ਸਨ। ਉਨ੍ਹਾਂ ਵਿੱਚ ਮੈਂ ਵੀ ਸ਼ਾਮਿਲ ਹੁੰਦਾ ਸਾਂ ਸਗੋਂ ਮੈਂ ਆਪਣੀ ਟੀਮ ਦਾ ਮੋਢੀ ਵੀ ਮੰਨਿਆ ਜਾਂਦਾ ਸਾਂ।
ਕਬੱਡੀ ਖੇਡਦਿਆਂ ਇਹ ਕੋਟ ਜ਼ਰੂਰ ਮੈਲਾ ਹੋ ਜਾਵੇਗਾ। ਇਹ ਜੋਗਿੰਦਰ ਦਾ ਕੀ ਪਤਾ ਇਸ ਨੂੰ ਹੱਥ ਨਾਲ ਖਿੱਚ ਕੇ ਫਾੜ ਹੀ ਦੇਵੇ। ਇਸ ਤੋਂ ਚੰਗਾ ਮੈਂ ਕੋਟ ਲਾਹ ਹੀ ਦੇਵਾਂ। ਜੋਗਿੰਦਰ ਵਿਰੋਧੀ ਪਾਰਟੀ ਦਾ ਖਿਡਾਰੀ ਸੀ। ਇਹ ਸੋਚ ਮੈਂ ਆਪਣਾ ਨਵਾਂ ਕੋਟ ਲਾਹ ਕੇ ਪਾਰਕ ਦੇ ਇੱਕ ਵੱਡੇ ਬੂਟੇ ’ਤੇ ਧਰ ਦਿੱਤਾ। ਸੋਚਿਆ ਮੁੜਦਿਆਂ ਪਹਿਨ ਲਵਾਂਗਾ। ਕਬੱਡੀ ਸ਼ੁਰੂ ਹੋ ਗਈ। ਖੇਡ ਵਿੱਚ ਮੈਂ ਇੰਨਾ ਮਸਤ ਹੋ ਗਿਆ ਕਿ ਘਰ ਪਰਤਦਿਆਂ ਕੋਟ ਦਾ ਚੇਤਾ ਹੀ ਨਾ ਰਿਹਾ। ਮੈਂ ਘਰ ਪਹੁੰਚਿਆ ਤਾਂ ਬੇਬੇ ਗੁਆਂਢ ’ਚ ਚੌਧਰੀਆਂ ਦੇ ਘਰ ਗਈ ਹੋਈ ਸੀ। ਮੈਨੂੰ ਉੱਕਾ ਹੀ ਯਾਦ ਨਹੀਂ ਸੀ ਕਿ ਮੈਂ ਆਪਣਾ ਨਵਾਂ ਕੋਟ ਪਾਰਕ ਵਿੱਚ ਭੁੱਲ ਆਇਆ ਸੀ।
ਦੁਪਹਿਰ ਦੀ ਰੋਟੀ ਖਾ ਕੇ ਮੈਂ ਬਾਹਰ ਖੇਡਣ ਚਲਾ ਗਿਆ। ਖਾਸਾ ਹਨੇਰਾ ਸੀ। ਮੈਂ ਗਲੀ ’ਚ ਵੜ ਪ੍ਰੀਤਮ ਚਾਚੇ ਦੇ ਘਰ ਮੂਹਰੇ ਪਹੁੰਚਿਆ ਤਾਂ ਅਚਾਨਕ ਮੈਨੂੰ ਪਾਰਕ ਵਿੱਚ ਭੁੱਲ ਚੁੱਕੇ ਕੋਟ ਦੀ ਯਾਦ ਆਈ। ਇੱਕ ਵਾਰੀ ਤਾਂ ਮੇਰਾ ਮਨ ਕੀਤਾ ਕਿ ਉਲਟੇ ਪੈਰੀਂ ਮੁੜ ਜਾਵਾਂ, ਪਰ ਹਨੇਰਾ ਹੋਣ ਕਰਕੇ ਮੈਂ ਅਜਿਹਾ ਨਾ ਕਰ ਸਕਿਆ। ਘਰ ਪਹੁੰਚਣ ’ਤੇ ਕਿਸੇ ਨੇ ਵੀ ਕੋਟ ਦੀ ਪੁੱਛ ਨਾ ਪਾਈ।
ਮੇਰਾ ਮਨ ਬਹੁਤ ਖ਼ਰਾਬ ਸੀ। ਮੇਰੇ ਕੋਲੋਂ ਚੱਜ ਨਾਲ ਰੋਟੀ ਵੀ ਨਹੀਂ ਖਾਧੀ ਗਈ। ਉਹ ਰਾਤ ਮੈਂ ਮਸਾਂ ਹੀ ਕੱਟੀ। ਕਈ ਵਾਰੀ ਮੇਰੀ ਅੱਖ ਖੁੱਲ੍ਹੀ ਅਤੇ ਹਰ ਵਾਰੀ ਮੈਨੂੰ ਕੋਟ ਚੇਤੇ ਆਉਂਦਾ ਰਿਹਾ। ਮੇਰਾ ਮਨ ਮੈਨੂੰ ਵਾਰ ਵਾਰ ਲਾਹਨਤਾਂ ਪਾਉਂਦਾ ਰਿਹਾ ਕਿ ਮੈਂ ਉਸੇ ਵੇਲੇ ਹਨੇਰੇ ’ਚ ਹੀ ਪਾਰਕ ਵਿੱਚ ਕੋਟ ਕਿਉਂ ਨਾ ਲੱਭਣ ਚਲਾ ਗਿਆ।
‘‘ਵੇ ਤੂੰ ਇੰਨੇ ਸਾਝਰੇ ਕਿੱਥੇ ਚੱਲਿਆਂ?’’ ਸਵੇਰੇ ਹੀ ਬੇਬੇ ਨੇ ਮੈਨੂੰ ਬਿਨਾਂ ਕੁਝ ਖਾਧੇ ਪੀਤੇ ਸਕੂਲ ਵੱਲ ਜਾਂਦੇ ਨੂੰ ਪੁੱਛਿਆ।
‘‘ਬੇਬੇ ਮੈਂ…,’’ ਗੱਲ ਜਿਵੇਂ ਮੇਰੇ ਸੰਘ ਵਿੱਚ ਹੀ ਅਟਕੀ ਰਹਿ ਗਈ।
‘‘ਵੇ ਤੇਰਾ ਕੋਟ ਕਿੱਥੇ?’’ ਬੇਬੇ ਦਾ ਇਹ ਅਗਲਾ ਸਵਾਲ ਸੀ ਜਿਸ ਨੂੰ ਸੁਣ ਕੇ ਇੱਕ ਵਾਰੀ ਤਾਂ ਮੈਂ ਕੰਬ ਗਿਆ। ਮੈਨੂੰ ਲੱਗਾ ਜਿਵੇਂ ਬੇਬੇ ਨੇ ਮੇਰੀ ਚੋਰੀ ਫੜ ਲਈ ਸੀ। ਮੈਨੂੰ ਕੁਝ ਵੀ ਸਮਝ ਨਾ ਆਵੇ ਕਿ ਮਾਂ ਨੂੰ ਇਹਦਾ ਕੀ ਜਵਾਬ ਦੇਵਾਂ, ਪਰ ਮੈਂ ਤੁਰੰਤ ਆਪਣੇ ਆਪ ਨੂੰ ਸਾਂਭ ਲਿਆ।
‘‘ਬੇਬੇ ਕੋਟ ਤਾਂ ਮੈਂ ਕੱਲ੍ਹ ਸਕੂਲ ਵਿੱਚ ਚਪੜਾਸੀ ਨੂੰ ਸੰਭਾਲ ਦਿੱਤਾ ਸੀ, ਕਬੱਡੀ ਖੇਡਦੇ ਹੋਏ ਉਹ ਮੈਲਾ ਜੋ ਹੋ ਜਾਂਦਾ।’’ ਇਹ ਗੱਲ ਸੋਲਾਂ ਆਨੇ ਝੂਠ ਸੀ, ਪਰ ਆਪਣੇ ਬਚਾਓ ਲਈ ਬੇਬੇ ਨੂੰ ਆਖ ਜਿਵੇਂ ਕੁਝ ਚਿਰ ਲਈ ਤਾਂ ਮੈਂ ਸਭ ਫ਼ਿਕਰਾਂ ਤੋਂ ਸੁਰਖਰੂ ਹੋ ਗਿਆ ਸੀ। ਮੈਂ ਤੇਜ਼ ਤੇਜ਼ ਕਦਮ ਪੁੱਟਦਾ ਸਕੂਲ ਸਾਹਮਣੇ ਬਣੇ ਪਾਰਕ ਵੱਲ ਹੋ ਗਿਆ। ਟੁਰਦਾ ਹੋਇਆ ਮੈਂ ਸਾਰੇ ਰਾਹ ਵਾਰ ਵਾਰ ਮੂੰਹ ਵਿੱਚ ‘ਵਾਹਿਗੁਰੂ ਵਾਹਿਗੁਰੂ’ ਵੀ ਆਖਦਾ ਜਾ ਰਿਹਾ ਸੀ। ਪਰ… ਉੱਥੇ ਤਾਂ ਕੁਝ ਵੀ ਨਹੀਂ ਸੀ। ਮੈਂ ਪਹਿਲਾਂ ਇੱਕ ਝਾੜੀ, ਫਿਰ ਦੂਜੀ ਝਾੜੀ ਤੇ ਫਿਰ ਪਾਰਕ ਦੇ ਸਾਰੇ ਬੂਟੇ ਛਾਣ ਮਾਰੇ, ਪਰ ਮੈਨੂੰ ਕੋਟ ਨਹੀਂ ਮਿਲਿਆ। ਉਸ ਨੂੰ ਕੋਈ ਪਹਿਲੇ ਦਿਨ ਹੀ ਚੁੱਕ ਕੇ ਜੋ ਲੈ ਗਿਆ ਸੀ। ਮੈਂ ਜਿਵੇਂ ਹੰਭਿਆ ਹੋਇਆ ਅਤੇ ਮਾਨਸਿਕ ਤੌਰ ’ਤੇ ਥੱਕਿਆ ਹੋਇਆ ਚੁੱਪ ਕਰ ਕੇ ਪਾਰਕ ਦੇ ਇੱਕ ਬੈਂਚ ’ਤੇ ਬੈਠ ਗਿਆ। ਮੇਰੇ ਮਨ ਵਿੱਚ ਉਸ ਵੇਲੇ ਗੁਆਚੇ ਹੋਏ ਕੋਟ ਤੋਂ ਸਿਵਾਏ ਹੋਰ ਕੁਝ ਨਹੀਂ ਸੀ। ਉਹ ਥਾਂ ਬੈਠਿਆਂ ਮੈਨੂੰ ਆਪਣੇ ਕੋਟ ਦੇ ਨਾਲ ਹੀ ਬੇਬੇ ਵੀ ਯਾਦ ਆ ਜਾਂਦੀ। ਇਸ ਤਰ੍ਹਾਂ ਹੁੰਦਿਆਂ ਸਾਰ ਕੋਟ ਬਣਨ ਦੀ ਲੰਬੀ ਕਹਾਣੀ ਮੇਰੇ ਮਨ ਵਿੱਚ ਘੁੰਮ ਜਾਂਦੀ। ਫਿਰ ਕੋਟ ਬਾਰੇ ਸੋਚਦਿਆਂ ਹੀ ਮੇਰੀਆਂ ਅੱਖਾਂ ਛਲਕ ਪੈਂਦੀਆਂ।
ਸਕੂਲ ਦੀ ਘੰਟੀ ਕਦੋਂ ਦੀ ਵੱਜ ਗਈ ਸੀ। ਬੱਚੇ ਸਕੂਲ ਜਾ ਕੇ ਸਵੇਰ ਦੀ ਪ੍ਰਾਰਥਨਾ ਵੀ ਬੋਲਣ ਲੱਗ ਪਏ ਸਨ, ਪਰ ਮੈਂ ਅਜੇ ਵੀ ਉਸੇ ਤਰ੍ਹਾਂ ਬੈਂਚ ’ਤੇ ਬੈਠਾ ਸੀ। ਉਸੇ ਥਾਂ ਬੈਠਿਆਂ ਕਾਫ਼ੀ ਧੁੱਪ ਚੜ੍ਹ ਗਈ ਤਾਂ ਮੈਂ ਸਕੂਲ ਜਾਣ ਦੀ ਥਾਂ ਘਰ ਨੂੰ ਪਰਤ ਪਿਆ। ਮੇਰਾ ਸਕੂਲ ਜਾਣ ਦਾ ਉੱਕਾ ਹੀ ਮਨ ਨਹੀਂ ਸੀ। ਮੈਂ ਹੌਲੀ ਹੌਲੀ ਜਿਵੇਂ ਆਪਣੀਆਂ ਲੱਤਾਂ ਘੜੀਸਦਾ ਹੋਇਆ ਘਰ ਮੁੜਿਆ ਆ ਰਿਹਾ ਸੀ। ਮੇਰੇ ਪੈਰ ਜਿਵੇਂ ਮਣਾਂ ਭਾਰੇ ਹੋ ਗਏ ਸਨ ਅਤੇ ਮੇਰੇ ਕੋਲੋਂ ਚੁੱਕੇ ਨਹੀਂ ਜਾ ਰਹੇ। ਮੈਂ ਗਲੀ ਪਾਰ ਕਰਕੇ ਘਰ ਮੂਹਰੇ ਪਹੁੰਚਿਆ ਤਾਂ ਬੇਬੇ ਬਾਹਰ ਦਰਾਂ ਮੂਹਰੇ ਝਾੜੂ ਮਾਰ ਰਹੀ ਸੀ।
‘‘ਵੇ ਛੋਟਿਆ, ਤੂੰ ਇੰਨੀ ਛੇਤੀ ਮੁੜ ਆਇਆ। ਕੀ ਸਕੂਲ ’ਚ ਛੁੱਟੀ ਹੋ ਗਈ?’’ ਮਾਂ ਦੀ ਗੱਲ ’ਤੇ ਕੁਝ ਨਾ ਬੋਲ ਕੇ ਮੈਂ ਬੂਹੇ ਰਾਹੀਂ ਸਿੱਧਾ ਅੰਦਰ ਚਲਾ ਗਿਆ। ਅੰਦਰ ਜਾ ਬਸਤਾ ਇੱਕ ਪਾਸੇ ਸੁੱਟ ਮੈਂ ਸਿਰ ਨੀਵਾਂ ਕਰਕੇ ਮੰਜੇ ’ਤੇ ਬੈਠ ਗਿਆ। ਬੇਬੇ ਵੀ ਕੁਝ ਚਿਰ ਦਰਾਂ ਮੂਹਰੇ ਝਾੜੂ ਮਾਰ ਕੇ ਅੰਦਰ ਆ ਗਈ। ਉਸ ਵੇਲੇ ਘਰ ਹੋਰ ਕੋਈ ਨਹੀਂ ਸੀ।
‘‘ਵੇ ਕੀ ਹੋਇਆ ਤੈਨੂੰ? ਇਉਂ ਸਿਰ ਸੁੱਟੀ ਕਿਉਂ ਬੈਠੈਂ?’’ ਇਸ ਵਾਰੀ ਬੋਲਦਿਆਂ ਬੇਬੇ ਦੀ ਆਵਾਜ਼ ਵਿੱਚ ਤੇਜ਼ੀ ਸੀ।
‘‘ਬੇਬੇ ਕੋਟ…।’’
‘‘ਵੇ ਹੋਇਆ ਕੀ ਤੇਰੇ ਕੋਟ ਨੂੰ?’’ ਬੇਬੇ ਦੇ ਪੁੱਛਣ ’ਤੇ ਪਹਿਲਾਂ ਮੈਂ ਹੌਲੀ ਹੌਲੀ ਅਤੇ ਫਿਰ ਉੱਚੀ ਆਵਾਜ਼ ਵਿੱਚ ਰੋਣ ਲੱਗਾ। ਉਸ ਦੇ ਦੂਜੀ ਵਾਰੀ ਪੁੱਛਣ ’ਤੇ ਮੈਂ ਰੋਂਦਿਆਂ ਉਸ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਕੱਲ੍ਹ ਮੈਂ ਝੂਠ ਬੋਲਿਆ ਸੀ ਅਤੇ ਸਕੂਲ ਵਿੱਚ ਚਪੜਾਸੀ ਨੂੰ ਕੋਟ ਫੜਾਉਣ ਵਾਲੀ ਗੱਲ ਵੀ ਮਨਘੜਤ ਸੀ। ਗੱਲ ਕਰਦਿਆਂ ਮੈਂ ਅਜੇ ਵੀ ਰੋਈ ਜਾ ਰਿਹਾ ਸੀ। ਮੈਨੂੰ ਇਹ ਵੀ ਲੱਗ ਰਿਹਾ ਸੀ ਕਿ ਕੋਟ ਗੁਆਚ ਜਾਣ ਕਰਕੇ ਮਾਂ ਕੋਲੋਂ ਮੈਨੂੰ ਮਾਰ ਵੀ ਪਵੇਗੀ। ਦੂਜੇ ਪਾਸੇ ਮੇਰੇ ਮਨ ਵਿੱਚ ਉਸ ਮਾਰ ਦਾ ਭੋਰਾ ਵੀ ਡਰ ਨਹੀਂ ਸੀ। ਫਿਰ ਇਸ ਤੋਂ ਸਿਵਾਏ ਅਜਿਹਾ ਹੋਰ ਕੀ ਸੀ ਜਿਸ ਕਰਕੇ ਮਨ ਵਿੱਚ ਕੋਟ ਗੁਆਚ ਜਾਣ ਦੀ ਗੱਲ ਆਉਂਦਿਆਂ ਹੀ ਮੇਰਾ ਰੋਣਾ ਨਿਕਲ ਆਉਂਦਾ।
ਮੇਰੇ ਮੂੰਹੋਂ ਇਹ ਗੱਲ ਸੁਣ ਕੇ ਇੱਕ ਵਾਰੀ ਤਾਂ ਬੇਬੇ ਦੇ ਚਿਹਰੇ ’ਤੇ ਗੁੱਸੇ ਦੀਆਂ ਲਕੀਰਾਂ ਉੱਭਰ ਆਈਆਂ। ਮੈਨੂੰ ਹਟਕੋਰੇ ਲੈ ਕੇ ਰੋਂਦਾ ਵੇਖ ਕੇ ਉਸ ਨੇ ਝਾੜੂ ਇੱਕ ਪਾਸੇ ਧਰ ਦਿੱਤਾ। ਉਹ ਮੇਰੇ ਨੇੜੇ ਆ ਕੇ ਮੇਰੇ ਨਾਲ ਲੱਗ ਕੇ ਮੰਜੇ ’ਤੇ ਬੈਠ ਗਈ। ਉਸ ਨੇ ਮੇਰਾ ਸਿਰ ਸੱਜੇ ਹੱਥ ਨਾਲ ਖਿੱਚ ਕੇ ਆਪਣੇ ਨਾਲ ਲਾ ਲਿਆ। ਥੋੜ੍ਹੇ ਚਿਰ ਬਾਅਦ ਮੈਂ ਵੇਖਿਆ ਕਿ ਬੇਬੇ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ, ਪਰ ਇਹ ਮੇਰੀ ਸਮਝੋਂ ਉੱਕਾ ਹੀ ਪਰ੍ਹੇ ਸੀ ਕਿ ਬੇਬੇ ਮੇਰਾ ਕੋਟ ਗੁੰਮ ਹੋ ਜਾਣ ਕਰਕੇ ਰੋ ਰਹੀ ਸੀ ਜਾਂ ਮੈਨੂੰ ਰੋਂਦਾ ਵੇਖ ਕੇ ਉਸ ਦੀਆਂ ਅੱਖਾਂ ਭਰ ਆਈਆਂ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ