Bhianak Raat : Manjot Kaur

ਭਿਆਨਕ ਰਾਤ : ਮਨਜੋਤ ਕੌਰ

ਮੈਂ ਅਜੇ ਲੈਰੀ ਉਮਰ ਦਾ ਹੀ ਸਾਂ, ਹੋਣਾ ਮਸਾਂ ੧੫ ਕੁ ਵਰ੍ਹਿਆਂ ਦਾ। ਮੇਰਾ ਪਿੰਡ ਕੰਢੀ ਇਲਾਕੇ ਵਿਚ ਹੋਣ ਕਰਕੇ, ਪਿੰਡ ਵਾਲਿਆਂ ਨੂੰ ਜਮੀਨ ਦੀ ਥੁੜ੍ਹ ਸੀ। ਅਸੀਂ ਲਾਗੇ ਦੇ ਪਿੰਡਾਂ ਦੀਆਂ ਜਮੀਨਾਂ ਠੇਕੇ ਤੇ ਜਾਂ ਵਟਾਈ ਤੇ ਲੈ ਲੈਂਦੇ ਸੀ । ਮੈਂ ਵੀ ਬਾਪੂ ਨਾਲ ਖੇਤ ਬੰਨੇ ਜਾ ਆਉਂਦਾ ਸੀ। ਖੈਰ, ਸਾਡੇ ਕੋਲ ਵੀ ੬ ਕੁ ਕਨਾਲ ਦਾ ਇੱਕ ਟੱਕ ਸੀ, ਜੋ ਨਾਲ ਵਾਲੇ ਪਿੰਡ ਦੇ ਮੂਲਾ ਸਿਉਂ ਤੋਂ ਵਟਾਈ ਤੇ ਲਿਆ ਹੋਇਆ ਸੀ ਤੇ ਤੰਬਾਕੂ ਬੀਜਿਆ ਹੋਇਆ ਸੀ। ਜਮੀਨ ਬਹੁਤੀ ਉਪਜਾਊ ਨਾ ਹੋਣ ਕਰਕੇ, ਲੋਕ ਜਿਆਦਾ ਤੰਬਾਕੂ ਦੀ ਹੀ ਖੇਤੀ ਕਰਦੇ ਸਨ। ਬੀਤ ਇਲਾਕੇ ਵਿਚ ਉਨੀ ਦਿਨੀਂ ਇੱਕ ਗਲ਼ੇ ਦਾ ਰੋਗ, ਭੌਰੇ ਵਾਂਗ ਫੈਲਿਆ ਹੋਇਆ ਸੀ। ਚੰਦਰੇ ਰੋਗ ਦਾ ਇਲਾਜ ਤੰਬਾਕੂ ਨਾਲ ਹੋਣ ਲੱਗ ਗਿਆ ਸੀ। ਫਾਇਦਾ ਇਹ ਹੋਇਆ ਕਿ ਆਮਦਨ ਵਧ ਗਈ।

ਰੋਹੀ ਦਾ ਦਿਨ ਤੇ ਏਨੀ ਤਪਸ਼ ਕੇ ਅੱਗ ਵਰ੍ਹਦੀ ਸੀ ਤੇ ਖੇਤ ਤੰਬਾਕੂ ਪੁੱਟਣ ਜਾਣਾ ਸੀ। ਮੈਂ ਬਾਪੂ ਤੁਲਸਾ ਸਿਉਂ ਨੂੰ ਡੱਕ ਦਿੱਤਾ ਤੇ ਆਪ ਚਲਿਆ ਗਿਆ। ਸਾਡੇ ਖੇਤ ਵਿੱਚ ਇੱਕ ਬਹੁਤ ਪੁਰਾਣਾ ਬੋਹੜ ਦਾ ਰੁੱਖ ਸੀ ਅਤੇ ਲਾਗੇ ਹੀ ਇੱਕ ਸ਼ਮਸ਼ਾਨ ਘਾਟ ਵੀ, ਜੋ ਉਸੇ ਪਿੰਡ ਦਾ ਸੀ। ਸਾਰਾ ਦਿਨ ਲੂੰਹਦੀ ਗਰਮੀਂ ਵਿਚ ਕੰਮ ਕਰਦੇ ਨੂੰ ਤਰਕਾਲਾਂ ਪੈ ਗਈਆਂ। ਮੈਂ ਬਾਪੂ ਨੂੰ ਸੁਨੇਹਾ ਘੱਲ ਦਿੱਤਾ ਕਿ ਮੈਂ ਰਾਤ ਖੇਤ ਵਿੱਚ ਹੀ ਰਹੂੰ, ਤੂੰ ਦਿਨ ਚੜ੍ਹਦੇ ਸਾਰ ਹਲ ਲੈ ਕੇ ਖੇਤ ਪੁੱਜਦਾ ਹੋਈਂ।

ਰਾਤ ਹੋਈ ਮੈਂ ਲੀੜੇ ਝਾੜ ਕੇ ਗੰਢੇ ਨਾਲ ਬਾਸੀ ਰੋਟੀ ਨਾਲ ਹੀ ਤਸੱਲੀ ਕਰ ਲਈ । ਥਕਿਆ ਟੁੱਟਿਆ ਦਿਨ ਭਰ ਦਾ ਥਕੇਵਾਂ ਲਾਹੁਣ ਲਈ, ਬੋਹੜ ਨਾਲ ਖੜ੍ਹੀ ਮੰਜੀ ਡਾਹ ਕੇ ਟੇਢਾ ਜਿਹਾ ਹੋ ਗਿਆ। ੧੦ ਕੁ ਹੀ ਹੋਏ ਸੀ ਕਿ ਕਿਸੇ ਅਣਚਾਹੀ ਆਵਾਜ਼ ਨੇ ਅੱਖ ਖੋਲ੍ਹ ਦਿੱਤੀ। ਉਨੀ ਦਿਨੀਂ ਇਲ ਬਲਾ , ਭੂਤ-ਪ੍ਰੇਤ ਦੇ ਵਹਿਮ-ਭਰਮ ਜਿਆਦਾ ਹੋਇਆ ਕਰਦੇ ਸੀ। ਮੈਂ ਅਜੇ ਛੋਕਰਾ ਜਿਹਾ ਹੀ ਸਾਂ ਤੇ ਮਨ ਵਿੱਚ ਵਹਿਮ ਜਿਹੇ ਆਉਣ ਲੱਗ ਗਏ।

ਮੈਂ ਫਿਰ ਪਰਨਾ ਸਿਰ ਹੇਠੋਂ ਕੱਢਿਆ ਤੇ ਉੱਤੇ ਤਾਣ ਲਿਆ। ਅੱਖ ਅਜੇ ਲੱਗੀ ਹੀ ਸੀ ਕਿ ਇੱਕ ਖੜਾਕ ਦੀ ਆਵਾਜ਼ ਫਿਰ ਕੰਨੀਂ ਪਈ, ਘਾਬਰ ਕੇ ਉੱਠ ਗਿਆ ਤੇ ਕੰਬਣੀ ਜੇਹੀ ਛਿੜ ਗਈ। ਲਗਾਤਾਰ ਖੜ-ਖੜ ਦੀ ਆਵਾਜ਼ ਬੇਚੈਨ ਕਰ ਰਹੀ ਸੀ। ਮੈਂ ਸ਼ਿਕਾਰੀਆਂ ਵਾਂਗ ਟਿਕਟਿਕੀ ਲਗਾਈ ਸ਼ਮਸ਼ਾਨ ਘਾਟ ਦੀ ਭੂਮੀ ਵੱਲ ਵਿੰਹਦਾ ਜਾ ਰਿਹਾ ਸੀ। ਹਰ ਪਾਸੇ ਸਾਂ ਸਾਂ ਕਰਦੇ ਬਿਰਖ, ਤੇ ਕਾਲੀ ਹਨੇਰੀ ਰਾਤ ਜਾਨ ਮੂੰਹ ਨੂੰ ਆਈ ਪਈ ਸੀ।

ਏਨੇ ਨੂੰ ਕਿਸੇ ਦੇ ਤੁਰਨ ਦੀ ਆਹਟ ਆਈ, ਤੇ ਮਹਿਜ ਦੋ ਕੁ ਕਦਮਾਂ ਦੀ ਦੂਰੀ ਤੇ ਰੌਸ਼ਨੀ ਜੇਹੀ ਵਿਖਾਈ ਦਿੱਤੀ। ਮੈਂ ਉੱਠ ਕੇ ਤੁਰਿਆ ਤਾਂ ਪੈਰਾਂ ਹੇਠ ਸਿੱਲ੍ਹਾ ਸਿੱਲ੍ਹਾ ਅਨੁਭਵ ਹੋਇਆ ਤੇ ਇੱਕ ਸਫੈਦ ਜਿਹਾ ਕੱਪੜਾ ਮੂੰਹ ਤੇ ਆ ਡਿੱਗਿਆ। ਅਜੇ ਕੁੱਝ ਕੁ ਦਿਨ ਪਹਿਲੋਂ ਹੀ ਤਾਇਆ ਸੁੱਚਾ ਸਿਉਂ ਦਾ ਕਾਕਾ ਮੁੱਕ ਗਿਆ ਸੀ, ਤੇ ਇਸੇ ਸ਼ਮਸ਼ਾਨ ਘਾਟ ਤੇ ਓਹਦਾ ਦਾਹ ਸੰਸਕਾਰ ਹੋਇਆ ਸੀ। ਇਹੀ ਸੋਚ - ਸੋਚ ਕੇ ਘਬਰਾਹਟ ਨਾਲ ਸਰੀਰ ਤ੍ਰੇਲੀ - ਤ੍ਰੇਲੀ ਹੋ ਗਿਆ। ਖੜ - ਖੜ ਦਾ ਸ਼ੋਰ ਹੋਰ ਤੇਜ਼ ਹੁੰਦਾ ਜਾ ਰਿਹਾ ਸੀ ਅਤੇ ਕਿਸੇ ਦਾ ਬੜੀ ਤੇਜ਼ੀ ਨਾਲ ਕੋਲੋਂ ਲੰਘਣ ਦਾ ਅਹਿਸਾਸ ਹੋਇਆ । ਡਿੱਗਦਾ ਢਹਿੰਦਾ ਮੈਂ ਫਿਰ ਉਨ੍ਹੀਂ ਪੈਰੀਂ ਮੰਜੀ ਵੱਲ ਨੂੰ ਵਧਿਆ ਤੇ ਡਿੱਗ ਪਿਆ।

ਬਾਪੂ ਨੇ ਆਉਂਦਿਆਂ ਹੀ ਹਲੂਣਾ ਦੇ ਕੇ ਉੱਠਾ ਦਿੱਤਾ। ਮੇਰੀਆਂ ਅੱਖਾਂ ਵਿੱਚ ਰਾਤ ਦੇ ਉਨੀਂਦਰੇ ਕਰਕੇ ਰੜਕ ਸੀ ਤੇ ਅੱਖ ਦਿਨ ਦੇ ਚੜ੍ਹਾ ਅਜੇ ਲੱਗੀ ਹੀ ਸੀ। ਮੈਂ ਆਸਾ ਪਾਸਾ ਵੇਖਿਆ, ਮੇਰਾ ਆਪਣਾ ਹੀ ਪਰਨਾ ਮੰਜੀ ਲਾਗੇ ਡਿੱਗਿਆ ਪਿਆ ਸੀ, ਤੇ ਥਾਂ ਸਿੱਲ੍ਹਾ ਕੋਲ ਪਏ ਘੜੇ ਦੇ ਟੁੱਟਣ ਨਾਲ ਹੋਇਆ ਸੀ। ਫਿਰ ਵੇਖਿਆ ਕਿ ਖੜ - ਖੜ ਦੀ ਆਵਾਜ਼ ਬੋਹੜ ਦੇ ਸੁੱਕੇ ਪਤਿਆਂ ਦੀ ਸੀ। ਘੜਾ ਵੇਖ ਲੱਗ ਰਿਹਾ ਸੀ ਜਿਵੇਂ ਕੋਈ ਜਾਨਵਰ ਵਗੈਰਾ ਇਹਦੇ ਵਿਚ ਵਜਿਆ ਹੋਏ ਤੇ ਘੜਾ ਟੁੱਟ ਗਿਆ ਹੋਏ। ਉਹ ਰਾਤ ਇੱਕ ਵਹਿਮ ਦੀ ਸਭ ਤੋਂ ਭਿਆਨਕ ਰਾਤ ਸੀ। ਅਜੇ ਆਪਣੇ ਹੀ ਵਿਚਾਰਾਂ ਵਿਚ ਡੁੱਬਿਆ ਸਾਂ ਕਿ ਬਾਪੂ ਤੁਲਸਾ, ਹਲ ਲੈ ਕੇ ਆ ਗਿਆ, ਮੇਰੇ ਵੱਲ ਵੇਖ ਕੇ ਹਸਿਆ ਤੇ ਮੋਢੇ ਤੇ ਹੱਥ ਧਰ ਕੇ ਕਹਿਣ ਲਗਿਆ;
''ਵੇ ਪੁੱਤਾ, ਅੱਖਾਂ ਵਿੱਚ ਲਾਲੀ ਬੜੀ ਏ, ਲੱਗਦਾ ਰਾਤ ਭੂਤਾਂ ਦੀ ਰਖਵਾਲੀ ਕਰਦਾ ਰਿਹਾ ਸੈਂ ।''

ਮੈਂ ਅਜੇ ਵੀ ਬੈਠਾ ਮਨ ਹੀ ਮਨ ਉਲਝਿਆ ਹੋਇਆ ਸੀ ਅਤੇ ਰਾਤ ਦੀ ਬੇਚੈਨੀ ਨੂੰ ਠਾਰ ਪਾਉਣ ਦੇ ਯਤਨ ਕਰ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ, ਮਨਜੋਤ ਕੌਰ ਸਹੋਤਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ