Bibi Sharan Kaur : Harpreet Singh

ਬੀਬੀ ਸ਼ਰਨ ਕੌਰ : ਹਰਪ੍ਰੀਤ ਸਿੰਘ

ਇਤਿਹਾਸ ਕੌਮ ਦਾ ਸਰਮਾਇਆ ਹੁੰਦਾ ਹੈ, ਜਿਹੜੀਆਂ ਕੌਮਾਂ ਅਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੋਮਾਂ ਧਰਾਤਲ ਵੱਲ ਚਲੀਆਂ ਜਾਂਦੀਆਂ ਹਨ ਭਾਵ ਛੇਤੀ ਹੀ ਅਪਣਾ ਵਜੂਦ ਖਤਮ ਕਰ ਬੈਠਦੀਆਂ ਹਨ। ਸਿੱਖ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਚਲਦਾ ਹੈ ਕਿ 'ਪੋਹ' (ਦਸੰਬਰ) ਮਹੀਨਾ ਸ਼ਹਾਦਤਾਂ ਨਾਲ ਭਰਿਆ ਮਹੀਨਾ ਹੈ ਅਤੇ ਅਨੰਦਪੁਰ ਤੋਂ ਲੈਕੇ ਮਾਛੀਵਾੜੇ ਦੇ ਸਫਰ ਤੱਕ ਅਪਣਾ ਨਿਵੇਕਲਾ ਇਤਿਹਾਸ ਸਮੋਈ ਬੈਠਾ ਹੈ।

ਇਸ ਸਮੇਂ ਦੋਰਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਕਿਲਾ ਛੱਡਣਾ ਅਤੇ ਪਰਿਵਾਰ ਵਿਛੋੜੇ ਦੀ ਦਾਸਤਾਨ, ਗੁਰੂ ਸਾਹਿਬਾਂ ਦੇ ਵੱਡੇ ਫਰਜੰਦਾਂ ਦਾ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਦੀਆਂ ਨੀਹਾਂ ਵਿੱਚ ਚਿਣਵੇ ਜਾਣਾ, ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਇਲਾਵਾ ਅਨੇਕਾਂ ਅਜਿਹੇ ਮਰਜੀਵੜੇ ਸਿੰਘ ਸੂਰਮੇ/ਬੀਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਧਰਮ ਦੀ ਖਾਤਰ ਅਪਣਾ ਬਲਿਦਾਨ ਦਿਤਾ ਸੀ, ਅਜਿਹੀ ਹੀ ਇੱਕ ਬੀਬੀ ਸ਼ਰਨ ਕੌਰ (ਕਈਂ ਇਤਿਹਾਸਕਾਰ ਬੀਬੀ ਹਰਸ਼ਰਨ ਕੌਰ ਲਿੱਖਦੇ ਹਨ) ਜੀ ਹਨ ਜਿਨ੍ਹਾਂ ਨੇ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪਾ ਚੁਕੇ ਸਿੰਘਾਂ ਦੇ ਸ਼ਰੀਰਾਂ ਦੀ ਭਾਲ ਕਰਕੇ ਅੰਤਿਮ ਸਸਕਾਰ ਕਰ ਰਹੀ ਸੀ ਤਾਂ ਮੁਗਲ ਸਿਪਾਹੀਆਂ ਨੇ ਉਸ ਨੂੰ ਵੀ ਬਲਦੀ ਅੱਗ ਵਿੱਚ ਸੁੱਟਕੇ ਸ਼ਹੀਦ ਕਰ ਦਿਤਾ। ਚਮਕੌਰ ਦੇ ਸਾਕੇ ਦੋਰਾਨ ਜਿੱਥੇ ਅਸੀ ਗੁਰੂ ਸਾਹਿਬਾਂ ਦੇ ਵੱਡੇ ਫਰਜ਼ੰਦਾ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹਾਂ ਉੱਥੇ ਬਾਕੀ ਸਿੰਘਾਂ ਦੇ ਨਾਲ ਸ਼ਹਾਦਤ ਦਾ ਜਾਮ ਪੀਣ ਵਾਲੀ ਇਸ ਜੂਝਾਰੂ 'ਬੀਬੀ ਸ਼ਰਨ ਕੌਰ' ਨੂੰ ਵੀ ਯਾਦ ਕਰਦੇ ਹਾਂ।

ਬੀਬੀ ਸ਼ਰਨ ਕੌਰ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਪਰਿਵਾਰ ਸੀ। ਇਸ ਪਰਿਵਾਰ ਦੇ ਮੁੱਖੀ ਭਾਈ ਪ੍ਰੀਤਮ ਸਿੰਘ ਜੀ ਸਨ ਜੋਕਿ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੰਘਾਂ ਵਿੱਚੋਂ ਸਨ। ਇਹ ਪਰਿਵਾਰ ਅਕਸਰ ਹੀ ਅਨੰਦਪੁਰ ਸਾਹਿਬ ਵਿੱਖੇ ਗੁਰੂ ਸਾਹਿਬ ਜੀ ਦੇ ਦਰਸ਼ਨ-ਦੀਦਾਰੇ ਕਰਨ ਅਤੇ ਸੇਵਾ ਲਈ ਜਾਂਦਾ ਹੁੰਦਾ ਸੀ। ਬੀਬੀ ਸ਼ਰਨ ਕੌਰ ਨੇ ਵੀ ਗੁਰੂ ਸਾਹਿਬਾਂ ਪਾਸੋਂ ਕੋਈ ਸੇਵਾ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਆਪ ਜੀ ਖੁੱਦ ਹੀ ਸੇਵਾ ਲਈ ਆ ਹਾਜਰ ਹੋਵੋਗੇ।

ਅਨੰਦਪੁਰ ਸਾਹਿਬ ਦੇ ਘੇਰੇ ਤੋਂ ਬਾਅਦ ਸੰਨ ੧੭੦੫ ਵਿੱਚ ਜਦੋਂ ਗੁਰੂ ਜੀ ਸਰਸਾ ਨਦੀ ਪਾਰ ਕਰਕੇ ਚਮਕੌਰ ਸਾਹਿਬ ਪਹੁੰਚੇ ਤਾਂ ਉੱਥੇ ਘਮਸਾਨ ਯੁੱਧ ਹੋਇਆ ਤੇ ਉੱਥੋਂ ਗੁਰੂ ਜੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੇ ਨਾਲ ਮਾਛੀਵਾੜੇ ਨੂੰ ਨਿਕਲ ਗਏ, ਇੱਧਰ ਬੀਬੀ ਸ਼ਰਨ ਕੌਰ ਨੂੰ ਗੁਰੂ ਜੀ ਦਾ ਚਮਕੌਰ ਸਾਹਿਬ ਆਉਣ ਦਾ ਪਤਾ ਚਲਿਆ ਤਾ ਉਹ ਪਰਿਵਾਰ ਤੋਂ ਆਗਿਆ ਲੈਕੇ ਗੁਰੂ ਜੀ ਦੇ ਦਰਸ਼ਨਾਂ ਲਈ ਜੱਥਾ ਲੈਕੇ ਚਲ ਪਈ, ਪਰ ਉੱਥੇ ਜਾਕੇ ਵੇਖਿਆ ਕਿ ਮੁਗਲ ਫੋਜਾਂ ਦੇ ਨਾਲ ਸਿੰਘ ਸੂਰਮਿਆਂ ਦੀਆਂ ਲੋਥਾਂ ਜੰਗ ਦੇ ਮੈਦਾਨ ਵਿੱਚ ਪਈਆਂ ਹਨ। ਬੀਬੀ ਜੀ ਦਾ ਜੱਥਾ ਗੁਰੂ ਸਾਹਿਬਾਂ ਦਾ ਧਿਆਨ ਧਰ ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ, ਭਾਈ ਹਿਮੰਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਸਮੇਤ ਬਾਕੀ ਚਮਕੌਰ ਦੇ ਸ਼ਹੀਦਾਂ ਦੇ ਸ਼ਰੀਰਾਂ ਦੀ ਭਾਲ ਕਰਨ ਲਗ ਪਿਆ ਅਤੇ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੀ ਦੇਹੀ ਦਾ ਸਸਕਾਰ ਕਰ ਦਿੱਤਾ। ਜਦੋਂ ਰਾਤ ਦੇ ਸਮੇਂ ਅੱਗ ਦੇ ਭਾਂਬੜ ਮੱਚੇ ਤਾਂ ਥੌੜੀ ਦੂਰ ਖੇਮਿਆਂ ਵਿੱਚ ਆਰਾਮ ਕਰ ਰਹੇ ਮੁਗਲ ਸੈਨਿਕ ਸਸਕਾਰ ਵਾਲੀ ਥਾਂ ਤੇ ਪਹੁੰਚੇ ਤਾ ਉੱਥੇ ਬੀਬੀ ਨੂੰ ਖਲੋਤੀ ਵੇਖ ਉਸ ਨੂੰ ਪੁਛਿਆ, 'ਕਿ ਤੂੰ ਇੱਥੇ ਕੀ ਕਰ ਰਹੀ ਹੈ?'

ਬੀਬੀ ਸ਼ਰਨ ਕੌਰ ਜੀ ਨੇ ਬੜੀ ਨਿਡਰਤਾ ਨਾਲ ਜਵਾਬ ਦਿਤਾ ਕਿ 'ਜੰਗ ਵਿੱਚ ਸ਼ਹੀਦ ਸਿੰਘ ਵੀਰਾਂ ਦੇ ਸ਼ਰੀਰਾਂ ਦਾ ਸਸਕਾਰ ਕਰ ਰਹੀ ਹਾਂ'। ਇਹ ਗੱਲ ਸੁਣ ਮੁਗਲ ਸਿਪਾਹੀਆਂ ਨੇ ਬੀਬੀ ਤੇ ਕਿਰਪਾਨ ਨਾਲ ਵਾਰ ਕੀਤਾ ਅਤੇ ਚੁੱਕ ਕੇ ਉਸੇ ਅੰਗੀਠੇ ਵਿੱਚ ਜਿੰਦਾ ਹੀ ਸੁੱਟ ਦਿਤਾ। ਜਿੱਥੇ ਬੀਬੀ ਜੀ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਜਲਦੀ ਚਿੱਖਾ ਵਿੱਚ ਹੀ ਸ਼ਹੀਦ ਹੋ ਗਈ।

ਬੀਬੀ ਸ਼ਰਨ ਕੌਰ ਜੀ ਦੇ ਪਿੰਡ ਰਾਏਪੁਰ (ਖਰੁੰਡ) ਵਿੱਖੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿੱਥੇ ਹਰ ਸਾਲ ੨੪ ਦਸੰਬਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਵਰਤਮਾਨ ਸਮੇਂ ਇਹ ਪਿੰਡ ਰਾਏਪੁਰ ਨਗਰ ਪੰਚਾਇਤ ਚਮਕੌਰ ਸਾਹਿਬ ਦੇ ਵਾਰਡ ਨੰ ੧੨ ਅਧੀਨ ਆਉਂਦਾ ਹੈ। ਪਿੰਡ ਦੀ ਲੋਕਲ ਕਮੇਟੀ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੀ ਹੈ।ਪੁਰਾਤਨ ਗ੍ਰੰਥਾਂ ਦੀ ਖੋਜ ਕਰਨ ਤੇ ਬੀਬੀ ਜੀ ਦੇ ਪਰਿਵਾਰ ਅਤੇ ਸ਼ਹਾਦਤ ਬਾਰੇ ਕੋਈ ਢੁੱਕਵੀਂ ਜਾਣਕਾਰੀ ਨਹੀਂ ਮਿਲ ਰਹੀ। ਨਵੀਆਂ ਪੁਸਤਕਾਂ ਵਿੱਚ ਥੋੜੇ-ਬਹੁਤੇ ਫਰਕ ਨਾਲ ਇਸ ਘਟਨਾ ਦੀ ਜਾਣਕਾਰੀ ਮਿਲਦੀ ਹੈ ਪਰ ਫਿਰ ਵੀ ਇਤਿਹਾਸਕਾਰ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਅਜੇਹੇ ਦ੍ਰਿੜ ਇਰਾਦੇ ਵਾਲੇ ਸਿੰਘ-ਸਿੰਘਣੀਆਂ ਦੀ ਭਾਲ ਕਰਕੇ ਵਿਸ਼ੇਸ਼ ਖੋਜ ਕਰ ਉਹਨਾਂ ਦੇ ਇਤਿਹਾਸ ਨੂੰ ਛਪਵਾਇਆ ਜਾਵੇ।

  • ਮੁੱਖ ਪੰਨਾ : ਹਰਪ੍ਰੀਤ ਸਿੰਘ ਪੰਜਾਬੀ ਕਹਾਣੀਆਂ ਤੇ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ