ਬਿੱਜੂ ਤੇ ਲੂੰਮੜੀ ਘੁਰਨਿਆਂ ਵਿਚ ਕਿਉਂ ਰਹਿੰਦੇ ਹਨ : ਬੇਲਾਰੂਸੀ ਪਰੀ-ਕਹਾਣੀ
ਕਹਿੰਦੇ ਨੇ , ਬੜਾ ਚਿਰ ਪਹਿਲਾਂ ਪੂਛਲਾਂ ਨਾ ਜੰਗਲੀ ਜਾਨਵਰਾਂ ਦੀਆਂ ਹੁੰਦੀਆਂ ਸਨ ਤੇ ਨਾ ਪਾਲਤੂ ਜਾਨਵਰਾਂ ਦੀਆਂ। ਪੂਛਲ ਸਿਰਫ਼ ਜਾਨਵਰਾਂ ਦੇ ਜ਼ਾਰ ਸ਼ੇਰ, ਕੋਲ ਹੀ ਹੁੰਦੀ ਸੀ।
ਪੂਛਲਾਂ ਤੋਂ ਬਿਨਾਂ ਜਾਨਵਰਾਂ ਦਾ ਮੰਦਾ ਹਾਲ ਸੀ। ਉਹਨਾਂ ਦਾ ਸਿਆਲਾਂ ਵਿਚ ਤਾਂ ਜਿਵੇਂ-ਕਿਵੇਂ ਗੁਜ਼ਾਰਾ ਹੋ ਜਾਂਦਾ ਸੀ, ਪਰ ਜਦੋਂ ਗਰਮੀਆਂ ਆਉਂਦੀਆਂ, ਮੱਖੀਆਂ ਤੇ ਮੱਛਰ ਉਹਨਾਂ ਦੀ ਨਕ ਵਿੱਚ ਜਿੰਦ ਕਰ ਦੇਂਦੇ ! ਉਹ ਉਹਨਾਂ ਨੂੰ ਉਡਾਂਦੇ ਵੀ ਕਿਸ ਤਰ੍ਹਾਂ? ਕਿੰਨਿਆਂ ਹੀ ਜਾਨਵਰਾਂ ਨੂੰ ਮੱਖਾਂ ਤੇ ਚਿੱਚੜਾਂ ਵਢ-ਵਢ ਮਾਰ ਦਿਤਾ ! ਇਕ ਵਾਰੀ ਜੇ ਉਹ ਕਿਸੇ ਉਤੇ ਟੁੱਟ ਪੈਂਦੇ, ਤਾਂ ਉਹਨਾਂ ਤੋਂ ਬਚਾ ਦਾ ਕੋਈ ਤਰੀਕਾ ਹੀ ਨਾ ਰਹਿੰਦਾ । ਤੇ ਜਦੋਂ ਜਾਨਵਰਾਂ ਦੇ ਜ਼ਾਰ, ਸ਼ੇਰ ਨੂੰ ਇਸ ਗਲ ਦਾ ਪਤਾ ਲਗਾ, ਉਹਨੇ ਇਸ ਖਿਆਲ ਨਾਲ ਕਿ ਇਸ ਭੈੜੇ ਹਾਲ ਵਿਚ ਜਾਨਵਰਾਂ ਦੀ ਮਦਦ ਕੀਤੀ ਜਾਵੇ, ਸਭਨਾਂ ਨੂੰ ਹੁਕਮ ਘਲਿਆ ਕਿ ਉਹ ਉਹਦੇ ਅਗੇ ਹਾਜ਼ਰ ਹੋਣ ਤਾਂ ਜੋ ਉਹਨਾਂ ਨੂੰ ਉਹ ਪੂਛਲਾਂ ਦੇ ਸਕੇ ।
ਜ਼ਾਰ ਦੇ ਏਲਚੀ ਜਾਨਵਰਾਂ ਨੂੰ ਬੁਲਾਣ ਲਈ ਸਲਤਨਤ ਦੇ ਸਭਨਾਂ ਪਾਸਿਆਂ ਵਲ ਭੱਜ ਉਠੇ। ਉਹ ਉੱਡੇ ਵਾਂਗ ਹਵਾ, ਫਿਰਨ ਤੁਰਮਚੀਆਂ ਵਜਾ, ਤੇ ਨਾਲੇ ਢੋਲ ਖੜਕਾ, ਤੜਾ-ਤਾ, ਤੜਾ-ਤਾ! ਨਾ ਕੋਈ ਸਕੇ ਸੌ ਸਵਾ। ਉਹ ਬਘਿਆੜ ਨੂੰ ਮਿਲੇ ਤੇ ਉਹਨੂੰ ਜ਼ਾਰ ਦਾ ਹੁਕਮ ਸੁਣਾਇਆ। ਉਹ ਢੱਗੇ ਤੇ ਬਿੱਜੂ ਨੂੰ ਮਿਲੇ, ਤੇ ਉਹਨਾਂ ਨੂੰ ਵੀ ਦਸਿਆ। ਤੇ ਉਹ ਲੂੰਮੜੀ, ਨਿਉਲੇ, ਸਹੇ, ਬਾਰਾ-ਸਿੰਙੇ, ਜੰਗਲੀ ਸੂਰ ਤੇ ਬਾਕੀ ਦਿਆਂ ਸਾਰਿਆਂ ਕੋਲ ਗਏ। ਇਕ ਉਹਨਾਂ ਨੂੰ ਰਿਛ ਹੀ ਨਾ ਲਭਾ। ਉਹਨੂੰ ਉਹ ਕਿੰਨਾ ਹੀ ਚਿਰ ਢੂੰਡਦੇ ਰਹੇ, ਤੇ ਅਖੀਰ ਉਹ ਉਹਨਾਂ ਨੂੰ ਆਪਣੇ ਘੁਰਨੇ ਵਿਚ ਘੂਕ ਸੁੱਤਾ ਲੱਭਾ। ਉਹਨੂੰ ਉਹਨਾਂ ਝੂਣ ਕੇ ਜਗਾਇਆ ਤੇ ਦਸਿਆ, ਛੇਤੀ ਕਰੇ ਤੇ ਆਪਣੀ ਪੂਛਲ ਲੈ ਆਵੇ ।
ਪਰ ਕਿਸੇ ਰਿਛ ਨੂੰ ਛੇਤੀ ਕਰਦਿਆਂ ਵੀ ਸੁਣਿਆ ਏਂ!.. ਉਹ ਹੌਲੀ-ਹੌਲੀ ਟਹਿਲਦਾ ਗਿਆ, ਟੁਪ-ਟੁਪ ਕਰਦਾ, ਇਕ-ਇਕ ਪੈਰ ਧਰਦਾ; ਨਜ਼ਰਾਂ ਉਹਦੀਆਂ ਆਪਣੇ ਚੌਹਾਂ ਪਾਸੇ ਘੁੰਮਦੀਆਂ, ਤੇ ਉਹ ਸ਼ਹਿਦ ਦੀ ਹੁਆੜ ਲਈ ਹਵਾ ਨੂੰ ਸੁੰਘਦਾ ਰਿਹਾ। ਚਾਣਚਕ ਹੀ ਉਹਨੇ ਵੇਖਿਆ, ਤੇ ਉਹਨੂੰ ਆਪਣੇ ਐਨ ਸਾਹਮਣੇ, ਇਕ ਰੁਖ ਦੇ ਖੋਖ ਵਿਚ, ਸ਼ਹਿਦ ਦਾ ਇਕ ਖੱਗਾ ਦਿਸਿਆ।
"ਜ਼ਾਰ ਦੇ ਮਹਿਲਾਂ ਦਾ ਰਾਹ ਲੰਮੈਂ," ਰਿਛ ਸੋਚਣ ਲਗਾ। "ਜੇ ਕੁਝ ਖਾ ਲਾਂ, ਤਾਂ ਚੰਗਾ ਏ, ਕੁਝ ਆਧਾਰ ਹੋ ਜਾਏਗਾ।"
ਤੇ ਉਹ ਦਰਖ਼ਤ ਉਤੇ ਚੜ੍ਹ ਗਿਆ ਤੇ ਉਹਨੇ ਵੇਖਿਆ ਕਿ ਖੋਖ ਸ਼ਹਿਦ ਨਾਲ ਨਕਾ-ਨਕ ਭਰਿਆ ਹੋਇਆ ਸੀ! ਖੁਸ਼ੀ ਦੀ ਚਾਂਗਰ ਮਾਰ ਉਹ ਖੋਖ ਨੂੰ ਖੁਰਚਣ ਲਗ ਪਿਆ, ਉਹਨੇ ਸ਼ਹਿਦ ਸਮੇਟਿਆ ਤੇ ਆਪਣੇ ਆਪ ਨੂੰ ਤੂੜ ਲਿਆ। ਖਾਂਦਿਆਂ-ਖਾਂਦਿਆਂ ਜਦੋਂ ਉਹਨੂੰ ਮਹਿਸੂਸ ਹੋਇਆ, ਉਹਨੇ ਰਜ ਕੇ ਖਾ ਲਿਆ ਸੀ, ਉਹਨੇ ਆਪਣੇ ਵਲ ਨਜ਼ਰ ਮਾਰੀ ਤੇ ਵੇਖਿਆ, ਉਹਦੀ ਜਤ ਸ਼ਹਿਦ ਤੇ ਖੱਗੇ ਦੇ ਭੋਰਿਆਂ ਨਾਲ ਚਿਪਚਿਪੀ ਹੋਈ ਪਈ ਸੀ।
"ਜੁ ਮੇਰੀ ਸ਼ਕਲ-ਸੂਰਤ ਬਣੀ ਹੋਈ ਏ, ਉਹਦੇ ਨਾਲ ਮੈਂ ਜ਼ਾਰ ਦੇ ਸਾਹਮਣੇ ਕਿਵੇਂ ਹੋ ਸਕਨਾਂ?" ਰਿਛ ਨੇ ਆਪਣੇ ਆਪ ਤੋਂ ਪੁਛਿਆ।
ਉਹ ਦਰਿਆ 'ਤੇ ਗਿਆ, ਆਪਣੀ ਜਤ ਧੋਤੀ ਤੇ ਸੁਕਾਣ ਲਈ ਪਹਾੜੀ ਵਲ ਨੂੰ ਹੋ ਕੇ ਲੇਟ ਗਿਆ। ਤੇ ਧੁਪ ਏਡੇ ਨਿਘ ਵਾਲੀ ਸੀ ਕਿ ਇਸ ਤੋਂ ਪਹਿਲਾਂ ਕਿ ਰਿਛ ਨੂੰ ਹੋਸ਼ ਆਉਂਦੀ, ਉਹ ਘੂਕ ਸੁੱਤਾ ਪਿਆ ਸੀ ਤੇ ਹੌਲੀ-ਹੌਲੀ ਘੁਰਾੜੇ ਮਾਰ ਰਿਹਾ ਸੀ।
ਏਨੇ ਨੂੰ ਜਾਨਵਰ ਜ਼ਾਰ ਦੇ ਮਹਿਲੀਂ ਇੱਕਠੇ ਹੋਣ ਲਗ ਪਏ ਸਨ। ਸਭ ਤੋਂ ਪਹਿਲਾਂ ਲੂੰਮੜੀ ਪਹੁੰਚੀ। ਉਹਨੇ ਚੁਗਿਰਦੇ ਵੇਖਿਆ, ਤੇ ਓਥੇ, ਮਹਿਲ ਦੇ ਸਾਹਮਣੇ, ਪੂਛਲਾਂ ਦਾ ਇਕ ਢੇਰ ਲਗਾ ਤਕਿਆ: ਲੰਮੀਆਂ ਪੂਛਲਾਂ ਤੇ ਛੋਟੀਆਂ ਪੂਛਲਾਂ, ਵਾਲਾਂ ਦੇ ਗੁਛਿਆਂ ਵਾਲੀਆਂ ਪੂਛਲਾਂ ਤੇ ਬੇ-ਵਾਲ ਪੂਛਲਾਂ।
ਲੂੰਮੜੀ ਨੇ ਜ਼ਾਰ ਅਗੇ ਸੀਸ ਨਿਵਾਇਆ। "ਸ਼ਾਹਾਂ ਦੇ ਸ਼ਾਹ!" ਉਹ ਆਖਣ ਲਗੀ। "ਤੁਹਾਡੇ ਹੁਕਮ 'ਤੇ ਮੈਂ ਸਭ ਤੋਂ ਪਹਿਲਾਂ ਅਪੜੀ ਆਂ, ਤੇ ਏਸ ਲਈ ਮੈਂ ਬੇਨਤੀ ਕਰਦੀ ਆਂ, ਮੈਨੂੰ ਉਹ ਪੂਛਲ ਚੁਣਨ ਦੀ ਆਗਿਆ ਦਿਓ, ਜਿਹੜੀ ਮੈਨੂੰ ਸਭ ਤੋਂ ਚੰਗੀ ਲਗਦੀ ਹੋਵੇ।"
ਏਧਰ ਜ਼ਾਰ ਨੂੰ, ਬੇ-ਸ਼ਕ ਹੀ, ਇਸ ਗਲ ਦੀ ਉਕਾ ਕੋਈ ਪਰਵਾਹ ਨਹੀਂ ਸੀ, ਕਿ ਲੂੰਮੜੀ ਨੂੰ ਕਿਹੋ ਜਿਹੀ ਪੂਛਲ ਮਿਲਦੀ ਏ ਤੇ ਕਿਹੋ ਜਿਹੀ ਨਹੀਂ ਮਿਲਦੀ।
"ਠੀਕ ਏ," ਉਹਨੇ ਆਖਿਆ, "ਆਪਣੀ ਪਸੰਦ ਦੀ ਪੂਛਲ ਚੁਣ ਲੈ।"
ਤੇ ਖਚਰੀ ਲੂੰਮੜੀ ਨੇ ਪੂਛਲਾਂ ਦੇ ਸਾਰਾ ਢੇਰ ਫੋਲ ਮਾਰਿਆ, ਤੇ ਸਭ ਤੋਂ ਸੁਹਣੀ ਪੂਛਲ ਚੁਣ, ਜਿਹੜੀ ਲੰਮੀ ਵੀ ਸੀ ਤੇ ਜਤ ਵਾਲੀ ਵੀ, ਲੈ ਕੇ ਤਿੱਤਰ ਹੋ ਗਈ, ਇਸ ਤੋਂ ਪਹਿਲਾਂ ਕਿ ਜ਼ਾਰ ਨੂੰ ਆਪਣੀ ਖੁਲ੍ਹਦਿਲੀ ਬਾਰੇ ਕੋਈ ਸ਼ਕ-ਸ਼ੁਬ੍ਹਾ ਹੋ ਸਕਦਾ।
ਲੂੰਮੜੀ ਤੋਂ ਪਿਛੋਂ ਗਾਲੜ੍ਹ ਟਪੋਸੀਆਂ ਮਾਰਦੀ ਆਈ ਤੇ ਉਹਨੇ ਆਪਣੇ ਲਈ ਪੂਛਲ ਚੁਣੀ, ਜਿਹੜੀ ਲੂੰਮੜੀ ਦੀ ਪੂਛਲ ਵਾਂਗ ਹੀ ਸੁਹਣੀ ਸੀ, ਪਰ ਸੀ ਉਸ ਤੋਂ ਛੋਟੀ। ਅਗੋਂ ਆਉਣ ਵਾਲਾ ਨਿਉਲਾ ਸੀ, ਤੇ ਉਹ ਵੀ ਸੁਹਣੀ, ਸੰਘਣੀ ਪੂਛਲ ਲੈ ਭਜ ਨਿਕਲਿਆ।
ਬਾਰਾ-ਸਿੰਙੇ ਨੇ ਜਿਹੜੀ ਪੂਛਲ ਚੁਣੀ, ਉਹ ਸਭ ਤੋਂ ਲੰਮੀ ਸੀ, ਜਿਹਦੇ ਸਿਰੇ 'ਤੇ ਮੱਖਾਂ ਤੇ ਚਿੱਚੜਾਂ ਨੂੰ ਉਡਾਣ ਲਈ ਸੰਘਣਾ ਬੁਰਸ਼ ਲਗਾ ਹੋਇਆ ਸੀ। ਤੇ ਬਿੱਜੂ ਨੇ ਜਿਹੜੀ ਪੂਛਲ ਉਤੇ ਝਪਟਾ ਮਾਰਿਆ, ਉਹ ਚੌੜੀ ਤੇ ਮੋਟੀ ਸੀ।
ਘੋੜੇ ਨੇ ਜਿਹੜੀ ਪੂਛਲ ਲਈ, ਉਹਦੇ ਉਤੇ ਵਾਲ ਹੀ ਵਾਲ ਸਨ ਤੇ ਹੋਰ ਬਹੁਤਾ ਕੁਝ ਨਹੀਂ ਸੀ। ਉਹਨੇ ਪੁਛਲ ਲਾ ਲਈ, ਆਪਣੇ ਸੱਜੇ ਪਾਸੇ ਫੇਰੀ ਤੇ ਫੇਰ ਆਪਣੇ ਖੱਬੇ ਪਾਸੇ ਫੇਰੀ, ਤੇ ਇਹ ਵੇਖ ਕਿ ਹੁਣ ਉਹ ਮੱਖੀਆਂ ਦਾ ਨਿਸ਼ਾਨਾ ਸੁਖਾਲੇ ਹੀ ਬਣਾ ਸਕਦਾ ਸੀ, ਖੁਸ਼ੀ ਨਾਲ ਹਿਣਹਿਣਾਇਆ।
"ਸਭਨਾਂ ਮੱਖੀਆਂ ਦੀ ਮੌਤ ਆ ਜਾਏਗੀ," ਉਹਨੇ ਆਖਿਆ ਤੇ ਸਿਰਪਟ ਦੌੜਦਾ ਚਰਾਂਦ ਵਲ ਨੂੰ ਹੋ ਪਿਆ।
ਅਖ਼ੀਰ ਵਿਚ ਜੁ ਨਸਦਾ ਪਹੁੰਚਿਆ, ਉਹ ਸਿਹਾ ਸੀ।
"ਕਿਥੇ ਰਿਹੈਂ ਤੂੰ?" ਜ਼ਾਰ ਨੇ ਉਹਦੇ ਤੋਂ ਪੁਛਿਆ। "ਮੇਰੇ ਕੋਲ ਤਾਂ ਹੁਣ ਸਿਰਫ਼ ਇਕ ਨਿੱਕੀ ਜਿਹੀ ਪੂਛਲ ਰਹਿ ਗਈ ਆ।"
"ਸ਼ੁਕਰੀਆ, ਮੇਰੇ ਲਈ ਬੜੀ ਸੁਹਣੀ ਰਹੇਗੀ," ਸਹੇ ਨੇ ਚਾਈਂ-ਚਾਈਂ ਆਖਿਆ। "ਨਿੱਕੀ ਪੂਛਲ ਵੀ ਓਨੀ ਈ ਚੰਗੀ ਏ, ਜਿੰਨੀ ਕੋਈ ਹੋਰ। ਜਦੋਂ ਬਘਿਆੜ ਜਾਂ ਕੁੱਤੇ ਤੋਂ ਭੱਜ ਰਿਹਾ ਹੋਵਾਂਗਾ, ਅੜੇਗੀ ਨਹੀਂ ਸਗੋਂ!"
ਤੇ ਸਹੇ ਨੇ ਪੁਛਲ ਦਾ ਉਹ ਬੋਬਾ ਉਸ ਥਾਂ ਉਤੇ ਲਾ ਲਿਆ, ਜਿਥੇ ਉਹਨੇ ਲਗਣਾ ਸੀ; ਉਹਨੇ ਇਕ ਟਪੋਸੀ ਮਾਰੀ ਤੇ ਫੇਰ ਇਕ ਹੋਰ ਟਪੋਸੀ ਮਾਰੀ, ਤੇ ਸਚੀ ਮੁਚੀ ਹੀ ਬਹੁਤ ਹੀ ਖੁਸ਼ ਹੋ ਘਰ ਵਲ ਨੂੰ ਭਜ ਗਿਆ।
ਤੇ ਸ਼ੇਰ, ਹੁਣ ਜਦੋਂ ਉਹਨੇ ਸਾਰੀਆਂ ਪੂਛਲਾਂ ਵੰਡ ਲਈਆਂ ਸਨ, ਸੌਂ ਗਿਆ।
ਤੇ ਓਧਰ ਰਿਛ ਦਾ ਕੀ ਹੋਇਆ, ਉਹਨੂੰ ਸਿਰਫ਼ ਸ਼ਾਮ ਵੇਲੇ ਹੀ ਜਾਗ ਆਈ, ਤੇ ਓਦੋਂ ਹੀ ਉਹਨੂੰ ਚੇਤਾ ਆਇਆ ਕਿ ਉਹਨੇ ਪੂਛਲ ਲੈਣ ਲਈ ਛੇਤੀ ਨਾਲ ਜ਼ਾਰ ਦੇ ਮਹਿਲ ਪਹੁੰਚਣਾ ਸੀ। ਉਹਨੇ ਵੇਖਿਆ ਤੇ ਦੂਰ ਜੰਗਲ ਤੋਂ ਪਾਰ ਸੂਰਜ ਅਸਮਾਨ ਤੋਂ ਹੇਠਾਂ ਤਿਲਕਦਾ ਜਾ ਰਿਹਾ ਸੀ। ਇਸ ਲਈ ਉਹ ਪੂਰੇ ਟਿਲ ਨਾਲ ਨੱਠਣ ਲਗਾ। ਉਹ ਏਨਾ ਤੇਜ਼ ਨਠਿਆ ਕਿ ਵਿਚਾਰੇ ਨੂੰ ਛੇਤੀ ਹੀ ਮੁੜ੍ਹਕਾ ਆ ਗਿਆ। ਕਾਹਲੀ-ਕਾਹਲੀ ਉਹ ਜ਼ਾਰ ਦੇ ਮਹਿਲ ਅਪੜਿਆ ਤੇ ਓਥੇ! ਉਹਨੂੰ ਇਕ ਵੀ ਪੂਛਲ ਨਜ਼ਰ ਨਾ ਆਈ: ਨਾ ਓਥੇ ਕੋਈ ਚੀਜ਼ ਸੀ ਤੇ ਨਾ ਓਥੇ ਕੋਈ ਜਾਨਵਰ।
"ਹੁਣ ਕਰਾਂ ਤਾਂ ਕੀ ਕਰਾਂ?" ਰਿੱਛ ਆਪਣੇ ਆਪ ਤੋਂ ਪੁੱਛਣ ਲਗਾ। "ਇਕ ਮੈਨੂੰ ਛੱਡ ਬਾਕੀ ਹਰ ਕਿਸੇ ਕੋਲ ਪੂਛਲ ਹੋਵੇਗੀ।"
ਤੇ ਰਿੱਛ ਪਰਤ ਆਇਆ ਤੇ ਏਨਾ ਗੁੱਸਾ ਖਾ ਆਪਣੇ ਜੰਗਲ ਵਲ ਚਲ ਪਿਆ, ਜਿੰਨਾ ਉਹ ਖਾ ਸਕਦਾ ਸੀ! ਉਹ ਹੌਲੀ-ਹੌਲੀ ਪੈਰ ਧਰਦਾ ਗਿਆ, ਤੇ ਟੁਰਦਿਆਂ-ਟੁਰਦਿਆਂ ਉਹਨੇ ਕੀ ਵੇਖਿਆ, ਇਕ ਬਿੱਜੂ ਦਰਖ਼ਤ ਦੇ ਠੁੰਡ ਉਤੇ ਬੈਠਾ ਵਲ ਤੇ ਘੁਮਾਟੀਆਂ ਖਾ ਰਿਹਾ ਸੀ ਤੇ ਆਪਣੀ ਸੁਹਣੀ ਪੂਛਲ ਵੇਖ-ਵੇਖ ਖੁਸ਼ ਹੋ ਰਿਹਾ ਸੀ।
"ਗਲ ਸੁਣ, ਬਿੱਜੂਆ," ਰਿਛ ਨੇ ਆਖਿਆ, "ਪੂਛਲ ਕੀ ਕਰਨੀ ਆਂ? ਮੈਨੂੰ ਦੇ ਦੇ!"
"ਤੈਨੂੰ ਵੀ ਅਜੀਬ-ਅਜੀਬ ਖ਼ਿਆਲ ਆਂਦੇ ਨੇ, ਰਿੱਛਾ!" ਹੈਰਾਨ ਰਹਿ ਗਏ ਬਿੱਜੂ ਨੇ ਜਵਾਬ ਦਿਤਾ! "ਭਲਾ, ਏਡੀ ਸੁਹਣੀ ਪੂਛਲ ਕੌਣ ਛੱਡੇਗਾ?"
"ਸੁਣ, ਜੇ ਤੂੰ ਇਹ ਮੈਨੂੰ ਆਪਣੇ ਆਪ ਨਾ ਦਿਤੀ, ਮੈਂ ਤੇਰੇ ਕੋਲੋਂ ਜ਼ਬਰਦਸਤੀ ਖੋਹ ਲਾਂਗਾ!" ਆਪਣਾ ਭਾਰਾ ਪੰਜਾ ਬਿੱਜੂ ਉਤੇ ਰਖਦਿਆਂ, ਰਿਛ ਗੜਕਿਆ।
"ਨਹੀਂ ਮਿਲਣ ਲਗੀ ਤੈਨੂੰ!" ਬਿੱਜੂ ਨੇ ਕੂਕ ਛੱਡੀ, ਤੇ ਜਿੰਨਾ ਵੀ ਜ਼ੋਰ ਅੰਦਰ ਸਾਸੂ, ਸਾਰਾ ਲਾ, ਉਹਨੇ ਆਪਣੇ ਆਪ ਨੂੰ ਰਿੱਛ ਦੇ ਪੰਜੇ ਤੋਂ ਛੁਡਾ ਲਿਆ ਤੇ ਨਠ ਉਠਿਆ।
ਰਿੱਛ ਨੇ ਵੇਖਿਆ, ਤੇ ਤਕਿਆ, ਬਿੱਜੂ ਦੀ ਜਤ ਦੀ ਇਕ ਲੜਫ਼ ਤੇ ਉਹਦੀ ਪੂਛਲ ਦਾ ਅਸਲੋਂ ਸਿਰਾ,ਉਹਦੇ ਪੰਜਿਆਂ ਨਾਲ ਚਮੁਟਿਆ ਹੋਇਆ ਸੀ। ਉਹਨੇ ਜਤ ਦੀ ਲੜਫ਼ ਸੁਟ ਦਿਤੀ, ਤੇ ਪੂਛਲ ਦਾ ਸਿਰਾ ਆਪਣੇ ਨਾਲ ਠੋਕ ਦਰਖ਼ਤ ਦੇ ਖੋਖ ਅੰਦਰਲਾ ਸ਼ਹਿਦ ਮੁਕਾਣ ਲਈ ਟੁਰ ਪਿਆ।
ਤੇ ਏਧਰ ਬਿੱਜੂ ਦੀ ਸੁਣੋ। ਉਹ ਇੰਜ ਤਰਹਿ ਗਿਆ ਸੀ ਕਿ ਉਹਨੂੰ ਸੁਝ ਨਹੀਂ ਸੀ ਰਿਹਾ, ਆਪਣਾ ਕੀ ਬਣਾਏ। ਭਾਵੇਂ ਉਹ ਕਿਤੇ ਵੀ ਲੁਕ ਬਹਿੰਦਾ, ਉਹਨੂੰ ਹਮੇਸ਼ਾ ਹੀ ਇਹ ਲਗਦਾ ਰਹਿੰਦਾ, ਕਿਸੇ ਵੀ ਪਲ ਰਿਛ ਆ ਪੁੱਜੇਗਾ ਤੇ ਉਹਦੀ ਬਾਕੀ ਦੀ ਪੂਛਲ ਲੈ ਜਾਏਗਾ। ਇਸ ਲਈ ਉਹਨੇ ਜ਼ਮੀਨ ਵਿਚ ਇਕ ਲੰਮੀ ਸਾਰੀ ਖੁਡ ਕੱਢੀ, ਤੇ ਉਹਨੂੰ ਆਪਣਾ ਘਰ ਬਣਾ ਲਿਆ। ਉਹਦੀ ਪਿਠ ਦਾ ਜ਼ਖ਼ਮ ਠੀਕ ਹੋ ਗਿਆ ਤੇ ਸਿਰਫ਼ ਇਕ ਲੰਮੀ ਸਾਰੀ ਕਾਲੀ ਧਾਰੀ ਰਹਿ ਗਈ ਜਿਸ ਤੋਂ ਪਤਾ ਲਗਦਾ ਸੀ ਕਿ ਜ਼ਖ਼ਮ ਕਿਥੇ ਲਗਾ ਸੀ। ਤੇ ਉਸ ਤੋਂ ਪਿਛੋਂ ਧਾਰੀ ਉਕਾ ਨਿੰਮ੍ਹੀ ਨਹੀਂ ਪਈ।
ਇਕ ਦਿਨ ਲੂੰਮੜੀ ਓਧਰ ਨਿਕਲ ਆਈ, ਤੇ ਉਹਨੂੰ ਜ਼ਮੀਨ ਵਿਚ ਇਕ ਖੁਡ ਦਿੱਸੀ, ਜਿਸ ਵਿਚੋਂ ਲੰਮੇ-ਲੰਮੇ ਘੁਰਾੜਿਆਂ ਦੀ ਆਵਾਜ਼ ਆ ਰਹੀ ਸੀ, ਇੰਜ ਜਿਵੇਂ ਕਿਸੇ ਨੇ ਬਹੁਤ ਜ਼ਿਆਦਾ ਪੀ ਲਈ ਹੋਵੇ। ਉਹ ਖੁਡ ਵਿਚ ਵੜ ਗਈ, ਤੇ ਓਥੇ ਕੀ ਵੇਖਦੀ ਏ! ਬਿੱਜੂ ਘੂਕ ਸੁੱਤਾ ਪਿਆ ਸੀ।
"ਕਿਉਂ ਗਵਾਂਢੀਆ, ਉਪਰ ਥਾਂ ਨਹੀਉਂ ਲਭਦੀ," ਹੈਰਾਨੀ ਨਾਲ ਲੂੰਮੜੀ ਨੇ ਪੁਛਿਆ, "ਆਪਣੇ ਆਪ ਨੂੰ ਏਥੇ ਜ਼ਮੀਨ ਹੇਠਾਂ ਲੁਕਾਇਆ ਹੋਇਆ ਈ।"
"ਨਹੀਂ ਲੂੰਮੜੀਏ, ਥਾਂ ਨਹੀਂ ਲਭਦੀ," ਬਿੱਜੂ ਨੇ ਹਉਕਾ ਭਰਿਆ। "ਜੇ ਮੈਨੂੰ ਖਾਣ-ਪੀਣ ਨੂੰ ਲੱਭਣ ਦੀ ਮਜਬੂਰੀ ਨਾ ਹੋਵੇ, ਤਾਂ ਮੈਂ ਏਸ ਖੁਡ ਵਿਚੋਂ ਕਦੀ ਨਾ ਨਿਕਲਾਂ, ਰਾਤ ਵੇਲੇ ਵੀ ਨਾ।"
ਤੇ ਬਿੱਜੂ ਨੇ ਲੂੰਮੜੀ ਨੂੰ ਦਸਿਆ, ਕਿਉਂ ਉਹਦੇ ਲਈ ਉਪਰ ਜ਼ਮੀਨ ਉਤੇ ਥਾਂ ਕੋਈ ਨਹੀਂ ਸੀ।
"ਹੂੰ," ਲੂੰਮੜੀ ਨੇ ਦਿਲ ਵਿਚ ਸੋਚਿਆ, "ਜੇ ਰਿੱਛ ਨੇ ਬਿੱਜੂ ਦੀ ਪੂਛਲ ਚੁਰਾਣੀ ਚਾਹੀ ਏ, ਤਾਂ ਮੈਨੂੰ ਆਪਣੀ ਖੁਹਾ ਬਹਿਣ ਦਾ ਖ਼ਤਰਾ ਏ, ਏਸ ਲਈ ਕਿ ਇਹ ਉਹਦੇ ਨਾਲੋਂ ਸੌ ਗੁਣਾਂ ਸੁਹਣੀ ਏ।"
ਤੇ ਉਹ ਕੋਈ ਇਹੋ ਜਿਹੀ ਥਾਂ ਲੱਭਣ ਲਈ ਭੱਜੀ, ਜਿਥੇ ਉਹ ਰਿਛ ਤੋਂ ਲੁਕ ਸਕੇ। ਉਹ ਸਾਰੀ ਰਾਤ ਏਧਰ-ਓਧਰ ਲਭਦੀ ਰਹੀ, ਪਰ ਉਹਨੂੰ ਇਹੋ ਜਿਹੀ ਕੋਈ ਥਾਂ ਨਾ ਲਭ ਸਕੀ। ਅਖ਼ੀਰ ਸਵੇਰ ਵੇਲੇ ਨਾਲ, ਉਹਨੇ ਆਪਣੇ ਲਈ ਬਿੱਜੂ ਵਰਗੀ ਹੀ ਇਕ ਖੁਡ ਪੁੱਟੀ, ਉਹਦੇ ਵਿਚ ਵੜ ਬੈਠੀ, ਉਹਨੇ ਆਪਣੇ ਆਪ ਨੂੰ ਆਪਣੀ ਸੰਘਣੀ ਪੂਛਲ ਨਾਲ ਕੱਜ ਲਿਆ ਤੇ ਆਰਾਮ ਨਾਲ ਸੌਂ ਗਈ।
ਇਸ ਲਈ ਉਸ ਵੇਲੇ ਤੋਂ ਹੀ ਬਿੱਜੂ ਤੇ ਲੂੰਮੜੀ ਖੁਡ ਵਿਚ ਰਹਿੰਦੇ ਆ ਰਹੇ ਹਨ, ਤੇ ਰਿੱਛ ਕੋਲ ਨਿੱਕੀ ਜਿਹੀ ਬਟਨ ਵਰਗੀ ਪੂਛਲ ਤੋਂ ਸਿਵਾ ਹੋਰ ਕੁਝ ਨਹੀਂ।