Biography: Lal Singh Kamla Akali
ਜੀਵਨੀ : ਲਾਲ ਸਿੰਘ ਕਮਲਾ ਅਕਾਲੀ
ਲਾਲ ਸਿੰਘ ਕਮਲਾ ਅਕਾਲੀ ( 1889-1977 ) ਆਧੁਨਿਕ ਪੰਜਾਬੀ ਸਾਹਿਤ ਦੇ ਮੁਢਲੇ ਸਾਹਿਤਕਾਰਾਂ ਵਿੱਚ ਲਾਲ ਸਿੰਘ ਕਮਲਾ ਅਕਾਲੀ ਉੱਘੇ ਵਾਰਤਕ ਲੇਖਕ ਵਜੋਂ ਵਿਸ਼ੇਸ਼ ਪਛਾਣ ਰੱਖਦਾ ਹੈ । ਵਾਰਤਕ ਤੋਂ ਇਲਾਵਾ ਉਸ ਨੇ ਨਿੱਕੀ ਕਹਾਣੀ ਵੀ ਰਚੀ ਪਰ ਉਸ ਦੀ ਵਾਰਤਕ ਉਸ ਦੀ ਵੱਡੀ ਪਛਾਣ ਬਣੀ । ਵਿਗਿਆਨਿਕ ਸੂਝ ਤੇ ਤਰਕ ਨੂੰ ਆਪਣੇ ਲੇਖਾਂ ਰਾਹੀਂ ਪੰਜਾਬੀ ਵਿੱਚ ਸ਼ਾਇਦ ਪਹਿਲੀ ਵਾਰ ਲਾਲ ਸਿੰਘ ਕਮਲਾ ਅਕਾਲੀ ਨੇ ਹੀ ਬਖ਼ੂਬੀ ਪੇਸ਼ ਕੀਤਾ । ਇਸੇ ਤਰ੍ਹਾਂ ਸਫ਼ਰਨਾਮੇ ਦੀ ਨਵੀਂ ਪਿਰਤ ਵੀ ਲਾਲ ਸਿੰਘ ਕਮਲਾ ਅਕਾਲੀ ਦੇ ਨਾਂ ਨਾਲ ਜੁੜੀ ਹੋਈ ਹੈ ।
14 ਜੂਨ 1889 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਨੋਹੜ ਵਿਖੇ ਸਰਦਾਰ ਬਹਾਦਰ ਸਿੰਘ ਭਗਵਾਨ ਦੇ ਘਰ ਪੈਦਾ ਹੋਏ ਲਾਲ ਸਿੰਘ ਨੇ ਅਧਿਆਪਕ ਵਜੋਂ ਵੀ ਸਮਾਜ ਦੀ ਸੇਵਾ ਕੀਤੀ ਅਤੇ ਬਰਮਾ ਵਿੱਚ ਸਰਕਾਰੀ ਟੈਕਨੀਕਲ ਇੰਸਟੀਚਿਊਟ ਵਿੱਚ ਨੌਕਰੀ ਵੀ ਕੀਤੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਨੂੰਨੀ ਸਲਾਹਕਾਰ ਵਜੋਂ ਸੇਵਾ ਵੀ ਨਿਭਾਈ ਅਤੇ ਰਾਜਨੀਤਿਕ ਖੇਤਰ ਵਿੱਚ ਪੰਜਾਬ ਵਿੱਚ ਐਮ.ਐਲ.ਏ. ਵੀ ਰਹੇ ਤੇ ਰੋਜ਼ਾਨਾ ਉਰਦੂ ਅਜੀਤ ਦੇ ਮੈਨੇਜਿੰਗ ਡਾਇਰੈਕਟਰ ਦਾ ਕਾਰਜ ਵੀ ਕੁਸ਼ਲਤਾ ਨਾਲ ਨਿਭਾਇਆ । ਇਸ ਤੋਂ ਬਾਅਦ ਲਾਲ ਸਿੰਘ ਕਮਲਾ ਅਕਾਲੀ ਨੇ ਲੁਧਿਆਣਾ ਵਿੱਚ ਵਕਾਲਤ ਦਾ ਕੰਮ ਕੀਤਾ ਤੇ ਨਾਲ-ਨਾਲ ਖੇਤੀ ਵੀ ਕੀਤੀ । ਲਾਲ ਸਿੰਘ ਕਮਲਾ ਅਕਾਲੀ ਦੀ ਵਿਭਿੰਨਤਾਵਾਂ ਵਾਲੀ ਇਸ ਜੀਵਨ-ਸਰਗਰਮੀ ਨੇ ਉਸ ਨੂੰ ਜ਼ਿੰਦਗੀ ਨੂੰ ਨੇੜਿਉਂ ਦੇਖਣ ਸਮਝਣ ਦਾ ਮੌਕਾ ਪ੍ਰਦਾਨ ਕੀਤਾ ਤੇ ਇਹੀ ਜ਼ਿੰਦਗੀ ਦੀ ਸਾਂਝ ਤੇ ਸੂਝ ਉਸ ਦੀਆਂ ਲਿਖਤਾਂ ਵਿੱਚੋਂ ਝਲਕਦੀ ਹੈ । ਲਾਲ ਸਿੰਘ ਕਮਲਾ ਅਕਾਲੀ 1977 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ।
ਲਾਲ ਸਿੰਘ ਕਮਲਾ ਅਕਾਲੀ ਨੇ ਪੰਜਾਬੀ ਸਾਹਿਤ ਨੂੰ ਚਾਰ ਵਾਰਤਕ-ਸੰਗ੍ਰਹਿ ਮੌਤ ਰਾਣੀ ਦਾ ਘੁੰਡ, ਜੀਵਨ ਨੀਤੀ, ਮਨ ਦੀ ਮੌਜ ਅਤੇ ਭਾਰਤ ਦੇ ਭਰਪੂਰ ਭੰਡਾਰੇ ਦਿੱਤੇ । ਇਸ ਤੋਂ ਇਲਾਵਾ ਵਿਗਿਆਨਿਕ ਲੇਖਾਂ ਦਾ ਸੰਗ੍ਰਹਿ ਵਿਗਿਆਨਕ ਲੇਖ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਇਆ । ਇਸ ਵਾਰਤਕ ਲੇਖਣੀ ਵਿੱਚ ਕਮਲਾ ਅਕਾਲੀ ਨੇ ਜਿੱਥੇ ਤਰਕ ਅਤੇ ਵਿਗਿਆਨਿਕ ਸੂਝ ਦਾ ਪੱਲਾ ਫੜੀ ਰੱਖਿਆ ਉੱਥੇ ਸਰਲ ਸਾਦੀ ਭਾਸ਼ਾ ਅਤੇ ਮੁਹਾਵਰੇ ਰਾਹੀਂ ਜੀਵਨ ਜਿਊਂਣ ਦੀ ਨਵੀਂ ਜਾਚ ਪ੍ਰਸਤੁਤ ਕੀਤੀ ।
ਮੇਰਾ ਵਲੈਤੀ ਸਫ਼ਰਨਾਮਾ ਭਾਗ ਪਹਿਲਾ ਜੋ 1931 ਵਿੱਚ ਛਪਿਆ ਅਤੇ ਭਾਗ ਦੂਸਰਾ ਜੋ 1933 ਵਿੱਚ ਛਪਿਆ, ਮੇਰਾ ਆਖ਼ਰੀ ਸਫ਼ਰਨਾਮਾ ਜੋ 1980 ਵਿੱਚ ਪ੍ਰਕਾਸ਼ਿਤ ਹੋਇਆ ਲਾਲ ਸਿੰਘ ਕਮਲਾ ਅਕਾਲੀ ਦੀ ਸਫ਼ਰਨਾਮਾ ਲੇਖਣੀ ਨੂੰ ਦਿੱਤੀ ਮੁਢਲੀ ਅਤੇ ਅਦੁੱਤੀ ਦੇਣ ਹੈ । ਇਸੇ ਲਈ ਸਫ਼ਰਨਾਮਾ ਸਾਹਿਤ ਵਿੱਚ ਲਾਲ ਸਿੰਘ ਕਮਲਾ ਅਕਾਲੀ ਦੀ ਵਿਸ਼ੇਸ਼ ਭੂਮਿਕਾ ਪਛਾਣੀ ਜਾਂਦੀ ਹੈ । ਇਸੇ ਤਰ੍ਹਾਂ ਸੈਲਾਨੀ ਦੇਸ਼ ਭਗਤ : ਕਮਾਲਾਂ ਦੇ ਕੋਟ ਵਿੱਚ ਲਾਲ ਸਿੰਘ ਦੀਆਂ ਜੀਵਨ-ਯਾਦਾਂ, ਜ਼ਿੰਦਗੀ ਪ੍ਰਤਿ ਲੇਖਕ ਦੀ ਨਵੇਕਲੀ ਪਹੁੰਚ ਦਾ ਪ੍ਰਮਾਣ ਪੇਸ਼ ਕਰਦੀਆਂ ਹਨ । ਕਥਨੀ ਊਰੀ ਤੇ ਕਰਨੀ ਪੂਰੀ ਜੋ 1970 ਵਿੱਚ ਛਪੀ ਵੀ ਲਾਲ ਸਿੰਘ ਦੀ ਨਵੇਕਲੀ ਰਚਨਾ ਹੈ । ਲਾਲ ਸਿੰਘ ਕਮਲਾ ਅਕਾਲੀ ਨੇ ਖਾਲਸਾ ਉਰਦੂ ਅਖ਼ਬਾਰ ਦਾ ਸੰਪਾਦਨ ਵੀ ਕੀਤਾ ਅਤੇ ਕਮਲਾ ਅਕਾਲੀ ਯਾ ਕ੍ਰਿਪਾਨ ਦਾ ਸੱਚਾ ਆਸ਼ਿਕ ਕਹਾਣੀ-ਸੰਗ੍ਰਹਿ ਵੀ ਉਸ ਦੀ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਹੈ । ਭਾਵੇਂ ਇਸ ਸੰਗ੍ਰਹਿ ਵਿੱਚ ਨਿੱਕੀ ਕਹਾਣੀ ਨਿਕਾਸ ਦੇ ਅਰੰਭਲੇ ਪੜ੍ਹਾਅ ਉੱਤੇ ਹੀ ਹੈ ਪਰੰਤੂ ਉਸ ਦੀ 1921 ਵਿੱਚ ਛਪੀ ਕਹਾਣੀ ਕਮਲਾ ਅਕਾਲੀ ਜੋ ਓਦੋਂ ਅਕਾਲੀ ਅਖ਼ਬਾਰ ਵਿੱਚ ਛਪੀ ਸੀ, ਨੂੰ ਪੰਜਾਬੀ ਦੀ ਪਹਿਲੀ ਨਿੱਕੀ ਕਹਾਣੀ ਵੀ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਇਸ ਰਚਨਾ ਨੂੰ ਟਰੈਕਟ ਵਜੋਂ ਪਛਾਣਦੇ ਹਨ ਅਤੇ ਹੀਰਾ ਸਿੰਘ ਦਰਦ ਨੇ ਵੀ 1940 ਵਿੱਚ ਪੰਜਾਬੀ ਸਧਰਾਂ ਸੰਪਾਦਿਤ ਕਹਾਣੀ-ਸੰਗ੍ਰਹਿ ਵਿੱਚ ਲਾਲ ਸਿੰਘ ਦੀ ਕਮਲਾ ਅਕਾਲੀ ਨੂੰ ਪੰਜਾਬੀ ਦੀ ਪਹਿਲੀ ਕਹਾਣੀ ਮੰਨਿਆ ਸੀ । ਸ਼ਾਇਦ ਇਸੇ ਕਹਾਣੀ ਤੋਂ ਲਾਲ ਸਿੰਘ ਦੇ ਨਾਮ ਨਾਲ ਹੀ ਕਮਲਾ ਅਕਾਲੀ ਜੁੜਿਆ । ਜਦੋਂ ਕੋਈ ਰਚਨਾ ਲੇਖਕ ਦੇ ਨਾਮ ਨਾਲ ਹੀ ਜੁੜ ਜਾਵੇ ਤਾਂ ਅਜਿਹੀ ਪਛਾਣ ਅਸਲ ਵਿੱਚ ਪਾਠਕਾਂ ਵੱਲੋਂ ਵੱਡੀ ਮਾਨਤਾ ਹੀ ਹੁੰਦੀ ਹੈ ਜੋ ਲਾਲ ਸਿੰਘ ਨੂੰ ਲਾਲ ਸਿੰਘ ਕਮਲਾ ਅਕਾਲੀ ਨਾਮ ਵਜੋਂ ਮਿਲੀ ਹੈ ।
ਲਾਲ ਸਿੰਘ ਕਮਲਾ ਅਕਾਲੀ ਆਮ ਆਦਮੀ ਦਾ ਲੇਖਕ ਹੈ । ਉਸ ਦੀਆਂ ਰਚਨਾਵਾਂ ਖ਼ਾਸ ਕਰ ਕੇ ਵਾਰਤਕ ਲੇਖਣੀ ਜਨ ਸਧਾਰਨ ਦੀ ਗੱਲ ਕਰਦੀ ਹੈ ਤੇ ਸਧਾਰਨ ਦੀ ਭਾਸ਼ਾ ਵਿੱਚ । ਸਧਾਰਨ ਭਾਸ਼ਾ ਵਿੱਚ ਵੀ ਕਮਲਾ ਅਕਾਲੀ ਨੇ ਜੀਵਨ ਜਿਊਂਣ ਦੀ ਨੀਤੀ ਦਾ ਜਿਸ ਰੋਚਕ ਤੇ ਅਨੰਦਾਇਕ ਤਰੀਕੇ ਨਾਲ ਵਿਖਿਆਨ ਕੀਤਾ ਹੈ ਪੰਜਾਬੀ ਵਾਰਤਕ ਦੇ ਮੁਢਲੇ ਦੌਰ ਵਿੱਚ ਇਹ ਕਮਲਾ ਅਕਾਲੀ ਦੀ ਸ਼ੈਲੀ ਦਾ ਕਮਾਲ ਹੀ ਹੈ ਜਿਸ ਵਿੱਚ ਉਸ ਨੇ ਆਪਣੇ ਜੀਵਨ ਅਨੁਭਵਾਂ ਦੀ ਵਿਭਿੰਨਤਾ ਨੂੰ ਬਖ਼ੂਬੀ ਰਚਾਇਆ ਹੋਇਆ ਹੈ ਚਾਹੇ ਮਨ ਦੀ ਮੌਜ ਵਾਲੇ ਲੇਖ ਹੋਣ, ਚਾਹੇ ਜੱਟ ਦੇ ਆਰਟ ਤੇ ਪੈਰ ਦੀ ਜੁੱਤੀ ਰਚਨਾਵਾਂ ਦੀ ਕਲਾ-ਪ੍ਰਵੀਣਤਾ ਹੋਵੇ, ਤੇ ਭਾਵੇਂ ਉਸ ਦੇ ਸਫ਼ਰਨਾਮੇ ਸੈਲਾਨੀ ਦੇਸ਼ ਭਗਤ ਵਿੱਚ ਜਪਾਨ ਤੋਂ ਦੱਖਣ ਪੂਰਬੀ ਏਸ਼ੀਆ ਦੇ ਇਲਾਕੇ ਦਾ ਪ੍ਰਕਿਰਤਿਕ ਤੇ ਸੱਭਿਆਚਾਰਿਕ ਵਰਣਨ ਹੋਵੇ ਕਮਲਾ ਅਕਾਲੀ ਆਪਣੀ ਸ਼ਖ਼ਸੀਅਤ ਦਾ ਰੰਗ ਆਪਣੀਆਂ ਰਚਨਾਵਾਂ ਵਿੱਚ ਸਹਿਜ ਹੀ ਭਰ ਦਿੰਦਾ ਹੈ ।
ਪੰਜਾਬੀ ਦੀ ਮੁਢਲੀ ਕਹਾਣੀ, ਪੰਜਾਬੀ ਸਫ਼ਰਨਾਮੇ ਦੇ ਇਤਿਹਾਸ ਦਾ ਮੁੱਢ ਤੇ ਹਲਕੀ ਫੁਲਕੀ ਤੇ ਤਰਕ ਪੂਰਨ ਵਿਗਿਆਨਿਕ ਛੂਹਾਂ ਵਾਲੀ ਵਾਰਤਕ ਦਾ ਰਚੇਤਾ ਲਾਲ ਸਿੰਘ ਕਮਲਾ ਅਕਾਲੀ ਆਧੁਨਿਕ ਪੰਜਾਬੀ ਸਾਹਿਤ ਦੇ ਮੁਢਲੇ ਦਹਾਕਿਆਂ ਦੀ ਪੱਕੀ ਨੀਂਹ ਵਜੋਂ ਹਾਜ਼ਰੀ ਭਰਦਾ ਹੈ । ਇਸੇ ਲਈ ਲਾਲ ਸਿੰਘ ਕਮਲਾ ਅਕਾਲੀ ਵਾਰਤਕ ਲੇਖਕ ਹੋਣ ਦੇ ਨਾਲ-ਨਾਲ ਕੁਸ਼ਲ ਸੰਪਾਦਕ ਤੇ ਮੁਢਲੇ ਕਹਾਣੀਕਾਰ ਵਜੋਂ ਵੀ ਪੰਜਾਬੀ ਸਾਹਿਤ ਵਿੱਚ ਆਪਣੀ ਨਵੇਕਲੀ ਪਛਾਣ ਰੱਖਦਾ ਹੈ ।
ਲੇਖਕ : ਉਮਿੰਦਰ ਜੌਹਲ