Bulbul Te Gulab (Story in Punjabi) : Oscar Wilde
ਬੁਲਬੁਲ ਤੇ ਗੁਲਾਬ (ਕਹਾਣੀ) : ਆਸਕਰ ਵਾਇਲਡ
"ਉਹ ਆਖਦੀ ਸੀ ਕਿ ਜੇ ਮੈਂ ਓਹਦੇ ਲਈ ਲਾਲ ਗੁਲਾਬ ਲੈ ਕੇ ਆਵਾਂ ਤਾਂ ਉਹ ਮੇਰੇ ਨਾਲ ਨੱਚੇਗੀ" ਨੌਜਵਾਨ ਵਿਦਿਆਰਥੀ ਨੇਂ ਆਪਣੇਂ ਆਪ ਨੂੰ ਯਾਦ ਦਵਾਇਆ " ਪਰ ਮੇਰੇ ਬਾਗ 'ਚ ਤਾਂ ਇੱਕ ਵੀ ਲਾਲ ਗੁਲਾਬ ਨਹੀਂ ।"
ਸ਼ਾਹਬਲੂਤ ਦੇ ਦਰਖੱਤ ਤੇ ਬਣੇ ਆਲ੍ਹਣੇ ਵਿੱਚ ਬੈਠੀ ਬੁਲਬੁਲ ਨੇਂ ਉਸਦੀ ਗੱਲ ਸੁਣ ਲਈ। ਉਸਨੇ ਪੱਤਿਆਂ ਵਿੱਚੋਂ ਦੀ ਚਾਰੇ ਪਾਸੇ ਬੜੀ ਵਿਆਕੁਲਤਾ ਨਾਲ ਵੇਖਿਆ।
"ਮੇਰੇ ਸਾਰੇ ਬਾਗ ਵਿੱਚ ਇੱਕ ਵੀ ਲਾਲ ਗੁਲਾਬ ਨਹੀਂ !" ਉਹ ਦਰਦ ਵਿੱਚ ਚੀਕਿਆ। ਉਸਦੀਆਂ ਸੋਹਣੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। "ਹਾਏ! ਖੁਸ਼ੀ ਵੀ ਕਿਹੜੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਟਿਕੀ ਏ। ਵਿਦਵਾਨਾਂ ਨੇ ਜੋ ਕੁਝ ਲਿਖਿਆ ਹੈ, ਉਹ ਸਭ ਮੈਂ ਪੜ੍ਹਿਆ ਏ, ਦਰਸ਼ਨ-ਸ਼ਾਸ਼ਤਰ (ਫਿਲਾਸਫ਼ੀ) ਦੇ ਸਾਰੇ ਭੇਦਾਂ ਨੂੰ ਮੈਂ ਜਾਣਦਾਂ ਹਾਂ। ਪਰ ਫਿਰ ਵੀ ਇੱਕ ਲਾਲ ਗੁਲਾਬ ਦੀ ਕਮੀ ਨੇਂ ਮੇਰੇ ਜੀਵਨ ਨੂੰ ਦੁੱਖਦਮਈ ਬਣਾ ਛੱਡਿਆ ਹੈ।
"ਇਹ ਇੱਕ ਸੱਚਾ ਪ੍ਰੇਮੀ ਹੈ।" ਬੁਲਬੁਲ ਬੋਲੀ "ਹਰ ਰਾਤ ਜਿਸਦੇ ਮੈਂ ਗੀਤ ਗਾਉਂਦੀ ਰਹਿੰਦੀ ਸਾਂ। ਹਰ ਰਾਤ ਜਿਸਦੀਆਂ ਕਹਾਣੀਆਂ ਮੈਂ ਤਾਰੇਆਂ ਨੂੰ ਸੁਣਾਉਂਦੀ ਸੀ। ਉਹ ਮੇਰੇ ਸਾਹਮਣੇ ਹੈ। ਇਸ ਦੇ ਵਾਲ ਗੂੜੇ ਫੁੱਲਾਂ 'hyacinth-blossom' ਦੀ ਤਰ੍ਹਾਂ ਸ਼ਿਆਹ ਰੰਗ ਦੇ ਨੇਂ। ਇਸਦੇ ਬੁੱਲ੍ਹ ਗੁਲਾਬ ਵਰਗੇ ਲਾਲ ਨੇਂ, ਪਰ ਪਿਆਰ ਦੇ ਆਵੇਗ ਨੇਂ ਇਸਦੇ ਚਹਿਰੇ ਨੂੰ ਪੀਲਾ ਜ਼ਰਦ, ਹਾਥੀ ਦੇ ਦੰਦ ਰੰਗਾ ਬਣਾ ਦਿੱਤਾ ਹੈ। ਤੇ ਦੁੱਖਾਂ ਨੇ ਇਸਦੇ ਮੱਥੇ ਤੇ ਆਪਣਾ ਠੱਪਾ ਲਾ ਰੱਖਿਆ ਹੈ।
"ਰਾਜਕੁਮਾਰ ਕੱਲ੍ਹ ਰਾਤ ਨਾਚ ਦਾ ਆਯੋਜਨ ਕਰ ਰਹੇ ਨੇਂ" ਉਹ ਵਿਦਿਆਰਥੀ ਬੋਲਿਆ, "ਉੱਥੇ ਮੇਰੀ ਪਿਆਰੀ ਵੀ ਮੇਰੇ ਨਾਲ ਹੋਵੇਗੀ। ਜੇ ਮੈਂ ਉਹਨੂੰ ਲਾਲ ਗੁਲਾਬ ਭੇਂਟ ਕਰਾਂ ਤਾਂ ਉਹ ਮੇਰੇ ਨਾਲ ਨੱਚੇਗੀ। ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਵਾਂਗਾ। ਤੇ ਉਹ ਨੱਚਦੀ-ਨੱਚਦੀ ਮੇਰੇ ਮੋਢੇ ਤੇ ਆਪਣਾ ਸਿਰ ਟਿਕਾ ਦੇਵੇਗੀ। ਉਸਦਾ ਹੱਥ ਮੇਰੇ ਹੱਥ ਵਿੱਚ ਹੋਵੇਗਾ, ਪਰੰਤੂ " ਵਿਦਿਆਰਥੀ ਜਿਵੇਂ ਖੁਆਬ ਦੀ ਨੀਂਦ ਵਿੱਚੋਂ ਜਾਗਿਆ "ਮੇਰੇ ਬਾਗ 'ਚ ਤਾਂ ਕੋਈ ਲਾਲ ਗੁਲਾਬ ਹੈ ਹੀ ਨਹੀਂ । ਫੇਰ ? ਮੇਰਾ ਖਿਆਲ ਐ, ਮੈਂ ਉੱਥੇ ਇੱਕਲਾ ਹੀ ਬੈਠਾ ਰਹਾਂਗਾ। ਉਹ ਮੇਰੇ ਕੋਲੋਂ ਦੀ ਲੰਘ ਜਾਵੇਗੀ। ਉਹਨੇ ਮੇਰੀ ਇੱਕ ਨਹੀਂ ਸੁਣਨੀ ਤੇ ਆਖਿਰ ਮੇਰਾ ਦਿਲ ਟੁੱਟ ਹੀ ਜਾਣਾ ਏ।
"ਇਹੀ ਸੱਚਾ ਪ੍ਰੇਮੀ ਹੈ" ਬੁਲਬੁਲ ਬੋਲੀ " ਜਿਸਦੇ ਗੀਤ ਮੈਂ ਗਾਂਉਂਦੀ ਹਾਂ, ਉਹਦੇ ਕਾਰਨ ਹੀ ਇਹ ਦੁੱਖ ਪਾ ਰਿਹਾ ਹੈ। ਮੇਰੇ ਲਈ ਜੋ ਆਨੰਦ ਹੈ ਉਹੀ ਇਸ ਲਈ ਦਰਦ ਹੈ, ਸੱਚੀਂ ਪਿਆਰ ਬਹੁਮੁੱਲਾ ਹੈ। ਇਹ ਪੰਨੇ (ਹਰੇ ਰੰਗ ਦਾ ਕੀਮਤੀ ਪੱਥਰ) ਤੋਂ ਵੀ ਕੀਮਤੀ ਹੈ ਤੇ ਰਤਨਾਂ ਤੋਂ ਵੀ ਮੁੱਲਵਾਨ ਹੈ। ਇਹ ਮੋਤੀ ਤੇ ਮਾਣਿਕ ਰਾਹੀਂ ਵੀ ਖਰੀਦਿਆ ਨਹੀਂ ਜਾ ਸਕਦਾ। ਨਾਂ ਹੀ ਇਹ ਬਜ਼ਾਰਾਂ 'ਚ ਵਿਕਦਾ ਹੈ। ਇਸਨੂੰ ਕੋਈ ਵੀ ਵਪਾਰੀ ਨਹੀਂ ਖਰੀਦ ਸਕਦਾ ਤੇ ਨਾਂ ਹੀ ਇਸਨੂੰ ਸੋਨੇ ਨਾਲ ਤੋਲਿਆ ਜਾ ਸਕਦਾ ਹੈ।
"ਸਾਜ਼ਿੰਦੇ ਦਲਾਨ 'ਚ ਬੈਠੇ ਹੋਣਗੇ।" ਨੌਜਵਾਨ ਵਿਦਿਆਰਥੀ ਆਪਣੇ-ਆਪ ਨਾਲ ਬੋਲਣ ਲੱਗਾ "ਉਹ ਆਪਣੇ- ਆਪਣੇ ਸਾਜ਼ ਛੇੜਨਗੇ, ਮੇਰੀ ਪਿਆਰੀ ਵੀਣਾ ਤੇ ਵਾਇਲਨ ਦੀ ਧੁਨ ਤੇ ਇੰਨੀ ਫੁਰਤੀ ਨਾਲ ਨਾਚ ਕਰੇਗੀ ਕਿ ਉਹਦੇ ਪੱਬ ਧਰਤੀ ਦੇ ਤਲੇ ਨਾਲ ਵੀ ਨਹੀ ਛੁਹਣਗੇ ਤੇ ਆਪਣੀਆਂ ਚਮਕੀਲੀਆਂ ਪੋਸ਼ਕਾਂ ਵਾਲੇ ਦਰਬਾਰੀ ਉਸਦੇ ਅੱਗੇ-ਪਿੱਛੇ ਘੁੰਮਦੇ ਫਿਰਨਗੇ। ਪਰ ਅਫਸੋਸ, ਉਹਨੇ ਮੇਰੇ ਨਾਲ ਨਹੀਂ ਨੱਚਣਾ । ਕਿਉਂਕਿ ਮੇਰੇ ਕੋਲ ਉਸਨੂੰ ਦੇਣ ਲਈ ਲਾਲ ਗੁਲਾਬ ਹੈ ਹੀ ਨਹੀੰ। " ਉਹ ਘਾਹ ਤੇ ਲੰਮਾ ਪੈ ਗਿਆ ਤੇ ਆਪਣਾ ਚਹਿਰਾ ਆਪਣੇ ਹੱਥਾਂ ਨਾਲ ਢੱਕ ਕੇ ਰੋਣ ਲੱਗ ਪਿਆ।
"ਉਹ ਕਿਉਂ ਰੋ ਰਿਹਾ ਹੈ? ਆਪਣੀ ਪੂੰਛ ਚੁੱਕੀ ਕੋਲੋਂ ਦੀ ਲੰਘੀ ਨਿੱਕੀ ਜਿਹੀ ਹਰੀ ਛਿਪਕਲੀ ਨੇਂ ਪੁੱਛਿਆ।
"ਹਾਂ ਆਖਿਰ ਕਿਉਂ 'ਪਿਆਰੀ ਬੁਲਬੁਲ?" ਸੂਰਜ ਦੀ ਇੱਕ ਕਿਰਨ ਦਾ ਖੰਭ ਫੜਫੜਾਕੇ ਉਸਦਾ ਪਿੱਛਾ ਕਰਦੀ ਹੋਈ ਤਿੱਤਲੀ ਬੋਲੀ।
"ਕੀ ਗੱਲ ਹੋਈ? ਉਹ ਕਿਉੰ ਰੋ ਰਿਹਾ ਹੈ ? " ਨੰਨ੍ਹੇ ਗੁਲਬਹਾਰ ਨੇ ਆਪਣੇ ਨਜ਼ਦੀਕ ਵਾਲੇ ਗੁਲਬਹਾਰ ਤੋਂ ਹੌਲੀ ਜਿਹੀ ਆਵਾਜ਼ 'ਚ ਪੁੱਛਿਆ।
"ਉਹ ਇੱਕ ਲਾਲ ਗੁਲਾਬ ਦੇ ਲਈ ਰੋ ਰਿਹਾ ਹੈ।" ਬੁਲਬੁਲ ਨੇਂ ਦੱਸਿਆ।
"ਇੱਕ ਲਾਲ ਗੁਲਾਬ ਦੇ ਲਈ ? ਉਹ ਸਾਰੇ ਇੱਕੋ ਸੁਰ 'ਚ ਬੋਲੇ। "ਇਹ ਵੀ ਕੋਈ ਗੱਲ ਐ ਰੋਣ ਵਾਲੀ? " ਤੇ ਫਿਰ ਛੋਟੀ ਜਿਹੀ ਛਿਪਕਲੀ ਜੋ ਘੁਮੰਡੀ ਜਿਹੇ ਸੁਭਾਅ ਦੀ ਸੀ, ਠਹਾਕਾ ਮਾਰਕੇ ਹੱਸ ਪਈ।
ਪਰ ਬੁਲਬੁਲ ਵਿਦਿਆਰਥੀ ਦੇ ਦੁਖੀ ਹੋਣ ਦੇ ਭੇਦ ਤੋਂ ਜਾਣੂ ਹੋ ਗਈ। ਉਹ ਚੁੱਪ-ਚਾਪ ਸ਼ਾਹਬਲੂਤ ਦੇ ਦਰਖੱਤ ਉੱਤੇ ਬੈਠੀ ਪਿਆਰ ਦੇ ਭੇਦ ਬਾਰੇ ਸੋਚਣ ਲੱਗ ਪਈ।
ਫਿਰ ਅਚਾਨਕ ਉਸਨੇਂ ਉਡਾਨ ਭਰਨ ਲਈ ਆਪਣੇ ਪੂਰੇ ਖੰਭ ਫੈਲਾਏ ਤੇ ਹਵਾ 'ਚ ਉੱਚੀ ਉੱਡ ਪਈ, ਉਹ ਦਰਖੱਤਾਂ ਦੇ ਝੁਰਮੁਟ ਉੱਤੋਂ ਦੀ ਛਾਂ ਵਾਂਗ ਉੱਡਦੀ ਬਾਗ ਉੱਤੋਂ ਦੀ ਲੰਘ ਗਈ। ਘਾਹ ਦੇ ਮੈਦਾਨ ਦੇ ਵਿਚਕਾਰ ਗੁਲਾਬ ਦਾ ਇੱਕ ਸੁੰਦਰ ਪੌਦਾ ਸੀ। ਉਹਨੂੰ ਦੇਖਦਿਆਂ ਹੀ ਉਹ ਉਸ ਕੋਲ ਤੇਜੀ ਨਾਲ ਉੱਡਕੇ ਆਈ ਤੇ ਸਹਿਜ ਨਾਲ ਹੀ ਉਸਦੀ ਟਾਹਣੀ ਉੱਤੇ ਆ ਬੈਠੀ।
"ਮਿਹਰਬਾਨੀ ਕਰਕੇ ਮੈਨੂੰ ਇੱਕ ਲਾਲ ਗੁਲਾਬ ਦੇ ਦਿਓ ਪਿਆਰੇ ਵੀਰ " ਉਹ ਬੋਲੀ "ਬਦਲੇ ਵਿੱਚ ਮੈਂ ਤੈਨੂੰ ਆਪਣਾ ਸਭ ਤੋਂ ਮਿੱਠਾ ਗੀਤ ਸੁਣਾਵਾਂਗੀ।" ਪਰ ਪੌਦੇ ਨੇਂ ਆਪਣਾ ਸਿਰ ਨਾਂਹ ਵਿੱਚ ਹਿਲਾ ਦਿੱਤਾ।
ਉਹ ਬੋਲਿਆ " ਮੇਰੇ ਗੁਲਾਬ ਚਿੱਟੇ ਨੇਂ ਨਿੱਕੀ ਬੁਲਬੁਲ ਭੈਣ! ਬਿਲਕੁਲ ਸਮੁੰਦਰ ਦੀ ਝੱਗ ਵਰਗੇ ਚਿੱਟੇ ਤੇ ਪਹਾੜਾਂ ਦੀ ਬਰਫ਼ ਤੋਂ ਵੀ ਜ਼ਿਆਦਾ ਸਫੈਦ। ਤੂੰ ਮੇਰੇ ਭਰਾ ਕੋਲ ਜਾਹ, ਉਹ ਪੁਰਾਣੀ ਧੁੱਪ ਘੜੀ ਦੀ ਨਜ਼ਦੀਕ ਹੀ ਹੈ। ਜੋ ਤੈਨੂੰ ਚਾਹੀਦਾ ਹੈ ਉਹੀ ਦੇ ਸਕਦਾ ਹੈ। "
ਬੁਲਬੁਲ ਉੱਡਕੇ ਪੁਰਾਣੀ ਧੁੱਪ ਘੜੀ ਦੇ ਲਾਗੇ ਉੱਗੇ ਹੋਏ ਗੁਲਾਬ ਦੇ ਪੌਦੇ ਕੋਲ ਪਹੁੰਚੀ। " ਮਿਹਰਬਾਨੀ ਕਰਕੇ, ਮੈਨੂੰ ਇੱਕ ਲਾਲ ਗੁਲਾਬ ਦੇ ਦਿਓ ਪਿਆਰੇ ਵੀਰ। ਬਦਲੇ ਵਿੱਚ ਮੈਂ ਤੁਹਾਨੂੰ ਆਪਣਾ ਸਭ ਤੋਂ ਮਿੱਠਾ ਗੀਤ ਸੁਣਾਵਾਂਗੀ।" ਪਰ ਉਸ ਪੌਦੇ ਨੇਂ ਵੀ ਇਨਕਾਰ ਵਿੱਚ ਸਿਰ ਹਿਲਾ ਦਿੱਤਾ ਤੇ ਬੋਲਿਆ " ਪਿਆਰੀ ਬੁਲਬੁਲ ਭੈਣ, ਮੇਰੇ ਗੁਲਾਬ ਪੀਲੇ ਨੇ" 'amber' ਅੰਬਰ (ਪ੍ਰਾਚੀਨ ਸਮੇਂ ਵਿੱਚ ਮਿਲਣ ਵਾਲਾ ਇੱਕ ਪੀਲਾ ਤੇ ਭੂਰਾ ਪਦਾਰਥ) ਦੇ ਸਿੰਘਾਸਨ ਤੇ ਬੈਠਣ ਵਾਲੀ ਜਲਪਰੀ ਦੇ ਵਾਲਾਂ ਵਰਗੇ ਤੇ ਘਾਹ ਦੇ ਮੈਦਾਨਾਂ ਵਿੱਚ ਉੱਗਣ ਵਾਲੇ ਨਰਗਿਸ ਦੇ ਫੁੱਲਾਂ ਤੋਂ ਵੀ ਜ਼ਿਆਦਾ ਪੀਲੇ, ਜਿਸਨੂੰ ਜਦੋਂ ਤੱਕ ਮਾਲੀ ਆਪਣੀ ਦਾਤੀ ਲੈ ਕੇ ਕੱਟਣ ਨਹੀਂ ਆ ਜਾਂਦਾ। ਤੂੰ ਵਿਦਿਆਰਥੀ ਦੀ ਖਿੜਕੀ ਦੇ ਥੱਲੇ ਉੱਗਣ ਵਾਲੇ ਮੇਰੇ ਭਰਾ ਕੋਲ ਜਾਹ । ਸ਼ਾਇਦ ਜੋ ਤੈਨੂੰ ਚਾਹੀਦਾ ਏ ਉਹ ਦੇ ਸਕਦੈ। "
ਬੁਲਬੁਲ ਉੱਡ ਕੇ ਉਸ ਖਿੜਕੀ ਥੱਲੇ ਉੱਗਣ ਵਾਲੇ ਪੌਦੇ ਕੋਲ ਜਾ ਪਹੁੰਚੀ " ਲਾਲ ਗੁਲਾਬਾਂ ਵਾਲੇ ਪਿਆਰੇ ਵੀਰ, ਮਿਹਰਬਾਨੀ ਕਰਕੇ ਮੈਨੂੰ ਇੱਕ ਲਾਲ ਗੁਲਾਬ ਦੇ ਦੇ। ਬਦਲੇ ਵਿੱਚ ਮੈਂ ਤੈਨੂੰ ਆਪਣਾ ਸਭ ਤੋਂ ਮਿੱਠਾ ਗੀਤ ਸੁਣਾਵਾਂਗੀ।"
ਪਰ ਇਸ ਪੌਦੇ ਨੇਂ ਵੀ ਇਨਕਾਰ ਕਰ ਦਿੱਤਾ । " ਮੇਰੀਏ ਨਿੱਕੀਏ ਪਿਆਰੀ ਬੁਲਬੁਲ ਭੈਣੇ , ਮੇਰੇ ਗੁਲਾਬ ਲਾਲ ਨੇ ਜਿਵੇਂ ਘੁੱਗੀ ਦੇ ਪੰਜੇ ਹੁੰਦੇ ਨੇਂ ਲਾਲ-ਲਾਲ। ਇਹ ਸਮੁੰਦਰ ਦੀਆਂ ਕੰਦਰਾਂ 'ਚ ਲਹਿਰਾਉਣ ਵਾਲੇ ਭੂੰਗਾਂ ਦੇ ਝੁੰਡਾਂ ਤੋਂ ਵੀ ਵੱਧ ਲਾਲ ਨੇਂ। ਪਰ ਅਫਸੋਸ, ਠੰਡ ਨੇਂ ਮੇਰੀਆਂ ਨਾੜਾਂ ਨੂੰ ਸੁੰਨ ਕਰ ਦਿੱਤਾ ਏ, ਤੇ ਕੱਕਰ ਨੇਂ ਮੇਰੀਆਂ ਕਲੀਆਂ ਨੂੰ ਮਧੋਲ ਛੱਡਿਆ ਏ। ਤੁਫਾਨਾਂ ਨੇ ਮੇਰੀਆਂ ਟਾਹਣੀਆਂ ਨੂੰ ਝੰਬ ਸੁੱਟਿਆ ਹੈ। ਹੁਣ ਇਸ ਸਾਲ ਮੇਰੇ ਕੋਲ ਕੋਈ ਲਾਲ ਗੁਲਾਬ ਨਹੀਂ ਹੋਣਗੇ। "
"ਪਰ ਮੈਂਨੂੰ ਤਾਂ ਸਿਰਫ ਇੱਕ ਲਾਲ ਗੁਲਾਬ ਹੀ ਚਾਹੀਦਾ ਹੈ। " ਬੁਲਬੁਲ ਨੇਂ ਤਰਲਾ ਕੀਤਾ "ਸਿਰਫ ਇੱਕ ਗੁਲਾਬ। ਕੀ ਕੋਈ ਅਜਿਹਾ ਤਰੀਕਾ ਨਹੀਂ? ਜਿਸ ਨਾਲ ਉਹ ਮੈਨੂੰ ਮਿਲ ਸਕੇ।"
"ਇੱਕ ਤਰੀਕਾ ਹੈ।" ਪੌਦੇ ਨੇਂ ਕਿਹਾ, " ਪਰ ਇਹ ਅਜਿਹਾ ਭਿਆਨਕ ਹੈ ਕਿ ਤੈਨੂੰ ਦੱਸਣ ਦਾ ਮੇਰਾ ਹੌਸਲਾਂ ਨਹੀਂ ਹੋ ਰਿਹਾ।
"ਮੈਂਨੂੰ ਦੱਸ" ਬੁਲਬੁਲ ਨਿਡਰ ਹੋ ਕੇ ਬੋਲੀ।
"ਜੇ ਤੈਨੂੰ ਲਾਲ ਗੁਲਾਬ ਚਾਹੀਦਾ ਹੈ" ਪੌਦੇ ਨੇਂ ਕਿਹਾ, ਤਾਂ ਤੂੰ ਅਜਿਹਾ ਗੁਲਾਬ ਚਾਂਨਣੀ ਰਾਤ ਵਿੱਚ ਆਪਣੇ ਸੰਗੀਤ ਦੁਆਰਾ ਬਣਾ ਸਕਦੀ ਹੈਂ। ਪਰ ਉਸਨੂੰ ਤੈਨੂੰ ਆਪਣੇ ਦਿਲ ਦੇ ਲਹੂ ਨਾਲ ਰੰਗਕੇ ਲਾਲ ਬਣਾਉਣਾ ਪਵੇਗਾ। ਤੂੰ ਆਪਣੀ ਛਾਤੀ ਵਿੱਚ ਮੇਰੇ ਇੱਕ ਕੰਡੇ ਨੂੰ ਵਿੰਨ੍ਹ ਕੇ ਮੇਰੇ ਲਈ ਗਾਵੇਂਗੀ। ਸਾਰੀ ਰਾਤ ਤੈਨੂੰ ਮੇਰੇ ਲਈ ਗਾਉਣਾ ਪਵੇਗਾ। ਕੰਡਾ ਤੇਰੇ ਦਿਲ ਵਿੱਚ ਪੂਰਾ ਖੁੱਭਿਆ ਹੋਣਾ ਚਾਹੀਦਾ ਹੈ। ਤੇਰੇ ਜੀਵਨ ਦਾ ਰਕਤ ਮੇਰੀਆਂ ਧਮਣੀਆਂ ਵਿੱਚੋਂ ਦੀ ਲੰਘ ਕੇ ਮੇਰਾ ਹੋ ਜਾਵੇਗਾ।"
"ਮੌਤ ਇੱਕ ਲਾਲ ਗੁਲਾਬ ਲਈ ਬਹੁਤ ਵੱਡੀ ਕੀਮਤ ਹੈ। ਬੁਲਬੁਲ ਬੋਲੀ। "ਤੇ ਆਪਣੀ ਜਾਨ ਸਭ ਨੂੰ ਬਹੁਤ ਪਿਆਰੀ ਹੁੰਦੀ ਹੈ। ਹਰੇ-ਭਰੇ ਜੰਗਲ ਵਿੱਚ ਬੈਠ ਕੇ ਸੂਰਜ ਨੂੰ ਆਪਣੇ ਸੁਨਹਿਰੇ ਤੇ ਚੰਦਰਮਾ ਨੂੰ ਆਪਣੇ ਮੋਤੀ ਦੇ ਰੱਥ ਤੇ ਆਂਉਦੇ ਦੇਖਣ ਵਿੱਚ ਬੜਾ ਆਨੰਦ ਹੈ। ਨਾਗਫਾਨੀ ਦੀ ਮਹਿਕ ਕਿੰਨੀ ਭਿੰਨੀ-ਭਿੰਨੀ ਹੁੰਦੀ ਏ। ਵਾਦੀਆਂ 'ਚ ਲੁਕੇ-ਛਿਪੇ ਨੀਲੋਫਰ (ਘੰਟੀ ਪੁਸ਼ਪ) ਅਤੇ ਪਹਾੜੀ ਤੇ ਖਿੜ੍ਹਨ ਵਾਲੀ ਝਾੜਬੇਰੀ ਕਿੰਨੀ ਸੋਹਣੀ ਲੱਗਦੀ ਏ। ਫਿਰ ਵੀ ਪਿਆਰ ਜੀਵਨ ਤੋਂ ਬਿਹਤਰ ਹੈ। ਤੇ ਫਿਰ ਕਿਸੇ ਮਨੁੱਖ ਦੇ ਦਿਲ ਦੀ ਤੁਲਨਾ ਵਿੱਚ ਕਿਸੇ ਪੰਛੀ ਦਾ ਦਿਲ ਭਲਾਂ ਕੀ ਹੈ?
ਉਸਨੇ ਉਡਾਨ ਲਈ ਪੂਰੇ ਖੰਭ ਫੈਲਾਏ ਅਤੇ ਹਵਾ ਵਿੱਚ ਉੱਡ ਗਈ। ਉਹ ਦਰਖੱਤਾਂ ਦੇ ਝੁਰਮੁਟ ਉੱਤੋਂ ਦੀ ਛਾਂ ਦੀ ਤਰ੍ਹਾਂ ਉੱਡਦੀ ਹੋਈ ਪੂਰੇ ਬਾਗ ਉੱਤੋਂ ਦੀ ਲੰਘ ਗਈ।
ਨੌਜਵਾਨ ਵਿਦਿਆਰਥੀ ਹਾਲੇ ਵੀ ਘਾਹ ਉੱਤੇ ਹੀ ਲੇਟਿਆ ਪਿਆ ਸੀ। ਜਿੱਥੇ ਉਹ ਉਸਨੂੰ ਛੱਡ ਕੇ ਗਈ ਸੀ। ਉਸਦੀਆਂ ਅੱਖਾਂ ਵਿੱਚੋਂ ਹਲੇ ਵੀ ਹੰਝੂ ਰੁਕੇ ਨਹੀਂ ਸਨ।
"ਖੁਸ਼ ਹੋ ਜਾਓ। ਪਿਆਰੇ ਵਿਦਿਆਰਥੀ " ਬੁਲਬੁਲ ਬੋਲੀ "ਖੁਸ਼ ਹੋ ਜਾਓ। ਕਿਉਂਕਿ ਤੈਨੂੰ ਆਪਣਾ ਲਾਲ ਗੁਲਾਬ ਮਿਲੇਗਾ। ਮੈਂ ਚਾਂਨਣੀ ਰਾਤ 'ਚ ਆਪਣੇ ਗੀਤ ਰਾਹੀਂ ਉਸਨੂੰ ਪੈਦਾ ਕਰੂੰਗੀ ਅਤੇ ਆਪਣੇ ਦਿਲ ਦੇ ਲਹੂ ਨਾਲ ਉਸਨੂੰ ਰੰਗ ਦੇਵਾਂਗੀ। ਪਰ ਬਦਲੇ ਵਿੱਚ ਮੈਂ ਤਾਂ ਸਿਰਫ ਇੰਨ੍ਹਾਂ ਹੀ ਚਾਹੁੰਦੀ ਹਾਂ ਕਿ ਤੂੰ ਸੱਚਾ ਪ੍ਰੇਮੀ ਬਣੇ। ਕਿਉਂਕਿ ਪਿਆਰ, ਦਰਸ਼ਨ ਸ਼ਾਸ਼ਤਰ ਤੋਂ ਕਿਤੇ ਜ਼ਿਆਦਾ ਬੁੱਧੀਮਾਨ ਹੁੰਦਾ ਹੈ। ਭਾਂਵੇ ਦਰਸ਼ਨ ਸ਼ਾਸ਼ਤਰ ਬਹੁਤ ਬੁੱਧੀਮਾਨ ਹੈ, ਉਹ ਸ਼ਕਤੀ ਨਾਲੋਂ ਅਧਿੱਕ ਬਲਵਾਨ ਹੁੰਦਾ ਹੈ। ਹਾਲਾਂਕਿ ਸ਼ਕਤੀ ਬਹੁਤ ਬਲਵਾਨ ਹੁੰਦੀ ਹੈ। ਉਸਦੇ ਖੰਭ ਬਲਦੀ ਲਾਟ ਦੇ ਰੰਗ ਵਰਗੇ ਹੁੰਦੇ ਨੇਂ , ਤੇ ਉਸਦਾ ਸਰੀਰ ਵੀ ਜਵਾਲਾ ਦੇ ਰੰਗ ਦਾ ਹੁੰਦੈ। ਉਸਦੇ ਬੁੱਲ ਸ਼ਹਿਦ ਵਰਗੇ ਮਿੱਠੇ ਤੇ ਉਸਦੀਆਂ ਸਾਹਾਂ ਲੁਬਾਣ ਦੀ ਤਰ੍ਹਾਂ ਹੁੰਦੀਆਂ ਨੇਂ।"
ਵਿਦਿਆਰਥੀ ਨੇਂ ਘਾਹ ਉੱਤੇ ਬੈਠਿਆਂ ਹੀ ਉੱਪਰ ਵੱਲ ਵੇਖਿਆ,ਉਸਨੇ ਸੁਣਿਆ ਵੀ ਪਰ ਉਹ ਸਮਝ ਨਹੀਂ ਸਕਿਆ ਕਿ ਬੁਲਬੁਲ ਆਖਿਰ ਕਹਿ ਕੀ ਰਹੀ ਹੈ। ਕਿਉਂਕਿ ਉਹ ਤਾਂ ਸਿਰਫ ਉਨ੍ਹਾਂ ਗੱਲਾਂ ਨੂੰ ਹੀ ਜਾਣਦਾ ਸੀ ਜੋ ਕਿਤਾਬਾਂ ਵਿੱਚ ਹੀ ਲਿਖੀਆਂ ਸਨ। ਪਰੰਤੂ ਸ਼ਾਹਬਲੂਤ ਦਾ ਦਰਖ਼ੱਤ ਸਭ ਸਮਝ ਗਿਆ। ਉਹ ਉਦਾਸ ਹੋ ਗਿਆ ਕਿਉਂਕਿ ਉਸਦੀਆਂ ਟਾਹਣੀਆਂ ਤੇ ਪਾਏ ਹੋਏ ਆਲ੍ਹਣੇ ਵਾਲੀ ਨਿੰਨ੍ਹੀ ਬੁਲਬੁਲ ਨੂੰ ਉਹ ਬਹੁਤ ਪਿਆਰ ਕਰਦਾ ਸੀ।
"ਮਿਹਰਬਾਨੀ ਕਰਕੇ ਮੇਰੇ ਲਈ ਇੱਕ ਆਖਰੀ ਗੀਤ ਹੀ ਗਾ ਦੇ ਨਿੰਨ੍ਹੀ ਬੁਲਬੁਲੇ " ਉਹ ਬੋਲਿਆ " ਕਿਉਂਕਿ ਤੇਰੇ ਜਾਣ ਪਿੱਛੋਂ ਮੈਂ ਬਹੁਤ ਇੱਕਲਾ ਹੋ ਜਾਊਂਗਾ। " ਫਿਰ ਬੁਲਬੁਲ ਨੇਂ ਦਰਖ਼ੱਤ ਨੂੰ ਆਪਣਾ ਗੀਤ ਸੁਣਾਇਆ। ਉਸਦੀ ਅਵਾਜ਼ ਇੰਨੀ ਮਧੁਰ ਸੀ , ਜਿਵੇਂ ਕਿਸੇ ਚਾਂਦੀ ਦੇ ਕਲਸ਼ ਤੇ ਕਲਕਲ-ਛਲਛਲ ਕਰਦੀ ਕੋਈ ਜਲਧਾਰਾ ਡਿੱਗ ਰਹੀ ਹੋਵੇ। ਜਦੋਂ ਉਸਦਾ ਗੀਤ ਸਮਾਪਤ ਹੋ ਗਿਆ। ਵਿਦਿਆਰਥੀ ਆਪਣੀ ਜਗ੍ਹਾਂ ਤੋਂ ਉੱਠਿਆ । ਉਹਨੇਂ ਆਪਣੀ ਜੇਬ ਵਿੱਚੋਂ ਕਾਪੀ ਤੇ ਪੈਨਸਿਲ ਕੱਢੀ।
"ਉਸ ਕੋਲ ਰੂਪ ਤਾਂ ਹੈ" ਉਹ ਆਪਣੇ ਆਪ ਨਾਲ ਹੀ ਬੋਲਦਾ ਹੋਇਆ ਦਰਖ਼ੱਤਾਂ ਦੇ ਝੁਰਮੁਟ ਤੋਂ ਬਾਹਰ ਨਿੱਕਲ ਆਇਆ , "ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਕਿ ਉਸ ਕੋਲ ਭਾਵਨਾਵਾਂ ਵੀ ਨੇ? ਮੈਂਨੂੰ ਨਹੀਂ ਲੱਗਦਾ। ਦਰਅਸਲ ਉਹ ਬਹੁਤਿਆਂ ਕਲਾਕਾਰਾਂ ਦੀ ਤਰ੍ਹਾਂ ਹੈ। ਉਸ ਵਿੱਚ ਅਦਾਵਾਂ ਤੇ ਸ਼ੈਲੀ ਤਾਂ ਹੈ। ਨਿਸ਼ਕਪਟ ਆਪਣਾਪਨ ਨਹੀਂ, ਉਹ ਦੂਸਰਿਆਂ ਖ਼ਾਤਿਰ ਆਤਮ-ਸਮਰਪਣ ਨਹੀਂ ਕਰ ਸਕਦੀ। ਉਹ ਸਿਰਫ ਸੰਗੀਤ ਦੇ ਬਾਰੇ ਹੀ ਸੋਚਦੀ ਰਹਿੰਦੀ ਹੈ ਤੇ ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਕਲਾ ਸਵਾਰਥੀ ਹੁੰਦੀ ਹੈ।
ਪਰ ਫਿਰ ਵੀ ਇਹ ਤਾਂ ਮੰਨਣਾ ਪਵੇਗਾ ਕਿ ਉਸਦੀ ਅਵਾਜ਼ 'ਚ ਕੁਝ ਕਮਾਲ ਦਾ ਦਿਲ ਖਿੱਚਵਾਂ ਸੁਰ ਹੈ। ਕਿੰਨ੍ਹੇ ਅਫਸੋਸ ਦੀ ਗੱਲ ਹੈ ਕਿ ਉਹ ਬਹੁਤ ਅਰਥਹੀਨ ਹੈ ਤੇ ਉਸਤੋਂ ਕੋਈ ਲਾਭ ਨਹੀ ਹੋ ਸਕਦਾ। " ਉਹ ਆਪਣੇ ਕਮਰੇ ਵਿੱਚ ਆਕੇ ਆਪਣੇ ਛੋਟੇ ਜਿਹੇ ਪਲੰਘ ਤੇ ਲੇਟ ਗਿਆ। ਉਹ ਆਪਣੇ ਪਿਆਰ ਬਾਰੇ ਸੋਚਦਾ ਰਿਹਾ ਤੇ ਕੁਝ ਸਮੇਂ ਬਾਅਦ ਉਸਨੂੰ ਨੀੰਦ ਆ ਗਈ। ਜਦੋਂ ਆਕਾਸ਼ ਵਿੱਚ ਚੰਨ ਚੜ੍ਹਿਆ ਤਾਂ ਬੁਲਬੁਲ ਉੱਡਕੇ ਗੁਲਾਬ ਦੇ ਪੌਦੇ ਤੇ ਆ ਬੈਠੀ ਉਹਨੇਂ ਆਪਣੀ ਛਾਤੀ ਵਿੱਚ ਉਸਦੇ ਕੰਡੇ ਨੂੰ ਵਿੰਨ੍ਹ ਲਿਆ। ਸਾਰੀ ਰਾਤ ਉਹ ਕੰਡੇ ਨੂੰ ਆਪਣੀ ਛਾਤੀ ਸੰਗ ਵਿੰਨ੍ਹ ਕੇ ਗਾਂਉਦੀ ਰਹੀ। ਤੇ ਠੰਡਾ ਬਲੌਰੀ ਚੰਨ ਥੱਲੇ ਝੁਕ ਕੇ ਸੁਣਦਾ ਰਿਹਾ। ਸਾਰੀ ਰਾਤ ਉਹ ਗਾਂਉਦੀ ਰਹੀ ਤੇ ਕੰਡਾ ਉਸਦੇ ਦਿਲ ਦੀ ਗਹਿਰਾਈ ਤੱਕ ਖੁੱਭਦਾ ਚਲਾ ਗਿਆ। ਉਸਦਾ ਜੀਵਨ-ਰਕਤ ਉਸ ਵਿੱਚੋਂ ਲਗਾਤਾਰ ਵਹਿੰਦਾ ਗਿਆ।
ਪਹਿਲਾਂ ਉਸਨੇ ਇੱਕ ਗੱਭਰੂ ਤੇ ਮੁਟਿਆਰ ਦੇ ਦਿਲ ਵਿੱਚ ਪਿਆਰ ਪੈਦਾ ਹੋਣ ਵਾਲਾ ਗੀਤ ਗਾਇਆ। ਜਿਸ ਨਾਲ ਗੁਲਾਬ ਦੇ ਪੌਦੇ ਤੇ ਸਭ ਤੋਂ ਉੱਪਰਲੇ 'spray' ਟੂਸੇ ਉੱਤੇ ਇੱਕ ਸੁੰਦਰ ਗੁਲਾਬ ਉੱਗ ਆਇਆ। ਜਿਵੇਂ-ਜਿਵੇੰ ਗੀਤ ਅੱਗੇ ਵੱਧਦਾ ਗਿਆ, ਗੁਲਾਬ ਦੀਆਂ ਪੰਖੁੜੀਆਂ ਵੀ ਇੱਕ-ਇੱਕ ਕਰਕੇ ਪੈਦਾ ਹੁੰਦੀਆਂ ਗਈਆਂ। ਪਹਿਲਾਂ ਉਹ ਪੀਲਾ ਸੀ ਜਿਵੇਂ ਸੁਬਹ-ਸਵੇਰੇ ਪੀਲੀ ਨਦੀ ਤੇ ਫੈਲਿਆ ਹੋਇਆ ਕੋਹਰਾ ਹੋਵੇ ਤੇ ਉਹ ਪਰਭਾਤ ਦੇ ਚਾਂਦੀ ਵਰਗੇ ਖੰਭਾਂ ਵਾਂਗ ਪੂਰਾ ਚਿੱਟਾ ਸੀ ਜਿਵੇਂ ਕਿਸੇ ਗੁਲਾਬ ਦਾ ਅਕਸ ਚਾਂਦੀ ਦੇ ਸ਼ੀਸ਼ੇ ਤੇ ਪੈ ਰਿਹਾ ਹੋਵੇ ਜਾਂ ਫਿਰ ਕਿਸੇ ਤਲਾਬ 'ਚ ਗੁਲਾਬ ਦਾ ਪਰਛਾਂਵਾਂ ਹੋਵੇ। ਕੁਝ ਅਜਿਹਾ ਹੀ ਸੀ ਉਹ
ਗੁਲਾਬ ਜੋ ਪੌਦੇ ਦੀ ਸਭ ਤੋਂ ਉੱਚੇ ਟੂਸੇ ਤੇ ਉੱਗ ਆਇਆ ਸੀ। ਫਿਰ ਇੱਕ ਦਰਖੱਤ ਨੇ ਬੁਲਬੁਲ ਨੂੰ ਚੀਖ ਕੇ ਕਿਹਾ ਕਿ ਕੰਡੇ ਨੂੰ ਆਪਣੀ ਛਾਤੀ ਵਿੱਚ ਥੋੜਾ ਹੋਰ ਖੋਭ ਲਵੇ। " ਥੋੜਾ ਹੋਰ ਜ਼ੋਰ ਨਾਲ ਕੰਡੇ ਨੂੰ ਆਪਣੀ ਛਾਤੀ ਸੰਗ ਵਿੰਨ੍ਹ ਲੈ ਨੰਨ੍ਹੀ ਬੁਲਬੁਲ" ਉਹ ਥੋੜਾ ਉੱਚੀ ਬੋਲਿਆ " ਨਹੀਂ ਤਾਂ ਫੁੱਲ ਦੇ ਪੂਰੀ ਤਰ੍ਹਾਂ ਖਿੜ੍ਹਨ ਤੋਂ ਪਹਿਲਾਂ ਹੀ ਸਵੇਰ ਹੋ ਜਾਵੇਗੀ।" ਇਸ ਉਪਰੰਤ ਬੁਲਬੁਲ ਨੇਂ ਆਪਣੀ ਛਾਤੀ ਨੂੰ ਕੰਡੇ ਨਾਲ ਥੋੜਾ ਹੋਰ ਕਸਕੇ ਵਿੰਨ੍ਹ ਲਿਆ ਤੇ
ਉਸਨੇ ਹੋਰ ਵੀ ਉੱਚੇ ਸੁਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਇਹ ਇੱਕ ਆਦਮੀ ਤੇ ਔਰਤ ਦੀ ਆਤਮਾ ਵਿੱਚ ਜਾਗਣ ਵਾਲੇ ਪਿਆਰ ਦੇ ਜਨੂੰਨ ਦਾ ਗੀਤ ਸੀ। ਹੁਣ ਗੁਲਾਬ ਦੀਆਂ ਨਾਜ਼ੁਕ ਪੰਖੁੜੀਆਂ ਵਿੱਚ ਇੱਕ ਹਲਕੇ ਗੁਲਾਬੀਪਨ ਦਾ ਆਗਮਨ ਹੋਣ ਲੱਗ ਪਿਆ। ਜਿਵੇਂ ਜਦੋਂ ਕੋਈ ਲਾੜਾ ਆਪਣੀ ਸੱਜ-ਵਿਆਹੀ ਵਹੁਟੀ ਦਾ ਚੁੰਮਣ ਲੈਂਦਾ ਹੈ ਤੇ ਉਸਦਾ ਚਹਿਰਾ ਹਲਕਾ ਗੁਲਾਬੀ ਜਿਹਾ ਹੋ ਜਾਂਦਾ ਹੈ। ਪਰ ਕੰਡਾ ਅਜੇ ਵੀ ਪੂਰੀ ਤਰ੍ਹਾਂ ਉਸਦੇ ਦਿਲ ਤੱਕ ਨਹੀਂ ਪਹੁੰਚਿਆ ਸੀ। ਇਸ ਕਾਰਨ ਗੁਲਾਬ ਦਾ ਦਿਲ ਵੀ ਹਾਲੇ ਤੱਕ ਚਿੱਟਾ-ਸਫੈਦ ਹੀ ਪਿਆ ਸੀ। ਕਿਉਂਕਿ ਕਿਸੇ ਬੁਲਬੁਲ ਦੇ ਦਿਲ ਦਾ ਲਹੂ ਹੀ ਗੁਲਾਬ ਦੇ ਦਿਲ ਨੂੰ ਲਾਲ ਰੰਗ ਦੇ ਸਕਦਾ ਹੈ।
ਫਿਰ ਦਰਖੱਤ ਨੇ ਬੁਲਬੁਲ ਨੂੰ ਉੱਚੀ ਬੋਲ ਕੇ ਕਿਹਾ ਕਿ ਕੰਡੇ ਨੂੰ ਆਪਣੀ ਛਾਤੀ ਵਿੱਚ ਹੋਰ ਖੋਭ ਲਵੇ। " ਹੋਰ ਜ਼ੋਰ ਨਾਲ ਕੰਡੇ ਨੂੰ ਆਪਣੀ ਛਾਤੀ ਸੰਗ ਵਿੰਨ੍ਹ ਲੈ ਨੰਨ੍ਹੀ ਬੁਲਬੁਲ , ਨਹੀਂ ਤਾਂ ਫੁੱਲ ਦੇ ਪੂਰੀ ਤਰ੍ਹਾਂ ਖਿੜ੍ਹਨ ਤੋਂ ਪਹਿਲਾਂ ਹੀ ਸਵੇਰ ਹੋ ਜਾਵੇਗੀ।" ਇਸ ਤੇ ਬੁਲਬੁਲ ਨੇਂ ਕੰਡੇ ਨੂੰ ਆਪਣ ਦਿਲ ਵਿੱਚ ਪੂਰੀ ਤਰ੍ਹਾਂ ਖੋਭ ਲਿਆ। ਹੁਣ ਕੰਡਾ ਉਸਦੇ ਦਿਲ ਨੂੰ ਛੂਹ ਰਿਹਾ ਸੀ। ਦਰਦ ਦੀ ਇੱਕ ਤਿੱਖੀ ਚੀਸ ਉਸਦੇ ਸਰੀਰ ਵਿੱਚ ਦੌੜ ਪਈ। ਇਹ ਦਰਦ ਬੜ੍ਹਾ ਹੀ ਤਿੱਖਾ ਤੇ ਦੁਖਾਵਾਂ ਸੀ। ਤੇ ਇਸਦੇ ਨਾਲ ਹੀ ਉਸਦਾ ਗੀਤ ਹੋਰ ਵੀ ਤੀਬਰ ਹੁੰਦਾ ਗਿਆ। ਉਸਨੇ ਉਹ ਪ੍ਰੇਮ ਦਾ ਗੀਤ ਗਾਇਆ ਜੋ ਪੂਰਨ ਪਰਮ-ਆਨੰਦ ਹੁੰਦਾ ਹੈ ਜੋ ਅਮਰ ਹੁੰਦਾ ਹੈ।
ਹੁਣ ਉਹ ਸੁੰਦਰ ਗੁਲਾਬ ਲਾਲ ਹੋ ਗਿਆ। ਉਹ ਪੂਰਬ ਦੀ ਦਿਸ਼ਾ ਵਿੱਚੋਂ ਉੱਗਣ ਵਾਲੇ ਇੱਕ ਗੁਲਾਬ ਜਿਹਾ ਲਾਲ ਸੁਰਖ ਸੀ। ਉਸਦੀਆਂ ਪੰਖੁੜੀਆਂ ਦੇ ਕਿਨਾਰੇ ਗਹਿਰੇ ਲਾਲ ਤੇ ਦਿਲ ਮਾਣਿਕ ਦੇ ਸਮਾਨ ਰੱਤੇ ਸਨ। ਪਰ ਹੁਣ ਬੁਲਬੁਲ ਦੀ ਅਵਾਜ਼ ਹੌਲੀ ਹੋ ਰਹੀ ਸੀ। ਉਸਦੇ ਨਿੱਕੇ ਨਿੱਕੇ ਖੰਭ ਫੜਫੜਾਉਣ ਲੱਗੇ ਉਸਦੀਆਂ ਅੱਖਾਂ ਅੱਗੇ ਹਨ੍ਹੇਰੇ ਦਾ ਇੱਕ ਪਰਦਾ ਜਿਹਾ ਆ ਗਿਆ ਸੀ। ਉਸਦਾ ਗੀਤ ਹੋਰ ਵੀ ਹੌਲੀ ਹੁੰਦਾ ਗਿਆ ਆਖਿਰ ਉਸਨੂੰ ਮਹਿਸੂਸ ਹੋਇਆ ਕਿ ਉਸਦਾ ਕੰਠ ਗਾਉਣ ਤੋਂ ਅਸਮੱਰਥ ਹੋ ਰਿਹਾ ਹੈ। ਫਿਰ ਉਸਨੇ ਗੀਤ ਦਾ ਆਖਰੀ ਰਾਗ ਛੇੜਿਆ , ਚਿੱਟੇ ਚੰਨ ਨੇਂ ਉਸਨੂੰ ਸੁਣਿਆ। ਉਹ ਸਵੇਰੇ ਦੇ ਬਾਰੇ ਭੁੱਲ ਗਿਆ ਤੇ ਆਕਾਸ਼ ਵਿੱਚ ਹੀ ਰੁਕਿਆ ਰਿਹਾ। ਲਾਲ ਗੁਲਾਬ ਨੇ ਵੀ ਉਸਨੂੰ ਸੁਣਿਆ ਤੇ ਉਸਦਾ ਸਾਰਾ ਸਰੀਰ ਖੁਸ਼ੀ ਨਾਲ ਲਰਜਿਆ। ਉਸਨੇ ਸਵੇਰ ਦੀ ਠੰਡੀ ਯਖ ਹਵਾ ਵਿੱਚ ਆਪਣੀਆਂ ਪੰਖੁੜੀਆਂ ਖੋਲ੍ਹ ਦਿੱਤੀਆਂ । ਪ੍ਰੀਤ ਧੁਨੀ ਨੇ ਪਹਾੜੀ ਦੀਆਂ ਕਾਸ਼ਨੀ ਕੰਦਰਾਂ ਵਿੱਚੋਂ ਦੀ ਗੂੰਜੀ, ਜਿਸ ਨਾਲ ਚਰਵਾਹੇ ਆਪਣੇ ਸੁਪਨਿਆਂ ਤੋਂ ਜਾਗ ਉੱਠੇ। ਪ੍ਰੀਤਧੁਨੀ ਨੇਂ ਨਦੀ ਦੇਆਂ ਨੜਿਆਂ ਵਿੱਚੋਂ ਦੀ ਮੇਲਦੀ ਗਈ ਇਹ ਸੁਨੇਹਾ ਸਮੁੰਦਰ ਤੱਕ ਪਹੁੰਚਾ ਦਿੱਤਾ।
"ਦੇਖੋ ! ਦੇਖੋ ! " ਪੌਦਾ ਝੁੰਮਿਆ, " ਗੁਲਾਬ ਹੁਣ ਪੂਰੀ ਤਰ੍ਹਾਂ ਖਿੜ੍ਹ ਚੁੱਕਾ ਹੈ। ਪਰ ਬੁਲਬੁਲ ਨੇਂ ਕੋਈ ਵੀ ਜਵਾਬ ਨਾਂ ਦਿੱਤਾ। ਕਿਉਂਕਿ ਉਹ ਤਾਂ ਆਪਣੇ ਦਿਲ ਵਿੱਚ ਕੰਡੇ ਨੂੰ ਖੁਭੋ ਕੇ ਲੰਮੀ ਘਾਹ ਤੇ ਮਰੀ ਪਈ ਸੀ।
ਦੁਪਹਿਰ ਹੋਈ ਤਾਂ ਵਿਦਿਆਰਥੀ ਨੇਂ ਆਪਣੀ ਖਿੜਕੀ ਖੋਲ੍ਹ ਕੇ ਬਾਹਰ ਵੱਲ ਤੱਕਿਆ। "ਆਹਾ ਮੇਰੀ ਕਿਸਮਤ ਕਿੰਨੀ ਤੇਜ਼ ਹੈ। ਉਹ ਖੁਸ਼ੀ ਨਾਲ ਨੱਚ ਉੱਠਿਆ। "ਕਿੰਨ੍ਹਾ ਸੁਰਖ-ਲਾਲ ਗੁਲਾਬ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇਹੋ ਜਿਹਾ ਗੁਲਾਬ ਨਹੀਂ ਦੇਖਿਆ। ਇਹ ਇੰਨ੍ਹਾਂ ਸੋਹਣਾ ਹੈ , ਜਰੂਰ ਲੈਟਿਨ ਵਿੱਚ ਇਸਦਾ ਕੋਈ ਵੱਡਾ ਸਾਰਾ ਨਾਮ ਹੋਵੇਗਾ।" ਫਿਰ ਉਸਨੇ ਹੇਠਾਂ ਝੁਕ ਕੇ ਉਸਨੂੰ ਤੋੜ ਲਿਆ। ਇਸਤੋਂ ਬਾਅਦ ਉਸਨੇ ਆਪਣਾ ਹੈਟ ਪਹਿਨਿਆ ਤੇ ਹੱਥ ਵਿੱਚ ਗੁਲਾਬ ਲੈ ਕੇ ਪ੍ਰੋਫੈਸਰ ਦੇ ਘਰ ਵੱਲ ਭੱਜਿਆ।
ਪ੍ਰੋਫੈਸਰ ਦੀ ਲੜਕੀ ਮੁੱਖ ਦੁਆਰ 'ਚ ਬੈਠੀ ਇੱਕ ਫਿਰਕੀ ਤੇ ਨੀਲਾ ਰੇਸ਼ਮ ਲਿਪੇਟ ਰਹੀ ਸੀ ਉਹਦਾ ਛੋਟਾ ਕੁੱਤਾ ਉਸਦੇ ਪੈਰਾਂ ਲਾਗੇ ਹੀ ਬੈਠਾ ਸੀ।
"ਤੂੰ ਕਿਹਾ ਸੀ ਕਿ ਜੇਕਰ ਮੈਂ ਤੇਰੇ ਲਈ ਇੱਕ ਲਾਲ ਗੁਲਾਬ ਲੈ ਕੇ ਆਂਵਾਂ ਤਾਂ ਤੂੰ ਮੇਰੇ ਨਾਲ ਨੱਚੇਂਗੀ।" ਉਹ ਬੋਲਿਆ ," ਇਹ ਦੇਖ ਮੈਂ ਤੇਰੇ ਲਈ ਦੁਨਿਆਂ ਦਾ ਸਭ ਤੋਂ ਲਾਲ ਤੇ ਖੂਬਸੂਰਤ ਗੁਲਾਬ ਲੈ ਕੇ ਆਇਆ ਹਾਂ। ਤੂੰ ਅੱਜ ਰਾਤੀਂ ਜਦ ਇਸਨੂੰ ਆਪਣੇ ਦਿਲ ਦੇ ਨਾਲ ਲਾਵੇਂਗੀ ਤੇ ਜਦੋਂ ਆਪਾਂ ਇੱਕਠੇ ਨੱਚਾਂਗੇ ਤਾਂ ਇਹ ਤੈਨੂੰ ਦੱਸੇਗਾ ਕੇ ਮੈਂ ਤੈਨੂੰ ਕਿੰਨ੍ਹਾ ਪਿਆਰ ਕਰਦਾਂ ਹਾਂ। ਪਰ ਲੜਕੀ ਨੇਂ ਮੱਥੇ ਤੇ ਵੱਟ ਪਾ ਲਿਆ "ਇਸਨੂੰ ਪਰੇ ਰੱਖ। ਇਹ ਮੇਰੀ ਪੌਸ਼ਾਕ ਨਾਲ ਮੇਲ ਨਹੀਂ ਖਾਂਦਾ ਅਤੇ ਮੰਤਰੀ ਦੇ ਭਤੀਜੇ ਨੇ ਮੇਰੇ ਲਈ ਕੁਝ ਅਸਲੀ ਜਵਾਹਰਾਤ ਭੇਜੇ ਨੇਂ। ਨਾਲੇ ਇਹ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਨੇਂ ਕਿ ਜਵਾਹਰਾਤ, ਫੁੱਲਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੁੰਦੇ ਨੇਂ।"
"ਸੱਚੀਂ! ਤੂੰ ਕਿੰਨੀ ਅਕ੍ਰਿਤਘਣ ਏ। " ਵਿਦਿਆਰਥੀ ਨੇਂ ਗੁੱਸੇ ਨਾਲ ਕਿਹਾ । ਉਸਨੇ ਉਹ ਫੁੱਲ ਉਸ ਗਲੀ ਵਿਚਕਾਰ ਹੀ ਸੁੱਟ ਦਿੱਤਾ ਜਿੱਥੇ ਇਹ ਇੱਕ ਗੰਦੇ ਟੋਏ ਵਿੱਚ ਜਾ ਡਿੱਗਿਆ ਤੇ ਇੱਕ ਛਕੜੇ ਦੇ ਪਹੀਏ ਥੱਲੇ ਆਕੇ ਕੁਚਲਿਆ ਗਿਆ।
"ਅਕ੍ਰਿਤਘਣ ? ਹੂੰ! " ਉਹ ਬੋਲੀ " ਮੈਂ ਦੱਸਾਂ ਤੂੰ ਕੌਣ ਏ? ਤੂੰ ਇੱਕ ਉਜੱਡ ਤੇ ਗੁਸਤਾਖ ਏ। ਨਾਲ ਤੂੰ ਹੈਂ ਕੀ? ਇੱਕ ਵਿਦਿਆਰਥੀ! ਮੈਂਨੂੰ ਲੱਗਦਾ ਤੇਰੇ ਕੋਲ ਤਾਂ ਮੰਤਰੀ ਦੇ ਭਤੀਜੇ ਦੇ ਮੋਜੇਆਂ ਤੇ ਲੱਗੇ ਚਾਂਦੀ ਦੇ ਬੱਕਲ ਤੱਕ ਨਹੀਂ।" ਇਸ ਤੋਂ ਬਾਅਦ ਉਹ ਕੁਰਸੀ ਤੋਂ ਉੱਠਕੇ ਅੰਦਰ ਚਲੀ ਗਈ ।
"ਪਿਆਰ ਵੀ ਕੈਸੀ ਸਿੱਧੜ ਬਲਾ ਆ ਏ। ਤੁਰਦੇ-ਤੁਰਦੇ ਵਿਦਿਆਰਥੀ ਬੋਲਿਆ। "ਇਹ ਤਰਕ ਤੋਂ ਅੱਧੀ-ਮਾਤਿਰ ਵੀ ਲਾਭਦਾਇਕ ਨਹੀਂ। ਕਿਉਂਕਿ ਇਸ ਵਿੱਚ ਕੁਝ ਵੀ ਸਿੱਧ ਨਹੀਂ ਕੀਤਾ ਜਾ ਸਕਦਾ। ਤੇ ਇਹ ਹਮੇਸ਼ਾ ਕੁਝ ਅਜਿਹਾ ਹੀ ਦੱਸਦਾ ਰਹਿੰਦਾ ਹੈ ਜੋ ਹੋਣਾ ਵੀ ਨਹੀਂ ਹੁੰਦਾ। ਇਹ ਹਮੇਸ਼ਾ ਅਜਿਹੀਆਂ ਗੱਲਾਂ ਤੇ ਵਿਸ਼ਵਾਸ਼ ਕਰਵਾਉਂਦਾ ਹੈ ਜੋ ਸੱਚੀਆਂ ਨਹੀਂ ਹੁੰਦੀਆਂ। ਅਸਲ ਵਿੱਚ ਇਹ ਆਵਾਸਤਵਿਕ (ਅਵਿਹਾਰਕ) ਹੈ। ਜਦ ਕਿ ਅੱਜ ਦੇ ਜ਼ਮਾਨੇ ਵਿੱਚ ਵਾਸਤਵਿਕਤਾ (ਵਿਹਾਰਕ) ਹੀ ਸਭ ਕੁਝ ਹੈ। ਮੈਂ ਦਰਸ਼ਨ-ਸ਼ਾਸ਼ਤਰ ਵੱਲ ਜਾਵਾਂਗਾ ਤੇ ਅਧਿਆਤਮਵਾਦ ਦਾ ਅਧਿਐਨ ਕਰਾਂਗਾ। " ਆਪਣੇ ਕਮਰੇ ਵਿੱਚ ਵਾਪਿਸ ਆ ਕੇ ਉਹਨੇਂ ਇੱਕ ਵੱਡੀ-ਮੋਟੀ ਕਿਤਾਬ ਕੱਢੀ ਤੇ ਉਸਤੇ ਜੰਮੀ ਧੂੜ ਨੂੰ ਝਾੜ ਕੇ ਪੜ੍ਹਨ ਵਿੱਚ ਜੁੱਟ ਗਿਆ।
(ਅਨੁਵਾਦ: ਰਸ਼ਪਿੰਦਰ ਸਰੋਏ)