Chadar (Punjabi Story) : Jasvir Singh Rana

ਚਾਦਰ (ਕਹਾਣੀ) : ਜਸਵੀਰ ਰਾਣਾ

ਕੋਲ ਹੀ ਡਹੇ ਬਿੱਕਰ ਦੇ ਮੰਜੇ ਵੱਲ ਨਿਗਾਹ ਮਾਰ ਕੇ ਟੇਢੇ-ਲੋਟ ਪਈ ਨਿਰਮਲ ਨੇ ਬਿਨਾਂ ਆਹਟ ਪਾਸਾ ਪਰਤਿਆ। ਸਿੱਧੀ-ਸਤੋਲ ਪੈ ਕੇ ਉਹ ਅਸਮਾਨ ਵੱਲ ਨੂੰ ਝਾਕਣ ਲੱਗ ਪਈ।

ਅਸਮਾਨ ਵਿਚ ਚੰਨ ਆਪਣੇ ਪੂਰੇ ਜਲੌਅ ਨਾਲ ਚਮਕ ਰਿਹਾ ਸੀ। ਦੂਰ-ਦੂਰ ਤੱਕ ਚਾਂਦੀ ਰੰਗੇ ਤਾਰਿਆਂ ਦਾ ਜਾਲ ਵਿਛਿਆ ਹੋਇਆ, ਕਿਸੇ ਖ਼ੂਬਸੂਰਤ ਮੁਟਿਆਰ ਦੁਆਲੇ ਸਿਤਾਰਿਆਂ ਜੜੀ ਚੁੰਨੀ ਲਈ ਹੋਣ ਦਾ ਭੁਲੇਖਾ ਪਾ ਰਿਹਾ ਸੀ।
ਨਿਰਮਲ ਦੀਆਂ ਨਜ਼ਰਾਂ ਭਾਵੇਂ ਅਸਮਾਨ ਵੱਲ ਸਨ ਪਰ ਕੰਨ ਕੋਲ ਡਹੇ ਮੰਜੇ ਤੋਂ ਹੋਣ ਵਾਲੇ ਕਿਸੇ ਵੀ ਖੜਾਕੇ ਦੀ ਤਾੜ ਵਿਚ ਲੱਗੇ ਹੋਏ। ਜੇਕਰ ਕਿਹਾ ਜਾਵੇ ਕਿ ਉਹਦੀਆਂ ਅੱਖਾਂ ਵੀ ਕੰਨਾਂ ਦਾ ਸਾਥ ਦੇ ਰਹੀਆਂ ਸਨ ਤਾਂ ਇਹ ਵੀ ਕੋਈ ਅਲੋਕਾਰੀ ਗੱਲ ਨਹੀਂ।
ਗਿਆਰਾਂ ਵੱਜਣ ਵਾਲੇ ਸਨ ਪਰ ਬਿੱਕਰ ਅੱਜ ਹਿੱਲਣ ਵਿਚ ਹੀ ਨਹੀਂ ਸੀ ਆ ਰਿਹਾ, ਜਿਸ ਦੀ ਨਿਰਮਲ ਨੂੰ ਆਸ ਸੀ। ਦੋ-ਤਿੰਨ ਘੰਟੇ ਹੋ ਚੱਲੇ ਸਨ ਉਹਨੂੰ ਇਸੇ ਆਸ-ਸੰਗ ਘੁਲਦਿਆਂ।

ਦੋ-ਤਿੰਨ ਘੰਟੇ ਹੀ ਕਿਉਂ? ਬਲਕਿ ਪੂਰੇ ਤਿੰਨ ਦਿਨ ਤੇ ਤਿੰਨ ਰਾਤਾਂ। ਚੌਥੀ ਰਾਤ ਸੀ ਅੱਜ। ਪਿਛਲੀਆਂ ਤਿੰਨ ਰਾਤਾਂ ਤੋਂ ਉਹ ਬਿੱਕਰ ਦਾ ਚੌਂਕੀਦਾਰਾ ਕਰ ਰਹੀ ਸੀ ਕਿ ਉਹ ਅੱਧੀ ਰਾਤ ਨੂੰ ਕੰਧ ਟੱਪ ਕੇ ਬਾਹਰ ਜਾਂਦਾ ਕਿੱਥੇ ਹੈ?
ਸਵਾਲ ਤਾਂ ਇਹ ਉਹਦੇ ਦਿਮਾਗ ਵਿਚ ਖਾਸੇ ਚਿਰ ਤੋਂ ਗੁੱਥਮ-ਗੁੱਥਾ ਹੋਇਆ ਪਿਆ ਸੀ ਪਰ ਉਹਨੂੰ ਜੁਆਕਾਂ ਦੀ ਸੰਗ ਮਾਰ ਲੈਂਦੀ। ਮੁੰਡਾ-ਕੁੜੀ ਸਿਆਣੇ ਹੋ ਰਹੇ ਸਨ। ਉਨ੍ਹਾਂ ਦੇ ਡਰੋਂ ਹੀ ਉਹਨੇ ਚੁੱਪ ਵੱਟੀ ਹੋਈ ਸੀ। ਪਰ ਪਿਛਲੇ ਹਫ਼ਤੇ ਦੋਵੇਂ ਜੁਆਕ ਛੁੱਟੀਆਂ ਮਨਾਉਣ ਆਪਣੇ ਨਾਨਕੇ ਚਲੇ ਗਏ ਸਨ। ਨਾਨੀ ਆਈ ਸੀ ਉਨ੍ਹਾਂ ਦੀ। ਉਨ੍ਹਾਂ ਦੇ ਜਾਂਦਿਆਂ ਹੀ ਨਿਰਮਲ ਨੇ ਪੱਕ ਧਾਰ ਲਈ ਸੀ ਕਿ ਗੱਲ ਦੀ ਤੈਅ ਤੱਕ ਜਾ ਕੇ ਰਹੇਗੀ। ਆਖਿਰ ਕਦੋਂ ਤੱਕ ਅੰਦਰੋਂ-ਅੰਦਰੀ ਕੁੜ੍ਹ ਦੀ, ਰਿੱਝਦੀ ਤੇ ਤੜਫਦੀ ਰਹੇਗੀ?

ਪਿਛਲੇ ਹਫ਼ਤੇ ਤੋਂ ਵੀ ਪਹਿਲਾਂ ਇਕ ਦਿਨ ਅਚਾਨਕ ਹੀ ਅੱਧੀ ਕੁ ਰਾਤ ਵੇਲੇ ਕਿਸੇ ਅਨਜਾਣੇ ਖੜਾਕੇ ਨਾਲ ਉਹਦੀ ਅੱਖ ਖੁੱਲ੍ਹ ਗਈ ਸੀ। ਜਦੋਂ ਉਹਨੇ ਅੱਖਾਂ ਪੁੱਟ ਕੇ ਵੇਖਿਆ ਤਾਂ ਬਿੱਕਰ ਆਪਣੇ ਮੰਜੇ ‘ਤੇ ਨਹੀਂ ਸੀ। ਦੋਵੇਂ ਜੁਆਕ ਪਰਾਂ ਆਪਣੀ ਦਾਦੀ ਕੋਲ ਮੰਜੀਆਂ ਡਾਹੀ ਘੂਕ ਸੁੱਤੇ ਪਏ ਸਨ। ਪਹਿਲਾਂ ਤਾਂ ਉਹਨੇ ਸੋਚਿਆ ਕਿ ਪਿਸ਼ਾਬ ਕਰਨ ਗਿਆ ਹੋਣਾ ਪਰ ਜਦੋਂ ਉਹ ਖਾਸਾ ਚਿਰ ਮੰਜੇ ‘ਤੇ ਵਾਪਸ ਨਾ ਆਇਆ ਤਾਂ ਨਿਰਮਲ ਦੀ ਅੱਖ ਫਰਕੀ। ਉੱਠ ਕੇ ਉਹ ਸਾਰੇ ਵਿਹੜੇ ਵਿਚ ਐਧਰ-ਓਧਰ ਘੁੰਮੀ। ਪਰ ਬਿੱਕਰ ਕਿਤੇ ਵੀ ਨਹੀਂ ਸੀ। ਪਤਾ ਨਹੀਂ ਕਿੱਧਰ ਸ਼ਾਈਂ-ਮਾਈਂ ਹੋ ਗਿਆ। ਘੁੰਮਦੀ-ਘੁਮਾਉਂਦੀ ਜਦੋਂ ਉਹ ਬਾਹਰਲੇ ਗੇਟ ਵਾਲੀ ਕੰਧ ਕੋਲ ਗਈ ਤਾਂ ਉਹਦਾ ਦਿਮਾਗ ‘ਫੱਕ’ ਦੇਣੇ ਉੱਡ ਗਿਆ। ਕੰਧ ਨਾਲ ਟਰੱਕ ਵਾਲੀ ਛੋਟੀ ਜਿਹੀ ਪੌੜੀ ਲੱਗੀ ਹੋਈ ਸੀ। ਗੱਲ ਸਮਝਦਿਆਂ ਉਹਨੂੰ ਦੇਰ ਨਾ ਲੱਗੀ। ਉਹਦੇ ਪੂਰੇ ਵਜੂਦ ‘ਤੇ ਜਿਵੇਂ ਅਧਰੰਗ ਦਾ ਅਟੈਕ ਜਿਹਾ ਹੋ ਗਿਆ ਹੁੰਦਾ। ਝੂਠੇ ਪੈ ਚੁੱਕੇ ਸਰੀਰ ਨੂੰ ਘੜੀਸਦੀ ਉਹ ਵਾਪਸ ਮੰਜੇ ‘ਤੇ ਆ ਕੇ ਬੈਠ ਗਈ। ਅੱਖਾਂ ਉਹਨੇ ਕੰਧ ਨਾਲ ਲੱਗੀ ਪੌੜੀ ‘ਤੇ ਹੀ ਗੱਡੀਆਂ ਹੋਈਆਂ ਸਨ। ਕੋਈ ਦੋ-ਤਿੰਨ ਘੰਟੇ ਬਾਅਦ ਪੌੜੀ ਤੋਂ ਦੀ ਬਿੱਕਰ ਅੰਦਰ ਉਤਰਦਾ ਦਿਸਿਆ। ਉਹਨੂੰ ਵੇਖਦਿਆਂ ਹੀ ਉਹ ਮੁੜ ਮੰਜੇ ‘ਤੇ ਪੈ ਗਈ। ਜਿਵੇਂ ਕੁਝ ਵੇਖਿਆ ਹੀ ਨਹੀਂ ਹੁੰਦਾ। ਪੌੜੀ ਲਾਹ ਕੇ ਬਿੱਕਰ ਵੀ ਮਲਕ ਦੇਣੇ ਮੰਜੇ ‘ਤੇ ਆ ਕੇ ਪੈ ਗਿਆ। ਵੇਖਦੇ ਹੀ ਵੇਖਦੇ ਉਹ ਘਰਰ…ਘਰਰ… ਘੁਰਾੜੇ ਛੱਡਣ ਲੱਗ ਪਿਆ। ਪਰ ਨਿਰਮਲ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ। ਸਾਰੀ ਰਾਤ ਉਹ ਦਿਲ ਵਿਚ ਖੁੱਭੇ ਨਸ਼ਤਰ ਨਾਲ ਘੁਲਦੀ ਰਹੀ ਸੀ।
ਵਿਚ ਦੀ ਕਈ ਦਿਨ ਤਾਂ ਠੀਕ ਰਿਹਾ। ਪਰ ਚੌਥੇ ਰਾਤ ਫਿਰ ਇੰਝ ਹੀ ਹੋਇਆ ਸੀ। ਸ਼ਾਇਦ ਅੱਜ ਫਿਰ ਹੋਵੇ। ਸੋਚ ਕੇ ਉਹ ਪਿਛਲੀਆਂ ਤਿੰਨ ਰਾਤਾਂ ਤੋਂ ਜਗਰਾਤਾ ਕੱਟਦੀ ਆ ਰਹੀ ਸੀ।

ਅੱਜ ਵੀ ਇਸੇ ਤਾੜ ਵਿਚ ਸਨ ਉਸ ਦੀਆਂ ਅੱਖਾਂ।
ਪਰ ਬਿੱਕਰ ਸੀ ਕਿ…ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ।

‘ਖੌਰੇ ਅੱਜ ਦੀ ਰਾਤ ਵੀ ਐਕਣੇ ਲੰਘੇ…?’ ਸਿੱਧੀ, ਸਤੋਲ ਪਈ ਨਿਰਮਲ ਨੇ ਅਸਮਾਨ ਵੱਲੋਂ ਨਿਗ੍ਹਾ ਹਟਾ ਕੇ ਕੋਲ ਡਹੇ ਮੰਜੇ ਵੱਲ ਨੂੰ ਵੇਖਿਆ। ਇਸ ਵਾਰ ਉਹਨੇ ਪੂਰਾ ਪਾਸਾ ਨਹੀਂ ਪਰਤਿਆ। ਸਿਰਫ਼ ਸਿਰ ਹੀ ਘੁੰਮਾਇਆ। ਬਿੱਕਰ ਉਸੇ ਤਰ੍ਹਾਂ ਸਰਾਲ਼ ਵਾਂਗ ਚੌਫਾਲ ਪਿਆ ਸੀ। ਜਦੋਂ ਦਾ ਉਹ ਪਿਆ ਸੀ ਨਾ ਉਹਨੇ ਪਾਸਾ ਪਰਤਿਆ, ਨਾ ਹਿੱਲਿਆ ਨਾ ਜੁੱਲਿਆ।
ਉਹਦੇ ਮੰਜੇ ਨੂੰ ਉਲੰਘਦੀਆਂ ਹੋਈਆਂ ਨਿਰਮਲ ਦੀਆਂ ਅੱਖਾਂ ਪਰ੍ਹਾਂ ਰਸੋਈ ਕੋਲ ਮੰਜੇ ‘ਤੇ ਪਈ ਆਪਣੀ ਸੱਸ ‘ਤੇ ਜਾ ਕੇ ਫੌਕਸ ਹੋ ਗਈਆਂ। ਚੰਨ-ਚਾਨਣੀ ਵਿਚ ਉਹਦਾ ਮੰਜਾ ਸਾਫ਼ ਚਮਕ ਰਿਹਾ ਸੀ। ਕਈ ਸਾਲਾਂ ਤੋਂ ਉਹ ਮੰਜੇ ਨਾਲ ਮੰਜਾ ਹੋਈ ਪਈ ਸੀ।

‘ਇਹ ਵੀ ਚੰਦਰੀ ਪਤਾ ਨਹੀਂ ਕੀ ਪਿਛਲਾ ਲੈਣ-ਦੇਣ ਪੂਰਾ ਕਰ ਰਹੀ ਐ।…ਆਹ ਨਰਕ ਨਾਲੋਂ ਤਾਂ ਚੰਦਰੀ ਬਾਪੂ ਵਾਂਗ ਈ ਚਲਦੀ ਹੋ ਜੇ ਤਾਂ ਵਧੀਆ ਰਹੂ। …ਹੁਣ ਤਾਂ ਦੇਖੀ ਨੀਂ ਜਾਂਦੀ ਧਰਮ ਨਾਲ…।’ ਮੰਜੇ ਨਾਲ ਜੁੜੀ ਬਿਮਾਰ ਸੱਸ ਵੱਲ ਨਜ਼ਰ ਮਾਰ ਕੇ ਨਿਰਮਲ ਨੇ ਫਿਰ ਸਿਰ ਭੁਆਂ ਲਿਆ।

ਉਹ ਅਸਮਾਨ ਵੱਲ ਵੇਖਣ ਲੱਗੀ। ਪਲ ਦੀ ਪਲ ਅਸਮਾਨ ਵਿਚ ਉਹਨੂੰ ਆਪਣਾ ਸਹੁਰਾ ਉਡਦਾ ਨਜ਼ਰ ਆਇਆ। ਉਹਨੂੰ ਜਾਪਿਆ ਜਿਵੇਂ ਉਹ ਉਹਦੀ ਸੱਸ ਨੂੰ ਹਾਕਾਂ ਮਾਰ ਰਿਹਾ ਹੋਵੇ। ‘…ਆਜਾ ਨਿਹਾਲ ਕੁਰੇ…। …ਐਥੇ ਹੁਣ ਕੀ ਕਰਦੀ ਐਂ ਚੰਦਰੀਏ…। …ਨਰਕ ਈ ਭੋਗਦੀ ਐਂ…। ਆ ਜਾ ਉਰੇ ਮੇਰੇ ਕੋਲ… ਆ ਜਾ… ਆ… ਜਾ…।’
ਪਏ-ਪਏ ਹੀ ਉਹਨੇ ਆਪਣੇ ਸਿਰ ਨੂੰ ਝਟਕਾ ਦੇ ਕੇ ਦੁਬਾਰਾ ਅਸਮਾਨ ਵੱਲ ਵੇਖਿਆ। ਕੁਝ ਵੀ ਨਹੀਂ ਸੀ ਉਥੇ। ਦੂਰ-ਦੂਰ ਤੱਕ ਟਿਮ-ਟਿਮਾਉਂਦੇ ਤਾਰੇ ਸਨ। ਪੂਰੇ ਜਲੌਅ ਨਾਲ ਚਮਕ ਰਿਹਾ ਚੰਨ ਸੀ ਜਾਂ ਨਵੀਂ ਗੱਲ ਪਰ੍ਹਾਂ ਪੱਛਮ ਵੱਲੋਂ ਕਪਾਹ ਦੀਆਂ ਫੁੱਟੀਆਂ ਵਰਗੇ ਚਿੱਟੇ ਬੱਦਲਾਂ ਦੀ ਡਾਰ ਜਿਹੀ ਉਠਣੀ ਸ਼ੁਰੂ ਹੋ ਗਈ ਸੀ। ਔਹ ਪਰਲੇ ਪਾਸੇ ਬਾਜ਼ੀਗਰ ਬਸਤੀ ਕੋਲ ਦੀ ਲੰਘਦੇ ਸੂਏ ਵੱਲੋਂ ਟਟਿਹਰੀ ਦੇ ਰੁਕ-ਰੁਕ ਕੇ ਬੋਲਣ ਦੀ ਆਵਾਜ਼ ਵੀ ਨਿਰੰਤਰ ਗੂੰਜ ਰਹੀ ਸੀ।
ਪਰ ਅਜੇ ਤੱਕ ਬਿੱਕਰ ਦੀ ਚੁੱਪ ਨਹੀਂ ਸੀ ਟੁੱਟੀ।
ਬਿੱਕਰ! ਜੋ ਕਦੇ ਨਿਰਮਲ ਦਾ ਜੇਠ ਸੀ। ਪਰ ਵਕਤ ਦੇ ਫੇਰ ਨਾਲ ਉਹਦਾ ਘਰ ਵਾਲਾ ਬਣ ਗਿਆ।

ਦੋ ਭਾਈ ਸਨ ਉਹ। ਵੱਡਾ ਬਿੱਕਰ ਸੀ ਤੇ ਛੋਟਾ ਤੇਜਾ। ਭੈਣ ਕੋਈ ਨਹੀਂ। ਉਨ੍ਹਾਂ ਦੀ ਇਕ ਭੂਆ ਦੀ ਕੁੜੀ ਸੀ ਪਿੰਦਰ, ਜਿਸ ਨਾਲ ਉਹ ਵਰਤ-ਵਰਤਾਰਾ ਕਰਦੇ। ਅਗਾਂਹ ਪਿੰਦਰ ਦੇ ਕੋਈ ਭਾਈ ਨਹੀਂ ਸੀ।

ਨਿਰਮਲ ਤੇਜੇ ਨੂੰ ਵਿਆਹੀ ਸੀ। ਜਦੋਂ ਉਹ ਨਵੀਂ ਵਿਆਹੁਲੀ ਆਈ ਤਾਂ ਬਿੱਕਰ ਪਹਿਲਾਂ ਹੀ ਰੰਡਾ ਸੀ। ਉਹਦੀ ਘਰਵਾਲੀ ਦੋ ਸਾਲ ਪਹਿਲਾਂ ਮਰ ਗਈ ਸੀ। ਕਿਵੇਂ ਮਰ ‘ਗੀ…? ਨਵੀਂ-ਨਿਵੇਲੀ ਆਈ ਹੋਣ ਕਾਰਨ ਨਿਰਮਲ ਨੇ ਬਹੁਤੀ ਪੁੱਛਗਿੱਛ ਕਰਨੀ ਜ਼ਰੂਰੀ ਨਾ ਸਮਝੀ। ਪਰ ਕਦੇ-ਕਦੇ ਗੁਆਂਢ ‘ਚੋਂ ਤੇਜ ਕੁਰ ਬੁੜ੍ਹੀ ਉਹਨੂੰ ਦੱਸਦੀ ਹੁੰਦੀ, ‘ਨੀ ਬਹੂ ਥੋਡਾ ਬਿੱਕਰ ਤਾਂ ਬਾਅਲਾ ਈ ਭਗਤ ਐ ਵਿਚਾਰਾ…। ਮਾੜੀ ਕੀਤੀ ਰੱਬ ਨੇ ਚੰਦਰੇ ਨਾਲ।… ਏਹਦੀ ਘਰ ਆਲੀ ਸੀਬੋ ਕਿਤੇ ਮਰਨ ਆਲੀ ਤੀ…? …ਅਹੀ ਜੀ ਪਈ ਤੀ ਕੇਰਾਂ ਢੱਠੇ ਅਰਗੀ…. ਨਾ ਕੋਈ ਰੋਗ ਨਾ ਸੰਸਾ। ਪਤਾ ਨੀ ਕੀ ਪੁੱਠੀ ਪੈ ਗੀ…? …ਰਾਤੋ-ਰਾਤ ਪੂਰੀ ਹੋਗੀ ਚੰਦਰੀ।… ਤੜਕੇ ਮਰੀ ਪਈ ਓ ਦੇਖੀ ਟੱਬਰ ਨੇ ਤਾਂ…।’
ਘਰ ਵਾਲੀ ਦੀ ਮੌਤ ਤੋਂ ਬਾਅਦ ਬਿੱਕਰ ਨੇ ਫਿਰ ਦੁਬਾਰਾ ਵਿਆਹ ਨਹੀਂ ਸੀ ਕਰਵਾਇਆ। ਬਸ ਆਪਣੇ ਹੀ ਰੰਗਾਂ ਵਿਚ ਰੁੱਝ ਗਿਆ। ਦੋ ਟਰੱਕ ਚਲਦੇ ਸਨ। ਉਨ੍ਹਾਂ ‘ਤੇ ਚਲਿਆ ਜਾਂਦਾ। ਖੇਤੀਬਾੜੀ ਤੇ ਡੰਗਰ-ਵੱਛੇ ਵਿਚ ਪਰਚਿਆ ਰਹਿੰਦਾ ਜਾਂ ਮਹੀਨਾ-ਮਹੀਨਾ ਆਪਣੀ ਭੂਆ ਦੀ ਕੁੜੀ ਪਿੰਦਰ ਕੋਲ ਰਹਿ ਆਉਂਦਾ।
ਪਰ ਆਪਣੇ ਛੋਟੇ ਭਾਈ ਤੇਜੇ ਨੂੰ ਉਹ ਅਲਫ਼ੋਂ ਬੇ ਨਾ ਆਖਦਾ। ਚਾਹੇ ਪੰਜ ਕਰੇ ਚਾਹੇ ਪੰਜਾਹ। ਉਹ ਵੀ ਗਲਤ ਹੋਣ ਜਾਂ ਠੀਕ? ਖੁੱਲ੍ਹੀ ਛੁੱਟੀ ਸੀ ਤੇਜੇ ਨੂੰ। ਇਹ ਸ਼ਾਇਦ ਖੁੱਲ੍ਹੀ ਛੁੱਟੀ ਦਾ ਹੀ ਨਤੀਜਾ ਸੀ। ਵਿਆਹ ਤੋਂ ਪਹਿਲਾਂ ਹੀ ਉਹ ਪੂਰੇ ਨਗਰ ਵਿਚ ‘ਤੇਜੇ ਵੈਲੀ’ ਦੇ ਨਾਂਅ ਨਾਲ ਮਸ਼ਹੂਰੀ ਪ੍ਰਾਪਤ ਕਰ ਗਿਆ ਸੀ। ਪਿੰਡ ਦੇ ਹਰੇਕ ਮੁਹੱਲੇ ਪੱਤੀ ਵਿਚ ‘ਤੇਜਾ ਵੈਲੀ, ਤੇਜਾ ਵੈਲੀ’ ਹੁੰਦੀ।
ਤੇਜਾ! ਦਰਮਿਆਨਾ ਜਿਹਾ ਕੱਦ। ਭਰਵਾਂ ਜੁੱਸਾ। ਬਰੀਕ ਖੜ੍ਹਵੀਆਂ ਮੁੱਛਾਂ। ਕੈਂਚੀ ਨਾਲ ਦਾੜ੍ਹੀ ਕੱਟ ਕੇ ਮੋਚਨੇ ਨਾਲ ਖਤ ਕੱਢੇ ਹੁੰਦੇ। ਸਿਰ ‘ਤੇ ਟੇਢੀ ਪੱਗ। ਪੈਰੀਂ ਕਾਲੇ ਕੁਰਮ ਦੀ ਜੁੱਤੀ ਪਾ ਕੇ ਸਦਾ ਚਿੱਟਾ ਕੁੜਤਾ-ਪਜਾਮਾ ਪਹਿਨ ਕੇ ਰੱਖਦਾ। ਤੁਰਦਾ ਨੀਵੀਂ ਪਾ ਕੇ ਸੀ। ਪਰ ਨੀਵੀਂ ਦੇ ਬਾਵਜੂਦ ਉਸ ਦੀਆਂ ਅੱਖਾਂ ਚੁਪਾਸੇ ਘੁੰਮ ਰਹੀਆਂ ਹੁੰਦੀਆਂ। ਮਜ਼ਾਲ ਐ ਕੋਈ ਵਰਤਾਰਾ ਉਹਦੀ ਨਜ਼ਰ ਹੇਠ ਆਉਣੋਂ ਬਚ ਸਕੇ। ਜਿਹੜਾ ਵੀ ਉਹਦੀ ਜਾੜ੍ਹ ਹੇਠ ਆ ਜਾਂਦਾ, ਪੈਂਦੀ ਸੱਟੇ ‘ਕੜੱਕ।’

ਪਰ ਉਹਦੇ ਚਿਹਰੇ ‘ਤੇ ਇਕ ਲੰਮਾ ਸਾਰਾ ਕੱਟ ਦਾ ਨਿਸ਼ਾਨ ਸੀ। ਜੋ ਖੱਬੀ ਅੱਖ ਕੋਲੋਂ ਸ਼ੁਰੂ ਹੋ ਕੇ, ਬੁੱਲ੍ਹਾਂ ਤੋਂ ਹੁੰਦਾ, ਠੋਡੀ ਦੇ ਸੱਜੇ ਪਾਸੇ ਜਾ ਕੇ ਮੁੱਕਦਾ। ਉਸ ਨਿਸ਼ਾਨ ਪਿੱਛੇ ਛਿਪੇ ਇਤਿਹਾਸ ਨੂੰ ਸਾਰਾ ਪਿੰਡ ਜਾਣਦਾ ਸੀ।
ਰਾਠੇ… ਦੀ ਕੁੜੀ ਕਰਮੀ ਨੇ ਦਿੱਤਾ ਸੀ ਉਹ ਨਿਸ਼ਾਨ।

ਆਮ… ਕੁੜੀਆਂ ਦਾ ਅੱਪਵਾਦ ਸੀ ਉਹ। ਲੋਹੜੇ ਦੀ ਸੁਨੱਖੀ। ਪੂਰੀ ਭਰ ਜਵਾਨ। ਰੋਜ਼ ਵਾਂਗ ਇਕ ਦਿਨ ਖੇਤਾਂ ਵਿਚੋਂ ਕੱਖ ਖੋਤਣ ਗਈ। ਕੁਦਰਤੀ ਉਸ ਦਿਨ ਇਕੱਲੀ। ਵਿਹੜੇ ਦੀਆਂ ਬਾਕੀ ਤੀਵੀਆਂ ਪਹਿਲਾਂ ਹੋਰ ਪਾਸੇ ਨਿਕਲ ਗਈਆਂ ਸਨ।
ਨਾਲੇ ਕਪਾਹ ‘ਚੋਂ ਕੱਖ ਖੋਤੀ ਜਾਵੇ, ਨਾਲੇ ਬਿੰਦੇ-ਝੱਟੇ ਉਠ ਕੇ ਚੁਫੇਰੇ ਨਿਗਾਹ ਮਾਰ ਲਿਆ ਕਰੇ। ਦੂਰ ਤੱਕ ਸੰਘਣੀਆਂ ਫਸਲਾਂ ਸਨ। ਚੁਪਾਸੇ ਇਕ ਖੌਫ਼ਨਾਕ ਚੁੱਪ ਪਸਰੀ ਹੋਈ ਸੀ। ਭੈਅ ਜਿਹਾ ਆਵੇ।
ਕੱਖ ਖੋਤਦੇ-ਖੋਤਦੇ ਜਦੋਂ ਉਹਨੇ ਅੱਠਵੀਂ-ਨੌਵੀਂ ਵਾਰ ਉਠ ਕੇ ਦੁਆਲੇ ਵੇਖਿਆ ਤਾਂ ਪਰ੍ਹਾਂ ਵੱਟ ‘ਤੇ ਤੇਜਾ ਵੈਲੀ ਤੁਰਿਆ ਆ ਰਿਹਾ ਸੀ। ਕਾਲੇ ਭਾਗੀਂ ਉਹਨੇ ਵੀ ਕੁੜੀ ਨੂੰ ਵੇਖ ਲਿਆ। ਮੌਕਾ ਤਾੜ ਕੇ ਪੈਰ ਜਿਹੇ ਮਲਦਾ ਨੇੜੇ ਆ ਗਿਆ, ‘ਕਿਉਂ ਐਮੇਂ ਖਫ਼ਾ-ਖੂਨ ਹੁੰਨੀ ਐਂ ਕਰਮੀਏ।…

‘ਨ…ਨ… ਹੀਂ…ਹੀਂ…।’ ਅਚਨਚੇਤ ਹੀ ਸਹਿਮੀ ਖੜ੍ਹੀ ਕਰਮੀ ਨੂੰ ਪਤਾ ਨਹੀਂ ਕੀ ਹੋਇਆ? ਉਹਨੇ ਪੂਰੇ ਜ਼ੋਰ ਨਾਲ ਤੇਜ਼ੇ ਦੇ ਮੂੰਹ ‘ਤੇ ਦਾਤੀ ਮਾਰੀ। ਨਾਲ ਦੀ ਨਾਲ ਕੂਕਾਂ ਮਾਰਦੀ ਹੋਈ ਪਿੰਡ ਵੱਲ ਨੂੰ ਭੱਜ ਲਈ।
ਰਾਠਾ ਸਾਰਾ… ਵਿਹੜਾ ਲੈ ਕੇ ਪੰਚਾਇਤ ਵਿਚ ਜਾ ਰਿਹਾ ਪਰ ਤੇਜਾ ਪਤਾ ਨਹੀਂ ਕਿਧਰ ਟਿੱਭ ਗਿਆ ਸੀ। ਦਸ-ਬਾਰਾਂ ਦਿਨ ਪਿੰਡ ਹੀ ਨਾ ਵੜਿਆ। ਹੌਲੀ-ਹੌਲੀ ਗੱਲ ਠੰਢੀ ਹੋ ਕੇ ਖਿੰਡ-ਖੱਪਰ ਗਈ।
ਪੰਦਰੀਂ ਦਿਨੀਂ ਜਦੋਂ ਤੇਜਾ ਪਿੰਡ ਵੜਿਆ ਤਾਂ ਉਹਨੇ ਵੀ ਮੁੜ ਕੇ ਗੱਲ ਨਾ ਛੇੜੀ। ਪਤਾ ਨਹੀਂ ਉਹ ਕਿਵੇਂ ਚੁੱਪ ਕਰ ਗਿਆ ਸੀ।
ਲੋਕ ਵੀ ਹੈਰਾਨ, ‘ਬਈ ਐਤਕੀਂ ਤਾਂ ਸਾਲੀ ਕਮਾਲ ਈ ਹੋਗੀ। ਤੇਜਾ ਚੁੱਪ ਕਰ ਗਿਆ।… ਨਹੀਂ ਇਹ ਤਾਂ ਅਗਲੇ ਦੀਆਂ ਜੜ੍ਹਾਂ ਪੁੱਟਣ ਤੱਕ ਜਾਂਦਾ ਹੁੰਦੈ।…’

ਹੁੰਦਾ ਵੀ ਇਸੇ ਤਰ੍ਹਾਂ ਜਿਵੇਂ ਲੋਕ ਆਖਦੇ। ਲੰਬੜਦਾਰਾਂ ਦੇ ਪੰਮੇ ਦੇ ਵਿਆਹ ਵੇਲੇ ਵੀ ਇੰਝ ਹੀ ਹੋਇਆ ਸੀ। ਜਿਵੇਂ ਜੰਞ ਸਵੇਰੇ ਗੁਰਦੁਆਰੇ ਵਾਲੇ ਦਰਵਾਜ਼ੇ ਵਿਚੋਂ ਚੜ੍ਹੀ ਸੀ, ਉਸੇ ਤਰ੍ਹਾਂ ਆਥਣੇ ਦਰਵਾਜ਼ੇ ਵਿਚ ਉੱਤਰੀ। ਦੇਖਣ ਵਾਲੇ ਸ਼ੌਕੀਨ ਪਹਿਲਾਂ ਹੀ ਚੌਂਕੜੀਆਂ ‘ਤੇ ਬੈਠੇ ਉਡੀਕ ਰਹੇ ਸਨ।
ਜਦੋਂ ਜੰਞ ਵਾਲੀ ਬੱਸ ‘ਚੋਂ ਲੋਕ ਉਤਰਨੇ ਸ਼ੁਰੂ ਹੋਏ ਤਾਂ ਸਭ ਤੋਂ ਪਹਿਲਾਂ ਤੇਜਾ ਵੈਲੀ ਹੇਠ ਉਤਰਿਆ। ਉਤਰਨ ਸਾਰ ਹੀ ਉਹਨੇ ਲਲਕਾਰਾ ਛੱਡਿਆ, ‘ਹੇਠਾਂ ਉਤਰ ਏ ਪਟਵਾਰੀਆ। …ਦੇਖਾਂ ਤੈਨੂੰ ਅੱਜ।… ਬੋਲੀਆਂ ਪਾਉਣ ਤੋਂ ਰੋਕਦਾ ‘ਤੀ ਭੈਣ ਦਿਆ ਕੁੱਤਿਆ…।’
ਦੇਖਣ ਵਾਲਿਆਂ ਦੇ ਦੰਦ ਜੁੜ ਗਏ। ਜਿਵੇਂ ਬੜੇ ਖਤਰਨਾਕ ਕਰਤਵ ਪੇਸ਼ ਹੋਣ ਵਾਲੇ ਹੋਣ।
ਹੋਏ ਵੀ। ਜਿਉਂ ਹੀ ਕਾਕਾ ਪਟਵਾਰੀ ਹੇਠਾਂ ਉਤਰਿਆ। ਤੇਜੇ ਨੇ ‘ਠਾਹ’ ਦੇਣੇ ਢਾਹ ਲਿਆ। ਚੌਕੜੀਆਂ ‘ਤੇ ਬੈਠੇ ਧੰਨੇ ਬਾਬੇ ਦਾ ਖੂੰਡਾ ਖੋਹ ਕੇ ਦੇ ਤੇਰੇ ਦੀ ਲੈ ਤੇਰੇ ਦੀ। ਮਿੰਟਾਂ ਵਿਚ ਹੀ ਪਟਵਾਰੀ ਦੀ ਜੁੱਤੀ ਕਿਤੇ, ਆਪ ਕਿਤੇ। ਭਰੀ ਸੱਥ ਵਿਚ ਉਹਦੀ ਧੌਲੀ ਰੁਲ ਗਈ। ਹੇਠਾਂ ਪਿਆ ਉਹ ਬਥੇਰੀਆਂ ਬੌਹੜੀਆਂ ਪਾਵੇ, ‘ਬਚਾ ਲਓ ਏ ਕੋਈ।… ਮਾਰਦੂ ਉਏ ਖਸਮੋਂ…।’

ਪਰ ਬਚਾਉਂਦਾ ਕੌਣ? ਸੂਹ ਮਿਲਣ ‘ਤੇ ਬਿੱਕਰ ਨੇ ਆ ਕੇ ਮਸਾਂ ਹਟਾਇਆ, ‘ਹਟ ਓਏ ਤੇਜਿਆ ਹਟ।… ਐਮੇਂ ਅਗਲੇ ਦੇ ਵਿਆਹ ‘ਚ ਬੀਅ ਦਾ ਲੇਖਾ ਪਾਉਨੈਂ।… ਨਾ ਆਖਰ ਗੱਲ ਕੀ ਹੋਗੀ ‘ਤੀ…?’
‘ਬੜੇ ਭਾਈ ਇਹ ਕੌਣ ਹੁੰਦੈ ਮੈਨੂੰ ਰੋਕਣ ਆਲਾ…। ਉਥੇ ਜੰਞ ‘ਚ ਕਹਿੰਦਾ ਲੁੱਚੀਆਂ ਬੋਲੀਆਂ ਨਾ ਪਾ…। ਧੀਆਂ-ਭੈਣਾਂ ਖੜ੍ਹੀਆਂ ਦੇਖਦੀਆਂ ਨੇ।… ਮੈਂ ਤਾਂ ਪਾਊਂ ਓਏ… ਬ…ਬ…ਆ…ਆ…।’ ਲਲਕਾਰਾ ਮਾਰ ਕੇ ਤੇਜਾ ਝੋਟੇ ਵਾਂਗ ਭੂਸਰ ਗਿਆ ਸੀ।
ਇਸੇ ਤਰ੍ਹਾਂ ਇਕ ਵਾਰੀ ਉਦੋਂ ਹੋਇਆ ਜਦੋਂ ਉਹਨੂੰ ਨਿਆਮਤਪੁਰ ਤੋਂ ਰਿਸ਼ਤਾ ਆਇਆ। ਗੇਲੇ ਕੇ ਛੋਟੇ ਨੂੰ ਆਦਤ ਸੀ। ਉਹਨੇ ਜਾਕੇ ਭਾਨੀ ਮਾਰ ਦਿੱਤੀ, ‘ਭਾਈ ਕੁੜੀ ਵਿਆਹੁਣ ਤਾਂ ਲੱਗੇ ਓਂ… ਪਰ ਪੁੱਛ-ਪੜਤਾਲ ਕਰ ਲਿਓ ਪਹਿਲਾਂ…। ਮੁੰਡਾ ਲਫੈਂਡ ਜਿਆ ਈ ਆ…।… ਐਮੇਂ ਕੱਲ੍ਹ-ਕਲੋਤਰ ਨੂੰ ਫੇਰ ਔਖੇ ਹੁੰਦੇ ਫਿਰੋਂ….’

ਭਾਨੀ ਨੇ ਰਾਮ-ਬਾਣ ਵਾਂਗ ਅਸਰ ਕੀਤਾ। ਪੈਂਦੀ ਸੱਟੇ ‘ਕੜੱਕ’ ਦੇਣੇ ਤੇਜੇ ਦਾ ਰਿਸ਼ਤਾ ਪੂਰਾ ਚੜ੍ਹਨ ਤੋਂ ਪਹਿਲਾਂ ਹੀ ਟੁੱਟ ਗਿਆ। ਪਰ ਉਹਨੇ ਛੋਟੇ ਭਾਨੀਮਾਰ ਦੀ ਸੂਹ ਕੱਢ ਲਈ। ਇਕ ਦਿਨ ਉਹ ਚੌਂਕੜੀਆਂ ‘ਤੇ ਬੈਠਾ ਤਾਸ਼ ਖੇਡ ਰਿਹਾ ਸੀ। ਜ਼ਖ਼ਮੀ ਸੱਪ ਵਾਂਗ ਹੰਕਾਰੇ ਹੋਏ ਤੇਜੇ ਨੇ ਆ ਕੇ ‘ਦੈੜ’ ਦੇਣੇ ਉਹਦੀ ਲੱਤ ‘ਤੇ ਪੁੱਠਾ ਗੰਡਾਸਾ ਠੋਕਿਆ। ਇਕ ਨਹੀਂ, ਦੋ ਨਹੀਂ ਪੂਰੇ ਤਿੰਨ ਵਾਰ ਕੀਤੇ। ਲੱਤ ਦਾ ਕੜਾਕਾ ਪੈ ਗਿਆ। ਡਰ ਕੇ ਸਾਰੇ ਪਾਸੇ ਹੋ ਗਏ। ਚੌਂਕੜੀਆਂ ‘ਤੇ ਪਿਆ ਛੋਟਾ ਲੇਰਾਂ ਮਾਰੀ ਜਾਵੇ। ਕੋਲ ਹੀ ਖੜ੍ਹਾ ਤੇਜਾ ਲਲਕਾਰੇ ਛੱਡੀ ਜਾਵੇ, ‘ਆਹ ਪਿਆ ਓਏ ਲਟਿਆਇਆ।… ਬੜਾ ਭਾਨੀਮਾਰ ਸਾਲਾ…। ਏਹਦੀ ਤਾਂ ਲੱਤ ਈ ਤੋੜੀ ਐਂ…। ਜੇ ਗਾਹਾਂ ਤੋਂ ਮੇਰੇ ਰਿਸ਼ਤੇ ‘ਚ ਕਿਸੇ ਨੇ ਟੰਗ ਅੜਾਈ… ਵੱਢ ਕੇ ਬਰੋਟੇ ਨਾਲ ਟੰਗ ਦੂੰ…।’
ਬੱਸ…। ਫਿਰ ਵੱਜੀ ਵੀ ਨਹੀਂ ਸੀ ਭਾਨੀ। ਮਾਲੇਰਕੋਟਲੇ ਵੱਲੋਂ ਹਥਨ ਪਿੰਡ ਤੋਂ ਰਿਸ਼ਤਾ ਆਇਆ ਸੀ। ਕਾਰਜ ਪੂਰ ਚੜ੍ਹਿਆ। ਨਿਰਮਲ ਨਾਲ ਉਹਦਾ ਵਿਆਹ ਹੋ ਗਿਆ ਸੀ।

ਤੂਤ ਦੀ ਲਗਰ ਵਰਗੀ ਮੁਟਿਆਰ ਸੀ ਨਿਰਮਲ।
ਤਿੰਨ ਭਾਈਆਂ ਦੀ ਇਕੱਲੀ ਭੈਣ। ਮਾਂ-ਬਾਪ ਵੀ ਤਕੜੇ ਸਨ। ਸਾਰੇ ਜੀਆਂ ਨੇ ਰਲ ਕੇ ਉਹਦੀ ਡੋਲੀ ਤੋਰੀ ਸੀ।

ਪਰ ਸਹੁਰੇ ਆਉਣ ਤੋਂ ਸਾਲ ਕੁ ਮਗਰੋਂ ਹੀ ਗੰਗਾ ਉਲਟੀ ਵਹਿਣ ਲੱਗ ਪਈ। ਪੇਕੀਂ ਚਾਵਾਂ-ਮਲ੍ਹਾਰਾਂ ਨਾਲ ਪਲੀ ਨਿਰਮਲ ਨੂੰ ਸਾਰੇ ਕਾਸੇ ‘ਚੋਂ ਕੋਈ ਗ਼ਲਤ ਬੂ ਆਉਣੀ ਸ਼ੁਰੂ ਹੋ ਗਈ। ਜਦੋਂ ਹਵਾੜ੍ਹ ਨੱਕ ਨੂੰ ਸਾੜਨ ਲੱਗੀ ਤਾਂ ਉਹਨੂੰ ਅਕਸਰ ਚੰਦ ਕਾਮਰੇਡ ਦੇ ਬੋਲ ਯਾਦ ਆਇਆ ਕਰਨ। ਚੰਦ ਕਾਮਰੇਡ ਉਹਦੇ ਬਾਪੂ ਦਾ ਮਿੱਤਰ ਸੀ। ਬੜਾ ਤੇਜ਼ ਦਿਮਾਗ ਤੇ ਮੂੰਹ-ਫੱਟ। ਗੱਲ ਕਹਿਣ ਲੱਗਿਆਂ ਨਾ ਤਿੱਥ ਵੇਖਦਾ ਨਾ ਵਾਰ।

ਇਕ ਦਿਨ ਨਿਰਮਲ ਵਿਹੜੇ ਵਿਚ ਮੰਜੇ ‘ਤੇ ਬੈਠੀ ਕੇਸਮਿੰਟ ਦੀ ਚਾਦਰ ਕੱਢ ਰਹੀ ਸੀ। ਉਧਰੋਂ ਕਾਮਰੇਡ ਆ ਗਿਆ। ਆਉਂਦਾ ਹੀ ਨਿਰਮਲ ਦੇ ਹੱਥੋਂ ਚਾਦਰ ਫੜਕੇ ਉਹਦੇ ਬਾਪੂ ਨੂੰ ਕਹਿੰਦਾ, ‘ਮਲਕੀਤ ਸਿਆਂ! ਆਪਣੀਆਂ ਕੁੜੀਆਂ ਦਾ ਵੀ ਸਾਲਾ ਕੀ ਸੰਕਟ ਐ। ਵਿਚਾਰੀਆਂ ਨੂੰ ਬਚਪਨ ਤੋਂ ਹੀ ਚਾਦਰ ਫੜਾ ਕੇ ਚਿੜੀਆਂ-ਘੁੱਗੀਆਂ ਪਾਉਣੀਆਂ ਸਿਖਾ ਦਿੰਨੇ ਆਂ…। ਬਚਪਨ ‘ਚ ਹੀ ਆਪਾਂ ਉਨ੍ਹਾਂ ਦੇ ਦਿਮਾਗ ਵਿਚ ਭਰ ਦਿੰਨੇ ਆਂ ਕਿ ਤੁਸੀਂ ਤਾਂ ਚਿੜੀਆਂ ਹੋ। ਤੁਸੀਂ ਤਾਂ ਇਕ ਦਿਨ ਉੱਡਣਾ ਹੀ ਉੱਡਣੈਂ। ਫੇਰ ਚਾਦਰ ‘ਚ ਲਪੇਟ ਕੇ ਨੰਦਾਂ ‘ਤੇ ਬਿਠਾ ਦਿੰਨੇ ਆਂ। ਅੱਗੋਂ ਸਹੁਰੇ ਘਰ ਮਰਦ ਸਾਰੀ ਉਮਰ ਚਾਦਰ ਦਾ ਨਾਸ ਮਾਰਦਾ ਰਹਿੰਦੈ। ਸਬੱਬੀਂ ਘਰ ਆਲਾ ਮਰ ‘ਜੇ… ਫੇਰ ਇਸ ‘ਤੇ ਦਿਓਰ-ਜੇਠ ਚਾਦਰ ਪਾ ਲੈਂਦਾ…।’

ਵਿਆਹ ਨੂੰ ਦੋ ਸਾਲ ਵੀ ਨਹੀਂ ਪੁੱਗੇ ਸਨ। ਨਿਰਮਲ ਨੂੰ ਕਾਮਰੇਡ ਦੀਆਂ ਗੱਲਾਂ ਸੋਲ੍ਹਾਂ ਆਨੇ ਤੋਂ ਵੀ ਵੱਡਾ ਸੱਚ ਜਾਪਣ ਲੱਗ ਪਈਆਂ। ਅਸਲ ਵਿਚ ਤਾਂ ਸਾਲ ਕੁ ਬਾਅਦ ਹੀ ਤੇਜੇ ਦੀਆਂ ਪਰਤਾਂ ਉਘੜਨੀਆਂ ਸ਼ੁਰੂ ਹੋ ਗਈਆਂ ਸਨ। ਉਹਦੇ ਅੰਦਰਲਾ ‘ਵੈਲੀ’ ਪ੍ਰਗਟ ਹੋਣ ਲੱਗ ਪਿਆ।
ਪਹਿਲਾਂ ਪਹਿਲ ਤਾਂ ਉਹ ਨਿਰਮਲ ਦੀ ਬੜੀ ਪੁੱਛ-ਪ੍ਰਤੀਤ ਕਰਦਾ ਸੀ। ਮਗਰ ਅਚਨਚੇਤ ਹੀ ਪਤਾ ਨਹੀਂ ਕੀ ਪੁੱਠੀ ਪੈ ਗਈ। ਮਾੜ੍ਹੀ-ਮਾੜ੍ਹੀ ਗੱਲ ‘ਤੇ ਲੜਾਈ ਹੋਣ ਲੱਗ ਪਈ। ਰਫਤਾ-ਰਫ਼ਤਾ ਗਾਲ੍ਹ-ਦੁੱਪੜ ਤੋਂ ਦੀ ਹੁੰਦੀ ਹੋਈ ਗੱਲ ਜੁੱਤ-ਪਤਾਣ ‘ਤੇ ਜਾ ਚੜ੍ਹੀ। ਨਿਰਮਲ ਬਥੇਰਾ ਕਲਪਦੀ, ‘ਨਾ ਆਖਰ ਪਤਾ ਵੀ ਲੱਗੇ ਬੰਦੇ ਨੂੰ ਹੋਇਆ ਕੀ ਐ?… ਊਈਂ ਸਾਰੀ ਦਿਹਾੜੀ ਤੇਰੀ ਮਾਂ ਦੀ ਤੇਰੀ ਭੈਣ ਦੀ…। ਗੱਲ ਐ ਇਹ ਕੋਈ…?’

‘ਆਹੋ ਗੱਲ ਐ ਕੰਜਰੀਏ…। …ਮੈਂ ਤਾਂ ਐਕਣੇ ਚੱਲੂੰ…। ਰੋਕ… ਲੇ ਕਿਹੜੇ ਕੰਜਰ ਨੇ ਰੋਕਣਾ ਮੈਨੂੰ…। …ਜਾਹ ਕਹਿਦੇ ਕਿਹੜੇ ਰਾਠ ਨੂੰ ਕਹਿਣੈ ਤੈਂ?’ ਪਰ ਅੱਗੋਂ ਜਵਾਬੀ ਰੂਪ ਵਿਚ ਫਿਰ ਉਹੀ ‘ਬਾਂ…ਬਾਂ…।’

ਦੋ ਕੁ ਸਾਲ ਤਾਂ ਔਖੇ-ਸੌਖੇ ਕੱਟ ਲਏ ਸਨ। ਪਰ ਜਦੋਂ ਦੰਦਾਂ ‘ਚ ਹੀ ਜੀਭ ਆ ਗਈ ਤਾਂ ਨਿਰਮਲ ਪੇਕੀਂ ਜਾ ਕੇ ਪਿੱਟੀ, ‘ਬਾਪੂ ਉਹਨੂੰ ਜਾ ਕੇ ਪੁੱਛੋ ਤਾਂ ਸਈ… ਆਖਰ ਚਾਹੁੰਦਾ ਕੀ ਐ…? …ਖੜ੍ਹੀ ਨੀ ਦੇਖਦਾ ਬੈਠੀ ਨੀ… ਜਿਹੜਾ ਕੁਝ ਹੱਥ ‘ਚ ਆ ਗਿਆ ਠਾਹ ਮਾਰੂ… ਮੇਰੇ ਨਾਲੋਂ ਤਾਂ ਡੰਗਰਾਂ ਦੀ ਜੂਨ ਚੰਗੀ ਹੋਊ ਬਾਪੂ…।’
‘ਨਾ ਸਾਊ ਗੱਲ ਕੀ ਐ ਭਾਈ…? …ਸਾਨੂੰ ਦੱਸ ਅਸੀਂ ਹੱਲ ਕਰਾਂਗੇ…। ਐਂ ਰੋਜ਼-ਰੋਜ਼ ਦਾ ਝੱਜੂ ਤਾਂ ਲੋਟ ਨੀ ਹੁੰਦਾ….।’ ਪੁੱਛ-ਗਿੱਛ ਵੀ ਹੋਈ ਸੀ।
‘ਮੈਂ ਨੀ ਰੱਖਣੀ ਓਏ ਇਹ! …ਮੈਨੂੰ ਨੀ ਪਸੰਦ…। ਲੈ ਜੋ ਆਵਦੀ ਨੂੰ।’ ‘ਅੱਗੋਂ ਬਾਂ… ਬਾਂ…। ਕਰਦਾ ਤੇਜਾ ਜਿਵੇਂ ਆਪਣੇ ਸਹੁਰਿਆਂ ਦੇ ਮੂੰਹ ‘ਤੇ ਥੁੱਕ ਗਿਆ।
ਨਵੀਂ ਹੀ ਗੱਲ। ਕੀ ਬੋਲਦੇ ਧੀ ਵਾਲੇ। ਕੋਈ ਪੇਸ਼ ਨਾ ਜਾਂਦੀ ਵੇਖ ਨਿਰਮਲ ਦੇ ਸੱਸ-ਸਹੁਰੇ ਨੂੰ ਸਮਝਾ ਕੇ ਚਲੇ ਗਏ ਸਨ, ‘ਦੇਖਿਓ ਸਰਦਾਰ ਜੀ।… ਤੁਸੀਂ ਓ ਵਸਦੀ ਰੱਖਣੀ ਐਂ ਸਾਡੀ ਧੀ…।’
ਪਰ ਤੇਜਾ ਕਿੱਥੇ ਸਮਝਣ ਵਾਲਾ ਸੀ। ਮੁੰਡਾ-ਕੁੜੀ ਜੰਮ ਕੇ ਵੀ ਉਹਦੇ ਵੈਲਪੁਣੇ ਦੀ ਧਾਰ ਰਤਾ ਖੁੰਢੀ ਨਾ ਹੋਈ। ਬਲਕਿ ਪਹਿਲਾਂ ਨਾਲੋਂ ਵੀ ਲਿਸ਼ਕ ਉਠੀ ਸੀ।

ਇਸ ਗੱਲ ਦਾ ਤਾਂ ਓਦੋਂ ਪਤਾ ਲੱਗਿਆ ਜਦੋਂ ਰੁਕਸਾਨਾ ਨਾਲ ਉਹਦਾ ਚੱਕਰ ਘੁੰਮਿਆ। ਖੇਤਾਂ ਵੱਲ ਨੂੰ ਜਾਂਦੇ ਕੱਚੇ ਪਹੇ ਵਾਲੇ ਮੋੜ ‘ਤੇ ਅਚਾਨਕ ਹੀ ਪਤਾ ਨਹੀਂ ਕਿਧਰੋਂ ਇਕ ਬਲਾ ਆ ਗਈ। ਮੁਸਲਮਾਨਣ ਸੀ। ਚਾਲੀ ਕੁ ਸਾਲ ਦੀ ਉਮਰ, ਸੁਨੱਖੀ ਐਨੀ ਕਿ ‘ਵਣਜ ਗਵਾ ਲਏ ਬਾਣੀਆਂ, ਬਲਦ ਗਵਾ ਲਏ ਜੱਟ’ ਵਾਲੀ ਤੁੱਕ ‘ਤੇ ਖਰੀ ਉਤਰਦੀ। ਪਰ ਦੋ ਮੁੰਡੇ ਤੇ ਇਕ ਕੁੜੀ ਵੀ ਸੀ ਉਹਦੀ। ਦੇਖਣ ਨੂੰ ਇਸ ਤਰ੍ਹਾਂ ਲਗਦੀ ਜਿਵੇਂ ਕੁਆਰੀ ਹੁੰਦੀ ਹੈ। ਘਰ ਵਾਲਾ ਵੀ ਸੀ ਉਹਦਾ। ਲੇਕਿਨ ਮਰਿਆ ਹੋਇਆ ਸੱਪ।

ਪਹੇ ਵਾਲੇ ਮੋੜ ‘ਤੇ ਕੁੱਬੇ ਤੋਂ ਰੂੜੀ ਵਾਲਾ ਥਾਉਂ ਖਰੀਦ ਲਿਆ ਉਹਨੇ। ਦੋ ਕੁ ਕਮਰੇ ਛੱਤ ਕੇ ਜੁਆਕਾਂ ਨਾਲ ਰਹਿਣ ਲੱਗ ਪਈ। ਇਕ ਬੈਠਕ ਦਾ ਪਹੇ ਵੱਲ ਨੂੰ ਮੂੰਹ ਕੱਢ ਕੇ ਦੁਕਾਨ ਜਿਹੀ ਖੋਲ੍ਹ ਲਈ। ਬੋਰਡ ਲਿਖਵਾ ਕੇ ਟੰਗ ਲਿਆ, ‘ਜੱਚਾ-ਬੱਚਾ ਕੇਂਦਰ।’
‘ਓਏ ਕਿਹੜਾ ਜੱਚਾ।… ਕਿਹੜਾ ਬੱਚਾ… ਐਥੇ ਤਾਂ ਹੋਰ ਈ ਗਿੱਧਾ ਪੈਂਦੈ ਮੁੰਡਿਓ। ਬਦਮਾਸ਼ ਤੀਮੀਂ ਐ ਇਹ।… ਬੰਦੇ ਆਉਂਦੇ ਨੇ ਇਹਦੇ ਕੋਲ।… ਜੇ ਦੂਰ ਨੀ ਜਾਣਾ ਤਾਂ ਆਹ ਬਿੱਕਰ ਕੇ ਤੇਜੇ ਵੈਲੀ ਨੂੰ ਈ ਦੇਖ ਲਓ…। ਸਾਰੀ ਦਿਹਾੜੀ ਸਾਲਾ ਇਸ ਦੀ ਗੋਦੀ ‘ਚ ਵੜ੍ਹਿਆ ਰਹੂ…।’ ਇਕ ਦਿਨ ਚੌਕੜੀਆਂ ‘ਤੇ ਬੈਠੀ ਢਾਣੀ ‘ਚ ਛੋਟੇ ਭਾਨੀਮਾਰ ਨੇ ਨਵਾਂ ਹੀ ਪੱਤਾ ਸਿੱਟਿਆ।

ਜਦੋਂ ਫਰੋਲਾ-ਫਰਾਲੀ ਹੋਈ ਤਾਂ ਗੱਲ ਸਹੀ ਨਿਕਲੀ। ਇੰਦਰ ਬਾਣੀਏ ਵਾਂਗ ਤੇਜਾ ਘਰ ਦੀ ਸਾਰੀ ਦੁਕਾਨ ਰੁਕਸਾਨਾ ਮੂਹਰੇ ਢੇਰੀ ਕਰੀ ਜਾ ਰਿਹਾ ਸੀ। ਬਿੱਕਰ ਨੂੰ ਪਤਾ ਸੀ। ਪਰ ਬਰਾਬਰ ਦਾ ਸ਼ਰੀਕ ਹੋਣ ਕਰਕੇ ਉਹ ਮੌਨਧਾਰੀ ਰੱਖਦਾ। ਮਗਰ ਜਦੋਂ ਘਰੇ ਸੂਹ ਲੱਗੀ ਤਾਂ ਜਾਣੋਂ ਹੇਠਲੀ ਉਤੇ ਆ ਗਈ। ਨਿਰਮਲ ਦੇ ਤਾਂ ਸੱਤੀਂ ਕੱਪੜੀਂ ਅੱਗ ਲੱਗ ਉਠੀ, ‘ਵੇ ਕੀ ਕੜ ਪਾਟਿਆ ਤੇਰਾ ਔਂਤਾ…। ਜਿਹੜਾ ਔਸ ਕੰਜਰੀ ਦੇ ਭੋਬੇ ‘ਚ ਸਾਰਾ ਘਰ ਸਿੱਟੀ ਜਾਨੈਂ…। … ਸ਼ਰਮ ਜਲਜੇ ਤੇਰੀ ਜਾਨਵਰ ਦੀ…।’
ਪਰ ਤੇਜਾ ਕਿੱਥੇ ਹਟਣ ਵਾਲਾ ਸੀ। ਜਦੋਂ ਕੋਈ ਰੋਕਦਾ ਚਾਰੇ-ਖੁਰ ਚੁੱਕ ਕੇ ਪੈ ਨਿਕਲਦਾ, ‘ਮੈਂ ਨੀ ਹਟਦਾ ਓਏ। ਮੈਂ ਤਾਂ ਡੰਕੇ ਦੀ ਚੋਟ ‘ਤੇ ਜਾਊਂ… ਉਹਦੇ…। ਰੋਕ ਲਓ ਜੀਹਨੇ ਰੋਕਣੈਂ ਮੈਨੂੰ…।’
ਉਂਜ ਤਾਂ ਉਹਨੂੰ ਕੋਈ ਨਾ ਰੋਕ ਸਕਿਆ ਪਰ ਉਦੋਂ ਉਹਨੂੰ ਆਪ ਹੀ ਰੁਕਣਾ ਪਿਆ ਜਦੋਂ ਰੁਕਸਾਨਾ ਗੁਆਂਢੀ ਪਿੰਡ ਦੇ ਇਕ ਬੰਦੇ ਨਾਲ ਭੱਜ ਗਈ। ਘਰ ਵਾਲੇ ਤੇ ਜੁਆਕਾਂ ਨੂੰ ਕੰਜ ਵਾਂਗ ਲਾਹ ਕੇ ਉਥੇ ਹੀ ਸਿੱਟ ਗਈ।
ਉਹ ਭਾਵੇਂ ਸਿੱਟ ਗਈ ਪਰ ਤੇਜੇ ਨੇ ਆਪਣੇ ਵੈਲਪੁਣੇ ਦਾ ਚੋਲਾ ਲਾਹ ਕੇ ਤਾਂ ਨਹੀਂ ਸੀ ਸਿੱਟਿਆ।

ਉਨ੍ਹੀਂ ਦਿਨੀਂ ਹੀ ਉਨ੍ਹਾਂ ਦਾ ਭਈਆ ਖੇਤ ਮੋਟਰ ‘ਤੇ ਬਿਹਾਰੋਂ ਆਪਣੀ ਘਰਵਾਲੀ ਨੂੰ ਲਿਆਇਆ। ਮੋਟਰ ‘ਤੇ ਇਕ ਕਮਰਾ ਵਿਹਲਾ ਪਿਆ ਸੀ। ਬਿੱਕਰ ਨੇ ਉਹਨੂੰ ਉਹ ਸੰਭਾਲ ਦਿੱਤਾ। ਜਦੋਂ ਦੋ-ਤਿੰਨ ਮਹੀਨੇ ਲੰਘੇ ਤਾਂ ਤੇਜੇ ਦਾ ਖੇਤ ਗੇੜਾ ਵਧ ਗਿਆ। ਭਈਆ ਤਕੜਾ ਸੀ। ਸਾਰੀ ਖੇਤੀ-ਪੱਤੀ ਤੇ ਡੰਗਰ-ਵੱਛਾ ਉਹੀ ਸੰਭਾਲਦਾ। ਮੌਕਾ ਤਾੜ ਕੇ ਤੇਜੇ ਨੇ ਮਲਕ ਦੇਣੇ ਉਹਦੀ ਘਰ ਵਾਲੀ ਸੰਭਾਲ ਲਈ। ਭਈਆ ਰਾਣੀ ਹੈ ਵੀ ਬੜੀ ਸੁਨੱਖੀ ਸੀ। ਜਿਸ ਆਰਥਿਕ ਮਜਬੂਰੀ ਵਸ ਉਹ ਭਈਏ ਨਾਲ ਬਿਹਾਰੋਂ ਆਈ ਸੀ। ਉਸੇ ਮਜਬੂਰੀ ਵਸ ਤੇਜੇ ਨੂੰ ਉਹਨੇ ਆਪਣਾ ਘਰ ਵਾਲਾ ਮੰਨ ਲਿਆ। ਇੰਦਰ ਬਾਣੀਏ ਵਾਂਗ ਤੇਜੇ ਨੇ ਹੌਲੀ-ਹੌਲੀ ਭਈਆ ਰਾਣੀ ਨੂੰ ਹੀ ਬੇਗੋਨਾਰ ਬਣਾ ਲਿਆ।

ਰਫਤਾ-ਰਫਤਾ ਦੋਵਾਂ ਦੇ ਸਬੰਧਾਂ ਦੀ ਗੰਧ ਜਦੋਂ ਭਈਏ ਦੇ ਨੱਕ ਨੂੰ ਚੜ੍ਹੀ ਤਾਂ ਉਹਨੂੰ ਹੱਥੂ ਛਿੜ ਪਿਆ। ਕਣੀ ਵਾਲਾ ਬੰਦਾ ਸੀ ਉਹ। ਖੁਰ ਵੱਢਣ ਲੱਗਿਆ। ਕਦੇ ਬਿੱਕਰ ਨੂੰ ਦੱਸਦਾ। ਕਦੇ ਬੁੜ੍ਹੇ-ਬੁੜ੍ਹੀ ਨੂੰ ਦੱਸਦਾ ਤੇ ਕਦੇ ਨਿਰਮਲ ਕੋਲ ਫਰਿਆਦ ਕਰਦਾ। ਜਦੋਂ ਸਾਰਿਆਂ ਨੇ ਹੱਥ ਖੜ੍ਹੇ ਕਰ ਦਿੱਤੇ ਤਾਂ ਭਈਏ ਨੇ ਵੀ ਫੈਸਲਾ ਸੁਣਾ ਮਾਰਿਆ, ‘ਸਰਦਾਰ ਜੀ!… ਹਮ ਲੋਗ ਪਾਪੀ ਪੇਟ ਕੇ ਲੀਏ ਅਪਨੇ ਦੇਸ ਕੋ ਛੋੜ ਕਰ ਆਇਆ…।… ਹਮ ਗਰੀਬ ਆਦਮੀ ਜ਼ਰੂਰ ਹੈ। …ਲੇਕਿਨ ਹਮਾਰਾ ਭੀ ਕੋਈ ਇੱਜ਼ਤ ਹੈ…।…ਔਰ ਇੱਜ਼ਤ ਕੇ ਲੀਏ ਹਮ ਕੁਝ ਭੀ ਕਰ ਸਕਦਾ ਹੈ… ਹਾਂ ਕੁਝ ਭੀ…। …ਅਗਰ ਕੱਲ੍ਹ ਕਲੋਤਰ ਕੋ ਹਮੇਂ ਗੁੱਸਾ ਆਈ ਗਯਾ… ਫਿਰ ਮੱਤ ਬੋਲਣਾ…।’
ਸੁੱਚ-ਮੁੱਚ ਹੀ ਗੁੱਸਾ ਭਈਏ ਦੇ ਦਿਮਾਗ ਨੂੰ ਚੜ੍ਹ ਗਿਆ ਸੀ। ਇਕ ਦਿਨ ਉਹਨੇ ਤੇਜੇ ‘ਤੇ ਭਈਆ ਰਾਣੀ ਨੂੰ ਵੀ ਇਕੱਠਿਆਂ ਦੇਖ ਲਿਆ।
ਤੇ ਫਿਰ ਬੱਸ…।

ਆਪ ਉਹ ਪਤਾ ਨਹੀਂ ਕਿਧਰ ਨੂੰ ਸ਼ੂ-ਮੰਤਰ ਹੋ ਗਿਆ? ਪਿੱਛੇ ਛੱਡ ਗਿਆ ਦੋ ਲਾਸ਼ਾਂ। ਜਾਂ ਫਿਰ ਦਰਵਾਜ਼ੇ ਵਾਲੀਆਂ ਚੌਕੜੀਆਂ ‘ਤੇ ਹੁੰਦੀ ਚਰਚਾ, ‘ਓਏ ਤੇਜਾ ਕਿਹੜਾ ਹਟਿਆ ਸਹੁਰਾ।… ਹੱਦ ਵੀ ਹੁੰਦੀ ਐ ਕੋਈ।… ਕਹਿੰਦੇ ਰੋਜ਼-ਰੋਜ਼ ਦੇ ਅੱਕੇ ਹੋਏ ਭਈਏ ਨੇ ਕਹੀ ਚੱਕ ਕੇ ਦੋਵਾਂ ਦੀ ਕਪਾਲ ਕਿਰਿਆ ਕਰ ‘ਤੀ…।’
ਜਿਸ ਦਿਨ ਤੇਜੇ ਦਾ ਕਤਲ ਹੋਇਆ। ਬਿੱਕਰ ਉਸ ਦਿਨ ਆਪਣੀ ਭੂਆ ਦੀ ਕੁੜੀ ਪਿੰਦਰ ਦੇ ਘਰੇ ਸਮਾਨ ਸੈੱਟ ਕਰਵਾ ਰਿਹਾ ਸੀ।

ਪਿੰਦਰ ਸਹੁਰੇ ਘਰੋਂ ਲੋਹੜੇ ਦੀ ਤੰਗ ਸੀ। ਉਹਦਾ ਘਰ ਵਾਲਾ ਸਿਰੇ ਦਾ ਨਸ਼ੇਬਾਜ਼ ਸੀ। ਸੱਟਾ ਵੀ ਲਾਉਂਦਾ। ਸਭ ਨੇ ਬਥੇਰਾ ਸਮਝਾਇਆ। ਪਰ ਜਦੋਂ ਨਾ ਹੀ ਕਿਸੇ ਵਾੜੇ-ਵੜਿਆ ਤਾਂ ਘਰਦਿਆਂ ਨੇ ਅੱਡ ਕਰਕੇ ਔਹ ਮਾਰਿਆ। ਕੰਮ-ਧੰਦਾ ਕੋਈ ਨਾ ਕਰਦਾ। ਬੱਸ ਹਿੱਸੇ ਆਈ ਜ਼ਮੀਨ ‘ਤੇ ਜ਼ੋਰ ਚਲਾਈ ਜਾਂਦਾ। ਵੇਚੀ ਜਾਂਦਾ ਖਾਈ ਜਾਂਦਾ। ਉਪਰੋਂ ਵਿਆਹ ਦੇ ਕਈ ਸਾਲ ਲੰਘ ਜਾਣ ‘ਤੇ ਵੀ ਔਲਾਦ ਕੋਈ ਨਾ ਹੋਈ। ਮਸਾਂ ਤੀਜੇ-ਚੌਥੇ ਸਾਲ ਜਾ ਕੇ ਇਕ ਮੁੰਡਾ ਹੋਇਆ ਸੀ। ਉਸ ਤੋਂ ਬਾਅਦ ਫਿਰ ਠੱਪ। ਮੁੱਢੋਂ ਹੀ ਬਣਦੀ ਹੋਣ ਕਰਕੇ ਪਿੰਦਰ ਨਿੱਤ ਬਿੱਕਰ ਕੋਲ ਪਿੱਟਦੀ, ‘ਬਿੱਕਰਾ ਜੇ ਆਹੀ ਹਾਲ ਰਿਹਾ ਮਰਜਾਂਗੇ ਅਸੀਂ ਤਾਂ।.. ਹੁਣ ਤਾਂ ਸੁੱਖ ਨਾਲ ਮੁੰਡਾ ਵੀ ਐ…। …ਕੱਲ੍ਹ ਨੂੰ ਵਿਆਹੁਣਾ ਵੀ ਐ… ਤੂੰ ਹੀ ਹੀਲਾ ਕਰ ਕੋਈ… । ਰੋਟੀ ਖਾਂਦੇ ਰਹਿ ਜੀਏ ਭੋਰਾ…।’
ਅਖੀਰ ਬਿੱਕਰ ਨੇ ਹੀ ਹੀਲਾ ਕੀਤਾ ਸੀ। ਪਿੰਦਰ ਦੇ ਘਰ ਵਾਲੇ ਨੂੰ ਵਡਿਆ ਕੇ ਉਹਦੇ ਹਿੱਸੇ ਆਉਂਦੀ ਸਾਰੀ ਜ਼ਮੀਨ ਵਿਕਾ ਦਿੱਤੀ। ਵੱਟੀ ਰਕਮ ‘ਚੋਂ ਕੁਝ ਨਾਲ ਆਪਣੇ ਹੀ ਪਿੰਡ ਨਵੀਂ ਬਣੀ ਜ਼ੈਲ ਸਿੰਘ ਕਾਲੋਨੀ ਵਿਚ ਇਕ ਪਲਾਟ ਖਰੀਦਿਆ। ਫਿਰ ਛੱਤਿਆ ਤੇ ਫਿਰ ਪਿੰਦਰ ਤੇ ਉਹਦੇ ਘਰ ਵਾਲੇ ਨੂੰ ਉਸ ਵਿਚ ਲਿਆ ਬਿਠਾਇਆ। ਬਾਕੀ ਬਚੀ ਰਕਮ ਉਹਨੇ ਪਿੰਦਰ ਦੇ ਮੁੰਡੇ ਨਾਂਅ ਬੈਂਕ ਵਿਚ ‘ਐਫ. ਡੀ.’ ਕਰਵਾ ਦਿੱਤੀ।
ਜਿਉਂ ਹੀ ਬਿੱਕਰ ਨੂੰ ਤੇਜੇ ਦੇ ਕਤਲ ਦੀ ਖ਼ਬਰ ਮਿਲੀ। ਉਹ ਦਬੜ-ਸੱਟ ਘਰੇ ਆਇਆ। ਨਾਲ ਹੀ ਪਿੰਦਰ। ਦੋਵੇਂ ਜਣੇ ਬਥੇਰਾ ਪਿੱਟੇ। ਪਰ ਕੀ ਹੋ ਸਕਦਾ ਸੀ? ਸਾਰੇ ਹੀ ਪਿੱਟ ਰਹੇ ਸਨ। ਇਕ ਪਾਸੇ ਬੁੜ੍ਹਾ-ਬੁੜ੍ਹੀ। ਦੂਜੇ ਪਾਸੇ ਨਿਰਮਲ ਤੇ ਦੋਵੇਂ ਜੁਆਕ। ਸਾਕ-ਸਕੀਰੀਆਂ ਅਲੱਗ। ਪਰ ਮੌਤ ਮੂਹਰੇ ਪਿੱਟਿਆਂ ਕੀ ਬਣਨਾ ਸੀ।

ਬਣਿਆ ਤਾਂ ਸਭ ਕੁਝ ਰਸਮਾਂ ਮੁਤਾਬਿਕ ਹੀ। ਇਕੱਠੇ ਹੋ ਕੇ ਤੇਜੇ ਦੀ ਲੋਥ ਦਾ ਸੰਸਕਾਰ ਕਰ ਦਿੱਤਾ ਗਿਆ। ਸਭ ਤੋਂ ਵੱਧ ਨਿਰਮਲ ਕਲਪੀ, ‘ਵੇ ਨਾ ਮੁੜਿਆ ਚੰਦਰਿਆ। …ਬਥੇਰਾ ਮੋੜ ਹਟੀ… ਕੀ ਖੱਟ ਲਿਆ ਵੇ ਰੰਨਾਂ ‘ਚੋਂ…। ਜਾਨ ਤੋਂ ਗਿਆਂ ਨਾਲੇ ਮੈਨੂੰ ਛੱਡ ਗਿਆ ਠੋਕਰਾਂ ਖਾਣ ਨੂੰ…।’
‘ਐਂ ਨੀ ਛੱਡਦੇ ਚੌਲ ਖਾਣੀ ਜਾਤ ਨੂੰ…। ਆਖਰ ਜਾਊ ਕਿੱਥੇ…? ਧਰਤੀ ‘ਚੋਂ ਕੱਢ ਲਾਂਗੇ ਕਾਲੇ ਬਿਹਾਰੀ ਨੂੰ…।’ ਮੜ੍ਹੀਆਂ ‘ਚੋਂ ਆ ਕੇ ਬਿੱਕਰ ਨੇ ਵੀ ਹਿੱਕ ਠੋਕੀ ਸੀ।
ਪੁਲਿਸ ਵਿਚ ਪਰਚਾ ਦਰਜ ਕਰਵਾ ਕੇ ਥਾਣੇਦਾਰ ਨੂੰ ਪੈਸਾ ਵੀ ਝੋਕਿਆ ਗਿਆ। ਸਾਰਾ ਦਿੱਲੀ-ਦੱਖਣ ਛਾਣ ਮਾਰਿਆ। ਪਰ ਭਈਆ ਨਾ ਥਿਆਇਆ। ਪਤਾ ਨਹੀਂ ਕਿਹੜੇ ਪਤਾਲ ਵਿਚ ਉਤਰ ਗਿਆ ਸੀ? ਕੋਈ ਖੁਰਾ-ਖੋਜ ਨਾ ਨਿਕਲਿਆ।
ਤੇਜੇ ਦੇ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਤੇ ਸ਼ਰੀਕੇ-ਕਬੀਲੇ ਦਾ ਇਕੱਠ ਜੁੜਿਆ ਸੀ। ਨਿਰਮਲ ਦੇ ਪੇਕੇ ਪੱਗ ਤੇ ਸੂਟ ਲਿਆਏ ਸਨ। ਸਾਰਿਆਂ ਦੀ ਇਹੋ ਰਾਇ ਬਣੀ ਸੀ।
ਭੋਗ ਤੋਂ ਬਾਅਦ ਚਾਦਰ ਦੀ ਰਸਮ ਹੋਈ।

ਸਿਸਕਦੀ ਹੋਈ ਨਿਰਮਲ ਦੇ ਨਵਾਂ ਲਿਆਂਦਾ ਜੋੜਾ ਪਵਾ ਕੇ, ਬਿੱਕਰ ਦੇ ਸਿਰ ‘ਤੇ ਪੱਗ ਬੰਨ•ਦਾ ਹੋਇਆ ਉਹਦਾ ਬਾਪੂ ਵੀ ਰੋ ਪਿਆ ਸੀ, ‘ਕੀ ਕਰੀਏ ਬਿੱਕਰਾ…? ਕਰਮਾਂ ਦੇ ਲੇਖੇ ਨੇ ਸਹੁਰੇ…। …ਬਸ ਸਾਡੀ ਧੀ ਦਾ ਤਾਂ ਪੁੱਤਾ ਹੁਣ ਤੂੰ ਹੀ ਸਹਾਰੈਂ… ਸਿਰ ‘ਤੇ ਹੱਥ ਰੱਖੀਂ ਮੇਰਾ ਸ਼ੇਰ…।’
ਪੱਗ ਬਨ੍ਹਾ ਕੇ ਬਿੱਕਰ ਨੇ ਵੀ ਨੀਵੀਂ ਪਾ ਲਈ ਸੀ।
ਕੋਲ ਬੈਠੀ ਪਿੰਦਰ ਨੇ ਵੀ ਨਿਰਮਲ ਨੂੰ ਹੌਸਲਾ ਦਿੱਤਾ।

ਪਤਾ ਨਹੀਂ ਤੇਜੇ ਦੀ ਮੌਤ ਦਾ ਸਦਮਾ ਸੀ ਜਾਂ ਕੀ ਗੱਲ? ਭੋਗ ਤੋਂ ਦੋ ਕੁ ਮਹੀਨੇ ਬਾਅਦ ਅਚਨਚੇਤ ਹੀ ਇਕ ਦਿਨ ਤੇਜੇ ਦਾ ਬਾਪੂ ਪੂਰਾ ਹੋ ਗਿਆ। ਖੜ੍ਹੇ-ਖੜ੍ਹੇ ਨੂੰ ਦਿਲ ਦਾ ਦੌਰਾ ਪੈ ਗਿਆ। ਅਗਾਂਹ ਕੁਝ ਵਕਫ਼ੇ ਬਾਅਦ ਉਹਦੀ ਮਾਂ ਦਾ ਦਿਮਾਗੀ ਤਵਾਜ਼ਨ ਵਿਗੜ ਗਿਆ। ਕੁਝ ਉਹ ਪਹਿਲਾਂ ਹੀ ਰੋਗੀ ਸੀ। ਦੋਵੇਂ ਘਟਨਾਵਾਂ ਨਾਲ ਪਹਿਲਾਂ ਤੋਂ ਹੀ ਹਿੱਲਦੇ ਘਰ ਨੂੰ ਇਕ ਵਾਰੀ ਫਿਰ ਝਟਕਾ ਵੱਜਿਆ। ਪਰ ਵਕਤ ਦੇ ਬਦਲਦੇ ਫੇਰ ਨਾਲ ਫਿਰ ਸ਼ਾਂਤੀ।

ਚਾਦਰ ਦੀ ਰਸਮ ਤੋਂ ਬਾਅਦ ਛੇ ਕੁ ਮਹੀਨੇ ਤਾਂ ਪੂਰਨ ਤੌਰ ‘ਤੇ ਸ਼ਾਂਤੀ ਦਾ ਰਾਜ ਰਿਹਾ। ਅੰਦਰੋ-ਅੰਦਰੀ ਹੋਈ ਡੂੰਘੀ ਟੁੱਟ-ਭੱਜ ਦੇ ਬਾਵਜੂਦ ਵੀ ਬਿੱਕਰ ਤੇ ਨਿਰਮਲ ਪਤੀ-ਪਤਨੀ ਵਾਂਗ ਰਹਿੰਦੇ। ਹੌਲੀ-ਹੌਲੀ ਤੇਜੇ ਦਾ ਮੁੰਡਾ-ਕੁੜੀ ਵੀ ਬਿੱਕਰ ਨੂੰ ਤਾਏ ਤੋਂ ‘ਪਾਪਾ’ ਕਹਿਣ ਲੱਗ ਪਏ ਸਨ। ਪਿੰਡ ਵਿਚ ਹੀ ਰਹਿੰਦੀ ਹੋਣ ਕਰਕੇ ਪਿੰਦਰ ਵੀ ਆਉਂਦੀ ਰਹਿੰਦੀ।

ਬਿੱਕਰ ਜਦੋਂ ਟਰੱਕਾਂ ਨਾਲ ਗੁਹਾਟੀ ਵੱਲ ਨੂੰ ਚਲਿਆ ਜਾਂਦਾ। ਉਦੋਂ ਨਿਰਮਲ ਨੂੰ ਜ਼ਰੂਰ ਓਪਰਾ ਜਿਹਾ ਲਗਦਾ। ਇਕ ਪਾਸੇ ਬਿਮਾਰੀ ਨਾਲ ਘੁਲਦੀ ਸੱਸ। ਦੂਜੇ ਪਾਸੇ ਐਡਾ ਬੜਾ ‘ਭਾਂਅ-ਭਾਂਅ’ ਕਰਦਾ ਇਕੱਲਾ ਘਰ।
‘ਕੋਈ ਨੀ ਭੈਣੇ… ਬਿੱਕਰ ਆਏ ਤੋਂ ਬਥੇਰੀ ਰੌਣਕ ਹੋਜੂ…। ਹੌਸਲਾ ਰੱਖ।’ ਉਹਦੀ ਉਦਾਸੀ ਵੇਖਕੇ ਪਿੰਦਰ ਅਕਸਰ ਸਮਝੌਤੀ ਦਿੰਦੀ।
ਬਿੱਕਰ ਦੇ ਆਉਣ ਨਾਲ ਠੀਕ ਵੀ ਹੋ ਜਾਂਦਾ ਸੀ ਸਭ ਕੁਝ।
ਪਰ…।
ਪਿਛਲੇ ਕੁਝ ਸਮੇਂ ਤੋਂ ਘਰ ਵਿਚ ਇਕ ਨਵੀਂ ਹੀ ਅਸ਼ਾਂਤੀ ਦਾ ਗੋਲਾ ਤਾਂਡਵ ਕਰਨ ਲੱਗ ਪਿਆ ਸੀ।
ਤਾਂਡਵ ਵੀ ਐਸਾ ਜੋ ਚਾਰੇ ਪਾਸਿਆਂ ਤੋਂ ਦੁਖੀ ਨਿਰਮਲ ਦੀ ਛਾਤੀ ਵਿਚ ਨਸ਼ਤਰ ਬਣ ਕੇ ਖੁੱਭ ਗਿਆ। ਜੋ ਉਹਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਖੋਹ ਕੇ ਲੈ ਗਿਆ।
ਅਚਾਨਕ ਹੀ ਅੱਧੀ ਰਾਤ ਨੂੰ ਉਠਕੇ ਕਿਧਰ ਪਤਾ ਨਹੀਂ ਕਿਹੜੇ ਤਣ-ਪੱਤਣ ਜਾਣ ਲੱਗ ਪਿਆ ਸੀ।
ਪਿਛਲੇ ਕੁਝ ਦਿਨਾਂ ਤੋਂ ਨਿਰਮਲ ਨੇ ਉਸ ‘ਤਣ-ਪੱਤਣ’ ਦੀ ਤਹਿ ਤੱਕ ਜਾਣ ਦੀ ਪੱਕ ਧਾਰ ਲਈ ਸੀ।
ਅਚਾਨਕ ਹੀ ਹਲਕੇ ਜਿਹੇ ਖੜਾਕੇ ਨਾਲ ਨਿਰਮਲ ਅੱਭੜਵਾਹੇ ਉਠੀ। ਕਈ ਰਾਤਾਂ ਤੋਂ ਚੌਕੀਦਾਰਾ ਕਰਦੀ ਰਹਿਣ ਕਰਕੇ ਸ਼ਾਇਦ ਉਹਦੀ ਅੱਖ ਲੱਗ ਗਈ ਸੀ।
ਇਕਦਮ ਅੱਖਾਂ ਖੋਲ੍ਹ ਕੇ ਸਭ ਤੋਂ ਪਹਿਲਾਂ ਉਹਨੇ ਕੋਲ ਡਹੇ ਬਿੱਕਰ ਦੇ ਮੰਜੇ ‘ਤੇ ਨਿਗ੍ਹਾ ਮਾਰੀ।
ਪਰ ਬਿੱਕਰ ਉਥੇ ਨਹੀਂ ਸੀ…। ਮੰਜਾ ਖਾਲੀ।
ਸਥਿਤੀ ਭਾਂਪਦਿਆਂ ਹੀ ਉਹ ਬਿਜਲੀ ਦੀ ਫੁਰਤੀ ਨਾਲ ਉਠੀ। ਪੈਰੀਂ ਚੱਪਲਾਂ ਪਾ ਕੇ ਚੁਪਾਸੇ ਨਿਗਾਹ ਘੁਮਾਉਣ ਲੱਗੀ।
ਪਰ੍ਹਾਂ ਰਸੋਈ ਕੋਲ ਉਹਦੀ ਸੱਸ ਉਸੇ ਤਰ੍ਹਾਂ ਪਈ ਸੀ। ਮੰਜੇ ਨਾਲ ਮੰਜਾ ਹੋਈ ਚੰਨ ਚਾਨਣੀ ਵਿਚ ਸਾਰਾ ਵਿਹੜਾ ਸਪੱਸ਼ਟ ਦਿਸਦਾ ਸੀ।

ਘੁੰਮਦੀ-ਘੁੰਮਦੀ ਜਿਉਂ ਹੀ ਉਹਦੀ ਨਜ਼ਰ ਬਾਹਰਲੇ ਗੇਟ ਵਾਲੀ ਕੰਧ ‘ਤੇ ਪਈ ਤਾਂ ਉਹ ਧੁਰ ਅੰਦਰ ਤੱਕ ਕੰਬ ਉਠੀ। ਕੰਧ ਨਾਲ ਪੌੜੀ ਲਾਈ ਹੋਈ ਬਾਹਰ ਬੀਹੀ ਵੱਲ ਨੂੰ ਉਤਰ ਰਿਹਾ ਸੀ। ਖੌਫ਼ ਨਾਲ ਜਕੜੀ ਖੜ੍ਹੀ ਨਿਰਮਲ ਨੂੰ ਕੰਧੋਂ ਪਾਰ ਉਤਰਦੇ ਬਿੱਕਰ ਦਾ ਸਿਰ ਹੀ ਦਿਸ ਸਕਿਆ।
ਮੰਜਰ ਵੇਖ ਕੇ ਉਹ ਸੁੰਨ ਹੋ ਗਈ।

ਪਰ ਅਗਲੇ ਹੀ ਪਲ ਇਕ ਝਟਕੇ ਨਾਲ ਉਹਨੇ ਆਪਣੇ ਵਜੂਦ ਦੁਆਲੇ ਪਸਰ ਰਹੀ ਸੁੰਨ ਦਾ ਚੱਕਰਵਿਊ ਤੋੜਿਆ। ਦੱਬੇ ਪੈਰੀਂ ਉਹ ਪੌੜੀ ਵੱਲ ਨੂੰ ਤੁਰ ਪਈ। ਹਿੰਮਤ ਸਮੇਟ ਕੇ ਪੌੜੀ ਚੜ੍ਹ ਕੰਧ ‘ਤੇ ਜਾ ਰਹੀ। ਫਿਰ ਕੰਧ ਨਾਲ ਲਮਕ ਕੇ ਬਾਹਰ ਬੀਹੀ ਵਿਚ। ਇਹ ਗੱਲ ਵੱਖ ਹੈ ਕਿ ਉਤਰਦੇ ਵਕਤ ਉਸ ਦੀਆਂ ਕੂਹਣੀਆਂ ਛਿੱਲੀਆਂ ਗਈਆਂ ਸਨ।

ਬੀਹੀ ਵਿਚ ਖੜ੍ਹੀ ਨੇ ਹੀ ਪਹਿਲਾਂ ਸੜਕ ਵੱਲ ਨੂੰ ਨਿਗ੍ਹਾ ਮਾਰੀ। ਸਾਹਮਣੇ ਚੁਬਾਰੇ ਵਾਲਿਆਂ ਦੇ ਘਰ ਕੋਲ ਬਿੱਕਰ ਚੋਰਾਂ ਵਾਂਗ ਤੁਰਿਆ ਜਾ ਰਿਹਾ ਸੀ।
ਜਿਉਂ ਹੀ ਸੜਕ ‘ਤੇ ਚੜ੍ਹ ਕੇ ਉਹ ਸੱਜੇ ਹੱਥ ਮੁੜਿਆ ਤਾਂ ਕੰਧ ਕੋਲ ਖੜ੍ਹੀ ਨਿਰਮਲ ਵੀ ਦੱਬੇ ਪੈਰੀਂ ਮਗਰ ਹੋ ਤੁਰੀ। ਤੁਰੇ ਜਾਂਦਿਆਂ ਹੀ ਉਹਨੇ ਆਲੇ-ਦੁਆਲੇ ਨਿਗਾਹ ਮਾਰੀ। ਚੁਪਾਸੇ ਸੁੰਨ-ਮਸਾਣ ਸੀ। ਫਿਰ ਉਤਾਂਹ ਨੂੰ ਵੇਖਿਆ। ਚੰਨ ਵੀ ਆਪਣੀ ਥਾਂ ਤੋਂ ਖਾਸਾ ਪਰ੍ਹਾਂ ਨੂੰ ਖਿਸਕ ਗਿਆ ਸੀ। ਤਾਰੇ ਪੂਰੀ ਟੌਹਰ ਨਾਲ ਟਿੰਮ-ਟਿਮਾ ਰਹੇ ਸਨ। ਪੱਛਮ ਵੱਲੋਂ ਉਠੀ ਕਪਾਹੀ ਬੱਦਲਾਂ ਦੀ ਡਾਰ ਅਸਮਾਨ ਵਿਚ ਦੂਰ ਤੱਕ ਖਿਲਰ ਗਈ ਸੀ।
ਸੜਕ ‘ਤੇ ਚੜ੍ਹ ਦਿਆਂ ਹੀ ਨਿਰਮਲ ਵੀ ਸੱਜੇ ਹੱਥ ਮੁੜ ਪਈ। ਸੜਕ ਦੁਆਲੇ ਲੱਗੀਆਂ ਪੰਚਾਇਤੀ ਟਿਊਬਾਂ ਦਾ ਚਾਨਣ ਚੰਨ ਚਾਨਣੀ ਵਿਚ ਇਜ਼ਾਫ਼ਾ ਕਰ ਰਿਹਾ ਸੀ।
ਮੂਹਰੇ-ਮੂਹਰੇ ਤੁਰਿਆ ਜਾਂਦਾ ਬਿੱਕਰ ਸਲਾਰ ਵਾਲਿਆਂ ਦੇ ਘਰ ਕੋਲੋਂ ਅਚਨਚੇਤ ਹੀ ਲੰਮਾ ਪਹਾ ਪੈ ਗਿਆ।

‘ਹੈਂਅ!… ਇਹ ਸ਼ਮਸ਼ਾਨਘਾਟ ਕੰਨੀ ਨੂੰ ਕੀ ਕਰਨ ਜਾ ਰਿਹੈ…?’ ਉਹਦੀ ਹਰਕਤ ਵੇਖ ਕੇ ਮਗਰ ਤੁਰੀ ਆਉਂਦੀ ਨਿਰਮਲ ਦਾ ਮੱਥਾ ਤਿਊੜੀਆਂ ਨਾਲ ਭਰ ਗਿਆ ਕਿਉਂਕਿ ਲੰਮਾ ਪਹਾ ਸਮਸ਼ਾਨਘਾਟ ਵੱਲ ਨੂੰ ਜਾਂਦਾ ਸੀ। ਉਸ ਤੋਂ ਅਗਾਂਹ ਬੰਦ।
ਹੈਰਾਨੀ ਵਿਚ ਫਸੀ ਉਹ ਪੈੜ ਦੱਬ ਕੇ ਪਾਸੇ ਫਿਤ ਨਾਲ ਤੁਰਨ ਲੱਗੀ। ਉਦੋਂ ਤਾਂ ਉਹਦਾ ਦਿਮਾਗ ਹਵਾ ਵਿਚ ਤੈਰਨ ਲੱਗਿਆ। ਜਦੋਂ ਮੂਹਰੇ-ਮੂਹਰੇ ਤੁਰਿਆ ਜਾਂਦਾ ਬਿੱਕਰ ਸ਼ਮਸ਼ਾਨਘਾਟ ਵਿਚ ਪ੍ਰਵੇਸ਼ ਕਰ ਗਿਆ।

ਅਲੋਕਾਰੀ ਹਰਕਤ ਵੇਖ ਕੇ ਤੁਰੀ ਜਾਂਦੀ ਨਿਰਮਲ ਦੇ ਪੈਰ ਠਾਕੇ ਗਏ। ਦਿਲ ‘ਧਾੜ-ਧਾੜ’ ਕਰਨ ਲੱਗਿਆ। ਥਾਏਂ ਖੜ੍ਹ ਕੇ ਉਹ ਆਲੇ-ਦੁਆਲੇ ਵੇਖਣ ਲੱਗੀ। ਦੂਰ-ਦੂਰ ਤੱਕ ਸੰਘਣੀ ਜੀਰੀ ਦੇ ਖੇਤ ਸਨ। ਡੱਡੂਆਂ-ਬੀਂਡਿਆਂ ਦੀ ਟਰੈਂਅ… ਟਰੈਂਅ… ਨਾਲ ਸਮੁੱਚਾ ਵਾਤਾਵਰਨ ਥਰ-ਥਰਾ ਰਿਹਾ ਸੀ।

ਅਚਾਨਕ ਹੀ ਉਹਨੂੰ ਸੜਕ ਵਾਲੇ ਲੰਮੇ ਪਹੇ ਵੱਲ ਨੂੰ ਇਕ ਪਰਛਾਵਾਂ ਆਉਂਦਾ ਨਜ਼ਰ ਆਇਆ। ਝਿੰਗਾਂ ਵਾਲੀ ਵਾੜ ਕੋਲ ਦੀ ਕੋਡੀ-ਓ-ਕੋਡੀ ਉਹ ਸਮਸ਼ਾਨਘਾਟ ਦੇ ਅੰਦਰ ਜਾਕੇ ਇਕ ਟਾਲ੍ਹੀ ਓਹਲੇ ਲੁਕ ਗਈ। ਫਿਰ ਚੋਰਾਂ ਵਾਂਗ ਸ਼ਮਸ਼ਾਨਘਾਟ ਦੇ ਸੰਨਾਟੇ ਨੂੰ ਘੂਰਨ ਲੱਗ ਪਈ।
ਬਿੱਕਰ ਪਰ੍ਹਾਂ ਨੂੰ ਇਕ ਮੁਰਦੇ ਫੂਕਣ ਵਾਲੇ ਸ਼ੈੱਡ ਕੋਲ ਖੜ੍ਹਾ ਸੀ। ਕੁਝ ਦੇਰ ਬਾਅਦ ਲੰਮੇ ਪਹੇ ਵਿਚਲਾ ਪਰਛਾਵਾਂ ਵੀ ਪਰਲੇ ਆੜ੍ਹਾ ਖੋੜ੍ਹੀ ਗੇਟ ਰਾਹੀਂ ਸਮਸ਼ਾਨਘਾਟ ਦੇ ਅੰਦਰ ਆ ਗਿਆ।

ਟਾਲ੍ਹੀ ਉਹਲੇ ਦੜੀ ਬੈਠੀ ਨਿਰਮਲ ਦਾ ਸਾਹ ਰੁਕ ਗਿਆ। ਪਰਛਾਵਾਂ ਬਿੱਕਰ ਵੱਲ ਨੂੰ ਤੁਰਿਆ ਆ ਰਿਹਾ ਸੀ। ਚੰਨ-ਚਾਨਣੀ ਵਿਚ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਭੂਤ ਤੁਰਿਆ ਆ ਰਿਹਾ ਹੁੰਦਾ। ਦਰਮਿਆਨਾ ਜਿਹਾ ਕੱਦ। ਉਪਰ ਕਾਲੀ ਚਾਦਰ ਲਈ ਹੋਈ।
ਕਦਮ-ਦਰ-ਕਦਮ ਪਰਛਾਵਾਂ ਬਿੱਕਰ ਦੇ ਨੇੜੇ ਆ ਕੇ ਖੜ੍ਹ ਗਿਆ।
ਨਿਰਮਲ ਦੇ ਹੋਸ਼ ਗੁੰਮ। ਛਾਤੀ ਅੰਦਰਲਾ ਦਿਲ ਇੰਝ ਥਾੜ-ਥਾੜ ਕਰਨ ਲੱਗਿਆ ਜਿਵੇਂ ਕੋਈ ਜੁਆਕ ਕੰਧ ਨਾਲ ਪੱਥਰ ਮਾਰ ਰਿਹਾ ਹੁੰਦਾ। ਉਹਦਾ ਸਾਰਾ ਜਿਸਮ ਪਸੀਨੇ ਨਾਲ ਗੱਚ ਹੋ ਗਿਆ।
ਪਰਛਾਵੇਂ ਨੇ ਚਾਦਰ ਲਾਹ ਕੇ ਇਕ ਪਾਸੇ ਰੱਖ ਦਿੱਤੀ। ਇਕ ਹੋਰ ਧਮਾਕਾ। ਚਾਦਰ ਹੇਠੋਂ ਫਿੱਕਾ ਜਿਹਾ ਸੂਟ ਪਾਈ ਇਕ ਤੀਵੀਂ ਨਿਕਲੀ।
‘ਆ ਗੀ…?’ ਤੀਵੀਂ ਦੇ ਮੋਢਿਆਂ ‘ਤੇ ਹੱਥ ਰੱਖ ਕੇ ਬਿੱਕਰ ਨਹੀਂ ਜਿਵੇਂ ਭੂਤ ਬੋਲਿਆ ਹੁੰਦਾ…।
‘ਬਿੱਕਰਾ ਜੇ ਤੂੰ ਨਾ ਹੁੰਦਾ ਤਾਂ ਅੱਜ ਮੇਰੀ ਗੋਦੀ…।’ ਇਸ ਵਾਰੀ ਤੀਵੀਂ ਦੀ ਆਵਾਜ਼ ਉੱਚੀ ਹੋ ਗਈ।

‘ਕੀ ਗੱਲ ਕਰਦੀ ਐਂ ਪਿੰਦਰੇ… ਤੇਰੇ ਲਈ ਤਾਂ… ਤੇਰੇ ਪਿੱਛੇ ਤਾਂ ਮੈਂ ਓਦਣ ਰਾਤ ਨੂੰ ਆਵਦੀ ਘਰ ਵਾਲੀ ਸੀਬੋ ਮਾਰ ‘ਤੀ ਤੀ ਗਲ ਘੁਟ ਕੇ…। ਸਾਲੀ ਡਰਾਵੇ ਦੇਣ ਲੱਗ ਪਈ ਆਪਣੇ ਸਬੰਧਾਂ ਬਾਰੇ… ਕਹਿੰਦੀ ਲੋਕਾਂ ਨੂੰ ਦੱਸੂੰ ਬਈ… ਦਸ ਲੈ… ਹੁਣ ਥਾਈਂ ਲੋਕਾਂ ਨੂੰ ਐਂ ਵੀ ਨੀ ਪਤਾ ਬਈ ਮਰੀ ਕਿਮੇਂ ਤੀ…? ਅਚਾਨਕ ਹੀ ਬਿੱਕਰ ਨੇ ਮੌਤ ਨਾਲੋਂ ਵੀ ਵੱਡਾ ਰਹੱਸ ਖੋਲ੍ਹਿਆ।

ਰਹੱਸ ਕਾਹਦਾ ਖੋਲ੍ਹਿਆ। ਜਿਵੇਂ ਧਰਤੀ-ਆਸਮਾਨ ਹਿੱਲਣ ਲੱਗ ਪਏ ਹੋਣ। ਟਾਲੀ ਉਹਲੇ ਖੜ੍ਹੀ ਨਿਰਮਲ ਨੂੰ ਆਲਾ-ਦੁਆਲਾ ਪੂਰੀ ਸਪੀਡ ਵਿਚ ਘੁੰਮਦਾ ਜਾਪਿਆ। ਉਹ ਪੂਰੇ ਜ਼ੋਰ ਨਾਲ ਚੀਕ ਪਈ, ‘ਬਿੱਕਰਾ…। ਪਿੰਦਰੇ…।’
ਉਹਦੀ ਆਵਾਜ਼ ਨਾਲ ਪੂਰਾ ਸਮਸ਼ਾਨਘਾਟ ਦਹਿਲ ਉਠਿਆ।
‘ਨਿ…ਰ…ਮ…ਲ…।’ ਜਿਵੇਂ ਦੋ ਪਰੇਤਾਂ ਨੇ ਕੂਕ ਮਾਰੀ ਹੋਵੀ।

‘ਹਾਂ ਮੈਂ…। …ਵੇ ਸ਼ਰਮ ਨੀ ਆਈ ਥੋਨੂੰ ਪਵਿੱਤਰ ਰਿਸ਼ਤੇ ਦੀ ਚਾਦਰ ਪਾੜਦਿਆਂ ਨੂੰ…?… ਗਰਕ ਜੋ ਤੁਸੀਂ ਔਂਤੋ…। ਨਾਲੇ ਜੇ ਪਹਿਲਾਂ ਈ ਏਸ ਪਾਪਣ ਥੱਲੇ ਚਾਦਰ ਵਿਛਾਈ ਬੈਠਾ ‘ਤੀ… ਫੇਰ ਮੇਰੇ ‘ਤੇ ਚਾਦਰ ਕਿਉਂ…?
ਇਕ ਪਾਸੇ ਲਾਹ ਕੇ ਰੱਖੀ ਚਾਦਰ ‘ਤੇ ਪੈਰ ਰੱਖਦੀ ਹੋਈ ਨਿਰਮਲ ਹਨੇਰੇ ਵਿਚੋਂ ਨਿਕਲ ਕੇ ਚੰਨ ਚਾਨਣੀ ਵੱਲ ਨੂੰ ਵੱਧ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ, ਜਸਵੀਰ ਰਾਣਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ