Chandi Di Tashtari Vich Suche Moti (Punjabi Story) : Gurbachan Singh Bhullar

ਚਾਂਦੀ ਦੀ ਤਸ਼ਤਰੀ ਵਿਚ ਸੁੱਚੇ ਮੋਤੀ (ਕਹਾਣੀ) : ਗੁਰਬਚਨ ਸਿੰਘ ਭੁੱਲਰ

ਮਨੁੱਖ ਦੇ ਜੀਵਨ ਉਤੇ ਬਚਪਨ ਤੋਂ ਹੀ ਆਲੇ-ਦੁਆਲੇ ਦਾ, ਖਾਸ ਕਰਕੇ ਉਨ੍ਹਾਂ ਲੋਕਾਂ ਦਾ ਪ੍ਰਭਾਵ ਪੈਣ ਲੱਗ ਜਾਂਦਾ ਹੈ ਜਿਨ੍ਹਾਂ ਨਾਲ ਉਹਦਾ ਵਾਹ ਪੈਂਦਾ ਹੈ। ਪ੍ਰਭਾਵ ਕਬੂਲਣ ਦਾ ਇਹ ਅਮਲ ਪੂਰਾ ਜੀਵਨ ਬਣਿਆ ਰਹਿੰਦਾ ਹੈ। ਕੁਦਰਤੀ ਹੈ, ਚੰਗੇ ਲੋਕਾਂ ਦਾ ਚੰਗਾ ਪ੍ਰਭਾਵ ਪੈਂਦਾ ਹੈ, ਮਾੜੇ ਲੋਕਾਂ ਦਾ ਮਾੜਾ। ਜਿਨ੍ਹਾਂ ਵੇਲਿਆਂ ਦੀ ਮੈਂ ਗੱਲ ਕਰਨ ਲੱਗਿਆ ਹਾਂ, ਲੋਕ ਬਹੁਤ ਭੋਲੇ ਅਤੇ ਛਲ-ਵਲ ਤੋਂ ਮੁਕਤ ਹੁੰਦੇ ਸਨ। ਉਨ੍ਹਾਂ ਨੇ ਅਨਪੜ੍ਹ ਹੋਣ ਕਰਕੇ ਪੋਥੀਆਂ-ਪੁਸਤਕਾਂ ਭਾਵੇਂ ਨਾ ਪੜ੍ਹੀਆਂ ਹੋਣ ਪਰ ਜੀਵਨ ਦੀ ਪੁਸਤਕ ਪੜ੍ਹ ਕੇ ਉਹ ਆਪਣੀ ਕਿਸਮ ਦੇ ਗਿਆਨੀ ਬਣ ਜਾਂਦੇ ਸਨ। ਆਪਣੇ ਮਾਹੌਲ, ਪਰੰਪਰਾ ਅਤੇ ਪਰਿਵਾਰ ਵਿਚੋਂ ਮਿੱਠਤ, ਸੱਚਾਈ ਅਤੇ ਈਮਾਨਦਾਰੀ ਜਿਹੇ ਗੁਣ ਉਹ ਸੁਤੇ-ਸਿਧ ਹੀ ਸਿੱਖ ਜਾਂਦੇ ਸਨ ਕਿਉਂਕਿ ਸਮਾਜ ਵਿਚ ਉਦੋਂ ਅਜਿਹੇ ਗੁਣਾਂ ਦੀ ਹੀ ਸਰਦਾਰੀ ਹੁੰਦੀ ਸੀ।
ਸਾਡੇ ਘਰ ਦੀ ਇਕ ਪਾਸੇ ਦੀ ਕੰਧ ਮੇਰੇ ਸਕੇ ਚਾਚਾ ਜੀ ਨਾਲ ਸਾਂਝੀ ਸੀ ਅਤੇ ਦੂਜੇ ਪਾਸੇ ਗੁਰਦਿੱਤੇ ਬੁੜ੍ਹੇ ਦਾ ਘਰ ਲਗਦਾ ਸੀ। ਉਹ ਵੈਰਾਗੀ ਸਾਧ ਵਜੋਂ ਜਾਣੇ ਜਾਂਦੇ ਸਨ। ਕਿਸੇ ਵੇਲੇ ਉਨ੍ਹਾਂ ਦੇ ਵੱਡ-ਵਡੇਰੇ ਜ਼ਰੂਰ ਵੈਰਾਗੀ ਸਾਧ ਰਹੇ ਹੋਣਗੇ ਪਰ ਮੇਰੇ ਦੇਖਣ ਵੇਲੇ ਹਾਲਤ ਪੂਰੀ ਤਰ੍ਹਾਂ ਵੱਖਰੀ ਬਣ ਚੁੱਕੀ ਸੀ। ਉਨ੍ਹਾਂ ਦਾ ਪਹਿਰਾਵਾ ਕਿਸੇ ਗੇਰੂਏ-ਭਗਵੇਂ ਦੀ ਥਾਂ ਬਿਲਕੁਲ ਸਾਡੇ ਵਾਲਾ ਸੀ। ਉਹ ਆਮ ਕਿਸਾਨਾਂ ਵਰਗੇ ਕੱਪੜੇ ਪਾਉਂਦੇ ਸਨ, ਪੱਗਾਂ ਬੰਨ੍ਹਦੇ ਸਨ ਅਤੇ ਦਾੜ੍ਹੀ-ਕੇਸ ਰਖਦੇ ਸਨ। ਜਦੋਂ ਕਦੇ ਅਸੀਂ ਖੇਡਦੇ ਹੋਏ ਬਾਬੇ ਗੁਰਦਿੱਤੇ ਦੇ, ਸਾਡੇ ਹਾਣੀ, ਪੋਤਿਆਂ ਨਾਲ ਉਨ੍ਹਾਂ ਦੇ ਘਰ ਚਲੇ ਜਾਂਦੇ, ਸਾਨੂੰ ਇਕ ਵੀ ਚੀਜ਼ ਅਜਿਹੀ ਨਹੀਂ ਸੀ ਦਿਸਦੀ ਜੋ ਸਾਡੇ ਘਰਾਂ ਤੋਂ ਵੱਖਰੇ ਤੌਰ ਉਤੇ ਸਾਧਾਂ ਵਾਲੀ ਹੋਵੇ।
ਪਿੰਡ ਦੇ ਆਮ ਜੱਟ ਕਿਸਾਨਾਂ ਨਾਲੋਂ ਉਨ੍ਹਾਂ ਦਾ ਜੇ ਕੋਈ ਫਰਕ ਬਾਕੀ ਸੀ, ਉਹ ਸਾਡੀਆਂ ਅੱਖਾਂ ਸਾਹਮਣੇ ਖਤਮ ਹੋ ਗਿਆ ਸੀ। ਇਹ ਫਰਕ ਕਿਸੇ ਦਬਾਅ ਕਾਰਨ ਨਹੀਂ ਸੀ ਮਿਟਿਆ ਸਗੋਂ ਆਲੇ-ਦੁਆਲੇ ਦੀ ਰੀਸ ਨਾਲ ਸਹਿਜ-ਸੁਭਾਅ ਹੀ ਮਿਟ ਗਿਆ ਸੀ। ਇਹ ਸੀ ਨਾਂਵਾਂ ਦਾ ਫਰਕ। ਘਰ ਦੇ ਵਡੇਰੇ ਦਾ ਨਾਂ ਗੁਰਦਿੱਤਾ ਰਾਮ ਸੀ। ਉਹਨੂੰ ਅਸੀਂ ਬਾਬਾ ਆਖਦੇ। ਸਾਥੋਂ ਵਡੇਰੀ ਉਮਰ ਦੇ ਲੋਕ ਉਹਨੂੰ ਗੁਰਦਿੱਤਾ ਬੁੜ੍ਹਾ ਆਖਦੇ। ਉਹਦੀ ਘਰਵਾਲੀ, ਸਾਡੀ ਅੰਬੋ, ਨੂੰ ਸਭ ਪਰਸੀ ਬੁੜ੍ਹੀ ਆਖਦੇ। ਉਨ੍ਹਾਂ ਦੇ ਇਕਲੌਤੇ ਪੁੱਤਰ, ਜਿਸ ਨੂੰ ਅਸੀਂ ਚਾਚਾ ਕਹਿੰਦੇ ਸੀ, ਦਾ ਨਾਂ ਚੇਤ ਰਾਮ ਸੀ। ਉਹਦੀ ਘਰਵਾਲੀ, ਸਾਡੀ ਚਾਚੀ ਦਾ ਨਾਂ ਭਗਵਾਨ ਕੌਰ ਸੀ। ਉਨ੍ਹਾਂ ਦੇ ਪੁੱਤਰਾਂ, ਸਾਡੇ ਹਾਣੀਆਂ-ਬੇਲੀਆਂ ਦੇ ਨਾਂ ਪ੍ਰੀਤਮ ਸਿੰਘ ਅਤੇ ਕਰਨੈਲ ਸਿੰਘ ਹੋ ਗਏ ਸਨ। ਰਹਿਣੀ-ਬਹਿਣੀ ਵਿਚ ਸਾਰਾ ਟੱਬਰ ਪੂਰਾ ਜੱਟ ਸੀ।
ਕਿੱਤਾ ਵੀ ਉਨ੍ਹਾਂ ਦਾ ਖੇਤੀਬਾੜੀ ਸੀ। ਉਨ੍ਹਾਂ ਕੋਲ ਆਪਣੀ ਜ਼ਮੀਨ ਤਾਂ ਹੈ ਹੀ ਸੀ, ਕੁਛ ਜ਼ਮੀਨ ਉਹ ਹੋਰ ਅਜਿਹੇ ਲੋਕਾਂ ਤੋਂ ਅੱਧੋ-ਅੱਧ ਉਤੇ ਲੈ ਲੈਂਦੇ ਜੋ ਜ਼ਮੀਨ ਦੇ ਮਾਲਕ ਤਾਂ ਹੁੰਦੇ ਸਨ ਪਰ ਕਿਸੇ ਕਾਰਨ ਖੇਤੀ ਨਹੀਂ ਸਨ ਕਰਦੇ। ਅੱਧੋ-ਅੱਧ ਦਾ ਮਤਲਬ ਇਹ ਹੁੰਦਾ ਸੀ ਕਿ ਉਸ ਜ਼ਮੀਨ ਵਿਚੋਂ ਜਿੰਨੀ ਪੈਦਾਵਾਰ ਹੁੰਦੀ, ਉਹਦਾ ਅੱਧਾ ਹਿੱਸਾ ਜ਼ਮੀਨ ਦੇ ਮਾਲਕ ਦਾ ਹੁੰਦਾ ਅਤੇ ਅੱਧਾ ਹਿੱਸਾ ਉਸ ਜ਼ਮੀਨ ਉਤੇ ਖੇਤੀ ਕਰਨ ਵਾਲਾ ਕਿਸਾਨ ਰੱਖ ਲੈਂਦਾ। ਮੇਰੇ ਪਿਤਾ ਜੀ ਫੌਜ ਵਿਚ ਸਨ ਅਤੇ ਅਸੀਂ ਤਿੰਨੇ ਭਾਈ ਪੜ੍ਹਨ ਦੇ ਰਾਹ ਪੈ ਗਏ ਸਾਂ। ਇਸ ਕਰਕੇ ਸਾਡਾ ਪਰਿਵਾਰ ਖੇਤੀ ਨਹੀਂ ਸੀ ਕਰਦਾ। ਕਈ ਸਾਲ ਸਾਡੀ ਕੁਛ ਜ਼ਮੀਨ ਸਾਡੇ ਇਨ੍ਹਾਂ ਗੁਆਂਢੀਆਂ ਦੀ ਵਾਹੀ ਹੇਠ ਰਹੀ।
੧੯੫੩ ਦੀ ਗੱਲ ਹੈ। ਅਪਰੈਲ ਦਾ ਮਹੀਨਾ ਸੀ। ਮੈਂ ਕਾਲਜ ਦਾ ਐਫ਼ ਐਸ ਸੀ. ਦਾ ਇਮਤਿਹਾਨ ਦੇ ਕੇ ਮੋਗੇ ਤੋਂ ਪਿੰਡ ਆਇਆ ਹੋਇਆ ਸੀ। ਇਕ ਸ਼ਾਮ ਜਦੋਂ ਖਾਸਾ ਹਨੇਰਾ ਹੋ ਚੱਲਿਆ ਸੀ, ਬਾਹਰੋਂ ਆਵਾਜ਼ ਆਈ, "ਓ ਭਾਈ, ਕੋਈ ਹੈ?" ਬਿਜਲੀ ਅਜੇ ਸਾਡੇ ਪਿੰਡ ਆਈ ਨਹੀਂ ਸੀ। ਇਕ ਲਾਲਟੈਣ ਸੀ ਜੋ ਅੰਦਰ ਜਗ ਰਹੀ ਸੀ। ਮੈਂ ਜਾ ਕੇ ਕੁੰਡੀ ਖੋਲ੍ਹੀ ਤਾਂ ਚੰਦ ਦੇ ਘੁਸਮੁਸੇ ਚਾਨਣ ਵਿਚ ਬਾਬਾ ਗੁਰਦਿੱਤਾ ਖੜ੍ਹਾ ਸੀ। ਉਹਨੇ ਹੱਥ ਵਿਚ ਕੋਈ ਭਾਂਡਾ ਜਿਹਾ ਚੁੱਕਿਆ ਹੋਇਆ ਸੀ।
ਮੈਂ ਕਿਹਾ, "ਆਉ, ਬਾਬਾ ਜੀ ਅੰਦਰ ਲੰਘ ਆਉ, ਐਸ ਵੇਲੇ ਕਿਵੇਂ ਆਉਣਾ ਹੋਇਆ?"
ਉਹ ਬੋਲਿਆ, "ਨਹੀਂ ਕਾਕਾ ਮੈਂ ਅੰਦਰ ਨਹੀਂ ਆਉਣਾ। ਹੁਣੇ ਖੇਤੋਂ ਆਇਆ ਸੀ। ਅਜੇ ਨ੍ਹਾ ਕੇ ਰੋਟੀ ਵੀ ਖਾਣੀ ਹੈ। ਅੱਜ ਦਿਨੇ ਮੈਂ ਵਿਹਲਾ ਬੈਠਾ ਸੀ। ਪਿੜ ਵਿਚ ਜਿਥੇ ਥੋਡੇ ਵਾਲੀ ਕਣਕ ਕੱਢੀ ਸੀ, ਮੈਨੂੰ ਕੋਈ ਕੋਈ ਦਾਣਾ ਪਿਆ ਦਿੱਸਿਆ। ਮੈਂ ਚੁਗਣ ਲੱਗ ਪਿਆ। ਕੋਈ ਚਾਰ ਲੱਪਾਂ ਦਾਣੇ ਹੋ ਗਏ।" ਉਹਦੇ ਬੋਲ ਵਿਚ ਮਿਹਨਤ ਦੇ ਫਲ ਦੀ ਖੁਸ਼ੀ ਸੀ। ਉਹਨੇ ਹੱਥ ਵਾਲੀ ਛੋਟੀ ਜਿਹੀ ਬਾਟੀ ਅੱਗੇ ਕੀਤੀ, "ਐਹ ਲੈ, ਬਚੜਿਆ, ਆਬਦੇ ਹਿੱਸੇ ਦੇ ਅੱਧੇ, ਦੋ ਲੱਪਾਂ ਦਾਣੇ!"
ਅੱਜ ਜਦੋਂ ਸਾਡੇ ਸਮਾਜ ਵਿਚ ਥੁੜੀ ਹੋਈ ਵਸਤੂ ਬਣ ਚੁੱਕੀ ਈਮਾਨਦਾਰੀ ਬਾਰੇ ਸੋਚਦਾ ਹਾਂ, ਇਹ ਘਟਨਾ ਅਕਸਰ ਚੇਤੇ ਆਉਂਦੀ ਹੈ। ਮਹਿਸੂਸ ਹੁੰਦਾ ਹੈ, ਬਾਬੇ ਗੁਰਦਿੱਤੇ ਨੇ ਜੋ ਮੈਨੂੰ ਫੜਾਏ ਸਨ, ਉਹ ਪਿੱਤਲ ਦੀ ਬਾਟੀ ਵਿਚ ਕਣਕ ਦੇ ਦਾਣੇ ਨਹੀਂ ਸਨ, ਇਕ ਨਿਰਮਲ-ਚਿੱਤ ਇਨਸਾਨ ਦੇ ਚਾਂਦੀ ਦੀ ਤਸ਼ਤਰੀ ਵਿਚ ਦਿੱਤੇ ਅਸ਼ੀਰਵਾਦੀ ਸੁੱਚੇ ਮੋਤੀ ਸਨ ਜਿਨ੍ਹਾਂ ਨੇ ਮੈਨੂੰ ਈਮਾਨਦਾਰੀ ਦੇ ਅਰਥ ਉਮਰ-ਭਰ ਵਾਸਤੇ ਸਮਝਾ ਦਿੱਤੇ!
ਮੈਂ ਨਹੀਂ ਸਮਝਦਾ, ਬਾਬੇ ਗੁਰਦਿੱਤੇ ਨੂੰ ਖੇਤੀ ਅਤੇ ਕਬੀਲਦਾਰੀ ਦੇ ਖਲਜਗਣ ਨੇ ਕਦੀ ਬਾਣੀ ਸੁਣਨ-ਜਾਣਨ ਦਾ ਮੌਕਾ ਦਿੱਤਾ ਹੋਵੇ, ਪਰ ਏਨਾ ਜ਼ਰੂਰ ਜਾਣਦਾ ਹਾਂ ਕਿ ਬਾਬੇ ਨਾਨਕ ਦਾ ਉਪਦੇਸ਼ "ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ" ਜ਼ਰੂਰ ਉਹਦੇ ਮਨ ਵਿਚ ਵਸਿਆ ਹੋਇਆ ਸੀ। ਇਹ ਪਰਾਇਆ ਹੱਕ ਭਾਵੇਂ ਕਣਕ ਦੇ ਕੁੱਲ ਦੋ ਲੱਪਾਂ ਦਾਣੇ ਹੀ ਕਿਉਂ ਨਾ ਹੋਣ!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ