Chitthian Sunehian De Badalde Rang Dhang (Punjabi Article): Amrit Kaur

ਚਿੱਠੀਆਂ ਸੁਨੇਹਿਆਂ ਦੇ ਬਦਲਦੇ ਰੰਗ ਢੰਗ (ਲੇਖ) : ਅੰਮ੍ਰਿਤ ਕੌਰ

ਸਾਡਾ ਨਵਾਂ ਵਰ੍ਹਾ ਆਮ ਕਰਕੇ ਅੰਗਰੇਜ਼ੀ ਮਹੀਨੇ ਦੀ ਪਹਿਲੀ ਜਨਵਰੀ ਤੋਂ ਹੀ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ। ਚੜ੍ਹਦੇ ਚੇਤ ਨੂੰ ਨਵੇਂ ਵਰ੍ਹੇ ਦੇ ਰੂਪ ਵਿੱਚ ਤਾਂ ਕੋਈ ਟਾਵਾਂ ਟਾਵਾਂ ਹੀ ਯਾਦ ਕਰਦਾ ਹੈ। ਨਵਾਂ ਵਰ੍ਹਾ ਸਭ ਲਈ ਖੁਸ਼ੀਆਂ ਬਰਕਤਾਂ ਭਰਿਆ ਹੋਵੇ ਇਸ ਦੀ ਅਸੀਂ ਹਰ ਸਾਲ ਦੁਆ ਕਰਦੇ ਹਾਂ। ਐਸ ਵਾਰ ਵੀ ਇਹੀ ਦੁਆ ਕੀਤੀ ਹੈ। ਖੁਸ਼ੀਆਂ ਬਰਕਤਾਂ ਕਿਵੇਂ ਆਉਣਗੀਆਂ ਇਹ ਤਾਂ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਸੋਚਣਾ ਅਤੇ ਕਰਨਾ ਹੈ। ਹਰ ਬੰਦਾ ਆਪਣੇ ਆਪ ਵਿੱਚ ਹੱਦੋਂ ਵੱਧ ਸਿਆਣਾ ਹੈ ਅਤੇ ਹਰ ਕਿਸੇ ਦੀ ਖੁਸ਼ੀ ਵੱਖਰੀਆਂ ਚੀਜ਼ਾਂ ਵਿੱਚ ਹੁੰਦੀ ਹੈ। ਕੋਈ ਮਹਿਲਾਂ ਵਿੱਚ ਰਹਿ ਕੇ ਵੀ ਮੱਥਿਓਂ ਤਿਊੜੀ ਨਹੀਂ ਖੋਲ੍ਹਦਾ, ਕੋਈ ਕੱਚੇ ਕੋਠੇ ਵਿੱਚ ਵੀ ਖਿੜੇ ਮੱਥੇ ਰਹਿ ਲੈਂਦਾ ਹੈ। ਖ਼ੈਰ...ਸਭ ਚੜ੍ਹਦੀ ਕਲਾ ਵਿੱਚ ਰਹਿਣ।

ਜਦੋਂ ਅਜੇ ਟੈਲੀਵਿਜ਼ਨ , ਟੈਲੀਫੋਨ ਅਤੇ ਮੋਬਾਈਲ ਨਹੀਂ ਸਨ ਆਏ, ਨਵੇਂ ਵਰ੍ਹੇ 'ਤੇ ਐਨਾ ਕੁ ਹੁੰਦਾ ਸੀ ਕਿ ਸਾਲ ਦਾ ਪਹਿਲਾ ਦਿਨ ਐ... ਕੋਈ ਬਹੁਤਾ ਖ਼ਰਚ ਨਾ ਕਰੀਏ... ਕਿਸੇ ਨੂੰ ਗਲਤ ਨਾ ਬੋਲੀਏ... ਕਿਸੇ ਨਾਲ ਲੜਾਈ ਝਗੜਾ ਨਾ ਕਰੀਏ। ਘਰ ਦੇ ਵੱਡੇ ਇਹੀ ਆਖਦੇ ਹੁੰਦੇ ਸਨ ਕਿ ਸਾਲ ਦੇ ਪਹਿਲੇ ਦਿਨ ਜੇ ਚੰਗਾ ਕੰਮ ਕਰੀਏ ਤਾਂ ਸਾਰਾ ਸਾਲ ਚੰਗਾ ਹੀ ਰਹੇਗਾ। ਇਸ ਕਰਕੇ ਸੰਭਲ ਕੇ ਰਹੀਦਾ ਸੀ ਕਿ ਕੁੱਝ ਵੀ ਬੁਰਾ ਨਾ ਹੋਵੇ। ਬਹੁਤੀ ਗੱਲ ਹੁੰਦੀ ਤਾਂ ਜਿਵੇਂ ਪ੍ਰੋ. ਪੂਰਨ ਸਿੰਘ ਦੇ ਕਹਿਣ ਅਨੁਸਾਰ ਆਪਾਂ ਸਾਰੇ ਜਾਣਦੇ ਹਾਂ 'ਪੰਜਾਬ ਸਾਰਾ ਜਿਉੰਦਾ ਗੁਰਾਂ ਦੇ ਨਾਂ ਉੱਤੇ' ਤਾਂ ਮਾਂ ਦੇਗ਼ ਬਣਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੇ ਪਰਿਵਾਰ ਦੇ ਨਾਲ ਨਾਲ ਸਰਬੱਤ ਦੇ ਭਲੇ ਲਈ ਅਰਦਾਸ ਕਰਵਾ ਆਉਂਦੀ। ਅੱਗੇ ਏਦਾਂ ਈ ਹੁੰਦਾ ਸੀ ਕਿਸੇ ਦਾ ਜਨਮ ਦਿਨ ਵੀ ਮਨਾਉਣਾ ਹੁੰਦਾ ਤਾਂ ਵੀ ਦੇਗ਼ ਬਣਾ ਕੇ ਗੁਰੂ ਘਰ ਅਰਦਾਸ ਕਰ ਆਉਣੀ ਜਾਂ ਕਰਵਾ ਆਉਣੀ। ਤਿੱਥ ਤਿਉਹਾਰ ਵੀ ਤਕਰੀਬਨ ਏਦਾਂ ਹੀ ਮਨਾਏ ਜਾਂਦੇ ਸਨ। ਨਵੇਂ ਵਰ੍ਹੇ ਅਤੇ ਤਿਉਹਾਰਾਂ ਤੋਂ ਕਈ ਦਿਨ ਪਹਿਲਾਂ ਹੀ ਦੂਰ ਵਸਦੇ ਰਿਸ਼ਤੇਦਾਰਾਂ, ਭੈਣ ਭਰਾਵਾਂ ਨੂੰ, ਖਾਸ ਸਹੇਲੀਆਂ ਜਾਂ ਦੋਸਤਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸਨ ਜਾਂ ਕਈ ਲੋਕ ਕਾਰਡ ਭੇਜਦੇ ਸਨ। ਵਰਨਣਯੋਗ ਗੱਲ ਇਹ ਹੈ ਕਿ ਉਸ ਸਮੇਂ ਕੁੜੀਆਂ ਦੀਆਂ ਸਹੇਲੀਆਂ ਈ ਹੁੰਦੀਆਂ ਸਨ ਅਤੇ ਮੁੰਡਿਆਂ ਦੇ ਦੋਸਤ ਮਿੱਤਰ ਹੁੰਦੇ ਸਨ।

ਜਿਹੜੇ ਭੈਣ ਭਰਾਵਾਂ ਦੇ ਵਿਆਹ ਹੋ ਚੁੱਕੇ ਹੁੰਦੇ ਤਾਂ ਉਹਨਾਂ ਨਾਲ ਜੁੜੇ ਪਰਿਵਾਰਾਂ ਨੂੰ ਚਿੱਠੀਆਂ ਭੇਜ ਕੇ ਨਵੇਂ ਸਾਲ ਜਾਂ ਕਿਸੇ ਤਿੱਥ ਤਿਉਹਾਰ 'ਤੇ ਸ਼ੁਭ ਕਾਮਨਾਵਾਂ ਭੇਜੀਆਂ ਜਾਂਦੀਆਂ। ਭੈਣਾਂ ਨੂੰ ਤਾਂ ਲੰਮੀਆਂ ਲੰਮੀਆਂ ਚਿੱਠੀਆਂ ਲਿਖੀਆਂ ਜਾਂਦੀਆਂ। ਚਿੱਠੀਆਂ ਲਿਖਣ ਵੇਲੇ ਪੁਣ ਛਾਣ ਕੇ ਲਿਖਿਆ ਜਾਂਦਾ ਸੀ। ਪੁਣਨਾ ਛਾਣਨਾ ਇਸ ਲਈ ਜ਼ਰੂਰੀ ਹੁੰਦਾ ਤਾਂ ਕਿ ਰਿਸ਼ਤਿਆਂ ਵਿੱਚ ਕੋਈ ਗਲਤਫ਼ਹਿਮੀ ਜਾਂ ਕੁੜੱਤਣ ਨਾ ਆ ਜਾਵੇ। ਖ਼ਿਆਲ ਰੱਖਿਆ ਜਾਂਦਾ ਕਿ ਭੈਣ ਦੇ ਸਹੁਰੇ ਪਰਿਵਾਰ ਦਾ ਕੋਈ ਵੀ ਜੀਅ ਚਿੱਠੀ ਪੜ੍ਹ ਲਵੇ ਤਾਂ ਉਹਨੂੰ ਕੁੱਝ ਵੀ ਬੁਰਾ ਨਾ ਲੱਗੇ। ਸਾਰਿਆਂ ਲਈ ਪਿਆਰ ਸਤਿਕਾਰ ਹੁੰਦਾ ਸੀ। ਸਾਰੇ ਪਰਿਵਾਰ ਦੇ ਜੀਆਂ ਦੇ ਨਾਂ ਲਿਖੇ ਜਾਂਦੇ, ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਲਈ ਸਤਿਕਾਰ ਭੇਜਿਆ ਜਾਂਦਾ। ਪੜ੍ਹਨ ਸੁਣਨ ਵਾਲੇ ਨੂੰ ਵੀ ਸਤਿ ਸ੍ਰੀ ਅਕਾਲ,‌ ਨਮਸਤੇ, ਸਲਾਮ ਜਾਂ ਰਾਮ ਰਾਮ ਆਦਿ ਲਿਖਿਆ ਜਾਂਦਾ। ਇਸ ਲਈ ਕਿਸੇ ਰਿਸ਼ਤੇਦਾਰ ਦੀ ਚਿੱਠੀ ਆਉਣ ਨਾਲ ਸਾਰੇ ਜਣਿਆਂ ਨੂੰ ਚੰਗਾ ਮਹਿਸੂਸ ਹੁੰਦਾ ਸੀ। ਜਦੋਂ ਪਿੰਡਾਂ ਦਾ ਸ਼ਹਿਰਾਂ ਵੱਲ ਰੁਝਾਨ ਵਧਿਆ ਤਾਂ ਫਿਰ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਸਖ਼ੀਆਂ- ਸਹੇਲੀਆਂ ਨੂੰ ਸ਼ੁਭ ਕਾਮਨਾਵਾਂ ਭੇਜਣ ਲਈ ਛਪੇ ਛਪਾਏ ਕਾਰਡ ਭੇਜੇ ਜਾਣ ਲੱਗ ਪਏ। ਉਹਨਾਂ 'ਤੇ ਸਾਰਾ ਕੁੱਝ ਛਪਿਆ ਛਪਾਇਆ ਹੁੰਦਾ ਸੀ ਪਰ ਐਨੇ ਕੁ ਨਾਲ ਸਬਰ ਨਹੀਂ ਸੀ ਆਉਂਦਾ। ਸਾਰੇ ਹੀ ਸ਼ਾਇਰ ਹੁੰਦੇ ਸਨ, ਕਾਰਡ ਵਿਚਲੀ ਖਾਲੀ ਥਾਂ ਸ਼ੇਅਰੋ-ਸ਼ਾਇਰੀ ਨਾਲ ਭਰ ਦਿੱਤੀ ਜਾਂਦੀ। ਇਹ ਕਾਰਡ ਚਿੱਠੀਆਂ ਸੰਭਾਲ ਕੇ ਰੱਖੇ ਜਾਂਦੇ ਸਨ। ਕਈ ਘਰਾਂ ਵਿੱਚ ਤਾਂ ਹੁਣ ਵੀ ਪਏ ਹੋਣਗੇ ਭਾਵੇਂ ਵਕਤ ਦੀ ਧੂੜ ਨਾਲ ਉਹਨਾਂ ਕਾਗਜ਼ਾਂ ਦਾ ਰੰਗ ਬਦਲ ਗਿਆ ਹੋਵੇ ਅਤੇ ਅੱਖਰ ਵੀ ਧੁੰਦਲੇ ਪੈ ਗਏ ਹੋਣਗੇ ਪਰ ਉਹਨਾਂ ਨੂੰ ਪੜ੍ਹ ਕੇ ਜੋ ਸਕੂਨ ਮਿਲਦਾ ਹੈ ਉਹ ਉਹੀ ਜਾਣ ਸਕਦਾ ਹੈ ਜਿਸ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੁੰਦਾ ਹੈ। ਜਦੋਂ ਕਈ ਵਾਰ ਸਾਫ਼-ਸਫ਼ਾਈ ਵੇਲੇ ਪੁਰਾਣੇ ਖਜ਼ਾਨੇ ਨੂੰ ਫਰੋਲਦੇ ਹਾਂ ਤਾਂ ਓਨਾ ਸਮਾਂ ਝਾੜ ਪੂੰਝ ਕਰਨ ਨੂੰ ਨਹੀਂ ਲੱਗਦਾ ਜਿੰਨਾ ਪੁਰਾਣੀਆਂ ਚਿੱਠੀਆਂ, ਕਾਰਡ ਪੜ੍ਹ ਕੇ ਮਹਿਸੂਸ ਕਰਨ ਨੂੰ, ਇਹਨਾਂ ਪਰਤਾਂ ਨੂੰ ਫਰੋਲਦਿਆਂ ਉਹਨਾਂ ਸਮਿਆਂ ਵਿੱਚ ਪਰਤ ਜਾਣ ਅਤੇ ਉੱਥੋਂ ਪਰਤ ਆਉਣ ਨੂੰ ਲੱਗ ਜਾਂਦਾ ਹੈ।

ਜਦੋਂ ਘਰਾਂ ਵਿੱਚ ਫ਼ੋਨ ਲੱਗ ਗਏ ਤਾਂ ਚਿੱਠੀਆਂ ਕਾਰਡਾਂ ਵਾਲਾ ਕੰਮ ਘਟਣਾ ਸ਼ੁਰੂ ਹੋ ਗਿਆ ਅਤੇ ੴ ਸਤਿਗੁਰ ਪ੍ਰਸਾਦਿ, ਸਤਿ ਸ੍ਰੀ ਅਕਾਲ, ਨਮਸਤੇ, ਲਿਖਤੁਮ, ਪਿਆਰੇ , ਸਤਿਕਾਰਯੋਗ ਆਦਿ ਤੋਂ ਸ਼ੁਰੂ ਹੋਣ ਵਾਲੇ ਸੁਨੇਹੇ 'ਹੈਲੋ' ਤੋਂ ਸ਼ੁਰੂ ਹੋਣ ਲੱਗ ਪਏ ਅਤੇ ਤੁਹਾਡੀ ਪਿਆਰੀ ਭੈਣ, ਪਿਆਰਾ ਵੀਰ, ਪਿਆਰਾ ਬੇਟਾ,ਪਿਆਰੀ ਬੇਟੀ ਆਦਿ ਬਹੁਤ ਬਹੁਤ ਪਿਆਰ ਅਤੇ ਸਤਿਕਾਰ, ਢੇਰ ਸਾਰੀਆਂ ਦੁਆਵਾਂ ਆਦਿ ਤੋਂ ਖ਼ਤਮ ਹੋਣ ਵਾਲੇ ਸ਼ਬਦ ਓ ਕੇ, ਬਾਏ ਤੱਕ ਸਿਮਟ ਗਏ। ਇਹ ਪਿਆਰ ਸਤਿਕਾਰ ਅਤੇ ਦੁਆਵਾਂ ਮੇਟੀਆਂ ਨਹੀਂ ਜਾ ਸਕਦੀਆਂ ਯਾਨੀ ਕਿ ਡਿਲੀਟ ਨਹੀਂ ਕੀਤੀਆਂ ਜਾ ਸਕਦੀਆਂ। ਜਦੋਂ ਪੜ੍ਹੋ ਨਵੀਆਂ ਲੱਗਦੀਆਂ ਹਨ ਜਾਪਦਾ ਹੈ ਹੁਣੇ ਹੁਣੇ ਕਿਸੇ ਨੇ ਸਿਰ 'ਤੇ ਹੱਥ ਧਰ ਕੇ ਪਿਆਰ ਅਤੇ ਅਸ਼ੀਰਵਾਦ ਦਿੱਤਾ ਹੋਵੇ।

ਦੂਰ ਵਸਦੇ ਰਿਸ਼ਤੇਦਾਰਾਂ ਨਾਲ ਫ਼ੋਨ ''ਤੇ ਹੀ ਗੱਲਾਂ ਹੋਣ ਲੱਗੀਆਂ। ਗੱਲ ਕਰਨ ਲਈ ਕਾਲ ਬੁੱਕ ਕਰਾਉਣੀ ਪੈਂਦੀ ਸੀ। ਪਿੰਡਾਂ ਵਿੱਚ ਬੰਦਾ ਕਈ ਕਈ ਘੰਟੇ ਗੁਆਂਢੀਆਂ ਦੇ ਘਰ ਬੈਠਾ ਫ਼ੋਨ ਉਡੀਕਦਾ ਰਹਿੰਦਾ। ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਸੀ ਨਾ ਬੈਠਣ ਵਾਲੇ ਨੂੰ, ਨਾ ਹੀ ਘਰ ਵਾਲਿਆਂ ਨੂੰ ਜਾਂ ਫਿਰ ਜਦੋਂ ਫੋਨ ਆਉਂਦਾ ਤਾਂ ਕੰਧ ਉੱਤੋਂ ਦੀ, ਕੋਠੇ ਉੱਤੋਂ ਦੀ ਅਗਲਾ ਹਾਕ ਮਾਰ ਕੇ ਬੁਲਾ ਲੈਂਦਾ। ਇਹ ਕੰਮ ਕਈ ਸਾਲ ਚੱਲਿਆ ਫਿਰ ਮੋਬਾਈਲ ਆ ਗਏ। ਸ਼ੁਰੂ ਸ਼ੁਰੂ ਵਿੱਚ ਇਹਨਾਂ ਦਾ ਅਕਾਰ ਛੋਟਾ ਸੀ। ਹਰ ਕਿਸੇ ਨੂੰ ਨੈੱਟ ਪੈਕ ਦੀ ਜ਼ਰੂਰਤ ਨਹੀਂ ਸੀ ਹੁੰਦੀ। ਇਸ 'ਤੇ ਸੁਨੇਹੇ ਲਿਖ ਕੇ ਭੇਜੇ ਜਾਂਦੇ। ਇਸ ਤੋਂ ਬਾਅਦ ਕਾਹਲ ਵਧ ਗਈ ਲਿਖਣ ਦੀ ਖੇਚਲ਼ ਕਰਨ ਨਾਲੋਂ ਕਿਸੇ ਦਾ ਆਇਆ ਸੁਨੇਹਾ ਹੀ ਅੱਗੇ ਭੇਜ ਦਿੱਤਾ ਜਾਂਦਾ। ਕਈ ਵਾਰ ਤਾਂ ਘੁੰਮ-ਘੁੰਮਾ ਕੇ ਉਸੇ ਇਨਸਾਨ ਕੋਲ਼ ਵਾਪਸ ਆ ਜਾਂਦਾ ਜਿਸ ਨੇ ਲਿਖਿਆ ਹੁੰਦਾ।

ਜਦੋਂ ਮੋਬਾਈਲ ਫ਼ੋਨ ਆ ਗਏ ਤਾਂ ਇਹਨਾਂ ਵਿੱਚ ਸ਼ੈਤਾਨੀ ਮਿਲਾਵਟ ਸ਼ੁਰੂ ਹੋ ਗਈ ਮਤਲਬ ਕਿ ਪਰਿਵਾਰਕ ਜੀਆਂ ਦੀ ਨਿੰਦਿਆ ਚੁਗ਼ਲੀ ਦਾ ਕੰਮ।ਘਰ ਦੇ ਸਾਰੇ ਜੀਆਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ। ਸਹਿਣਸ਼ੀਲਤਾ ਦੀ ਕਮੀ ਕਾਰਨ ਘਰਾਂ ਦੇ ਪਰਦੇ ਚੁੱਕੇ ਜਾਣ ਲੱਗ ਪਏ। ਮਾੜੇ ਹਾਜ਼ਮੇ ਵਾਲਿਆਂ ਨੇ ਆਪਣੇ ਘਰ ਪਰਿਵਾਰ ਦਾ ਕੁੱਝ ਵੀ ਢਕਿਆ ਨਹੀਂ ਰਹਿਣ ਦਿੱਤਾ। ਆਪਣੇ ਆਪ ਹੀ ਆਪਣੇ ਘਰਾਂ ਦੇ ਪਰਦੇ ਚੁੱਕ ਕੇ ਆਪਣੇ ਹੀ ਢਿੱਡ ਆਪੇ ਨੰਗੇ ਕਰ ਲਏ। ਮੋਬਾਈਲ ਇੱਕ ਅਜਿਹਾ ਤੂਫ਼ਾਨ ਲੈ ਕੇ ਆਇਆ... ਸਾਡੀਆਂ ਚਿੱਠੀਆਂ, ਕਾਰਡ, ਕਿਤਾਬਾਂ, ਕਾਪੀਆਂ, ਰਿਸ਼ਤੇ ਨਾਤੇ, ਅਦਬ ਸਤਿਕਾਰ, ਸ਼ਰਮ ਲਿਹਾਜ਼ ਅਤੇ ਹੋਰ ਬਹੁਤ ਕੁੱਝ ਸਾਡੀ ਜ਼ਿੰਦਗੀ ਵਿੱਚੋਂ ਉਡਾ ਕੇ ਲੈ ਗਿਆ ਅਤੇ ਬੜਾ ਕੁੱਝ ਸਾਡੀਆਂ ਝੋਲ਼ੀਆਂ ਵਿੱਚ ਭਰ ਦਿੱਤਾ ਪਰ ਇਹ ਚੰਗਾ ਮਾੜਾ ਜੋ ਸਾਡੀ ਝੋਲ਼ੀ ਆ ਪਿਆ ਇਸ ਵਿੱਚੋਂ ਜਿਸ ਨੂੰ ਵੀ ਮਾੜਾ ਛਾਂਟ ਕੇ ਪਰੇ ਸੁੱਟਣਾ ਨਹੀਂ ਆਇਆ ਉਹਨਾਂ ਦੀ ਜ਼ਿੰਦਗੀ ਵਿੱਚੋਂ ਬਹੁਤ ਕੁੱਝ ਚੰਗਾ ਮਨਫ਼ੀ ਹੋ ਗਿਆ।

ਮੋਬਾਈਲ ਫ਼ੋਨ ਹੱਥ ਆਉਣ 'ਤੇ ਸ਼ੁਰੂ ਸ਼ੁਰੂ ਵਿੱਚ ਬੜੇ ਚਾਵਾਂ ਨਾਲ ਰਿਸ਼ਤੇਦਾਰ, ਭੈਣ ਭਰਾਵਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਰੰਗ ਬਿਰੰਗੀਆਂ ਤਸਵੀਰਾਂ ਨਾਲ ਰੰਗ ਬਿਰੰਗੇ ਸੁਨੇਹੇ ਭੇਜੇ ਜਾਂਦੇ। ਕਈ ਵੀਰ ਭੈਣਾਂ ਤਾਂ... ਗੁੱਡ ਮੌਰਨਿੰਗ... ਭੇਜਣ ਲਈ ਸੁੱਤੇ ਉੱਠਦੇ ਹੀ ਮੋਬਾਈਲ ਚੁੱਕ ਲੈਂਦੇ। ਨਵੇਂ ਸਾਲ ਦੇ ਜਾਂ ਤਿੱਥ ਤਿਉਹਾਰ ਉੱਤੇ ਉਹਨਾਂ ਨਾਲ ਸੰਬੰਧਿਤ ਢੁੱਕਵੀਆਂ ਫੋਟੋਆਂ ਅਤੇ ਵੀਡੀਓਜ਼ ਲਾ ਕੇ ਸੁਨੇਹੇ ਲਿਖ ਕੇ ਭੇਜੇ ਜਾਣ ਲੱਗੇ। ਫਿਰ ਥੋੜ੍ਹੇ ਵੱਡੇ ਫ਼ੋਨ ਆਏ ਵਟਸੈਪ, ਫੇਸਬੁੱਕ ਅਤੇ ਹੋਰ ਪਤਾ ਨਹੀਂ ਕਿੰਨੀਆਂ ਐਪਾਂ ਆ ਗਈਆਂ। ਫਿਰ ਦਿਲੋਂ ਨਿਕਲਣ ਵਾਲੀਆਂ ਦੁਆਵਾਂ ਕਾਪੀ ਪੇਸਟ ਹੋਣ ਲੱਗੀਆਂ ਜਾਂ ਫਿਰ ਜਿਵੇਂ ਕਿਸੇ ਦਾ ਸੁਨੇਹਾ ਆ ਜਾਂਦਾ ਉਸੇ ਤਰ੍ਹਾਂ ਅੱਗੇ ਭੇਜ ਦਿੱਤਾ ਜਾਂਦਾ। ਕੰਮ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਨਿੱਬੜ ਜਾਂਦਾ। ਨਵੇਂ ਨਵੇਂ ਮੋਬਾਈਲਾਂ ਨੂੰ ਤਾਂ ਕੁੱਝ ਨਹੀਂ ਸੀ ਹੁੰਦਾ। ਫਿਰ ਫ਼ੋਨ ਵਿਚਾਰੇ ਜਵਾਬ ਦੇਣ ਲੱਗ ਪਏ ਕਿ ਭਾਈ ਸਾਡੇ ਅੰਦਰ ਐਨਾ ਕੁੱਝ ਸੰਭਾਲਣ ਦੀ ਥਾਂ ਨਹੀਂ ਐ। ਫਿਰ ਇਹ ਕੰਮ ਘਟਾ ਦਿੱਤਾ ਗਿਆ ਰੋਜ਼ ਰੋਜ਼ ਸੁਨੇਹੇ ਭੇਜਣ ਕੰਨੀਓਂ ਕੀ ਥੁੜਿਆ ਪਿਆ।

ਅਜੇ ਵੀ ਗਿਣੇ ਚੁਣੇ ਲੋਕ ਖੁਦ ਹੀ ਲਿਖ ਕੇ ਭੇਜਦੇ ਹਨ। ਲੋਕਾਂ ਦੀ ਕਾਹਲ਼ ਦਾ ਇੱਥੋਂ ਪਤਾ ਲੱਗਦਾ ਹੈ ਕਿ ਸੌ ਤਰ੍ਹਾਂ ਦੀਆਂ ਗਲਤੀਆਂ ਹੋਣ ਤੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬਿਨਾਂ ਸੋਧ ਕੀਤਿਆਂ, ਬਿਨਾਂ ਸੋਚੇ ਵਿਚਾਰੇ ਅੱਗੇ ਦੀ ਅੱਗੇ ਸੁਨੇਹੇ ਉਸੇ ਤਰ੍ਹਾਂ ਭੇਜ ਦਿੱਤੇ ਜਾਂਦੇ ਹਨ ਜਿਸ ਨਾਲ ਭਾਸ਼ਾਈ ਵਿਗਾੜ ਸ਼ੁਰੂ ਹੋ ਗਿਆ। ਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਸਹੀ ਗਲਤ ਦੀ ਪਛਾਣ ਔਖੀ ਹੋਈ ਜਾਂਦੀ ਹੈ। ਹੁਣ ਤਾਂ ਸਾਰੀ ਦੁਨੀਆਂ ਹੀ ਜਿਵੇਂ ਮੋਬਾਈਲਾਂ ਵਿੱਚ ਸਮਾ ਗਈ ਹੋਵੇ। ਸਾਡਾ ਖਾਣ-ਪੀਣ, ਪਹਿਨਣ, ਪੜ੍ਹਾਈ-ਲਿਖਾਈ, ਦੁੱਖ-ਸੁੱਖ, ਹੱਸਣਾ-ਰੋਣਾ, ਸਭ ਕੁੱਝ। ਰਿਸ਼ਤੇਦਾਰ , ਭੈਣ ਭਰਾ, ਬੱਚੇ, ਬਜ਼ੁਰਗ ਸਭ ਮੋਬਾਈਲ ਵਿੱਚੋਂ ਹੀ ਨਜ਼ਰ ਆਉਂਦੇ ਹਨ। ਬੱਚੇ ਮਾਪਿਆਂ ਨੂੰ ਅਤੇ ਮਾਪੇ ਬੱਚਿਆਂ ਨੂੰ ਮੋਬਾਇਲਾਂ ਵਿੱਚੋਂ ਹੀ ਦਿਸਦੇ ਹਨ ਜਦੋਂ ਵੀਡੀਓ ਕਾਲ ਹੁੰਦੀ ਹੈ। ਕੋਈ ਕਰਮਾਂ ਵਾਲਾ ਈ ਹੋਵੇਗਾ ਜਿਹੜਾ ਆਪਣੇ ਬੱਚਿਆਂ ਨਾਲ ਰਹਿ ਕੇ ਪੋਤੇ ਪੋਤੀਆਂ ਨਾਲ ਖੇਡਦਾ ਹੋਣੈ।

ਵਾਰ ਵਾਰ ਇਹ ਵੀ ਸਮਝਾਇਆ ਜਾ ਰਿਹਾ ਹੈ ਕਿ ਕਿਸੇ ਵੀ ਤਿੱਥ ਤਿਉਹਾਰ ਮੌਕੇ ਜਾਂ ਫਿਰ ਨਵੇਂ ਸਾਲ ਦੀਆਂ ਵਧਾਈਆਂ ਦੇਣ ਦੀ ਆੜ ਵਿੱਚ ਠੱਗਣ ਲਈ ਠੱਗ ਲੋਕ ਵੀ ਤਿਆਰ ਬੈਠੇ ਹਨ। ਇਸ ਲਈ ਹਰੇਕ ਨੂੰ ਕਿਸੇ ਵੀ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਤਿਉਹਾਰਾਂ ਅਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦੇ ਓਹਲੇ ਵੀ ਤੰਦ-ਤਾਣੀ ਉਲਝੀ ਜਾਪਦੀ ਹੈ। ਇਸ ਲਈ ਹੁਣ ਤਾਂ ਬੰਦਾ ਇਸ ਤਰ੍ਹਾਂ ਦੇ ਸੁਨੇਹੇ ਵੀ ਖੋਲ੍ਹਣ ਤੋਂ ਡਰਦਾ ਹੈ। ਕਿਉਂ ਨਾ ਹੁਣ ਵੀ ਚਿੱਠੀਆਂ ਵੱਲ ਮੁੜਿਆ ਜਾਵੇ ਨਾ ਠੱਗੇ ਜਾਣ ਦਾ ਡਰ, ਨਾ ਕਿਸੇ ਦੇ ਅੰਦਰੋਂ ਬਲੌਕ ਜਾਂ ਡਿਲੀਟ ਹੋਣ ਦਾ ਖ਼ਦਸ਼ਾ। ਚਿੱਠੀ ਜਿੰਨੀ ਵਾਰੀ ਪੜ੍ਹੋ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਜੇ ਪੁਰਾਣੀਆਂ ਚਿੱਠੀਆਂ ਸਾਂਭ ਕੇ ਰੱਖੀਆਂ ਹੋਣ, ਜਦੋਂ ਉਹਨਾਂ ਨੂੰ ਕੁੱਝ ਸਮੇਂ ਬਾਅਦ ਦੁਬਾਰਾ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਦੀ ਦੌੜ ਵਿੱਚ ਖੱਟਿਆ ਤਾਂ ਪਤਾ ਨਹੀਂ ਕੁੱਝ ਹੈ ਵੀ ਜਾਂ ਨਹੀਂ ਪਰ ਗਵਾ ਬਹੁਤ ਕੁੱਝ ਲਿਆ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •