Chukandar Vechan Wala Munda (Iranian Story in Punjabi) : Samad Behrangi
ਚੁਕੰਦਰ ਵੇਚਣ ਵਾਲਾ ਮੁੰਡਾ (ਇਰਾਨੀ ਕਹਾਣੀ) : ਸਮਦ ਬਹਿਰੰਗੀ
ਕੁਝ ਸਾਲ ਪਹਿਲਾਂ ਮੈਂ ਇੱਕ ਪਿੰਡ ਵਿੱਚ ਅਧਿਆਪਕ ਸੀ। ਸਾਡਾ ਸਕੂਲ ਇੱਕ ਹੀ ਕਮਰੇ ਵਿੱਚ ਸੀ ਜਿਸ ਵਿਚ ਇੱਕ ਬਾਰੀ ਅਤੇ ਇੱਕ ਦਰਵਾਜ਼ਾ ਸੀ। ਇਹ ਪਿੰਡ ਤੋਂ ਕੋਈ ਸੌ ਮੀਟਰ ਵੀ ਦੂਰ ਨਹੀਂ ਸੀ। ਮੇਰੇ ਕੋਲ 32 ਵਿਦਿਆਰਥੀ ਸਨ: ਪੰਦਰਾਂ ਪਹਿਲੀ ਵਿੱਚ, ਅੱਠ ਦੂਸਰੀ, ਛੇ ਤੀਜੀ ਅਤੇ ਤਿੰਨ ਚੌਥੀ ਜਮਾਤ ਵਿੱਚ। ਮੈਨੂੰ ਪਤਝੜ ਦੇ ਅੰਤਲੇ ਦਿਨਾਂ ਵਿੱਚ ਉੱਥੇ ਭੇਜਿਆ ਗਿਆ ਸੀ। ਬੱਚੇ ਦੋ ਜਾਂ ਤਿੰਨ ਮਹੀਨਿਆਂ ਤੋਂ ਅਧਿਆਪਕ ਤੋਂ ਵਿਰਵੇ ਸਨ, ਅਤੇ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਰੌਲਾ ਪਾਉਣ ਲੱਗੇ। ਚਾਰ ਪੰਜ ਦਿਨ ਚੱਜ ਨਾਲ ਕਲਾਸ ਨਹੀਂ ਲੱਗ ਸਕੀ। ਆਖ਼ਰ ਮੈਂ ਵੀਰਾਨ ਪਹਾੜੀਆਂ, ਦਰੀਆਂ ਦੀ ਫੈਕਟਰੀ, ਅਤੇ ਇਧਰ ਉਧਰੋਂ ਵਿਦਿਆਰਥੀਆਂ ਨੂੰ ਕਲਾਸ ਵਿੱਚ ਲੈ ਆਉਣ ਦੇ ਯੋਗ ਹੋਇਆ। ਅਧਿਆਪਕ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਆਵਾਰਾਗਰਦੀ ਦੀ ਆਦਤ ਪੈ ਚੁੱਕੀ ਸੀ। ਲਗਭਗ ਸਾਰੇ ਬੇਰੁਜ਼ਗਾਰ ਬੱਚੇ ਹਾਜੀ ਕੁਲੀ ਦੀ ਦਰੀਆਂ ਦੀ ਫੈਕਟਰੀ ਵਿੱਚ ਜਾਂਦੇ ਸਨ। ਉਨ੍ਹਾਂ ਵਿਚੋਂ ਸਭ ਤੋਂ ਤੇਜ਼-ਤਰਾਰ ਦੀ ਰੋਜ਼ਾਨਾ ਆਮਦਨ ਦਸ ਤੋਂ ਪੰਦਰਾਂ ਰਿਆਲ ਸੀ। ਇਹ ਹਾਜੀ ਸ਼ਹਿਰ ਤੋਂ ਆਇਆ ਸੀ। ਇੱਥੇ ਮਜ਼ਦੂਰੀ ਸਸਤੀ ਸੀ। ਸ਼ਹਿਰੀ ਮਜ਼ਦੂਰ ਤਕੜੀ ਰਕਮ ਦੀ ਮੰਗ ਕਰਦੇ ਸਨ ਅਤੇ ਚਾਰ ਤੋਮਾਨ ਤੋਂ ਘੱਟ `ਤੇ ਨਹੀਂ ਮੰਨਦੇ ਸਨ। ਪਰ ਇੱਥੇ ਵੱਧ ਤੋਂ ਵੱਧ ਤਨਖਾਹ 25 ਤੋਂ 35 ਰਿਆਲ ਦੇ ਵਿਚਕਾਰ ਸੀ।
ਮੈਨੂੰ ਇਸ ਪਿੰਡ ਵਿਚ ਆਏ ਅਜੇ ਦਸ ਕੁ ਦਿਨ ਹੀ ਹੋਏ ਸਨ ਕਿ ਬਰਫ਼ ਪੈਣ ਲੱਗ ਪਈ ਅਤੇ ਜ਼ਮੀਨ ਜੰਮ ਗਈ। ਅਸੀਂ ਦਰਵਾਜ਼ੇ ਅਤੇ ਬਾਰੀ ਦੀਆਂ ਵਿਰਲਾਂ ਵਿਚ ਕਾਗਜ਼ ਤੁੰਨ ਦਿੱਤੇ ਤਾਂ ਜੋ ਕਿ ਠੰਡ ਅੰਦਰ ਨਾ ਆਵੇ।
ਇਕ ਦਿਨ ਸੂਰਜ ਨਿਕਲਿਆ ਅਤੇ ਬਰਫ਼ ਨਰਮ ਅਤੇ ਚਿਪਚਿਪੀ ਹੋ ਗਈ। ਉਸ ਕਮਰੇ ਤੋਂ ਜਿੱਥੇ ਮੈਂ ਤੀਜੀ ਅਤੇ ਚੌਥੀ ਵਾਲਿਆਂ ਨੂੰ ਪੜ੍ਹਾ ਰਿਹਾ ਸੀ, ਮੈਂ ਪਹਿਲੀ ਅਤੇ ਦੂਜੀ ਵਾਲਿਆਂ ਨੂੰ ਬਾਰੀ ਰਾਹੀਂ ਬਾਹਰ ਖੇਡਦੇ ਵੇਖ ਸਕਦਾ ਸੀ। ਮੈਂ ਦੇਖਿਆ ਕਿ ਬੱਚੇ ਇਕ ਅਵਾਰਾ ਕੁੱਤੇ ਦੇ ਦੁਆਲੇ ਇਕੱਠੇ ਹੋ ਗਏ ਸਨ ਅਤੇ ਬਰਫ਼ ਦੇ ਗੋਲਿਆਂ ਨਾਲ ਉਸਦਾ ਸਿਰ ਭੰਨ ਰਹੇ ਸਨ। ਉਹ ਗਰਮੀਆਂ ਵਿਚ ਇੱਟਾਂ ਬੱਟਿਆਂ ਅਤੇ ਡਲਿਆਂ ਦੇ ਨਾਲ ਕੁੱਤਿਆਂ ਦਾ ਪਿੱਛਾ ਕਰਦੇ ਸਨ ਅਤੇ ਸਰਦੀਆਂ ਵਿੱਚ ਬਰਫ਼ ਦੇ ਗੋਲਿਆਂ ਨਾਲ।
ਥੋੜ੍ਹੀ ਦੇਰ ਬਾਅਦ, ਮੇਰੇ ਮਗਰ ਵਲੋਂ ਇੱਕ ਪਤਲੀ ਅਵਾਜ਼ ਆਈ, "ਮੈਂ ਚੁਕੰਦਰ ਲਿਆਇਆ ਹਾਂ, ਬੱਚਿਓ!। ਖੰਡ ਮਿੱਠੀ ਗਰਮ ਗਰਮ ਚੁਕੰਦਰ!..."
ਮੈਂ ਕਲਾਸ ਮਨੀਟਰ, ਮੈਸ਼ ਕਾਜ਼ਮ ਨੂੰ ਪੁੱਛਿਆ, "ਇਹ ਕੌਣ ਹੈ?"
"ਇਹ ਤਾਰੇਵਰਦੀ ਹੋਣਾ, ਸਰ। ਉਹ ਸਰਦੀਆਂ ਵਿਚ ਚੁਕੰਦਰ ਵੇਚਦਾ ਹੈ। ਕਹੋ ਤਾਂ ਮੈਂ ਉਸ ਨੂੰ ਅੰਦਰ ਆਉਣ ਲਈ ਕਹਾਂ।"
ਮੈਂ ਦਰਵਾਜ਼ਾ ਖੋਲ੍ਹਿਆ ਅਤੇ ਤਾਰੇਵਰਦੀ ਆਪਣੀ ਚੁਕੰਦਰਾਂ ਵਾਲੀ ਮਿੱਟੀ ਦੀ ਪਰਾਂਤ ਸਹਿਤ ਅੰਦਰ ਆ ਗਿਆ। ਸਿਰ `ਤੇ ਉਸਨੇ ਇੱਕ ਪੁਰਾਣੀ ਸੂਤੀ ਸ਼ਾਲ ਲਪੇਟੀ ਹੋਈ ਸੀ। ਉਸਨੇ ਇੱਕ ਪੈਰ ਵਿੱਚ ਰਬੜ ਦਾ ਬੂਟ ਪਾਇਆ ਸੀ ਅਤੇ ਦੂਜੇ ਵਿੱਚ ਇੱਕ ਆਮ ਜੁੱਤੀ। ਉਸਦੀ ਜੈਕਟ ਉਸਦੇ ਬਹੁਤ ਖੁੱਲ੍ਹੀ ਸੀ ਅਤੇ ਗੋਡਿਆਂ ਤੱਕ ਜਾਂਦੀ ਸੀ। ਉਸਦੇ ਹੱਥ ਜੈਕਟ ਦੀਆਂ ਜੇਬਾਂ ਵਿੱਚ ਸਨ ਤੇ ਨੱਕ ਦੀ ਘੋੜੀ ਠੰਡ ਨਾਲ ਲਾਲ ਸੀ। ਉਮਰ ਉਹਦੀ ਬਾਰਾਂ ਤੋਂ ਵੱਧ ਨਹੀਂ ਹੋਈ।
ਉਸਨੇ ਸਲਾਮ ਕਹੀ, ਪਰਾਂਤ ਜ਼ਮੀਨ ਤੇ ਰੱਖ ਦਿੱਤੀ ਅਤੇ ਪੁੱਛਿਆ, "ਮੈਂ ਆਪਣੇ ਹੱਥ ਸੇਕ ਲਵਾਂ, ਸਰ?" ਬੱਚਿਆਂ ਨੇ ਉਸਨੂੰ ਬੁਖ਼ਾਰੀ ਕੋਲ ਬਿਠਾ ਦਿੱਤਾ। ਮੈਂ ਉਸ ਨੂੰ ਆਪਣੀ ਕੁਰਸੀ ਦੀ ਪੇਸ਼ਕਸ਼ ਕੀਤੀ, ਪਰ ਉਹ ਨਹੀਂ ਬੈਠਿਆ। ਉਸਨੇ ਕਿਹਾ, "ਨਹੀਂ ਸਰ, ਮੈਂ ਭੁੰਜੇ ਹੀ ਬੈਠਾਂਗਾ।”
ਤਾਰੇਵਰਦੀ ਦੀ ਅਵਾਜ਼ ਸੁਣ ਦੂਸਰੇ ਬੱਚੇ ਅੰਦਰ ਆ ਗਏ, ਅਤੇ ਕਲਾਸ ਵਿੱਚ ਭੀੜ ਹੋ ਗਈ। ਮੈਂ ਉਨ੍ਹਾਂ ਸਾਰਿਆਂ ਨੂੰ ਥਾਂ ਸਿਰ ਬਿਠਾ ਦਿੱਤਾ। ਜਦੋਂ ਤਾਰੇਵਰਦੀ ਥੋੜਾ ਜਿਹਾ ਨਿੱਘਾ ਹੋ ਗਿਆ, ਉਸਨੇ ਪੁੱਛਿਆ, "ਤੁਸੀਂ ਚੁਕੰਦਰ ਲਓਗੇ?"
ਮੇਰੇ ਜਵਾਬ ਦੀ ਉਡੀਕ ਕੀਤੇ ਬਗੈਰ, ਉਹ ਆਪਣੀ ਪਰਾਂਤ ਕੋਲ ਗਿਆ ਅਤੇ ਇਸ ਉਪਰੋਂ ਘਸਮੈਲਾ ਜਿਹਾ ਅਤੇ ਰੰਗੀਨ ਪੋਣਾ ਪਾਸੇ ਹਟਾਇਆ। ਚੁਕੰਦਰਾਂ ਦੇ ਉੱਪਰ ਇੱਕ ਸਿੰਗ ਦੇ ਮੁੱਠੇ ਵਾਲਾ "ਸਰਦਰੀ" ਚਾਕੂ ਪਿਆ ਸੀ। ਤਾਰੇਵਰਦੀ ਨੇ ਇੱਕ ਚੁਕੰਦਰ ਛਾਂਟਿਆ ਅਤੇ ਇਹ ਕਹਿੰਦਿਆਂ ਮੈਨੂੰ ਫੜਾ ਦਿੱਤਾ, "ਚੰਗਾ ਹੋਵੇ ਜੇ ਤੁਸੀਂ ਇਸ ਨੂੰ ਆਪ ਛਿੱਲੋ, ਸਰ... ਸ਼ਾਇਦ ਮੇਰੇ ਹੱਥ। ਆਖ਼ਰ, ਅਸੀਂ ਠਹਿਰੇ ਪੇਂਡੂ ਲੋਕ।.. ਅਸੀਂ ਸ਼ਹਿਰ ਨਹੀਂ ਗਏ ਤੇ ਚੰਗੀਆਂ ਆਦਤਾਂ ਨਹੀਂ ਸਿੱਖ ਸਕੇ।"
ਉਹ ਇੱਕ ਬੁੱਧੀਮਾਨ ਬਜ਼ੁਰਗ ਵਾਂਗ ਬੋਲਿਆ। ਮੈਂ ਆਪਣੀ ਹਥੇਲੀ ਤੇ ਰੱਖ ਕੇ ਚੁਕੰਦਰ ਦਾ ਛਿਲਕਾ ਉਤਾਰ ਦਿੱਤਾ। ਗੰਦੀ ਬਿਲ੍ਹਕ ਉੱਤਰ ਗਈ, ਅਤੇ ਚਮਕਦਾ ਸੁੰਦਰ ਲਾਲ ਚੁਕੰਦਰ ਨਿੱਕਲ ਆਇਆ। ਮੈਂ ਇੱਕ ਚੱਕ ਮਾਰਿਆ, ਬਹੁਤ ਮਿੱਠਾ ਸੀ।
ਕਲਾਸਰੂਮ ਦੇ ਪਿਛਲੇ ਹਿੱਸੇ ਤੋਂ, ਨੌਰੂਜ਼ ਨੇ ਕਿਹਾ, "ਸਰ... ਕਿਸੇ ਦੇ ਚੁਕੰਦਰ ਇੰਨੇ ਮਿੱਠੇ ਨਹੀਂ ਹੁੰਦੇ ਜਿੰਨੇ ਤਾਰੇਵਰਦੀ ਦੇ।"
ਮੇਸ਼ ਕਾਜ਼ਮ ਨੇ ਕਿਹਾ, "ਸਰ, ਇਸਦੀ ਭੈਣ ਪਕਾਉਂਦੀ ਹੈ ਅਤੇ ਇਹ ਵੇਚਦਾ ਹੈ। ਇਸ ਦੀ ਮਾਂ ਬੀਮਾਰ ਹੈ, ਸਰ।” ਮੈਂ ਤਾਰੇਵਰਦੀ ਦੇ ਚਿਹਰੇ ਵੱਲ ਵੇਖਿਆ। ਮਿੱਠੀ ਅਤੇ ਮਰਦਾਨਾ ਮੁਸਕਾਨ ਉਸਦੇ ਬੁੱਲ੍ਹਾਂ ਤੇ ਪਸਰੀ ਸੀ। ਉਸਨੇ ਆਪਣੀ ਸੂਤੀ ਸ਼ਾਲ ਉਤਾਰ ਲਈ ਸੀ, ਵਾਲ਼ਾਂ ਨੇ ਉਸਦੇ ਕੰਨ ਢਕੇ ਹੋਏ ਸਨ। ਉਸਨੇ ਕਿਹਾ, "ਸਾਰਿਆਂ ਦਾ ਕੋਈ ਨਾ ਕੋਈ ਵਪਾਰ ਜਾਂ ਕਿੱਤਾ ਹੁੰਦਾ ਹੈ, ਸਰ। ਅਸੀਂ ਇਹ ਕੰਮ ਕਰਦੇ ਹਾਂ।"
ਮੈਂ ਪੁੱਛਿਆ,”ਤਾਰੇਵਰਦੀ, ਤੇਰੀ ਮਾਂ ਨੂੰ ਕੀ ਗੱਲ ਹੋਈ?"
“ਉਹ ਲੱਤਾਂ ਨਹੀਂ ਹਿਲਾ ਸਕਦੀ, "ਉਸਨੇ ਜਵਾਬ ਦਿੱਤਾ। "ਪਿੰਡ ਦਾ ਮੁਖੀਆ ਕਹਿੰਦਾ ਹੈ ਕਿ ਲਕਵਾ ਮਾਰ ਗਿਆ। ਮੈਨੂੰ ਪਤਾ ਨਹੀਂ ਕੀ ਹੋਇਆ ਸੀ, ਸਰ"
"ਤੇਰੇ ਪਿਤਾ .."
ਉਸਨੇ ਮੈਨੂੰ ਟੋਕ ਕੇ ਕਿਹਾ,"ਉਹਦੀ ਮੌਤ ਹੋ ਗਈ ਸੀ।"
ਬੱਚਿਆਂ ਵਿਚੋਂ ਇੱਕ ਨੇ ਕਿਹਾ, "ਉਸ ਨੂੰ ਅਸਗਰ ਤਸਕਰ ਕਹਿੰਦੇ ਸੀ, ਸਰ।”
ਤਾਰੇਵਰਦੀ ਨੇ ਗੱਲ ਅੱਗੇ ਤੋਰੀ, "ਉਹ ਇੱਕ ਚੰਗਾ ਘੋੜ ਸਵਾਰ ਸੀ। ਅਖ਼ੀਰ ਇੱਕ ਦਿਨ ਉਸਨੂੰ ਪਹਾੜ ਦੀ ਚੋਟੀ ਤੇ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਤ ਹੋ ਗਈ। ਪੁਲਸੀਆਂ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਉਸਨੂੰ ਉਸਦੇ ਘੋੜੇ ਦੇ ਪਿਛਲੇ ਪਾਸੇ ਤੋਂ ਗੋਲੀ ਮਾਰੀ।"
ਅਸੀਂ ਇੱਧਰ ਉੱਧਰ ਦੀ ਬਹੁਤ ਥੋੜੀ ਗੱਲ ਕੀਤੀ; ਉਸਨੇ ਬੱਚਿਆਂ ਨੂੰ ਦੋ ਤਿੰਨ ਚੁਕੰਦਰ ਦੀਆਂ ਛੱਲੀਆਂ ਵੇਚ ਦਿੱਤੀਆਂ ਅਤੇ ਚਲਾ ਗਿਆ। ਉਸਨੇ ਮੇਰੇ ਕੋਲੋਂ ਪੈਸੇ ਲੈਣਾ ਸਵੀਕਾਰ ਨਹੀਂ ਕੀਤਾ, ਕਹਿਣ ਲੱਗਾ, "ਇਸ ਵਾਰ ਮੇਰੇ ਮਹਿਮਾਨ ਹੋ, ਅਗਲੀ ਵਾਰ ਆਵਾਂਗਾ ਉਦੋਂ ਦੇ ਦੇਣਾ। ਵੇਖੋ, ਅਸੀਂ ਪਿੰਡ ਵਾਸੀ ਹਾਂ, ਫਿਰ ਵੀ ਅਸੀਂ ਕੁਝ ਨਾ ਕੁਝ ਸਲੀਕਾ ਤਾਂ ਜਾਣਦੇ ਹਾਂ, ਸਰ।”
ਜਿਵੇਂ ਹੀ ਤਾਰੇਵਰਦੀ ਬਰਫ ਉਪਰੋਂ ਲੰਘਦਾ ਹੋਇਆ ਪਿੰਡ ਵੱਲ ਨੂੰ ਜਾ ਰਿਹਾ ਸੀ, ਸਾਨੂੰ ਉਸਦਾ ਹੋਕਾ ਸੁਣਾਈ ਦੇ ਰਿਹਾ ਸੀ, "ਐ, ਖੰਡ ਮਿੱਠੀਆਂ! .. ਮਿੱਠੀਆਂ, ਗਰਮ ਗਰਮ ਚੁਕੰਦਰ ਲੈ ਲਓ, ਲੋਕੋ!" ਦੋ ਕੁੱਤੇ ਆਪਣੀਆਂ ਪੂਛਾਂ ਹਿਲਾਉਂਦੇ ਹੋਏ, ਉਸ ਦੇ ਨਾਲ਼ ਨਾਲ਼ ਜਾ ਰਹੇ ਸਨ।
ਬੱਚਿਆਂ ਨੇ ਮੈਨੂੰ ਤਾਰੇਵਰਦੀ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਉਸਦੀ ਭੈਣ ਦਾ ਨਾਮ ਸੁਲਮਾਜ਼ ਸੀ, ਅਤੇ ਉਹ ਉਸ ਨਾਲੋਂ ਦੋ ਤਿੰਨ ਸਾਲ ਵੱਡੀ ਸੀ। ਜਦੋਂ ਉਨ੍ਹਾਂ ਦਾ ਪਿਤਾ ਜ਼ਿੰਦਾ ਸੀ, ਉਨ੍ਹਾਂ ਕੋਲ ਇਕ ਮਕਾਨ ਸੀ ਤੇ ਆਰਾਮ ਨਾਲ ਰਹਿੰਦੇ ਸੀ। ਫੇਰ ਉਹ ਖ਼ਾਲੀ ਹੋ ਗਏ, ਧੇਲਾ ਕੋਲ ਨਾ ਰਿਹਾ। ਪਹਿਲਾਂ ਭੈਣ ਅਤੇ ਫਿਰ ਭਰਾ ਹਾਜੀ ਕੁਲੀ ਦਰੀਆਂ ਵਾਲੇ ਕੋਲ ਕੰਮ ਤੇ ਗਿਆ| ਲਗਪਗ ਸਾਰੇ ਬੱਚੇ, ਜਦੋਂ ਤੱਕ ਹੋਰ ਕੋਈ ਕੰਮ ਨਹੀਂ ਮਿਲ਼ਦਾ ਹਾਜੀ ਕੁਲੀ ਦੀ ਦਰੀਆਂ ਦੀ ਫੈਕਟਰੀ ਵਿੱਚ ਕੰਮ ਲੱਗ ਜਾਂਦੇ ਸਨ। ਉਨ੍ਹਾਂ ਵਿਚੋਂ ਸਭ ਤੋਂ ਤੇਜ਼- ਤਰਾਰ ਦੀ ਰੋਜ਼ਾਨਾ ਦੀ ਆਮਦਨ ਦਸ ਤੋਂ ਪੰਦਰਾਂ ਰਿਆਲ ਸੀ। ਤਾਰੇਵਰਦੀ ਅਤੇ ਉਸਦੀ ਭੈਣ ਦਾ ਹਾਜੀ ਕੁਲੀ ਨਾਲ ਝਗੜਾ ਹੋ ਗਿਆ ਅਤੇ ਉਨ੍ਹਾਂ ਨੇ ਕੰਮ ਛੱਡ ਦਿੱਤਾ। ਰਜ਼ਾ ਨੇ ਕਿਹਾ, "ਸਰ, ਹਾਜੀ ਕੁਲੀ ਇਸਦੀ ਭੈਣ ਨੂੰ ਤੰਗ ਕਰਦਾ ਸੀ। ਗ਼ਲਤ ਨਜ਼ਰਾਂ ਨਾਲ ਵੇਖਦਾ ਸੀ, ਸਰ।”
ਅਬੁਲ ਫ਼ਜ਼ਲ ਨੇ ਅੱਗੇ ਕਿਹਾ, "ਹਾਂ... ਸਰ. ਤਾਰੇਵਰਦੀ ਚਾਹੁੰਦਾ ਸੀ ਕਿ ਹਾਜੀ ਕੁਲੀ ਨੂੰ ਜੁਲਾਹੇ ਦੇ ਚਾਕੂ ਨਾਲ ਮਾਰ ਦੇਵੇ, ਆਹ..."
ਰੋਜ਼ ਇੱਕ ਜਾਂ ਦੋ ਵਾਰ ਤਾਰੇਵਰਦੀ ਸਕੂਲ ਰੁਕਦਾ। ਕਈ ਵਾਰ ਜਦੋਂ ਉਸ ਦੀਆਂ ਕੰਦਾਂ ਮੁੱਕ ਜਾਂਦੀਆਂ ਸਨ, ਉਹ ਆ ਜਾਂਦਾ ਸੀ ਅਤੇ ਵਿਚ ਬੈਠ ਜਾਂਦਾ ਸੀ ਅਤੇ ਪਾਠ ਸੁਣਦਾ ਸੀ।
ਇਕ ਦਿਨ ਮੈਂ ਉਸ ਨੂੰ ਕਿਹਾ, "ਤਾਰੇਵਰਦੀ, ਮੈਂ ਸੁਣਿਆ ਕਿ ਤੁਹਾਡਾ ਹਾਜੀ ਕੁਲੀ ਨਾਲ ਝਗੜਾ ਹੋਇਆ ਸੀ। ਕੀ ਮੈਨੂੰ ਦੱਸੇਂਗਾ ਕਿ ਕੀ ਹੋਇਆ ਸੀ?"
“ਇਹ ਸਭ ਹੋਈ ਬੀਤੀ ਹੈ, ਸਰ," ਤਾਰੇਵਰਦੀ ਨੇ ਕਿਹਾ। "ਤੁਹਾਨੂੰ ਵਾਧੂ ਦੀ ਸਿਰਦਰਦੀ ਹੋਵੇਗੀ।"
"ਮੈਂ ਸੱਚੀਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਹਾਂ ਕਿ ਕੀ ਹੋਇਆ," ਮੈਂ ਜਵਾਬ ਦਿੱਤਾ।
ਤਾਂ ਤਾਰੇਵਰਦੀ ਨੇ ਕਿਹਾ,"ਮਾਫ ਕਰ ਦਿਓ ਸਰ, ਮੇਰੀ ਭੈਣ ਅਤੇ ਮੈਂ ਬਚਪਨ ਤੋਂ ਹੀ ਹਾਜੀ ਕੁਲੀ ਕੋਲ ਕੰਮ ਕਰਦੇ ਸੀ।.. ਮੇਰਾ ਮਤਲਬ ਹੈ ਕਿ ਮੇਰੀ ਭੈਣ ਮੇਰੇ ਤੋਂ ਪਹਿਲਾਂ ਉੱਥੇ ਜਾਣ ਲੱਗੀ ਸੀ। ਮੈਂ ਉਸ ਦੀ ਨਿਗਰਾਨੀ ਹੇਠ ਕੰਮ ਕਰਦਾ ਸੀ। ਉਸ ਨੂੰ ਦੋ ਤੋਮਾਨ ਮਿਲਦੇ ਸੀ, ਅਤੇ ਮੈਨੂੰ ਥੋੜੇ ਘੱਟ। ਇਹ ਦੋ ਜਾਂ ਤਿੰਨ ਸਾਲ ਪਹਿਲਾਂ ਦੀ ਗੱਲ ਸੀ। ਮੇਰੀ ਮਾਂ ਦੁਬਾਰਾ ਬਿਮਾਰ ਹੋ ਗਈ। ਉਹ ਕੰਮ ਨਹੀਂ ਸੀ ਕਰ ਸਕਦੀ, ਪਰ ਉਹ ਮੰਜੇ ਤੇ ਵੀ ਨਹੀਂ ਸੀ ਪਈ। ਤੀਹ ਚਾਲੀ ਹੋਰ ਬੱਚੇ ਵਰਕਸ਼ਾਪ ਵਿੱਚ ਸਨ, ਹੁਣ ਵੀ ਹਨ। ਅਤੇ ਸਾਡੇ ਪੰਜ ਜਾਂ ਛੇ ਉਸਤਾਦ ਕਾਮੇ ਸਨ। ਮੇਰੀ ਭੈਣ ਅਤੇ ਮੈਂ ਸਵੇਰੇ ਜਾਂਦੇ ਅਤੇ ਦੁਪਹਿਰ ਨੂੰ ਵਾਪਸ ਆ ਜਾਂਦੇ ਅਤੇ ਬਾਅਦ ਦੁਪਹਿਰ ਜਾਂਦੇ ਸ਼ਾਮ ਨੂੰ ਵਾਪਸ ਆ ਜਾਂਦੇ। ਮੇਰੀ ਭੈਣ ਵਰਕਸ਼ਾਪ ਵਿਚ ਸਿਰ ਤੇ ਸ਼ਾਲ ਰੱਖਦੀ ਸੀ ਪਰ ਆਪਣਾ ਚਿਹਰਾ ਨਹੀਂ ਸੀ ਢੁੱਕਦੀ।... ਉੱਥੇ ਉਸਤਾਦ ਕਾਮੇ ਸਨ ਜੋ ਸਾਡੇ ਪਿਓ ਵਰਗੇ ਸਨ ਅਤੇ ਦੂਜੇ ਬੱਚੇ, ਅਤੇ ਹਾਜੀ ਕੁਲੀ ਮਾਲਕ ਸੀ।
“ਸਰ ਜੀ, ਵਰਕਸ਼ਾਪ ਵਿਚ ਸਾਡਾ ਕੰਮ ਖ਼ਤਮ ਹੋਣ ਵੇਲੇ ਹਾਜੀ ਕੁਲੀ ਬੇਸ਼ਰਮੀ ਨਾਲ ਆਉਂਦਾ ਅਤੇ ਸਾਡੇ ਦੋਵਾਂ ਦੇ ਸਿਰ ਤੇ ਆ ਖੜ੍ਹਦਾ। ਉਹ ਮੇਰੀ ਭੈਣ ਵੱਲ ਘੂਰ ਘੂਰ ਵੇਖਦਾ ਅਤੇ ਕਈ ਵਾਰ ਆਪਣਾ ਹੱਥ ਉਸ ਦੇ ਸਿਰ ਜਾਂ ਮੇਰੇ ਸਿਰ ਤੇ ਰੱਖ ਦਿੰਦਾ, ਬਿਨਾਂ ਕਿਸੇ ਕਾਰਨ ਹੱਸਦਾ ਅਤੇ ਲੰਘ ਜਾਂਦਾ। ਮੈਂ ਇਸ ਬਾਰੇ ਕੁਝ ਨਹੀਂ ਸੋਚਿਆ ਕਿਉਂਕਿ ਉਹ ਸਾਡਾ ਮਾਲਕ ਸੀ, ਅਤੇ ਮੈਂ ਸਮਝਿਆ ਕਿ ਉਹ ਦਿਆਲੂ ਸੀ। ਕੁਝ ਸਮਾਂ ਲੰਘ ਗਿਆ, ਇੱਕ ਵੀਰਵਾਰ ਜਦੋਂ ਅਸੀਂ ਆਪਣੀ ਹਫਤਾਵਾਰੀ ਤਨਖਾਹ ਲੈ ਰਹੇ ਸੀ, ਉਸਨੇ ਮੇਰੀ ਭੈਣ ਨੂੰ ਇੱਕ ਵਾਧੂ ਤੋਮਾਨ ਦੇ ਦਿੱਤਾ ਅਤੇ ਕਿਹਾ, "ਤੇਰੀ ਮਾਂ ਬਿਮਾਰ ਹੈ, ਉਸ ਤੇ ਖਰਚ ਕਰ ਦੇਣਾ। "
“ਫੇਰ ਉਹ ਮੇਰੀ ਭੈਣ ਦੇ ਮੂੰਹ ਵੱਲ ਵੇਖ ਕੇ ਹੱਸਿਆ ਜੋ ਮੈਨੂੰ ਚੰਗਾ ਨਾ ਲੱਗਿਆ। ਮੇਰੀ ਭੈਣ ਡਰ ਗਈ ਲੱਗਦੀ ਸੀ, ਉਹ ਕੁਝ ਨਾ ਬੋਲੀ। ਤੇ ਸਰ, ਅਸੀਂ ਦੋਨੋਂ ਮਾਂ ਕੋਲ ਵਾਪਸ ਚਲੇ ਗਏ। ਜਦੋਂ ਉਸਨੇ ਸੁਣਿਆ ਕਿ ਹਾਜੀ ਕੁਲੀ ਨੇ ਮੇਰੀ ਭੈਣ ਨੂੰ ਕੁਝ ਵਾਧੂ ਪੈਸੇ ਦਿੱਤੇ ਸੀ, ਉਸਨੇ ਇੱਕ ਪਲ ਲਈ ਸੋਚਿਆ ਅਤੇ ਕਿਹਾ,"ਅੱਗੇ ਤੋਂ ਵਾਧੂ ਪੈਸੇ ਨਹੀਂ ਲੈਣੇ।” “ਅਗਲੇ ਦਿਨ, ਮੈਂ ਵੇਖਿਆ ਕਿ ਉਸਤਾਦ ਕਾਮੇ ਅਤੇ ਹੋਰ ਬੱਚੇ ਆਪਸ ਵਿੱਚ ਫੈਸਰ ਫੂਸਰ ਕਰ ਰਹੇ ਸਨ ਅਤੇ ਇੱਕ ਦੂਜੇ ਦੇ ਕੰਨਾਂ ਵਿੱਚ ਇੰਝ ਬੋਲਦੇ ਹਨ ਜਿਵੇਂ ਉਹ ਚਾਹੁੰਦੇ ਹੋਣ ਕਿ ਮੈਨੂੰ ਅਤੇ ਮੇਰੀ ਭੈਣ ਨੂੰ ਉਨ੍ਹਾਂ ਦੀ ਗੱਲ ਨਾ ਸੁਣੇ" । "ਸਰ, ਅਗਲੇ ਵੀਰਵਾਰ ਅਸੀਂ ਸਭ ਦੇ ਬਾਅਦ ਆਪਣੀ ਤਨਖਾਹ ਲੈਣ ਗਏ। ਹਾਜੀ ਨੇ ਸਾਨੂੰ ਅੱਡ ਮਿਲਣ ਲਈ ਬੁਲਾਇਆ ਅਤੇ ਪੰਦਰਾਂ ਹਜ਼ਾਰ ਹੋਰ ਦਿੰਦੇ ਹੋਏ ਕਿਹਾ, 'ਕੱਲ੍ਹ ਮੈਂ ਤੁਹਾਡੇ ਘਰ ਆ ਰਿਹਾ ਹਾਂ। ਤੁਹਾਡੀ ਮਾਂ ਨੂੰ ਕੁਝ ਕਹਿਣਾ ਹੈ।
“ਫੇਰ ਉਹ ਮੇਰੀ ਭੈਣ ਦੇ ਮੂੰਹ ਵੱਲ ਦੇਖ ਕੇ ਉਸ ਤਰੀਕੇ ਨਾਲ ਹੱਸਿਆ ਜੋ ਮੈਨੂੰ ਪਸੰਦ ਨਹੀਂ ਸੀ। ਮੇਰੀ ਭੈਣ ਦਾ ਰੰਗ ਫ਼ੱਕ ਹੋ ਗਿਆ ਅਤੇ ਉਸਨੇ ਨੀਵੀਂ ਪਾ ਲਈ।
"ਮੁਆਫ਼ ਕਰ ਦੇਣਾ, ਸਰ। ਤੁਸੀਂ ਮੈਨੂੰ ਇਹ ਸਭ ਦੱਸਣ ਲਈ ਕਿਹਾ ਸੀ, ਮੈਂ ਹਾਜੀ ਦੇ ਪੰਦਰਾਂ ਹਜ਼ਾਰ ਉਸ ਤੇ ਸੁੱਟੇ ਅਤੇ ਕਿਹਾ, 'ਹਾਜੀ ਆਕਾ, ਸਾਨੂੰ ਤੁਹਾਡੇ ਵਾਧੂ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਮੇਰੀ ਮਾਂ ਨੂੰ ਇਹ ਗੱਲ ਪਸੰਦ ਨਹੀਂ। 'ਹਾਜੀ ਫਿਰ ਹੱਸਿਆ ਅਤੇ ਬੋਲਿਆ, 'ਬੇਵਕੂਫ਼ ਨਾ ਬਣ ਬੱਚੂ। ਇਹ ਤੇਰੇ ਜਾਂ ਤੇਰੀ ਮਾਂ ਦੇ ਪਸੰਦ ਜਾਂ ਨਾਪਸੰਦ ਦਾ ਸਵਾਲ ਨਹੀਂ ਹੈ।'
“ਫਿਰ ਉਸਨੇ ਪੰਦਰਾਂ ਹਜ਼ਾਰ ਚੁੱਕੇ ਅਤੇ ਮੇਰੀ ਭੈਣ ਦੇ ਹੱਥ ਫੜਾਉਣ ਲੱਗਿਆ ਸੀ ਕਿ ਉਹ ਪਿੱਛੇ ਹਟੀ ਅਤੇ ਬਾਹਰ ਭੱਜ ਗਈ। ਮੈਂ ਗੁੱਸੇ ਵਿੱਚ ਚੀਕਣ ਲੱਗ ਪਿਆ। ਮੇਜ਼ ਉੱਤੇ ਇੱਕ ਚਾਕੂ ਪਿਆ ਸੀ। ਮੈਂ ਚੁੱਕ ਲਿਆ ਅਤੇ ਉਸ ਵੱਲ ਵਗਾਹ ਦਿੱਤਾ। ਚਾਕੂ ਹਾਜੀ ਦੀ ਗੱਲ੍ਹ ਤੇ ਵੱਜਿਆ ਅਤੇ ਜ਼ਖ਼ਮ ਤੋਂ ਖੂਨ ਵਗਣਾ ਸ਼ੁਰੂ ਹੋ ਗਿਆ। ਹਾਜੀ ਮੱਦਦ ਲਈ ਰੌਲਾ ਪਾਉਣ ਲੱਗਾ। ਮੈਂ ਭੱਜ ਗਿਆ,ਅਤੇ ਮੈਨੂੰ ਨਹੀਂ ਪਤਾ ਕਿ ਉਸ ਤੋਂ ਬਾਅਦ ਕੀ ਹੋਇਆ। ਮੈਂ ਘਰ ਚਲਾ ਗਿਆ। ਮੇਰੀ ਭੈਣ ਮੇਰੀ ਮਾਂ ਦੇ ਕੋਲ ਬੈਠੀ ਰੋ ਰਹੀ ਸੀ।
“ਉਸ ਰਾਤ ਸਰ, ਪਿੰਡ ਦਾ ਮੁਖੀਆ ਆਇਆ। ਹਾਜੀ ਕੁਲੀ ਨੇ ਮੇਰੀ ਸ਼ਿਕਾਇਤ ਕੀਤੀ ਸੀ ਅਤੇ ਕਿਹਾ ਸੀ, “ਮੈਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦਾ ਹਾਂ, ਨਹੀਂ ਤਾਂ, ਮੈਂ ਮੁੰਡੇ ਨੂੰ ਪੁਲਸ ਦੇ ਹਵਾਲੇ ਕਰ ਦਿਆਂਗਾ ਅਤੇ ਉਹ ਉਸਨੂੰ ਠੀਕ ਕਰ ਦੇਣਗੇ' | ਪਿੰਡ ਦਾ ਮੁਖੀ ਕਹਿੰਦਾ ਗਿਆ, ‘ਹਾਜੀ ਨੇ ਮੈਨੂੰ ਤੁਹਾਡੀ ਧੀ ਦਾ ਹੱਥ ਮੰਗਣ ਲਈ ਭੇਜਿਆ। ਹਾਂ ਜਾਂ ਨਾ?
“ਹਾਜੀ ਕੁਲੀ ਦੀ ਪਤਨੀ ਅਤੇ ਬੱਚੇ ਕਸਬੇ ਵਿੱਚ ਹਨ, ਸਰ। ਉਸਦੀਆਂ ਚਾਰ ਤੋਂ ਦਸ ਤੱਕ ਹੋਰ ਰਖੇਲਾਂ ਹਨ। ਮੈਨੂੰ ਮੁਆਫ਼ ਕਰਨਾ, ਸਰ। ਉਹ ਬਿਲਕੁਲ ਇੱਕ ਵੱਡੇ ਸੂਰ ਵਾਂਗ ਹੈ - ਮੱਧਰਾ ਮੋਟਾ ਅਤੇ ਛੋਟੀ ਜਿਹੀ ਕਰੜ-ਬਰੜੀ ਦਾੜ੍ਹੀ ਅਤੇ ਨਕਲੀ ਦੰਦ, ਜਿਨ੍ਹਾਂ ਵਿੱਚੋਂ ਕੁਝ ਸੋਨੇ ਦੇ ਹਨ। ਅਤੇ ਉਸ ਦੇ ਹੱਥ ਵਿੱਚ ਮਣਕਿਆਂ ਦੀ ਇੱਕ ਮਾਲਾ ਹੈ। ਰੱਬ ਤੁਹਾਨੂੰ ਹਮੇਸ਼ਾ ਉਸ ਵਰਗਾ ਹੋਣ ਤੋਂ ਬਚਾਵੇ। ਨਿਰਾ ਵੱਡਾ ਬੁੱਢਾ ਸੂਰ...
“ਮੇਰੀ ਮਾਂ ਨੇ ਪਿੰਡ ਦੇ ਮੁਖੀਏ ਨੂੰ ਕਿਹਾ, 'ਜੇ ਮੇਰੀਆਂ ਸੌ ਧੀਆਂ ਵੀ ਹੋਣ ਤਾਂ ਮੈਂ ਉਨ੍ਹਾਂ ਵਿਚੋਂ ਵੀ ਇੱਕ ਇਸ ਬੁੱਢੇ ਲੱਕੜਬੱਚੇ ਨੂੰ ਨਹੀਂ ਦੇਵਾਂਗੀ। ਅਸੀਂ ਬਹੁਤ ਸਹਿਣ ਕਰ ਚੁੱਕੇ ਹਾਂ। ਮੁਖੀਆ ਜੀ, ਤੁਸੀਂ ਆਪ ਜਾਣਦੇ ਹੋ ਕਿ ਇਸ ਬੰਦੇ ਨੂੰ ਅਸਲ ਵਿਚ ਸਾਡੇ ਵਰਗੇ ਦਿਹਾਤੀਆਂ ਨਾਲ ਪਰਿਵਾਰਕ ਸੰਬੰਧ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ"।
“ਸਰ, ਪਿੰਡ ਦੇ ਮੁਖੀਏ ਨੇ ਕਿਹਾ, “ਹਾਂ, ਤੁਸੀਂ ਸਹੀ ਕਹਿੰਦੇ ਹੋ। ਹਾਜੀ ਕੁਲੀ ਰਖੇਲ ਚਾਹੁੰਦਾ ਹੈ। ਪਰ ਜੇ ਤੁਸੀਂ ਸਹਿਮਤ ਨਾ ਹੋਏ, ਤਾਂ ਉਹ ਬੱਚਿਆਂ ਨੂੰ ਆਪਣੀ ਵਰਕਸ਼ਾਪ ਵਿੱਚੋਂ ਕੱਢ ਦੇਵੇਗਾ, ਫਿਰ ਪੁਲਸ ਦੀ ਸਮੱਸਿਆ ਅਤੇ ਇਸੇ ਤਰਾਂ ਹੋਰ ਪੰਗੇ।.. ਤੁਹਾਨੂੰ ਇਸ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ!
“ਮੇਰੀ ਭੈਣ, ਮੇਰੀ ਮਾਂ ਦੇ ਪਿੱਛੇ ਚੁੰਗੜਦੀ ਜਾਂਦੀ, ਸਿਸਕੀਆਂ ਲੈਂਦੀ ਕਹਿ ਰਹੀ ਸੀ, ‘ਮੈਂ ਹੁਣ ਕਦੇ ਕਾਰਖ਼ਾਨੇ ਨਹੀਂ ਜਾਣਾ... ਉਹ ਮੈਨੂੰ ਮਾਰ ਦੇਵੇਗਾ।.. ਮੈਨੂੰ ਉਸ ਤੋਂ ਡਰ ਲੱਗਦਾ ਹੈ ...'
“ਸਵੇਰੇ ਮੇਰੀ ਭੈਣ ਕੰਮ 'ਤੇ ਨਹੀਂ ਗਈ। ਮੈਂ ਇਕੱਲਾ ਗਿਆ। ਹਾਜੀ ਕੁਲੀ ਦਰਵਾਜ਼ੇ ਤੇ ਖੜ੍ਹਾ ਸੀ, ਆਪਣੀ ਮਾਲਾ ਫੇਰ ਰਿਹਾ ਸੀ। ਮੈਨੂੰ ਡਰ ਸੀ, ਸਰ; ਮੈਂ ਹੋਰ ਨੇੜੇ ਨਹੀਂ ਗਿਆ। ਹਾਜੀ ਕੁਲੀ, ਜਿਸਨੇ ਆਪਣੇ ਚਿਹਰੇ ਦੇ ਜ਼ਖ਼ਮ ਤੇ ਇੱਕ ਲੀਰ ਬੰਨ੍ਹੀ ਹੋਈ ਸੀ, ਨੇ ਕਿਹਾ, 'ਅੰਦਰ ਆ ਜਾ ਮੁੰਡਿਆ, ਮੈਂ ਤੈਨੂੰ ਕੁਝ ਨਹੀਂ ਕਹਿੰਦਾ।'
“ਮੈਂ ਬਹੁਤ ਡਰਦਾ ਡਰਦਾ ਉਸ ਦੇ ਨੇੜੇ ਗਿਆ ਅਤੇ ਬੱਸ ਦਰਵਾਜ਼ਾ ਲੰਘਣ ਵਾਲਾ ਹੀ ਸੀ ਜਦੋਂ ਉਸਨੇ ਮੇਰਾ ਗੁੱਟ ਫੜ ਲਿਆ, ਮੈਨੂੰ ਕਾਰਖਾਨੇ ਦੇ ਵਿਹੜੇ ਵਿੱਚ ਢਾਹ ਲਿਆ ਅਤੇ ਮੇਰੇ ਉੱਪਰ ਟੁੱਟ ਪਿਆ, ਮਾਰਨ ਕੁੱਟਣ ਅਤੇ ਠੰਡੇ ਮਾਰਨ ਲੱਗਾ। ਪਰ ਮੈਂ ਜ਼ੋਰ ਲਾ ਕੇ ਉਸ ਤੋਂ ਛੁੱਟ ਗਿਆ ਅਤੇ ਕੱਲ ਵਾਲੇ ਚਾਕੂ ਨੂੰ ਚੁੱਕਣ ਲਈ ਭੱਜਿਆ। ਉਸ ਨੇ ਮੈਨੂੰ ਇੰਨਾ ਕੂ ਕੁੱਟਿਆ ਸੀ ਕਿ ਮੇਰਾ ਸਾਰਾ ਸਰੀਰ ਝਰੀਟਿਆ ਪਿਆ ਸੀ ਅਤੇ ਟਸ ਟਸ ਕਰ ਰਿਹਾ ਸੀ ਅਤੇ ਮੈਂ ਲਲਕਾਰਾ ਮਾਰਿਆ, 'ਤੂੰ ਗੰਦੇ ਪਾਜੀ, ਹੁਣ ਮੈਂ ਤੈਨੂੰ ਦਿਖਾਵਾਂਗਾ ਕਿ ਤੇਰਾ ਵਾਹ ਕਿਸ ਨਾਲ਼ ਪਿਆ ਹੈ।.. ਮੈਨੂੰ ਅਸਗਰ ਆਕ਼ਾ ਤਸਕਰ ਦਾ ਪੁੱਤਰ ਕਹਿੰਦੇ ਨੇ।.. "
ਤਾਰੇਵਰਦੀ ਨੇ ਇੱਕ ਤਾਜ਼ਾ ਸਾਹ ਲਿਆ ਅਤੇ ਫੇਰ ਸ਼ੁਰੂ ਹੋ ਗਿਆ, "ਸਰ, ਮੈਂ ਉਸ ਵੇਲੇ ਉਸ ਨੂੰ ਮਾਰਨ ਲੱਗਿਆ ਸੀ। ਮਜ਼ਦੂਰ ਮੇਰੇ ਆਲੇ-ਦੁਆਲੇ ਜਮ੍ਹਾ ਹੋ ਗਏ ਅਤੇ ਜ਼ਬਰਦਸਤੀ ਮੈਨੂੰ ਘਰ ਲੈ ਗਏ। ਮੈਂ ਗੁੱਸੇ ਵਿੱਚ ਰੋ ਰਿਹਾ ਸੀ ਅਤੇ ਆਪਣੇ ਆਪ ਨੂੰ ਭੁੰਜੇ ਜ਼ਮੀਨ ਤੇ ਪਟਕ ਰਿਹਾ ਸੀ ਅਤੇ ਗਾਲਾਂ ਕੱਢ ਰਿਹਾ ਸੀ। ਮੇਰੇ ਚਿਹਰੇ ਤੇ ਉਸ ਜਗ੍ਹਾ ਤੋਂ ਖੂਨ ਵਗ ਰਿਹਾ ਸੀ ਜਿੱਥੇ ਹਾਜੀ ਨੇ ਸੱਟਾਂ ਮਾਰੀਆਂ ਸੀ... ਆਖ਼ਰਕਾਰ ਮੈਂ ਚੁੱਪ ਹੋ ਗਿਆ। “ਸਾਡੇ ਕੋਲ ਇੱਕ ਬੱਕਰੀ ਸੀ। ਮੈਂ ਅਤੇ ਮੇਰੀ ਭੈਣ ਨੇ ਦੋ ਸੌ ਰਿਆਲ ਵਿੱਚ ਖਰੀਦੀ ਸੀ। ਅਸੀਂ ਉਹ ਵੇਚ ਦਿੱਤੀ ਅਤੇ ਅਗਲੇ ਇਕ-ਦੋ ਮਹੀਨੇ ਅਸੀਂ ਬੱਚਤ ਕਰਕੇ ਜੋੜੇ ਛੋਟੇ ਜਿਹੇ ਖਜ਼ਾਨੇ ਨਾਲ ਕੱਢੇ। ਆਖ਼ਰ, ਮੇਰੀ ਭੈਣ ਉਸ ਔਰਤ ਕੋਲ ਕੰਮ ਕਰਨ ਲੱਗ ਪਈ ਜੋ ਨਾਨ ਪਕਾਉਂਦੀ ਸੀ। ਅਤੇ ਮੈਂਨੂੰ ਜੋ ਕੰਮ ਮਿਲਦਾ ਮੈਂ ਕਰ ਲੈਂਦਾ" |
ਮੈਂ ਕਿਹਾ,"ਤਾਰੇਵਰਦੀ, ਤੇਰੀ ਭੈਣ ਵਿਆਹ ਕਿਉਂ ਨਹੀਂ ਕਰਵਾਉਂਦੀ?"
“ਨਾਨ ਵਾਲੀ ਔਰਤ ਦਾ ਪੁੱਤਰ ਉਸ ਦਾ ਮੰਗੇਤਰ ਹੈ, "ਉਸਨੇ ਜਵਾਬ ਦਿੱਤਾ। "ਮੈਂ ਅਤੇ ਮੇਰੀ ਭੈਣ ਦਾਜ ਤਿਆਰ ਕਰ ਰਹੇ ਹਾਂ ਤਾਂ ਕਿ ਉਨ੍ਹਾਂ ਦੀ ਸ਼ਾਦੀ ਹੋ ਸਕੇ।”
****
ਇਨ੍ਹਾਂ ਗਰਮੀਆਂ ਵਿੱਚ ਮੈਂ ਫਿਰ ਉਸੇ ਪਿੰਡ ਦਾ ਦੌਰਾ ਕੀਤਾ। ਮੈਂ ਤਾਰੇਵਰਦੀ ਨੂੰ ਬੰਜਰ ਪਹਾੜੀਆਂ ਤੇ ਚਾਲੀ ਪੰਜਾਹ ਬੱਕਰੀਆਂ ਅਤੇ ਭੇਡਾਂ ਚਾਰਦੇ ਵੇਖਿਆ। ਮੈਂ ਉਸ ਨੂੰ ਪੁੱਛਿਆ,"ਤਾਰੇਵਰਦੀ, ਕੀ ਤੇਰੀ ਭੈਣ ਦਾ ਦਾਜ ਜੁੜ ਗਿਆ?"
ਉਸਨੇ ਕਿਹਾ, "ਹਾਂ ! ਉਸਨੇ ਸ਼ਾਦੀ ਕਰਵਾ ਲਈ।... ਹੁਣ ਮੈਂ ਆਪਣੇ ਵਿਆਹ ਲਈ ਪੈਸੇ ਜੋੜ ਰਿਹਾ ਹਾਂ। ਜਦੋਂ ਦੀ ਮੇਰੀ ਭੈਣ ਆਪਣੇ ਸਹੁਰੇ ਘਰ ਗਈ ਹੈ, ਮੇਰੀ ਮਾਂ ਦੀ ਮੱਦਦ ਕਰਨ ਵਾਲਾ ਕੋਈ ਨਹੀਂ ਰਿਹਾ। ਉਸਨੂੰ ਕਿਸੇ ਮੱਦਦਗਾਰ ਦੀ ਅਤੇ ਉਸ ਨਾਲ ਗੱਲਾਂ ਕਰਨ ਵਾਲ਼ੇ ਦੀ ਜ਼ਰੂਰਤ ਹੈ।... ਪਰ ਮੈਂ ਫ਼ਜ਼ੂਲ ਤੇ ਬੇਅਦਬ ਗੱਲਾਂ ਕਰ ਰਿਹਾ ਹਾਂ।.. ਮੈਨੂੰ ਮੁਆਫ਼ ਕਰਨਾ, ਸਰ'।
(ਅਨੁਵਾਦਕ : ਚਰਨ ਗਿੱਲ)