Comrade (Story in Punjabi) : Maxim Gorky

ਕਾਮਰੇਡ (ਕਹਾਣੀ) : ਮੈਕਸਿਮ ਗੋਰਕੀ

1.
ਇਸ ਸ਼ਹਿਰ ਦੀ ਹਰ ਸ਼ੈਅ ਬੜੀ ਅਜੀਬ ਅਤੇ ਸਮਝੋਂ ਬਾਹਰੀ ਸੀ। ਇਸ ਵਿੱਚ ਬਣੇ ਹੋਏ ਬਹੁਤ ਸਾਰੇ ਗਿਰਜਾਘਰਾਂ ਦੇ ਵੰਨ-ਸੁਵੰਨੇ ਰੰਗਾਂ ਦੇ ਗੁੰਬਦ ਅਸਮਾਨ ਵੱਲ ਸਿਰ ਚੁੱਕੀ ਖੜ੍ਹੇ ਸਨ, ਪਰ ਕਾਰਖ਼ਾਨਿਆਂ ਦੀਆਂ ਕੰਧਾਂ ਅਤੇ ਚਿਮਨੀਆਂ ਇਹਨਾਂ ਘੰਟਾਘਰਾਂ ਨਾਲ਼ੋਂ ਵੀ ਉੱਚੀਆਂ ਸਨ। ਗਿਰਜੇ ਇਹਨਾਂ ਵਪਾਰਕ ਇਮਾਰਤਾਂ ਦੀਆਂ ਉੱਚੀਆਂ-ਉੱਚੀਆਂ ਕੰਧਾਂ ਵਿੱਚ ਲੁਕੇ, ਪੱਥਰਾਂ ਦੀਆਂ ਉਹਨਾਂ ਬੇਜਾਨ ਚਾਰਦੀਵਾਰੀਆਂ ਵਿੱਚ ਇਸ ਤਰ੍ਹਾਂ ਡੁੱਬੇ ਹੋਏ ਸਨ ਜਿਵੇਂ ਮਿੱਟੀ ਅਤੇ ਮਲਬੇ ਦੇ ਢੇਰ ਵਿੱਚ ਭੱਦੇ, ਕੋਝੇ ਫੁੱਲ ਖਿੜ ਰਹੇ ਹੋਣ। ਜਦੋਂ ਗਿਰਜਿਆਂ ਦੇ ਘੰਟੇ ਅਰਦਾਸ ਲਈ ਲੋਕਾਂ ਨੂੰ ਬੁਲਾਉਂਦੇ ਤਾਂ ਉਹਨਾਂ ਦੀ ਟੁਣਕਦੀ ਹੋਈ ਅਵਾਜ਼ ਲੋਹੇ ਦੀਆਂ ਛੱਤਾਂ ਨਾਲ਼ ਟਕਰਾਉਂਦੀ ਅਤੇ ਘਰਾਂ ਵਿਚਕਾਰ ਬਣੀਆਂ ਲੰਮੀਆਂ ਤੇ ਤੰਗ ਗਲ਼ੀਆਂ ਵਿੱਚ ਗਵਾਚ ਜਾਂਦੀ।

ਇਮਾਰਤਾਂ ਵਿਸ਼ਾਲ ਤੇ ਮੁਕਾਬਲਤਨ ਘੱਟ ਖਿੱਚਵੀਆਂ ਸਨ, ਪਰ ਉੱਥੋਂ ਦੇ ਲੋਕ ਭੈੜੇ ਸਨ ਤੇ ਹਮੇਸ਼ਾਂ ਕਮੀਨਗੀ ਭਰਿਆ ਵਿਹਾਰ ਕਰਦੇ ਸਨ। ਸਵੇਰ ਤੋਂ ਲੈ ਕੇ ਰਾਤ ਤੱਕ ਉਹ ਭੂਰੇ ਚੂਹਿਆਂ ਵਾਂਗ ਸ਼ਹਿਰ ਦੀਆਂ ਪਤਲੀਆਂ ਟੇਢੀਆਂ-ਮੇਢੀਆਂ ਗਲ਼ੀਆਂ ਵਿੱਚ ਇੱਧਰੋਂ-ਉੱਧਰ ਭੱਜੇ ਫਿਰਦੇ ਰਹਿੰਦੇ ਸਨ ਅਤੇ ਆਪਣੀਆਂ ਉਤਸੁਕ ਅਤੇ ਲਾਲਚੀ ਅੱਖਾਂ ਟੱਡੀ ਕੁੱਝ ਰੋਟੀਆਂ ਅਤੇ ਥੋੜੇ-ਬਹੁਤੇ ਮਨੋਰੰਜਨ ਲਈ ਭਟਕਦੇ ਰਹਿੰਦੇ। ਇਸਦੇ ਬਾਵਜੂਦ ਵੀ ਕੁੱਝ ਲੋਕ ਚੌਰਾਹਿਆਂ ‘ਤੇ ਖੜੇ ਹੋ ਇਹ ਦੇਖਣ ਲਈ ਕਮਜ਼ੋਰ ਮਨੁੱਖਾਂ ‘ਤੇ ਬੇਰਹਿਮ ਨਜ਼ਰਾਂ ਟਿਕਾਈ ਰੱਖਦੇ ਹਨ ਕਿ ਉਹ ਬਲਵਾਨ ਵਿਅਕਤੀਆਂ ਸਾਹਮਣੇ ਨਿਮਰਤਾ ਨਾਲ਼ ਝੁਕਦੇ ਹਨ ਕਿ ਨਹੀਂ। ਬਲਵਾਨ ਵਿਅਕਤੀ ਅਮੀਰ ਸਨ ਅਤੇ ਉੱਥੋਂ ਦੇ ਹਰ ਜੀਵ ਦਾ ਇਹ ਵਿਸ਼ਵਾਸ ਸੀ ਕਿ ਸਿਰਫ ਦੌਲਤ ਹੀ ਮਨੁੱਖ ਨੂੰ ਤਾਕਤ ਦੇ ਸਕਦੀ ਹੈ। ਉਹ ਸਭ ਹੱਕਾਂ ਦੇ ਭੁੱਖੇ ਸਨ, ਕਿਉਂਕਿ ਸਭ ਗੁਲਾਮ ਸਨ। ਅਮੀਰਾਂ ਦੀ ਅੱਯਸ਼ੀ ਗ਼ਰੀਬਾਂ ਦੇ ਦਿਲਾਂ ਵਿੱਚ ਨਫਰਤ ਅਤੇ ਘ੍ਰਿਣਾ ਪੈਦਾ ਕਰਦੀ ਸੀ। ਉੱਥੇ ਕਿਸੇ ਵੀ ਵਿਅਕਤੀ ਲਈ ਸੋਨੇ ਦੇ ਟੁਣਕਾਰ ਤੋਂ ਵਧੇਰੇ ਸੁੰਦਰ ਅਤੇ ਮਧੁਰ ਸੰਗੀਤ ਕੋਈ ਦੂਜਾ ਨਹੀਂ ਸੀ ਅਤੇ ਇਸੇ ਕਾਰਨ ਉੱਥੋਂ ਦਾ ਹਰੇਕ ਵਿਅਕਤੀ ਦੂਜੇ ਦਾ ਦੁਸ਼ਮਣ ਬਣ ਗਿਆ ਸੀ। ਸਭ ‘ਤੇ ਵਹਿਸ਼ੀਪੁਣੇ ਦੀ ਹਕੂਮਤ ਸੀ।

ਕਦੇ-ਕਦਾਈਂ ਸੂਰਜ ਉਸ ਸ਼ਹਿਰ ਉੱਤੇ ਚਮਕਦਾ, ਪਰ ਉੱਥੋਂ ਦਾ ਜੀਵਨ ਹਮੇਸ਼ਾਂ ਹਨੇਰਮਈ ਰਹਿੰਦਾ ਅਤੇ ਮਨੁੱਖ ਪਰਛਾਵਿਆਂ ਵਾਂਗ ਹੀ ਵਿਖਾਈ ਦਿੰਦੇ। ਰਾਤ ਹੋਣ ‘ਤੇ ਉਹ ਅਣਗਿਣਤ ਚਮਕਣੀਆਂ ਬੱਤੀਆਂ ਬਾਲ਼ ਲੈਂਦੇ, ਪਰ ਉਸ ਵੇਲ਼ੇ ਭੁੱਖੀਆਂ ਤੀਵੀਂਆਂ ਪੈਸੇ ਲਈ ਆਪਣੇ ਪਿੰਜਰਨੁਮਾ ਸਰੀਰ ਵੇਚਣ ਲਈ ਸੜਕ ‘ਤੇ ਨਿੱਕਲ਼ ਆਉਂਦੀਆਂ। ਵੱਖੋ-ਵੱਖਰੇ ਤਰ੍ਹਾਂ ਦੇ ਭੋਜਨਾਂ ਦੀ ਮਹਿਕ ਉਹਨਾਂ ਨੂੰ ਆਪਣੇ ਵੱਲ ਖਿੱਚਦੀ ਅਤੇ ਚਾਰੇ ਪਾਸੇ ਭੁੱਖੇ ਮਨੁੱਖਾਂ ਦੀਆਂ ਭੁੱਖੀਆਂ ਅੱਖਾਂ, ਚੁੱਪਚਾਪ ਚਮਕਣ ਲਗਦੀਆਂ। ਸ਼ਹਿਰ ਉੱਪਰ ਦੁੱਖ ਅਤੇ ਪੀੜ ਦੀ ਇੱਕ ਮੰਦ ਹੂੰਗ, ਜੋ ਜ਼ੋਰ ਨਾਲ਼ ਚੀਖਣ ਵਿੱਚ ਅਸਮਰੱਥ ਸੀ, ਗੂੰਜਦੇ ਹੋਏ ਮੰਡਰਾਉਂਣ ਲਗਦੀ। ਜੀਵਨ ਨੀਰਸ ਅਤੇ ਫਿਕਰਾਂ ਭਰਿਆਂ ਸੀ। ਲੋਕ ਇੱਕ-ਦੂਜੇ ਦੇ ਦੁਸ਼ਮਣ ਸਨ ਅਤੇ ਹਰ ਇਨਸਾਨ ਗਲਤ ਰਾਹ ‘ਤੇ ਚੱਲ ਰਿਹਾ ਸੀ। ਸਿਰਫ ਕੁੱਝ ਵਿਅਕਤੀ ਹੀ ਇਹ ਮਹਿਸੂਸ ਕਰਦੇ ਸਨ ਕਿ ਉਹ ਸਹੀ ਰਾਹ ‘ਤੇ ਹਨ, ਪਰ ਉਹ ਪਸ਼ੂਆਂ ਵਾਂਗ ਰੁੱਖੇ ਅਤੇ ਵਹਿਸ਼ੀ ਸਨ। ਉਹ ਦੂਜਿਆਂ ਨਾਲ਼ੋਂ ਵੱਧ ਭਿਆਨਕ ਅਤੇ ਸਖਤ ਸਨ…

ਹਰ ਕੋਈ ਜੀਣਾ ਚਾਹੁੰਦਾ ਸੀ, ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਕਿਵੇਂ ਜਿਉਂਇਆ ਜਾਵੇ। ਕੋਈ ਵੀ ਆਪਣੀ ਇੱਛਾ ਮੁਤਾਬਕ ਅਜ਼ਾਦੀ ਨਾਲ਼ ਜਿਉੁਂਣ ਵਿੱਚ ਸਮਰੱਥ ਨਹੀਂ ਸੀ। ਭਵਿੱਖ ਵੱਲ ਵਧਿਆ ਹੋਇਆ ਹਰ ਕਦਮ ਉਹਨਾਂ ਨੂੰ ਪਿੱਛੇ ਮੋੜ ਕੇ ਉਸ ਵਰਤਮਾਨ ਵੱਲ ਦੇਖਣ ਲਈ ਮਜ਼ਬੂਰ ਕਰ ਦਿੰਦਾ ਸੀ, ਜੋ ਇੱਕ ਲਾਲਚੀ ਰਾਖਸ਼ਸ ਦੇ ਤਾਕਤਵਾਰ ਅਤੇ ਬੇਰਹਿਮ ਹੱਥਾਂ ਰਾਹੀਂ ਮਨੁੱਖ ਨੂੰ ਆਪਣੇ ਰਾਹ ‘ਤੇ ਅੱਗੇ ਵਧਣ ਤੋਂ ਰੋਕ ਦਿੰਦਾ ਅਤੇ ਉਸਨੂੰ ਆਪਣੀ ਚਿਪਚਿਪੀ ਜਕੜ ਦੇ ਜਾਲ਼ ਵਿੱਚ ਫਸਾ ਲੈਂਦਾ।

ਮਨੁੱਖ ਜਦੋਂ ਜ਼ਿੰਦਗੀ ਦੇ ਚਿਹਰੇ ‘ਤੇ ਮਾੜੀ ਕਿਸਮਤ ਦੀਆਂ ਰੇਖਾਵਾਂ ਦੇਖਦਾ ਤਾਂ ਦੁੱਖ ਅਤੇ ਹੈਰਾਨੀ ਵਿੱਚ ਜਕੜ ਕੇ ਬੇਸਹਾਰਿਆਂ ਵਾਂਗ ਬੇਵਸ ਹੋ ਜਾਂਦਾ, ਜ਼ਿੰਦਗੀ ਉਸਦੇ ਦਿਲ ਵਿੱਚ ਆਪਣੀਆਂ ਹਜ਼ਾਰਾਂ ਉਦਾਸ ਅਤੇ ਮਜ਼ਬੂਰ ਅੱਖਾਂ ਨਾਲ਼ ਝਾਕਦੀ ਅਤੇ ਸ਼ਬਦਾਂ ਤੋਂ ਬਿਨਾਂ ਉਸਨੂੰ ਬੇਨਤੀ ਕਰਦੀ, ਜਿਸਨੂੰ ਸੁਣ ਕੇ ਭਵਿੱਖ ਦੀਆਂ ਸੁੰਦਰ ਅਕਾਂਖਿਆਵਾਂ ਉਸਦੀ ਆਤਮਾ ਵਿੱਚ ਭਰ ਜਾਂਦੀਆਂ ਅਤੇ ਮਨੁੱਖ ਦੀ ਬੇਵਸੀ ਦੀ ਕਰਾਹਟ, ਉਹਨਾਂ ਦੁਖੀ ਅਤੇ ਗ਼ਰੀਬ ਮਨੁੱਖਾਂ ਦੀ ਕਰਾਹਟ ਅਤੇ ਚੀਕ-ਚਿਹਾੜੇ ਦੇ ਲੈਅਹੀਣ ਸੰਗੀਤ ਵਿੱਚ ਡੁੱਬ ਜਾਂਦੀ ਜੋ ਜ਼ਿੰਦਗੀ ਦੇ ਸ਼ਕੰਜੇ ਵਿੱਚ ਫਸੇ ਤਿਲਮਿਲਾ ਰਹੇ ਸਨ।

ਉੱਥੇ ਹਮੇਸ਼ਾਂ ਨੀਰਸਤਾ ਅਤੇ ਬੇਚੈਨੀ ਅਤੇ ਕਦੇ-ਕਦਾਈਂ ਡਰ ਦਾ ਵਾਤਾਵਰਨ ਛਾਇਆ ਰਹਿੰਦਾ। ਹਨੇਰਮਈ ਉਦਾਸੀ ਵਿੱਚ ਲਿਪਟਿਆ ਸ਼ਹਿਰ ਇੱਕ-ਦੂਜੇ ਵਿਰੁੱਧ ਜ਼ਾਲਮ ਤਰੀਕੇ ਨਾਲ਼ ਖੜੀਆਂ ਕੀਤੀਆਂ ਗਈਆਂ ਪੱਥਰਾਂ ਦੀਆਂ ਇਮਾਰਤਾਂ ਨਾਲ਼, ਜੋ ਮੰਦਰਾਂ ਦਾ ਅਪਮਾਨ ਕਰ ਰਹੀਆਂ ਸਨ, ਮਨੁੱਖਾਂ ਨੂੰ ਜੇਲ੍ਹ ਵਾਂਗ ਘੇਰੀ ਅਤੇ ਸੂਰਜ ਦੀਆਂ ਕਿਰਨਾਂ ਨੂੰ ਉੱਪਰੋ-ਉੱਪਰੀ ਮੋੜਦਾ ਚੁੱਪਚਾਪ ਖੜਾ ਸੀ।

ਉੱਥੇ ਜੀਵਨ ਦੇ ਸੰਗੀਤ ਵਿੱਚ ਗੁੱਸੇ ਅਤੇ ਦੁੱਖ ਦੀ ਚੀਖ, ਲੁਕੀ ਹੋਈ ਘ੍ਰਿਣਾ ਦਾ ਇੱਕ ਹੌਲ਼ਾ ਜਿਹਾ ਹਾਉਂਕਾ, ਬੇਰਹਿਮੀ ਦਾ ਡਰਾਉਣਾ ਰੌਲ਼ਾ ਅਤੇ ਹਿੰਸਾ ਦੀ ਭਿਆਨਕ ਪੁਕਾਰ ਭਰੀ ਹੋਈ ਸੀ।

2.
ਦੁੱਖ ਅਤੇ ਬਦਕਿਸਮਤੀ ਦੇ ਉਦਾਸ ਰੌਲ਼ੇ-ਰੱਪੇ, ਲਾਲਚ ਅਤੇ ਉਮੰਗਾਂ ਦੇ ਦ੍ਰਿੜ ਬੰਧਨਾਂ ਦੀ ਜਕੜ ਅਤੇ ਤਰਸਯੋਗ ਮਾਣ ਦੇ ਚਿੱਕੜ ਵਿਚਕਾਰ ਕੁੱਝ ਸੁਪਨਸਾਜ਼ ਉਹਨਾਂ ਝੌਂਪੜੀਆਂ ਵੱਲ ਚੁੱਪਚਾਪ, ਲੁਕੇ ਜਾ ਰਹੇ ਸਨ ਜਿੱਥੇ ਉਹ ਗ਼ਰੀਬ ਲੋਕ ਰਹਿੰਦੇ ਸਨ ਜਿਨ੍ਹਾਂ ਨੇ ਸ਼ਹਿਰ ਦੀ ਦੌਲਤ ਨੂੰ ਵਧਾਇਆ ਸੀ। ਅਣਗੌਲ਼ੇ ਅਤੇ ਬੇਇੱਜਤ ਹੁੰਦੇ ਹੋਏ ਵੀ ਮਨੁੱਖ ਵਿੱਚ ਪੂਰਾ ਵਿਸ਼ਵਾਸ਼ ਰੱਖ ਕੇ ਉਹ ਬਗ਼ਾਵਤ ਦੀ ਸਿੱਖਿਆ ਦਿੰਦੇ ਸਨ। ਉਹ ਦੂਰ ਬਲ਼ ਰਹੀਆਂ ਸੱਚ ਦੀਆਂ ਬਾਗ਼ੀ ਚੰਗਿਆੜੀਆਂ ਵਾਂਗ ਸਨ। ਉਹ ਉਹਨਾਂ ਝੌਂਪੜੀਆਂ ਵਿੱਚ ਆਪਣੇ ਨਾਲ਼ ਲੁਕਾ ਕੇ ਲਿਆਂਦੇ ਇੱਕ ਸਾਦੇ ਪਰ ਉੱਚੇ ਸਿਧਾਂਤ ਦੀ ਸਿੱਖਿਆ ਦੇ ਫਲ਼ ਦੇਣ ਵਾਲ਼ੇ ਬੀਜ਼ ਲਿਆਏ ਸਨ ਅਤੇ ਕਦੇ ਆਪਣੀਆਂ ਅੱਖਾਂ ਵਿੱਚ ਸਖਤੀ ਦੀ ਠੰਡੀ ਚਮਕ ਭਰ ਕੇ ਅਤੇ ਕਦੇ ਸੱਜਣਤਾ ਅਤੇ ਪਿਆਰ ਦੁਆਰਾ ਉਹਨਾਂ ਗ਼ੁਲਾਮ ਮਨੁੱਖਾਂ ਦੇ ਦਿਲਾਂ ਵਿੱਚ ਇਸ ਰੌਸ਼ਨ ਬਲ਼ਦੇ ਸੱਚ ਦੀ ਜੜ ਲਾਉਣ ਦਾ ਯਤਨ ਕਰਦੇ, ਉਹਨਾਂ ਮਨੁੱਖਾਂ ਦੇ ਦਿਲਾਂ ਵਿੱਚ ਜਿਨ੍ਹਾਂ ਨੂੰ ਵਹਿਸ਼ੀ ਅਤੇ ਲਾਲਚੀ ਵਿਅਕਤੀਆਂ ਨੇ ਆਪਣੇ ਮੁਨਾਫੇ ਲਈ ਅੰਨ੍ਹੇ ਅਤੇ ਗੂੰਗੇ ਹਥਿਆਰਾਂ ਵਿੱਚ ਬਦਲ ਦਿੱਤਾ ਸੀ।

ਅਤੇ ਇਹ ਅਭਾਗੇ, ਪੀੜਤ ਮਨੁੱਖ ਬੇਵਿਸ਼ਵਾਸੀ ਨਾਲ਼ ਇਹਨਾਂ ਨਵੇਂ ਸ਼ਬਦਾਂ ਦੇ ਸੰਗੀਤ ਨੂੰ ਸੁਣਦੇ, ਇੱਕ ਅਜਿਹੇ ਸੰਗੀਤ ਨੂੰ ਜੀਹਦੇ ਲਈ ਉਹਨਾਂ ਦੇ ਮੁਰਝਾਏ ਦਿਲ ਯੁੱਗਾਂ ਤੋਂ ਇੰਤਜ਼ਾਰ ਕਰ ਰਹੇ ਸਨ। ਹੌਲ਼ੀ-ਹੌਲ਼ੀ ਉਹਨਾਂ ਨੇ ਆਪਣੇ ਸਿਰ ਚੁੱਕੇ ਅਤੇ ਆਪਣੇ ਆਪ ਨੂੰ ਉਹਨਾਂ ਚਲਾਕੀ ਭਰੀਆਂ ਝੂਠੀਆਂ ਗੱਲਾਂ ਦੇ ਜਾਲ਼ ਤੋਂ ਮੁਕਤ ਕਰ ਲਿਆ, ਜਿਸ ਵਿੱਚ ਤਾਕਤਵਰ ਅਤੇ ਲਾਲਚੀ ਜ਼ਾਲਮਾਂ ਨੇ ਉਹਨਾਂ ਨੂੰ ਫਸਾ ਰੱਖਿਆ ਸੀ।

ਉਹਨਾਂ ਦੇ ਜੀਵਨ ਵਿੱਚ, ਜਿਸ ਵਿੱਚ ਉਦਾਸੀ ਨਾਲ਼ ਭਰੀ ਹੋਈ ਘੁੱਟਵੀਂ ਬੇਚੈਨੀ ਮੌਜੂਦ ਸੀ, ਉਹਨਾਂ ਦੇ ਦਿਲਾਂ ਵਿੱਚ ਜੋ ਅਨੇਕਾਂ ਜ਼ੁਲਮ ਸਹਿ ਕੇ ਜ਼ਹਿਰੀਲੇ ਹੋ ਚੁੱਕੇ ਸਨ, ਉਹਨਾਂ ਦੇ ਦਿਮਾਗ ਵਿੱਚ ਜੋ ਤਾਕਤਵਰਾਂ ਦੀਆਂ ਕਮੀਨਗੀ ਭਰੀਆਂ ਚਲਾਕੀਆਂ ਨਾਲ਼ ਜੜ ਹੋ ਗਿਆ ਸੀ, ਉਸ ਸਖ਼ਤ ਅਤੇ ਹੀਣ ਵਜੂਦ ਵਿੱਚ ਜੋ ਭਿਅੰਕਰ ਤਸੀਹਿਆਂ ਨਾਲ਼ ਸੁੱਕ ਚੁੱਕਾ ਸੀ— ਇੱਕ ਸਿੱਧਾ ਜਿਹਾ ਦੀਪਮਈ ਸ਼ਬਦ ਉਜਾਗਰ ਹੋ ਉੱਠਿਆ:
”ਕਾਮਰੇਡ!”

ਇਹ ਸ਼ਬਦ ਉਹਨਾਂ ਲਈ ਨਵਾਂ ਨਹੀਂ ਸੀ। ਉਹਨਾਂ ਨੇ ਇਸਨੂੰ ਸੁਣਿਆ ਸੀ ਅਤੇ ਖ਼ੁਦ ਵੀ ਇਸਨੂੰ ਉਚਾਰਿਆ ਸੀ। ਪਰ ਉਦੋਂ ਤੱਕ ਇਸ ਵਿੱਚ ਵੀ ਉਹੀ ਸੱਖਣਾਪਣ ਅਤੇ ਉਦਾਸੀ ਭਰੀ ਹੋਈ ਸੀ ਜੋ ਅਜਿਹੇ ਹੀ ਹੋਰਨਾਂ ਜਾਣੇ-ਪਛਾਣੇ ਅਤੇ ਸਧਾਰਨ ਸ਼ਬਦਾਂ ਵਿੱਚ ਭਰੀ ਰਹਿੰਦੀ ਹੈ ਤੇ ਜਿਨ੍ਹਾਂ ਨੂੰ ਭੁੱਲ ਜਾਣ ‘ਤੇ ਕੋਈ ਨੁਕਸਾਨ ਨਹੀਂ ਹੁੰਦਾ।

ਪਰ ਹੁਣ ਇਸ ਵਿੱਚ ਇੱਕ ਨਵੀਂ ਝਣਕਾਰ ਸੀ … ਤਾਕਤਵਰ ਅਤੇ ਸਪੱਸ਼ਟ ਝਣਕਾਰ; ਇੱਕ ਨਵੇਂ ਮਤਲਬ ਦਾ ਸੰਗੀਤ ਮੌਜੂਦ ਸੀ, ਇੱਕ ਹੀਰੇ ਵਾਂਗ ਕਠੋਰ ਚਮਕ ਅਤੇ ਉਸ ਵਿੱਚ ਆਤਮਾ ਗਾ ਰਹੀ ਸੀ। ਉਹਨਾਂ ਨੇ ਇਸਨੂੰ ਅਪਣਾਇਆ ਅਤੇ ਇਸਦਾ ਉਚਾਰਣ ਕੀਤਾ … ਸਾਵਧਾਨੀ ਨਾਲ਼, ਨਿਮਰਤਾ ਨਾਲ਼ ਅਤੇ ਉਹਨਾਂ ਇਸਨੂੰ ਆਪਣੇ ਦਿਲ ਨਾਲ਼ ਇੰਨੇ ਸਨੇਹ ਨਾਲ਼ ਲਾ ਲਿਆ ਜਿਵੇਂ ਮਾਂ ਆਪਣੇ ਬੱਚੇ ਨੂੰ ਝੂਲੇ ਵਿੱਚ ਝੂਲਾਉਂਦੀ ਹੈ। ਜਿਵੇਂ-ਜਿਵੇਂ ਇਸ ਸ਼ਬਦ ਦੀ ਲੋਅ ਆਤਮਾ ਅੰਦਰ ਡੂੰਘੀ ਉੱਤਰਦੀ ਗਈ, ਇਹ ਉਹਨਾਂ ਨੂੰ ਓਨਾ ਹੀ ਵਧੇਰੇ ਨਿਰਮਲ ਅਤੇ ਸੋਹਣਾ ਵਿਖਾਈ ਦਿੰਦਾ ਗਿਆ।

”ਕਾਮਰੇਡ!” ਉਹਨਾਂ ਕਿਹਾ। ਅਤੇ ਉਹਨਾਂ ਮਹਿਸੂਸ ਕੀਤਾ ਕਿ ਇਹ ਸ਼ਬਦ ਸੰਸਾਰ ਨੂੰ ਇੱਕ ਸੂਤਰ ਵਿੱਚ ਪਰੋਣ ਲਈ, ਸਭ ਮਨੁੱਖਾਂ ਨੂੰ ਅਜ਼ਾਦੀ ਦੀ ਸਭ ਤੋਂ ਉੱਚੀ ਚੋਟੀ ਤੱਕ ਚੁੱਕ ਕੇ ਉਹਨਾਂ ਨੂੰ ਨਵੇਂ ਸਬੰਧਾਂ ਵਿੱਚ ਬੱਝਣ ਲਈ ਇਸ ਸੰਸਾਰ ਵਿੱਚ ਆਇਆ ਹੈ— ਇੱਕ-ਦੂਜੇ ਦੀ ਇੱਜਤ ਕਰਨ ਦੇ ਮਜ਼ਬੂਤ ਸਬੰਧਾਂ ਵਿੱਚ ਬੱਝਣ ਲਈ ਤੇ ਦੂਜਿਆਂ ਦੀ ਅਜ਼ਾਦੀ ਦੀ ਇੱਜਤ ਲਈ, ਤਾਂ ਜੋ ਹਰੇਕ ਦੀ ਅਜ਼ਾਦੀ ਸੰਭਵ ਹੋਵੇ।

ਜਦੋਂ ਇਸ ਸ਼ਬਦ ਨੇ ਗੁਲਾਮਾਂ ਦੇ ਦਿਲਾਂ ਵਿੱਚ ਜੜਾਂ ਗੱਡ ਲਈਆਂ ਤਾਂ ਉਹ ਗੁਲਾਮ ਨਾ ਰਹੇ ਅਤੇ ਇੱਕ ਦਿਨ ਉਹਨਾਂ ਨੇ ਸ਼ਹਿਰ ਅਤੇ ਉਸਦੇ ਤਾਕਤਵਰ ਹਾਕਮਾਂ ਨੂੰ ਪੁਕਾਰ ਕੇ ਕਿਹਾ:

”ਬੱਸ, ਬਹੁਤ ਹੋ ਚੁੱਕਿਆ!”

ਇਸ ਨਾਲ਼ ਜੀਵਨ ਰੁਕ ਗਿਆ ਕਿਉਂਕਿ ਇਹ ਲੋਕ ਹੀ ਆਪਣੀ ਤਾਕਤ ਨਾਲ਼ ਇਸਦਾ ਸੰਚਾਲਨ ਕਰਦੇ ਸਨ, ਸਿਰਫ ਇਹੋ ਲੋਕ, ਕੋਈ ਹੋਰ ਨਹੀਂ। ਪਾਣੀ ਵਹਿਣਾ ਬੰਦ ਹੋ ਗਿਆ, ਅੱਗ ਬੁਝ ਗਈ, ਸ਼ਹਿਰ ਹਨੇਰੇ ਵਿੱਚ ਡੁੱਬ ਗਿਆ ਅਤੇ ਤਾਕਤਵਰ ਲੋਕ ਬੱਚਿਆਂ ਵਾਂਗ ਬੇਵਸ ਹੋ ਗਏ।

ਜ਼ਾਲਮਾਂ ਦੀ ਆਤਮਾ ਵਿੱਚ ਡਰ ਉੱਤਰ ਗਿਆ। ਆਪਣੇ ਹੀ ਮਲ-ਮੂਤਰ ਦੀ ਦਮ ਘੋਟੂ ਬਦਬੂ ਤੋਂ ਤੰਗ ਆ ਕੇ ਉਹਨਾਂ ਨੇ ਬਾਗ਼ੀਆਂ ਪ੍ਰਤੀ ਆਪਣੀ ਘ੍ਰਿਣਾ ਦਾ ਗਲ਼ਾ ਘੁੱਟ ਦਿੱਤਾ ਅਤੇ ਉਹਨਾਂ ਦੀ ਤਾਕਤ ਨੂੰ ਦੇਖ ਕੇ ਦੰਗ ਰਹਿ ਗਏ।

ਭੁੱਖ ਦਾ ਪ੍ਰੇਤ ਉਹਨਾਂ ਦਾ ਪਿੱਛਾ ਕਰਨ ਲੱਗਾ ਅਤੇ ਉਹਨਾਂ ਦੇ ਬੱਚੇ ਹਨ੍ਹੇਰੇ ਵਿੱਚ ਦੁਖੀ ਅਵਾਜ਼ ਵਿੱਚ ਰੋਣ ਲੱਗੇ।

ਘਰ ਅਤੇ ਗਿਰਜੇ ਅਵਸਾਦ ਵਿੱਚ ਡੁੱਬ ਗਏ ਅਤੇ ਪੱਥਰ ਅਤੇ ਲੋਹੇ ਦੇ ਬੇਰਹਿਮ ਚੌਗਿਰਦੇ ਵਿੱਚ ਘਿਰੀਆਂ ਸੜਕਾਂ ‘ਤੇ ਮੌਤ ਵਰਗੀ ਭਿਆਨਕ ਚੁੱਪ ਛਾ ਗਈ। ਜੀਵਨ ਗਤੀਹੀਣ ਹੋ ਗਿਆ ਕਿਉਂਕਿ ਜਿਸ ਤਾਕਤ ਨੇ ਇਸਨੂੰ ਪੈਦਾ ਕੀਤਾ ਸੀ ਉਹ ਹੁਣ ਆਪਣੀ ਹੋਂਦ ਪ੍ਰਤੀ ਚੇਤੰਨ ਹੋ ਚੁੱਕੀ ਸੀ ਅਤੇ ਗ਼ੁਲਾਮ ਮਨੁੱਖ ਨੇ ਆਪਣੀ ਇੱਛਾ ਨੂੰ ਪ੍ਰਗਟ ਕਰਨ ਵਾਲ਼ੇ ਕਰਾਮਾਤੀ ਅਤੇ ਅਜਿੱਤ ਸ਼ਬਦ ਦਾ ਭੇਤ ਪਾ ਲਿਆ ਸੀ। ਉਸਨੇ ਆਪਣੇ ਆਪ ਨੂੰ ਜ਼ੁਲਮ ਤੋਂ ਮੁਕਤ ਕਰਕੇ ਆਪਣੀ ਤਾਕਤ ਨੂੰ, ਜੋ ਸਿਰਜਕ ਦੀ ਤਾਕਤ ਸੀ, ਪਛਾਣ ਲਿਆ ਸੀ।

ਤਾਕਤਵਰਾਂ ਲਈ, ਜੋ ਆਪਣੇ ਆਪ ਨੂੰ ਜੀਵਨ ਦੇ ਸਵਾਮੀ ਸਮਝਦੇ ਸਨ, ਇਹ ਬੜੇ ਤਕਲੀਫਾਂ ਵਾਲ਼ੇ ਦਿਨ ਸਨ ਤੇ ਰਾਤ ਉਹਨਾਂ ਲਈ ਹਜ਼ਾਰਾਂ ਰਾਤਾਂ ਜਿੰਨੀ ਲੰਮੀ ਸੀ, ਦੁੱਖ ਵਾਂਗ ਗਹਿਰੀ। ਮੁਰਦਿਆਂ ਵਰਗੇ ਉਸ ਸ਼ਹਿਰ ਵਿੱਚ ਚਮਕਣ ਵਾਲ਼ੀਆਂ ਬੱਤੀਆਂ ਬਹੁਤ ਹੀ ਮੱਠੀਆਂ ਅਤੇ ਕਮਜ਼ੋਰ ਸਨ। ਉਹ ਸ਼ਹਿਰ ਸਦੀਆਂ ਦੀ ਮਿਹਨਤ ਨਾਲ਼ ਉੱਸਰਿਆ ਸੀ। ਉਹ ਰਾਖਸ਼ਸ ਜਿਸਨੇ ਮਨੁੱਖਾਂ ਦਾ ਲਹੂ ਚੂਸ ਲਿਆ ਸੀ, ਆਪਣੇ ਸਾਰੇ ਭੱਦੇਪਣ ਨੂੰ ਲੈ ਕੇ ਉਹਨਾਂ ਸਾਹਮਣੇ ਖੜ੍ਹਾ ਹੋ ਗਿਆ— ਪੱਥਰ ਅਤੇ ਕਾਠ ਦੇ ਇੱਕ ਤਰਸਯੋਗ ਢੇਰ ਵਾਂਗ। ਘਰਾਂ ਦੀਆਂ ਹਨੇਰੀਆਂ ਖਿੜਕੀਆਂ ਭੁੱਖੀਆਂ ਅਤੇ ਦੁਖੀ ਜਿਹੀ ਸੜਕ ਵੱਲ ਝਾਕ ਰਹੀਆਂ ਸਨ, ਜਿੱਥੇ ਜੀਵਨ ਦੇ ਸੱਚੇ ਸਵਾਮੀ ਦਿਲ ਵਿੱਚ ਇੱਕ ਨਵਾਂ ਉਤਸ਼ਾਹ ਲਈ ਚੱਲੇ ਜਾ ਰਹੇ ਸਨ। ਉਹ ਵੀ ਭੁੱਖੇ ਸਨ, ਅਸਲ ਵਿੱਚ ਦੂਜਿਆਂ ਨਾਲ਼ੋਂ ਵਧੇਰੇ ਭੁੱਖੇ, ਪਰ ਉਹਨਾਂ ਦੀ ਇਹ ਭੁੱਖ ਦੀ ਵੇਦਨਾ ਉਹਨਾਂ ਦੀ ਜਾਣੂ ਸੀ। ਉਹਨਾਂ ਦਾ ਸਰੀਰ ਤਕਲੀਫ ਸਹਿਣ ਵਿੱਚ ਇੰਨਾ ਅਸਮਰੱਥ ਨਹੀਂ ਸੀ ਜਿੰਨ੍ਹਾਂ ਕਿ ਜੀਵਨ ਦੇ ਉਹਨਾਂ ਸਵਾਮੀਆਂ ਦਾ। ਇਸਨੇ ਉਹਨਾਂ ਦੀ ਆਤਮਾ ਵਿੱਚ ਬਲ਼ ਰਹੀ ਉਸ ਅੱਗ ਨੂੰ ਵੀ ਮੱਠਾ ਨਾ ਕੀਤਾ। ਉਹ ਆਪਣੀ ਤਾਕਤ ਦਾ ਭੇਤ ਪਾ ਕੇ ਉਤੇਜਿਤ ਹੋ ਰਹੇ ਸਨ। ਆਉਣ ਵਾਲ਼ੀ ਜਿੱਤ ਦਾ ਵਿਸ਼ਵਾਸ਼ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਰਿਹਾ ਸੀ। ਉਹ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮ ਰਹੇ ਸਨ ਜੋ ਉਹਨਾਂ ਲਈ ਇੱਕਦਮ ਉਦਾਸ, ਮਜ਼ਬੂਤ ਜੇਲ੍ਹ ਵਾਂਗ ਸਨ। ਜਿੱਥੇ ਉਹਨਾਂ ਦੀ ਆਤਮਾ ‘ਤੇ ਅਣਗਿਣਤ ਜ਼ਖਮ ਵਿੰਨੇ ਗਏ ਸਨ। ਉਹਨਾਂ ਨੇ ਆਪਣੀ ਕਿਰਤ ਦੇ ਮਹੱਤਵ ਨੂੰ ਦੇਖਿਆ ਅਤੇ ਇਸਨੇ ਉਹਨਾਂ ਨੂੰ ਜੀਵਨ ਦਾ ਸਵਾਮੀ ਬਣਨ ਦੇ ਪਵਿੱਤਰ ਹੱਕ ਪ੍ਰਤੀ ਚੇਤੰਨ ਕਰ ਦਿੱਤਾ— ਜੀਵਨ ਦੇ ਨਿਯਮ ਘੜਨ ਵਾਲ਼ਾ ਅਤੇ ਉਸਨੂੰ ਪੈਦਾ ਕਰਨ ਵਾਲ਼ਾ। ਫਿਰ ਇੱਕ ਨਵੀਂ ਤਾਕਤ ਨਾਲ਼, ਇੱਕ ਚੁੰਧਿਆ ਦੇਣ ਵਾਲ਼ੀ ਚਮਕ ਨਾਲ਼, ਸਭ ਨੂੰ ਜਥੇਬੰਦ ਕਰਨ ਵਾਲ਼ਾ ਉਹ ਜੀਵਨਦਾਤਾ ਸ਼ਬਦ ਗੂੰਜ ਉੱਠਿਆ:
”ਕਾਮਰੇਡ!”

ਇਹ ਸ਼ਬਦ ਵਰਤਮਾਨ ਦੇ ਝੂਠੇ ਸ਼ਬਦਾਂ ਵਿੱਚ ਭਵਿੱਖ ਦੇ ਸੁਖਦ ਸੁਨੇਹੇ ਵਾਂਗ ਗੂੰਜ ਉੱਠਿਆ, ਜਿਸ ਵਿੱਚ ਇੱਕ ਨਵਾਂ ਜੀਵਨ ਸਭ ਦੀ ਉਡੀਕ ਕਰ ਰਿਹਾ ਸੀ। ਉਹ ਜੀਵਨ ਦੂਰ ਸੀ ਜਾਂ ਨੇੜੇ? ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਹੀ ਫੈਸਲਾ ਕਰਨਗੇ ਕਿ ਉਹ ਅਜ਼ਾਦੀ ਵੱਲ ਵਧਣਗੇ ਜਾਂ ਫਿਰ ਇਸਦੇ ਆਉਣ ਨੂੰ ਅੱਗੇ ਪਾ ਦੇਣਗੇ।

3.
ਉਸ ਵੇਸਵਾ ਨੇ ਵੀ, ਜੋ ਕੱਲ ਤੱਕ ਇੱਕ ਅੱਧੇ ਜਾਨਵਰ ਵਾਂਗ ਸੀ ਅਤੇ ਗੰਦੀਆਂ ਗਲ਼ੀਆਂ ਵਿੱਚ ਥੱਕੀ ਹੋਈ ਇਸ ਗੱਲ ਦੀ ਉਡੀਕ ਕਰਦੀ ਰਹਿੰਦੀ ਸੀ ਕਿ ਕੋਈ ਆਵੇ ਅਤੇ ਉਸਨੂੰ ਪੈਸੇ ਦੇ ਕੇ ਉਸਦੇ ਸੁੱਕੀ, ਖੋਖਲ਼ੀ ਦੇਹ ਨੂੰ ਖਰੀਦ ਲਵੇ, ਉਸ ਸ਼ਬਦ ਨੂੰ ਸੁਣਿਆ ਪਰ ਪ੍ਰੇਸ਼ਾਨ ਜਿਹੀ ਹੋਕੇ ਉਸਨੇ ਮੁਸਕਾਨ ਨਾਲ਼ ਇਸਦਾ ਉਚਾਰਣ ਕਰਨ ਦੀ ਹਿੰਮਤ ਕੀਤੀ। ਇੱਕ ਆਦਮੀ ਉਸ ਕੋਲ਼ ਆਇਆ, ਉਹਨਾਂ ਵਿੱਚੋਂ ਇੱਕ ਆਦਮੀ ਜਿਨ੍ਹਾਂ ਨੇ ਇਸਤੋਂ ਪਹਿਲਾਂ ਕਦੇ ਇਸ ਰਾਹ ‘ਤੇ ਪੈਰ ਨਹੀਂ ਸੀ ਪਾਇਆ ਅਤੇ ਉਸ ਨਾਲ਼ ਇਸ ਤਰ੍ਹਾਂ ਬੋਲਿਆ ਜਿਵੇਂ ਕੋਈ ਆਪਣੇ ਭਰਾ ਨਾਲ਼ ਬੋਲਦਾ ਹੈ:
”ਕਾਮਰੇਡ!” ਉਸਨੇ ਕਿਹਾ।

ਉਹ ਮੋਹਕ ਅਤੇ ਸ਼ਰਮੀਲੇ ਅੰਦਾਜ ਵਿੱਚ ਹੱਸੀ ਅਤੇ ਖੁਸ਼ੀ ਨਾਲ਼ ਲਗਭਗ ਰੋ ਹੀ ਪੈਣ ਵਾਲ਼ੀ ਸੀ, ਖੁਸ਼ੀ ਜੋ ਉਸਨੇ ਪਹਿਲੀ ਵਾਰ ਮਹਿਸੂਸ ਕੀਤੀ ਸੀ। ਹੰਝੂ, ਇੱਕ ਪਵਿੱਤਰ ਅਤੇ ਨਵੇਂ ਸੁੱਖ ਦੇ ਹੰਝੂ, ਉਸਦੀਆਂ ਉਹਨਾਂ ਅੱਖਾਂ ਵਿੱਚ ਚਮਕਣ ਲੱਗੇ ਜੋ ਕੱਲ ਤੱਕ ਪਥਰਾਈਆਂ ਹੋਈਆਂ ਅਤੇ ਭੁੱਖੀਆਂ ਨਜ਼ਰਾਂ ਨਾਲ਼ ਸੰਸਾਰ ਨੂੰ ਘੂਰਿਆ ਕਰਦੀਆਂ ਸਨ। ਸਮਾਜ ਵੱਲੋਂ ਛੇਕਿਆਂ ਦੀ, ਜਿਨ੍ਹਾਂ ਨੂੰ ਸੰਸਾਰ ਦੀ ਕਿਰਤੀ ਜਮਾਤ ਵਿੱਚ ਸ਼ਾਮਲ ਕਰ ਲਿਆ ਗਿਆ ਸੀ, ਇਹ ਖੁਸ਼ੀ ਸ਼ਹਿਰ ਦੀਆਂ ਸੜਕਾਂ ‘ਤੇ ਚਾਰੇ ਪਾਸੇ ਚਮਕਣ ਲੱਗੀ ਅਤੇ ਸ਼ਹਿਰ ਦੇ ਘਰਾਂ ਦੀਆਂ ਧੁੰਦਲ਼ੀਆਂ ਅੱਖਾਂ ਇਸਨੂੰ ਵਧਦੀ ਹੋਈ ਨਫ਼ਰਤ ਅਤੇ ਬੇਰਹਿਮੀ ਨਾਲ਼ ਵੇਖਣ ਲੱਗੀਆਂ।

ਉਸ ਭਿਖਾਰੀ ਨੇ ਵੀ, ਜਿਸਨੂੰ ਕੱਲ ਤੱਕ ਵੱਡੇ ਆਦਮੀ ਉਸਤੋਂ ਖਹਿੜਾ ਛੁਡਾਉਣ ਲਈ ਇੱਕ ਪੈਸਾ ਸੁੱਟ ਦਿੰਦੇ ਸਨ ਅਤੇ ਅਜਿਹਾ ਕਰਕੇ ਉਹ ਇਹ ਸਮਝਦੇ ਸਨ ਕਿ ਆਤਮਾ ਨੂੰ ਸ਼ਾਂਤੀ ਮਿਲ਼ੇਗੀ, ਇਹ ਸ਼ਬਦ ਸੁਣਿਆ ਸੀ। ਇਹ ਸ਼ਬਦ ਉਸ ਲਈ ਪਹਿਲੀ ਭੀਖ ਵਾਂਗ ਸੀ ਜਿਸਨੇ ਉਸਦੇ ਗ਼ਰੀਬੀ, ਕੰਗਾਲੀ ਨਾਲ਼ ਤਬਾਹ ਹੁੰਦੇ ਹੋਏ ਦਿਲ ਨੂੰ ਖੁਸ਼ੀ ਅਤੇ ਸ਼ੁਕਰਾਨੇ ਨਾਲ਼ ਭਰ ਦਿੱਤਾ ਸੀ।

ਉਹ ਤਾਂਗੇ ਵਾਲ਼ਾ, ਇੱਕ ਛੋਟਾ ਜਿਹਾ ਭੱਦਾ ਬੰਦਾ, ਜਿਸਦੇ ਗਾਹਕ ਉਸਦੀ ਪਿੱਠ ਵਿੱਚ ਇਸ ਲਈ ਮੁੱਕੇ ਮਾਰਦੇ ਸਨ ਤਾਂ ਕਿ ਉਤੇਜਿਤ ਹੋ ਕੇ ਉਹ ਆਪਣੇ ਭੁੱਖੇ, ਟੁੱਟੇ ਸਰੀਰ ਵਾਲ਼ੇ ਘੋੜੇ ਨੂੰ ਤੇਜ਼ ਚਲਾਉਣ ਲਈ ਛਾਂਟੇ ਮਾਰੇ। ਉਹ ਬੰਦਾ ਮੁੱਕੇ ਖਾਣ ਦਾ ਆਦੀ ਸੀ। ਪੱਥਰ ਦੀਆਂ ਸੜਕਾਂ ‘ਤੇ ਚੱਕਿਆਂ ਨਾਲ਼ ਪੈਦਾ ਹੋਣ ਵਾਲ਼ੀ ਖੜਖੜਾਹਟ ਦੀ ਧੁਨੀ ਵਿੱਚ ਜਿਸਦਾ ਦਿਮਾਗ਼ ਜੜ੍ਹ ਹੋ ਗਿਆ ਸੀ, ਉਸਨੇ ਵੀ ਬੜੀ ਚੰਗੀ ਤਰ੍ਹਾਂ ਮੁਸਕਰਾਉਂਦੇ ਹੋਏ ਇੱਕ ਰਾਹ ਜਾਣ ਵਾਲ਼ੇ ਨੂੰ ਕਿਹਾ:
”ਤਾਂਗੇ ‘ਤੇ ਚੜਨਾ ਚਾਹੁੰਦੇ ਹੋ … ਕਾਮਰੇਡ?”

ਇਹ ਕਹਿ ਕੇ, ਇਸ ਸ਼ਬਦ ਦੀ ਧੁਨੀ ਤੋਂ ਡਰਦਿਆਂ ਉਸਨੇ ਘੋੜੇ ਨੂੰ ਤੇਜ਼ ਚਲਾਉਣ ਲਈ ਲਗਾਮ ਸਾਂਭੀ ਅਤੇ ਉਸ ਰਾਹੀ ਵੱਲ ਵੇਖਿਆ। ਉਹ ਹੁਣ ਵੀ ਆਪਣੇ ਚੌੜੇ, ਲਾਲ ਚਿਹਰੇ ਤੋਂ ਮੁਸਕਾਨ ਦੂਰ ਕਰਨ ਵਿੱਚ ਅਸਮਰੱਥ ਸੀ।

ਉਸ ਰਾਹੀਂ ਨੇ ਪਿਆਰ ਨਾਲ਼ ਉਸ ਵੱਲ ਵੇਖਿਆ ਅਤੇ ਸਿਰ ਹਿਲਾਉਂਦੇ ਹੋਏ ਬੋਲਿਆ:

”ਮਿਹਰਬਾਨੀ ਕਾਮਰੇਡ! ਮੈਂ ਬਹੁਤਾ ਦੂਰ ਨਹੀਂ ਜਾਣਾ, ਪੈਦਲ ਹੀ ਚਲਾ ਜਾਵਾਂਗਾ।”

”ਚਲੋ ਕੋਈ ਗੱਲ ਨਹੀਂ,” ਇੱਕ ਮੁਸਕਾਨ ਨਾਲ਼ ਇਹ ਕਹਿੰਦਿਆਂ ਅਤੇ ਖੁਸ਼ੀ ਨਾਲ਼ ਆਪਣੀਆਂ ਅੱਖਾਂ ਝਪਕਦਾ ਉਹ ਤਾਂਗੇ ਵਾਲ਼ਾ ਆਪਣੀ ਸੀਟ ‘ਤੇ ਮੁੜਿਆ ਅਤੇ ਸੜਕ ‘ਤੇ ਖੜਖੜਾਹਟ ਦਾ ਉੱਚਾ ਰੌਲ਼ਾ ਪਾਉਂਦੇ ਹੋਏ ਚਲਾ ਗਿਆ।

ਫੁੱਟਪਾਥ ‘ਤੇ ਆਦਮੀ ਵੱਡੇ-ਵੱਡੇ ਝੁੰਡਾਂ ਵਿੱਚ ਚੱਲ ਰਹੇ ਸਨ ਅਤੇ ਚੰਗਿਆੜੀ ਵਾਂਗ ਉਹ ਮਹਾਨ ਸ਼ਬਦ, ਜੋ ਸੰਸਾਰ ਨੂੰ ਜਥੇਬੰਦ ਕਰਨ ਲਈ ਪੈਦਾ ਹੋਇਆ ਸੀ, ਉਹਨਾਂ ਲੋਕਾਂ ਵਿੱਚ ਇੱਧਰੋਂ ਓਧਰ ਘੁੰਮ ਰਿਹਾ ਸੀ।

”ਕਾਮਰੇਡ!”

ਇੱਕ ਪੁਲਿਸ ਵਾਲ਼ਾ— ਸੰਘਣੀਆਂ ਮੁੱਛਾ ਵਾਲ਼ਾ, ਗੰਭੀਰ ਅਤੇ ਆਪਣੀ ਮਹੱਤਤਾ ਤੋਂ ਸੁਚੇਤ— ਇੱਕ ਝੁੰਡ ਕੋਲ਼ ਆਇਆ, ਜੋ ਸੜਕ ਕਿਨਾਰੇ ਭਾਸ਼ਣ ਦੇਣ ਵਾਲ਼ੇ ਇੱਕ ਬਜ਼ੁਰਗ ਦੇ ਚੌਹੀਂ ਪਾਸੇ ਇਕੱਠਾ ਹੋ ਗਿਆ ਸੀ। ਕੁੱਝ ਦੇਰ ਤੱਕ ਉਸਦੀਆਂ ਗੱਲਾਂ ਸੁਣਨ ਮਗਰੋਂ ਉਸਨੇ ਨਿਮਰਤਾ ਨਾਲ਼ ਕਿਹਾ:
”ਸੜਕ ‘ਤੇ ਸਭਾ ਕਰਨਾ ਕਨੂੰਨ ਦੇ ਵਿਰੁੱਧ ਹੈ … ਤਿੱਤਰ-ਬਿੱਤਰ ਹੋ ਜਾਓ, ਭਲਿਓ ਲੋਕੋ …” ਅਤੇ ਇੱਕ ਪਲ ਰੁਕ ਕੇ ਉਸਨੇ ਆਪਣੀਆਂ ਅੱਖਾਂ ਝੁਕਾਈਆਂ ਅਤੇ ਹੌਲ਼ੀ ਜਿਹੇ ਬੋਲਿਆ, ”ਕਾਮਰੇਡੋ…” ਉਹਨਾਂ ਲੋਕਾਂ ਦੇ ਚਿਹਰੇ ‘ਤੇ, ਜਿਨ੍ਹਾਂ ਇਸ ਸ਼ਬਦ ਨੂੰ ਆਪਣੇ ਦਿਲ ਵਿੱਚ ਜੜਿਆ ਹੋਇਆ ਸੀ ਅਤੇ ਜਿਨ੍ਹਾਂ ਨੇ ਆਪਣੇ ਲਹੂ ਤੇ ਮਾਸ ਨਾਲ਼ ਇਸਨੂੰ ਅਤੇ ਏਕਤਾ ਦੀ ਪੁਕਾਰ ਦੀ ਤੀਬਰ ਧੁਨੀ ਨੂੰ ਵਧਾਇਆ ਸੀ, ਸਿਰਜਕਾਂ ਵਾਲ਼ਾ ਮਾਣ ਝਲਕਣ ਲੱਗਾ। ਇਹ ਸਪੱਸ਼ਟ ਹੋ ਰਿਹਾ ਸੀ ਕਿ ਉਹ ਤਾਕਤ, ਜੋ ਇਹਨਾਂ ਲੋਕਾਂ ਨੇ ਇਸ ਜਿਉਂਦੇ-ਜਾਗਦੇ ਸ਼ਬਦ ਵਿੱਚ ਪਾਈ ਸੀ, ਅਜਿੱਤ ਅਤੇ ਅਮੁੱਕ ਸੀ।

ਉਹਨਾਂ ਲੋਕਾਂ ਖ਼ਿਲਾਫ ਭੂਰੀ ਵਰਦੀ ਪਾਈ ਹਥਿਆਰਬੰਦ ਆਦਮੀਆਂ ਦੇ ਅੰਨ੍ਹੇ ਦਸਤੇ ਇਕੱਠੇ ਹੋਣ ਲੱਗੇ ਸਨ। ਉਹ ਚੁੱਪਚਾਪ ਇੱਕੋ ਜਿਹੀਆਂ ਕਤਾਰਾਂ ਵਿੱਚ ਖੜੇ ਸਨ। ਜ਼ਾਲਮਾਂ ਦਾ ਗੁੱਸਾ ਉਹਨਾਂ ਬਾਗ਼ੀਆਂ ‘ਤੇ, ਜੋ ਇਨਸਾਫ਼ ਲਈ ਲੜ ਰਹੇ ਸਨ, ਫੁੱਟ ਪੈਣ ਲਈ ਤਿਆਰ ਸੀ।
ਉਸ ਸ਼ਹਿਰ ਦੀਆਂ ਟੇਢੀਆਂ-ਮੇਢੀਆਂ ਤੰਗ ਗਲ਼ੀਆਂ ਵਿੱਚ ਅਗਿਆਤ ਸਿਰਜਕਾਂ ਦੁਆਰਾ ਬਣਾਈਆਂ ਹੋਈਆਂ ਠੰਢੀਆਂ, ਖਮੋਸ਼ ਕੰਧਾਂ ਅੰਦਰ ਮਨੁੱਖਤਾ ਦੇ ਭਾਈਚਾਰੇ ਦੀ ਭਾਵਨਾ ਫੈਲ ਰਹੀ ਸੀ ਅਤੇ ਮਜ਼ਬੂਤ ਹੋ ਰਹੀ ਸੀ।

”ਕਾਮਰੇਡੋ!”

ਥਾਂ-ਥਾਂ ਅੱਗ ਭੜਕ ਉੱਠੀ ਜੋ ਇੱਕ ਅਜਿਹੇ ਜਵਾਲਾਮੁਖੀ ਵਿੱਚ ਫੁੱਟ ਜਾਣ ਦਾ ਪ੍ਰਤੀਕ ਸੀ ਜੋ ਸਾਰੇ ਸੰਸਾਰ ਨੂੰ ਭਾਈਚਾਰੇ ਦੀ ਮਜ਼ਬੂਤ ਅਤੇ ਨਿਰਮਲ ਭਾਵਨਾ ਵਿੱਚ ਬੰਨ੍ਹ ਦੇਣ ਵਾਲ਼ੀ ਸੀ। ਉਹ ਸਾਰੀ ਧਰਤੀ ਨੂੰ ਆਪਣੇ ਵਿੱਚ ਸਮੋ ਲਵੇਗੀ ਅਤੇ ਉਸਨੂੰ ਸੁਕਾ ਦੇਵੇਗੀ। ਨਫਰਤ, ਘ੍ਰਿਣਾ ਅਤੇ ਬੇਰਹਿਮੀ ਦੀਆਂ ਭਾਵਨਾਵਾਂ ਨੂੰ ਜਲ਼ਾ ਕੇ ਸਵਾਹ ਕਰ ਦੇਵੇਗੀ ਜੋ ਸਾਡੇ ਰੂਪ ਨੂੰ ਭੱਦਾ ਬਣਾਉਂਦੀਆਂ ਹਨ। ਉਹ ਸਾਰੇ ਦਿਲਾਂ ਨੂੰ ਪਿਘਲ਼ਾ ਕੇ ਉਹਨਾਂ ਨੂੰ ਇੱਕ ਦਿਲ ਵਿੱਚ ਢਾਲ਼ ਦੇਵੇਗੀ— ਪੂਰੇ ਸੰਸਾਰ ਦੇ ਇੱਕ ਦਿਲ ਵਿੱਚ, ਸਿੱਧੇ ਅਤੇ ਚੰਗੇ ਇਨਸਾਨਾਂ ਦੇ ਦਿਲ ਵਿੱਚ, ਜੋ ਰਲ਼ ਕੇ ਕਿਰਤੀਆਂ ਦਾ ਇੱਕ ਸੁੰਦਰ, ਸਨੇਹਪੂਰਨ ਪਰਿਵਾਰ ਬਣ ਜਾਵੇਗਾ।
ਉਸ ਨਿਰਜਿੰਦ ਸ਼ਹਿਰ ਦੀਆਂ ਉਹਨਾਂ ਸੜਕਾਂ ‘ਤੇ ਜਿਨ੍ਹਾਂ ਨੂੰ ਗ਼ੁਲਾਮਾਂ ਨੇ ਬਣਾਇਆ ਸੀ, ਸ਼ਹਿਰ ਦੀਆਂ ਉਹਨਾਂ ਗਲ਼ੀਆਂ ਵਿੱਚ ਜਿੱਥੇ ਵਹਿਸ਼ਤ ਦਾ ਸਾਮਰਾਜ ਵਸਦਾ ਸੀ, ਮਨੁੱਖਤਾ ਵਿੱਚ ਯਕੀਨ ਰੱਖਣ ਅਤੇ ਆਪਣੇ ਆਪ ‘ਤੇ ਅਤੇ ਸੰਸਾਰ ਦੀਆਂ ਸਾਰੀਆਂ ਬੁਰਾਈਆਂ ‘ਤੇ ਮਨੁੱਖ ਦੀ ਜਿੱਤ ਦੀ ਭਾਵਨਾ ਵਧੀ ਅਤੇ ਤਾਕਤਵਰ ਬਣੀ।

ਅਤੇ ਉਸ ਬੇਚੈਨੀ ਭਰੇ ਹੋਏ ਨੀਰਸ ਹੋਂਦ ਦੇ ਰੌਲ਼ੇ-ਰੱਪੇ ਵਿੱਚ, ਇੱਕ ਦੀਪਮਾਨ, ਉੱਜਲ ਸਿਤਾਰੇ ਵਾਂਗ, ਭਵਿੱਖ ਨੂੰ ਸਪੱਸ਼ਟ ਕਰਨ ਵਾਲ਼ੇ ਉਲਕਾ ਵਾਂਗ, ਉਹ ਦਿਲ ਨੂੰ ਪ੍ਰਭਾਵਿਤ ਕਰਨ ਵਾਲ਼ਾ ਸਾਦਾ ਅਤੇ ਸਰਲ ਸ਼ਬਦ ਚਮਕਣ ਲੱਗਾ:

”ਕਾਮਰੇਡ!”

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •