Daagh (Punjabi Story) : Tauqeer Chughtai

ਦਾਗ਼ (ਕਹਾਣੀ) : ਤੌਕੀਰ ਚੁਗ਼ਤਾਈ

ਅਸੀਂ ਦਾਦੇ ਤੇ ਦਾਦੀ ਨੂੰ ਕਦੀ ਇਕੱਠਿਆਂ ਨਹੀਂ ਸੀ ਵੇਖਿਆ। ਖਾਣ ਪੀਣ ਹੋਵੇ ਜਾਂ ਨਹਾਣ ਧੋਣ, ਦਾਦੇ ਦੇ ਸਾਰੇ ਕੰਮ ਅੱਬਾ ਜੀ ਨੇ ਆਪਣੇ ਸਿਰ ਚੁੱਕ ਲਿੱਤੇ ਸਨ। ਫਿਰ ਵੀ ਅੱਬੇ ਦੇ ਹਰ ਕੰਮ ਵਿਚੋਂ ਦਾਦਾ ਕੋਈ ਨਾ ਕੋਈ ਕੀੜਾ ਜ਼ਰੂਰ ਕੱਢ ਲੈਂਦਾ ਸੀ। ਜੇ ਸੁੱਕੀ ਰੋਟੀ ਲਿਆਂਦਾ ਤਾਂ ਓਹ ਚੋਪੜੀ ਮੰਗਦਾ, ਚੋਪੜੀ ਹੋਵੇ ਤਾਂ ਸੁੱਕੀ ਦੀ ਫਰਮਾਇਸ਼ ਹੁੰਦੀ। ਛਾਬੇ 'ਚ ਧਰ ਕੇ ਲਿਆਓ ਤਾਂ ਥਾਲੀ 'ਚ ਮੰਗਦਾ, ਜੇ ਥਾਲੀ 'ਚ ਲਿਆਓ ਤਾਂ ਦੋ ਗਾਹਲਾਂ ਕੱਢ ਕੇ ਪਰ੍ਹਾਂ ਵਗਾਹ ਛੱਡਦਾ।
ਦਾਦੇ ਦੇ ਹੱਥਾਂ ਨੂੰ ਅਰਾਮ ਨਹੀਂ ਸੀ ਆਉਂਦਾ, ਜਦੋਂ ਦਾ ਤੁਰਣ ਫਿਰਣ ਮੁੱਕਿਆ ਓਹ ਮੰਜੀ ਤੇ ਬੈਠਾ ਹੱਥ 'ਚ ਡੰਗੋਰੀ ਫੜ ਕੇ ਬਸ ਕੁਕੜਾਂ ਨੂੰ ਸ਼ੋਹ-ਸ਼ੋਹ ਕਰਦਾ ਰਹਿੰਦਾ ਸੀ। ਜੇ ਮੈਂ ਕਿਸੇ ਕਲਾਸ ਫੈਲੋ ਨੂੰ ਨਾਲ ਲਿਆਂਦਾ ਤਾਂ ਦਾਦਾ ਪਹਿਲਾਂ ਓਹਦਾ ਇੰਟਰਵਿਓ ਕਰਦਾ। ਬੋਝੇ ਨਾਲ ਲੱਗੇ ਪੈੱਨ ਨੂੰ ਖੋਲ੍ਹ ਕੇ ਓਹਦੀ ਸ਼ਾਹੀ ਚੈੱਕ ਕਰਦਾ, ਨਿੱਬ ਨੂੰ ਨਹੂੰ ਤੇ ਲਾ ਕੇ ਤਕਦਾ, ਫਿਰ ਕਾਗ਼ਤ ਮੰਗਵਾ ਕੇ ਸੈਨ ਕਰਵਾਂਦਾ ਤੇ ਅਖੀਰ 'ਚ ਆਪਣੇ ਸੈਨ ਕਰਵਾਣ ਮਗਰੋਂ ਦੋ ਤਿਨ ਵਾਰ ਫਿਰ ਸੈਨ ਕਰ ਕੇ ਓਹਨੂੰ ਕਹਿੰਦਾ।
''ਤਿਨਾਂ ਨੂੰ ਮਿਲਾ ਕੇ ਤਕ ਲੈ, ਵਾਲ ਬਰਾਬਰ ਵੀ ਫ਼ਰਕ ਨਹੀਂ ਆਏਗਾ, ਇਹਨੂੰ ਕਹਿੰਦੇ ਨੇ ਸੈਨ।'' ਫਿਰ ਓਹਦੇ ਪਿਓ ਦਾਦੇ ਦਾ ਨਾਂ ਤੇ ਕਸਬ ਪੁੱਛਣ ਮਗਰੋਂ ਈ ਓਹਨੂੰ ਮੇਰੇ ਨਾਲ ਅੰਦਰ ਜਾਣ ਦੀ ਇਜਾਜ਼ਤ ਮਿਲਦੀ।
ਘਰ ਆਲੇ ਦਾਦੇ ਦੀ ਇਸ ਇਲਤ ਤੋਂ ਬੜੇ ਖਿਝਦੇ ਸਨ, ਪਰ ਕੀਹ ਕਰਦੇ। ਡਾਕਟਰ ਦਾ ਕਹਿਣਾ ਸੀ ਬਾਬੇ ਨੂੰ ਕਿਸੇ ਕੰਮ ਤੇ ਲਾ ਦਿਓ। ਅੱਗੋਂ ਦਾਦੀ ਹੱਸ ਕੇ ਆਖਦੀ, ''ਹੁਣ ਇਹ ਕਿਹੜੇ ਕੰਮ ਜੋਗਾ !''
ਕੁਸ਼ ਚਿਰ ਤੋਂ ਦਾਦੇ ਦੇ ਮੱਥੇ ਤੇ ਕਾਲੇ ਰੰਗ ਦਾ ਇਕ ਦਾਗ਼ ਜਿਹਾ ਬਣ ਗਿਆ ਸੀ ਜਿਹਦੇ ਵਿਚੋਂ ਕਦੀ ਕਦੀ ਪੀਲੇ ਰੰਗ ਦਾ ਪਾਣੀ ਵੀ ਸਿੰਮਦਾ। ਦਾਦੀ ਨੇ ਪੰਸਾਰੀ ਦੀ ਹੱਟੀ ਤੋਂ ਗੰਦ੍ਰਫ਼ ਮੰਗਵਾਈ, ਓਹਨੂੰ ਪੀਹ ਕੇ ਵਿਚ ਗਾਵਾ ਮੱਖਣ ਰਲਾਇਆ ਤੇ ਚਿੱਟੇ ਕੁਕੜ ਦੇ ਖੰਭ ਨਾਲ ਦਾਦੇ ਦੇ ਮੱਥੇ ਤੇ ਲਾ ਦਿੱਤਾ। ਓਸ ਦਿਨ ਮੇਰੇ ਬਿਨਾਂ ਘਰ 'ਚ ਹੋਰ ਕੋਈ ਵੀ ਨਹੀਂ ਸੀ। ਮੈਂ ਸਕੂਲ ਦਾ ਕੰਮ ਕਰ ਰਿਹਾ ਸਾਂ ਤੇ ਨਾਲ ਈ ਚੋਖੇ ਚਿਰ ਮਗਰੋਂ ਦੋਵਾਂ ਨੂੰ ਇਕ ਥਾਂ ਕੱਠਾ ਤੱਕ ਕੇ ਖੁਸ਼ ਵੀ ਹੋ ਰਿਹਾ ਸਾਂ। ਅੱਬਾ ਜੀ ਦੂਜੇ ਪਿੰਡ ਕਿਸੇ ਕੰਮ ਨੂੰ ਗਏ ਹੋਏ ਸਨ ਤੇ ਬੇਬੇ ਕਿਸੇ ਦੇ ਘਰ ਫੂਹੜੀ ਤੇ ਤੁਰ ਗਈ ਸੀ।
ਦਾਦੀ ਨੇ ਖੰਭ ਨਾਲ ਹੌਲੀ ਹੌਲੀ ਦਾਦੇ ਦੇ ਮੱਥੇ ਤੇ ਦਵਾਈ ਲਾਈ ਤੇ ਪੁੱਛਿਆ, ''ਕੀਹ ਹੋਇਆ ?''
''ਕੁਸ਼ ਨਹੀਂ। …''
ਕਹਿੰਦੇ ਹੋਏ ਦਾਦੇ ਦੀਆਂ ਅੱਖਾਂ 'ਚ ਅੱਥਰੂ ਆ ਗਏ ਤੇ ਓਹਨੇ ਦਾਦੀ ਦੀ ਬਾਂਹ ਫੜ ਲਿਤੀ।
''ਕੀਹ ਕਰਦੇ ਓ ! ਕੋਈ ਵੇਖ ਲਏਗਾ, ਮੈਂ ਇਸੇ ਡਰ ਦੀ ਮਾਰੀ ਤੁਹਾਡੇ ਲਾਗੇ ਨਹੀਂ ਆਉਂਦੀ। ਤੁਹਾਡੇ ਹੱਥਾਂ ਨੂੰ ਆਰਾਮ ਕਿਓਂ ਨਹੀਂ ਆਓਂਦਾ?''
''ਹਰ ਸ਼ੈਆਂ ਨੂੰ ਆਰਾਮ ਆ ਗਿਆ, ਪਰ ਦਿਲ ਤੇ ਹੱਥਾਂ ਨੂੰ ਅਰਾਮ ਨਹੀਂ ਆਂਦਾ । ਇਹਨਾਂ ਨੂੰ ਵੀ ਆ ਜਾਏਗਾ।''
''ਚਲੋ ਛੱਡੋ! ਹਰ ਗੱਲ ਵੇਲੇ ਸਿਰ ਚੰਗੀ ਲਗਦੀ ਏ, ਮੁੰਡਾ ਸੁਣੇਗਾ ਤਾਂ ਕੀਹ ਆਖੇਗਾ ?''
''ਧੌਣ ਨੀਵੀਂ ਕਰ ਕੇ ਸਕੂਲ ਦਾ ਕੰਮ ਕਰਦਾ ਪਿਆ ਏ। ਓਹਨੂੰ ਕੀਹ ਪਤਾ ਅਸੀਂ ਕੀਹ ਆਖ ਸੁਣ ਰਹੇ ਹਾਂ, ਨਾਲੇ ਤੂੰ ਕਿਹੜਾ ਰੋਜ਼ ਰੋਜ਼ ਮੇਰੇ ਲਾਗੇ ਆਓਂਦੀ ਏਂ!''
''ਪਰ ਤੁਹਾਡੇ ਮੱਥੇ ਤੇ ਹੋਇਆ ਕੀਹ ਏ ? ਵੇਖੋ ਤਾਂ ਸਹੀ ਇੰਨਾ ਵੱਡਾ ਕਾਲਾ ਦਾਗ਼। ਵਿਚੋਂ ਗੰਦਾ ਪਾਣੀ ਵੀ ਸਿੰਮਦਾ ਪਿਆ ਜੇ। ਮੈਂ ਸ਼ੀਸ਼ਾ ਲਿਆਂਦੀ ਹਾਂ ਆਪੇ ਵੇਖ ਲਓ।''
''ਨਹੀਂ ਸ਼ੀਸ਼ਾ ਨ ਲਿਆਈਂ, ਹੁਣ ਇਹ ਮੂੰਹ ਵੇਖਣ ਜੋਗਾ ਕਿਥੇ ਰਿਹਾ। ਤੂੰ ਇਕ ਦਾਗ਼ ਦੀ ਗੱਲ ਕਰਦੀ ਏਂ ਮੈਨੂੰ ਹਜ਼ਾਰਾਂ ਦਿੱਸਣਗੇ।''
''ਪਰ ਹੋਇਆ ਕੀਹ। ਦੂਜਾ ਦਿਨ ਹੋ ਗਿਆ, ਲੋਕੀ ਪੁੱਛਦੇ ਨੇ ਤਾਂ ਮੈਂ ਚੁੱਪ ਕਰ ਜਾਂਦੀ ਹਾਂ, ਮੈਨੂੰ ਕੁਸ਼ ਪਤਾ ਹੋਵੇ ਤਾਂ ਦੱਸਾਂ। ਨਾਲ ਦੀ ਸ਼ਰੀਫਾਂ ਵੀ ਪੁੱਛ ਰਹੀ ਸੀ। ਮੈਂ ਝੱਟ ਬੋਲਿਆ ਕਿ ਮੰਜੀ ਦੇ ਪਾਵੇ ਤੇ ਸਿਰ ਲੱਗ ਗਿਆ ਸੀ।''
''ਇਵੇਂ ਖੁਰਕ ਜਿਹੀ ਆਈ ਸੀ, ਸ਼ੈਤ ਮੱਛਰ ਲੜਿਆ ਸੀ ਰਾਤ ਨੂੰ। ਮੈਂ ਕੁਸ਼ ਵਾਹਵਾ ਈ ਖੁਰਕ ਲਿਆ ਸੀ।'' ਦਾਦੇ ਨੇ ਛੇਕੜ ਦੱਸ ਈ ਦਿੱਤਾ।
''ਹਾਏ ਹਾਏ! ਹੱਦ ਹੁੰਦੀ ਏ ਕਿਸੇ ਗੱਲ ਦੀ, ਵੇਖੋ ਤਾਂ ਸਹੀ ਆਪਣਾ ਮੱਥਾ ! ਇੰਜ ਲਗਦਾ ਏ ਜਿਵੇਂ, ਕਿਸੇ ਵੱਟਾ ਮਾਰਿਆ ਹੋਵੇ।''
ਅੱਬਾ ਜੀ ਘਰ ਆਏ ਤਾਂ ਦਾਦੀ ਨੇ ਓਹਨਾਂ ਨੂੰ ਦਾਦੇ ਦਾ ਹਾਲ ਸੁਣਾਇਆ।
''ਮੈਂ ਡਾਕਟਰ ਨੂੰ ਬੁਲਾ ਲਿਆਨਾਂ।'' ਅੱਬਾ ਜੀ ਨੇ ਕਿਹਾ। ਤੇ ਸ਼ਾਮਾਂ ਨੂੰ ਡਾਕਟਰ ਸਾਡੇ ਘਰ ਆ ਗਿਆ।
''ਹਾਂ ਜੀ ! ਕੀਹ ਹੋ ਗਿਆ ਬਾਬਾ ਜੀ?'' ਡਾਕਟਰ ਨੇ ਪੁੱਛਿਆ।
''ਕੁਸ਼ ਨਹੀਂ, ਖੌਰੇ ਕੋਈ ਮੱਖੀ ਮੱਛਰ ਲੜਿਆ ਸੀ। ਤੇ ਇਵੇਂ ਖੁਰਕ ਜਿਹੀ ਆ ਗਈ ਸੀ, ਮੈਂ ਇਕ ਵਾਰ ਖੁਰਕਿਆ ਤੇ ਫਿਰ ਖੁਰਕਦਾ ਈ ਰਿਹਾ। ਖੁਰਕ ਦਾ ਵੀ ਆਪਣਾ ਈ ਮਜ਼ਾ ਹੁੰਦਾ ਏ ਨਾ ਡਾਕਟਰ ਸਾਹਿਬ!'' ਦਾਦੇ ਨੇ ਅੱਖ ਦਬਾ ਕੇ ਆਖਿਆ।
''ਇਹ ਕੋਈ ਵੱਡਾ ਫੱਟ ਨਹੀਂ, ਤੁਸਾਂ ਖੁਰਕ ਖੁਰਕ ਕੇ ਵੱਡਾ ਕਰ ਛੱਡਿਆ ਏ।'' ਡਾਕਟਰ ਦਾ ਕਹਿਣਾ ਸੀ।
''ਡਾਕਟਰ ਸਾਹਿਬ! ਇਹ ਜਿਵੇਂ ਜਿਵੇਂ ਬੁੱਢੇ ਹੋਈ ਜਾਂਦੇ ਨੇ ਓਵੇਂ ਓਵੇਂ ਅਣਤੋਲੇ ਜਿਹੇ ਹੋਈ ਜਾ ਰਹੇ ਨੇ, ਹਰ ਗੱਲ 'ਚ ਦਖਲ ਦੇਂਦੇ ਤੇ ਹਰ ਚੀਜ਼ 'ਚ ਹੱਥ ਮਾਰਦੇ ਨੇ। ਕੋਈ ਏਹੋ ਜਹੀ ਦਵਾਈ ਦਿਓ ਜਿਹਦੇ ਨਾਲ ਇਹਨਾਂ ਦੇ ਦਿਲ ਨੂੰ ਆਰਾਮ ਆ ਜਾਏ ਤੇ ਹੱਥ ਵੀ ਕਾਬੂ ਹੋ ਜਾਣ।'' ਦਾਦੀ ਨੇ ਕਿਹਾ।
''ਅੰਮਾਂ ਜੀ! ਸਾਰਿਆਂ ਨੇ ਬੁੱਢਾ ਹੋ ਜਾਣਾ ਏ। ਕੱਲ੍ਹ ਨੂੰ ਮੈਂ ਵੀ ਬੁੱਢਾ ਹੋ ਜਾਵਾਂਗਾ। ਸਾਨੂੰ ਸਾਰੇ ਬੁੱਢੇ ਬੰਦਿਆਂ ਤੇ ਆਪਣੇ ਬੁੱਢੇ ਮਾਪਿਆਂ ਦਾ ਧਿਆਨ ਰੱਖਣਾ ਚਾਹੀਦਾ। ਇਵੇਂ ਤਾਂ ਨਹੀਂ ਕਹਿੰਦੇ ਕਿ ਜਦੋਂ ਬੰਦਾ ਬੁੱਢਾ ਹੁੰਦਾ ਏ ਉਹ ਬੱਚਾ ਬਣ ਜਾਂਦਾ ਏ। ਤੁਸੀਂ ਇਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਿਆ ਕਰੋ ਜੇ।''
ਦਾਦੀ ਨੇ ਡਾਕਟਰ ਦੀ ਗੱਲ ਸੁਣ ਕੇ ਨੀਵੀਂ ਪਾ ਲਈ। ਜਿਵੇਂ ਆਖ ਰਹੀ ਹੋਵੇ, ਹਰ ਲੋੜ ਦਾ ਇਕ ਵੇਲਾ ਹੁੰਦਾ ਏ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਤੇ ਘਰ ਆਲਿਆਂ ਨੂੰ ਇਕ ਪਾਸੇ ਕਰ ਕੇ ਆਖਿਆ।
''ਇਹ ਆਪਣੇ ਆਪ ਨੂੰ ਕੱਲਾ ਸਮਝਦੇ ਨੇ। ਤੁਸੀਂ ਇਹਨਾਂ ਦੇ ਕੋਲ ਬੈਠ ਕੇ ਇਹਨਾਂ ਨਾਲ ਗੱਲਾਂ ਕਰਿਆ ਕਰੋ ਇੰਜ ਇਹਨਾਂ ਦਾ ਵੇਲਾ ਸੌਖਾ ਲੰਘ ਜਾਏਗਾ।''
''ਇਹਨਾਂ ਦਾ ਵੇਲਾ ਤਾਂ ਸੌਖਾ ਲੰਘ ਜਾਏਗਾ ਪਰ ਸਾਡੇ ਵੇਲੇ ਦਾ ਕੀਹ ਬਣੇਗਾ!'' ਦਾਦੀ ਨੇ ਬੁੜ ਬੁੜ ਕਰਦਿਆਂ ਹੌਲੀ ਜਿਹੀ ਆਖਿਆ।
ਸਕੂਲ ਜਾਣ ਲੱਗਿਆਂ ਦਾਦੇ ਨੇ ਮੈਨੂੰ ਵਾਜ ਮਾਰੀ, ਮੈਂ ਓਹਦੇ ਕੋਲ ਗਿਆ ਤਾਂ ਓਹਨੇ ਮੈਨੂੰ ਪੁੱਛਿਆ, ''ਦਾਦੀ ਕਿੱਥੇ ਉ।''
''ਝਲ੍ਹਾਣੀ 'ਚ।'' ਮੈਂ ਆਖਿਆ।
''ਓਹਨੂੰ ਆਖ ਮੇਰੀ ਗੱਲ ਸੁਣ ਜਾ।'' ਮੈਂ ਝਲਾਣੀ ਵੱਲ ਪਰਤ ਗਿਆ। ਅੰਦਰ ਵੇਖਿਆ ਤਾਂ ਦਾਦੀ ਨਾਸ਼ਤਾ ਕਰਦੀ ਪਈ ਸੀ।
''ਦਾਦੀ ! ਤੈਨੂੰ ਦਾਦਾ ਬੁਲਾਂਦਾ ਏ।'' ਮੈਂ ਦਾਦੀ ਨੂੰ ਆਖਿਆ।
''ਓਹਨੂੰ ਆਖ ਮੈਂ ਨਾਸ਼ਤਾ ਕਰਦੀ ਮਰਦੀ ਪਈ ਹਾਂ, ਹੁਣੇ ਹੁਣੇ ਤਾਂ ਓਹਦੇ ਕੋਲੋਂ ਆਈ ਹਾਂ। ਮਰ ਜਾਣਾ ਮੂੰਹ 'ਚ ਬੁਰਕੀ ਵੀ ਨਹੀਂ ਜਾਣ ਦਿੰਦਾ।'' ਮੈਂ ਚੁੱਪ ਕਰਕੇ ਦੂਜੇ ਬੂਹੇ ਵਿਚੋਂ ਬਾਹਰ ਨਿਕਲ ਗਿਆ। ਜਦੋਂ ਸਕੂਲੋਂ ਮੁੜ ਕੇ ਆਇਆ ਤਾਂ ਅੱਬਾ ਜੀ ਦਾਦੇ ਦੀ ਮੰਜੀ ਤੇ ਓਹਦੇ ਕੋਲ ਬੈਠੇ ਆਖ ਰਹੇ ਸਨ, ''ਤੂਹਾਨੂੰ ਫਿਰ ਬੁਖਾਰ ਚੜ੍ਹ ਗਿਆ ਏ। ਮੈਂ ਡਾਕਟਰ ਨੂੰ ਬੁਲਾ ਕੇ ਲਿਆਂਨਾਂ।'' ਫਿਰ ਮੈਨੂੰ ਵੇਖ ਕੇ ਕਹਿਣ ਲੱਗੇ। ''ਜਾ ਕੇ ਡਾਕਟਰ ਨੂੰ ਸੱਦ ਲਿਆ ! ਆਖਣਾ ਦਾਦੇ ਨੂੰ ਬੁਖਾਰ ਹੋ ਗਿਆ ਏ।''
ਜਦੋਂ ਮੈਂ ਡਾਕਟਰ ਕੋਲ ਗਿਆ ਤਾਂ ਓਥੇ ਬਿਮਾਰਾਂ ਦਾ ਰਸ਼ ਲੱਗਿਆ ਹੋਇਆ ਸੀ। ਮੈਂ ਅੰਦਰ ਜਾ ਕੇ ਡਾਕਟਰ ਨੂੰ ਆਖਿਆ, ''ਮੇਰੇ ਦਾਦੇ ਨੂੰ ਬੁਖਾਰ ਏ ਮੇਰੇ ਨਾਲ ਸਾਡੇ ਘਰ ਚੱਲੋ।''
''ਮੈਂ ਤਾਂ ਨਹੀਂ ਜਾ ਸਕਦਾ, ਤੂੰ ਇੰਜ ਕਰ ਡਾਕਟਰ ਬੁਸ਼ਰਾ ਨੂੰ ਨਾਲ ਲੈ ਜਾ। ਕੋਈ ਘਬਰਾਣ ਆਲੀ ਗੱਲ ਨਹੀਂ। ਚੈੱਕ ਕਰ ਕੇ ਦਵਾਈ ਦੇ ਦੇਵੇਗੀ। ਮੇਰੇ ਕੋਲ ਚੋਖੇ ਮਰੀਜ਼ ਬੈਠੇ ਹੋਏ ਨੇ, ਓਹਦੇ ਕੋਲ ਕੋਈ ਨਹੀਂ।'' ਡਾਕਟਰ ਨੇ ਮੈਨੂੰ ਕਿਹਾ।
ਬੁਸ਼ਰਾ, ਡਾਕਟਰ ਹਨੀਫ਼ ਦੀ ਘਰ ਆਲੀ ਸੀ। ਦੋਹਾਂ ਨੇ ਇਕੋ ਮੈਡੀਕਲ ਕਾਲਜ ਵਿਚੋਂ ਡਾਕਟਰੀ ਕਰਨ ਮਗਰੋਂ ਵਿਆਹ ਕਰ ਲਿਆ ਸੀ ਤੇ ਫਿਰ ਸਾਡੇ ਮੁੱਹਲੇ ਵਿਚ ਕਲੀਨਿਕ ਖੋਲ੍ਹ ਲਿਆ ਸੀ। ਮੈਂ ਡਾਕਟਰ ਬੁਸ਼ਰਾ ਦਾ ਦਵਾਈਆਂ ਆਲਾ ਬੈਗ ਫੜਿਆ ਤੇ ਓਹ ਮੇਰੇ ਨਾਲ ਸਾਡੇ ਘਰ ਆ ਗਈ।
ਅਸੀਂ ਜਦੋਂ ਅੰਦਰ ਆਏ ਤਾਂ ਦਾਦਾ ਕੱਲਾ ਬੈਠਾ ਖੰਘ ਰਿਹਾ ਸੀ।
ਮੈਂ ਡਾਕਟਰ ਨੂੰ ਆਖਿਆ, ''ਤੁਸੀਂ ਦਾਦੇ ਨੂੰ ਚੈੱਕ ਕਰੋ ਮੈਂ ਵੇਹੜੇ ਦੇ ਦੂਜੇ ਬੰਨੇ ਬਣੇ ਨਵੇਂ ਕੋਠੇ 'ਚ ਬੈਠੇ ਅੱਬੇ ਤੇ ਦਾਦੀ ਨੂੰ ਬੁਲਾ ਲਿਆਂਦਾਂ।''
''ਨਹੀਂ ਨਹੀਂ ਓਹਨਾਂ ਨੂੰ ਸੱਦਣ ਦੀ ਕੋਈ ਲੋੜ ਨਹੀਂ ਮੈਂ ਆਪੋ ਦਸ ਦਿੰਦੀ ਆਂ।''
ਦਾਦੇ ਨੇ ਮੈਨੂੰ ਬਾਹਰ ਜਾਣ ਤੋਂ ਡੱਕਿਆ ਤਾਂ ਮੈਂ ਚੁੱਪ ਕਰ ਕੇ ਦੂਜੀ ਮੰਜੀ ਤੇ ਬਹਿ ਗਿਆ। ਡਾਕਟਰ ਬੁਸ਼ਰਾ ਨੇ ਗਲ 'ਚ ਲੰਮਕਾਈਆਂ ਟੂਟੀਆਂ ਕੱਢ ਕੇ ਦਾਦੇ ਦੇ ਸੀਨੇ ਤੇ ਧਰੀਆਂ ਤੇ ਓਹਨਾਂ ਨੂੰ ਆਖਿਆ, ''ਜ਼ੋਰ ਜ਼ੋਰ ਦੀ ਸਾਹ ਲੈਣ।'' ਫਿਰ ਓਹਨਾਂ ਦੀਆਂ ਅੱਖਾਂ ਖੋਲ੍ਹ ਕੇ ਚੈੱਕ ਕੀਤੀਆਂ ਤੇ ਆਖਿਆ, ''ਮੂੰਹ ਅੱਡ ਕੇ ਆ ਕਰੋ।''
ਦਾਦੇ ਨੇ ਆਖਿਆ, ''ਮੈਂ ਤਾਂ ਮੂੰਹ ਅੱਡ ਅੱਡ ਕੇ ਤੇ ਆ ਆ ਕਰ ਕਰ ਕੇ ਥੱਕ ਚੱਲਿਆਂ ਪਰ ਕੋਈ ਵੀ ਡਾਕਟਰ ਮੇਰੇ ਰੋਗ ਨੂੰ ਨਹੀਂ ਜਾਣ ਸਕਿਆ।''
''ਤੁਹਾਨੂੰ ਕਮਜ਼ੋਰੀ ਏ।'' ਡਾਕਟਰ ਬੁਸ਼ਰਾ ਨੇ ਦਾਦੇ ਨੂੰ ਆਖਿਆ।
''ਹਰ ਬੰਦੇ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਹੁੰਦਾ ਏ। ਤੁਸੀਂ ਨਾ ਦੱਸੋ ਤਾਂ ਵੀ ਮੈਨੂੰ ਆਪਣੀ ਕਮਜ਼ੋਰੀ ਦਾ ਪਤਾ ਏ, ਪਰ ਕੋਈ ਮੇਰੀ ਗੱਲ ਸੁਣੇ ਤਾਂ ਦੱਸਾਂ। ਹੁਣ ਤਾਂ ਸੁਣਿਆ ਏ ਕੋਈ ਵੀ ਕਮਜ਼ੋਰੀ ਹੋਵੇ ਓਹਨੂੰ ਠੀਕ ਕਰਨ ਦੀਆਂ ਗੋਲੀਆਂ ਲੱਭ ਜਾਂਦੀਆਂ ਨੇ। ਤੁਸੀਂ ਮੈਨੂੰ ਵੀ ਕੋਈ ਤਾਕਤ ਦੀ ਗੋਲੀ ਲਿਖ ਦਿਓ, ਜਾਂ ਤੁਹਾਡੇ ਕੋਲ ਹੈ ਤਾਂ ਦੇ ਦਿਓ। ਮੈਂ ਬੁੱਢਾ ਨਹੀਂ ਹੋਇਆ ਬਸ ਕਮਜ਼ੋਰੀ ਰਗ ਰਗ ਵਿਚ ਵੜ ਕੇ ਬਹਿ ਗਈ ਏ।'' ਦਾਦੇ ਨੇ ਡਾਕਟਰ ਨਾਲ ਗੱਲਾਂ ਕਰਦੇ ਹੋਏ ਓਹਦਾ ਹੱਥ ਫੜ ਕੇ ਆਪਣੇ ਮੱਥੇ ਤੇ ਧਰ ਲਿਤਾ ਤੇ ਕਹਿਣ ਲਗਾ।'
''ਵੇਖੋ ਨਾ! ਮੱਥਾ ਤੰਦੂਰ ਵਾਂਗ ਭਖਦਾ ਪਿਆ ਜੇ। ਮੱਥਾ ਈ ਨਹੀਂ ਸਗੋਂ ਕਦੀ ਕਦੀ ਤਾਂ ਪੂਰਾ ਪਿੰਡਾ ਸੜਦਾ ਏ, ਖੌਰੇ ਇਹ ਸਾੜ ਕਦੋਂ ਮੁੱਕੇਗੀ!'' ਫਿਰ ਮੇਰੇ ਵੱਲ ਮੂੰਹ ਕਰ ਕੇ ਆਖਿਆ,
''ਜਾਹ ਖਾਂ ਹੱਟੀ ਤੋਂ ਡਾਕਟਰ ਸਾਹਿਬਾ ਲਈ ਪੈਪਸੀ ਦੀ ਬੋਤਲ ਈ ਫੜ ਲਿਆ। ਓਦੋਂ ਤੀਕਰ ਮੈਂ ਇਹਨਾਂ ਨੂੰ ਆਪਣੇ ਰੋਗ ਬਾਰੇ ਖੁੱਲ੍ਹ ਕੇ ਦੱਸਦਾਂ।''
ਡਾਕਟਰ ਬੁਸ਼ਰਾ ਨੇ ਆਖਿਆ, ''ਨਹੀਂ ਨਹੀਂ! ਬੋਤਲ ਲਿਆਣ ਦੀ ਕੋਈ ਲੋੜ ਨਹੀਂ, ਮੈਂ ਹੁਣੇ ਹੁਣੇ ਚਾਹ ਪੀ ਕੇ ਆਈ ਹਾਂ।'' ਪਰ ਦਾਦੇ ਨੇ ਮੈਨੂੰ ਬਦੋਬਦੀ ਦੁਕਾਨ ਤੇ ਘੱਲ ਕੇ ਛੱਡਿਆ।
ਜਦੋਂ ਮੈਂ ਬੋਤਲ ਲੈ ਕੇ ਆਇਆ ਤਾਂ ਡਾਕਟਰ ਬੁਸ਼ਰਾ ਦਾਦੇ ਦੀ ਬਾਂਹ ਫੜ ਕੇ ਓਹਨੂੰ ਟੀਕਾ ਲਾ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਦਾਦਾ ਟੀਕਾ ਨਹੀਂ ਲਵਾਣਾ ਚਾਹੁੰਦਾ ਸੀ। ਓਹ ਮੰਜੀ ਤੇ ਅੱਡੀਆਂ ਰਗੜ ਰਿਹਾ ਸੀ ਤੇ ਡਾਕਟਰ ਬੁਸ਼ਰਾ ਦਾ ਦਵਾਈਆਂ ਆਲਾ ਬੈੱਗ ਫਰਸ਼ ਤੇ ਡਿੱਗਿਆ ਹੋਇਆ ਸੀ। ਓਹ ਮੁੜਕੋ ਮੁੜਕੀ ਹੋਈ ਮੈਨੂੰ ਆਖ ਰਹੀ ਸੀ, ''ਇਹਨਾਂ ਦੀ ਹਾਲਤ ਇਕ ਦਮ ਖ਼ਰਾਬ ਹੋ ਗਈ ਤੇ ਅੱਗੇ ਵਧ ਕੇ ਮੇਰੇ ਸੀਨੇ….''
ਗੱਲ ਓਹਦੇ ਮੂੰਹ 'ਚ ਸੀ ਕੇ ਬੇਬੇ, ਅੱਬਾ ਤੇ ਦਾਦੀ ਵੀ ਅੰਦਰ ਆ ਗਏ। ਡਾਕਟਰ ਨੇ ਓਹਨਾਂ ਨੂੰ ਪੁੱਛਿਆ, ''ਇਹਨਾਂ ਦੀ ਇੰਜ ਦੀ ਹਾਲਤ ਕਿੰਨੇ ਚਿਰ ਤੋਂ ਹੈ?''
ਉਂਜ ਤਾਂ ਕੱਲ੍ਹ ਈ ਇਹਨਾਂ ਨੂੰ ਬੁਖਾਰ ਹੋਇਆ ਸੀ, ਪਰ ਜਦੋਂ ਮੈਂ ਕੱਲੀ ਹੋਵਾਂ ਤਾਂ ਖ਼ੌਰੇ ਇਹਨਾਂ ਨੂੰ ਕੀਹ ਹੋ ਜਾਂਦਾ ਏ।'' ਦਾਦੀ ਨੇ ਆਖਿਆ।
''ਅੱਜ ਮੈਨੂੰ ਵੀ ਕੱਲਿਆਂ ਵੇਖ ਕੇ ਇਹਨਾਂ ਦੀ ਹਾਲਤ ਵਿਗੜ ਗਈ ਸੀ, ਮੈਂ ਹੋਰ ਤਾਂ ਕੁਸ਼ ਨਹੀਂ ਸਾਂ ਕਰ ਸਕਦੀ ਇਹਨਾਂ ਦੇ ਦਿਮਾਗ ਤੇ ਪਿੰਡੇ ਨੂੰ ਆਰਾਮ ਦੇਣ ਲਈ ਟੀਕਾ ਲਾ ਦਿੱਤਾ ਏ। ਇਹ ਰਾਤ ਤੀਕਰ ਹੋਸ਼ 'ਚ ਆ ਜਾਣਗੇ।''
ਓਹ ਚੁੱਪ ਚੁਪਿਤੀ ਬੈੱਗ ਫੜ ਕੇ ਜਦੋਂ ਬੂਹੇ 'ਚੋਂ ਬਾਹਰ ਜਾਣ ਲੱਗੀ ਤਾਂ ਅੱਬੇ ਨੇ ਓਹਨੂੰ ਆਖਿਆ, ''ਡਾਕਟਰ ਸਾਹਿਬਾ ਤੁਹਾਡੀ ਫੀਸ?''
''ਨਹੀਂ ਇਹਦੀ ਕੋਈ ਲੋੜ ਨਹੀਂ।'' ਓਹ ਰੁੱਖੇ ਜਿਹੇ ਸੁਭਾਅ ਨਾਲ ਕਹਿੰਦੀ ਬਾਹਰ ਨਿਕਲ ਗਈ। ਜਦੋਂ ਮੈਂ ਦਾਦੇ ਵੱਲ ਵੇਖਿਆ ਤਾਂ ਮੈਨੂੰ ਓਹਦੇ ਮੱਥੇ ਦਾ ਦਾਗ਼ ਹੋਰ ਵੀ ਕਾਲਾ ਜਾਪਿਆ।
ਇਸ ਗੱਲ ਨੂੰ ਅੱਜ ਦੋ ਦਿਨ ਹੋ ਚਲੇ ਨੇ ਪਰ ਦਾਦੇ ਨੂੰ ਹਾਲੀ ਤੀਕਰ ਹੋਸ਼ ਨਹੀਂ ਆਇਆ।

  • ਮੁੱਖ ਪੰਨਾ : ਕਹਾਣੀਆਂ, ਤੌਕੀਰ ਚੁਗ਼ਤਾਈ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ