Daldal : Waryam Singh Sandhu

ਦਲਦਲ : ਵਰਿਆਮ ਸਿੰਘ ਸੰਧੂ

ਉਹ ਡਰ ਕੇ ਉਭੜਵਾਹੇ ਉਠ ਕੇ ਇਕਦਮ ਮੰਜੇ 'ਤੇ ਬੈਠ ਗਿਆ। ਪੂਰੇ ਜ਼ੋਰ ਨਾਲ ਹੋ ਰਹੇ ਦਰਦ ਕਰਕੇ ਸਿਰ ਫਟਣ ਨੂੰ ਆ ਰਿਹਾ ਸੀ। ਅੱਖਾਂ ਵਿਚੋਂ ਸੇਕ ਇੰਜ ਨਿਕਲ ਰਿਹਾ ਸੀ ਜਿਵੇਂ ਪੁਤਲੀਆਂ ਵਿਚੋਂ ਲਾਟਾਂ ਨਿਕਲ ਰਹੀਆਂ ਹੋਣ। ਤੋਟ ਦੇ ਮਾਰੇ ਸ਼ਰਾਬੀ ਵਾਂਗ ਸਰੀਰ ਭੰਨਿਆ ਪਿਆ ਸੀ। ਹੁਣੇ ਆਇਆ ਭਿਆਨਕ ਸੁਪਨਾ ਅਤੇ ਕੱਲ੍ਹ ਸ਼ਾਮੀਂ ਵਾਪਰੀ ਦੁਰਘਟਨਾ ਜ਼ਿਹਨ ਵਿਚ ਰਲਗੱਡ ਹੋਏ, ਮੈਦਾਨ-ਏ-ਜੰਗ ਵਿਚ ਚੱਲਦੀਆਂ ਤਲਵਾਰਾਂ ਵਾਂਗ ਉਸ ਦੇ ਅੰਦਰ ਨੂੰ ਕੱਟ ਵੱਢ ਰਹੇ ਸਨ।
ਉਸ ਨੇ ਇਸ ਸਭ ਕਾਸੇ ਤੋਂ ਧਿਆਨ ਪਾਸੇ ਕਰਨ ਲਈ ਬਲਦੀਆਂ ਅੱਖਾਂ ਨੂੰ ਘੁੱਟ ਕੇ ਮੀਚਿਆ ਅਤੇ ਸਿਰ ਨੂੰ ਝਟਕਿਆ। ਸਾਹਮਣੇ ਚੁਬਾਰੇ ਉਹਲਿਓਂ ਹੌਲੀ ਹੌਲੀ ਉਪਰ ਉਠ ਰਹੇ ਸੂਰਜ ਦਾ ਸੇਕ ਚੜ੍ਹਦੇ ਦਿਨ ਨਾਲ ਹੀ ਪੂਰੇ ਜਲੌਅ ਵਿਚ ਸੀ। ਝਰਨੇ ਵਿਚੋਂ ਵੇਖਿਆ, ਹੇਠਾਂ ਵਿਹੜੇ ਵਿਚ ਉਸ ਦੀ ਪਤਨੀ ਸਵੇਰ ਦੇ ਨਿੱਕੇ ਮੋਟੇ ਕੰਮ ਕਰ ਰਹੀ ਸੀ। ਜਦ ਵੀ ਉਹ ਹਫ਼ਤੇ ਦੇ ਕਿਸੇ ਸਨਿੱਚਰਵਾਰ ਛੁੱਟੀ ਆਉਂਦਾ ਸੀ ਤਾਂ ਉਸ ਦੀ ਪਤਨੀ ਐਤਵਾਰ ਦੀ ਸਵੇਰ ਉਸ ਨੂੰ ਅਤੇ ਬੱਚਿਆਂ ਨੂੰ ਸੁੱਤਿਆਂ ਨੂੰ ਨਹੀਂ ਸੀ ਉਠਾਉਂਦੀ। ਉਸ ਦੀ ਇੱਛਾ ਹੁੰਦੀ ਸੀ ਕਿ ਏਨੇ ਦਿਨਾਂ ਪਿਛੋਂ ਥੱਕਿਆ ਆਇਆ ਉਹ ਆਪਣੀ ਨੀਂਦ ਪੂਰੀ ਕਰ ਲਵੇ। ਬੱਚੇ ਵੀ ਉਠ ਕੇ ਰੌਲਾ ਪਾ ਕੇ ਉਸ ਨੂੰ ਜਗਾ ਨਾ ਦੇਣ, ਇਸ ਲਈ ਉਹ ਦੋਹਾਂ ਬੱਚਿਆਂ ਨੂੰ ਵੀ ਨਹੀਂ ਸੀ ਜਗਾਉਂਦੀ।
ਉਸ ਨੇ ਵੇਖਿਆ, ਉਸ ਦੇ ਖੱਬੇ ਹੱਥ ਵੱਡੇ ਮੰਜੇ 'ਤੇ ਦੋਵੇਂ ਬੱਚੇ ਲੇਟੇ ਹੋਏ ਸਨ। ਛੇ ਕੁ ਸਾਲ ਦੀ ਬੱਚੀ ਨੇ ਤਿੰਨ ਕੁ ਸਾਲ ਦੇ ਆਪਣੇ ਛੋਟੇ ਵੀਰ ਦੇ ਗਲ ਦੁਆਲੇ ਬਾਂਹ ਇੰਜ ਵਲੀ ਹੋਈ ਸੀ ਜਿਵੇਂ ਸੁੱਤੇ ਪਏ ਦੀ ਵੀ ਰੱਖਿਆ ਕਰ ਰਹੀ ਹੋਵੇ। ਛੋਟੇ ਬੱਚੇ ਦੀ ਇਕ ਬਾਂਹ ਮੰਜੇ ਦੀ ਹੀਅ ਤੋਂ ਹੇਠਾਂ ਉਲਰੀ ਹੋਈ ਸੀ। ਤੇ ਬੜੇ ਮਾਸੂਮ ਅੰਦਾਜ਼ ਵਿਚ ਉਸ ਦੇ ਹੱਥ ਦਾ ਪੰਜਾ ਖੁੱਲ੍ਹਾ ਹੋਇਆ ਸੀ। ਉਸ ਦੀਆਂ ਅੱਖਾਂ ਅੱਧ-ਖੁੱਲ੍ਹੀਆਂ ਹੋਣ ਕਰ ਕੇ ਉਹ ਸੁੱਤਾ ਹੋਇਆ ਵੀ ਜਾਗਦਾ ਲੱਗਦਾ ਸੀ।
ਪਾਕਿਸਤਾਨ ਨਾ ਜਾਣ ਕਰ ਕੇ ਇੱਧਰ ਰਹਿ ਗਿਆ ਫੱਜਾ ਮਰਾਸੀ ਅਕਸਰ ਕਹਿੰਦਾ ਹੁੰਦਾ ਸੀ ਕਿ 'ਸੰਧੂਆਂ' ਦੀਆਂ ਸੁੱਤਿਆਂ ਦੀਆਂ ਵੀ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ। ਉਹ ਦੱਸਦਾ, ਇਕ ਵਾਰ ਕੋਈ ਦੁਸ਼ਮਣ ਕਿਸੇ ਸੂਰਮੇ ਸੰਧੂ ਨੂੰ ਸੁੱਤਾ ਪਿਆ ਵੇਖ ਕੇ ਕਤਲ ਕਰਨ ਆਇਆ ਤਾਂ ਸੁੱਤੇ ਪਏ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਦੇਖ ਕੇ ਹੀ ਉਸ ਦਾ ਹੌਸਲਾ ਰੇਤ ਹੋ ਗਿਆ ਤੇ ਉਹ ਡਰਦਾ, ਕੰਬਦਾ ਵਾਪਸ ਦੌੜ ਗਿਆ ਸੀ। ਤੇ ਇੰਜ ਫੱਜਾ, "ਸੰਧੂ ਪਾਤਸ਼ਾਹ! ਸਰਦਾਰੀਆਂ ਬਣੀਆਂ ਰਹਿਣ, ਦੀਦਾਰ ਸੁੰਹ ਰਾਜੇ ਦਾ ਪੁੱਤਰ ਚੰਦਾ ਸੁੰਹ ਰਾਜੇ ਦਾ ਪੋਤਰਾ", ਕਹਿੰਦਾ ਕੁਝ ਮੰਗਣ ਦੇ ਆਪਣੇ ਉਦੇਸ਼ ਦੇ ਰੂ-ਬ-ਰੂ ਆ ਖਲੋਂਦਾ। ਫੱਜੇ ਦੀਆਂ ਗੱਲਾਂ ਸੁਣ ਕੇ ਉਹ ਅੱਗਿਉਂ ਹੱਸ ਪੈਂਦਾ, "ਅਸੀਂ ਤਾਂ ਨਿਰੇ ਸੰਧੂ ਈ ਆਂ। ਤੇ ਪਾਤਸ਼ਾਹ ਸਗੋਂ ਸੱਚਾ ਪਾਤਸ਼ਾਹ ਤਾਂ ਤੂੰ ਏਂ ਜਿਹੜਾ ਦੂਜਿਆਂ ਨੂੰ ਇੰਜ ਪਾਤਸ਼ਾਹੀਆਂ ਬਖਸ਼ਦਾ ਫਿਰਦੈਂ।"
ਤੇ ਹੁਣ ਜਦੋਂ ਉਸ ਨੇ ਨਿੱਕੇ 'ਸੰਧੂ ਪਾਤਸ਼ਾਹ' ਦੀਆਂ ਖੁੱਲ੍ਹੀਆਂ ਅੱਖਾਂ ਵੱਲ ਇਕ ਵਾਰ ਫੇਰ ਵੇਖਿਆ ਤਾਂ ਉਸ ਦਾ ਕਹਿਣ ਨੂੰ ਜੀਅ ਕਰ ਆਇਆ, "ਹੁਣ ਕੌਣ ਸੁੱਤਿਆਂ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਤੋਂ ਡਰਦਾ ਹੈ। ਹੁਣ ਤਾਂ ਜਾਗਦਿਆਂ ਦੀਆਂ ਪੂਰੀਆਂ ਖੁੱਲ੍ਹੀਆਂ ਅੱਖਾਂ ਤੋਂ ਵੀ ਕੋਈ ਨਹੀਂ ਡਰਦਾ। ਜੇ ਕੋਈ ਇੰਜ ਡਰਦਾ ਹੁੰਦਾ ਤਾਂ ਕੱਲ੍ਹ ਵਾਲੀ ਘਟਨਾ ਕਿਉਂ ਵਾਪਰਦੀ?"
ਕਲਪਨਾ ਵਿਚ ਹੀ ਉਹ ਸਾਰਾ ਦ੍ਰਿਸ਼ ਉਸ ਦੀਆਂ ਅੱਖਾਂ ਅੱਗਿਉਂ ਗੁਜ਼ਰ ਗਿਆ। ਉਹ ਸ਼ਰਮ ਤੇ ਗੁੱਸੇ ਨਾਲ ਪਾਣੀ ਪਾਣੀ ਹੋ ਗਿਆ। ਸੇਕ ਛੱਡਦੀਆਂ ਅੱਖਾਂ ਨੂੰ ਇਕ ਵਾਰ ਫੇਰ ਘੁੱਟ ਕੇ ਮੀਚਿਆ ਤੇ ਹੁਣੇ ਆਏ ਸੁਪਨੇ ਦੇ ਪ੍ਰਤੀਕਾਤਮਕ ਅਰਥ ਢੂੰਡਣ ਲੱਗਾ।
ਉਹ ਬਹੁਤ ਸਾਰੇ ਜਾਣੇ-ਪਛਾਣੇ ਚਿਹਰਿਆ ਦੀ ਭੀੜ ਵਿਚ ਖਲੋਤਾ ਸੀ। ਬਿਲਕੁਲ ਉਸ ਦੇ ਆਪਣੇ ਲੋਕ ਉਸ ਨੂੰ ਚਾਹੁਣ ਵਾਲੇ, ਪਿਆਰਨ ਵਾਲੇ, ਪਰ ਅਚਾਨਕ ਉਨ੍ਹਾਂ ਦੇ ਸਿਰ 'ਤੇ ਸਿੰਗ ਉਗ ਆਏ ਤੇ ਉਨ੍ਹਾਂ ਦੇ ਦੰਦ ਭਿਆਨਕ ਰੂਪ ਵਿਚ ਤੰਗਲੀਆਂ ਦੀਆਂ ਸੁਤਾਂ ਵਾਂਗ ਉਭਰ ਆਏ। ਚੀਕਾਂ ਦਾ ਕੰਨ ਪਾੜਵਾਂ ਸ਼ੋਰ ਉਚਾ ਹੋਇਆ। ਉਹ ਸਾਰੇ ਲੋਕ ਭਿਆਨਕ ਹਾਸਾ ਹੱਸਦੇ ਉਸ ਦੇ ਸਿਰ 'ਤੇ ਪਿਆਰ ਨਾਲ ਹੱਥ ਫੇਰਨ ਲਈ ਘੇਰਾ ਬਣਾ ਕੇ ਉਸ ਵੱਲ ਵਧਦੇ ਆ ਰਹੇ ਸਨ। ਉਸ ਨੇ ਘਬਰਾ ਕੇ ਵੇਖਿਆ, ਉਨ੍ਹਾਂ ਸਭਨਾਂ ਦੇ ਮੂੰਹਾਂ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ। ਲੁਹਾਰ ਦੀ ਭੱਠੀ ਵਿਚ ਭਖਦੇ ਫਾਲੇ ਵਾਂਗ ਤਿੱਖੇ ਦੰਦ ਤੇ ਮੂੰਹ ਵਿਚੋਂ ਨਿਕਲਦੀਆਂ ਲਾਟਾਂ ਉਸ ਦੇ ਨੇੜੇ ਹੋਰ ਨੇੜੇ ਹੁੰਦੀਆਂ ਜਾ ਰਹੀਆਂ ਹਨ। ਹੋਰ ਪਲ ਨੂੰ ਉਹ ਉਸ ਨੂੰ ਲੂਹ ਦੇਣਗੇ। ਉਹ ਅੰਦਰੋਂ ਪੂਰੀ ਤਰ੍ਹਾਂ ਘਬਰਾਇਆ ਤੇ ਡਰਿਆ ਹੋਇਆ ਸੀ। ਮੌਤ ਉਸ ਨੂੰ ਹੁਣੇ ਲੂਹ ਕੇ ਲੈ ਜਾਵੇਗੀ, ਪਰ ਉਸ ਦੇ ਦਿਲ ਦੀ ਕਿਸੇ ਅੰਦਰਲੀ ਨੁੱਕਰ ਵਿਚ ਅਜੇ ਵੀ ਹੌਸਲਾ ਸੀ। ਉਸ ਨੇ ਚੁੱਪ ਕੀਤੇ ਮਰ ਜਾਣ ਨਾਲੋਂ ਬਹਾਦਰਾਂ ਵਾਂਗ ਮਰਨਾ ਚਾਹਿਆ। ਜਿਵੇਂ ਭਰੇ ਮੁਜ਼ਾਹਰਿਆਂ ਵਿਚ ਉਹ ਬਾਂਹ ਉਚੀ ਕਰ ਕੇ ਨਾਅਰੇ ਲਾਇਆ ਕਰਦਾ ਸੀ, ਉਸ ਨੇ ਆਪਣੀ ਬਾਂਹ ਉਚੀ ਕੀਤੀ, ਜੋਸ਼ ਨਾਲ ਮੁੱਠੀ ਨੂੰ ਹਵਾ ਵਿਚ ਲਹਿਰਾਇਆ ਤੇ ਪੂਰੇ ਜ਼ੋਰ ਨਾਲ ਉਨ੍ਹਾਂ ਵਿਰੁੱਧ ਚੀਕਿਆ। ਉਸ ਦੀ ਚੀਕ ਉਸ ਦੇ ਸੰਘ ਵਿਚ ਹੀ ਖੁਸ਼ਕ ਹੋ ਗਈ, ਪਰ ਉਸ ਦੀ ਤਣੀ ਹੋਈ ਬਾਂਹ ਤੇ ਘੁੱਟੀ ਹੋਈ ਮੁੱਠੀ ਪੂਰੀ ਸਿਦਕ-ਦਿਲੀ ਨਾਲ ਹਵਾ ਵਿਚ ਲਹਿਰਾ ਰਹੀਆਂ ਸਨ।
ਤੇ ਉਸ ਵੇਖਿਆ, ਉਹ ਬਲਦੇ ਚਿਹਰਿਆਂ ਵਾਲੇ, ਲੰਮੇ ਦੰਦਾਂ ਵਾਲੇ ਲੋਕ ਉਥੇ ਦੇ ਉਥੇ ਖਲੋਤੇ ਖਲੋਤੇ ਰੁੱਖ ਬਣ ਗਏ। ਉਸ ਦਾ ਹੌਸਲਾ ਵਧਿਆ ਤੇ ਇਕ ਵਾਰ ਫੇਰ ਉਸ ਨੇ ਬਾਂਹ ਉਚੀ ਕਰ ਕੇ ਜ਼ੋਰ ਦਾ ਨਾਅਰਾ ਲਾਇਆ, ਤਾਂ ਕੀ ਵੇਖਦਾ ਹੈ, ਉਹੋ ਹੀ ਜਾਣੇ-ਪਛਾਣੇ, ਉਸ ਨੂੰ ਪਿਆਰਨ ਵਾਲੇ ਲੋਕਾਂ ਦੀ ਭੀੜ ਵਿਚ ਜਲੂਸ ਦੀ ਸ਼ਕਲ ਵਿਚ ਉਸ ਦੀ ਸਹਾਇਤਾ ਲਈ ਨਾਅਰੇ ਮਾਰਦੀ ਆ ਰਹੀ ਸੀ। ਉਨ੍ਹਾਂ ਨੇ ਆ ਕੇ ਉਸ ਨੂੰ ਜੇਤੂ ਨਾਇਕ ਵਾਂਗ ਬਾਹਵਾਂ 'ਤੇ ਚੁੱਕ ਲਿਆ ਤੇ ਨਾਅਰੇ ਮਾਰਦੇ ਲੈ ਤੁਰੇ।
ਉਹ ਸੁਪਨੇ ਦੀ ਦੁਨੀਆਂ ਵਿਚੋਂ ਨਿਕਲ ਕੇ ਸੱਚ ਦੀ ਦੁਨੀਆਂ ਵਿਚ ਆਇਆ। ਉਸ ਪੱਕਾ ਇਰਾਦਾ ਕਰ ਲਿਆ ਕਿ ਉਹ ਚੁੱਪ ਕਰ ਕੇ ਨਹੀਂ ਬੈਠੇਗਾ। ਹੁਣੇ ਹੀ ਸਰਪੰਚ ਵੱਲ ਜਾਵੇਗਾ। ਪੜ੍ਹਿਆ ਲਿਖਿਆ ਮੁੰਡਾ ਸੀ ਸਰਪੰਚ, ਤੇ ਉਸ ਦੇ ਖੂਨ ਨੇ ਅਜੇ ਬੋਅ ਵੀ ਨਹੀਂ ਸੀ ਮਾਰੀ। ਉਂਜ ਵੀ ਉਸ ਦੇ ਆਖੇ ਲੱਗਦਾ ਸੀ। ਉਸ ਦਾ ਆਦਰ-ਮਾਣ ਕਰਦਾ ਸੀ। ਉਸ ਸੋਚਿਆ ਕਿ ਉਹ ਉਸ ਨੂੰ ਸਾਫ਼ ਕਹੇਗਾ ਕਿ ਜੇ ਸ਼ਰੇਆਮ ਚਿੱਟੇ ਦਿਨ ਇਹੋ ਜਿਹੀਆਂ ਕਾਲੀਆਂ ਕਰਤੂਤਾਂ ਹੋਣੀਆਂ ਹਨ ਤੇ ਅੱਗਿਉਂ ਕਿਸੇ ਨੇ ਕੁਸਕਣਾ ਤਕ ਨਹੀਂ, ਤਾਂ ਉਸ ਦੇ ਸਰਪੰਚ ਬਣਨ ਦਾ ਕੀ ਫਾਇਦਾ? ਜੇ ਇੰਜ ਹੀ ਜਾਬਰ ਲੋਕ ਸਭ ਦੇ ਵੇਖਦਿਆਂ ਵੇਖਦਿਆਂ ਪਿੰਡ ਦੇ ਮੂੰਹ 'ਤੇ ਕਾਲਖ ਪੋਤ ਜਾਣ ਤਾਂ ਵੱਡੇ ਵੱਡੇ ਚਿੱਟੇ ਪੱਗੜ ਬੰਨ੍ਹ ਕੇ ਪਿੰਡ ਦੇ ਚੌਧਰੀ ਪਰ੍ਹਿਆ ਵਿਚ ਕਿਹੜਾ ਮੂੰਹ ਲੈ ਕੇ ਬੈਠਦੇ ਸਨ। ਉਹ ਤਾਂ ਇਹ ਵੀ ਕਹਿ ਦਏਗਾ ਕਿ ਜੇ ਸਰਪੰਚ ਨੇ ਜਾਂ ਕਿਸੇ ਹੋਰ ਨੇ ਕੁਝ ਨਾ ਕੀਤਾ ਤਾਂ ਉਹ ਇਕੱਲਾ ਹੀ ਮਜ਼ਲੂਮ ਧਿਰ ਦੀ ਮਦਦ 'ਤੇ ਖਲੋਵੇਗਾ। ਕੀ ਹੋਇਆ, ਜੇ ਉਹ ਸਰਗਰਮ ਸਿਆਸਤ ਛੱਡ ਗਿਆ ਸੀ। ਉਹ ਤਾਂ ਉਖੜ-ਪੈੜੀ, ਕਿਸੇ ਤਣ ਪੱਤਣ ਨਾ ਲਾਉਣ ਵਾਲੀ ਸਿਆਸਤ ਦਾ ਦੋਸ਼ ਸੀ, ਨਹੀਂ ਤਾਂ ਉਸ ਦਾ ਮਨ ਤਾਂ ਨਹੀਂ ਸੀ ਮਰ ਗਿਆ ਉਸ ਦੀਆਂ ਅੱਖਾਂ ਤਾਂ ਨਹੀਂ ਸਨ ਅੰਨ੍ਹੀਆਂ ਹੋ ਗਈਆਂ। ਅਜੇ ਤਾਂ ਉਸ ਦੀਆਂ ਅੱਖਾਂ ਵਿਚ ਜੋਤ ਸੀ।
ਰਾਤੀਂ ਜਦੋਂ ਆਖਰੀ ਬੱਸ ਤੋਂ ਉਤਰ ਕੇ ਉਸ ਨੇ ਚੰਨ ਚਾਨਣੀ ਵਿਚ ਸ਼ਾਂਤ ਸੁੱਤੇ ਆਪਣੇ ਪਿੰਡ ਨੂੰ ਵੇਖਿਆ ਸੀ ਤਾਂ ਉਹ ਸਦਾ ਵਾਂਗ ਪਿੰਡ ਵਾਸਤੇ ਸੁਖਾਵੇਂ ਤੇ ਮੋਹ ਭਰੇ ਅਹਿਸਾਸ ਨਾਲ ਭਿੱਜ ਗਿਆ ਸੀ। ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਤੱਕ ਲੜੀ ਗਈ ਹਰ ਜ਼ੁਲਮ ਵਿਰੋਧੀ ਲੜਾਈ ਵਿਚ ਉਸ ਦਾ ਪਿੰਡ ਪੇਸ਼ ਪੇਸ਼ ਰਿਹਾ ਸੀ। ਇਸ ਪਿੰਡ ਨੇ ਕਈ ਮਹਾਨ ਸ਼ਹੀਦ ਪੈਦਾ ਕੀਤੇ ਸਨ। ਪਿੰਡ ਦੇ ਮਹਾਨ ਇਤਿਹਾਸ ਉਤੇ ਉਸ ਨੂੰ ਅੰਤਾਂ ਦਾ ਮਾਣ ਸੀ। ਲੋਕਾਂ ਦੇ ਸਾਂਝੇ ਹਿੱਤ ਲਈ ਲੜੀਆਂ ਗਈਆਂ ਲੜਾਈਆਂ ਵਿਚ ਇਸ ਪਿੰਡ ਦਾ ਉਚੇਚਾ ਯੋਗਦਾਨ ਸੀ।
ਉਹ ਖੁਸ਼ ਸੀ ਕਿ ਚੰਗੇ ਸਾਂਝੇ ਕੰਮਾਂ ਲਈ ਰਲ ਕੇ ਚੱਲਣ ਦੀ ਰਵਾਇਤ ਉਸ ਦੇ ਪਿੰਡ ਨੇ ਭੁਲਾਈ ਨਹੀਂ ਸੀ। ਇਸ ਮੰਗਲਵਾਰ ਨੂੰ ਅੰਬੂ ਬ੍ਰਾਹਮਣ ਦੀ ਜਵਾਨ ਕੁੜੀ ਦਾ ਵਿਆਹ ਸਾਰਾ ਪਿੰਡ ਰਲ ਕੇ ਕਰ ਰਿਹਾ ਸੀ, ਕਿਉਂਕਿ ਅੰਬੂ ਵਿਚਾਰਾ ਬਿਨਾਂ ਕੋਈ ਜਾਇਦਾਦ ਛੱਡਿਆਂ, ਕੁਝ ਮਹੀਨੇ ਹੋਏ ਇਕ ਮੇਲੇ ਤੋਂ ਸਾਈਕਲ ਪਿੱਛੇ ਪੇਟੀ ਬੰਨ੍ਹੀ, ਬਰਫ਼ ਦੇ ਗੋਲੇ ਵੇਚ ਕੇ ਮੁੜਦਿਆਂ, ਕਿਸੇ ਟਰੱਕ ਹੇਠਾਂ ਆ ਗਿਆ ਸੀ। ਕੁੜੀ ਦਾ ਵਿਆਹ ਮਿਥਿਆ ਹੋਇਆ ਸੀ। ਮੁੰਡੇ ਵਾਲੇ ਸਾਕ ਛੱਡਣ ਨੂੰ ਫਿਰਦੇ ਸਨ। ਪਿੰਡ ਦੇ ਸਿਆਣੇ ਮਿਲ ਬੈਠੇ ਤੇ ਅੰਬੂ ਦੀ ਧੀ ਨੂੰ ਉਨ੍ਹਾਂ ਪਿੰਡ ਦੀ ਧੀ ਮੰਨ ਕੇ ਉਸ ਦੇ ਵਿਆਹ ਦਾ ਜ਼ਿੰਮਾ ਆਪਣੇ ਸਿਰ ਲੈਂਦਿਆਂ ਮੁੰਡੇ ਵਾਲਿਆਂ ਨੂੰ ਮਨਾ ਲਿਆ ਸੀ। ਅੰਬੂ ਉਸ ਦਾ ਨਿੱਕੇ ਹੁੰਦਿਆਂ ਜਮਾਤੀ ਸੀ। ਇਸ ਲਈ ਉਸ ਸੋਚਿਆ ਕਿ ਸਾਂਝੀ ਉਗਰਾਹੀ ਦੇਣ ਤੋਂ ਬਿਨਾਂ ਇਸ ਸਾਂਝੇ ਸਮਾਗਮ ਵਿਚ ਉਸ ਦਾ ਸ਼ਾਮਲ ਹੋਣਾ ਵੀ ਲਾਜ਼ਮੀ ਸੀ। ਇਸੇ ਲਈ ਉਹਨੇ ਤਿੰਨ ਛੁੱਟੀਆਂ ਲੈ ਲਈਆਂ ਸਨ ਤੇ ਆਉਂਦਾ ਹੋਇਆ ਸ਼ਹਿਰ ਉਤਰ ਕੇ ਉਹ ਅੰਬੂ ਦੀ ਕੁੜੀ ਲਈ ਦੋ ਸੂਟ ਤੇ ਵਿਆਹ ਵਾਲੇ ਦਿਨ ਉਸ ਦੇ ਸਿਰ 'ਤੇ ਲੈਣ ਲਈ ਸੂਹਾ ਸਾਲੂ ਵੀ ਲੈ ਆਇਆ ਸੀ। ਸਾਰੇ ਰਾਹ ਉਹ ਬੱਸ ਵਿਚ ਬੈਠਾ ਅੰਬੂ ਨਾਲ ਬਚਪਨ ਵਿਚ ਬਿਤਾਈਆਂ ਘੜੀਆਂ ਯਾਦ ਕਰਦਾ ਰਿਹਾ ਸੀ। ਉਹ ਇਕੱਠੇ ਇਕੋ ਤੱਪੜ 'ਤੇ ਲਾਗੇ ਲਾਗੇ ਬੈਠਦੇ ਰਹੇ ਸਨ। ਉਹ ਅੰਬੂ ਦੇ ਰਗੜ ਕੇ ਮੁੰਨੇ ਸਿਰ ਉਤਲੀ ਬੋਦੀ ਨੂੰ ਹਿਲਾ ਕੇ ਉਸ ਨੂੰ ਛੇੜਿਆ ਕਰਦਾ, "ਬਾਹਮਣਾ! ਤੇਰੀ ਬੋਦੀ ਨੂੰ ਤਾਰਾ ਸਾਹਮਣਾ।"
ਅੰਬੂ ਬੋਦੀ ਛੁਡਾਉਂਦਿਆਂ ਝੱਟ ਬੁੜ੍ਹਕ ਪੈਂਦਾ: "ਜੱਟ ਘੜੇ ਦਾ ਮੱਟ, ਘੜੇ ਨੂੰ ਹੋ'ਗੀ ਮੋਰੀ। ਜੱਟਾ! ਫੇਰ ਕਰੇਂਗਾ ਚੋਰੀ?"
ਇਨ੍ਹਾਂ ਮਿੱਠੀਆਂ ਝੜਪਾਂ ਦੇ ਬਾਵਜੂਦ ਉਹ ਚੰਗੇ ਯਾਰ ਰਹੇ ਸਨ। ਅੰਬੂ ਅਕਸਰ ਉਸ ਦੀ ਫੱਟੀ ਪੋਚ ਦਿੰਦਾ ਤੇ ਉਮਰੋਂ ਵੱਡਾ ਤੇ ਤਕੜਾ ਹੋਣ ਕਰ ਕੇ ਦੂਜੇ ਮੁੰਡਿਆਂ ਨਾਲ ਲੜਾਈ ਵਿਚ ਉਸ ਦੀ ਮਦਦ ਕਰਦਾ। ਤੇ ਉਹ ਸਦਾ ਅੰਬੂ ਦੀ ਕਾਪੀ ਤੇ ਸਵਾਲ ਹੱਲ ਕਰ ਕੇ ਦਿੰਦਾ।
ਕੁਝ ਸਾਲ ਇਕੱਠੇ ਰਹੇ ਤੇ ਫਿਰ ਅੰਬੂ ਨੇ ਪੜ੍ਹਾਈ ਵਿਚੇ ਛੱਡ ਦਿੱਤੀ। ਘਰਦਿਆਂ ਛੋਟੀ ਉਮਰੇ ਹੀ ਉਸ ਦਾ ਵਿਆਹ ਕਰ ਦਿੱਤਾ। ਫਿਰ ਵਹੁਟੀ, ਬੱਚੇ ਅਤੇ ਘਰ ਦਾ ਚੱਕਰ।
ਅੱਡੇ ਤੋਂ ਪਿੰਡ ਵੱਲ ਤੁਰਦਿਆਂ ਵਿਚਕਾਰੋਂ ਉਚੀ ਥਾਂ 'ਤੇ ਵੱਸਿਆ ਤੇ ਦੋਹਾਂ ਪਾਸਿਆਂ ਤੋਂ ਨੀਵਾਂ ਉਸ ਦਾ ਪਿੰਡ ਉਸ ਨੂੰ ਉਚੀ ਥਾਂ 'ਤੇ ਖੰਭ ਖਿਲਾਰ ਕੇ ਬੈਠੇ ਕਬੂਤਰ ਵਾਂਗ ਲੱਗਾ। ਉਸ ਦਾ ਜੀਅ ਕੀਤਾ, ਉਹ ਸਾਰੇ ਦੇ ਸਾਰੇ ਪਿੰਡ ਨੂੰ ਇਕੋ ਵਾਰ ਕਲਾਵੇ ਵਿਚ ਲੈ ਕੇ ਹਿੱਕ ਨਾਲ ਘੁੱਟ ਲਵੇ ਤੇ ਚੁੰਮ ਲਵੇ। ਹੁਣ ਦੂਰ ਨੌਕਰੀ ਕਰਦਾ ਹੋਣ ਕਰ ਕੇ ਪਿੰਡ ਨਾਲੋਂ ਵਿਛੜਨ ਦਾ ਦਰੇਗ ਵੀ ਹੋ ਸਕਦਾ ਸੀ, ਪਰ ਜਦੋਂ ਪਾਰਟੀ ਵਿਚ ਕੰਮ ਕਰਦੇ ਸਮੇਂ ਵੱਖ ਵੱਖ ਪਿੰਡਾਂ ਵਿਚ ਨਵੇਂ 'ਕਾਂਟੈਕਟ' ਸਥਾਪਤ ਕਰਨ ਜਾਂ ਨੌਜਵਾਨ ਸਭਾਵਾਂ ਦੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਨ ਜਾਂ ਕਿਸੇ ਸਾਹਿਤਕ ਸਮਾਗਮ 'ਤੇ ਜਾਂਦਾ, ਤਾਂ ਕਿਸੇ ਦੇ ਪੁੱਛਣ 'ਤੇ ਆਪਣੇ ਪਿੰਡ ਬਾਰੇ ਦੱਸਦਿਆਂ ਮਜ਼ਾ ਆਉਂਦਾ ਸੀ। ਹਿੱਕ ਮਾਣ ਨਾਲ ਫੁੱਲ ਜਾਂਦੀ ਸੀ। ਤੇ ਉਹ ਅਕਸਰ ਆਪਣੇ ਇਲਾਕੇ ਤੇ ਆਮ ਕਰ ਕੇ ਆਪਣੇ ਪਿੰਡ ਦੇ ਇਤਹਾਸਕ ਗੌਰਵ ਬਾਰੇ ਬੋਲਣ ਲੱਗ ਪੈਂਦਾ।
ਇਸ ਗੌਰਵ ਨੂੰ ਆਉਣ ਵਾਲੀਆਂ ਨਸਲਾਂ ਦੇ ਦਿਲਾਂ ਵਿਚ ਸਦਾ ਤਾਜ਼ਾ ਰੱਖਣ ਲਈ ਉਹ ਚਾਹੁੰਦਾ ਸੀ ਕਿ ਪਿੰਡ ਵਿਚ ਸ਼ਹੀਦਾਂ ਦੀ ਯੋਗ ਯਾਦਗਾਰ ਉਸਾਰੀ ਜਾਵੇ। ਇਹ ਗੱਲ ਉਹ ਪਿੰਡ ਦੇ ਪਤਵੰਤੇ ਲੋਕਾਂ ਅੱਗੇ ਕਈ ਵਾਰ ਰੱਖ ਚੁੱਕਾ ਸੀ। ਜ਼ਬਾਨੀ-ਕਲਾਮੀ ਤਾਂ ਸਭ ਸਹਿਮਤ ਹੁੰਦੇ ਪਰ ਅਮਲ ਵਿਚ ਕੁਝ ਕਰਨ ਲਈ ਕੋਈ ਅੱਗੇ ਨਾ ਆਉਂਦਾ।
ਏਨੇ ਬਹਾਦਰ ਤੇ ਸ਼ਹੀਦ ਪੈਦਾ ਕਰਨ ਵਾਲਾ ਪਿੰਡ ਬਦਕਿਸਮਤੀ ਨਾਲ ਕੋਈ ਮੰਤਰੀ ਵਗੈਰਾ ਪੈਦਾ ਨਹੀਂ ਸੀ ਕਰ ਸਕਿਆ। ਨਹੀਂ ਤਾਂ ਸਰਕਾਰੇ-ਦਰਬਾਰੇ ਹੀ ਉਨ੍ਹਾਂ ਦੀ ਕੁਝ ਸੁਣੀ ਜਾਂਦੀ। ਉਸ ਨੇ ਬਦੇਸ਼ ਗਏ ਆਪਣੇ ਪਿੰਡ ਦੇ ਕੁਝ ਬੰਦਿਆਂ ਤੇ ਆਪਣੇ ਮਿੱਤਰਾਂ ਤੋਂ ਕੁਝ ਰੁਪਏ ਇਸ ਮਕਸਦ ਲਈ ਚਿੱਠੀਆਂ ਲਿਖ ਕੇ ਮੰਗਵਾਏ ਸਨ। ਨਵਾਂ ਸਰਪੰਚ ਉਸ ਦੇ ਕਹਿਣ 'ਤੇ ਹੀ ਪਿੰਡ ਵੜਦਿਆਂ ਹੀ ਸੜਕ ਦੇ ਬਿਲਕੁਲ ਨਾਲ ਲਗਦੀ ਪੰਚਾਇਤੀ ਜ਼ਮੀਨ ਵਿਚੋਂ ਕੁਝ ਜ਼ਮੀਨ ਯਾਦਗਾਰ ਬਣਾਉਣ ਲਈ ਦੇਣਾ ਮੰਨ ਗਿਆ ਸੀ। ਚੰਨ-ਚਾਨਣੀ ਵਿਚ ਉਹ ਅੱਠ ਮਰਲੇ ਥਾਂ ਸੜਕ ਦੇ ਨਾਲ ਹੀ ਰਾਖਵੀਂ ਰੱਖੀ ਹੋਈ ਤੇ ਤਿੰਨ ਤਿੰਨ ਫੁੱਟ ਉਚੀ ਕੰਧ ਨਾਲ ਘਿਰੀ ਹੋਈ ਵੇਖ ਕੇ ਉਸ ਨੂੰ ਆਪਣੀ ਕਾਰਵਾਈ 'ਤੇ ਮਾਣ ਜਿਹਾ ਹੋਇਆ। ਯੋਜਨਾ ਅਨੁਸਾਰ ਹੁਣ ਮੁੱਖ ਦਰਵਾਜ਼ੇ ਦਾ ਫਾਟਕ ਲਵਾ ਕੇ ਜਗ੍ਹਾ ਦੇ ਐਨ ਵਿਚਕਾਰ ਥੰਮ ਖੜ੍ਹਾ ਕਰ ਕੇ ਉਸ 'ਤੇ ਸ਼ਹੀਦਾਂ ਦੇ ਨਾਂ ਸਿੱਲ ਉਤੇ ਲਿਖਵਾ ਕੇ ਲਾ ਦਿੱਤੇ ਜਾਣੇ ਸਨ ਤੇ ਇੰਜ ਇਹ ਮਾਣਯੋਗ ਯਾਦਗਾਰ ਸੰਪੂਰਨ ਹੋ ਜਾਣੀ ਸੀ।
ਪਿੰਡ ਵੜਦਾ ਉਹ ਸੋਚ ਰਿਹਾ ਸੀ ਕਿ ਇਨ੍ਹਾਂ ਤਿੰਨ ਛੁੱਟੀਆਂ ਵਿਚ ਅੰਬੂ ਦੀ ਕੁੜੀ ਦੇ ਵਿਆਹ ਵਿਚ ਸ਼ਾਮਲ ਹੋਣ ਤੋਂ ਬਿਨਾਂ ਸਰਪੰਚ ਨਾਲ ਮਿਲ ਕੇ ਉਹ ਸ਼ਹੀਦੀ ਥੰਮ ਖੜ੍ਹਾ ਕਰਨ ਤੇ ਵੱਡੀ ਸਿਲ ਉਤੇ ਸ਼ਹੀਦਾਂ ਦੇ ਨਾਂ ਲਿਖਵਾਉਣ ਦੀ ਯੋਜਨਾ ਨੂੰ ਵੀ ਜ਼ਰੂਰ ਸਿਰੇ ਚਾੜ੍ਹੇਗਾ।
ਉਸ ਨੂੰ ਉਠਿਆ ਵੇਖ ਪਤਨੀ ਮੁਸਕਰਾਉਂਦੀ ਹੋਈ ਕੋਠੇ 'ਤੇ ਆਈ, ਤੇ ਥੱਲੇ ਜਾ ਕੇ ਬੁਰਸ਼ ਕਰ ਕੇ ਚਾਹ ਪਾਣੀ ਲਈ ਕਹਿੰਦੀ ਹਦਾਇਤ ਦੇਣ ਲੱਗੀ, "ਜੀ ਫਿਰ ਨਹਾ ਧੋ ਕੇ ਤਿਆਰ ਹੋ ਕੇ ਸਰਪੰਚ ਵੱਲ ਜਾਵੋ ਤੇ ਹੋਰ ਵੀ ਮੁਅਤਬਰ ਬੰਦਿਆਂ ਨੂੰ ਮਿਲੋ। ਜੇ ਇੰਜ ਈ ਗੁੰਡਾਗਰਦੀ ਹੋਣ ਲੱਗੀ ਤਾਂ ਕਿਸੇ ਦੀ ਵੀ ਧੀ ਭੈਣ ਦੀ ਇਜ਼ਤ ਸੇਫ ਨਹੀਂ। ਕਲਜੁਗ ਏਸੇ ਦਾ ਨਾਂ ਈ ਆ ਜੀ ਹੋਰ ਕਲਜੁਗ ਕੀ ਹੁੰਦਾ?" ਉਹ ਗੱਲਾਂ ਵੀ ਕਰੀ ਜਾ ਰਹੀ ਸੀ, ਤੇ ਹਲੂਣ ਕੇ ਬੱਚਿਆਂ ਨੂੰ ਵੀ ਜਗਾ ਰਹੀ ਸੀ। ਨਿੱਕੇ ਨੂੰ ਕੂਲੀਆਂ ਤਲੀਆਂ ਨਾਲ ਅੱਖਾਂ ਮਲਦੇ ਨੂੰ ਉਸ ਨੇ ਕੁੱਛੜ ਚੁੱਕ ਕੇ ਹਿੱਕ ਨਾਲ ਘੁੱਟਦਿਆਂ ਚੁੰਮ ਲਿਆ, "ਪੁੱਤ ਤੂੰ ਚੱਜ ਦਾ ਨਿਕਲੀਂ ਮਾਪਿਆਂ ਦੀ ਇੱਜ਼ਤ ਨੂੰ ਚਾਰ ਚੰਦ ਲਾਵੀਂ।"
"ਕੀ ਗੱਲ, ਮੈਂ ਚੱਜ ਦਾ ਨਹੀਂ?" ਉਹ ਮੁਸਕਰਾਇਆ। ਉਹ ਪੂਰੇ ਦੰਦ ਖੋਲ੍ਹ ਕੇ ਮਿੱਠਾ ਜਿਹਾ ਹੱਸੀ, "ਤੁਸੀਂ ਤਾਂ ਚੰਦ ਓ ਚੰਦ।" ਤੇ ਫਿਰ ਗੰਭੀਰ ਹੁੰਦਿਆਂ ਬੋਲੀ, "ਪਰ ਇਸ ਮਸਲੇ ਮਗਰ ਜ਼ਰੂਰ ਤਕੜੇ ਹੋ ਕੇ ਪਵੋ। ਜੇ ਜਾ ਕੇ ਇਕ-ਦੋ ਛੁੱਟੀਆ ਵੀ ਲੈ ਕੇ ਆਉਣੀਆਂ ਪੈਣ ਤਾਂ ਕੋਈ ਹਰਜ਼ ਨ੍ਹੀਂ।" ਉਹ ਬੱਚੇ ਨੂੰ ਗੋਦ ਵਿਚ ਲੈ ਕੇ ਉਸ ਦੇ ਕੋਲ ਹੀ ਮੰਜੇ ਉਤੇ ਬੈਠ ਗਈ। ਉਸ ਨੇ ਰਾਤੀਂ ਉਸ ਕੋਲ ਪਹਿਲਾਂ ਹੀ ਤਿੰਨ ਛੁੱਟੀਆਂ ਲੈ ਕੇ ਆਏ ਹੋਣ ਦਾ ਜ਼ਿਕਰ ਨਹੀਂ ਸੀ ਕੀਤਾ। ਹੁਣ ਵੀ ਪਤਾ ਨਹੀਂ ਕਿਉਂ ਉਹ ਛੁੱਟੀਆਂ ਬਾਰੇ ਚੁੱਪ ਹੀ ਰਿਹਾ, ਸਗੋਂ ਉਸ ਨੂੰ ਉਲਟਾ ਸਵਾਲ ਕੀਤਾ, "ਮੈਂ ਤਾਂ ਰਾਤ ਦਾ ਸੋਚਦਾ, ਆਪਾਂ ਨੂੰ ਕੀ ਕਿਸੇ ਦੇ ਮਾਮਲੇ ਵਿਚ ਲੱਤ ਅੜਾਉਣ ਦੀ ਲੋੜ ਹੈ। ਨਾ ਆਪਣਾ ਕੋਈ ਮਤਲਬ, ਨਾ ਕੋਈ ਵਾਸਤਾ!"
"ਬੱਲੇ ਜੀ! ਬੱਲੇ!!" ਉਹ ਵਿਚੋਂ ਹੀ ਟੁਣਕ ਕੇ ਬੋਲੀ, "ਅੱਗੇ ਤਾਂ ਭਲਾ ਸਰਦਾਰ ਸਾਹਿਬ ਨੇ ਕਿਸੇ ਦੇ ਮਾਮਲੇ ਵਿਚ ਲੱਤ ਅੜਾਈ ਹੈ ਭਲਾ! ਜਦੋਂ ਮੈਂ ਰੋਕਦੀ ਹੁੰਦੀ ਸੀ ਤਾਂ ਮੈਨੂੰ ਹਨੂੰਮਾਨ ਵਾਲਾ ਲਤੀਫ਼ਾ ਸੁਣਾਇਆ ਕਰਦੇ ਸਨ; ਅਖੇ: ਪੰਡਤ ਨੇ ਰਮਾਇਣ ਦੀ ਕਥਾ ਕਰਦਿਆਂ ਸਾਹਮਣੇ ਬੈਠੀ ਸੰਗਤ ਨੂੰ ਪੁੱਛਿਆ, "ਹਨੂੰਮਾਨ ਕੌਣ ਸੀ?" ਤਾਂ ਪਿਛੇ ਖੜੋਤਾ ਇਕ ਜੱਟ ਆਖਣ ਲੱਗਾ, "ਹਨੂੰਮਾਨ ਜੱਟ ਸੀ।" ਪੰਡਤ ਨੇ ਹੈਰਾਨ ਹੋਏ ਨੇ ਪੁੱਛਿਆ, "ਜੱਟ ਕਿਵੇਂ?" ਜੱਟ ਕਹਿਣ ਲੱਗਾ, "ਜੀ ਜ਼ਨਾਨੀ ਕਿਸੇ ਦੀ, ਕੱਢ ਕੇ ਕੋਈ ਹੋਰ ਲੈ ਗਿਆ, ਉਹ ਵਿਚ ਐਵੇਂ ਆਪਣੀ ਪੂਛ ਨੂੰ ਅੱਗ ਲਵਾਈ ਫਿਰਦਾ ਸੀ, ਜੱਟ ਨ੍ਹੀਂ ਤਾਂ ਹੋਰ ਕੀ ਸੀ।" ਬੱਸ ਉਦੋਂ ਤਾਂ ਆਖਣਾ, ਆਪਾਂ ਤਾਂ ਜੱਟ ਹਨੂੰਮਾਨ ਆਂ। ਜਿਥੇ ਕਿਤੇ ਬੇਇਨਸਾਫੀ ਹੋਵੇ, ਆਪਣੇ ਤੋਂ ਲੱਤ ਗੱਡਿਆਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ।" ਤੇ ਉਹ ਉਸ ਨੂੰ ਬਾਹੋਂ ਫੜ ਕੇ ਹਲੂਣਦਿਆਂ ਮੁਸਕਰਾਈ, "ਉਠੋ! ਉਠੋ! ਨਹਾ-ਧੋ ਕੇ ਤਿਆਰ ਹੋਵੋ ਛੇਤੀ।"
"ਚੰਗਾ ਹਨੂੰਮਾਨ ਜੀ।" ਉਹ ਹੱਸਦਿਆਂ ਉਠਿਆ ਤੇ ਬਿਸਤਰਾ ਵਲ੍ਹੇਟ ਕੇ ਹੇਠਾਂ ਉਤਰ ਆਇਆ।
ਕੱਲ੍ਹ ਵਾਲੀ ਸਾਰੀ ਘਟਨਾ ਪਤਨੀ ਨੇ ਆਪਣੀਆਂ ਅੱਖਾਂ ਨਾਲ ਵੇਖੀ ਸੀ। ਇਸ ਲਈ ਉਸ ਦੇ ਮਨ 'ਤੇ ਹੋਰ ਵੀ ਡੂੰਘਾ ਅਸਰ ਸੀ। ਬੱਚਿਆਂ ਨੂੰ ਤਿਆਰ ਕਰਦੀ ਉਹ ਕਹਿ ਰਹੀ ਸੀ, "ਐਦਾਂ ਨ੍ਹੀਂ ਸੀ ਕਦੀ ਵੇਖਣ ਸੁਣਨ 'ਚ ਆਇਆ। ਮੈਂ ਕਹਿੰਦੀ ਆਂ ਅਜੀਬ ਹੈ ਤੁਹਾਡਾ ਪਿੰਡ ਵੀ ਇਹੋ ਜਿਹਾ ਪਿੰਡ ਨ੍ਹੀਂ ਕਦੀ ਵੇਖਿਆ। ਲੋਕ ਕੋਠਿਆਂ 'ਤੇ ਖਲੋਤੇ ਤਮਾਸ਼ਾ ਵੇਖਦੇ ਰਹੇ ਪਰ ਕਿਸੇ ਵਿਚ ਹਿੰਮਤ ਨਾ ਹੋਈ ਕਿ ਉਸ ਗਰੀਬ ਬੇਦੋਸ਼ੀ ਜ਼ਨਾਨੀ ਨੂੰ ਛੁਡਾ ਹੀ ਦਈਏ!"
ਉਸ ਨੂੰ ਲੱਗਾ, ਉਹ ਉਸ ਦੇ ਪਿੰਡ ਨੂੰ ਮਿਹਣਾ ਮਾਰ ਰਹੀ ਸੀ। ਉਸ ਦਾ ਜੀਅ ਕੀਤਾ, ਪਤਨੀ ਨੂੰ ਸਮਝਾਵੇ ਕਿ ਜਿਥੇ ਵੀ ਕਿਤੇ ਜਾਨਦਾਰ ਲੋਕਾਂ ਦੀ ਜਾਨਦਾਰ ਜਥੇਬੰਦੀ ਨਹੀਂ, ਉਥੇ ਸਭਨੀਂ ਥਾਈਂ ਹੀ ਇਸ ਤਰ੍ਹਾਂ ਹੋ ਰਿਹਾ ਸੀ। ਗੱਲ ਇਕ ਪਿੰਡ ਦੀ ਨਹੀਂ, ਸਾਰੇ ਪਿੰਡਾਂ ਦੀ ਸੀ। ਲੋਕ ਆਪੋ-ਆਪਣੀਆਂ ਬੁੱਕਲਾਂ ਵਿਚ ਮੂੰਹ ਤਾਣ ਕੇ ਸੁੱਤੇ ਹੋਏ ਸਨ। ਭ੍ਰਿਸ਼ਟ ਸਿਆਸਤ ਦਾ ਸ਼ੇਰ ਸਭ ਦੇ ਸਿਰ 'ਤੇ ਦਹਾੜ ਰਿਹਾ ਸੀ ਤੇ ਲੋਕ ਸ਼ੁਤਰਮੁਰਗ ਵਾਂਗ ਰੇਤ ਵਿਚ ਸਿਰ ਦੇ ਕੇ, ਅੱਖਾਂ ਲੁਕਾਈ ਮੌਤ ਤੋਂ ਬਚਣ ਦੇ ਯਤਨ ਦੀ ਖੁਸ਼ਫ਼ਹਿਮੀ ਵਿਚ ਸਨ। ਅਜਿਹੇ ਵਾਤਾਵਰਣ ਵਿਚ ਬਿੱਲੀ ਵਾਂਗ ਸ਼ਹਿ ਲਾ ਕੇ ਬੈਠੀ ਵਿਗੜੀ ਵਿਵਸਥਾ ਸਾਹਮਣੇ ਹਰ ਬੰਦਾ ਕਬੂਤਰ ਵਾਂਗ ਅੱਖਾਂ ਮੀਚੀ ਆਪਣੇ ਆਪ ਨੂੰ ਸੁਰੱਖਿਅਤ ਸਮਝ ਰਿਹਾ ਸੀ।
ਪਤਨੀ ਗੰਭੀਰ ਹੋ ਗਈ। ਉਸ ਦਾ ਚਿਹਰਾ ਉਦਾਸ ਤੇ ਧੁਆਂਖਿਆ ਗਿਆ। ਉਹ ਹਮਦਰਦੀ ਦੀ ਮੂਰਤੀ ਬਣੀ ਬੈਠੀ ਸੀ। ਆਪਣੇ ਪਹਿਲੇ ਬਿਆਨ ਵਿਚ ਥੋੜ੍ਹੀ ਜਿਹੀ ਸੋਧ ਕਰਦਿਆਂ ਬੋਲੀ, "ਨਹੀਂ ਮੇਰਾ ਮਤਲਬ ਇਹ ਤਾਂ ਨ੍ਹੀਂ। ਸਭ ਥਾਈਂ ਇੰਜ ਈ ਬੇੜਾ ਗਰਕਣ ਤੇ ਆਇਆ, ਪਰ ਏਥੇ ਕੁਝ ਜ਼ਿਆਦਾ ਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਅਜੇ ਪਿਛਲੇ ਦਿਨੀਂ ਵੇਖੋ। ਬਾਹਰ ਗਈਆਂ ਜ਼ਨਾਨੀਆਂ 'ਚੋਂ ਰਾਤ ਇਕ ਦੀ ਕੰਨ ਦੀ ਵਾਲੀ ਕੋਈ ਲਾਹ ਕੇ ਭੱਜ ਗਿਆ ਸੀ।"
"ਫਿਰ ਇਹ ਪਿੰਡ ਛੱਡ ਕਿਉਂ ਨਹੀਂ ਦਿੰਦੀ। ਚੱਲ ਉਥੇ ਮੇਰੇ ਨਾਲ ਹੀ ਚੱਲ।" ਉਸ ਨੇ ਹੱਸ ਕੇ ਆਖਿਆ ਤਾਂ ਉਹ ਇਕਦਮ ਬੋਲ ਉਠੀ, "ਨਾ ਨਾ ਮੈਂ ਤਾਂ ਨਹੀਂ ਛੱਡ ਕੇ ਜਾਂਦੀ ਆਪਣੇ ਘਰ ਨੂੰ, ਮੈਂ ਆਪਣੇ ਹੱਥੀਂ ਬਣਾਇਐ।" ਤੇ ਉਸ ਨੇ ਪੇਟ ਕੱਟ ਕੇ, ਭੁੱਖਿਆਂ ਰਹਿ ਕੇ ਬਣਾਏ ਆਪਣੇ ਮਕਾਨ ਵੱਲ ਵੇਖਦਿਆਂ ਮਾਣ ਵਿਚ ਫੁੱਲਵਾਂ ਸਾਹ ਲਿਆ ਤੇ ਫਿਰ ਉਦਾਸ ਹੋ ਗਈ।
ਰਾਤੀਂ ਜਦੋਂ ਉਹ ਘਰ ਪਹੁੰਚਿਆ ਸੀ ਤਾਂ ਪਤਨੀ ਬਾਹਰ ਵਿਹੜੇ ਵਿਚ ਮੰਜੇ ਉਤੇ ਬੱਚਿਆਂ ਸਮੇਤ ਬੈਠੀ ਸੀ। ਜਿਸ ਦਿਨ ਉਸ ਨੇ ਆਉਣਾ ਹੁੰਦਾ, ਬੱਚੇ ਉਸ ਨੂੰ ਮਿਲਣ ਲਈ ਤੇ 'ਚੀਜੀ' ਖਾਣ ਲਈ ਉਡੀਕ ਰਹੇ ਹੁੰਦੇ। ਉਹ ਓਨਾ ਚਿਰ ਸੌਂਦੇ ਨਾ। ਅੰਦਰ ਵੜਦੇ ਦੀਆਂ ਲੱਤਾਂ ਨਾਲ ਨਿੱਕਾ ਭੱਜ ਕੇ ਚੰਬੜ ਗਿਆ। ਵੱਡੀ ਬੱਚੀ ਨੇ ਉਸ ਦੇ ਹੱਥਾਂ ਵਿਚੋਂ ਫਲਾਂ ਵਾਲਾ ਲਿਫ਼ਾਫ਼ਾ ਝਪਟ ਮਾਰ ਕੇ ਖੋਹ ਲਿਆ।
ਬੱਚੇ ਫਲ ਖਾ ਕੇ ਉਸ ਦੁਆਲੇ ਹੋਏ ਉਸ ਨਾਲ ਲਾਡ ਪਿਆਰ ਕਰ ਰਹੇ ਸਨ। ਪਤਨੀ ਰੋਟੀ ਗਰਮ ਕਰ ਕੇ ਲੈ ਆਈ ਤੇ ਉਸ ਕੋਲ ਬੈਠ ਗਈ।
"ਹੂੰਅ ਸੁਣਾਓ ਕੋਈ ਗੱਲ ਬਾਤ ਫਿਰ?" ਉਸ ਨੇ ਮੁਸਕਰਾਉਂਦਿਆਂ ਪਤਨੀ ਨੂੰ ਪੁੱਛਿਆ, ਕਿਉਂਕਿ ਉਸ ਦੇ ਆਉਂਦਿਆਂ ਹੀ ਉਹ ਪਿਛਲੇ ਸਭ ਦਿਨਾਂ ਦੀਆਂ ਆਪਣੇ ਅੰਦਰ ਡੱਕੀਆਂ ਗੱਲਾਂ, ਬਿਨਾਂ ਕੋਈ ਪੂਰਨ ਵਿਰਾਮ ਲਾਇਆਂ ਕਰਦੀ ਜਾਂਦੀ ਤੇ ਉਹ ਮੁਸਕਰਾਉਂਦਾ ਉਹਦਾ ਨਿੱਕੇ ਤੋਂ ਨਿੱਕਾ ਵੇਰਵਾ ਸੁਣਦਾ ਜਾਂਦਾ।
"ਸੁਣਾਉਣਾ ਕੀ ਆ ਮਿੱਠਿਓ। ਅੱਜ ਤਾਂ ਹੱਦ ਹੀ ਹੋ'ਗੀ। ਮੈਂ ਤਾਂ ਆਹਨੀਂ ਆਂ ਸੱਤਿਆਨਾਸ ਹੀ ਹੋ ਗਿਆ ਦੁਨੀਆਂ ਦਾ।" ਉਹ ਬੜੀ ਗੰਭੀਰ ਤੇ ਘਬਰਾਈ ਹੋਈ ਸੀ। ਉਹ ਹੈਰਾਨ ਹੋਇਆ, ਬੁਰਕੀ ਸੰਘੋਂ ਹੇਠਾਂ ਕਰ ਕੇ, ਉਹਦੇ ਮੂੰਹ ਵੱਲ ਵੇਖਣ ਲੱਗਾ।
ਕਸਬਾ-ਨੁਮਾ ਪਿੰਡ ਦੇ ਸਭ ਤੋਂ ਵੱਧ ਰੌਣਕ ਵਾਲੇ ਚੌਕ ਵਿਚੋਂ, ਜਿਥੇ ਪਿੰਡ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਸਨ ਤੇ ਜਿਨ੍ਹਾਂ ਦੁਕਾਨਾਂ 'ਤੇ ਸੌਦਾ ਲੈਣ ਆਏ ਲੋਕਾਂ ਦੀ ਗਹਿ-ਗੱਚ ਭੀੜ ਸੀ, ਸੌਦਾ ਲੈਣ ਆਈ 'ਪਾਲੇਮਾਰਾਂ' ਦੀ ਪ੍ਰੀਤਮ ਕੌਰ ਨੂੰ ਛਿੱਬੂਆਂ ਦੇ ਜੀਤੂ ਹੁਰਾਂ ਨੇ ਆ ਘੇਰਿਆ ਸੀ ਤੇ ਸਭ ਦੇ ਵਿੰਹਦਿਆਂ ਚਾਂਗਰਾਂ ਮਾਰਦੇ, ਗਾਲ੍ਹਾਂ ਕੱਢਦੇ, ਲਿਸ਼ਕਦੇ ਹਥਿਆਰ ਹੱਥ ਵਿਚ ਫੜੀ ਪੰਜ ਸੱਤ ਬੰਦੇ ਉਸ ਨੂੰ ਸ਼ੱਰੇ ਬਜ਼ਾਰ ਨੰਗਾ ਕਰਨ 'ਤੇ ਤੁਲੇ ਹੋਏ ਸਨ। ਜੀਤੂ ਨੇ ਦੁਨਾਲੀ ਅਸਮਾਨ ਨੂੰ ਸੇਧ ਕੇ ਫਾਇਰ ਕੀਤਾ ਤੇ ਬਘਿਆੜ ਵਾਂਗੂੰ ਦਹਾੜਿਆ, "ਜਿਹੜੇ ਮਾਂ ਦੇ ਪੁੱਤ ਨੂੰ ਜਾਨ ਨ੍ਹੀਂ ਪਿਆਰੀ, ਉਹੋ ਅੱਗੇ ਆਇਓ ਇਹਨੂੰ ਅਸੀਂ ਨੰਗਿਆ ਕਰ ਕੇ ਫੇਰਨਾ ਜੇ।"
ਉਸ ਨੇ ਬਾਜ਼ਾਰ ਵਿਚ ਤੇ ਹੱਟੀਆਂ 'ਤੇ ਖੜ੍ਹੇ ਡੌਰ ਭੌਰ ਹੋਏ ਲੋਕਾਂ ਨੂੰ ਵੰਗਾਰਿਆ ਤੇ ਫਿਰ ਹੱਥ ਜੋੜਦੀ, ਵਾਸਤੇ ਪਾਉਂਦੀ, "ਵੇ ਪੁੱਤਾ! ਮੈਨੂੰ ਬਸ਼ਕ ਲੋ ਮੈਂ ਤੁਹਾਡੀ ਮਾਂਵਾਂ ਵਰਗੀ ਵੇ।" ਪ੍ਰੀਤਮ ਕੌਰ ਦੀ ਚਿੱਟੀ ਚੁੰਨੀ ਲਾਹ ਕੇ ਉਸ ਨੇ ਵਗਦੀ ਗੰਦੀ ਨਾਲੀ ਵਿਚ ਸੁੱਟ ਦਿੱਤੀ ਤੇ ਉਸ ਦੇ ਜੁੜੇ ਹੱਥਾਂ 'ਤੇ ਬੰਦੂਕ ਦਾ ਬੱਟ ਮਾਰ ਕੇ ਵੱਡੀ ਸਾਰੀ ਭੱਦੀ ਗਾਲ੍ਹ ਕੱਢੀ।
ਉਸ ਦੀ ਪਤਨੀ ਸੁਣਾ ਰਹੀ ਸੀ ਤੇ ਸੁਣਦਿਆਂ ਸੁਣਦਿਆਂ ਉਸ ਦੇ ਲੂੰ ਕੰਡੇ ਖੜ੍ਹੇ ਹੋ ਰਹੇ ਸਨ।
"ਪਰ ਉਨ੍ਹਾਂ ਇੰਜ ਕੀਤਾ ਕਿਉਂ? ਆਖਰ ਇਹਦੇ ਪਿੱਛੇ ਵੀ ਤਾਂ ਕੋਈ ਗੱਲ ਹੋਊ?"
"ਨਾ-ਹੱਕ ਜੀ, ਗੱਲ ਉਸ ਵਿਚਾਰੀ ਨਾਲ ਕਾਹਦੀ ਹੋਣੀ ਐਂ। ਕਹਿੰਦੇ ਨੇ, ਪ੍ਰੀਤਮ ਕੌਰ ਦੇ ਮੁੰਡੇ ਨੇ ਉਨ੍ਹਾਂ ਦੀ ਕੁੜੀ ਨੂੰ ਖੇਤ ਗਿਆਂ ਮਜ਼ਾਕ ਕੀਤਾ।"
"ਕਸੂਰ ਮੁੰਡੇ ਦਾ ਤੇ ਬਦਲਾ ਉਸ ਦੀ ਮਾਂ ਤੋਂ ਲੈਣਾ, ਤੇ ਉਹ ਵੀ ਇਸ ਤਰੀਕੇ ਨਾਲ?" ਉਹ ਸ਼ਰਮ ਤੇ ਗੁੱਸੇ ਨਾਲ ਨਹੁੰ ਟੁੱਕ ਰਿਹਾ ਸੀ।
"ਕਿਸੇ ਨੇ ਅੱਗੇ ਹੋ ਕੇ ਛੁਡਾਇਆ ਨਾ?" ਉਸ ਦੇ ਅੰਦਰੋਂ ਬਲਦਾ ਹੋਇਆ ਪ੍ਰਸ਼ਨ ਨਿਕਲਿਆ।
"ਮੈਂ ਮਰ ਜਾਂ! ਮੈਂ ਰੋਂਦੀ ਹੋਰ ਕਿਹੜੀ ਗੱਲ ਨੂੰ ਆਂ।" ਤੇ ਉਹ ਦੱਸਦੀ ਰਹੀ।
ਸਾਰੇ ਲੋਕ ਤਮਾਸ਼ਾਈ ਬਣ ਕੇ ਵੇਖ ਰਹੇ ਸਨ। ਜ਼ਨਾਨੀਆਂ ਤੇ ਬੰਦੇ ਕੋਠੇ 'ਤੇ ਚੜ੍ਹੇ ਹੋਏ ਸਨ, ਜਿਵੇਂ ਕੋਈ ਜਲੂਸ ਨਿਕਲਦਾ ਵੇਖਣ ਲਈ ਖੜ੍ਹੇ ਹੋਣ।
ਪ੍ਰੀਤਮ ਕੌਰ ਬਹੁੜੀਆਂ ਪਾਉਂਦੀ ਰਹੀ, ਤਰਲੇ ਪਾਉਂਦੀ ਰਹੀ, ਹੱਥ ਜੋੜਦੀ ਰਹੀ।
"ਵੇ ਪੁੱਤੋ! ਮੈਨੂੰ ਏਤਰਾਂ ਬਿਜ਼ਤ ਕਰਨ ਨਾਲੋਂ ਮੈਨੂੰ ਗੋਲੀ ਮਾਰ ਦੋ।"
ਇਕ ਨੇ ਉਸ ਦੀ ਗਿੱਚੀ ਵਿਚ ਪੂਰੇ ਜ਼ੋਰ ਨਾਲ ਧੌਲ ਮਾਰੀ ਤੇ ਉਹ ਮੂੰਹ ਪਰਨੇ ਧਰਤੀ 'ਤੇ ਡਿੱਗ ਪਈ। ਦੂਜੇ ਨੇ ਅੱਗੇ ਵਧ ਕੇ ਡਿੱਗੀ ਪਈ ਦੇ ਕੁਰਤੇ ਨੂੰ ਹੱਥ ਪਾਇਆ ਤੇ ਇਕ ਹੁਜਕੇ ਨਾਲ ਕੁਰਤੇ ਨੂੰ ਦੋਫਾੜ ਕਰ ਕੇ ਉਸ ਨੂੰ ਖਿੱਚ ਕੇ ਦੂਰ ਵਗਾਹ ਮਾਰਿਆ: ਉਹ ਆਪਣੀਆਂ ਦੋਹਾਂ ਛਾਤੀਆਂ 'ਤੇ ਆਪਣੇ ਹੱਥ ਘੁੱਟ ਕੇ ਤਣ ਕੇ ਬੈਠ ਗਈ।
"ਤਾਂਹ ਉਠ! ਕੁੱਤੀ ਰੰਨ ਨਾ ਹੋਵੇ ਤਾਂ ਪਾਖੰਡ ਕਰਦੀ ਐ, ਇਥੇ ਦੀਵਾਨ ਸੁਣਨ ਬੈਠੀ ਏਂ।"
ਇਕ ਨੇ ਉਸ ਦੇ ਵਾਲਾਂ ਨੂੰ ਹੱਥ ਪਾ ਕੇ ਉਸ ਨੂੰ ਧੂਹ ਕੇ ਖੜ੍ਹਾ ਕਰ ਲਿਆ ਤੇ ਧੂੰਹਦੇ ਹੋਏ ਡਾਂਗਾਂ ਦੀਆਂ ਹੁੱਝਾਂ ਤੇ ਬੰਦੂਕ ਦੇ ਬੱਟ ਮਾਰਦੇ ਪਿਛਵਾੜੇ ਦੀ ਗਲੀ ਵਿਚੋਂ ਲੈ ਤੁਰੇ।
ਪ੍ਰੀਤਮ ਕੌਰ ਭਿੱਖ-ਮੰਗਦੀਆਂ ਅੱਖਾਂ ਨਾਲ ਆਸੇ-ਪਾਸੇ ਤੇ ਕੋਠਿਆਂ ਉਤੇ ਖਲੋਤੇ ਬੰਦਿਆਂ ਤੇ ਜ਼ਨਾਨੀਆਂ ਦੇ ਵਾਸਤੇ ਪਾ ਰਹੀ ਸੀ: "ਵੇ ਲੋਕੋ! ਮੈਂ ਤੁਹਾਡੀ ਭੈਣ ਵੇ। ਮੈਂ ਤੁਹਾਡੀ ਮਾਂ ਵੇ, ਬਹੁੜੀ ਮੈਨੂੰ ਇਨ੍ਹਾਂ ਰਾਕਸ਼ਾਂ ਤੋਂ ਬਚਾਓ ਵੇ। ਮੇਰੇ ਸਿਰ 'ਤੇ ਇੱਟ ਮਾਰ ਕੇ ਈ ਮੈਨੂੰ ਮਾਰ ਦੋ ਹਾਏ ਵੇ।" ਉਹ ਵਿਲਕ ਰਹੀ ਸੀ।
ਕੋਠਿਆਂ 'ਤੇ ਚੜ੍ਹੀਆਂ ਜ਼ਨਾਨੀਆਂ ਜੀਤੂ ਹੁਰਾਂ ਨੂੰ ਉਚੀ ਉਚੀ ਲਾਹਨਤਾਂ ਪਾ ਰਹੀਆਂ ਸਨ,
"ਤੁਹਾਡਾ ਬੇੜਾ ਗਰਕ ਹੋ'ਜੇ। ਤੁਹਾਡਾ ਕੱਖ ਨਾ ਰਹੇ ਜ਼ਾਲਮੋਂ।"
ਪਤਨੀ ਦੱਸਦੀ ਜਾ ਰਹੀ ਸੀ, ਤੇ ਉਹ ਲੋਕਾਂ ਵਿਚੋਂ ਅਸਲੋਂ ਹੀ ਮਰ ਗਈ ਮਨੁੱਖਤਾ ਦਾ ਅਨੁਮਾਨ ਲਾ ਰਿਹਾ ਸੀ।
"ਜੀ ਮੇਰੇ ਅੰਦਰ ਤਾਂ ਐਨੀ ਅੱਗ ਬਲਦੀ ਪਈ ਸੀ ਕਿ ਜੀਅ ਕਰੇ, ਜ਼ਨਾਨੀਆਂ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੇ ਗਲ ਪੈ ਜੀਏ। ਜ਼ਨਾਨੀਆਂ ਨੂੰ ਮਾਰ ਥੋੜ੍ਹਾ ਦੇਣ ਲੱਗੇ ਸਨ ਉਹ?"
ਉਨ੍ਹਾਂ ਦੀ ਬੱਚੀ ਅਜੇ ਜਾਗਦੀ ਪਈ ਸੀ। ਉਸ ਨੇ ਵੀ ਸਾਰੀ ਘਟਨਾ ਆਪਣੀਆਂ ਅੱਖਾਂ ਨਾਲ ਮਾਂ ਦੇ ਨਾਲ ਕੋਠੇ 'ਤੇ ਚੜ੍ਹ ਕੇ ਵੇਖੀ ਸੀ। ਉਹ ਸਹਿਮੀਆਂ ਨਜ਼ਰਾਂ ਨਾਲ ਆਪਣੀ ਮਾਂ ਨੂੰ ਪਿਤਾ ਨਾਲ ਗੱਲਾਂ ਕਰਦਿਆਂ ਵੇਖ ਰਹੀ ਸੀ।
"ਡੈਡੀ! ਉਨ੍ਹਾਂ ਨੇ ਉਹਨੂੰ ਸਾਰਾ ਹੀ ਨੰਗਾ ਕੀਤਾ। ਕਿਛੇ ਵੀ ਨਾ ਛਡਾਇਆ।"
ਬੱਚੀ ਦੀ ਗੱਲ ਸੁਣਦਿਆਂ ਹੀ ਉਹਨੇ ਉਸ ਨੂੰ ਗਲ ਨਾਲ ਘੁੱਟ ਲਿਆ। ਉਹ ਸ਼ਰਮ ਨਾਲ ਗਰਕ ਹੋ ਗਿਆ। ਉਸ ਦੀਆਂ ਅੱਖਾਂ ਵਿਚ ਪਾਣੀ ਸਿੰਮ ਆਇਆ।
ਗਲੀ ਦੇ ਮੋੜ 'ਤੇ ਜਾ ਕੇ ਉਹ ਜਦੋਂ ਉਹਦੀ ਸਲਵਾਰ ਲਾਹੁਣ ਲੱਗੇ ਤਾਂ ਕਰਤਾਰਾ ਕਾਮਰੇਡ ਅੱਗੇ ਵਧਿਆ, "ਅਕਲ ਕਰੋ ਓ ਕੁਝ ਅਕਲ! ਹੋਰ ਕੁਝ ਨ੍ਹੀਂ ਤਾਂ ਰੱਬ ਤਾਂ ਵਿੰਹਦਾ ਤੁਹਾਨੂੰ।"
ਉਸ ਨੂੰ ਅੱਗੇ ਵਧਿਆ ਆਉਂਦਾ ਦੇਖ ਜੀਤੂ ਨੇ ਅਸਮਾਨ ਨੂੰ ਸੇਧ ਕੇ ਫਾਇਰ ਕੀਤਾ, ਜਿਵੇਂ ਰੱਬ ਦੇ ਢਿੱਡ ਵਿਚ ਗੋਲੀ ਮਾਰੀ ਹੋਵੇ, ਤੇ ਉਸ ਨੂੰ ਮਾਰ ਕੇ ਨਿਸਚਿੰਤ ਹੋ ਕੇ ਲਲਕਾਰਿਆ, "ਅੱਗੇ ਨਾ ਵਧੀਂ ਕਾਮਰੇਡਾ! ਅੱਗੇ ਤੇਰੀ ਖੱਬੀ ਬਾਂਹ ਟੁੱਟੀ ਆ, ਹੁਣ ਸੱਜੀ ਤੁੜਾ ਬਹੇਂਗਾ।" ਤੇ ਉਸ ਨੇ ਗਲ੍ਹੱਥਾ ਮਾਰ ਕੇ ਉਸ ਨੂੰ ਗਲੀ ਦੇ ਇਕ ਪਾਸੇ ਵਗਾਹ ਮਾਰਿਆ।
ਪਤਨੀ ਦੱਸ ਰਹੀ ਸੀ ਕਿ ਗਲੀਆਂ ਵਿਚ ਤੇ ਕੋਠਿਆਂ ਉਤੇ 'ਕੱਠੀ ਹੋਈ ਭੀੜ ਦੇ ਸਾਹਮਣੇ ਉਹ ਉਸ ਔਰਤ ਨੂੰ ਅਲਫ਼-ਨੰਗਿਆ ਕਰ ਕੇ ਲੈ ਗਏ ਤੇ ਗਲੀਆਂ ਵਿਚ ਫੇਰਦੇ ਰਹੇ।
ਸਾਹੋ-ਸਾਹ ਹੋਈ ਪਤਨੀ ਦੀਆਂ ਗੱਲਾਂ ਸੁਣ ਕੇ ਉਹਦਾ ਅੰਦਰ ਦਰਦ ਨਾਲ ਪੱਛਿਆ ਗਿਆ ਸੀ।
"ਮੈਂ ਆਹਨਾਂ! ਲੋਕ ਅਸਲੋਂ ਹੀ ਮਰ ਗਏ। ਕੀ ਉਨ੍ਹਾਂ ਕੋਲ ਸਾਰੇ ਪਿੰਡ ਦੇ ਲੋਕਾਂ ਨਾਲੋਂ ਜ਼ਿਆਦਾ ਹਥਿਆਰ ਸਨ? ਰਲ ਕੇ ਇਕ ਵਾਰ ਟੁੱਟ ਕੇ ਉਨ੍ਹਾਂ ਦੇ ਗਲ ਪੈ ਜਾਂਦੇ।" ਉਹ ਅੱਧਾ ਪਤਨੀ ਨਾਲ ਤੇ ਅੱਧਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ। ਉਹ ਜਿਵੇਂ ਆਪਣੇ ਅੰਦਰ ਡੁੱਬ ਗਿਆ।
"ਮੈਂ ਤਾਂ ਸ਼ਾਮੀਂ ਗੱਲਾਂ ਕਰਦਿਆਂ ਤਾਰੇ ਦੀ ਵਹੁਟੀ ਨੂੰ ਆਖਦੀ ਸਾਂ ਤੁਹਾਡਾ ਨਾਂ ਲੈ ਕੇ ਕਿ ਜੇ ਉਹ ਹੁੰਦੇ ਤਾਂ ਉਨ੍ਹਾਂ ਤਾਂ ਨਹੀਂ ਸੀ ਇਸ ਤਰ੍ਹਾਂ ਹੋਣ ਦੇਣਾ ਕਦੀ ਵੀ, ਭਾਵੇਂ ਕੁਝ ਹੁੰਦਾ। ਉਹ ਤਾਂ ਲੋਕਾਂ ਨੂੰ ਵੰਗਾਰ ਕੇ, ਜਾ ਕੁੱਦਦੇ ਮੌਤ ਦੇ ਮੂੰਹ ਵਿਚ ਪਰ ਉਹਨੂੰ ਨੰਗਿਆਂ ਨਹੀਂ ਸਨ ਹੋਣ ਦਿੰਦੇ।"
ਪਤਨੀ ਦੀ ਗੱਲ ਸੁਣ ਕੇ ਉਹਨੂੰ ਉਸ 'ਤੇ ਡਾਢਾ ਪਿਆਰ ਆਇਆ। ਉਸ ਨੂੰ ਪਤੀ 'ਤੇ ਕਿੰਨਾ ਮਾਣ ਸੀ। ਉਹ ਵੀ ਮਾਣ ਨਾਲ ਭਰ ਗਿਆ। ਉਸ ਦੇ ਆਪਣੇ ਜੀਵਨ ਦਾ ਨਿੱਕਾ ਜਿਹਾ ਇਤਿਹਾਸ ਉਸ ਦੀਆਂ ਨਜ਼ਰਾਂ ਅੱਗਿਉਂ ਗੁਜ਼ਰ ਗਿਆ, ਜਦੋਂ ਉਹ ਪਿੰਡ ਅਤੇ ਇਲਾਕੇ ਵਿਚ ਹਰ ਬੇਇਨਸਾਫੀ ਵਿਰੁੱਧ ਜੂਝਣ ਲਈ ਤਿਆਰ ਖੜ੍ਹਾ ਹੁੰਦਾ ਸੀ।
ਪਿੰਡ ਪਿੰਡ ਬਣੀਆਂ ਨੌਜਵਾਨ ਸਭਾਵਾਂ ਸ਼ਕਤੀਸ਼ਾਲੀ ਜਥੇਬੰਦੀ ਦੇ ਰੂਪ ਵਿਚ ਉਭਰ ਰਹੀਆਂ ਸਨ ਤੇ ਜਿਥੇ ਕਿਤੇ ਬੇਇਨਸਾਫੀ ਹੁੰਦੀ, ਰਲ ਕੇ ਟੱਕਰ ਲੈਣ ਲਈ ਤਿਆਰ ਹੁੰਦੀਆਂ ਸਨ।
"ਜੇ ਕਿਤੇ ਉਹ ਦਿਨ ਹੁੰਦੇ, ਤਾਂ ਇਨ੍ਹਾਂ ਨੂੰ ਇਕ ਵਾਰ ਤਾਂ ਗਿਆਨ ਕਰਾ ਦਿੰਦੇ।" ਉਸ ਨੂੰ ਹਸਰਤ ਸੀ ਕਿ ਫੁੱਟ ਦੀ ਸਿਆਸਤ ਅਤੇ ਕੁਸੇਧ ਨੇ ਜਥੇਬੰਦੀ ਦਾ ਢਾਂਚਾ ਤੋੜ ਦਿੱਤਾ ਸੀ।
"ਲੈ ਹੁਣ ਤੁਸੀਂ ਕੀ ਨਹੀਂ ਕਰ ਸਕਦੇ?" ਪਤਨੀ ਨੂੰ ਅਜੇ ਵੀ ਉਸ ਦੀ ਤਾਕਤ 'ਤੇ ਵਿਸ਼ਵਾਸ ਸੀ।
"ਸਵੇਰੇ ਸਰਪੰਚ ਨੂੰ ਮਿਲੋ, ਲੋਕਾਂ ਨੂੰ ਇਕੱਠਿਆਂ ਕਰ ਕੇ ਇਸ ਜ਼ੁਲਮ ਵਿਰੁੱਧ ਲਾਮਬੰਦ ਕਰੋ।"
ਉਹ ਪਤਨੀ ਨਾਲ ਸਹਿਮਤ ਹੁੰਦਾ ਹੋਇਆ ਵੀ ਹੈਰਾਨੀ ਨਾਲ ਉਸ ਦੇ ਮੂੰਹ ਵੱਲ ਵੇਖ ਰਿਹਾ ਸੀ। ਇਹ ਉਹੋ ਔਰਤ ਸੀ, ਜਿਹੜੀ ਸਦਾ ਉਸ ਨੂੰ ਅਜਿਹੇ ਕੰਮਾਂ ਤੋਂ ਵਰਜਦੀ ਹੁੰਦੀ ਸੀ, "ਤੁਸੀਂ ਸਾਰੀ ਦੁਨੀਆਂ ਠੀਕ ਕਰਨ ਦਾ ਠੇਕਾ ਲਿਆ ਹੋਇਐ, ਆਪਣੀ ਜ਼ਿੰਦਗੀ ਸੁਖ ਨਾਲ ਗੁਜ਼ਾਰੋ।" ਤੇ ਹੁਣ ਜਦੋਂ ਉਹ ਚੰਗੀ ਨੌਕਰੀ 'ਤੇ ਲੱਗ ਗਿਆ ਸੀ ਤੇ ਸੁਖ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਤਾਂ ਉਹ ਉਸ ਨੂੰ ਜ਼ੁਲਮ ਵਿਰੁੱਧ ਲੜਨ ਲਈ ਵੰਗਾਰ ਰਹੀ ਸੀ।
ਗਈ ਰਾਤ ਤੱਕ ਉਸ ਨੂੰ ਨੀਂਦ ਨਾ ਆਈ। ਸਾਰੀ ਘਟਨਾ ਨਸ਼ਤਰ ਬਣ ਕੇ ਉਸ ਦੀਆਂ ਅੱਖਾਂ ਵਿਚ ਰੜਕ ਰਹੀ ਸੀ। ਕਲਪਨਾ ਵਿਚ ਹੀ ਨੰਗੀ ਔਰਤ ਉਸ ਦੀਆਂ ਅੱਖਾਂ ਅੱਗੇ ਤੁਰੀ ਜਾ ਰਹੀ ਸੀ ਤੇ ਟੁੱਟੇ ਹੱਥਾਂ ਤੇ ਟੁੱਕੀਆਂ ਜੀਭਾਂ ਵਾਲੇ ਲੋਕ ਆਸੇ-ਪਾਸੇ ਖੜ੍ਹੇ ਚੁੱਪ-ਚਾਪ ਵੇਖ ਰਹੇ ਸਨ ਤੇ ਉਸ ਦੇ ਕੰਨਾਂ ਵਿਚ ਆਵਾਜ਼ ਗੂੰਜ ਰਹੀ ਸੀ, "ਵੇ ਲੋਕੋ! ਮੈਂ ਤੁਹਾਡੀ ਭੈਣ ਜੇ ਮੈਂ ਤੁਹਾਡੀ ਮਾਂ ਜੇ ਬਹੁੜੀ ਮੈਨੂੰ ਬਚਾਓ, ਇਨ੍ਹਾਂ ਰਾਕਸ਼ਾਂ ਤੋਂ।"
ਤੇ ਉਸ ਤਹੱਈਆ ਕਰ ਲਿਆ ਸੀ ਕਿ ਇਸ ਮਾਮਲੇ ਵਿਚ, ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ, ਮਜ਼ਲੂਮ ਧਿਰ ਦੀ ਮਦਦ ਕਰਨੀ ਹੈ। ਉਸ ਸੋਚਿਆ ਕਿ ਸਮੁੱਚੇ ਪਿੰਡ ਦਾ ਇਕੱਠ ਕਰ ਕੇ ਉਨ੍ਹਾਂ ਜ਼ਾਲਮਾਂ ਵਿਰੁੱਧ ਸਮੂਹਕ ਕਾਰਵਾਈ ਕੀਤੀ ਜਾਵੇ, ਉਨ੍ਹਾਂ ਨੂੰ ਸਜ਼ਾ ਦਿਵਾਈ ਜਾਵੇ। ਕਈ ਦਲੀਲਾਂ ਉਸ ਦੇ ਮਨ ਵਿਚ ਆਉਂਦੀਆਂ ਤੇ ਤੁਰ ਜਾਂਦੀਆਂ। ਇਸ ਉਧੇੜ-ਬੁਣ ਵਿਚ ਕਿਤੇ ਤੜਕੇ ਜਿਹੇ ਕਿਤੇ ਉਸ ਦੀ ਅੱਖ ਲੱਗੀ। ਸੁੱਤਿਆਂ ਪਿਆਂ ਵੀ ਭਿਆਨਕ ਤੇ ਡਰਾਉਣੇ ਸੁਪਨੇ ਉਸ ਦੀਆਂ ਅੱਖਾਂ ਵਿਚ ਰੜਕਦੇ ਰਹੇ।
ਪਤਨੀ ਦੇ ਕਹਿਣ 'ਤੇ ਉਹ ਨਹਾ-ਧੋ ਕੇ ਤਿਆਰ ਹੋਇਆ ਤੇ ਸੋਚਿਆ ਕਿ ਰੋਟੀ ਖਾਣ ਤੋਂ ਪਹਿਲਾਂ ਇਕ ਵਾਰ ਸਰਪੰਚ ਨੂੰ ਮਿਲ ਆਵੇ ਤੇ ਉਸ ਨਾਲ ਇਹ ਮਾਮਲਾ ਸਾਰੇ ਪਹਿਲੂਆਂ ਤੋਂ ਵਿਚਾਰ ਆਵੇ।
ਘਰੋਂ ਬਾਹਰ ਨਿਕਲਿਆ ਹੀ ਸੀ ਕਿ ਬਾਜ਼ਾਰ ਵਿਚ ਬਿਹਾਰੀ ਥੱਥੇ ਦੀ ਹੱਟੀ 'ਤੇ ਲੋਕ ਜੁੜੇ ਹੋਏ ਸਨ ਤੇ ਕੱਲ੍ਹ ਵਾਲੀ ਘਟਨਾ ਨੂੰ ਹੀ ਚਿੱਥ ਰਹੇ ਸਨ। ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ। ਉਹ ਵੀ ਭੀੜ ਦੇ ਇਕ ਪਾਸੇ ਖਲੋ ਗਿਆ। ਉਸ ਨੂੰ ਵੇਖ ਕੇ ਡਾਕਟਰ 'ਹੈਂ ਜੀ' ਬੋਲ ਪਿਆ,
"ਜ਼ੁਲਮ ਹੋਇਆ ਘੋਰ ਜ਼ੁਲਮ ਹੈਂ ਜੀ, ਧੱਬਾ ਲੱਗ ਗਿਆ ਪਿੰਡ ਦੇ ਮੱਥੇ 'ਤੇ ਹੈਂ ਜੀ। ਲੋਕ ਗੱਲਾਂ ਕਰਨਗੇ, ਫਲਾਣੇ ਪਿੰਡ ਨੇ ਆਹ ਕਰਤੂਤ ਕੀਤੀ ਆ, ਹੈਂ ਜੀ।" ਤੇ ਆਪਣੇ ਆਦਰਸ਼ਕ ਨਜ਼ਰੀਏ ਨੂੰ ਥੋੜ੍ਹਾ ਹੋਰ ਵਧਾ ਗਿਆ, "ਮੈਂ ਤਾਂ ਇਹ ਆਖੂੰਗਾ ਜੀ ਕਿ ਸਾਰਾ ਪਿੰਡ ਨੰਗਾ ਹੋ ਗਿਆ ਸਾਰੀ ਭਾਰਤ ਮਾਂ ਨੰਗੀ ਹੋ ਗਈ। ਹੈਂ ਜੀ।"
ਘਾਰੂ ਅਮਲੀ ਨਸਵਾਰ ਦੀ ਡੱਬੀ ਟੁਣਕਾਉਂਦਾ ਨੱਕ ਵਿਚ ਚੂੰਢੀ ਲੈ ਰਿਹਾ ਸੀ। ਉਧਰੋਂ ਵਿਹਲਾ ਹੁੰਦਿਆਂ ਈ ਬੋਲ ਪਿਆ, "ਹੈਂ ਜੀ ਸਾਅ੍ਹਬ ਭਾਰਤ ਮਾਤਾ ਦੇ ਜੇਠੇ ਪੁੱਤਰ ਜੀ ਸਾਅ੍ਹਬ, ਤੇਰੀ ਦੁਕਾਨ ਛੇਆਂ ਕਰਮਾਂ 'ਤੇ ਸੀ, ਓਦੋਂ ਤਾਂ ਦੁਕਾਨ ਦੇ ਥੜ੍ਹੇ 'ਤੇ ਖਲੋਤਾ ਦੰਦਾਂ ਵਿਚੋਂ ਕਰੇੜਾ ਕੱਢੀ ਜਾਂਦਾ ਸੀ।"
ਸਾਰੀ ਭੀੜ ਹੱਸ ਪਈ। ਛਿੱਥਾ ਹੋਇਆ ਡਾਕਟਰ ਉਸ ਵੱਲ ਇਸ਼ਾਰਾ ਕਰਦਿਆਂ ਬੋਲਿਆ, "ਅਸੀਂ ਤਾਂ ਜੀ ਵੇਖੋ! ਬੁੱਢੇ ਬੰਦੇ ਆਂ। ਹੈਂ ਜੀ, ਇਹ ਤਾਂ ਜੀ, ਇਨ੍ਹਾਂ ਵਰਗੇ ਨੌਜਵਾਨਾਂ ਦਾ ਕੰਮ ਐ, ਲੜਨਾ-ਭਿੜਨਾ। ਹੈਂ ਜੀ।"
ਘਾਰੂ ਦਾ ਨਸ਼ਾ ਖਿੜਿਆ ਹੋਇਆ ਸੀ। ਵਿਚੋਂ ਬੁੜ੍ਹਕ ਪਿਆ, "ਹਾਹੋ ਹਾਹੋ! ਇਹਨੂੰ ਦਿਓ ਸੂ ਬਲਦੀ ਦੇ ਬੁੱਥੇ। ਇਹਨੂੰ ਨਾ ਟੁੱਕ ਖਾਣ ਦਿਓ ਸੁਖ ਨਾਲ। ਇਹਨੇ ਬੋਂਡੀ ਬੰਦਿਆਂ ਲਈ ਫਾਟਾਂ ਭੰਨਾਉਣ ਦਾ ਠੇਕਾ ਲਿਆ। ਇਹਨੂੰ ਤ੍ਹਾਡੀ ਪਿੰਡ ਵਾਲਿਆਂ ਦੀ ਕਰਤੂਤ ਦਾ ਪਤਾ ਨ੍ਹੀਂ ਨਾ! ਇਹਨੂੰ ਬਚਨ ਸੁੰਹ ਵਾਲੀ ਗੱਲ ਭੁੱਲ ਗਈ ਹੋਣੀ ਆਂ।"
ਘਾਰੂ ਦੀ ਗੱਲ ਤਾਂ ਸੱਚੀ ਸੀ। ਸ਼ਰਾਬੀ ਹੋਏ ਠਾਣੇਦਾਰ ਨੇ ਬਾਬੇ ਬਚਨ ਸੁੰਹ ਦੀ ਦਾੜ੍ਹੀ ਇਸ ਕਰ ਕੇ ਪੁੱਟ ਸੁੱਟੀ ਸੀ ਕਿ ਉਸ ਨੇ ਸਾਹਮਣਿਓਂ ਤੁਰੇ ਆਉਂਦੇ ਥਾਣੇਦਾਰ ਨੂੰ ਦੋਵੇਂ ਹੱਥ ਜੋੜ ਕੇ ਫਤਿਹ ਕਿਉਂ ਨਹੀਂ ਸੀ ਬੁਲਾਈ, ਤੇ ਬਚਨ ਸਿੰਘ ਗਰੀਬ ਕਿਸਾਨ ਦੀ ਮਦਦ ਲਈ ਸਾਰੇ ਪਿੰਡ ਵਿਚੋਂ ਕੋਈ ਪਤਵੰਤਾ ਬੰਦਾ ਨਹੀਂ ਸੀ ਉਠਿਆ, ਸਗੋਂ ਜੇ ਉਸ ਨੇ ਬਾਬੇ ਦੀ ਮਦਦ ਤੇ ਥਾਣੇਦਾਰ ਦੇ ਵਿਰੁੱਧ ਕਾਰਵਾਈ ਕਰਨ ਲਈ ਲੋਕਾਂ ਨੂੰ ਪ੍ਰੇਰਿਆ ਵੀ, ਤਾਂ ਉਹ ਉਸ ਮਾਰ-ਕੁੱਟ ਨੂੰ ਥਾਣੇਦਾਰ ਦਾ ਜਨਮ ਸਿੱਧ ਅਧਿਕਾਰ ਸਮਝਦੇ ਹੋਏ ਸਗੋਂ ਉਸ ਨੂੰ ਸਮਝੌਤੀ ਦੇ ਰਹੇ ਸਨ, "ਅਫ਼ਸਰ ਦੇ ਝਿੜਕੇ ਦਾ, ਤੇ ਮੀਂਹ ਦੇ ਤਿਲਕੇ ਦਾ, ਗੁੱਸਾ ਨਹੀਂ ਕਰਨਾ ਚਾਹੀਦਾ।" ਇਹ ਤਾਂ ਉਹੋ ਹੀ ਸੀ ਜਿਸ ਨੇ ਇਲਾਕੇ ਦੀਆਂ ਸਭਾਵਾਂ ਇਕੱਠੀਆਂ ਕਰ ਕੇ ਪਿੰਡ ਵਿਚੋਂ 'ਮਾੜੇ' ਸਮਝੇ ਜਾਂਦੇ ਬੰਦਿਆਂ ਨੂੰ ਨਾਲ ਲੈ ਕੇ, ਮੁਜ਼ਾਹਰੇ ਕਰ ਕੇ ਤੇ ਵਡੇ ਅਫਸਰਾਂ ਨੂੰ ਮਿਲ ਕੇ ਤਫਤੀਸ਼ ਕਰਵਾ ਕੇ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਵਾਇਆ ਸੀ, ਨਹੀਂ ਤਾਂ ਤਫਤੀਸ਼ ਸਮੇਂ ਪਿੰਡ ਦੇ 'ਪਤਵੰਤੇ' ਤਾਂ ਥਾਣੇਦਾਰ ਦੇ ਹੱਕ ਵਿਚ ਹੀ ਭੁਗਤੇ ਸਨ ਤੇ ਕਹਿੰਦੇ ਸਨ, "ਜੀ ਇਨ੍ਹਾਂ ਨਾਲ ਦਾ ਆਹਲਾ ਅਫਸਰ ਤਾਂ ਕਦੀ ਆਇਆ ਨ੍ਹੀਂ ਅੱਜ ਤੱਕ। ਅਸੀਂ ਤਾਂ ਕਦੀ ਸੁਣਿਆ ਨਹੀਂ ਕਿ ਇਨ੍ਹਾਂ ਸ਼ਰਾਬ ਪੀਤੀ ਹੋਵੇ।"
"ਤਾਊ ਬਚਨ ਸੁੰਹ ਵਾਲੀ ਗੱਲ ਮੈਨੂੰ ਭੁੱਲੀ ਤਾਂ ਨ੍ਹੀਂ?" ਉਹ ਘਾਰੂ ਨੂੰ ਸੰਬੋਧਨ ਹੋਇਆ, "ਪਰ ਇਹ ਗੱਲ ਤਾਂ ਮਾੜੀ ਹੋਈ ਐ।"
"ਮਾੜੀ ਜੀ, ਬਿਲਕੁਲ ਮਾੜੀ। ਇੰਜ ਨਹੀਂ ਸੀ ਹੋਣਾ ਚਾਹੀਦਾ।" ਸਾਰੇ ਸਹਿਮਤ ਸਨ।
"ਇੰਜ ਨਹੀਂ ਸੀ ਹੋਣਾ ਚਾਹੀਦਾ, ਤਾਂ ਅੱਗੇ ਹੋ ਕੇ ਛੁਡਾਉਣਾ ਸੀ ਫੇਰ? ਓਦੋਂ ਕਿਉਂ ਸਭ ਨੂੰ ਸੱਪ ਸੁੰਘ ਗਿਆ?" ਉਸ ਦੇ ਹਰਖੇ ਬੋਲ ਸੁਣ ਕੇ ਸਾਰੇ ਉਸ ਵੱਲ ਵੇਖਣ ਲੱਗੇ।
ਅਚਾਨਕ ਬਿਹਾਰੀ ਥੱਥੇ ਨੇ ਚੁੱਪ ਨੂੰ ਤੋੜਿਆ, "ਬ..ਬ..ਬਗਾਨੀ ਮ..ਮ..ਮ..ਮੌਤੇ ਕੌਣ ਮ..ਮ..ਮਰਦਾ ਜੀ?"
ਰੋਡਾ ਧੂਸ਼ ਜਿਹੜਾ ਹੁਣ ਤੱਕ ਚੁੱਪ ਕਰ ਕੇ ਸੁਣ ਰਿਹਾ ਸੀ, ਆਪਣੀ ਮੱਘ ਵਰਗੀ ਉਚੀ ਆਵਾਜ਼ ਵਿਚ ਬੋਲਿਆ, "ਓ ਛੱਡੋ ਖਹਿੜਾ! ਜਾਓ! ਆਪੋ ਆਵਦੇ ਘਰ ਨੂੰ ਤੁਸੀਂ ਆਪਸ ਵਿਚ ਨਾ ਲੜ ਪਿਓ। ਉਨ੍ਹਾਂ ਉਨ੍ਹਾਂ ਦੀ ਕੁੜੀ ਛੇੜੀ, ਉਨ੍ਹਾਂ ਉਨ੍ਹਾਂ ਦੀ ਬੁੱਢੀ ਨੰਗੀ ਕਰ'ਤੀ। ਜੱਟ ਇੰਜ ਬਦਲੇ ਲੈਂਦੇ ਈ ਹੁੰਦੇ ਆ।" ਉਸ ਆਪਣੇ ਵੱਲੋਂ ਦੋ-ਟੁੱਕ ਕਰ ਦਿੱਤੀ ਤੇ ਫਿਰ, "ਜਾਓ ਜਾਓ ਘਰੋਂ ਘਰੀ।" ਕਹਿੰਦਾ ਜੰਮੀ ਭੀੜ ਨੂੰ ਇੰਜ ਸ਼ਿਸ਼ਕਾਰਨ ਲੱਗਾ ਜਿਵੇਂ ਭੇਡਾਂ-ਬੱਕਰੀਆਂ ਦੇ ਇੱਜੜ ਨੂੰ ਖਿੰਡ ਜਾਣ ਲਈ ਕਹਿ ਰਿਹਾ ਹੋਵੇ।
ਸਰਪੰਚ ਵੱਲ ਜਾਂਦਿਆਂ ਉਹ ਸਾਰੀ ਘਟਨਾ ਬਾਰੇ, ਹੁਣੇ ਹੋਈਆਂ ਭੀੜ ਦੀਆਂ ਗੱਲਾਂ ਦੀ ਤਹਿ ਵਿਚ ਉਤਰਨ ਦਾ ਯਤਨ ਕਰਦਾ ਆ ਰਿਹਾ ਸੀ। ਘਾਰੂ ਦੀ ਗੱਲ ਵਜ਼ਨਦਾਰ ਸੀ ਤੇ ਬਿਹਾਰੀ ਥੱਥੇ ਦੀ ਸੱਚਾਈ ਵੀ ਕਿ "ਬਗਾਨੀ ਮੌਤੇ ਕੌਣ ਮਰਦਾ ਜੀ।"
"ਹਾਂ, ਲੋਕ ਤਾਂ ਆਪਣੀ-ਆਪਣੀ ਜਾਨ ਬਚਾਉਣ ਦੀ ਫਿਕਰ ਵਿਚ ਸਨ।" ਉਸ ਸੋਚਿਆ,
"ਬਿਗਾਨੀ ਮੌਤ ਕੋਈ ਕਿੱਥੇ ਮਰਦਾ ਸੀ? ਅਤਿ ਦਾ ਸਾਂਝਾ ਸੰਕਟ ਜਾਂ ਕੋਈ ਸਾਂਝੀ ਜਥੇਬੰਦੀ ਹੀ ਲੋਕਾਂ ਨੂੰ ਇਕੱਠਿਆਂ ਕਰ ਕੇ ਕਿਸੇ ਜ਼ੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦੇ ਸਕਦੇ ਹਨ।" ਉਸ ਨੂੰ ਯਾਦ ਆਇਆ, ਐਮਰਜੈਂਸੀ ਸਮੇਂ ਜਦੋਂ ਉਹ ਜੇਲ੍ਹ ਵਿਚ ਸੀ ਤਾਂ ਉਸ ਦੇ ਨੇੜਲੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਕੋਈ ਉਸ ਨਾਲ ਮੁਲਾਕਾਤ ਕਰਨ ਵੀ ਨਹੀਂ ਸੀ ਆਇਆ, ਸਗੋਂ ਉਸ ਦੇ ਮਿੱਤਰਾਂ ਨੂੰ ਕਹਿੰਦੇ ਸਨ, "ਓਏ ਉਹ ਤਾਂ ਛੂਤ ਦੀ ਬਿਮਾਰੀ ਏ, ਉਹਨੂੰ ਮਿਲ ਕੇ ਤੁਸੀਂ ਕਿਉਂ ਮਰਦੇ ਓ?"
ਇਸ ਪਿੰਡ ਵਿਚ ਹੁਣ ਵੀ ਤਾਂ ਉਹੋ ਹੀ ਲੋਕ ਸਨ ਤੇ ਉਨ੍ਹਾਂ ਦੇ ਹੁੰਦਿਆਂ ਜੇ ਇਹ ਸਭ ਕੁਝ ਹੋ ਗਿਆ ਸੀ ਤਾਂ ਗਿਲਾ ਕਿਸ 'ਤੇ? ਉਹ ਮੁਸਕਰਾਇਆ। ਉਸ ਨੂੰ ਇਕ ਘਟਨਾ ਚੇਤੇ ਆ ਗਈ ਸੀ। ਬਹੁਤ ਸਾਲ ਪਹਿਲਾਂ ਜਦੋਂ ਇਕ ਸ਼ਹਿਰ ਵਿਚ ਕੁਝ ਵਿਦਿਆਰਥੀ ਪੁਲਿਸ ਵੱਲੋਂ ਮਾਰ ਦਿੱਤੇ ਜਾਣ 'ਤੇ ਸਾਰੇ ਪੰਜਾਬ ਵਿਚ ਸਰਕਾਰ ਵਿਰੁੱਧ ਲਹਿਰ ਉਠ ਖੜ੍ਹੀ ਹੋਣ 'ਤੇ ਇਹਤਿਆਤ ਵਜੋਂ ਉਸ ਨੂੰ ਪੁਲਿਸ ਨੇ ਫੜ ਲਿਆ ਸੀ ਤਾਂ ਉਦੋਂ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਦੀ ਹੋਈ ਮੌਤ ਦਾ ਅਫ਼ਸੋਸ ਕਰਨ ਆਈ ਉਸ ਦੀ ਭੈਣ ਦੀ ਦੂਰ ਦੀ, 'ਬਾਹਰ-ਅੰਦਰ' ਮਿਲਣ ਵਾਲੀ ਸਹੇਲੀ ਕਹਿ ਰਹੀ ਸੀ, "ਭੈਣੇ! ਭਾਊ ਦੇ ਮਰਨ ਨਾਲ ਸਾਰਾ ਭਾਰ ਪੈ ਗਿਆ ਵਿਚਾਰੇ ਛੋਟੇ ਵੀਰ ਦੇ ਸਿਰ। ਵੱਡਾ ਵੀਰ ਤਾਂ ਮੈਂ ਸੁਣਿਐਂ ਨਲਾਇਕ ਹੀ ਨਿਕਲਿਆ।"
ਉਸ ਸੋਚਿਆ, "ਇਹ ਤਾਂ ਮੇਰੇ ਵਰਗੇ ਕਮਲੇ ਤੇ ਨਲਾਇਕ ਬੰਦਿਆਂ ਦਾ ਕੰਮ ਸੀ ਕਿ ਲੋਕਾਂ ਦੇ ਕੰਮਾਂ ਵਿਚ ਟੰਗਾਂ ਅੜਾਉਂਦੇ ਫਿਰਨ। ਉਸ ਨੂੰ ਲੱਗਾ, ਉਸ ਕੁੜੀ ਦੇ ਵਿਚਾਰ ਆਮ ਲੋਕਾਂ ਦੇ ਵਿਚਾਰ ਸਨ ਤੇ ਪਿੰਡ ਦੇ ਚੌਧਰੀ ਵੀ ਉਸ ਨੂੰ ਅੰਦਰੋਂ ਕਿਹੜਾ ਚੰਗਾ ਸਮਝਦੇ ਸਨ। ਲੋਕਾਂ ਲਈ ਲੜਦਾ ਮਰਦਾ ਸੀ ਤਾਂ ਉਹ ਨਲਾਇਕ ਤੇ ਨਿਕੰਮਾ ਸੀ, ਪਰ ਜਦੋਂ ਆਰਾਮ ਨਾਲ ਵਧੀਆ ਨੌਕਰੀ 'ਤੇ ਲੱਗ ਗਿਆ ਸੀ ਤਾਂ ਸਾਰੇ ਲੋਕ ਕਹਿੰਦੇ, "ਪਹਿਲੇ ਕੰਮ ਛੱਡ'ਤੇ ਜੀ।" ਉਹ ਉਸ ਵੱਲ ਇੰਜ ਵੇਖਦੇ, ਜਿਵੇਂ ਉਹ ਪਹਿਲਾਂ ਡਾਕੇ ਮਾਰਦਾ ਹੁੰਦਾ ਸੀ ਜਾਂ ਦਸ-ਨੰਬਰੀਆ ਬਦਮਾਸ਼ ਸੀ।
"ਚਲੋ ਚੰਗਾ ਕੀਤਾ ਜੇ। ਅੱਜ ਕੱਲ੍ਹ ਜ਼ਮਾਨਾ ਵੀ ਨ੍ਹੀਂ ਇਹੋ ਜਿਹੇ ਕੰਮਾਂ ਦਾ। ਕੋਈ ਨ੍ਹੀਂ ਕਿਸੇ ਦੀ ਮਦਦ ਲਈ ਬਹੁੜਦਾ, ਸਭ ਨੂੰ ਆਪੋ-ਆਪਣੀ ਪਈ ਹੋਈ ਏ।" ਤੇ ਜਦੋਂ ਉਹ ਸਰਪੰਚ ਦੇ ਚੁਬਾਰੇ ਵਿਚ ਵੜਿਆ ਤਾਂ ਵੇਖਿਆ, ਉਨ੍ਹਾਂ ਪਿਉ-ਪੁੱਤਰਾਂ ਵਿਚਕਾਰ ਵੀ ਲਗਭਗ ਇਸੇ ਮਸਲੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਿਉ ਪੁਰਾਣਾ ਬੰਦਾ ਸੀ। ਮੁਢਲਿਆਂ ਵਿਚ ਦੋ ਵਾਰ ਆਪ ਵੀ ਸਰਪੰਚ ਰਹਿ ਚੁੱਕਾ ਸੀ। ਉਸ ਨੇ ਜ਼ਮਾਨੇ ਦੇ ਸਭ ਉਤਰਾਅ-ਚੜ੍ਹਾਅ ਵੇਖੇ ਹੋਏ ਸਨ। ਸਰਪੰਚ ਨੰਗੀ ਕੀਤੀ ਗਈ ਔਰਤ ਦੀ ਮਜ਼ਲੂਮ ਧਿਰ ਵੱਲ ਸੀ, ਤੇ ਉਹ ਸ਼ਾਮੀਂ ਘਟਨਾ ਵਾਪਰਨ ਤੋਂ ਪਿੱਛੋਂ ਆਪ ਇਕੱਲਾ ਥਾਣੇਦਾਰ ਨੂੰ ਮਿਲ ਕੇ ਆਇਆ ਸੀ, ਤੇ ਮਜ਼ਲੂਮ ਧਿਰ ਦੀ ਮਦਦ ਕਰਨ ਲਈ ਕਹਿ ਕੇ ਆਇਆ ਸੀ। ਘਰ ਉਸ ਦਾ ਪਿਤਾ ਕਹਿ ਰਿਹਾ ਸੀ ਕਿ ਜੀਤੂ ਹੁਰਾਂ ਨੇ ਵੋਟਾਂ ਵਿਚ ਉਨ੍ਹਾਂ ਦੀ ਡਟਵੀਂ ਮਦਦ ਕੀਤੀ ਸੀ। ਉਂਜ ਵੀ ਉਹ ਬੰਦਿਆਂ ਵਾਲੇ ਸਨ, ਮਾਰ-ਖੋਰੇ ਸਨ। ਲੋੜ ਸਮੇਂ ਹਰ ਵੇਲੇ ਮੋਢੇ ਨਾਲ ਮੋਢਾ ਦੇਣ ਲਈ ਤਿਆਰ ਰਹਿੰਦੇ ਸਨ, ਤੇ ਇਸ ਤੋਂ ਵੱਧ ਉਹ ਰਾਤੀਂ ਅੱਧੀ ਰਾਤ ਤੱਕ ਉਨ੍ਹਾਂ ਦੇ ਘਰ ਆ ਕੇ ਬੈਠੇ ਰਹੇ ਸਨ ਤੇ ਤਰਲੇ ਕਰਦੇ ਰਹੇ ਸਨ ਕਿ ਉਹ ਉਨ੍ਹਾਂ ਦੀ ਮੁਖਾਲਫ਼ਤ ਨਾ ਕਰੇ। ਉਹ ਤਾਂ ਉਨ੍ਹਾਂ ਦੇ ਹੱਥੀਂ-ਬੱਧੇ ਗੁਲਾਮ ਸਨ। ਨਾ ਕਦੀ ਅੱਗੇ ਉਸ ਤੋਂ ਭੱਜੇ ਸਨ ਤੇ ਨਾ ਅਗਾਂਹ ਭੱਜਣਗੇ। ਉਨ੍ਹਾਂ ਨੇ ਆਪਣੇ ਬੰਦੇ ਇਲਾਕੇ ਦੇ ਸਰਕਾਰੀ ਐਮ. ਐਲ. ਏ. ਵੱਲ ਵੀ ਭੇਜੇ ਸਨ। ਥਾਣੇਦਾਰ ਨੂੰ ਵੀ ਉਨ੍ਹਾਂ ਪਹੁੰਚ ਕੀਤੀ ਸੀ, ਪਰ ਸਰਪੰਚ 'ਆਪਣੇ ਬੰਦਿਆਂ' ਨੂੰ ਛੱਡ ਕੇ ਰਾਤੀਂ ਦੂਜੀ ਧਿਰ ਵੱਲੋਂ ਥਾਣੇਦਾਰ ਵੱਲ ਕਿਉਂ ਗਿਆ ਸੀ?
"ਤੇ ਫੇਰ ਵੇਖੋ ਜੀ, ਜਿਨ੍ਹਾਂ ਦੀ ਇਹ ਮਦਦ ਕਰਦਾ ਜੇ, ਉਹ ਆਪ ਡਰਦੇ ਰਾਤੀਂ ਘਰੋਂ ਈ ਭੱਜੇ ਰਹੇ ਜੇ। ਹੁਣ ਤੁਹਾਡੇ ਅੱਗੇ ਅੱਗੇ ਈ ਹੋ ਕੇ ਗਏ ਜੇ।" ਸਰਪੰਚ ਦਾ ਪਿਉ ਉਸ ਵੱਲ ਮੂੰਹ ਕਰ ਕੇ ਕਹਿਣ ਲੱਗਾ, "ਤੇ ਸਾਡੇ ਸਰਦਾਰ ਹੁਰੀਂ ਰਾਤ ਦੇ ਭੱਜੇ ਫਿਰਦੇ ਜੇ। ਅਖੇ, ਮੁਦੱਈ ਸੁਸਤ ਗਵਾਹ ਚੁਸਤ।" ਉਸ ਨੇ ਰੋਟੀ ਖਾ ਰਹੇ ਸਰਪੰਚ ਵੱਲ ਇਸ਼ਾਰਾ ਕੀਤਾ। ਸਰਪੰਚ ਵੀ ਹੱਸ ਪਿਆ ਤੇ ਉਹ ਵੀ, ਤੇ ਫਿਰ ਅਚਾਨਕ ਹੱਸਦਿਆਂ ਹੱਸਦਿਆਂ ਚੁੱਪ ਕਰ ਕੇ ਉਹ ਆਪ ਆਪਣੇ ਹਾਸੇ ਦਾ ਵਿਸ਼ਲੇਸ਼ਣ ਕਰਨ ਲੱਗਾ, ਉਸ ਦੇ ਹਾਸੇ ਵਿਚ ਸਰਪੰਚ ਦੇ ਪਿਉ ਦੀਆਂ ਗੱਲਾਂ ਨਾਲ ਉਸ ਦੀ ਜਿਵੇਂ ਅਚੇਤ ਸਹਿਮਤੀ ਸੀ।
"ਕਾਕਾ! ਆਹ ਧੁੱਪੇ ਨ੍ਹੀਂ ਚਿੱਟੇ ਹੋ ਗਏ?" ਬਜ਼ੁਰਗ ਨੇ ਚਿੱਟੀ ਦਾੜ੍ਹੀ ਨੂੰ ਹੱਥ ਲਾਇਆ,
"ਐਹਨਾਂ ਅੱਖਾਂ ਨੇ ਜਹਾਨ ਵੇਖਿਐ ਲੱਖਾਂ ਉਤਰਾਅ-ਚੜ੍ਹਾਅ ਵੇਖੇ ਨੇ। ਬੰਦੇ ਨੂੰ ਤਰੀਕੇ ਨਾਲ ਚੱਲਣਾ ਚਾਹੀਦੈ। ਤੈਨੂੰ ਲੜਦੈ ਜਵਾਨੀ ਦਾ ਖੂਨ! ਹੋਰ ਕੁਝ ਨ੍ਹੀਂ, ਤੇ ਉਬਲਦੇ ਖੂਨ ਨਾਲ ਨ੍ਹੀਂ ਕਦੀ ਸਿਆਸਤਾਂ ਚੱਲੀਆਂ, ਇਹ ਠੰਢੇ-ਧੀਰੇ ਹੋਇਆਂ ਸੋਚ ਸਮਝ ਕੇ ਹੀ ਚੱਲਦੀਆਂ ਨੇ।" ਬਜ਼ੁਰਗ ਦਾ ਉਮਰ ਦਾ ਤਜਰਬਾ ਬੋਲ ਰਿਹਾ ਸੀ।
"ਜਿਨ੍ਹਾਂ ਨੇ ਵੋਟਾਂ ਲੈਣੀਆਂ ਹੋਣ, ਉਹ ਨ੍ਹੀਂ ਇਹੋ ਜਿਹੇ ਪੰਗੇ ਲੈਂਦੇ। ਇਹੋ ਜਿਹੇ ਪੰਗੇ ਤਾਂ ਜਿਵੇਂ ਆਹ ਸਰਦਾਰ ਹੁਰੀਂ ਲੈਂਦੇ ਰਹੇ ਨੇ, ਉਹੋ ਜਿਹੀਆਂ ਜਥੇਬੰਦੀਆਂ ਈ ਲੈ ਸਕਦੀਆਂ।" ਬਜ਼ੁਰਗ ਉਸ ਵੱਲ ਇਸ਼ਾਰਾ ਕਰ ਕੇ ਹੱਸਿਆ ਤੇ ਫਿਰ ਇਕਦਮ ਗੰਭੀਰ ਹੋ ਕੇ ਸਰਪੰਚ ਨੂੰ ਸਮਝਾਉਣ ਲੱਗਾ, "ਹੁਣ ਇਨ੍ਹਾਂ ਸਰਦਾਰ ਹੁਰਾਂ ਵੱਲ ਹੀ ਵੇਖ, ਇਨ੍ਹਾਂ ਨੇ ਨਵੇਂ ਲਹੂ ਦੇ ਉਬਾਲ ਵਿਚ ਕੋਈ ਇਕ ਕੰਮ ਕੀਤਾ? ਕਈਆਂ ਪਹਾੜਾਂ ਨਾਲ ਮੱਥੇ ਲਾਏ ਪਰ ਛਿੰਦਿਆ! 'ਕੱਲੇ-ਕਾਰੇ ਦੇ ਮੱਥੇ ਮਾਰਿਆਂ ਕਿਤੇ ਪਹਾੜ ਢਹਿੰਦੇ ਨੇ ਮੈਂ ਤਾਂ ਆਖੂੰ ਇਨ੍ਹਾਂ ਹੁਣ ਸਿਆਣਪ ਵਰਤੀ ਆ ਜੋ ਸਭ ਕੁਝ ਛੱਡ ਗਏ ਨੇ ਤਾਂ ਵੇਖ ਲੈ ਵਧੀਆ ਨੌਕਰੀ 'ਤੇ ਲੱਗ'ਗੇ ਆ। ਸੋਹਣੇ ਮਕਾਨ ਪਾ ਲੈ ਆ ਘਰ ਦੀ ਵਾਹੀ ਚੱਲਦੀ ਆ। ਲੋਕਾਂ ਦੀ ਸ਼ਾਵਾਸ਼ੇ ਤੇ ਬੱਲੇ ਬੱਲੇ ਵਾਧੂ ਦੀ। ਇਹ ਹੁੰਦੀ ਆ ਸਿਆਣਪ।"
ਉਹ ਦੋਹਾਂ ਪਿਉ-ਪੁੱਤਰਾਂ ਵਿਚਕਾਰ ਸਰੋਤਾ ਬਣ ਕੇ ਬੈਠਾ ਸੀ। ਬਜ਼ੁਰਗ ਵੱਲੋਂ ਦਿੱਤੀ 'ਸਿਆਣਪ' ਦੀ ਪਰਿਭਾਸ਼ਾ ਦੇ ਹੱਕ ਜਾਂ ਵਿਰੋਧ ਵਿਚ ਬੋਲਣ ਦਾ ਉਸ ਦਾ ਮਨ ਹੀ ਨਹੀਂ ਸੀ ਰਹਿ ਰਿਹਾ। ਸਰਪੰਚ ਨੇ ਮੁਸਕਰਾ ਕੇ ਢਿੱਲਾ ਪੈਂਦਿਆਂ ਉਸ ਨੂੰ ਪੁੱਛਿਆ, "ਭਾਅ ਜੀ! ਫਿਰ ਕਿਵੇਂ ਕਰੀਏ?"
ਉਹ ਕੋਈ ਦੋ-ਟੁੱਕ ਰਾਇ ਦੇਣ ਦੀ ਸਥਿਤੀ ਵਿਚ ਨਹੀਂ ਸੀ ਰਹਿ ਗਿਆ। ਫਿੱਕਾ ਜਿਹਾ ਮੁਸਕਰਾਉਂਦਿਆਂ ਉਸ ਕਿਹਾ, "ਤੁਸੀਂ ਵੀ ਠੀਕ ਓ ਤੇ ਬਜ਼ੁਰਗਾਂ ਦੀ ਗੱਲ ਵੀ ਕੁਝ ਹੱਦ ਤੱਕ ਠੀਕ ਐ।"
ਬਜ਼ੁਰਗ ਨੇ ਕਾਹਲੀ ਨਾਲ ਵਿਚੋਂ ਹੀ ਉਸ ਦੀ ਗੱਲ ਟੋਕ ਦਿੱਤੀ: "ਇਹ ਠੀਕ ਨ੍ਹੀਂ ਜੀ, ਠੀਕ ਮੈਂ ਈ ਆਂ। ਉਂਜ ਵੀ ਉਨ੍ਹਾਂ ਮਿਲ ਲੈਣੈ, ਠਾਣੇਦਾਰ ਦਾ ਮੂੰਹ ਵੀ ਕਾਲਾ ਕਰ ਦੇਣੈ। ਅੱਜ ਜਾਂ ਭਲਕ ਕੋਈ ਮਾੜੀ ਮੋਟੀ ਇਨਕੁਆਰੀ ਹੋਊ ਤੇ ਹੋਣਾ-ਹਵਾਣਾ ਕੁਛ ਵੀ ਨ੍ਹੀਂ। ਬਹੁਤੀ ਗੱਲ ਤਾਂ ਤੂੰ ਕਿਸੇ ਪਾਸੇ ਵੀ ਨਾ ਤੁਰ ਚੁੱਪ ਰਹਿ।"
ਸਰਪੰਚ ਨੇ ਰੋਟੀ ਖਾ ਕੇ ਥਾਲੀ ਮੇਜ਼ 'ਤੇ ਇਕ ਪਾਸੇ ਕਰ ਦਿੱਤੀ। ਦੋ-ਚਿੱਤੀ ਵਿਚ ਫਸਿਆ ਦਾੜ੍ਹੀ 'ਤੇ ਹੱਥ ਫੇਰਦਾ ਹੱਸਿਆ, "ਗੁੱਟ ਨਿਰਲੇਪ ਹੋ ਜਾਵਾਂ?"
ਏਨੇ ਚਿਰ ਵਿਚ ਨੌਕਰ ਚਾਹ ਦੇ ਤਿੰਨ ਪਿਆਲੇ ਬਣਵਾ ਲਿਆਇਆ। ਸਰਪੰਚ ਨੇ ਉਸ ਵੱਲ ਪਿਆਲਾ ਸਰਕਾਉਂਦਿਆਂ ਪੁੱਛਿਆ, "ਸੱਚ ਤੁਸੀਂ ਦੱਸੋ ਭਾਅ ਜੀ, ਕਿਵੇਂ ਆਏ? ਅਸੀਂ ਤਾਂ ਤੁਹਾਨੂੰ ਗੱਲ ਕਰਨ ਦਾ ਮੌਕਾ ਈ ਨ੍ਹੀਂ ਦਿੱਤਾ?"
ਉਹ ਬਿਨਾਂ ਬਹੁਤਾ ਸੋਚਿਆਂ ਝੱਟ ਹੀ ਬੋਲ ਪਿਆ, "ਮੈਂ ਉਹ ਸ਼ਹੀਦਾਂ ਦੀ ਯਾਦਗਾਰ ਸਬੰਧੀ ਤੁਹਾਡੇ ਕੋਲ ਆਇਆਂ। ਕੰਧ ਹੋਣ ਪਿਛੋਂ ਕੰਮ ਉਥੇ ਹੀ ਖੜੋਤਾ। ਮੈਂ ਕਹਿੰਦਾ ਸਾਂ, ਬਾਹਰ ਲੋਹੇ ਦਾ ਗੇਟ ਲਾ ਕੇ ਅੰਦਰ ਮਿਸਤਰੀ ਨੂੰ ਆਖ ਕੇ ਲਾਠ ਜਿਹੀ ਖੜ੍ਹੀ ਕਰਾ ਲਈਏ ਤੇ ਸ਼ਹਿਰੋਂ ਸ਼ਹੀਦਾਂ ਦੇ ਨਾਵਾਂ ਦੀ ਸਿਲ ਖੁਦਵਾ ਲਿਆਈਏ। ਮੇਰੇ ਕੋਲ ਕੁਝ ਪੈਸੇ ਪਏ ਸਨ ਮੈਂ ਸੋਚਿਆ, ਇਹ ਲੱਗ ਈ ਜਾਣ ਤਾਂ ਚੰਗਾ।"
ਉਸ ਦੀ ਗੱਲ ਸੁਣ ਕੇ ਸਰਪੰਚ ਤਾਂ ਅਜੇ ਚੁੱਪ ਈ ਸੀ ਕਿ ਉਸ ਦਾ ਪਿਉ ਬੋਲ ਪਿਆ, "ਲੈ ਗੱਲ ਬਣ ਗਈ ਸਗੋਂ ਇਹ ਕੰਮ ਵੀ ਕਰਨ ਈ ਵਾਲੈ। ਨਿਬੇੜੋ ਵਿਚੋਂ ਦਰਵਾਜ਼ਾ ਲਾ ਕੇ ਉਥੇ ਐਵੇਂ ਕੁੱਤੇ ਹੱਗਦੇ ਫਿਰਦੇ ਨੇ।" ਤੇ ਫਿਰ ਉਸ ਨੇ ਠੋਸ ਸਲਾਹ ਦਿੰਦਿਆਂ ਕਿਹਾ, "ਐਂਜ ਕਰੋ, ਅੱਜ ਤਾਂ ਐਤਵਾਰ ਐ ਸਿਲ ਤਾਂ ਸ਼ਹਿਰੋਂ ਖੁਦਵਾਈ ਨ੍ਹੀਂ ਜਾਣੀ ਅੱਜ। ਸ਼ਹਿਰ ਦਾ ਪ੍ਰੋਗਰਾਮ ਭਲਕ 'ਤੇ ਰੱਖ ਲੌ। ਨਾਲੇ ਅੰਬੂ ਦੀ ਕੁੜੀ ਲਈ ਭਲਕੇ ਪੰਚਾਇਤ ਵੱਲੋਂ ਤੂੰ ਭਾਂਡੇ ਵੀ ਲੈ ਕੇ ਦੇਣੇ ਨੇ ਸ਼ਹਿਰੋਂ ਤੇ ਲੋਹੇ ਦਾ ਗੇਟ ਤੁਸੀਂ ਅੱਜ ਈ ਚੌਕ ਵਿਚ ਬਣਨਾ ਦੇ ਆਓ। ਤੇ ਕੱਲ੍ਹ ਜੇ ਹੋ ਸਕੇ ਤਾਂ ਸ਼ਹਿਰੋਂ ਸਿਲ ਵੀ ਬਣਵਾ ਲਿਆਵੋ, ਪਿਛੋਂ ਜੇ ਕੋਈ ਆਊ ਤਾਂ ਮੈਂ ਆਖੂੰਗਾ, ਉਹ ਯਾਦਗਾਰ ਬਣਾਉਣ ਵਾਲੇ ਕੰਮ ਗਏ ਨੇ। ਕੰਮ ਦਾ ਕੰਮ ਬਹਾਨੇ ਦਾ ਬਹਾਨਾ। ਦੋਹਾਂ ਧਿਰਾਂ ਤੋਂ ਬਚਾਅ।"
ਸਰਪੰਚ, ਪਿਉ ਦੀ ਗੱਲ ਨਾਲ ਸਹਿਮਤ ਸੀ। ਉਹ ਤਿਆਰ ਹੋ ਕੇ ਮਿਸਤਰੀ ਨੂੰ ਸੱਦ ਲਿਆਏ। ਦਰਵਾਜ਼ੇ ਦੀ ਥਾਂ ਮਿਣੀ ਤੇ ਉਸ ਨੂੰ ਨਾਲ ਲੈ ਕੇ ਚੌਕ ਵਿਚ ਲੋਹੇ ਦਾ ਗੇਟ ਬਣਨਾ ਦੇਣ ਚਲੇ ਗਏ। ਇਹ ਕੰਮ ਕਰਦਿਆਂ ਹੀ ਉਨ੍ਹਾਂ ਨੂੰ ਸ਼ਾਮਾਂ ਪੈ ਗਈਆਂ। ਅਗਲੇ ਦੋ ਦਿਨ ਛੁੱਟੀਆਂ ਲਈਆਂ ਹੋਣ ਕਰ ਕੇ ਉਸ ਨੇ ਅਗਲੇ ਦਿਨ ਸ਼ਹਿਰ ਜਾ ਕੇ ਸਿਲ ਖੁਦਵਾਉਣ ਦਾ ਪ੍ਰੋਗਰਾਮ ਸਰਪੰਚ ਨਾਲ ਨਿਸ਼ਚਿਤ ਕਰ ਲਿਆ।
ਸ਼ਾਮੀਂ ਘਰ ਆ ਕੇ ਉਹ ਥੱਕਿਆਂ-ਟੁੱਟਿਆਂ ਵਾਂਗ ਨਿਢਾਲ ਹੋਇਆ ਮੰਜੇ 'ਤੇ ਢਹਿ ਪਿਆ। ਉਸ ਦੀ ਘਰ ਵਾਲੀ ਵਾਰ ਵਾਰ ਉਸ ਨੂੰ ਪੁੱਛ ਰਹੀ ਸੀ ਕਿ ਉਹ ਕੀ ਕਰ ਕੇ ਆਇਆ ਸੀ, ਗੱਲ ਕਿੱਥੋਂ ਤੱਕ ਅੱਪੜੀ ਸੀ? ਕੇਸ ਦਾ ਕੁਝ ਬਣੇਗਾ ਵੀ? ਕੀ ਕਿਸੇ ਉਚ ਪੁਲਿਸ ਅਫ਼ਸਰ ਨੂੰ ਮਿਲੇ ਵੀ ਸਨ ਜਾਂ ਨਹੀਂ?
ਪਤਨੀ ਦੇ ਸਵਾਲਾਂ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਉਸ ਦੀਆਂ ਲੱਤਾਂ ਥਕਾਵਟ ਨਾਲ ਫੁੱਲੀਆਂ ਹੋਈਆਂ ਸਨ ਤੇ ਮੂੰਹ ਦਾ ਸਵਾਦ ਕਸੈਲਾ-ਕਸੈਲਾ ਸੀ।
"ਅੱਜ ਫਿਰਦੇ-ਫਿਰਦੇ ਥੱਕ ਗਏ। ਐਤਵਾਰ ਕਰ ਕੇ ਕੋਈ ਮਿਲਿਆ ਨਹੀਂ। ਡੀ. ਐਸ. ਪੀ. ਵੱਲ ਵੀ ਗਏ ਸਾਂ।"
ਉਹ ਚਾਹੁੰਦਾ ਸੀ, ਪਤਨੀ ਕੋਈ ਸਵਾਲ ਨਾ ਪੁੱਛੇ। ਉਸ ਨੂੰ ਉਸ ਦੇ ਰਹਿਮ 'ਤੇ ਹੀ ਰਹਿਣ ਦੇਵੇ। "ਤੁਸੀਂ ਸਵੇਰੇ ਜਾ ਕੇ ਫਿਰ ਦੋ-ਤਿੰਨ ਛੁੱਟੀਆਂ ਜ਼ਰੂਰ ਲੈ ਆਓ।" ਉਹਦੀ ਪਤਨੀ ਉਸ ਨੂੰ ਤਾਕੀਦ ਕਰ ਰਹੀ ਸੀ।
"ਚੰਗਾ।" ਕਹਿ ਕੇ ਉਹ ਪਾਸਾ ਪਰਤ ਕੇ ਪੈ ਗਿਆ ਤੇ ਤਬੀਅਤ ਖਰਾਬ ਹੋਣ ਦਾ ਬਹਾਨਾ ਕਰ ਕੇ ਉਸ ਤੋਂ ਸੌਂ ਜਾਣ ਦੀ ਇਜਾਜ਼ਤ ਮੰਗੀ।
"ਲਿਆਓ ਮੈਂ ਲੱਤਾਂ ਘੁੱਟ ਦਿਆਂ।" ਉਹ ਉਸ ਨੂੰ ਘੁੱਟਣ ਲੱਗੀ ਤੇ ਉਹ ਜ਼ੋਰ ਦੀ ਦੰਦਾਂ ਵਿਚ ਬੁੱਲ੍ਹ ਚਿੱਥਦਾ ਸੋਚੀ ਗਿਆ।
ਸਵੇਰੇ ਤੜਕੇ ਪੰਜ ਵਜੇ ਉਠਦਿਆਂ ਹੀ ਉਹ ਨੌਕਰੀ 'ਤੇ ਜਾਣ ਲਈ ਤਿਆਰ ਸੀ। ਪਤਨੀ ਉਠ ਕੇ ਪਹਿਲਾਂ ਵਾਂਗ ਰੋਟੀ-ਟੁੱਕ ਦੇ ਆਹਰ ਵਿਚ ਲੱਗੀ ਹੋਈ ਸੀ। ਉਹ ਆਪ ਮਨ ਹੀ ਮਨ ਖੁਸ਼ ਸੀ ਕਿ ਉਸ ਨੇ ਪਤਨੀ ਨੂੰ ਲਈਆਂ ਛੁੱਟੀਆਂ ਬਾਰੇ ਨਹੀਂ ਦੱਸਿਆ। ਛੁੱਟੀਆਂ ਦਾ ਕੀ ਸੀ! ਉਹ ਤਾਂ ਉਹ ਜਾ ਕੇ ਕੈਂਸਲ ਕਰਵਾ ਲਵੇਗਾ।
ਤੁਰਨ ਤੋਂ ਪਹਿਲਾਂ ਉਸ ਨੇ ਪਤਨੀ ਨੂੰ ਸਮਝਾਇਆ, "ਰਾਜ ਜੇ ਅੱਜ ਸਰਪੰਚ ਘਰ ਆਵੇ ਤਾਂ ਉਹਨੂੰ ਕਹੀਂ ਕਿ ਉਹ ਚਲੇ ਗਏ ਨੇ ਤੇ ਕਹਿ ਗਏ ਨੇ ਕਿ ਸ਼ਹੀਦਾਂ ਦੀ ਯਾਦਗਾਰੀ ਸਿੱਲ ਆਪੇ ਕਿਤੇ ਫੇਰ ਲੱਗ ਜਾਵੇਗੀ। ਐਡੀ ਕਾਹਦੀ ਕਾਹਲ ਹੈ?" ਉਸ ਦੇ ਬੋਲਾਂ ਵਿਚ ਧੁਆਂਖੀ ਤਲਖੀ ਸੀ।
ਪਤਨੀ ਹੋਰ ਸਵਾਲ ਨਾ ਕਰੇ, ਇਸ ਲਈ ਉਸ ਨੇ ਕਾਹਲੀ ਨਾਲ ਆਪਣਾ ਕੱਪੜਿਆਂ ਵਾਲਾ ਬੈਗ ਚੁੱਕਿਆ।
"ਮੈਂ ਕਿਹਾ?" ਪਤਨੀ ਦੀ ਆਵਾਜ਼ ਸੁਣਦਿਆਂ ਉਹ ਫੇਰ ਤ੍ਰਭਕਿਆ।
"ਸੱਚ ਤੁਹਾਡੇ ਕੱਪੜਿਆਂ ਵਿਚੋਂ ਦੋ ਜ਼ਨਾਨਾ ਸੂਟ ਤੇ ਇਕ ਸਾਲੂ ਨਿਕਲਿਆ ਉਹ?"
ਉਸ ਨੇ ਸੁਖ ਦਾ ਸਾਹ ਲੈਂਦਿਆਂ ਕਿਹਾ, "ਹਾਂ ਹਾਂ ਹਾਂ ਉਹ ਮੈਂ ਅੰਬੂ ਦੀ ਕੁੜੀ ਲਈ ਲੈ ਕੇ ਆਇਆ ਸਾਂ। ਅੱਵਲ ਤਾਂ ਮੈਂ ਛੁੱਟੀ ਲੈ ਕੇ ਆ ਜੂੰ, ਨਹੀਂ ਤਾਂ ਇਹ ਕੱਪੜੇ ਤੂੰ ਉਨ੍ਹਾਂ ਦੇ ਘਰ ਦੇ ਆਵੀਂ, ਸ਼ਗਨ ਵੀ ਪਾ ਆਵੀਂ। ਪਿੰਡ ਦੀ ਧੀ-ਭੈਣ ਨੂੰ ਕੱਜਣਾ ਆਪਣਾ ਫਰਜ਼ ਬਣਦੈ।" ਤੇ ਉਹਦੀ ਜ਼ਬਾਨ ਥਿੜ੍ਹਕ ਗਈ।
ਕਾਹਲੀ ਨਾਲ, ਤੁਰਨ ਤੋਂ ਪਹਿਲਾਂ ਉਹ ਸਦਾ ਵਾਂਗ ਸੁੱਤੇ ਬੱਚਿਆਂ ਦਾ ਮੱਥਾ ਚੁੰਮਣ ਲਈ ਉਨ੍ਹਾਂ ਦੇ ਮੰਜੇ ਵੱਲ ਵਧਿਆ। ਬੱਚੀ ਦਾ ਮੱਥਾ ਚੁੰਮ ਕੇ ਜਦੋਂ ਉਸ ਨੇ ਨਿੱਕੇ 'ਸੰਧੂ ਪਾਤਸ਼ਾਹ' ਵੱਲ ਵੇਖਿਆ ਤਾਂ ਉਸ ਦੀਆਂ ਸੁੱਤੇ ਪਏ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਉਸ ਨੇ ਨੀਵਾਂ ਹੋ ਕੇ ਜਿਉਂ ਹੀ ਉਸ ਦੇ ਮੱਥੇ 'ਤੇ ਬੁੱਲ੍ਹ ਰੱਖੇ ਤਾਂ ਕੀ ਵੇਖਦਾ ਹੈ ਕਿ ਨਿੱਕੇ ਨੇ ਖੁੱਲ੍ਹੀਆਂ ਅੱਖਾਂ ਹੌਲੀ ਜਿਹੀ ਮੀਚ ਲਈਆਂ ਤੇ ਉਸ ਦੇ ਨਿੱਕੇ ਗੁਲਾਬੀ ਬੁੱਲ੍ਹਾਂ ਉਤੇ ਮੁਸਕਰਾਹਟ ਫੈਲ ਗਈ।
ਬੱਚੇ ਨੇ ਤਾਂ ਸਹਿਵਨ ਹੀ ਅੱਖਾਂ ਮੀਚੀਆਂ ਸਨ, ਉਹ ਤਾਂ ਸਹਿਵਨ ਹੀ ਮੁਸਕਰਾਇਆ ਸੀ, ਪਰ ਉਸ ਨੂੰ ਲੱਗਾ ਜਿਵੇਂ ਬੱਚੇ ਨੇ ਉਸ ਵੱਲ ਵੇਖ ਕੇ ਅੱਖਾਂ ਮੀਟੀਆ ਹੋਣ, ਜਿਵੇਂ ਉਹ ਉਸ ਵੱਲ ਵੇਖ ਕੇ ਸ਼ਰਾਰਤ ਨਾਲ ਮੁਸਕਰਾਇਆ ਹੋਵੇ। ਉਸ ਦੇ ਮੱਥੇ 'ਤੇ ਮੁੜ੍ਹਕੇ ਦੀਆਂ ਬੂੰਦਾਂ ਸਿੰਮ ਆਈਆਂ। ਉਹਦਾ ਸਿਰ ਜਿਵੇਂ ਘੁੰਮਣ ਲੱਗਾ ਤੇ ਉਸ ਨੂੰ ਲੱਗਾ, ਜਿਵੇਂ ਉਸ ਦੇ ਪੈਰਾਂ ਹੇਠਾਂ ਚੀਕਣੀ ਦਲਦਲ ਹੋਵੇ। ਤੇ ਉਹ ਬਾਹਰ ਨਿਕਲਣ ਦਾ ਜ਼ੋਰ ਲਾਉਂਦਿਆਂ ਵੀ ਉਸ ਵਿਚ ਹੇਠਾਂ ਹੀ ਹੇਠਾਂ ਧਸਦਾ ਜਾ ਰਿਹਾ ਹੋਵੇ ਤੇ ਗਲ ਗਲ ਖੋਭੇ ਵਿਚ ਖੁਭ ਗਿਆ ਹੋਵੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ