Punjabi Stories/Kahanian
ਇਵਾਨ ਤੁਰਗਨੇਵ
Ivan Turgenev
Punjabi Kavita
  

The Diary of a Superfluous Man-Ivan Turgenev

ਇਕ ਫ਼ਾਲਤੂ ਆਦਮੀ ਦੀ ਡਾਇਰੀ-ਇਵਾਨ ਤੁਰਗਨੇਵ

ਪਿੰਡ ਓਵਚੱਟ-ਵੋਡਾ, 20 ਮਾਰਚ
ਡਾਕਟਰ ਹੁਣੇ ਘਰੋਂ ਗਿਆ ਹੈ। ਆਖ਼ਿਰਕਾਰ ਮੈਂ ਉਸ ਤੋਂ ਸੱਚਾਈ ਕੱਢਵਾ ਹੀ ਲਈ ਚਾਹੇ ਉਸ ਨੇ ਇਸ ਨੂੰ ਛੁਪਾਉਣ ਦੀ ਕਿੰਨੀ ਵੀ ਕੋਸ਼ਿਸ਼ ਕੀਤੀ। ਆਖ਼ਿਰ ਉਸ ਨੂੰ ਇਹ ਦੱਸਣੀ ਹੀ ਪਈ। ਹਾਂ, ਮੈਂ ਛੇਤੀ ਹੀ ਮਰ ਜਾਵਾਂਗਾ - ਬਹੁਤ ਛੇਤੀ। ਨਦੀਆਂ ਆਪਣੀ ਬਰਫ਼ ਦੀ ਚਾਦਰ ਲਾਹ ਸੁੱਟਣਗੀਆਂ ਅਤੇ ਮੈਂ ਆਖ਼ਰੀ ਬਰਫ਼ ਦੀ ਪਰਤ ਨਾਲ ਅਲੋਪ ਜਾਵਾਂਗਾ। ਮੈਂ ਜ਼ਰੂਰ ਚਲੇ ਜਾਵਾਂਗਾ। ਕਿਧਰ ਨੂੰ? ਰੱਬ ਜਾਣਦਾ ਹੈ। ਮੈਂ ਸਮੁੰਦਰ ਵਿਚ ਵੀ ਡੁੱਬ ਸਕਦਾ ਹਾਂ। ਠੀਕ ਹੈ, ਇਸ ਵਿਚ ਕਿਹੜੀ ਮਾੜੀ ਗੱਲ ਹੈ? ਜੇ ਮੌਤ ਅਟੱਲ ਹੈ, ਤਾਂ ਬਸੰਤ ਵਿਚ ਮਰਨਾ ਚੰਗਾ ਹੈ।

ਪਰ ਕੀ ਮੌਤ ਤੋਂ ਲਗਪਗ ਪੰਦਰਵਾੜਾ ਪਹਿਲਾਂ ਡਾਇਰੀ ਲਿਖਣੀ ਸ਼ੁਰੂ ਕਰਨਾ ਹਾਸੋ-ਹੀਣਾ ਨਹੀਂ? ਇਸ ਬਾਰੇ ਕੀ ਕਹੀਏ? ਕੀ ਸਦੀਵਤਾ ਦੀ ਨਜ਼ਰ ਤੋਂ ਚੌਦਾਂ ਦਿਨ, ਚੌਦਾਂ ਵਰ੍ਹੇ ਜਾਂ ਚੌਦਾਂ ਸਦੀਆਂ ਨਾਲੋਂ ਘੱਟ ਮਹੱਤਵਪੂਰਨ ਹਨ? ਪਰ ਕੀ ਸਦੀਵਤਾ ਦਾ ਵਿਚਾਰ ਨਿਰੀ ਮੂਰਖਤਾ ਨਹੀਂ ਹੈ? ਮੇਰਾ ਮਨ ਕਿਆਸਰਾਈਆਂ ਦੇ ਭੰਵਰਜਾਲ ਵਿਚ ਭਟਕ ਰਿਹਾ ਜਾਪਦਾ ਹੈ। ਇਹ ਇਕ ਬਦਸ਼ਗਨੀ ਹੈ। ਇੰਜ ਜਾਪਦਾ ਹੈ ਕਿ ਮੈਂ ਹਿੰਮਤ ਹਾਰ ਰਿਹਾ ਹਾਂ। ਇਹ ਬਿਹਤਰ ਹੋਵੇਗਾ ਜੇ ਮੈਂ ਕਹਿ ਦੇਵਾਂ। ਬਾਹਰ ਹਵਾ ਸਿੱਲ੍ਹੀ ਅਤੇ ਠੰਢੀ ਹੈ ਅਤੇ ਚੰਗਾ ਹੈ ਕਿ ਮੈਂ ਬਾਹਰ ਨਹੀਂ ਜਾ ਸਕਦਾ। ਮੈਂ ਕੀ ਬਿਆਨ ਕਰਾਂ? ਆਪਣੀ ਬੀਮਾਰੀ ਬਾਰੇ ਕੁਝ ਲਿਖਾਂ? ਕੋਈ ਵਧੀਆ ਵਿਅਕਤੀ ਆਪਣੇ ਦੁੱਖਾਂ ਬਾਰੇ ਨਹੀਂ ਲਿਖਦਾ। ਕੀ ਮੈਂ ਇਕ ਕਹਾਣੀ ਦੀ ਰਚਨਾ ਕਰਾਂ? ਇਹ ਮੇਰੇ ਵੱਸ ਵਿਚ ਨਹੀਂ ਹੈ। ਕੀ ਮੈਂ ਕਿਸੇ ਦਾਰਸ਼ਨਿਕ ਵਿਸ਼ੇ 'ਤੇ ਲਿਖਾਂ? ਮੈਂ ਅਜਿਹੇ ਕੰਮ ਦੇ ਹਾਣ ਦਾ ਨਹੀਂ ਹਾਂ। ਕੀ ਮੈਂ ਆਪਣੇ ਆਲੇ-ਦੁਆਲੇ ਦਾ ਵਰਣਨ ਕਰਾਂਗਾ? ਇਹ ਮੇਰੇ ਲਈ ਥਕਾਊ ਹੋਵੇਗਾ ਤੇ ਪਾਠਕ ਲਈ ਤਾਂ ਹੋਰ ਵੀ ਜ਼ਿਆਦਾ। ਮੈਂ ਵਿਹਲੜਪੁਣੇ ਨਾਲ ਥੱਕ ਗਿਆ ਹਾਂ ਅਤੇ ਆਲਸੀ ਵੀ ਏਨਾ ਕਿ ਕੁਝ ਪੜ੍ਹ ਵੀ ਨਹੀਂ ਸਕਦਾ। ਕੁਝ ਪੜ੍ਹ ਵੀ ਨਹੀਂ ਸਕਦਾ। ਇਕ ਸ਼ਾਨਦਾਰ ਵਿਚਾਰ ਮੇਰੇ ਮਨ ਨੂੰ ਭਾਅ ਗਿਆ ਹੈ! ਮੈਂ ਆਪਣੇ-ਆਪ ਨੂੰ ਆਪਣੇ ਜੀਵਨ ਦੀ ਕਹਾਣੀ ਸੁਣਾਵਾਂਗਾ। ਇਹ ਉਹ ਕੰਮ ਹੈ ਜੋ ਬੰਦੇ ਨੂੰ ਆਪਣੀ ਮੌਤ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਕਿਸੇ ਦਾ ਕੁਝ ਵਿਗੜ ਵੀ ਨਹੀਂ ਸਕਦਾ। ਮੈਂ ਹੁਣੇ ਸ਼ੁਰੂ ਕਰ ਦਿੰਦਾ ਹਾਂ।

ਮੈਂ ਤੀਹ ਸਾਲ ਪਹਿਲਾਂ ਪੈਦਾ ਹੋਇਆ ਸੀ। ਮੇਰੇ ਮਾਪੇ ਚੰਗੇ ਖਾਂਦੇ-ਪੀਂਦੇ ਜਾਗੀਰਦਾਰ ਸਨ। ਮੇਰੇ ਪਿਤਾ ਜੀ ਪੱਕੇ ਜੂਏਬਾਜ਼ ਸਨ ਅਤੇ ਮੇਰੀ ਮਾਂ ਚਰਿੱਤਰਵਾਨ ਔਰਤ ਸੀ। ਇਕ ਬਹੁਤ ਹੀ ਦਿਆਲੂ ਅਤੇ ਨੇਕ ਔਰਤ। ਦਰਅਸਲ ਮੈਂ ਇਕ ਵੀ ਔਰਤ ਨੂੰ ਨਹੀਂ ਜਾਣਦਾ ਜਿਸ ਨੂੰ ਨੇਕੀ ਕਰਕੇ ਉਸ ਨਾਲੋਂ ਘੱਟ ਖੁਸ਼ੀ ਮਿਲਦੀ ਹੋਵੇ। ਉਹ ਅਸਲ ਵਿਚ ਆਪਣੀ ਨੇਕੀ ਦੇ ਭਾਰ ਹੇਠ ਦੱਬੀ ਹੋਈ ਸੀ। ਉਹ ਸਾਰਿਆਂ ਨੂੰ ਦੁਖੀ ਕਰਦੀ ਸੀ। ਆਪਣੇ-ਆਪ ਨੂੰ ਵੀ। ਆਪਣੀ ਜ਼ਿੰਦਗੀ ਦੇ ਪੰਜਾਹ ਸਾਲਾਂ ਦੇ ਦੌਰਾਨ ਉਸ ਨੇ ਕਦੇ ਅਰਾਮ ਨਹੀਂ ਕੀਤਾ, ਕਦੇ ਵੀ ਟਿਕ ਕੇ ਨਹੀਂ ਬੈਠੀ। ਉਹ ਲਗਾਤਾਰ ਰੁੱਝੀ ਰਹਿੰਦੀ ਸੀ ਅਤੇ ਇਕ ਕੀੜੀ ਦੀ ਤਰ੍ਹਾਂ ਇਧਰ-ਉਧਰ ਭੱਜੀ ਫਿਰਦੀ ਸੀ। ਬੱਸ ਇਕੋ ਹੀ ਅੰਤਰ ਸੀ ਕਿ ਉਸ ਦੇ ਕੰਮ ਦਾ ਕਦੇ ਕੋਈ ਮਨੋਰਥ ਨਹੀਂ ਸੀ ਹੁੰਦਾ। ਇਹ ਲੱਗਦਾ ਸੀ ਕਿ ਕੋਈ ਕੀੜਾ ਉਸ ਦੇ ਦਿਲ ਨੂੰ ਕੁਤਰੀ ਜਾ ਰਿਹਾ ਸੀ ਜਿਸ ਕਰਕੇ ਦਿਨ-ਰਾਤ ਉਸ ਨੂੰ ਬੇਚੈਨੀ ਰਹਿੰਦੀ ਸੀ। ਕੇਵਲ ਇਕ ਵਾਰ ਮੈ ਆਪਣੀ ਜ਼ਿੰਦਗੀ ਵਿਚ ਉਸ ਨੂੰ ਪੂਰੀ ਤਰ੍ਹਾਂ ਸ਼ਾਂਤ ਦੇਖਿਆ। ਇਹ ਉਸ ਦੀ ਮੌਤ ਤੋਂ ਇਕ ਦਿਨ ਬਾਅਦ ਦੀ ਗੱਲ ਸੀ। ਮੈਨੂੰ ਲੱਗਿਆ ਕਿ ਉਸ ਦੇ ਚਿਹਰੇ ਨੇ ਮੂਕ ਅਚੰਭੇ ਦਾ ਪ੍ਰਭਾਵ ਧਾਰਨ ਕੀਤਾ ਹੋਇਆ ਸੀ। ਉਹ ਆਪਣੇ ਤਾਬੂਤ ਵਿਚ ਪਈ ਸੀ। ਉਸ ਦੀਆਂ ਗੱਲ੍ਹਾਂ ਚਿਪਕੀਆਂ ਹੋਈਆਂ ਸਨ। ਅੱਖਾਂ ਤਾੜੇ ਲੱਗੀਆਂ ਸਨ। ਉਸ ਦੇ ਬੁੱਲ੍ਹ ਅੱਧ-ਮੀਟੇ ਸਨ। ਉਸ ਦਾ ਪੂਰਨ ਹਾਵ-ਭਾਵ ਇਹ ਕਹਿੰਦਾ ਜਾਪਦਾ ਸੀ, "ਕਿੰਨਾ ਚੰਗਾ ਹੈ ਕਿ ਅਸੀਂ ਹਿੱਲ ਹੀ ਨਹੀਂ ਸਕਦੇ!" ਹਾਂ, ਇਹ ਚੰਗਾ ਹੈ, ਬਹੁਤ ਚੰਗਾ ਹੈ, ਆਖ਼ਿਰਕਾਰ ਜੀਵਨ ਦੀ ਅਕਾਊ ਚੇਤਨਾ ਅਤੇ ਵਜੂਦ ਦੀ ਨਿਰੰਤਰ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਣਾ! ਪਰ ਇਹ ਸਭ ਊਲ-ਜਲੂਲ।

ਜਿਸ ਤਰ੍ਹਾਂ ਮੈਂ ਵੱਡਾ ਹੋਇਆ ਉਹ ਮੂਰਖਤਾ ਭਰਿਆ ਸੀ। ਮੇਰਾ ਬਚਪਨ ਖੁਸ਼ਹਾਲ ਨਹੀਂ ਸੀ। ਮੇਰੇ ਪਿਤਾ ਅਤੇ ਮਾਤਾ ਦੋਨਾਂ ਨੇ ਮੈਨੂੰ ਪਿਆਰ ਕੀਤਾ ਪਰ ਇਸ ਨਾਲ ਮੇਰੇ ਹਾਲ ਵਿਚ ਕੁਝ ਵੀ ਸੁਧਾਰ ਨਾ ਹੋਇਆ। ਪਿਤਾ ਦੀ ਘਰ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਸੀ। ਉਸ ਨੇ ਆਪਣੇ-ਆਪ ਨੂੰ ਬਦਨਾਮ ਅਤੇ ਵਿਨਾਸ਼ਕਾਰੀ ਆਦਤ ਦੇ ਹਵਾਲੇ ਕਰ ਦਿੱਤਾ ਹੋਇਆ ਸੀ ਅਤੇ ਉਹ ਆਪਣੇ ਨਿਘਾਰ ਨੂੰ ਮਹਿਸੂਸ ਕਰਦਾ ਸੀ ਪਰ ਉਸ ਕੋਲ ਆਪਣੀਆਂ ਘਟੀਆ ਇੱਛਾਵਾਂ ਦਾ ਵਿਰੋਧ ਕਰਨ ਦੀ ਨੈਤਿਕ ਸ਼ਕਤੀ ਨਹੀਂ ਸੀ। ਇਸ ਲਈ ਉਸ ਨੇ ਆਪਣੀ ਸ਼ਾਂਤ, ਅਧੀਨਗੀ ਅਤੇ ਨਿਮਰਤਾ ਨਾਲ ਪਤਨੀ ਨੂੰ ਖ਼ੁਸ਼ ਰੱਖਣ ਦੀ ਵਧੀਆਂ ਕੋਸ਼ਿਸ਼ ਕੀਤੀ।

ਮੇਰੀ ਮਾਂ ਨੇ ਬੁਲੰਦ ਅਤੇ ਅਣਖੀਲੇ ਸਬਰ ਨਾਲ ਆਪਣੇ ਦੁੱਖ ਕੱਟੇ ਅਤੇ ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਘਮੰਡ ਸੀ। ਉਸ ਨੇ ਮੇਰੇ ਪਿਤਾ ਨੂੰ ਉਸ ਦੀ ਕਰਨੀ ਲਈ ਕਦੇ ਜ਼ਲੀਲ ਨਹੀਂ ਕੀਤਾ। ਉਸ ਨੇ ਆਪਣਾ ਸਾਰਾ ਪੈਸਾ ਦੇ ਦਿੱਤਾ ਅਤੇ ਬਿਨਾਂ ਕਿਸੇ ਤਿੜ-ਫ਼ਿੜ ਤੋਂ ਉਸ ਦੇ ਕਰਜ਼ ਲਾਹੁੰਦੀ ਰਹੀ। ਉਹ ਹਮੇਸ਼ਾ ਉਸ ਦੀ ਖ਼ੂਬ ਪ੍ਰਸੰਸਾ ਕਰਦਾ ਪਰ ਘਰ ਰਹਿਣਾ ਉਸ ਨੂੰ ਪਸੰਦ ਨਹੀਂ ਸੀ। ਉਹ ਮੈਨੂੰ ਤ੍ਰਹਿੰਦੇ-ਤ੍ਰਹਿੰਦੇ ਪਿਆਰ ਕਰਦਾ, ਜਿਵੇਂ ਕਿ ਉਹ ਡਰਦਾ ਹੋਵੇ ਕਿ ਉਸ ਵਾਲੀ ਨੈਤਿਕ ਬਿਮਾਰੀ ਮੈਨੂੰ ਵੀ ਨਾ ਲੱਗ ਜਾਵੇ ਪਰ ਜਦ ਵੀ ਉਹ ਮੈਨੂੰ ਘੁੱਟ ਕੇ ਆਪਣੇ ਨਾਲ ਲਾਉਂਦਾ। ਉਸ ਦੇ ਕਰੂਪ ਨੈਣ-ਨਕਸ਼ ਨਿਰੀ ਕੋਮਲਤਾ ਦੇ ਹਾਵ-ਭਾਵ ਧਾਰਨ ਕਰ ਲੈਂਦੇ। ਉਸ ਦੇ ਬੁੱਲ੍ਹਾਂ ਦੇ ਆਲੇ-ਦੁਆਲੇ ਘਬਰਾਹਟ ਦੇ ਚਿੰਨ੍ਹ ਮੋਹ ਭਰੀ ਮੁਸਕਰਾਹਟ ਸਰੂਪ ਹੋ ਜਾਂਦੇ ਅਤੇ ਝੁਰੜੀਆਂ ਦੇ ਘੜਮੱਸ ਵਿਚ ਘਿਰੀਆਂ ਉਸ ਦੀਆਂ ਹਲਕੇ ਨੀਲੇ ਰੰਗ ਦੀਆਂ ਅੱਖਾਂ ਏਨੇ ਪਿਆਰ ਨਾਲ ਭਰੀਆਂ ਹੁੰਦੀਆਂ ਕਿ ਮੈਂ ਆਪਣੀ ਗੱਲ੍ਹ ਉਸ ਦੇ ਚਿਹਰੇ ਨਾਲ ਦਬਾਏ ਬਿਨਾਂ ਨਾ ਰਹਿ ਸਕਦਾ। ਉਸ ਦਾ ਚਿਹਰਾ ਪਿਆਰ-ਭਾਵ ਦੇ ਨਾਲ ਚਮਕ ਰਿਹਾ ਹੁੰਦਾ ਅਤੇ ਹੰਝੂਆਂ ਨਾਲ ਭਿੱਜਿਆ ਹੁੰਦਾ। ਮੈਂ ਆਪਣੇ ਰੁਮਾਲ ਨਾਲ ਉਸ ਦੇ ਹੰਝੂ ਪੂੰਝਦਾ ਰਿਹਾ ਪਰ ਇਹ ਆਪ ਮੁਹਾਰੇ ਮੁੜ ਵਗ ਤੁਰਦੇ, ਭਰੇ ਹੋਏ ਗਲਾਸ ਦੇ ਕਿਨਾਰਿਆਂ ਤੋਂ ਡੁੱਲ੍ਹਦੇ ਪਾਣੀ ਦੀ ਤਰ੍ਹਾਂ। ਫਿਰ ਮੈਂ ਵੀ ਰੋਣ ਲੱਗ ਪੈਂਦਾ। ਉਹ ਮੇਰੇ ਮੋਢੇ ਥਾਪੜਦਾ ਅਤੇ ਮੇਰੇ ਮੂੰਹ ਨੂੰ ਕੰਬਦੇ ਬੁੱਲ੍ਹਾਂ ਨਾਲ ਵਾਰ-ਵਾਰ ਚੁੰਮਣ ਲੱਗਦਾ, ਮੈਨੂੰ ਦਿਲਾਸਾ ਦਿੰਦਾ। ਹੁਣ ਵੀ ਜਦੋਂ ਮੈਂ ਆਪਣੇ ਵਿਚਾਰੇ ਪਿਤਾ ਬਾਰੇ ਸੋਚਦਾ ਹਾਂ ਜਿਸ ਨੂੰ ਮਰਿਆਂ 20 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਹੈ ਤਾਂ ਮੇਰਾ ਗਲਾ ਭਰ ਆਉਂਦਾ ਹੈ। ਮੇਰਾ ਦਿਲ ਤੇਜ਼-ਤੇਜ਼ ਧੜਕਣ ਲੱਗਦਾ ਹੈ ਅਤੇ ਇਸ ਤਰ੍ਹਾਂ ਹਮਦਰਦੀ ਭਰੇ ਦਰਦ ਨਾਲ ਭਾਰਾ ਮਹਿਸੂਸ ਹੁੰਦਾ ਹਾਂ; ਜਿਵੇਂ ਉਹ ਅਜੇ ਦੇਰ ਤਕ ਧੜਕਣਾ ਚਾਹੁੰਦਾ ਹੋਵੇ, ਜਿਵੇਂ ਅਜੇ ਵੀ ਢੇਰ ਹਮਦਰਦੀ ਕਰਨਾ ਬਾਕੀ ਹੋਵੇ।

ਦੂਜੇ ਪਾਸੇ, ਮੇਰੀ ਮਾਂ ਹਮੇਸ਼ਾ ਮੇਰੇ ਨਾਲ ਇਕਸਾਰ ਸਲੂਕ ਕਰਦੀ ਸੀ - ਦਿਆਲੂ ਪਰ ਗ਼ੈਰ ਜਜ਼ਬਾਤੀ। "ਸਾਨੂੰ ਅਕਸਰ ਅਜਿਹੀਆਂ ਮਾਵਾਂ ਬੱਚਿਆਂ ਦੀਆਂ ਕਿਤਾਬਾਂ ਵਿਚ ਮਿਲ ਜਾਦੀਆਂ ਹਨ - ਆਲੀਸ਼ਾਨ ਨੈਤਿਕਤਾ ਅਤੇ ਇਨਸਾਫ਼ ਦੀਆਂ ਮੂਰਤਾਂ। ਮੇਰੀ ਮਾਂ ਮੈਨੂੰ ਪਿਆਰ ਕਰਦੀ ਸੀ ਪਰ ਮੈਨੂੰ ਉਸ ਨਾਲ ਪਿਆਰ ਨਹੀਂ ਸੀ। ਹਾਂ, ਮੈਂ ਆਪਣੀ ਨੇਕ ਮਾਂ ਤੋਂ ਦੂਰ ਰਿਹਾ ਪਰ ਆਪਣੇ ਦੁਰਾਚਾਰੀ ਬਾਪ ਨੂੰ ਜਜ਼ਬਾਤੀ ਤੌਰ 'ਤੇ ਪਿਆਰ ਕਰਦਾ ਸੀ।
ਪਰ ਅੱਜ ਦੇ ਲਈ ਇਹ ਕਾਫੀ ਹੋਵੇਗਾ। ਮੈਂ ਸ਼ੁਰੂਆਤ ਕਰ ਲਈ ਹੈ ਅਤੇ ਮੈਨੂੰ ਕਿਸੇ ਹੋਰ ਦੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ । ਇਹ ਮੇਰੀ ਬਿਮਾਰੀ 'ਤੇ ਨਿਰਭਰ ਕਰਦਾ ਹੈ, ਨਾ ਕਿ ਮੇਰੇ 'ਤੇ।

21 ਮਾਰਚ
ਅੱਜ ਦਿਨ ਸ਼ਾਨਦਾਰ ਹੈ। ਨਿੱਘਾ ਅਤੇ ਸਾ੭ ਹੈ। ਪਿਘਲ ਰਹੀ ਬਰਫ਼ ਦੇ ਉੱਪਰ ਧੁੱਪ ਅਠਖੇਲੀਆਂ ਖਾ ਰਹੀ ਹੈ। ਹਰ ਚੀਜ਼ ਤਰੇਲੇ ਰਵਿਆਂ ਨਾਲ ਚਮਕ ਰਹੀ ਹੈ। ਚਿੜੀਆਂ ਚਹਿਕ ਰਹੀਆਂ ਹਨ ਜੋ ਨਮ ਅਤੇ ਭਾਫ਼-ਗਲੇਫ਼ੇ ਜੰਗਲਿਆਂ ਕੋਲ ਚਹਿਚਿਹਾ ਰਹੀਆਂ ਹਨ। ਮਿੱਠੀ ਤੇ ਨਮੀ ਨਾਲ ਯੁਕਤ ਹਵਾ ਮੇਰੀ ਛਾਤੀ ਨਾਲ ਸਰਕ ਰਹੀ ਹੈ। ਬਸੰਤ, ਬਸੰਤ ਰੁੱਤ ਆ ਰਹੀ ਹੈ! ਮੈਂ ਖਿੜਕੀ ਮੂਹਰੇ ਬੈਠਾ ਹਾਂ। ਛੋਟੀ ਨਦੀ ਤੋਂ ਬਹੁਤ ਦੂਰ, ਦੂਰ ਧੁੰਦਲੀ ਜਗ੍ਹਾ ਵੱਲ ਦੇਖ ਰਿਹਾ ਹਾਂ।
ਓ, ਕੁਦਰਤ! ਕੁਦਰਤ! ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ! ਪਰ ਤੇਰੀ ਹਿੱਕ ਵਿੱਚੋਂ ਇੱਕ ਪ੍ਰਾਣੀ ਪੈਦਾ ਹੋਇਆ ਹੈ ਜੋ ਜੀਉਂਦਾ ਰਹਿਣ ਦੇ ਯੋਗ ਨਹੀਂ। ਇਕ ਚਿੜੀ ਹੈ ਜੋ ਖੰਭ ਫੈਲਾ ਕੇ ਟਪੂਸੀਆਂ ਮਾਰ ਰਹੀ ਹੈ। ਉਹ ਉੱਚੀ ਚੀਂ-ਚੀਂ ਕਰਦੀ ਹੈ ਅਤੇ ਉਸ ਦੀ ਆਵਾਜ਼ ਦੀ ਹਰ ਧੁਨੀ, ਉਸ ਦੇ ਨਿੱਕੇ ਜਿਹੇ ਬਦਨ ਤੇ ਉੱਗਿਆ ਹਰ ਪੰਖ ਪੰਛੀ ਦੀ ਸਿਹਤ ਅਤੇ ਤਾਕਤ ਦੀ ਦੁਹਾਈ ਦੇ ਰਿਹਾ ਹੈ। ਹੁਣ, ਇਹ ਕੀ ਹੈ? ਕੁਝ ਨਹੀਂ। ਚਿੜੀ ਤੰਦਰੁਸਤ ਹੈ ਅਤੇ ਇਸ ਨੂੰ ਚਹਿਕਣ ਅਤੇ ਚਹਿ-ਚਹਾਉਣ ਦਾ ਹੱਕ ਹੈ। ਮੈਂ ਬਿਮਾਰ ਹਾਂ ਅਤੇ ਮੈਂ ਹਰ ਹਾਲ ਮਰਨਾ ਹੈ। ਬਸ ਇੰਨਾ ਹੀ। ਇਸ ਬਾਰੇ ਮੇਰਾ ਗੱਲ ਕਰਨਾ ਮੂਰਖਤਾ ਸੀ। ਕੁਦਰਤ ਨੂੰ ਰੋ-ਰੋ ਕੇ 'ਵਾਜ਼ਾਂ ਮਾਰਨਾ ਬਹੁਤ ਹਾਸੋ-ਹੀਣਾ ਹੁੰਦਾ ਹੈ। ਚਲੋ ਮੈਂ ਆਪਣੀ ਕਹਾਣੀ ਅੱਗੇ ਤੋਰਦਾ ਹਾਂ।
ਮੈਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਮੈਂ ਵੱਡਾ ਹੋਇਆ। ਉਹ ਮੂਰਖਤਾ ਭਰਿਆ ਅਤੇ ਖ਼ੁਸ਼ੀਆਂ ਤੋਂ ਊਣਾ ਸੀ। ਮੇਰਾ ਨਾ ਤਾਂ ਕੋਈ ਭਰਾ ਸੀ ਤੇ ਨਾ ਹੀ ਕੋਈ ਭੈਣ ਤੇ ਮੈਂ ਘਰ ਵਿਚ ਹੀ ਪੜ੍ਹਿਆ ਸੀ ਜੇ ਮੈਨੂੰ ਸਕੂਲ ਭੇਜ ਦਿੱਤਾ ਜਾਂਦਾ ਤਾਂ ਮੇਰੀ ਮਾਂ ਕਿਸ ਨਾਲ ਰੁੱਝੀ ਰਹਿੰਦੀ? ਬੱਚੇ ਆਪਣੇ ਮਾਪਿਆਂ ਦਾ ਮਨ ਪਰਚਾਉਣ ਲਈ ਹੀ ਤਾਂ ਦੁਨੀਆਂ ਵਿਚ ਆਉਂਦੇ ਹਨ। ਅਸੀਂ ਆਮ ਤੌਰ 'ਤੇ ਪਿੰਡ ਵਿਚ ਹੀ ਰਹਿੰਦੇ ਸਾਂ ਪਰ ਕਦੇ-ਕਦਾਈਂ ਮਾਸਕੋ ਵਿਚ ਵੀ ਕੁਝ ਹਫ਼ਤੇ ਬਿਤਾ ਆਉਂਦੇ ਸੀ, ਜਿਵੇਂ ਰਵਾਜ ਸੀ ਮੇਰੇ ਨਾਲ ਮੇਰੇ ਅਧਿਆਪਕ ਅਤੇ ਭਰੋਸੇਯੋਗ ਸਲਾਹਕਾਰ ਸਨ। ਮੈਨੂੰ ਉਨ੍ਹਾਂ ਵਿਚੋਂ ਇਕ ਖਾਸ ਤੌਰ 'ਤੇ ਚੇਤੇ ਹੈ। ਇਕ ਸੁੱਕੜੂ ਤੇ ਉਦਾਸ ਜਿਹਾ ਜਰਮਨ ਜਿਸ ਦਾ ਨਾਮ ਰਿਕਮਨ ਸੀ। ਉਹ ਬਹੁਤ ਹੀ ਉਦਾਸ ਅਤੇ ਦਿਲਗੀਰ ਰਹਿਣ ਵਾਲਾ ਵਿਅਕਤੀ ਸੀ। ਉਸ ਵਖਤਾਂ ਮਾਰੇ ਨੂੰ ਆਪਣੀ ਦੂਰ ਦੀ ਪਿਤਾ-ਭੂਮੀ ਦੀ ਪ੍ਰਬਲ ਪਰ ਨਿਰਾਰਥਕ ਤਾਂਘ ਖਾਈ ਜਾ ਰਹੀ ਸੀ। ਕਈ ਵਾਰ ਚਾਚਾ ਵਾਸੀਲ, ਆਪਣੀ ਕਦੇ ਨਾ ਫਟਣ ਵਾਲੀ ਮੋਟੀ ਨੀਲੀ ਪੁਸ਼ਾਕ ਪਹਿਨ ਕੇ ਨਾਲ ਵਾਲੀ ਬੈਠਕ ਵਿਚ ਗਰਮ ਸਟੋਵ ਦੇ ਨਜ਼ਦੀਕ ਬੈਠ ਜਾਂਦਾ ਜਿਸ ਦੀ ਹਵਾ ਕਵਾਸ ਦੀ ਗੰਧ ਨਾਲ ਭਰੀ ਹੋਈ ਸੀ ਅਤੇ ਜਦੋਂ ਉਹ ਡਰਾਈਵਰ, ਪੋਟਾਪੌਫ, ਜਿਸ ਨੇ ਚਿੱਟੀ ਭੇਡ ਦੀ ਖੱਲ ਵਾਲਾ ਚੋਗਾ ਅਤੇ ਭਾਰੀ ਬੂਟ ਪਹਿਨੇ ਹੋਏ ਸਨ - ਨਾਲ ਤਾਸ਼ ਖੇਡਦਾ ਸੀ ਰਿਕਮੈਨ, ਸਪੇਨੀ ਦੀਵਾਰ ਪਿੱਛੇ ਗੀਤ ਗਾਉਂਦਾ ਹੁੰਦਾ ਸੀ:
"ਦਿਲ, ਮੇਰੇ ਦਿਲ, ਇੰਨਾ ਉਦਾਸ ਕਿਉਂ ਹੈਂ ਤੂੰ,
ਕਿੱਥੇ ਅਟਕ ਗਿਆ ਹੈਂ ਤੂੰ?
ਇਹ ਵਿਦੇਸ਼ੀ ਧਰਤੀ ਕਿੰਨੀ ਸੁੰਦਰ ਹੈ,
ਦਿਲ,ਮੇਰੇ ਦਿਲ, ਹੋਰ ਦੱਸ ਕੀ ਚਾਹੁੰਦਾ ਹੈਂ ਤੂੰ?"
ਮੇਰੇ ਪਿਤਾ ਦੀ ਮੌਤ ਦੇ ਬਾਅਦ ਅਸੀਂ ਮਾਸਕੋ ਰਹਿਣ ਲਈ ਚਲੇ ਗਏ। ਮੈਂ ਉਦੋਂ ਬਾਰਾਂ ਸਾਲਾਂ ਦਾ ਸੀ। ਮੇਰੇ ਪਿਤਾ ਦੀ ਅਧਰੰਗ ਦੇ ਦੌਰੇ ਨਾਲ ਰਾਤ ਨੂੰ ਮੌਤ ਹੋ ਗਈ। ਮੈਨੂੰ ਉਹ ਰਾਤ ਕਦੇ ਨਹੀਂ ਭੁੱਲੇਗੀ। ਮੈਂ ਘੂਕ ਸੁੱਤਾ ਪਿਆ ਸੀ, ਜਿਵੇਂ ਬੱਚੇ ਆਮ ਤੌਰ 'ਤੇ ਸੌਂਦੇ ਹਨ ਪਰ ਮੈਨੂੰ ਚੇਤੇ ਹੈ ਕਿ ਨੀਂਦ ਵਿਚ ਵੀ ਬਾਕਾਇਦਾ ਅਤੇ ਭਾਰੀ ਘੁਰਾੜੇ ਸੁਣਾਈ ਦਿੱਤੇ ਸਨ। ਅਚਾਨਕ ਕਿਸੇ ਨੇ ਮੈਨੂੰ ਮੋਢੇ ਤੋਂ ਝੰਜੋੜਿਆ। ਮੈਂ ਅੱਖਾਂ ਖੋਲ੍ਹੀਆਂ: ਵਾਸੀਲ ਚਾਚਾ ਮੇਰੇ ਸਾਹਮਣੇ ਖੜ੍ਹਾ ਸੀ।"
"ਕੀ ਗੱਲ ਹੋਈ?"
"ਉੱਠੋ, ਉੱਠੋ-ਅਲੈਕਸੀ ਮਾਈਕਿਲੋਵਿਚ ਮਰ ਰਿਹਾ ਹੈ।"
ਮੈਂ ਇਕ ਪਾਗਲ ਵਾਂਗ, ਮੰਜੇ ਤੋਂ ਉੱਤਰਿਆ ਅਤੇ ਕਾਹਲੀ ਨਾਲ ਵੱਡੇ ਕਦਮ ਪੱਟਦਾ ਸੌਣ ਵਾਲੇ ਕਮਰੇ ਵਿਚ ਗਿਆ। ਪਿਤਾ ਜੀ ਦਾ ਸਿਰ ਪਿੱਛੇ ਨੂੰ ਲੁੜਕਿਆ ਹੋਇਆ ਸੀ। ਉਨ੍ਹਾਂ ਦਾ ਚਿਹਰਾ ਲਾਲ ਸੀ ਅਤੇ ਗਲੇ ਵਿਚੋਂ ਡੂੰਘੀਆਂ ਆਵਾਜ਼ਾਂ ਨਿਕਲ ਰਹੀਆਂ ਸਨ। ਦਰਵਾਜ਼ੇ ਕੋਲ ਭੀੜ ਜਮ੍ਹਾਂ ਹੋਈ ਪਈ ਸੀ ਜਿਨ੍ਹਾਂ ਦੇ ਚਿਹਰੇ ਡਰੇ ਹੋਏ ਸਨ। ਬੈਠਕ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ, "ਕੀ ਡਾਕਟਰ ਨੂੰ ਬੁਲਾਵਾ ਭੇਜਿਆ ਹੈ?" ਬਾਹਰਲੇ ਵਿਹੜੇ ਦੇ ਦਰਵਾਜ਼ਿਆਂ ਦੀਆਂ ਚੂਲਾਂ ਨੇ ਚਿਰਰ ਚਿਰਰ ਕੀਤੀ। ਘੋੜਿਆਂ ਦੇ ਪੈਰ ਚਿੱਕੜ ਵਿਚ ਛਪਲ ਛਪਲ ਕਰ ਰਹੇ ਸਨ। ਅਤੇ ਪੋਟਾਪੌਫ਼ ਦੀ ਅਰਦਾਸ ਦੀ ਆਵਾਜ਼ ਹੁੰਗਾਰਾ ਭਰ ਰਹੀ ਸੀ। ਕਮਰੇ ਦੇ ਫ਼ਰਸ਼ 'ਤੇ ਇਕ ਮੋਮਬੱਤੀ ਬਾਲ਼ ਦਿੱਤੀ ਗਈ। ਮੇਰੀ ਮਾਂ ਭੱਜੀ-ਨੱਠੀ ਫਿਰ ਰਹੀ ਸੀ ਪਰ ਉਹ ਆਪਣੀ ਇੱਜ਼ਤ ਜਾਂ ਅਣਖ ਦੇ ਅਹਿਸਾਸ ਤੋਂ ਪੂਰਨ ਭਾਂਤ ਖ਼ਬਰਦਾਰ ਸੀ।
ਮੈਂ ਆਪਣੇ ਪਿਤਾ ਦੀ ਛਾਤੀ ਉੱਤੇ ਢੇਰੀ ਹੋ ਗਿਆ ਅਤੇ ਰੋਣ ਲੱਗ ਪਿਆ, "ਪਾਪਾ, ਪਿਆਰੇ ਪਾਪਾ!" ਉਹ ਨਹੀਂ ਹਿੱਲਿਆ, ਪਰ ਉਸ ਦਾ ਚਿਹਰਾ ਅਜੀਬ ਤਰ੍ਹਾਂ ਨਾਲ ਝੁਰੜਾਇਆ ਗਿਆ। ਮੈਂ ਉਸ ਵੱਲ ਦੇਖਿਆ ਅਤੇ ਇਕ ਦਹਿਸ਼ਤ ਨੇ ਮੈਨੂੰ ਦਬੋਚ ਲਿਆ ਜਿਸ ਨਾਲ ਮੈਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ। ਮੈਂ ਡਰ ਕੇ ਚੀਖ਼ ਮਾਰੀ, ਜਿਵੇਂ ਇਕ ਪੰਛੀ ਦੀ ਦਬੋਚਣ ਵੇਲੇ ਚੀਕ ਨਿਕਲਦੀ। ਕਿਸੇ ਨੇ ਮੈਨੂੰ ਉਠਾਇਆ ਅਤੇ ਕਮਰੇ ਵਿਚੋਂ ਬਾਹਰ ਲਿਆਂਦਾ। ਬੀਤੇ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਪਿਆਰ ਕੀਤਾ। ਇਸ ਤਰ੍ਹਾਂ ਦੇ ਦੁਖਦਾਈ ਹਾਵ-ਭਾਵ ਦੇ ਨਾਲ, ਜਿਵੇਂ ਕਿ ਉਨ੍ਹਾਂ ਨੂੰ ਆਪਣਾ ਅੰਤ ਨੇੜੇ ਆ ਜਾਣ ਦੀ ਭਿਣਕ ਪੈ ਗਈ ਹੋਵੇ। ਸੁਸਤਾਊ ਅਤੇ ਬੇਢੰਗੀ ਜਿਹੀ ਦਾੜੀ ਵਾਲਾ ਡਾਕਟਰ ਕਮਰੇ ਵਿਚ ਆਇਆ। ਰਾਈ-ਬਰਾਂਡੀ ਦੀ ਤਿੱਖੀ ​​ਗੰਧ ਉਸ ਦੇ ਨਾਲ ਕਮਰੇ ਵਿਚ ਆਈ। ਉਸ ਦੇ ਨਸ਼ਤਰ ਹੇਠ ਮੇਰੇ ਪਿਤਾ ਜੀ ਦੀ ਮੌਤ ਹੋ ਗਈ।
ਅਗਲੇ ਦਿਨ ਮੈਂ ਆਪਣੇ ਹੱਥ ਵਿਚ ਇਕ ਬਲਦੀ ਮੋਮਬੱਤੀ ਲਈਂ ਉਸ ਮੇਜ਼ ਸਾਹਮਣੇ ਖੜ੍ਹਾ ਸੀ ਜਿਸ 'ਤੇ ਮੇਰੇ ਪਿਤਾ ਜੀ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ। ਮੈਂ ਪੂਰੀ ਤਰ੍ਹਾਂ ਸੁੰਨ ਹੋ ਗਿਆ ਸੀ ਅਤੇ ਪਾਦਰੀ ਵੱਲੋਂ ਭਰਵੀਂ ਆਵਾਜ਼ ਵਿਚ ਕੀਤੀ ਅੰਤਿਮ ਅਰਦਾਸ ਨੂੰ ਮਸ਼ੀਨੀ ਤੌਰ 'ਤੇ ਸੁਣ ਰਿਹਾ ਸੀ। ਕਈ ਵਾਰ ਉਸ ਦੀ ਆਵਾਜ਼ ਵੀ ਵਿਘਨ ਪਾ ਦਿੰਦੀ ਸੀ। ਮੇਰੀਆਂ ਗੱਲ੍ਹਾਂ, ਬੁੱਲ੍ਹਾਂ, ਕਾਲਰ, ਮੇਰੀ ਅਤੇ ਕਮੀਜ਼ ਦੇ ਪੱਲੇ 'ਤੇ ਹੰਝੂਆਂ ਦੀਆਂ ਧਰਾਲਾਂ ਵਹਿ ਰਹੀਆਂ ਸਨ। ਮੈਂ ਬਿਨਾਂ ਕਿਸੇ ਮਨ ਦੀ ਭਾਵਨਾ ਦੇ ਹੰਝੂਆਂ ਨਾਲ ਪਿਘਲ ਰਿਹਾ ਸੀ। ਮੇਰੀ ਨਿਗਾਹ ਮੇਰੇ ਪਿਤਾ ਜੀ ਦੇ ਚਿਹਰੇ 'ਤੇ ਟਿਕੀ ਹੋਈ ਸੀ, ਜਿਵੇਂ ਮੈਂ ਉਸ ਦੇ ਬੋਲ ਪੈਣ ਦੀ ਉਮੀਦ ਲਾਈ ਹੋਵੇ। ਇਸ ਸਮੇਂ ਦੌਰਾਨ ਮੇਰੀ ਮਾਂ ਬੜੀ ਸ਼ਿੱਦਤ ਨਾਲ ਆਪਣੀਆਂ ਧਾਰਮਿਕ ਜ਼ਿੰਮੇਦਾਰੀਆਂ ਨਿਭਾ ਰਹੀ ਸੀ। ਉਹ ਹੌਲੀ-ਹੌਲੀ ਥੱਲੇ ਨਿਂਵਦੀ, ਜ਼ਮੀਨ ਨੂੰ ਮੱਥੇ ਨਾਲ ਛੋਹ ਕੇ ਹੌਲੀ-ਹੌਲੀ ਉੱਠਦੀ ਅਤੇ ਹਰ ਵਾਰ ਸਿਰ ਨਿਵਾਉਣ 'ਤੇ ਸਲੀਬ ਦਾ ਨਿਸ਼ਾਨ ਬਣਾਉਂਦੀ ਹੋਈ ਆਪਣੇ ਮੱਥੇ, ਛਾਤੀ, ਅਤੇ ਮੋਢਿਆਂ ਨੂੰ ਆਪਣੇ ਪੋਟਿਆਂ ਨਾਲ ਦਬਾਉਂਦੀ। ਉਸ ਸਮੇਂ ਮੇਰੇ ਦਿਮਾਗ ਵਿਚ ਇਕ ਵੀ ਵਿਚਾਰ ਨਹੀਂ ਸੀ ਪਰ ਮੈਂ ਮਹਿਸੂਸ ਕੀਤਾ ਕਿ ਕੋਈ ਡਰਾਉਣੀ ਚੀਜ਼ ਮੇਰੇ ਸਾਹਮਣੇ ਵਾਪਰ ਰਹੀ ਸੀ। ਮੇਰੇ ਵੱਲ ਧਿਆਨ ਧਰਦਿਆਂ ਮੌਤ ਨੇ ਮੇਰੇ ਚਿਹਰੇ ਨੂੰ ਨਿਹਾਰਿਆ।

ਮੇਰੇ ਪਿਤਾ ਦੀ ਮੌਤ ਤੋਂ ਬਾਅਦ ਅਸੀਂ ਕੁਝ ਸਾਧਾਰਨ ਕਾਰਨ ਕਰਕੇ ਮਾਸਕੋ ਰਹਿਣ ਚਲੇ ਗਏ। ਹਰ ਚੀਜ਼ ਜੋ ਸਾਡੀ ਸੀ। ਉਸ ਦੀ ਨਿਲਾਮੀ ਕਰ ਦਿੱਤੀ ਗਈ ਸੀ। ਬੱਸ, ਇਕ ਛੋਟਾ ਜਿਹਾ ਪਿੰਡ ਜਿਸ ਵਿਚ ਮੈਂ ਹੁਣ ਆਪਣੀ ਸ਼ਾਨਦਾਰ ਹੋਂਦ ਨੂੰ ਖਤਮ ਕਰ ਰਿਹਾ ਹਾਂ, ਬਾਕੀ ਰਹਿ ਗਿਆ ਸੀ। ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਆਪਣੀ ਅੱਲੜ੍ਹ ਜਵਾਨੀ ਦੇ ਬਾਵਜੂਦ, ਸਾਡੇ ਆਲ੍ਹਣੇ ਦੇ ਖੁੱਸ ਜਾਣ ਦਾ ਮੈਨੂੰ ਸੱਚਮੁਚ ਬਹੁਤ ਸਦਮਾ ਪਹੁੰਚਿਆ ਸੀ। ਮੈਂ ਖਾਸ ਤੌਰ 'ਤੇ ਸਾਡੇ ਬਾਗ਼ ਦੇ ਖੁੱਸ ਜਾਣ ਕਾਰਨ ਉਦਾਸ ਸੀ। ਇਕ ਬਾਗ਼ ਹੀ ਤਾਂ ਸੀ ਜਿਸ ਨਾਲ ਮੇਰੀਆਂ ਖ਼ੂਬਸੂਰਤ ਯਾਦਾਂ ਜੁੜੀਆਂ ਹੋਈਆਂ ਸਨ। ਬਸੰਤ ਦੀ ਇਕ ਸ਼ਾਮ ਦੀ ਚੁੱਪ ਚਾਂ ਵਿਚ ਮੈਂ ਆਪਣੇ ਸਭ ਤੋਂ ਚੰਗੇ ਦੋਸਤ, ਸਾਡੇ ਬੁੱਢੇ ਕੁੱਤੇ ਨੂੰ ਇੱਥੇ ਦਫ਼ਨਾਇਆ ਸੀ। ਉਸ ਦਾ ਨਾਂ ਤਰਿਸਕਾ ਸੀ ਜਿਸ ਦੀ ਪੂਛ ਲੰਡੀ ਅਤੇ ਲੱਤਾਂ ਵਿੰਗੀਆਂ ਸਨ। ਇਸੇ ਬਾਗ਼ ਦੇ ਬੂਟਿਆਂ ਵਿਚ ਲੁਕ ਕੇ ਮੈਂ ਚੁਰਾਏ ਹੋਏ ਸੇਬ ਖਾਇਆ ਕਰਦਾ ਸੀ - ਉਹ ਲਾਲ, ਮਿੱਠੇ ਸੇਬ, ਅਸਲ ਨੋਵੋਗੋਰੋਦੀਆਈ। ਇਸੇ ਬਾਗ਼ ਦੀਆਂ ਰਸਭਰੀਆਂ ਦੀਆਂ ਝਾੜੀਆਂ ਵਿਚ ਸਾਡੀ ਨਵੀਂ ਨੌਕਰਾਣੀ, ਅਵਦੋਤੀਆ ਨੂੰ ਪਹਿਲੀ ਵਾਰ ਦੇਖਿਆ ਸੀ। ਆਪਣੇ ਮਿੱਡੇ ਨੱਕ ਅਤੇ ਹੱਸਦੇ ਸਮੇਂ ਆਪਣੇ ਚਿਹਰੇ ਨੂੰ ਰੁਮਾਲ ਨਾਲ ਢੱਕ ਲੈਣ ਦੀ ਆਪਣੀ ਮੂਰਖ ਆਦਤ ਦੇ ਬਾਵਜੂਦ, ਉਸ ਨੇ ਮੇਰੇ ਅੰਦਰ ਅਜਿਹੀ ਕੋਮਲ ਭਾਵਨਾ ਨੂੰ ਜਗਾਇਆ ਸੀ ਕਿ ਮੈਂ ਉਸ ਦੀ ਮੌਜੂਦਗੀ ਵਿਚ ਮੁਸ਼ਕਿਲ ਨਾਲ ਹੀ ਸਾਹ ਲੈ ਸਕਦਾ ਸੀ ਅਤੇ ਇਕ ਵਾਰ ਜਦੋਂ ਈਸਟਰ ਐਤਵਾਰ ਦੇ ਦਿਨ ਮੇਰੇ ਖ਼ਾਨਦਾਨੀ ਹੱਥ ਨੂੰ ਚੁੰਮਣ ਦੀ ਉਸ ਦੀ ਵਾਰੀ ਆਈ ਤਾਂ ਮੇਰਾ ਮਨ ਕੀਤਾ ਸੀ ਕਿ ਮੈਂ ਆਪਣਾ ਆਪ ਉਸ ਦੇ ਪੈਰਾਂ 'ਤੇ ਸੁੱਟ ਦੇਵਾਂ ਅਤੇ ਉਸ ਦੇ ਪੁਰਾਣੇ ਧੂੜ ਲੱਤੇ ਚਮੜੇ ਦੇ ਬੂਟਾਂ ਨੂੰ ਚੁੰਮ ਲਵਾਂ।

ਕੀ ਸੱਚ ਹੀ ਇਹ ਸਾਰਾ ਕੁਝ ਵਾਪਰਿਆਂ ਵੀਹ ਸਾਲ ਦਾ ਸਮਾਂ ਬੀਤ ਚੁੱਕਾ ਹੈ? ਲੱਗਦਾ ਹੈ ਅਜੇ ਕੱਲ੍ਹ ਦੀ ਗੱਲ ਹੈ ਕਿ ਮੈਂ ਆਪਣੇ ਬਾਗ਼ ਦੀ ਪੁਰਾਣੀ ਕੰਧ ਦੇ ਨਾਲ-ਨਾਲ ਆਪਣੇ ਭੂਰੇ ਟੱਟੂ ਦੀ ਸਵਾਰੀ ਕਰਦਾ ਹੁੰਦਾ ਸੀ ਅਤੇ ਇਕ ਚਿੱਟੇ ਪੌਪਲਰ ਦੇ ਕੁਝ ਦੋ-ਰੰਗੇ ਪੱਤੇ ਤੋੜਣ ਲਈ ਰਕਾਬ ਉੱਤੇ ਖੜਾ ਹੋ ਜਾਇਆ ਕਰਦਾ ਸੀ। ਜ਼ਿੰਦਗੀ ਇੱਕ ਆਵਾਜ਼ ਵਰਗੀ ਹੁੰਦੀ ਹੈ: ਬੀਤ ਜਾਣ ਤੋਂ ਥੋੜ੍ਹੀ ਦੇਰ ਬਾਅਦ ਸਮਝ ਪੈਂਦੀ ਹੈ। 
ਹਾਏ, ਉਹ ਬਾਗ਼! ਟੋਭੇ ਦੇ ਆਲੇ-ਦੁਆਲੇ ਉਹ ਕਾਈ ਨਾਲ ਢੱਕੀਆਂ ਪਗਡੰਡੀਆਂ; ਉਹ ਚੱਟਾਨ ਦੇ ਹੇਠਾਂ ਬਜਰੀ ਦਾ ਛੋਟੀ ਜਿਹਾ ਪੱਤਣ, ਜਿੱਥੇ ਮੈਂ ਮੱਛੀਆਂ ਫੜਿਆ ਕਰਦਾ ਸੀ ਅਤੇ ਤੁਸੀਂ, ਲੰਮੇ-ਲੰਮੇ ਲਮਕਦੇ ਟਾਹਣਾਂ ਵਾਲੇ ਬਰਚ ਦੇ ਉੱਚੇ-ਉੱਚੇ ਰੁੱਖ ਜਿਸ ਵਿਚੀਂ ਛਣ ਕੇ ਕਿਸਾਨ ਦੇ ਸੋਗੀ ਗੀਤ ਦੀ ਆਵਾਜ਼ ਅਤੇ ਕਦੇ-ਕਦੇ ਉਸ ਦੇ ਗੱਡੀ ਦੇ ਟੁੱਟੇ ਹੋਏ ਪਹੀਏ ਦੀ ਖੜ-ਖੜ ਪਿੰਡ ਦੀ ਸੜਕ ਤੋਂ ਆ ਰਹੀ ਸੀ। ਮੈਂ ਤੁਹਾਨੂੰ ਆਖ਼ਰੀ ਅਲਵਿਦਾ ਭੇਜ ਰਿਹਾ ਹਾਂ! ਜ਼ਿੰਦਗੀ ਤੋਂ ਛੁੱਟੀ ਲੈ ਰਿਹਾ। ਮੈਂ ਤੇਰੇ ਲਈ ਆਪਣੀਆਂ ਬਾਹਾਂ ਫੈਲਾਉਂਦਾ ਹਾਂ! ਸਿਰਫ਼ ਤੇਰੇ ਲਈ! ਓ, ਮੈਂ ਆਪਣੇ ਮੈਦਾਨਾਂ ਦੀ ਤੇਜ਼, ਤਾਜ਼ਾ ਹਵਾ ਵਿਚ ਇਕ ਵਾਰ ਫੇਰ ਸਾਹ ਲੈਣ ਦੀ ਇੱਛਾ ਰੱਖਦਾ ਹਾਂ। ਇਕ ਵਾਰ ਫਿਰ ਆਪਣੇ ਜੱਦੀ ਪੌਣ-ਪਾਣੀ ਦੇ ਖੇਤਾਂ ਵਿਚ ਸਿਆਹ ਕਣਕ ਦੀ ਮਿੱਠੀ ਮਹਿਕ ਲੈਣਾ ਚਾਹੁੰਦਾ ਹਾਂ! ਇਕ ਵਾਰ ਫਿਰ ਮੇਰੇ ਦਿਲ ਨੂੰ ਧੂਹ ਪੈਂਦੀ ਹੈ ਕਿ ਦੂਰੋਂ ਪਿੰਡ ਦੇ ਚਰਚ ਦੀ ਤਿੜਕੀ ਹੋਈ ਘੰਟੀ ਦੀ ਘਰੜਾਈ ਟਨ ਟਨ ਸੁਣਾਂ। ਇਕ ਵਾਰ ਹੋਰ ਜਾਣੂ ਢਲਾਣ ਦੇ ਨੇੜੇ ਬਲੂਤ ਦੀ ਠੰਢੀ ਛਾਂ ਵਿਚ ਲੇਟ ਜਾਣ ਨੂੰ ਮਨ ਕਰਦਾ ਹੈ। ਸਿਆਹ ਲਹਿਰ ਦੇ ਵਾਂਗ ਚਰਾਂਦ ਦੇ ਪੀਲੇ ਘਾਹ ਉੱਤੋਂ ਦੀ ਵਗਦੀ ਤੇਜ਼ ਹਵਾ ਨੂੰ ਦੇਖ ਲੈਣਾ ਲੋਚਦਾ ਹਾਂ!
ਆਹ, ਇਹ ਸਭ ਕਿਉਂ? ਪਰ ਅੱਜ ਤੋਂ ਅੱਗੇ ਨਹੀਂ ਝਾਕਦਾ। ਮੈਂ ਕੱਲ੍ਹ ਤਕ ਨਹੀਂ ਰਹਿਣਾ।

22 ਮਾਰਚ
ਅੱਜ ਦਿਨ ਠੰਢਾ ਹੈ ਅਤੇ ਬੱਦਲਵਾਈ ਹੈ। ਅਜਿਹਾ ਮੌਸਮ ਵਧੇਰੇ ਸੁਖਾਵਾਂ ਹੁੰਦਾ ਹੈ। ਇਹ ਮੇਰੇ ਕੰਮ ਦੇ ਸੁਭਾਅ ਨਾਲ ਵਧੀਆ ਮੇਲ ਖਾਂਦਾ ਹੈ। ਕੱਲ੍ਹ ਦੇ ਮੌਸਮ ਨੇ ਮੇਰੇ ਵਿਚ ਉੱਕਾ ਅਕਾਰਨ ਬਹੁਤ ਸਾਰੇ ਅਜੀਬ ਜਜ਼ਬਿਆਂ ਅਤੇ ਯਾਦਾਂ ਨੂੰ ਜਗਾ ਦਿੱਤਾ ਸੀ। ਇਹ ਦੁਬਾਰਾ ਕਦੇ ਨਹੀਂ ਵਾਪਰੇਗਾ। ਭਾਵਨਾਤਮਿਕ ਵਿਸਫੋਟ ਮਲੱਠੀ ਵਾਂਗ ਹੁੰਦੇ ਹਨ। ਇਹ ਪਹਿਲਾਂ ਤਾਂ ਸੁਆਦੀ ਲੱਗਦੇ ਹਨ ਅਤੇ ਬਾਅਦ ਵਿਚ ਲੰਬੇ ਸਮੇਂ ਤੱਕ ਕਚਿਆਣ ਪਿੱਛੇ ਰਹਿ ਜਾਂਦੀ ਹੈ। ਹੁਣ ਮੈਂ ਸ਼ਾਂਤ ਇਕਾਗਰ ਹੋ ਕੇ ਸਿਰਫ਼ ਆਪਣੀ ਜ਼ਿੰਦਗੀ ਦੀ ਕਹਾਣੀ ਅੱਗੇ ਤੋਰਾਂਗਾ।
ਇਸ ਤਰ੍ਹਾਂ ਅਸੀਂ ਮਾਸਕੋ ਜਾ ਰਹਿਣ ਲੱਗ ਪਏ ਪਰ ਮੇਰੇ ਲਈ ਸਵਾਲ ਪੈਦਾ ਹੁੰਦਾ ਹੈ, ਕੀ ਮੇਰੀ ਜੀਵਨੀ ਲਿਖਣ ਦੀ ਕੋਈ ਤੁਕ ਹੈ? ਨਹੀਂ। ਬਿਲਕੁਲ ਨਹੀਂ!
ਮੇਰੀ ਜ਼ਿੰਦਗੀ ਦੀ ਕਹਾਣੀ ਬਹੁਤ ਸਾਰੇ ਹੋਰਨਾਂ ਤੋਂ ਵੱਖਰੀ ਨਹੀਂ ਹੈ। ਪਿਤਾ ਦਾ ਘਰ ਹੈ, ਯੂਨੀਵਰਸਿਟੀ, ਨੀਵੇਂ ਦਫਤਰਾਂ ਵਿਚ ਸੇਵਾ, ਅਸਤੀਫ਼ੇ ਸੌਂਪਣਾ, ਜਾਣੂਆਂ ਦਾ ਇਕ ਛੋਟਾ ਜਿਹਾ ਘੇਰਾ, ਚਿੱਟੇ ਕੱਪੜਿਆਂ ਵਿਚ ਲੁਕੀ ਗ਼ਰੀਬੀ, ਸਾਧਾਰਨ ਖੁਸ਼ੀਆਂ, ਸਾਧਾਰਨ ਰੁਜ਼ਗਾਰ, ਦਰਮਿਆਨੀ ਇੱਛਾਵਾਂ ਅਤੇ ਹੋਰ। ਭਲਾ, ਇਹ ਸਭ ਕਿਸ ਨੂੰ ਪਤਾ ਨਹੀਂ? ਇਸ ਲਈ ਮੈਂ ਆਪਣੀ ਜੀਵਨੀ ਨਹੀਂ ਲਿਖਾਂਗਾ। ਮੈਂ ਆਪਣੀ ਖੁਸ਼ੀ ਲਈ ਲਿਖ ਰਿਹਾ ਹਾਂ ਅਤੇ ਮੇਰੇ ਨਾਲ ਕੋਈ ਅਸਾਧਾਰਨ ਗੱਲ ਵੀ ਤਾਂ ਕਦੇ ਨਹੀਂ ਵਾਪਰੀ, ਨਾ ਬਹੁਤ ਸੁਹਾਵਣੀ, ਨਾ ਹੀ ਬਹੁਤ ਉਦਾਸ ਜੋ ਲਿਖੇ ਜਾਣ ਦੀ ਹੱਕਦਾਰ ਹੋਵੇ। ਇਹ ਬਿਹਤਰ ਹੋਵੇਗਾ ਜੇਕਰ ਮੈਂ ਆਪਣੇ ਚਰਿੱਤਰ ਦਾ ਵਿਸ਼ਲੇਸ਼ਣ ਹੀ ਕਰ ਲਵਾਂ।
ਮੈਂ ਕਿਹੋ ਜਿਹਾ ਵਿਅਕਤੀ ਹਾਂ?
ਇਹ ਟਿੱਪਣੀ ਇੱਥੇ ਕੀਤੀ ਜਾ ਸਕਦੀ ਹੈ ਕਿ ਕੋਈ ਮੇਰੇ ਬਾਰੇ ਇਹ ਸਵਾਲ ਨਹੀਂ ਪੁੱਛਦਾ। ਮੈਂ ਇਸ ਨੂੰ ਮੰਨਦਾ ਹਾਂ ਪਰ ਮੈਂ ਮਰ ਰਿਹਾ ਹਾਂ ਅਤੇ ਕੀ ਇਹ ਖ਼ਿਮਾਯੋਗ ਨਹੀਂ ਹੈ। ਅਗਰ ਕੋਈ ਵਿਅਕਤੀ ਆਪਣੀ ਮੌਤ ਤੋਂ ਪਹਿਲਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰੇ ਕਿ ਉਹ ਕਿਹੋ ਜਿਹਾ ਪ੍ਰਾਣੀ ਹੈ?
ਇਸ ਮਹੱਤਵਪੂਰਨ ਸਵਾਲ ਨੂੰ ਚੰਗੀ ਤਰ੍ਹਾਂ ਵਿਚਾਰਦੇ ਹੋਏ ਅਤੇ ਆਪਣੇ-ਆਪ ਦੇ ਵਿਰੁੱਧ ਬਹੁਤ ਸਖ਼ਤ ਪ੍ਰਗਟਾਵਿਆਂ ਦੀ ਵਰਤੋਂ ਕਰਨ ਦਾ ਕੋਈ ਖ਼ਾਸ ਕਾਰਨ ਨਾ ਹੁੰਦੇ ਹੋਏ - ਜਿਵੇਂ ਉਨ੍ਹਾਂ ਲੋਕਾਂ ਦੀ ਆਮ ਗੱਲ ਹੈ ਜਿਨ੍ਹਾਂ ਨੂੰ ਆਪਣੀ ਉੱਚੀ ਅਹਿਮੀਅਤ ਦਾ ਯਕੀਨ ਹੁੰਦਾ ਹੈ - ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਸੰਸਾਰ ਵਿਚ ਵੱਡੀ ਹੱਦ ਤਕ ਫ਼ਾਲਤੂ ਆਦਮੀ ਰਿਹਾ ਹਾਂ ਜਾਂ ਫਿਰ ਜੇ ਤੁਹਾਨੂੰ ਚੰਗਾ ਲੱਗੇ ਤਾਂ ਫ਼ਾਲਤੂ ਪ੍ਰਾਣੀ ਆਖ ਲਓ। ਇਸ ਦਾਅਵੇ ਦੇ ਠੀਕ ਹੋਣ ਦਾ ਤਰਕ ਮੈਂ ਕੱਲ੍ਹ ਪੇਸ਼ ਕਰਾਂਗਾ। ਅੱਜ ਮੈਂ ਇਕ ਬੁੱਢੀ ਭੇਡ ਵਾਂਗ ਖਊਂ ਖਊਂ ਕਰ ਰਿਹਾ ਹਾਂ ਅਤੇ ਮੇਰੀ ਨਰਸ ਤਰੇਂਤੀਏਵਨਾ ਮੈਨੂੰ ਇਕ ਪਲ ਵੀ ਚੈਨ ਨਹੀਂ ਲੈਣ ਦੇ ਰਹੀ। ਉਹ ਮਿੱਠੇ ਜਿਹਾ ਦਬਕਾ ਮਾਰ ਕੇ ਕਹਿੰਦੀ ਹੈ, "ਲੇਟ ਜਾਓ, ਮੇਰੇ ਪਿਆਰੇ ਮਾਲਕ, ਲੇਟ ਜਾਓ ਅਤੇ ਥੋੜ੍ਹੀ ਚਾਹ ਪੀ ਲਓ।" ਮੈਨੂੰ ਪਤਾ ਹੈ ਕਿ ਕਿਉਂ ਉਹ ਚਾਹੁੰਦੀ ਹੈ ਕਿ ਮੈਂ ਚਾਹ ਪੀਵਾਂ। ਉਹ ਆਪ ਚਾਹ ਦਾ ਇਕ ਕੱਪ ਚਾਹੁੰਦੀ ਹੈ। ਠੀਕ ਹੈ, ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਹੈ ਕਿਉਂ ਨਾ ਵਿਚਾਰੀ ਬੁੱਢੀ ਔਰਤ ਨੂੰ ਆਪਣੇ ਮਾਲਕ ਤੋਂ ਹਰ ਸੰਭਵ ਫਾਇਦਾ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਿੰਨੀ ਦੇਰ ਤਕ ਉਸ ਕੋਲ ਇਸ ਦਾ ਮੌਕਾ ਹੈ?

23 ਮਾਰਚ

ਫਿਰ ਸਿਆਲ। ਬਰਫ਼ ਦੇ ਵੱਡੇ-ਵੱਡੇ ਗੋਹੜੇ ਡਿੱਗ ਰਹੇ ਹਨ। ਫ਼ਾਲਤੂ! ਫ਼ਾਲਤੂ! ਕਿੰਨਾ ਵਧੀਆ ਸ਼ਬਦ ਮੈਨੂੰ ਸੁਝ ਪਿਆ ਹੈ। ਜਿੰਨਾ ਡੂੰਘਾ ਮੈਂ ਆਪਣੇ ਚਰਿੱਤਰ ਦੇ ਵਿਸ਼ਲੇਸ਼ਣ ਵਿਚ ਉੱਤਰਦਾ ਹਾਂ, ਓਨਾ ਹੀ ਵੱਧ ਮੈਂ ਇਸ ਸ਼ਬਦ ਦੇ ਸਹੀ ਹੋਣ ਦਾ ਕਾਇਲ ਹੋ ਜਾਂਦਾ ਹਾਂ। ਨਿਰਸੰਦੇਹ, ਮੈਂ ਫ਼ਾਲਤੂ ਹਾਂ। ਹੋਰ ਵਿਅਕਤੀਆਂ ਲਈ ਇਹ ਲਕਬ ਲਾਗੂ ਨਹੀਂ ਹੁੰਦਾ। ਹੋਰ ਵਿਅਕਤੀ ਚੰਗੇ ਜਾਂ ਮਾੜੇ, ਬੁੱਧੀਮਾਨ ਜਾਂ ਬੇਵਕੂਫ, ਖੁਸ਼ਗਵਾਰ ਜਾਂ ਨਾਖੁਸ਼ਗਵਾਰ ਹੋ ਸਕਦੇ ਹਨ ਪਰ ਫ਼ਾਲਤੂ ਲੋਕ ਕੋਈ ਵੀ ਨਹੀ ਹੁੰਦੇ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਸੰਸਾਰ ਉਨ੍ਹਾਂ ਦੇ ਬਗੈਰ ਨਹੀਂ ਚੱਲ ਸਕਦਾ। ਸੰਸਾਰ ਉਨ੍ਹਾਂ ਤੋਂ ਬਿਨਾਂ ਵੀ ਚੱਲ ਸਕਦਾ ਹੈ ਪਰ ਵਿਅਰਥਤਾ ਉਨ੍ਹਾਂ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੁੰਦੀ। ਫ਼ਾਲਤੂ ਹੋਣਾ ਉਨ੍ਹਾਂ ਦੀ ਵਿਲੱਖਣ ਸਿਫ਼ਤ ਨਹੀਂ ਹੈ ਜਦੋਂ ਤੁਸੀਂ ਉਨ੍ਹਾਂ ਬਾਰੇ ਗੱਲ ਕਰਦੇ ਹੋ ਤਾਂ ਅਜਿਹਾ ਲਕਬ ਤੁਹਾਡੇ ਮਨ ਵਿਚ ਕਦੇ ਨਹੀਂ ਆਵੇਗਾ ਅਤੇ ਮੈਂ - ਮੇਰੇ ਬਾਰੇ ਹੋਰ ਕੀ ਕਿਹਾ ਜਾ ਸਕਦਾ ਹੈ? "ਇੱਕ ਫ਼ਾਲਤੂ ਆਦਮੀ," ਬੱਸ, ਇਹੀ ਸਭ ਕੁਝ ਹੈ; "ਲੋੜੀਂਦੀ ਗਿਣਤੀ ਤੋਂ ਪਾਰ ਇੱਕ", ਅਤੇ ਹੋਰ ਕੁਝ ਨਹੀਂ। ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਕੁਦਰਤ ਨੇ ਮੇਰੇ ਸੰਸਾਰ ਵਿਚ ਆਉਣ ਨੂੰ ਟਿੱਚ ਜਾਣਿਆ ਸੀ। ਇਸੇ ਕਾਰਨ ਉਸ ਨੇ ਮੇਰੇ ਨਾਲ ਅਣਚਾਹੇ ਬਿਨ-ਬੁਲਾਏ ਮਹਿਮਾਨ ਵਾਲਾ ਸਲੂਕ ਕੀਤਾ। ਇੱਕ ਹਾਜ਼ਰ-ਜਵਾਬ ਸਾਥੀ, ਪ੍ਰੈਫਰੈਂਸ ਦੇ ਇਕ ਮਹਾਨ ਪ੍ਰੇਮੀ ਨੇ ਮੇਰੀ ਮਾਂ ਬਾਰੇ ਗੱਲਾਂ ਕਰਦੇ ਹੋਏ, ਇਕ ਵਾਰ ਇਕ ਬਹੁਤ ਹੀ ਸਹੀ ਟਿੱਪਣੀ ਕੀਤੀ ਸੀ। ਉਸ ਨੇ ਕਿਹਾ, "ਇਹ ਤੇਰੇ ਜਨਮ ਲੈਣ ਤੋਂ ਪਹਿਲਾਂ ਦੀ ਗੱਲ ਸੀ। ਤੇਰੀ ਮਾਂ ਤੈਨੂੰ ਭਾਰ ਸਮਝਣ ਲੱਗ ਪਈ ਸੀ।" ਹੁਣ ਮੈਂ ਬਿਨਾਂ ਕਿਸੇ ਕੌੜੀ ਭਾਵਨਾ ਦੇ ਬਾਰੇ ਗੱਲ ਕਰ ਰਿਹਾ ਹਾਂ। ਇਹ ਹੁਣ ਬੀਤੇ ਦਾ ਮਾਮਲਾ ਜੋ ਹੈ?

ਆਪਣੀ ਪੂਰੀ ਜ਼ਿੰਦਗੀ ਦੌਰਾਨ ਮੈਨੂੰ ਹਮੇਸ਼ਾ ਆਪਣੀ ਥਾਂ ਮੱਲੀ ਹੋਈ ਮਿਲੀ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਮੈਂ ਉਸ ਜਗ੍ਹਾ ਦੀ ਤਾਂਘ ਕਰਦਾ ਸੀ ਜਿੱਥੇ ਮੈਨੂੰ ਨਹੀਂ ਹੋਣਾ ਚਾਹੀਦਾ ਸੀ। ਮੈਂ ਚਿੜਚਿੜਾ, ਡਰਪੋਕ ਅਤੇ ਸੰਵੇਦਨਸ਼ੀਲ ਸੀ, ਜਿਵੇਂ ਕਿ ਸਾਰੇ ਬਿਮਾਰ ਵਿਅਕਤੀ ਹੁੰਦੇ ਹਨ। ਮੇਰੇ ਵਿਚਾਰਾਂ ਅਤੇ ਜਜ਼ਬਾਤਾਂ ਵਿਚਕਾਰ ਅਤੇ ਇਨ੍ਹਾਂ ਦੇ ਪ੍ਰਗਟਾਵੇ ਦੇ ਵਿਚਕਾਰ ਲਗਾਤਾਰ ਇਕ ਊਲ-ਜਲੂਲ, ਸਮਝ ਤੋਂ ਪਰ੍ਹੇ ਅਤੇ ਅਲੰਘ ਰੁਕਾਵਟ ਸੀ। ਇਹ ਮੇਰੀ ਖ਼ੁਦ ਦੇ ਸੁਆਰਥ ਜਾਂ ਮੇਰੀ ਹਸਤੀ ਦੇ ਬੇਢੰਗੇਪਣ ਦੇ ਕਾਰਨ ਸੀ ਜਦੋਂ ਵੀ ਕਦੇ ਮੈਂ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਅਤੇ ਇਸ ਰੁਕਾਵਟ ਨੂੰ ਸਰ ਕਰਨ ਲਈ ਮਨ ਬਣਾਉਂਦਾ ਸੀ ਤਾਂ ਮੇਰੀਆਂ ਹਰਕਤਾਂ ਤੇ ਮੇਰੇ ਚਿਹਰੇ ਦੇ ਹਾਵ-ਭਾਵ ਇੰਨੇ ਅਸੁਭਾਵਕ ਹੋ ਜਾਂਦੇ ਕਿ ਮੇਰਾ ਸਮੁੱਚਾ ਵਜੂਦ ਇਕ ਅਜੀਬ ਸ਼ਕਲ ਧਾਰ ਲੈਂਦਾ। ਮੈਂ ਨਾ ਸਿਰਫ਼ ਅਸਹਿਜ ਅਤੇ ਆਠਰਿਆ ਦਿਖਾਈ ਦੇਣ ਲੱਗਦਾ, ਸਗੋਂ ਮੈਂ ਅਸਲ ਵਿਚ ਇਸ ਤਰ੍ਹਾਂ ਸੀ। ਮੈਂ ਇਸ ਨੂੰ ਮਹਿਸੂਸ ਕੀਤਾ ਅਤੇ ਜਲਦਬਾਜ਼ੀ ਵਿਚ ਉੱਥੋਂ ਚਲਿਆ ਗਿਆ ਪਰ ਫਿਰ ਮੇਰੇ ਅੰਦਰ ਇਕ ਖੌਫਨਾਕ ਤੂਫ਼ਾਨ ਉੱਠਿਆ। ਮੈਂ ਆਪਣੇ ਆਪ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ। ਆਪਣੇ ਆਪ ਦੀ ਦੂਜਿਆਂ ਨਾਲ ਤੁਲਨਾ ਕਰਨ ਲੱਗਿਆ। ਸਭ ਤੋਂ ਮਹੱਤਵਹੀਣ ਤੱਕਣੀਆਂ, ਮੁਸਕਰਾਹਟਾਂ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਅੱਗੇ ਮੈਂ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨਾ ਚਾਹਿਆ ਸੀ। ਅਤਿ ਭੈੜੀ ਰੋਸ਼ਨੀ ਵਿੱਚ ਹਰ ਚੀਜ਼ ਨੂੰ ਪੇਸ਼ ਕੀਤਾ, "ਦੂਸਰਿਆਂ ਵਰਗਾ ਹੋਣ" ਦੇ ਮੇਰੇ ਦਾਹਵਿਆਂ ਨੂੰ ਲਾਹਨਤਾਂ ਪਾਈਆਂ ਅਤੇ ਉਨ੍ਹਾਂ 'ਤੇ ਹੱਸਿਆ। ਉਸ ਹਾਸੇ ਦੇ ਵਿਚ ਮੈਂ ਅਚਾਨਕ ਅਕਹਿ ਉਦਾਸੀ ਦੇ ਭੰਵਰ ਵਿਚ ਘਿਰ ਗਿਆ। ਮੇਰੀ ਛਾਤੀ ਭਾਰੀ ਹੋ ਗਈ। ਮੈਂ ਆਪਣੇ ਆਪ ਬਾਰੇ ਸੋਚਣਾ ਤੇ ਸਵੈ-ਪੜਚੋਲ ਕਰਨਾ, ਫਿਰ ਦੁਬਾਰਾ ਸ਼ੁਰੂ ਕਰ ਦਿੰਦਾ। ਸੰਖੇਪ ਵਿਚ, ਮੈਂ ਇਸੇ ਗਧੀਗੇੜ ਵਿਚ ਘੁੰਮੀ ਜਾ ਰਿਹਾ ਸੀ। ਮੈਂ ਇਸ ਤਕਲੀਫ਼ਦੇਹ ਅਤੇ ਫ਼ਜੂਲ ਕੰਮ ਵਿਚ ਦਿਨ ਰਾਤ ਬਿਤਾਇਆ ਕਰਦਾ ਸੀ। ਹੁਣ, ਰੱਬ ਤੁਹਾਡਾ ਭਲਾ ਕਰੇ ਤੁਸੀਂ ਹੀ ਮੈਨੂੰ ਦੱਸੋ ਕਿ ਇਹੋ ਜਿਹੇ ਵਿਅਕਤੀ ਨੂੰ ਭਲਾ ਕੌਣ ਚਾਹੁੰਦਾ ਹੈ ਅਤੇ ਦੁਨੀਆਂ ਵਿਚ ਉਹ ਕਿਸ ਕੰਮ ਦਾ ਹੈ? ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਿਉਂ ਵਾਪਰੀਆਂ ਹਨ? ਮੇਰੇ ਅੰਦਰ ਲੱਗੇ ਇਸ ਘੁਣ ਦਾ ਕਾਰਨ ਕੀ ਸੀ? ਕੌਣ ਜਾਣਦਾ ਹੈ? ਕੌਣ ਦੱਸ ਸਕਦਾ ਹੈ?

ਮੈਨੂੰ ਯਾਦ ਹੈ, ਮੈਂ ਇਕ ਵਾਰ ਬੱਘੀ ਵਿਚ ਮਾਸਕੋ ਨੂੰ ਜਾ ਰਿਹਾ ਸੀ। ਸੜਕ ਬਹੁਤ ਚੰਗੀ ਸੀ ਅਤੇ ਕੋਚਵਾਨ ਨੇ ਪੰਜਵਾਂ ਘੋੜਾ ਵੀ ਜੋੜ ਲਿਆ ਸੀ। ਇਹ ਨਾਖੁਸ਼ ਅਤੇ ਪੂਰੀ ਤਰ੍ਹਾਂ ਵਿਅਰਥ ਘੋੜੀ ਬੱਘੀ ਦੇ ਅਗਾਂਹ ਵਾਲੇ ਹਿੱਸੇ ਨਾਲ ਜੋੜੀ ਗਈ ਸੀ। ਇਸ ਨੂੰ ਜੋੜਣ ਲਈ ਛੋਟਾ ਜਿਹਾ ਰੱਸਾ ਸੀ ਜੋ ਬੇਰਹਿਮੀ ਨਾਲ ਉਸ ਦੇ ਪੱਟ ਅਤੇ ਪੂਛ ਨਾਲ ਘਸਰਦਾ ਸੀ ਅਤੇ ਉਸ ਦੇ ਅਤਿਅੰਤ ਅਸੁਭਾਵਿਕ ਢੰਗ ਨਾਲ ਦੌੜਣ ਦਾ ਕਾਰਨ ਬਣਦਾ ਸੀ, ਜਿਸ ਨਾਲ ਉਸ ਦਾ ਪੂਰਾ ਸਰੀਰ ਇੱਕ ਕੌਮੇ ਦੀ ਦੁਖਦੀ ਸ਼ਕਲ ਧਾਰਨ ਕਰ ਗਿਆ ਸੀ। ਮੈਨੂੰ ਉਸ 'ਤੇ ਬੜਾ ਤਰਸ ਆਇਆ ਅਤੇ ਮੈਂ ਕੋਚਵਾਨ ਨੂੰ ਕਿਹਾ ਕਿ ਉਹ ਪੰਜਵੇਂ ਘੋੜੇ ਬਿਨਾਂ ਵੀ ਤਾਂ ਕੰਮ ਚਲਾ ਸਕਦਾ ਸੀ। ਉਹ ਇਕ ਪਲ ਲਈ ਰੁਕਿਆ, ਆਪਣਾ ਸਿਰ ਹਿਲਾਇਆ ਅਤੇ ਗਰੀਬ ਜਾਨਵਰ 'ਤੇ ਛਾਂਟਿਆਂ ਦੀ ਬੁਛਾੜ ਕਰ ਦਿੱਤੀ ਅਤੇ ਹੱਸਦਿਆਂ ਕਹਿਣ ਲੱਗਾ:
"ਮੈਂ ਜਾਣਦਾ ਹਾਂ। ਫਿਰ ਅਸੀਂ ਇਸ ਨੂੰ ਕਿਉਂ ਘਸੀਟੀ ਫਿਰਦੇ ਹਾਂ!"
ਮੈਂ ਵੀ ਇਕ ਘਸੀਟਾ ਹਾਂ। ਪਰ ਚੰਗੀ ਗੱਲ ਹੈ, ਸਟੇਸ਼ਨ ਬਹੁਤ ਦੂਰ ਨਹੀਂ ਹੈ।

ਹਾਂ, ਮੈਂ ਫ਼ਾਲਤੂ ਆਦਮੀ ਹਾਂ। ਮੈਂ ਇਸ ਸ਼ਬਦ ਦੀ ਸੱਚਾਈ ਨੂੰ ਸਾਬਤ ਕਰਨ ਦਾ ਵਾਅਦਾ ਕੀਤਾ ਸੀ ਅਤੇ ਆਪਣਾ ਵਾਅਦਾ ਪੂਰਾ ਕਰਨ ਦਾ ਮੇਰਾ ਇਰਾਦਾ ਹੈ ਪਰ ਮੈਂ ਇਹ ਨਹੀਂ ਸਮਝਦਾ ਕਿ ਹਰ ਦਿਨ ਦੀ ਜ਼ਿੰਦਗੀ ਦੀਆਂ ਹਜ਼ਾਰਾਂ ਨਿੱਕੀਆਂ- ਨਿੱਕੀਆਂ ਗੱਲਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜੋ ਮੇਰੇ ਵਿਚਾਰ ਨੂੰ ਹਰ ਸੋਚ ਵਾਲੇ ਵਿਅਕਤੀ ਦੇ ਦਿਮਾਗ਼ ਵਿਚ ਬਿਠਾਉਣ ਲਈ ਕਾਫ਼ੀ ਹੋ ਸਕਦਾ ਹੈ। ਮੈਂ ਆਪਣੀ ਜ਼ਿੰਦਗੀ ਦੀ ਇਕ ਘਟਨਾ ਬਿਆਨ ਕਰਾਂਗਾ ਜੋ ਇਹ ਸਿੱਧ ਕਰਦੀ ਹੈ ਕਿ ਮੇਰੇ ਲਈ "ਫ਼ਾਲਤੂ" ਦਾ ਲਕਬ ਕਿੰਨਾ ਸਹੀ ਤੌਰ 'ਤੇ ਲਾਗੂ ਹੁੰਦਾ ਹੈ? ਹਾਲਾਂਕਿ ਮੈਂ ਇਕ ਬਹੁਤ ਹੀ ਗੰਭੀਰ ਅਤੇ ਮਹੱਤਵਪੂਰਨ ਗੱਲ ਬਾਰੇ ਚੁੱਪ ਨਹੀਂ ਰਹਿ ਸਕਦਾ, ਯਾਨੀ ਕਿ ਮੇਰੇ ਦੋਸਤ (ਮੇਰੇ ਕੁਝ ਦੋਸਤ ਵੀ ਸਨ) ਜਦੋਂ ਉਹ ਮੈਨੂੰ ਮਿਲਣ ਆਇਆ ਕਰਦੇ ਸਨ ਜਾਂ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਜਾਇਆ ਕਰਦਾ ਸੀ। ਮੇਰੇ ਨਾਲ ਕਿੰਨੇ ਅਜੀਬ ਢੰਗ ਨਾਲ ਵਰਤਾਉ ਕਰਦੇ ਸਨ ਜਦੋਂ ਉਹ ਮੈਨੂੰ ਵੇਖਦੇ ਤਾਂ ਉਹ ਬੇਚੈਨ ਹੋ ਜਾਂਦੇ ਅਤੇ ਜਦੋਂ ਉਹ ਮੈਨੂੰ ਮਿਲਣ ਆਉਂਦੇ ਤਾਂ ਉਹ ਇਕ ਗ਼ੈਰ-ਕੁਦਰਤੀ ਤਰੀਕੇ ਨਾਲ ਮੁਸਕਰਾਉਂਦੇ। ਉਹ ਸਿੱਧੇ ਮੇਰੀਆਂ ਅੱਖਾਂ ਵਿਚ ਜਾਂ ਮੇਰੇ ਬੂਟਾਂ ਵੱਲ ਨਹੀਂ ਦੇਖਦੇ ਸਨ, ਜਿਵੇਂ ਕਿ ਦੂਸਰੇ ਲੋਕ ਕਰਿਆ ਕਰਦੇ ਸਨ, ਸਗੋਂ ਉਹ ਮੇਰੀਆਂ ਗੱਲ੍ਹਾਂ ਵੱਲ ਦੇਖਦੇ। ਉਹ ਝਟਪਟ ਮੇਰੇ ਨਾਲ ਹੱਥ ਮਿਲਾਉਂਦੇ ਤੇ ਕਹਿੰਦੇ, "ਆਹ, ਕੀ ਹਾਲ ਹੈ, ਚੁਲਕਾਤੂਰਿਨ?" (ਕਿਸਮਤ ਨੇ ਮੈਨੂੰ ਇਸੇ ਘਟੀਆ ਉਪਨਾਮ ਨਾਲ ਨਵਾਜਿਆ ਹੈ) ਜਾਂ "ਲਓ ਜੀ, ਇਹ ਹਨ ਚੁਲਕਾਤੂਰਿਨ!" ਫਿਰ ਉਹ ਇਕ ਪਾਸੇ ਹੱਟ ਜਾਂਦੇ। ਕਈ ਵਾਰੀ ਉਹ ਰੁਕ ਜਾਂਦੇ, ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ।

ਮੈਂ ਇਹ ਸਭ ਕੁਝ ਦੇਖਿਆ, ਕਿਉਂਕਿ ਹੋਣੀ ਨੇ ਮੈਨੂੰ ਤੀਖਣ ਅਤੇ ਨਿਰੀਖਣਯੋਗ ਬੁੱਧੀ ਤੋਂ ਵਾਂਝਿਆ ਨਹੀਂ ਰੱਖਿਆ। ਅਸਲ ਵਿਚ ਮੈਂ ਮੂਰਖ ਬਿਲਕੁਲ ਨਹੀਂ ਹਾਂ। ਕਈ ਵਾਰੀ ਮੈਨੂੰ ਬਹੁਤ ਅਨੋਖੇ ਵਿਚਾਰ ਸੁਝਦੇ ਸਨ ਪਰ ਜਿਵੇਂ ਕਿ ਮੈਂ ਇਕ ਫ਼ਾਲਤੂ ਆਦਮੀ ਹਾਂ ਅਤੇ ਮੇਰੇ ਅੰਦਰ ਇਕ ਕਿਸਮ ਦਾ ਜਿੰਦਰਾ ਲੱਗਿਆ ਹੋਣ ਕਰਕੇ ਮੈਂ ਹਮੇਸ਼ਾ ਆਪਣੇ ਵਿਚਾਰਾਂ ਨੂੰ ਜ਼ੁਬਾਨ ਦੇਣ ਵਿਚ ਪਿੱਛੇ ਰਹਿ ਜਾਂਦਾ ਸੀ। ਇਸ ਦਾ ਕਾਰਨ ਇਹ ਵੀ ਸੀ ਕਿ ਮੈਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਸੀ ਕਿ ਮੈਂ ਆਪਣੀ ਗੱਲ ਬਹੁਤ ਮੂਰਖਤਾ ਨਾਲ ਬਿਆਨ ਕਰਾਂਗਾ। ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਸੀ ਕਿ ਲੋਕ ਕਿਵੇਂ ਇੰਨੀ ਆਸਾਨੀ ਨਾਲ ਅਤੇ ਏਨੀ ਰਵਾਨਗੀ ਨਾਲ ਬੋਲ ਸਕਦੇ ਹਨ। "ਕਿੰਨੀ ਹੱਦ ਹੈ!" ਉਨ੍ਹਾਂ ਨੂੰ ਸੁਣਕੇ ਮੈਂ ਸੋਚਦਾ ਪਰ ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਮੇਰੇ ਅੰਦਰ ਨਿੱਕੇ ਜਿਹੇ ਜਿੰਦਰੇ ਦੇ ਬਾਵਜੂਦ ਅਕਸਰ ਮੇਰੀ ਜੀਭ 'ਤੇ ਖੁਰਕ ਹੁੰਦੀ ਸੀ ਪਰ ਅਸਲ ਵਿਚ ਮੈਂ ਬੋਲਣ ਦੇ ਨਜ਼ਾਰੇ ਆਪਣੇ ਬਚਪਨ ਵਿਚ ਹੀ ਲਏ ਸਨ। ਪੱਕੀ ਉਮਰ ਵਿਚ ਮੈਂ ਹਮੇਸ਼ਾਂ ਅਜਿਹੀਆਂ ਇੱਛਾਵਾਂ ਨੂੰ ਦਬਾ ਲੈਂਦਾ ਜਦੋਂ ਮੇਰੇ ਅੰਦਰ ਕੁਝ ਕਹਿਣ ਦੀ ਇੱਛਾ ਸਿਰ ਚੁੱਕਦੀ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ, "ਚਲੋ ਛੱਡੋ, ਚੁੱਪ ਹੀ ਭਲੀ," ਅਤੇ ਇਸ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਸ਼ਾਂਤ ਕਰ ਕਰ ਲੈਂਦਾ।
ਸਾਡੀ ਵਿਸ਼ੇਸ਼ ਮਹਾਨਤਾ ਆਮ ਤੌਰ 'ਤੇ ਚੁੱਪ ਵਿਚ ਹੁੰਦੀ ਹੈ। ਸਾਡੀਆਂ ਔਰਤਾਂ ਆਪਣੀ ਚੁੱਪ ਨਾਲ ਹੀ ਆਪਣੀਆਂ ਸਭ ਤੋਂ ਵੱਡੀਆਂ ਜਿੱਤਾਂ ਹਾਸਿਲ ਕਰਦੀਆਂ ਹਨ। ਇਕ ਕੁਲੀਨ ਘਰਾਣੇ ਦੀ ਰੂਸੀ ਕੁੜੀ ਕਈ ਵਾਰ ਅਜਿਹੀ ਸ਼ਾਨਦਾਰ ਚੁੱਪ ਕਾਇਮ ਰੱਖੇਗੀ ਕਿ ਕੋਈ ਵਿਅਕਤੀ ਇਸ ਦ੍ਰਿਸ਼ ਲਈ ਕਿੰਨਾ ਵੀ ਤਿਆਰ ਹੋਵੇ। ਉਸ ਨੂੰ ਉਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਵਿਚ ਉਸ ਦੇ ਪਸੀਨੇ ਛੁੱਟਣ ਲੱਗ ਜਾਣਗੇ ਪਰ ਲੋਕਾਂ ਦੀ ਆਲੋਚਨਾ ਕਰਨਾ ਮੇਰਾ ਕੋਈ ਕੰਮ ਨਹੀਂ ਹੈ। ਮੈਂ ਆਪਣੀ ਕਹਾਣੀ ਅੱਗੇ ਤੋਰਦਾ।
ਕੁਝ ਸਾਲ ਪਹਿਲਾਂ ਮੈਨੂੰ ਓ---- ਨਾਮ ਦੇ ਕਾਰਪੋਰੇਟ ਸ਼ਹਿਰ ਵਿਚ ਕੁਝ ਮਹੀਨੇ ਬਿਤਾਉਣ ਦਾ ਮੌਕਾ ਮਿਲਿਆ ਸੀ। ਆਪਣੇ ਆਪ ਵਿਚ ਬਹੁਤ ਤੁੱਛ, ਪਰ ਮੇਰੇ ਲਈ ਬਹੁਤ ਮਹੱਤਵ ਰੱਖਣ ਵਾਲੀਆਂ ਕੁਝ ਹਾਲਤਾਂ ਇਸ ਦਾ ਕਾਰਨ ਸਨ। ਇਹ ਸ਼ਹਿਰ ਪਹਾੜੀ ਦੀ ਢਲਾਨ 'ਤੇ ਬਹੁਤ ਹੀ ਬੇਢਬੇ ਢੰਗ ਨਾਲ ਉਸਾਰਿਆ ਗਿਆ ਹੈ। ਇਸ ਦੇ ਅੱਠ ਸੌ ਨਿਵਾਸੀ ਹਨ ਜੋ ਬਹੁਤ ਗਰੀਬੀ ਵਿਚ ਰਹਿੰਦੇ ਹਨ। ਮਕਾਨਾਂ ਦਾ ਨਾ ਤਾਂ ਨਾ ਕੋਈ ਰੰਗਰੂਪ ਹੈ ਨਾ ਕੋਈ ਸ਼ਕਲ ਸੂਰਤ। ਰੇਤਲੇ ਪੱਥਰ ਦੇ ਡਰਾਉਣੇ ਬਲਾਕ ਮੁੱਖ ਸੜਕ ਦੀ ਫੁੱਟਪਾਥ ਦੇ ਹੇਠਾਂ ਤੋਂ ਸ਼ੁਰੂ ਹੋ ਜਾਂਦੇ ਹਨ। ਇਸ ਲਈ ਸਾਰੇ ਰੇਹੜਿਆਂ ਨੂੰ ਇਸ ਤੋਂ ਬਚਣਾ ਪੈਂਦਾ ਹੈ। ਇਕ ਹੈਰਾਨਕੁਨ ਗੰਦੇ ਚੌਂਕ ਦੇ ਵਿਚਕਾਰ ਕੁਝ ਪੀਲੇ ਜਿਹੇ ਬੂਥ ਹਨ ਜਿਨ੍ਹਾਂ ਵਿਚ ਕਾਲੇ ਮਘੋਰੇ ਹਨ। ਇਨ੍ਹਾਂ ਵਿਚ ਕੁਝ ਆਦਮੀ ਹਨ ਜਿਨ੍ਹਾਂ ਨੇ ਆਪਣੇ ਸਿਰਾਂ 'ਤੇ ਬਹੁਤ ਵੱਡੇ-ਵੱਡੇ ਖੱਲ ਦੇ ਟੋਪ ਪਾਏ ਹੋਏ ਹਨ। ਉਹ ਦਿੱਖ ਤੋਂ ਦੁਕਾਨਦਾਰ ਲੱਗਦੇ ਹਨ। ਇਨ੍ਹਾਂ ਝੌਂਪੜੀਆਂ ਦੇ ਨਜ਼ਦੀਕ ਭੂਰੇ ਰੰਗਾਂ ਨਾਲ ਰੰਗਿਆ ਇਕ ਬਹੁਤ ਉੱਚਾ ਖੰਭਾ ਰੱਖਿਆ ਹੋਇਆ ਹੈ। ਉਸ ਖੰਭੇ ਦੇ ਨਜ਼ਦੀਕ ਪੀਲੇ ਭੂਸੇ ਨਾਲ ਲੱਦਿਆ ਹੋਇਆ ਇੱਕ ਰੇਹੜਾ ਅਧਿਕਾਰੀਆਂ ਦੇ ਹੁਕਮ ਨਾਲ ਖੜ੍ਹਾ ਹੈ, ਅਮਨ ਅਮਾਨ ਲਈ, ਤੁਸੀਂ ਜਾਣਦੇ ਹੋ। ਇਵੇਂ ਹੀ ਅਧਿਕਾਰੀਆਂ ਦੀ ਸੰਪਤੀ, ਇਕ ਜਾਂ ਦੋ ਮੁਰਗੀਆਂ ਫਿਰਦੀਆਂ ਹਨ। ਸੰਖੇਪ ਵਿਚ ਕਿਹਾ ਜਾਵੇ ਤਾਂ, ਓ---- ਨਾਮ ਦੇ ਕਾਰਪੋਰੇਟ ਸ਼ਹਿਰ ਵਿਚ ਬਹੁਤ ਜ਼ਿੰਦਗੀ ਬੜੀ ਸੁਹਣੀ ਹੈ।
ਉੱਥੇ ਮੇਰੀ ਠਹਿਰ ਦੇ ਪਹਿਲੇ ਕੁਝ ਦਿਨ ਤਾਂ ਮੈਂ, ਅਕੇਵੇਂ ਨਾਲ ਲਗਭਗ ਪਾਗਲ ਹੋ ਗਿਆ ਸੀ। ਇਸ ਲਈ ਮੈਨੂੰ ਖ਼ੁਦ ਆਪਣੇ ਆਪ ਬਾਰੇ ਏਨਾ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਹਾਲਾਂਕਿ ਮੈਂ ਇਕ ਫ਼ਾਲਤੂ ਆਦਮੀ ਹਾਂ। ਇਉਂ ਹੋਣਾ ਮੇਰੀ ਆਪਣੀ ਮਰਜ਼ੀ ਨਹੀਂ ਹੈ। ਮੈਂ ਖ਼ੁਦ ਬਿਮਾਰ ਹਾਂ ਪਰ ਮੈਂ ਕਿਸੇ ਬਿਮਾਰ ਚੀਜ਼ ਨੂੰ ਦੇਖਣਾ ਨਾਪਸੰਦ ਕਰਦਾ ਹਾਂ। ਮੈਂ ਖੁਸ਼ੀਆਂ ਤੋਂ ਵੀ ਮੂੰਹ ਨਹੀਂ ਸੀ ਮੋੜਦਾ, ਮੈਂ ਕਦੀ ਖੱਬਿਓਂ, ਕਦੀ ਸੱਜਿਓਂ ਇਸ ਨੂੰ ਪਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਕੋਈ ਹੈਰਾਨੀ ਨਹੀਂ ਹੈ ਕਿ ਮੈਂ ਵੀ "ਬੋਰ" ਹੋ ਸਕਦਾ ਹਾਂ, ਜਿਵੇਂ ਹੋਰ ਸਾਰੇ ਪ੍ਰਾਣੀ। ਮੈਂ ਕਿਸੇ ਸਰਕਾਰੀ ਕੰਮ ਤੇ ਓ--- ਨਗਰ ਵਿਚ ਸੀ।
ਤਰੇਂਤੀਏਵਨਾ ਨੇ ਨਿਸ਼ਚਿਤ ਤੌਰ 'ਤੇ ਮੇਰਾ ਅੰਤ ਕਰਨ ਲਈ ਸਹੁੰ ਚੁੱਕੀ ਹੈ। ਸਾਡੀ ਗੱਲਬਾਤ ਦਾ ਇਕ ਨਮੂਨਾ ਇੱਥੇ ਹੈ:
ਉਹ - "ਓ-ਓ-ਓ, ਪਿਆਰੇ ਮਾਲਕ, ਤੁਸੀਂ ਇੰਨਾ ਕਿਉਂ ਲਿਖਦੇ ਹੋ?"
ਮੈਂ - "ਮੈਂ ਬੋਰ ਹੋਇਆ ਪਿਆ ਹਾਂ, ਤਰੇਂਤੀਏਵਨਾ।"
ਉਹ - "ਬਿਹਤਰ ਹੁੰਦਾ ਤੁਸੀਂ ਇਕ ਪਿਆਲਾ ਚਾਹ ਲੈ ਲੈਂਦੇ ਅਤੇ ਪੈ ਜਾਂਦੇ। ਰੱਬ ਦੀ ਮਿਹਰ ਨਾਲ ਤੁਹਾਨੂੰ ਥੋੜ੍ਹਾ ਜਿਹਾ ਮੁੜ੍ਹਕਾ ਆਉਂਦਾ ਅਤੇ ਨੀਂਦ ਆ ਜਾਂਦੀ।"
ਮੈਂ - "ਪਰ ਮੈਂ ਸੌਣਾ ਨਹੀਂ ਚਾਹੁੰਦਾ।"
ਉਹ - "ਓ, ਪਿਆਰੇ ਮਾਲਕ, ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ? ਪੈ ਜਾਵੋ, ਇਹ ਤੁਹਾਡੇ ਲਈ ਚੰਗਾ ਰਹੇਗਾ।"
ਮੈਂ - "ਮੈਂ ਹਰ ਹਾਲ ਮਰ ਜਾਣਾ ਹੈ, ਤਰੇਂਤੀਏਵਨਾ।"
ਉਹ -"ਰੱਬ ਮਿਹਰ ਕਰੇ! ਕੀ ਤੁਸੀਂ ਚਾਹ ਕਿਹਾ ਹੈ?"
ਮੈਂ - "ਮੈਂ ਇਕ ਹਫਤਾ ਹੋਰ ਨਹੀਂ ਜੀ ਸਕਾਗਾਂ।"
ਉਹ -"ਹਾਏ-ਏ ਹਾਏ-ਏ! ਤੁਸੀਂ ਇਸ ਤਰ੍ਹਾਂ ਕਿਵੇਂ ਬੋਲ ਸਕਦੇ ਹੋ, ਪਿਆਰੇ ਮਾਲਕ? ਮੈਂ ਜਾ ਕੇ ਚਾਹ ਧਰ ਆਵਾਂ।"
ਓ, ਕਮਜ਼ੋਰ, ਪੀਲੇ, ਦੰਦ-ਰਹਿਤ ਪ੍ਰਾਣੀ! ਕੀ ਮੈਂ ਤੇਰੇ ਲਈ ਵੀ ਕੁਝ ਨਹੀਂ ਹਾਂ?

24 ਮਾਰਚ--ਕੜਾਕੇ ਦੀ ਠੰਡ
ਸਰਕਾਰੀ ਕੰਮ 'ਤੇ ਓ---ਨਗਰ ਵਿਚ ਮੇਰੇ ਪਹੁੰਚਣ ਦੇ ਪਹਿਲੇ ਹੀ ਦਿਨ ਮੈਨੂੰ ਸ਼੍ਰੀਮਾਨ ਓਜੋਗਿਨ ਨੂੰ ਮਿਲਣ ਜਾਣਾ ਪਿਆ। ਓਜੋਗਿਨ - ਕਿਰੀਲਾ ਮਤਵੇਈਏਵਿਚ ਈਸਾਈ ਨਾਮ ਸੀ - ਉੱਥੋਂ ਦੇ ਮੁੱਖ ਅਫ਼ਸਰਾਂ ਵਿਚੋਂ ਇਕ ਸੀ। ਜਾਣ-ਪਛਾਣ ਤੋਂ ਲਗਪਗ ਇਕ ਪੰਦਰਵਾੜੇ ਦੇ ਬਾਅਦ ਮੇਰੀ ਉਸ ਨਾਲ ਚੰਗੀ ਨੇੜਤਾ ਹੋ ਗਈ। ਉਸ ਦਾ ਘਰ ਸ਼ਹਿਰ ਦੇ ਮੁੱਖ ਮਾਰਗ 'ਤੇ ਸੀ ਅਤੇ ਇਸ ਦੇ ਵਿਸ਼ਾਲ ਆਕਾਰ, ਪੇਂਟ ਕੀਤੀਆਂ ਛੱਤਾਂ, ਦਰਵਾਜ਼ਿਆਂ 'ਤੇ ਤੈਨਾਤ ਕੀਤੇ ਗਏ ਦੋ ਬੱਬਰ ਸ਼ੇਰਾਂ ਕਰਕੇ ਬਾਕੀ ਸਭਨਾਂ ਘਰਾਂ ਤੋਂ ਵੱਖਰੇ ਸਨ। ਬੱਬਰ ਸ਼ੇਰਾਂ ਦੀ ਜਿਨਸ ਮਾਸਕੋ ਮੂਲ ਦੇ ਕੁੱਤਿਆਂ ਦੀ ਇਕ ਜਿਨਸ ਨਾਲ ਬੇਹੱਦ ਮਿਲਦੀ ਜੁਲਦੀ ਸੀ। ਇਕੱਲੇ ਬੱਬਰ ਸ਼ੇਰ ਹੀ ਕਾਫ਼ੀ ਸਬੂਤ ਸਨ ਕਿ ਉਨ੍ਹਾਂ ਦਾ ਮਾਲਕ ਇਕ ਤਕੜਾ ਅਮੀਰ ਆਦਮੀ ਸੀ। ਓਜੋਗਿਨ ਦੇ ਕੋਲ ਚਾਰ ਸੌ ਗ਼ੁਲਾਮਾਂ ਦੀ ਮਾਲਕੀ ਸੀ। ਓ---ਸ਼ਹਿਰ ਦਾ ਸਭ ਤੋਂ ਉਪਰਲਾ ਸਮਾਜ ਉਸ ਦੇ ਘਰ ਬੁਲਾਇਆ ਜਾਂਦਾ ਸੀ ਅਤੇ ਉਹ ਪ੍ਰਾਹੁਣਾਚਾਰੀ ਲਈ ਮਸ਼ਹੂਰ ਮਨੁੱਖ ਸੀ।

ਮਿਸਟਰ ਓਜੋਗਿਨ ਦੇ ਪ੍ਰਾਹੁਣਿਆਂ ਵਿਚ ਹੇਠ ਲਿਖੇ ਕੁਲੀਨ ਲੋਕ ਸਨ; ਨਗਰ ਦਾ ਪ੍ਰਸ਼ਾਸਕ, ਵਿਸ਼ਾਲ ਆਕਾਰ ਦਾ ਕੋਮਲ-ਸੁਭਾਅ ਵਾਲਾ ਭੱਦਰਪੁਰਸ਼ ਜਿਸ ਦੀ ਦਿੱਖ ਇਕ ਕੋਟ ਦੀ ਯਾਦ ਦਿਵਾਉਂਦੀ ਸੀ ਜੋ ਸਸਤੇ ਕੱਪੜੇ ਵਿਚੋਂ ਕੱਟਿਆ ਗਿਆ ਹੋਵੇ। ਉਹ ਗੰਦੇ ਜਿਹੇ ਰੰਗ ਦੇ ਘੋੜਿਆਂ ਦੀ ਜੋੜੀ ਨਾਲ ਖਿੱਚੀ ਜਾਣ ਵਾਲੀ ਇਕ ਬੱਘੀ ਵਿਚ ਆਉਂਦਾ ਹੁੰਦਾ ਸੀ। ਅਟਾਰਨੀ-ਜਨਰਲ, ਇਕ ਪੀਲਾ ਜਿਹਾ ਅਤੇ ਕੌੜੇ ਸੁਭਾ ਵਾਲਾ, ਮਧਰਾ ਜਿਹਾ ਪ੍ਰਾਣੀ, ਸਰਵੇਖਣ ਕਰਤਾ, ਜਰਮਨ ਮੂਲ ਦਾ, ਘਾਬਰੇ ਚਿਹਰੇ ਵਾਲਾ ਇਕ ਹਾਜ਼ਿਰ-ਜਵਾਬ ਭੱਦਰਪੁਰਸ਼, ਲਿੰਕ ਸੜਕਾਂ ਦੇ ਵਿਭਾਗ ਦਾ ਅਫ਼ਸਰ, ਕੋਮਲ ਆਤਮਾ - ਗਾਇਕ ਪਰ ਡਰਾਉਣਾ ਗੱਪੀ, ਜ਼ਿਲ੍ਹੇ ਦਾ ਇਕ ਸਾਬਕਾ ਗਵਰਨਰ, ਰੰਗੇ ਵਾਲ, ਵੱਟ ਪਏ ਪੱਲੇ ਵਾਲੀ ਕਮੀਜ਼, ਵੱਟਾਂ ਵਾਲੀ ਭੀੜੀ ਜਿਹੀ ਪਤਲੂਨ ਅਤੇ ਚਿਹਰੇ ਉੱਤੇ ਉਸ ਅਤਿ ਭੱਦਰ ਹਾਵ-ਭਾਵ ਵਾਲਾ ਸੱਜਣ ਜੋ ਆਮ ਤੌਰ 'ਤੇ ਨਿਆਂ ਅਦਾਲਤਾਂ ਵਿਚ ਲੰਮੇ ਪੇਸ਼ੇ ਦੌਰਾਨ ਸਥਾਈ ਹੋ ਜਾਂਦਾ ਹੈ। ਅਖ਼ੀਰ ਵਿਚ ਦੋ ਜਗੀਰਦਾਰ ਅਟੁੱਟ ਦੋਸਤ ਸਨ। ਆਖ਼ਿਰ ਵਾਲੇ ਦੋਵੇਂ ਬਿਰਧ ਆਦਮੀ ਸਨ ਪਰ ਉਨ੍ਹਾਂ ਵਿਚੋਂ ਛੋਟੇ ਦਾ ਆਪਣੇ ਵੱਡੇ ਉੱਤੇ ਤਕੜਾ ਨਿਯੰਤਰਣ ਸੀ। ਉਹ ਹਮੇਸ਼ਾ ਦੂਜੇ ਨੂੰ ਜਦੋਂ ਵੀ ਉਹ ਬੋਲਣ ਦੀ ਕੋਸ਼ਿਸ਼ ਕਰਦਾ ਇਕੋ ਅਤੇ ਉਸੇ ਟਿੱਪਣੀ ਦੇ ਜ਼ਰੀਏ ਚੁੱਪ ਕਰਾ ਦਿੰਦਾ: "ਸਰਗੇਈ ਸਰਗੇਈਵਿਚ, ਤੁਸੀਂ ਆਪਣੀ ਜ਼ੁਬਾਨ ਬੰਦ ਹੀ ਰੱਖੋ ਤਾਂ ਬਿਹਤਰ ਹੈ,"ਉਹ ਕਹਿੰਦਾ। "ਤੁਸੀਂ ਕੋਈ ਰਾਏ ਪ੍ਰਗਟ ਕਰਨ ਦੀ ਇੱਛਾ ਕਿਵੇਂ ਪਾਲ ਸਕਦੇ ਹੋ ਜਦ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕਿਵੇਂ cork ਕਿਵੇਂ ਲਿਖਣਾ ਹੈ? ਤਾਂ ਹਾਂ, ਸੱਜਣੋ" ਉਹ ਮਹਿਫ਼ਲ ਨੂੰ ਸੰਬੋਧਨ ਕਰਦੇ ਹੋਏ ਕਹਿੰਦਾ, "ਇਹ cork ਨੂੰ kork ਲਿਖਦਾ ਹੈ;" ਅਤੇ ਸਾਰੇ ਹਾਜ਼ਰੀਨ ਹੱਸਣ ਲੱਗ ਪੈਂਦੇ। ਹਾਲਾਂਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਵਿਚੋਂ ਕੋਈ ਵੀ ਸ਼ੁੱਧ ਲੇਖਣ-ਕਲਾ ਦਾ ਮਾਹਿਰ ਸੀ। ਵਿਚਾਰਾ ਸੇਰਗੇਈ ਸੇਰਗੇਈਵਿਚ ਖਸਿਆਣਾ ਜਿਹਾ ਮੁਸਕਰਾਉਂਦਾ ਹੋਇਆ ਖਾਮੋਸ਼ ਹੋ ਜਾਂਦਾ ਅਤੇ ਨੀਵੀਂ ਪਾ ਲੈਂਦਾ।

ਪਰ ਮੈਂ ਇਹ ਭੁੱਲ ਜਾਂਦਾ ਹਾਂ ਕਿ ਅਜਿਹੇ ਛੋਟੇ-ਛੋਟੇ ਵੇਰਵਿਆਂ ਲਈ ਮੇਰੇ ਕੋਲ ਸਮਾਂ ਬਹੁਤ ਸੀਮਿਤ ਹੈ। ਸੰਖੇਪ ਵਿਚ ਕਹਾਂ ਤਾਂ, ਓਜੋਗਿਨ ਇਕ ਵਿਆਹਿਆ ਹੋਇਆ ਆਦਮੀ ਸੀ। ਉਸ ਦੀ ਇਕ ਐਲਿਜ਼ਬੈਥ ਕਿਰੀਲੋਵਨਾ ਨਾਂ ਦੀ ਬੇਟੀ ਸੀ ਅਤੇ ਮੈਂਨੂੰ ਉਸ ਦੀ ਧੀ ਨਾਲ ਪਿਆਰ ਹੋ ਗਿਆ ਸੀ। ਓਜੋਗਿਨ ਖ਼ੁਦ ਇਕ ਆਮ ਜਿਹਾ ਬੰਦਾ ਸੀ, ਨਾ ਤਾਂ ਖ਼ੂਬਸੂਰਤ ਤੇ ਨਾ ਹੀ ਬਦਸੂਰਤ। ਉਸ ਦੀ ਪਤਨੀ ਕੁਝ ਹੱਦ ਤਕ ਬੁੱਢੀ ਕੁੱਕੜੀ ਦੀ ਤਰ੍ਹਾਂ ਸੀ ਪਰ ਉਨ੍ਹਾਂ ਦੀ ਬੇਟੀ ਉਨ੍ਹਾਂ ਵਿਚੋਂ ਕਿਸੇ 'ਤੇ ਨਹੀਂ ਸੀ, ਸਗੋਂ ਉਨ੍ਹਾਂ ਤੋਂ ਉਲਟ ਸੀ। ਉਹ ਬਹੁਤ ਹੀ ਸੁੰਦਰ, ਜੀਵੰਤ ਤੇ ਕੋਮਲ ਸੁਭਾਅ ਦੀ ਸੀ। ਉਸ ਦੀਆਂ ਚਮਕਦਾਰ ਭੂਰੀਆਂ ਅੱਖਾਂ ਵਿਚੋਂ ਪਿਆਰ ਝਲਕਦਾ ਸੀ ਅਤੇ ਕਮਾਨ ਨੁਮਾ ਭਵਾਂ ਦੇ ਹੇਠੋਂ ਨਿਰਛਲਤਾ ਨਜ਼ਰ ਆਉਂਦੀ ਸੀ। ਉਹ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਅਤੇ ਬਹੁਤ ਵਾਰ ਜ਼ੋਰ ਜ਼ੋਰ ਨਾਲ ਹੱਸਦੀ। ਉਸ ਦੀ ਤਾਜ਼ਾ, ਜਵਾਨੀ ਦੀ ਠਾਠਦਾਰ ਆਵਾਜ਼ ਬਹੁਤ ਪ੍ਰਭਾਵਸ਼ਾਲੀ ਸੀ। ਉਸ ਦੀ ਤੋਰ ਬੇਪਰਵਾਹ, ਛੁਹਲੀ ਅਤੇ ਫੁਰਤੀਲੀ ਸੀ ਜਦੋਂ ਉਹ ਸ਼ਰਮਾਉਂਦੀ ਤਾਂ ਉਹਦੇ ਮੁੱਖੜੇ ਦੀ ਲਾਲੀ ਵਿਚ ਖੁਸ਼ੀ ਘੁਲੀ ਹੁੰਦੀ। ਉਹ ਬਹੁਤੇ ਤੜਕ-ਭੜਕ ਵਾਲੇ ਕੱਪੜੇ ਨਹੀਂ ਪਹਿਨਦੀ ਸੀ। ਸਾਦੇ ਕੱਪੜੇ ਉਸ ਨੂੰ ਲੋਹੜੇ ਦੇ ਫੱਬਦੇ ਸਨ।
ਮੈਂ ਆਮ ਤੌਰ 'ਤੇ ਜਲਦੀ ਕਿਸੇ ਨਾਲ ਦੋਸਤੀ ਨਹੀਂ ਸੀ ਪਾਉਂਦਾ ਅਤੇ ਜੇ ਮੈਂ ਸ਼ੁਰੂ ਤੋਂ ਕਿਸੇ ਨਾਲ ਘੁਲਮਿਲ ਜਾਂਦਾ ਸਾਂ - ਜੋ ਹਾਲੇ ਤਕ ਬਹੁਤ ਘੱਟ ਹੀ ਕਦੇ ਹੋਇਆ ਸੀ - ਤਾਂ ਮੈਨੂੰ ਮੰਨਣ ਵਿਚ ਕੋਈ ਗੁਰੇਜ਼ ਨਹੀਂ ਕਿ ਇਹ ਚਮਤਕਾਰ ਨਵੇਂ ਜਾਣੂ ਦੀ ਲਿਆਕਤ ਕਰਕੇ ਹੁੰਦਾ ਸੀ। ਮੈਂ ਕਦੇ ਵੀ ਔਰਤਾਂ ਨਾਲ ਵਰਤਣ ਦੇ ਗੁਰ ਨਹੀਂ ਸੀ ਜਾਣਦਾ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਮੇਰਾ ਚਿਹਰਾ ਜਾਂ ਤਾਂ ਅਜੀਬ ਤਲਖ਼ੀ ਅਖਤਿਆਰ ਕਰ ਲੈਂਦਾ ਜਾਂ ਅਤਿ ਮੂਰਖਤਾ ਭਰੇ ਢੰਗ ਨਾਲ ਹੱਸਣ ਲੱਗਦਾ ਸੀ। ਮੇਰੀ ਜੀਭ ਮੇਰੇ ਮੂੰਹ ਵਿਚ ਪਲਸੇਟੇ ਜਿਹੇ ਲੈਣ ਲੱਗਦੀ ਪਰ ਐਲਿਜ਼ਬੈਥ ਕਿਰੀਲੋਵਨਾ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਮੈਨੂੰ ਉੱਕਾ ਓਪਰਾ ਨਾ ਲੱਗਿਆ। ਇਹ ਮੁਲਾਕਾਤ ਇਸ ਤਰਾਂ ਹੋਈ:
ਇਕ ਵਾਰ ਮੈਂ ਓਜੋਗਿਨ ਨੂੰ ਖਾਸੇ ਦਿਨ ਚੜ੍ਹੇ ਬੁਲਾਇਆ। ਮੈਂ ਪੁੱਛਿਆ ਕਿ, ਕੀ ਉਹ ਘਰ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਕੱਪੜੇ ਪਹਿਨ ਰਿਹਾ ਤੇ ਨਾਲ ਹੀ ਬੇਨਤੀ ਕੀਤੀ ਕਿ ਮੈਂ ਉਸ ਦੀ ਬੈਠਕ ਵਿਚ ਉਡੀਕ ਕਰਾਂ। ਮੈਂ ਬੈਠਕ ਵਿਚ ਦਾਖਲ ਹੋਇਆ ਅਤੇ ਖਿੜਕੀ ਵੱਲ ਮੂੰਹ ਕਰਕੇ ਖੜ੍ਹੀ ਚਿੱਟੇ ਕੱਪੜਿਆਂ ਵਾਲੀ ਇਕ ਭਰ ਜਵਾਨ ਕੁੜੀ ਨੂੰ ਵੇਖਿਆ। ਅਤੇ ਉਸ ਨੇ ਹੱਥ ਵਿਚ ਇੱਕ ਪੰਛੀਆਂ ਵਾਲਾ ਪਿੰਜਰਾ ਫੜਿਆ ਸੀ। ਮੈਂ ਆਮ ਦੀ ਤਰ੍ਹਾਂ ਥੋੜ੍ਹਾ ਜਿਹਾ ਪ੍ਰੇਸ਼ਾਨ ਹੋ ਗਿਆ ਪਰ ਮੈਂ ਥੋੜ੍ਹੀ ਜਿਹੀ ਹਿੰਮਤ ਜੁਟਾਈ ਅਤੇ ਆਪਣੀ ਮੌਜੂਦਗੀ ਦਾ ਪਤਾ ਦੇਣ ਲਈ ਹਲਕੇ ਜਿਹੇ ਖੰਘਿਆ। ਕੁੜੀ ਤੇਜ਼ੀ ਨਾਲ ਮੁੜੀ ਅਤੇ ਝਟਕੇ ਨਾਲ ਉਸ ਦੀਆਂ ਲੰਮੀਆਂ ਲਿਟਾਂ ਉਸ ਦੀਆਂ ਗੱਲ੍ਹਾਂ ਨਾਲ ਟਕਰਾ ਗਈਆਂ। ਮੈਨੂੰ ਵੇਖਦਿਆਂ ਹੀ ਉਸ ਨੇ ਸਿਰ ਨਿਵਾਇਆ। ਮੈਨੂੰ ਦਾਣਿਆਂ ਨਾਲ ਅੱਧਾ ਕੁ ਭਰਿਆ ਹੋਇਆ ਇਕ ਛੋਟਾ ਜਿਹਾ ਡੱਬਾ ਦਿਖਾਇਆ ਅਤੇ ਉਸ ਨੇ ਮੁਸਕਰਾ ਕੇ ਕਿਹਾ:
"ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ?"
ਮੈਂ ਨਿਮਰਤਾ ਦੇ ਤਕਾਜ਼ੇ ਅਨੁਸਾਰ ਆਪਣਾ ਸਿਰ ਝੁਕਾਇਆ ਅਤੇ ਉਸੇ ਸਮੇਂ ਤੇਜ਼ੀ ਨਾਲ ਝੁਕਿਆ ਅਤੇ ਗੋਡਿਆਂ ਨੂੰ ਸਿੱਧਾ ਕਰ ਦਿੱਤਾ, ਜਿਵੇਂ ਕਿਸੇ ਨੇ ਮੈਨੂੰ ਪਿਛਾਂਹ ਤੋਂ ਜੋੜਾਂ ਵਿਚ ਠੁੱਡਾ ਮਾਰ ਦਿੱਤਾ ਹੋਵੇ। ਇਸ ਅਦਾ ਨੂੰ ਚੰਗੀ ਸਿੱਖਿਆ ਅਤੇ ਸੁਹਣੇ ਸਮਾਜਿਕ ਸਲੀਕੇ ਦੀ ਅਲਾਮਤ ਸਮਝਿਆ ਜਾਂਦਾ ਹੈ। ਫਿਰ ਮੈਂ ਮੁਸਕਰਾਇਆ ਅਤੇ ਹਵਾ ਵਿਚ ਇਕ ਵਾਰ ਜਾਂ ਦੋ ਵਾਰ ਹੱਥ ਹਿਲਾਇਆ।
ਕੁੜੀ ਤੁਰੰਤ ਪਿੱਛੇ ਮੁੜੀ, ਪਿੰਜਰੇ ਵਿਚੋਂ ਇਕ ਛੋਟੇ ਜਿਹਾ ਗੱਤੇ ਦਾ ਟੁੱਕੜਾ ਬਾਹਰ ਕੱਢਿਆ ਅਤੇ ਚਾਕੂ ਨਾਲ ਇਸ ਨੂੰ ਜ਼ੋਰ-ਜ਼ੋਰ ਨਾਲ ਰਗੜਣ ਲੱਗੀ ਅਤੇ ਆਪਣੀ ਸਥਿਤੀ ਨੂੰ ਬਦਲੇ ਬਿਨਾਂ ਉਸ ਨੇ ਕਿਹਾ:
"ਇਹ ਮੇਰੇ ਪਿਤਾ ਜੀ ਦੀ ਲਾਲ ਚਿੜੀ ਹੈ। ਕੀ ਤੁਹਾਨੂੰ ਲਾਲ ਚਿੜੀਆਂ ਪਸੰਦ ਹਨ?"
"ਮੈਨੂੰ ਸਿਸਕਿਨਾਂ ਪਸੰਦ ਹਨ।"
"ਮੈਨੂੰ ਵੀ ਸਿਸਕਿਨਾਂ ਪਸੰਦ ਹਨ ਪਰ ਇਸ ਵੱਲ ਧਿਆਨ ਦਿਓ - ਕੀ ਇਹ ਸੁੰਦਰ ਨਹੀਂ ਹੈ? ਆਓ, ਇਸ ਨੂੰ ਦੇਖੋ, ਡਰੋ ਨਾ," ਉਸ ਨੇ ਅੱਗੇ ਕਿਹਾ, ਪਰ ਮੈਂ ਸੋਚ ਰਿਹਾ ਸੀ ਕਿ ਉਹ ਮੇਰੇ ਕੋਲੋਂ ਡਰਦੀ ਕਿਉਂ ਨਹੀਂ ਸੀ। "ਹੋਰ ਨੇੜੇ ਆ ਕੇ ਇਸ ਵੱਲ ਦੇਖੋ। ਇਸ ਦਾ ਨਾਮ ਪੋਪਕਾ ਹੈ।"
ਮੈਂ ਨੇੜੇ ਹੋ ਗਿਆ ਅਤੇ ਪੰਛੀ ਵੱਲ ਅੱਗੇ ਝੁਕਿਆ।
"ਕੀ ਇਹ ਸੋਹਣੀ ਨਹੀਂ?" ਉਸ ਨੇ ਮੇਰੇ ਵੱਲ ਮੁੜ ਕੇ ਕਿਹਾ।
ਅਸੀਂ ਇਕ-ਦੂਜੇ ਦੇ ਇੰਨੇ ਨੇੜੇ ਖੜ੍ਹੇ ਸੀ ਕਿ ਉਸ ਨੂੰ ਮੇਰੇ ਵੱਲ ਦੇਖਣ ਲਈ ਆਪਣਾ ਸਿਰ ਪਿੱਛੇ ਸੁੱਟਣਾ ਪੈਂਦਾ ਸੀ। ਮੈਂ ਉਸ ਦੇ ਨੈਣ-ਨਕਸ਼ਾਂ 'ਤੇ ਝਾਤ ਪਾਈ। ਉਸ ਦਾ ਭਰ ਜਵਾਨ, ਗੁਲਾਬੀ, ਸੁੰਦਰ ਚਿਹਰਾ ਇੰਨਾ ਜੀਵੰਤ ਮੁਸਕਰਾ ਰਿਹਾ ਸੀ ਕਿ ਮੈਂ ਵੀ ਮੁਸਕਰਾਏ ਬਿਨਾਂ ਨਾ ਰਹਿ ਸਕਿਆ। ਅਤੇ ਮੁਸ਼ਕਿਲ ਨਾਲ ਆਪਣੇ-ਆਪ ਨੂੰ ਖੁਸ਼ੀ ਨਾਲ ਖੁੱਲ੍ਹ ਕੇ ਹੱਸਣ ਤੋਂ ਰੋਕ ਸਕਿਆ।
ਦਰਵਾਜ਼ਾ ਖੁੱਲ੍ਹ ਗਿਆ ਅਤੇ ਸ਼੍ਰੀਮਾਨ ਓਜੋਗਿਨ ਕਮਰੇ ਵਿਚ ਦਾਖ਼ਿਲ ਹੋ ਗਿਆ। ਮੈਂ ਇਕਦਮ ਖ਼ੁਸ਼ੀ-ਖ਼ੁਸ਼ੀ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਂਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ ਪਰ ਮੈਂ ਉੱਥੇ ਰਾਤ ਦੇ ਖਾਣੇ ਲਈ ਠਹਿਰ ਗਿਆ ਤੇ ਦੇਰ ਸ਼ਾਮ ਤਕ ਰਿਹਾ। ਅਗਲੇ ਦਿਨ ਜਦੋਂ ਮੈਂ ਦੁਬਾਰਾ ਓਜੋਗਿਨ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਕਮਜ਼ੋਰ ਨਜ਼ਰ ਵਾਲੇ ਸੁੱਕੜ ਜਿਹੇ ਅਰਦਲੀ ਨੇ ਘਰੇਲੂ ਮਿੱਤਰ ਵਜੋਂ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਸ ਨੇ ਓਵਰਕੋਟ ਉਤਾਰਨ ਵਿਚ ਮੇਰੀ ਮਦਦ ਕੀਤੀ।
ਇੱਕ ਫ਼ਾਲਤੂ ਆਦਮੀ ਦੇ ਤੌਰ 'ਤੇ, ਸ਼ਾਂਤੀਪੂਰਨ, ਘਰੇਲੂ ਜੀਵਨ ਦੀ ਕੋਈ ਯਾਦ ਨਾ ਹੋਣ ਕਾਰਨ, ਮੈਂ ਅਜੇ ਤਕ ਆਪਣਾ ਖ਼ੁਦ ਦਾ ਆਲ੍ਹਣਾ ਹੋਣ ਦੀ ਖੁਸ਼ੀ ਬਾਰੇ ਇਕ ਅਜਿਹੇ ਵਿਅਕਤੀ, ਜਿਸ ਦੀਆਂ ਰੁਚੀਆਂ ਅਤੇ ਆਦਤਾਂ ਮੇਰੇ ਨਾਲ ਖ਼ਲਤ-ਮਲਤ ਹੋਣ, ਉਸ ਨਾਲ ਰੋਜ਼ਾਨਾ ਦੇ ਸੰਗ ਸਾਥ ਦੀ ਪ੍ਰਸੰਨਤਾ ਬਾਰੇ ਕਦੇ ਸੋਚਿਆ ਨਹੀਂ ਸੀ ਜੇ ਮੇਰੇ ਅੰਦਰ ਫੁੱਲ ਵਰਗੀ ਕੋਈ ਚੀਜ਼ ਸੀ ਅਤੇ ਜੇ ਇਹ ਕੋਈ ਘਸਿਆ ਹੋਇਆ ਅਲੰਕਾਰ ਨਹੀਂ ਸੀ, ਤਾਂ ਮੈਂ ਆਖਾਂਗਾ ਕਿ ਮੈਂ ਲੀਜ਼ਾ ਨਾਲ ਆਪਣੀ ਮੁਲਾਕਾਤ ਦੇ ਪਹਿਲੇ ਦਿਨ ਤੋਂ ਹੀ ਖਿੜਿਆ ਹੋਇਆ ਸੀ। ਮੇਰੇ ਅੰਦਰ ਅਤੇ ਆਲੇ-ਦੁਆਲੇ ਹਰ ਚੀਜ਼ ਨੇ ਇਕ ਨਵਾਂ ਪਹਿਲੂ ਧਾਰਨ ਕਰ ਲਿਆ ਸੀ। ਮੇਰੀ ਸਾਰੀ ਜ਼ਿੰਦਗੀ ਪਿਆਰ ਨਾਲ ਚਮਕ ਪਈ- ਹਾਂ, ਮੇਰੀ ਪੂਰੀ ਜ਼ਿੰਦਗੀ। ਇਕ ਹਨੇਰੇ ਅਤੇ ਉਜਾੜ ਕਮਰੇ ਦੀ ਤਰ੍ਹਾਂ ਜਿਸ ਵਿਚ ਅਚਾਨਕ ਇਕ ਮੋਮਬੱਤੀ ਜਲਾ ਦਿੱਤੀ ਹੋਵੇ, ਉਸੇ ਤਰ੍ਹਾਂ ਮੇਰਾ ਜੀਵਨ ਅਚਾਨਕ ਚਮਕ ਪਿਆ ਸੀ। ਥੋੜ੍ਹੇ ਵਿਚ ਮੇਰਾ ਸੌਣਾ, ਮੇਰਾ ਭੋਜਨ ਕਰਨਾ, ਮੇਰਾ ਸਿਗਾਰ ਪੀਣਾ, ਹੁਣ ਇਹ ਸਭ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਸੀ। ਇੱਥੋਂ ਤਕ ਕਿ ਮੇਰੀ ਚਾਲ ਆਮ ਨਾਲੋਂ ਹਲਕੀ ਹੋ ਗਈ ਸੀ, ਜਿਵੇਂ ਕਿ ਮੇਰੇ ਮੋਢਿਆਂ 'ਤੇ ਖੰਭ ਉੱਗ ਆਏ ਹੋਣ।
ਐਲਿਜ਼ਬੈਥ ਕਿਰੀਲੋਵਨਾ ਨੇ ਮੇਰੇ ਅੰਦਰ ਜੋ ਮੁਹੱਬਤ ਜਗਾਈ ਸੀ ਉਸ ਦੇ ਸੰਬੰਧ ਵਿਚ ਮੈਨੂੰ ਇਕ ਪਲ ਲਈ ਵੀ ਕਦੇ ਸ਼ੱਕ ਨਹੀਂ ਹੋਇਆ ਸੀ। ਮੈਂ ਪਹਿਲੀ ਵਾਰ ਉਸ ਨੂੰ ਦੇਖਣ ਸਾਰ ਉਸ ਦੇ ਪਿਆਰ ਵਿਚ ਦੀਵਾਨਾ ਹੋ ਗਿਆ। ਮੈਨੂੰ ਪਤਾ ਸੀ ਕਿ ਮੈਂ ਉਸ ਦੇ ਪਿਆਰ ਵਿਚ ਦੀਵਾਨਾ ਸੀ ਅਤੇ ਤਿੰਨ ਹਫ਼ਤੇ ਮੈਂ ਹਰ ਰੋਜ਼ ਉਸ ਨਾਲ ਮੁਲਾਕਾਤ ਕਰਦਾ ਰਿਹਾ। ਇਹ ਤਿੰਨ ਹਫ਼ਤੇ ਮੇਰੇ ਜੀਵਨ ਵਿਚ ਸਭ ਤੋਂ ਵੱਧ ਖੁਸ਼ੀਆਂ ਦੇ ਸਨ ਪਰ ਉਨ੍ਹਾਂ ਦੀ ਯਾਦ ਭਾਰੀ ਹੈ, ਬਹੁਤ ਹੀ ਭਾਰੀ। ਮੈਂ ਕੇਵਲ ਉਨ੍ਹਾਂ ਬਾਰੇ ਨਹੀਂ ਸੋਚ ਸਕਦਾ। ਉਨ੍ਹਾਂ ਖੁਸ਼ੀ ਭਰੇ ਦਿਹਾੜਿਆਂ ਦੀ ਯਾਦ ਦੇ ਨਾਲ-ਨਾਲ ਬਾਅਦ ਵਿਚ ਜੋ ਕੁਝ ਵੀ ਵਾਪਰਿਆ, ਉਹ ਵੀ ਮੇਰੇ ਮਨ ਅੰਦਰ ਜਾਗ ਪੈਂਦਾ ਹੈ ਅਤੇ ਮੇਰਾ ਦਿਲ ਜੋ ਖੁਸ਼ੀ ਦੀ ਯਾਦ ਵਿਚ ਕੋਮਲ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਦੀ ਬਦਕਿਸਮਤੀ ਦੇ ਭਾਰ ਨਾਲ ਨਪੀੜਿਆ ਜਾਂਦਾ ਹੈ।
ਇਹ ਇਕ ਵਿਖਿਆਤ ਤੱਥ ਹੈ ਕਿ ਜਦੋਂ ਕੋਈ ਵਿਅਕਤੀ ਬਹੁਤ ਚੰਗਾ ਮਹਿਸੂਸ ਕਰਦਾ ਹੈ ਤਾਂ ਉਸ ਦਾ ਦਿਮਾਗ਼ ਬਹੁਤ ਘੱਟ ਕੰਮ ਕਰਦਾ ਹੈ। ਕੋਈ ਬਹੁਤਾ ਸਰਗਰਮ ਨਹੀਂ ਹੁੰਦਾ ਇਕ ਸ਼ਾਂਤ ਅਤੇ ਸੁਆਦੀ ਅਹਿਸਾਸ, ਸੰਤੁਸ਼ਟੀ ਦਾ ਅਹਿਸਾਸ ਉਸ ਦੇ ਪੂਰੇ ਵਜੂਦ ਵਿਚ ਫੈਲ ਜਾਂਦਾ ਹੈ। ਉਸ ਨੂੰ ਨਿਗਲ ਜਾਂਦਾ ਹੈ। ਉਸ ਵਿਚੋਂ ਨਿੱਜੀ ਜੀਵਨ ਦੀ ਚੇਤਨਾ ਖ਼ਤਮ ਹੋ ਜਾਂਦੀ ਹੈ। "ਉਹ ਅਥਾਹ ਨਸ਼ੇ ਵਿਚ ਹੁੰਦਾ ਹੈ,"ਜਿਵੇਂ ਕਿ ਅੱਧਪੜ੍ਹ ਕਵੀ ਕਿਹਾ ਕਰਦੇ ਹਨ ਪਰ ਜਦ ਆਖ਼ਰ "ਨਸ਼ੇ ਦੀਆਂ ਘੜੀਆਂ" ਬੀਤ ਜਾਂਦੀਆਂ ਹਨ ਤਾਂ ਕਈ ਵਾਰੀ ਉਹ ਉਦਾਸ ਮਹਿਸੂਸ ਕਰਦਾ ਹੈ ਕਿ ਉਸ ਨੇ ਖੁਸ਼ੀ ਦੇ ਸਮੇਂ ਵਿਚ ਏਨਾ ਘੱਟ ਕਿਉਂ ਸੋਚਿਆ ਸੀ ਕਿ ਉਸ ਨੇ ਸੋਚ ਵਿਚਾਰ ਕੇ ਆਪਣੀਆਂ ਖੁਸ਼ੀਆਂ ਦੀ ਉਮਰ ਨੂੰ ਵਧਾ ਕਿਉਂ ਨਹੀਂ ਲਿਆ ਸੀ, ਜਿਵੇਂ ਕਿਸੇ ਆਦਮੀ ਨੂੰ "ਪ੍ਰਸੰਨਤਾ" ਕਦੇ ਰੁਕਣ ਅਤੇ ਸੋਚਣ ਦਾ ਸਮਾਂ ਦਿੰਦੀ ਹੋਵੇ ਜਾਂ ਜਿਵੇਂ ਇਸ ਤਰ੍ਹਾਂ ਕਰਨਾ ਉਸ ਦੇ ਵੱਸ ਦੀ ਗੱਲ ਹੋਵੇ। ਇਕ ਆਦਮੀ "ਪ੍ਰਸੰਨਤਾ ਵਿਚ" ਇਕ ਧੁੱਪ ਸੇਕਦੀ ਮੱਖੀ ਵਾਂਗ ਹੁੰਦਾ ਹੈ।
ਇਹ ਕਾਰਨ ਹੈ ਕਿ ਮੈਨੂੰ ਮੇਰੀ ਆਪਣੀ ਯਾਦਾਸ਼ਤ ਵਿਚ ਮੇਰੇ ਉੱਤੇ ਮੁਹੱਬਤ ਦੀ ਛਾਪ ਦਾ ਕੋਈ ਸਪੱਸ਼ਟ ਅਤੇ ਨਿਸ਼ਚਤ ਵਿਚਾਰ ਨਹੀਂ ਮਿਲ ਸਕਦਾ। ਇਸ ਤੋਂ ਇਲਾਵਾ, ਉਸ ਸਮੇਂ ਦੌਰਾਨ ਸਾਡੇ ਦਰਮਿਆਨ ਕੁਝ ਵੀ ਖਾਸ ਨਹੀਂ ਹੋਇਆ। ਇਹ ਵੀਹ ਦਿਨ ਮੇਰੇ ਉਦਾਸ ਨਾ-ਖੁਸ਼ਗਵਾਰ ਜੀਵਨ ਵਿਚ ਕਿਸੇ ਨਿੱਘੇ ਅਤੇ ਜਵਾਨ ਤੇ ਸੁਗੰਧਿਤ ਅਹਿਸਾਸ ਵਾਂਗ ਰੋਸ਼ਨੀ ਦੀ ਇਕ ਤਰ੍ਹਾਂ ਦੀ ਲੀਕ ਵਾਂਗ ਸਨ ਪਰ ਮੇਰੀ ਯਾਦਾਸ਼ਤ ਬੇਰਹਿਮੀ ਨਾਲ ਸਹੀ ਅਤੇ ਸਪੱਸ਼ਟ ਹੋ ਜਾਂਦੀ ਹੈ ਜਦੋਂ ਮੈਂ ਉਸ ਸਮੇਂ ਬਾਰੇ ਸੋਚਦਾ ਹਾਂ ਜਦੋਂ "ਬਦਕਿਸਮਤੀ ਦੇ ਧਮਾਕੇ ਮੇਰੇ ਸਿਰ ਉੱਤੇ ਪੈਣੇ ਸ਼ੁਰੂ ਹੋਏ" ਜੇ ਉਨ੍ਹਾਂ ਹੀ ਅੱਧਪੜ੍ਹ ਕਵੀਆਂ ਦੀ ਭਾਸ਼ਾ ਵਿਚ ਗੱਲ ਕੀਤੀ ਜਾਵੇ।
ਹਾਂ, ਉਹ ਤਿੰਨ ਹਫ਼ਤੇ! ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਮੇਰੀ ਯਾਦਾਸ਼ਤ ਵਿਚ ਕੋਈ ਤਸਵੀਰਾਂ ਨਹੀਂ ਛੱਡੀਆਂ। ਕਈ ਵਾਰ ਜਦੋਂ ਮੈਂ ਉਨ੍ਹਾਂ ਬਾਰੇ ਲੰਮੇ ਸਮੇਂ ਤਕ ਸੋਚਦਾ ਰਹਿੰਦਾ ਹਾਂ ਤਾਂ ਕੁਝ ਯਾਦਾਂ ਧੁੰਦਲੇ ਅਤੀਤ ਵਿਚੋਂ ਤੈਰ ਕੇ ਬਾਹਰ ਨਿੱਕਲ ਆਉਂਦੀਆਂ ਹਨ ਜਿਵੇਂ ਇਕ ਵਿਅਕਤੀ ਨੂੰ ਆਸਮਾਨ ਵਿਚ ਇਕ ਜਗ੍ਹਾ ਤੇ ਅੱਖਾਂ ਗੱਡ ਦੇਣ ਨਾਲ ਨਵੇਂ ਸਿਤਾਰੇ ਦਿੱਖਣ ਲੱਗ ਪੈਂਦੇ ਹਨ। ਮੈਨੂੰ ਖਾਸ ਤੌਰ 'ਤੇ ਇਕ ਯਾਦ ਹੈ। ਸੈਰ ਜੋ ਅਸੀਂ ਇਕ ਜੰਗਲ ਵਿਚ ਇਕੱਠਿਆਂ ਕੀਤੀ ਸੀ। ਅਸੀਂ ਚਾਰ ਜਣੇ ਸੀ। ਸ਼੍ਰੀਮਤੀ ਓਜੋਗਿਨ, ਲੀਜ਼ਾ, ਮੈਂ, ਅਤੇ ਇਕ ਓ---ਸ਼ਹਿਰ ਦਾ ਚੌਥੇ ਜਾਂ ਪੰਜਵੇਂ ਦਰਜੇ ਦਾ ਅਫ਼ਸਰ ਜਿਸ ਦਾ ਚਿਹਰਾ ਸੋਹਣਾ, ਸੁਭਾਅ ਨਿੱਘਾ ਅਤੇ ਨਿੱਕੇ ਜਿਹੇ ਕੱਦ ਵਾਲਾ ਬਿਜ਼ਮਨਕੋਫ ਨਾਮ ਦਾ ਆਦਮੀ। ਮੈਨੂੰ ਉਸ ਦੀ ਗੱਲ ਆਪਣੀ ਕਹਾਣੀ ਤੋਂ ਬਾਅਦ ਕਰਨੀ ਪਵੇਗੀ। ਸ਼੍ਰੀ ਓਜੋਗਿਨ ਖ਼ੁਦ ਪਾਰਟੀ ਦਾ ਹਿੱਸਾ ਨਹੀਂ ਸੀ। ਉਹ ਦੁਪਹਿਰ ਨੂੰ ਦੇਰ ਤੱਕ ਡੂੰਘੀ ਨੀਂਦ ਸੌਂ ਗਿਆ ਸੀ। ਸਿਰ ਦਰਦ ਹੋਣ ਲੱਗ ਪਿਆ ਸੀ ਅਤੇ ਬਾਹਰ ਜਾ ਨਹੀਂ ਸਕਦਾ ਸੀ। ਸੁੰਦਰ ਦਿਨ ਸੀ। ਹਵਾ ਸ਼ਾਂਤ ਸੀ ਅਤੇ ਅਸਮਾਨ ਸਾਫ਼ ਸੀ।
ਮੈਨੂੰ ਇੱਥੇ ਇਹ ਟਿੱਪਣੀ ਕਰਨੀ ਚਾਹੀਦੀ ਹੈ ਕਿ ਜਨਤਕ ਬਾਗ਼-ਬਗੀਚਿਆਂ ਨਾਲ ਰੂਸੀ ਲੋਕਾਂ ਦੀ ਰੂਹ ਦੀ ਬਣਦੀ ਨਹੀਂ। ਵੱਡੇ ਸ਼ਹਿਰਾਂ ਦੇ ਅਖੌਤੀ ਜਨਤਕ ਬਾਗ਼ਾਂ ਵਿਚ ਤੁਹਾਨੂੰ ਕਦੇ ਵੀ ਇਕ ਜੀਵੰਤ ਰੂਹ ਨਹੀਂ ਮਿਲੇਗੀ, ਸਿਵਾਏ ਕਈ ਵਾਰ ਕਿਸੇ ਬਿਮਾਰ ਰੁੱਖ ਦੇ ਨੇੜੇ ਹਰੇ ਰੰਗ ਦੀ ਬੈਂਚ ਉੱਤੇ ਰਾਮ ਕਰਨ ਲਈ ਬੈਠੀ ਖੰਘ ਰਹੀ ਅਤੇ ਕਰਾਹ ਰਹੀ ਬੁੱਢੀ ਔਰਤ ਦੇ ਪਰ ਜੇ ਉਸ ਨੂੰ ਨੇੜੇ ਕਿਸੇ ਘਰ ਦੇ ਗੇਟ 'ਤੇ ਗੰਦਾ ਛੋਟਾ ਜਿਹਾ ਬੈਂਚ ਮਿਲ ਜਾਂਦਾ ਤਾਂ ਸ਼ਾਇਦ ਉਹ ਵੀ ਉੱਥੇ ਨਾ ਹੁੰਦੀ ਪਰ ਜੇ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਵਿਚ ਬਰਚ ਦੇ ਦਰੱਖਤਾਂ ਦਾ ਇਕ ਛੋਟਾ ਜਿਹਾ ਜੰਗਲ ਹੋਵੇ। ਸਾਰੇ ਵਪਾਰੀ, ਕਈ ਵਾਰ ਇੱਥੋਂ ਦੇ ਸਰਕਾਰੀ ਅਧਿਕਾਰੀ ਵੀ ਐਤਵਾਰ ਅਤੇ ਛੁੱਟੀ ਵਾਲੇ ਦਿਨ ਉੱਥੇ ਜ਼ਰੂਰ ਜਾਂਦੇ ਹਨ। ਉਹ ਆਪਣੀਆਂ ਚਾਹ-ਕੇਤਲੀਆਂ, ਕੇਕ ਅਤੇ ਖਾਣ-ਪੀਣ ਦਾ ਹੋਰ ਸਾਮਾਨ ਨਾਲ ਲੈ ਕੇ ਜਾਂਦੇ ਹਨ। ਸੜਕ ਦੇ ਬਿਲਕੁਲ ਨਜ਼ਦੀਕ ਧੂੜ ਲੱਤੇ ਘਾਹ 'ਤੇ ਇਹ ਸਾਰੀਆਂ ਨੇਹਮਤਾਂ ਟਿਕਾ ਲੈਂਦੇ ਹਨ ਅਤੇ ਰਾਤ ਪੈਣ ਤੱਕ ਚਾਹ ਪੀਂਦੇ ਅਤੇ ਖਾਂਦੇ ਰਹਿੰਦੇ ਹਨ।
ਬਸ ਇਸ ਤਰ੍ਹਾਂ ਦਾ ਜੰਗਲ ਓ--- ਸ਼ਹਿਰ ਦੇ ਨੇੜੇ, ਸ਼ਹਿਰ ਤੋਂ ਲਗਭਗ ਦੋ ਵਰਸਟ ਦੂਰ ਮੌਜੂਦ ਸੀ। ਸਾਡੀ ਟੋਲੀ ਨੇ ਡਿਨਰ ਦੇ ਬਾਅਦ ਉੱਥੇ ਜਾ ਡੇਰੇ ਲਾਏ। ਅਸੀਂ ਚਾਹ ਪੀਤੀ ਅਤੇ ਬਾਅਦ ਵਿਚ - ਜਿਵੇਂ ਕਿ ਰਿਵਾਜ ਹੈ - ਜੰਗਲ ਵਿਚ ਟਹਿਲਣ ਲਈ ਚਲੇ ਗਏ। ਬਿਜ਼ਮਨਕੋਫ ਨੇ ਆਪਣੀ ਬਾਂਹ ਮਿਸਜ਼ ਓਜੋਗਿਨ ਨੂੰ ਦੇ ਦਿੱਤੀ ਅਤੇ ਮੈਂ ਲੀਜ਼ਾ ਨੂੰ ਨਾਲ ਲੈ ਲਿਆ। ਦਿਨ ਛਿਪਣਾ ਸ਼ੁਰੂ ਹੋ ਗਿਆ ਸੀ। ਉਦੋਂ ਮੈਨੂੰ ਪਹਿਲੇ ਪਿਆਰ ਦੀ ਚੰਗੀ ਗਰਮੀ ਸੀ। (ਉਸ ਨਾਲ ਮੁਹੱਬਤ ਹੋ ਜਾਣ ਤੋਂ ਬਾਅਦ ਅਜੇ ਸਿਰਫ ਪੰਦਰਾਂ ਦਿਨ ਹੋਏ ਸੀ।) ਮੈਂ ਉਸ ਭਾਵਨਾਤਮਕ ਅਰਾਧਨਾ ਦੀ ਅਵਸਥਾ ਵਿਚ ਸੀ ਜਦੋਂ ਪ੍ਰੇਮੀ ਦੀ ਰੂਹ ਆਪ-ਮੁਹਾਰੇ ਅਤੇ ਅਨਭੋਲ ਹੀ ਆਪਣੀ ਪਿਆਰੀ ਦੀ ਨਿੱਕੀ-ਨਿੱਕੀ ਹਰਕਤ ਦੀ ਸੁਧਾਈ ਹੁੰਦੀ ਹੈ ਜਦ ਕਿ ਉਸ ਦੀ ਹਾਜ਼ਰੀ ਉਸ ਲਈ ਕਾਫ਼ੀ ਨਹੀਂ ਹੋ ਸਕਦੀ। ਉਸ ਦੀ ਆਵਾਜ਼ ਸੁਣਨ ਲਈ ਤਰਸਦਾ ਹੈ ਜਦੋਂ ਉਹ ਲੰਮੀ ਬੀਮਾਰੀ ਤੋਂ ਬਾਅਦ ਰਾਜ਼ੀ ਹੋ ਰਹੇ ਇਕ ਬੱਚੇ ਵਾਂਗ ਲਗਾਤਾਰ ਮੁਸਕਰਾ ਰਿਹਾ ਹੁੰਦਾ ਹੈ ਅਤੇ ਸੰਸਾਰ ਵਿਚ ਥੋੜ੍ਹੇ ਬਹੁਤ ਤਜਰਬੇ ਵਾਲਾ ਕੋਈ ਵੀ ਵਿਅਕਤੀ ਪਹਿਲੀ ਨਜ਼ਰੇ ਜੋ ਉਸ ਦੇ ਅੰਦਰ ਚੱਲ ਰਿਹਾ ਹੁੰਦਾ ਹੈ ਉਸ ਨੂੰ ਜਾਣ ਲੈਂਦਾ ਹੈ। ਉਸ ਦਿਨ ਤੋਂ ਪਹਿਲਾਂ ਮੈਨੂੰ ਕਦੇ ਵੀ ਲੀਜ਼ਾ ਦੀ ਬਾਂਹ ਫੜਨ ਦਾ ਮੌਕਾ ਨਹੀਂ ਮਿਲਿਆ ਸੀ।
ਮੈਂ ਉਸ ਨਾਲ ਘੁੰਮ ਰਿਹਾ ਸਾਂ। ਹਰੇ ਘਾਹ 'ਤੇ ਹਲਕੇ-ਹਲਕੇ ਪੱਬ ਰੱਖ ਰਿਹਾ ਸਾਂ। ਉੱਚੇ ਬਲੂਤਾਂ ਦੇ ਤਣਿਆਂ ਦੇ ਵਿਚਕਾਰੋਂ ਹਲਕੀ-ਹਲਕੀ ਹਵਾ ਚੱਲ ਰਹੀ ਸੀ ਜਿਸ ਨਾਲ ਕਈ ਵਾਰ ਉਸ ਦੀ ਟੋਪੀ ਦੇ ਰਿੱਬਨਾਂ ਨੂੰ ਮੇਰੇ ਚਿਹਰੇ 'ਤੇ ਸੁੱਟ ਦਿੰਦੀ ਸੀ। ਮੈਂ ਉਸ ਦੀਆਂ ਅੱਖਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਤਾੜ ਰਿਹਾ ਸੀ ਜਦ ਤਕ ਉਹ ਖ਼ੁਸ਼ੀ ਨਾਲ ਭਰੀਆਂ ਮੇਰੇ ਵੱਲ ਨਾ ਤੱਕਣ ਲੱਗ ਪਈਆਂ ਅਤੇ ਅਸੀਂ ਦੋਵੇਂ ਇਕ-ਦੂਜੇ ਵੱਲ ਮੁਸਕਰਾ ਪਏ। ਸਾਡੇ ਉੱਪਰ ਪੰਛੀਆਂ ਦੀ ਚਹਿਚਹਾਟ ਨੇ ਸਾਡੀ ਮੁਹੱਬਤ ਨੂੰ ਪ੍ਰਵਾਨਗੀ ਦਿੱਤੀ ਅਤੇ ਨੀਲੇ ਆਕਾਸ਼ ਸਾਨੂੰ ਸਿੱਧੀ ਬਨਸਪਤੀ ਦੇ ਵਿਚ ਦੀ ਪਿਆਰ ਨਾਲ ਝਾਤੀਆਂ ਮਾਰ ਰਿਹਾ ਸੀ। ਮੇਰਾ ਸਿਰ ਬਹੁਤ ਜ਼ਿਆਦਾ ਖੁਸ਼ੀ ਦੀ ਖ਼ੁਮਾਰੀ ਨਾਲ ਘੁੰਮ ਰਿਹਾ ਸੀ।
ਮੈਂ ਜਲਦ ਇਹ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਲੀਜ਼ਾ ਨੂੰ ਮੇਰੇ ਨਾਲ ਉੱਕਾ ਪਿਆਰ ਨਹੀਂ ਸੀ। ਉਹ ਮੈਨੂੰ ਪਸੰਦ ਕਰਦੀ ਸੀ, ਕਿਉਂ ਜੋ ਉਹ ਆਮ ਕਰਕੇ ਅਜਨਬੀਆਂ ਕੋਲੋਂ ਸ਼ਰਮਾਉਂਦੀ ਨਹੀਂ ਸੀ ਪਰ ਮੈਂ ਉਸ ਦੇ ਬੱਚਿਆਂ ਵਰਗੇ ਦਿਲ ਨੂੰ ਦੁੱਖ ਦੇਣ ਵਾਲਾ ਵਿਅਕਤੀ ਨਹੀਂ ਸੀ। ਉਸ ਨੇ ਮੈਨੂੰ ਬਾਂਹ ਫੜ੍ਹਾਈ ਸੀ ਜਿਵੇਂ ਭਰਾ ਨੂੰ ਫੜ੍ਹਾਈ ਦੀ ਹੈ। ਉਸ ਸਮੇਂ ਉਸ ਦੀ ਉਮਰ ਸਤਾਰਾਂ ਸਾਲ ਦੀ ਸੀ ਅਤੇ ਫਿਰ ਵੀ ਉਸ ਸ਼ਾਮ ਅਤੇ ਮੇਰੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਡੂੰਘੀ ਅਤੇ ਖ਼ੁਫ਼ੀਆ ਤਾਂਘ ਨੇ ਉਸ ਦੇ ਅੰਦਰ ਅੰਗੜਾਈ ਲਈ ਸੀ ਜੋ ਇਕ ਲੜਕੀ ਦੇ ਔਰਤ ਵਿਚ ਬਦਲਣ ਦੀ ਅਲਾਮਤ ਹੁੰਦੀ ਹੈ। ਮੈਂ ਉਸ ਦੀ ਪੂਰੀ ਜ਼ਿੰਦਗੀ ਨੂੰ ਬਦਲਦੇ ਵੇਖਿਆ; ਮਾਸੂਮ ਅਨਿਸ਼ਚਿਤਤਾ, ਇਹ ਬੇਚੈਨ ਸੋਚ। ਮੈਂ ਪਹਿਲਾ ਵਿਅਕਤੀ ਸੀ ਜਿਸ ਨੇ ਉਸ ਦੀ ਆਵਾਜ਼ ਦੀ ਅਚਾਨਕ ਸੁਰ ਦੀ ਤਬਦੀਲੀ ਨੂੰ ਦੇਖਿਆ ਸੀ ਅਤੇ ਕਿਹਾ ਮੂਰਖ ਹਾਂ ਮੈਂ! ਫ਼ਾਲਤੂ ਆਦਮੀ ਜੋ ਮੈਂ ਹਾਂ! ਇਕ ਹਫ਼ਤੇ ਬਾਅਦ ਮੈਂ ਇਹ ਸੋਚਣ ਵਿਚ ਭੋਰਾ ਸ਼ਰਮ ਨਹੀਂ ਕੀਤੀ ਕਿ ਮੈਂ ਸਾਰੇ ਬਦਲਾਅ ਦਾ ਕਾਰਨ ਹਾਂ। ਇਹ ਕਿਵੇਂ ਹੋਇਆ ਹੇਠਾਂ ਦੱਸਿਆ ਗਿਆ ਹੈ:
ਅਸੀਂ ਕੁਝ ਸਮਾਂ ਤੁਰਦੇ ਰਹੇ ਅਤੇ ਇਕ-ਦੂਜੇ ਨਾਲ ਬਹੁਤ ਘੱਟ ਗੱਲਬਾਤ ਕਰ ਰਹੇ ਸਾਂ। ਮੈਂ ਚੁੱਪ ਹੋ ਗਿਆ, ਜਿਵੇਂ ਕਿ ਸਾਰੇ ਭੋਲੇ ਪ੍ਰੇਮੀ ਹੁੰਦੇ ਹਨ ਅਤੇ ਉਹ - ਸ਼ਾਇਦ ਇਸ ਕਰਕੇ ਕਿ ਉਸ ਕੋਲ ਕੁਝ ਨਹੀਂ ਸੀ ਜੋ ਮੈਨੂੰ ਦੱਸ ਸਕਦੀ ਪਰ ਇੰਝ ਜਾਪਦਾ ਸੀ ਜਿਵੇਂ ਉਹ ਕੁਝ ਸੋਚ ਰਹੀ ਸੀ ਪਰ ਉਸ ਨੇ ਇਕ ਵਿਸ਼ੇਸ਼ ਢੰਗ ਨਾਲ ਆਪਣਾ ਸਿਰ ਹਿਲਾਇਆ ਅਤੇ ਸੋਚ ਵਿਚ ਮਗਨ ਇਕ ਸਰਕੰਡੇ ਦੀ ਕਾਨੀ ਚੱਬਣ ਲੱਗ ਪਈ ਜੋ ਉਸ ਨੇ ਚੱਲਦੇ-ਚੱਲਦੇ ਤੋੜ ਲਈ ਸੀ। ਕਦੀ-ਕਦੀ ਉਹ ਤੇਜ਼-ਤੇਜ਼ ਤੁਰਦੀ ਅੱਗੇ ਨਿਕਲ ਜਾਂਦੀ ਅਤੇ ਫਿਰ ਉਹ ਰੁਕ ਕੇ ਮੇਰਾ ਇੰਤਜ਼ਾਰ ਕਰਨ ਲੱਗਦੀ। ਆਲੇ-ਦੁਆਲੇ ਦੇਖਦੀ ਅਤੇ ਮੁਸਰਕਾਉਂਦੀ। ਬੀਤੀ ਰਾਤ ਮੈਂ ਉਸ ਨੂੰ "ਕਾਕੇਸ਼ੀਆ ਦਾ ਕੈਦੀ" ਪੜ੍ਹ ਕੇ ਸੁਣਿਆ ਸੀ। ਬੜੀ ਉਤਸੁਕਤਾ ਨਾਲ ਉਸ ਨੇ ਮੈਨੂੰ ਸੁਣਿਆ। ਉਸ ਨੇ ਆਪਣਾ ਸਿਰ ਮੇਜ਼ ਦੇ ਦੋਹਾਂ ਹਥੇਲੀਆਂ 'ਤੇ ਟਿਕਾਇਆ ਹੋਇਆ ਸੀ ਅਤੇ ਉਸ ਦੀ ਹਿੱਕ ਮੇਜ਼ ਨਾਲ ਲੱਗੀ ਹੋਈ ਸੀ। ਮੈਂ ਪਿਛਲੇ ਰਾਤ ਦੀ ਪੜ੍ਹਤ ਬਾਰੇ ਗੱਲ ਛੇੜ ਲਈ। ਉਹ ਸ਼ਰਮਾ ਗਈ ਅਤੇ ਉਸ ਨੇ ਮੈਨੂੰ ਪੁੱਛਿਆ ਕਿ, ਕੀ ਮੈਂ ਚਿੜੀ ਨੂੰ ਕੁਝ ਭੰਗ ਦੇ ਬੀਜ ਦੇਣਾ ਭੁੱਲ ਤਾਂ ਨਹੀਂ ਗਿਆ ਸੀ। ਫਿਰ ਉਸ ਨੇ ਉੱਚੀ ਅਵਾਜ਼ ਵਿੱਚ ਕੋਈ ਜੀਵੰਤ ਨਿੱਕਾ ਜਿਹਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਚਾਨਕ ਚੁੱਪ ਹੋ ਗਈ।

ਇਕ ਖੜ੍ਹਵੀਂ ਪਹਾੜੀ ਦੀ ਸਿਖਰ 'ਤੇ ਜੰਗਲ ਖ਼ਤਮ ਹੋ ਗਿਆ। ਇਸ ਪਹਾੜੀ ਦੇ ਪੈਰਾਂ ਵਿਚ ਇਕ ਛੋਟੀ ਜਿਹੀ ਮੋੜ-ਘੇੜ ਖਾਂਦੀ ਨਦੀ ਸੀ ਅਤੇ ਨਦੀ ਦੇ ਦੂਜੇ ਪਾਸੇ ਵੱਡੇ ਘਾਹ ਦੀਆਂ ਵਿਸ਼ਾਲ ਚਰਾਂਦਾ ਸਨ ਜੋ ਬਹੁਤ ਦੂਰ ਧੁੰਦਲਕੇ ਤੱਕ ਫੈਲੀਆਂ ਹੋਈਆਂ ਸਨ। ਉਥੋਂ ਤਕ ਜਿੱਥੋਂ ਤਕ ਨਜ਼ਰ ਜਾਂਦੀ ਸੀ। ਕੁਝ ਥਾਵਾਂ 'ਤੇ ਸ਼ਾਂਤ ਤਾਲਾਬ ਤੇ ਥੋੜੀ ਜਿਹੀ ਹਵਾ ਦੇ ਕਾਰਨ ਉੱਠਦੀਆਂ ਲਹਿਰਾਂ ਦੇ ਵਾਂਗ, ਸੁੰਦਰ ਉੱਚਾਈਆਂ ਵਿਖਾਈ ਦਿੰਦੀਆਂ ਸਨ। ਹੋਰਨੀਂ ਥਾਈਂ ਜ਼ਮੀਨ ਇਕ ਸੋਹਣੀ ਕਢਾਈ ਕੀਤੀ ਦਰੀ ਵਾਂਗ ਵਿਛੀ ਹੋਈ ਲੱਗ ਰਹੀ ਸੀ ਜੋ ਭਾਂਤ-ਭਾਂਤ ਦੇ ਤਾਜ਼ਾਤਰੀਨ ਅਤੇ ਅਤਿ ਮਿੱਠੇ ਫੁੱਲਾਂ ਨਾਲ ਨਗੰਦੀ ਹੋਈ ਸੀ। ਕਈ ਥਾਈਂ ਸਾਫ਼ ਪਾਣੀ ਨਾਲ ਭਰੀਆਂ ਭੀੜੀਆਂ ਨਹਿਰਾਂ ਲੰਘਦੀਆਂ ਸਨ। ਲੀਜ਼ਾ ਅਤੇ ਮੈਂ ਸਾਡੇ ਸਾਥੀਆਂ ਤੋਂ ਕੁਝ ਮਿੰਟ ਪਹਿਲਾਂ ਜੰਗਲ ਦੇ ਅੰਤ ਵਿਚ ਪਹੁੰਚ ਗਏ। ਜੰਗਲ ਦੇ ਉੱਪਰ ਤੋਂ ਨਜ਼ਰ ਆਉਂਦੇ ਦ੍ਰਿਸ਼ ਦੀ ਸੁੰਦਰਤਾ ਨੂੰ ਅਸੀਂ ਅੱਖਾਂ ਟੱਡ ਪੱਬਾਂ ਭਾਰ ਹੋ ਮਾਣ ਰਹੇ ਸੀ। ਸਾਡੇ ਸਾਹਮਣੇ ਲਿਸ਼ਕਦੀ ਧੁੰਦ ਦੇ ਵਿਚਕਾਰ ਅੱਗ ਦੀ ਇੱਕ ਵੱਡੀ ਗੇਂਦ ਦੀ ਤਰ੍ਹਾਂ ਛਿਪਦਾ ਸੂਰਜ ਸੀ। ਦਿਸਹੱਦਾ ਲਾਲ ਰੰਗ ਦੇ ਸਾਰੇ ਭੇਦਾਂ ਨਾਲ ਖੇਡ ਰਿਹਾ ਸੀ। ਸਾਡੇ ਅੱਗੇ ਚਰਾਂਦਾਂ ਉੱਤੇ ਵਲਾ ਕੇ ਕਿਰਮਚੀ ਕਿਰਨਾਂ ਦੇ ਰੇਲੇ ਭੇਜ ਰਿਹਾ ਸੀ। ਨਹਿਰਾਂ ਦੇ ਕੰਢੇ ਛਾਂ ਵਿਚ ਵੀ ਟੂਲੀ ਰੰਗ ਦੇ ਪੋਚੇ ਫੇਰੇ ਲੱਗਦੇ ਸਨ ਅਤੇ ਪਾਣੀਆਂ ਉੱਤੇ ਵੀ ਲਾਟਾਂ ਦੇ ਲਿਸ਼ਕਾਰੇ ਬਾਜ਼ੀਆਂ ਪਾ ਰਹੇ ਸੀ। ਇਉਂ ਲੱਗਦਾ ਸੀ ਕਿ ਸੂਰਜ ਦੀਆਂ ਸਾਰੀਆਂ ਕਿਰਨਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਜਿਸ ਪਹਾੜ 'ਤੇ ਅਸੀਂ ਖੜ੍ਹੇ ਹੋਏ ਸੀ ਅਤੇ ਜਿਸ ਜੰਗਲ ਵਿਚੋਂ ਅਸੀਂ ਆਏ ਸੀ ਉਨ੍ਹਾਂ ਨੂੰ ਨਹਿਲਾ ਦੇਣ। ਅਸੀਂ ਕਹਿ ਸਕਦੇ ਹਾਂ ਕਿ ਰੌਸ਼ਨੀ ਦੀ ਲਿਸ਼ਕਦੀ ਧਾਰਾ ਵਿਚ ਨਹਾ ਰਹੇ ਸੀ।

ਮੈਂ ਉਸ ਦ੍ਰਿਸ਼ ਦੀ ਅਲੌਕਿਕ ਮਹਿਮਾ ਨੂੰ ਦਰਸਾਉਣ ਦੇ ਸਮਰੱਥ ਨਹੀਂ ਹਾਂ। ਇਕ ਅੰਨ੍ਹੇ ਵਿਅਕਤੀ ਬਾਰੇ ਕਿਹਾ ਜਾਂਦਾ ਹੈ ਕਿ ਲਾਲ ਰੰਗ ਨੂੰ ਜਦ ਛੂੰਹਦਾ ਹੈ ਤਾਂ ਉਸ ਦਾ ਉਸ ਉੱਤੇ ਉਸੇ ਦਾ ਹੀ ਪ੍ਰਭਾਵ ਪੈਂਦਾ ਹੈ ਜੋ ਤੂਤੀ ਵੱਜਣ ਦੀ ਆਵਾਜ਼ ਦੇ ਨਾਲ ਕੰਨ ਉੱਤੇ। ਮੈਨੂੰ ਨਹੀਂ ਪਤਾ ਕਿ ਇਸ ਕਥਨ ਵਿਚ ਕਿੰਨੀ ਸੱਚਾਈ ਹੈ ਪਰ ਸੱਚਮੁਚ ਉਸ ਸੋਹਣੀ ਸ਼ਾਮ ਦੇ ਰੁਸ਼ਨਾਏ ਦ੍ਰਿਸ਼ ਵਿਚ ਆਸਮਾਨ ਅਤੇ ਧਰਤੀ ਦੀਆਂ ਕਿਰਮਚੀ ਲਿਸ਼ਕਾਂ ਵਿਚ ਰੂਹ ਨੂੰ ਝੰਜੋੜਨ ਵਾਲਾ ਕੁਝ ਸੀ। ਮੈਂ ਠਾਠਾਂ ਮਾਰਦੀ ਖੁਸ਼ੀ ਨਾਲ ਕੂਕਿਆ ਅਤੇ ਲੀਜ਼ਾ ਵੱਲ ਵੇਖਿਆ। ਉਹ ਸੂਰਜ ਨੂੰ ਵੇਖ ਰਹੀ ਸੀ ਅਤੇ ਉਹ ਬਲਦੀ ਹੋਈ ਗੇਂਦ ਉਸ ਦੀਆਂ ਅੱਖਾਂ ਵਿਚ ਦੋ ਮਘਦੇ ਚੰਗਿਆੜੇ ਬਣ ਡਲਕ ਰਹੀ ਸੀ। ਉਹ ਉਸ ਦ੍ਰਿਸ਼ ਤੋਂ ਬਹੁਤ ਪ੍ਰਭਾਵਿਤ ਸੀ। ਉਸ ਦਾ ਦਿਲ ਬੇਰੋਕ ਵਲਵਲਿਆਂ ਨਾਲ ਧੱਕ-ਧੱਕ ਕਰ ਰਿਹਾ ਸੀ ਪਰ ਉਸ ਨੇ ਮੇਰੀ ਕੂਕ ਦਾ ਜਵਾਬ ਨਾ ਦਿੱਤਾ। ਉਹ ਅਹਿੱਲ ਖੜ੍ਹੀ ਸੀ। ਉਸ ਦਾ ਸਿਰ ਜ਼ਮੀਨ ਵੱਲ ਝੁਕਿਆ ਹੋਇਆ ਸੀ। ਮੈਂ ਮੂਕ ਹੈਰਾਨੀ, ਉਮਲ੍ਹਦੀ ਖੁਸ਼ੀ ਨਾਲ ਉਸ ਵੱਲ ਵੇਖ ਰਿਹਾ ਸੀ। ਮੈਂ ਉਸ ਵੱਲ ਆਪਣਾ ਹੱਥ ਵਧਾ ਦਿੱਤਾ ਪਰ ਉਹ ਪਰੇ ਹੋ ਗਈ ਅਤੇ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ।
ਬਿਜ਼ਮਨਕੋਫ ਦੀ ਆਵਾਜ਼ ਸਾਡੇ ਤੋਂ ਕੁਝ ਕਦਮਾਂ ਦੀ ਦੂਰੀ ਤੋਂ ਸੁਣਾਈ ਪਈ। ਲੀਜ਼ਾ ਨੇ ਕਾਹਲੀ ਨਾਲ ਆਪਣੇ ਹੰਝੂ ਪੂੰਝੇ ਅਤੇ ਇਕ ਡਰੀ ਜਿਹੀ ਮੁਸਕਾਨ ਨਾਲ ਮੇਰੇ ਵੱਲ ਮੁੜੀ। ਸ਼੍ਰੀਮਤੀ ਓਜੋਗਿਨ ਆਪਣੇ ਸੁਹਣੇ ਸਹਾਇਕ ਦੀ ਬਾਂਹ ਦੇ ਸਹਾਰੇ ਜੰਗਲ ਵਿਚੋਂ ਬਾਹਰ ਆ ਗਈ। ਉਨ੍ਹਾਂ ਨੇ ਵੀ ਸਾਡੇ ਸਾਹਵੇਂ ਪਸਰੇ ਦ੍ਰਿਸ਼ ਦੀ ਸਿਫ਼ਤ ਕੀਤੀ। ਬੁੱਢੀ ਔਰਤ ਨੇ ਲੀਜ਼ਾ ਨੂੰ ਕੁਝ ਪੁੱਛਿਆ। ਮੈਨੂੰ ਯਾਦ ਹੈ ਕਿ ਜਦੋਂ ਮੈਂ ਉਸ ਦੀ ਅਨਿਸ਼ਚਿਤ, ਖਰਵ੍ਹੀ, ਤਰੇੜੇ ਸ਼ੀਸ਼ੇ ਵਰਗੀ ਆਵਾਜ਼ ਸੁਣੀ ਸੀ ਤਾਂ ਮੈਨੂੰ ਥੋੜ੍ਹੀ ਜਿਹੀ ਕੰਬਣੀ ਛਿੜੀ ਸੀ। ਇਸ ਦੌਰਾਨ ਸੂਰਜ ਛਿਪ ਗਿਆ। ਸ਼ਾਮ ਗਹਿਰੀ ਹੋ ਗਈ। ਅਸੀਂ ਘਰ ਨੂੰ ਮੋੜਾ ਪਾ ਲਿਆ ਅਤੇ ਮੈਂ ਆਪਣੀ ਬਾਂਹ ਲੀਜ਼ਾ ਨੂੰ ਪੇਸ਼ ਕੀਤੀ। ਅਜੇ ਵੀ ਇੰਨੀ ਕੁ ਰੌਸ਼ਨੀ ਸੀ ਕਿ ਮੈਂ ਉਸ ਦੇ ਨੈਣ-ਨਕਸ਼ਾਂ ਨੂੰ ਸਾਫ਼-ਸਾਫ਼ ਦੇਖ ਸਕਾਂ। ਉਹ ਪਰੇਸ਼ਾਨ ਲੱਗਦੀ ਸੀ ਅਤੇ ਉਸ ਨੇ ਆਪਣੀਆਂ ਪਲਕਾਂ ਝੁਕਾਈ ਰੱਖੀਆਂ। ਉਸ ਦੀਆਂ ਗੱਲ੍ਹਾਂ ਚਮਕ ਰਹੀਆਂ ਸਨ ਜਿਵੇਂ ਸੂਰਜ ਦੀਆਂ ਕਿਰਨਾਂ ਅਜੇ ਵੀ ਉਸ 'ਤੇ ਪੈ ਰਹੀਆਂ ਹੋਣ। ਉਸ ਦਾ ਹੱਥ ਮੇਰੀ ਬਾਂਹ ਉੱਤੇ ਹਲਕੇ ਜਿਹੇ ਟਿਕਿਆ ਹੋਇਆ ਸੀ। ਮੈਂ ਕਾਫ਼ੀ ਚਿਰ ਤੱਕ ਕੋਈ ਗੱਲ ਨਾ ਕਰ ਸਕਿਆ। ਏਨੀ ਹਾਵੀ ਸੀ ਮੇਰੀ ਭਾਵਨਾ। ਸਾਡੀ ਬੱਘੀ ਦਰੱਖਤਾਂ ਦੇ ਤਣਿਆਂ ਵਿਚਕਾਰ ਆ ਗਈ। ਡਰਾਈਵਰ ਹੌਲੀ-ਹੌਲੀ ਸਾਡੇ ਵੱਲ ਆਇਆ। ਅਸੀਂ ਰੇਤ ਵਿਚ ਪਹੀਆਂ ਦੀ ਕਿਰਚ-ਕਿਰਚ ਨੂੰ ਸੁਣ ਸਕਦੇ ਸਾਂ।
"ਅਲਿਜ਼ਾਬੈਥ ਕਿਰੀਲੋਵਨਾ," ਆਖ਼ਿਰਕਾਰ ਮੈਂ ਕਿਹਾ, "ਤੁਹਾਨੂੰ ਰੋਣ ਕਿਉਂ ਆ ਗਿਆ?"
"ਮੈਨੂੰ ਨਹੀਂ ਪਤਾ," ਇਕ ਪਲ ਦੀ ਚੁੱਪੀ ਦੇ ਬਾਅਦ ਉਹ ਬੋਲੀ ਅਤੇ ਉਸ ਨੇ ਮੈਨੂੰ ਅਜੇ ਵੀ ਅੱਥਰੂਆਂ ਨਾਲ ਭਿੱਜੀਆਂ ਕੋਮਲ, ਸਲੇਟੀ ਰੰਗੀਆਂ ਅੱਖਾਂ ਨਾਲ ਦੇਖਿਆ। ਮੈਨੂੰ ਜਾਪਿਆ ਕਿ ਉਸ ਦੀ ਤੱਕਣੀ ਪੂਰੀ ਤਰ੍ਹਾਂ ਬਦਲੀ-ਬਦਲੀ ਸੀ।

"ਮੈਂ ਵੇਖ ਰਿਹਾ ਹਾਂ ਕਿ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ," ਮੈਂ ਗੱਲ ਅੱਗੇ ਤੋਰੀ। ਮੇਰੀ ਭਾਵਨਾ ਏਨੀ ਪ੍ਰਬਲ ਸੀ ਕਿ ਮੈਂ ਇਹ ਕੁਝ ਸ਼ਬਦ ਮਸਾਂ ਉਚਾਰ ਸਕਿਆ ਪਰ ਇਹ ਨਹੀਂ ਸੀ ਜੋ ਮੈਂ ਕਹਿਣਾ ਚਾਹੁੰਦਾ ਸੀ। ਉਸ ਨੇ ਸਹਿਮਤੀ ਵਜੋਂ ਚੁੱਪ-ਚਾਪ ਆਪਣਾ ਸਿਰ ਹਿਲਾਇਆ। ਮੈਂ ਇਕ ਸ਼ਬਦ ਵੀ ਹੋਰ ਨਾ ਬੋਲ ਸਕਿਆ। ਮੈਂ ਧੁਰ ਅੰਦਰੋਂ ਕੁਝ ਉਮੀਦ ਕਰਦਾ ਸੀ। ਪਿਆਰ ਦੇ ਇਕਬਾਲ ਦੀ ਨਹੀਂ? ਮੈਂ ਇਕ ਪ੍ਰਸ਼ਨ ਕਰਨ ਲਈ ਭਰੋਸੇਯੋਗ ਤੱਕਣੀ ਦੀ ਉਡੀਕ ਕੀਤੀ ਪਰ ਲੀਜ਼ਾ ਨੇ ਜ਼ਮੀਨ ਵੱਲ ਦੇਖਣ ਲੱਗੀ ਅਤੇ ਚੁੱਪ ਹੋ ਗਈ। ਮੈਂ ਫੇਰ ਘੁਸਰ-ਮੁਸਰ ਜਿਹੀ ਵਿਚ ਪੁੱਛਿਆ, "ਕਿਉਂ?" ਪਰ ਕੋਈ ਜਵਾਬ ਨਾ ਮਿਲਿਆ। ਮੈਂ ਦੇਖਿਆ ਕਿ ਉਸ ਨੂੰ ਔਖ ਜਿਹੀ ਮਹਿਸੂਸ ਹੋ ਰਹੀ ਸੀ। ਉਹ ਸ਼ਰਮਾ ਹੀ ਗਈ। ਪੰਦਰਾਂ ਮਿੰਟ ਬਾਅਦ ਅਸੀਂ ਸਾਰੇ ਬੱਘੀ ਵਿਚ ਬੈਠੇ ਸੀ। ਸਾਡੇ ਘੋੜੇ ਸੜਕ ਉੱਤੇ ਦੁੜਕੀ ਚਾਲ ਪੈ ਗਏ ਸਨ ਅਤੇ ਅਸੀਂ ਘੁਸਮੁਸੇ ਤੇ ਸਿੱਲ੍ਹੀ ਹਵਾ ਨੂੰ ਚੀਰਦੇ ਸ਼ਹਿਰ ਵੱਲ ਮੁੜ ਪਏ। ਮੈਂ ਅਚਾਨਕ ਬਹੁਤ ਹੀ ਜ਼ਿਆਦਾ ਗੱਲਾਂ ਕਰਨ ਲੱਗ ਪਿਆ। ਬਿਜ਼ਮਨਕੋਫ ਨੂੰ ਅਤੇ ਸ਼੍ਰੀਮਤੀ ਓਜੋਗਿਨ ਨੂੰ ਬਹੁਤ ਗੱਲਾਂ ਸੁਣਾਈਆਂ। ਲੀਜ਼ਾ ਵੱਲ ਨਹੀਂ ਦੇਖਿਆ ਪਰ ਮੈਂ ਦੇਖਿਆ ਕਿ ਉਸ ਨੇ ਬੱਘੀ ਦੇ ਆਪਣੇ ਕੋਨੇ ਤੋਂ ਉਸ ਵੱਲ ਇਕ ਵਾਰ ਵੀ ਨਹੀਂ ਦੇਖਿਆ ਸੀ। ਘਰ ਜਾਕੇ ਲੀਜ਼ਾ ਨੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਕਾਇਮ ਕੀਤਾ ਪਰੰਤੂ ਮੇਰੇ ਨਾਲ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਅਤੇ ਛੇਤੀ ਸੌਣ ਲਈ ਚਲੀ ਗਈ। ਇਹ ਸੰਕਟ ਜਿਸ ਸੰਕਟ ਦੀ ਮੈਂ ਪਹਿਲਾਂ ਗੱਲ ਕੀਤੀ ਸੀ - ਉਸ 'ਤੇ ਬੀਤ ਗਿਆ ਸੀ। ਉਹ ਹੁਣ ਇਕ ਕੁੜੀ ਨਹੀਂ ਰਹੀ ਸੀ ਅਤੇ ਮੇਰੇ ਵਾਂਗ ਕੁਝ ਉਮੀਦ ਕਰਨ ਲੱਗ ਪਈ ਸੀ ਪਰ ਉਸ ਨੂੰ ਬਹੁਤਾ ਚਿਰ ਇੰਤਜ਼ਾਰ ਕਰਨਾ ਨਹੀਂ ਸੀ ਪਿਆ।

ਮੈਂ ਉਸ ਰਾਤ ਪੂਰਾ ਨਸ਼ਿਆਇਆ ਘਰ ਵਾਪਸ ਆ ਗਿਆ। ਪਹਿਲਾਂ ਮੇਰੇ ਦਿਲ ਵਿਚ ਇਕ ਮੱਧਮ ਜਿਹੀ ਭਾਵਨਾ ਸੀ ਜੋ ਕਿਸੇ ਬੁਰਾਈ ਦੀ ਪੂਰਵ-ਟੋਹ ਜਾਂ ਸ਼ੰਕੇ ਨਾਲ ਮਿਲਦੀ ਜੁਲਦੀ ਸੀ। ਪਰ ਇਹ ਜਲਦੀ ਹੀ ਅਲੋਪ ਹੋ ਗਈ। ਮੇਰੇ ਵੱਲ ਲੀਜ਼ਾ ਦੇ ਰੁੱਖੇ ਰਵਈਏ ਨੂੰ ਮੈਂ ਪਹਿਲੀ ਮੁਹੱਬਤ ਦੀ ਸ਼ਰਮ ਅਤੇ ਡਰ ਵਜੋਂ ਸਮਝਿਆ। ਕੀ ਮੈਂ ਹਜ਼ਾਰਾਂ ਨਾਵਲਾਂ ਵਿਚ ਨਹੀਂ ਪੜ੍ਹਿਆ ਸੀ ਕਿ ਪਹਿਲੀ ਵਾਰ ਦਾ ਪਿਆਰ ਅੱਲੜ੍ਹ ਕੁੜੀ ਵਿਚ ਸਹਿਮ ਅਤੇ ਘਬਰਾਹਟ ਪੈਦਾ ਕਰ ਦਿੰਦਾ ਹੈ? ਮੈਂ ਬਹੁਤ ਖੁਸ਼ ਹੋਇਆ ਅਤੇ ਭਵਿੱਖ ਲਈ ਯੋਜਨਾਵਾਂ ਬਣਾਉਣ ਲੱਗ ਪਿਆ।
ਜੇ ਕਿਸੇ ਨੇ ਮੇਰੇ ਕੰਨ ਵਿਚ ਉਦੋਂ ਕਹਿ ਦਿੱਤਾ ਹੁੰਦਾ "ਬਕਵਾਸ, ਮੇਰੇ ਦੋਸਤ, ਇਹ ਤੁਹਾਡੀ ਕਿਸਮਤ ਨਹੀਂ ਹੈ। ਤੁਹਾਡੀ ਮੰਜ਼ਿਲ ਤਾਂ ਇਕੱਲੇ ਮਰਨਾ ਹੈ। ਇਕ ਛੋਟੇ ਟੁੱਟੇ ਜਿਹੇ ਘਰ ਵਿਚ, ਇਕ ਬੁੱਢੀ ਕਿਸਾਨ ਔਰਤ ਦੀ ਅਸਹਿ ਬਕਬਕ ਸੁਣਨ ਲਈ ਮਜਬੂਰ ਜੋ ਤੁਹਾਡੀ ਮੌਤ ਲਈ ਉਤਾਵਲੀ ਹੋਵੇਗੀ ਤਾਂ ਜੋ ਉਹ ਬਿਨਾਂ ਕਿਸੇ ਵਰਜਨਾ ਦੇ ਤੁਹਾਡੇ ਬੂਟ ਵੇਚ ਕੇ ਕੁਝ ਕੋਪੇਕ (ਪੈਸੇ) ਖੱਟ ਸਕੇ।" ਹਾਂ, ਅਣਜਾਣੇ ਵਿਚ ਹੀ ਇਕ ਮਹਾਨ ਰੂਸੀ ਫ਼ਿਲਾਸਫ਼ਰ ਦੇ ਸ਼ਬਦ ਮੇਰੇ ਮਨ ਵਿਚ ਆ ਜਾਂਦੇ ਹਨ,"ਕੋਈ ਕਿਵੇਂ ਜਾਣੇਗਾ ਕਿ ਉਹ ਕੀ ਨਹੀਂ ਜਾਣਦਾ?"
ਕੱਲ੍ਹ ਤਕ।

25 ਮਾਰਚ--ਇਕ ਚਿੱਟਾ ਸਰਦੀਆਂ ਦਾ ਦਿਨ
ਮੈਂ ਕੱਲ੍ਹ ਜੋ ਕੁਝ ਲਿਖਿਆ ਸੀ। ਉਸ ਨੂੰ ਪੜ੍ਹਿਆ ਅਤੇ ਜੀਅ ਕੀਤਾ ਕਿ ਖਰੜੇ ਨੂੰ ਪਾੜ ਦੇਵਾਂ। ਇਹ ਮੈਨੂੰ ਜਾਪਦਾ ਹੈ ਕਿ ਮੇਰੀ ਕਹਾਣੀ ਕੁਝ ਜ਼ਿਆਦਾ ਹੀ ਉਧੜ ਗਈ ਹੈ ਅਤੇ ਹੱਦੋਂ ਬਹੁਤੀ ਭਾਵੁਕ ਵੀ ਹੈ ਪਰੰਤੂ ਆਉਣ ਵਾਲੀਆਂ ਘਟਨਾਵਾਂ ਜਿਨ੍ਹਾਂ ਦੀ ਗੱਲ ਕਰਨ ਦਾ ਮੇਰਾ ਇਰਾਦਾ ਹੈ ਉਹ ਉਨ੍ਹਾਂ ਵਰਗੀਆਂ ਹਨ ਜਿਨ੍ਹਾਂ ਬਾਰੇ ਲਰਮਨਤੋਫ ਨੇ ਖ਼ੁਦ ਬੜਾ ਕਮਾਲ ਵਰਣਨ ਕੀਤਾ ਹੈ- "ਪੁਰਾਣੇ ਜਖ਼ਮਾਂ ਨੂੰ ਛੂਹਣਾ ਅਨੰਦਮਈ ਵੀ ਹੁੰਦਾ ਹੈ ਅਤੇ ਦਰਦਨਾਕ ਵੀ।" - ਮੈਂ ਇਸ ਦਰਦਨਾਕ ਖੁਸ਼ੀ ਤੋਂ ਵਾਂਝਾ ਕਿਉਂ ਰਵਾਂ? ਇਹ ਸੱਚ ਹੈ ਵਿਅਕਤੀ ਨੂੰ ਆਪਣੇ ਆਪ ਕੁਝ ਸੀਮਾਵਾਂ ਦੇ ਵਿਚ ਰਹਿਣਾ ਚਾਹੀਦਾ ਹੈ। ਇਸ ਲਈ ਮੈਂ ਬਿਨਾਂ ਕਿਸੇ ਪਿਆਰ ਦੇ ਅੱਗੇ ਵਧਾਗਾਂ।

ਜੰਗਲ ਦੀ ਸਾਡੀ ਸੈਰ ਤੋਂ ਬਾਅਦ ਪੂਰਾ ਹਫ਼ਤਾ ਭਰ ਮੇਰੀ ਹਾਲਤ ਜਿਉਂ ਦੀ ਤਿਉਂ ਰਹੀ। ਹਾਲਾਂਕਿ ਲੀਜ਼ਾ ਵਿਚ ਹਰ ਦਿਨ ਤਬਦੀਲੀ ਸਾਫ਼-ਸਾਫ਼ ਨਜ਼ਰ ਆਉਂਦੀ ਸੀ। ਮੈਂ ਆਪਣੇ ਪੱਖ ਤੋਂ ਇਸ ਤਬਦੀਲੀ ਦੀ ਵਿਆਖਿਆ ਕਰ ਲਈ। ਬਦਕਿਸਮਤ ਅਤੇ ਵੱਖਰੇ ਜਿਹੇ ਜੋ ਆਪਣੇ ਸੁਆਰਥੀਪੁਣੇ ਦੇ ਕਾਰਨ ਡਰਪੋਕ ਹੁੰਦੇ ਹਨ। ਉਨ੍ਹਾਂ ਵਿਅਕਤੀਆਂ ਦੀ ਬਦਕਿਸਮਤੀ ਇਸ ਤੱਥ ਵਿਚ ਹੁੰਦੀ ਹੈ ਕਿ ਉਹ ਕਦੇ ਵੀ ਕਿਸੇ ਚੀਜ਼ ਨੂੰ ਉਸ ਦੀ ਅਸਲ ਰੌਸ਼ਨੀ ਵਿਚ ਨਹੀਂ ਦੇਖਦੇ, ਚਾਹੇ ਉਨ੍ਹਾਂ ਦੀ ਨਜ਼ਰ ਕਿੰਨੀ ਵੀ ਤਿੱਖੀ ਕਿਉਂ ਨਾ ਹੋਵੇ ਅਤੇ ਉਹ ਕਿਸੇ ਵਸਤ 'ਤੇ ਆਪਣੀਆਂ ਨਜ਼ਰਾਂ ਚਾਹੇ ਕਿੰਨੀਆਂ ਵੀ ਟਿਕਾ ਲੈਣ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਰੰਗੀਨ ਐਨਕਾਂ ਰਾਹੀਂ ਦੇਖ ਰਹੇ ਹੋਣ। ਉਨ੍ਹਾਂ ਦੇ ਆਪਣੇ ਵਿਚਾਰ ਅਤੇ ਨਿਰੀਖਣ ਉਨ੍ਹਾਂ ਨੂੰ ਹਰ ਪਾਸੇ ਤੋਂ ਰੋਕ ਦਿੰਦੇ ਹਨ ਕਿਉਂ ਜੋ ਸਾਡੀ ਦੋਸਤ, ਲੀਜ਼ਾ ਦਾ ਮੇਰੇ ਨਾਲ ਵਰਤਾਓ ਬਚਗਾਨਾ ਅਤੇ ਰਾਜ਼ਦਾਰੀ ਦਾ ਸੀ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਮੇਰੇ ਨਾਲ ਇਕ ਕਿਸਮ ਦਾ ਬੱਚਿਆਂ ਵਾਲਾ ਲਗਾਓ ਹੋਵੇ ਪਰ ਜਦੋਂ ਉਸ ਵਿਚ ਇਹ ਅਜੀਬ ਬਦਲਾਅ ਹੋਇਆ ਤਾਂ ਉਹ ਮੇਰੀ ਮੌਜੂਦਗੀ ਵਿਚ ਕੁਝ ਔਖ ਮਹਿਸੂਸ ਕਰਨ ਲੱਗੀ। ਉਹ ਅਕਸਰ ਮੇਰੇ ਕੋਲੋਂ ਨਾ ਚਾਹੁੰਦੇ ਹੋਏ ਦੂਰ ਹੱਟ ਜਾਂਦੀ। ਉਸ ਦੀਆਂ ਅੱਖਾਂ ਵਿਚ ਉਦਾਸੀ ਅਤੇ ਗੰਭੀਰਤਾ ਹੁੰਦੀ। ਇਹ ਕਹਿ ਲਓ ਕਿ ਉਹ ਇੰਤਜ਼ਾਰ ਕਰ ਰਹੀ ਸੀ ਪਰ ਆਪ ਨਹੀਂ ਜਾਣਦੀ ਸੀ ਕਿ ਉਹ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਮੈਨੂੰ ਉਸ ਵਿਚ ਤਬਦੀਲੀ ਵੇਖ ਕੇ ਖੁਸ਼ੀ ਮਹਿਸੂਸ ਹੁੰਦੀ ਸੀ। ਮੈਂ ਬਹੁਤ ਖੁਸ਼ ਸਾਂ! ਹਾਲਾਂਕਿ, ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮੇਰੇ ਥਾਂ 'ਤੇ ਕੋਈ ਵੀ ਹੋਰ ਵਿਅਕਤੀ ਇਸੇ ਭਰਮ ਕਰਕੇ ਧੋਖਾ ਖਾ ਜਾਂਦਾ। ਭਲਾ, ਇਸ ਭਰਮ ਤੋਂ ਮੁਕਤ ਕੌਣ ਹੈ?

ਇਹ ਵਾਧਾ ਕਰਨਾ ਜ਼ਰੂਰੀ ਨਹੀਂ ਹੈ ਕਿ ਮੈਨੂੰ ਕੁਝ ਸਮੇਂ ਲਈ ਆਪਣੀ ਸਥਿਤੀ ਦੀ ਅਸਲੀਅਤ ਸਮਝ ਨਹੀਂ ਆਈ। ਮੇਰੀ ਕਲਪਨਾ ਉੱਚੇ ਮੰਡਲਾਂ ਵਿਚ ਉੱਡ ਰਹੀ ਸੀ ਜਦੋਂ ਤਕ ਇਹ ਬੁਲਬੁਲੇ ਵਾਂਗ ਫਟ ਨਹੀਂ ਗਈ। ਮੇਰੇ ਅਤੇ ਲੀਜ਼ਾ ਵਿਚਕਾਰ ਗ਼ਲਤਫਹਿਮੀ ਤਕਰੀਬਨ ਇਕ ਹਫ਼ਤੇ ਤਕ ਚੱਲੀ ਅਤੇ ਇਸ ਵਿਚ ਅਚੰਭਾ ਉੱਕਾ ਨਹੀਂ ਹੈ। ਮੈਂ ਕਈ ਵਾਰ ਅਜਿਹੀਆਂ ਗ਼ਲਤਫਹਿਮੀਆਂ ਦਾ ਸਾਹਮਣਾ ਕਰਨ ਦਾ ਮੌਕਾ ਮਿਲਿਆ ਹੈ ਜੋ ਕਈ ਸਾਲਾਂ ਤਕ ਚੱਲੀਆਂ ਸੀ ਅਤੇ ਕੌਣ ਕਹਿੰਦਾ ਹੈ ਕਿ ਕੇਵਲ ਸੱਚ ਹੀ ਯਥਾਰਥ ਹੈ? ਝੂਠ ਵੀ ਤਾਂ ਮੌਜੂਦ ਹੁੰਦਾ ਹੈ, ਭਾਵੇਂ ਸੱਚਾਈ ਤੋਂ ਬਿਹਤਰ ਨਹੀਂ। ਤਾਂ ਮੇਰੇ ਕੋਲ ਧੁੰਦਲੀ ਜਿਹੀ ਚੇਤਨਾ ਹੈ ਕਿ ਉਸ ਸਮੇਂ ਵੀ ਮੇਰੇ ਮਨ ਵਿਚ ਕੁਝ ਗ਼ਲਤਫਹਿਮੀ ਪੈਦਾ ਹੋ ਗਈ ਸੀ ਪਰ ਸਾਡੀ ਸ਼੍ਰੇਣੀ ਵਿਚੋਂ ਇਕ ਅਲੱਗ-ਥਲੱਗ ਪੁਰਸ਼ - ਇਸ ਬਾਰੇ ਨਿਰਣਾ ਕਰਨ ਵਿਚ ਅਸਮਰਥ ਹੈ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਕਿਉਂਕਿ ਉਹ ਇਹ ਨਹੀਂ ਸਮਝ ਸਕਦਾ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਕੀ ਵਾਪਰ ਰਿਹਾ ਹੈ।
ਇਸ ਤੋਂ ਇਲਾਵਾ, ਕੀ ਪਿਆਰ ਇਕ ਕੁਦਰਤੀ ਭਾਵਨਾ ਹੈ? ਕੀ ਪਿਆਰ ਜ਼ਿੰਦਗੀ ਦੀ ਆਮ ਹਾਲਤ ਵਿਚ ਆਉਂਦਾ ਹੈ? ਨਹੀਂ, ਪਿਆਰ ਇਕ ਬਿਮਾਰੀ ਹੈ ਅਤੇ ਬਿਮਾਰੀ ਲਈ ਕੋਈ ਕਾਨੂੰਨ ਨਹੀਂ। ਮੰਨ ਲਓ ਕਿ ਮੇਰਾ ਦਿਲ ਉਸ ਸਮੇਂ ਥੋੜ੍ਹਾ ਜਿਹਾ ਪੀੜਿਆ ਮਹਿਸੂਸ ਹੋ ਰਿਹਾ ਸੀ? ਕੀ ਮੇਰੀਆਂ ਭਾਵਨਾਵਾਂ ਉਲਝਣ ਵਿਚ ਨਹੀਂ ਸਨ? ਅਤੇ ਕਿਵੇਂ ਮੈਂ ਸੰਸਾਰ ਵਿਚ ਇਕ ਪਲ ਭਰ ਦੀ ਭਾਵਨਾ ਬਾਰੇ ਨਿਰਣਾ ਕਰ ਸਕਦਾ ਸੀ, ਚਾਹੇ ਇਹ ਚੰਗੇ ਲਈ ਹੋਵੇ ਜਾਂ ਬੁਰੇ ਲਈ। ਇਸ ਦਾ ਕਾਰਨ ਕੀ ਸੀ ਅਤੇ ਇਸ ਦਾ ਮਹੱਤਵ ਕੀ? ਪਰੰਤੂ ਇਹ ਮਾਮਲਾ ਮੇਰੀਆਂ ਕਨਸੋਆਂ, ਭਾਵਨਾਵਾਂ ਅਤੇ ਗ਼ਲਤ-ਫ਼ਹਿਮੀਆਂ ਨਾਲ ਸੰਬੰਧਿਤ ਦਾਰਸ਼ਨਿਕ ਸਵਾਲ ਬਾਰੇ ਹੋ ਸਕਦਾ ਹੈ। ਉਹ ਛੇਤੀ ਹੀ ਛਟ ਜਾਣੀਆਂ ਸਨ ਅਤੇ ਮੈਂ ਉਨ੍ਹਾਂ ਦੇ ਅਸਲ ਮੁੱਲ ਨੂੰ ਹੇਠ ਲਿਖੇ ਤਰੀਕੇ ਨਾਲ ਸਿੱਖਣਾ ਸੀ:
ਇਕ ਸਵੇਰ, ਓਜੋਗਿਨ ਦੇ ਘਰ ਵਿਚ ਦਾਖਲ ਹੋਣ 'ਤੇ ਮੈਂ ਦਲਾਨ ਵਿਚ ਇਕ ਅਣਜਾਣ ਪਰ ਟੁਣਕਵੀਂ ਅਵਾਜ਼ ਸੁਣੀ ਜਦੋਂ ਮੈਂ ਹਾਲ ਵਿਚ ਮੇਰਾ ਓਵਰਕੈਟ ਉਤਾਰ ਰਿਹਾ ਸੀ। ਦਲਾਨ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਕਰੀਬ ਪੱਚੀ ਸਾਲ ਦਾ ਇਕ ਨੌਜਵਾਨ ਬਾਹਰ ਆਇਆ ਜਿਸ ਦੀ ਦਿੱਖ ਬੜੀ ਸੁਹਣੀ ਸੀ। ਉਸ ਦੇ ਨਾਲ ਮੇਜ਼ਬਾਨ ਸੀ। ਉਸ ਨੇ ਝਟ-ਪਟ ਆਪਣਾ ਫੌਜੀ ਚੋਗਾ ਉਤਾਰਿਆ ਜੋ ਹੈਟ-ਸਟੈਂਡ ਤੇ ਲਟਕ ਰਿਹਾ ਸੀ। ਕਿਰੀਲਾ ਮਤਵੇਈਏਵਿਚ ਨਾਲ ਹੱਥ ਹਿਲਾਇਆ ਅਤੇ ਮੇਰੇ ਕੋਲੋਂ ਲੰਘ ਕੇ ਉਸ ਨੇ ਕਾਹਲੀ ਕਾਹਲੀ ਪਰ ਨਿਮਰਤਾ ਨਾਲ ਆਪਣੀ ਟੋਪੀ ਦੀ ਕਿਨਾਰੀ ਨੂੰ ਛੋਹਿਆ ਤੇ ਚਲਾ ਗਿਆ।
"ਇਹ ਕੌਣ ਹੈ?" ਮੈਂ ਓਜੋਗਿਨ ਨੂੰ ਪੁੱਛਿਆ।
"ਪ੍ਰਿੰਸ ਐੱਨ --," ਉਸ ਨੇ ਇਕ ਗੰਭੀਰ ਅੰਦਾਜ਼ ਨਾਲ ਜਵਾਬ ਦਿੱਤਾ; "ਸੇਂਟ ਪੀਟਰਸਬਰਗ ਤੋਂ ਨਵੇਂ ਭਰਤੀ ਕੀਤੇ ਗਏ ਰੰਗਰੂਟਾਂ ਦੀ ਟੁਕੜੀ ਦਾ ਚਾਰਜ ਲੈਣ ਲਈ ਭੇਜਿਆ ਗਿਆ ਹੈ। ਪਰ ਨੌਕਰ ਕਿੱਥੇ ਹਨ?" ਉਸ ਨੇ ਨਾਰਾਜ਼ਗੀ ਨਾਲ ਕਿਹਾ। "ਇੱਥੇ ਕੋਈ ਵੀ ਨਹੀਂ ਸੀ ਜੋ ਉਸ ਨੂੰ ਉਸ ਦਾ ਚੋਗਾ ਹੀ ਫੜਾ ਦਿੰਦਾ।"
"ਕੀ ਇਹ ਲੰਬੇ ਸਮੇਂ ਤੋਂ ਇੱਥੇ ਹੈ?" ਮੈਂ ਫਿਰ ਪੁੱਛਿਆ।
"ਉਹ ਬੀਤੀ ਸ਼ਾਮ ਆਇਆ ਸੀ। ਮੈਂ ਉਸ ਨੂੰ ਆਪਣੇ ਘਰ ਵਿਚ ਇਕ ਕਮਰੇ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਇੱਕ ਬਹੁਤ ਵਧੀਆ ਬੰਦਾ ਜਾਪਦਾ ਹੈ।"
"ਕੀ ਉਹ ਕਾਫੀ ਚਿਰ ਤੁਹਾਡੇ ਘਰ ਵਿਚ ਸੀ?"
"ਲਗਪਗ ਇਕ ਘੰਟੇ ਤੋਂ। ਉਹ ਸ਼੍ਰੀਮਤੀ ਓਜੋਗਿਨ ਨਾਲ ਜਾਣ-ਪਛਾਣ ਦਾ ਇੱਛਕ ਸੀ।"
"ਕੀ ਤੁਸੀਂ ਉਸ ਦੀ ਜਾਣ-ਪਛਾਣ ਕਰਵਾਈ?"
"ਬੇਸ਼ੱਕ।"
"ਅਤੇ ਅਲਿਜ਼ਬੈਥ ਕਿਰੀਲੋਵਨਾ?"
"ਬੇਸ਼ੱਕ, ਉਸ ਨੇ ਵੀ ਆਪਣੀ ਜਾਣ-ਪਛਾਣ ਕਰਵਾਈ।"
ਮੈਂ ਇਕ ਪਲ ਰੁਕਿਆ।
"ਉਹ ਕਿੰਨਾ ਸਮਾਂ ਇੱਥੇ ਰਹੇਗਾ?" ਮੈਂ ਫਿਰ ਤੋਂ ਪੁੱਛਿਆ।
"ਤਿੰਨ ਜਾਂ ਚਾਰ ਹਫ਼ਤੇ, ਮੇਰਾ ਖ਼ਿਆਲ ਹੈ," ਜਵਾਬ ਸੀ, ਅਤੇ ਕਿਰੀਲਾ ਮਤਵੇਈਏਵਿਚ ਤਿਆਰ ਹੋਣ ਚਲਾ ਗਿਆ।
ਮੈਂ ਦਲਾਨ ਵਿਚ ਟਹਿਲਣ ਲੱਗ ਪਿਆ। ਮੈਨੂੰ ਯਾਦ ਨਹੀਂ ਕਿ ਪ੍ਰਿੰਸ ਐੱਨ ਦੀ ਦਿੱਖ ਨੇ ਮੇਰੇ ਤੇ ਕੋਈ ਵਿਸ਼ੇਸ਼ ਪ੍ਰਭਾਵ ਛੱਡਿਆ ਹੋਵੇ, ਸਿਵਾਏ ਇਸ ਤੋਂ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਆਮ ਤੌਰ 'ਤੇ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਕੋਈ ਅਜਨਬੀ ਦੀ ਅਚਾਨਕ ਉਨ੍ਹਾਂ ਪਰਿਵਾਰਕ ਦਾਇਰੇ ਵਿਚ ਜਾਣਿਆ ਪਛਾਣ ਹੋ ਜਾਂਦੀ ਹੈ। ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਇਸ ਭਾਵਨਾ ਦੇ ਨਾਲ ਨਾਲ ਇਕ ਕਿਸਮ ਦੀ ਈਰਖਾ ਵੀ ਹੋਵੇ ਜੋ ਸੇਂਟ ਪੀਟਰਸਬਰਗ ਦੇ ਇਕ ਸ਼ਾਨਦਾਰ ਫੌਜੀ ਅਫ਼ਸਰ ਦੇ ਨਾਲ ਮਾਸਕੋ ਦੇ ਇਕ ਮਾਮੂਲੀ ਹੈਸੀਅਤ ਦੇ ਆਦਮੀ ਨੂੰ ਹੋ ਸਕਦੀ ਹੈ।
"ਪ੍ਰਿੰਸ!" ਮੈਂ ਸੋਚਿਆ; "ਰਾਜਧਾਨੀ ਦਾ ਇਕ ਨਮੂਨਾ! ਉਹ ਉੱਚੀ ਥਾਂ ਤੋਂ ਸਾਡੇ ਵੱਲ ਦੇਖੇਗਾ।"
ਮੈਂ ਉਸ ਨੂੰ ਸਿਰਫ ਮਿੰਟ ਕੁ ਲਈ ਦੇਖਿਆ ਸੀ ਅਤੇ ਇਹ ਤਾੜ ਲਿਆ ਸੀ ਕਿ ਉਹ ਸੁੰਦਰ, ਸਵੈਮਾਨੀ ਤੇ ਤਿੱਖਾ ਸੀ।
ਕਮਰੇ ਵਿਚ ਕਈ ਗੇੜੇ ਲਾਉਣ ਦੇ ਬਾਅਦ ਮੈਂ ਸ਼ੀਸ਼ੇ ਦੇ ਅੱਗੇ ਰੁਕ ਗਿਆ। ਆਪਣੀ ਜੇਬ ਵਿਚੋਂ ਇਕ ਛੋਟੀ ਜਿਹੀ ਕੰਘੀ ਕੱਢੀ ਅਤੇ ਆਪਣੇ ਵਾਲਾਂ ਨੂੰ ਠੀਕ ਕੀਤਾ। ਕਾਵਿਕ ਲਹਿਜੇ ਵਿਚ ਕਹੀਏ, ਇਨ੍ਹਾਂ ਨੂੰ ਲਾਪਰਵਾਹੀ ਵਾਲਾ ਰੂਪ ਦਿੱਤਾ, ਜਿਵੇਂ ਅਕਸਰ ਹੁੰਦਾ ਹੈ। ਮੈਂ ਸ਼ੀਸ਼ੇ ਵਿਚ ਆਪਣੇ ਚਿਹਰੇ ਨੂੰ ਘੋਖਣ ਲੱਗ ਪਿਆ। ਮੇਰਾ ਖ਼ਾਸ ਧਿਆਨ ਮੈਨੂੰ ਯਾਦ ਹੈ, ਮੇਰੀ ਨੱਕ 'ਤੇ ਕੇਂਦਰਤ ਹੋ ਗਿਆ ਸੀ। ਮੈਂ ਹਮੇਸ਼ਾ ਤੋਂ ਆਪਣੇ ਇਸ ਅੰਗ ਦੀ ਕੋਮਲਤਾ ਅਤੇ ਇਸ ਦੀ ਉੱਘੜ-ਦੁੱਘੜਤਾ ਤੋਂ ਅਸੰਤੁਸ਼ਟ ਸੀ। ਅਚਾਨਕ ਮੈਂ ਸ਼ੀਸ਼ੇ ਦੀ ਗਹਿਰੀ ਪਿੱਠ-ਭੂਮੀ ਵਿਚ ਦੇਖਿਆ ਕਿ ਦਰਵਾਜ਼ਾ ਖੁੱਲ੍ਹ ਗਿਆ ਅਤੇ ਲੀਜ਼ਾ ਦੀ ਪੂਰੀ ਸ਼ਕਲ ਇਸ ਵਿਚ ਪ੍ਰਗਟ ਹੋਈ। ਮੈਨੂੰ ਨਹੀਂ ਜਾਣਦਾ, ਪਤਾ ਨਹੀਂ ਕਿਉਂ ਪਰ ਮੈਂ ਉਵੇਂ ਖੜ੍ਹਾ ਰਿਹਾ ਅਤੇ ਮੇਰੇ ਚਿਹਰੇ ਦੇ ਹਾਵ-ਭਾਵ ਵੀ ਉਵੇਂ ਦੇ ਉਵੇਂ ਰਹੇ। ਲੀਜ਼ਾ ਨੇ ਆਪਣਾ ਸਿਰ ਅੱਗੇ ਕੀਤਾ। ਮੇਰੇ ਵੱਲ ਧਿਆਨ ਨਾਲ ਦੇਖਿਆ ਅਤੇ ਆਪਣੀਆਂ ਭਵਾਂ ਉੱਪਰ ਚੁੱਕੀਆਂ। ਆਪਣੇ ਬੁੱਲ੍ਹ ਟੁੱਕਦੇ ਹੋਏ ਅਤੇ ਉਸ ਜਣੇ ਦੀ ਤਰ੍ਹਾਂ ਜਿਸ ਨੂੰ ਆਪਣਾ ਨਾਂ ਪਤਾ ਲੱਗਣ ਦੀ ਖੁਸ਼ੀ ਹੋਵੇ, ਆਪਣਾ ਸਾਹ ਰੋਕਦੇ ਹੋਏ ਉਹ ਚੁੱਪ-ਚੁਪੀਤੇ ਪਿੱਛੇ ਹਟੀ ਅਤੇ ਦਰਵਾਜ਼ਾ ਭੇੜ ਕੇ ਚਲੀ ਗਈ। ਦਰਵਾਜ਼ਾ ਹਲਕਾ ਜਿਹਾ ਚੀਕਿਆ। ਲੀਜ਼ਾ ਇਕ ਪਲ ਲਈ ਰੁਕੀ। ਮੈਂ ਨਹੀਂ ਹਿੱਲਿਆ। ਅੰਤ ਉਸ ਨੇ ਬੰਦ ਕਰ ਦਿੱਤਾ ਅਤੇ ਚਲੀ ਗਈ।
ਇਸ ਤੋਂ ਬਾਅਦ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਮੈਨੂੰ ਦੇਖ ਕੇ ਲੀਜ਼ਾ ਦੇ ਚਿਹਰੇ ਦੇ ਹਾਵ-ਭਾਵਾਂ ਤੋਂ ਹੋਰ ਕੋਈ ਮਤਲਬ ਨਹੀਂ ਸੀ ਨਿਕਲਦਾ ਕਿ ਉਸ ਨੂੰ ਅਣਚਾਹੀ ਮੁਲਕਾਤ ਤੋਂ ਬਚਣ ਦਾ ਮੌਕਾ ਚੰਗੀ ਕਿਸਮਤ ਨਾਲ ਮਿਲ ਗਿਆ ਸੀ ਜਦੋਂ ਉਸ ਨੂੰ ਲੱਗਿਆ ਕਿ ਮੈਂ ਉਸ ਨੂੰ ਨਹੀਂ ਦੇਖਿਆ, ਤਾਂ ਉਸ ਦੀਆਂ ਅੱਖਾਂ ਵਿਚ ਖੁਸ਼ੀ ਦੀ ਅਚਾਨਕ ਚਮਕ, ਸਪਸ਼ਟ ਤੌਰ 'ਤੇ ਦੱਸਦੀ ਸੀ ਕਿ ਉਸ ਨੂੰ ਮੇਰੇ ਨਾਲ ਪਿਆਰ ਨਹੀਂ ਸੀ। ਮੈਂ ਦੇਰ ਤਕ ਬੰਦ ਦਰਵਾਜ਼ੇ ਨੂੰ ਵੇਖਦਾ ਰਿਹਾ। ਇਸ ਸ਼ੀਸ਼ੇ ਦੇ ਪਿਛੋਕੜ ਵਿਚ ਦਰਵਾਜ਼ਾ ਇਕ ਨਿਰਉਮੀਦ ਜਗ੍ਹਾ ਵਾਂਗ ਜਾਪਦਾ ਸੀ।
ਮੈਂ ਆਪਣੀ ਬੇਮੇਚ ਹਸਤੀ 'ਤੇ ਹੱਸਣਾ ਚਾਹਿਆ ਪਰ ਮੈਂ ਆਪਣਾ ਸਿਰ ਝੁਕਾਇਆ, ਘਰ ਚਲਾ ਗਿਆ ਅਤੇ ਸੋਫੇ 'ਤੇ ਢੇਰੀ ਹੋ ਗਿਆ। ਮੈਂ ਬਹੁਤ ਜ਼ਿਆਦਾ ਸਤਾਇਆ ਮਹਿਸੂਸ ਕਰ ਰਿਹਾ ਸੀ - ਦਿਲ ਏਨਾ ਭਾਰੀ ਭਾਰੀ ਸੀ ਕਿ ਮੈਂ ਰੋ ਵੀ ਨਹੀਂ ਸਕਦਾ ਸੀ, ਤੇ ਰੋਣਾ ਵੀ ਕਾਹਦੇ ਲਈ ਸੀ। ਮੈਂ ਪਿੱਠ ਪਰਨੇ ਮੁਰਦਿਆਂ ਦੀ ਤਰ੍ਹਾਂ ਪਿਆ ਸੀ। ਹੱਥ ਮੈਂ ਛਾਤੀ 'ਤੇ ਰੱਖੇ ਹੋਏ ਸਨ। ਕਈ ਵਾਰ ਮੇਰੇ ਮੂੰਹੋਂ ਹੌਕੇ ਨਾਲ ਨਿੱਕਲਿਆ, "ਕੀ ਇਹੀ ਗੱਲ ਹੈ? ਕੀ ਇਹੀ ਗੱਲ ਹੈ? ਪਾਠਕ ਇਸ ਪ੍ਰਸ਼ਨ ਨੂੰ ਕਿਵੇਂ ਸਮਝਦਾ ਹੈ?

26 ਮਾਰਚ - ਬਸੰਤ
ਅਗਲੇ ਦਿਨ ਜਦੋਂ ਮੈਂ ਓਜੋਗਿਨ ਦੇ ਉਸੇ ਦਲਾਨ ਵਿਚ ਆਪਣੇ ਆਪ ਨਾਲ ਬੜੇ ਲੰਮੇ ਸੰਘਰਸ਼ ਤੋਂ ਬਾਅਦ ਧੜਕਦੇ ਦਿਲ ਨਾਲ ਦਾਖ਼ਲ ਹੋਇਆ। ਮੈਂ ਉਹ ਆਦਮੀ ਨਹੀਂ ਸੀ ਜਿਸ ਨੂੰ ਉਹ ਪਿਛਲੇ ਤਿੰਨ ਹਫ਼ਤਿਆਂ ਤੋਂ ਜਾਣਦੇ ਸੀ। ਮੇਰੀਆਂ ਸਾਰੀਆਂ ਪੁਰਾਣੀਆਂ ਆਦਤਾਂ ਜਿਨ੍ਹਾਂ ਨੂੰ ਮੈਂ ਮੇਰੇ ਦਿਲ ਵਿਚ ਪਨਪੀ ਪਿਆਰ ਦੀ ਭਾਵਨਾ ਦੇ ਅਸਰ ਹੇਠ ਛੱਡ ਦਿੱਤਾ ਸੀ, ਸਭ ਅਚਾਨਕ ਪਰਤ ਆਈਆਂ ਸਨ। ਇਕ ਛੋਟੇ ਜਿਹੇ ਅਰਸੇ ਦੀ ਗ਼ੈਰ-ਹਾਜ਼ਰੀ ਦੇ ਬਾਅਦ ਪਰਤੇ ਘਰ ਦੇ ਮਾਲਕਾਂ ਵਾਂਗ ਪੂਰੀ ਤਰ੍ਹਾਂ ਮੇਰੀ ਹੋਂਦ ਵਿਚ ਸਮਾ ਗਈਆਂ ਸਨ। ਮੇਰੇ ਵਰਗੇ ਵਿਅਕਤੀ ਆਮ ਤੌਰ 'ਤੇ ਹਾਜ਼ਿਰ ਤੱਥਾਂ ਅਨੁਸਾਰ ਨਹੀਂ, ਸਗੋਂ ਬਣੇ ਪ੍ਰਭਾਵਾਂ ਦੇ ਅਨੁਸਾਰ ਚੱਲਦੇ ਹਨ। ਕੇਵਲ ਇਕ ਦਿਨ ਪਹਿਲਾਂ ਮੈਨੂੰ ਆਪਸੀ ਪਿਆਰ ਦੀਆਂ ਮਿੱਠੀਆਂ ਆਸਾਂ ਨਾਲ ਭਰਿਆ ਹੋਇਆ ਸੀ ਅਤੇ ਅੱਜ ਮੈਂ ਆਪਣੇ ਦੁੱਖਾਂ ਦੇ ਕਾਰਨ ਨਿਰਾਸ਼ਾ ਵਿਚ ਸੀ। ਹਾਲਾਂਕਿ ਮੇਰੇ ਕੋਲ ਇਨ੍ਹਾਂ ਦੋਨੋਂ ਤਰ੍ਹਾਂ ਦੀਆਂ ਭਾਵਨਾਵਾਂ ਵਿਚੋਂ ਕਿਸੇ ਦਾ ਕੋਈ ਉਚਿਤ ਕਾਰਨ ਨਹੀਂ ਸੀ। ਮੈਂ ਸ਼ਾਇਦ ਪ੍ਰਿੰਸ ਐੱਨ ਨਾਲ ਈਰਖਾ ਨਹੀਂ ਕਰ ਸਕਦਾ ਉਸ ਦੇ ਗੁਣ ਭਾਵੇਂ ਜਿੰਨੇ ਵੀ ਵੱਡੇ ਹੋਣ ਸਿਰਫ ਉਸ ਦੀ ਦਿੱਖ ਮੇਰੇ ਪ੍ਰਤੀ ਲੀਜ਼ਾ ਦੇ ਚੰਗੇ ਵਤੀਰੇ ਨੂੰ ਨਸ਼ਟ ਕਰਨ ਲਈ ਕਾਫ਼ੀ ਨਹੀਂ ਸੀ ਪਰ ਕੀ ਅਜਿਹਾ ਚੰਗਾ ਵਤੀਰਾ ਕਦੇ ਹੈ ਵੀ ਸੀ? ਮੈਂ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕੀਤਾ।
"ਤੇ ਜੰਗਲ ਵਿਚ ਸੈਰ?" ਮੈਂ ਆਪਣੇ ਆਪ ਨੂੰ ਪੁੱਛਿਆ।
"ਤੇ ਸ਼ੀਸ਼ੇ ਵਿਚ ਝਲਕ? ਮੈਂ ਜਵਾਬ ਦਿੱਤਾ।
"ਪਰ ਉਹ ਸ਼ਾਮ, ਇਹ ਜਾਪਦਾ ਹੈ -"
ਮੈਂ ਜਾਰੀ ਨਾ ਰੱਖ ਸਕਿਆ।
"ਮੇਰਿਆ ਰੱਬਾ!" ਮੈਂ ਆਖ਼ਿਰ ਚਿਲਾਇਆ; "ਖ਼ੈਰ, ਮੈਂ ਵੀ ਕਿੰਨਾ ਬੇਕਾਰ ਪ੍ਰਾਣੀ ਹਾਂ!"
ਅਜਿਹੇ ਅਧੂਰੇ ਵਿਚਾਰ ਅਤੇ ਭਾਵਨਾਵਾਂ ਮੇਰੇ ਸਿਰ ਵਿਚ ਘੁੰਮ ਰਹੀਆਂ ਸਨ। ਸੰਖੇਪ ਵਿਚ, ਮੈਂ ਓਜੋਗਿਨ ਦੇ ਘਰ ਵਿਚ ਉਹੀ ਚਿੜਚਿੜਾ, ਸ਼ੱਕੀ ਅਤੇ ਅੜੀਅਲ ਵਿਅਕਤੀ ਵਜੋਂ ਦਾਖਲ ਹੋਇਆ ਸੀ ਜੋ ਮੈਂ ਆਪਣੇ ਬਚਪਨ ਤੋਂ ਸੀ।
ਦਲਾਨ ਵਿਚ ਮਿਲ ਬੈਠਾ ਪੂਰਾ ਪਰਿਵਾਰ ਮੈਨੂੰ ਮਿਲਿਆ ਅਤੇ ਬਿਜ਼ਮਨਕੋਫ ਵੀ ਇਕ ਕੋਨੇ ਵਿਚ ਬੈਠਾ ਸੀ। ਉਹ ਸਾਰੇ ਚੜ੍ਹਦੀ ਕਲਾ ਵਿਚ ਸਨ। ਖ਼ਾਸ ਤੌਰ 'ਤੇ ਓਜੋਗਿਨ ਜੋ ਖੁਸ਼ੀ ਨਾਲ ਟਹਿਕ ਰਿਹਾ ਸੀ ਅਤੇ ਜਲਦੀ ਹੀ ਰਵਾਇਤੀ ਦੁਆ ਸਲਾਮ ਕਰਨ ਤੋਂ ਬਾਅਦ ਮੈਨੂੰ ਦੱਸਿਆ ਕਿ ਪ੍ਰਿੰਸ ਐੱਨ--- ਨੇ ਬੀਤੀ ਸ਼ਾਮ ਉਸ ਦੇ ਘਰ ਵਿਚ ਬਿਤਾਈ ਸੀ। ਲੀਜ਼ਾ ਨੇ ਬੜੇ ਸ਼ਾਂਤ ਲਹਿਜੇ ਵਿਚ ਮੈਨੂੰ ਸਲਾਮ ਕੀਤੀ।
"ਠੀਕ," ਮੈਂ ਸੋਚਿਆ, "ਮੈਨੂੰ ਪਤਾ ਹੈ ਕਿ ਤੁਸੀਂ ਚੜ੍ਹਦੀ ਕਲਾ ਵਿਚ ਕਿਉਂ ਹੋ।"

ਮੈਨੂੰ ਮੰਨਣਾ ਚਾਹੀਦਾ ਹੈ ਕਿ ਪ੍ਰਿੰਸ ਦੀ ਦੂਜੀ ਫੇਰੀ ਮੈਨੂੰ ਬਹੁਤ ਸ਼ੱਕੀ ਨਜ਼ਰ ਆਈ। ਮੈਨੂੰ ਉਮੀਦ ਨਹੀਂ ਸੀ ਕਿ ਉਹ ਓਜੋਗਿਨਾਂ ਨੂੰ ਦੂਜੀ ਵਾਰ ਮਿਲਣ ਆਵੇਗਾ। ਮੇਰੇ ਵਰਗੇ ਵਿਅਕਤੀ ਆਮ ਤੌਰ 'ਤੇ ਦੁਨੀਆਂ ਵਿਚ ਹਰ ਚੀਜ਼ ਦੀ ਉਮੀਦ ਕਰਦੇ ਹਨ ਪਰ ਉਸ ਨੂੰ ਛੱਡ ਕੇ ਜੋ ਸਭ ਤੋਂ ਵੱਧ ਕੁਦਰਤੀ ਹੁੰਦੀ ਹੈ। ਮੈਂ ਬੁੱਲ੍ਹ ਮੀਚ ਲਏ ਅਤੇ ਇਕ ਨਾਰਾਜ਼ ਪਰ ਖੁੱਲ੍ਹ-ਦਿਲੇ ਵਿਅਕਤੀ ਵਰਗਾ ਲਹਿਜਾ ਧਾਰਨ ਕਰ ਲਿਆ। ਆਪਣੀ ਨਰਾਜ਼ਗੀ ਨਾਲ ਲੀਜ਼ਾ ਨੂੰ ਸਜ਼ਾ ਦੇਣ ਦੀ ਮੇਰੀ ਇੱਛਾ ਸੀ। ਇਹ ਦਰਸਾਉਂਦਾ ਸੀ ਕਿ ਮੈਂ ਨਿਰਾਸ਼ ਨਹੀਂ ਸੀ। ਕਿਹਾ ਜਾਂਦਾ ਹੈ ਕਿ ਕੁਝ ਮਾਮਲਿਆਂ ਵਿਚ ਜਦੋਂ ਕਿਸੇ ਵਿਅਕਤੀ ਨੂੰ ਸੱਚਮੁਚ ਕੋਈ ਪਿਆਰ ਕਰਦਾ ਹੁੰਦਾ ਹੈ ਤਾਂ ਇਹ ਠੀਕ ਹੁੰਦਾ ਹੈ ਕਿ ਉਹ ਉਸ ਨੂੰ ਜਿਸ ਨੂੰ ਉਹ ਪਿਆਰ ਕਰਦਾ ਹੈ ਥੋੜ੍ਹਾ ਜਿਹਾ ਸਤਾਏ। ਪਰ ਮੇਰੇ ਮਾਮਲੇ ਵਿਚ ਇਹ ਬਹੁਤ ਮੂਰਖਾਂ ਵਾਲਾ ਦਾਅ ਪੇਚ ਸੀ। ਲੀਜ਼ਾ ਅਤਿਅੰਤ ਮਾਸੂਮ ਤਰੀਕੇ ਨਾਲ ਇਸ ਤੋਂ ਬੇਖ਼ਬਰ ਰਹੀ। ਕੇਵਲ ਬਜ਼ੁਰਗ ਸ਼੍ਰੀਮਤੀ ਓਜੋਗਿਨ ਨੇ ਮੇਰੀ ਗੰਭੀਰ ਚੁੱਪ ਨੂੰ ਜਾਚਿਆ ਅਤੇ ਹਮਦਰਦੀ ਨਾਲ ਮੈਨੂੰ ਪੁੱਛਿਆ ਕਿ, ਕੀ ਮੈਂ ਠੀਕ ਹਾਂ। ਬੇਸ਼ੱਕ ਮੈਂ ਤਲਖ਼ ਮੁਸਕਰਾਹਟ ਨਾਲ ਜਵਾਬ ਦਿੱਤਾ ਅਤੇ ਕਿਹਾ ਕਿ ਮੈਂ ਰੱਬ ਦੀ ਮਿਹਰ ਨਾਲ ਬਿਲਕੁਲ ਠੀਕ ਹਾਂ। ਓਜੋਗਿਨ ਨੇ ਆਪਣੇ ਨਵੇਂ ਮਹਿਮਾਨ ਬਾਰੇ ਗੱਲ ਜਾਰੀ ਰੱਖੀ ਪਰ ਇਹ ਜਾਣਦਿਆਂ ਕਿ ਮੈਂ ਬੇਦਿਲੀ ਨਾਲ ਗੱਲ ਕੀਤੀ ਸੀ। ਉਹ ਬਿਜ਼ਮਨਕੋਫ਼ ਵੱਲ ਮੁੜਿਆ ਜਿਸ ਨੇ ਉਸ ਨੂੰ ਬਹੁਤ ਧਿਆਨ ਨਾਲ ਸੁਣਿਆ। ਅਚਾਨਕ ਅਰਦਲੀ ਨੇ ਐਲਾਨ ਕੀਤਾ:

"ਮਹਾਰਾਜ, ਪ੍ਰਿੰਸ ਐੱਨ--"
ਮੇਜ਼ਬਾਨ ਨੇ ਚਾਅ ਨਾਲ ਉੱਛਲਿਆ ਅਤੇ ਉਸ ਨੂੰ ਮਿਲਣ ਲਈ ਗਿਆ। ਲੀਜ਼ਾ, ਜਿਸ ਵੱਲ ਮੈਂ ਵਿੰਨ੍ਹ ਦੇਣ ਵਾਲੀਆਂ ਅੱਖਾਂ ਨਾਲ ਵੇਖਿਆ ਖੁਸ਼ੀ ਨਾਲ ਲਾਲ ਹੋ ਗਈ ਅਤੇ ਆਪਣੀ ਕੁਰਸੀ 'ਤੇ ਹਿੱਲਣ ਲੱਗ ਪਈ। ਪ੍ਰਿੰਸ ਅੰਦਰ ਆਇਆ ਸਾਰੇ ਦਾ ਸਾਰਾ ਧੁੱਪ ਵਾਂਗ ਖਿੜਿਆ, ਮਹਿਕਦਾ, ਟਹਿਕਦਾ ਅਤੇ ਸਨਿਮਰ।
ਮੈਂ ਮਿਹਨਤੀ ਪਾਠਕ ਲਈ ਕੋਈ ਕਹਾਣੀ ਨਹੀਂ ਲਿਖ ਰਿਹਾ, ਸਗੋਂ ਮੈਂ ਤਾਂ ਆਪਣੀ ਦਿਲਲਗੀ ਲਈ ਲਿਖ ਰਿਹਾ ਹਾਂ। ਇਸ ਲਈ ਮੈਂ ਕਹਾਣੀਕਾਰਾਂ ਦੀਆਂ ਲੇਖਣੀ-ਜੁਗਤਾਂ ਦਾ ਸਹਾਰਾ ਨਹੀਂ ਲਵਾਂਗਾ। ਇਸ ਲਈ ਮੈਂ ਇਕ ਵਾਰ ਇਹ ਬਿਆਨ ਕਰਾਂਗਾ ਕਿ ਪ੍ਰਿੰਸ ਨੂੰ ਦੇਖਣ ਸਾਰ ਹੀ ਲੀਜ਼ਾ ਉਸ ਨਾਲ ਪਿਆਰ ਕਰਨ ਲੱਗ ਪਈ। ਉਹ ਵੀ ਉਸ ਦੇ ਨਾਲ ਪਿਆਰ ਕਰਨ ਲੱਗ ਪਿਆ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਹੋਇਆ। ਕੁਝ ਹੱਦ ਤਕ ਇਸ ਲਈ ਕਿ ਉਸ ਕੋਲ ਕਰਨ ਲਈ ਹੋਰ ਕੁਝ ਨਹੀਂ ਸੀ ਅਤੇ ਕੁਝ ਹੱਦ ਤਕ ਇਸ ਲਈ ਕਿ ਉਸ ਨੂੰ ਔਰਤਾਂ ਆਪਣੀਆਂ ਪਾਗਲ ਬਣਾ ਲੈਣ ਦੀ ਆਦਤ ਸੀ ਅਤੇ ਇਹ ਵੀ ਕਿ ਲੀਜ਼ਾ ਸੱਚਮੁਚ ਬੜੀ ਪਿਆਰੀ ਕੁੜੀ ਸੀ। ਵੱਡੀ ਸੰਭਾਵਨਾ ਹੈ ਕਿ ਉਸ ਨੇ ਓ--- ਵਰਗੇ ਸਰਾਪੇ ਸ਼ਹਿਰ ਦੇ ਗੰਦੇ ਘੋਗੇ ਵਿਚ ਅਜਿਹਾ ਮੋਤੀ ਲੱਭਣ ਦੀ ਕਦੇ ਆਸ ਨਹੀਂ ਰੱਖੀ ਹੋਣੀ ਅਤੇ ਲੀਜ਼ਾ ਨੇ ਅਜੇ ਤਕ ਆਪਣੇ ਸੁਪਨਿਆਂ ਵਿਚ ਵੀ ਅਜਿਹਾ ਸੁੰਦਰ, ਖ਼ੁਸ਼-ਤਬੀਅਤ, ਸੋਚ-ਵਿਚਾਰ ਅਤੇ ਮਨਮੋਹਨਾ ਕੁਲੀਨ ਸ਼੍ਰੇਣੀ ਦਾ ਨੌਜਵਾਨ ਨਹੀਂ ਵੇਖਿਆ ਹੋਣਾ।
ਪਹਿਲੀ ਰਸਮੀ ਦੁਆ ਸਲਾਮ ਤੋਂ ਬਾਅਦ ਮੇਰੀ ਪ੍ਰਿੰਸ ਨਾਲ ਜਾਣ-ਪਛਾਣ ਕਰਵਾਈ ਗਈ। ਉਹ ਮੇਰੇ ਨਾਲ ਬਹੁਤ ਹੀ ਸਲੀਕੇ ਨਾਲ ਪੇਸ਼ ਆਇਆ। ਉਹ ਆਮ ਤੌਰ 'ਤੇ ਹਰ ਕਿਸੇ ਨਾਲ ਸਲੀਕੇ ਨਾਲ ਪੇਸ਼ ਆਉਂਦਾ ਸੀ, ਹਾਲਾਂਕਿ ਉਸ ਦੇ ਅਤੇ ਸਾਡੇ ਵਰਗੇ ਤੁਛ ਗਰੀਬ, ਅਨਪੜ੍ਹ ਵਿਅਕਤੀਆਂ ਦੇ ਸਰਕਲ ਵਿਚਕਾਰ ਬਹੁਤ ਵੱਡਾ ਫ਼ਰਕ ਸੀ। ਉਹ ਅਜਿਹੇ ਤਰੀਕੇ ਨਾਲ ਵਿਹਾਰ ਕਰਦਾ ਸੀ ਕਿ ਉਹ ਆਪਣੀ ਮੌਜੂਦਗੀ ਵਿਚ ਨਾ ਸਿਰਫ਼ ਦੂਜਿਆਂ ਨੂੰ ਔਖ ਜਿਹੀ ਮਹਿਸੂਸ ਕਰਨ ਲਾ ਦਿੰਦਾ ਸੀ, ਸਗੋਂ ਉਹ ਖ਼ੁਦ ਵੀ ਅਜਿਹਾ ਰੂਪ ਧਾਰ ਲੈਂਦਾ, ਜਿਵੇਂ ਉਹ ਸਾਡੇ ਵਰਗਾ ਹੀ ਇਕ ਹੋਵੇ ਅਤੇ ਉਸ ਦਾ ਕੁਲੀਨ ਪਰਿਵਾਰ ਤੇ ਮਹਾਂਨਗਰ ਵਿਚ ਉਸ ਦੀ ਰਿਹਾਇਸ਼ ਮਹਿਜ਼ ਹਾਦਸੇ ਹੋਣ ਜਿਨ੍ਹਾਂ ਦੀ ਕੋਈ ਵੁੱਕਤ ਨਹੀਂ ਸੀ।

ਪਹਿਲੀ ਸ਼ਾਮ- ਓਹ! ਉਸ ਦੀ ਸੰਗਤ ਵਿਚ ਉਹ ਪਹਿਲੀ ਸ਼ਾਮ! ਮੈਨੂੰ ਇਕ ਵਾਰ ਦੀ ਯਾਦ ਹੈ। ਮੇਰੇ ਬਚਪਨ ਦੇ ਖੁਸ਼ੀਆਂ ਭਰੇ ਦਿਨਾਂ ਵਿਚ ਮੇਰੇ ਅਧਿਆਪਕ ਨੇ ਮਰਦਾਨਗੀ ਸਿਰੜ ਨੂੰ ਇਕ ਉਦਾਹਰਣ ਰਾਹੀਂ ਮੂਰਤੀਮਾਨ ਕਰਨ ਲਈ ਮੈਨੂੰ ਸਪਾਰਟਾ ਦੇ ਇਕ ਨੌਜਵਾਨ ਦੀ ਕਹਾਣੀ ਸੁਣਾਈ ਸੀ ਜਿਸ ਨੇ ਲੂੰਬੜੀ ਚੋਰੀ ਕਰ ਲਈ ਸੀ ਅਤੇ ਉਸ ਨੂੰ ਆਪਣੇ ਕੋਟ ਹੇਠ ਲੁਕਾ ਲਿਆ ਸੀ। ਜਦੋਂ ਲੂੰਬੜੀ ਉਸ ਨੌਜਵਾਨ ਦਾ ਢਿੱਡ ਪਾੜ ਰਹੀ ਸੀ ਤਾਂ ਵੀ ਉਸ ਨੇ ਉਫ਼ ਤਕ ਨਹੀਂ ਕੀਤੀ ਸੀ। ਇਸ ਤਰ੍ਹਾਂ ਉਸ ਨੇ ਲੋਕਾਂ ਵਿਚ ਬੇਇੱਜ਼ਤੀ ਨਾਲੋਂ ਅਤਿ ਦੀ ਦਰਦਨਾਕ ਮੌਤ ਨੂੰ ਤਰਜੀਹ ਦਿੱਤੀ। ਮੈਨੂੰ ਉਸ ਸ਼ਾਮ, ਜਦੋਂ ਮੈਂ ਪਹਿਲੀ ਵਾਰ ਪ੍ਰਿੰਸ ਨੂੰ ਲੀਜ਼ਾ ਦੇ ਨੇੜੇ ਵੇਖਿਆ ਸੀ। ਹੰਢਾਏ ਦੁੱਖਾਂ ਦੀ ਸ਼ਿੱਦਤ ਨੂੰ ਦਰਸਾਉਣ ਲਈ ਇਸ ਨਾਲੋਂ ਵਧੀਆ ਕੋਈ ਹੋਰ ਮਿਸਾਲ ਨਹੀਂ ਮਿਲ ਸਕਦੀ। ਮੇਰੇ ਚਿਹਰੇ 'ਤੇ ਫੋਕੀ ਮੁਸਕਰਾਹਟ ਟਿਕੀ ਹੋਈ। ਮੇਰੀਆਂ ਤਿੱਖੀਆਂ ਅਤੇ ਦਿਲਗੀਰ ਨਿਗਾਹਾਂ, ਮੇਰੀ ਮੂਰਖ ਚੁੱਪੀ ਅਤੇ ਆਖ਼ਿਰ ਵਿਚ ਮੇਰੀ ਪਾਸੇ ਹੋ ਜਾਣ ਦੀ ਮੇਰੀ ਬੇਕਾਰ ਇੱਛਾ - ਇਸ ਸਭ ਨਾਲ ਉਸ ਸ਼ਾਮ ਮੈਂ ਜ਼ਰੂਰ ਇਕ ਅਜੀਬੋ-ਗ਼ਰੀਬ ਵਿਅਕਤੀ ਲੱਗਦਾ ਹੋਵਾਂਗਾ। ਸੱਚਮੁਚ, ਇਕ ਤੋਂ ਵੱਧ ਲੂੰਬੜੀਆਂ ਮੇਰੀਆਂ ਅੰਤੜੀਆਂ ਨੂੰ ਕੁਤਰ ਰਹੀਆਂ ਸਨ। ਈਰਖਾ, ਸਾੜਾ, ਬੇਬੱਸ ਕ੍ਰੋਧ ਅਤੇ ਆਪਣੀ ਖ਼ੁਦ ਦੇ ਕੁਝ ਨਾ ਹੋਣ ਦਾ ਹੀਣਭਾਵਨਾ। ਸਭ ਮੈਨੂੰ ਇਕੋ ਸਮੇਂ ਤਸੀਹੇ ਦੇ ਰਹੇ ਸਨ। ਮੈਂ ਇਹ ਸਵੀਕਾਰ ਕਰਨ ਤੋਂ ਨਹੀਂ ਸੀ ਰਹਿ ਸਕਦਾ ਕਿ ਪ੍ਰਿੰਸ ਇਕ ਬਹੁਤ ਹੀ ਮਨਭਾਉਂਦਾ ਨੌਜਵਾਨ ਸੀ। ਮੈਂ ਉਸ ਤੋਂ ਆਪਣੀਆਂ ਅੱਖਾਂ ਹਟਾ ਨਹੀਂ ਸਕਦਾ ਸੀ। ਅਸਲ ਵਿਚ ਮੈਂ ਸੋਚਦਾ ਹਾਂ ਕਿ ਮੇਰੀ ਆਦਤ ਦੇ ਬਾਵਜੂਦ ਉਸ ਸਾਰੀ ਸ਼ਾਮ ਮੈਂ ਇਕ ਵਾਰ ਵੀ ਅੱਖਾਂ ਨਹੀਂ ਝਪਕੀਆਂ। ਉਸ ਨੇ ਸਿਰਫ਼ ਲੀਜ਼ਾ ਨਾਲ ਹੀ ਨਹੀਂ, ਹਾਜ਼ਿਰ ਹਰ ਕਿਸੇ ਨਾਲ ਗੱਲਾਂ ਕੀਤੀਆਂ ਪਰ ਉਸ ਦੀ ਸਾਰੀਆਂ ਗੱਲਾਂ ਉਸ ਇਕੱਲੀ ਵਾਸਤੇ ਸਨ। ਮੇਰਾ ਖ਼ਿਆਲ ਹੈ ਕਿ ਉਸ ਸ਼ਾਮ ਉਹ ਮੇਰੇ ਨਾਲ ਬਹੁਤ ਨਰਾਜ਼ ਸੀ। ਉਸ ਨੇ ਸ਼ਾਇਦ ਤੁਰੰਤ ਸਮਝ ਲਿਆ ਸੀ ਕਿ ਮੇਰੇ ਰੂਪ ਵਿਚ ਉਸ ਦਾ ਹਾਰ ਚੁੱਕਾ ਰਕੀਬ ਸੀ ਅਤੇ ਮੇਰੇ 'ਤੇ ਤਰਸ ਖਾ ਕੇ ਤੇ ਇਹ ਜਾਣ ਕੇ ਮੈਂ ਕਿੰਨਾ ਨਿਰਦੋਸ਼ ਸਾਂ, ਉਸ ਨੇ ਮੈਨੂੰ ਬਹੁਤ ਹੀ ਮਿਹਰਬਾਨ ਸ਼ਬਦਾਂ ਨਾਲ ਸੰਬੋਧਿਤ ਕੀਤਾ। ਇਹ ਕਲਪਨਾ ਕਰਨਾ ਆਸਾਨ ਹੈ ਕਿ ਮੈਂ ਉਸ ਦੀ ਇਸ ਦਿਆਲਤਾ ਬਾਰੇ ਕਿਸ ਤਰ੍ਹਾਂ ਮਹਿਸੂਸ ਕੀਤਾ।

ਪੂਰੀ ਸ਼ਾਮ ਮੈਂ ਆਪਣੀ ਕੀਤੀ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਆਪਣੇ ਦੁੱਖਾਂ ਦੇ ਵਿਚਕਾਰ ਸੋਚਿਆ (ਰੱਬ ਕਰੇ ਇਹ ਹੱਥ-ਲਿਖਤ ਦਾ ਪਾਠਕ ਮੇਰੇ ਉੱਤੇ ਹੱਸੇ ਨਾ, ਇਹ ਮੇਰਾ ਆਖ਼ਰੀ ਭੁਲੇਖਾ ਸੀ।) ਸੀ, ਕਿ ਲੀਜ਼ਾ ਮੈਨੂੰ ਉਸ ਵੱਲ ਮੇਰੇ ਰੁੱਖੇਪਣ ਦੀ ਸਜ਼ਾ ਦੇਣਾ ਚਾਹੁੰਦੀ ਸੀ। ਮੇਰੇ ਨਾਲ ਗੁੱਸੇ ਸੀ ਅਤੇ ਮੈਨੂੰ ਥੋੜਾ ਪ੍ਰੇਸ਼ਾਨ ਕਰਨ ਦੀ ਇੱਛਕ ਸੀ। ਇਸ ਲਈ ਉਸ ਨੇ ਪ੍ਰਿੰਸ ਦੇ ਨਾਲ ਇਸ਼ਕ ਰਚਾਇਆ ਸੀ। ਪਹਿਲੇ ਢੁੱਕਵੇਂ ਮੌਕੇ 'ਤੇ ਮੈਂ ਉਸ ਨੂੰ ਇਕ ਸ਼ਾਂਤ, ਨਿਮਰ ਜਿਹੀ ਮੁਸਕਰਾਹਟ ਨਾਲ ਮਿਲਿਆ ਅਤੇ ਕਿਹਾ, "ਕਾਫ਼ੀ ਹੋ ਗਿਆ..ਹੁਣ ਮੈਨੂੰ ਮਾਫ਼ ਕਰੋ। ਮੈਂ ਇਸ ਲਈ ਨਹੀਂ ਕੀਤਾ ਕਿਉਂਕਿ ਮੈਂ ਡਰਦਾ ਸੀ---" ਅਤੇ ਜਵਾਬ ਦੀ ਉਡੀਕ ਕੀਤੇ ਬਗੈਰ ਮੈਂ ਇਕ ਖੁਸ਼ ਦਿਖਾਈ ਦੇਣ ਯਤਨ ਕੀਤਾ, ਚਿਹਰੇ 'ਤੇ ਇਕ ਅਨੋਖੀ ਕਿਸਮ ਦੀ ਮੁਸਕਰਾਹਟ ਲਿਆਂਦੀ। ਛੱਤ ਵੱਲ ਆਪਣਾ ਹੱਥ ਉੱਪਰ ਚੁੱਕਿਆ (ਮੈਨੂੰ ਯਾਦ ਹੈ ਮੈਂ ਆਪਣੀ ਨਕਟਾਈ ਠੀਕ ਕਰਨਾ ਚਾਹੁੰਦਾ ਸੀ)। ਮੈਂ ਇਕ ਲੱਤ 'ਤੇ ਘੁੰਮਣ ਲਈ ਵੀ ਪ੍ਰਸਤਾਵ ਪੇਸ਼ ਕੀਤਾ, ਮਤਲਬ ਇਹ ਦਿਖਾਉਣ ਦਾ ਸੀ ਕਿ ਸਾਰਾ ਕੰਮ ਪੂਰਾ ਹੋ ਚੁੱਕਾ ਸੀ, ਕਿ ਮੈਂ ਠੀਕ-ਠਾਕ ਸੀ ਅਤੇ ਸਾਰਿਆਂ ਦਾ ਹਾਸੇ-ਮਖੌਲ ਦੇ ਰੌਂ ਵਿਚ ਹੋਣਾ ਲੋਚਦਾ ਸਾਂ ਪਰ ਇਸ ਡਰ ਦੇ ਕਾਰਣ ਮੈਂ ਅਜਿਹਾ ਨਹੀਂ ਕੀਤਾ ਕਿ ਮੈਂ ਕਿਤੇ ਡਿੱਗ ਹੀ ਨਾ ਜਾਵਾਂ। ਬੇਸ਼ੱਕ, ਲੀਜ਼ਾ ਮੈਨੂੰ ਸਮਝਦੀ ਨਹੀਂ ਸੀ। ਉਸ ਨੇ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ ਅਤੇ ਜਲਦੀ ਨਾਲ ਮੁਸਕਰਾਈ, ਜਿਵੇਂ ਕਿ ਮੈਥੋਂ ਖਹਿੜਾ ਛੁਡਾਉਣ ਦੀ ਇੱਛਕ ਹੋਵੇ ਅਤੇ ਫਿਰ ਪ੍ਰਿੰਸ ਦੇ ਕੋਲ ਬੈਠ ਗਈ।

ਅੰਨ੍ਹਾ ਅਤੇ ਬੋਲ਼ਾ ਜਿਵੇਂ ਕਿ ਮੈਂ ਪੂਰਾ ਸਮਾਂ ਸੀ। ਮੈਂ ਨਹੀਂ ਦੇਖ ਸਕਿਆ ਸੀ ਕਿ ਉਹ ਮੇਰੇ ਨਾਲ ਗੁੱਸੇ ਜਾਂ ਖਫ਼ਾ ਨਹੀਂ ਸੀ। ਉਸ ਨੇ ਮੇਰੇ ਬਾਰੇ ਸੋਚਿਆ ਤਕ ਨਹੀਂ ਸੀ। ਇਹ ਆਖ਼ਰੀ ਫੱਟ ਸੀ। ਮੇਰੀ ਆਖ਼ਰੀ ਆਸ ਸੂਰਜ ਦੀ ਪਹਿਲੀ ਕਿਰਨ ਨਾਲ ਬਰਫ਼ ਦੀ ਖੁੰਭ ਦੀ ਤਰ੍ਹਾਂ ਢੇਰ ਹੋ ਗਈ ਸੀ। ਪਹਿਲੀ ਝੜਪ ਵਿਚ ਮੈਨੂੰ ਕੁੱਟਿਆ ਗਿਆ ਸੀ, ਜਿਵੇਂ ਜੀਨਾ ਦੀ ਲੜਾਈ ਵਿੱਚ ਪਰੂਸੀਅਨ ਦੀ ਫੌਜ ਨਾਲ ਹੋਇਆ ਸੀ। ਮੈਂ ਇਕ ਦਿਨ ਵਿਚ ਸਭ ਕੁਝ ਇਕੋ ਵਾਰੀ ਹਾਰ ਗਿਆ ਸੀ। ਉਹ ਮੇਰੇ ਨਾਲ ਕਦੇ ਗੁੱਸੇ ਨਹੀਂ ਸੀ ਹੋਈ! ਉਫ਼! ਮੈਂ ਇਸ ਨੂੰ ਦੇਖਿਆ, ਉਹ ਇਕ ਨਦੀ ਕਿਨਾਰੇ ਇਕ ਦਰੱਖਤ ਦੀ ਤਰ੍ਹਾਂ ਸੀ ਜਿਸ ਦੀਆਂ ਜੜ੍ਹਾਂ ਥੱਲਿਓਂ ਮਿੱਟੀ ਖੁਰ ਰਹੀ ਸੀ ਜਿਸ ਤਰ੍ਹਾਂ ਇਕ ਛੋਟੀ ਉਮਰ ਦਾ ਦਰੱਖ਼ਤ ਜੋ ਨਦੀ ਦੇ ਕੰਢੇ ਨਾਲੋਂ ਜੁਦਾ ਹੋ ਹੀ ਗਿਆ ਹੁੰਦਾ ਹੈ। ਨਦੀ ਦੀ ਧਾਰਾ ਵੱਲ ਵਧੇਰੇ ਹੀ ਵਧੇਰੇ ਝੁਕਦਾ ਜਾਂਦਾ ਹੈ। ਇਸ ਵਿਚ ਉਸ ਬਸੰਤ ਦੀ ਪਹਿਲੀ ਕਲੀ ਧਾਰਾ ਵਿਚ ਵਹਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਤਕ ਡੋਬ ਦੇਣ ਲਈ ਤਿਆਰ ਹੁੰਦਾ ਹੈ। ਉਹ ਜਿਸ ਨੂੰ ਵੀ ਆਪਣੇ ਇਕ ਤਰਫਾ ਪਿਆਰ ਦੀ ਪਾਤਰ ਵਿਚੋਂ ਭਾਵਨਾਵਾਂ ਦੇ ਅਜਿਹੇ ਪੜਾਵਾਂ ਨੂੰ ਵਾਚਣ ਦਾ ਮੌਕਾ ਕਦੇ ਮਿਲਿਆ ਹੋਵੇ, ਉਸ ਨੂੰ ਅਜਿਹੇ ਤਲਖ਼, ਬਹੁਤ ਹੀ ਤਲਖ਼ ਪਲਾਂ ਦਾ ਅਨੁਭਵ ਜ਼ਿੰਦਗੀ ਵਿਚ ਹੰਢਾਇਆ ਹੋਵੇਗਾ। ਖੁੱਭੀਆਂ ਹੋਈਆਂ ਨਿਗਾਹਾਂ, ਕੋਮਲ ਖੁਸ਼ੀਆਂ, ਮਾਸੂਮ ਆਤਮ-ਸਮਰਪਣ, ਬਾਲਪਣ ਅਤੇ ਨਾਰੀਪਣ ਦੇ ਘੋਲ ਵਿਚ ਭਿੱਜੀਆਂ ਅਦਾਵਾਂ, ਉਸ ਦੇ ਅੱਧਮੀਟੇ ਬੁੱਲ੍ਹਾਂ ਅਤੇ ਕਿਰਮਚੀ ਹੋ ਰਹੀਆਂ ਗੱਲ੍ਹਾਂ 'ਤੇ ਅਠਖੇਲੀਆਂ ਕਰਦੀ। ਉਹ ਨਿਰੰਤਰ ਖਿੜੀ-ਖਿੜੀ ਮੁਸਕਰਾਹਟ ਜੋ ਮੈਨੂੰ ਕਦੇ ਨਹੀਂ ਭੁੱਲੇਗੀ।

ਲੀਜ਼ਾ ਨੇ ਜੰਗਲ ਵਿਚ ਸਾਡੀ ਸੈਰ ਕਰਨ ਸਮੇਂ ਜੋ ਧੁੰਦਲੇ ਜਿਹੇ ਸੁਪਨੇ ਦੇਖੇ ਸੀ। ਹੁਣ ਉਹ ਸਾਕਾਰ ਹੋ ਗਏ ਸੀ। ਉਸ ਨੇ ਆਪਣਾ ਸਮੁੱਚਾ ਆਪਾ ਪੂਰੀ ਤਰਾਂ ਪਿਆਰ ਦੇ ਪੱਲੇ ਪਾ ਦਿੱਤਾ ਸੀ ਅਤੇ ਕਿਹਾ ਜਾਵੇ, ਸ਼ਾਂਤ ਅਤੇ ਨਿਰਮਲ ਹੋ ਗਈ ਸੀ। ਜਿਸ ਤਰ੍ਹਾਂ ਤਾਜ਼ਾ ਸ਼ਰਾਬ ਜਦੋਂ ਪੂਰੀ ਬਣ ਜਾਂਦੀ ਹੈ ਤਾਂ ਖ਼ਮੀਰ ਦਾ ਉਬਾਲ ਨਹੀਂ ਆਉਂਦਾ।

ਓਸ ਪੂਰੀ ਸ਼ਾਮ ਅਤੇ ਹੋਰ ਕਈ ਸ਼ਾਮਾਂ ਅੰਤ ਤਕ ਉੱਥੇ ਬੈਠਣ ਦਾ ਧੀਰਜ ਮੇਰੇ ਪੱਲੇ ਸੀ। ਮੈਂ ਕੋਈ ਆਸ ਨਹੀਂ ਰੱਖ ਸਕਦਾ ਸੀ। ਲੀਜ਼ਾ ਅਤੇ ਪ੍ਰਿੰਸ ਇਕ ਦੂਜੇ ਨਾਲ ਵਧੇਰੇ ਹੀ ਵਧੇਰੇ ਜੁੜ ਚੁੱਕੇ ਸਨ ਪਰ ਮੇਰੀ ਸਵੈ-ਮਾਣ ਦੀ ਭਾਵਨਾ ਪੂਰੀ ਤਰ੍ਹਾਂ ਮਿਟ ਗਈ ਸੀ। ਮੈਂ ਆਪਣੇ ਆਪ ਨੂੰ ਆਪਣੀ ਬਦਕਿਸਮਤੀ ਦੇ ਦ੍ਰਿਸ਼ ਤੋਂ ਅੱਡ ਨਾ ਕਰ ਸਕਿਆ। ਇਕ ਵਾਰ ਜਦੋਂ ਮੈਂ ਉੱਥੇ ਨਾ ਜਾਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਸਨਮਾਨ ਦੀ ਸਹੁੰ ਖਾਧੀ ਕਿ ਮੈਂ ਸਾਰੀ ਸ਼ਾਮ ਘਰ ਹੀ ਰਹਾਂਗਾ ਪਰ ਜਦੋਂ ਹੀ ਘੜੀ ਨੇ ਅੱਠ ਵਜਾਏ (ਮੇਰੇ ਜਾਣ ਦਾ ਆਮ ਸਮਾਂ ਸੱਤ ਵਜੇ ਦਾ ਹੁੰਦਾ ਸੀ।) ਮੈਂ ਆਪਣੀ ਟੋਪੀ ਪਹਿਨੀ ਅਤੇ ਓਜੋਗਿਨਾਂ ਵੱਲ ਭੱਜ ਨਿਕਲਿਆ। ਮੇਰੀ ਹਾਲਤ ਬਹੁਤ ਖ਼ਰਾਬ ਸੀ। ਮੈਂ ਕਈ ਦਿਨਾਂ ਤਕ ਇਕ ਆਵਾਜ਼ ਤਕ ਮੂੰਹੋਂ ਨਾ ਕੱਢੀ। ਮੈਂ ਭਾਸ਼ਣਾਂ ਵਿਚ ਪਹਿਲਾਂ ਵੀ ਕਦੇ ਵਧੀਆ ਨਹੀਂ ਸੀ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਪਰ ਉਸ ਸਮੇਂ ਜੇ ਕੁਝ ਸ਼ਬਦ ਮੇਰੀ ਜ਼ਬਾਨ 'ਤੇ ਆਉਣ ਲੱਗਦੇ ਪ੍ਰਿੰਸ ਦੇ ਹਾਜ਼ਰ ਹੋਣ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੇ ਸਨ ਅਤੇ ਮੈਂ ਅਜਿਹੇ ਬਾਜ਼ ਵਾਂਗ ਮਹਿਸੂਸ ਕਰਦਾ ਜਿਸ ਦੇ ਪਰ ਗੁਆਚ ਗਏ ਹੋਣ। ਇਸ ਦੇ ਇਲਾਵਾ ਜਦੋਂ ਮੈਂ ਇਕੱਲਾ ਹੁੰਦਾ। ਜੋ ਮੈ ਪਿਛਲੀ ਸ਼ਾਮ ਦੇ ਦੌਰਾਨ ਕੁਝ ਦੇਖਿਆ ਵਾਚਿਆ ਹੁੰਦਾ ਸੀ, ਉਸ ਦਾ ਵਿਸ਼ਲੇਸ਼ਣ ਕਰਨ ਵਿਚ ਮੈਂ ਆਪਣੇ ਵਿਚਾਰੇ ਦਿਮਾਗ਼ ਤੇ ਏਨਾ ਭਾਰ ਪਾ ਦਿੰਦਾ ਕਿ ਅਗਲੀ ਸ਼ਾਮ ਜਦੋਂ ਮੈਂ ਓਜੋਗਿਨਾਂ ਦੇ ਜਾਂਦਾ ਤਾਂ ਮੈਂ ਕੁਝ ਵੀ ਦੇਖਣ ਵਾਚਣ ਦੇ ਅਸਮਰੱਥ ਹੁੰਦਾ ਸੀ। ਓਜੋਗਿਨ ਮੇਰੇ ਨਾਲ ਦਇਆ ਅਤੇ ਹਮਦਰਦੀ ਨਾਲ ਵਿਚਰਦੇ, ਜਿਵੇਂ ਮੈਂ ਬਿਮਾਰ ਵਿਅਕਤੀ ਹੋਵਾਂ। ਮੈਂ ਇਹ ਵੀ ਤਾੜ ਲਿਆ ਸੀ।

ਹਰ ਰੋਜ਼ ਸਵੇਰੇ ਮੈਂ ਨਵਾਂ ਅਤੇ ਪੱਕਾ ਇਰਾਦਾ ਬਣਾਉਂਦਾ ਜੋ ਕਿ ਰਾਤ ਦੇ ਉਨੀਂਦਰੇ ਦੇ ਕਸ਼ਟ ਦਾ ਨਤੀਜਾ ਹੁੰਦਾ ਸੀ ਕਈ ਵਾਰ ਮੈਂ ਲੀਜ਼ਾ ਤੋਂ ਸਪੱਸ਼ਟੀਕਰਨ ਲੈਣ ਦਾ, ਉਸ ਨੂੰ ਥੋੜ੍ਹੀ ਦੋਸਤਾਨਾ ਸਲਾਹ ਦੇਣ ਦਾ ਮਨ ਬਣਾ ਲੈਂਦਾ ਪਰ ਜਦੋਂ ਮੈਂ ਉਸ ਕੋਲ ਇਕੱਲਾ ਹੁੰਦਾ ਤਾਂ ਮੇਰੀ ਜੀਭ ਠਾਕੀ ਜਾਂਦੀ ਸੀ। ਜਿਵੇਂ ਇਸ ਨੂੰ ਲਕਵਾ ਮਾਰ ਗਿਆ ਹੋਵੇ ਅਤੇ ਅਸੀਂ ਦੋਨੋਂ ਚੁੱਪ ਦੇ ਤਸੀਹੇ ਵਿਚ ਸਮਾਂ ਬਿਤਾ ਰਹੇ ਹੁੰਦੇ। ਕਿਸੇ ਤੀਜੇ ਵਿਅਕਤੀ ਦੇ ਆਉਣ ਦੀ ਉਡੀਕ ਕਰਦੇ ਤਾਂ ਜੋ ਸਾਨੂੰ ਰਾਹਤ ਮਿਲੇ ਜਾਂ ਮੈਂ ਹਮੇਸ਼ਾ ਲਈ ਇਸ ਜਗ੍ਹਾ ਨੂੰ ਛੱਡਣ ਲਈ ਆਪਣਾ ਮਨ ਬਣਾ ਲੈਂਦਾ। ਬੇਸ਼ੱਕ ਲੀਜ਼ਾ ਲਈ ਇਕ ਖ਼ਤ ਪਿੱਛੇ ਛੱਡ ਜਾਂਦਾ। ਝਿੜਕਾਂ ਗਾਲ੍ਹਾਂ ਨਾਲ ਭਰਿਆ ਖ਼ਤ। ਮੈਂ ਇਕ ਵਾਰ ਤਾਂ ਅਜਿਹਾ ਖ਼ਤ ਲਿਖਣਾ ਸ਼ੁਰੂ ਵੀ ਕਰ ਦਿੱਤਾ ਸੀ ਪਰ ਇਨਸਾਫ਼ ਦੀ ਭਾਵਨਾ ਅਜੇ ਮੇਰੇ ਅੰਦਰ ਅਜੇ ਪਈ ਸੀ। ਇਹ ਮਨ ਵਿਚ ਆਈ ਕਿ ਮੇਰੇ ਕੋਲ ਕਿਸੇ ਨੂੰ ਬਦਨਾਮ ਕਰਨ ਦਾ ਕੋਈ ਹੱਕ ਜਾਂ ਕਾਰਨ ਨਹੀਂ ਸੀ ਅਤੇ ਮੈਂ ਉਹ ਚਿੱਠੀ ਅੱਗ ਵਿਚ ਸੁੱਟ ਦਿੱਤੀ।

ਕਦੀ-ਕਦੀ ਇਕ ਖੁੱਲ੍ਹਦਿਲੀ ਦੀ ਭਾਵਨਾ ਦੇ ਹੱਥ ਮੇਰੀ ਲਗਾਮ ਆ ਜਾਂਦੀ ਸੀ। ਮੈਂ ਆਪਣੀ ਮੁਹੱਬਤ ਦੀ ਕੁਰਬਾਨੀ ਦੇਣ ਲਈ ਜਿਸ ਨੂੰ ਮੈਂ ਪਿਆਰ ਕਰਦਾ ਸੀ। ਉਸ ਨੂੰ ਅਸੀਸ ਦੇਣ, ਪਿਆਰ ਅਤੇ ਜੀਵਨ ਵਿਚ ਉਸ ਦੀ ਖ਼ੁਸ਼ੀ ਮੰਗਣ ਦਾ ਇਰਾਦਾ ਬਣਾ ਲੈਂਦਾ। ਅਜਿਹੇ ਪਲਾਂ ਵਿਚ ਮੈਂ ਪ੍ਰੇਮੀਆਂ ਨੂੰ ਦਿਆਲਤਾ ਅਤੇ ਹਮਦਰਦੀ ਨਾਲ ਵੇਖਦਾ ਪਰ ਉਨ੍ਹਾਂ ਮੇਰੀ ਕੁਰਬਾਨੀ ਲਈ ਧੰਨਵਾਦੀ ਤਾਂ ਕੀ ਹੋਣਾ ਸੀ, ਉਹ ਤਾਂ ਇਸ ਵੱਲ ਧਿਆਨ ਹੀ ਨਹੀਂ ਦਿੰਦੇ ਸਨ। ਉਨ੍ਹਾਂ ਨੂੰ ਮੇਰੀ ਉਦਾਰਤਾ ਜਾਂ ਮੇਰੀਆਂ ਮੁਸਕਰਾਹਟਾਂ ਦੀ ਕੋਈ ਲੋੜ ਨਹੀਂ ਸੀ। ਫਿਰ ਮੈਂ ਗੁੱਸੇ ਹੋ ਜਾਂਦਾ ਅਤੇ ਆਪਣੇ ਰਕੀਬ ਤੋਂ ਬਦਲਾ ਲੈਣ ਦੀਆਂ ਸਹੁੰਆਂ ਖਾਂਦਾ। ਮੈਂ ਇਕ ਸਪੇਨ ਵਾਸੀ ਵਾਂਗ ਲੋਈ ਦੀ ਬੁੱਕਲ ਮਾਰ ਕੇ ਹਨੇਰੀ ਰਾਤ ਕਿਸੇ ਕੋਨੇ ਵਿਚ ਛੁਪ ਕੇ ਪ੍ਰਿੰਸ ਦੀ ਉਡੀਕ ਕਰਨ ਅਤੇ ਉਸ ਦੀ ਛਾਤੀ ਵਿਚ ਛੁਰਾ ਖੋਭ ਦੇਣ ਦੀਆਂ ਘਾੜਤਾਂ ਘੜਦਾ। ਫਿਰ ਭਿਆਨਕ ਖੁਸ਼ੀ ਦੇ ਨਾਲ ਮੈਂ ਲੀਜ਼ਾ ਦੀ ਨਿਰਾਸ਼ਾ ਦੀ ਕਲਪਨਾ ਕਰਦਾ ਪਰ ਸਭ ਤੋਂ ਪਹਿਲਾਂ ਓ---ਨਗਰ ਵਿਚ ਬਹੁਤ ਘੱਟ ਅਜਿਹੇ ਰੋਮਾਂਟਿਕ ਕੋਨੇ ਹਨ ਅਤੇ ਫਿਰ ਪੈਰ-ਪੈਰ 'ਤੇ ਲੱਕੜ ਦੀਆਂ ਹੈਜ਼ਾਂ, ਸਟਰੀਟ ਲਾਈਟਾਂ, ਪੁਲਸੀਏ। ਨਹੀਂ, ਅਜਿਹੀਆਂ ਥਾਵਾਂ ਮਨੁੱਖੀ ਖੂਨ ਵਹਾਉਣ ਦੀ ਬਜਾਏ ਕੇਕ ਅਤੇ ਸੇਬ ਵੇਚਣ ਲਈ ਵਧੇਰੇ ਢੁੱਕਵੀਆਂ ਹਨ। ਇਨ੍ਹਾਂ ਸਾਰੇ "ਮੁਕਤ ਹੋਣ ਦੇ ਸਾਧਨਾਂ", ਜਿਨ੍ਹਾਂ ਦੀ ਘਾੜਤ ਮੈਂ ਮਨੋ-ਮਨ ਘੜਦਾ ਰਹਿੰਦਾ ਸੀ। ਉਨ੍ਹਾਂ ਵਿਚ ਮੈਂ ਓਜੋਗਿਨ ਨਾਲ ਵੀ ਗੱਲ ਕਰਨ ਦੀ ਸੋਚੀ, ਕਿ ਉਸ ਅਮੀਰ ਦਾ ਉਸ ਦੀ ਧੀ ਦੀ ਖ਼ਤਰਨਾਕ ਸਥਿਤੀ ਵੱਲ ਅਤੇ ਗ਼ੈਰ-ਗੰਭੀਰਤਾ ਦੇ ਦੁਖਦਾਈ ਸਿੱਟਿਆਂ ਵੱਲ ਧਿਆਨ ਦਵਾਏ। ਇਕ ਵਾਰ ਤਾਂ ਮੈਂ ਉਸ ਨਾਲ ਇਸ ਨਾਜ਼ੁਕ ਵਿਸ਼ੇ ਬਾਰੇ ਗੱਲ ਛੇੜ ਵੀ ਲਈ ਸੀ ਪਰ ਮੈਂ ਅਜਿਹੇ ਅਸਪਸ਼ਟ ਅਤੇ ਵਲੇਵੇਂਦਾਰ ਸ਼ਬਦਾਂ ਵਿਚ ਗੱਲ ਕੀਤੀ । ਉਸ ਸਮੇਂ ਮੈਂ ਜੋ ਕੁਝ ਕਿਹਾ ਸੀ ਉਸ ਦਾ ਇਕ ਸ਼ਬਦ ਵੀ ਉਹ ਸਮਝਣ ਤੋਂ ਬਿਨਾਂ ਸੁਣਦਾ ਰਿਹਾ ਅਤੇ ਫਿਰ ਮੇਰੀਆਂ ਰਹੱਸਮਈ ਬੁਝਾਰਤਾਂ ਤੋਂ ਅੱਕ ਜਾਣ ਕਾਰਨ ਅਚਾਨਕ ਉੱਠ ਖੜ੍ਹਾ ਹੋਇਆ ਜਿਵੇਂ ਕਿ ਭਾਰੀ ਨੀਂਦ ਵਿਚੋਂ ਜਾਗਿਆ ਹੋਵੇ, ਆਪਣੇ ਚਿਹਰੇ ਉੱਤੇ ਹੱਥ ਫੇਰਿਆ, ਨਿੱਛ ਮਾਰੀ ਅਤੇ ਕਮਰੇ ਵਿਚੋਂ ਨਿਕਲ ਗਿਆ।

ਮੈਨੂੰ ਇਹ ਵਾਧਾ ਕਰਨ ਦੀ ਜ਼ਰੂਰਤ ਨਹੀਂ ਕਿ ਇਹ ਮੇਰੀਆਂ ਸਾਰੀਆਂ ਕਾਰਵਾਈਆਂ ਵਿਚ ਮੈਂ ਆਪਣੇ ਆਪ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਬਿਨਾਂ ਕਿਸੇ ਹਊਮੈ ਦੇ ਕੰਮ ਕਰ ਰਿਹਾ ਸਾਂ; ਕਿ ਮੈਂ ਤਾਂ ਸਿਰਫ਼ ਇਨਸਾਫ਼ ਦਾ ਇਕ ਕਾਰਜ ਹੱਥ ਲਿਆ ਸੀ ਕਿ ਘਰ ਦੇ ਇਕ ਦੋਸਤ ਦੇ ਰੂਪ ਵਿਚ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਇਸ ਦੇ ਸਨਮਾਨ ਦੀ ਫ਼ਿਕਰ ਕਰਾਂ ਪਰ ਮੈਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਜੇ ਸ਼੍ਰੀਮਾਨ ਓਜੋਗਿਨ ਨੇ ਮੈਨੂੰ ਇੰਨੀ ਬੇਕਿਰਕੀ ਨਾਲ ਟੋਕਿਆ ਨਾ ਵੀ ਹੁੰਦਾ, ਤਾਂ ਵੀ ਮੈਂ ਉਸ ਨੂੰ ਜੋ ਕੁਝ ਦੱਸਣ ਦਾ ਮਨ ਬਣਾਇਆ ਸੀ। ਉਹ ਸਭ ਦੱਸ ਦੇਣ ਲਈ ਲੋੜੀਂਦੀ ਹਿੰਮਤ ਮੇਰੇ ਵਿਚ ਨਹੀਂ ਸੀ।
ਕਦੇ-ਕਦੇ ਮੈਂ ਪੁਰਾਣੇ ਸਮੇਂ ਦੇ ਇਕ ਬੁੱਧੀਮਾਨ ਆਦਮੀ ਦੀ ਗੰਭੀਰਤਾ ਨਾਲ, ਪ੍ਰਿੰਸ ਐੱਨ--- ਦੇ ਚਰਿੱਤਰ ਦਾ ਮੁਲਾਂਕਣ ਕਰਨ ਲੱਗ ਪੈਂਦਾ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪਿਆਰ ਦੀ ਕਹਾਣੀ ਬਹੁਤ ਤਿਲਕਣ ਵਾਲੀ ਹੁੰਦੀ ਹੈ। ਇਸ ਲਈ ਲੀਜ਼ਾ ਨੂੰ ਅਜੇ ਵੀ ਹੋਸ਼ ਆ ਸਕਦੀ ਸੀ ਕਿ ਪ੍ਰਿੰਸ ਲਈ ਮੁਹੱਬਤ ਹੋਰ ਕੁਝ ਵੀ ਹੋ ਸਕਦੀ ਸੀ ਪਰ ਅਸਲੀ ਪਿਆਰ ਨਹੀਂ ਸੀ। ਸੰਖੇਪ ਵਿਚ, ਕਿਹੜਾ ਵਿਚਾਰ ਸੀ ਜੋ ਉਸ ਸਮੇਂ ਮੇਰੇ ਮਨ ਵਿਚ ਨਹੀਂ ਆਇਆ ਹੋਣਾ। ਕੇਵਲ ਇਕ "ਮੁਕਤ ਹੋਣ ਦਾ ਸਾਧਨ" ਕਦੇ ਮੇਰੇ ਨਜ਼ਦੀਕ ਨਹੀਂ ਆਇਆ ਅਤੇ ਇਹ ਸੀ ਆਤਮ ਹੱਤਿਆ। ਆਪਣੇ ਆਪ ਨੂੰ ਖ਼ਤਮ ਕਰਨ ਦਾ ਖ਼ਿਆਲ ਕਤਈ ਮੇਰੇ ਦਿਮਾਗ ਵਿਚ ਨਹੀ ਆਇਆ ਸੀ। ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਇਹ ਕਿਉਂ ਨਹੀਂ ਸੋਚਿਆ। ਸ਼ਾਇਦ ਮੈਨੂੰ ਪਹਿਲਾਂ ਹੀ ਇਸ ਗੱਲ ਦੀ ਬਿੜਕ ਸੀ ਕਿ ਮੈਂ ਲੰਬੇ ਸਮੇਂ ਤਕ ਜੀ ਨਹੀਂ ਸਕਣਾ।

ਇਹ ਤਾਂ ਆਪਣੇ ਆਪ ਹੀ ਸਪਸ਼ਟ ਹੈ ਕਿ ਅਜਿਹੀਆਂ ਔਖੀਆਂ ਹਾਲਤਾਂ ਵਿਚ ਦੂਜਿਆਂ ਨਾਲ ਮੇਰਾ ਵਰਤੋਂ-ਵਿਹਾਰ, ਮੇਰੀ ਬੋਲ-ਚਾਲ ਪਹਿਲਾਂ ਕਦੇ ਨਾਲੋਂ ਕਿਤੇ ਜ਼ਿਆਦਾ ਗ਼ੈਰ-ਕੁਦਰਤੀ ਅਤੇ ਕਠੋਰ ਹੋ ਗਈ ਸੀ। ਇੱਥੋਂ ਤਕ ਕਿ ਬਜ਼ੁਰਗ ਸ਼੍ਰੀਮਤੀ ਓਜੋਗਿਨ, ਉਹ ਨੀਮ-ਪਾਗਲ ਪ੍ਰਾਣੀ, ਇਸ ਤਰ੍ਹਾਂ ਕਹਿ ਲਓ, ਮੇਰੇ ਕੋਲੋਂ ਡਰਨ ਲੱਗ ਪਈ ਸੀ। ਉਸ ਨੂੰ ਪਤਾ ਨਹੀਂ ਲੱਗਦਾ ਮੇਰੇ ਤਕ ਪਹੁੰਚ ਕਿਸ ਪਾਸੇ ਤੋਂ ਕਰੇ? ਬਿਜ਼ਮੇਨਕੋਫ ਜੋ ਹਮੇਸ਼ਾ ਸਲੀਕੇ ਅਤੇ ਨਿਮਰਤਾ ਨਾਲ ਵਰਤਦਾ ਸੀ। ਉਹ ਵੀ ਮੇਰੇ ਕੋਲੋਂ ਬਚਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਸ਼ੱਕ ਹੋਣ ਲੱਗ ਪਿਆ ਸੀ ਕਿ ਉਹ ਵੀ ਮੇਰੇ ਦੁੱਖਾਂ ਦਾ ਭਿਆਲ ਸੀ - ਕਿ ਉਹ ਲੀਜ਼ਾ ਨੂੰ ਪਿਆਰ ਕਰਦਾ ਸੀ ਪਰ ਉਸ ਨੇ ਮੇਰੇ ਨਾਲ ਕਦੇ ਵੀ ਗੱਲ ਨਹੀਂ ਕੀਤੀ - ਕਦੇ ਇਸ ਵਿਸ਼ੇ ਤੇ ਮੇਰੇ ਸੰਕੇਤਾਂ ਦਾ ਜਵਾਬ ਨਹੀਂ ਦਿੱਤਾ। ਪ੍ਰਿੰਸ ਨੇ ਉਸ ਨਾਲ ਬਹੁਤ ਹੀ ਦੋਸਤਾਨਾ ਢੰਗ ਨਾਲ ਸਲੂਕ ਕੀਤਾ - ਲਗਭਗ ਆਦਰਪੂਰਵਕ. ਨਾ ਹੀ ਬਿਜ਼ਮਨਕੋਫ ਨੇ ਅਤੇ ਨਾ ਹੀ ਮੈਂ ਸ਼ਹਿਜ਼ਾਦਾ ਨੂੰ ਲੀਜ਼ਾ ਨਾਲ 'ਸੰਚਾਰ' ਵਿਚ ਰੋਕਿਆ ਪਰ ਬਜ਼ਮਨਕੋਫ ਨੇ ਉਨ੍ਹਾਂ ਤੋਂ ਆਪਣੇ ਆਪ ਦੂਰ ਨੂੰ ਨਹੀਂ ਰੱਖਿਆ। ਉਹ ਇਕ ਬਘਿਆੜ ਵਰਗਾ ਨਹੀਂ ਸੀ ਜਾਂ ਆਪਣੇ ਸ਼ਿਕਾਰ ਵਾਂਗ ਨਹੀਂ ਸੀ ਅਤੇ ਜਦੋਂ ਵੀ ਉਨ੍ਹਾਂ ਨੇ ਧਿਆਨ ਦਿੱਤਾ ਕਿ ਉਹ ਚਾਹੁੰਦੇ ਸਨ ਕਿ ਉਹ ਉਨ੍ਹਾਂ ਦੀ ਇੱਛਾ ਰੱਖਦੇ ਹੋਣ। ਇਹ ਸੱਚ ਹੈ ਜਦੋਂ ਉਹ ਉਨ੍ਹਾਂ ਦੇ ਨਾਲ ਜੁੜੇ ਸਨ ਤਾਂ ਉਨ੍ਹਾਂ ਨੂੰ ਕੋਈ ਖਾਸ ਗਊਕੀ ਨਹੀਂ ਦਿਖਾਈ ਸੀ ਪਰੰਤੂ ਉਨ੍ਹਾਂ ਨੇ ਇਸ ਬਾਰੇ ਬਹੁਤ ਕੁਝ ਨਹੀਂ ਦੱਸਿਆ ਕਿਉਂਕਿ ਉਹ ਹਮੇਸ਼ਾ ਉਸ ਬਾਰੇ ਚੁੱਪ ਕਰਾਉਣ ਦਾ ਹਵਾ ਰੱਖਦਾ ਸੀ।

ਇਹ ਸਥਿਤੀ ਲਗਪਗ ਪੰਦਰਾਂ ਦਿਨਾਂ ਲਈ ਚੱਲੀ। ਪ੍ਰਿੰਸ ਨਾ ਸਿਰਫ਼ ਵਿਵੇਕਪੂਰਨ ਅਤੇ ਆਕਰਸ਼ਕ ਦਿੱਖ ਵਾਲਾ ਇਨਸਾਨ ਸੀ, ਸਗੋਂ ਉਹ ਹਰ ਤਰ੍ਹਾਂ ਨਾਲ ਬਹੁਤ ਘੁਲਣ-ਮਿਲਣ ਦਾ ਵੀ ਮਾਹਿਰ ਸੀ। ਉਹ ਪਿਆਨੋ ਵਜਾ ਲੈਂਦਾ, ਇਕ ਬਹੁਤ ਹੀ ਸੋਹਣੀ ਅਵਾਜ਼ ਨਾਲ ਗਾ ਲੈਂਦਾ ਅਤੇ ਬਹੁਤ ਵਧੀਆ ਭੋਂ-ਦ੍ਰਿਸ਼ 'ਤੇ ਤਸਵੀਰਾਂ ਵੀ ਬਣਾ ਲੈਂਦਾ ਸੀ ਅਤੇ ਉਹ ਬਹੁਤ ਹੀ ਸੁਹਾਵਣੇ ਢੰਗ ਨਾਲ ਕਹਾਣੀਆਂ ਸੁਣਾਉਣ ਵਿਚ ਵੀ ਨਿਪੁੰਨ ਸੀ। ਰਾਜਧਾਨੀ ਦੇ ਉੱਚ-ਵਰਗੀ ਜੀਵਨ ਤੋਂ ਬਟੋਰੇ ਉਸ ਦੇ ਟੋਟਕੇ ਸਰੋਤਿਆਂ ਉੱਤੇ ਹਮੇਸ਼ਾ ਗਹਿਰਾ ਪ੍ਰਭਾਵ ਪਾਉਂਦੇ। ਉਹ ਸੌਖੇ ਅੳਤੇ ਸਾਦੇ ਢੰਗ ਨਾਲ ਜੋ ਕੁਝ ਬਿਆਨ ਕਰਦਾ ਉਸ ਨੂੰ ਕੋਈ ਬਹੁਤਾ ਮਹੱਤਵ ਨਾ ਦੇਣ ਸਦਕਾ ਇਹ ਪ੍ਰਭਾਵ ਹੋਰ ਵੀ ਵਧ ਜਾਂਦਾ ​​ਸੀ। ਇਸ ਛੋਟੇ ਜਿਹੇ ਹੁਨਰ ਦੇ ਸਿੱਟੇ ਵਜੋਂ ਪ੍ਰਿੰਸ ਜਲਦ ਹੀ ਓ---ਸ਼ਹਿਰ ਦੇ ਸਮਾਜ ਦੀ ਖਿੱਚ ਦਾ ਕੇਂਦਰ ਬਣ ਗਿਆ। ਇਹ ਆਮ ਤੌਰ 'ਤੇ ਸਮਾਜ ਦੇ ਉੱਚ ਹਲਕਿਆਂ ਦੇ ਕਿਸੇ ਵਿਅਕਤੀ ਲਈ ਸਾਨੂੰ ਰੜੇ ਮੈਦਾਨ ਦੇ ਦਿਹਾਤੀਆਂ ਨੂੰ ਮੋਹ ਲੈਣਾ ਬਹੁਤ ਸੌਖਾ ਹੁੰਦਾ ਹੈ।
ਪ੍ਰਿੰਸ ਦੀਆਂ ਓਜੋਗਿਨਾਂ ਵੱਲ ਅਕਸਰ ਫੇਰੀਆਂ (ਉਸ ਨੇ ਆਪਣੀਆਂ ਸਾਰੀਆਂ ਸ਼ਾਮਾਂ ਉੱਥੇ ਬਿਤਾਈਆਂ) ਨੇ ਕੁਦਰਤੀ ਤੌਰ 'ਤੇ ਸ਼ਹਿਰ ਦੇ ਹੋਰ ਪਤਵੰਤਿਆਂ ਅੰਦਰ ਈਰਖਾ ਪੈਦਾ ਕੀਤੀ ਪਰ ਇਕ ਦੁਨਿਆਵੀ ਅਤੇ ਚੁਸਤ ਚਲਾਕ ਵਿਅਕਤੀ ਦੇ ਤੌਰ 'ਤੇ ਉਸ ਨੂੰ ਸਮਝ ਸੀ ਕਿ ਸਾਰੇ ਹੋਰ ਅਧਿਕਾਰੀਆਂ ਅਤੇ ਪਤਵੰਤਿਆਂ ਨੂੰ ਕਿਵੇਂ ਪਤਿਆਉਣਾ ਹੈ। ਉਹ ਵਾਰੀ ਵਾਰੀ ਉਨ੍ਹਾਂ ਨੂੰ ਮਿਲਣ ਜਾਂਦਾ ਰਹਿੰਦਾ ਸੀ, ਉਨ੍ਹਾਂ ਦੀਆਂ ਵਿਆਹੀਆਂ, ਕੁਆਰੀਆਂ ਔਰਤਾਂ ਲਈ ਹਮੇਸ਼ਾ ਸ਼ਲਾਘਾ ਦੇ ਚਾਰ ਸ਼ਬਦ ਹਮੇਸ਼ਾ ਕਹਿ ਦਿਆ ਕਰਦਾ ਸੀ ਅਤੇ ਉਨ੍ਹਾਂ ਨੂੰ ਖੁੱਲ੍ਹ ਦਿੰਦਾ ਸੀ ਕਿ ਉਹ ਉਸ ਨੂੰ ਭਾਰੀ ਖਾਣੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੰਗੀਆਂ ਮੰਦੀਆਂ ਸ਼ਰਾਬਾਂ ਨਾਲ ਰਜਾ ਲੈਣ। ਥੋੜ੍ਹੇ ਸ਼ਬਦ ਵਿਚ ਕਹਿਣਾ ਹੋਵੇ ਤਾਂ ਉਹ ਸ਼ਾਨਦਾਰ, ਸਲੀਕੇਦਾਰ ਅਤੇ ਹੁਸ਼ਿਆਰ ਵਿਅਕਤੀ ਦੇ ਤੌਰ 'ਤੇ ਵਿਚਰਦਾ ਸੀ। ਉਹ ਆਮ ਤੌਰ 'ਤੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਇਕ ਪ੍ਰਸੰਨ-ਚਿੱਤ, ਮਿਲਣਸਾਰ ਅਤੇ ਦਿਆਲੂ ਆਦਮੀ ਸੀ। ਇਹ ਉਸ ਦਾ ਕੁਦਰਤੀ ਸੁਭਾਅ ਸੀ ਅਤੇ ਇੱਥੇ ਓ---ਨਗਰ ਵਿਚ ਉਸ ਦਾ ਆਪਣੇ ਚੰਗੇ ਗੁਣ ਦਿਖਾਉਣ ਦਾ ਕਾਰਨ ਸੀ। ਇਹ ਇਕ ਵੱਡੀ ਹੈਰਾਨੀ ਦੀ ਗੱਲ ਹੁੰਦੀ ਜੇ ਉਹ ਆਪਣੇ ਮਨਸੂਬੇ ਵਿਚ ਸਫਲ ਨਾ ਹੋਇਆ ਹੁੰਦਾ।
ਪ੍ਰਿੰਸ ਜਦ ਤੋਂ ਓ---ਨਗਰ ਵਿਚ ਆਇਆ ਸੀ, ਓਜੋਗਿਨ ਦੇ ਘਰ ਵਿਚ ਹਰ ਕੋਈ ਮਹਿਸੂਸ ਕਰਦਾ ਸੀ ਕਿ ਸਮਾਂ ਅਸਾਧਾਰਨ ਤੇਜ਼ੀ ਨਾਲ ਬੀਤ ਰਿਹਾ ਸੀ। ਸਭ ਕੁਝ ਵਧੀਆ ਢੰਗ ਨਾਲ ਅਤੇ ਅਤਿਅੰਤ ਵਧੀਆ ਚੱਲ ਰਿਹਾ ਸੀ। ਓਜੋਗਿਨ ਖ਼ੁਦ ਆਪ ਵੀ ਹਾਲਾਂਕਿ ਉਹ ਕੁਝ ਵੀ ਨਾ ਦੇਖਣ ਦਾ ਦੰਭ ਕਰਦਾ ਸੀ। ਆਪਣੇ ਆਪ ਵਿਚ ਚੁੱਪ-ਚਾਪ ਇਹ ਸੋਚ ਕੇ ਗਦਗਦ ਹੋ ਰਿਹਾ ਸੀਕਿ ਉਸ ਨੂੰ ਅਜਿਹਾ ਸ਼ਾਨਦਾਰ ਜਵਾਈ ਮਿਲਣ ਵਾਲਾ ਸੀ। ਪ੍ਰਿੰਸ ਨੇ ਆਪਣਾ ਇਸ਼ਕ ਚੁੱਪ-ਚਾਪ ਅਤੇ ਸਾਵਧਾਨੀ ਨਾਲ ਚਲਾਇਆ। ਅਗਰ ਇਕ ਅਚਾਨਕ ਘਟਨਾ ਨਾ ਵਾਪਰ ਜਾਂਦੀ ਤਾਂ ਕਦੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲਣੀ ਸੀ।
ਮੈਂ ਹੁਣ ਬਹੁਤ ਥੱਕ ਗਿਆ ਹਾਂ। ਮੈਂ ਕੱਲ੍ਹ ਨੂੰ ਗੱਲ ਅੱਗੇ ਤੋਰਾਂਗਾ। ਇਹ ਯਾਦਾਂ ਹਨ ਕਿ ਮੈਨੂੰ ਕਬਰ ਦੇ ਕੰਢੇ 'ਤੇ ਵੀ ਸਤਾ ਰਹੀਆਂ ਹਨ। ਤਰੇਂਤੀਏਵਨਾ ਨੇ ਅੱਜ ਦੇਖਿਆ ਕਿ ਮੇਰੀ ਨੱਕ ਅੱਜ ਪਹਿਲਾਂ ਕਦੇ ਵੀ ਨਾਲੋਂ ਜ਼ਿਆਦਾ ਤਿੱਖੀ ਹੋ ਗਈ ਹੈ। ਕਹਿੰਦੇ ਹਨ ਕਿ ਇਹ ਇਕ ਬਦਸ਼ਗਨੀ ਹੈ।

27 ਮਾਰਚ - ਬਸੰਤ ਚੱਲ ਰਹੀ
ਇਹ ਮਾਮਲਾ ਕਿਸੇ ਪੱਖ ਦੇ ਸੰਬੰਧ ਵਿਚ ਹੇਠਲੀ ਹਾਲਤ ਵਿਚ ਸੀ। ਪ੍ਰਿੰਸ ਅਤੇ ਲੀਜ਼ਾ ਇਕ ਦੂਜੇ ਨੂੰ ਪਿਆਰ ਕਰਦੇ ਸਨ। ਬੁੱਢੇ ਓਜਗਿਨ ਆਪਣੀ ਧੀ ਦੇ ਪ੍ਰਿੰਸ ਨਾਲ ਅਜਿਹੇ ਖ਼ੁਸ਼ੀ ਨਾਲ ਫੁੱਲੇ ਨਾ ਸਮਾਉਣ ਵਾਲੇ ਸੰਬੰਧ ਦੇ ਖ਼ੁਸ਼ੀਆਂ ਭਰੇ ਨਤੀਜੇ ਦੀ ਉਮੀਦ ਕਰ ਰਹੇ ਸਨ। ਬਿਜ਼ਮਨਕੋਫ ਵੀ ਮੌਜੂਦ ਸੀ- ਉਸ ਦੇ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਸੀ। ਮੈਂ ਮਿੱਟੀ ਵਿਚ ਇਕ ਕੀੜੇ ਵਾਂਗ ਵਿਸ ਘੋਲ ਰਿਹਾ ਸੀ ਅਤੇ ਜਿੰਨੀਆਂ ਹੋ ਸਕੀਆਂ ਓਨੀਆਂ ਘੋਖਾਂ ਮੈਂ ਕੀਤੀਆਂ। ਮੈਂ ਲੀਜ਼ਾ ਨੂੰ ਜਾਦੂਗਰ ਦੀ ਫਾਹੀ ਤੋਂ ਬਚਾਉਣ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ ਅਤੇ ਇਸ ਲਈ ਮੈਂ ਨੌਕਰਾਣੀ ਅਤੇ ਪਿਛਲੇ ਦਰਵਾਜ਼ਿਆਂ ਨੂੰ ਸ਼ੱਕ ਦੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮੈਂ ਰਾਤਾਂ ਨੂੰ ਜਾਗਦਾ ਬੈਠਾ ਮਨ ਜਿੱਤ ਲੈਣ ਵਾਲੀ ਉਸ ਉਦਾਰਤਾ ਦੀ ਕਲਪਨਾ ਕਰਦਾ ਰਹਿੰਦਾ ਜਿਸ ਨਾਲ ਮੈਂ ਧੋਖਾ ਖਾ ਚੁੱਕੀ ਕੁੜੀ ਨੂੰ ਇਹ ਕਹਿੰਦੇ ਹੋਏ ਆਪਣਾ ਹੱਥ ਵਧਾਉਣਾ ਸੀ, "ਇਕ ਕਾਲੇ-ਦਿਲ ਵਾਲੇ ਬੇਵਫ਼ਾ ਨੇ ਤੁਹਾਨੂੰ ਧੋਖਾ ਦਿੱਤਾ ਹੈ ਪਰ ਮੈਂ ਸੱਚਾ ਦੋਸਤ ਹਾਂ। ਆਓ ਆਪਾਂ ਅਤੀਤ ਨੂੰ ਭੁੱਲ ਜਾਈਏ ਅਤੇ ਖੁਸ਼ ਰਹੀਏ।"
ਅਚਾਨਕ ਇਕ ਅਫ਼ਵਾਹ ਚੱਕਰ ਲਾ ਰਹੀ ਸੀ ਕਿ ਜ਼ਿਲ੍ਹੇ ਦੇ ਗਵਰਨਰ ਨੇ ਆਪਣੀ ਜਾਗੀਰ ਗੋਰਨੋਸਤਾਏਵਕਾ ਵਿਚ ਪਤਵੰਤੇ ਮਹਿਮਾਨ ਦੇ ਸਨਮਾਨ ਲਈ ਇਕ ਨਾਚ ਪਾਰਟੀ ਦੇਣ ਦੀ ਤਜਵੀਜ਼ ਰੱਖੀ ਸੀ। ਸ਼ਹਿਰ ਦੇ ਗਵਰਨਰ ਤੋਂ ਲੈ ਕੇ ਉੱਪਰ ਤੋਂ ਹੇਠਾਂ ਤਕ ਸਾਰੇ ਅਧਿਕਾਰੀਆਂ ਨੂੰ ਸੱਦੇ ਪ੍ਰਾਪਤ ਦਿੱਤੇ। ਇਕ ਜਰਮਨ ਡਾਕਟਰ ਨੂੰ ਵੀ ਸੱਦਾ ਮਿਲਿਆ ਸੀ ਜਿਸ ਦਾ ਚਿਹਰਾ ਫਿੰਸੀਆਂ ਨਾਲ ਭਰਿਆ ਪਿਆ ਸੀ ਅਤੇ ਉਹ ਰੂਸੀ ਭਾਸ਼ਾ ਨੂੰ ਸਹੀ ਢੰਗ ਨਾਲ ਉਚਾਰਨ ਦਾ ਮਾਹਿਰ ਹੋਣ ਦਾ ਦੰਭ ਕਰਦਾ ਸੀ। ਇਸ ਲਈ ਉਹ ਸਾਰੇ ਮੌਕਿਆਂ 'ਤੇ ਹਾਸੋਹੀਣੀ ਫਿਕਰੇਬਾਜ਼ੀ ਲਈ ਮਸ਼ਹੂਰ ਸੀ।
ਅਜਿਹੇ ਮੌਕਿਆਂ 'ਤੇ ਰਿਵਾਜ ਮੁਤਾਬਕ ਅਡੰਬਰੀ ਤਿਆਰੀਆਂ ਦੀ ਸ਼ੁਰੂਆਤ ਹੋ ਗਈ ਸੀ। ਇਕ ਕਾਸਮੈਟਿਕ ਵਪਾਰੀ ਨੇ ਪੋਮਾਦ ਦੇ ਘੱਟ ਤੋਂ ਘੱਟ ਸੋਲਾਂ ਗੂੜ੍ਹੇ-ਨੀਲੇ ਬਕਸੇ ਵੇਚ ਦਿੱਤੇ ਸਨ ਜਿਨ੍ਹਾਂ 'ਤੇ "ਏ ਲਾ ਜੈਸਮੀਨ" ਦਾ ਲੇਬਲ ਲਾਇਆ ਹੋਇਆ ਸੀ, ਜਿਸ ਦੇ ਅੱਖਰ ਫ਼ਰਾਂਸੀਸੀ ਅਤੇ ਸ਼ਬਦ-ਜੋੜ ਰੂਸੀ ਸਨ। ਜੁਆਨ ਉਮਰ ਦੀਆਂ ਔਰਤਾਂ ਨੇ ਹਲਕੇ ਰੰਗਾਂ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਲੱਕ ਦੇ ਗਿਰਦ ਕਮਰਬੰਦ ਸੀ ਜਿਸ ਦੇ ਸਾਹਮਣੇ ਵਾਲੇ ਪਾਸੇ ਇਕ ਗਾਨੀ ਜਿਹਾ ਕੁਝ ਲਟਕਦਾ ਸੀ। ਟੋਪੀਆਂ ਦੇ ਬਹਾਨੇ ਮਾਵਾਂ ਨੇ ਆਪਣੇ ਸਿਰ ਤੇ ਡਰਾਉਣੇ ਲੱਗਦੇ ਗੁੰਬਦ ਜਿਹੇ ਬਣਾਏ ਹੋਏ ਸਨ। ਰੁਝੇਵਿਆਂ ਨਾਲ ਥੱਕੇ ਬਾਪ ਅਧਮੋਏ ਜਿਹੇ ਲੱਤਾਂ ਘਸੀਟ ਰਹੇ ਸਨ।
ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਦਿਨ ਆਖ਼ਿਰ ਆ ਪਹੁੰਚਿਆ। ਮੈਂ ਵੀ ਸੱਦੇ ਗਏ ਮਹਿਮਾਨਾਂ ਵਿਚੋਂ ਇਕ ਸੀ। ਓ---ਸ਼ਹਿਰ ਤੋਂ ਗੋਰਨੋਸਤਾਏਵਕਾ ਤਕਰੀਬਨ ਦਸ ਕੁ ਮੀਲ ਦੂਰ ਹੈ। ਓਜੋਗਿਨ ਨੇ ਮੈਨੂੰ ਆਪਣੀ ਬੱਘੀ ਵਿਚ ਇਕ ਸੀਟ ਦੀ ਪੇਸ਼ਕਸ਼ ਕੀਤੀ ਪਰ ਮੈਂ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤਰ੍ਹਾਂ ਇਕ ਬੱਚਾ ਜਿਸ ਨੂੰ ਉਸ ਦੇ ਮਾਪਿਆਂ ਨੇ ਸਜ਼ਾ ਦਿੱਤੀ ਹੋਵੇ ਉਹ ਉਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਇਨਕਾਰ ਕਰ ਦਿੰਦਾ ਹੈ ਜੋ ਉਸ ਨੂੰ ਸਭ ਤੋਂ ਵੱਧ ਚੰਗੀਆਂ ਲੱਗਦੀਆਂ ਹਨ, ਤਾਂ ਜੋ ਉਹ ਉਨ੍ਹਾਂ ਤੋਂ ਬਦਲਾ ਲੈ ਸਕੇ। ਇਸ ਤੋਂ ਇਲਾਵਾ ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਮੌਜੂਦਗੀ ਦੇ ਨਾਲ ਲੀਜ਼ਾ ਨੂੰ ਵਿਚਲਿਤ ਕਰਾਂਗਾ। ਬਿਜ਼ਮਨਕੋਫ ਨੇ ਮੇਰੀ ਸੀਟ ਮੱਲ ਲਈ। ਪ੍ਰਿੰਸ ਮੋਟੀ ਰਕਮ ਨਾਲ ਕਿਰਾਏ 'ਤੇ ਲਈ ਆਪਣੀ ਹੀ ਗੱਡੀ ਵਿਚ ਪਾਰਟੀ ਤੇ ਗਿਆ।
ਮੈਂ ਨਾਚ ਪਾਰਟੀ ਦਾ ਵਰਣਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਹਰ ਚੀਜ਼ ਅਜਿਹੇ ਮੌਕਿਆਂ ਲਈ ਲੋੜੀਂਦੀ ਸੀ। ਗੈਲਰੀ ਬੇਸੁਰੇ ਪਿੱਤਲ ਦੇ ਬਾਜਿਆਂ ਵਾਲੇ ਸੰਗੀਤਕਾਰ, ਆਪਣੇ ਵੱਡੇ ਪਰਿਵਾਰਾਂ ਸਹਿਤ ਜਾਗੀਰਦਾਰ, ਲਾਲ ਆਈਸ-ਕਰੀਮ, ਪੀਲੀ ਜੈਲੀ, ਘਸੇ ਹੋਏ ਬੂਟਾਂ ਅਤੇ ਸੂਤੀ ਨਕਟਾਈਆਂ ਵਾਲੇ ਨੌਕਰ ਚਾਕਰ, ਬੌਂਦਲਾਏ ਚਿਹਰਿਆਂ ਵਾਲੇ ਕਸਬਾਈ ਬਾਂਕੇ ਅਤੇ ਇਹ ਸਾਰਾ ਛੋਟਾ ਸੰਸਾਰ ਆਪਣੇ ਸੂਰਜ ਦੁਆਲੇ, ਪ੍ਰਿੰਸ ਐਨ---ਦੁਆਲੇ ਘੁੰਮ ਰਿਹਾ ਸੀ।

ਭੀੜਾਂ ਵਿਚ ਗੁੰਮਿਆ, ਬੁੱਢੀਆਂ ਨੌਕਰਾਣੀਆਂ ਜਿਨ੍ਹਾਂ ਦੇ ਮੱਥਿਆਂ ਤੇ ਲਾਲ ਫਿੰਸੀਆਂ ਸਨ ਅਤੇ ਵਾਲਾਂ ਵਿਚ ਲਾਏ ਨੀਲੇ ਫੁੱਲ, ਉਨ੍ਹਾਂ ਦੀਆਂ ਨਜ਼ਰਾਂ ਤੋਂ ਵੀ ਉਹਲੇ, ਖੜ੍ਹਾ ਮੈਂ ਆਪਣੀਆਂ ਨਜ਼ਰਾਂ ਪ੍ਰਿੰਸ ਤੋਂ ਲੀਜ਼ਾ ਵੱਲ ਅਤੇ ਲੀਜ਼ਾ ਤੋਂ ਪ੍ਰਿੰਸ ਵੱਲ ਘੁੰਮਾ ਰਿਹਾ ਸੀ। ਲੀਜ਼ਾ ਨੇ ਬੜੇ ਸੁਹਣੇ ਕੱਪੜੇ ਪਹਿਨੇ ਹੋਏ ਸਨ, ਅਤੇ ਉਸ ਸ਼ਾਮ ਨੂੰ ਉਹ ਬਹੁਤ ਖ਼ੂਬਸੂਰਤ ਦਿਖਾਈ ਦੇ ਰਹੀ ਸੀ। ਪ੍ਰਿੰਸ ਸਾਰੀ ਸ਼ਾਮ ਦੇ ਦੌਰਾਨ ਰਸਮੀ ਮਾਜ਼ੁਰਕਾ ਦੇ ਇਲਾਵਾ ਉਸ ਨਾਲ ਸਿਰਫ ਦੋ ਵਾਰ ਨੱਚਿਆ ਪਰ ਇਹ ਸਪੱਸ਼ਟ ਸੀ (ਘੱਟੋ-ਘੱਟ ਮੇਰੇ ਲਈ) ਕਿ ਹਰ ਵੇਲੇ ਉਨ੍ਹਾਂ ਵਿਚਕਾਰ ਗੁਪਤ ਗੱਲਬਾਤ ਨਿਰੰਤਰ ਚੱਲਦੀ ਰਹੀ। ਉਹ ਉਸ ਵੱਲ ਦੇਖ ਨਹੀਂ ਰਿਹਾ ਸੀ। ਉਹ ਉਸ ਨੂੰ ਸੰਬੋਧਨ ਨਹੀਂ ਕਰ ਰਿਹਾ ਸੀ। ਫਿਰ ਵੀ ਉਸ ਨਾਲ ਤੇ ਸਿਰਫ ਉਸ ਨਾਲ ਗੱਲਾਂ ਕਰਦਾ ਜਾਪ ਰਿਹਾ ਸੀ। ਉਹ ਦੂਸਰਿਆਂ ਨਾਲ ਵੀ ਉਸ ਦੇ ਕਰਕੇ ਸਨਿਮਰ, ਪ੍ਰਸੰਨ ਅਤੇ ਸਨੇਹਪੂਰਵਕ ਸੀ - ਇਉਂ ਜਾਪਦਾ ਸੀ ਕਿ ਉਹ ਆਪਣੇ ਆਪ ਨੂੰ ਉਸ ਸ਼ਾਮ ਦੀ ਅਤੇ ਪ੍ਰਿੰਸ ਦੇ ਦਿਲ ਦੀ ਰਾਣੀ ਸਮਝ ਰਹੀ ਸੀ। ਉਸ ਦੇ ਚਿਹਰੇ ਤੇ ਬੱਚਿਆਂ ਵਰਗੀ ਖੁਸ਼ੀ, ਭੋਲਾ ਮਾਣ ਅਤੇ ਕਦੇ-ਕਦੇ ਕੋਈ ਹੋਰ ਡੂੰਘੀ ਭਾਵਨਾ ਝਲਕਦੀ ਸੀ। ਇਹ ਸਾਰੇ ਹਾਵ-ਭਾਵ ਉਸ ਦੀ ਪੂਰੀ ਦਿੱਖ ਵਿਚ ਘੁਲ ਮਿਲ ਗਏ ਸਨ ਅਤੇ ਉਹ ਖੇੜੇ ਦੀ ਮੂਰਤੀ ਦਿਖਾਈ ਦਿੰਦੀ ਸੀ। ਮੈਂ ਇਹ ਸਭ ਕੁਝ ਘੋਖਿਆ। ਇਹ ਮੇਰੇ ਲਈ ਪਹਿਲੀ ਵਾਰ ਨਹੀਂ ਸੀ ਕਿ ਮੈਂ ਉਨ੍ਹਾਂ ਦੀ ਘੋਖ ਕੀਤੀ ਹੋਵੇ। ਪਹਿਲਾਂ ਤਾਂ ਮੈਂ ਮਹਿਸੂਸ ਕੀਤਾ ਜਿਵੇਂ ਮੈਨੂੰ ਜਖ਼ਮੀ ਕਰ ਦਿੱਤਾ ਹੋਵੇ। ਫਿਰ ਦਰਦ ਦਾ ਇਕ ਰੁੱਗ ਜਿਹਾ ਭਰਿਆ ਜਾਂਦਾ ਮਹਿਸੂਸ ਕੀਤਾ ਅਤੇ ਆਖ਼ਿਰ ਮੈਨੂੰ ਗੁੱਸਾ ਚੜ੍ਹਨ ਲੱਗ ਗਿਆ। ਹਾਂ, ਮੈਂ ਅਚਾਨਕ ਬਹੁਤ ਕ੍ਰੋਧਿਤ ਹੋ ਗਿਆ ਅਤੇ ਇਸ ਭਾਵਨਾ ਨੇ ਮੈਨੂੰ ਮੇਰੀਆਂ ਨਜ਼ਰਾਂ ਵਿਚ ਉੱਚਾ ਉਠਾ ਦਿੱਤਾ ਅਤੇ ਮੈਂ ਪੂਰੇ ਦਿਲ ਨਾਲ ਇਸ ਦਾ ਸਵਾਗਤ ਕੀਤਾ।

"ਮੈਂ ਉਨ੍ਹਾਂ ਨੂੰ ਵਿਖਾਵਾਂਗਾ ਕਿ ਮੈਂ ਅਜੇ ਮਰਿਆ ਨਹੀਂ ਹਾਂ," ਮੈਂ ਆਪਣੇ ਆਪ ਨੂੰ ਕਿਹਾ ਅਤੇ ਮਾਣ ਨਾਲ ਫੁੱਲ ਗਿਆ। ਜਦੋਂ ਮਜ਼ੁਰਕਾ ਦੀਆਂ ਪਹਿਲੀਆਂ ਥਾਪਾਂ ਸੁਣਾਈ ਦਿੱਤੀਆਂ ਮੈਂ ਠੰਡੇ ਅਤੇ ਮਾਣਮੱਤੇ ਅੰਦਾਜ਼ ਵਿਚ ਆਲੇ-ਦੁਆਲੇ ਦੇਖਿਆ ਅਤੇ ਬੜੇ ਸਹਿਜ ਅੰਦਾਜ਼ ਵਿਚ ਲੰਮੇ ਚਿਹਰੇ, ਲਾਲ ਚਮਕਦੇ ਨੱਕ, ਖੁੱਲ੍ਹੇ ਮੂੰਹ ਅਤੇ ਲੰਮੀ ਸੋਹਣੀ ਕਮਾਨ ਨੁਮਾ ਗਰਦਨ ਵਾਲੀ ਇਕ ਭਰ ਜਵਾਨ ਕੁੜੀ ਕੋਲ ਚਲਾ ਗਿਆ। ਥੋੜ੍ਹਾ ਜਿਹਾ ਝੁਕ ਕੇ ਅਤੇ ਬੂਟਾਂ ਦੇ ਤੁਣਕੇ ਨਾਲ ਮੈਂ ਉਸ ਨੂੰ ਮੇਰੇ ਨਾਲ ਨਾਚ ਕਰਨ ਲਈ ਕਿਹਾ। ਉਸ ਨੇ ਪੀਲੀ ਭਾਅ ਮਾਰਦੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਸੀ ਜਿਸ ਤੋਂ ਇੰਝ ਲਗਦਾ ਸੀ ਕਿ ਉਹ ਬਿਮਾਰ ਰਹੀ ਸੀ ਅਤੇ ਹਾਲੇ ਤਕ ਠੀਕ ਨਹੀਂ ਹੋਈ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਨੂੰ ਇਕ ਪੁਰਾਣੀ ਨਾਕਾਮੀ ਦਾ ਤਲਖ਼ ਅਨੁਭਵ ਭਾਵਨਾ ਨਾਲ ਅਜੇ ਤਕ ਗੜੁਚ ਹੋਵੇ। ਸਾਰੀ ਸ਼ਾਮ ਉਹ ਆਪਣੀ ਕੁਰਸੀ 'ਤੇ ਬੈਠੀ ਰਹੀ ਸੀ। ਕਿਸੇ ਨੂੰ ਵੀ, ਉਸ ਨੂੰ ਨਾਚ ਲਈ ਸੱਦਾ ਦੇਣ ਦਾ ਖ਼ਿਆਲ ਨਹੀਂ ਆਇਆ ਸੀ। ਲਗਪਗ ਸੋਲਾਂ ਸਾਲ ਦੀ ਉਮਰ ਦੇ ਨੌਜਵਾਨ ਨੇ ਇਕ ਵਾਰ ਸਪਸ਼ਟ ਭਾਂਤ ਕੋਈ ਹੋਰ ਸਾਥੀ ਨਾ ਹੋਣ ਕਰਕੇ ਉਸ ਨੂੰ ਸੱਦਾ ਦੇਣ ਦੇ ਇਰਾਦੇ ਨਾਲ ਆਪਣੇ ਕਦਮ ਵਧਾਏ ਸਨ ਪਰ ਉਸ ਨੇ ਅਧਵਾਟੇ ਹੀ ਆਪਣਾ ਮਨ ਬਦਲ ਲਿਆ ਅਤੇ ਪਾਸਾ ਵੱਟ ਗਿਆ। ਹੁਣ, ਇਹ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਮੇਰੇ ਸੱਦੇ ਤੋਂ ਉਹ ਕਿੰਨੀ ਖੁਸ਼ ਸੀ। ਮੈਂ ਉਸ ਨੂੰ ਡਰਾਇੰਗ-ਰੂਮ ਵਿਚ ਦੀ ਲੈਕੇ ਗਿਆ। ਨਾਚ ਕਰਨ ਵਾਲਿਆਂ ਦੇ ਘੇਰੇ ਦੇ ਨੇੜੇ ਦੋ ਕੁਰਸੀਆਂ ਲੱਭੀਆਂ ਅਤੇ ਉਸ ਦੇ ਨਾਲ ਪ੍ਰਿੰਸ ਅਤੇ ਲੀਜ਼ਾ ਦੇ ਸਾਹਮਣੇ ਬੈਠ ਗਿਆ।

ਮੈਂ ਅਤੇ ਮੇਰੀ ਸਾਥਣ ਅਸੀਂ ਦੋਨੋਂ ਸੱਦਿਆਂ ਤੋਂ ਬਹੁਤੇ ਪਰੇਸ਼ਾਨ ਨਹੀਂ ਸੀ। ਸਿੱਟੇ ਵਜੋਂ ਗੱਲਬਾਤ ਲਈ ਸਾਡੇ ਕੋਲ ਕਾਫ਼ੀ ਸਮਾਂ ਸੀ। ਇਹ ਸੱਚ ਹੈ, ਉਸ ਸਮੇਂ ਮੇਰੀ ਸਾਥਣ ਰਵਾਨਗੀ ਨਾਲ ਗੱਲਾਂ ਕਰਨ ਦੇ ਖ਼ਾਸ ਤੋਹਫ਼ੇ ਨਾਲ ਵਰੋਸਾਈ ਹੋਈ ਨਹੀਂ ਸੀ। ਉਸ ਨੇ ਆਪਣੇ ਮੂੰਹ ਦੀ ਵਰਤੋਂ ਇਕ ਅਜੀਬ ਕਿਸਮ ਦੀ ਮੁਸਕਰਾਹਟ ਲਈ ਕੀਤੀ। ਉਸਦੇ ਬੁੱਲ੍ਹ ਅਤੇ ਠੋਡੀ ਹੇਠਾਂ ਵੱਲ ਦਬਾਅ ਪਾ ਰਹੇ ਸਨ ਜਦੋਂ ਕਿ ਉਸ ਦੀਆਂ ਅੱਖਾਂ ਉੱਪਰ ਵੱਲ ਨੂੰ ਉੱਠੀਆਂ ਹੋਈਆਂ ਸਨ, ਜਿਵੇਂ ਕਿਸੇ ਅਦਿੱਖ ਸ਼ਕਤੀ ਨੇ ਅੰਦਰੋਂ ਉਸ ਦੇ ਲੰਮੇ ਚਿਹਰੇ ਨੂੰ ਹੋਰ ਵੀ ਲੰਮਾ ਕਰ ਦਿੱਤਾ ਹੋਵੇ ਪਰ ਮੈਨੂੰ ਉਸ ਦੀਆਂ ਗੱਲਬਾਤ ਦੀਆਂ ਇੱਛਾ ਸ਼ਕਤੀ ਦੀ ਲੋੜ ਨਹੀਂ ਸੀ। ਮੈਨੂੰ ਗੁੱਸਾ ਆਇਆ ਤੇ ਮੇਰੀ ਸਾਥਣ ਨੇ ਮੈਨੂੰ ਘਬਰਾਹਟ ਮਹਿਸੂਸ ਨਹੀਂ ਕਰਵਾਈ - ਇਹ ਇਕ ਵਰਦਾਨ ਸੀ।
ਮੈਂ ਦੁਨੀਆਂ ਵਿਚ ਹਰ ਕਿਸੇ ਦੀ ਅਤੇ ਹਰ ਚੀਜ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ, ਖ਼ਾਸ ਕਰਕੇ ਰਾਜਧਾਨੀ ਦੇ ਨੌਜਵਾਨਾਂ ਅਤੇ ਪੀਟਰਸਬਰਗ ਦੇ ਨਿਕੰਮੇ ਬਾਂਕਿਆਂ ਦੀ ਨਿਖੇਧੀ ਕਰਨਾ। ਆਖ਼ਿਰਕਾਰ ਮੈਂ ਇਸ ਹੱਦ ਤਕ ਚਲਾ ਗਿਆ ਕਿ ਮੇਰੀ ਸਾਥਣ ਨੇ ਆਪਣੀਆਂ ਅੱਖਾਂ ਚੁੱਕਣ ਦੀ ਬਜਾਏ ਟੀਰਾ ਵੇਖਣਾ ਅਤੇ ਆਪਣੇ ਚਿਹਰੇ ਨੂੰ ਇਕ ਬਹੁਤ ਅਜੀਬ ਤਰੀਕੇ ਨਾਲ ਮੋੜਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇਹ ਦੇਖਿਆ ਹੋਵੇ ਕਿ ਉਸ ਦੇ ਚਿਹਰੇ ਉੱਤੇ ਇਕ ਨੱਕ ਵੀ ਸੀ। ਇਕ ਦਿਹਾਤੀ ਅਲਬੇਲਾ ਜੋ ਮੇਰੇ ਕੋਲ ਬੈਠਾ ਸੀ। ਕਈ ਵਾਰ ਮੇਰੇ ਪਾਸੇ ਵੱਲ ਦੇਖਿਆ ਅਤੇ ਅਖ਼ੀਰ ਅਜਿਹੇ ਐਕਟਰ ਦੇ ਅੰਦਾਜ਼ ਨਾਲ ਮੇਰੇ ਵੱਲ ਦੇਖਿਆ ਜਿਸ ਦਾ ਸਟੇਜ 'ਤੇ ਕਿਸੇ ਅਜਨਬੀ ਖੇਤਰ ਨਾਲ ਵਾਹ ਪੈ ਗਿਆ ਹੋਵੇ, ਜਿਵੇਂ ਕਿ ਉਹ ਕਹਿਣਾ ਚਾਹੁੰਦਾ ਸੀ, "ਆਹ, ਤਾਂ ਕੀ ਇਹ ਹੀ ਹੋ।"
ਮੇਰੀ ਗੱਲਬਾਤ ਪੂਰੇ ਜਲੌ ਵਿਚ ਜਾਰੀ ਸੀ ਪਰ ਮੇਰੀ ਨਿਗਾਹ ਪ੍ਰਿੰਸ ਅਤੇ ਲੀਜ਼ਾ ਦਾ ਖਹਿੜਾ ਛੱਡ ਨਹੀਂ ਰਹੀ ਸੀ। ਉਹ ਦੋਨੋਂ ਨਿਰੰਤਰ ਨਾਚ ਦੇ ਘੁੰਮਣਘੇਰ ਵਿਚ ਸਨ। ਉਨ੍ਹਾਂ ਨੂੰ ਲਗਾਤਾਰ ਸੱਦੇ ਮਿਲ ਰਹੇ ਸਨ ਜਦੋਂ ਉਹ ਦੋਨੋਂ ਨੱਚ ਰਹੇ ਹੁੰਦੇ ਸਨ ਤਾਂ ਮੈਨੂੰ ਘੱਟ ਦੁੱਖ ਹੁੰਦਾ ਅਤੇ ਜਦੋਂ ਉਹ ਦੋਨੋਂ ਇਕੱਠੇ ਬੈਠੇ ਹੁੰਦੇ ਤੇ ਇਕ ਦੂਜੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਮੁਸਕਰਾਉਂਦੇ, ਅਜਿਹੀ ਮੁਸਕਰਾਹਟ ਜੋ ਮੁਬਾਰਕ ਪ੍ਰੇਮੀਆਂ ਦੇ ਚਿਹਰੇ 'ਤੇ ਸਦਾ ਟਹਿਕਦੀ ਰਹਿੰਦੀ ਹੈ, ਤਾਂ ਵੀ ਮੈਂ ਇੰਨਾ ਦੁਖੀ ਨਹੀਂ ਸੀ ਹੁੰਦਾ ਪਰ ਜਦ ਲੀਜ਼ਾ ਕਿਸੇ ਝੱਲੇ ਅਲਬੇਲੇ ਨੌਜਵਾਨ ਦੇ ਨਾਲ ਨਾਚ ਕਰ ਹੁੰਦੀ ਸੀ। ਕੁਰਸੀ 'ਤੇ ਬੈਠੇ ਪ੍ਰਿੰਸ ਨੇ ਉਸ ਦਾ ਨੀਲਾ ਰੇਸ਼ਮੀ ਸ਼ਾਲ ਆਪਣੇ ਪੱਟਾਂ ਤੇ ਰੱਖਿਆ ਹੁੰਦਾ। ਉਹ ਆਪਣੀਆਂ ਗੰਭੀਰ ਅਤੇ ਲਿਸ਼ਕਦੀਆਂ ਨਿਗਾਹਾਂ ਨਾਲ ਉਸ ਲੀਜ਼ਾ ਦੀਆਂ ਨਾਜ਼ੁਕ ਨਾਚ ਅਦਾਵਾਂ 'ਤੇ ਫ਼ਿਦਾ ਹੋ ਰਿਹਾ ਹੁੰਦਾ, ਤਾਂ ਮੇਰਾ ਹਾਲ ਬਹੁਤ ਮਾੜਾ ਹੁੰਦਾ। ਹਾਂ, ਉਦੋਂ ਮੇਰੀਆਂ ਆਂਦਰਾਂ 'ਤੇ ਛੁਰੀਆਂ ਚੱਲ ਰਹੀਆਂ ਹੁੰਦੀਆਂ ਅਤੇ ਮੈਂ ਗੁੱਸੇ ਵਿੱਚ ਅਜਿਹੀਆਂ ਸੜੀਆਂ ਹੋਈਆਂ ਟਿੱਪਣੀਆਂ ਕਰਦਾ ਕਿ ਮੇਰੀ ਸਾਥਣ ਦੀਆਂ ਅੱਖਾਂ ਹੈਰਾਨੀ ਦੇ ਕਹਿਰ ਨਾਲ ਉਸਦੀ ਨੱਕ ਵਿੱਚ ਧਸ ਜਾਂਦੀਆਂ ਸਨ।

ਹੌਲੀ-ਹੌਲੀ ਮਾਜ਼ੁਰਕਾ ਆਪਣੀ ਸਮਾਪਤੀ ਵੱਲ ਸਰਕ ਰਿਹਾ ਸੀ। ਹੁਣ ਉਨ੍ਹਾਂ ਨੇ ਉਹ ਖੇਲ੍ਹ ਸ਼ੁਰੂ ਕੀਤੀ ਜਿਸ ਨੂੰ "ਲਾ ਕੌਨਫੀਡੈਂਟ" (ਰਾਜ਼ਦਾਰ) ਕਿਹਾ ਜਾਂਦਾ ਹੈ। ਇਸ ਖੇਲ੍ਹ ਵਿਚ ਇਕ ਔਰਤ ਸਰਕਲ ਵਿਚ ਬੈਠਦੀ ਹੈ ਅਤੇ ਇਕ ਹੋਰ ਔਰਤ ਨੂੰ ਉਸ ਦੀ ਰਾਜ਼ਦਾਰ ਚੁਣਿਆ ਜਾਂਦਾ ਹੈ ਜਿਸ ਨੂੰ ਉਹ ਕੰਨ ਵਿਚ ਉਸ ਸੱਜਣ ਦਾ ਨਾਂ ਦੱਸਦੀ ਹੈ ਜਿਸ ਨਾਲ ਉਹ ਨੱਚਣਾ ਚਾਹੁੰਦੀ ਹੈ। ਉਸ ਦਾ ਭਾਈਵਾਲ ਇਕ-ਇਕ ਕਰਕੇ ਨਾਚ-ਭਿਆਲ ਲਿਆਉਂਦੀ ਹੈ। ਉਸ ਦੀ ਰਾਜ਼ਦਾਰ ਉਨ੍ਹਾਂ ਨੂੰ ਇਨਕਾਰ ਕਰਦੀ ਜਾਂਦੀ ਹੈ ਜਦੋਂ ਤਕ ਭਾਗਸ਼ਾਲੀ ਸੱਜਣ ਨੂੰ ਅੱਗੇ ਨਹੀਂ ਲਿਆਂਦਾ ਜਾਂਦਾ। ਲੀਜ਼ਾ ਚੱਕਰ ਵਿਚ ਬੈਠ ਗਈ ਅਤੇ ਇਕ ਮੇਜ਼ਬਾਨ ਦੀ ਲੜਕੀ ਨੂੰ ਰਾਜ਼ਦਾਰ ਚੁਣ ਲਿਆ ਜੋ ਬੜੀ ਅਜੀਬ ਕਿਸਮ ਦੀ ਕੁੜੀ ਸੀ। ਪ੍ਰਿੰਸ ਭਾਗਸ਼ਾਲੀ ਸੱਜਣ ਦੀ ਭਾਲ ਕਰਨ ਲੱਗ ਪਿਆ। ਉਹ ਦਸ ਸੱਜਣ ਅੱਗੇ ਲਿਆਉਂਦਾ ਹੈ, ਵਿਅਰਥ ਰਾਜ਼ਦਾਰ ਨੇ ਇਕ ਸਨਿਮਰ ਮੁਸਕਰਾਹਟ ਨਾਲ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਆਖ਼ਿਰ ਮੇਰੀ ਵਾਰੀ ਆ ਗਈ। ਉਸ ਪਲ ਮੇਰੇ ਅੰਦਰ ਕੁਝ ਅਜੀਬ ਚੱਲ ਰਿਹਾ ਸੀ। ਮੈਂ ਸਿਰ ਤੋਂ ਪੈਰਾਂ ਤਕ ਮੜੱਕ ਗਿਆ। ਮੇਰਾ ਪਹਿਲਾ ਆਵੇਗ ਸੀ ਕਿ ਮੈਂ ਉਸ ਦਾ ਸੱਦਾ ਮਨ੍ਹਾ ਕਰ ਦੇਵਾਂ ਪਰ ਮੈਂ ਇਹ ਨਹੀਂ ਕੀਤਾ। ਮੈਂ ਉਸ ਦੇ ਨਾਲ ਲੀਜ਼ਾ ਦੀ ਕੁਰਸੀ ਕੋਲ ਗਿਆ। ਉਸ ਨੇ ਮੇਰੇ ਵੱਲ ਤੱਕਿਆ ਤਕ ਨਹੀਂ। ਰਾਜ਼ਦਾਰ ਨੇ ਇਨਕਾਰ ਦਾ ਇਸ਼ਾਰਾ ਕਰ ਦਿੱਤਾ। ਪ੍ਰਿੰਸ ਨੂੰ ਸ਼ਾਇਦ ਮੇਰੀ ਉਦਾਸ ਸੂਰਤ ਦੇਖ ਕੇ ਮੇਰੇ ਨਾਲ ਹਮਦਰਦੀ ਹੋਈ। ਉਸ ਨੇ ਲਈ ਖਾਸਾ ਝੁਕ ਕੇ ਮੈਨੂੰ ਰੁਖ਼ਸਤ ਕੀਤਾ।

ਲੀਜ਼ਾ ਦੀ ਬੇਨਿਆਜ਼ੀ, ਉਸ ਦਾ ਇਨਕਾਰ ਜੋ ਮੇਰੇ ਖੁਸ਼ਕਿਸਮਤ ਰਕੀਬ ਨੇ ਬਣਾਵਟੀ ਨਿਮਰਤਾ ਨਾਲ ਅਤੇ ਲਾਪਰਵਾਹ ਮੁਸਕਰਾਹਟ ਨਾਲ ਮੇਰੇ ਤੱਕ ਪੁੱਜਦਾ ਕੀਤਾ ਸੀ - ਇਸ ਸਭ ਨੇ ਮੇਰੇ ਅੰਦਰ ਇਕ ਕਿਸਮ ਦਾ ਭਾਂਬੜ ਜਾਲ ਦਿੱਤਾ। ਮੈਂ ਪ੍ਰਿੰਸ ਦੇ ਨੇੜੇ ਹੋ ਗਿਆ ਅਤੇ ਗੁੱਸੇ ਨਾਲ ਕਿਹਾ:
"ਲੱਗਦਾ ਹੈ ਕਿ ਤੁਹਾਨੂੰ ਮੇਰੇ ਹਾਲ 'ਤੇ ਹੱਸਣ ਵਿੱਚ ਮਜ਼ਾ ਆ ਰਿਹਾ ਹੈ?"
ਉਸ ਨੇ ਮੇਰੇ ਵੱਲ ਹੈਰਾਨੀ ਅਤੇ ਨਫ਼ਰਤ ਨਾਲ ਦੇਖਿਆ। ਮੈਨੂੰ ਬਾਂਹ ਤੋਂ ਫੜ ਲਿਆ ਜਿਵੇਂ ਉਹ ਮੈਨੂੰ ਮੇਰੀ ਸੀਟ 'ਤੇ ਵਾਪਸ ਲਿਜਾਣਾ ਚਾਹੁੰਦਾ ਹੋਵੇ ਅਤੇ ਰੁੱਖਾਈ ਨਾਲ ਪੁੱਛਿਆ:
"ਕਿਸ ਨੂੰ?--- ਮੈਨੂੰ?"
"ਹਾਂ, ਤੁਸੀਂ!" ਉਹਦੇ ਨਾਲ ਕੁਰਸੀ ਵੱਲ ਜਾਂਦੇ ਹੋਏ ਮੈਂ ਕਾਨਾਫੂਸੀ ਵਿਚ ਜਵਾਬ ਦਿੱਤਾ "ਤੁਸੀਂ, ਮੇਰੇ ਪਿਆਰੇ! ਅਤੇ ਮੈਂ ਕਿਸੇ ਵੀ ਵਿਅਰਥ ਪੀਟਰਸਬਰਗੀ ਮੁੰਡੂ ਨੂੰ ਇਹ ਇਜਾਜ਼ਤ ਨਹੀਂ ਦਿੰਦਾ"।
"ਮੈਂ ਤੁਹਾਡੀ ਗੱਲ ਸਮਝਦਾ ਹਾਂ," ਉਸ ਨੇ ਖਚਰਾ ਜਿਹਾ ਮੁਸਕਰਾਉਂਦੇ ਹੋਏ ਮੈਨੂੰ ਟੋਕਿਆ; "ਮੈਂ ਸਮਝਦਾ ਹਾਂ, ਅਤੇ ਆਪਾਂ ਇਸ ਬਾਰੇ ਬਾਅਦ ਵਿੱਚ ਗੱਲ ਕਰਾਂਗੇ - ਇਹ ਮੌਕਾ ਨਹੀਂ ਹੈ।"
ਉਹ ਮੇਰੇ ਕੋਲੋਂ ਚਲਾ ਗਿਆ ਅਤੇ ਇਵੇਂ ਸ਼ਾਂਤ ਅਤੇ ਸਹਿਜ ਭਾਵ ਬਿਜ਼ਮਨਕੋਫ ਵੱਲ ਹੋਇਆ ਜਿਵੇਂ ਕੁਝ ਵਾਪਰਿਆ ਹੀ ਨਹੀਂ ਹੁੰਦਾ। ਉਹ ਜ਼ਰਦ ਜਿਹਾ ਲੱਗਦਾ ਮਧਰਾ ਸੱਜਣ ਖ਼ੁਸ਼ਖ਼ਬਰੀ ਦਾ ਪਾਤਰ ਸਾਬਿਤ ਹੋਇਆ। ਲੀਜ਼ਾ ਉਸ ਨੂੰ ਮਿਲਣ ਲਈ ਉਠੀ, ਅਤੇ ਉਸ ਦੇ ਨਾਲ ਨਾਚ ਦਾ ਇੱਕ ਗੇੜਾ ਲਾਇਆ।

ਮੈਂ ਆਪਣੀ ਸਾਥਣ ਦੇ ਨਾਲ ਸੀਟ 'ਤੇ ਬੈਠ ਆਪਣੇ ਆਪ ਨੂੰ ਨਾਇਕ ਮਹਿਸੂਸ ਕਰ ਰਿਹਾ ਸੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੇਰੀ ਮਾਵਾ ਦਿੱਤੀ ਹੋਈ ਕਮੀਜ਼ ਦੇ ਪੱਲੇ ਹੇਠ ਮੇਰੀ ਛਾਤੀ ਫੈਲ ਗਈ ਸੀ। ਮੈਂ ਡੂੰਘੇ ਅਤੇ ਤੇਜ਼ ਸਾਹ ਲੈ ਰਿਹਾ ਸੀ। ਮੈਂ ਅਚਾਨਕ ਮੇਰੇ ਗੁਆਂਢੀ, ਬਾਂਕੇ ਮੁੰਡੇ ਵੱਲ ਅਜਿਹੀ ਮਾਣਮੱਤੀ ਨਿਗਾਹ ਮਾਰੀ ਕਿ ਉਹ ਸ਼ਸ਼ੋਪੰਜ ਵਿਚ ਪੈ ਗਿਆ ਸੀ ਅਤੇ ਮੇਰੀ ਦਿਸ਼ਾ ਵਿਚ ਪਸਰਿਆ ਛੋਟਾ ਜਿਹਾ ਪੈਰ ਆਪ-ਮੁਹਾਰੇ ਪਿੱਛੇ ਹਟ ਗਿਆ। ਇਸ ਤਰ੍ਹਾਂ ਉਸ ਸੱਜਣ 'ਤੇ ਨਜ਼ਰ ਸੁੱਟਣ ਤੋਂ ਬਾਅਦ ਮੈਂ ਡਾਂਸਰਾਂ ਦੀ ਪੂਰੀ ਮਹਿਫ਼ਲ 'ਤੇ ਨਿਗਾਹ ਮਾਰੀ। ਮੈਨੂੰ ਇਹ ਦਿਖਾਈ ਦਿੱਤਾ ਕਿ ਦੋ ਜਾਂ ਤਿੰਨ ਸਾਹਿਬਾਨ ਨੇ ਮੈਨੂੰ ਕੁਝ ਉਤਸੁਕਤਾ ਨਾਲ ਵੇਖਿਆ ਪਰ ਸਮੁੱਚੇ ਤੌਰ 'ਤੇ ਪ੍ਰਿੰਸ ਨਾਲ ਮੇਰੀ ਗੱਲਬਾਤ ਵੱਲ ਧਿਆਨ ਬਹੁਤ ਹੀ ਘੱਟ ਦਿੱਤਾ ਗਿਆ ਸੀ। ਮੇਰਾ ਰਕੀਬ ਪਹਿਲਾਂ ਹੀ ਬਹੁਤ ਹੀ ਬੇਪਰਵਾਹ ਅੰਦਾਜ਼ ਵਿਚ ਆਪਣੀ ਕੁਰਸੀ ਤੇ ਬੈਠਾ ਸੀ ਅਤੇ ਉਸ ਦੇ ਚਿਹਰੇ 'ਤੇ ਪਹਿਲਾਂ ਵਾਲੀ ਮੁਸਕਰਾਹਟ ਕਾਇਮ ਸੀ। ਬਿਜ਼ਮਨਕੋਫ ਨੇ ਆਪਣੀ ਲੀਜ਼ਾ ਨਾਲ ਆਪਣਾ ਗੇੜਾ ਲਾ ਲਿਆ ਸੀ ਅਤੇ ਉਹ ਉਸ ਨੂੰ ਉਸ ਦੀ ਸੀਟ 'ਤੇ ਛੱਡ ਆਇਆ ਸੀ। ਉਸ ਨੇ ਬਹੁਤ ਹੀ ਸਨੇਹ ਨਾਲ ਉਸ ਨੂੰ ਸ਼ੁਕਰੀਆ ਕਿਹਾ ਅਤੇ ਪ੍ਰਿੰਸ ਵੱਲ ਮੁੜੀ। ਮੈਨੂੰ ਲੱਗਿਆ ਕਿ ਉਹ ਕੁਝ ਪ੍ਰੇਸ਼ਾਨ ਸੀ ਅਤੇ ਉਸ ਨੇ ਉਸ ਤੋਂ ਕੁਝ ਪੁੱਛਿਆ। ਉਸ ਨੇ ਹੱਸ ਕੇ ਜਵਾਬ ਦਿੱਤਾ ਅਤੇ ਆਪਣਾ ਹੱਥ ਬਹੁਤ ਹੀ ਸੁੰਦਰ ਅੰਦਾਜ਼ ਵਿਚ ਲਹਿਰਾਇਆ। ਉਸ ਨੇ ਉਸ ਨੂੰ ਕੋਈ ਬਹੁਤ ਹੀ ਵਧੀਆ ਗੱਲ ਦੱਸੀ ਹੋਵੇਗੀ ਕਿਉਂਕਿ ਉਹ ਖੁਸ਼ੀ ਨਾਲ ਲਾਲ ਹੋ ਗਈ ਸੀ। ਉਸ ਦੀਆਂ ਅੱਖਾਂ ਜ਼ਮੀਨ ਗੱਡੀਆਂ ਗਈਆਂ ਅਤੇ ਉਲਾਹਮੇ ਦੇ ਹਾਵ-ਭਾਵ ਨਾਲ ਮੁੜ ਉੱਪਰ ਉਠਾਈਆਂ।

ਨਾਇਕਤਵ ਦੀ ਭਾਵਨਾ ਜੋ ਮੇਰੇ ਅੰਦਰ ਅਚਾਨਕ ਪੈਦਾ ਹੋ ਗਈ ਸੀ। ਉਹ ਕੁਝ ਸਮੇਂ ਲਈ ਮੇਰੇ ਨਾਲ ਰਹੀ ਪਰ ਮੈਂ ਹੋਰ ਆਲੋਚਨਾ ਨਹੀਂ ਕੀਤੀ। ਮੈਂ ਸਿਰਫ਼ ਉਦਾਸ ਅਤੇ ਅਣਖੀਲੇ ਹਾਵ-ਭਾਵ ਵਾਲੀ ਆਪਣੀ ਸਾਥਣ ਵੱਲ ਦੇਖਿਆ। ਜ਼ਾਹਿਰ ਹੈ ਕਿ ਉਹ ਮੇਰੇ ਤੋਂ ਡਰਨ ਲੱਗ ਪਈ ਸੀ ਕਿਉਂਕਿ ਜਦ ਉਹ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਥੱਥਲਾਉਣ ਲੱਗ ਪੈਂਦੀ ਸੀ ਅਤੇ ਨਿਰੰਤਰ ਪਲਕਾਂ ਝਪਕਣ ਲੱਗਦੀ ਜਦੋਂ ਮਾਜ਼ੁਰਕਾ ਸਮਾਪਤ ਹੋ ਗਿਆ, ਮੈਂ ਉਸ ਡਰੀ ਹੋਈ ਕੁੜੀ ਨੂੰ ਉਸਦੀ ਮਾਂ ਦੀ ਹੱਕੀ ਦੇਖਭਾਲ ਦੇ ਹਵਾਲੇ ਕਰ ਦਿੱਤਾ। ਉਸ ਦੀ ਮਾਂ ਇਕ ਹੱਟੀ ਕੱਟੀ ਸੀ ਔਰਤ ਜਿਸ ਦੇ ਸਿਰ ਉੱਤੇ ਇਕ ਪੀਲੇ ਰੰਗ ਦਾ ਢਾਂਚਾ ਸੀ। ਮੈਂ ਫਿਰ ਉਸੇ ਖਿੜਕੀ ਕੋਲ ਜਾ ਬੈਠਿਆ। ਮੈਂ ਬਾਹਾਂ ਨਾਲ ਛਾਤੀ 'ਤੇ ਕੈਂਚੀ ਮਾਰੀ ਹੋਈ ਸੀ ਅਤੇ ਉਡੀਕ ਕਰਨ ਲੱਗਾ ਕਿ ਅੱਗੇ ਕੀ ਵਾਪਰਦਾ ਹੈ।
ਮੈਨੂੰ ਕੁਝ ਸਮਾਂ ਉਡੀਕ ਕਰਨੀ ਪਈ। ਪ੍ਰਿੰਸ ਮੇਜ਼ਬਾਨ ਦੇ ਪਰਿਵਾਰ ਅਤੇ ਕੁਝ ਮਹਿਮਾਨਾਂ ਦੁਆਰਾ ਘਿਰਿਆ ਹੋਇਆ ਸੀ, ਜਿਵੇਂ ਇੰਗਲੈਂਡ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਬਿਨਾਂ ਕਿਸੇ ਤਰਕ ਦਲੀਲ ਦੇ ਮੇਰੇ ਵਰਗੇ ਤੁਛ ਇਨਸਾਨ ਕੋਲ ਨਹੀਂ ਆ ਸਕਦਾ। ਉਹ ਡਰਦਾ ਸੀ ਕਿ ਇਸ ਨਾਲ ਸ਼ੱਕ ਪੈਦਾ ਹੋ ਸਕਦਾ ਸੀ। ਮੇਰੀ ਆਪਣੀ ਤੁੱਛਤਾ ਨੇ ਇਸ ਤੋਂ ਵਧੇਰੇ ਸੰਤੁਸ਼ਟੀ ਮੈਨੂੰ ਕਦੇ ਨਹੀਂ ਦਿੱਤੀ ਸੀ ਜਿੰਨੀ ਉਸ ਪਲ। ਜਦੋਂ ਮੈਂ ਉਸ ਨੂੰ ਕਦੇ ਇਕ ਪਾਸੇ ਅਤੇ ਕਦੇ ਦੂਜੇ ਪਾਸੇ ਬਹੁਤ ਸਤਿਕਾਰਯੋਗ ਵਿਅਕਤੀਆਂ ਵੱਲ ਮੁੜਦੇ ਹੋਏ ਦੇਖਿਆ ਜਿਹੜੇ ਉਸ ਦੇ ਧਿਆਨ ਵਿਚ ਆਉਣ ਲਈ ਉਤਾਵਲੇ ਸਨ। ਮੈਂ ਪੁੱਛਿਆ, "ਠੀਕ ਹੈ, ਮੇਰੇ ਦੋਸਤ! ਤੁਸੀਂ ਇਸ ਨਿਮਾਣੇ ਜਿਹੇ ਬੰਦੇ ਕੋਲ ਆਓਗੇ, ਜੋ ਵੀ ਮੈਂ ਹਾਂ। ਭਾਵੇਂ ਮੈਂ ਤੁਹਾਡੀ ਬੇਇੱਜ਼ਤੀ ਕੀਤੀ ਹੈ!"
ਆਖ਼ਿਰਕਾਰ ਉਹ ਆਪਣੇ ਪ੍ਰਸ਼ੰਸਕਾਂ ਦੀ ਭੀੜ ਤੋਂ ਚੰਗੇ ਭੱਦਰ ਤਰੀਕੇ ਨਾਲ ਛੁਟਕਾਰਾ ਪਾਉਣ ਵਿਚ ਸਫ਼ਲ ਹੋ ਗਿਆ। ਉਹ ਉਸ ਜਗ੍ਹਾ ਆਇਆ ਜਿੱਥੇ ਮੈਂ ਖੜ੍ਹਾ ਸੀ। ਮੇਰੇ ਕੋਲੋਂ ਕੁਝ ਕਦਮ ਲੰਘ ਗਿਆ। ਆਲੇ ਦੁਆਲੇ ਇਕ ਚੋਰ ਨਜ਼ਰ ਮਾਰੀ, ਫਿਰ ਵਾਪਸ ਮੁੜ ਪਿਆ ਜਿਵੇਂ ਕੋਈ ਭੁੱਲੀ ਗੱਲ ਚੇਤੇ ਆ ਗਈ ਹੋਵੇ ਅਤੇ ਮੇਰੇ ਕੋਲ ਆ, ਮੁਸਕਰਾ ਕੇ ਕਿਹਾ:
"ਹਾਂ, ਸੱਚ! ਆਪਾਂ ਕੋਈ ਆਪਸੀ ਕਾਰੋਬਾਰ ਦੀ ਗੱਲ ਕਰਨੀ ਸੀ।"
ਦੋ ਭੱਦਰ ਵਿਅਕਤੀ, ਜੋ ਪ੍ਰਿੰਸ ਦੇ ਮਗਰ ਸਨ ਅਤੇ ਉਸ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਸੀ ਜਦੋਂ ਉਨ੍ਹਾਂ ਨੇ ਉਸ ਦੀ ਗੱਲ ਸੁਣੀ ਤਾਂ ਉਨ੍ਹਾਂ ਨੇ "ਕਾਰੋਬਾਰ" ਸ਼ਬਦ ਤੋਂ ਕਿਸੇ ਸਰਕਾਰੀ ਕੰਮ ਦਾ ਅਨੁਮਾਨ ਲਗਾ ਲਿਆ ਅਤੇ ਸਤਿਕਾਰਤ ਲਹਿਜੇ ਵਿਚ ਪਿੱਛੇ ਹੱਟ ਗਏ। ਪ੍ਰਿੰਸ ਨੇ ਮੇਰੀ ਬਾਂਹ ਫੜ੍ਹ ਲਈ ਅਤੇ ਮੈਨੂੰ ਇਕ ਹੋਰ ਕਮਰੇ ਵਿਚ ਲੈ ਗਿਆ। ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ।
"ਤੁਸੀਂ ਮੈਨੂੰ ਕੋਈ ਬੁਰੀ ਗੱਲ ਕਹੀ ਸੀ," ਉਸ ਨੇ "ਤੁਸੀਂ" ਸ਼ਬਦ ਤੇ ਜ਼ੋਰ ਪਾਉਂਦੇ ਹੋਏ ਕਿਹਾ, ਜਦ ਕਿ ਉਹ ਮੈਨੂੰ ਹਿਕਾਰਤ ਦੀ ਨਿਗ੍ਹਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ।
ਮੈਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੀ ਹੰਕਾਰੀ ਹਵਾ ਉਸ ਦੇ ਖ਼ੂਬਸੂਰਤ ਨੈਣ-ਨਕਸ਼ਾਂ ਨਾਲ ਮੇਲ ਖਾਂਦੀ ਸੀ।
"ਮੈਂ ਉਹੀ ਕਿਹਾ ਜੋ ਮੈਂ ਸਮਝਦਾ ਸੀ," ਮੈਂ ਵੀ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ।
"ਹੌਲੀ!" ਉਸ ਨੇ ਫਿਰ ਤੋਂ ਕਿਹਾ, "ਸਤਿਕਾਰਯੋਗ ਲੋਕ ਕਦੇ ਵੀ ਇੰਨੀ ਉੱਚੀ ਨਹੀਂ ਬੋਲਦੇ। ਸ਼ਾਇਦ ਤੁਸੀਂ ਮੇਰੇ ਨਾਲ ਪੰਗਾ ਲੈਣਾ ਚਾਹੁੰਦੇ ਹੋ।"
"ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ," ਆਪਣਾ ਆਪ ਕੱਸਦੇ ਹੋਏ ਮੈਂ ਜਵਾਬ ਦਿੱਤਾ।
"ਜੇ ਤੁਸੀਂ ਆਪਣੇ ਸ਼ਬਦ ਵਾਪਸ ਨਹੀਂ ਲੈਂਦੇ ਤਾਂ ਮੈਂ ਤੁਹਾਨੂੰ ਚੁਣੌਤੀ ਦੇਣ ਲਈ ਮਜ਼ਬੂਰ ਹੋਵਾਂਗਾ।"
"ਆਪਣਾ ਕੋਈ ਵੀ ਸ਼ਬਦ ਵਾਪਸ ਲੈਣ ਦਾ ਮੇਰਾ ਇਰਾਦਾ ਨਹੀਂ।"
"ਸੱਚ?" ਉਸ ਨੇ ਚੋਭਵੀਂ ਜਿਹੀ ਮੁਸਕਰਾਹਟ ਨਾਲ ਕਿਹਾ। "ਐਸੀ ਸੂਰਤ ਵਿਚ ਕੱਲ੍ਹ ਨੂੰ ਮੈਂ ਆਪਣਾ ਦੂਜਾ ਭੇਜਣ ਦਾ ਮਾਣ ਲਵਾਂਗਾ।"
"ਬਹੁਤ ਵਧੀਆ, ਸਰ!" ਮੈਂ ਜਵਾਬ ਦਿੱਤਾ ਜਿੰਨੇ ਠਰ੍ਹੰਮੇ ਨਾਲ ਮੈਂ ਦੇ ਸਕਦਾ ਸੀ।
"ਮੈਂ ਤੁਹਾਨੂੰ, ਮੈਨੂੰ ਘਟੀਆ ਸਮਝਣ ਤੋਂ ਰੋਕ ਨਹੀਂ ਸਕਦਾ," ਉਸ ਨੇ ਹੰਕਾਰੀ ਸੁਰ ਵਿਚ ਕਿਹਾ, "ਪਰੰਤੂ ਐਨ---ਦੇ ਖ਼ਾਨਦਾਨੀ ਪਰਿਵਾਰ ਨੂੰ ਐਰਾ ਗੈਰਾ ਨਹੀਂ ਸਮਝਿਆ ਜਾ ਸਕਦਾ। ਅਲਵਿਦਾ, ਕੱਲ੍ਹ ਤਕ ਲਈ, ਮਿਸਟਰ-ਮਿਸਟਰ-ਸ਼ਤੂਕਾਤੂਰਿਨ।" ਉਹ ਅਚਾਨਕ ਮੇਰੇ ਕੋਲੋਂ ਚੱਲ ਪਿਆ ਅਤੇ ਮੇਜ਼ਬਾਨ ਵੱਲ ਗਿਆ ਜਿਸ ਨੇ ਪਹਿਲਾਂ ਹੀ ਥੋੜ੍ਹੀ ਜਿਹੀ ਤਲਖ਼ੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਸੀ।
"ਸ਼ਤੂਕਾਤੂਰਿਨ!"ਮੇਰਾ ਨਾਮ ਤਾਂ ਚਲਕਾਤੂਰਿਨ ਹੈ! ਇਸ ਆਖਰੀ ਬੇਇੱਜ਼ਤੀ ਨੇ ਮੈਨੂੰ ਇਸ ਹੱਦ ਤੱਕ ਬੌਂਦਲਾ ਦਿੱਤਾ ਕਿ ਮੈਂ ਜਵਾਬ ਵਿਚ ਇਕ ਸ਼ਬਦ ਵੀ ਨਹੀਂ ਬੋਲ ਸਕਿਆ। ਮੈਂ ਸਿਰਫ ਗੁੱਸੇ ਨਾਲ ਉਸ ਵੱਲ ਦੇਖਿਆ ਅਤੇ ਆਪਣੇ ਦੰਦ ਕਰੀਚੇ। ਮੈਂ ਬੱਸ ਏਨੀ ਕੁ ਘੁਸਰ-ਮੁਸਰ ਕੀਤੀ:
"ਕਲ ਤੱਕ"
ਮੈਂ ਉਲਹਾਨਸ ਰੈਜਮੈਂਟ ਦੇ - ਕੋਲੋਬੋਰਡੀਆਏਫ ਨਾਮ ਦੇ - ਇੱਕ ਕਪਤਾਨ ਨੂੰ ਭਾਲਣ ਲਈ ਤੁਰੰਤ ਨਿੱਕਲ ਪਿਆ। ਉਹ ਇਕ ਬਹੁਤ ਹੀ ਲਾਪਰਵਾਹ ਅਤੇ ਖ਼ੁਸ਼ ਰਹਿਣਾ ਪੁਰਾਣਾ ਸਾਥੀ ਸੀ। ਮੈਂ ਉਸ ਨੂੰ ਪ੍ਰਿੰਸ ਨਾਲ ਝਗੜੇ ਬਾਰੇ ਕੁਝ ਕੁ ਸ਼ਬਦਾਂ ਵਿਚ ਦੱਸਿਆ ਅਤੇ ਉਸ ਨੂੰ ਮੇਰਾ ਦੂਜਾ ਬਣਨ ਲਈ ਬੇਨਤੀ ਕੀਤੀ। ਉਹ ਨਿਰਸੰਦੇਹ ਸਹਿਮਤ ਹੋ ਗਿਆ, ਅਤੇ ਮੈਂ ਘਰ ਚਲਾ ਗਿਆ।
ਉਤੇਜਨਾ ਕਾਰਨ ਮੈਂ ਸਾਰੀ ਰਾਤ ਨਹੀਂ ਸੁੱਤਾ ਪਰ ਇਸ ਦਾ ਕਾਰਨ ਕਾਇਰਾਨਾ ਡਰ ਉੱਕਾ ਨਹੀਂ ਸੀ। ਮੈਨੂੰ ਆਪਣੀ ਮੌਤ ਦੀ ਚਿੰਤਾ ਵੀ ਨਹੀਂ ਸੀ। ਜਰਮਨੀ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿਚ ਇਹ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਮੈਂ ਲੀਜ਼ਾ ਬਾਰੇ, ਆਪਣੀ ਡੁੱਬੀਆਂ ​​ਆਸਾਂ ਬਾਰੇ, ਅਤੇ ਇਸ ਬਾਰੇ ਸੋਚਿਆ ਕਿ ਅਮਲ ਕਰਨਾ ਕਿਵੇਂ ਮੇਰੀ ਡਿਊਟੀ ਸੀ।
"ਕੀ ਮੈਨੂੰ ਪ੍ਰਿੰਸ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰਾਨੀ ਚਾਹੀਦੀ ਹੈ?" ਮੈਂ ਆਪਣੇ ਆਪ ਨੂੰ ਪੁੱਛਿਆ।
ਬੇਸ਼ੱਕ, ਮੈਂ ਇਹ ਬਦਲਾ ਲੈਣ ਲਈ ਨਹੀਂ, ਸਗੋਂ ਲੀਜ਼ਾ ਦੇ ਕਾਰਨ ਇਹ ਇਰਾਦਾ ਕੀਤਾ ਸੀ।
"ਪਰ ਉਹ ਨੁਕਸਾਨ ਝੱਲ ਨਹੀਂ ਸਕੇਗੀ," ਮੈਂ ਫਿਰ ਮਨ ਵਿਚ ਸੋਚਿਆ। "ਨਹੀਂ, ਸਗੋਂ ਉਸ ਹੱਥੋਂ ਮਰ ਜਾਣਾ ਬਿਹਤਰ ਰਹੇਗਾ।"
ਮੈਨੂੰ ਇਹ ਵੀ ਇਕਬਾਲ ਕਰਨਾ ਚਾਹੀਦਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ, ਤੁੱਛ ਜਿਹਾ ਦਿਹਾਤੀ ਬੰਦਾ, ਅਜਿਹੇ ਉੱਚ ਵਿਅਕਤੀ ਨੂੰ ਜੀਵਨ ਅਤੇ ਮੌਤ ਲਈ ਆਪਣੇ ਨਾਲ ਲੜਨ ਲਈ ਮਜਬੂਰ ਕਰ ਸਕਦਾ ਸੀ।
ਮੈਂ ਅਜਿਹੇ ਵਿਚਾਰਾਂ ਦੀ ਘੁੰਮਣਘੇਰੀ ਵਿਚ ਪੂਰੀ ਰਾਤ ਬਿਤਾਈ ਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਕੋਲੋਬੋਰਡੀਆਏਫ ਮੇਰੇ ਕਮਰੇ ਵਿਚ ਦਾਖਲ ਹੋਇਆ।
"ਠੀਕ ਹੈ," ਉਸ ਨੇ ਉੱਚੀ ਉੱਚੀ ਬੋਲਦੇ ਹੋਏ ਪੁੱਛਿਆ, "ਪ੍ਰਿੰਸ ਦਾ ਦੂਜਾ ਕਿੱਥੇ ਹੈ?"
"ਰੱਬ ਦੇ ਵਾਸਤੇ," ਮੈਂ ਉੱਤਰ ਦਿੱਤਾ, "ਅਜੇ ਸੱਤ ਵੀ ਨਹੀਂ ਵੱਜੇ। ਮੈਂ ਸੋਚਦਾ ਹਾਂ, ਪ੍ਰਿੰਸ ਤਾਂ ਅਜੇ ਵੀ ਬਿਸਤਰ ਵਿਚ ਹੋਣਾ ਹੈ।"
"ਉਸ ਸੂਰਤ ਵਿਚ," ਬੇਕਿਰਕ ਉਹਲਾਨ ਨੇ ਕਿਹਾ, "ਮੇਰੇ ਲਈ ਕੁਝ ਚਾਹ ਦਾ ਆਦੇਸ਼ ਦਿੱਤਾ ਜਾਵੇ। ਮੇਰਾ ਸਿਰ ਪਿਛਲੀ ਸ਼ਾਮ ਤੋਂ ਦੁਖ ਰਿਹਾ ਹੈ। ਮੈਂ ਪਿਛਲੀ ਰਾਤ ਕੱਪੜੇ ਵੀ ਨਹੀਂ ਉਤਾਰੇ, "ਉਸ ਨੇ ਕਿਹਾ,"ਲੇਕਿਨ, ਮੈਂ ਆਮ ਤੌਰ 'ਤੇ ਰਾਤ ਨੂੰ ਕੱਪੜੇ ਕਦੇ ਹੀ ਉਤਰਦਾ ਹਾਂ।"
ਉਸ ਲਈ ਚਾਹ ਆ ਗਈ। ਉਸ ਨੇ ਰਮ ਮਿਲਾ ਕੇ, ਇਸ ਦੇ ਛੇ ਗਲਾਸ ਪੀਤੇ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਕੱਲ੍ਹ ਬਹੁਤ ਹੀ ਸਸਤੇ `ਚ ਇਕ ਘੋੜਾ ਖਰੀਦਿਆ ਸੀ ਜਿਸ ਨੂੰ ਕੋਈ ਕੋਚਵਾਨ ਵੇਖਣ ਨੂੰ ਤਿਆਰ ਨਹੀਂ ਸੀ ਕਿ ਉਸ ਨੇ ਉਸ ਦੀਆਂ ਮੁੱਢਲੀਆਂ ਲੱਤਾਂ ਨੂੜ ਕੇ ਜਾਨਵਰ ਨੂੰ ਤੋੜਨ ਦਾ ਇਰਾਦਾ ਕੀਤਾ ਅਤੇ ਉਹ ਮੂੰਹ ਵਿਚ ਪਾਈਪ ਸਮੇਤ ਸੋਫੇ ਉੱਤੇ ਸੌਂ ਗਿਆ। ਮੈਂ ਬੈਠ ਗਿਆ ਅਤੇ ਆਪਣੇ ਕਾਗ਼ਜ਼ਾਂ ਨੂੰ ਰੱਖਣ ਲੱਗਾ। ਇਕੋ-ਇਕ ਚਿੱਠੀ ਜੋ ਮੈਨੂੰ ਲੀਜ਼ਾ ਨੇ ਦਿੱਤੀ ਸੀ, ਉਹ ਪਹਿਲਾਂ ਮੈਂ ਆਪਣੀ ਜੇਬ ਵਿਚ ਰੱਖ ਲਈ ਪਰ ਮੈਂ ਚਿੜ ਕੇ ਮੁੜ ਵਿਚਾਰ ਕੀਤੀ ਅਤੇ ਟੋਕਰੀ ਵਿਚ ਸੁੱਟ ਦਿੱਤੀ। ਕੋਲੋਬੋਰਡੀਆਏਫ ਹਲਕੇ ਹਲਕੇ ਘੁਰਾੜੇ ਮਾਰ ਰਿਹਾ ਸੀ, ਉਸ ਨੇ ਆਪਣਾ ਸਿਰ ਚਮੜੇ ਦੇ ਕੁਸ਼ਨ 'ਤੇ ਪਿੱਛੇ ਨੂੰ ਸੁੱਟਿਆ ਹੋਇਆ ਸੀ ਅਤੇ ਮੈਂ ਕੁਝ ਸਮੇਂ ਲਈ ਉਸ ਦੇ ਬੇਢੰਗੇ, ਭੂਰੇ, ਲਾਪਰਵਾਹ ਅਤੇ ਚੰਗੇ-ਸੁਭਾਅ ਵਾਲੇ ਚਿਹਰੇ ਬਾਰੇ ਸੋਚਿਆ। ਦਸ ਵਜੇ ਮੇਰੇ ਅਰਦਲੀ ਨੇ ਬਿਜ਼ਮਨਕੋਫ਼ ਦੇ ਆਉਣ ਦੀ ਘੋਸ਼ਣਾ ਕੀਤੀ। ਪ੍ਰਿੰਸ ਨੇ ਉਸ ਨੂੰ ਆਪਣੇ ਦੂਜੇ ਲਈ ਚੁਣ ਲਿਆ ਸੀ।
ਬਿਜ਼ਮਨਕੋਫ ਅਤੇ ਮੈਨੂੰ ਸੁੱਤੇ ਹੋਏ ਉਹਲਾਨ ਨੂੰ ਉਠਾਉਣ ਵਿੱਚ ਕਾਫ਼ੀ ਮੁਸ਼ਕਲ ਆਈ ਸੀ। ਉਹ ਉੱਠਿਆ ਅਤੇ ਰੁੱਖੀ ਜਿਹੀ ਨਿਗਾਹ ਨਾਲ ਸਾਨੂੰ ਦੇਖਿਆ ਘਰੜਾਈ ਜਿਹੀ ਆਵਾਜ਼ ਵਿਚ ਪਾਣੀ ਨਾਲ ਕੁਝ ਬ੍ਰਾਂਡੀ ਦੀ ਮੰਗ ਕੀਤੀ। ਫਿਰ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਠਾਇਆ, ਬਿਜ਼ਮਨਕੋਫ ਨੂੰ ਪ੍ਰਣਾਮ ਕੀਤਾ, ਅਤੇ ਸਲਾਹ ਮਸ਼ਵਰੇ ਲਈ ਉਸ ਦੇ ਨਾਲ ਦੂਸਰੇ ਕਮਰੇ ਵਿਚ ਚਲਾ ਗਿਆ। ਲਗਪਗ ਪੰਦਰਾਂ ਮਿੰਟਾਂ ਬੀਤ ਜਾਣ ਤੋਂ ਬਾਅਦ ਉਹ ਫਿਰ ਮੇਰੇ ਕਮਰੇ ਵਿਚ ਦਾਖਲ ਹੋਏ। ਕੋਲੋਬੋਰਡੀਆਏਫ ਨੇ ਮੈਨੂੰ ਦੱਸਿਆ ਕਿ "ਅਸੀਂ ਪਿਸਤੌਲਾਂ ਨਾਲ ਤਿੰਨ ਵਜੇ ਸ਼ਾਮ ਨੂੰ ਲੜਾਂਗੇ।" ਮੈਂ ਸਿਰ ਹਿਲਾ ਕੇ ਆਪਣੀ ਸਹਿਮਤੀ ਦੇ ਦਿੱਤੀ। ਬਿਜ਼ਮਨਕੋਫ ਨੇ ਛੁੱਟੀ ਲਈ ਅਤੇ ਤੁਰੰਤ ਤੁਰ ਗਿਆ। ਉਹ ਪਹਿਲੀ ਵਾਰ ਅਜਿਹੇ ਮਾਮਲਿਆਂ ਵਿਚ ਹਿੱਸਾ ਲੈਣ ਵਾਲਿਆਂ ਵਾਂਗ ਥੋੜ੍ਹਾ ਘਬਰਾਇਆ ਅਤੇ ਅੰਦਰੋਂ ਪ੍ਰੇਸ਼ਾਨ ਲੱਗ ਰਿਹਾ ਸੀ ਪਰ ਉਸ ਦਾ ਵਿਹਾਰ ਸ਼ਾਂਤ ਅਤੇ ਨਿਮਰਤਾ ਵਾਲਾ ਸੀ। ਮੈਂ ਉਸ ਦੇ ਸਾਹਮਣੇ ਕੁਝ ਹੱਦ ਤਕ ਸ਼ਰਮਿੰਦਾ ਮਹਿਸੂਸ ਕੀਤਾ ਅਤੇ ਉਸ ਦੀਆਂ ਅੱਖਾਂ ਵਿਚ ਸਿੱਧਾ ਦੇਖਣ ਦੀ ਹਿੰਮਤ ਨਾ ਕਰ ਸਕਿਆ।
ਕੋਲੋਬੋਰਡੀਆਏਫ ਨੇ ਦੋਬਾਰਾ ਆਪਣੇ ਨਵੇਂ ਘੋੜੇ ਬਾਰੇ ਗੱਲ ਛੇੜ ਲਈ ਅਤੇ ਮੈਂ ਇਸ ਤੋਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਡਰ ਸੀ ਕਿ ਉਹ ਕੀਤੇ ਲੀਜ਼ਾ ਦੇ ਬਾਰੇ ਗੱਲ ਨਾ ਛੇੜ ਲਵੇ ਪਰ ਮੇਰਾ ਇਹ ਡਰ ਐਵੇਂ ਵਾਧੂ ਸੀ। ਮੇਰਾ ਸੱਜਣ ਉਲਹਾਨ ਕੋਈ ਗਲਾਧੜ ਨਹੀਂ ਸੀ ਅਤੇ ਇਸ ਦੇ ਇਲਾਵਾ, ਉਹ ਸਾਰੀਆਂ ਔਰਤਾਂ ਨਾਲ ਨਫ਼ਰਤ ਕਰਦਾ ਸੀ ਤੇ ਰੱਬ ਜਾਣੇ ਕਿਉਂ, ਉਹ ਉਨ੍ਹਾਂ ਨੂੰ ਸਲਾਦ ਕਹਿੰਦਾ ਸੀ। ਦੋ ਵਜੇ ਅਸੀਂ ਆਪਣਾ ਦੁਪਹਿਰ ਦਾ ਭੋਜਨ ਕਰ ਲਿਆ ਅਤੇ ਠੀਕ ਤਿੰਨ ਬਜੇ ਅਸੀਂ ਯੁੱਧ-ਖੇਤਰ ਵਿਚ ਪਹੁੰਚ ਗਏ। ਇਹ ਉਹੀ ਜਗ੍ਹਾ ਸੀ, ਢਲਾਨ ਦੇ ਕੋਲ ਜਿਥੇ ਮੈਂ ਕੁਝ ਸਮਾਂ ਪਹਿਲਾਂ ਲੀਜ਼ਾ ਨਾਲ ਛਿੱਪ ਰਹੇ ਸੂਰਜ ਦੀ ਲਾਲੀ ਦੀ ਸ਼ਲਾਘਾ ਕੀਤੀ ਸੀ।
ਅਸੀਂ ਮੈਦਾਨ ਵਿਚ ਪਹਿਲਾਂ ਪਹੁੰਚ ਗਏ ਸੀ ਪਰ ਦੂਜੀਆਂ ਧਿਰਾਂ ਨੇ ਸਾਥੋਂ ਬਹੁਤੀ ਦੇਰ ਉਡੀਕ ਨਹੀਂ ਕਰਵਾਈ। ਪ੍ਰਿੰਸ ਗੁਲਾਬ ਵਾਂਗ ਸੋਹਣਾ ਤਾਜ਼ਾ ਖਿੜਿਆ ਲੱਗ ਰਿਹਾ ਸੀ। ਉਹ ਇਕ ਵਧੀਆ ਸਿਗਰਟ ਦੇ ਕਸ਼ ਲਾ ਰਿਹਾ ਸੀ ਅਤੇ ਕੋਲੋਬੋਰਡੀਆਏਫ ਨੂੰ ਵੇਖਦਿਆਂ, ਉਹ ਉਸ ਕੋਲ ਗਿਆ। ਉਸ ਨਾਲ ਬਹੁਤ ਪਿਆਰ ਨਾਲ ਹੱਥ ਮਿਲਾਇਆ। ਉਸ ਨੇ ਵੀ ਮੈਨੂੰ ਵੀ ਸਨਿਮਰਤਾ ਨਾਲ ਪ੍ਰਣਾਮ ਕੀਤਾ ਪਰ ਮੈਂ ਮਹਿਸੂਸ ਕੀਤਾ ਕਿ ਮੈਨੂੰ ਘਬਰਾਹਟ ਹੋ ਰਹੀ ਸੀ। ਮੇਰੇ ਹੱਥ ਥੋੜ੍ਹੇ-ਥੋੜ੍ਹੇ ਕੰਬ ਰਹੇ ਸਨ। ਮੇਰੀ ਸਭ ਤੋਂ ਵੱਡੀ ਬੇਚੈਨੀ ਮੇਰਾ ਗਲਾ ਸੁੱਕ ਰਿਹਾ ਸੀ। ਉਸ ਸਮੇਂ ਤੱਕ ਮੈਂ ਕਦੇ ਦੁਵੰਦ ਯੁੱਧ ਨਹੀਂ ਲੜਿਆ ਸੀ।
"ਮੈਂ ਚਾਹੁੰਦਾ ਹਾਂ ਕਿ ਇਹ ਘੁਣਤਰੀ ਵਿਅਕਤੀ ਕਿਤੇ ਮੇਰੀ ਬੇਚੈਨੀ ਨੂੰ ਮੇਰਾ ਡਰਪੋਕਪੁਣਾ ਨਾ ਸਮਝ ਲਵੇ!" ਮੈਂ ਸਿਰਫ ਇਹੀ ਸੋਚ ਰਿਹਾ ਸੀ।
ਮੈਂ ਆਪਣੇ ਦਿਲ ਦੀ ਕਮਜ਼ੋਰੀ ਨੂੰ ਕੋਸਿਆ, ਪਰ ਆਖ਼ਿਰਕਾਰ ਮੈਂ ਪ੍ਰਿੰਸ ਵੱਲ ਵੇਖਿਆ ਅਤੇ ਉਸ ਦੀ ਖੱਚਰੀ ਮੁਸਕਰਾਹਟ ਨੂੰ ਵੇਖ ਕੇ ਗੁੱਸਾ ਆ ਗਿਆ ਅਤੇ ਮੇਰੀ ਘਬਰਾਹਟ ਦੂਰ ਹੋ ਗਈ।
ਸਾਡੇ ਦੂਜਿਆਂ ਨੇ ਇਸ ਸਮੇਂ ਦੌਰਾਨ ਦੂਰੀ ਮਾਪ ਲਈ, ਸੀਮਾਵਾਂ ਦੇ ਨਿਸ਼ਾਨ ਲਾ ਦਿੱਤੇ ਅਤੇ ਪਿਸਤੌਲਾਂ ਨੂੰ ਲੋਡ ਕਰ ਲਿਆ - ਭਾਵ, ਕੋਲੋਬੋਰਡੀਆਏਫ ਨੇ ਇਹ ਸਾਰਾ ਕੰਮ ਕੀਤਾ ਅਤੇ ਬਿਜ਼ਮਨਕੋਫ ਉਸ ਵੱਲ ਵੇਖਦਾ ਰਿਹਾ। ਇਹ ਦਿਨ ਬਹੁਤ ਸੁੰਦਰ ਸੀ - ਉਸ ਦਿਨ ਨਾਲੋਂ ਘੱਟ ਨਹੀਂ ਮੈਂ ਜਿਸ ਦਿਨ ਮੈਂ ਲੀਜ਼ਾ ਨਾਲ, ਇਸੇ ਥਾਂ 'ਤੇ ਯਾਦਗਾਰੀ ਸੈਰ ਕੀਤੀ ਸੀ। ਬਨਸਪਤੀ ਦੇ ਪੀਲੇ ਪੱਤਿਆਂ ਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਠਖੇਲੀਆਂ ਕਰ ਰਹੀਆਂ ਸਨ ਅਤੇ ਪੱਤਿਆਂ ਵਿਚੋਂ ਗੂੜ੍ਹਾ ਨੀਲਾ ਅਸਮਾਨ ਬੜਾ ਸੁਹਣਾ ਦਿਖਾਈ ਦੇ ਰਿਹਾ ਸੀ। ਤਾਜ਼ੀ ਹਵਾ ਮੇਰੀ ਛਾਤੀ 'ਤੇ ਰੜਕ ਰਹੀ ਸੀ। ਪ੍ਰਿੰਸ ਬੜੇ ਸ਼ਾਨਦਾਰ ਅੰਦਾਜ਼ ਵਿਚ ਇਕ ਛੋਟੇ ਜਿਹੇ ਚਕੋਂਤਰੇ ਦੇ ਰੁੱਖ ਨਾਲ ਢਾਸਣਾ ਲਾਈ ਸਿਗਰਟ ਦੇ ਕਸ਼ ਲਾ ਰਿਹਾ ਸੀ।
"ਸੱਜਣੋ, ਕ੍ਰਿਪਾ ਆਪਣੀਆਂ ਪੁਜੀਸ਼ਨਾਂ ਲੈ ਲਓ," ਕੋਲੋਬੋਰਡੀਆਏਫ ਨੇ ਸਾਨੂੰ ਪਿਸਤੌਲ ਫੜ੍ਹਾਉਂਦੇ ਹੋਏ ਕਿਹਾ।
ਅਸੀਂ ਆਪਣੀਆਂ ਪੁਜੀਸ਼ਨਾਂ ਲੈ ਲਈਆਂ। ਪ੍ਰਿੰਸ ਕੁਝ ਕਦਮ ਪਿਛਾਂਹ ਹੱਟ ਗਿਆ ਅਤੇ ਆਪਣੇ ਆਪ ਨੂੰ ਸਿੱਧਾ ਕਰਦੇ ਹੋਏ ਮੈਨੂੰ ਪੁੱਛਿਆ:
"ਕੀ ਤੁਸੀਂ ਅਜੇ ਵੀ ਆਪਣੇ ਸ਼ਬਦਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ?"
ਮੈਂ ਉਸ ਨੂੰ ਜਵਾਬ ਦੇਣਾ ਚਹਿਆ, ਪਰ ਮੈਂ ਇਕ ਸ਼ਬਦ ਵੀ ਨਹੀਂ ਬੋਲ ਸਕਿਆ। ਮੈਂ ਸਿਰਫ ਆਪਣੇ ਹੱਥ ਨਾਲ ਇਨਕਾਰ ਕਰਨ ਦਾ ਇਸ਼ਾਰਾ ਕਰ ਦਿੱਤਾ। ਉਹ ਫਿਰ ਮੁਸਕਰਾਇ ਅਤੇ ਆਪਣਾ ਸਥਾਨ ਦੁਬਾਰਾ ਗ੍ਰਹਿਣ ਕਰ ਲਿਆ। ਅਸੀਂ ਇਕ-ਦੂਜੇ ਵੱਲ ਕਦਮ ਵਧਾਉਣ ਲੱਗੇ। ਮੈਂ ਆਪਣੀ ਪਿਸਤੌਲ ਉਠਾਈ ਅਤੇ ਆਪਣੇ ਦੁਸ਼ਮਣ - ਉਸ ਪਲ ਉਹ ਅਸਲ ਵਿਚ ਮੇਰਾ ਦੁਸ਼ਮਣ ਹੀ ਸੀ - ਦੀ ਛਾਤੀ ਦਾ ਨਿਸ਼ਾਨਾ ਵਿੰਨ੍ਹ ਕੇ ਘੋੜਾ ਦੱਬ ਦਿੱਤਾ ਪਰ ਨਿਸ਼ਾਨਾ ਉੱਪਰ ਨੂੰ ਉਠ ਗਿਆ ਜਿਵੇਂ ਕਿਸੇ ਨੇ ਮੇਰੀ ਬਾਂਹ ਉੱਪਰ ਨੂੰ ਚੁੱਕ ਦਿੱਤੀ ਹੋਵੇ। ਪ੍ਰਿੰਸ ਇਕ ਕਦਮ ਪਿਛਾਂਹ ਹਟਿਆ ਅਤੇ ਉਸ ਨੇ ਆਪਣਾ ਹੱਥ ਆਪਣੀ ਖੱਬੀ ਪੁੜਪੁੜੀ 'ਤੇ ਰੱਖਿਆ। ਉਸ ਦੇ ਚਿੱਟੇ ਦਸਤਾਨੇ ਉੱਤੇ ਖ਼ੂਨ ਦੀ ਧਰਾਲ ਵਗਣ ਲੱਗੀ। ਬਿਜ਼ਮਨਨਕੋਫ ਜਲਦੀ ਨਾਲ ਉਸ ਦੀ ਮਦਦ ਲਈ ਆਇਆ।
"ਕੋਈ ਗੱਲ ਨਹੀਂ," ਪ੍ਰਿੰਸ ਨੇ ਆਰਾਮ ਨਾਲ ਆਪਣੀ ਗੋਲੀ ਲੱਗ ਕੇ ਪਾਟੀ ਹੋਈ ਕੈਪ ਉਤਾਰਦੇ ਹੋਏ ਕਿਹਾ "ਜੇ ਇਸ ਥਾਂ 'ਤੇ ਹੈ ਅਤੇ ਮੈਂ ਅਜੇ ਵੀ ਆਪਣੇ ਪੈਰਾਂ 'ਤੇ ਹਾਂ ਤਾਂ ਇਹ ਜ਼ਖ਼ਮ ਗੰਭੀਰ ਨਹੀਂ ਹੋ ਸਕਦਾ। ਝਰੀਟ ਹੀ ਹੈ, ਮੈਂ ਕਹਿ ਸਕਦਾ ਹਾਂ।"
ਉਸ ਨੇ ਆਪਣੀ ਜੇਬ ਵਿਚੋਂ ਇਕ ਵਧੀਆ ਰੇਸ਼ਮ ਰੁਮਾਲ ਕੱਢਿਆ ਅਤੇ ਇਸ ਨੂੰ ਆਪਣੇ ਖੂਨ ਨਾਲ ਗੜੁਚ ਵਾਲਾਂ 'ਤੇ ਰੱਖ ਦਿੱਤਾ। ਮੈਂ ਪੱਥਰ ਦੀ ਮੂਰਤ ਵਾਂਗ ਅਹਿੱਲ ਗੁੰਮ-ਸੁੰਮ ਜਿਹਾ ਹੋ ਉਸ ਨੂੰ ਦੇਖਣ ਲੱਗਾ।
"ਮਿਹਰਬਾਨੀ ਕਰਕੇ ਤੁਸੀਂ ਆਪਣੀ ਸਥਾਨ 'ਤੇ ਜਾਓ," ਕੋਲੋਬੋਰਡੀਆਏਫ ਨੇ ਮੈਨੂੰ ਤਾੜਵੇਂ ਅੰਦਾਜ਼ ਵਿਚ ਕਿਹਾ।
"ਕੀ ਲੜਾਈ ਜਾਰੀ ਰਹੇਗੀ?" ਉਸ ਨੇ ਬਿਜ਼ਮਨਕੋਫ਼ ਨੂੰ ਪੁੱਛਿਆ।
ਉਸ ਨੇ ਜਵਾਬ ਨਹੀਂ ਦਿੱਤਾ ਪਰ ਪ੍ਰਿੰਸ ਨੇ ਅਜੇ ਵੀ ਆਪਣਾ ਰੁਮਾਲ ਆਪਣੇ ਜ਼ਖ਼ਮ 'ਤੇ ਰੱਖਿਆ ਹੋਇਆ ਸੀ ਅਤੇ ਲੜਾਈ ਦੇ ਮੈਦਾਨ ਵਿਚ ਮੈਨੂੰ ਥੋੜ੍ਹਾ ਜਿਹਾ ਨੁਕਸਾਨ ਪਹੁੰਚਾ ਕੇ ਸਤੁੰਸ਼ਟੀ ਹਾਸਲ ਕਰਨ ਦੀ ਇੱਛਾ ਵੀ ਨਾ ਰੱਖਦੇ ਹੋਏ, ਉਸ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਲੜਾਈ ਖ਼ਤਮ ਹੋ ਗਈ ਹੈ। ਉਸ ਨੇ ਆਪਣੀ ਪਿਸਤੌਲ ਹਵਾ ਵਿਚ ਗੋਲੀ ਦਾਗ ਕੇ ਖ਼ਾਲੀ ਕਰ ਦਿੱਤੀ। ਮੈਂ ਗੁੱਸੇ ਅਤੇ ਨਾਰਾਜ਼ਗੀ ਨਾਲ ਲਗਭਗ ਚੀਕ ਹੀ ਪਿਆ। ਉਸ ਆਦਮੀ ਨੇ ਮੈਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਸੀ। ਉਸ ਨੇ ਮੈਨੂੰ ਆਪਣੀ ਦਰਿਆਦਿਲੀ ਨਾਲ ਮੈਨੂੰ ਧੂੜ ਵਿਚ ਮਿਲਾ ਦਿੱਤਾ ਸੀ। ਮੈਂ ਇਤਰਾਜ਼ ਕਰਨਾ ਚਾਹੁੰਦਾ ਸੀ।। ਮੈਂ ਉਸ ਨੂੰ ਆਪਣੇ 'ਤੇ ਗੋਲੀ ਦਾਗਣ ਲਈ ਬੇਨਤੀ ਕਰਨਾ ਚਾਹੁੰਦਾ ਸੀ ਪਰ ਉਹ ਮੇਰੇ ਕੋਲ ਆਇਆ ਅਤੇ ਉਸ ਨੇ ਆਪਣਾ ਹੱਥ ਵਧਾਇਆ ਅਤੇ ਬਹੁਤ ਹੀ ਨਰਮ ਸ਼ਬਦਾਂ ਨਾਲ ਕਿਹਾ:
"ਸਾਡੇ ਵਿਚ ਸਭ ਕੁਝ ਖ਼ਤਮ ਹੋ ਗਿਆ, ਕਿ ਨਹੀਂ?"
ਮੈਂ ਉਸ ਦੇ ਪੀਲੇ ਚਿਹਰੇ ਅਤੇ ਲਹੂ ਭਿੱਜੇ ਰੁਮਾਲ 'ਤੇ ਨਜ਼ਰ ਮਾਰੀ ਤੇ ਮਿੱਟੀ ਵਿਚ ਮਿਲੇ, ਸ਼ਰਮਿੰਦਗੀ ਮਾਰੇ ਅਤੇ ਘਬਰਾਏ ਹੋਏ ਨੇ ਉਸ ਦਾ ਵਧਾਇਆ ਹੱਥ ਫੜ੍ਹ ਲਿਆ।
ਪ੍ਰਿੰਸ ਨੇ ਦੂਜਿਆਂ ਵੱਲ ਮੁੜ ਕੇ ਕਿਹਾ, "ਸੱਜਣੋ, ਮੈਂ ਆਸ ਕਰਦਾ ਹਾਂ ਕਿ ਸਾਡਾ ਇਹ ਮਾਮੂਲੀ ਜਿਹਾ ਝਗੜਾ ਗੁਪਤ ਰਹੇਗਾ।"
ਕੋਲੋਬੋਰਡੀਆਏਫ ਨੇ ਕਿਹਾ: "ਬੇਸ਼ੱਕ! ਪਰ ਪ੍ਰਿੰਸ ਮੈਨੂੰ ਇਜਾਜ਼ਤ ਦਿਉ;" ਅਤੇ ਉਸ ਨੇ ਉਸ ਦੇ ਸਿਰ ਦੇ ਜ਼ਖ਼ਮ ਨੂੰ ਸਾਫ਼ ਕਰਕੇ ਬੰਨ੍ਹ ਦਿੱਤਾ।
ਪ੍ਰਿੰਸ ਨੇ ਯੁੱਧ ਖੇਤਰ ਛੱਡਣ ਤੋਂ ਪਹਿਲਾਂ ਇਕ ਵਾਰ ਮੈਨੂੰ ਪ੍ਰਣਾਮ ਕੀਤਾ ਪਰ ਬਿਜ਼ਮਨਕੋਫ ਨੇ ਮੇਰੇ ਵੱਲ ਦੇਖਿਆ ਵੀ ਨਹੀਂ। ਮੈਂ ਆਪਣੇ ਆਪ ਨੂੰ ਨੈਤਿਕ ਤੌਰ 'ਤੇ ਮਰ ਗਿਆ ਮਹਿਸੂਸ ਕਰਦਾ ਕੋਲੋਬੋਰਡੀਆਏਫ ਦੇ ਨਾਲ ਘਰ ਗਿਆ। ਮੈਂ ਘੋਰ ਉਦਾਸ ਅਤੇ ਚੁੱਪ ਸੀ।
"ਤੁਹਾਨੂੰ ਇਹ ਕੀ ਹੋਇਆ ਹੈ?" ਉਲਹਾਨ ਨੇ ਪੁੱਛਿਆ। "ਤੁਹਾਨੂੰ ਉਸ ਦੇ ਜ਼ਖ਼ਮ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਖ਼ਤਰੇ ਵਾਲੀ ਕੋਈ ਗੱਲ ਨਹੀਂ ਅਤੇ ਜੇ ਉਹ ਚਾਹਵੇ ਤਾਂ ਕੱਲ੍ਹ ਨੂੰ ਨਾਚ ਕਰ ਸਕੇਗਾ ਜਾਂ ਕੀ ਤੁਹਾਨੂੰ ਅਫਸੋਸ ਹੈ ਕਿ ਤੁਸੀਂ ਉਸ ਨੂੰ ਨਹੀਂ ਮਾਰਿਆ? ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮਾੜੀ ਗੱਲ ਹੈ। ਉਹ ਇੱਕ ਸ਼ਾਨਦਾਰ ਬੰਦਾ ਹੈ, ਅਤੇ ਜੇ ਤੁਸੀਂ ਉਸ ਨੂੰ ਧੂੜ ਚਟਾ ਦਿੱਤੀ ਹੁੰਦੀ ਤਾਂ ਦੁੱਖ ਭਰੀ ਗੱਲ ਹੁੰਦੀ।"
"ਪਰ ਉਸ ਨੇ ਮੈਨੂੰ ਕਿਉਂ ਛੱਡਿਆ?" ਮੈਂ ਕਿਹਾ।
"ਕੀ ਤੁਸੀਂ ਕਦੇ ਅਜਿਹੀ ਬਕਵਾਸ ਸੁਣੀ ਹੈ? ਉਫ਼! ਭੈੜੇ ਲੇਖਕ!" ਉਹਲਾਨ ਨੇ ਆਪਣੇ ਮੋਢੇ ਛੰਡਦੇ ਹੋਏ ਕਿਹਾ।
ਮੈਨੂੰ ਇਹ ਸਮਝ ਨਹੀਂ ਪੈਂਦੀ ਕਿ ਉਸ ਨੇ ਮੈਨੂੰ ਲੇਖਕ ਕਹਿਣ ਦਾ ਵਿਚਾਰ ਕਿਸ ਤਰ੍ਹਾਂ ਉਸ ਦੇ ਦਿਮਾਗ਼ ਵਿੱਚ ਆਇਆ?
ਮੈਂ ਉਨ੍ਹਾਂ ਤਸੀਹਿਆਂ ਦਾ ਵਰਣਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ ਜੋ ਮੈਂ ਉਸ ਘਾਤਕ ਯੁੱਧ ਤੋਂ ਬਾਅਦ ਦੀ ਸ਼ਾਮ ਨੂੰ ਮੈਂ ਝੱਲੇ ਸਨ। ਮੇਰੀ ਮੈਂ ਬੁਰੀ ਤਰ੍ਹਾਂ ਕੁੱਚਲ ਦਿੱਤੀ ਗਈ ਸੀ। ਪਛਤਾਵੇ ਅਤੇ ਮੇਰੀ ਆਪਣੀ ਮੂਰਖਤਾ ਦੇ ਅਹਿਸਾਸ ਨੇ ਮੈਨੂੰ ਡਰਾਉਣੀ ਹੱਦ ਤੱਕ ਭੰਨ ਸੁੱਟਿਆ ਸੀ।
"ਇਹ ਮੇਰੀ ਆਪਣੀ ਗਲਤੀ ਸੀ। ਮੈਂ ਆਪਣੇ ਆਪ 'ਤੇ ਇਹ ਆਖ਼ਰੀ ਵਿਨਾਸ਼ਕਾਰੀ ਸੱਟ ਮਾਰੀ ਹੈ," ਮੈਂ ਆਪਣੇ ਕਮਰੇ ਵਿਚ ਤੁਰੇ ਫਿਰਦੇ ਨੇ ਆਪਣੇ ਆਪ ਨੂੰ ਕਿਹਾ। "ਮੇਰੇ ਹੱਥੋਂ ਜ਼ਖ਼ਮੀ ਪ੍ਰਿੰਸ ਨੇ ਮੈਨੂੰ ਮੁਆਫ ਕਰ ਦਿੱਤਾ ਹੈ। ਹੁਣ ਲੀਜ਼ਾ ਉਸ ਦੀ ਮੁੱਠੀ ਵਿਚ ਹੈ। ਦੁਨੀਆਂ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਉਸ ਨੂੰ ਬਦਕਿਸਮਤੀ ਤੋਂ ਬਚਾ ਸਕਦਾ ਹੋਵੇ।"
ਪ੍ਰਿੰਸ ਦੀ ਆਖਰੀ ਟਿੱਪਣੀ ਦੇ ਬਾਵਜੂਦ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਮਾਮਲਾ ਗੁਪਤ ਨਹੀਂ ਰਹਿ ਸਕਦਾ ਸੀ।
"ਉਹ ਅਜਿਹਾ ਮੂਰਖ ਨਹੀਂ ਹੈ ਜਿਵੇਂ ਕਿ ਇਸ ਸਨਸਨੀ ਦਾ ਵੱਧ ਤੋਂ ਵੱਧ ਫਾਇਦਾ ਨਾ ਹਟਾਵੇ।" ਮੈਂ ਫਿਰ ਆਪਣੇ ਆਪ ਨੂੰ ਕਿਹਾ।
ਪਰ ਮੇਰੀ ਆਖ਼ਰੀ ਟਿੱਪਣੀ ਗ਼ਲਤ ਸੀ। ਇਹ ਸੱਚ ਹੈ ਕਿ ਅਗਲੇ ਦਿਨ ਸਾਰਾ ਸ਼ਹਿਰ ਦਵੰਧ ਯੁੱਧ ਬਾਰੇ ਅਤੇ ਇਸ ਦੇ ਕਾਰਨ ਬਾਰੇ ਜਾਣਦਾ ਸੀ ਪਰੰਤੂ ਇਹ ਪ੍ਰਿੰਸ ਨਹੀਂ ਸੀ ਜਿਸ ਨੇ ਇਹ ਸਾਰੀ ਗੱਲ ਫੈਲਾਈ। ਇਸ ਦੇ ਉਲਟ, ਉਸ ਨੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਗਲੇ ਦਿਨ ਓਜੋਗਿਨਾਂ ਦੇ ਗਿਆ। ਉਸ ਨੇ ਆਪਣੇ ਸਿਰ 'ਤੇ ਬੰਨ੍ਹੀ ਪੱਟੀ ਦੀ ਵਿਆਖਿਆ ਕਰਨ ਲਈ ਕੁਝ ਕਹਾਣੀ ਘੜੀ ਸੀ ਪਰ ਪਤਾ ਚੱਲਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਸ ਦੇ ਅਸਲ ਕਾਰਨ ਬਾਰੇ ਦੱਸਿਆ ਜਾ ਚੁੱਕਾ ਸੀ। ਮੈਂ ਇਹ ਨਹੀਂ ਕਹਿ ਸਕਦਾ ਕਿ ਬਿਜ਼ਮਨਕੋਫ ਨੇ ਭੇਤ ਖੋਲ੍ਹਿਆ ਸੀ ਜਾਂ ਇਸ ਨੂੰ ਕਿਸੇ ਹੋਰ ਢੰਗ ਨਾਲ ਗੱਲ ਨਿੱਕਲ ਗਈ ਸੀ ਪਰ ਮੈਨੂੰ ਯਕੀਨ ਹੈ ਕਿ ਕੋਲੋਬੋਰਡੀਆਏਫ, ਭਲੇਪੁਰਸ਼ ਉਹਲਾਨ ਨੇ ਇਸ ਬਾਰੇ ਗੱਲ ਨਹੀਂ ਕੀਤੀ ਸੀ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ; ਓ--- ਵਰਗੇ ਛੋਟੇ ਜਿਹੇ ਕਸਬੇ ਵਿਚ, ਕੁਝ ਵੀ ਛੁਪਿਆ ਨਹੀਂ ਰਹਿ ਸਕਦਾ।
ਇਹ ਕਲਪਨਾ ਕਰਨਾ ਆਸਾਨ ਹੈ ਕਿ ਕਿਵੇਂ ਲੀਜ਼ਾ ਨੇ ਇਸ ਤਬਾਹੀ ਤੋਂ ਬਾਅਦ ਪ੍ਰਿੰਸ ਨੂੰ ਸਵੀਕਾਰ ਕੀਤਾ - ਕਿਵੇਂ ਓਜੋਗਿਨ ਦੇ ਪੂਰੇ ਪਰਿਵਾਰ ਨੇ ਉਸ ਨੂੰ ਸਵੀਕਾਰ ਕੀਤਾ। ਜਿਥੋਂ ਤੱਕ ਮੇਰੀ ਗੱਲ ਹੈ, ਮੈਂ ਸਭਨਾਂ ਦੀ ਨਫਰਤ ਦਾ ਪਾਤਰ ਬਣ ਗਿਆ - ਮੈਨੂੰ ਈਰਖਾ ਨਾਲ ਭੁੱਜੇ ਖ਼ੂਨ ਦੇ ਪਿਆਸੇ ਇਕ ਪਾਗਲ ਦੇ ਤੌਰ 'ਤੇ ਦੇਖਿਆ ਜਾਣ ਲੱਗ ਪਿਆ। ਇੱਥੋਂ ਤਕ ਕਿ ਮੇਰੇ ਕੁਝ ਕੁ ਮਿੱਤਰ ਵੀ ਮੇਰੇ ਕੋਲੋਂ ਅਜਿਹੇ ਆਦਮੀ ਦੀ ਤਰ੍ਹਾਂ ਪਾਸਾ ਵੱਟਣ ਲੱਗ ਪਏ ਸੀ ਜਿਸ ਨੂੰ ਕੋਈ ਲਾਗ ਦੀ ਬਿਮਾਰੀ ਹੋਵੇ।
ਸ਼ਹਿਰ ਦੇ ਅਧਿਕਾਰੀਆਂ ਨੇ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਪ੍ਰਿੰਸ ਨੂੰ ਉਕਸਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮੈਨੂੰ ਸਜ਼ਾ ਦਵਾ ਕੇ ਇਕ ਮਿਸਾਲ ਕਾਇਮ ਕਰਨਗੇ। ਸਿਰਫ਼ ਪ੍ਰਿੰਸ ਦੀਆਂ ਲਗਾਤਾਰ ਅਤੇ ਸੁਹਿਰਦ ਬੇਨਤੀਆਂ ਨੇ ਹੀ ਉਸ ਬਿਪਤਾ ਨੂੰ ਟਾਲਿਆ ਜੋ ਮੇਰੇ ਤੇ ਮੰਡਰਾ ਰਹੀ ਸੀ। ਕਿਸਮਤ ਨੇ ਇਹ ਮਿਥਿਆ ਸੀ ਕਿ ਇਹ ਆਦਮੀ ਮੈਨੂੰ ਸਾਰੇ ਪੱਖਾਂ ਤੋਂ ਬਰਬਾਦ ਕਰ ਦੇਵੇ। ਉਸ ਦੀ ਆਖ਼ਰੀ ਦਰਿਆਦਿਲੀ, ਕਹਿ ਸਕਦੇ ਹਾਂ, ਮੇਰੇ ਨੈਤਿਕ ਵਜੂਦ ਦੀ ਕਬਰ 'ਤੇ ਸੁੱਟਿਆ ਆਖ਼ਰੀ ਪੱਥਰ ਸੀ। ਮੈਨੂੰ ਇਸ ਗੱਲ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਲੱਗਦੀ ਕਿ ਓਜੋਗਿਨਾਂ ਦੇ ਘਰ ਦੇ ਬੂਹੇ ਮੇਰੇ ਲਈ ਹੁਣ ਬੰਦ ਹੋ ਗਏ ਸਨ। ਬੁੱਢੇ ਨੇ ਮੈਨੂੰ ਇੱਕ ਪੁਰਾਣੀ ਪੈਨਸਿਲ ਭੇਜੀ ਜਿਹੜੀ ਮੈਂ ਉਸ ਦੇ ਘਰ ਭੁੱਲ ਆਇਆ ਸੀ। ਠੀਕ-ਠੀਕ ਕਿਹਾ ਜਾਵੇ ਓਜੋਗਿਨ ਦਾ ਮੇਰੇ ਨਾਲ ਗੁੱਸੇ ਹੋਣ ਦਾ ਕੋਈ ਕਾਰਨ ਨਹੀਂ ਸੀ। ਮੇਰੀ "ਪਾਗਲ ਈਰਖਾ," ਜਿਵੇਂ ਕਿ ਉਹ ਕਹਿੰਦੇ ਹੁੰਦੇ ਸਨ। ਉਸ ਨੇ ਪ੍ਰਿੰਸ ਦੇ ਲੀਜ਼ਾ ਦੇ ਨਾਲ ਸੰਬੰਧਾਂ ਦੇ ਖੁਲਾਸੇ ਦੀ ਵਿਆਖਿਆ ਅਤੇ ਪਰਿਭਾਸ਼ਾ ਕਰ ਦਿੱਤੀ ਸੀ। ਖ਼ੁਦ ਓਜੋਗਿਨ ਅਤੇ ਹੋਰ ਲੋਕ ਵੀ ਪ੍ਰਿੰਸ ਨੂੰ ਹੁਣ ਲੀਜ਼ਾ ਦਾ ਲਗਪਗ ਮੰਗੇਤਰ ਸਮਝਣ ਲੱਗ ਪਏ ਸੀ। ਪ੍ਰਿੰਸ ਨੂੰ ਮੈਂ ਕਹਾਂਗਾ, ਮਾਮਲੇ ਦਾ ਇਹ ਨਵਾਂ ਪਹਿਲੂ ਪਸੰਦ ਨਹੀਂ ਆਇਆ ਪਰ ਉਹ ਲੀਜ਼ਾ ਨੂੰ ਪਸੰਦ ਕਰਦੇ ਸੀ ਅਤੇ ਉਸ ਸਮੇਂ ਤਕ ਉਸ ਨੇ ਆਪਣਾ ਮਕਸਦ ਪ੍ਰਾਪਤ ਨਹੀਂ ਕੀਤਾ ਸੀ।
ਹੰਢੇ ਵਰਤੇ ਦੁਨੀਆਂਦਾਰ ਵਿਅਕਤੀ ਦੀ ਸਿਆਣਪ ਨਾਲ ਪ੍ਰਿੰਸ ਨੇ ਆਪਣੇ ਆਪ ਨੂੰ ਨਵੀਂ ਸਥਿਤੀ ਵਿਚ ਢਾਲ ਲਿਆ। ਉਸ ਨੇ ਨਵੀਂ ਭੂਮਿਕਾ ਲਈ ਆਪਣੀ ਰੂਹ ਨੂੰ ਆਪਣਾ ਲਿਆ ਅਤੇ ਮੈਂ - ਮੈਂ ਆਪਣੇ ਸਮੁੱਚੇ ਭਵਿੱਖ ਬਾਰੇ ਨਿਰਾਸ਼ਾ ਦੇ ਸਾਗਰ ਵਿਚ ਡੁੱਬ ਗਿਆ।
ਜਦੋਂ ਕਿਸੇ ਆਦਮੀ ਦੀ ਪੀੜ ਇੰਨੀ ਤੀਖਣ ਹੋ ਜਾਂਦੀ ਹੈ ਕਿ ਉਹ ਸਾਰਾ ਦਾ ਸਾਰਾ ਇਸ ਦੇ ਵਜ਼ਨ ਦੇ ਹੇਠਾਂ ਕਰਾਹ ਰਿਹਾ ਹੋਵੇ, ਤਾਂ ਘੱਟੋ-ਘੱਟ ਉਸ ਪੀੜ ਦੀ ਹਾਸੋਹੀਣਤਾ ਤਾਂ ਉਸੇ ਸਮੇਂ ਮੁੱਕ ਜਾਣੀ ਚਾਹੀਦੀ ਹੈ; ਕਹਿ ਲਓ, ਪੀੜ ਦਾ ਸੰਗੀ ਹਿਕਾਰਤ ਵਾਲਾ ਹਾਸਾ ਚੁੱਪ ਹੋ ਜਾਣਾ ਚਾਹੀਦਾ ਹੈ ਪਰ ਅਜਿਹਾ ਮਾਮਲਾ ਨਹੀਂ ਹੈ। ਹਾਸਾ ਅੰਤ ਤਕ ਹੰਝੂਆਂ ਦਾ ਸਾਥੀ ਰਹਿੰਦਾ ਹੈ; ਹਾਸੇ ਦੀ ਛਣਕਾਰ ਉਦੋਂ ਵੀ ਸੁਣਦੀ ਰਹਿੰਦੀ ਹੈ, ਜਦੋਂ ਹੰਝੂ ਮੁੱਕ ਜਾਂਦੇ ਹਨ, ਜਦੋਂ ਦੁਖੀਏ ਦੀ ਜੀਭ ਸ਼ਿਕਾਇਤ ਕਰਨ ਦੇ ਸਮਰੱਥ ਨਹੀਂ ਰਹਿੰਦੀ - ਜਦੋਂ ਕਿ ਦੁੱਖਾਂ ਦਾ ਪਾਤਰ ਆਪਣੀਆਂ ਆਖ਼ਰੀ ਪੀੜਾਂ ਨਾਲ ਤੜਪ ਰਿਹਾ ਹੁੰਦਾ ਹੈ।
ਹੁਣ ਬਹੁਤ ਥਕਾਵਟ ਮਹਿਸੂਸ ਹੋ ਰਹੀ ਹੈ ਅਤੇ ਆਪਣੇ ਆਪ ਨੂੰ ਹਾਸੋਹੀਣਾ ਲੱਗਣ ਦੀ ਮੇਰੀ ਕੋਈ ਇੱਛਾ ਨਹੀਂ ਹੈ। ਅੱਗੇ ਮੈਂ ਆਪਣੀ ਕਹਾਣੀ ਦੱਸਾਂਗਾ। ਰੱਬ ਨੇ ਚਾਹਿਆ ਤਾਂ ਮੈਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿਆਂਗਾ।

ਮਾਰਚ 29 - ਹਲਕਾ ਕੋਰਾ (ਕੱਲ੍ਹ ਬਰਫ਼ ਪਿਘਲੀ ਸੀ।)

ਮੈਂ ਕੱਲ੍ਹ ਆਪਣੀ ਡਾਇਰੀ ਲਿਖ ਨਹੀਂ ਸਕਿਆ ਸੀ। ਮੈਂ ਸਾਰਾ ਦਿਨ ਬਿਸਤਰ ਵਿਚ ਪਿਆ ਤਰੇਂਤੀਏਵਨਾ ਨਾਲ ਕਰਦਾ ਰਿਹਾ। ਕੇਹੀ ਔਰਤ ਹੈ! ਸੱਠ ਸਾਲ ਪਹਿਲਾਂ ਉਸ ਨੇ ਆਪਣਾ ਪਹਿਲਾ ਪਤੀ ਦਫਨਾਇਆ ਸੀ ਜਿਸ ਦਾ ਹੈਜ਼ੇ ਨਾਲ ਦੇਹਾਂਤ ਹੋ ਗਿਆ ਸੀ। ਉਹ ਆਪਣੇ ਸਾਰੇ ਬੱਚਿਆਂ ਨੂੰ ਵੀ ਦਫਨਾ ਚੁੱਕੀ ਹੈ। ਬੇਸ਼ੱਕ ਉਹ ਹੁਣ ਨਿਰਸੰਦੇਹ ਬੁੱਢੀ ਹੋ ਗਈ ਹੈ। ਉਹ ਸਾਰਾ ਦਿਨ ਚਾਹ ਪੀਂਦੀ ਹੈ, ਰੱਜ ਕੇ ਖਾਂਦੀ ਹੈ ਅਤੇ ਆਰਾਮਦੇਹ ਕੱਪੜੇ ਪਾਉਂਦੀ ਤੇ ਨਿੱਘ ਵਿਚ ਰਹਿੰਦੀ। ਤੁਸੀਂ ਕੀ ਸੋਚਦੇ ਹੋ ਕਿ ਉਹ ਸਾਰਾ ਦਿਨ ਕਿਸ ਵਿਸ਼ੇ ਬਾਰੇ ਗੱਲਾਂ ਕਰਦੀ ਰਹੀ? ਮੈਂ ਇਕ ਪੁਰਾਣੀ ਟਿੱਡੀਆਂ ਦੀ ਖਾਧੀ ਫਰ-ਕਾਲਰ ਇਕ ਹੋਰ ਬੁੱਢੀ ਔਰਤ ਨੂੰ ਦੇ ਦਿੱਤੀ ਜਿਸ ਦੀ ਦੇਖਭਾਲ ਕਰਨ ਵਾਲਾ ਦੁਨੀਆਂ ਵਿਚ ਕੋਈ ਨਹੀਂ। ਉਹ ਫਤੂਹੀ ਲਈ ਇਹ ਪੁਰਾਣਾ ਕੱਪੜਾ ਚਾਹੁੰਦੀ ਸੀ (ਉਹ ਜੈਕਟਾਂ ਪਾਉਂਦੀ ਹੈ ਜੋ ਫਤੂਹੀ ਨਜ਼ਰ ਆਉਂਦੀਆਂ ਹਨ)। ਹੁਣ ਮੇਰੀ ਤਰੇਂਤੀਏਵਨਾ ਨੂੰ ਉਸ ਤੁੱਛ ਜਿਹੀ ਚੀਜ਼ ਦੀ ਈਰਖਾ ਸੀ ਕਿ ਮੈਂ ਉਹ ਫ਼ਰ-ਕਾਲਰ ਉਸ ਨੂੰ ਕਿਉਂ ਨਹੀਂ ਦਿੱਤੀ? "ਕੀ ਇਹ ਤੁਹਾਡੇ ਲਈ ਪਾਪ ਨਹੀਂ ਹੈ, ਪਿਆਰੇ ਮਾਲਕ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ? ਕੀ ਮੈਂ ਤੁਹਾਨੂੰ ਆਪਣਾ ਦੁੱਧ ਨਹੀਂ ਪਿਲਾਇਆ? ਕੀ ਮੈਂ ਤੁਹਾਨੂੰ ਆਪਣੀ ਗੋਦ ਵਿਚ ਨਹੀਂ ਪਾਲਿਆ? ਓਹ-ਓ-ਓ, ਪਿਆਰੇ ਪਿਆਰੇ, ਮੈਂ ਕਦੇ ਤੁਹਾਥੋਂ ਅਜਿਹੇ ਸਲੂਕ ਦੀ ਉਮੀਦ ਨਹੀਂ ਕੀਤੀ ਸੀ!" ਵਗ਼ੈਰਾ, ਵਗ਼ੈਰਾ। ਇਸ ਤਰ੍ਹਾਂ ਬੇਰਹਿਮ ਔਰਤ ਮੈਨੂੰ ਸਾਰਾ ਦਿਨ ਝਿੜਕਦੀ ਰਹੀ ਪਰ ਹੁਣ ਮੈਨੂੰ ਮੇਰੀ ਕਹਾਣੀ ਮੁੜ ਸ਼ੁਰੂ ਕਰਨੀ ਚਾਹੀਦੀ ਹੈ।

ਅਤੇ ਇਸ ਲਈ ਮੈਨੂੰ ਉਸ ਕੁੱਤੇ ਵਾਂਗ ਤਸੀਹਾ ਭੁਗਤਣਾ ਪਿਆ ਜਿਸ ਦੇ ਮਗਰਲੇ ਹਿੱਸੇ ਨੂੰ ਕੋਈ ਗੱਡੀ ਮਿੱਧ ਗਈ ਹੋਵੇ। ਓਜੋਗਿਨ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਆਪਣੀ ਬਦਕਿਸਮਤੀ ਦੇ ਦ੍ਰਿਸ਼ ਤੋਂ ਕਿੰਨੀ ਖੁਸ਼ੀ ਲੈ ਸਕਦਾ ਹੈ। ਓ, ਮਨੁੱਖਜ਼ਾਤੀ ਸੱਚਮੁਚ ਇਕ ਦੁਖਦਾਈ ਨਸਲ ਹੈ ਪਰ ਆਓ ਆਪਾਂ ਸਾਰੀਆਂ ਦਾਰਸ਼ਨਿਕ ਘੋਖਾਂ ਨੂੰ ਪਾਸੇ ਕਰੀਏ। ਮੈਂ ਆਪਣੇ ਦਿਨ ਪੂਰਨ ਇਕਾਂਤ ਵਿੱਚ ਬਿਤਾਏ। ਓਜੋਗਿਨ ਦੇ ਘਰ ਵਿਚ ਜੋ ਕੁਝ ਹੋ ਰਿਹਾ ਸੀ ਜਾਂ ਪ੍ਰਿੰਸ ਕੀ ਕਰ ਰਿਹਾ ਸੀ। ਉਸ ਬਾਰੇ ਮੈਨੂੰ ਸਿਰਫ ਅਤਿ ਅਸਿੱਧੇ ਅਤੇ ਘਟੀਆ ਸਾਧਨਾਂ ਰਾਹੀਂ ਪਤਾ ਲੱਗ ਸਕਦਾ ਸੀ। ਮੇਰੇ ਅਰਦਲੀ ਨੇ ਓਜੋਗਿਨ ਦੇ ਡਰਾਈਵਰ ਦੀ ਪਤਨੀ ਦੇ ਇਕ ਦੂਰ ਦੇ ਰਿਸ਼ਤੇਦਾਰ ਨਾਲ ਜਾਣ-ਪਛਾਣ ਬਣਾ ਲਈ ਸੀ। ਇਹ ਜਾਣ-ਪਛਾਣ ਮੇਰੇ ਲਈ ਕੁਝ ਦਿਲਾਸੇ ਦਾ ਸਰੋਤ ਸੀ। ਮੈਥੋਂ ਮਿਲੇ ਛੋਟੇ-ਛੋਟੇ ਤੋਹਫ਼ਿਆਂ ਅਤੇ ਸੰਕੇਤਾਂ ਦੇ ਜ਼ਰੀਏ, ਅਰਦਲੀ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਕਿਸ ਵਿਸ਼ੇ 'ਤੇ ਰਾਤ ਨੂੰ ਆਪਣੇ ਮਾਲਕ ਦੇ ਕੱਪੜੇ ਉਤਰਦੇ ਹੋਏ ਉਸ ਨੇ ਗੱਲ ਕਰਨੀ ਸੀ।

ਕਈ ਵਾਰ ਸੜਕ 'ਤੇ ਓਜੋਗਿਨ ਦੇ ਪਰਿਵਾਰ ਵਿਚੋਂ ਕਿਸੇ ਜਾਂ ਬਿਜ਼ਮਨਕੋਫ, ਜਾਂ ਖੁਦ ਪ੍ਰਿੰਸ ਨਾਲ ਮੇਰੀ ਮੁਲਾਕਾਤ ਹੋ ਜਾਂਦੀ ਸੀ। ਪ੍ਰਿੰਸ ਨਾਲ ਕਈ ਵਾਰ ਲੰਘਦੇ ਕਰਦੇ ਦੁਆ ਸਲਾਮ ਹੋ ਜਾਂਦੀ ਸੀ ਪਰ ਗੱਲਬਾਤ ਕਦੇ ਨਹੀਂ ਸੀ ਹੋਈ। ਲੀਜ਼ਾ ਨੂੰ ਮੈਂ ਸਿਰਫ ਤਿੰਨ ਵਾਰੀ ਦੇਖਿਆ। ਬੇਸ਼ੱਕ, ਮੇਰੇ ਵਿਚ ਉਸ ਕੋਲ ਜਾਣ ਦੀ ਹਿੰਮਤ ਨਹੀਂ ਆਈ। ਇਕ ਵਾਰ ਮੈਂ ਉਸ ਨੂੰ ਆਪਣੀ ਮਾਂ ਨਾਲ ਸਟੋਰ ਵਿਚ ਦੇਖਿਆ ਸੀ। ਉਹ ਕੁਝ ਕੱਪੜਿਆਂ ਦੇ ਆਰਡਰ ਦੇ ਰਹੀ ਸੀ ਅਤੇ ਲੈਸਾਂ ਪਸੰਦ ਕਰਨ ਵਿਚ ਬਹੁਤ ਮਗਨ ਸੀ। ਉਸ ਦੀ ਮਾਂ ਢਾਕਾਂ ਉੱਤੇ ਹੱਥ ਰੱਖੀ ਨਾਲ ਖੜੀ ਸੀ। ਉਸ ਦੀ ਨੱਕ ਉੱਪਰ ਨੂੰ ਉਠੀ ਹੋਈ ਸੀ ਅਤੇ ਆਪਣੀ ਧੀ ਨੂੰ ਉਸ ਖੱਚਰੀ ਮੁਸਕਰਾਹਟ ਨਾਲ ਵੇਖ ਰਹੀ ਸੀ ਜੋ ਸਿਰਫ਼ ਮਾਵਾਂ ਲਈ ਹੀ ਮੁਆਫ਼ੀਯੋਗ ਹੁੰਦੀ ਹੈ ਜੋ ਆਪਣੇ ਬੱਚਿਆਂ ਨੂੰ ਲੋਹੜੇ ਦਾ ਪਿਆਰ ਕਰਦੀਆਂ ਹਨ। ਦੂਜੀ ਵਾਰ ਮੈਂ ਲੀਜ਼ਾ ਨੂੰ ਆਪਣੇ ਮਾਤਾ-ਪਿਤਾ ਅਤੇ ਪ੍ਰਿੰਸ ਦੇ ਨਾਲ ਇਕ ਬੱਘੀ ਵਿਚ ਵੇਖਿਆ। ਬੁੱਢੇ ਓਜੋਗਿਨ ਬੱਘੀ ਦੇ ਪਿੱਛੇ ਅਤੇ ਲੀਜ਼ਾ ਪ੍ਰਿੰਸ ਨਾਲ ਮੋਹਰਲੀ ਸੀਟ 'ਤੇ ਬੈਠੀ ਸੀ। ਮੈਂ ਕਦੇ ਨਹੀਂ ਭੁੱਲਾਂਗਾ ਕਿ ਉਸ ਸਮੇਂ ਉਹ ਕਿਹੋ ਜਿਹੀ ਲੱਗਦੀ ਸੀ। ਉਹ ਆਮ ਨਾਲੋਂ ਥੋੜ੍ਹੀ ਜਿਹੀ ਪੀਲੀ ਪਈ ਹੋਈ ਸੀ। ਉਸ ਦੀਆਂ ਗੱਲ੍ਹਾਂ 'ਤੇ ਦੋ ਮਘਦੇ ਲਾਲ ਚਟਾਕ ਚਮਚਮਾ ਰਹੇ ਸਨ। ਉਹ ਪ੍ਰਿੰਸ ਵੱਲ ਨੂੰ ਅੱਧਾ ਕੁ ਪਾਸਾ ਕਰਕੇ ਬੈਠੀ ਸੀ। ਪ੍ਰਿੰਸ ਦਾ ਸਿਰ ਉਸ ਦੇ ਹੱਥ ਤੇ ਟਿਕਿਆ ਸੀ ਜੋ ਲੀਜ਼ਾ ਦੇ ਗੋਡੇ ਉੱਤੇ ਉਸ ਦੀ ਕੂਹਣੀ ਸਦਕਾ ਉਸ ਵੱਲ ਨੂੰ ਝੁਕਿਆ ਹੋਇਆ ਸੀ। ਆਪਣੇ ਖੱਬੇ ਹੱਥ ਵਿਚ ਲੀਜ਼ਾ ਨੇ ਇਕ ਛੋਟੀ ਜਿਹੀ ਛੱਤਰੀ ਫੜ੍ਹ ਰੱਖੀ ਸੀ। ਉਸ ਦੀਆਂ ਹਸਰਤ ਭਰੀਆਂ ਨਜ਼ਰਾਂ ਪ੍ਰਿੰਸ ਦੇ ਚਿਹਰੇ 'ਤੇ ਟਿਕੀਆਂ ਸਨ। ਉਸ ਪਲ ਵਿਚ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਦੇ ਹਵਾਲੇ ਕਰ ਦਿੱਤਾ। ਮੈਨੂੰ ਚੰਗੀ ਤਰ੍ਹਾਂ ਦੇਖ ਨਹੀਂ ਸੀ ਸਕਿਆ ਕਿ ਉਹ ਕਿਵੇਂ ਲੱਗਦਾ ਸੀ ਪਰ ਇਹ ਸਮਝਣਾ ਮੁਸ਼ਕਲ ਨਹੀਂ ਸੀ ਕਿ ਉਹ ਬਹੁਤ ਖੀਵਾ ਸੀ।

ਤੀਜੀ ਵਾਰ ਮੈਂ ਉਸ ਨੂੰ ਚਰਚ ਵਿਚ ਦੇਖਿਆ। ਤਕਰੀਬਨ ਦਸ ਦਿਨ ਬਾਅਦ ਜਦੋਂ ਮੈਂ ਉਸ ਨੂੰ ਬੱਘੀ ਵਿਚ ਦੇਖਿਆ ਸੀ ਦਵੰਧ ਯੁੱਧ ਤੋਂ ਤਕਰੀਬਨ ਤਿੰਨ ਹਫਤੇ ਬਾਅਦ। ਓ---ਸ਼ਹਿਰ ਵਿਚ ਪ੍ਰਿੰਸ ਦਾ ਕੰਮ ਨਿੱਬੜਨ ਤੋਂ ਬਾਅਦ ਕੁਝ ਸਮਾਂ ਬੀਤ ਚੁੱਕਾ ਸੀ। ਲੇਕਿਨ ਉਸ ਨੇ ਵਾਪਸ ਜਾਣਾ ਅਜੇ ਟਾਲ਼ ਦਿੱਤਾ ਸੀ ਅਤੇ ਉਸ ਨੇ ਸੇਂਟ ਪੀਟਰਸਬਰਗ ਨੂੰ ਲਿਖ ਦਿੱਤਾ ਸੀ ਕਿ ਉਹ ਬਿਮਾਰੀ ਦੇ ਕਾਰਨ ਵਾਪਿਸ ਨਹੀਂ ਆ ਸਕਦਾ। ਕਸਬੇ ਵਿਚ ਹਰ ਕੋਈ ਉਮੀਦ ਕਰਦਾ ਸੀ ਕਿ ਉਹ ਲੀਜ਼ਾ ਨੂੰ ਸ਼ਾਦੀ ਦਾ ਪ੍ਰਸਤਾਵ ਕਰੇਗਾ। ਮੈਂ ਵੀ, ਓ---ਤੋਂ ਜਾਣ ਲਈ ਇਸ ਆਖ਼ਰੀ ਸੱਟ ਦੀ ਉਡੀਕ ਕੀਤੀ। ਮੈਂ ਉਸ ਜਗ੍ਹਾ ਤੋਂ ਅੱਕ ਗਿਆ ਸੀ। ਮੈਂ ਘਰ ਵਿਚ ਨਹੀਂ ਰਹਿ ਸਕਦਾ ਸੀ ਅਤੇ ਸਾਰਾ ਦਿਨ ਸ਼ਹਿਰ ਦੇ ਉਪਨਗਰਾਂ ਵਿਚ ਘੁੰਮਦਾ ਰਹਿੰਦਾ ਸੀ। ਇਕ ਵਾਰ ਬੱਦਲਵਾਈ ਵਾਲੇ ਅਤੇ ਰੁੱਖੇ ਜਿਹੇ ਦਿਨ ਮੈਂ ਇਸ ਤਰ੍ਹਾਂ ਦੇ ਇਕ ਅਵਾਰਾ ਗੇੜੇ ਤੋਂ ਘਰ ਵਾਪਸ ਆ ਰਿਹਾ ਸੀ। ਮੈਂ ਬਾਰਿਸ਼ ਵਿਚ ਘਿਰ ਗਿਆ ਅਤੇ ਇਕ ਚਰਚ ਅੰਦਰ ਚਲਾ ਗਿਆ। ਬਾਅਦ ਦੁਪਹਿਰ ਦੀ ਸਰਵਿਸ ਹੁਣੇ ਹੀ ਸ਼ੁਰੂ ਹੋਈ ਸੀ। ਚਰਚ ਵਿਚ ਹਾਜ਼ਰੀ ਬਹੁਤ ਥੋੜੀ ਸੀ। ਮੈਂ ਆਲੇ-ਦੁਆਲੇ ਨਜ਼ਰ ਦੌੜਾਈ ਅਤੇ ਖਿੜਕੀ ਕੋਲ ਇਕ ਜਾਣਿਆ ਪਛਾਣਿਆ ਚਿਹਰਾ ਦੇਖਿਆ। ਪਹਿਲੀ ਨਜ਼ਰ ਮੈਂ ਇਹ ਨਹੀਂ ਸਮਝ ਸਕਿਆ ਕਿ ਇਹ ਕੌਣ ਸੀ। ਉਹ ਪੀਲਾ ਪਿਆ ਚਿਹਰਾ, ਉਹ ਧੁੰਦਲੀਆਂ, ਬੁਝੀਆਂ ਅੱਖਾਂ - ਐ ਮੇਰੇ ਰੱਬਾ! ਕਿ ਉਹ ਲੀਜ਼ਾ ਹੈ? ਹਾਂ, ਉਹ ਲੀਜ਼ਾ ਹੀ ਸੀ। ਇਕ ਲਬਾਦਾ ਪਹਿਨੇ, ਟੋਪੀ ਦੇ ਬਗ਼ੈਰ, ਉਹ ਖਿੜਕੀ ਅੱਗੇ ਖੜੀ ਸੀ। ਉਸ ਦੇ ਪੀਲੇ ਪਏ ਚਿਹਰੇ 'ਤੇ ਫਿੱਕੀ ਜਿਹੀ ਰੌਸ਼ਨੀ ਪੈ ਰਹੀ ਸੀ। ਉਸ ਦੀਆਂ ਅੱਖਾਂ ਪਵਿੱਤਰ ਮੂਰਤੀ 'ਤੇ ਟਿਕੀਆਂ ਸਨ ਅਤੇ ਜਾਪਦਾ ਸੀ ਜਿਵੇਂ ਉਹ ਪ੍ਰਾਰਥਨਾ ਕਰਨ ਦੀ ਜਾਂ ਇਕ ਭਾਰੀ ਸੁਪਨੇ ਤੋਂ ਆਪਣੇ ਆਪ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਉਸ ਦਾ ਲਾਲ ਮੂੰਹ ਵਾਲਾ ਨੌਕਰ ਉਸ ਤੋਂ ਦੂਰੀ 'ਤੇ ਖੜ੍ਹਾ ਸੀ ਅਤੇ ਨੀਂਦ ਤੇ ਹੈਰਾਨੀ ਭਰੀਆਂ ਅੱਖਾਂ ਦੇ ਨਾਲ ਆਪਣੀ ਮਾਲਕਣ ਨੂੰ ਦੇਖ ਰਿਹਾ ਸੀ।

ਉਸ ਨੂੰ ਦੇਖ ਕੇ ਮੈਂ ਧੁਰ ਅੰਦਰ ਤੱਕ ਕੰਬ ਗਿਆ ਸੀ। ਮੇਰੀ ਉਸ ਕੋਲ ਜਾਣ ਦੀ ਇੱਛਾ ਹੋਈ ਪਰ ਇਹ ਕਰਨ ਦੀ ਹਿੰਮਤ ਮੇਰੇ ਵਿਚ ਨਹੀਂ ਸੀ। ਇਕ ਵੱਡਾ ਖਦਸ਼ਾ ਮੇਰੇ ਦਿਲ ਨੂੰ ਦਬੋਚ ਰਿਹਾ ਸੀ। ਸਰਵਿਸ ਸਮਾਪਤ ਹੋ ਗਈ ਸੀ, ਉਹ ਖੜੀ ਰਹੀ। ਸੇਵਾਦਾਰ ਨੇ ਚਰਚ ਨੂੰ ਸੰਵਰਨਾ ਸ਼ੁਰੂ ਕਰ ਦਿੱਤਾ। ਉਸ ਦਾ ਉਸ ਵੱਲ ਧਿਆਨ ਨਹੀਂ ਗਿਆ। ਆਖ਼ਿਰਕਾਰ, ਨੌਕਰ ਉਸ ਕੋਲ ਆਇਆ ਅਤੇ ਉਸ ਦੇ ਕੰਨ ਵਿਚ ਕੁਝ ਕਿਹਾ। ਉਸ ਨੇ ਆਲੇ ਦੁਆਲੇ ਦੇਖਿਆ, ਆਪਣੇ ਮੱਥੇ 'ਤੇ ਉਸ ਦਾ ਹੱਥ ਫੇਰਿਆ ਅਤੇ ਚਰਚ ਵਿਚੋਂ ਚਲੀ ਗਈ ਜਦੋਂ ਤਕ ਉਹ ਘਰ ਵਿਚ ਦਾਖਲ ਨਹੀਂ ਹੋ ਗਈ। ਮੈਂ ਉਸ ਤੋਂ ਥੋੜ੍ਹੇ ਜਿਹੇ ਫਾਸਲੇ 'ਤੇ ਰਹਿੰਦੇ ਉਸ ਦੇ ਮਗਰ ਮਗਰ ਜਾਂਦਾ ਰਿਹਾ। ਜਿਵੇਂ ਹੀ ਮੈਂ ਆਪਣੇ ਕਮਰੇ ਵਿਚ ਦਾਖਲ ਹੋਇਆ ਤਾਂ ਅਚਾਨਕ ਮੇਰੇ ਮੂੰਹੋਂ ਨਿਕਲ ਗਿਆ, "ਉਹ ਹਾਰ ਗਈ ਹੈ!"
ਰੱਬ ਦੀ ਸਹੁੰ, ਉਸ ਸਮੇਂ ਮੈਂ ਉੱਕਾ ਨਹੀਂ ਜਾਣ ਸਕਦਾ ਸੀ ਕਿ ਉਸ ਵੇਲੇ ਮੇਰੀ ਭਾਵਨਾ ਕਿਸ ਤਰ੍ਹਾਂ ਦੀ ਸੀ। ਮੈਨੂੰ ਸਿਰਫ਼ ਇਹ ਯਾਦ ਹੈ ਕਿ ਮੈਂ ਸੋਫੇ 'ਤੇ ਢੇਰੀ ਹੋ ਗਿਆ ਸੀ ਅਤੇ ਮੇਰੀਆਂ ਅੱਖਾਂ ਫਰਸ਼ 'ਤੇ ਜਮ ਗਈਆਂ ਸਨ ਅਤੇ ਕਈ ਘੰਟਿਆਂ ਤਕ ਮੈਂ ਇਸੇ ਸਥਿਤੀ ਵਿਚ ਰਿਹਾ। ਅਤਿਅੰਤ ਜ਼ਿੱਲਤ ਦੀਆਂ ਭਾਵਨਾਵਾਂ ਦੇ ਵਿਚਕਾਰ ਘਿਰਿਆ ਮੈਂ ਕੁੱਝ ਸੰਤੁਸ਼ਟੀ ਮਹਿਸੂਸ ਕਰ ਰਿਹਾ ਸਾਂ। ਮੈਂ ਇਹ ਇਕਬਾਲ ਨਹੀਂ ਸੀ ਕਰਦਾ ਜੇਕਰ ਮੈਂ ਇਹ ਆਪਣੇ ਖੁਦ ਦੇ ਲਈ ਨਾ ਲਿਖ ਰਿਹਾ ਹੁੰਦਾ। ਇਕ ਬਹੁਤ ਹੀ ਉਦਾਸ ਖਦਸ਼ੇ ਨੇ ਮੇਰੇ ਦਿਲ ਨੂੰ ਦਬੋਚ ਲਿਆ ਅਤੇ ਕੌਣ ਜਾਣਦਾ ਹੈ, ਕਿ ਅਗਰ ਇਹ ਉਦਾਸ ਖ਼ਦਸ਼ਾ ਸਵਾਰ ਨਾ ਹੁੰਦਾ ਤਾਂ ਮੈਂ ਸ਼ਾਇਦ ਘੋਰ ਨਿਰਾਸ਼ਾ ਵਿਚ ਗਰਕ ਹੋਇਆ ਮਹਿਸੂਸ ਕਰਦਾ। "ਇਹੋ ਜਿਹਾ ਹੁੰਦਾ ਹੈ ਦਿਲ!" ਆਪਣੀ ਮੁੱਠੀ ਨੂੰ ਹਵਾ ਵਿਚ ਉਛਾਲ ਕੇ ਅਤੇ ਮੋਟੀ ਉਂਗਲੀ 'ਤੇ ਇਕ ਕਾਰਨੇਲੀਅਨ ਅੰਗੂਠੀ ਵਿਖਾਂਦੇ ਹੋਏ ਇਕ ਰੂਸੀ ਸਕੂਲ ਅਧਿਆਪਕ ਕਹਿੰਦਾ ਪਰ ਮੈਨੂੰ ਸਕੂਲ-ਅਧਿਆਪਕਾਂ ਦੀ ਕਾਰਨੇਲੀਅਨ ਅੰਗੂਠੀ ਨਾਲ ਭਲਾ ਕੀ ਮਤਲਬ?

ਪਰ, ਮੇਰੇ ਖਦਸ਼ੇ ਸਹੀ ਸਾਬਤ ਹੋਏ। ਸ਼ਹਿਰ ਵਿਚ ਅਫਵਾਹ ਫੈਲੀ ਹੋਈ ਸੀ ਕਿ ਪ੍ਰਿੰਸ ਸੇਂਟ ਪੀਟਰਸਬਰਗ ਲਈ ਰਵਾਨਾ ਹੋ ਗਿਆ ਸੀ। ਉਸ ਨੇ ਲੀਜ਼ਾ ਦਾ ਹੱਥ ਨਹੀਂ ਸੀ ਮੰਗਿਆ ਅਤੇ ਵਿਚਾਰੀ ਲੜਕੀ ਉਸ ਦੇ ਵਿਸ਼ਵਾਸਘਾਤ ਦੇ ਕਾਰਨ ਸਾਰੀ ਉਮਰ ਰੋਣ ਜੋਗੀ ਰਹਿ ਗਈ ਸੀ। ਉਸ ਨੇ ਜਾਣਾ ਅਚਾਨਕ ਸੀ (ਉਹ ਕਹਿੰਦੇ ਸਨ ਕਿ ਉਸ ਨੂੰ ਰਾਜਧਾਨੀ ਤੋਂ ਚਿੱਠੀ ਮਿਲ ਗਈ ਸੀ) ਸ਼ਾਮ ਪਹਿਲਾਂ, ਉਸ ਦੇ ਅਰਦਲੀ ਤਕ ਨੂੰ ਇਹ ਨਹੀਂ ਪਤਾ ਸੀ ਕਿ ਉਸ ਨੇ ਜਾਣਾ ਸੀ - ਮੇਰੇ ਨੌਕਰ ਨੇ ਮੈਨੂੰ ਇਹ ਗੱਲ ਦੱਸੀ ਸੀ। ਇਹ ਅਫਵਾਹ ਸੁਣ ਕੇ ਮੈਨੂੰ ਪਸੀਨੇ ਛੁੱਟ ਗਏ। ਮੈਂ ਤੁਰੰਤ ਕੱਪੜੇ ਪਾ ਕੇ ਓਜੋਗਿਨਾਂ ਵੱਲ ਨੂੰ ਚੱਲ ਪਿਆ ਪਰ ਜਾਂਦਿਆਂ ਜਾਂਦਿਆਂ ਮੈਂ ਆਪਣੇ ਮਨ ਵਿਚ ਸੋਚਿਆ ਕਿ ਚੰਗਾ ਹੋਵੇ ਜੇ ਮੈਂ ਅਗਲੇ ਦਿਨ ਤਕ ਆਪਣੀ ਫੇਰੀ ਮੁਲਤਵੀ ਕਰ ਦੇਵਾਂ। ਇਸ ਦੇਰੀ ਨਾਲ ਮੇਰਾ ਕੁਝ ਵੀ ਨਹੀਂ ਸੀ ਗਵਾਚਣਾ। ਉਸੇ ਦਿਨ ਸ਼ਾਮ ਨੂੰ ਇਕ ਯੂਨਾਨੀ ਯਾਤਰੂ, ਸ਼੍ਰੀਮਾਨ ਪਾਂਡਪਿਪਲੋ ਜੋ ਹਾਦਸਨ ਹੀ ਓ--- ਵਿਚ ਵੱਸ ਗਿਆ ਸੀ ਜੋ ਪਹਿਲੇ ਦਰਜੇ ਦਾ ਗੱਪੀ ਸੀ ਅਤੇ ਪ੍ਰਿੰਸ ਨਾਲ ਮੇਰੇ ਦਵੰਧ ਯੁੱਧ ਬਾਰੇ ਮੇਰੇ ਵਿਰੁੱਧ ਸਭ ਤੋਂ ਵੱਧ ਗੁੱਸਾ ਕੱਢਣ ਵਾਲਾ ਸੀ। ਉਹ ਕਾਹਲੀ ਵਿਚ ਮੇਰੇ ਘਰ ਆਇਆ। ਮੇਰੇ ਅਰਦਲੀ ਨੂੰ ਉਸ ਦੀ ਘੋਸ਼ਣਾ ਕਰਨ ਦਾ ਸਮਾਂ ਵੀ ਦਿੱਤੇ ਬਿਨਾਂ ਉਹ ਮੇਰੇ ਕਮਰੇ ਵਿਚ ਆ ਗਿਆ। ਉਸ ਨੇ ਮੇਰੀ ਬਾਂਹ ਫੜ੍ਹ ਲਈ ਅਤੇ ਇਸ ਨੂੰ ਅਤਿਅੰਤ ਦੋਸਤਾਨਾ ਅੰਦਾਜ਼ ਵਿਚ ਘੁੱਟਿਆ। ਉਸ ਨੇ ਮਾਫ਼ੀ ਲਈ ਮੇਰੀਆਂ ਮਿੰਨਤਾਂ ਕੀਤੀਆਂ। ਮੇਰੇ ਨਾਲ ਆਪਣੀਆਂ ਬੇਇਨਸਾਫ਼ੀਆਂ ਦੀ ਤਲਾਫੀ ਲਈ ਖਿਮਾ ਦੀ ਵਾਰ ਵਾਰ ਮੰਗ ਕੀਤੀ। ਉਸ ਨੇ ਮੈਨੂੰ ਬਹਾਦਰੀ ਅਤੇ ਦਰਿਆਦਿਲੀ ਦਾ ਆਦਰਸ਼ ਕਿਹਾ, ਪ੍ਰਿੰਸ ਲਈ ਸਭ ਤੋਂ ਘਿਨਾਉਣੇ ਸ਼ਬਦਾਂ ਵਿੱਚ ਗੱਲ ਕੀਤੀ। ਉਸ ਨੇ ਮਿਸਟਰ ਓਜੋਗਿਨ ਨੂੰ ਵੀ ਨਹੀਂ ਬਖ਼ਸ਼ਿਆ। ਓਜੋਗਿਨ ਨੂੰ ਉਸ ਦੀ ਰਾਇ ਅਨੁਸਾਰ ਰੱਬ ਵਲੋਂ ਬਣਦੀ ਸਜ਼ਾ ਮਿਲੀ ਸੀ। ਲੀਜ਼ਾ ਬਾਰੇ ਇਕ ਦੋ ਟਿੱਪਣੀਆਂ ਕੀਤੀਆਂ ਅਤੇ ਮੇਰੇ ਵਲੋਂ ਇਕ ਸ਼ਬਦ ਕਹਿਣ ਤੋਂ ਪਹਿਲਾਂ ਹੀ ਮੇਰੇ ਮੋਢੇ ਨੂੰ ਚੁੰਮ ਕੇ ਅੱਖ ਪਲਕਾਰੇ ਵਿਚ ਚਲਾ ਗਿਆ। ਬਹੁਤ ਸਾਰੀਆਂ ਹੋਰ ਗੱਲਾਂ ਦੇ ਨਾਲ ਮੈਨੂੰ ਦੱਸ ਗਿਆ ਹੈ ਕਿ ਪ੍ਰਿੰਸ ਦੇ ਚਲੇ ਜਾਣ ਤੋਂ ਇਕ ਦਿਨ ਪਹਿਲਾਂ ਓਜੋਗਿਨ ਨੇ ਉਸ ਨੂੰ ਵਿਆਹ ਦੇ ਬਾਰੇ ਕੁਝ ਸੰਕੇਤ ਦਿੱਤੇ ਸਨ ਪਰ ਉਸ ਸਹਿਜ ਸੁਭਾ ਜਵਾਬ ਦਿੱਤਾ ਸੀ, en vrai grand seigneur, ਕਿ ਉਹ ਕਿਸੇ ਨੂੰ ਧੋਖਾ ਕਦੇ ਨਹੀਂ ਸੀ ਦਿੰਦਾ ਕਿ ਉਸ ਦਾ ਅਜੇ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਅਗਲੇ ਦਿਨ ਮੈਂ ਓਜੋਗਿਨ ਨੂੰ ਮਿਲਣ ਚਲਾ ਗਿਆ ਜਦੋਂ ਉਸ ਦੇ ਕਮਜ਼ੋਰ ਨਜ਼ਰ ਅਰਦਲੀ ਨੇ ਮੈਨੂੰ ਅੰਦਰ ਆਉਂਦੇ ਦੇਖਿਆ ਤਾਂ ਉਹ ਉੱਛਲ ਪਿਆ। ਮੈਂ ਉਸ ਨੂੰ ਮੇਰੇ ਆਉਣ ਬਾਰੇ ਦੱਸਣ ਲਈ ਕਿਹਾ। ਮੈਨੂੰ ਓਜੋਗਿਨ ਦੇ ਅਪਾਰਟਮੈਂਟ ਵਿਚ ਜਾਣ ਦੀ ਬੇਨਤੀ ਕੀਤੀ ਗਈ ਸੀ।
ਕੱਲ੍ਹ ਤਕ।

30 ਮਾਰਚ- ਕੱਕਰ ਵਾਲਾ ਦਿਨ
ਅਤੇ ਇਸ ਤਰ੍ਹਾਂ ਮੈਂ ਓਜੋਗਿਨ ਦੇ ਮਕਾਨ ਵਿਚ ਦਾਖਲ ਹੋ ਗਿਆ। ਮੈਂ ਉਸ ਵਿਅਕਤੀ ਨੂੰ ਕੁਝ ਦੇਣ ਲਈ ਤਿਆਰ ਸੀ ਜੋ ਮੈਨੂੰ ਮੇਰੀ ਉਸ ਸਮੇਂ ਦੀ ਤਸਵੀਰ ਦਿਖਾ ਸਕਦਾ ਜਦੋਂ ਉਹ ਸਨਮਾਨਯੋਗ, ਮਾਣਯੋਗ ਅਧਿਕਾਰੀ ਨੇ ਕਾਹਲੀ ਕਾਹਲੀ ਆਪਣੇ ਡ੍ਰੈਸਿੰਗ-ਗਾਊਨ ਦੇ ਬਟਨ ਲਾਏ ਅਤੇ ਬਾਹਾਂ ਫੈਲਾ ਕੇ ਮੈਨੂੰ ਮਿਲਣ ਆਇਆ। ਮੈਨੂੰ ਇਵੇਂ ਲੱਗਾ ਜਿਵੇਂ ਮੈਂ ਮਸ਼ਹੂਰ ਜਰਨੈਲ ਸਕੀਪੀਓ ਅਫ਼ਰੀਕਾਨਸ ਦਾ ਰੂਪ ਧਾਰ ਲਿਆ ਹੋਵੇ। ਅਵੱਸ਼ ਹੀ ਮੂਕ ਜਿੱਤ, ਉਦਾਰਤਾ ਭਰਪੂਰ ਵਡੱਪਣ ਦੇ ਅਹਿਸਾਸ ਅਤੇ ਮੇਰੇ ਪ੍ਰਤੀ ਹਮਦਰਦੀ ਦਾ ਹਾਵ-ਭਾਵ ਹੋਵੇਗਾ। ਬੁੱਢਾ ਆਦਮੀ ਚਿੰਤਾ ਅਤੇ ਉਲਝਣ ਵਿਚ ਸੀ। ਉਸ ਨੇ ਮੇਰੀਆਂ ਨਿਗਾਹਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਬੇਤੁਕੀਆਂ ਹਰਕਤਾਂ ਕਰਦਾ ਰਿਹਾ। ਮੈਂ ਇਹ ਵੀ ਨੋਟ ਕੀਤਾ ਕਿ ਉਹ ਆਮ ਨਾਲੋਂ ਥੋੜ੍ਹਾ ਜਿਹਾ ਉੱਚੀ ਬੋਲਦਾ ਸੀ ਅਤੇ ਬਹੁਤ ਹੀ ਅਸਪਸ਼ਟ ਸ਼ਬਦਾਂ ਵਿਚ ਆਪਣੀ ਗੱਲ ਕਹਿੰਦਾ ਸੀ ਪਰ, ਸੱਚੀ ਸੁਹਿਰਦਤਾ ਨਾਲ, ਉਸ ਨੇ ਮੇਰੇ ਕੋਲੋਂ ਮਾਫ਼ੀ ਲਈ ਮਿੰਨਤ ਕੀਤੀ। ਉਸ ਨੇ ਚਲੇ ਗਏ ਮਹਿਮਾਨ ਬਾਰੇ, ਆਦਮੀ ਦੀ ਧੋਖਾਧੜੀ ਦੀ ਖਸਲਤ ਬਾਰੇ ਅਤੇ ਦੁਨਿਆਵੀ ਖੁਸ਼ੀ ਦੀ ਅਸਥਿਰਤਾ ਬਾਰੇ ਕੁਝ ਅਸਪਸ਼ਟ ਜਿਹੀਆਂ ਟਿੱਪਣੀਆਂ ਕੀਤੀਆਂ ਜਦੋਂ ਉਸ ਨੂੰ ਲੱਗਿਆ ਕਿ ਉਸ ਦੀ ਅੱਖ ਵਿਚ ਅੱਥਰੂ ਇਕ ਅਥਰੂ ਰੂਪ ਧਾਰ ਰਿਹਾ ਸੀ, ਤਾਂ ਉਸ ਨੇ ਉਸ ਹੰਝੂ ਦੇ ਕਾਰਨ ਬਾਰੇ ਮੈਨੂੰ ਗੁਮਰਾਹ ਕਰਨ ਲਈ ਨਸਵਾਰ ਦੀ ਇਕ ਚੂੰਢੀ ਸੁੰਘਣ ਦੀ ਜਲਦਬਾਜ਼ੀ ਕੀਤੀ। ਉਸ ਨੇ ਹਰੀ ਰੂਸੀ ਨਸਵਾਰ ਦੀ ਵਰਤੋਂ ਕੀਤੀ ਜੋ ਬੁੱਢਿਆਂ ਦੀਆਂ ਅੱਖਾਂ ਵਿਚ ਵੀ ਅੱਥਰੂ ਲੈ ਆਉਂਦੀ ਹੈ ਅਤੇ ਉਨ੍ਹਾਂ ਨੂੰ ਕਈ ਮਿੰਟਾਂ ਲਈ ਬੇਸੁਰਤ ਜਿਹਾ ਕਰ ਦਿੰਦੀ ਹੈ।

ਮੈਂ ਬੁੱਢੇ ਨਾਲ ਹਮਦਰਦੀ ਭਰਿਆ ਸਲੂਕ ਕੀਤਾ। ਬੇਸ਼ਕ, ਸ਼੍ਰੀਮਤੀ ਓਜੋਗਿਨ ਅਤੇ ਉਸ ਦੀ ਧੀ ਦੀ ਸਿਹਤ ਬਾਰੇ ਪੁੱਛਿਆ ਅਤੇ ਗੱਲਬਾਤ ਦਾ ਰੁਖ "ਜ਼ਬਾਨੀ ਘੋਸ਼ਣਾ ਦੁਆਰਾ ਜਾਇਦਾਦ ਟ੍ਰਾਂਸਫਰ ਕਰਨ" ਦੇ ਬਹੁਤ ਦਿਲਚਸਪ ਕਨੂੰਨੀ ਵਿਸ਼ੇ ਵੱਲ ਮੋੜ ਦਿੱਤਾ। ਮੈਂ ਆਮ ਵਾਂਗ ਕੱਪੜੇ ਪਹਿਨੇ ਹੋਏ ਸਨ ਪਰ ਮੇਰੇ ਅੰਦਰ ਜਾਗੀਆਂ ਹਮਦਰਦੀ ਅਤੇ ਦਿਆਲਤਾ ਦੀਆਂ ਬੁਲੰਦ ਭਾਵਨਾਵਾਂ ਦੇ ਸਦਕਾ ਹੌਲੇਪਣ ਅਤੇ ਤਾਜ਼ਗੀ ਕਰਕੇ ਮੈਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਮੈਂ ਗਰਮੀਆਂ ਵਾਲਾ ਚਿੱਟਾ ਸੂਟ ਪਹਿਨਿਆ ਹੋਵੇ। ਐਪਰ, ਲੀਜ਼ਾ ਨਾਲ ਮੁਲਾਕਾਤ ਦੀ ਸੰਭਾਵਨਾ ਨੇ ਮੈਨੂੰ ਥੋੜ੍ਹਾ ਉਤੇਜਿਤ ਕਰ ਦਿੱਤਾ। ਓਜੋਗਿਨ ਨੇ ਆਖ਼ਿਰ ਮੈਨੂੰ ਉਸ ਦੀ ਪਤਨੀ ਨੂੰ ਮਿਲਣ ਲਈ ਕਿਹਾ। ਮੈਨੂੰ ਦੇਖ ਕੇ ਉਹ ਚੰਗੀ, ਸਾਦਾ ਔਰਤ ਬਹੁਤ ਘਬਰਾ ਗਈ ਪਰ ਉਸਦਾ ਦਿਮਾਗ਼ ਕਿਸੇ ਪ੍ਰਭਾਵ ਨੂੰ ਲੰਬੇ ਸਮਾਂ ਤਕ ਰੱਖਣ ਲਈ ਨਹੀਂ ਬਣਿਆ ਸੀ ਅਤੇ ਇਸ ਲਈ ਉਹ ਛੇਤੀ ਹੀ ਸ਼ਾਂਤ ਹੋ ਗਈ। ਆਖ਼ਿਰਕਾਰ ਮੈਂ ਲੀਜ਼ਾ ਨੂੰ ਵੇਖਿਆ।
ਉਹ ਆਪਣੀ ਮਾਂ ਦੇ ਆ ਗਈ, ਜਿੱਥੇ ਅਸੀਂ ਬੈਠੇ ਸੀ। ਮੈਂ ਇਕ ਅਪਮਾਨਿਤ ਅਤੇ ਪਸ਼ਚਾਤਾਪ ਕਰ ਰਹੀ ਇਕ ਪਾਪੀ ਆਤਮਾ ਨਾਲ ਮੁਲਾਕਾਤ ਕਰਨ ਦੀ ਆਸ ਕੀਤੀ ਸੀ। ਮੈਂ ਪਹਿਲਾਂ ਹੀ ਸਨੇਹ ਭਰੇ ਅਤੇ ਅਤਿ ਉਤਸ਼ਾਹ-ਬੰਨਾਊ ਹਾਵ-ਭਾਵ ਧਾਰਨ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਸ ਨੂੰ ਕਿਉਂ ਲੁਕਾਵਾਂ? ਮੈਂ ਸੱਚਮੁਚ ਉਸ ਔਰਤ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਮਾਫ਼ ਕਰਨ ਅਤੇ ਉਸ ਵੱਲ ਆਪਣਾ ਹਥ ਵਧਾਉਣ ਲਈ ਉਤਾਵਲਾ ਸੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਮੇਰੀ ਦੁਆ ਸਲਾਮ ਦੇ ਜਵਾਬ ਵਜੋਂ ਉਸ ਨੇ ਬੜੇ ਆਰਾਮ ਨਾਲ ਹੱਸਣਾ ਸ਼ੁਰੂ ਕਰ ਦਿੱਤਾ ਅਤੇ ਲਾਪਰਵਾਹੀ ਨਾਲ ਕਿਹਾ, "ਕੀ ਇਹ ਤੁਸੀਂ ਹੋ?" ਅਤੇ ਦੂਜੇ ਪਾਸੇ ਵੱਲ ਮੂੰਹ ਫੇਰ ਲਿਆ। ਇਹ ਸੱਚ ਹੈ ਕਿ ਉਸ ਦੀ ਹਾਸੀ ਸੁਭਾਵਕ ਨਹੀਂ ਸੀ, ਸਗੋਂ ਧੱਕੇ ਨਾਲ ਲਿਆਂਦੀ ਗਈ ਸੀ। ਇਹ ਕਿਸੇ ਵੀ ਤਰੀਕੇ ਉਸ ਦੇ ਲਮਕੇ ਹੋਏ ਚਿਹਰੇ ਨਾਲ ਮੇਲ ਨਹੀਂ ਖਾਂਦੀ ਸੀ ਪਰ ਮੈਨੂੰ ਉਸ ਕੋਲੋਂ ਅਜਿਹੇ ਸਲੂਕ ਦੀ ਆਸ ਨਹੀਂ ਸੀ।
ਮੈਂ ਉਸ ਵੱਲ ਹੈਰਾਨੀ ਨਾਲ ਦੇਖਿਆ। ਉਸ ਦੀ ਸਾਰੀ ਦਿੱਖ ਕਿੰਨੀ ਬਦਲ ਗਈ ਸੀ! ਮੈਨੂੰ ਪਤਾ ਲੱਗ ਗਿਆ ਸੀ ਕਿ ਕੁਝ ਹਫ਼ਤੇ ਪਹਿਲਾਂ ਮੈਨੂੰ ਮਿਲੀ ਇਕ ਨਿਰੋਲ ਬੱਚੀ ਅਤੇ ਹੁਣ ਮੇਰੇ ਸਾਹਮਣੇ ਖੜ੍ਹੀ ਔਰਤ ਦੇ ਵਿਚ ਕੀ ਫ਼ਰਕ ਸੀ! ਇੰਝ ਜਾਪਦਾ ਸੀ ਜਿਵੇਂ ਉਹ ਵੱਡੀ ਅਤੇ ਲੰਮੀ ਹੋ ਗਈ ਸੀ। ਉਸ ਦੇ ਚਿਹਰੇ ਦੀਆਂ, ਖ਼ਾਸ ਕਰਕੇ ਉਸ ਦੇ ਬੁੱਲ੍ਹਾਂ ਦੀਆਂ ਲਕੀਰਾਂ ਗੂੜ੍ਹੀਆਂ ਹੋ ਗਈਆਂ ਸਨ। ਉਸ ਦੀ ਤੱਕਣੀ ਹੋਰ ਗਹਿਰੀ, ਕਠੋਰ ਹੋ ਗਈ ਸੀ ਅਤੇ ਉਸ ਦੇ ਹਾਵ-ਭਾਵ ਉਦਾਸ ਅਤੇ ਤੀਖਣ ਹੋ ਗਏ ਸਨ। ਮੈਂ ਓਜੋਗਿਨਾਂ ਦੇ ਰਾਤ ਦੇ ਖਾਣੇ ਦੇ ਸਮੇਂ ਤਕ ਰਿਹਾ। ਉਹ ਬਹੁਤ ਸ਼ਾਂਤ ਕਮਰੇ ਵਿਚ ਆਉਂਦੀ ਅਤੇ ਬਾਹਰ ਚਲੀ ਜਾਂਦੀ। ਉਸ ਨੇ ਸਾਰੇ ਸਵਾਲਾਂ ਦਾ ਚੰਗੀ ਤਰ੍ਹਾਂ ਜਵਾਬ ਦਿੱਤਾ ਅਤੇ ਜਾਣ ਬੁੱਝ ਕੇ ਮੇਰੇ ਵੱਲ ਧਿਆਨ ਦੇਣ ਤੋਂ ਪਰਹੇਜ਼ ਕੀਤਾ। ਉਹ ਮੈਨੂੰ ਦਿਖਾਉਣਾ ਚਾਹੁੰਦੀ ਸੀ - ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ - ਕਿ ਮੈਂ ਤਾਂ ਉਸ ਦੇ ਗੁੱਸੇ ਦਾ ਹੱਕਦਾਰ ਵੀ ਨਹੀਂ ਸੀ। ਹਾਲਾਂਕਿ ਮੈਂ ਉਸ ਦੇ ਪ੍ਰੇਮੀ ਨੂੰ ਮਾਰ ਹੀ ਤਾਂ ਦਿੱਤਾ ਸੀ। ਮੈਂ ਹੁਣ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ। ਮੈਂ ਕੁਝ ਤਲਖ਼ ਟਿੱਪਣੀਆਂ ਕਰ ਦਿੱਤੀਆਂ। ਉਹ ਚੌਂਕ ਗਈ, ਮੇਰੇ ਤੇ ਇਕ ਸਰਦ ਨਿਗਾਹ ਸੁੱਟੀ, ਆਪਣੀ ਸੀਟ ਤੋਂ ਉੱਠੀ ਅਤੇ ਖਿੜਕੀ ਕੋਲ ਖੜ੍ਹ ਕੇ ਉਸ ਨੇ ਕੰਬਦੀ ਆਵਾਜ਼ ਨਾਲ ਕਿਹਾ।
"ਤੁਸੀਂ ਜੋ ਚਾਹੋ ਕਹਿ ਸਕਦੇ ਹੋ, ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਸਮਝ ਲਵੋ ਕਿ ਮੈਂ ਉਸ ਆਦਮੀ ਨੂੰ ਪਿਆਰ ਕਰਦੀ ਸੀ, ਅੱਜ ਵੀ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ। ਮੈਂ ਇਹ ਨਹੀਂ ਕਹਿੰਦੀ ਕਿ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਇਸ ਦੇ ਉਲਟ--"
ਉਸ ਦੀ ਆਵਾਜ਼ ਉਸ ਦਾ ਸਾਥ ਛੱਡ ਗਈ। ਉਹ ਚੁੱਪ ਕਰ ਗਈ। ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ, ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅਤੇ ਉਹ ਕਮਰੇ ਵਿਚੋਂ ਚਲੀ ਗਈ। ਬਜ਼ੁਰਗ ਓਜੋਗਿਨ ਉਲਝਣ ਵਿਚ ਪੈ ਗਿਆ। ਮੈਂ ਉੱਠਿਆ, ਉਨ੍ਹਾਂ ਨਾਲ ਹੱਥ ਮਿਲਾਇਆ, ਆਹ ਭਰੀ, ਆਪਣੀਆਂ ਅੱਖਾਂ ਛੱਤ ਵੱਲ ਨੂੰ ਉਠਾਈਆਂ ਅਤੇ ਚਲਿਆ ਆਇਆ।
ਮੈਂ ਬਹੁਤ ਕਮਜ਼ੋਰ ਹਾਂ। ਮੇਰੇ ਕੋਲ ਬਹੁਤ ਸਮਾਂ ਨਹੀਂ ਬਚਿਆ। ਮੈਂ ਹੁਣ ਪਹਿਲੇ ਜਿਹੀ ਸ਼ੁੱਧਤਾ ਦੇ ਨਾਲ ਵਰਣਨ ਕਰਨ ਦੇ ਯੋਹ ਨਹੀਂ ਹਾਂ। ਓਜੋਗਿਨਾਂ ਨਾਲ ਨਵੇਂ ਸਿਰੇ ਤੋਂ ਨੇੜਤਾ ਕਰਨ ਦੇ ਬਾਅਦ ਮੈਂ ਦੁੱਖਦਾਈ ਵਿਚਾਰਾਂ ਅਤੇ ਭਾਵਨਾਵਾਂ ਦੀ, ਨਵੇਂ ਕੀਤੇ ਫੈਸਲਿਆਂ ਅਤੇ ਮੇਰੇ ਹੰਢਾਏ ਮਾਨਸਿਕ ਸੰਘਰਸ਼ ਦੇ ਦੂਜੇ ਨਤੀਜਿਆਂ ਨੂੰ ਬਿਆਨ ਨਹੀਂ ਕਰ ਸਕਦਾ। ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਲੀਜ਼ਾ ਨੂੰ ਪ੍ਰਿੰਸ ਨਾਲ ਪਿਆਰ ਸੀ ਅਤੇ ਪਿਆਰ ਕਰਦੀ ਰਹੇਗੀ ਅਤੇ ਐਸੇ ਵਿਅਕਤੀ ਦੇ ਤੌਰ 'ਤੇ ਜਿਸ ਨੂੰ ਹਾਲਾਤ ਨੇ ਬੇਇੱਜ਼ਤ ਕੀਤਾ ਸੀ ਅਤੇ ਜਿਸ ਨੇ ਕਿਸਮਤ ਅੱਗੇ ਝੁਕ ਜਾਣਾ ਸਿੱਖ ਲਿਆ ਸੀ। ਮੈਂ ਵੀ ਲੀਜ਼ਾ ਦੇ ਪਿਆਰ ਦਾ ਪਾਤਰ ਹੋਣ ਦਾ ਕੋਈ ਸੁਪਨਾ ਨਹੀਂ ਸੀ ਵੇਖਦਾ। ਮੇਰਾ ਦਿਲ ਸਿਰਫ਼ ਉਸ ਦੀ ਦੋਸਤੀ ਲਈ ਤਰਸਦਾ ਸੀ। ਮੈਂ ਉਸ ਦਾ ਵਿਸ਼ਵਾਸ ਅਤੇ ਸਤਿਕਾਰ ਹਾਸਲ ਕਰਨਾ ਚਾਹੁੰਦਾ ਸੀ ਜਿਨ੍ਹਾਂ ਬਾਰੇ ਕਹਿੰਦੇ ਹਨ ਕਿ ਇਹ ਦੋਨੋਂ ਵਿਵਾਹਿਤ ਜੀਵਨ ਨੂੰ ਸਹਾਰਾ ਦੇਣ ਵਾਲੇ ਸਭ ਤੋਂ ਮਜ਼ਬੂਤ ​​ਥੰਮ੍ਹ ਹਨ ਪਰ, ਬਦਕਿਸਮਤੀ ਨਾਲ ਇਕ ਪ੍ਰਮੁੱਖ ਗੱਲ ਮੇਰੇ ਧਿਆਨ ਵਿਚ ਨਹੀਂ ਰਹੀ ਸੀ। ਲੀਜ਼ਾ ਪ੍ਰਿੰਸ ਨਾਲ ਮੇਰੇ ਦਵੰਦ ਯੁੱਧ ਤੋਂ ਬਾਅਦ ਮੇਰੀ ਸੂਰਤ ਦੇਖਣਾ ਸਹਿਣ ਨਹੀਂ ਕਰ ਸਕਦੀ ਸੀ। ਮੈਨੂੰ ਇਸ ਬਾਰੇ ਬਹੁਤ ਦੇਰ ਨਾਲ ਪਤਾ ਚੱਲਿਆ।

ਮੈਂ ਦੁਬਾਰਾ ਓਜੋਗਿਨਾਂ ਦੇ ਜਾਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਓਜੋਗਿਨ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ। ਉਸ ਨੇ ਮੇਰੇ ਨਾਲ ਪਹਿਲਾਂ ਨਾਲੋਂ ਵੀ ਗੂੜ੍ਹੀ ਦੋਸਤੀ ਕਰ ਲਈ। ਮੇਰੇ ਕੋਲ ਇਹ ਵਿਸ਼ਵਾਸ ਕਰਨ ਦੇ ਚੰਗੇ ਕਾਰਨ ਸਨ ਕਿ ਉਹ ਆਪਣੀ ਧੀ ਨਾਲ ਮੇਰੇ ਵਿਆਹ ਕਰਵਾਉਣ ਨੂੰ ਆਪਣੀ ਸਹਿਮਤੀ ਦੇ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ। ਹਾਲਾਂਕਿ ਮੈਂ ਬਹੁਤਾ ਵਧੀਆ ਵਰ ਨਹੀਂ ਸੀ। ਲੋਕ ਰਾਇ ਉਸ ਦੇ ਅਤੇ ਲੀਜ਼ਾ ਦੇ ਵਿਰੁੱਧ ਸੀ ਅਤੇ ਮੇਰੇ ਪੱਖ ਵਿਚ ਬਹੁਤ ਉਲਾਰ ਸੀ। ਮੇਰੀ ਵੱਲ ਲੀਜ਼ਾ ਵਤੀਰਾ ਨਹੀਂ ਬਦਲਿਆ। ਉਹ ਜਿਆਦਾਤਰ ਚੁੱਪ ਰਹਿੰਦੀ ਸੀ ਅਤੇ ਠਰੰਮ੍ਹੇ ਨਾਲ ਹਰ ਚੀਜ਼ ਕਰਦੀ ਜੋ ਉਸ ਨੂੰ ਕਰਨ ਦੀ ਲੋੜ ਸੀ। ਉਸ ਨੇ ਅੰਦਰ ਪਲ ਰਹੀ ਮੁਸੀਬਤ ਦਾ ਕੋਈ ਅਤਾ-ਪਤਾ ਨਹੀਂ ਲੱਗਣ ਦਿੱਤਾ ਪਰ ਉਸ ਦੀ ਹਾਲਤ ਹਰ ਰੋਜ਼ ਬਦਤਰ ਹੁੰਦੀ ਅਤੇ ਚਿੰਤਾ ਦੇ ਨਿਸ਼ਾਨ ਹੋਰ ਗੂੜ੍ਹੇ ਹੋ ਗਏ ਨਜ਼ਰ ਆਉਂਦੇ। ਸ਼੍ਰੀਮਾਨ ਓਜੋਗਿਨ ਬਾਰੇ ਇਹ ਦੱਸਣਾ ਇਨਸਾਫ਼ ਦਾ ਤਕਾਜਾ ਹੈ ਕਿ ਉਹ ਉਸ ਨਾਲ ਬਹੁਤ ਹੀ ਪ੍ਰੇਮ ਨਾਲ ਪੇਸ਼ ਆਉਂਦਾ ਸੀ। ਸ਼੍ਰੀਮਤੀ ਓਜੋਗਿਨ ਹਰ ਵਾਰ ਆਪਣੀ ਪਿਆਰੀ ਧੀ ਨੂੰ ਵੇਖ ਕੇ ਹਮੇਸ਼ਾ ਇੱਕ ਡੂੰਘਾ ਹਾਉਕਾ ਭਰਦੀ। ਕੇਵਲ ਇਕ ਵਿਅਕਤੀ ਸੀ ਜਿਸ ਨੂੰ ਲੀਜ਼ਾ ਦੁਰਕਾਰਦੀ ਨਹੀਂ ਸੀ - ਭਾਵੇਂ ਉਸ ਨੂੰ ਵੀ ਉਹ ਗੱਲਬਾਤ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਕਰਦੀ ਸੀ- ਅਤੇ ਉਹ ਵਿਅਕਤੀ ਬਿਜ਼ਮਨਕੋਫ ਸੀ। ਬਜ਼ੁਰਗ ਓਜੋਗਿਨ ਉਸ ਨਾਲ ਰੁੱਖਾ ਹੀ ਨਹੀਂ, ਸਗੋਂ ਅੱਖੜ ਸਲੂਕ ਕਰਦੇ। ਉਹ ਪ੍ਰਿੰਸ ਨਾਲ ਮੇਰੇ ਦਵੰਦ-ਯੁੱਧ ਵਿਚ ਉਸ ਵੱਲੋਂ ਪ੍ਰਿੰਸ ਦਾ ਦੂਜਾ ਬਣਨਾ ਚੰਗਾ ਨਹੀਂ ਸੀ ਲੱਗਿਆ ਅਤੇ ਉਸ ਨੂੰ ਮੁਆਫ਼ ਨਹੀਂ ਸਨ ਕਰ ਸਕੇ ਪਰ ਉਹ ਉਨ੍ਹਾਂ ਦੇ ਅੱਖੜਪੁਣੇ ਨੂੰ ਨਜ਼ਰਅੰਦਾਜ਼ ਕਰਦਾ ਜਾਪਦਾ ਸੀ। ਅਤੇ ਉਸ ਨੇ ਆਪਣਾ ਆਉਣਾ ਜਾਰੀ ਰੱਖਿਆ। ਮੇਰੇ ਨਾਲ ਉਹਦਾ ਸਲੂਕ ਰੁੱਖਾ ਸੀ ਅਤੇ ਅਜੀਬ ਗੱਲ ਹੈ ਕਿ ਉਹ ਮੇਰੇ ਤੋਂ ਡਰਦਾ ਸੀ।
ਮਾਮਲਿਆਂ ਦੀ ਅਜਿਹੀ ਸਥਿਤੀ ਦੋ ਹਫ਼ਤਿਆਂ ਤਕ ਜਾਰੀ ਰਹੀ। ਆਖ਼ਿਰਕਾਰ, ਇਕ ਰਾਤ ​​ ਨੀਂਦ ਨਾ ਆਉਣ ਤੋਂ ਬਾਅਦ ਮੈਂ ਲੀਜ਼ਾ ਕੋਲ ਆਪਣਾ ਦਿਲ ਖੋਲ੍ਹਣ ਦਾ, ਉਸ ਨੂੰ ਆਪਣੀ ਹਾਲਤ ਸਮਝਾਉਣ ਦਾ ਅਤੇ ਉਸ ਨੂੰ ਇਹ ਦੱਸਣ ਦਾ ਫ਼ੈਸਲਾ ਕੀਤਾ ਕਿ ਜੇਕਰ ਉਹ ਮੈਨੂੰ ਆਪਣੇ ਭਰੋਸੇ ਅਤੇ ਵਿਸ਼ਵਾਸ ਦੇ ਯੋਗ ਸਮਝੇ ਤਾਂ ਮੈਂ ਸਭ ਕੁਝ ਦੇ ਬਾਵਜੂਦ, ਦੁਨੀਆਂ ਦੀ ਸਾਰੀ ਨਿੰਦਾ-ਚੁਗਲੀ ਅਤੇ ਬਦਨਾਮੀ ਦੇ ਬਾਵਜੂਦ ਇਸ ਨੂੰ ਆਪਣੀ ਸਭ ਤੋਂ ਵੱਡੀ ਖੁਸ਼ੀ ਸਮਝਾਂਗਾ। ਮੈਂ ਇਮਾਨਦਾਰੀ ਨਾਲ ਇਹ ਸੋਚਦਾ ਸੀ ਕਿ ਮੈਂ ਇਸ ਤਰ੍ਹਾਂ ਫਰਾਖ਼ਦਿਲੀ ਦੀ ਮਹਾਨ ਭੱਦਰਤਾ ਦੀ ਮਿਸਾਲ ਕਾਇਮ ਕਰ ਦੇਣੀ ਸੀ ਅਤੇ ਉਸ ਨੇ ਮੇਰੇ ਇਸ ਤਰ੍ਹਾਂ ਦੇ ਆਚਰਣ ਦੀ ਕਾਇਲ ਹੋ ਜਾਣਾ ਸੀ ਤੇ ਬਿਨਾਂ ਝਿਜਕ ਦੇ ਮੇਰੀ ਬੇਨਤੀ ਨੂੰ ਮੰਨ ਲੈਣਾ ਸੀ। "ਕਿਸੇ ਵੀ ਕੀਮਤ 'ਤੇ," ਮੈਂ ਆਪਣੇ ਆਪ ਨੂੰ ਕਿਹਾ, "ਮੈਨੂੰ ਉਸ ਨਾਲ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਆਪਣੀ ਅਨਿਸਚਿਤ ਸਥਿਤੀ ਦਾ ਅੰਤ ਕਰ ਦੇਣਾ ਚਾਹੀਦਾ ਹੈ।"
ਸ਼੍ਰੀ ਓਜੋਗਿਨ ਦੇ ਘਰ ਦੇ ਪਿਛਲੇ ਹਿੱਸੇ ਵਿਚ ਇਕ ਬਹੁਤ ਵੱਡਾ ਬਾਗ਼ ਸੀ ਜਿਸ ਦੇ ਦੂਜੇ ਪਾਸੇ ਖੱਟੇ ਦੇ ਰੁੱਖਾਂ ਦੇ ਅਣਗੌਲੇ ਝੁੰਡ ਸਨ। ਲੀਜਾ ਸਾਰਾ ਦਿਨ ਉਸ ਬਾਗ਼ ਵਿਚ ਇਕੱਲੀ ਘੁੰਮਦੀ ਰਹਿੰਦੀ ਸੀ। ਸ਼੍ਰੀ ਓਜੋਗਿਨ ਕਿਸੇ ਨੂੰ ਉਸ ਨੂੰ ਪ੍ਰੇਸ਼ਾਨ ਕਰਨ ਦੀ ਆਗਿਆ ਨਹੀਂ ਦਿੰਦਾ ਸੀ। ਉਹ ਕਹਿੰਦਾ ਹੁੰਦਾ ਸੀ ਕਿ "ਉਸ ਨੂੰ ਆਪਣੇ ਸੋਗ 'ਚੋਂ ਨਿਕਲ ਆਉਣ ਦੇਣਾ ਚਾਹੀਦਾ ਹੈ।" ਜਦੋਂ ਉਸ ਦਾ ਘਰ ਵਿਚ ਹੋਣਾ ਲਈ ਜ਼ਰੂਰੀ ਸੀ ਜੇ ਉਹ ਉਸ ਵਕਤ ਘਰ ਵਿਚ ਨਹੀਂ ਸੀ ਹੁੰਦੀ ਸੀ ਤਾਂ ਵਰਾਂਡੇ ਵਿਚ ਘੰਟੀ ਵਜਾ ਦਿੱਤੀ ਜਾਂਦੀ ਸੀ ਅਤੇ ਲੀਜ਼ਾ ਤੁਰੰਤ ਆ ਹਾਜ਼ਰ ਹੁੰਦੀ ਸੀ। ਬੁੱਲ੍ਹਾਂ ਤੇ ਅੱਖਾਂ ਵਿਚ ਉਹੀ ਜਿੱਦੀ ਚੁੱਪ ਅਤੇ ਚਿੰਤਾ ਦਿਖਾਈ ਦਿੰਦੀ। ਕਦੇ-ਕਦਾਈਂ ਉਸ ਦੇ ਹੱਥ ਵਿਚ ਇਕ ਮੁਰਝਾਇਆ ਪੱਤਾ ਜਾਂ ਸਰਕੰਡੇ ਦਾ ਟੁੱਟਿਆ ਕਾਨਾ ਹੁੰਦਾ। ਇਕ ਦਿਨ ਦੁਪਹਿਰ ਬਾਅਦ ਇਹ ਵੇਖ ਕੇ ਕਿ ਉਹ ਘਰ ਵਿਚ ਨਹੀਂ ਸੀ। ਮੈਂ ਬਜ਼ੁਰਗ ਲੋਕਾਂ ਤੋਂ ਛੁੱਟੀ ਲੈ ਲਈ, ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ, ਪਿਛਲੀ ਹਿੱਸੇ ਵਿਚ ਇਕ ਆੜਾਖੋੜ ਟੱਪ ਕੇ ਬਿਨਾਂ ਕਿਸੇ ਦੇ ਨਜ਼ਰ ਪਏ ਬਾਗ਼ ਵਿੱਚ ਵੜ ਗਿਆ।
ਬਿਨਾਂ ਕਿਸੇ ਸੋਚ-ਵਿਚਾਰ ਦੇ ਮੈਂ ਰੁੱਖਾਂ ਦੇ ਝੁੰਡ ਵੱਲ ਸਿੱਧਾ ਹੋ ਗਿਆ। ਮੇਰੇ ਸਾਹਮਣੇ ਲੀਜ਼ਾ ਖੜ੍ਹੀ ਸੀ। ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਮੈਂ ਉਸ ਕੋਲ ਪਹੁੰਚਣ ਤੋਂ ਪਹਿਲਾਂ ਸਾਹ ਲੈਣ ਲਈ ਰੁਕ ਗਿਆ। ਉਸ ਨੇ ਮੈਨੂੰ ਨਹੀਂ ਸੀ ਦੇਖਿਆ ਅਤੇ ਸਧਰਾਈਆਂ ਨਜ਼ਰਾਂ ਦੂਰ ਦੁਮੇਲ ਵੱਲ ਵੇਖ ਰਹੀਆਂ ਸਨ। ਅਚਾਨਕ ਉਹ ਪਿੱਛੇ ਮੁੜੀ ਅਤੇ ਸੁਣਨਾ ਸ਼ੁਰੂ ਕੀਤਾ। ਦੂਰ ਤੋਂ ਦੋ ਥਪਾਕੇ ਸੁਣੇ ਗਏ ਸਨ। ਲੀਜ਼ਾ ਨੇ ਜਵਾਬ ਵਜੋਂ ਤਾੜੀ ਵਜਾਈ। ਬਾਗ਼ ਦੇ ਪਿਛਵਾੜੇ ਵਾਲੇ ਗੇਟ ਦੀ ਚਿਰਰ ਚਿਰਰ ਹੋਈ। ਖੱਟਿਆਂ ਦੇ ਝੁੰਡ ਵਿਚੋਂ ਹਲਕਾ ਜਿਹਾ ਖੜਾਕ ਹੋਇਆ ਅਤੇ ਬਿਜ਼ਮਨਕੋਫ ਤੁਰਿਆ ਆ ਰਿਹਾ ਵਿਖਾਈ ਦਿੱਤਾ। ਮੈਂ ਇਕ ਦਰੱਖ਼ਤ ਦੇ ਪਿੱਛੇ ਲੁਕ ਗਿਆ। ਲੀਜ਼ਾ ਚੁੱਪਚਾਪ ਇਸ ਨਵੇਂ ਆਏ ਸੱਜਣ ਵੱਲ ਚਲੀ ਗਈ। ਉਸ ਨੇ ਲੀਜ਼ਾ ਦੀ ਬਾਂਹ ਵਿਚ ਬਾਂਹ ਪਾ ਲਈ। ਅਤੇ ਉਹ ਡੰਡੀ-ਡੰਡੀ ਤੁਰ ਪਏ। ਮੈਂ ਹੈਰਾਨ ਉਨ੍ਹਾਂ ਨੂੰ ਦੇਖਦਾ ਰਿਹਾ। ਉਹ ਰੁਕੇ, ਆਲੇ-ਦੁਆਲੇ ਦੇਖਿਆ ਅਤੇ ਝਾੜਾਂ ਦੇ ਬਣੇ ਘਰ ਵਿਚ ਵੜ ਗਏ।
ਇਹ ਘਰ ਲੱਠਾਂ ਦਾ ਬਣਿਆਂ ਛੋਟਾ ਜਿਹਾ ਗੋਲ-ਮਟੋਲ ਢਾਂਚਾ ਸੀ ਜਿਸ ਦੇ ਇਕ ਪਾਸੇ ਬੂਹਾ ਸੀ ਤੇ ਦੂਜੇ ਪਾਸੇ ਨਿੱਕੀ ਜਿਹੀ ਬਾਰੀ। ਇਸ ਦੇ ਵਿਚਕਾਰ ਇਕ ਮੇਜ਼ ਸੀ ਜਿਸ ਦੇ ਨੇੜੇ ਕੰਧ ਤੋਂ ਕੁਝ ਹੱਟਵੇਂ ਦੋ ਅਨਘੜ ਜਿਹੇ ਬੈਂਚ ਸਨ। ਹਰ ਚੀਜ਼ ਧੂੜ ਨਾਲ ਭਰੀ ਪਈ ਸੀ। ਕੰਧਾਂ ਸਿੱਲੀਆਂ ਲੱਗਦੀਆਂ ਸਨ,ਅਤੇ ਮੇਜ਼ ਦੇ ਫੱਟਿਆਂ ਵਿਚਕਾਰ ਝੀਥਾਂ ਵਿਚ ਕੁਝ ਘਾਹ ਦੀਆਂ ਪੱਤੀਆਂ ਵੀ ਉੱਗ ਆਈਆਂ ਸਨ। ਸ਼ਾਇਦ ਸਾਲ ਵਿਚ ਇਕ ਜਾਂ ਦੋ ਵਾਰ, ਬਹੁਤ ਹੀ ਲੋਹੜੇ ਦੀ ਗਰਮੀ ਦੇ ਦਿਨ, ਪਰਿਵਾਰ ਇਸ ਖੁੱਲ੍ਹੇ ਕਮਰੇ ਦੀ ਠੰਡਕ ਵਿਚ ਚਾਹ ਪੀਆ ਕਰਦਾ ਸੀ ਜੋ ਕਿ ਬਹੁਤ ਹੀ ਨਜ਼ਰਅੰਦਾਜ਼ ਕੀਤੀ ਸਥਿਤੀ ਵਿਚ ਸੀ। ਦਰਵਾਜ਼ਾ ਬੰਦ ਨਹੀਂ ਹੁੰਦਾ ਸੀ ਅਤੇ ਛੋਟੀ ਜਿਹੀ ਖਿੜਕੀ ਦਾ ਪੱਲਾ ਇਕ ਚੂਲ 'ਤੇ ਅਟਕਿਆ ਹੋਇਆ ਸੀ। ਕਿਸੇ ਬੀਮਾਰ ਪੰਛੀ ਦੇ ਟੁੱਟੇ ਹੋਏ ਖੰਭ ਵਾਂਗ ਉਦਾਸ ਜਾਪਦਾ ਸੀ। ਮੈਂ ਚੋਰੀ ਚੋਰੀ ਇਸ ਘਰੌਂਦੇ ਕੋਲ ਗਿਆ ਅਤੇ ਖਿੜਕੀ ਵਿਚੋਂ ਦੇਖਿਆ। ਲੀਜ਼ਾ ਇਕ ਬੈਂਚ 'ਤੇ ਬੈਠ ਗਈ ਸੀ। ਉਸ ਦਾ ਸਿਰ ਮਗਰ ਨੂੰ ਢਿਲਕਿਆ ਹੋਇਆ ਸੀ। ਉਸ ਦੀ ਸੱਜਾ ਹੱਥ ਲੀਜ਼ਾ ਦੀ ਗੋਦ ਵਿਚ ਬੇਪਰਵਾਹ ਪਿਆ ਸੀ। ਬਿਜ਼ਮਨਕੋਫ ਦੋਹਾਂ ਹੱਥਾਂ ਵਿਚ ਉਸ ਦਾ ਖੱਬਾ ਹੱਥ ਫੜ੍ਹੀ ਉਸ ਦੇ ਨੇੜੇ ਬੈਠਾ ਸੀ ਅਤੇ ਪਿਆਰ ਨਾਲ ਉਸ ਦੇ ਚਿਹਰੇ ਵੱਲ ਤੱਕ ਰਿਹਾ ਸੀ।
"ਤੁਸੀਂ ਅੱਜ ਕਿਵੇਂ ਮਹਿਸੂਸ ਕਰਦੇ ਹੋ, ਐਲਿਜ਼ਾਬੈਥ ਕਿਰੀਲੋਵਨਾ?" ਉਸ ਨੇ ਬਹੁਤ ਹੀ ਹੌਲੀ ਆਵਾਜ਼ ਵਿਚ ਪੁੱਛਿਆ।
"ਬਸ ਪਹਿਲਾਂ ਵਰਗਾ,"ਉਸ ਨੇ ਜਵਾਬ ਦਿੱਤਾ, "ਨਾ ਤਾਂ ਵਧੀਆ ਅਤੇ ਨਾ ਹੀ ਬਹੁਤ ਬੁਰਾ। ਖ਼ਾਲੀਪਣ, ਭਿਆਨਕ ਖ਼ਾਲੀਪਣ!" ਉਦਾਸ ਨਿਗਾਹਾਂ ਉੱਪਰ ਚੁੱਕਦਿਆਂ ਉਸ ਨੇ ਕਿਹਾ।
ਬਿਜ਼ਮਨਕੋਫ ਨੇ ਮੁੜ ਕੋਈ ਟਿੱਪਣੀ ਨਹੀਂ ਕੀਤੀ।
"ਤੁਸੀਂ ਕੀ ਸੋਚਦੇ ਹੋ, ਬਿਜ਼ਮਨਕੋਫ?" ਉਸ ਨੇ ਅੱਗੇ ਕਿਹਾ, "ਕੀ ਉਹ ਮੈਨੂੰ ਇਕ ਹੋਰ ਪੱਤਰ ਲਿਖੇਗਾ?"
"ਮੇਰਾ ਨਹੀਂ ਖ਼ਿਆਲ ਕਿ ਉਹ ਲਿਖੇਗਾ, ਐਲਿਜ਼ਾਬੈਥ ਕਿਰੀਲੋਵਨਾ," ਜਵਾਬ ਸੀ।
ਕੁਝ ਸਮਾਂ ਚੁੱਪ ਰਹਿੰਦੀ ਹੈ।
"ਸੱਚੀ ਗੱਲ ਹੈ, ਉਹ ਮੈਨੂੰ ਲਿਖੇ ਵੀ ਕਿਉਂ?" ਉਸ ਨੇ ਕਿਹਾ। "ਉਸ ਨੇ ਆਪਣੀ ਪਹਿਲੀ ਚਿੱਠੀ ਵਿਚ ਮੈਨੂੰ ਸਭ ਕੁਝ ਦੱਸ ਦਿੱਤਾ ਸੀ। ਮੈਂ ਉਸ ਦੀ ਪਤਨੀ ਨਹੀਂ ਬਣ ਸਕਦੀ ਪਰ ਮੈਂ ਖੁਸ਼ ਸਾਂ ਥੋੜ੍ਹੇ ਸਮੇਂ ਲਈ ਹੀ, ਇਹ ਸੱਚ ਹੈ- ਪਰ ਮੈਂ ਖੁਸ਼ ਸੀ!"
ਬਿਜ਼ਮਨਕੋਫ ਨੇ ਦੁਖੀ ਅਤੇ ਗੰਭੀਰ ਜਿਹਾ ਚਿਹਰਾ ਬਣਾਇਆ।
"ਓ," ਲੀਜ਼ਾ ਨੇ ਗੱਲ ਜਾਰੀ ਰੱਖੀ, "ਕਾਸ਼ ਤੁਸੀਂ ਜਾਣਦੇ ਹੁੰਦੇ ਕਿ ਮੈਂ ਉਸ ਚੁਲਕਾਤੂਰੀਨ ਨਾਲ ਕਿੰਨੀ ਨਫ਼ਰਤ ਕਰਦਾ ਹਾਂ! ਮੈਨੂੰ ਇਵੇਂ ਜਾਪਦਾ ਹੈ ਕਿ ਉਸ ਵਿਅਕਤੀ ਦੇ ਹੱਥਾਂ 'ਤੇ ਉਸ ਦਾ ਖੂਨ ਵੇਖਦੀ ਹਾਂ" (ਮੇਰੇ ਪੂਰੇ ਬਦਨ ਨੂੰ ਕਾਂਬਾ ਛਿੜ ਗਿਆ)। "ਪਰ, ਉਸ ਨੇ ਗੰਭੀਰਤਾ ਨਾਲ ਗੱਲ ਜਾਰੀ ਰੱਖੀ, "ਕੌਣ ਜਾਣਦਾ ਹੈ? ਇਹ ਹੋ ਸਕਦਾ ਹੈ ਕਿ ਜੇ ਉਹ ਦਵੰਦ-ਯੁੱਧ ਨਾ ਹੁੰਦਾ! ਉਫ਼! ਜਦੋਂ ਮੈਂ ਉਸ ਨੂੰ ਜ਼ਖਮੀ ਵੇਖਿਆ ਤਾਂ ਮੈਂ ਤੁਰੰਤ ਮਹਿਸੂਸ ਕੀਤਾ ਕਿ ਮੈਂ ਸਾਰੀ ਦੀ ਸਾਰੀ ਉਸ ਦੀ ਹਾਂ।"
"ਚੁਲਕਾਤੂਰੀਨ ਤੁਹਾਨੂੰ ਪਿਆਰ ਕਰਦਾ ਹੈ," ਬਿਜ਼ਮਨਕੋਫ ਨੇ ਟਿੱਪਣੀ ਕੀਤੀ
"ਹੁਣ, ਇਸ ਦਾ ਕੀ ਫਾਇਦਾ? ਕੀ ਮੈਨੂੰ ਤੁਹਾਡੇ ਪਿਆਰ ਤੋਂ ਬਿਨਾਂ ਕਿਸੇ ਹੋਰ ਦੇ ਪਿਆਰ ਦੀ ਲੋੜ ਹੈ?" ਉਸ ਨੇ ਇਕ ਪਲ ਦੀ ਸੋਚ-ਵਿਚਾਰ ਦੇ ਬਾਅਦ ਅੱਗੇ ਕਿਹਾ, "ਹਾਂ, ਮੇਰੇ ਦੋਸਤ, ਤੁਹਾਡੇ ਪਿਆਰ ਤੋਂ ਬਿਨਾਂ ਮੈਂ ਜ਼ਿੰਦਾ ਨਹੀਂ ਰਹਿ ਸਕਦਾ ਸੀ। ਤੁਹਾਡੇ ਬਿਨਾਂ ਮੈਂ ਗੁੰਮ ਹੋ ਜਾਣਾ ਸੀ। ਤੁਸੀਂ ਸਭ ਤੋਂ ਖੌਫ਼ਨਾਕ ਪਲ ਸਹਿ ਲੈਣ ਵਿਚ ਮੇਰੀ ਮਦਦ ਕੀਤੀ ਹੈ।"
ਉਹ ਰੁਕ ਗਈ। ਬਿਜ਼ਮਨਕੋਫ ਨੇ ਇਕ ਤਰ੍ਹਾਂ ਪਿਤਾ-ਪੁਰਖੀ ਪਿਆਰ ਨਾਲ ਉਸ ਦਾ ਹੱਥ ਘੁੱਟਿਆ।
"ਕੀ ਹੋ ਸਕਦਾ ਹੈ? ਕੀ ਹੋ ਸਕਦਾ ਹੈ, ਐਲਿਜ਼ਾਬੈਥ ਕਿਰੀਲੋਵਨਾ?" ਉਸ ਨੇ ਡੂੰਘੀ ਹਮਦਰਦੀ ਨਾਲ ਕਈ ਵਾਰ ਦੁਹਰਾਇਆ।
"ਹਾਂ, ਹੁਣ ਵੀ," ਉਹ ਉਦਾਸ ਆਵਾਜ਼ ਨਾਲ ਗੱਲ ਜਾਰੀ ਰੱਖੀ, "ਮੈਂ ਤੁਹਾਡੇ ਤੋਂ ਬਿਨਾਂ ਸ਼ਾਇਦ ਮਰ ਜਾਂਦੀ। ਸਿਰ੭ ਤੁਸੀਂ ਹੀ ਮੇਰੀ ਰੂਹ ਨੂੰ ਬੁਲੰਦ ਰੱਖਦੇ ਹੋ ਅਤੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹੋ। ਤੁਹਾਨੂੰ ਸਭ ਪਤਾ ਹੀ ਹੈ, ਕੀ ਤੁਹਾਨੂੰ ਨਹੀਂ ਲੱਗਦਾ? ਕੀ ਤੁਹਾਨੂੰ ਯਾਦ ਹੈ ਉਸ ਦਿਨ ਉਸ ਨੇ ਕਿੰਨੀ ਚੰਗੀ ਤਰ੍ਹਾਂ ਵੇਖਿਆ ਸੀ? ਪਰ ਮੈਨੂੰ ਮੁਆਫ ਕਰਨਾ। ਤੁਹਾਡੇ ਲਈ ਅਜਿਹੀਆਂ ਗੱਲਾਂ ਸੁਣਨਾ ਮੁਸ਼ਕਿਲ ਅਵੱਸ਼ ਮੁਸ਼ਕਿਲ ਹੋਣਾ ਹੈ।"
"ਤੇ ਗੱਲ ਕਰੋ, ਐਲਿਜ਼ਾਬੈਥ ਕਿਰੀਲੋਵਨਾ, ਬੋਲਦੇ ਰਹੋ। ਰੱਬ ਦੀ ਰਹਿਮਤ ਹੋਵੇ, ਤੁਸੀਂ ਕਿਵੇਂ ਸੋਚ ਲਿਆ ਕਿ ਇਹ ਮੇਰੇ ਲਈ ਮੁਸ਼ਕਲ ਹੈ?"
ਲੀਜ਼ਾ ਨੇ ਉਸ ਦਾ ਹੱਥ ਘੁੱਟ ਲਿਆ।
"ਤੁਸੀਂ ਬਹੁਤ ਹੀ ਦਿਆਲੂ ਹੋ, ਬਿਜ਼ਮਨਕੋਫ, ਤੁਸੀਂ ਇਕ ਫਰਿਸ਼ਤੇ ਵਾਂਗ ਹੋ। ਮੈਂ ਕੀ ਕਰਾਂ? ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਉਨ੍ਹਾਂ ਨੂੰ ਆਪਣੀ ਸਾਰੀ ਜ਼ਿੰਦਗੀ ਪਿਆਰ ਕਰਦੀ ਰਹਾਂਗੀ। ਮੈਂ ਉਨ੍ਹਾਂ ਨੂੰ ਖਿਮਾ ਕਰ ਦਿੱਤਾ। ਨਹੀਂ, ਮੈਂ ਉਨ੍ਹਾਂ ਦੀ ਧੰਨਵਾਦੀ ਹਾਂ, ਮੈਂ ਉਨ੍ਹਾਂ ਨੂੰ ਅਸੀਸ ਦਿੰਦੀ ਹਾਂ। ਰੱਬ ਉਨ੍ਹਾਂ ਨੂੰ ਹਾਣ ਦੀ, ਮਨਭਾਉਂਦੀ ਪਤਨੀ ਦੇ ਕੇ ਉਨ੍ਹਾਂ ਨੂੰ ਪ੍ਰਸੰਨਤਾ ਬਖਸ਼ੇ।" ਉਸ ਦੀਆਂ ਅੱਖਾਂ ਵਿਚ ਹੰਝੂ ਗਏ। "ਸਿਰਫ ਉਹ ਮੈਨੂੰ ਭੁੱਲ ਨਾ ਜਾਣ, ਉਹ ਕਦੇ-ਕਦੇ ਆਪਣੀ ਗਰੀਬ, ਬੇਸਹਾਰਾ ਲੀਜ਼ਾ ਬਾਰੇ ਸੋਚ ਲਿਆ ਕਰਨ। ਹੁਣ ਆਪਾਂ ਇੱਥੋਂ ਬਾਹਰ ਚੱਲੀਏ," ਉਸ ਨੇ ਥੋੜ੍ਹਾ ਰੁਕ ਕੇ ਕਿਹਾ।
ਬਿਜ਼ਮਨਕੋਫ ਨੇ ਉਸ ਦਾ ਹੱਥ ਚੁੰਮਿਆ।
"ਮੈਂ ਜਾਣਦੀ ਹਾਂ," ਉਹ ਦੁਬਾਰਾ ਗਰਮਜੋਸ਼ੀ ਨਾਲ ਗੱਲਾਂ ਕਰਨ ਲੱਗੀ, "ਹੁਣ ਹਰ ਕੋਈ ਮੇਰੇ ਵਿਰੁੱਧ ਬੋਲਦਾ ਹੈ। ਉਹ ਸਾਰੇ ਮੇਰੇ ਉੱਪਰ ਪੱਥਰ ਸੁੱਟ ਰਹੇ ਹਨ। ਉਹਨਾਂ ਨੂੰ ਸੁੱਟਣ ਦਿਓ। ਮੈਂ ਉਨ੍ਹਾਂ ਕਰਕੇ ਬਦਲਣ ਨਹੀਂ ਲੱਗੀ।। ਮੈਂ ਉਨ੍ਹਾਂ ਦੀ ਖੁਸ਼ੀ ਲਈ ਆਪਣੀ ਬਦਕਿਸਮਤੀ ਨੂੰ ਤਿਲਾਂਜਲੀ ਨਹੀਂ ਦੇਣ ਲੱਗੀ। ਉਸ ਨੇ ਮੈਨੂੰ ਪਿਆਰ ਕੀਤਾ, ਥੋੜ੍ਹੇ ਸਮੇਂ ਲਈ ਹੀ ਸਹੀ, ਇਹ ਸੱਚ ਹੈ ਪਰ ਉਹ ਮੈਨੂੰ ਪਿਆਰ ਕਰਦਾ ਸੀ। ਉਸ ਨੇ ਕਦੇ ਵੀ ਮੇਰੇ ਨਾਲ ਧੋਖਾ ਨਹੀਂ ਕੀਤਾ। ਉਸ ਨੇ ਕਦੇ ਵੀ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਨਹੀਂ ਕੀਤਾ ਅਤੇ ਮੈਂ ਵੀ ਕਦੇ ਉਸ ਤੋਂ ਇਹ ਉਮੀਦ ਨਹੀਂ ਕੀਤੀ ਸੀ। ਇਹ ਸਿਰਫ਼ ਮੇਰੇ ਗ਼ਰੀਬ ਪਿਤਾ ਸਨ ਜੋ ਅਜਿਹੀ ਉਮੀਦ ਰੱਖਦੇ ਸਨ। ਨਾ ਹੁਣ ਮੈਂ ਬਹੁਤ ਉਦਾਸ ਹੀ ਹਾਂ। ਮੇਰੇ ਲਈ ਘੱਟੋ-ਘੱਟ ਯਾਦਾਂ ਬਾਕੀ ਰਹਿ ਗਈਆਂ ਹਨ, ਭਾਵੇਂ ਨਤੀਜੇ ਕਿੰਨੇ ਵੀ ਭਿਆਨਕ ਹੋਣ। ਇੱਥੇ ਬਹੁਤ ਘੁਟਣ ਜਿਹੀ ਹੈ। ਮੈਂ ਉਸ ਨੂੰ ਪਿਛਲੀ ਵਾਰ ਇੱਥੇ ਦੇਖਿਆ। ਮੇਰੇ ਨਾਲ ਸੱਜਰੀ ਹਵਾ ਵਿਚ ਬਾਹਰ ਆ ਜਾਓ।"
ਉਹ ਆਪਣੀਆਂ ਸੀਟਾਂ ਤੋਂ ਉੱਠ ਪਏ। ਮੈਂ ਫਿਰ ਇਕ ਖੱਟੇ ਦੇ ਰੁੱਖ ਦੇ ਪਿੱਛੇ ਛੁਪ ਗਿਆ। ਉਹ ਉਥੋਂ ਚੱਲੇ ਗਏ ਅਤੇ ਜਿੰਨਾ ਕੁ ਮੈਂ ਪੱਤਿਆਂ ਦੇ ਖੜਾਕ ਤੋਂ ਅਨੁਮਾਨ ਲਾ ਸਕਦਾ ਸੀ। ਉਹ ਬੂਟਿਆਂ ਦੇ ਵਿੱਚ ਚਲੇ ਗਿਆ। ਇੱਕ ਅਕਹਿ ਅਚੰਭਾ ਮੇਰੇ 'ਤੇ ਹਾਵੀ ਹੋ ਗਿਆ। ਮੈਂ ਕੁਝ ਸਮੇਂ ਲਈ ਇਕ ਪੱਥਰਵਤ ਖੜ੍ਹਾ ਰਿਹਾ। ਅਚਾਨਕ ਮੈਂ ਖੜਾਕ ਸੁਣਿਆ ਕਿ ਉਹ ਫਿਰ ਆ ਰਹੇ ਸਨ। ਮੈਂ ਸ਼ਾਖਾਵਾਂ ਦੇ ਵਿਚ ਦੀ ਧਿਆਨ ਨਾਲ ਵੇਖਿਆ। ਉਹ ਦੋਵੇਂ ਥੋੜ੍ਹਾ ਪਰੇਸ਼ਾਨ ਲੱਗ ਰਹੇ ਸਨ, ਖ਼ਾਸ ਕਰ ਬਿਜ਼ਮਨਕੋਫ। ਉਹ ਰੋ ਰਿਹਾ ਸੀ। ਲੀਜ਼ਾ ਰੁਕੀ, ਉਸ ਦੇ ਚਿਹਰੇ ਵੱਲ ਦੇਖਿਆ ਅਤੇ ਆਪਣਾ ਹੱਥ ਉਸ ਵੱਲ ਅੱਗੇ ਵਧਾ ਕੇ ਸਾਫ਼ ਆਵਾਜ਼ ਵਿਚ ਕਿਹਾ:
"ਮੈਂ ਇਸ ਨਾਲ ਸਹਿਮਤ ਹਾਂ, ਬਿਜ਼ਮਨਕੋਫ਼। ਮੈਂ ਕਦੇ ਵੀ ਇਸ ਪੇਸ਼ਕਸ਼ ਨੂੰ ਸਵੀਕਾਰ ਨਾ ਕਰਦੀ ਜੇਕਰ ਮੈਂ ਇਹ ਸੋਚਦੀ ਕਿ ਤੁਸੀਂ ਮੈਨੂੰ ਬਚਾਉਣ ਲਈ, ਮੈਨੂੰ ਡਰਾਉਣੀ ਸਥਿਤੀ ਵਿਚੋਂ ਕੱਢਣ ਖ਼ਾਤਿਰ ਹੀ ਇਹ ਚਾਹੁੰਦੇ ਹੋ। ਪਰ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ - ਤੁਹਾਨੂੰ ਸਭ ਕੁਝ ਪਤਾ ਸੀ ਅਤੇ ਤੁਸੀਂ ਫਿਰ ਵੀ ਮੈਨੂੰ ਪਿਆਰ ਕਰਦੇ ਹੋ। ਮੈਨੂੰ ਕਦੇ ਤੁਹਾਡੇ ਨਾਲੋਂ ਵਧੇਰੇ ਭਰੋਸੇਮੰਦ ਅਤੇ ਈਮਾਨਦਾਰ ਮਿੱਤਰ ਨਹੀਂ ਮਿਲੇਗਾ। ਮੈਂ ਤੁਹਾਡੀ ਪਤਨੀ ਬਣਾਂਗੀ।"
ਬਿਜ਼ਮਨਕੋਫ ਨੇ ਉਸ ਦਾ ਹੱਥ ਚੁੰਮਿਆ। ਉਹ ਉਦਾਸ ਜਿਹੀ ਮੁਸਕਰਾ ਕੇ ਘਰ ਦੇ ਅੰਦਰ ਚਲੀ ਗਈ। ਬਿਜ਼ਮਨਕੋਫ ਝਾੜੀਆਂ ਵਿਚ ਗਾਇਬ ਹੋ ਗਿਆ ਅਤੇ ਮੈਂ ਘਰ ਚਲਾ ਗਿਆ। ਉਸ ਨੇ ਲੀਜਾ ਨੂੰ ਸ਼ਾਇਦ ਉਹੀ ਕਿਹਾ ਸੀ ਜੋ ਮੈਂ ਉਸ ਨੂੰ ਕਹਿਣ ਦਾ ਇਰਾਦਾ ਬਣਾਇਆ ਸੀ ਅਤੇ ਉਸ ਨੇ ਉਸ ਨੂੰ ਉਹੀ ਜਵਾਬ ਮਿਲਿਆ ਸੀ ਜੋ ਮੈਂ ਉਸ ਕੋਲੋਂ ਸੁਣਨਾ ਚਾਹੁੰਦਾ ਸੀ। ਇਸ ਲਈ ਹੁਣ ਮੇਰੇ ਲਈ ਕੁਝ ਹੋਰ ਕਰਨ ਵਾਲਾ ਨਹੀਂ ਸੀ। ਦੋ ਹਫ਼ਤਿਆਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਓਜੋਗਿਨਾਂ ਲੀਜ਼ਾ ਲਈ ਕੋਈ ਵਰ ਲੱਭ ਜਾਣ ਵਿਚ ਖੁਸ਼ ਸਨ।
ਹੁਣ ਦੱਸੋ ਭਲਾ, ਕੀ ਮੈਂ ਇੱਕ ਫ਼ਾਲਤੂ ਆਦਮੀ ਨਹੀਂ ਹਾਂ? ਕੀ ਮੈਂ ਇਸ ਕਿੱਸੇ ਵਿਚ ਇਕ ਫ਼ਾਲਤੂ ਆਦਮੀ ਦੀ ਭੂਮਿਕਾ ਨਹੀਂ ਨਿਭਾਈ? ਪ੍ਰਿੰਸ, - ਉਸ ਦੀ ਭੂਮਿਕਾ ਸਾਰੇ ਲੋਕ ਸਮਝ ਸਕਦੇ ਹਨ। ਬਿਜ਼ਮਨਕੋਫ ਦੀ ਭੂਮਿਕਾ ਆਸਾਨੀ ਨਾਲ ਸਮਝਾਈ ਜਾ ਸਕਦੀ ਹੈ ਪਰ ਮੈ! ਮੈਨੂੰ ਕਿਸ ਮਕਸਦ ਲਈ ਉਸ ਕਿੱਸੇ ਵਿਚ ਰੱਖਿਆ ਗਿਆ ਸੀ? ਗੱਡੀ ਦੇ ਪੰਜਵੇਂ ਪਹੀਏ ਦੀ ਕਿੰਨੀ ਮੰਦਭਾਗੀ ਭੂਮਿਕਾ ਮੈਂ ਨਿਭਾਈ। ਓ, ਮੈਂ ਦੁਖੀ ਮਹਿਸੂਸ ਕਰ ਰਿਹਾ ਹਾਂ! ਠੀਕ ਜਿਵੇਂ ਭੋਂ-ਗ਼ੁਲਾਮਾਂ ਦੀ ਕਹਾਵਤ ਹੈ, ਇਕ ਵਾਰ ਹੋਰ ਤੇ ਇਕ ਵਾਰ ਹੋਰ -- ਇਕ ਦਿਨ, ਕਿਸੇ ਹੋਰ ਦਿਨ, ਅਤੇ ਮੈਂਨੂੰ ਕੁਝ ਵੀ ਮਹਿਸੂਸ ਨਹੀਂ ਹੋਵੇਗਾ, ਮੰਦਾ ਨਾ ਚੰਗਾ।

31 ਮਾਰਚ
ਇਹ ਬੁਰਾ ਹੈ। ਮੈਂ ਆਪਣੇ ਮੰਜੇ ਤੇ ਪਿਆ ਹੁਣ ਲਿਖ ਰਿਹਾ ਹਾਂ। ਕੱਲ੍ਹ ਨਾਲੋਂ ਅੱਜ ਮੌਸਮ ਬਦਲ ਗਿਆ ਹੈ। ਅੱਜ ਇਕ ਸੰਪੂਰਣ ਗਰਮੀ ਦਾ ਦਿਨ ਹੈ। ਬਹੁਤ ਤਪਿਆ ਹੈ। ਹਵਾ ਵਿਚ ਸਿੱਲ੍ਹੀ ਧਰਤੀ ਦੀ ਗੰਧ ਘੁਲੀ ਹੋਈ ਹੈ - ਤਿੱਖੀ, ਚੁੱਭਵੀਂ, ਲਗਪਗ ਦਮਘੋਟੂ ਗੰਧ। ਇਸ ਤਰ੍ਹਾਂ ਜਾਪਦਾ ਹੈ ਕਿ ਸਭ ਕੁਝ ਪਿਘਲ, ਖਿੰਡ ਅਤੇ ਘੁਲ ਰਿਹਾ ਹੋਵੇ। ਧੁੰਦ ਸਭ ਪਾਸੇ ਪਸਰ ਜਾਂਦੀ ਹੈ। ਸੂਰਜ, ਇਸ ਤਰ੍ਹਾਂ ਕਹਿ ਲਵੋ, ਆਪਣੀਆਂ ਕਿਰਨਾਂ ਦੇ ਵਾਰ ਕਰਦਾ ਹੈ। ਮੈਂ ਠੀਕ ਨਹੀਂ ਹਾਂ। ਮੈਂ ਘੁਲ ਰਿਹਾ ਹਾਂ।
ਮੈਂ ਇਕ ਡਾਇਰੀ ਲਿਖਣ ਦਾ ਇਰਾਦਾ ਕੀਤਾ ਸੀ ਅਤੇ ਉਸ ਦੀ ਬਜਾਏ ਮੈਂ ਕੀਤਾ ਕੀ ਹੈ? ਮੈਂ ਆਪਣੀ ਜ਼ਿੰਦਗੀ ਦੀ ਇਕ ਘਟਨਾ ਦਾ ਵਰਣਨ ਕੀਤਾ ਹੈ। ਗੱਲਾਂ ਕਰਨ ਲੱਗਾ ਤਾਂ ਮੈਂ ਇੰਨਾ ਗਰਮਜੋਸ਼ੀ ਵਿਚ ਆ ਗਿਆ ਹਾਂ ਕਿ ਮੇਰੇ ਅੰਦਰ ਅਤੀਤ ਦੀਆਂ ਯਾਦਾਂ ਜਾਗ ਪਈਆਂ ਅਤੇ ਮੇਰਾ ਸਾਰਾ ਮਨ ਵਹਿਣ ਵਿਚ ਵਗ ਤੁਰਿਆ ਹੈ। ਮੈਂ ਸਭ ਕੁਝ ਇਸ ਤਰ੍ਹਾਂ ਲੜੀਵਾਰ, ਇਸ ਤਰ੍ਹਾਂ ਸਾਵਧਾਨੀਪੂਰਵਕ ਨਿੱਕੇ-ਨਿੱਕੇ ਵੇਰਵਿਆਂ ਨਾਲ ਬਿਆਨ ਕੀਤਾ ਹੈ ਜਿਵੇਂ ਕਿ ਮੇਰੇ ਕੋਲ ਅਜੇ ਪੂਰੀ ਉਮਰ ਬਾਕੀ ਹੋਵੇ। ਹੁਣ ਮੇਰੇ ਕੋਲ ਲਿਖਣ ਲਈ ਹੋਰ ਸਮਾਂ ਨਹੀਂ ਹੈ। ਮੌਤ ਆ ਰਹੀ ਹੈ। ਮੈਂ ਪਹਿਲਾਂ ਹੀ ਇਸ ਦੀ ਭਿਆਨਕ ਤੇਜ਼ ਹੁੰਦੀ ਜਾ ਰਹੀ ਆਵਾਜ਼ ਸੁਣ ਰਿਹਾ ਹਾਂ: "ਸਮਾਂ ਆ ਗਿਆ ਹੈ! ਸਮਾਂ ਆ ਗਿਆ ਹੈ!" ਠੀਕ ਹੈ, ਅਤੇ ਕੀ ਬੁਰਾਈ ਹੈ? ਜੇਕਰ ਮੈਂ ਕੁਝ ਹੋਰ ਵੀ ਲਿਖਿਆ ਹੁੰਦਾ ਤਾਂ ਕੀ ਕੋਈ ਫ਼ਰਕ ਪੈ ਜਾਣਾ ਸੀ? ਮੌਤ ਦੇ ਨਜ਼ਰੀਏ ਤੋਂ ਸਾਰੇ ਸੰਸਾਰਿਕ ਭੇਦ-ਭਾਵ ਗਾਇਬ ਹੋ ਜਾਂਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਪਹਿਲਾਂ ਨਾਲੋਂ ਵਧੇਰੇ ਸ਼ਾਂਤ, ਵਧੇਰੇ ਸਰਲ ਅਤੇ ਵਧੇਰੇ ਸਪੱਸ਼ਟ ਹੋ ਗਿਆ ਹਾਂ। ਮੈਨੂੰ ਬਹੁਤ ਦੇਰ ਨਾਲ ਅਕਲ ਆਈ ਹੈ।

ਕਿੰਨੀ ਅਜੀਬ ਗੱਲ ਹੈ! ਮੈਂ ਸ਼ਾਂਤ ਹੋ ਰਿਹਾ ਹਾਂ ਅਤੇ ਫਿਰ ਵੀ ਮੈਂ ਡਰਿਆ ਡਰਿਆ ਮਹਿਸੂਸ ਕਰਦਾ ਹਾਂ! ਹਾਂ, ਮੈਂ ਡਰਿਆ ਹੋਇਆ ਹਾਂ। ਸੁੰਨ-ਮਸੁੰਨੇ, ਮੂੰਹ ਟੱਡੀ ਖੜ੍ਹੇ ਰਸਾਤਲ ਦੀ ਦੰਦੀ ਤੇ ਲਮਕ ਰਿਹਾ ਮੈਂ ਕੰਬ ਰਿਹਾ ਹਾਂ, ਇਸ ਤੋਂ ਦੂਰ ਜਾ ਰਿਹਾ ਹਾਂ ਅਤੇ ਜਗਿਆਸਾ ਨਾਲ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਤਕ ਰਿਹਾ ਹਾਂ। ਹਰ ਵਸਤੂ ਮੈਨੂੰ ਦੁੱਗਣੀ ਪਿਆਰੀ ਲਗਦੀ ਹੈ। ਮੈਂ ਆਪਣੇ ਗਰੀਬ, ਦੁਖੀ ਨਿਵਾਸ ਨੂੰ ਹੁਣ ਬਹੁਤਾ ਨਹੀਂ ਵੇਖ ਸਕਦਾ। ਮੈਂ ਕੰਧਾਂ ਦੇ ਚੱਪੇ ਚੱਪੇ ਨੂੰ ਅਲਵਿਦਾ ਕਹਿ ਰਿਹਾ ਹਾਂ। ਮੇਰੇ ਪਿਆਰੇ ਦੀਦਿਓ ਅੰਤਿਮ ਸਮੇਂ ਦਾ ਰੱਜ ਕੇ ਅਨੰਦ ਮਾਣੋ, ਤੁਸੀਂ ਛੇਤੀ ਹੀ ਬੰਦ ਹੋ ਜਾਣ ਵਾਲੇ ਹੋ! ਜ਼ਿੰਦਗੀ ਦੀ ਲਾਟ ਮੱਧਮ ਹੁੰਦੀ ਜਾ ਰਹੀ ਹੈ। ਇਹ ਚੁੱਪ-ਚਾਪ ਅਤੇ ਹੌਲੀ-ਹੌਲੀ ਮੇਰੇ ਕੋਲੋਂ ਦੂਰ ਜਾ ਰਹੀ ਹੈ, ਜਿਵੇਂ ਕਿ ਇਕ ਮਲਾਹ ਦਾ ਜਹਾਜ਼ ਸਮੁੰਦਰ ਤੱਟ ਤੋਂ ਜਾ ਰਿਹਾ ਹੁੰਦਾ ਹੈ। ਮੇਰੀ ਨਰਸ ਦਾ ਵਡੇਰਾ ਪੀਲਾ ਚਿਹਰਾ, ਗੰਦੇ ਰੁਮਾਲ ਨਾਲ ਬੰਨ੍ਹਿਆ ਹੋਇਆ, ਮੇਜ਼ 'ਤੇ ਭਾਫਾਂ ਛੱਡਦੀ ਚਾਹ ਦੀ ਕੇਤਲੀ, ਖਿੜਕੀ ਤੇ ਜਰੇਨੀਅਮ ਦੇ ਫੁੱਲ, ਮੇਰਾ ਕੁੱਤਾ ਟਰੇਸੋਰ, ਕਲਮ ਜਿਸ ਨਾਲ ਮੈਂ ਲਿਖ ਰਿਹਾ ਹਾਂ, ਮੇਰੀ ਆਪਣੀ ਪਤਲੀ ਬਾਂਹ - ਮੈਂ ਤੁਹਾਨੂੰ ਸਾਰਿਆਂ ਨੂੰ ਵੇਖਦਾ ਹਾਂ! ਇੱਥੇ ਤੁਸੀਂ ਸਾਰੇ ਹੋ; ਇੱਥੇ। ਸ਼ਾਇਦ ਅੱਜ ਹੀ ਮੈਂ ਹਮੇਸ਼ਾ ਲਈ ਤੁਹਾਨੂੰ ਦੇਖਣਾ ਬੰਦ ਕਰ ਦੇਵਾਂ? ਕਿਸੇ ਪ੍ਰਾਣੀ ਦਾ ਜੀਵਨ ਤੋਂ ਜੁਦਾ ਹੋ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ! ਤੂੰ ਮੇਰੇ ਆਲੇ-ਦੁਆਲੇ ਟੱਪਦਾ ਕਿਉਂ ਫਿਰਦਾ ਹੈਂ, ਮੇਰੇ ਮਾਸੂਮ ਕੁੱਤੇ? ਤੂੰ ਮੇਰੇ ਬਿਸਤਰ ਦੇ ਨਾਲ ਨਾਲ ਕਿਉਂ ਘਸਰਦਾ ਹੈ। ਆਪਣੀਆਂ ਉਦਾਸ ਅੱਖਾਂ ਨਾਲ ਮੇਰੇ ਵੱਲ ਇਕ ਤਕ ਝਾਕਦੇ ਹੋਏ ਆਪਣੀ ਪੂੰਛ ਦਾ ਚੌਰ ਏਨੀ ਬਿਹਬਲਤਾ ਨਾਲ ਕਿਉਂ ਹਿਲਾਉਂਦਾ ਹੈਂ? ਕੀ ਤੈਨੂੰ ਮੇਰੇ ਕਰਕੇ ਦੁੱਖ ਹੈ? ਕੀ ਤੈਨੂੰ ਮਹਿਸੂਸ ਹੋ ਰਿਹਾ ਹੈ ਜਾਂ ਪਤਾ ਹੈ ਕਿ ਹੁਣ ਤੇਰੇ ਮਾਲਕ ਨੇ ਹੋਰ ਸਮਾਂ ਨਹੀਂ ਰਹਿਣਾ? ਆਹ, ਜੇ ਮੈਂ ਆਪਣੀਆਂ ਸਾਰੀਆਂ ਯਾਦਾਂ ਆਪਣੇ ਮਨ ਵਿਚ ਦੀ ਲੰਘਾ ਸਕਦਾ, ਜਿਵੇਂ ਕਿ ਮੈਂ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ 'ਤੇ ਨਜ਼ਰ ਮਾਰ ਸਕਦਾ ਹਾਂ! ਮੈਂ ਜਾਣਦਾ ਹਾਂ ਕਿ ਉਹ ਸਭ ਯਾਦਾਂ ਅਜੀਬ ਅਤੇ ਮਾਮੂਲੀ ਜਿਹੀਆਂ ਹਨ ਪਰ ਮੇਰੇ ਕੋਲ ਹੋਰ ਕੋਈ ਹੈ ਹੀ ਨਹੀਂ। ਸਭ ਉਦਾਸੀ ਹੈ। ਲੀਜ਼ਾ ਦੇ ਕਹਿਣ ਵਾਂਗ "ਇਕ ਅੰਤਹੀਣ ਸੱਖਣਾਪਣ।"

ਹਾਏ ਓ ਮੇਰਿਆ ਰੱਬਾ! ਹੁਣ ਮੈਂ ਮਰ ਰਿਹਾ ਹਾਂ! ਇਕ ਦਿਲ ਜੋ ਪਿਆਰ ਕਰਨ ਦੇ ਸਮਰੱਥ ਹੈ ਅਤੇ ਕਰਨਾ ਚਾਹੁੰਦਾ ਹੈ... ਜਲਦੀ ਹੀ ਧੜਕਣਾ ਬੰਦ ਕਰ ਦੇਵੇਗਾ! ਅਤੇ ਕੀ ਇਹ ਸੱਚਮੁਚ, ਖੁਸ਼ੀ ਦੇ ਪਿਆਲੇ ਵਿਚੋਂ ਇੱਕ ਬੂੰਦ ਵੀ ਚੱਖਣ ਦੇ ਬਿਨਾਂ, ਪਿਆਰ ਦੇ ਮਿੱਠੇ ਸੁਆਸ ਤੇ ਸਰਸਾਰ ਹੋਣ ਦੇ ਬਿਨਾਂ, ਇਸੇ ਤਰ੍ਹਾਂ ਹਮੇਸ਼ਾ ਲਈ ਚੁੱਪ ਹੋ ਜਾਵੇਗਾ? ਹਾਏ, ਇਹ ਅਸੰਭਵ ਹੈ, ਮੈਨੂੰ ਪਤਾ ਹੈ! ਜੇ ਹੁਣ ਮੇਰੀ ਮੌਤ ਤੋਂ ਪਹਿਲਾਂ (ਕਿਉਂ ਜੋ ਮੌਤ ਆਖ਼ਿਰ ਇਕ ਪਵਿੱਤਰ ਚੀਜ਼ ਹੁੰਦੀ ਹੈ। ਇਹ ਕਿਸੇ ਵੀ ਜੀਵ ਨੂੰ ਉਚਿਆ ਦਿੰਦੀ ਹੈ) - ਕੋਈ ਉਦਾਸ, ਪਿਆਰੀ ਅਤੇ ਦੋਸਤਾਨਾ ਆਵਾਜ਼ ਮੇਰੀ ਉਦਾਸ ਕਿਸਮਤ ਬਾਰੇ ਕੋਈ ਅਲਵਿਦਾਈ ਦਾ ਗੀਤ ਗਾ ਦਿੰਦੀ। ਫਿਰ ਵੀ ਹੋ ਸਕਦਾ ਸੀ, ਇਸ ਨਾਲ ਮੈਨੂੰ ਸਕੂਨ ਮਿਲ ਜਾਂਦਾ ਪਰ ਇਸ ਤਰ੍ਹਾਂ ਦੀ ਨਮੋਸ਼ੀ ਅਤੇ ਮੂਰਖਤਾ ਭਰੀ ਮੌਤ ਮਰਨਾ!
ਮੈਨੂੰ ਲੱਗਦਾ ਹੈ ਕਿ ਮੈਂ ਹੁਣੇ ਅਵਾ-ਤਵਾ ਬੋਲ ਰਿਹਾ ਸੀ। ਅਲਵਿਦਾ, ਜ਼ਿੰਦਗੀ! ਅਲਵਿਦਾ, ਮੇਰੇ ਬਾਗ! ਅਤੇ ਤੁਸੀਂ, ਮੇਰੀ ਖੱਟੇ ਦੇ ਰੁੱਖੋ, ਜਦੋਂ ਗਰਮੀ ਆਵੇ ਆਪਣੇ ਆਪ ਨੂੰ ਉੱਪਰ ਤੋਂ ਥੱਲੇ ਤਕ ਹਰਿਆਵਲ ਅਤੇ ਫੁੱਲਾਂ ਨਾਲ ਲੱਦੇ ਜਾਣ ਤੋਂ ਖੁੰਝ ਨਹੀਂ ਜਾਣਾ ਤਾਂ ਜੋ ਲੋਕ ਤੁਹਾਡੀ ਠੰਡੀ ਛਾਂ ਵਿਚ ਆਰਾਮ ਕਰ ਸਕਣ। ਤੁਹਾਡੀ ਖ਼ੁਸ਼ਬੂ ਨੂੰ ਅੰਦਰ ਲਿਜਾ ਸਕਣ ਅਤੇ ਤੁਹਾਡੇ ਪੱਤਿਆਂ ਦੀ ਸਰਸਰ ਨੂੰ ਸੁਣ ਸਕਣ। ਅਲਵਿਦਾ, ਅਲਵਿਦਾ ਹਮੇਸ਼ਾ ਲਈ! ਅਲਵਿਦਾ, ਲੀਜ਼ਾ!
ਮੈਂ ਆਖ਼ਰੀ ਦੋ ਸ਼ਬਦ ਲਿਖੇ ਅਤੇ ਲਗਪਗ ਮੇਰਾ ਹਾਸਾ ਫੁੱਟ ਨਿਕਲਿਆ। ਇਕ ਮੰਚ ਕਿਲਕਾਰੀ! ਮੈਂ ਆਪਣੇ ਆਪ ਨੂੰ ਇੰਜ ਵੇਖਦਾ ਹਾਂ ਜਿਵੇਂ ਕਿ ਮੈਂ ਇਕ ਭਾਵਨਾਤਮਕ ਕਹਾਣੀ ਜਾਂ ਇਕ ਹਤਾਸ਼ ਸੁਨੇਹਾ ਲਿਖ ਰਿਹਾ ਹੋਵਾਂ। ਕੱਲ੍ਹ ਪਹਿਲੀ ਅਪ੍ਰੈਲ ਹੈ। ਕੀ ਮੈਂ ਅਸਲ ਵਿਚ ਕੱਲ੍ਹ ਨੂੰ ਮਰਾਂਗਾ? ਇਹ ਬਹੁਤ ਬੇਇੱਜ਼ਤੀ ਭਰੀ ਮੌਤ ਜਾਪਦੀ ਹੈ ਭਾਵੇਂ ਇਹ ਮੇਰੇ ਚਰਿੱਤਰ ਦੇ ਨਾਲ ਮੇਲ ਖਾਂਦੀ ਹੈ।
ਅੱਜ ਡਾਕਟਰ ਕਿੰਨਾ ਉਤੇਜਿਤ ਸੀ।

1 ਅਪ੍ਰੈਲ
ਇਹ ਹੁਣ ਪੂਰਾ ਹੋ ਗਿਆ ਹੈ। ਜੀਵਨ ਖ਼ਤਮ ਹੋ ਗਿਆ ਹੈ। ਮੈਂ ਅਸਲ ਵਿਚ ਅੱਜ ਮਰ ਜਾਵਾਂਗਾ। ਇੰਨੀ ਗਰਮੀ ਹੈ। ਏਨਾ ਸਾਹ ਘੁੱਟਦਾ ਹੈ ਜਾਂ ਇਹ ਹੋ ਸਕਦਾ ਹੈ। ਮੇਰੇ ਫੇਫੜੇ ਸਾਹ ਲੈਣ ਤੋਂ ਇਨਕਾਰ ਕਰਦੇ ਹੋਣ। ਮੇਰੇ ਨਿਗੂਣੇ ਜਿਹੇ ਸੁਖਾਂਤ ਦਾ ਅੰਤ ਹੋ ਚੁੱਕਾ ਹੈ - ਪਰਦਾ ਡਿੱਗਦਾ ਹੈ।
ਮਿੱਟੀ ਵਿਚ ਮਿਲ ਜਾਣ ਤੋਂ ਬਾਅਦ ਮੈਂ ਫ਼ਾਲਤੂ ਨਹੀਂ ਰਹਾਂਗਾ।
ਓ, ਸੂਰਜ ਕਿੰਨਾ ਤੇਜ਼ ਹੈ! ਉਸ ਦੀਆਂ ਸ਼ਕਤੀਸ਼ਾਲੀ ਕਿਰਨਾਂ ਤੇ ਸਦੀਵਤਾ ਦੀ ਮੋਹਰ ਹੈ। ਅਲਵਿਦਾ, ਤਰੇਂਤੀਏਵਨਾ! ਅੱਜ ਸਵੇਰੇ ਜਦੋਂ ਉਹ ਖਿੜਕੀ ਦੇ ਕੋਲ ਬੈਠੀ ਸੀ। ਉਹ ਰੋ ਰਹੀ ਸੀ। ਹੋ ਸਕਦਾ ਹੈ ਕਿ ਉਹ ਮੇਰੇ ਲਈ ਦੁਖੀ ਹੋਵੇ ਜਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਅੰਤ ਬਾਰੇ ਜੋ ਕਿ ਹੁਣ ਦੂਰ ਨਹੀਂ, ਸੋਚ ਰਹੀ ਸੀ। ਮੈਂ ਉਸ ਕੋਲੋਂ ਵਾਅਦਾ ਲਿਆ ਕਿ ਉਹ ਟਰੇਸੋਰ ਦੀ ਜਾਨ ਨਹੀਂ ਲਵੇਗੀ।
ਮੈਂ ਹੋਰ ਨਹੀਂ ਲਿਖ ਸਕਦਾ। ਮੈਂ ਆਪਣੀ ਕਲਮ ਸੁੱਟ ਦੇਵਾਂਗਾ। ਸਮਾਂ ਖ਼ਤਮ! ਮੌਤ ਆਪਣਾ ਐਲਾਨ ਨਹੀਂ ਕਰਦੀ। ਇਹ ਕਿਸੇ ਚੜ੍ਹਦੇ ਆ ਰਹੇ ਤੂਫ਼ਾਨ ਵਾਂਗ ਜਾਂ ਰਾਤ ਦੀ ਚੁੱਪ ਵਾਂਗਰਾਂ ਗਲੀ ਵਿਚ ਲੰਘ ਰਹੀ ਗੱਡੀ ਵਾਂਗ ਨਹੀਂ ਹੁੰਦੀ। ਇਹ ਆ ਗਈ ਹੈ, ਉਸ ਕੋਮਲ ਸਾਹ ਦੀ ਤਰ੍ਹਾਂ ਮੇਰੇ ਉੱਪਰ ਮੰਡਰਾ ਰਹੀ ਹੈ, ਜਿਸ ਨਾਲ ਨਬੀ ਦੇ ਵਾਲ ਖਲੋ ਗਏ ਸਨ।
ਹੁਣ ਮੈਂ ਮਰ ਰਿਹਾ ਹਾਂ। ਜ਼ਿੰਦਗੀ ਜ਼ਿੰਦਾਬਾਦ...
"ਰੱਬ ਕਰੇ ਮੇਰੀ ਕਬਰ ਦੇ ਦੁਆਲੇ
ਮਜ਼ੇ ਦੇ ਨਾਲ ਜੁਆਨੀ ਖੇਡੇ,
ਤੇ ਬੇਖ਼ਬਰ ਅਨੰਤ ਕੁਦਰਤ ਦਾ,
ਸਦੀਵੀ ਸੁਹੱਪਣ ਨਿੱਤ ਮੇਲ੍ਹੇ"
[ਸੰਪਾਦਕੀ ਨੋਟ: - ਖਰੜੇ ਦੀ ਆਖਰੀ ਲਾਈਨ ਦੇ ਥੱਲੇ ਇਕ ਸਿਰ ਚਿੱਤਰਿਆ ਹੋਇਆ ਸੀ ਜਿਸ ਦੇ ਲੰਬੇ ਸੰਘਣੇ ਵਾਲ ਸਨ ਅਤੇ ਇਕ ਵੱਡੀਆਂ ਵੱਡੀਆਂ ਮੁੱਛਾਂ ਸਨ। ਉਸ ਦੇ ਭੈਂਗ-ਚਿੱਤਰ ਦੀ ਉਲੀਕੀ ਗਈ ਅੱਖ ਭਰਵੱਟੇ ਦੀ ਬਜਾਏ ਸਿੱਧੀਆਂ ਲਕੀਰਾਂ ਨਾਲ ਘਿਰੀ ਹੋਈ ਸੀ ਅਤੇ ਸਫ਼ੇ ਦੇ ਅਖ਼ੀਰ ਤੇ ਹੇਠ ਲਿਖੇ ਸ਼ਬਦ ਲਿਖੇ ਗਏ:

"ਇਹ ਹੱਥ-ਲਿਖਤ ਪੜ੍ਹੀ ਗਈ ਸੀ
ਅਤੇ ਪੀਟਰ ਜ਼ੂਦੋਤੇਸ਼ਿਨ ਦੀ
ਇਸ ਵਿਚਲੀ ਪੜ੍ਹਤ ਨੂੰ ਪ੍ਰਵਾਨਗੀ ਨਹੀਂ
ਮੇਰੇ ਮੇਰੇ ਮੇਰੇ!
ਮੇਰੇ ਪਿਆਰੇ ਸ਼੍ਰੀਮਾਨ,ਪੀਟਰ ਜ਼ੂਦੋਤੇਸ਼ਿਨ,
ਪਿਆਰੇ ਸ਼੍ਰੀਮਾਨ ਜੀ"

ਪਰੰਤੂ ਇਨ੍ਹਾਂ ਸਤਰਾਂ ਦੀ ਲਿਖਾਵਟ ਸਾਰੀ ਹੱਥ-ਲਿਖਤ ਤੋਂ ਵੱਖਰੀ ਸੀ। ਇਸ ਲਈ ਸੰਪਾਦਕ ਇਸ ਸਿੱਟੇ 'ਤੇ ਪਹੁੰਚਿਆ ਕਿ ਲੇਖਕ ਦੀ ਮੌਤ ਤੋਂ ਬਾਅਦ ਕਿਸੇ ਹੋਰ ਵਿਅਕਤੀ ਨੇ ਇਹ ਸਤਰਾਂ ਜੋੜੀਆਂ ਹਨ। ਸਾਡੇ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਸ਼੍ਰੀਮਾਨ ਚੁਲਕਾਤੂਰਿਨ ਅਸਲ ਵਿਚ ਪਹਿਲੀ ਤੋਂ 18 ਅਪ੍ਰੈਲ ਤਕ ਦੀ ਇਕ ਸ਼ਾਮ ਨੂੰ ਆਪਣੀ ਜਾਗੀਰ, ਓਵੇਚੀ ਵੋਡਾ ਵਿਚ ਚਲਾਣਾ ਕਰ ਗਿਆ ਸੀ।]

(ਕਵਾਸ=ਕਵਾਸ ਨੂੰ ਤਿਆਰ ਕਰਨ ਲਈ ਰਾਈ-ਖ਼ਮੀਰ ਤੇ ਪਾਣੀ ਉਸ ਸਮੇਂ ਤੱਕ ਖੜ੍ਹਾ ਰਹਿਣ ਦਿੱਤਾ ਜਾਂਦਾ ਹੈ, ਜਦੋਂ ਤਕ ਇਹ ਕਾਫ਼ੀ ਖੱਟਾ ਨਹੀਂ ਹੋ ਜਾਂਦਾ। ਸਾਰੇ ਰੂਸ ਵਿਚ ਪੀਣ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। - ਐਚ. ਜੀ.
ਪ੍ਰੈਫਰੈਂਸ=ਤਾਸ਼ ਦੀ ਇਕ ਖੇਡ ਜੋ ਰੂਸੀ ਸਮਾਜ ਦੇ ਰੱਜੇ-ਪੁੱਜੇ ਤਬਕਿਆਂ ਵਿਚ ਬਹੁਤ ਮਸ਼ਹੂਰ ਹੈ।
ਕਾਕੇਸ਼ੀਆ ਦਾ ਕੈਦੀ=ਇਹ ਪੁਸ਼ਕਿਨ ਦੀਆਂ ਸਭ ਤੋਂ ਵਧੀਆ ਕਵਿਤਾਵਾਂ ਵਿਚੋਂ ਇਕ ਹੈ।

ਸਮਾਪਤ

(ਅਨੁਵਾਦਕ: ਚਰਨ ਗਿੱਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)