Dilaan Di Saanjh (Kushti Da Dharu-Tara Kartar) : Waryam Singh Sandhu
ਦਿਲਾਂ ਦੀ ਸਾਂਝ (ਕੁਸ਼ਤੀ ਦਾ ਧਰੂ-ਤਾਰਾ ਕਰਤਾਰ) : ਵਰਿਆਮ ਸਿੰਘ ਸੰਧੂ
(ਦੇਸ਼-ਵੰਡ ਦੇ ਦਰਦ ਤੇ ਆਮ ਲੋਕਾਂ ਦੀ ਆਪਸੀ ਸਾਂਝ ਦਾ ਬਿਆਨ ਕਰਦਾ ਇਕ ਬਿਰਤਾਂਤ ਹੋਰ ਹਾਜ਼ਰ ਹੈ। ਇਹ ਦੋ ਵਾਰ ਦੇ ਏਸ਼ੀਅਨ ਜੇਤੂ ਤੇ 16 ਵਾਰ ਦੇ ਵਿਸ਼ਵ ਵੈਟਰਨ ਜੇਤੂ ਪਹਿਲਵਾਨ ਤੇ ਮੇਰੇ ਗਿਰਾਈਂ ਕਰਤਾਰ ਦੀ ਮੇਰੇ ਵੱਲੋਂ ਲਿਖੀ ਜੀਵਨੀ 'ਕੁਸ਼ਤੀ ਦਾ ਧਰੂ ਤਾਰਾ' ਦਾ ਇਕ ਅਧਿਆਇ ਹੈ। ਇਸ ਪੁਸਤਕ ਦੀ ਤੀਜੀ ਐਡੀਸ਼ਨ ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਛਾਪੀ ਗਈ ਹੈ। - ਵਰਿਆਮ ਸਿੰਘ ਸੰਧੂ)
**********
ਆਪਣੇ ਹੀ ਜਿਸਮ ਨੂੰ ਵਿਚਕਾਰੋਂ ਚੀਰ ਕੇ ਬਣੇ ਵਾਘਿਓਂ ਪਾਰਲੇ ਪੰਜਾਬ ਨਾਲ ਸਾਡੀ ਲਹੂ ਅਤੇ ਰੂਹ ਦੀ ਸਾਂਝ ਹੈ। ਸਾਡੇ ਵਰਗੇ ਭਾਵੁਕ ਲੋਕਾਂ ਦੇ ਮਨਾਂ ਵਿਚ ਸਾਂਝ ਦਾ ਇਹ ਅਹਿਸਾਸ ਜਿੰਨਾ ਡੂੰਘਾ ਹੈ, ਓਨੀ ਹੀ ਉਸ ਖਿੱਤੇ ਦੇ ਥਾਵਾਂ ਅਤੇ ਲੋਕਾਂ ਨੂੰ ਮਿਲਣ ਤੇ ਜਾਨਣ ਦੀ ਰੀਝ ਗੂੜ੍ਹੀ ਹੈ। ਅੱਧਾ ਕੱਟਿਆ ਧੜ ਕਿਸੇ ਚੁੰਬਕੀ ਖਿੱਚ ਸਦਕਾ ਕੱਟੇ ਹੋਏ ਬਾਕੀ ਅੱਧੇ ਧੜ ਨਾਲ ਮਿਲਣ ਲਈ ਵਿਲਕਦਾ ਰਹਿੰਦਾ ਹੈ। ਇਹੋ ਵਿਲਕਣੀ ਕਿਧਰੇ ਧੁਰ ਅੰਦਰ ਬੈਠੀ ਹੋਣ ਕਰਕੇ ਜਦੋਂ ਵੀ ਕੋਈ ਓਧਰਲੇ ਪੰਜਾਬ ਦੀ ਗੱਲ ਕਰਦਾ ਹੈ; ਉਥੋਂ ਹੋ ਕੇ ਆਉਣ ਤੋਂ ਪਿੱਛੋ ਆਪਣੇ ਅਨੁਭਵ ਸੁਣਾਉਂਦਾ ਜਾਂ ਲਿਖਦਾ ਹੈ ਤਾਂ ਮੇਰੀ ਉਸ ਵਿਚ ਪਹਿਲੀ ਦਿਲਚਸਪੀ ਹੁੰਦੀ ਹੈ। ਕਹੇ ਗਏ ਸ਼ਬਦਾਂ ਦੀ ਉਂਗਲ ਫੜ ਕੇ ਮੈਂ ਕਦੀ ਲਾਹੌਰ ਦੀਆਂ ਗਲੀਆਂ ਬਜ਼ਾਰਾਂ ਵਿਚ ਘੁੰਮ ਰਿਹਾ ਹੁੰਦਾ ਹਾਂ, ਕਦੀ ਨਨਕਾਣੇ ਦੇ ਉਹਨਾਂ ਖੇਤਾਂ ਵਿਚ, ਜਿਥੇ ਬਾਲ ਨਾਨਕ ਦੇ ਕਦਮਾਂ ਦੀ ਪਦ-ਚਾਪ ਅਜੇ ਵੀ ਸੁਣਾਈ ਦਿੰਦੀ ਹੈ। ਮੇਰੀ ਛਾਤੀ ਦੁਆਲੇ ਕੱਸੀ ਹੋਈ ਬਾਰਡਰ ਦੀ ਪੱਟੀ ਕੁਝ ਢਿੱਲੀ ਹੋ ਜਾਂਦੀ ਹੈ ਤੇ ਮੈਂ ਖੁਲ੍ਹੀ ਹਵਾ ਵਿਚ ਡੂੰਘਾ ਸਾਹ ਭਰ ਕੇ ਡਾਢੀ ਸੌਖ ਮਹਿਸੂਸ ਕਰਦਾ ਹਾਂ।
ਕਰਤਾਰ ਸਿੰਘ ਦਾ ਜਨਮ 1947 ਤੋਂ ਪਿੱਛੋ ਹੋਇਆ ਹੋਣ ਕਰਕੇ ਉਸ ਨੂੰ ਸਾਂਝੇ ਪੰਜਾਬ ਦੇ ਹਿੰਦੂ-ਸਿੱਖ-ਮੁਸਲਿਮ ਭਾਈਚਾਰੇ ਦੀਆਂ ਆਪਸੀ ਰਾਂਗਲੀਆਂ ਸਾਂਝਾਂ ਦਾ ਉਹ ਡੂੰਘਾ ਅਨੁਭਵ ਨਹੀਂ; ਜੋ 47 ਤੋਂ ਪਹਿਲਾਂ ਪੈਦਾ ਹੋਏ ਜਾਂ ਪੱਛਮੀ ਪੰਜਾਬ ਵਿਚੋਂ ਆਏ ਲੋਕਾਂ ਦਾ ਹੈ। ਉਸਨੂੰ ਤਾਂ ਆਪਣੇ ਬਚਪਨ ਅਤੇ ਚੜ੍ਹਦੀ ਜੁਆਨੀ ਵਿਚ ਪਾਕਿਸਤਾਨ ਨਾਲ ਲੜੀਆਂ ਗਈਆਂ 1965 ਅਤੇ 1971 ਦੀਆਂ ਖ਼ੂੰਖ਼ਾਰ ਲੜਾਈਆਂ ਦਾ ਵਧੇਰੇ ਚੇਤਾ ਹੈ।
ਸਰਹੱਦ ਤੋਂ ਤਿੰਨ ਚਾਰ ਮੀਲ ਦੀ ਵਿੱਥ ਉਪਰ ਸਥਿਤ ਪਿੰਡ ਸੁਰ ਸਿੰਘ ਦੇ ਲੋਕਾਂ ਨੇ, ਇਨ੍ਹਾਂ ਭਾਰਤ-ਪਾਕਿ ਜੰਗਾਂ ਵਿਚ ਵੱਧ ਚੜ੍ਹ ਕੇ ਭਾਰਤੀ ਫ਼ੌਜਾਂ ਦੀ ਮੱਦਦ ਕੀਤੀ। ਬਾਬਾ ਸੋਹਣ ਸਿੰਘ ਬਿਧੀਚੰਦੀਏ ਆਪਣੇ ਸਿੰਘਾਂ ਨਾਲ, ਜਿਨ੍ਹਾਂ ਵਿਚ ਕਈ ਵਾਰ ਲਛਮਣ ਸਿੰਘ ਅਤੇ ਕਰਨੈਲ ਸਿੰਘ ਵੀ ਸ਼ਾਮਲ ਹੁੰਦੇ, ਧੁਰ ਅਗਲੇ ਮੋਰਚਿਆਂ ਤੱਕ ਫ਼ੌਜਾਂ ਲਈ ਦੁੱਧ, ਦਹੀਂ, ਮੱਖਣ ਅਤੇ ਪ੍ਰਸ਼ਾਦੇ ਪਹੁੰਚਾਉਂਦੇ ਰਹੇ। ਇੰਜ ਈਚੋਗਿਲ ਨਹਿਰ ਤੱਕ ਪੁੱਜੇ ਫ਼ੌਜੀਆਂ ਨੂੰ ਆਤਮਿਕ ਬਲ ਵੀ ਮਿਲਦਾ। ਭਖ਼ੇ ਹੋਏ ਮਾਹੌਲ ਵਿਚ ਦੇਸ਼-ਭਗਤੀ ਦਾ ਜਜ਼ਬਾ ਕੁਝ ਵਧੇਰੇ ਤੀਖ਼ਣ ਰੂਪ ਵਿਚ ਉਭਰ ਆਉਂਦਾ ਹੈ। ਇਨ੍ਹਾਂ ਜੰਗਾਂ ਨੇ ਪੁਰਾਣੇ ਬੰਦਿਆਂ ਦੇ ਮਨਾਂ ਵਿਚ ਵਸਦੇ ਮੁਹੱਬਤ ਅਤੇ ਸਾਂਝ ਦੇ ਅਹਿਸਾਸ ਨੂੰ ਵੀ ਧੁੰਦਲਾ ਕਰ ਦਿੱਤਾ ਸੀ।
ਦੋਹਾਂ ਜੰਗਾਂ ਦੇ ਸਮੇਂ ਹੀ ਤੋਪਾਂ ਦੇ ਗੋਲਿਆਂ ਦੀ ਗੜਗੜਾਹਟ ਸੁਰ ਸਿੰਘ ਦੀਆਂ ਕੰਧਾਂ ਨੂੰ ਹਿਲਾ ਦਿੰਦੀ ਰਹੀ। ਜੰਗੀ ਜਹਾਜ਼ ਪਲਾਂ ਵਿਚ ਹੀ ਟਿੱਡੀ ਦਲ ਵਾਂਗ ਸੁਰ ਸਿੰਘ ਦੀ ਛੱਤ ਉਤੋਂ ਗੁਜ਼ਰਦੇ; ਇਕ ਦੂਜੇ ਦਾ ਪਿੱਛਾ ਕਰਦੇ ਹੋਏ, ਘੂਕਰਾਂ ਛੱਡਦੇ ਹੋਏ, ਧਰਤੀ ਕੰਬਾਉਂਦੇ ਹੋਏ। ਕਰਤਾਰ ਹੁਰੀਂ ਵੀ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ 'ਔਹ ਮਾਰ ਲਿਆ ਈ' ਦਾ ਰੌਲਾ ਪਾਉਂਦੇ। ਇਕ ਦਿਨ ਇਕ ਪਾਕਿਸਤਾਨੀ ਹਵਾਈ ਜਹਾਜ਼ ਵਾਰ ਵਾਰ ਸੁਰ ਸਿੰਘ ਉਪਰੋਂ ਚੱਕਰ ਕੱਢਦਾ ਹੋਇਆ ਕਦੀ ਐਨ ਨੀਂਵਾ ਹੋ ਜਾਵੇ ਅਤੇ ਕਦੀ ਫਿਰ ਉੱਚਾ ਨਿਕਲ ਜਾਵੇ। ਧੜਕਦੇ ਦਿਲਾਂ ਨਾਲ ਲੋਕ ਵੇਖਣ ਲੱਗੇ। 'ਹੁਣੇ ਡਿੱਗਾ ਬੰਬ ਸੁਰ ਸਿੰਘ ਦੇ ਸਿਰ 'ਤੇ'। ਪਰ ਇਸ ਸਮੇਂ ਵੀ ਲੋਕ ਲੁਕੇ ਨਹੀਂ- ਛੱਤਾਂ 'ਤੇ ਚੜ੍ਹੇ ਜਹਾਜ਼ ਦੀਆਂ ਕਲਾਬਾਜ਼ੀਆਂ ਵੇਖਦੇ ਰਹੇ। ਤਦ ਹੀ ਜਹਾਜ਼ ਨੇ 'ਡਾਈਵ' ਮਾਰੀ- ਤੇ ਔਹ ਸੜਕ ਉਪਰ ਜਾ ਰਹੀਆਂ ਭਾਰਤੀ ਗੱਡੀਆਂ ਵਿਚਲਾ ਬਾਰੂਦ ਭੜਾਕਾ ਮਾਰ ਕੇ ਠਾਹ-ਠਾਹ ਕਰਕੇ ਮੱਚ ਉੱਠਿਆ।
ਉਧਰੋਂ ਜਹਾਜ਼ ਬੰਬ ਸੁੱਟ ਕੇ ਦੌੜਿਆ ਅਤੇ ਇਧਰੋਂ ਸੁਰਸਿੰਘੀਏ ਪੈਦਲ ਅਤੇ ਸਾਇਕਲਾਂ ਉਪਰ ਸੜਦੀਆਂ ਗੱਡੀਆਂ ਨੂੰ ਵੇਖਣ ਲਈ ਦੌੜ ਉੱਠੇ। ਸਕੂਲ ਪੜ੍ਹਦਾ ਕਰਤਾਰ ਘਰਦਿਆਂ ਦੇ ਰੋਕਦਿਆਂ ਰੋਕਦਿਆਂ ਉਧਰ ਦੌੜ ਪਿਆ। ਸੁਰਸਿੰਘੀਆਂ ਦੀ ਚਮੜੀ ਵਿਚ ਤਾਂ ਜਿਵੇਂ ਖ਼ੌਫ਼ ਹੀ ਨਹੀਂ ਸੀ ਕੋਈ। ਭਾਰਤੀ ਫ਼ੌਜਾਂ ਦੀ ਬਰਕੀ ਉਪਰ ਚੜ੍ਹਾਈ ਕਰਤਾਰ ਹੁਰਾਂ ਨੂੰ ਹੁਲਾਰਾ ਦਿੰਦੀ ਸੀ ਅਤੇ ਛੇਤੀ ਹੀ ਲਾਹੌਰ ਨੂੰ ਮਾਰ ਲੈਣ ਦਾ ਖ਼ਿਆਲ ਉਨ੍ਹਾਂ ਨੂੰ ਖੇੜ ਜਾਂਦਾ ਸੀ।
1971 ਵਿਚ ਹੋਈ ਭਾਰਤ-ਪਾਕਿਸਤਾਨ ਜੰਗ ਵਿਚ ਸਰਹੱਦੀ ਪਿੰਡ ਛੀਨਾ ਬਿਧੀ ਚੰਦ ਉਪਰ ਪਾਕਿਸਤਾਨ ਨੇ ਕਬਜ਼ਾ ਕਰ ਲਿਆ। ਛੀਨਿਆਂ ਤੋਂ ਉਰਲੇ ਪਾਸੇ ਸੁਰ ਸਿੰਘ ਦੀ ਜ਼ਮੀਨ ਜਾ ਲਗਦੀ ਹੈ। ਇਸੇ ਪਾਸੇ ਹੀ ਕਰਤਾਰ ਹੁਰਾਂ ਦੇ ਖੇਤ ਹਨ। ਲੜਾਈ ਸੁਰ ਸਿੰਘ ਦੀਆਂ ਕੰਧਾਂ ਤੱਕ ਆ ਗਈ ਸੀ। ਭਾਵੇਂ ਲੜਾਈ ਦਾ ਬਹੁਤਾ ਜ਼ੋਰ ਪੂਰਬੀ ਪਾਕਿਸਤਾਨ ਅਥਵਾ ਬਣਨ ਵਾਲੇ 'ਬੰਗਲਾ ਦੇਸ਼' ਵੱਲ ਸੀ ਤੇ ਪੰਜਾਬ ਦੇ ਮੁਹਾਜ਼ ਉੱਤੇ 'ਯਥਾਸਥਿਤੀ' ਬਣਾਈ ਰੱਖਣਾ ਹੀ ਦੋਹਾਂ ਧਿਰਾਂ ਨੇ ਮਿਥਿਆ ਹੋਇਆ ਸੀ ਪਰ ਛੀਨਾ ਬਿਧੀ ਚੰਦ ਪਾਕਿਸਤਾਨ ਦੇ ਕਬਜ਼ੇ ਹੇਠਾਂ ਆ ਜਾਣ ਕਰ ਕੇ ਸੁਰ ਸਿੰਘ ਤੋਪਾਂ ਦੀ ਮਾਰ ਵਿਚ ਆ ਗਿਆ ਸੀ। ਇਕ ਦਿਨ ਇਕ ਗੋਲਾ ਸੁਰ ਸਿੰਘ ਉਤੋਂ ਦੀ ਲੰਘ ਕੇ ਬੱਸ ਅੱਡੇ ਦੇ ਨਜ਼ਦੀਕ ਡਿੱਗਾ- ਪਰ ਫਟ ਨਾ ਸਕਿਆ। ਲੋਕਾਂ ਨੇ ਇਸਨੂੰ ਪਿੰਡ ਉੱਤੇ 'ਗੁਰੂ ਮਹਾਰਾਜ' ਦੀ ਮਿਹਰ ਸਮਝਿਆ।
ਅਗਲੇ ਦਿਨ ਫੇਰ ਇਕ ਗੋਲਾ ਗੂੰਜਦਾ ਹੋਇਆ ਆਇਆ, ਪਰ ਇਹ ਪਿੰਡ ਦੇ ਸਿਰ ਉਪਰੋਂ ਨਹੀਂ ਲੰਘਿਆ - ਸਗੋਂ ਪਿੰਡ ਦੇ ਵਿਚਕਾਰ ਸੰਘਣੀ ਵਸੋਂ ਵਾਲੇ ਘਰਾਂ ਵਿਚ ਡਿੱਗਾ। ਇਸ ਗੋਲੇ ਦੇ ਫਟਣ ਦੀ ਆਵਾਜ਼ ਵੀ ਨਹੀਂ ਆਈ। ਲੋਕ ਉਸ ਦਿਸ਼ਾ ਵੱਲ ਦੌੜੇ - ਜਿਧਰ ਗੋਲਾ ਡਿੱਗਾ ਸੀ। ਇਹ ਇਕੋ ਇਕ ਗੋਲਾ ਸੀ ਜੋ ਦੋ ਜੰਗਾਂ ਵਿਚੋਂ ਸੁਰ ਸਿੰਘ ਦੇ ਸਿਰ ਉੱਪਰ ਡਿੱਗਾ ਸੀ।
ਜਿਸ ਘਰ ਵਿਚ ਗੋਲਾ ਡਿੱਗਾ ਸੀ, ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਇਹ ਤਾਂ ਕਰਤਾਰ ਹੁਰਾਂ ਦਾ ਘਰ ਸੀ। ਮਾਕੋਵਾਲ ਦੀ ਕੱਚੀ ਮਿੱਟੀ ਨਾਲ ਲਿੰਬੇ ਪੋਚੇ ਘਰ ਦੇ ਚੌਂਤਰੇ ਦੇ ਆਲਿਆਂ ਵਿਚ ਇਹ ਗੋਲਾ ਫਸਿਆ ਪਿਆ ਸੀ। ਬੇਵਸ ਹੋਇਆ ਕੁਝ ਵੀ ਨਾ ਕਰ ਸਕਣ ਜੋਗਾ। ਇਹ ਗੋਲਾ ਵੀ ਫਟ ਨਹੀਂ ਸੀ ਸਕਿਆ।
ਬਾਬਾ ਲਛਮਣ ਸਿੰਘ ਅਤੇ ਕਰਨੈਲ ਸਿੰਘ ਇਕੱਠੀ ਹੋਈ ਭੀੜ ਦੇ ਵਿਚਾਰਾਂ ਨਾਲ ਸੰਮਤੀ ਪ੍ਰਗਟ ਕਰਦੇ ਹੋਏ; 'ਮਹਾਂਪੁਰਖਾਂ ਦੀ ਸੁਰ ਸਿੰਘ ਉੱਪਰ ਮਿਹਰ' ਨੂੰ ਇਸ ਬਚਾਓ ਦਾ ਕਾਰਨ ਮੰਨ ਰਹੇ ਸਨ।
ਅਜਿਹੇ ਪਿਛੋਕੜ ਦੇ ਬਾਵਜੂਦ ਜਦੋਂ 1981 ਦੀ ਦੂਜੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਕਰਤਾਰ ਹੁਰਾਂ ਨੇ ਲਾਹੌਰ ਨੂੰ ਚਾਲੇ ਪਾਏ ਤਾਂ ਵੀ ਉਹਨਾਂ ਦੇ ਮਨ ਵਿਚ ਲਾਹੌਰ ਨੂੰ ਵੇਖਣ ਅਤੇ ਉੱਥੋਂ ਦੇ ਲੋਕਾਂ ਨੂੰ ਜਾਨਣ ਸਮਝਣ ਦੀ ਰੀਝ ਕਰਵਟਾਂ ਲੈਣ ਲੱਗੀ। ਆਖ਼ਿਰ ਇਹ ਲਾਹੌਰ ਸ਼ਹਿਰ ਕਦੀ ਉਹਨਾਂ ਦੇ ਆਪਣੇ ਪਿੰਡ ਦਾ ਜ਼ਿਲ੍ਹਾ ਹੋਇਆ ਕਰਦਾ ਸੀ। ਇਹ ਉਹ ਸ਼ਾਨਾਂ-ਮੱਤਾ ਲਾਹੌਰ ਸੀ - ਜਿਸ ਬਾਰੇ ਕਰਤਾਰ ਆਪਣੇ ਬਚਪਨ ਵਿਚ ਬਜ਼ੁਰਗਾਂ ਤੋਂ ਸੁਣਦਾ ਆਇਆ ਸੀ।
''ਜਿਸਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ''
ਲਾਹੌਰ ਪੰਜਾਬੀ ਲੋਕ ਚੇਤਨਾ ਵਿਚ ਏਨਾ ਡੂੰਘਾ ਲੱਥ ਚੁੱਕਾ ਸੀ ਕਿ ਕਈ ਵਾਰ ਵੱਡੀ ਉਮਰ ਦੇ ਬੰਦੇ ਆਪਣੇ ਕਿਸੇ ਹਾਣੀ ਨੂੰ ਮਖ਼ੌਲ ਕਰਦਿਆਂ, ਕਿਸੇ ਖੇਡ ਰਹੇ ਛੋਟੇ ਬੱਚੇ ਨੂੰ ਆਵਾਜ਼ ਮਾਰ ਕੇ ਆਖਦੇ, ''ਚਲ ਓਏ ਬਿੱਟੂ! ਅੱਗੋਂ ਝੱਗਾ ਚੁੱਕ ਕੇ ਆਹ ਆਪਣੇ ਚਾਚੇ ਨੂੰ ਲਾਹੌਰ ਵਿਖਾ ਦੇ..''
ਲਾਹੌਰ ਵਿਖੇ ਕੁਸ਼ਤੀਆਂ ਲੜਨ ਅਤੇ ਲਾਹੌਰ ਵੇਖਣ ਨਾਲੋਂ ਵੀ ਇਕ ਹੋਰ ਡੂੰਘੀ ਤਲਬ ਸੀ ਕਰਤਾਰ ਦੇ ਮਨ ਵਿਚ। ਪੰਜਾਬੀ ਕਿੱਸਾ-ਕਾਵਿ ਅਤੇ ਲੋਕ-ਕਹਾਣੀਆਂ ਵਿਚ ਪਹਿਲੀ ਨਜ਼ਰ ਦੀ ਮੁਹੱਬਤ ਦਾ ਜ਼ਿਕਰ ਵਾਰ ਵਾਰ ਹੋਇਆ ਹੈ। ਪਰ ਕਈ ਕਹਾਣੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਵਿਚ ਇਕ ਦੂਜੇ ਨੂੰ ਬਿਨ੍ਹਾਂ ਵੇਖਿਆਂ, ਇਕ ਦੂਜੇ ਦੀਆਂ ਗੱਲਾਂ ਸੁਣਦਿਆਂ ਹੀ ਮੁਹੱਬਤ ਭਰੇ ਦਿਲ ਇਕ ਦੂਜੇ ਨੂੰ ਮਿਲਣ ਦੀ ਤਾਂਘ ਲਈ ਅੰਗੜਾਈਆਂ ਭਰਦੇ ਰਹਿੰਦੇ ਸਨ। ਅਜਿਹੀ ਮੁਹੱਬਤ ਦਾ ਰਿਸ਼ਤਾ ਆਮ ਤੌਰ ਉੱਤੇ ਬਹਾਦਰ ਤੇ ਸੋਹਣੇ ਨੌਜੁਆਨ ਅਤੇ ਸੋਹਣੀ ਮੁਟਿਆਰ ਦਰਮਿਆਨ ਹੁੰਦਾ ਸੀ।
ਕਰਤਾਰ ਦੇ ਸੰਬੰਧ ਵਿਚ ਵੀ ਗੱਲ ਤਾਂ ਕੁਝ ਇਸ ਤਰ੍ਹਾਂ ਦੀ ਹੀ ਸੀ। ਉਹ ਵੀ ਲਾਹੌਰ ਵਿਚ ਰਹਿੰਦੇ ਆਪਣੇ ਅਣਦੇਖੇ ਸੱਜਣ ਨੂੰ ਮਿਲਣ ਲਈ ਕਾਹਲਾ ਸੀ ਪਰ ਉਹ ਸੱਜਣ ਕੋਈ ਖ਼ੂਬਸੂਰਤ ਮੁਟਿਆਰ ਨਹੀਂ ਸੀ। ਉਹ ਤਾਂ ਲਾਹੌਰ ਸ਼ਹਿਰ ਦਾ ਪ੍ਰਸਿੱਧ ਟਰਾਂਸਪੋਰਟਰ ਅਤੇ ਭਲਵਾਨ ਸੀ। ਜਿਸਨੂੰ ਲੋਕ 'ਵਹੀ ਭਲਵਾਨ' ਆਖ ਕੇ ਬੁਲਾਉਂਦੇ ਸਨ। ਕਰਤਾਰ ਦਾ ਇਕ ਦੋਸਤ ਬਲਬੀਰ ਭਲਵਾਨ ਇੰਗਲੈਂਡ ਵਿਚ ਰਹਿੰਦਾ ਸੀ। ਉੱਥੇ ਹੀ ਉਸਦਾ 'ਵਹੀ ਭਲਵਾਨ' ਨਾਲ ਮੇਲ ਹੋਇਆ । 'ਵਹੀ ਭਲਵਾਨ' ਨੂੰ ਵੇਖਦਿਆਂ ਹੀ ਬਲਬੀਰ ਹੈਰਾਨ ਹੋ ਗਿਆ। ਉਹ ਤਾਂ ਨਿਰ੍ਹਾ-ਪੁਰਾ ਕਰਤਾਰ ਸੀ। ਉਸ ਤਰ੍ਹਾਂ ਹੀ ਸੋਹਣਾ ਸੂਤਰਿਆ ਮਨ ਮੋਂਹਦਾ ਜਾਨਦਾਰ ਸਰੀਰ। ਓਨਾ ਹੀ ਉੱਚਾ ਲੰਮਾ ਕੱਦ-ਬੁੱਤ। ਉਂਜ ਹੀ ਇਕ ਦੂਜੇ ਨਾਲ ਮਿਲਦਾ ਜੁਲਦਾ ਚਿਹਰਾ ਅਤੇ ਨੈਣ-ਨਕਸ਼। ਬਿਲਕੁਲ ਕਰਤਾਰ ਦੀ ਕਾਰਬਨ ਕਾਪੀ।
''ਤੁਸੀਂ ਤਾਂ ਭਲਵਾਨ ਜੀ - ਨਿਰ੍ਹੇ ਕਰਤਾਰ ਲੱਗਦੇ ਓ.. ਸਮੂਲਚੇ ਹੀ..ਹੱਦ ਹੋ ਗਈ..'' ਬਲਬੀਰ ਨੇ ਵਹੀ ਭਲਵਾਨ ਨੂੰ ਕਿਹਾ।
''ਹਲਾ'' ਭਲਵਾਨੀ ਦਾ ਸ਼ੌਕ ਰੱਖਣ ਵਾਲਾ ਵਹੀ ਕਰਤਾਰ ਨੂੰ ਉਸਦੇ ਨਾਂ ਅਤੇ ਪ੍ਰਾਪਤੀਆਂ ਤੋਂ ਤਾਂ ਚੰਗੀ ਤਰ੍ਹਾਂ ਜਾਣਦਾ ਹੀ ਸੀ, ਪਰ ਕਦੀ ਮਿਲਿਆ ਨਹੀਂ ਸੀ ਉਸਨੂੰ।
''ਮੈਂ ਕਿਹਾ ਐਨ ਫੋਟੋ ਕਾਪੀ ਜੇ ਤੁਸੀਂ ਇਕ ਦੂਜੇ ਦੀ.. ਜਿਵੇਂ ਸੱਕੇ ਭਰਾ ਹੋਵੋ... ਇਕੋ ਮਾਂ ਦੇ ਜੰਮੇ ਜਾਏ।''
ਵਹੀ ਨੂੰ ਲੱਗਾ; ਕਰਤਾਰ ਸੱਚੀਂ ਮੁੱਚੀ ਉਸਦਾ ਭਰਾ ਸੀ ਜੋ ਕਿਧਰੇ ਬਚਪਨ ਵਿੱਚ ਉਸ ਤੋਂ ਵੱਖ ਹੋ ਗਿਆ ਸੀ। ਬਿਲਕੁਲ ਹਿੰਦੀ ਫਿਲਮਾਂ ਦੀ ਕਹਾਣੀ ਵਾਂਗ। ਉਹ ਦਿਲ ਦੀਆਂ ਧੁਰ - ਡੁੰਘਾਣਾਂ ਤੋਂ ਕਰਤਾਰ ਨੂੰ ਵੇਖਣ ਤੇ ਮਿਲਣ ਲਈ ਲੋਚਣ ਲੱਗਾ। ਉਸਨੇ ਬਲਬੀਰ ਕੋਲੋਂ ਕਰਤਾਰ ਦਾ ਪਤਾ ਅਤੇ ਫ਼ੋਨ ਨੰਬਰ ਲੈ ਲਿਆ।
ਜਦੋਂ ਵਹੀ ਭਲਵਾਨ ਨਾਲ ਆਪਣੇ ਮਿਲਾਪ ਦੀ ਗੱਲ ਬਲਬੀਰ ਨੇ ਕਰਤਾਰ ਨੂੰ ਦੱਸੀ ਤੇ ਇਹ ਵੀ ਦੱਸਿਆ ਕਿ ਵਹੀ ਕਰਤਾਰ ਨੂੰ ਮਿਲਣ ਲਈ ਬੜਾ ਉਤਾਵਲਾ ਹੈ ਤਾਂ ਕੁਦਰਤੀ ਹੀ ਕਰਤਾਰ ਦੇ ਮਨ ਅੰਦਰ ਵੀ ਵਹੀ ਲਈ ਦਿਲਚਸਪੀ ਜਾਗ ਪਈ।
ਤੇ ਫਿਰ ਦੋਹਾਂ ਨੇ ਆਪਸ ਵਿਚ ਟੈਲੀਫ਼ੋਨ 'ਤੇ ਸੰਪਰਕ ਕਰ ਲਿਆ। ਇਕ ਦੂਜੇ ਨੂੰ ਪੁੱਛਿਆ, ਜਾਣਿਆ। ਇਕ ਦੂਜੇ ਦੇ ਫ਼ੋਨ ਆਉਂਦੇ ਜਾਂਦੇ ਰਹਿੰਦੇ... ਪਿਆਰ ਤੇ ਸਾਂਝ ਦੇ ਰੰਗ ਹੋਰ ਗੂੜ੍ਹੇ ਹੁੰਦੇ ਗਏ। ਪਰ ਕਦੀ ਮਿਲ ਬੈਠਣ ਦਾ ਸਬੱਬ ਅਜੇ ਤੱਕ ਨਹੀਂ ਸੀ ਬਣਿਆ।
ਤੇ ਹੁਣ ਤਾਂ ਲਾਹੌਰ ਹੀ ਕੁਸ਼ਤੀਆਂ ਹੋਣੀਆਂ ਸਨ। ਵਹੀ ਦਾ ਫ਼ੋਨ ਆਇਆ:
''ਵੀਰ ਮੇਰਿਆ! ਤੂੰ ਇਕ ਵਾਰ ਆ ਸਹੀ ਲਾਹੌਰ.. ਸਾਰਾ ਸ਼ਹਿਰ ਲਾਹੌਰ ਬਾਹਵਾਂ ਖੋਲ੍ਹ ਕੇ ਤੇਰੇ ਇਸਤਕਬਾਲ ਲਈ ਖਲੋਤਾ ਹੋਊ..''
ਜਾਣ ਤੋਂ ਪਹਿਲਾਂ ਸਾਰੀ ਭਾਰਤੀ ਕੁਸ਼ਤੀ ਟੀਮ ਨੇ ਗੋਲ ਬਾਗ਼ ਅੰਮ੍ਰਿਤਸਰ ਵਿਚ ਇਕੱਠੇ ਹੋਣ ਦਾ ਪ੍ਰੋਗਰਾਮ ਬਣਾਇਆ। ਪੂਰਾ ਟੋਲਾ ਆਪਣੇ ਸਮਾਨ ਸਮੇਤ ਰੇਲ ਗੱਡੀ 'ਤੇ ਸਵਾਰ ਹੋਇਆ ਅਤੇ ਛੁਕ ਛੁਕ ਕਰਦੀ ਗੱਡੀ ਛਿਹਰਟਾ, ਖਾਸਾ, ਲਾਹੌਰੀ ਮੱਲ, ਘਰਿੰਡਾ, ਕਾਉਂਕੇ ਲੰਘਦੀ ਹੋਈ ਅਟਾਰੀ ਬਾਰਡਰ 'ਤੇ ਜਾ ਪਹੁੰਚੀ। ਪਿੱਛੋਂ ਕੁਝ ਹੀ ਮਿੰਟਾਂ 'ਚ ਉਹ ਵਾਘੇ ਜਾ ਪਹੁੰਚੇ। 'ਨੋ ਮੈਨਜ਼ ਲੈਂਡ' ਦੇ ਪਰਲੇ ਦਰਵਾਜ਼ੇ ਦੀ ਬੁਰਜੀ ਨਾਲ ਪਾਕਿਸਤਾਨ ਦਾ ਚੰਦ ਵਾਲਾ ਸਬਜ਼-ਝੰਡਾ ਲਹਿਰਾ ਰਿਹਾ ਸੀ। ਉਰਲੇ ਪਾਸੇ ਗੇਟ ਨਾਲ ਤਿਰੰਗਾ ਫਰਾਟੇ ਭਰਦਾ ਪਿਆ ਸੀ। ਦੋਹੀਂ ਪਾਸੀਂ ਛੇ ਛੇ ਫੁੱਟੇ ਜੁਆਨ ਬੜੀ ਮੁਸਤਹਿਦੀ ਨਾਲ ਖੜੋੜੇ ਸਨ। ਦੋਹਾਂ ਫਾਟਕਾਂ ਦਰਮਿਆਨ ਥੋੜ੍ਹੀ ਕੁ ਥਾਂ ਸੀ ਜਿਹੜੀ ਕਿਸੇ ਦੀ ਵੀ ਨਹੀਂ ਸੀ। ਇਹ ਥਾਂ ਜਿਹੜੀ 'ਕਿਸੇ ਦੀ ਵੀ ਨਹੀਂ ਸੀ' ਇਸਨੇ ਦੋਹਾਂ ਦੇਸ਼ਾਂ ਵਿਚਲੇ ਮਿੱਤਰ ਪਿਆਰਿਆਂ ਨੂੰ ਵਿਛੋੜ ਰੱਖਿਆ ਸੀ। ਇਹ ਵਾਕਿਆ ਹੀ 'ਕਿਸੇ ਦੀ ਵੀ ਨਹੀਂ ਸੀ ਬਣੀ।'
ਭਲਵਾਨ ਹੈਰਾਨ ਸਨ ਕਿ ਇਕੋ ਧਰਤੀ, ਇਕੋ ਜਿਹੇ ਲੋਕ, ਇਕੋ ਜਿਹੀਆਂ ਫ਼ਸਲਾਂ, ਇਕੋ ਜਿਹੇ ਰੁੱਖ-ਬੂਟੇ ਪਰ ਵਿਚ ਹਿੱਕ ਤਾਣ ਕੇ ਖਲੋਤੀ ਇਹ ਵਾਘੇ ਦੀ ਲਕੀਰ; ਜਿਸਨੂੰ ਮਨੁੱਖ, ਬਿਨਾਂ ਦੋਹਾਂ ਦੇਸ਼ਾਂ ਦੀ ਆਗਿਆ ਦੇ ਉਲੰਘ ਨਹੀਂ ਸੀ ਸਕਦਾ। ਭਲਵਾਨ ਨੇ ਵੇਖਿਆ ਇਕ ਘੁੱਗੀਆਂ ਦਾ ਜੋੜਾ ਉਪਰੋਂ ਉੱਡਦਾ ਹੋਇਆ ਆਇਆ ਤੇ ਇਧਰਲੇ ਰੁੱਖਾਂ 'ਤੇ ਆ ਕੇ ਬੈਠ ਗਿਆ। ਔਹ ਤਿਰੰਗੇ ਵਾਲੇ ਪੋਲ ਤੋਂ ਇਕ ਮਾਸੂਮ ਜਿਹੀ ਚਿੜੀ ਉੱਡੀ ਅਤੇ ਸਬਜ਼ ਝੰਡੇ ਵਾਲੇ ਪੋਲ ਤੇ ਬੈਠ ਕੇ 'ਚੀਂ ਚੀਂ' ਕਰਨ ਲੱਗੀ।
ਹੱਦ ਪਾਰ ਕਰਨ ਲਈ ਰਸਮੀਂ ਕਾਰਵਾਈ ਤੋਂ ਵਿਹਲੇ ਹੋ ਕੇ ਜਦੋਂ ਭਲਵਾਨ ਨੋ ਮੈਨਜ਼ ਲੈਂਡ ਉੱਪਰ ਪਹੁੰਚੇ ਤਾਂ ਪਹਿਲਵਾਨ ਜਗਮਿੰਦਰ ਨੇ 'ਚੀਂ ਚੀਂ' ਕਰਦੀ ਚਿੜੀ ਵੱਲ ਵੇਖਿਆ, ਜਿਹੜੀ ਜਦੋਂ ਚਾਹੇ ਦੇਸ਼ਾਂ ਦੀਆਂ ਹੱਦਾਂ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੀ ਸੀ। ਚਿੜੀ ਦਾ ਚੈਲਿੰਜ ਕਬੂਲ ਕਰਦਿਆਂ ਹੀ ਜਗਮਿੰਦਰ ਨੇ ਆਪਣੀਆਂ ਲੱਤਾਂ ਚੌੜੀਆਂ ਕਰਕੇ ਪਸਾਰ ਲਈਆਂ ਉਸ ਵਿਚਲੀ ਚਿੱਟੀ ਲਕੀਰ ਦੇ ਆਰ-ਪਾਰ ਅਤੇ ਜੇਤੂ ਅੰਦਾਜ਼ ਵਿਚ ਮੁਸਕਰਾਇਆ।
''ਲਓ ਮੈਂ ਇਸ ਵੇਲੇ ਦੋਹਾਂ ਦੇਸ਼ਾਂ ਵਿਚ ਖੜੋਤਾ 'ਜੇ..''
ਅੱਗੇ ਗਏ ਤਾਂ ਪ੍ਰਬੰਧਕਾਂ ਨੇ ਭਲਵਾਨਾਂ ਨੂੰ ਲੈਣ ਲਈ ਬੱਸ ਭੇਜੀ ਹੋਈ ਸੀ। ਸੜਕ ਦੇ ਇਕ ਪਾਸੇ ਗੱਡੀ ਲਾਈ ਪਠਾਣੀ ਸਲਵਾਰ ਕਮੀਜ਼ ਵਿਚ ਫੱਬ ਫੱਬ ਪੈਂਦਾ 'ਵਹੀ ਭਲਵਾਨ' ਖੜੋਤਾ ਸੀ। ਕਰਤਾਰ ਨੇ ਵੇਖਦਿਆਂ ਹੀ ਪਛਾਣ ਲਿਆ। ਨਜ਼ਰਾਂ ਨਾਲ ਮੁਸਕਰਾਉਂਦੀਆਂ ਨਜ਼ਰਾਂ ਮਿਲੀਆਂ ਤਾਂ 'ਵਹੀ' ਨੇ ਭਲਵਾਨਾਂ ਦੀ ਭੀੜ ਵਿਚੋਂ ਕਰਤਾਰ ਦਾ ਗੋਰਾ ਮੁਖ ਆਪਣੇ ਦਿਲ ਵਿਚ ਬੈਠੇ ਕਰਤਾਰ ਨਾਲ ਮਿਲਾ ਕੇ ਵੇਖ ਲਿਆ।
ਦੂਜੇ ਪਲ ਦੋਵੇਂ ਜਣੇਂ ਇਕ ਦੂਜੇ ਦੀ ਗਲਵੱਕੜੀ ਵਿਚ ਘੁੱਟੇ ਹੋਏ ਸਨ। ਸਾਲਾਂ ਤੋਂ ਵਿਛੜੇ ਭਰਾ ਜਿਵੇਂ ਮਿਲ ਪਏ ਹੋਣ। ਇਹ ਕੈਸੀ ਮੁਹੱਬਤ ਸੀ! ਜਿਵੇਂ ਉਮਰਾਂ ਦੀ ਆਪਸੀ ਜਾਣ-ਪਛਾਣ ਹੋਵੇ।
''ਭਾ ਕਰਤਾਰ ਸਿਅ੍ਹਾਂ! ਸਾਡੀਆਂ ਤਾਂ 'ਡੀਕ' ਡੀਕ ਅੱਖਾਂ ਪੱਕ ਗਈਆਂ ਨੇ..'' ਵਹੀ ਦੇ ਬੋਲਾਂ 'ਚੋਂ ਮੋਹ ਵਹਿ ਰਿਹਾ ਸੀ।
ਉਸਨੇ ਕਰਤਾਰ ਨੂੰ ਆਪਣੀ ਗੱਡੀ ਵਿਚ ਬਿਠਾਇਆ। ਇਕ ਦੋ ਹੋਰ ਭਲਵਾਨ ਨਾਲ ਬਿਠਾਏ ਅਤੇ ਲਾਹੌਰ ਨੂੰ ਚੱਲ ਪਿਆ। ਬਾਕੀ ਟੋਲਾ ਪ੍ਰਬੰਧਕਾਂ ਦੀ ਬੱਸ ਰਾਹੀਂ ਨਿਸ਼ਚਿਤ ਨਿਵਾਸ ਅਸਥਾਨ ਤੇ ਪਹੁੰਚਾ ਦਿੱਤਾ। ਪਰ ਵਹੀ ਕਰਤਾਰ ਹੁਰਾਂ ਨੂੰ ਆਪਣੇ ਡੇਰੇ ਲੈ ਗਿਆ। ਕਦੀ ਖਾਣ ਲਈ ਸੁੱਕੇ ਮੇਵੇ ਆਉਣ ਤੇ ਕਦੀ ਭੁੱਜਿਆ ਹੋਇਆ ਕਬਾਬ, ਕਦੀ ਪੀਣ ਲਈ ਜੂਸ ਆਵੇ ਤੇ ਕਦੀ ਸੂਪ। ਉਹ ਕਰਤਾਰ ਹੁਰਾਂ ਨੂੰ ਆਪਣੇ ਤਨੋਂ ਮਨੋਂ ਰਜਾ ਦੇਣਾ ਚਾਹੁੰਦਾ ਸੀ। ਰੱਜੇ ਹੋਏ ਭਲਵਾਨ ਹੱਥ ਖੜੇ ਕਰ ਰਹੇ ਸਨ ਪਰ ਵਹੀ ਨੂੰ ਅਜੇ ਵੀ ਰੱਜ ਨਹੀਂ ਸੀ ਆਉਂਦਾ। ਉਹਨੇ ਭਲਵਾਨਾਂ ਨੂੰ ਗੱਡੀ ਵਿਚ ਬਿਠਾਇਆ ਤੇ ਲਾਹੌਰ ਦਾ ਕੋਨਾ ਕੋਨਾ ਵਿਖਾਉਣ ਲੱਗਾ। 10 ਵਜੇ ਤੋਂ ਲੈ ਕੇ ਸ਼ਾਮ ਤੱਕ ਵਹੀ ਉਹਨਾਂ ਨੂੰ ਲੈ ਕੇ ਉਡਿਆ ਫਿਰਦਾ ਰਿਹਾ। ਆਖ਼ਿਰ ਉਹ ਅਗਲੇ ਦਿਨ ਮਿਲਣ ਦਾ ਵਾਅਦਾ ਕਰਕੇ ਉਹਨਾਂ ਨੂੰ ਉਸ ਹੋਟਲ ਵਿਚ ਛੱਡ ਗਿਆ, ਜਿੱਥੇ ਸਾਰੀ ਟੀਮ ਠਹਿਰੀ ਹੋਈ ਸੀ ਅਤੇ ਜਿੱਥੇ ਰਾਤ ਰਹਿਣਾ ਉਹਨਾਂ ਲਈ ਲਾਜ਼ਮੀ ਸੀ।
ਅਗਲੇ ਦਿਨ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਸੀ। ਕਰਤਾਰ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਜਾ ਆਇਆ ਸੀ। ਓਦੋਂ ਪਾਕਿਸਤਾਨ ਵੱਲੋਂ ਮੁਹੰਮਦ ਅਲੀ ਜਿਨਾਹ ਦੇ ਨਾਂ ਉਪਰ 'ਕਾਇਦੇ-ਆਜ਼ਮ ਅੰਤਰ ਰਾਸ਼ਟਰੀ ਰੈਸਲਿੰਗ ਟੂਰਨਾਮੈਂਟ' ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਵਿਚ ਕਰਤਾਰ, ਜਗਮਿੰਦਰ, ਅਸ਼ੋਕ ਕੁਮਾਰ, ਈਸ਼ਵਰ ਲਾਲ, ਰਾਜਿੰਦਰ ਚਾਂਦ ਤੇ ਜਗਦੀਸ਼ ਕੁਮਾਰ ਨੇ ਭਾਗ ਲਿਆ ਸੀ। ਕਰਤਾਰ ਦਾ ਨਾਂ ਪਹਿਲਾਂ ਹੀ ਪਾਕਿਸਤਾਨ ਵਿਚ ਪ੍ਰਸਿੱਧ ਹੋ ਚੁੱਕਾ ਸੀ। ਉਸਨੇ ਪਿਛਲੇ ਸਮੇਂ ਵਿਚ ਭਾਰਤ ਤੇ ਪਾਕਿਸਤਾਨ ਵਿਚੋਂ ਕਿਸੇ ਵੀ ਭਲਵਾਨ ਨਾਲ ਘੁਲਣ ਦਾ ਚੈਲਿੰਜ ਕੀਤਾ ਹੋਇਆ ਸੀ। ਇਸ ਲਈ ਕਰਾਚੀ ਵਿਚ ਹੋਏ ਇਸ ਮੁਕਾਬਲੇ ਵਿਚ ਕਰਤਾਰ ਸਭ ਦੀਆਂ ਨਜ਼ਰਾਂ ਦਾ ਧੁਰਾ ਸੀ। ਇੱਥੇ ਕਰਤਾਰ ਨੇ ਕਰ ਵੀ ਕਮਾਲ ਦਿੱਤੀ ਸੀ। ਕਰਤਾਰ ਦਾ ਆਪਣੇ ਵਜ਼ਨ ਵਿਚ ਦੋ ਇਰਾਕੀ ਅਤੇ ਇਕ ਪਾਕਿਸਤਾਨੀ ਭਲਵਾਨ ਨਾਲ ਮੁਕਾਬਲਾ ਹੋਇਆ। ਕਰਤਾਰ ਨੇ ਤਿੰਨ੍ਹਾਂ ਹੀ ਭਲਵਾਨਾਂ ਨੂੰ ਖੰਘਣ ਨਾ ਦਿੱਤਾ ਅਤੇ ਵਾਰੀ ਵਾਰੀ ਸਭ ਨੂੰ ਪਹਿਲੇ ਹੀ ਰਾਊਂਡ ਵਿਚ ਚਿੱਤ ਕਰ ਦਿੱਤਾ। ਸਾਰੇ ਪਾਕਿਸਤਾਨ ਵਿਚ ਕਰਤਾਰ ਦੀਆਂ ਧੁੰਮਾਂ ਪੈ ਗਈਆਂ। ਓਦੋਂ ਕਰਤਾਰ ਦੇ ਨਾਲ ਜਗਮਿੰਦਰ ਅਤੇ ਅਸ਼ੋਕ ਨੇ ਵੀ ਸੋਨੇ ਦੇ ਤਮਗ਼ੇ ਜਿੱਤੇ।
ਹੁਣ ਪਾਕਿਸਤਾਨੀ ਦਰਸ਼ਕਾਂ ਦੀਆਂ ਨਜ਼ਰਾਂ ਕਰਤਾਰ ਉੱਤੇ ਟਿਕੀਆਂ ਹੋਈਆਂ ਸਨ। ਕਰਤਾਰ ਦੀ ਪਹਿਲੀ ਕੁਸ਼ਤੀ ਜਪਾਨੀ ਭਲਵਾਨ ਨਾਲ ਹੋਈ ਅਤੇ ਕਰਤਾਰ ਨੇ ਥੋੜ੍ਹੇ ਹੀ ਸਮੇਂ ਵਿਚ ਪੰਜ ਅੰਕ ਹਾਸਲ ਕਰ ਲਏ। ਜਪਾਨੀ ਨੇ ਲਾਲ ਘੇਰੇ ਤੋਂ ਬਾਹਰ ਦੋ ਵਾਰ ਢਾਕ ਮਾਰੀ ਤੇ ਤਿੰਨ ਤਿੰਨ ਅੰਕ ਹਾਸਲ ਕਰ ਲਏ। ਕਰਤਾਰ ਨੂੰ ਲੱਗਾ ਕਿ ਨੇਮਾਂ ਮੁਤਾਬਕ ਲਾਲ ਘੇਰੇ ਤੋਂ ਬਾਹਰ ਢਾਕ ਮਾਰਨ ਦੇ ਇਹ ਠੀਕ ਅੰਕ ਨਹੀਂ ਮਿਲੇ। ਪਰ ਰੈਫ਼ਰੀਆਂ ਦਾ ਫ਼ੈਸਲਾ ਸਿਰ ਮੱਥੇ! ਕਰਤਾਰ ਨੇ ਖਿੜੇ ਮੱਥੇ ਇਸਨੂੰ ਪ੍ਰਵਾਨ ਕਰ ਲਿਆ ਅਤੇ 6-5 ਨਾਲ ਆਪਣੀ ਹਾਰ ਤਸਲੀਮ ਕਰ ਲਈ। ਰਊਂ ਰਊਂ ਕਰਨਾ ਉਸਨੂੰ ਚੰਗਾ ਨਹੀਂ ਸੀ ਲੱਗਦਾ। ਕਰਤਾਰ ਦੀ ਦੂਸਰੀ ਕੁਸ਼ਤੀ ਇੰਡੋਨੇਸ਼ੀਆ ਦੇ ਭਲਵਾਨ ਨਾਲ ਹੋਈ। ਜਪਾਨੀ ਨਾਲ ਹੋਈ ਕੁਸ਼ਤੀ ਦੀ ਹਾਰ ਨੇ ਉਹਦਾ ਅੰਦਰ ਤਾਇਆ ਹੋਇਆ ਸੀ। ਅਜੇ ਲੋਕ ਕੁਸ਼ਤੀ ਵੇਖਣ ਲਈ ਧੌਣਾਂ ਹੀ ਸਿੱਧੀਆਂ ਕਰ ਰਹੇ ਸਨ ਕਿ ਕਰਤਾਰ ਨੇ ਵਿਰੋਧੀ ਭਲਵਾਨ ਨੂੰ ਢਾਕ ਮਾਰਕੇ ਹੇਠਾਂ ਸੁੱਟ ਲਿਆ ਅਤੇ ਪੰਦਰਾਂ ਸਕਿੰਟਾਂ ਦੇ ਅੰਦਰ-ਅੰਦਰ 'ਅਲੀ-ਅਲੀ' ਕਰਦਾ ਮੈਟ ਉੱਪਰ ਜੇਤੂ ਹੋ ਕੇ ਬੁੜ੍ਹਕਣ ਲੱਗਾ।
ਅਗਲੇ ਦਿਨ ਕਰਤਾਰ ਦਾ ਮੁਕਾਬਲਾ ਪਾਕਿਸਤਾਨੀ ਭਲਵਾਨ ਨਾਲ ਸੀ। ਲਾਹੌਰ ਦੇ ਦਰਸ਼ਕਾਂ ਦੇ ਇਸ ਮੁਕਾਬਲੇ ਨੂੰ ਵੇਖਣ ਲਈ ਚਿੱਤ ਕਾਹਲੇ ਪਏ ਹੋਏ ਸਨ। ਜਪਾਨੀ ਨਾਲ ਜ਼ੋਰਦਾਰ ਕੁਸ਼ਤੀ ਕਾਰਨ ਕਰਤਾਰ ਦਾ ਜਿਸਮ ਆਕੜਿਆ ਪਿਆ ਸੀ।
''ਕਰਤਾਰ! ਮੈਂ ਤੇਰਾ ਇਲਾਜ ਕਰਦਾਂ। ਤੂੰ ਫ਼ਿਕਰ ਨਾ ਕਰ।'' ਵਹੀ ਭਲਵਾਨ ਨੇ ਆਖਿਆ।
ਉਸਨੇ ਵਿਸ਼ੇਸ਼ ਪ੍ਰਕਾਰ ਦਾ ਤੇਲ ਮੰਗਵਾਇਆ। ਕਰਤਾਰ ਨੇ ਪਹਿਲਾਂ ਇਹ ਤੇਲ ਨਹੀਂ ਸੀ ਵੇਖਿਆ।
''ਕਾਹਦਾ ਤੇਲ ਐ ਇਹ?''
''ਇਹ ਜੈਤੂਨ ਦਾ ਤੇਲ ਹੈ। ਲਿਆ ਮੈਂ ਤੇਰੀ ਇਹਦੇ ਨਾਲ ਮਾਲਿਸ਼ ਕਰਦਾ ਹਾਂ। ਇਹ ਬੜਾ ਗਰਮ ਹੁੰਦੈ। ਸਰੀਰ ਨੂੰ ਫੁੱਲ ਵਾਂਗ ਕਰ ਦਊ..''
ਉਹ ਕੱਪੜੇ ਲਾਹ ਕੇ ਕਰਤਾਰ ਦੀ ਮਾਲਿਸ਼ ਕਰਨ ਲੱਗਾ। ''ਧੱਪ!ਧੱਪ!'' ਉਹ ਤਲੀਆਂ ਨਾਲ ਮਾਲਿਸ਼ ਕਰ ਰਿਹਾ ਸੀ ਅਤੇ ਕਰਤਾਰ ਦਾ ਸਰੀਰ ਖੁੱਲ੍ਹਣਾ ਸ਼ੁਰੂ ਹੋ ਗਿਆ ਸੀ। ਜਦੋਂ ਕਰਤਾਰ ਦੀ ਤਸੱਲੀ ਹੋ ਗਈ ਤਾਂ ਉਸਨੇ ਤੇਲ ਵਾਲੇ ਹੱਥ ਸਾਫ਼ ਕਰਦਿਆਂ ਆਪਣੀ ਰੀਝ ਪ੍ਰਗਟਾਈ:
''ਸਾਡੇ ਭਰਾ ਨੂੰ ਫ਼ਤਿਹ ਨਸੀਬ ਹੋਏਗੀ.. ਇਨਸ਼ਾ ਅੱਲਾ..''
ਦੂਜੇ ਪਾਸੇ ਪਾਕਿਸਤਾਨੀ ਭਲਵਾਨ ਸੀ ਹਮ-ਮਜ੍ਹਬ ਅਤੇ ਹਮ-ਦੇਸ਼ ਪਰ ਵਹੀ ਭਲਵਾਨ ਦਾ 'ਭਰਾ' ਕਰਤਾਰ ਹੀ ਸੀ।
ਕੁਸ਼ਤੀ ਸਮੇਂ ਲਾਹੌਰੀਏ ਜਿਵੇਂ ਸਟੇਡੀਅਮ ਵੱਲ ਧਾਹ ਕੇ ਆ ਪਏ ਹੋਣ। ਦੋਵੇਂ ਪੰਜਾਬੀ ਭਲਵਾਨ ਸਨ... ਪਰ ਵੱਖ-ਵੱਖ ਦੇਸ਼ਾਂ ਦੇ। ਕਰਤਾਰ ਵੀ ਉਹਨਾਂ ਲਈ ਓਪਰਾ ਨਹੀਂ ਸੀ। ਉਹ ਵੀ ਉਹਨਾਂ ਨੂੰ ਆਪਣਾ ਖ਼ੂਨ ਹੀ ਲੱਗਦਾ ਸੀ। ਪਹਿਲਾਂ ਤਾਂ ਪਾਕਿਸਤਾਨੀ ਦਰਸ਼ਕ ਪਾਕਿਸਤਾਨੀ ਭਲਵਾਨ ਨੂੰ ਹੱਲਾਸ਼ੇਰੀ ਦੇ ਰਹੇ ਸਨ ਪਰ ਜਦੋਂ ਕਰਤਾਰ ਉਸ ਉੱਤੇ ਹਟ ਹਟ ਕੇ ਵਾਰ ਕਰਨ ਲੱਗਾ ਅਤੇ ਇਕ ਤੋਂ ਬਾਦ ਇਕ ਅੰਕ ਬਟੋਰਨ ਲੱਗਾ ਤਾਂ ਦਰਸ਼ਕਾਂ ਨੇ ਉਸਨੂੰ ਹੌਂਸਲਾ ਦੇਣਾ ਸ਼ੁਰੂ ਕਰ ਦਿੱਤਾ। 'ਵਹੀ ਭਲਵਾਨ' ਦੀ ਆਵਾਜ਼ ਸਭ ਤੋਂ ਉੱਚੀ ਸੁਣੀਂਦੀ ਸੀ। ਪਾਕਿਸਤਾਨੀ ਭਲਵਾਨ ਮਸਾਂ ਇਕ ਅੰਕ ਹੀ ਪ੍ਰਾਪਤ ਕਰ ਸਕਿਆ। ਜਦ ਕਿ ਕਰਤਾਰ ਨੇ 12 ਅੰਕ ਹਾਸਲ ਕਰ ਲਏ ਸਨ। ਇੰਜ ਕਰਤਾਰ ਵੱਡੀ ਜਿੱਤ ਹਾਸਲ ਕਰਕੇ ਮੈਟ ਤੋਂ ਉਤਰਿਆ।
ਉਤਰਦਿਆਂ ਹੀ ਉਸ ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇੱਕ ਪਾਕਿਸਤਾਨੀ ਭਲਵਾਨ ਨੇ ਪੁੱਛਿਆ,
''ਭਲਵਾਨ ਜੀ! ਕਦੀ ਪੱਟੀ ਗਏ ਓ?''
ਕਰਤਾਰ ਹੱਸ ਪਿਆ।
''ਪੱਟੀ ਤਾਂ ਸਾਡੀ ਤਸੀਲ ਐ.. ਜਾਂਦੇ ਈ ਰਹੀਦਾ.. ਕਿਉਂ ਕੀ ਗੱਲ ਐ..?''
''ਮੇਰੀ ਜੰਮਣ-ਭੋਂ ਐ ਪੱਟੀ.. ਕਿੰਜ ਦੀ ਲੱਗਦੀ ਐ ਪੱਟੀ? ਭਲਵਾਨ ਜੀ ਕਿਧਰੇ ਪੱਟੀ ਵਿਖਾ ਦਿਓ ਨਾ... ਤੁਹਾਡਾ ਮੁਰੀਦ ਬਣ ਜਾਵਾਂ।... ਪੱਟੀ.. ਆਸਲਾਂ ਦੀ ਜੱਟੀ... ਜਿਨ ਸ਼ਹਿਰ ਵਸਾਇਆ ਪੱਟੀ.. ਕਦੀ ਪੱਟੀ ਦੇ ਬਜ਼ਾਰ ਵਿਚੋਂ ਦੀ ਲੰਘੇ ਓ... ਵਾਹ ਨੀ ਮੇਰੀ ਪੱਟੀਏ... ਕਿਹੋ ਜਿਹੀ ਹੈ ਹੁਣ ਸਾਡੀ ਪੱਟੀ ਸਾਡੇ ਵੱਡੇ ਵਡੇਰਿਆਂ ਦਾ ਸੋਹਣਾ ਸ਼ਹਿਰ !...'' ਢਲਦੀ ਉਮਰ ਦੇ ਭਲਵਾਨ ਦੀਆਂ ਅੱਖਾਂ 'ਚ ਪਾਣੀ ਸਿੰਮ ਆਇਆ ਸੀ। ਉਹਦਾ ਗੱਚ ਭਰ ਗਿਆ ਸੀ। ਉਸ ਤੋਂ ਅੱਗੇ ਬੋਲਿਆ ਨਾ ਜਾ ਸਕਿਆ।
ਲਾਹੌਰ ਵਿਚ ਘੁੰਮਦਿਆਂ ਤੇ ਲੋਕਾਂ ਨੂੰ ਮਿਲਦਿਆਂ ਕਰਤਾਰ ਨੂੰ ਬੜੇ ਹੀ ਸੁਖਾਵੇਂ ਅਨੁਭਵ ਹੋਏ। ਵੱਖ ਵੱਖ ਲੋਕ ਅੱਗੇ ਹੋ ਹੋ ਕੇ ਉਸਨੂੰ ਮਿਲਦੇ ਰਹੇ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕਰਤਾਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਸੁਰ ਸਿੰਘ ਹੈ ਤਾਂ ਆਸੇ ਪਾਸੇ ਦੇ ਪਿੰਡਾਂ ਤੋਂ ਉਜੜ ਕੇ ਆਏ ਲੋਕ ਉਸਨੂੰ ਮਿਲਣ ਲੱਗੇ। ਆਪਣੇ ਪੁਰਾਣੇ ਵਤਨ ਅਤੇ ਪਿੰਡਾਂ ਦੀਆਂ ਯਾਦਾਂ ਸਾਂਝੀਆਂ ਕਰਨ ਲੱਗੇ। ਸੁਰ ਸਿੰਘ ਤੋਂ ਉੱਠ ਕੇ ਗਿਆ ਇਕ ਬਜ਼ੁਰਗ ਮੁਸਲਮਾਨ ਕਰਤਾਰ ਨੂੰ ਜੱਫੀ ਪਾ ਕੇ ਮਿਲਿਆ ਤੇ ਫਿਰ ਉਹਦੇ ਸਿਰ 'ਤੇ ਪੁੱਤਾਂ ਵਾਂਗ ਪਿਆਰ ਦੇ ਕੇ ਪੁੱਛਣ ਲੱਗਾ,
''ਆਪਣੇ ਪਿੰਡ ਲਹੀਆਂ ਦੀ ਪੱਤੀ ਦਾ ਸੋਹਣ ਸੂੰਹ ਸੀ.. ਇਕ ਕਰਨੈਲ ਸੌਂਹ.. ਮਾਣਾ ਕੀ ਪੱਤੀ ਦਾ ਕੁੰਨਣ ਸੁੰਹ ਕਾਲੀਆ ਹੁੰਦਾ ਸੀ... ਭਾਈ ਗੁਰਚਰਨ ਸਿਹੁੰ ਹੁੰਦਾ ਸੀ ਬਾਬਿਆਂ 'ਚੋਂ ਇਕ.. ਬੜਾ ਆਲਾ ਡਮਾਕ ਸੀ ਉਹਦਾ... ਕੀ ਹਾਲ ਐ ਉਹਨਾਂ ਮੇਰੇ ਭਰਾਵਾਂ ਦਾ... ਤੇ ਬਲਵੰਤ ਸੁੰਹ ਜ਼ੈਲਦਾਰ... ਬੜੀ ਤੂਤੀ ਬੋਲਦੀ ਸੀ ਉਹਦੇ ਨਾਂ ਦੀ ਉਦੋਂ... ਮਾਸਟਰ ਲਾਲ ਸੁੰਹ ਜੋਸ਼ੀ ਦੀ ਸੁਣਾ.. ਕਿਵੇਂ ਐਂ ਹੁਣ?...''
ਉਹ ਸਾਰੇ ਦਾ ਸਾਰਾ ਪਿੰਡ ਤੇ ਉੱਥੋਂ ਦੇ ਲੋਕ ਇਕੋ ਵਾਰੀ ਆਪਣੇ ਗਲ ਨਾਲ ਲਾ ਲੈਣਾ ਚਾਹੁੰਦਾ ਸੀ।
ਕਰਤਾਰ ਪੁੱਛੇ ਗਏ ਬੰਦਿਆਂ ਬਾਰੇ ਬਣਦੀ ਸਰਦੀ ਜਾਣਕਾਰੀ ਦੇ ਰਿਹਾ ਸੀ। ਬਜ਼ੁਰਗ ਬੋਲੀ ਜਾ ਰਿਹਾ ਸੀ।
''ਸੁਰ ਸੁੰਹ ਪਿੰਡ ਦੇ ਕੋਈ ਲੇਖੇ ਸੀ ਜੱਟਾ। ਆਪਣਾ ਸ਼ੀਰੀ ਭਲਵਾਨ ਹੁੰਦਾ ਸੀ ਸੁਰਸਿੰਘੀਆ। ਸਾਰੇ ਪਹਾਰੇ ਵਿਚ ਉਹਦੇ ਨਾਂ ਦਾ ਝੰਡਾ ਝੁਲਦਾ ਸੀ। ਸੁਰ ਸਿੰਘ ਦੀਆਂ ਉਹ ਉੱਚੀਆਂ ਘਾਟੀਆਂ.... ਵਿੰਗ ਵਲੇਵੇਂ ਖਾਂਦੀਆਂ ਗਲੀਆਂ... ਜਿੱਥੇ ਅਸੀਂ ਅੱਧੀ ਰਾਤ ਤੱਕ ਲੁਕਣ ਮੀਟੀ ਖੇਡਦੇ ਰਹਿੰਦੇ ਸਾਂ...''
ਬਜ਼ੁਰਗ ਮੁਸਲਮਾਨ ਕਰਤਾਰ ਦੀਆਂ ਅੱਖਾਂ ਵਿਚੋਂ ਦਿਸਦੇ ਸੁਰ ਸਿੰਘ ਨੂੰ ਨਜ਼ਰਾਂ ਹੀ ਨਜ਼ਰਾਂ ਰਾਹੀਂ ਆਪਣੇ ਅੰਦਰ ਉਲੱਦ ਲੈਣਾ ਚਾਹੁੰਦਾ ਸੀ। ਗੱਲਾਂ ਕਰਦੇ ਕਰਦੇ ਦਾ ਉਹਦਾ ਗੱਚ ਭਰ ਆਇਆ।
''ਹਾਇ! ਇਹ ਲੀਡਰਾਂ ਦੀਆਂ ਕਰਤੂਤਾਂ... ਇਕ ਲੀਕ ਨਾਲ ਚੀਰ ਕੇ ਰੱਖ ਤਾ ਭਰਾਵਾਂ ਨੂੰ ਅੱਡ ਅੱਡ ਕਰਕੇ... ਅੱਜ ਵੀ ਰਾਤ ਨੂੰ ਸੁਫ਼ਨਾ ਆਵੇ ਤਾਂ ਸੁਰ ਸੁੰਹ ਦੇ ਖੇਤਾਂ ਬੰਨਿਆਂ 'ਤੇ ਤੁਰਿਆਂ ਫਿਰੀਦਾ.. ਪਰ ਸਾਡੀ ਕਿਸਮਤ 'ਚ ਕਿੱਥੇ ਹੁਣ ਸੁਰ ਸਿੰਘ ਦੇ ਦਰਸ਼ਨ!... ਮਰ ਜਾਵਾਂਗੇ ਏਦਾਂ ਹੀ ਆਪਣੀ ਜੰਮਣ ਭੋਂ ਨੂੰ ਵੇਖਣ ਲਈ ਵਿਲਕਦੇ ਹੋਏ..''
ਬਜ਼ੁਰਗ ਦੀ ਸੱਜੀ ਅੱਖ 'ਚੋਂ ਇਕ ਹੰਝੂ ਕਿਰਿਆ 'ਤੇ ਉਹਦੀ ਗੱਲ੍ਹ 'ਤੇ ਤਿਲਕ ਆਇਆ।
''ਹੌਂਸਲਾ ਕਰ ਬਾਬਾ!'' ਵਹੀ ਭਲਵਾਨ ਨੇ ਉਹਦੇ ਮੋਢੇ 'ਤੇ ਹੱਥ ਰੱਖਿਆ।
ਏਨੇ ਨੂੰ ਇਕ ਹੋਰ ਜਣਾ ਅੱਗੇ ਵਧਿਆ।
''ਭਲਵਾਨਾ, ਭਿੱਖੀਵਿੰਡ ਵੀ ਕਦੀ ਗਿਐਂ ?''
''ਬੜੀ ਵਾਰ, ਨਾਲ ਹੀ ਤਾਂ ਐ। ਤਿੰਨ ਕੁ ਮੀਲ ਦੂਰ..''
''ਸਾਡਾ ਪਿੰਡ ਆ ਉਹ...''
''ਫਿਰ ਤਾਂ ਤੂੰ ਸਾਡਾ ਮਾਮਾ ਹੋਇਓਂ।''
ਕਰਤਾਰ ਨੇ ਆਖਿਆ। ਉਸਦੇ ਨਾਨਕੇ ਭਿੱਖੀਵਿੰਡ ਜੂ ਹਨ। ਸਾਰੇ ਹਾਸਾ ਪੈ ਗਿਆ।
''ਭਾਣਜਿਆ! ਕਿਧਰ ਨਾਨਕੇ ਸੀ ਤੇਰੇ?''
''ਕੇਸਰ ਸੁੰਹ ਸੰਧੂ ਹੁਰਾਂ ਵੱਲ਼.''
''ਤੂੰ ਬੀਬੀ ਪ੍ਰੀਤੋ ਦਾ ਕਾਕਾ ਏਂ...''
ਕਮਾਲ ਹੋ ਗਈ ਸੀ। 'ਮਾਮਾ ਭਣੇਵਾਂ' ਗਲਵੱਕੜੀ ਵਿਚ ਕੱਸੇ ਗਏ ਸਨ।
ਅਗਲਾ ਦਿਨ ਵਾਪਸੀ ਦਾ ਦਿਨ ਸੀ। ਉਸ ਦਿਨ ਸਵੇਰ ਤੋਂ ਹੀ ਵਹੀ ਭਲਵਾਨ ਉਹਨਾਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਘੁੰਮਾਉਂਦਾ ਫਿਰਿਆ... ਪਿਆਰੇ ਸ਼ਹਿਰ ਲਾਹੌਰ ਵਿਚ। ਉਹ ਇਸ ਦਿਨ ਨੂੰ ਖਿੱਚ ਕੇ ਵੱਧ ਤੋਂ ਵੱਧ ਲੰਮਾ ਕਰ ਲੈਣਾ ਚਾਹੁੰਦਾ ਸੀ। ਪਰ ਇਹ ਸੰਭਵ ਨਹੀਂ ਸੀ। ਵਿਛੜਨ ਦੀਆਂ ਘੜੀਆਂ ਨੇੜੇ ਆ ਰਹੀਆਂ ਸਨ। ਉਹ ਇਕ ਬਹੁਤ ਵੱਡੀ ਦੁਕਾਨ ਵਿਚ ਵੜਿਆ ਜਿੱਥੋਂ ਉਸਨੇ ਕਰਤਾਰ ਦੇ ਨਾਂਹ ਨਾਂਹ ਕਰਦਿਆਂ ਵੀ ਦੋ ਪਠਾਣੀ ਸੂਟ (ਸਲਵਾਰ ਤੇ ਕਮੀਜ਼) ਕਰਤਾਰ ਲਈ ਖ਼ਰੀਦੇ ਅਤੇ ਇਕ ਸੁਨਹਿਰੀ ਤਿੱਲੇ ਵਾਲੀ ਸ਼ਾਨਦਾਰ ਚੱਪਲ। ਉਹ ਕਹਿੰਦਾ ਸੀ ਜਦੋਂ ਕਰਤਾਰ ਇਹ ਕੱਪੜੇ ਪਾਇਆ ਕਰੇਗਾ ਤਾਂ ਉਸਨੂੰ ਉਹਦੀ ਯਾਦ ਆਵੇਗੀ।
ਤੁਰਨ ਦਾ ਸਮਾਂ ਹੋ ਗਿਆ ਸੀ।
ਵਹੀ ਭਲਵਾਨ ਵਾਘੇ ਤੱਕ ਨਾਲ ਆਇਆ। ਜਦੋਂ ਉਹਦੀ ਗੱਡੀ ਤੋਂ ਉਤਰ ਕੇ ਕਰਤਾਰ ਨੇ ਭਾਰਤ ਦੀ ਹੱਦ ਵੱਲ ਵਧਣ ਤੋਂ ਪਹਿਲਾਂ ਵਹੀ ਨਾਲ ਹੱਥ ਮਿਲਾ ਕੇ ਉਸਨੂੰ ਗਲ ਨਾਲ ਲਾਇਆ ਤਾਂ ਦੋਹਾਂ ਦੀਆਂ ਧਾਹੀਂ ਨਿਕਲ ਗਈਆਂ। ਉਹ ਬੱਚਿਆਂ ਵਾਂਗ ਵਿਲਕ ਵਿਲਕ ਕੇ ਰੋਣ ਲੱਗੇ। ਏਨੇ ਵੱਡ-ਆਕਾਰੀ ਜਾਨਦਾਰ ਭਲਵਾਨ, ਵੇਖਣ ਨੂੰ ਲੋਹੇ ਦੀ ਲੱਠ ਵਾਂਗ ਮਜ਼ਬੂਤ। ਇਹ ਉਹਨਾਂ ਨੂੰ ਕੀ ਹੋ ਗਿਆ ਸੀ! ਪਰ ਇਹ ਤਾਂ ਹੋਣਾ ਹੀ ਸੀ। ਮੁਹੱਬਤ ਦੇ ਰਿਸ਼ਤੇ 'ਚ ਵਿਛੜਨ ਲੱਗਿਆ ਇੰਜ ਹੀ ਹੁੰਦਾ ਹੈ। ਜਦੋਂ ਲੋਹਾ ਵੀ ਪਾਣੀ ਬਣ ਜਾਂਦਾ ਹੈ।
ਇਧਰ ਆ ਕੇ ਜਦੋਂ ਕਰਤਾਰ ਉਹ ਪਠਾਣੀ ਸੂਟ ਅਤੇ ਤਿੱਲੇ ਵਾਲੀ ਸੁਨਹਿਰੀ ਚੱਪਲ ਪਾਕੇ ਬਾਹਰ ਨਿਕਲਦਾ ਤਾਂ ਉਹਦੀ ਫੱਬ ਫੱਬ ਪੈਂਦੀ ਦਿਖ ਵੱਲ ਦੇਖ ਕੇ ਲੋਕਾਂ ਅਤੇ ਵਿਸ਼ੇਸ਼ ਕਰਕੇ ਭਲਵਾਨਾਂ ਵਿਚ ਅਜਿਹੇ ਸੂਟ ਸੁਆਉਣ ਪਾਉਣ ਦਾ ਤਾਂ ਇਕ ਤਰ੍ਹਾਂ ਫੈਸ਼ਨ ਹੀ ਚੱਲ ਪਿਆ ਸੀ।
ਭਾਰਤ-ਪਾਕਿ ਸੰਬੰਧਾਂ ਬਾਰੇ ਚਰਚਾ ਕਰਦਿਆਂ ਮੈਂ ਕਿਤੇ ਲਿਖਿਆ ਸੀ ਕਿ ਅਸੀਂ ਦੋਹਾਂ ਧਿਰਾਂ ਨੇ ਇਕ ਦੂਜੇ ਦੀਆਂ ਬਥੇਰੀ ਵਾਰ ਬਾਹਵਾਂ ਭੰਨ ਕੇ ਵੇਖ ਲਈਆਂ ਹਨ ਇਸ ਲਈ ਆਓ! ਹੁਣ ਬਾਹਵਾਂ ਇਕ ਦੂਜੇ ਦੇ ਗਲੇ ਵਿੱਚ ਵੀ ਪਾ ਕੇ ਵੇਖੀਏ।
('ਕੁਸ਼ਤੀ ਦਾ ਧਰੂ-ਤਾਰਾ ਕਰਤਾਰ’ ਵਿੱਚੋਂ)