Dilgir Singh (Punjabi Story) : Afzal Tauseef

ਦਿਲਗੀਰ ਸਿੰਘ (ਕਹਾਣੀ) : ਅਫ਼ਜ਼ਲ ਤੌਸੀਫ਼

ਇਹ ਕਹਾਣੀ ਮੈਂ ਆਪਣੇ ਤਾਏ ਕੋਲੋਂ ਸੁਣੀ। ਤਾਏ ਨੂੰ ਇਹ ਕਹਾਣੀ ਉਸ ਵੇਲੇ ਲੱਭੀ, ਜਦੋਂ ਉਹ ਆਪਣੇ ਪਿੰਡੋਂ ਲੁੱਟਿਆ ਪੁੱਟਿਆ, ਵੇਲੇ ਦਾ ਮਾਰਿਆ ਲਾਹੌਰ ਆ ਵੜਿਆ। ਫਿਰ ਕੁਝ ਦਿਨਾਂ ਪਿੱਛੋਂ ਉਹ ਵਾਲਟਨ ਦੇ ਪਨਾਹਗੀਰ ਕੈਂਪ ਛੱਡ ਕੇ ਸ਼ੇਖੂਪੁਰੇ ਦੇ ਇੱਕ ਪਿੰਡ ਵਸਣ ਲਈ ਚਲੇ ਗਿਆ। ਉਥੇ ਉਹਨੂੰ ਕੁਝ ਖੇਤ ‘ਗੁਜ਼ਾਰਾ ਯੂਨਿਟ’ ਦੇ ਹਿਸਾਬ ਵਿਚ ਅਲਾਟ ਹੋਏ ਸੀ। ਉਸ ਖੇਤ ਦੇ ਬੰਨੇ ‘ਤੇ ਬੈਠਾ ਉਹ ਕਹਾਣੀ ਵਾਲਾ ਮਿਲਿਆ। “ਇਹ ਦਿਲਗੀਰ ਸਿੰਘ ਏ”, ਤਾਏ ਨੂੰ ਪਟਵਾਰੀ ਨੇ ਦੱਸਿਆ। ਤਾਏ ਨੇ ਵੇਖਿਆ, ਬਹੁਤ ਮੈਲੇ ਕੱਪੜੇ ਪਾਈ ਇੱਕ ਜਵਾਨ ਸਿਰ ਨੀਵਾਂ ਕਰੀ ਭੁੰਜੇ ਬੈਠਾ ਕੁਝ ਲਿਖ-ਲਿਖ ਕੇ ਮੇਟੀ ਜਾਂਦਾ ਸੀ। ਪਟਵਾਰੀ ਉਥੋਂ ਦਾ ਪੁਰਾਣਾ ਵਾਸੀ ਸੀ। ਉਹਨੇ ਸਾਰੀ ਗੱਲ ਦੱਸੀ।
“ਇਹ ਸਿਖੜਾ ਅਜੇ ਵੀ ਇਥੇ ਈ ਮੁਰੱਬੇ ਨੂੰ ਚਿੰਬੜ ਕੇ ਬੈਠਾ ਹੋਇਆ ਏ। ਨਾ ਘਰਦਿਆਂ ਨਾਲ ਗਿਆ, ਨਾ ਪਿੰਡ ਦਿਆਂ ਨਾਲ਼…ਹਾ ਹਾ।”
ਪਟਵਾਰੀ ਉਚੀ ਸਾਰੀ ਹੱਸਿਆ। ਤਾਏ ਨੂੰ ਉਹਦਾ ਹਾਸਾ ਚੰਗਾ ਨਾ ਲੱਗਿਆ। ਫਿਰ ਵੀ ਉਹ ਆਪਣੀ ਬਕਵਾਸ ਕਰਦਾ ਰਿਹਾ।
“ਰੱਸੀ ਸੜ ਗਈ, ਪਰ ਵੱਟ ਨਾ ਗਿਆ। ਇਹ ਹਾਲੇ ਵੀ ਆਪਣੇ ਆਪ ਨੂੰ ਮੁਰੱਬਿਆਂ ਵਾਲਾ ਸਮਝਦਾ ਏ। ਹਾ ਹਾ। ਇਹ ਥੋੜ੍ਹਾ ਜਿਹਾ ਗਵੱਈਆ ਵੀ ਏ।” ਫਿਰ ਮਾੜਾ ਜਿਹਾ ਖੰਘ ਕੇ ਆਖਣ ਲੱਗਾ, “ਕਿਉਂ ਭਾਈ ਸਰਦਾਰਾ! ਕਿੱਥੇ ਗਈ ਤੇਰੀ ਹੀਰ ਸਲੇਟੀ? ਪਤਾ ਏ ਮੁਰੱਬੇ ਦਾ ਨਵਾਂ ਮਾਲਕ ਆ ਗਿਆ ਏ। ਹੁਣ ਦੱਸ ਤੇਰਾ ਕੀ ਇਰਾਦਾ?”
ਦਿਲਗੀਰ ਸਿੰਘ ਨੇ ਪਟਵਾਰੀ ਦੀ ਗੱਲ ਵੱਲ ਧਿਆਨ ਹੀ ਨਾ ਦਿੱਤਾ। ਉਸੇ ਤਰ੍ਹਾਂ ਜ਼ਮੀਨ ‘ਤੇ ਬੈਠਾ ਆਪਣੀਆਂ ਉਂਗਲਾਂ ਨਾਲ ਕੁਝ ਲਿਖਦਾ ਰਿਹਾ। ਤਾਏ ਨੇ ਉਹਦੇ ਲਿਖੇ ਹੋਏ ਲਫਜ਼ ਪੜ੍ਹੇ:
ਗੱਡੀ ਆਈ ਏ ਖੁਦਾਈ ਵਾਲੀ,
ਉਠ ਵਿਦਿਆ ਕਰ ਬਾਲੋ,
ਸਾਡੀ ਰਾਤ ਜੁਦਾਈ ਵਾਲੀ।
ਪਟਵਾਰੀ ਚਲਾ ਗਿਆ ਤਾਂ ਦਿਲਗੀਰ ਸਿੰਘ ਉਠ ਕੇ ਤਾਏ ਕੋਲ ਆ ਗਿਆ। ਹੁਣ ਉਹ ਦੋਵੇਂ ਇਕ-ਦੂਜੇ ਨੂੰ ਵੇਖ ਰਹੇ ਸਨ। ਦੋਵਾਂ ਦੀਆਂ ਅੱਖਾਂ ਵਿਚ ਬਥੇਰਾ ਕੁਝ ਸੀ, ਪਰ ਉਹ ਨਫ਼ਰਤ ਨਹੀਂ ਸੀ ਜੀਹਦੇ ਤੂਫ਼ਾਨ ਖੜ੍ਹੇ ਕੀਤੇ ਗਏ ਸਨ। ਉਸੇ ਨਫ਼ਰਤ ਨੇ ਉਨ੍ਹਾਂ ਦੋਵਾਂ ਨੂੰ ਉਜਾੜ ਛੱਡਿਆ ਸੀ। ਬੜੀ ਹੈਰਾਨੀ ਨਾਲ ਉਹ ਇੱਕ-ਦੂਜੇ ਕੋਲੋਂ ਅੱਖਾਂ ਦੀ ਜ਼ੁਬਾਨੀ ਪੁੱਛ ਰਹੇ ਸਨ-ਕਿਵੇਂ, ਕਿੰਜ, ਕਿਹਦੀ ਕਰਨੀ?...ਉਹ ਦੋਵੇਂ ਇੱਕ ਹੁਸ਼ਿਆਰਪੁਰ ਦਾ, ਇੱਕ ਸ਼ੇਖੂਪੁਰੇ ਦਾ, ਇੱਕ-ਦੂਜੇ ਦੇ ਸਾਹਮਣੇ ਆਣ ਖਲੋਤੇ। ਵੇਲੇ ਨੇ ਕੀ ਕੀਤਾ? ਸ਼ਾਇਦ ਈ ਦੁਨੀਆਂ ਵਿਚ ਕਦੇ ਇਸ ਤਰ੍ਹਾਂ ਦੀ ਹੋਈ ਹੋਵੇ। ਉਨ੍ਹਾਂ ਦੀ ਚੁੱਪ ਦੇ ਅਰਥ ਬੇਹਿਸਾਬ ਸਨ, ਪਰ ਐਨੇ ਲਫਜ਼ ਕਿੱਥੋਂ ਆਉਂਦੇ। ਅਖ਼ੀਰ ਉਨ੍ਹਾਂ ਵਿਚੋਂ ਇੱਕ ਬੋਲਿਆ ਜਿਹਦਾ ਨਾਂ ਦਿਲਗੀਰ ਸਿਆਂ ਸੀ-“ਤੈਨੂੰ ਇਥੇ ਛੇ ਕਿੱਲੇ ਮਿਲੇ ਹੋਏ ਨੇ। ਹੈ ਨਾ? ਉਂਜ ਇਹ ਸਾਰਾ ਮੁਰੱਬਾ ਈ ਮੇਰਾ ਏ। ਨਾਲ ਵਾਲਾ ਵੀ ਮੇਰਾ ਏ। ਸਾਰੇ ਪਿੰਡ ਵਿਚ ਇਹ ਦੋ ਮੁਰੱਬੇ ਇੱਕ ਨੰਬਰ ਨੇ। ਮੈਂ ਆਪ ਕਮਾਏ ਨੇ, ਮੈਂ ਨਿੱਕਾ ਜਿਹਾ ਹੁੰਦਾ ਸਾਂ ਜਦੋਂ ਆਪਣੇ ਮਾਂ ਅਤੇ ਬਾਪੂ ਨਾਲ ਇਥੇ ਆਇਆ। ਇਹ ਜ਼ਮੀਨਾਂ ਉਜਾੜ ਸਨ, ਅਸਾਂ ਆਬਾਦ ਕੀਤੀਆਂ। ਇਹ ਸਾਰੀ ਮਿੱਟੀ ਮੈਂ ਆਪ ਕਮਾਈ ਏ, ਮੈਂ।” ਉਹਨੇ ਬਾਹਾਂ ਖਿਲਾਰ ਕੇ ਜਿਵੇਂ ਸਾਰੀ ਧਰਤੀ ਨੂੰ ਆਪਣੇ ਕਲਾਵੇ ਵਿਚ ਲੈਣਾ ਚਾਹਿਆ। ਫਿਰ ਦੋਵੇਂ ਮੁੱਠੀਆਂ ਭਰ ਕੇ ਮਿੱਟੀ ਉਹਨੇ ਆਪਣੇ ਖੁੱਲ੍ਹੇ ਗਲਮੇਂ ਅੰਦਰ ਸਾਰੇ ਪਿੰਡੇ ਉਤੇ ਧੂੜ ਲਈ। ਮਿੱਟੀ ਭਰੇ ਹੱਥ ਉਹਨੇ ਆਪਣੇ ਵਾਲਾਂ ਨਾਲ ਸਾਫ਼ ਕਰ ਲਏ।
ਉਹਨੇ ਗੰਨੇ ਅਤੇ ਕਪਾਹ ਨਾਲ ਭਰੇ ਖੇਤਾਂ ਵੱਲ ਇਸ਼ਾਰਾ ਕੀਤਾ, “ਇਹ ਸਾਰੀ ਫਸਲ, ਇਹ ਸਭ ਮੇਰੇ ਹੱਥਾਂ ਦੀ ਬੀਜੀ ਹੋਈ ਏ।”
ਦੂਜੇ ਪਾਸੇ ਮੂੰਜੀ ਦੀਆਂ ਪੈਲੀਆਂ, ਬਾਸਮਤੀ ਦੇ ਖ਼ੁਸ਼ਬੂਦਾਰ ਗੁੱਛਿਆਂ ਨਾਲ ਲੱਦੀਆਂ ਖੜ੍ਹੀਆਂ ਸਨ। ਮੂੰਜੀ ਦੀ ਫਸਲ ਹਾਲੀਂ ਗਿੱਠ-ਗਿੱਠ ਉਚੀ ਹੋਈ ਹੋਣੀ ਏ। ਬਰਸਾਤ ਦੀਆਂ ਫੁਹਾਰਾਂ ਵਿਚ ਨਹਾ ਕੇ ਉਨ੍ਹਾਂ ਦੀ ਖ਼ੂਬਸੂਰਤ ਹਰਿਆਲੀ ਨਿਖਰ ਰਹੀ ਸੀ। ਅਚਨਚੇਤੀ ਲਹੂ ਵਰ੍ਹਨ ਲੱਗਾ। ਆਂਧੀਆਂ ਗ਼ਮ ਕੀ ਐਸੀ ਚਲੀ...ਉਹ ਗ਼ਮ ਦੀ ਦੁਨੀਆਂ ਵਿਚ ਗਵਾਚਣ ਲੱਗਾ ਸੀ ਕਿ ਤਾਏ ਨੇ ਸਵਾਲ ਕਰ ਦਿੱਤਾ, “ਇਥੇ ਵੀ ਉਸੇ ਤਰ੍ਹਾਂ ਵੱਢ-ਟੁੱਕ ਹੋਈ?” ਤਾਏ ਨੇ ਆਪਣੀ ਵੱਢੀ ਹੋਈ ਬਾਂਹ ‘ਤੇ ਹੱਥ ਰੱਖਿਆ।
“ਹਾਂ, ਬੇਲੀਆ! ਇਥੇ ਵੀ ਸਭ ਕੁਝ ਹੋਇਆ। ਕਹਿਰ ਦੀ ਹਨ੍ਹੇਰੀ ਝੁੱਲ ਗਈ, ਸਭ ਕੁਝ ਉਡ-ਪੁੱਡ ਗਿਆ। ਮੇਰੇ ਦੋ ਭਰਾ ਸਨ, ਜਵਾਨ ਭੈਣ ਤੇ ਭਰਜਾਈ, ਹੋਰ ਮੇਰਾ…।” ਦਿਲਗੀਰ ਦੀ ਆਵਾਜ਼ ਬੈਠ ਗਈ। ਗਲ ਵਿਚ ਬੇਹਿਸਾਬ ਹਉਕੇ ਫਸ ਗਏ ਸਨ। ਉਹਨੇ ਕੌੜੇ ਅੱਥਰੂ ਘੁੱਟ ਭਰ ਕੇ ਪੀਤੇ। ਫਿਰ ਘੁੰਮ ਕੇ ਦੂਜੇ ਪਾਸੇ ਮੂੰਹ ਕਰ ਕੇ ਆਪ ਆਪਣੀਆਂ ਅੱਖਾਂ ਪੂੰਝ ਲਈਆਂ। “ਅਹੁ ਵੇਖ”, ਉਹਨੇ ਉਚੀ ਜਿਹੀ ਥਾਂ ਵੱਲ ਇਸ਼ਾਰਾ ਕੀਤਾ। ਉਸ ਥਾਂ ਕਈ ਨਿੱਕੀਆਂ-ਨਿੱਕੀਆਂ ਟਾਹਲੀਆਂ ਲਾਈਆਂ ਗਈਆਂ ਸਨ। “ਮੇਰੇ ਟੱਬਰ ਦੇ ਜੀਅ ਉਥੇ ਹੀ ਦੱਬੇ ਗਏ ਨੇ। ਮੈਂ ਉਨ੍ਹਾਂ ਦੇ ਹੱਡ ਅੱਗ ਦੇ ਹਵਾਲੇ ਨਹੀਂ ਕਰ ਸਕਿਆ, ਇਥੇ ਮਿੱਟੀ ਵਿਚ ਲੁਕੋ ਦਿੱਤੇ ਨੇ। ਹੁਣ ਮੈਂ ਆਪ ਵੀ ਇਥੇ ਹੀ ਆਂ। ਆਪਣੇ ਖੇਤ ਵਿਚ ਪਨਾਹਗੀਰ ਹੋਇਆ ਬੈਠਾ ਹਾਂ। ਮੇਰਾ ਕੋਈ ਨਹੀਂ। ਤੇਰੇ ਵਾਂਗ ਉਨ੍ਹਾਂ ਨੂੰ ਵੀ ਕਿਸੇ ਹੋਰ ਦੀ ਜ਼ਮੀਨ ‘ਤੇ ‘ਗੁਜ਼ਾਰਾ ਯੂਨਿਟ’ ਮਿਲ ਗਿਆ ਹੋਵੇ। ਥੋੜ੍ਹੇ ਬਹੁਤੇ ਰਿਸ਼ਤੇਦਾਰ ਖਬਰੇ ਕਾਫਲਿਆਂ ਨਾਲ ਰਲ ਕੇ ਹਿੰਦੁਸਤਾਨ ਚਲੇ ਗਏ ਹੋਣਗੇ।”
ਪਤਾ ਨਹੀਂ ਕਿਹੜੇ ਵੇਲੇ ਤਾਏ ਨੇ ਦਿਲਗੀਰ ਸਿੰਘ ਦੀ ਬਾਂਹ ਫੜ ਲਈ। ਦੁੱਖ-ਸੁੱਖ ਦੀਆਂ ਗੱਲਾਂ ਟੁਰ ਪਈਆਂ। ਉਹ ਦੋਵੇਂ ਕਿਸਾਨ ਸਨ। ਗੱਲਾਂ ਕਰਦੇ-ਕਰਦੇ ਉਨ੍ਹਾਂ ਦੇ ਹੱਥ ਕਪਾਹ ਦੀਆਂ ਫੁੱਟੀਆਂ ਚੁਗਣ ਲੱਗ ਪਏ। ਖਿੜ-ਖਿੜ ਹੱਸਦੀ ਕਪਾਹ ਕਿਸੇ ਚੁਗਣ ਵਾਲੇ ਹੱਥਾਂ ਦਾ ਇੰਤਜ਼ਾਰ ਕਰਦੀ ਉਦਾਸ ਜਿਹੀ ਹੋ ਗਈ ਸੀ। ਫੁੱਟੀ ਚੁਗਦਾ ਦਿਲਗੀਰ ਗੱਲਾਂ ਕਰੀ ਗਿਆ।
“ਮੇਰੀ ਕਪਾਹ ਵਰਗਾ ਫੁੱਲ ਇੱਥੇ ਕਿਸੇ ਖੇਤ ਵਿਚ ਨਹੀਂ ਖਿੜਦਾ। ਮੇਰੇ ਗੰਨਿਆਂ ਜਿੱਡੇ ਉਚੇ ਗੰਨੇ ਕਿਸੇ ਵੀ ਕਮਾਦੀ ਵਿਚ ਨਹੀਂ ਉਗਦੇ। ਮੇਰੇ ਚੌਲਾਂ ਦੀ ਖੁਸ਼ਬੂ ਰਾਵੀਓਂ ਪਾਰ ਜਾਂਦੀ ਏ।”
ਇੱਕ ਪਲ ਵਾਸਤੇ ਵੇਲੇ ਦੇ ਪਰਿੰਦੇ ਨੇ ਉਡਾਣ ਭਰੀ, ਮੇਰੇ ਚੌਲ, ਮੇਰੇ ਖੇਤ, ਮੇਰਾ ਘਰ........ਫਿਰ ਪੰਛੀ ਮੁੜ ਗਿਆ। ਉਹਦੇ ਖੰਭ ਕੱਟੇ ਗਏ ਸਨ। ਦਿਲਗੀਰ ਉਦਾਸ ਹੋ ਗਿਆ। ਭੋਲਾ ਕਿਸਾਨ ਲੁੱਟਿਆ, ਉਜੜਿਆ, ਜ਼ਖ਼ਮੀ, ਦਿਹਾਤੀ ਬੰਦਾ, ਸਿਆਸਤ ਵਾਲਿਆਂ ਦਾ ਸ਼ਿਕਾਰ, ਮਜ਼ਹਬ ਵਾਲਿਆਂ ਦਾ ਸ਼ਿਕਾਰ। ਚੁੱਪ ਦੇ ਦੋ ਪਲ ਲੰਘ ਗਏ।
“ਚੰਗਾ ਹੋਇਆ ਚੌਧਰੀ ਤੂੰ ਇਥੇ ਆ ਗਿਆ ਏਂ।” ਉਹ ਬੜੇ ਰਮਾਣ ਨਾਲ ਬੋਲਿਆ, “ਇਹ ਜ਼ਮੀਨ ਸੋਨਾ ਏ। ਤੂੰ ਸਾਰਾ ਮੁਰੱਬਾ ਆਪਣੇ ਨਾਂ ਪਵਾ ਲਈਂ। ਮੇਰੀ ਥਾਂ ਤੂੰ ਹਲ ਵਾਹੀਂ, ਪਰ ਵੇਖੀਂ ! ਉਸ ਥਾਂ ਦਾ ਧਿਆਨ ਰੱਖੀਂ, ਜਿੱਥੇ ਮੈਂ ਨਵੀਆਂ ਟਾਹਲੀਆਂ ਲਾਈਆਂ ਨੇ, ਉਨ੍ਹਾਂ ਥੱਲੇ ਮੇਰੀ ਅਮਾਨਤ ਏ।” ਫਿਰ ਉਹਨੇ ਤਾਏ ਦਾ ਹੱਥ ਫੜ ਲਿਆ, “ਮੈਂ ਵੀ ਪਨਾਹੀਂ, ਤੂੰ ਵੀ ਪਨਾਹੀਂ। ਸਾਡੇ ਵਿਚ ਫ਼ਰਕ ਕੀ ਏ? ਪਰ ਅੱਜ ਸਾਡੀ ਦੋਹਾਂ ਦੀ ਸੱਜਣੀ ਰੁੱਸ ਗਈ ਏ। ਅਸੀਂ ਬੇਠਿਕਾਣੇ ਹੋ ਗਏ ਆਂ।” ਉਹ ਦੋਵੇਂ ਧਰਤੀ ਦੇ ਪੁੱਤਰ ਬੈਠੇ ਰੋਂਦੇ ਰਹੇ।
ਤਾਏ ਨੇ ਰੋਟੀ ਲੱਸੀ ਖ਼ਾਤਰ ਦਿਲਗੀਰ ਨੂੰ ਆਖਿਆ, ਪਰ ਉਹ ਮੰਨਿਆ ਨਹੀਂ।
“ਉਥੇ ਪਿੰਡ ਵਿਚ ਹੁਣ ਮੇਰਾ ਕੀ ਏ। ਮੁੜ ਕਦੇ ਆਖੀਂ ਵੀ ਨਾ, ਨਹੀਂ ਤਾਂ ਮੇਰਾ ਸਾਹ ਨਿਕਲ ਜਾਊ।” ਫਿਰ ਉਹ ਗੀਤ ਜੋੜ ਕੇ ਲਿਖਣ ਲੱਗ ਪਿਆ:
ਸੁਫਨਿਆਂ ਦੇ ਹਵਾਲੇ
ਸੁਫਨਿਆਂ ਦੇ ਹਵਾਲੇ
ਮੇਰਾ ਪਿੰਡ, ਮੇਰਾ ਦਿਲ,
ਸਾਡੀ ਰਾਤ ਜੁਦਾਈ ਵਾਲੀ
ਵਿਦਿਆ ਕਰ ਬਾਲੋ।
ਕਈ ਦਿਨ ਇਸੇ ਤਰ੍ਹਾਂ ਗੱਲਾਂ ਹੋਈਆਂ। ਹੁਣ ਉਨ੍ਹਾਂ ਦੀ ਦੋਸਤੀ ਜਨਮ-ਜਨਮ ਪੱਕੀ ਸੀ। ਦਿਲ ਦੀ ਧਰਤੀ ਵਿਚ, ਦਰਦਾਂ ਦੀ ਸਾਂਝ ਨੇ ਜੜ੍ਹ ਫੜ ਲਈ ਸੀ ਨਾ। ਕਿੰਨੇ ਹੀ ਦਿਨ ਤਾਏ ਨੇ ਰੋਟੀ ਲੱਸੀ ਲਿਆ ਕੇ ਦਿਲਗੀਰ ਨੂੰ ਖਵਾਇਆ ਪਿਆਇਆ। ਉਹ ਤਾਂ ਜਿਵੇਂ ਕਾਮਾ ਈ ਬਣ ਗਿਆ ਸੀ। ਸਾਰਾ ਦਿਨ ਖੇਤਾਂ ਉਤੇ ਕੰਮ ਕਰੀ ਜਾਂਦਾ। ਕਪਾਹ ਦੀ ਫੁੱਟੀ-ਫੁੱਟੀ ਚੁਗ ਕੇ ਢੇਰੀਆਂ ਲਾਉਂਦਾ। ਸਬਜ਼ੀ ਨੂੰ ਗੋਡੀ ਦਿੰਦਾ। ਨਰਮ-ਨਰਮ ਤੋਰੀਆਂ, ਘੀਏ ਤੋੜ ਕੇ ਰੱਖ ਲੈਂਦਾ। ਪਾਣੀ ਦੀਆਂ ਆਡਾਂ, ਖਾਲੇ ਠੀਕ ਕਰਦਾ। ਜਦੋਂ ਥੱਕ ਜਾਂਦਾ ਤਾਂ ਉਹ ਆਪਣਾ ਠੀਕਰੀ ਦਾ ਕਲਮ ਫੜ ਕੇ ਜ਼ਮੀਨ ‘ਤੇ ਲਿਖਣ ਲੱਗ ਪੈਂਦਾ। ਨਾਲ ਨਾਲ ਗਾਉਂਦਾ। ਡੁੱਬਦੇ ਸੂਰਜ ਨੂੰ ਵੇਖਦਾ ਰਹਿੰਦਾ। ਫਿਰ ਜਦੋਂ ਰਾਤ ਪੈ ਜਾਂਦੀ ਤਾਂ ਉਥੇ ਹੀ ਪੈ ਕੇ ਸੌਂ ਜਾਂਦਾ। ਖੇਤ ਦੇ ਇੱਕ ਪਾਸੇ ਬੰਨੇ ਨਾਲ, ਪੁਰਾਣੀ ਟਾਹਲੀ ਥੱਲੇ, ਉਹਨੇ ਥਾਂ ਨੀਵੀਂ ਕਰ ਕੇ ਪਰਾਲੀ ਵਿਛਾਈ ਹੋਈ ਸੀ। ਉਹੋ ਉਹਦਾ ਬਿਸਤਰਾ ਸੀ, ਉਹੋ ਰਜਾਈ। ਇਸ ਤਰ੍ਹਾਂ ਦੇ ਹਾਲਾਤ ਵਿਚ ਉਹ ਇੰਜ ਰਹਿੰਦਾ ਪਿਆ ਸੀ ਜਿਵੇਂ ਜਨਮ ਜਨਮ ਤੋਂ ਇਸੇ ਤਰ੍ਹਾਂ ਰਹਿੰਦਾ ਪਿਆ ਹੋਵੇ। ਜਿਵੇਂ ਜਨਮ ਤੋਂ ਬੇ-ਘਰਾ, ਬੇ-ਵਤਨਾ ਹੋਵੇ। ਉਹ ਸਿੱਖ ਸੀ, ਪਰ ਮਜ਼ਹਬ ਉਹਦਾ ਮਾਮਲਾ ਨਹੀਂ ਸੀ। ਉਹ ਤਾਂ ਆਪਣੀ ਪਿਆਰ ਦੀ ਧਰਤੀ ਨਾਲ ਬੰਨਿਆ ਹੋਇਆ ਸੀ। ਇਸੇ ਤਰ੍ਹਾਂ ਤਾਇਆ ਵੀ ਸੀ। ਫਿਰ ਵੀ ਤਾਏ ਨੇ ਉਹਨੂੰ ਮਸ਼ਵਰਾ ਦਿੱਤਾ। ਉਹ ਕੇਸ ਕਟਾ ਕੇ, ਨਾਂ ਬਦਲ ਕੇ ਇੱਥੇ ਹੀ ਰਹੇ ਆਰਾਮ ਨਾਲ।
“ਨਹੀਂ”, ਉਹਨੇ ਜਵਾਬ ਦਿੱਤਾ-“ਇਹ ਤਾਂ ਦੂਜੀ ਵਾਰੀ ਜਨਮ ਲੈਣ ਦੇ ਬਰਾਬਰ ਦੀ ਗੱਲ ਹੋਈ। ਦੂਜੀ ਵਾਰੀ ਜਨਮ ਹੁੰਦਾ ਏ ਪਰ ਬੰਦੇ ਦੀ ਮਰਜ਼ੀ ਨਾਲ ਨਹੀਂ। ਇਸ ਤਰ੍ਹਾਂ ਤਾਂ ਨਾਂ ਦੇ ਨਾਲ ਮੈਨੂੰ ਮਾਂ ਵੀ ਬਦਲਣੀ ਪਵੇਗੀ, ਇੰਜ ਵੀ ਕਦੇ ਹੋਇਆ। ਇੱਕ ਆਦਮੀ ਦੀਆਂ ਦੋ-ਦੋ ਮਾਵਾਂ ਹੋਣ। ਜਾਨਵਰ ਦੀਆਂ ਵੀ ਦੋ ਨਹੀਂ ਹੁੰਦੀਆਂ।”
ਪਰ ਤਾਏ ਦੀਆਂ ਫ਼ਿਕਰਾਂ ਕੁਝ ਹੋਰ ਸਨ। ਲੋਕਾਂ ਨੇ ਇਤਰਾਜ਼ ਕਰਨੇ ਸ਼ੁਰੂ ਕਰ ਦਿੱਤੇ ਸਨ-‘ਸਿੱਖ ਇੱਥੇ ਕਿਉਂ ਰਹਿੰਦਾ ਏ? ਉਹਨੂੰ ਜਾਣਾ ਚਾਹੀਦਾ ਏ।’
ਸੱਚੀ ਗੱਲ ਤਾਂ ਇਹ ਏ, ਪਈ ਤਾਇਆ ਦਿਲੋਂ ਨਹੀਂ ਸੀ ਚਾਹੁੰਦਾ ਕਿ ਦਿਲਗੀਰ ਜਾਵੇ। ਉਹ ਪਿੱਛੇ ਪੰਜ ਭਰਾ ਮਰਵਾ ਕੇ ਆਇਆ ਸੀ। ਉਹਦਾ ਦਿਲ ਕਰਦਾ ਸੀ ਦਿਲਗੀਰ ਦੀ ਜੂਨ ਉਨ੍ਹਾਂ ਵਿਚੋਂ ਕਿਸੇ ਇੱਕ ਵਰਗੀ ਹੋ ਜਾਵੇ। ਉਹਨੂੰ ਦੂਜੀ ਬਾਂਹ ਮਿਲ ਜਾਵੇ। ਉਹਨੂੰ ਚੰਗਾ ਵੀ ਲੱਗਾ ਸੀ।
ਇੱਕ ਦਿਨ ਦੁਪਹਿਰਾਂ ਵੇਲੇ ਲੱਸੀ ਦਾ ਛੰਨਾ ਖਾਲੀ ਕਰ ਕੇ ਉਹਨੇ ਤਾਏ ਕੋਲੋਂ ਪੁੱਛਿਆ, “ਸੱਚ ਦੱਸੀਂ ਚੌਧਰੀ, ਇਹ ਕਿਹੜੀ ਮੱਝ ਦੀ ਲੱਸੀ ਏ?”
“ਬੂਰੀ ਦੀ।” ਤਾਏ ਨੇ ਦੱਸਿਆ।
“ਬੂਰੀ ਪੰਜ ਕਲਿਆਣੀ ਦੀ?”
“ਆਹੋ।”
“ਉਹਦੀ ਇੱਕ ਅੱਖ ਬਲੌਰੀ ਏ?”
“ਆਹੋ।”
“ਉਹਦੇ ਮੱਥੇ ਫੁੱਲ ਏ?”
“ਆਹੋ, ਪਰ ਤੂੰ ਕਾਹਦੇ ਲਈ ਪੁੱਛੀ ਜਾਨਾ ਏ?”
“ਸਹੁੰ ਰੱਬ ਦੀ ਚੌਧਰੀ, ਇਹ ਆਪਣੀ ਮੱਝ ਏ। ਮੇਰੀ ਭਾਬੋ ਦੇ ਦਾਜ ਵਿਚ, ਝਾਂਜਰਾਂ ਪਾ ਕੇ ਆਈ ਸੀ। ਬੜੀ ਨਰੋਈ ਲੱਸੀ ਏ ਇਹਦੀ।”
ਫਿਰ ਉਹਨੇ ਆਪਣੇ ਦਿਲ ਦੀ ਗੱਲ ਦੱਸੀ, ਸਗੋਂ ਫਰਮਾਇਸ਼ ਕੀਤੀ।
“ਚੌਧਰੀ ਬੂਰੀ ਦੀ ਖਿਦਮਤ ਕੀਤੀ ਨੂੰ ਬਹੁਤ ਦਿਨ ਹੋ ਗਏ ਨੇ। ਕਿਸੇ ਦਿਨ ਮੁਰੱਬੇ ਲਿਆ ਨਾ। ਮੈਂ ਉਸੇ ਤਰ੍ਹਾਂ ਮਲ-ਮਲ ਕੇ ਨੁਹਾਵਾਂਗਾ ਉਹਨੂੰ। ਤਾਏ ਨੇ ਫਰਮਾਇਸ਼ ਪੂਰੀ ਕਰ ਦਿੱਤੀ ਤਾਂ ਅਜਬ ਤਮਾਸ਼ਾ ਲੱਗਾ। ਬੂਰੀ ਦੂਰੋਂ ਅੜਿੰਗਣ ਲੱਗ ਪਈ। ਉਹਨੂੰ ਦਿਲਗੀਰ ਦੀ ਖੁਸ਼ਬੂ ਆ ਗਈ ਸੀ। ਦਿਲਗੀਰ ਨੇ ਮੱਝ ਦੀ ਆਵਾਜ਼ ਸੁਣੀ ਤਾਂ ਪਾਗਲਾਂ ਵਾਂਗ ਨੱਸਿਆ। ਉਹਦੇ ਗਲ ਵਿਚ ਬਾਹਾਂ ਪਾ ਕੇ ਸਿਰ ਮੱਥਾ ਚੁੰਮਿਆ। ਇੰਜ ਜਿਵੇਂ ਉਹਦਾ ਕੋਈ ਭੈਣ-ਭਰਾ ਮਿਲ ਗਿਆ ਹੋਵੇ। ਦੋਵੇਂ ਰੋਣ ਲੱਗ ਪਏ, ਧਾਹਾਂ ਮਾਰ ਕੇ ਰੋਏ ਤਾਂ ਬੂਰੀ ਉਨ੍ਹਾਂ ਦੋਹਾਂ ਦੇ ਸਿਰ ਮੂੰਹ ਚੱਟ ਕੇ ਤਸੱਲੀ ਦਿੰਦੀ ਰਹੀ। ਉਸ ਦਿਨ ਦਿਲਗੀਰ ਨੇ ਬੜੇ ਚਾਅ ਨਾਲ ਬੂਰੀ ਨੂੰ ਨਹਾਇਆ। ਮਲ-ਮਲ ਕੇ ਮੈਲ ਲਾਹੁੰਦਾ, ਉਹਦੇ ਨਾਲ ਗੱਲਾਂ ਵੀ ਕਰਦਾ ਰਿਹਾ। ਬੂਰੀ ਦਾ ਪਿੰਡਾ ਲਿਸ਼ਕਣ ਲੱਗ ਪਿਆ ਤਾਂ ਦਿਲਗੀਰ ਨੂੰ ਇੰਜ ਤਸੱਲੀ ਹੋਈ ਜਿਵੇਂ ਮਾਂ ਨੂੰ ਆਪਣਾ ਬਾਲ ਸਾਫ-ਸੁਥਰਾ ਕਰ ਕੇ ਹੁੰਦੀ ਏ।
ਫਿਰ ਉਹਨੇ ਪੁਰਾਣੀਆਂ ਗੱਲਾਂ ਯਾਦ ਕੀਤੀਆਂ…ਉਹ ਦਿਨ,…ਜਦੋਂ ਬੂਰੀ ਉਨ੍ਹਾਂ ਦੇ ਘਰ ਆਈ ਸੀ। ਭਾਬੀ ਦੀ ਡੋਲੀ ਦੇ ਮਗਰ-ਮਗਰ ਸਜੀ, ਸ਼ਿੰਗਾਰੀ ਹੋਈ। ਸਿਰ ‘ਤੇ ਸੁੱਚੇ ਰੇਸ਼ਮ ਦਾ ਫੁੰਮਣਾਂ ਵਾਲਾ ਸਿਹਰਾ, ਪੈਰੀਂ ਚਾਂਦੀ ਦੀਆਂ ਝਾਂਜਰਾਂ, ਗਲ ਵਿਚ ਲਾਲ ਪੀਲੇ ਰੰਗ ਦਾ ਅੱਟਾ। ਲੋਕੀ ਖੜ੍ਹੇ ਹੋ ਕੇ ਵੇਖਦੇ ਸਨ। ਕੇਹੀ ਮੱਝ ਦਿੱਤੀ ਏ ਦਾਜ ਵਿਚ।
ਫਿਰ ਉਹਨੇ ਬੜੀ ਮਾਰਫਤ ਵਾਲੀ ਗੱਲ ਕੀਤੀ। ਕਹਿਣ ਲੱਗਾ, “ਇਹ ਮੱਝ ਸਿੱਖਾਂ ਦੀ ਮੱਝ ਸੀ, ਹੁਣ ਮੁਸਲਮਾਨਾਂ ਦੀ ਹੋ ਗਈ ਏ, ਪਰ ਲੱਸੀ ਦਾ ਸਵਾਦ ਉਹੋ ਹੀ ਹੈ। ਇਹਨੇ ਤਾਂ ਆਪਣਾ ਮਜ਼ਹਬ ਨਹੀਂ ਬਦਲਿਆ। ਬੂਰੀ ਤਾਂ ਬੂਰੀ ਏ। ਉਹਨੂੰ ਜੋ ਵੀ ਆਪਣੇ ਕਿੱਲੇ ਨਾਲ ਬੰਨ੍ਹ ਲਵੇ।”
ਤਾਇਆ ਆਪ ਵੀ ਇਸੇ ਤਰ੍ਹਾਂ ਸੋਚਦਾ ਸੀ, ਪਰ ਦਿਲਗੀਰ ਨੂੰ ਦੱਸ ਨਹੀਂ ਸਕਿਆ। ਬੰਦੇ ਨੇ ਬੰਦੇ ਨੂੰ ਕਿਸ ਤਰ੍ਹਾਂ ਦਾ ਜਨੌਰ ਬਣਾ ਛੱਡਿਆ ਏ। ਕਦੇ ਕਿੱਲੇ ਬੰਨ੍ਹ ਦਿੰਦਾ ਏ, ਕਦੇ ਪਰਾਂ ਹਿੱਕ ਦਿੰਦਾ ਏ।
ਦਿਲਗੀਰ ਦਾ ਦਿਲ ਹਰ ਵੇਲੇ ਦਲੀਲਾਂ ਵਿਚ ਪਿਆ ਰਹਿੰਦਾ। ਅੱਜ ਭਾਵੇਂ ਉਹ ਜਨੌਰ ਦੀ ਜੂਨੇ ਜੀ ਰਿਹਾ ਸੀ। ਇਨਸਾਨਾਂ ਦੀ ਦੁਨੀਆਂ ਵਿਚ ਉਹਦੀ ਕੋਈ ਥਾਂ ਨਹੀਂ ਸੀ ਰਹੀ। ਉਹ ਥਾਂ ਮੰਗਣ ਲਈ ਉਹਨੂੰ ਗ੍ਰੰਥ ਸਿਰ ‘ਤੇ ਚੁੱਕ ਕੇ ਬਾਰਡਰ ਪਾਰ ਕਰਨਾ ਪੈਂਦਾ ਸੀ, ਪਰ ਜੇ ਉਹ ‘ਸ਼ਾਰਟ-ਕੱਟ’ ਕਰਦਾ ਤਾਂ ਰਾਵੀ ਦੇ ਪਾਣੀ ਪਾਰ ਕਰਦੇ ਈ ਦੂਜੇ ਕੰਢੇ ਉਹਨੂੰ ਜ਼ਿੰਦਗੀ ਦਾ ਪ੍ਰਵਾਨਾ ਮਿਲ ਜਾਂਦਾ, ਪਰ ਹਾਲੇ ਉਹ ਦਿਲ ਦੀ ਲੜਾਈ ਲੜ ਰਿਹਾ ਸੀ। ਜਿੰਨੇ ਦਿਨ ਵੀ ਆਪਣੀ ਧਰਤੀ, ਆਪਣਾ ਪਿੰਡ ਇੱਕ-ਮੁੱਕ ਰਵੇ, ਉਨੇ ਦਿਨ ਆਪਣੇ। ਹੁਣ ਤਾਏ ਦੇ ਆਵਣ ਨਾਲ ਉਹਦੇ ਵਜੂਦ ਦਾ ਉਖੜਿਆ ਬੂਟਾ ਮੁੜ ਜੀਵਨ ਧਰਤੀ ਵਿਚ ਆਪਣੀ ਥਾਂ ਬਣਾਉਣ ਲੱਗ ਪਿਆ ਸੀ। ਤਾਏ ਦੇ ਨਿਆਣੇ ਵੇਖਦਾ ਤਾਂ ਉਹਦੇ ਵਿਚ ਨਵੀਂ ਜਾਨ ਪੈ ਜਾਂਦੀ। ਦੋਵਾਂ ਨੂੰ ਆਪਣੇ ਮੋਢਿਆਂ ‘ਤੇ ਬਿਠਾ ਕੇ ਉਹ ਊਠ ਵਾਂਗ ਖੇਤਾਂ ਵਿਚ ਨੱਸਿਆ ਫਿਰਦਾ ਰਹਿੰਦਾ-“ਮੈਨੂੰ ਚਾਚਾ ਕਹਿ ਕੇ ਹਾਕ ਮਾਰੋ। ਮੈਂ ਤੁਹਾਡੇ ਲਈ ਵਧੀਆ ਗੰਨੇ ਭੰਨ ਕੇ ਲਿਆਵਾਂਗਾ।”
ਫਿਰ ਉਹ ਗੰਨੇ ਛਾਂਟਣ ਕਮਾਦੀ ਵਿਚ ਉਤਰ ਜਾਂਦਾ। ਇੱਕ ਦਿਨ ਕੁਝ ਲੋਕੀ ਉਹਨੂੰ ਮਾਰਨ ਲਈ ਆਏ। ਉਹਨੇ ਗੰਨੇ ਮਾਰ-ਮਾਰ ਕੇ ਉਨ੍ਹਾਂ ਦੀਆਂ ਲਾਠੀਆਂ ਤਾਂ ਰਖਾ ਲਈਆਂ, ਪਰ ਉਦਾਸ ਬੜਾ ਹੋਇਆ। ਮੈਂ ਇਥੇ ਨਹੀਂ ਰਹਿ ਸਕਦਾ। ਇਸ ਗੱਲ ਦਾ ਯਕੀਨ ਉਹਨੂੰ ਹੋਣ ਲੱਗਾ ਸੀ। ਹੁਣ ਉਹ ਕਿਸੇ ਸ਼ੈਅ ਦਾ ਮਾਲਕ ਨਹੀਂ ਸੀ। ਫਿਰ ਵੀ ਕਿਸੇ ਕਾਂ ਚਿੜੀ ਵਾਂਗ ਆਪਣੀ ਟਾਹਲੀ ‘ਤੇ ਰਹਿ ਕਿਉਂ ਨਹੀਂ ਸਕਦਾ? ਬੰਦਾ ਹੋਣਾ ਵੀ ਕੇਡਾ ਪਾਪ ਏ! ਆਹੋ ਬੰਦਾ ਹੋਣਾ!! ਕਿਉਂ ਜੇ ਇੱਕ ਮਜ਼ਹਬ ਵਾਲੇ ਵੀ ਤਾਂ ਇੱਕ-ਦੂਜੇ ਦੇ ਗਾਟੇ ਕੱਟ ਰਹੇ ਸਨ। ਉਹਨੇ ਅੱਖੀਂ ਵੇਖ ਲਿਆ ਸੀ।
ਇਸੇ ਕਰ ਕੇ ਇੱਕ ਦਿਨ ਤਾਏ ਨੂੰ ਦੱਸਿਆ ਕਿ ਪਟਵਾਰੀ ਦੀ ਨੀਅਤ ਠੀਕ ਨਹੀਂ ਲੱਗਦੀ। ਉਹ ਇਸ ਜ਼ਮੀਨ ਉਤੇ ਕਿਸੇ ਹੋਰ ਦਾ ਕਬਜ਼ਾ ਕਰਾਉਣਾ ਚਾਹੁੰਦਾ ਏ। ਵੱਢੀ ਖਾ ਲਈ ਹੋਣੀ ਏ। ਇੰਜ ਉਹ ਕਿਸੇ ਸਰਕਾਰੀ ਅਹਿਲਕਾਰ ਨੂੰ ਵੀ ਨਾਲ ਲਈ ਫਿਰਦਾ ਏ। ਇਸ ਮੁਰੱਬੇ ਉਤੇ ਸਰਕਾਰੀ ਅਹਿਲਕਾਰ ਦੀ ਵੀ ਨਜ਼ਰ ਲੱਗਦੀ ਏ। ਪਟਵਾਰੀ ਜ਼ਰੂਰ ਇਹ ਜ਼ਮੀਨ ਉਹਦੇ ਨਾਂ ਕਰ ਦੇਵੇਗਾ। ਤਾਏ ਨੂੰ ਬੇਵਸ ਪਨਾਹੀ ਸਮਝ ਕੇ ਕੋਈ ਹਲਕੀ ਜ਼ਮੀਨ ਦੇ ਦੇਵੇਗਾ। ਪਿੱਛੋਂ ਹੋਇਆ ਵੀ ਇਸੇ ਤਰ੍ਹਾਂ, ਪਰ ਇਸ ਤੋਂ ਪਹਿਲਾਂ ਜੋ ਹੋਇਆ, ਉਹ ਇਸ ਤਰ੍ਹਾਂ ਸੀ ਕਿ ਪਟਵਾਰੀ ਨੇ ਦਿਲਗੀਰ ਸਿੰਘ ਨੂੰ ਆਪਣੇ ਘਰ ਸੱਦਿਆ, ਉਹ ਗਿਆ ਨਹੀਂ। ਫਿਰ ਆਪ ਆ ਕੇ ਉਹਨੇ ਧਮਕੀ ਦਿੱਤੀ, ਪਈ ਇਹ ਮੁਰੱਬਾ ਛੱਡ ਕੇ ਆਪੇ ਚਲਾ ਜਾਵੇ ਨਹੀਂ ਤਾਂ ।
ਦਿਲਗੀਰ ਨੇ ਪਟਵਾਰੀ ਨੂੰ ਜੋ ਜਵਾਬ ਦਿੱਤਾ, ਉਹ ਬੱਸ ਐਨਾ ਕੁ ਹੀ ਸੀ-“ਜੇ ਮੈਂ ਜਾਣ ਵਾਲਾ ਹੁੰਦਾ ਤਾਂ ਉਸੇ ਦਿਨ ਚਲਾ ਗਿਆ ਹੁੰਦਾ। ਮੈਨੂੰ ਵੇਲੇ ਨੇ ਫੜ ਕੇ ਇਥੇ ਕੈਦ ਕੀਤਾ ਹੋਇਆ ਹੈ। ਜਿਸ ਦਿਨ ਛੱਡ ਦਿੱਤਾ, ਮੈਂ ਜਹਾਨ ਤੋਂ ਹੀ ਚਲਿਆ ਜਾਵਾਂਗਾ।” ਦੋ-ਚਾਰ ਦਿਨ ਚੁੱਪ ਕਰ ਕੇ ਲੰਘ ਗਏ। ਇੱਕ ਦਿਨ ਸਵੇਰ ਨੂੰ ਦਿਲਗੀਰ ਜਾਗਿਆ ਈ ਨਾ। ਆਪਣੀ ਆਦਤ ਦੇ ਖਿਲਾਫ ਉਹ ਦਿਨ ਚੜ੍ਹੇ ਤਾਈਂ ਪਰਾਲੀ ਵਿਚ ਹੀ ਪਿਆ ਰਿਹਾ। ਰੋਜ਼ ਤਾਂ ਉਹ ਤੜਕੇ ਉਠ ਕੇ ਕੰਮ ਕਰਨ ਲੱਗ ਜਾਂਦਾ ਸੀ। ਨਰਮ ਦੁਪਹਿਰੇ ਜਦੋਂ ਤਾਇਆ ਉਹਦੇ ਲਈ ਲੱਸੀ ਲੈ ਕੇ ਆਇਆ ਤਾਂ ਪਰਾਲੀ ਉਹਦੇ ਮੂੰਹ ਤੋਂ ਪਰ੍ਹਾਂ ਕੀਤੀ। ਉਹਦਾ ਪਿੰਡਾ ਠੰਢਾ ਸੀ। ਉਹਦੇ ਬੁੱਲ੍ਹ ਨੀਲੇ ਕੱਚ। ਉਹਦੀ ਪੁੜਪੁੜੀ ਉਤੇ ਗੁੰਮ ਜਿਹਾ ਜ਼ਖ਼ਮ ਸੀ। ਉਹਨੂੰ ਡੰਗ ਲਿਆ ਸੀ, ਕਾਲੇ ਨਾਗ ਨੇ; ਖਬਰੇ ਪਟਵਾਰੀ ਨੇ। ਕੋਈ ਵੀ ਨਹੀਂ ਜਾਣਦਾ। ਤਾਏ ਨੇ ਆਪਣੇ ਅੱਥਰੂਆਂ ਨਾਲ ਉਹਦਾ ਮੂੰਹ ਧੋਤਾ। ਫਿਰ ਟੋਇਆ ਕੱਢ ਕੇ ਦੱਬ ਦਿੱਤਾ। ਉਥੇ ਉਸੇ ਖੇਤ ਵਿਚ। ਫਿਰ ਉਹਦੀ ਕਬਰ ‘ਤੇ ਨਵੀਂ ਟਾਹਲੀ ਲਾ ਦਿੱਤੀ। ਉਹ ਨਿਸ਼ਾਨੀ ਹੁਣ ਜਵਾਨ ਹੋ ਚੁੱਕੀ ਏ।
ਤਾਏ ਨੇ ਮੈਨੂੰ ਸਾਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਸੀ। ਬੱਸ ਤਾਏ ਨੂੰ ਪਤਾ ਸੀ ਉਹ ਟਾਹਲੀ ਕਿਹੜੀ ਏ। ਉਨ੍ਹਾਂ ਟਾਹਲੀਆਂ ਦਾ ਵੀ ਕੇਵਲ ਤਾਏ ਨੂੰ ਹੀ ਪਤਾ ਸੀ ਜੋ ਦਿਲਗੀਰ ਨੇ ਖ਼ਾਸ ਥਾਂ ਬੀਜੀਆਂ ਸਨ। ਤਾਏ ਨੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। ਇਨ੍ਹਾਂ ਟਾਹਲੀਆਂ ਦੀ ਖਾਤਰ ਉਹਨੇ ਆਪਣੀ ਬਹੁਤੀ ਜ਼ਮੀਨ ਛੱਡ ਕੇ ਇਥੇ ਥੋੜ੍ਹੀ ਜ਼ਮੀਨ ਲੈਣੀ ਕਬੂਲ ਕੀਤੀ ਸੀ। ਇਸ ਗੱਲ ਦਾ ਮੈਨੂੰ ਹੀ ਪਤਾ ਸੀ ਹੋਰ ਕਿਸੇ ਨੂੰ ਨਹੀਂ। ਹੁਣ ਸਾਰੀਆਂ ਟਾਹਲੀਆਂ ਜਵਾਨ ਹੋ ਚੁੱਕੀਆਂ। ਉਂਜ ਤਾਂ ਹੋਰ ਬਥੇਰੀਆਂ ਟਾਹਲੀਆਂ ਜੋ ਏਸ ਜ਼ਮੀਨ ਵਿਚ ਥਾਂ-ਥਾਂ ਉਗੀਆਂ ਖੜ੍ਹੀਆਂ, ਮੇਰੇ ਤਾਏ ਦੇ ਦਿਲ ਵਿਚ ਜਿੱਥੇ ਸਨ, ਉਨ੍ਹਾਂ ਸਾਰੀਆਂ ਉਤੇ ਵੇਲੇ ਨੇ ਆਪਣੀਆਂ ਟਾਹਲੀਆਂ ਬੀਜ ਦਿੱਤੀਆਂ। ਇਹ ਗੱਲ ਵੀ ਤਾਏ ਆਪੇ ਹੀ ਕਹੀ ਸੀ, “ਵੇਲਾ ਆਪ ਵੀ ਟਾਹਲੀਆਂ ਬੀਜ ਦਿੰਦਾ ਏ।”
ਫਿਰ ਵੀ ਦੁੱਖਾਂ ਦੀਆਂ ਹੱਡੀਆਂ ਮਿੱਟੀ ਵਿਚ ਲੁਕੀਆਂ ਰਹਿ ਜਾਂਦੀਆਂ ਨੇ। ਲਫ਼ਜ਼ਾਂ ਦੇ ਕੱਪੜੇ ਪਾ ਕੇ ਜਦੋਂ ਦਿਲਗੀਰ ਦੀ ਕਹਾਣੀ ਇਥੋਂ ਤੋੜੀ ਪਹੁੰਚੀ ਤਾਂ ਮੇਰਾ ਤਾਇਆ ਆਪਣੀਆਂ ਬੁੱਢੀਆਂ ਅੱਖਾਂ ਮੀਟ ਕੇ ਅੰਦਰ-ਅੰਦਰ ਈ ਘੁੱਟ ਅੱਥਰੂ ਪੀ ਗਿਆ।
“ਕੁਝ ਨਹੀਂ ਲਾਲੀ, ਇਹ ਦੁਨੀਆਂ ਕੁਝ ਨਹੀਂ। ਇਹਦੀ ਖੁਸ਼ੀ ਚੰਗੀ ਨਹੀਂ, ਨਾ ਇਹਦਾ ਦੁੱਖ ਭਲਾ।” ਇਹ ਲਫਜ਼ ਤਾਏ ਨੇ ਕਹਾਣੀ ਦੇ ਅੰਤ ਵਿਚ ਆਖੇ। ਉਹੋ ਲਫ਼ਜ਼ ਤਾਂ ਅੰਤ ਹੋ ਗਏ, ਪਰ ਇਹ ਕਹਾਣੀ ਅੰਤ ਦੀ ਕਹਾਣੀ ਬਿਲਕੁਲ ਨਹੀਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਫ਼ਜ਼ਲ ਤੌਸੀਫ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ