Dooja Kabir : Rajasthani Lok Kahani

ਦੂਜਾ ਕਬੀਰ : ਰਾਜਸਥਾਨੀ ਲੋਕ ਕਥਾ

ਭਾਰੀ ਭਰਕਮ ਪੋਥੇ। ਕਬੀਰਾ ਹਲਕੇ ਥੋਥੇ। ਧਰਮ ਕਰਮ ਪਥ ਸਾਰੇ। ਚਿੱਕੜ ਦੇ ਗਲਿਆਰੇ। ਤਪ ਤੀਰਥ ਦੇ ਧਾਮ। ਅੱਲਾਹ ਬਚਾਏ ਰਾਮ। ਭਾਗ ਭਰਮ ਦੀ ਸੋਭਾ। ਤੋਬਾ ਬਾਪੂ ਤੋਬਾ। ਊਚ ਨੀਚ ਦੀਆਂ ਬਾਤਾਂ। ਕਾਲੀਆਂ ਬੋਲੀਆਂ ਰਾਤਾਂ। ਰਾਉ ਰੰਕ ਦੇ ਜਾਲੇ। ਝੂਠੇ ਮੂਠੇ ਕਾਲੇ। ਸੂਰਜ ਚੜ੍ਹਦਾ ਮੁੱਕੇ ਰਾਤ। ਨਮਸਕਾਰ ਹੇ ਸ਼ੁਭ ਪ੍ਰਭਾਤ।

ਸਮੇਂ ਦਾ ਹਿਸਾਬ ਕਿਤਾਬ ਲਾਉ ਤਾਂ ਇਹ ਗੱਲ ਬਹੁਤ ਪੁਰਾਣੀ ਹੈ ਕਿ ਹਰਿਆਵਲ ਵਿਚਕਾਰ ਹਵਾ ਦੇ ਪੰਘੂੜੇ ਉੱਤੇ ਇੱਕ ਪਿੰਡ ਵਸਦਾ ਹੁੰਦਾ ਸੀ। ਧਰਮ ਕਰਮ ਵਿੱਚ ਢਲੇ ਹੋਏ ਨਿਤਨੇਮੀ ਮਨੁੱਖਾਂ ਦੀ ਬਸਤੀ ਤੋਂ ਪਰ੍ਹੇ ਹਟਵੀਂ ਇੱਕ ਝੌਂਪੜੀ। ਝੌਂਪੜੀ ਵਿੱਚ ਵਸਣ ਵਾਲੇ ਬੰਦੇ ਦਾ ਨਾਮ ਤਾਂ ਕੋਈ ਹੋਰ ਸੀ ਪਰ ਇਲਾਕੇ ਦੇ ਲੋਕਾਂ ਨੇ ਕਬੀਰ ਨਾਮ ਦੀ ਛੇੜ ਪਾ ਰੱਖੀ ਸੀ। ਧੂਈਂ ਦੇ ਇਰਦ-ਗਿਰਦ ਬੈਠੇ ਲੋਕ ਅਕਸਰ ਕਿਹਾ ਕਰਦੇ, ਕਿਸੇ ਔਰਤ ਦੀ ਕੁੱਖ ਵਿੱਚੋਂ ਨਹੀਂ, ਕਬੀਰ ਖੁੰਬ ਜਾਂ ਗਿੱਦੜ-ਪੀਹੜੀ ਵਾਂਗ ਧਰਤੀ ਵਿੱਚੋਂ ਆਪੇ ਪੈਦਾ ਹੋਇਆ ਹੈ। ਇਨਸਾਨ ਦੀ ਔਲਾਦ ਹੁੰਦਾ, ਇਨਸਾਨ ਵਾਂਗ ਗੱਲਾਂ ਕਰਦਾ। ਸੁੰਨੇ ਅਸਮਾਨ ਵਿੱਚ ਬੱਦਲੀ ਦਾ ਕੋਈ ਟੋਟਾ ਆਪਣੇ ਆਪ ਪ੍ਰਗਟ ਹੋ ਜਾਇਆ ਕਰਦੈ, ਉਸੇ ਤਰ੍ਹਾਂ ਬਸਤੀ ਵਿੱਚ ਇੱਕ ਦਿਨ ਕਬੀਰ ਪ੍ਰਗਟ ਹੋ ਗਿਆ। ਜੁਲਾਹੇ ਦਾ ਕੰਮ ਤਾਂ ਕਰਦਾ ਬਹੁਤ ਵਧੀਆ ਪਰ ਗੱਲਾਂ ਕਰਦਾ ਇਕਦਮ ਬੇਮਤਲਬੀਆਂ, ਊਟਪਟਾਂਗ, ਸਿਰਫਿਰੀਆਂ। ਕੱਦ ਕਾਠ ਚਿਹਰਾ ਮੁਹਰਾ ਵਧੀਆ, ਗੱਲਾਂ ਬਕਵਾਸੀ। ਜੋ ਗੱਲ ਔੜਦੀ, ਬਿਨਾਂ ਨਾਪ ਤੋਲ ਕਹਿ ਦਿੰਦਾ। ਹੱਥ ਦਾ ਕਾਰੀਗਰ ਪੂਰਾ ਪਰ ਖੋਪੜੀ ਉਲਟੀ। ਵਿੰਗੇ ਟੇਢੇ ਘੁੰਗਰਾਲੇ ਵਾਲ, ਵਿੰਗੀਆਂ ਟੇਢੀਆਂ ਕਾਲੀਆਂ ਬੋਲੀਆਂ ਗੱਲਾਂ।

ਕਾਲੀਨ, ਸ਼ਾਲ, ਕੰਬਲਾਂ ਉੱਪਰ ਬੇਲਬੂਟੇ, ਝਾੜ ਝੰਖਾੜ, ਫੁਲ ਪੱਤੇ ਅਜਿਹੇ ਬਣਾਉਂਦਾ ਕਿ ਅਸਲੀ ਲਗਦੇ। ਕਾਲੀਨਾਂ ਦੇ ਫੁੱਲਾਂ ਉੱਪਰ ਭਰਮੇ ਹੋਏ ਭਉਰੇ ਮੰਡਰਾਉਂਦੇ ਰਹਿੰਦੇ। ਪੱਕੇ ਫਲ ਸਮਝਕੇ ਤੋਤੇ ਚੁੰਜ ਮਾਰ ਦਿੰਦੇ। ਹੱਥਾਂ ਦੀ ਕਾਰੀਗਰੀ ਵਾਂਗ ਉਸ ਵਿੱਚ ਅਕਲ ਵੀ ਮਾੜੀ ਮੋਟੀ ਹੁੰਦੀ, ਕਿਆ ਬਾਤ ਹੁੰਦੀ! ਨਾ ਉਸਦੀ ਬੇਵਕੂਫ਼ੀ ਦੀ ਕੋਈ ਹੱਦ, ਨਾ ਲੋਕਾਂ ਦੀ ਚੁਰ-ਚੁਰ ਦਾ ਕੋਈ ਕਿਨਾਰਾ।

ਕਬੀਰ ਦੇ ਹੁਨਰ ਦੀਆਂ ਗੱਲਾਂ ਹਵਾ ਵਿੱਚ ਘੁਲੀਆਂ ਹੋਈਆਂ। ਸ਼ਾਹੀ ਰਿਆਸਤ ਵਿੱਚ ਸ਼ੁਹਰਤ। ਇੱਕ ਵਾਰ ਇਤਫਾਕਨ ਇਉਂ ਹੋਇਆ ਕਿ ਦੇਸ ਦੇ ਮਾਲਕ ਰਾਜੇ ਨੇ ਆਪਣੀ ਰਾਜਕੁਮਾਰੀ ਧੀ ਨਾਲ ਪਿੰਡ ਦੇ ਤਲਾਬ ਕਿਨਾਰੇ ਪੜਾਉ ਕੀਤਾ। ਇੱਕ ਸੌ ਇੱਕ ਘੋੜਿਆ ਦਾ ਲਸਕਰ। ਪਸੀਨੇ ਨਾਲ ਨੁਚੜਦੇ ਘੋੜਿਆਂ ਨੂੰ ਬੋਹੜ ਦੇ ਰੁੱਖ ਹੇਠ ਆਰਾਮ ਮਿਲਿਆ। ਰੰਗ ਬਰੰਗਾ ਕਾਲੀਨ ਵਿਛਿਆ। ਭਿਣਕ ਪੈਣ ਸਾਰ ਸਾਰਾ ਪਿੰਡ ਰਾਜਾ ਅਤੇ ਰਾਜਕੁਮਾਰੀ ਦੇ ਦਰਸ਼ਨ ਕਰਨ ਆਇਆ। ਖ਼ੁਸ਼ੀ ਖ਼ੁਸ਼ੀ ਰਾਜੇ ਨੇ ਪਰਜਾ ਨੂੰ ਦਰਸ਼ਨ ਦਿੱਤੇ। ਰਾਜਕੁਮਾਰੀ ਦੇ ਕੰਨੀਂ ਕਬੀਰ ਦਾ ਨਾਮ ਪਿਆ ਹੋਇਆ ਸੀ, ਛਲਕਦੀ ਉਤਸੁਕਤਾ ਨਾਲ ਪੁੱਛਣ ਲੱਗੀ- ਕਬੀਰ ਦਾ ਨਗਰ ਇਹੋ ਹੈ?

ਲੋਕਾਂ ਨੇ ਜਵਾਬ ਦਿੱਤਾ- ਨਗਰ ਤਾਂ ਆਪ ਦਾ, ਮਾਲਕਾਂ ਦਾ ਹੈ ਹਜ਼ੂਰ, ਪਰ ਕਬੀਰ ਰਹਿੰਦਾ ਇੱਥੇ ਹੀ ਹੈ।

ਰਾਜਕੁਮਾਰੀ ਤੋਂ ਇੰਤਜ਼ਾਰ ਨਾ ਕਰ ਹੋਇਆ, ਬੇਹੱਦ ਦਿਲਚਸਪੀ ਨਾਲ ਬੋਲੀ- ਸੱਚਮੁੱਚ?

ਹਾਂ ਵਿੱਚ ਸਿਰ ਹਿਲਾਕੇ ਬਸਤੀ ਦੇ ਲੋਕਾਂ ਨੇ ਉੱਤਰ ਦਿੱਤਾ ਤਾਂ ਸੁਣਦਿਆਂ ਤੇਜ਼ ਕਦਮੀ ਰਾਜਕੁਮਾਰੀ, ਰਾਜੇ ਕੋਲ ਗਈ। ਖ਼ੁਸ਼ੀ ਦੇ ਫੁੱਲ ਬਰਸਾਉਂਦਿਆਂ ਬੋਲੀ, ਇਤਫਾਕ ਦੀ ਗੱਲ ਪਿਤਾ ਜੀ, ਬਿਨ ਜਾਣੇ ਆਪਾਂ ਕਬੀਰ ਦੇ ਨਗਰ ਪੜਾਅ ਕੀਤਾ। ਆਗਿਆ ਹੋਵੇ ਮੈਂ ਉਸਦੀ ਕਾਰੀਗਰੀ ਦੇਖਣ ਚਲੀ ਜਾਵਾਂ?

ਰਾਜਕੁਮਾਰੀ ਦੇ ਮੂੰਹੋਂ ਨਾਦਾਨੀ ਦੀ ਗੱਲ ਸੁਣਕੇ ਥੋੜ੍ਹੀ ਦੇਰ ਰਾਜਾ ਉਸਦੇ ਮੂੰਹ ਵੱਲ ਟਿਕਟਿਕੀ ਲਾ ਕੇ ਦੇਖਦਾ ਰਿਹਾ। ਆਪਣੀ ਇਕਲੌਤੀ ਧੀ ਨੂੰ ਬੜਾ ਪਿਆਰ ਕਰਦਾ ਸੀ। ਬੇਟੀ ਸੀ ਵੀ ਪਿਆਰ ਕਰਨ ਲਾਇਕ। ਬਰਸਾਤ ਦੇ ਪਾਣੀ ਵਾਂਗ ਪਵਿੱਤਰ, ਨਿਛੋਹ ਮਨ। ਜਿਹੋ ਜਿਹਾ ਸੁ ੰਦਰ ਰੂਪ ਉਹੋ ਜਿਹਾ ਸੁਹਣਾ ਮਨ। ਡੂੰਘੇ ਸਾਗਰ ਜਿੰਨੀ ਅਕਲ, ਨਿਰਮਲ ਨਿਗਾਹਾਂ, ਕੱਚੇ ਦੁੱਧ ਵਰਗੀ ਮੁਸਕਾਨ! ਰਾਜੇ ਦਾ ਮੌਨ ਦੇਖਕੇ ਫਿਰ ਪੁੱਛਿਆ- ਜਾਵਾਂ?

ਮੁਸਕਰਾਉਂਦਿਆਂ ਰਾਜੇ ਨੇ ਕਿਹਾ- ਤੈਨੂੰ ਤਕਲੀਫ਼ ਕਰਨ ਦੀ ਕੀ ਲੋੜ? ਅਸੀਂ ਉਸਨੂੰ ਇੱਥੇ ਹੀ ਬੁਲਾ ਲੈਂਦੇ ਹਾਂ।

ਹੱਥ ਜੋੜੀ ਖਲੋਤੇ ਪਿੰਡ ਦੇ ਠਾਕੁਰ ਨੂੰ ਕਿਹਾ- ਲਗਦਾ ਹੈ ਕਬੀਰ ਨੂੰ ਸਾਡੇ ਪਧਾਰਨ ਦੀ ਖਬਰ ਨਹੀਂ ਮਿਲੀ, ਨਹੀਂ ਤਾਂ ਆਪਣੀ ਕਾਰੀਗਰੀ ਦਿਖਾਉਣ ਸਭ ਤੋਂ ਪਹਿਲਾਂ ਪੁਜਦਾ।

ਠਾਕੁਰ ਦੇ ਦਿਲ ਵਿੱਚ ਪੁਰਾਣੀ ਕੁੜੱਤਣ ਸੀ। ਮੌਕਾ ਹੱਥ ਲੱਗ ਗਿਆ। ਬੇਝਿਜਕ ਬੋਲਿਆ- ਆਪ ਨੂੰ ਕੀ ਦੱਸਾਂ ਅੰਨਦਾਤਾ, ਇਸ ਕਬੀਰ ਦਾ ਦਿਮਾਗ਼ ਅਸਮਾਨ ਉੱਪਰ ਚੜ੍ਹਿਆ ਹੋਇਆ ਹੈ। ਤੁਹਾਡੇ ਬੁਲਾਉਣ ਪਿੱਛੋਂ ਵੀ ਆ ਜਾਵੇ ਗਨੀਮਤ ਜਾਣੋ।

ਰਾਜਾ ਤਾਂ ਰਾਜਾ ਹੁੰਦਾ ਹੈ, ਇੱਕ ਇੱਕ ਦਿਲ ਜਾਨ ਦਾ ਮਾਲਕ। ਸਿਰ ਦਾ ਮੁਕਟ! ਰਾਜੇ ਦਾ ਹੁਕਮ ਟਾਲਣ ਦੀ ਕਿਸਦੀ ਹਿੰਮਤ! ਮੌਤ ਆਪ ਬਖ਼ਸ਼ ਦੇਵੇ ਮੌਤ ਦੀ ਮਰਜ਼ੀ ਪਰ ਰਾਜੇ ਦੀ ਤਾਂ ਸੁਫ਼ਨੇ ਵਿੱਚ ਵੀ ਇਹੋ ਜਿਹੀ ਮਰਜ਼ੀ ਨਹੀਂ ਹੋਇਆ ਕਰਦੀ। ਰਾਜੇ ਦੇ ਹੰਕਾਰ ਵਿੱਚ ਜਿਵੇਂ ਕਿਸੇ ਨੇ ਟਕੂਆ ਮਾਰਿਆ ਹੋਵੇ, ਪੁਤਲੀਆਂ ਦੀ ਰੰਗਤ ਬਦਲ ਗਈ। ਗੱਜ ਕੇ ਠਾਕੁਰ ਉੱਪਰ ਹੀ ਬਰਸਿਆ- ਤੇਰੀ ਅਕਲ ਅਤੇ ਜਬਾਨ ਠਿਕਾਣੇ ਤਾਂ ਹੈ ਠਾਕੁਰ? ਕਿਸ ਦੇ ਸਾਹਮਣੇ ਕੀ ਬਕ ਰਿਹਾ ਹੈਂ, ਹੋਸ਼ ਤਾਂ ਹੈ? ਸਰਕਾਰ ਦੇ ਹੁਕਮ ਮੰਨਣ ਤੋਂ ਆਕੀ ਤੇਰੇ ਨਗਰ ਵਿੱਚ ਫਲ ਫੁਲ ਰਹੇ ਨੇ ਤੇ ਤੈਨੂੰ ਲੋਕ ਠਾਕੁਰ ਕਹਿੰਦੇ ਨੇ?

ਠਾਕੁਰ ਦਾ ਰੋਮ-ਰੋਮ ਕੰਬਿਆ। ਮੌਤ ਘੋੜੇ ਤੇ ਸਵਾਰ ਹੋ ਕੇ ਆਈ ਹੈ, ਹੁਣ ਕੋਈ ਚਾਰਾ ਨਹੀਂ। ਅਟਕਦੇ ਅਟਕਦੇ ਮੁਸ਼ਕਲ ਨਾਲ ਬੋਲਿਆ- ਅੰਨਦਾਤਾ ਮੇਰੀ ਤਾਂ ਔਕਾਤ ਹੀ ਕੀ, ਪਾਗ਼ਲ ਕਬੀਰ ਤਾਂ ਰੱਬ ਦੀ ਵੀ ਨੀ ਮੰਨਦਾ!

ਰਾਜਕੁਮਾਰੀ ਦੀ ਖ਼ੁਸ਼ੀ ਨੂੰ ਕਾਠ ਮਾਰ ਗਿਆ। ਗੱਲ ਹੱਦੋਂ ਬਾਹਰ ਨਿਕਲਦੀ ਦਿਖਾਈ ਦੇਣ ਲੱਗੀ ਵਾਪਸ ਕਿਵੇਂ ਪਰਤੇ? ਰਾਜਕੁਮਾਰੀ ਨੂੰ ਵੀ ਪਹਿਲੀ ਵਾਰ ਆਪਣੀ ਅਕਲ ਦੇ ਬਖੀਏ ਉੱਧੜਦੇ ਨਜ਼ਰ ਆਏ। ਅਕਲ ਤੋਂ ਪਾਰ ਉਸ ਦਾ ਧੀਰਜ, ਵਿਸ਼ਵਾਸ ਅਜੇ ਵੀ ਅਟੱਲ ਰਿਹਾ। ਇੱਕ ਪਲ ਦੀ ਦੇਰੀ ਹੋ ਗਈ ਤਾਂ ਰਾਜੇ ਦਾ ਹੰਕਾਰੀ ਸੱਪ ਵਰਮੀ ’ਚੋਂ ਬਾਹਰ ਨਿਕਲ ਆਇਗਾ, ਫਿਰ ਵਾਪਸ ਨਹੀਂ ਪਰਤੇਗਾ। ਬੀਨ ਦੀ ਆਵਾਜ਼ ਨਾਲ ਕੀ ਪਤਾ ਕੀਲਿਆ ਜਾਵੇ! ਰਾਜੇ ਦੇ ਨਜ਼ਦੀਕ ਆ ਕੇ ਬੋਲੀ- ਆਪ ਤੋਂ ਵੱਡਾ ਕਲਾਪਾਰਖੂ ਹੋਰ ਕੌਣ ਹੈ ਪਿਤਾ ਜੀ? ਆਪ ਦੇ ਮੁੱਖ ਤੋਂ ਹੀ ਤਾਂ ਮੈਂ ਇਹ ਗੱਲ ਸਿਖੀ ਸੀ ਕਿ ਕਲਾਕਾਰਾਂ ਵਿੱਚ ਕੁਝ ਪਾਗ਼ਲਪਣ ਹੋਇਆ ਕਰਦੈ। ਉਨ੍ਹਾਂ ਦੀ ਕਦਰ ਤਾਂ ਜਾਣਕਾਰ ਹੀ ਜਾਣੇਗਾ ਨਾ। ਆਪ ਨੇ ਤਾਂ ਫਰਮਾਇਆ ਸੀ ਕਿ ਕਲਾਕਾਰ ਸਾਖਿਆਤ ਵਿਧਾਤਾ ਹੋਇਆ ਕਰਦੇ ਨੇ। ਲੱਖਾਂ ਕਰੋੜਾਂ ਵਿੱਚ ਕਿਸੇ ਇੱਕ ਦੀਆਂ ਅੱਖਾਂ ਉਸਨੂੰ ਮੁਸ਼ਕਲ ਨਾਲ ਪਛਾਣਦੀਆਂ ਹਨ। ਇਹ ਬੇਅਕਲ ਠਾਕਰ ਦਾਰੂ ਪੀਣ ਅਤੇ ਐਸ਼ ਕਰਨ ਬਿਨਾਂ ਹੋਰ ਕੀ ਜਾਣਨ?

ਉਬਲਦੇ ਦੁੱਧ ਉੱਪਰ ਜਿਵੇਂ ਪਾਣੀ ਦਾ ਛਿੱਟਾ ਪਿਆ ਹੋਵੇ। ਮੁਸਕਾਣ ਦੀ ਕੋਸ਼ਿਸ਼ ਕਰਦਾ ਰਾਜਾ ਕਹਿਣ ਲੱਗਾ- ਮੇਰੀ ਬੱਚੀ ਤੇਰੀ ਸਮਝ ਸਾਹਮਣੇ ਹਾਰ ਮੰਨਣੀ ਪੈਂਦੀ ਹੈ।

ਛੇਤੀ ਦੇਣੀ ਰਾਜਕੁਮਾਰੀ ਬੋਲੀ- ਇਹ ਸਮਝ ਤੁਸੀਂ ਹੀ ਬਖ਼ਸ਼ੀ ਹੈ ਪਿਤਾ ਜੀ, ਮੇਰੀ ਕੀ ਹੈਸੀਅਤ?

ਰਾਜਕੁਮਾਰੀ ਨੂੰ ਪਲੋਸਦਿਆਂ ਰਾਜਾ ਕਹਿਣ ਲੱਗਾ- ਤੇਰੀ ਹੈਸੀਅਤ ਦੇ ਵਜ਼ਨ ਨੂੰ ਮੈਂ ਜਾਣਦਾ ਹਾਂ। ਤੇਰਾ ਸੁਭਾਅ ਤੇ ਮਰਿਆਦਾ ਅਜਿਹੀ ਹੈ ਕਿ ਬੇਟੇ ਬੇਟੀ ਦੋਵਾਂ ਦੀ ਕਮੀ ਪੂਰੀ ਕਰ ਦਿੰਦੀ ਹੈ। ਸਮੇਂ ਸਿਰ ਤੂੰ ਗੱਲ ਨਾ ਸੰਭਾਲਦੀ ਤਾਂ ਕਬੀਰ ਦੀ ਮੇਰੇ ਹੱਥੋਂ ਮੌਤ ਯਕੀਨੀ ਸੀ। ਏਨਾ ਨਾਸਮਝ ਕਿ ਰਾਜੇ ਦੀ ਇੱਜ਼ਤ ਦਾ ਕਾਇਦਾ ਵੀ ਨਹੀਂ ਜਾਣਦਾ? ਚੱਲ ਤੇਰੇ ਨਾਲ ਮੈਂ ਵੀ ਚਲਦਾ ਹਾਂ। ਸਿਫ਼ਤਾਂ ਸੁਣ-ਸੁਣ ਕੰਨ ਪੱਕ ਗਏ। ਵਿਚਾਰੇ ਕਾਰੀਗਰ ਦਾ ਸਮਾਂ ਖ਼ਰਾਬ ਕਰਨਾ ਠੀਕ ਹੈ ਵੀ ਨਹੀਂ। ਪਰਜਾ ਤਾਂ ਰਾਜੇ ਦੀ ਸੰਤਾਨ ਹੁੰਦੀ ਹੈ। ਜਦੋਂ ਜਾਣਾ ਹੀ ਹੈ ਫਿਰ ਦੇਰ ਕਿਸ ਲਈ?

ਇਹ ਗੱਲ ਕਹਿ ਕੇ, ਜਿੱਧਰ ਨੂੰ ਮੂੰਹ ਹੋਇਆ ਰਾਜਾ ਤੁਰ ਪਿਆ। ਹੱਥ ਜੋੜ ਕੇ, ਲਪਕ ਕੇ ਠਾਕੁਰ ਸਾਹਮਣੇ ਆਇਆ ਤੇ ਬੋਲਿਆ- ਗ਼ਰੀਬ ਨਿਵਾਜ ਇੱਧਰ ਪਧਾਰੋ। ਕਬੀਰ ਦੀ ਝੁੱਗੀ ਦਾ ਰਸਤਾ ਇੱਧਰ ਦੀ ਹੈ। ਰਾਜੇ ਨੇ ਮੁੜ ਕੇ ਹੈਰਾਨੀ ਨਾਲ ਪੁੱਛਿਆ- ਝੌਂਪੜੀ? ਇਹੋ ਜਿਹੇ ਮਸ਼ਹੂਰ ਕਲਾਕਾਰ ਦੀ ਝੌਂਪੜੀ? ਆਪਣੇ ਭਲੇ ਬੁਰੇ ਦਾ ਤੈਨੂੰ ਹੋਸ਼ ਵੀ ਹੈ ਕਿ ਨਹੀਂ? ਤੇਰੇ ਲੱਛਣ ਤੇਰਾ ਨੁਕਸਾਨ ਕਰਨਗੇ!

ਤੇਈਏ ਦਾ ਤਾਪ ਚੜ੍ਹੇ ਮਰੀਜ਼ ਵਾਂਗ ਠਾਕੁਰ ਥਰ ਥਰ ਕੰਬਣ ਲੱਗਾ। ਟੁਟਦੀ ਆਵਾਜ਼ ਨਾਲ ਬੋਲਿਆ- ਅੰਨਦਾਤਾ ਅੱਖੀਂ ਦੇਖੇ ਬਗ਼ੈਰ ਇਸ ਸਿਰੜੀ ਦੀਆਂ ਕਰਤੂਤਾਂ ਦਾ ਪਤਾ ਨਹੀਂ ਲੱਗ ਸਕਦਾ।

ਰਾਜਕੁਮਾਰੀ ਗੱਲ ਕੱਟ ਕੇ ਬੋਲੀ- ਹੁਣ ਕਾਹਦੀ ਦੇਰ? ਜਿਸਦੀ ਜੋ ਕਰਤੂਤ ਹੋਏਗੀ, ਅੱਗੇ ਆ ਜਾਏਗੀ।

ਬੇਟੀ ਦੀ ਅਕਲ ਦਾ ਮਾਣ ਕਰਦਿਆਂ ਰਾਜਾ ਕਹਿੰਦਾ- ਹਾਂ ਹੁਣ ਕਾਹਦੀ ਦੇਰ!

ਪੰਜਾਹ ਕੁ ਬੰਦੇ ਰਾਜੇ ਦੇ ਪਿੱਛੇ ਪਿੱਛੇ ਤੁਰ ਪਏ ਤੇ ਕਬੀਰ ਦੀ ਝੌਂਪੜੀ ਜਾ ਅੱਪੜੇ। ਨਵੇਂ ਗਾਰੇ ਨਾਲ ਲਿਪੀ ਪੋਚੀ ਝੌਂਪੜੀ। ਤਾਣੀ ਤਣਨ ਵਾਸਤੇ ਖੁੱਲ੍ਹਾ ਵਿਹੜਾ। ਦੇਵਤਿਆਂ ਦੀ ਅਟਾਰੀ ਵਾਂਗ ਪਾਕ ਸਾਫ਼। ਗੁਲਾਬੀ ਉੱਨ ਦਾ ਤਾਣਾ ਤਣਿਆ ਹੋਇਆ, ਕਬੀਰ ਬੁਣਤੀ ਵਿੱਚ ਮਗਨ, ਤਾਣੀ ਵਿੱਚ ਸਟਾ ਸੱਟ ਫਿਰਕੀ ਘੁੰਮ ਰਹੀ। ਦਰਵਾਜ਼ੇ ਤੇ ਲੋਕਾਂ ਦੀ ਹਲਚਲ ਹੋਈ ਤਾਂ ਪਿੱਛੇ ਮੁੜ ਕੇ ਦੇਖਿਆ। ਪਿੰਡ ਦ ੇ ਠਾਕੁਰ ਸਮੇਤ ਇੱਕ ਅਜਨਬੀ ਵੀ, ਰੇਸ਼ਮੀ ਅਚਕਨ ਪਹਿਨੀ, ਸਿਰ ਤੇ ਸੋਨੇ ਦਾ ਮੁਕਟ, ਬਾਂਕੀਆਂ ਮੁੱਛਾਂ, ਲੱਕ ਨਾਲ ਲਟਕਦੀ ਸੋਨੇ ਦੇ ਮਿਆਰ ਵਾਲੀ ਤਲਵਾਰ। ਨਾਲ ਖੜ੍ਹੀ ਇੱਕ ਸੁਹਣੀ ਕੁੜੀ। ਅੰਗਾਂ ਵਿੱਚ ਨਾ ਜਵਾਨੀ ਸਮਾ ਰਹੀ ਨਾ ਰੰਗ ਰੂਪ, ਰੰਗ ਬਿਰੰਗੀ ਝਮ ਝਮ ਕਰਦੀ ਪੁਸ਼ਾਕ। ਮਿਰਗਨੈਣੀ ਦੀਆਂ ਅੱਖਾਂ ਵਿੱਚੋਂ ਸਮਝਦਾਰੀ ਸਾਫ਼ ਝਲਕਦੀ।

ਹੋਠਾਂ ਤੇ ਰੂਹਾਨੀ ਮੁਸਕਾਨ ਵਾਲੇ ਕਬੀਰ ਨੇ ਉੱਠ ਕੇ ਸਾਹਮਣੇ ਖਲੋਤੇ ਲੋਕਾਂ ਦੇ ਚਿਹਰੇ ਧਿਆਨ ਨਾਲ ਦੇਖੇ ਕਿ ਠਾਕੁਰ ਨੇ ਘਬਰਾਹਟ ਵਿੱਚ ਕਿਹਾ- ਕਮਲਿਆਂ ਵਾਂਗ ਬਿਟਰ-ਬਿਟਰ ਕਿਉਂ ਦੇਖੀ ਜਾਨੈ? ਤੇਰੇ ਚੰਗੇ ਭਾਗਾਂ ਨੂੰ ਦੇਸ਼ ਦੇ ਮਾਲਕ, ਤਿੰਨ ਲੋਕਾਂ ਦੇ ਨਾਥ ਖ਼ੁਦ ਤੇਰੇ ਕੋਲ ਚੱਲ ਕੇ ਆਏ ਨੇ, ਤੇਰੀ ਕਾਰੀਗਰੀ ਦੇਖਣ। ਉੱਲੂ ਵਾਂਗ ਅੱਖਾਂ ਕਿਉਂ ਪਾੜ ਰਿਹੈਂ? ਕਾਲੀਨ ਜਾਂ ਸ਼ਾਲ ਜੋ ਵੀ ਹੋਵੇ, ਨਜ਼ਰ ਕਰ ਮਹਾਰਾਜ ਦੀ।

ਕਾਰੀਗਰੀ ਦੇਖਣ ਤੋਂ ਪਹਿਲਾਂ ਰਾਜਕੁਮਾਰੀ ਨੇ ਜੀਅ ਭਰਕੇ ਕਾਰੀਗਰ ਵੱਲ ਦੇਖਿਆ। ਤਾਂਬੇ ਰੰਗਾ ਜਿਸਮ, ਸਿਰ, ਦਾਹੜੀ, ਮੁੱਛਾਂ ਦੇ ਵਲ ਖਾਂਦੇ ਕਾਲੇ ਕੇਸ। ਸਫ਼ੈਦ ਅੰਗਰਖੀ, ਸਫ਼ੈਦ ਧੋਤੀ ਗੋਡਿਆਂ ਤੱਕ। ਘੁੰਗਰਾਲੇ ਵਾਲ, ਸਫ਼ੈਦ ਦੰਦ, ਸ਼ਾਂਤ ਮੁਸਕਾਨ। ਅੰਗਾਂ ਤੋਂ ਪਾਰ ਕੋਈ ਹੋਰ ਰੂਪ ਵੀ। ਇਨਸਾਨ ਦੇ ਰੂਪ ਵਿੱਚ ਪਹਿਲੀ ਵਾਰ ਰਾਜਕੁਮਾਰੀ ਨੇ ਇਨਸਾਨ ਦੇਖਿਆ।

ਮਾਸੂਮ ਬਾਲ ਵਾਂਗ ਕਬੀਰ ਕਹਿਣ ਲੱਗਾ- ਆਪਨੇ ਇੱਥੇ ਆਉਣ ਦੀ ਖੇਚਲ ਐਵੇਂ ਕੀਤੀ, ਮੈਂ ਤਾਂ ਕੇਵਲ ਜੁਲਾਹੇ ਦਾ ਕੰਮ ਕਰਨਾ ਜਾਣਦਾ ਹਾਂ। ਆਪ ਇਸ ਨੂੰ ਕਾਰੀਗਰੀ ਮੰਨ ਲਉ ਆਪ ਦੀ ਮਰਜ਼ੀ। ਇਸ ਕੰਮ ਤੋਂ ਇਲਾਵਾ ਮੈਂ ਹੋਰ ਕਿਸੇ ਕੰਮ ਦੇ ਲਾਇਕ ਵੀ ਨਹੀਂ।

ਰਾਜਕੁਮਾਰੀ ਨੂੰ ਭੰਵਰਿਆਂ ਦੀ ਗੁਣਗੁਣਾਹਟ ਸੁਣਾਈ ਦਿੱਤੀ। ਗੁਲਾਬ ਦੇ ਫੁੱਲਾਂ ਉੱਪਰ ਭੰਵਰੇ ਮੰਡਰਾ ਰਹੇ। ਪਰ ਬੂਟਾ ਤਾਂ ਧਰਤੀ ਤੋਂ ਉੱਪਰ ਹੈ, ਫੇਰ ਵੀ ਹਰਾ ਭਰਾ ਕਿਵੇਂ? ਅਜਬ ਮਾਜਰਾ ਦੇਖਣ ਬੂਟੇ ਦੇ ਨੇੜੇ ਪੁੱਜੀ। ਹੱਥ ਫੇਰਿਆ ਤਾਂ ਪਤਾ ਲੱਗਾ ਇਹ ਤਾਂ ਬੁਣਾਈ ਕੀਤਾ ਹੋਇਆ ਬੂਟਾ ਹੈ! ਅੱਗੇ ਟੰਗਣੇ ਉੱਪਰ ਚਾਰ ਪੰਜ ਕੰਬਲ, ਸ਼ਾਲ ਲਟਕ ਰਹੇ। ਰਾਜੇ ਅਤੇ ਰਾਜਕੁਮਾਰੀ ਨੇ ਇੱਕ ਇੱਕ ਹੁਨਰ ਦੇਖਿਆ, ਸੁੱਧ ਬੁੱਧ ਨਾ ਰਹੀ। ਇਕ ਇਕ ਚਿੱਤਰ ਵਿੱਚ ਨਜ਼ਰ ਉਲਝ ਉਲਝ ਗਈ। ਕਾਲੀ ਘਟਾ ਵਿੱਚ ਬਿਜਲੀਆਂ! ਕਿਤੇ ਹਨੇਰੀ ਦਾ ਦ੍ਰਿਸ਼ ਕਿਤੇ ਵਰੋਲੇ ਦਾ। ਕਿਤੇ ਇੰਦਰ ਧਨੁਖ ਕਿਤੇ ਰੇਗਿਸਤਾਨੀ ਰੇਤੇ ਦੀਆਂ ਲਹਿਰਾਂ, ਕਿਤੇ ਹਰੇ ਕਰੀਰ ਉੱਪਰ ਲਟਕਦੇ ਲਾਲ ਸੂਹੇ ਪੀਂਝੂ। ਸ਼ਿਕਾਰੀ ਰਾਜੇ ਨੂੰ ਖੁੱਡਾਂ ਦੀ ਪਛਾਣ ਸੀ। ਇੱਕ ਕਾਲੀਨ ਦੀ ਤਹਿ ਖੁੱਲ੍ਹਦਿਆਂ ਹੀ ਪੁੱਛਿਆ- ਓ, ਇਹ ਲੂੰਬੜ ਦੀ ਖੱਡ ਵਰਗੀ ਕੀ ਹੈ? ਇਸ ਅੰਦਰ ਕਿਤੇ ਲੂੰਬੜੀ ਤਾਂ ਨਹੀਂ ਲੁਕੀ ਬੈਠੀ?

ਕਬੀਰ ਹੱਸ ਪਿਆ- ਖ਼ੂਬ ਪਛਾਣੀ। ਕਢਾਈ ਕੀਤੀ ਇਹ ਲੂੰਬੜੀ ਦੀ ਖੁੱਡ ਹੈ।

ਸ਼ਹਿਦ ਘੁਲੇ ਮਿੱਠੇ ਬੋਲ ਬੋਲਦੀ ਰਾਜਕੁਮਾਰੀ ਨੇ ਪੁੱਛਿਆ- ਪਰ ਲੂੰਬੜੀ ਦੀ ਖੱਡ ਵਿੱਚ ਤੁਹਾਨੂੰ ਕੀ ਗੁਣ ਦਿਸਿਆ?

ਕਬੀਰ ਦਾ ਮਨ ਭਾਉਂਦਾ ਸਵਾਲ। ਕਿਹਾ- ਕੁਦਰਤ ਦੀ ਹਰ ਚੀਜ਼ ਇੱਕ ਨਾਲੋਂ ਵੱਧ ਸੁਹਣੀ ਹੈ, ਨਾ ਕੋਈ ਉੱਨੀ ਨਾ ਇੱਕੀ।

ਰਾਜਕੁਮਾਰੀ ਦੀ ਸੁੰਦਰਤਾ ਨੂੰ ਇਹ ਉੱਤਰ ਕਾਫ਼ੀ ਬੁਰਾ ਲੱਗਾ। ਸੁਹਣਾ ਸੁਹਣਾ ਹੈ, ਕਸੋਹਣਾ ਕਸੋਹਣਾ। ਦੋਵੇਂ ਚੀਜ਼ਾਂ ਇੱਕੋ ਜਿਹੀਆਂ ਕਿਵੇਂ ਹੋ ਸਕਦੀਆਂ ਨੇ? ਇਉਂ ਫਿਰ ਖ਼ੂਬਸੂਰਤੀ ਨੂੰ ਕੌਣ ਪੁੱਛੇਗਾ?

ਕਬੀਰ ਨੇ ਧੀਰਜ ਨਾਲ ਕਿਹਾ- ਖ਼ੂਬਸੂਰਤੀ ਬਦਸੂਰਤੀ ਆਦਮੀ ਦੀਆਂ ਨਜ਼ਰਾਂ ਦਾ ਨਤੀਜਾ ਹੈ। ਤੁਹਾਨੂੰ ਇਤਬਾਰ ਨਹੀਂ ਆਉਣਾ, ਤੁਰੇ ਜਾਂਦੇ ਨੇ ਮੈਂ ਲੂੰਬੜੀ ਦੀ ਖੱਡ ਜੰਗਲ ਵਿੱਚ ਦੇਖੀ। ਉਸ ਵੇਲੇ ਮੈਨੂੰ ਉਹ ਚੰਦ ਨਾਲੋਂ ਵੱਧ ਸੁਹਣੀ ਲੱਗੀ। ਅਗਲੇ ਦਿਨ ਖੱਡੀ ਬੁਣਨ ਲੱਗਾ, ਆਪੇ ਲੂੰਬੜੀ ਦੀ ਖੱਡ ਬਣ ਗਈ, ਬਿਲਕੁਲ ਉਸੇ ਵਾਂਗ!

ਬੁੱਲ੍ਹ ਚਿਥਦਾ ਹੋਇਆ ਰਾਜਾ ਬੋਲਿਆ- ਜੰਗਲ ਵਿਚਲੀ ਖੱਡ ਮੈਨੂੰ ਸੁਹਣੀ ਲਗਦੀ ਜਾਂ ਨਾ, ਰਾਮ ਜਾਣੇ ਪਰ ਤੇਰੀ ਇਹ ਕਾਰੀਗਰੀ ਤਾਂ ਮੂੰਹੋਂ ਬੋਲ ਰਹੀ ਹੈ। ਕਿਤੇ ਵਿਧਾਤਾ ਦਾ ਕੋਈ ਹਿੱਸਾ ਤੇਰੇ ਹੱਥ ਤਾਂ ਨਹੀਂ ਲੱਗ ਗਿਆ? ਅੱਖੀਂ ਦੇਖੀ ਚੀਜ਼ ਹੱਥਾਂ ਦੀ ਪਕੜ ਵਿੱਚ ਅਕਸਰ ਆਇਆ ਨਹੀਂ ਕਰਦੀ। ਦੇਖਣ ਵਿੱਚ ਤਾਂ ਗ਼ਲਤੀ ਨਹੀਂ ਲਗਦੀ, ਹੱਥੀਂ ਬਣਾਉਣ ਵਿੱਚ ਸਭ ਤੋਂ ਗ਼ਲਤੀ ਹੋ ਹੀ ਜਾਂਦੀ ਹੈ।

ਸੱਜੇ ਖੱਬੇ ਸਿਰ ਹਿਲਾਉਂਦੇ ਕਬੀਰ ਨੇ ਕਿਹਾ- ਉ ਹੂੰ, ਦੇਖਣ ਵਿੱਚ ਗ਼ਲਤੀ ਖਾਧੀ ਹੋਵੇ ਫੇਰ ਹੱਥ ਗ਼ਲਤੀ ਕਰਦੇ ਹਨ। ਕਿਸੇ ਚੀਜ਼ ਨੂੰ ਦੇਖਣ ਵੇਲੇ ਮੇਰੀਆਂ ਅੱਖਾਂ ਹੱਥ ਬਣ ਜਾਂਦੀਆਂ ਹਨ ਤੇ ਖੱਡੀ ਵਿੱਚ ਬੈਠਣ ਵੇਲੇ ਮੇਰੇ ਹੱਥ, ਅੱਖਾਂ ਬਣ ਜਾਂਦੇ ਹਨ।

ਪਹਿਲੀ ਵਾਰ ਰਾਜਕੁਮਾਰੀ ਨੇ ਆਦਮੀ ਦੇ ਮੂੰਹੋਂ ਆਦਮੀ ਦੇ ਬੋਲ ਸੁਣੇ। ਇਹ ਤਾਂ ਬਰਾਬਰ ਦਿਆਂ ਵਾਂਗ ਬੇਝਿਜਕ ਗੱਲਾਂ ਕਰ ਰਿਹੈ। ਇਸ ਦੀ ਨਿਗ੍ਹਾ ਵਿੱਚ ਵੱਡਾ ਛੋਟਾ ਕੋਈ ਹੈ ਈ ਨਹੀਂ। ਰਾਜ ਦਰਬਾਰ ਦਾ ਤਾਂ ਮਾਹੌਲ ਹੀ ਹੋਰ। ਆਦਮੀਆਂ ਦੇ ਮੁਖੌਟੇ ਪਹਿਨ ਕੇ ਉਥੇ ਗਿੱਦੜ, ਕਾਂ, ਕਤੂਰੇ, ਗਧੇ, ਮੇਮਨੇ ਇੱਧਰ ਉੱਧਰ ਚੱਕਰ ਕੱਟੀ ਜਾਂਦੇ ਨੇ। ਇਨਸਾਨ ਦੀ ਜੂਨੇ ਪੈ ਕੇ ਵੀ ਕੋਈ ਇਨਸਾਨ ਦੀ ਮਰਿਆਦਾ ਨਹੀਂ ਜਾਣਦਾ।

ਹੋਸ਼ ਸੰਭਾਲਣ ਪਿੱਛੋਂ ਰਾਜਕੁਮਾਰੀ ਜਿਸ ਮਰਿਆਦਾ ਨੂੰ ਦੇਖਣ ਲਈ ਤਰਸਦੀ ਰਹੀ, ਪਹਿਲੀ ਵਾਰ ਕਬੀਰ ਦੇ ਚਿਹਰੇ ਉੱਪਰ ਦਿਸੀ। ਖ਼ੁਸ਼ੀ ਨਾਲ ਦਿਲ ਝੂੰਮਣ ਲੱਗਾ।

ਪਰਜਾ ਵਿੱਚ ਕਬੀਰ ਜੈਸਾ ਕਲਾਕਾਰ ਹੋਵੇ, ਕਿਸ ਰਾਜੇ ਨੂੰ ਮਾਣ ਨਾ ਹੋਵੇ? ਪਿੱਠ ਤੇ ਥਾਪੀ ਦਿੰਦਾ ਰਾਜਾ ਬੋਲਿਆ- ਧੰਨ ਨੇ ਤੇਰੀਆਂ ਅੱਖਾਂ, ਧੰਨ ਤੇਰੀਆਂ ਉਂਗਲੀਆਂ। ਈਰਖਾ ਦੀ ਅੱਗ ਸਦਕਾ ਲੋਕ ਚੁਗਲੀ ਕਰਦੇ ਨੇ ਪਰ ਮੈਂ ਚੁਗਲੀਆਂ ਵੱਲ ਕੰਨ ਕਿਉਂ ਕਰਾਂ? ਤੇਰੇ ਵਾਸਤੇ ਅੱਜ ਤੋਂ ਸਾਡਾ ਖ਼ਜ਼ਾਨਾ ਖੁੱਲ੍ਹਾ ਹੈ ਅੱਠੇ ਪਹਿਰ। ਤੇਰੀ ਕਾਰੀਗਰੀ ਦੀ ਮੂੰਹ ਮੰਗੀ ਕੀਮਤ ਤਾਰਾਂਗੇ। ਦਿਲ ਵਿੱਚ ਕੋਈ ਸੰਕੋਚ ਨਾ ਰੱਖਣਾ!

ਮੁਸਕਰਾਂਦਿਆਂ ਕਬੀਰ ਨੇ ਕਿਹਾ- ਇਸ ਵਿੱਚ ਸੰਕੋਚ ਕਿਸ ਗੱਲ ਦਾ? ਆਪ ਨੂੰ ਪਤਾ ਨਹੀਂ, ਵੇਚਣ ਵਾਸਤੇ ਮੈਂ ਬੁਣਾਈ ਨਹੀਂ ਕਰਦਾ। ਇਲਾਕੇ ਦੇ ਸੇਠ ਮਹਾਜਨ ਲਾਲਚ ਦੇ ਦੇ ਥੱਕ ਗਏ, ਪੈਸਿਆਂ ਵੱਟੇ ਆਪਣੀ ਕਾਰੀਗਰੀ ਨਹੀਂ ਵੇਚੀ। ਜਿਹੜੀ ਗੱਲ ਸੁਫ਼ਨੇ ਵਿੱਚ ਵੀ ਨਾ ਜਚੇ, ਉਸ ਨੂੰ ਮੰਨਣ ਦਾ ਕੀ ਫ਼ਾਇਦਾ? ਤੁਸੀਂ ਹੀ ਦੱਸੋ।

ਸੁਣਨਸਾਰ ਰਾਜਕੁਮਾਰੀ ਤਾਂ ਇਸ ਗੱਲ ਦਾ ਭੇਦ ਜਾਣ ਗਈ ਪਰ ਇੱਕ ਇੱਕ ਅੱਖਰ ਧਿਆਨ ਨਾਲ ਸੁਣਨ ਬਾਅਦ ਵੀ ਰਾਜਾ ਨਾ ਗੱਲ ਦਾ ਭਾਵ ਸਮਝਿਆ, ਨਾ ਇਸ ਵਿਚਲਾ ਜਾਇਕਾ। ਮੁਕਟ ਅਤੇ ਸਿੰਘਾਸਨ ਦਾ ਗੁਮਾਨ ਇਹੋ ਜਿਹੀ ਸਮਝ ਨੂੰ ਕਿਧਰੇ ਨੇੜ ਤੇੜੇ ਨਹੀਂ ਭਟਕਣ ਦਿੰਦਾ। ਬੇਸਮਝੀ ਨਾਲ ਗਰਦਣ ਹਿਲਾਉਂਦਿਆਂ ਕਿਹਾ- ਹਾਂ... ਹਾਂ... ਇਸ ਵਿੱਚ ਬੁਰਾਈ ਕੀ? ਮੇਰੀ ਮਿਹਰ ਅਤੇ ਰਾਜ ਦੇ ਖ਼ਜ਼ਾਨੇ ਖੁੱਲ੍ਹੇ ਹੋਣ, ਫੇਰ ਹੋਰਾਂ ਨੂੰ ਸਾਮਾਨ ਕਿਉਂ ਵੇਚੇਂ? ਕੋਈ ਤੀਸਮਾਰ ਖਾਂ ਤੇਰਾ ਮਾਲ ਖ਼ਰੀਦਣ ਦੀ ਹੈਂਕੜ ਦਿਖਾਏ ਮੈਨੂੰ ਖ਼ਬਰ ਕਰੀਂ, ਉਸਨੂੰ ਜਿਉਂਦੇ ਜੀਅ ਜ਼ਮੀਨ ਵਿੱਚ ਗਡਵਾ ਦਿਆਂਗਾ। ਸਮਝ ਗਿਆ ਨਾ?

ਹਾਂ ’ਚ ਹਾਂ ਮਿਲਾਉਂਦਿਆਂ ਠਾਕੁਰ ਨੇ ਕਿਹਾ- ਇਹ ਤਾਂ ਹਜ਼ੂਰ ਜਨਮ ਤੋਂ ਹੀ ਸਾਰਾ ਕੁਝ ਸਮਝ ਕੇ ਆਇਆ ਹੈ, ਫੇਰ ਕਿਸੇ ਦੀ ਗੱਲ ਕਿਉਂ ਮੰਨੇ?

ਹਾਮੀ ਭਰਦਿਆਂ ਰਾਜੇ ਨੇ ਕਿਹਾ- ਏਡੇ ਮਹਾਨ ਕਾਰੀਗਰ ਨੂੰ ਕਿਸੇ ਦੀ ਗੱਲ ਮੰਨਣੀ ਚਾਹੀਦੀ ਵੀ ਨਹੀਂ। ਜ਼ਬਰਦਸਤੀ ਤੂੰ ਵੀ ਕੁਝ ਖ਼ਰੀਦਣ ਦਾ ਯਤਨ ਕਰੇਂਗਾ ਤਾਂ ਮੈਥੋਂ ਬੁਰਾ ਵੀ ਫੇਰ ਹੋਰ ਕੋਈ ਨਹੀਂ।

ਫਿਰ ਕਬੀਰ ਵੱਲ ਮੁੜਦਿਆਂ ਰਾਜੇ ਨੇ ਪੁੱਛਿਆ- ਬੋਲ ਇਸ ਠਾਕੁਰ ਨੇ ਤੈਨੂੰ ਕਦੇ ਪਰੇਸ਼ਾਨ ਤਾਂ ਨਹੀਂ ਕੀਤਾ?

ਸਵਾਲ ਸੁਣਨ ਸਾਰ ਠਾਕੁਰ ਦਾ ਤਾਂ ਜਿਵੇਂ ਖ਼ੂਨ ਨੁੱਚੜ ਗਿਆ ਹੋਵੇ। ਅਚਨਚੇਤ ਬਲਾ ਆ ਗਈ ਸਮਝੋ। ਕਬੀਰ ਸਰਲ ਭਾਵ ਬੋਲਿਆ- ਕਿਸੇ ਦੇ ਕਰਨ ਨਾਲ ਮੈਂ ਪਰੇਸ਼ਾਨ ਨਹੀਂ ਹੁੰਦਾ। ਆਪਣੇ ਦਿਲ ਦੇ ਸਿਵਾਇ ਕਿਸੇ ਦੀ ਗੱਲ ਮੰਨਾ ਤਾਂ ਹੋਵਾਂ। ਆਪ ਬੇਫ਼ਿਕਰ ਰਹੋ, ਮੈਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰ ਸਕਦਾ।

ਕਬੀਰ ਦੀ ਗੱਲ ਸੁਣਕੇ ਰਾਜਾ ਅਤੇ ਠਾਕੁਰ ਦੋਵੇਂ ਨਿਸ਼ਚਿੰਤ ਹੋ ਗਏ। ਠਾਕੁਰ ਦੇ ਦਿਲ ਅੰਦਰਲੀ ਧੁਖਧੁਖੀ ਮੁੱਕੀ ਪਰ ਰਾਜਕੁਮਾਰੀ ਨੂੰ ਅਗਲਾ ਦ੍ਰਿਸ਼ ਦਿਸ ਰਿਹਾ ਸੀ। ਬੁਰਾ ਹੋਇਆ ਇੱਥੇ ਆਏ। ਹੁਣ ਪਛਤਾਉਣ ਦਾ ਕੀ ਲਾਭ? ਨਾਦਾਨ ਦੋਸਤ ਦਾ ਫ਼ਾਇਦਾ ਦੁਸ਼ਮਣ ਹੀ ਉਠਾਉਂਦਾ ਹੈ। ਮੇਰੇ ਕਰਕੇ ਕਬੀਰ ਦੁੱਖ ਉਠਾਏਗਾ। ਇਹ ਹੋਣੀ ਹੋ ਕੇ ਰਹੇਗੀ। ਰਾਜਕੁਮਾਰੀ ਦਾ ਦਿਲ ਬੈਠਣ ਲੱਗਾ। ਆਖ਼ਰ ਇਹ ਬਾਤਚੀਤ ਕਿਸ ਕਿਨਾਰੇ ਤੇ ਰੁਕੇਗੀ, ਉਸਨੂੰ ਪਹਿਲਾਂ ਹੀ ਮਹਿਸੂਸ ਹੋ ਗਿਆ ਪਰ ਇਸ ਦਾ ਕੋਈ ਉਪਾਉ ਕਿਧਰੇ ਦਿਸਦਾ ਨਹੀਂ ਸੀ ਦੂਰ ਦੂਰ ਤੱਕ।

ਅੱਜ ਜਿੰਨੀਆਂ ਗੱਲਾਂ ਰਾਜੇ ਨੇ ਕਿਸੇ ਨਾਲ ਕੀਤੀਆਂ ਨਹੀਂ ਸਨ ਕਦੀ। ਇਹ ਸੋਚਣ ਸਾਰ ਰਾਜੇ ਨੇ ਆਪਣੇ ਸਵਾਰਾਂ ਨੂੰ ਫੌਰਨ ਹੁਕਮ ਦਿੱਤਾ ਕਿ ਸਾਰੀ ਤਿਆਰ ਕਾਰੀਗਰੀ ਆਪਣੇ ਕਬਜ਼ੇ ਵਿੱਚ ਲਉ ਤੇ ਅਗਲੇ ਸਾਲ ਵਾਸਤੇ ਪੇਸ਼ਗੀ ਹੁਕਮ ਦਿਉ। ਜਿੰਨੀ ਮੂੰਹ ਮੰਗੀ ਕੀਮਤ ਕਬੀਰ ਮੰਗਦਾ ਹੈ, ਇਸ ਪਾਸ ਫੌਰਨ ਪੁਚਾਉ। ਲੈਣ ਦੇਣ ਸੌਦੇਬਾਜੀ ਵਿੱਚ ਕਬੀਰ ਦਾ ਵਕਤ ਜਾਇਆ ਨਹੀਂ ਕਰਨਾ, ਕਿਸੇ ਨੇ ਹੁਕਮ ਦੀ ਉਲੰਘਣਾ ਕੀਤੀ ਫਿਰ ਉਹ ਜਾਣੇ ਜਾਂ ਰਾਮ ਜਾਣੇ।

ਇਹ ਹੁਕਮ ਸੁਣਨ ਸਾਰ, ਰਾਜਕੁਮਾਰੀ ਦੇ ਦਿਲ ਵਿੱਚੋਂ ਦੀ ਜਿਵੇਂ ਸੁਰੰਗ ਨਿਕਲ ਗਈ ਹੋਵੇ। ਸਾਹ ਜਿੱਥੇ ਸੀ ਉੱਥੇ ਰੁਕ ਗਿਆ ਪਰ ਕਬੀਰ ਦੇ ਚਿਹਰੇ ਦੀ ਰੰਗਤ ਰੰਚਕ ਮਾਤਰ ਨਹੀਂ ਬਦਲੀ। ਟੰਗਣਿਆਂ ਤੇ ਲਟਕਦੇ ਕਾਲੀਨਾਂ ਕੰਬਲਾਂ ਨੂੰ ਸਵਾਰਾਂ ਨੇ ਹੱਥ ਪਾਇਆ ਹੀ ਸੀ ਕਿ ਬਿਨਾਂ ਹੱਥ ਜੋੜੇ ਮੁਸਕਾਉਂਦਿਆਂ ਕਬੀਰ ਨੇ ਅੰਨਦਾਤਾ ਲਫ਼ਜ਼ ਵੀ ਨਹੀਂ ਉਚਾਰਿਆ, ਸਾਫ਼ ਸਾਫ਼ ਕਹਿ ਦਿੱਤਾ- ਮੈਂ ਦੱਸ ਦਿੱਤਾ ਸੀ ਕਿ ਮੁਨਾਫ਼ੇ ਵਾਸਤੇ ਮੈਂ ਜੁਲਾਹੇ ਦਾ ਕੰਮ ਨਹੀਂ ਕਰਦਾ। ਤੁਹਾਡਾ ਆਉਣਾ ਵਿਅਰਥ ਗਿਆ, ਇਸ ਵਾਸਤੇ ਖਿਮਾ ਮੰਗਦਾ ਹਾਂ।

ਹੁਣ ਰਾਜੇ ਨੂੰ ਕਬੀਰ ਦੀ ਗੱਲ ਦਾ ਭੇਦ ਸਮਝ ਆਇਆ, ਦਿਮਾਗ਼ ਵਿੱਚ ਵਰੋਲਾ ਉੱਠਿਆ, ਨਾੜਾਂ ਵਿੱਚ ਖ਼ੂਨ ਨੇ ਉਬਾਲਾ ਖਾਧਾ। ਇਸ ਚੰਡਾਲ ਦੀ ਇਹ ਹਿੰਮਤ? ਗੱਜਦਿਆਂ ਕਿਹਾ- ਦੂਜਿਆਂ ਨੂੰ ਜਿਵੇਂ ਇਨਕਾਰ ਕੀਤਾ, ਮੈਨੂੰ ਵੀ ਉਵੇਂ ਕਰੇਂਗਾ?

ਰਾਜਕੁਮਾਰੀ ਸੋਚ ਰਹੀ ਸੀ- ਇਹ ਦਿਨ ਦੇਖਣਾ ਪਏਗਾ, ਸੋਚਿਆ ਨਹੀਂ ਸੀ। ਕਿਹੀ ਬੁਰੀ ਗੱਠ ਉਲਝੀ! ਪੱਥਰ ਦੀ ਮੂਰਤੀ ਵਾਂਗ ਕਬੀਰ ਦੇ ਹੋਠਾਂ ਵੱਲ ਦੇਖਣ ਲੱਗੀ ਕਿ ਹੁਣ ਕਿਹੜਾ ਬੋਲ ਨਿਕਲੇਗਾ! ਮੁਸਕਾਨ ਸੰਭਾਲਦਿਆਂ ਕਬੀਰ ਨੇ ਕਿਹਾ, ਮੈਂ ਦਿਲ ਦੀ ਗੱਲ ਕਰਨੀ ਸੀ ਕਰ ਦਿੱਤੀ, ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ, ਜੋ ਮਰਜ਼ੀ ਮਤਲਬ ਕੱਢੋ।

ਰਾਜੇ ਨੂੰ ਜਿਵੇਂ ਅੱਗ ਲੱਗ ਗਈ ਹੋਵੇ, ਪੈਰ ਪਟਕਦਿਆਂ ਬੋਲਿਆ- ਮੇਰੇ ਕੋਲ ਮਤਲਬ ਕੱਢਣ ਦਾ ਵਕਤ ਨਹੀਂ ਹੈ। ਨਾਲਾਇਕ ਤੇਰੀ ਕਿਤੇ ਮੌਤ ਤਾਂ ਨਹੀਂ ਆ ਗਈ?

-ਮੌਤ ਤਾਂ ਆਏਗੀ ਯਕੀਨਨ ਇੱਕ ਦਿਨ! ਉਹ ਕਿਹੜਾ ਕਿਸੇ ਦਾ ਲਿਹਾਜ਼ ਕਰਦੀ ਹੈ? ਨਾ ਰੰਕ ਨਾ ਰਾਜਾ। ਮਰਨਾ ਯਾਦ ਹੈ ਇਸੇ ਲਈ ਤਾਂ ਆਪਣੀ ਮਿਹਨਤ ਦਾ ਮੁੱਲ ਨਹੀਂ ਵਟਦਾ।

ਠਾਕੁਰ ਨੇ ਵਧੀਆ ਵਿਉਂਤ ਸੁਝਾਈ- ਕੀਮਤ ਨਹੀਂ ਪਾਉਣੀ ਚਾਹੇਂ ਨਾ ਸਹੀ, ਇਹ ਸਾਰੀਆਂ ਚੀਜ਼ਾਂ ਖ਼ੁਸ਼ੀ ਖ਼ੁਸ਼ੀ ਰਾਜਾ ਦੇ ਚਰਨਾ ਵਿੱਚ ਰੱਖ ਕੇ ਭੇਟ ਕਰ ਦੇਹ।

ਠਾਕੁਰ ਦਾ ਇਹ ਸੁਝਾਅ ਸੁਣ ਕੇ ਕਬੀਰ ਦੇ ਹੋਠਾਂ ਤੇ ਮੁਸਕਾਣ ਤੈਰ ਆਈ। ਕਿਹਾ- ਭੇਟ ਦੇਣੀ ਨਾ ਦੇਣੀ ਮੇਰੀ ਮਰਜ਼ੀ ਹੈ, ਰਾਜਾ ਨੂੰ ਕਿਸ ਚੀਜ਼ ਦੀ ਘਾਟ ਜੋ ਭੇਟ ਕਰਾਂ!

ਰਾਜਕੁਮਾਰੀ ਨੇ ਕਬੀਰ ਬਾਰੇ ਕਈ ਅਫ਼ਵਾਹਾਂ ਸੁਣੀਆਂ ਹੋਈਆਂ ਸਨ ਤੇ ਉਸ ਨੂੰ ਲੱਗਿਆ ਕਰਦਾ ਸੀ ਸੱਚੀਆਂ ਹੋਣਗੀਆਂ। ਆਹਮੋ ਸਾਹਮਣੇ ਅਜਮਾਉਣ ਵਾਸਤੇ ਹੀ ਤਾਂ ਉਸਨੇ ਕਬੀਰ ਦੇ ਦਰਸ਼ਨ ਕਰਨ ਬਾਰੇ ਸੋਚਿਆ ਸੀ। ਹੁਣ ਸਾਹਮਣੇ ਕਬੀਰ ਨੂੰ ਦੇਖਿਆ ਕੰਨਾਂ ਨੂੰ ਯਕੀਨ ਨਹੀਂ ਆਉਂਦਾ ਸੀ, ਇਨਸਾਨ ਦੀ ਔਲਾਦ ਰਾਜਾ ਸਾਹਮਣੇ ਬੇਖ਼ੌਫ਼ ਦਿਲ ਦੀਆਂ ਗੱਲਾਂ ਇਉਂ ਕਰੀ ਜਾਏਗੀ! ਮਾਸੂਮ ਬਾਲਕ ਵਰਗਾ ਅਜਿਹਾ ਦਿਲ ਹੋਰ ਕਿਸਦਾ ਹੋ ਸਕਦਾ ਹੈ? ਵਧਦੀ ਉਮਰ ਅਤੇ ਸਮਝ ਨਾਲ, ਸੌ ਵਿੱਚੋਂ ਇੱਕ ਸੌ ਪੰਜ ਬੰਦਿਆਂ ਨੂੰ ਚਿੱਕੜ ਵਿੱਚੋਂ ਲੰਘਦਾ ਪੈਂਦਾ ਹੈ। ਇਹੋ ਜਿਹੀ ਇੱਕ ਵੰਨਗੀ ਕਿਵੇਂ ਬਚੀ ਰਹਿ ਗਈ? ਰਾਜਕੁਮਾਰੀ ਦੇ ਰੋਮ ਰੋਮ ਵਿੱਚ ਧਸਿਆ ਡਰ ਕਿਸੇ ਜਾਦੂ ਦੇ ਜ਼ੋਰ ਵਾਂਗ ਅਨੰਤ ਮਾਣ ਅਤੇ ਖ਼ੁਸ਼ੀ ਵਿੱਚ ਬਦਲ ਗਿਆ! ਇਸ ਪੁਤਲੇ ਨੂੰ ਮਿਲ ਕੇ ਤਾਂ ਮੌਤ ਵੀ ਧੰਨ ਹੋ ਜਾਏਗੀ। ਆਪਣੇ ਭਾਗ ਸਰਾਹੇਗੀ। ਇਹੋ ਜਿਹੀ ਮੌਤ ਉੱਪਰੋਂ ਲੱਖਾਂ ਜੀਵਨ ਨਿਛਾਵਰ! ਮਾਰਨ ਤੋਂ ਵਧੀਕ ਜ਼ੋਰ ਤਾਂ ਰਾਜਾ ਵਿੱਚ ਵੀ ਨਹੀਂ ਹੈ। ਮਨ ਵਿੱਚ ਡਰ ਨਹੀਂ ਤਾਂ ਖ਼ਤਰਾ ਕਿਸ ਤੋਂ? ਕਿਹੜੀ ਦੁਚਿੱਤੀ? ਮਰਨਾ ਨਿਸ਼ਚਿਤ ਹੈ ਫੇਰ ਵੀ ਬੜੇ ਲੋਕ ਮੌਤ ਤੋਂ ਡਰਦੇ ਹਨ! ਇੱਕ ਇਹ ਸਾਧੂ ਵਰਗਾ ਮਨੁੱਖ ਜਿਸਨੇ ਆਪਣੀ ਸੱਚਾਈ ਦੇ ਇਲਾਵਾ ਕੁਝ ਜਾਣਿਆਂ ਹੀ ਨਹੀਂ। ਛਾਲਾਂ ਮਾਰਦੀ ਬਿਜਲੀ ਵਾਂਗ ਕੋਈ ਮਰਮ ਰਾਜਕੁਮਾਰੀ ਦੀਆਂ ਅੱਖਾਂ ਅੱਗਿਉਂ ਲੰਘਿਆ।

ਬਾਕੀ ਸੁਣਨ ਵਾਲਿਆਂ ਉੱਪਰ ਜਿਵੇਂ ਪੱਥਰ ਡਿੱਗੇ ਹੋਣ। ਰਾਜਭਾਗ ਦਾ ਅਨੰਤ ਹੰਕਾਰ ਕਬੀਰ ਦੇ ਸਿੱਧੇ ਸਵਾਲ ਨੂੰ ਝੱਲ ਨਾ ਸਕਿਆ। ਕਬੀਰ ਦੇ ਵਾਕ ਨਾਲੋਂ ਤਾਂ ਤਲਵਾਰ ਦਾ ਵਾਰ ਸਹਿਣਾ ਸੌਖਾ! ਇੱਕ ਵਾਰ ਤਾਂ ਰਾਜਾ ਆਪਣੀ ਸੁੱਧ ਬੁੱਧ ਭੁਲਾ ਬੈਠਾ! ਪਰ ਦੂਜੇ ਹੀ ਪਲ ਉਸਦੀ ਨਸ ਨਸ ਵਿੱਚ ਸੱਪ, ਰਾਖ਼ਸ਼ ਅਤੇ ਸ਼ੇਰ ਦਹਾੜਨ ਲੱਗੇ। ਫੁੰਕਾਰਦਾ ਬੋਲਿਆ- ਤੂੰ ਕਾਰੀਗਰੀ ਕਿਸੇ ਨੂੰ ਵੇਚਦਾ ਨਹੀਂ, ਭੇਟ ਨਹੀਂ ਕਰਦਾ, ਫਿਰ ਇਹ ਹੈ ਕਿਸ ਲਈ?

ਕਿਸੇ ਦੇ ਉਕਸਾਉਣ ਨਾਲ ਕਬੀਰ ਨੂੰ ਗ਼ੁੱਸਾ ਨਹੀਂ ਆਉਂਦਾ ਸੀ। ਉਸਨੇ ਆਪਣੇ ਆਪ ਨੂੰ ਪੂਰੇ ਵਸ ਵਿੱਚ ਕੀਤਾ ਹੋਇਆ ਸੀ। ਧੀਮੇ ਸੁਰ ਵਿੱਚ ਬੋਲਿਆ- ਲੋੜਵੰਦ ਜਿਹੜੇ ਇਨ੍ਹਾਂ ਨੂੰ ਖ਼ਰੀਦ ਨਹੀਂ ਸਕਦੇ, ਮੇਰੀ ਕਾਰੀਗਰੀ ਉਨ੍ਹਾਂ ਵਾਸਤੇ।

ਠਾਕੁਰ ਨੇ ਅੱਗ ਵਿੱਚ ਘਿਉ ਪਾਉਂਦਿਆਂ ਕਿਹਾ- ਚੰਡਾਲ! ਤੇਰੀ ਇਹ ਮਜਾਲ? ਗ਼ੁੱਸਾ ਤਾਂ ਏਨਾ ਆ ਰਿਹੈ ਕਿ ਅੰਨਦਾਤਾ ਦਾ ਹੁਕਮ ਉਡੀਕੇ ਬਗ਼ੈਰ ਤੇਰੀ ਗਰਦਣ ਉਡਾ ਦਿਆਂ। ਬੇਕਾਰ ਚੀਥੜਿਆਂ ਵਾਸਤੇ ਤਿੰਨ ਲੋਕ ਦੇ ਮਾਲਕ ਨੂੰ ਤੂੰ ਭਿਖਾਰੀ ਸਮਝਿਆ?

ਠਾਕੁਰ ਦੇ ਗ਼ੁੱਸੇ ਦੀ ਵਜ੍ਹਾ ਕਬੀਰ ਨੂੰ ਪਤਾ ਨਾ ਲੱਗੀ, ਚੁੱਪ ਖਲੋਤਾ ਰਿਹਾ। ਰਾਜਕੁਮਾਰੀ ਠਾਕੁਰ ਨੂੰ ਕਹਿਣ ਲੱਗੀ- ਆਪਣੇ ਦਿਲ ਦੀ ਗੱਲ ਇਸ ਦੇ ਮੂੰਹ ਵਿੱਚ ਕਿਉਂ ਧੱਕੇ ਨਾਲ ਪਾਉਂਦੇ ਹੋ? ਇਸ ਨੇ ਇਸ ਤਰ੍ਹਾਂ ਦੀ ਕੋਈ ਗੱਲ ਤਾਂ ਕੀਤੀ ਨਹੀਂ।

ਰਾਜਕੁਮਾਰੀ ਦੇ ਸੁਭਾਅ ਤੋਂ ਵਾਕਫ਼ ਰਾਜੇ ਨੇ ਕਿਹਾ- ਠਾਕੁਰ, ਤੁਹਾਨੂੰ ਵਿਚਕਾਰ ਟੰਗ ਅੜਾਉਣ ਦੀ ਆਗਿਆ ਕਿਸ ਨੇ ਦਿੱਤੀ? ਇਹਦੇ ਨਾਲ ਨਿਬੇੜਾ ਕਰਨ ਦੀ ਤਾਕਤ ਮੇਰੇ ਵਿੱਚ ਨਹੀਂ?

ਕੂਹਣੀਆਂ ਤੱਕ ਹੱਥ ਜੋੜਦਾ ਠਾਕੁਰ ਰੁਕ ਰੁਕ ਬੋਲਿਆ- ਤੁਹਾਡੀ ਤਾਕਤ ਦੀ ਕੀ ਸੀਮਾ ਅੰਨਦਾਤਾ! ਇਹੋ ਜਿਹੇ ਭੁੱਖੜ ਲੱਖ ਕਰੋੜ ਰਲ ਕੇ ਵੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦੇ।

ਕਹਿਣਾ ਕੁਝ ਹੋਰ ਚਾਹੁੰਦਾ ਸੀ ਪਰ ਰਾਜਾ ਉਲਝ ਗਿਆ, ਬੇਧਿਆਨੀ ਵਿੱਚ ਏਨਾ ਕੁ ਕਿਹਾ- ਫੇਰ?

ਰਾਜੇ ਦੇ ਚਰਨ ਛੁਹਦਿਆਂ ਠਾਕੁਰ ਨੇ ਕਿਹਾ- ਭਿਆਨਕ ਗ਼ਲਤੀ ਹੋ ਗਈ ਅੰਨਦਾਤਾ, ਖਿਮਾ ਬਖ਼ਸ਼ੋ!

ਇੱਕ ਵਾਰ ਰਾਜੇ ਨੂੰ ਇਉਂ ਲੱਗਾ ਜਿਵੇਂ ਠਾਕੁਰ ਦੇ ਰੂਪ ਵਿੱਚ ਕਬੀਰ ਨੇ ਚਰਨ ਛੂਹੇ ਹੋਣ! ਰਾਜਾ ਤਾਂ ਰਾਜਾ ਹੈ ਆਖ਼ਰ! ਅਸਲ ਵਿੱਚ ਰਾਜੇ ਦੀ ਖਿਝ ਹੁਣ ਕੁਝ ਨਿਖਾਰਨ ਲੱਗ ਪਈ ਸੀ। ਠੰਢੇ ਮਿਜਾਜ਼ ਨਾਲ ਕਬੀਰ ਨੂੰ ਸਮਝਾਉਣ ਲੱਗਾ- ਜ਼ਿੱਦ ਉੱਪਰ ਪਾ ਮਿੱਟੀ। ਛੱਡ ਪਾਗ਼ਲਪਣ। ਸਾਡੇ ਦਰਸ਼ਨ ਕਰਨ ਤੋਂ ਪਹਿਲਾਂ ਜਿੰਨੀ ਤਕਲੀਫ਼ ਕੱਟੀ ਸੋ ਕੱਟ ਲਈ, ਹੁਣ ਐਸ਼ ਕਰ। ਜਿੰਨਾ ਮੰਗੇਂਗਾ, ਖ਼ਜ਼ਾਨੇ ਵਿੱਚੋਂ ਸਵਾਇਆ ਦਿਆਂਗਾ। ਚਰਾਗ ਲੈ ਕੇ ਲੱਭੀ ਜਾਈਂ, ਮੇਰੇ ਵਰਗਾ ਫਰਾਖ ਦਿਲ ਹਾਕਮ ਨਹੀਂ ਮਿਲੇਗਾ। ਪਾਗ਼ਲ ਕਿਤੋਂ ਦਾ! ਰਾਜਾ ਤਾਂ ਪਿਤਾ ਸਮਾਨ ਹੁੰਦਾ ਹੈ, ਫਿਰ ਸੰਕੋਚ ਕੀ?

ਲੱਗਣ ਲੱਗਾ ਹਕੂਮਤੀ ਦਹਿਸ਼ਤ ਨਾਲ ਯਰਕਣ ਵਾਲਾ ਬੰਦਾ ਨਹੀਂ ਕਬੀਰ। ਫਿਰ ਦਰਬਾਰੀਆਂ ਸਾਹਮਣੇ ਸਿੰਘਾਸਨ ਦੀ ਪੋਲ ਕਾਹਨੂੰ ਖੁੱਲ੍ਹੇ। ਪੁਚਕਾਰਨ ਲੱਗਾ- ਹੁਣ ਤਾਂ ਤੇਰਾ ਮਨ ਬਦਲਿਆ? ਤੂੰ ਕੀ ਜਾਣੇ ਏਨੀ ਖ਼ੁਸ਼ਾਮਦ ਤਾਂ ਮੈਂ ਵੱਡੇ, ਪੁਰਾਣੇ ਰਾਜਾ ਦੀ ਨਹੀਂ ਕੀਤੀ ਸੀ। ਖ਼ੁਸ਼ੀ ਖ਼ੁਸ਼ੀ ਮਨਜ਼ੂਰੀ ਦ ੇ ਦਏਂ ਤਾਂ ਮੇਰੇ ਅਫ਼ਸਰ ਤੇਰੇ ਮਾਲ ਨੂੰ ਹੱਥ ਲਾਉਣਗੇ। ਤੇਰੇ ਵਰਗੇ ਖਰੇ ਬੰਦੇ ਉੱਪਰ ਮੈਨੂੰ ਵੀ ਮਾਣ ਹੈ। ਮੂੰਹ ਮੰਗੀ ਕੀਮਤ ਦੱਸ, ਪੂਰੀ ਖੁੱਲ੍ਹ ਹੈ।

ਕਿਸੇ ਦੇ ਹੱਥੋਂ ਬਖ਼ਸ਼ੀਸ਼ ਲਵੇ, ਇਹੋ ਜਿਹੇ ਦਿਨ ਤਾਂ ਕਬੀਰ ਜੰਮਿਆ ਹੀ ਨਹੀਂ, ਬੇਸ਼ੱਕ ਦੇਸ਼ ਦਾ ਮਾਲਕ ਹੋਵੇ। ਕਬੀਰ ਦੇ ਮਨ ਉੱਪਰ ਕਿਸੇ ਦਾ ਕੁੰਡਾ ਨਹੀਂ। ਰਾਜਾ ਖਿਝੇ ਜਾਂ ਖ਼ੁਸ਼ ਹੋਵੇ, ਉਸਨੂੰ ਕੀ। ਸਾਰੀ ਗੱਲ ਸੰਭਾਲਦਿਆਂ ਬੋਲਿਆ- ਮੇਰੀਆਂ ਲੋੜਾਂ ਏਨੀਆਂ ਘੱਟ ਹਨ ਕਿ ਤੁਹਾਡੀ ਬਖ਼ਸ਼ਿਸ਼ ਮੇਰੇ ਕਿਸੇ ਕੰਮ ਦੀ ਨਹੀਂ। ਤੁਹਾਡਾ ਇੱਥੇ ਆਉਣਾ ਬੇਕਾਰ ਹੈ, ਇੱਕ ਵਾਰ ਫਿਰ ਖਿਮਾ ਚਾਹੁੰਦਾ ਹਾਂ।

ਰਾਜਾ ਆਪਣੇ ਮੂੰਹ ਨਾਲ ਪੁਚਕਾਰੇ, ਫਿਰ ਵੀ ਕਬੀਰ ਦਾ ਉਹੀ ਹਠ ਕਾਇਮ। ਰਾਜੇ ਨੂੰ ਤਾਂ ਸੱਤੀਂ ਕੱਪੜੀਂ ਅੱਗ ਲੱਗ ਗਈ। ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ। ਸ਼ੱਕ ਮਿਟਾਉਣ ਵਾਸਤੇ ਇੱਕ ਵਾਰ ਫਿਰ ਪੁੱਛਿਆ- ਤਾਂ ਕੀ ਮੂੰਹ ਮੰਗੀ ਕੀਮਤ ਤੇ ਵੀ ਆਪਣਾ ਮਾਲ ਮੈਨੂੰ ਨਹੀਂ ਦਏਂਗਾ?

ਰਾਜਕੁਮਾਰੀ ਵੱਲ ਦੇਖਦਿਆਂ ਕਬੀਰ ਨੇ ਕਿਹਾ- ਲੋਭ ਲਾਲਚ ਸਦਕਾ ਮਨ ਬਦਲ ਜਾਏ, ਇਹ ਮੈਂ ਜਾਣਦਾ ਹੀ ਨਹੀਂ, ਇੱਕ ਵਾਰ ਪੁੱਛੋ ਚਾਹੇ ਸੌ ਵਾਰ, ਮੇਰਾ ਉਹੀ ਉੱਤਰ। ਇਹ ਬੋਲ ਸੁਣਕੇ ਰਾਜਕੁਮਾਰੀ ਨੂੰ ਲੱਗਾ ਆਕਾਸ਼ ਵਿੱਚ ਇੱਕ ਸੂਰਜ ਹੋਰ ਚੜ੍ਹ ਗਿਆ ਪਰ ਰਾਜੇ ਦੀ ਹਾਲਤ ਵਿਗੜ ਗਈ। ਮੈਂ ਦੇਸ਼ ਦਾ ਮਾਲਕ ਹਾਂ ਵੀ ਕਿ ਨਹੀਂ? ਸਿੰਘਾਸਨ ਤੇ ਮੁਕਟ ਦਾ ਮਾਣ ਐਵੇਂ ਤਾਂ ਨਹੀਂ ਹੁੰਦਾ! ਹਫ਼ਦਿਆਂ ਰਾਜੇ ਨੇ ਕਿਹਾ- ਸਿਪਾਹੀਓ! ਟੰਗਣੇ ਤੇ ਲਟਕਦੇ ਸਾਰੇ ਸ਼ਾਲ ਕਾਲੀਨ ਟੁਕੜੇ ਟੁਕੜੇ ਕਰ ਦਿਉ।

ਰਾਜਕੁਮਾਰੀ ਆਪੇ ਵਿੱਚ ਗੁੰਮ ਹੋ ਗਈ, ਕੀ ਕਰੇ ਕੀ ਨਾ ਕਰੇ! ਇਹੋ ਜਿਹੀ ਕੁੜਿੱਕੀ ਕਦੀ ਨਹੀਂ ਦੇਖੀ। ਕਬੀਰ ਨੇ ਕਿਸੇ ਨੂੰ ਨਾ ਰੋਕਿਆ ਨਾ ਟੋਕਿਆ। ਅਫ਼ਸਰਾਂ ਨੇ ਕਢਾਈ ਕੀਤੀਆਂ ਬਿਜਲੀਆਂ ਟੋਟੇ ਟੋਟੇ ਕਰ ਦਿੱਤੀਆਂ, ਫੁੱਲ ਪੰਖੜੀ ਪੰਖੜੀ ਹੋ ਗਏ, ਪਹਾੜਾਂ ਦੇ ਬਖੀਏ ਉਧੇੜ ਦਿੱਤੇ, ਟਿੱਬੇ ਖਿੱਲਰ ਗਏ। ਕਬੀਰ ਦਾ ਕੀ ਵਸ ਚੱਲਦਾ? ਉਸਦਾ ਵਸ ਚੱਲਿਆ ਸੀ ਤਾਂ ਉਸਨੇ ਕੁਝ ਨਾ ਕੁਝ ਸਿਰਜਿਆ ਹੀ ਸੀ। ਉਸਨੇ ਆਪਣਾ ਕੰਮ ਕੀਤਾ। ਰਾਜਾ ਆਪਣਾ ਕੰਮ ਕਰ ਰਿਹਾ ਹੈ। ਸ਼ਾਂਤ ਚਿਤ ਕਬੀਰ ਦਰਬਾਰੀਆਂ ਹੱਥੋਂ ਆਪਣੇ ਕਾਲਜੇ ਦੇ ਟੁਕੜੇ ਹੁੰਦੇ ਦੇਖਦਾ ਰਿਹਾ। ਕਬੀਰ ਦੇ ਹੋਠਾਂ ਦੀ ਮੁਸਕਾਣ ਤੋਂ ਰਾਜੇ ਨੂੰ ਲੱਗਾ ਮੇਰਾ ਮਜ਼ਾਕ ਉਡਾ ਰਿਹੈ। ਉਬਲਦੇ ਰਾਜ ਹੰਕਾਰ ਦੀ ਕੀ ਹੱਦ? ਕੜਕਦੀ ਆਵਾਜ਼, ਹੁਕਮ- ਦੇਖਦੇ ਕੀ ਹੋ, ਕੱਪੜਿਆਂ ਵਾਂਗ ਕਬੀਰ ਦੀ ਵੀ ਲੀਰ-ਲੀਰ ਕਰ ਦਿਉ, ਇਸ ਬੇਸ਼ਰਮ ਦੀ ਬੋਟੀ-ਬੋਟੀ ਖਲਾਰ ਦਿਉ।

ਹੁਕਮ ਸੁਣਦਿਆਂ ਨੰਗੀਆਂ ਕਿਰਪਾਨਾਂ ਧੂਹ ਕੇ ਚਾਰ ਪੰਜ ਜਣੇ ਅੱਗੇ ਵਧੇ ਹੀ ਸਨ ਕਿ ਰਾਜਕੁਮਾਰੀ ਵਿਚਕਾਰ ਆ ਗਈ- ਖਬਰਦਾਰ ਕਬੀਰ ਨੂੰ ਝਰੀਟ ਵੀ ਮਾਰੀ ਤਾਂ ਮੈਂ ਅੱਗ ਵਿੱਚ ਭਸਮ ਹੋ ਜਾਵਾਂਗੀ।

ਜਿੱਥੇ ਸਨ, ਜੁਆਨਾ ਦੇ ਹੱਥ ਉੱਥੇ ਰੁਕ ਗਏ। ਕਿਸਦਾ ਹੁਕਮ ਮੰਨਣ? ਰਾਜੇ ਦਾ ਕਿ ਰਾਜਕੁਮਾਰੀ ਦਾ? ਕਠਪੁਤਲੀ ਤਾਂ ਧਾਗਿਆਂ ਸਹਾਰੇ ਛਾਲਾਂ ਮਾਰਿਆ ਕਰਦੀ ਹੈ। ਨਵਾਂ ਹੁਕਮ ਸੁਣ ਕੇ ਜੁਆਨ ਰਾਜੇ ਵੱਲ ਦੇਖਣ ਲੱਗੇ। ਰਾਜੇ ਦੇ ਸੰਘ ਵਿੱਚ ਜਿਵੇਂ ਕੁਝ ਫਸ ਗਿਆ ਹੋਵੇ। ਉਚੇ ਸੁਰ ਵਿੱਚ ਰਾਜਕੁਮਾਰੀ ਦੀ ਆਵਾਜ਼ ਆਈ- ਵੱਡੇ ਕਲਾ ਪਾਰਖੂ ਹੋ, ਚੰਗੀ ਕੀਮਤ ਪਾਈ!

ਰਾਜੇ ਦੇ ਕਲੇਜੇ ਨੂੰ ਅੰਗਾਰਾ ਛੂਹ ਗਿਆ। ਕਬੀਰ ਕੋਈ ਦਾਦ ਫਰਿਆਦ ਕਰਦਾ, ਗਿੜਗਿੜਾਉਂਦਾ ਤਾਂ ਰਾਜ ਹੰਕਾਰ ਸ਼ਾਇਦ ਕੁਝ ਨਰਮ ਪੈ ਜਾਂਦਾ ਪਰ ਇਸ ਢੀਠ ਉੱਪਰ ਅਸਰ ਹੀ ਨਹੀਂ। ਅਟਕਦਿਆਂ ਅਟਕਦਿਆਂ ਮੁਸ਼ਕਲ ਨਾਲ ਰਾਜਾ ਇੰਨਾ ਕਹਿ ਸਕਿਆ- ਕਾਰੀਗਰੀ ਨਾ ਵੇਚੇ ਨਾ ਭੇਟ ਕਰੇ, ਫਿਰ ਕੀ ਕਰਾਂ ਹੋਰ?

ਅੱਖਰ ਨਹੀਂ, ਰਾਜਕੁਮਾਰੀ ਦੇ ਮੂੰਹੋਂ ਖ਼ੂਨ ਟਪਕਿਆ- ਮੈਨੂੰ ਪੁੱਛਦੇ ਤਾਂ ਮੈਂ ਦੱਸਦੀ। ਹੁਣ ਤਾਂ ਪੁੱਛਣ ਦਾ ਰਸਤਾ ਨਹੀਂ ਰਿਹਾ। ਮੇਰੇ ਜਿਸਮ ਦੇ ਟੁਕੜੇ ਪਹਿਲੋਂ ਕਰਦੇ ਬਿਹਤਰ ਹੁੰਦਾ। ਅੱਜ ਮੇਰੀ ਅਕਲ ਟਿਕਾਣੇ ਆ ਗਈ। ਹੁਣ ਕਿਸੇ ਕੰਮ ਤੋਂ ਰੋਕਾਂ ਤਾਂ ਜੀਭ ਦਾਗ ਦੇਣੀ।

ਰਾਜਾ ਮੁੜ ਲਾਡ ਨਾਲ ਦੁਲਾਰਨ ਲੱਗਾ- ਮੇਰੀ ਕਮਲੀ ਧੀ, ਤੂੰ ਇਸ ਗੱਲ ਦੀ ਚੰਗੀ ਚਿੰਤਾ ਕੀਤੀ! ਮੈਂ ਦਿਲ ਦਾ ਮੈਲਾ ਥੋੜ੍ਹਾ ਹਾਂ। ਇਸ ਕਬੀਰ ਨੂੰ ਛੱਡ ਕੇ ਮੇਰੀਆਂ ਦਾਤਾਂ ਨੂੰ ਦੱਸ ਕੌਣ ਨਹੀਂ ਹੋਰ ਜਾਣਦਾ? ਤੇਰੀ ਮਰਜ਼ੀ ਹੋਵੇ ਤਾਂ ਗਲ ਵਿੱਚੋਂ ਨੌਂ ਲੱਖਾ ਹਾਰ ਉਤਾਰ ਕੇ ਕਬੀਰ ਨੂੰ ਦੇ ਦਿਆਂ! ਹਾਰ ਤੈਥੋਂ ਵਧਕੇ ਥੋੜ੍ਹਾ ਹੈ?

ਵਾਕਈ ਇਹ ਕਹਿਕੇ ਰਾਜੇ ਨੇ ਆਪਣੇ ਗਲੋਂ ਨੌਂ ਲੱਖਾ ਹਾਰ ਉਤਾਰਿਆ, ਕਬੀਰ ਵੱਲ ਹੱਥ ਕਰਦਾ ਹੋਇਆ ਬੋਲਿਆ- ਇਸਨੂੰ ਆਪਣੀ ਕਾਰੀਗਰੀ ਦਾ ਮੁੱਲ ਨਾ ਸਹੀ, ਹੋਏ ਨੁਕਸਾਨ ਦਾ ਹਰਜਾਨਾ ਸਮਝ ਕੇ ਕਬੂਲ ਕਰ। ਪੀੜ੍ਹੀਆਂ ਦੀ ਕੰਗਾਲੀ ਮਿਟਾ। ਹੁਣ ਖ਼ੁਸ਼? ਲੈਣਾ ਤਾਂ ਕੀ ਕਬੀਰ ਨੇ ਨੌਂ ਲੱਖੇ ਹਾਰ ਵੱਲ ਨਿਗ੍ਹਾ ਵੀ ਨਾ ਕੀਤੀ। ਗਰਦਣ ਦੀ ਥਾਂ ਰਾਜੇ ਦੇ ਹੱਥ ਵਿੱਚ ਲਿਸ਼ਕਦਾ ਹਾਰ ਲਟਕ ਰਿਹਾ ਸੀ। ਕਬੀਰ ਨੇ ਕਿਹਾ- ਮੈਂ ਤਾਂ ਪਹਿਲੋਂ ਹੀ ਖ਼ੁਸ਼ ਹਾਂ। ਹੋਰਾਂ ਦੀਆਂ ਗ਼ਲਤੀਆਂ ਦਾ ਪਛਤਾਵਾ ਮੈਨੂੰ ਕਿਉਂ ਹੋਵੇ? ਨਾਲੇ ਇਸ ਹਾਰ ਨਾਲ ਮੇਰੇ ਨੁਕਸਾਨ ਦੀ ਪੂਰਤੀ ਨਹੀਂ ਹੋਵੇਗੀ।

ਰਾਜਾ ਕਾਹਲੀ ਕਾਹਲੀ ਬੋਲਿਆ- ਇੱਕ ਨਹੀਂ ਦੋ ਲੈ, ਚਾਰ ਲੈ ਲੈ।

ਕਬੀਰ ਨੇ ਕਿਹਾ- ਕੰਬਲ ਜਾਂ ਸ਼ਾਲ ਦਾ ਮੁੱਲ ਹਾਰ ਨਹੀਂ ਪਾਏਗਾ, ਠੰਢ ਵਿੱਚ ਕੰਬਦਾ ਲੋੜਵੰਦ ਬੰਦਾ ਇਸ ਦੀ ਕੀਮਤ ਜਾਣੇਗਾ। ਤੁਸੀਂ ਰਾਜਾ ਹੋ, ਮਿਹਨਤ ਦੇ ਪਸੀਨੇ ਦਾ ਮੁੱਲ ਤੁਹਾਨੂੰ ਕੋਈ ਪਤਾ ਨਹੀਂ। ਹੁਣ ਮੈਂ ਲੀਰੋ ਲੀਰ ਕੰਬਲਾਂ ਨੂੰ ਠੀਕ ਕਰਾਂਗਾ, ਲੋੜਵੰਦਾਂ ਨੂੰ ਦਿਆਂਗਾ, ਇਸ ਦੀ ਕੀਮਤ ਮਿਲ ਜਾਏਗੀ। ਫੇਰ ਮੇਰੀ ਕਾਰੀਗਰੀ ਸਾਰਥਕ!

ਰਾਜਾ ਹੱਸ ਪਿਆ- ਤੇਰੇ ਇਕੱਲੇ ਵਿੱਚ ਸੌ ਮੂਰਖਾਂ ਬਰਾਬਰ ਮੂਰਖਤਾ ਹੈ। ਹਾਰ ਦੇ ਮੋਤੀਆਂ ਦੀ ਕੀਮਤ ਦਾ ਪਤਾ ਵੀ ਹੈ ਕੁਝ? ਇੱਕ ਇੱਕ ਮੋਤੀ ਬਦਲੇ ਹਜ਼ਾਰ ਹਜ਼ਾਰ ਕੰਬਲ ਖ਼ਰੀਦ, ਗੱਦੀ ਤੇ ਬੈਠਾ ਬੈਠਾ ਬੇਹਿਸਾਬ ਵੰਡੀ ਜਾਹ।

ਨਾਂਹ ਵਿੱਚ ਸਿਰ ਹਿਲਾਉਂਦਿਆਂ ਕਬੀਰ ਨੇ ਕਿਹਾ- ਦਾਨ ਕਰਨ ਦੇ ਹੰਕਾਰ ਨਾਲ ਮੇਰਾ ਦਿਲ ਨਹੀਂ ਟਿਕਦਾ। ਧਨ ਜੁੜਨ ਨਾਲ ਧਨ ਵਧਦਾ ਹੈ, ਹੋਰ ਸਾਰੇ ਗੁਣ ਘਟ ਜਾਂਦੇ ਹਨ। ਇਨਸਾਨ ਵਿੱਚ ਇਨਸਾਨੀਅਤ ਨਾ ਰਹੇ ਫਿਰ ਤਾਂ ਬਸ ਖ਼ੂਨ, ਹੱਡੀਆਂ, ਚਮੜੀ ਮਾਸ ਬਾਕੀ ਬਚਦਾ ਹੈ। ਤਲਵਾਰ ਦੀ ਤਾਕਤ ਬਗ਼ੈਰ ਨਾ ਸੱਤਾ ਵਧੇ ਨਾ ਦੌਲਤ। ਤਲਵਾਰ ਅਤੇ ਸਿੰਘਾਸਨ ਦੀ ਦਹਿਸ਼ਤ ਨਾਲ ਜੇ ਮੌਤ ਡਰਦੀ ਹੋਵੇ ਫੇਰ ਹੋਰ ਗੱਲ ਹੈ...!

ਰਾਜ ਦੇ ਨਸ਼ੇ ਤੋਂ ਬਗ਼ੈਰ ਰਾਜੇ ਕੋਲ ਹੋਰ ਕੁਝ ਸੀ ਹੀ ਨਹੀਂ। ਕਬੀਰ ਦੀ ਜ਼ਬਾਨੋ ਨਿਕਲੇ ਵਾਕ ਤੋਂ ਖ਼ਿਆਲ ਆਇਆ ਦੇਰ ਸਵੇਰ ਮੌਤ ਉਸ ਪਾਸ ਵੀ ਆਏਗੀ! ਪਰ ਇਹ ਗੱਲ ਹੋਰ ਹੈ। ਉਹ ਦੇਸ਼ ਦਾ ਮਾਲਕ ਤਾਂ ਹੈ ਨਾ। ਧੀਮੇ ਸੁਰ ਵਿੱਚ ਕਿਹਾ- ਇੱਕ ਗੱਲ ਦੱਸ। ਠੀਕ ਠੀਕ। ਮੈਨੂੰ ਤੇਰੇ ਤੇ ਯਕੀਨ ਹੈ। ਇਹ ਚਾਰ ਕੁੰਟਾਂ ਵਿੱਚ ਫੈਲਿਆ ਰਾਜ, ਅਖੁੱਟ ਖ਼ਜ਼ਾਨੇ, ਬੇਅੰਤ ਫ਼ੌਜ, ਲਿਸ਼ਕਦੀਆਂ ਤਲਵਾਰਾਂ, ਹਾਥੀ ਘੋੜੇ ਮਿਲਕੇ ਵੀ ਮੇਰੀ ਮੌਤ ਰੋਕ ਨਹੀਂ ਸਕਦੇ? ਨਾਚੀਜ਼ ਪਰਜਾ ਵਾਂਗ ਮੈਨੂੰ ਵੀ ਮਰਨਾ ਪਏਗਾ?

ਉੱਜਲ ਮੁਖ ਕਬੀਰ ਨੇ ਕਿਹਾ- ਇਹ ਕੋਈ ਪੁੱਛਣ ਦੱਸਣ ਵਾਲੀ ਗੱਲ ਹੈ?

ਹਉਕਾ ਲੈ ਕੇ ਰਾਜਾ ਬੋਲਿਆ- ਪੁੱਛਣ ਦੀ ਗੱਲ ਹੈ ਤਾਂ ਪੁੱਛ ਰਿਹਾਂ। ਕਿਸੇ ਪੰਡਿਤ ਗਿਆਨੀ ਨੂੰ ਪਤਾ ਨਹੀਂ ਇਸਦਾ ਉੱਤਰ ਤੇਰੇ ਸਿਵਾ। ਤੇਰੀਆਂ ਗੱਲਾਂ ਸੁਣਕੇ ਮੇਰੇ ਸਿਰ ਵਿੱਚ ਕੀੜੀਆਂ ਲੜਨ ਲੱਗ ਗਈਆਂ। ਦੱਸ ਇਹ ਕੀ ਮਾਜਰਾ ਹੋਇਆ?

ਕੁਝ ਪੁੱਛ ਲਿਆ ਤਾਂ ਕਬੀਰ ਨੇ ਜਵਾਬ ਦੇਣਾ ਹੀ ਸੀ।

-ਮੇਰੇ ਲੱਖ ਸਮਝਾਉਣ ਬਾਅਦ ਵੀ ਤੁਹਾਨੂੰ ਸਮਝ ਨਹੀਂ ਆਵੇਗਾ ਕਿਉਂਕਿ ਤਾਕਤ ਰਸਤਾ ਰੋਕੀ ਖਲੋਤੀ ਹੈ। ਅੱਖਾਂ ਉੱਪਰ ਤਾਕਤ ਦਾ ਜਾਲਾ ਫੈਲਿਆ ਹੋਇਆ ਹੈ ਜਿਸ ਕਰਕੇ ਸੱਚ ਨੂੰ ਪ੍ਰਾਪਤ ਕਰਨਾ ਤਾਂ ਦਰ ਕਿਨਾਰ, ਛੂਹ ਵੀ ਨਹੀਂ ਸਕਦੇ। ਸੱਚ ਦੇ ਦਮਕਦੇ ਸੂਰਜ ਨੂੰ ਦੇਖਣ ਦੀ ਇੱਛਾ ਤੁਹਾਡੇ ਵਿਚ ਪਹਿਲੀ ਵਾਰ ਪੈਦਾ ਜ਼ਰੂਰ ਹੋਈ। ਕੀੜੀਆਂ ਦੀ ਹਲਚਲ ਉਹੀ ਹੈ ਸ਼ਾਇਦ।

ਬੱਚੇ ਵਰਗੀ ਹਲੀਮੀ ਨਾਲ ਰਾਜੇ ਨੇ ਕਿਹਾ- ਹਾਂ ਉਸੇ ਦੀ। ਬਿਲਕੁਲ ਉਸੇ ਕਰਕੇ, ਪਰ ਮੇਰੇ ਮਨ ਦੀ ਗੱਲ ਤੇਰੇ ਤੱਕ ਕਿਵੇਂ ਅੱਪੜੀ?

ਰਾਜੇ ਦੀਆਂ ਅੱਖਾਂ ਨਾਲ ਅੱਖਾਂ ਮਿਲਾਕੇ ਕਬੀਰ ਬੋਲਿਆ- ਅਜੇ ਤੁਹਾਡਾ ਮਨ ਪੂਰਾ ਗੰਧਲਾ ਨਹੀਂ ਹੋਇਆ, ਮੈਨੂੰ ਉਸ ਵਿੱਚੋਂ ਆਰ ਪਾਰ ਦਿਸ ਰਿਹਾ ਹੈ।

-ਤੂੰ ਆਖ ਰਿਹੈਂ ਏਸ ਕਰਕੇ ਦਿਸਦਾ ਈ ਹੋਏਗਾ ਪਰ ਮੈਂ ਅੱਜ ਉਲਝਣ ਵਿੱਚ ਫਸ ਗਿਆ ਹਾਂ। ਕੀ ਤੇਰਾ ਇਹ ਸੱਚ ਹਕੂਮਤ ਦੇ ਦਬਦਬੇ ਤੋਂ ਵੱਡਾ ਹੈ?

ਅੱਜ ਤੋਂ ਪਹਿਲਾਂ ਕਬੀਰ ਤੋਂ ਕਿਸੇ ਨੇ ਇਹ ਸਵਾਲ ਨਹੀਂ ਪੁੱਛੇ, ਤਾਂ ਵੀ ਜਵਾਬ ਦੇਣ ਵਿੱਚ ਕੀ ਔਖ। ਕਿਹਾ- ਕਿੱਥੇ ਵਿਚਾਰੀ ਹਕੂਮਤ ਦੀ ਚਿੰਗਾਰੀ, ਕਿੱਥੇ ਸੱਚ ਦਾ ਸੂਰਜ! ਪਰ ਰਾਜ ਵਾਂਗ ਇਸ ਸੱਚ ਦਾ ਕੋਈ ਰਾਜਾ ਨਹੀਂ ਹੋਇਆ ਕਰਦਾ। ਉਹ ਸਾਰਿਆਂ ਦੀ ਸਾਂਝੀ ਮਲਕੀਅਤ ਹੈ ਪਰ ਇਸ ਮਲਕੀਅਤ ਉੱਪਰ ਹੱਕ ਜਤਾਣ ਦੀ ਹਿੰਮਤ ਹੋਵੇ।

ਰਾਮ ਜਾਣੇ ਕਿਉਂ ਇਸ ਵਕਤ ਰਾਜੇ ਦੇ ਦਿਲ ਵਿੱਚ ਮੈਲ ਨਹੀਂ ਰਹੀ। ਕਿਹਾ:

-ਆਪਣੀ ਹਿੰਮਤ ਦਾ ਭੇਦ ਅੱਜ ਪਤਾ ਲੱਗਿਆ। ਇਨੇ ਵੱਡੇ ਦੇਸ਼ ਦਾ ਮਾਲਕ ਹੁੰਦਾ ਸੁੰਦਾ ਅੱਜ ਤੈਥੋਂ ਡਰ ਗਿਆ, ਸਭ ਦੇ ਸਾਹਮਣੇ ਕਬੂਲ ਕਰਦਾ ਹਾਂ।

ਕਬੀਰ ਨੇ ਕਿਹਾ- ਇਹ ਤਾਂ ਬੁਰੀ ਗੱਲ ਹੋਈ। ਨਾ ਕਿਸੇ ਤੋਂ ਮੈਂ ਡਰਿਆ ਨਾ ਡਰਾਇਆ। ਮੈਥੋਂ ਡਰਨ ਦੀ ਕੀ ਤੁਕ?

-ਇਹ ਤਾਂ ਮੈਂ ਜਾਣਾ ਜਾਂ ਮੇਰਾ ਜੀ ਜਾਣੇ! ਰਾਜੇ ਨੇ ਕਿਹਾ।

ਆਲ਼ੇ ਦੁਆਲ਼ੇ ਖੜ੍ਹੇ ਦਰਬਾਰੀਆਂ ਅਤੇ ਠਾਕੁਰ ਨੂੰ ਕੋਈ ਸਮਝ ਨਾ ਆਏ ਕਿ ਦੇਸ਼ ਦਾ ਮਾਲਕ ਹੋ ਕੇ ਰਾਜਾ ਕਬੀਰ ਅੱਗੇ ਚੀਂ ਮੀਂ ਕਿਉਂ ਕਰਨ ਲੱਗਾ ਹੈ। ਕਿਤੇ ਦਿਮਾਗ਼ ਤਾਂ ਨਹੀਂ ਹਿੱਲ ਗਿਆ? ਰਾਜਾ ਡਰ ਜਾਵੇ ਫਿਰ ਰਾਜ ਚੱਲੇਗਾ? ਕਬੀਰ ਕੋਲ ਕੋਈ ਜਾਦੂ ਟੂਣੇ ਦੀ ਮਾਇਆ ਹੈ, ਇਸ ਤੋਂ ਕਿਨਾਰਾ ਕਰਨਾ ਬਿਹਤਰ! ਦੂਹਰਾ ਝੁਕ ਕੇ ਠਾਕੁਰ ਅਰਜ਼ ਕਰਨ ਲੱਗਾ- ਅੰਨਦਾਤਾ ਅੰਨ ਜਲ ਛਕਣਾ ਹੈ, ਸਮਾ ਹੋ ਗਿਆ। ਤੁਸੀਂ ਭੋਗ ਲਾਉਂਗੇ ਨਾ, ਤਾਂ ਨਗਰਵਾਸੀ ਸੁੱਚੇ ਮੂੰਹ ਵਿੱਚ ਕੁਝ ਪਾਣਗੇ!

ਠਾਕੁਰ ਦੀ ਗੱਲ ਸੁਣਕੇ ਰਾਜੇ ਦੀ ਹੋਸ਼ ਪਰਤੀ। ਆਪਣੇ ਅਸਲੀ ਜਾਮੇ ਵਿੱਚ ਆਇਆ ਤਾਂ ਸੁਰ ਬਦਲ ਗਈ। ਅਸਮਾਨ ਵੱਲ ਦੇਖਦਾ ਬੋਲਿਆ- ਏਨੀ ਦੇਰ ਹੋ ਗਈ ਨਗਰਵਾਸੀਆਂ ਨੇ ਅੰਨ ਜਲ ਮੂੰਹ ਨੂੰ ਨਹੀਂ ਲਾਇਆ?

-ਮਹਾਰਾਜ ਦੀ ਜੈ ਹੋਵੇ, ਕਹਿਕੇ ਠਾਕੁਰ ਨੇ ਮਾਣ ਨਾਲ ਕਿਹਾ- ਤੁਹਾਡੇ ਭੋਗ ਲਾਉਣ ਤੋਂ ਪਹਿਲਾਂ ਮੇਰੀ ਸੁਆਮੀ-ਭਗਤ ਰਿਆਇਆ ਦੇ ਸੰਘ ਹੇਠੋਂ ਅੰਨ ਤਾਂ ਕੀ ਥੁੱਕ ਨਹੀਂ ਲੰਘਦਾ। ਖਾਣਾ ਖਾਣ ਦੀ ਗੱਲ ਤਾਂ ਬੜੀ ਦੂਰ ਹੈ।

ਰਾਜਕੁਮਾਰੀ ਨੇ ਖਾਣਾ ਖਾਣ ਦੀ ਇੱਛਾ ਪ੍ਰਗਟਾਈ, ਲਾਉ ਲਸ਼ਕਰ ਸਣੇ ਰਾਜਾ ਵੀ ਚੱਲ ਪਿਆ। ਸਾਰਾ ਕਾਰਵਾਂ ਤੁਰ ਪਿਆ।

ਪਿੱਛੇ ਰਹਿ ਗਿਆ ਕਬੀਰ ਤੇ ਰਹਿ ਗਏ ਲੀਰੋ ਲੀਰ ਚਿਥੜੇ। ਕੰਮ ਤਾਂ ਕਰਨ ਨਾਲ ਹੀ ਨਿਬੜੇਗਾ ਨਾ, ਫਿਰ ਸੋਚ ਕੀ ਵਿਚਾਰ ਕੀ! ਹਕੂਮਤ ਦੀ ਰੰਗਤ ਹੀ ਇਹੋ ਜਿਹੀ ਕਿ ਕੌਣ ਬੋਲੇ? ਸੂਈ ਧਾਗਾ ਚੁੱਕਿਆ, ਗੁੰਮ ਸੁੰਮ ਕੰਮ ਵਿੱਚ ਲੱਗ ਗਿਆ। ਉਸਦੇ ਪੋਟਿਆਂ ਦੀ ਛੂਹ ਨਾਲ ਲੀਰਾਂ ਵੀ ਬੋਲਣ ਲੱਗ ਜਾਣਗੀਆਂ। ਇਸ ਪਿੱਛੋਂ ਕਬੀਰ ਨੂੰ ਨਾ ਸਮੇਂ ਦਾ ਧਿਆਨ, ਨਾ ਹਵਾ ਦਾ ਨਾ ਚਾਨਣ ਦਾ। ਕਦ ਦਿਨ ਢਲਿਆ, ਕਦ ਸ਼ਾਮ ਹੋਈ। ਉਸ ਦੀ ਦੁਨੀਆ ਸੂਈ ਦੇ ਨੱਕੇ ਵਿੱਚ ਵਸੀ ਹੋਈ ਸੀ। ਸੂਰਜ ਦੀ ਰੌਸ਼ਨੀ ਕਦੋਂ ਹਨੇਰੇ ਹੇਠ ਦੱਬੀ ਗਈ, ਕੌਣ ਦੀਵਾ ਬਾਲਕੇ ਉਸਦੇ ਖੱਬੇ ਪਾਸੇ ਅਡੋਲ ਬੈਠੀ ਰਹੀ! ਜਿਵੇਂ ਰਾਤ, ਮਨਮਰਜ਼ੀ ਨਾਲ ਦੀਵਾ ਲਈ ਬੈਠੀ ਹੋਵੇ। ਜਿਵੇਂ ਕਈ ਜੁੱਗਾਂ ਦੇ ਸਫ਼ਰ ਤੋਂ ਵਾਪਸ ਆ ਕੇ ਝਿਲਮਿਲਾਉਂਦੇ ਤਾਰਿਆਂ ਹੇਠਾਂ ਸ਼ਰਣ ਲਈ ਹੋਵੇ। ਸਵੇਰੇ ਸੂਰਜ ਉਦੈ ਹੋਣ ਵੇਲੇ ਦੀਵਾ ਸਿਰ ਹਿਲਾਕੇ ਛੁੱਟੀ ਮੰਗਣ ਲੱਗਾ, ਤਾਂ ਕਿਤੇ ਕਬੀਰ ਸਾਵਧਾਨ ਹੋਇਆ। ਦੀਵਾ ਬੁਝਣ ਪਿੱਛੋਂ ਜੋ ਦੇਖਿਆ, ਯਕੀਨ ਨਹੀਂ ਹੋਇਆ, ਕਿਤੇ ਨੀਂਦ ਵਿੱਚ ਸੁਫ਼ਨਾ ਤਾਂ ਨਹੀਂ ਦੇਖ ਰਿਹਾ? ਅੱਖਾਂ ਮਲ ਕੇ ਦੇਖਿਆ, ਰਾਜਕੁਮਾਰੀ ਹਥੇਲੀ ਉੱਪਰ ਦੀਵਾ ਟਿਕਾਈ ਬੈਠੀ ਹੈ। ਕੁੱਲ ਦੁਨੀਆ ਦੀ ਹੈਰਾਨੀ ਨਾਲ ਦੇਖਦਿਆਂ ਕਬੀਰ ਨੇ ਕਿਹਾ- ਆਪ?

ਰਾਜਕੁਮਾਰੀ ਨੇ ਕੋਈ ਜਵਾਬ ਨਹੀਂ ਦਿੱਤਾ। ਕਬੀਰ ਨੇ ਜਿਹੜਾ ਪਹਾੜ ਰਫੂ ਕੀਤਾ ਸੀ, ਉਸ ਵੱਲ ਨਿਗ੍ਹਾ ਗੱਡੀ ਦੇਖਦੀ ਰਹੀ। ਪਛਤਾਵੇ ਦੇ ਸੁਰ ਵਿੱਚ ਖਿਮਾ ਜਾਚਕ ਹੁੰਦਿਆਂ ਕਹਿਣ ਲੱਗਾ- ਮੈਨੂੰ ਨਾ ਤੁਹਾਡੇ ਆਣ ਦਾ ਪਤਾ ਲੱਗਾ ਨਾ ਦੀਵਾ ਬਾਲਣ ਦਾ। ਰਾਜਕੁਮਾਰੀ ਦੇ ਗੁਲਾਬੀ ਬੁੱਲ੍ਹਾਂ ਵਿੱਚੋਂ ਅੰਮ੍ਰਿਤਬਾਣੀ ਝਰੀ- ਮੈਨੂੰ ਵੀ ਖ਼ਿਆਲ ਨਹੀਂ ਡੇਰੇ ਕਦੋਂ ਪੁੱਜੀ, ਵਾਪਸ ਕਦ ਆਈ। ਵਿਹੜੇ ਵਿੱਚ ਪੈਰ ਪਾਉਣ ਸਾਰ ਜਾਣ ਗਈ ਸੂਈ ਧਾਗੇ ਬਗ਼ੈਰ ਤੁਹਾਨੂੰ ਕਿਸੇ ਹੋਰ ਚੀਜ਼ ਦਾ ਧਿਆਨ ਨਹੀਂ। ਆਈ ਤਾਂ ਸਾਂ ਬਹੁਤ ਸਾਰੀਆਂ ਗੱਲਾਂ ਕਰਨ, ਆ ਕੇ ਕੁਝ ਕਹਿਣ ਸੁਣਨ ਦੀ ਲੋੜ ਨਹੀਂ ਪਈ। ਮੌਨ ਤੋਂ ਵੱਡਾ ਕੋਈ ਬੋਲ ਨਹੀਂ। ਬੇਕਾਰ ਵਾਕਾਂ ਦਾ ਕੀ ਲਾਭ, ਇੱਕ ਸੂਈ ਹੋਰ ਹੈ ਤਾਂ ਮੈਨੂੰ ਵੀ ਦੇਉ।

-ਇਹ ਕੰਮ ਇੰਨਾ ਸੌਖਾ ਨਹੀਂ।

-ਕਰਨ ਤੋਂ ਪਤਾ ਲੱਗੇਗਾ!

ਸੂਈ ਦੇਣ ਵੇਲੇ ਕਬੀਰ ਨੂੰ ਕੋਈ ਪਤਾ ਨਹੀਂ ਰਾਜਕੁਮਾਰੀ ਨੂੰ ਕੁਝ ਆਉਂਦਾ ਹੈ, ਪਹਿਲੇ ਤੋਪੇ ਤੋਂ ਜਾਣ ਗਿਆ ਇਹ ਹੱਥ ਜੋ ਚਾਹੁਣ ਕਰ ਸਕਦੇ ਨੇ।

-ਤੁਸੀਂ ਇਹ ਕੰਮ ਕਦ ਸਿਖਿਆ?

ਸਿੱਖਿਆ ਕਦ? ਅੱਜ ਸਿੱਖਾਂਗੀ! ਕਿਸੇ ਤੋਂ ਕਈ ਸਾਲ ਪਹਿਲਾਂ ਸੂਈ ਨਾ ਨਾਮ ਸੁਣਿਆ ਸੀ ਹੱਥ ਅੱਜ ਲੱਗੀ।

ਕਬੀਰ ਦੀ ਖ਼ੁਸ਼ੀ ਦਾ ਠਕਾਣਾ ਨਹੀਂ। ਕਹਿਣ ਲੱਗਾ- ਯਕੀਨ ਕਰਨ ਵਾਲੀ ਗੱਲ ਹੈ ਤਾਂ ਨਹੀਂ ਪਰ ਤੁਹਾਨੂੰ ਝੂਠੇ ਕਿਵੇਂ ਮੰਨਾ!

ਰਾਜਕੁਮਾਰੀ ਕਾਲੀਨ ਨਿਗੰਦਗੀ ਨਿਗੰਦਦੀ ਕਹਿੰਦੀ- ਤੁਹਾਡੇ ਜਿਹਾ ਗੁਰੂ ਹੋਵੇ ਫਿਰ ਕੋਈ ਕੀ ਨਹੀਂ ਸਿੱਖ ਸਕਦਾ? ਸਾਰੀ ਰਾਤ ਅੱਖਾਂ ਨੂੰ ਪੋਟੇ ਤੇ ਪੋਟਿਆਂ ਨੂੰ ਅੱਖਾਂ ਬਣਾਉਣ ਦਾ ਕੰਮ ਦੇਖ ਦੇਖ ਸਿਖਦੀ ਰਹੀ। ਸਮੁੱਚੀ ਗੱਲ ਦੱਸਣ ਨਾਲ ਸੱਚ ਦੀ ਮਰਿਆਦਾ ਭੰਗ ਹੁੰਦੀ ਹੈ। ਰਾਜਕੁਮਾਰੀ ਨੇ ਅਜੇ ਕੁਝ ਹੋਰ ਆਖਣਾ ਸੀ ਕਿ ਰਾਜਾ ਆਉਂਦਾ ਦਿਖਾਈ ਦਿੱਤਾ। ਨਾਲ ਠਾਕੁਰ, ਅਠ ਦਸ ਸਵਾਰ। ਦੇਖਣ ਸਾਰ ਰਾਜਕੁਮਾਰੀ ਨੂੰ ਕਹਿੰਦਾ- ਜਾਣ ਗਿਆ ਸਾਂ ਤੂੰ ਇੱਥੇ ਹੋਏਂਗੀ।

ਰਾਜਕੁਮਾਰੀ ਦੇ ਚਿਹਰੇ ਉੱਪਰੋਂ ਲਾਜ ਦਾ ਪ੍ਰਛਾਵਾਂ ਲੰਘਿਆ। ਰਾਜਾ ਇੰਨਾ ਸ਼ਾਂਤ ਕਿਵੇਂ? ਕਬੀਰ ਨੂੰ ਕਿਹਾ- ਮਾਮੂਲੀ ਕੰਬਲ ਤੱਕ ਮੈਨੂੰ ਭੇਟ ਕਰਨ ਵਾਸਤੇ ਨਹੀਂ ਮੰਨਿਆ, ਤੂੰ ਜਾਣ, ਪਰ ਮੈਂ ਤੈਨੂੰ ਅਜਿਹੀ ਵਸਤੂ ਭੇਟ ਕਰਾਂਗਾ ਕਿ ਸੁਫ਼ਨਾ ਵੀ ਨਾ ਲਿਆ ਹੋਏ ਕਦੀ। ਤੂੰ ਹੀ ਦੱਸ ਕੀ ਚੀਜ਼ ਹੋ ਸਕਦੀ ਹੈ।

ਇਸ਼ਾਰਾ ਬਿਲਕੁਲ ਸਾਫ਼ ਸੀ ਫਿਰ ਕਬੀਰ ਕਿਉਂ ਨਾ ਸਮਝਦਾ? ਗੰਭੀਰ ਸੁਰ ਵਿੱਚ ਬੋਲਿਆ- ਮੈਂ ਨਾ ਕਿਸੇ ਦੀ ਭੇਟ ਕਬੂਲਦਾ ਹਾਂ ਨਾ ਕਿਸੇ ਨੂੰ ਦਿੰਦਾ ਹਾਂ।

ਖਿੜ ਖਿੜਾ ਕੇ ਰਾਜਾ ਹੱਸਿਆ- ਮੇਰੀ ਭੇਟ ਐਸੀ ਵੈਸੀ ਨਹੀਂ! ਇੰਦਰ ਭਗਵਾਨ ਵੀ ਡੋਲ ਜਾਣ। ਦੱਸਾਂ? ਰਾਜਕੁਮਾਰੀ ਦਾ ਹੱਥ ਅਤੇ ਸਾਰਾ ਦੇਸ! ਰਾਜੇ ਦੀ ਫ਼ਜ਼ੂਲ ਗੱਲ ਉੱਪਰ ਕਬੀਰ ਨੂੰ ਹਾਸਾ ਆ ਗਿਆ, ਕਿਹਾ- ਅਜਿਹੀ ਭੇਟ ਦਾ ਤਾਂ ਸੁਫ਼ਨਾ ਵੀ ਬੁਰਾ! ਵਿਆਹ ਸ਼ਾਦੀ ਦੇ ਝਮੇਲੇ ਵਿੱਚ ਮੈਂ ਪੈਣਾ ਈ ਨਹੀਂ। ਇੱਕ ਵਿਆਹ ਦਾ ਪੰਗਾ, ਦੂਜਾ ਦਹੇਜ ਵਿੱਚ ਦੇਸ! ਮੈਨੂੰ ਏਨਾ ਮੂਰਖ ਵੀ ਨਾ ਜਾਣੋ ਕਿ ਤੁਸੀਂ ਦੇ ਦਿੱਤਾ ਤੇ ਮੈਂ ਚੁੱਪ ਕਰਕੇ ਲੈ ਲਊਂਗਾ। ਸੱਤਾ ਦਾ ਸੁੱਖ ਅਨੰਤ ਹੈ ਤਾਂ ਤੁਸੀਂ ਛੱਡਣ ਲਈ ਤਿਆਰ ਕਿਉਂ ਹੁੰਦੇ? ਤੁਸੀਂ ਖਿਝ ਜਾਉ ਤੁਹਾਡੀ ਮਰਜ਼ੀ ਪਰ ਮੈਂ ਖਿਮਾ ਮੰਗਦਾ ਹਾਂ, ਮੈਨੂੰ ਆਪਣਾ ਕੰਮ ਕਰਨ ਦਿਉ।

ਰਾਜੇ ਦੇ ਰੋਮ-ਰੋਮ ਵਿੱਚ ਝਰਨਾਹਟ ਛਿੜੀ। ਰਾਜਕੁਮਾਰੀ ਉੱਪਰ ਹਜ਼ਾਰ ਘੜੇ ਪਾਣੀ ਡਿੱਗ ਪਿਆ। ਸੁਫ਼ਨੇ ਦੀ ਸੁਨਹਿਰੀ ਲੰਕਾ ਉਸਦੀਆਂ ਅੱਖਾਂ ਅੱਗੇ ਲੱਟ ਲੱਟ ਮੱਚਣ ਲੱਗੀ। ਰਾਜੇ ਦੀ ਬੇਟੀ ਹੋ ਕੇ ਕਿੰਨੀ ਛੋਟੀ ਉਮੀਦ ਖ਼ਾਤਰ ਮਨ ਡੁਲਾ ਲਿਆ, ਉਹ ਵੀ ਨਾ ਮਿਲੀ।

ਹੁਣ ਤਾਂ ਸੌ ਵਾਰ ਅੱਗ ਵਿੱਚ ਸਾੜ ਕੇ ਇਸ ਮਕਾਰ ਨੂੰ ਨਾ ਮਾਰੇ ਤਦ ਤੱਕ ਰਾਜੇ ਦੀ ਅਗਨੀ ਸ਼ਾਂਤ ਨਾ ਹੋਵੇ। ਕੜਕ ਕੇ ਸਵਾਰਾਂ ਨੂੰ ਕਿਹਾ- ਕੁੱਤਿਆਂ ਵਾਂਗ ਨਹੁੰਦਰਾਂ ਨਾਲ ਜ਼ਮੀਨ ਕਿਉਂ ਕੁਰੇਦ ਰਹੇ ਹੋ, ਹੁਣ ਤੱਕ ਇਸ ਹਰਾਮਜ਼ਾਦੇ ਦੀ ਚਟਣੀ ਬਣ ਜਾਣੀ ਚਾਹੀਦੀ ਸੀ! ਹਵਾ ਵਿੱਚ ਉੱਠੀਆਂ ਤਲਵਾਰਾਂ ਥੋੜ੍ਹੀ ਦੇਰ ਲਈ ਰੁਕੀਆਂ। ਕੀ ਪਤਾ ਵਿਚਕਾਰ ਫਿਰ ਰਾਜਕੁਮਾਰੀ ਆ ਖਲੋਵੇ। ਪਰ ਰਾਜਕੁਮਾਰੀ ਤਾਂ ਹਿੱਲੀ ਤੱਕ ਨਹੀਂ, ਅੱਖਾਂ ਜਿਵੇਂ ਪਥਰਾ ਗਈਆਂ ਹੋਣ। ਰਾਜਕੁਮਾਰੀ ਤਾਂ ਖੜ੍ਹੀ ਰਹੀ, ਰਾਜਾ ਵਿਚਕਾਰ ਆ ਖਲੋਤਾ ਤੇ ਬੋਲਿਆ- ਖ਼ਬਰਦਾਰ! ਮੈਂ ਹੁਕਮ ਦਿੱਤਾ ਫਿਰ ਕੀ ਹੋਇਆ? ਤੁਹਾਨੂੰ ਕੋਈ ਅਕਲ ਨਹੀਂ? ਕਬੀਰ ਨੂੰ ਫੱਟ ਲੱਗਾ ਮੇਰੀ ਧੀ ਕਿਵੇਂ ਕਲਪੇਗੀ! ਕਾਲੇ ਮੂੰਹ ਪਰੇ ਕਰੋ। ਇਹੋ ਜਿਹੇ ਫ਼ਜ਼ੂਲ ਹੁਕਮ ਨਹੀਂ ਮੰਨਿਆ ਕਰਦੇ। ਮੇਰਾ ਦਿਮਾਗ਼ ਨਹੀਂ ਨਾ ਠਿਕਾਣੇ ਸਿਰ। ਖੋਪੜੀ ਵਿੱਚ ਜਿਵੇਂ ਤੂੜੀ ਹੋਏ।

ਕਿੱਥੇ ਦੀ ਬਿਜਲੀ ਕਿੱਥੇ ਆ ਕੇ ਡਿੱਗੀ! ਕਬੀਰ ਕੀ ਕਰੇ, ਕੀ ਨਾ ਕਰੇ। ਥੋੜ੍ਹੀ ਦੇਰ ਕੁਝ ਸਮਝ ਨਹੀਂ ਆਇਆ। ਉਲਝਣ ਵਿੱਚ ਪੈ ਗਿਆ...। ਫਿਰ ਰਾਜਕੁਮਾਰੀ ਕੋਲ ਜਾ ਕੇ ਖਲੋਅ ਗਿਆ। ਸ਼ਾਂਤਚਿਤ ਉਸਦੇ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਕਹਿਣ ਲੱਗਾ- ਇੱਕ ਰਾਤ ਇਕੱਠੇ ਰਹਿ ਕੇ ਇੱਕ ਦੂਜੇ ਨੂੰ ਨਹੀਂ ਜਾਣ ਸਕਦੇ। ਵਿਆਹ, ਬਾਲ ਬੱਚੇ, ਗ੍ਰਹਿਸਥ, ਜ਼ਮੀਨ ਜਾਇਦਾਦ ਵਿੱਚ ਮੇਰੀ ਰੁਚੀ ਨਹੀਂ। ਦੂਜੇ ਜੀਵਾਂ ਤੋਂ ਵੱਖਰਾ ਅਤੇ ਉੱਤਮ ਹੋਣ ਦੀ ਇਨਸਾਨ ਵਿਚਲੀ ਗ਼ਲਤ ਫਹਿਮੀ ਸਦਕਾ ਬੜੀ ਬਰਬਾਦੀ ਹੋ ਚੁੱਕੀ ਹੈ, ਹੋਰ ਹੁੰਦੀ ਜਾ ਰਹੀ ਹੈ। ਨਾ ਕੋਈ ਮੇਰੀ ਜਾਤ ਨਾ ਧਰਮ। ਨਾ ਮੇਰਾ ਘਰ ਨਾ ਦੇਸ਼। ਬੰਦੇ ਵਾਸਤੇ ਕਿੰਨੀ ਸ਼ਰਮ ਦੀ ਗੱਲ ਹੈ ਕਿ ਧਰਮ ਅਤੇ ਪੰਥ ਬਹਾਨੇ ਮਰੇ ਹੋਏ ਅਵਤਾਰ ਹੁਣ ਤੱਕ ਜਿਉਂਦੇ ਬੰਦਿਆਂ ਉੱਪਰ ਰਾਜ ਕਰੀ ਜਾਂਦੇ ਨੇ!

ਰਾਜੇ ਤੋਂ ਚੁੱਪ ਨਾ ਰਿਹਾ ਗਿਆ, ਪੁੱਛਿਆ- ਸੁਣਿਆ ਹੈ ਤੂੰ ਦੇਵੀ ਦੇਵਤਿਆਂ ਅਤੇ ਈਸ਼ਵਰ ਨੂੰ ਵੀ ਨਹੀਂ ਜਾਣਦਾ? ਮੁਸਕਾਉਂਦਾ ਕਬੀਰ ਬੋਲਿਆ- ਜਾਣਦਾ ਹਾਂ ਜ਼ਰੂਰ, ਮੰਨਦਾ ਨਹੀਂ। ਆਤਮਾ, ਪਰਮਾਤਮਾ, ਭਾਗ ਅਤੇ ਧਰਮ ਤੋਂ ਵੱਡਾ ਜਾਲ ਇਨਸਾਨ ਹੱਥੋਂ ਨਾ ਰਚਿਆ ਗਿਆ ਨਾ ਰਚਿਆ ਜਾਏਗਾ। ਅਕਲ ਦੀ ਖੋਪੜੀ ਨਿਵਾ ਕੇ ਜਿਉਂਦਾ ਇਨਸਾਨ ਪੱਥਰ ਪੂਜਦਾ ਫਿਰਦਾ ਹੈ, ਇਸ ਤੋਂ ਵਧ ਘ੍ਰਿਣਾਯੋਗ ਗੱਲ ਹੋਰ ਕੀ ਹੋ ਸਕਦੀ ਹੈ? ਮਾਮਲਾ ਕਿਉਂਕਿ ਵਧੀਕ ਖ਼ਤਰਨਾਕ ਹੋ ਗਿਆ ਤਾਂ ਤੁਹਾਡੇ ਨਾਲ ਏਨੀਆਂ ਗੱਲਾਂ ਕਰਨੀਆਂ ਪਈਆਂ।

ਹੁਣ ਰਾਜਕੁਮਾਰੀ ਦੇ ਹੋਠ ਖੁੱਲ੍ਹੇ। ਧੀਮੇ ਮਿੱਠੇ ਸੁਰ ਵਿੱਚ ਬੋਲੀ- ਏਨੀਆਂ ਗੱਲਾਂ ਜਾਣਦਿਆਂ ਵੀ ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੀ ਕਾਰੀਗਰੀ ਲੀਰੋਲੀਰ ਹੋਈ, ਦੋ ਵਾਰ ਕਿਰਪਾਨਾਂ ਲਹਿਰਾਈਆਂ, ਰਾਜੇ ਅਤੇ ਠਾਕੁਰ ਦੀਆਂ ਉਟਪਟਾਂਗ ਬੇਇੱਜ਼ਤੀਪੂਰਨ ਗੱਲਾਂ ਸੁਣੀਆਂ ਤਾਂ ਤੁਹਾਨੂੰ ਗ਼ੁੱਸਾ ਕਿਉਂ ਨਹੀਂ ਆਇਆ? ਤੁਹਾਨੂੰ ਤਾਂ ਮਰਨ ਮਾਰਨ ਤੱਕ ਉਤਾਰੂ ਹੋ ਜਾਣਾ ਚਾਹੀਦਾ ਸੀ! ਬਹੁਤ ਗਿਆਨ ਹੋਣ ਪਿੱਛੋਂ ਵੀ ਤੁਹਾਨੂੰ ਜਿਉਂਦੇ ਰਹਿਣ ਦਾ ਮੋਹ ਕਿਉਂ ਹੈ? ਮੌਤ ਦਾ ਡਰ ਕਿਉਂ? ਤੁਸੀਂ ਆਪਣਾ ਕ੍ਰੋਧ ਕਿਸ ਦਿਨ ਵਾਸਤੇ ਸੰਭਾਲਿਆ ਹੋਇਆ ਹੈ?

ਕਬੀਰ ਸਮਝਾਣ ਲੱਗਾ- ਇੱਕ ਆਦਮੀ ਦਾ ਕ੍ਰੋਧ ਕੀ ਕਰੇਗਾ ਰਾਜਕੁਮਾਰੀ? ਇਹ ਤਾਂ ਖ਼ੁਦਕੁਸ਼ੀ ਵਾਂਗ ਹੈ। ਮੇਰੇ ਕ੍ਰੋਧ ਦੀ ਲਾਗ ਜਦੋਂ ਪ੍ਰਾਣੀ ਪ੍ਰਾਣੀ ਦੇ ਦਿਲ ਤੱਕ ਪੁੱਜੇਗੀ ਉਦੋਂ ਨਾ ਕੋਈ ਰਾਜਾ ਹੋਏਗਾ ਨਾ ਪਰਜਾ। ਨਾ ਕੋਈ ਅਮੀਰ ਨਾ ਗ਼ਰੀਬ, ਨਾ ਊਚ ਨਾ ਨੀਚ, ਨਾ ਸੱਚ ਨਾ ਝੂਠ, ਪਾਪ ਨਾ ਪੁੰਨ, ਧਰਮ ਨਾ ਅਧਰਮ, ਮੰਦਰ ਨਾ ਮਸੀਤ, ਮਜ੍ਹਬ ਨਾ ਜਾਤ, ਫੌਜ ਨਾ ਹਥਿਆਰ। ਫਿਰ ਇਨਸਾਨ ਨੂੰ ਇਹ ਹੱਕ ਨਹੀਂ ਹੋਏਗਾ ਕਿ ਆਪਣੀ ਤਾਕਤ ਦੇ ਬਲਬੂਤੇ, ਤਲਵਾਰ ਦੇ ਜ਼ੋਰ ਨਾਲ ਕਿਸੇ ਦੀ ਕਾਰੀਗਰੀ ਲੀਰੋ ਲੀਰ ਕਰਕੇ ਵਗਾਹ ਦਏ...।

ਕਬੀਰ ਦਾ ਹੱਥ ਫੜਕੇ ਰਾਜੇ ਨੇ ਕਿਹਾ- ਇਸੇ ਪ੍ਰਾਸ਼ਚਿਤ ਖਾਤਰ ਹੀ ਮੈਂ ਰਾਜਭਾਗ ਤਿਆਗਣ ਨੂੰ ਤਿਆਰ ਹੋ ਗਿਆ। ਹੋਰ ਤੈਨੂੰ ਕੀ ਚਾਹੀਦੈ? ਕਬੀਰ ਨੇ ਕਿਹਾ- ਮੇਰੇ ਚਾਹੁਣ, ਨਾ ਚਾਹੁਣ ਨਾਲ ਕੀ ਫ਼ਰਕ ਪੈਂਦਾ ਹੈ?

ਸਿਰ ਹਿਲਾਉਂਦਿਆਂ ਰਾਜੇ ਨੇ ਕਿਹਾ- ਇਹੋ ਤਾਂ ਤੇਰੀ ਭੁੱਲ ਹੈ। ਇੱਕ ਵਾਰ ਆਪਣੇ ਮਨ ਦੀ ਇੱਛਾ ਜ਼ਾਹਰ ਕਰਕੇ ਤਾਂ ਦੇਖ। ਤੇਰੇ ਇਲਾਵਾ ਮੇਰੀ ਬੇਟੀ ਕਿਸੇ ਦਾ ਹੱਥ ਫੜਨਾ ਹੀ ਨਹੀਂ ਚਾਹੁੰਦੀ, ਤੂੰ ਏਨਾ ਸਖ਼ਤ ਦਿਲ ਕਿ ਉਸਦੀ ਕੋਈ ਪਰਵਾਹ ਨਹੀਂ ਕਰਦਾ।

-ਪਰਵਾਹ ਕਿਉਂ ਨੀ ਕਰਦਾ? ਹਜ਼ਾਰ ਵਾਰ ਪਰਵਾਹ ਕਰਦਾ ਹਾਂ। ਨਰ ਮਾਦਾ ਦੀ ਹੈਸੀਅਤ ਵਿਚ ਜਿੱਥੇ ਤੱਕ ਇੱਕ ਦੂਜੇ ਦਾ ਦਿਲ ਕਰੇ, ਰਾਜਕੁਮਾਰੀ ਮੇਰਾ ਸਾਥ ਕਰਨ ਨੂੰ ਤਿਆਰ ਹੋਵੇ ਤਾਂ ਮੇਰੇ ਵੱਲੋਂ ਵੀ ਇਨਕਾਰ ਨਹੀਂ।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •