Dunghaee (Story in Punjabi) : Ram Lal

ਡੂੰਘਾਈ (ਕਹਾਣੀ) : ਰਾਮ ਲਾਲ

ਮੱਲ ਸਿੰਘ ਨੇ ਚਾਹ ਦੀ ਆਖ਼ਰੀ ਘੁੱਟ ਮੂੰਹ ਵਿਚ ਹੀ ਠੰਡੀ ਕੀਤੀ ਤੇ ਕੁਰਲੀ ਪਰ੍ਹਾਂ ਡੋਲ੍ਹ ਦਿੱਤੀ। ਇਸ ਨਾਲ ਜੇਲ੍ਹ ਦੀ ਬਾਰਕ ਕੇ ਗੰਦੇ ਤੇ ਧੂੜ-ਭਰੇ ਫ਼ਰਸ਼ ਉੱਤੇ ਬੜੇ ਵੱਡੇ-ਵੱਡੇ ਤੇ ਭੈੜੇ ਦਾਗ਼ ਪੈ ਗਏ ਤੇ ਇਸ ਪਿੱਛੋਂ ਢਾਈ ਇੱਟਾਂ ਦੇ ਬਣੇ ਚੁੱਲ੍ਹੇ ਨੂੰ ਲੱਤ ਮਾਰ ਕੇ ਢਾਹ ਦਿੱਤਾ ਤੇ ਚੁੱਲ੍ਹੇ ਦੀ ਸਵਾਹ ਇੰਜ ਖਿੰਡਾ ਦਿੱਤੀ ਜਿਵੇਂ ਅਜੇ ਇਸ ਥਾਂ ਦੇ ਗੰਦਾ ਲੱਗਣ ਵਿਚ ਕੋਈ ਕਸਰ ਰਹਿ ਗਈ ਹੋਵੇ ਤਾਂ ਉਹ ਵੀ ਪੂਰੀ ਹੋ ਜਾਵੇ। ਤੇ ਜਦੋਂ ਉਸਨੂੰ ਪੂਰੀ ਤਸੱਲੀ ਹੋ ਗਈ ਕਿ ਹੁਣ ਏਦੂੰ ਵੱਧ ਗੰਦ ਪਾਉਣ ਦੀ ਗੁੰਜਾਇਸ਼ ਨਹੀਂ ਰਹੀ ਤਾਂ ਉਹ ਇੰਜ ਮੁਸਕਰਾਇਆ ਜਿਵੇਂ ਕੋਈ ਚਿੱਤਰਕਾਰ ਆਪਣਾ ਕੋਈ ਸ਼ਾਹਕਾਰ ਪੂਰਾ ਕਰ ਕੇ ਹਟਿਆ ਹੋਵੇ।
“ਓਇ ਮੱਲ ਦਿਆ ਪੁੱਤਰਾ!” ਉਸਦੇ ਨਾਲ ਦਾ ਇਕ ਕੈਦੀ ਖਿਝ ਕੇ ਕੂਕਿਆ ਤਾਂ ਮੱਲ ਦਾ ਚਿਹਰਾ ਸਗੋਂ ਹੋਰ ਖਿੜ ਗਿਆ—ਉਸਨੂੰ ਜਿਵੇਂ ਕੋਈ ਸਵਾਦ ਆ ਰਿਹਾ ਸੀ।
“ਅਜਿਹੀ ਗੰਦੀ ਥਾਂ ਕਿਹੜਾ ਕੰਬਖ਼ਤ ਬੈਠੇਗਾ?” ਨਾਲ ਦਾ ਬੋਲਿਆ। “ਤੂੰ ਤਾਂ ਹੋਇਆ ਨਰਕਾਂ ਦਾ ਕੀੜਾ। ਪਰ ਕੋਈ ਬੰਦੇ ਦਾ ਪੁੱਤਰ ਇੱਥੇ ਖਾਣ-ਪੀਣਾ ਤਾਂ ਇਕ ਪਾਸੇ ਰਿਹਾ, ਬਹਿ ਵੀ ਨਹੀਂ ਸਕਦਾ।”
ਮੱਲ ਨੇ ਖੰਘਾਰ ਕੇ ਪਰ੍ਹਾਂ ਥੁੱਕਦਿਆਂ ਕਿਹਾ, “ਜੇ ਸਫਾਈ ਤੇ ਸੁਹੱਪਣ ਨਾਲ ਏਡਾ ਈ ਇਸ਼ਕ ਸੀ ਤਾਂ ਕੰਬਖ਼ਤੋ, ਜੇਲ੍ਹ ਵਰਗੀ ਗੰਦੀ ਥਾਂ ਆਏ ਹੀ ਕੀ ਲੈਣ ਸਓ? ਇਕ ਪਾਸੇ ਸ਼ੈਤਾਨ ਦੇ ਸਾਢੂ ਬਣਨ ਨੂੰ ਫਿਰਦੇ ਓ ਦੂਜੇ ਪਾਸੇ ਰੱਬ ਦੀਆਂ ਗੱਲਾਂ ਕਰਦੇ ਓ—ਬੱਲੇ ਓਇ ਪਿਓ ਦਿਓ ਪੁੱਤਰੋ।” ਤੇ ਉਹਨੇ ਜ਼ੋਰ ਦੀ ਇਕ ਠਹਾਕਾ ਮਾਰਿਆ।
ਉਹ ਸਾਰੇ ਮੱਲ ਸਿੰਘ ਦੀ ਇਸ ਆਦਤ ਤੋਂ ਜਾਣੂ ਸਨ। ਉਹਨੂੰ ਬਦਸੂਰਤੀ ਨਾਲ ਇਸ਼ਕ ਸੀ; ਗੁਨਾਹ ਨਾਲ ਨਹੀਂ। ਪਰ ਗੁਨਾਹ ਦੀ ਅਸਲੀ ਸੂਰਤ ਬੜੀ ਘਿਣਾਉਣੀ ਹੈ। ਇਸ ਲਈ ਗੁਨਾਹ ਦਾ ਕੁਝ ਅੰਸ਼ ਉਹਦੇ ਸੁਭਾ ਦਾ ਅੰਗ ਬਣ ਗਿਆ ਸੀ, ਪਰ ਉਹ ਇਹਦੀ ਵਰਤੋਂ ਉਥੋਂ ਤਕ ਹੀ ਕਰਦਾ ਸੀ ਜਿੱਥੋਂ ਤਕ ਉਹ ਚਮਕ ਧੁੰਦਲੀ ਕਰ ਸਕੇ—ਜੜੋਂ ਪੁੱਟਣ ਦਾ ਉਹ ਆਦੀ ਨਹੀਂ ਸੀ, ਸਿਰਫ ਫੁੱਲ ਤੋੜ ਕੇ ਟਾਹਣੀਆਂ ਮਰੂੰਡਣ ਨਾਲ ਹੀ ਉਹਦੀ ਤਸੱਲੀ ਹੋ ਜਾਂਦੀ ਸੀ। ਇਸ ਨਾਲ ਉਹਨੂੰ ਬਹੁਤ ਸਵਾਦ ਆਉਂਦਾ ਸੀ। ਇੰਜ ਕਰਦਿਆਂ ਉਹਨੂੰ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਉਹ ਆਪਣੀ ਬਦਸੂਰਤੀ ਦਾ ਬਦਲਾ ਹਰ ਖ਼ੂਬਸੂਰਤ ਸ਼ੈ ਕੋਲੋਂ ਲੈ ਰਿਹਾ ਹੋਵੇ ਤੇ ਉਹਨਾਂ ਨੂੰ ਭੰਨ-ਤੋੜ ਕੇ ਉਹਨਾਂ ਦਾ ਮੂੰਹ-ਮੱਥਾ ਵਿਗਾੜ ਕੇ ਇਕ ਬਦਸੂਰਤ ਬਰਾਦਰੀ ਬਣਾ ਰਿਹਾ ਹੋਵੇ ਜਿਸ ਬਰਾਦਰੀ ਵਿਚ ਦੂਜੇ ਦਾ ਮਖ਼ੌਲ ਉਡਾਉਣ ਤੋਂ ਪਹਿਲਾਂ ਲੋਕ ਆਪਣੀ ਸ਼ਕਲ ਵੇਖ ਲੈਣ। ਉਹ ਚਾਹੁੰਦਾ ਸੀ ਕਿ ਹਰ ਆਦਮੀ ਸ਼ੀਸ਼ੇ ਦੇ ਮਹਿਲ ਵਿਚ ਰਹੇ ਤਾਂ ਜੋ ਦੂਜਿਆਂ ਉੱਤੇ ਪੱਥਰ ਨਾ ਵਗਾਹ ਸਕੇ।
ਉਹਦੀ ਇਹ ਆਦਤ ਖ਼ਬਤ ਬਣ ਗਈ ਸੀ। ਉਹਨੂੰ ਭੰਨਣ-ਤੋੜਣ, ਮਰੁੰਡਣ-ਮਸਲਣ, ਗਾਲ੍ਹਾਂ ਕੱਢਣ, ਗੰਦਗੀ ਵਿਚੋਂ ਸੁਆਦ ਲੱਭਣ ਤੇ ਦੂਜਿਆਂ ਦੀ ਖਿੱਝ ਤੇ ਕ੍ਰਿਝ ਵਿਚੋਂ ਤਸੱਲੀ ਮਿਲਦੀ ਸੀ, ਤੇ ਏਸੇ ਖ਼ਬਤ ਦੀ ਮਿਹਰਬਾਨੀ ਨਾਲ ਉਹ ਜੇਲ੍ਹ ਵਿਚ ਬੈਠਾ ਸੀ। ਉਹਦੇ 'ਐਮਾਲ ਨਾਮੇ' ਵਿਚ ਵੀਹਾਂ ਦੀ ਗਿਣਤੀ ਵਿਚ ਡਾਕੇ, ਦਰਜਣਾ ਖੋਹਾਂ, ਲੜਾਈ-ਭੜਾਈ ਦੀਆਂ ਵਾਰਦਾਤਾਂ, ਲੁੱਟ-ਮਾਰ, ਮਾਰ-ਕੁਟਾਈ ਤੇ ਇਹੋ-ਜਿਹੀਆਂ ਹੋਰ ਅਨੇਕਾਂ ਵਾਰਦਾਤਾਂ ਦਰਜ ਸਨ। ਜੇਲ੍ਹ ਵਿਚ ਆਉਣ ਤੋਂ ਪਹਿਲਾਂ ਉਹ ਇਕ ਹਊਆ ਹੁੰਦਾ ਸੀ ਜਿਸ ਤੋਂ ਦੁਨੀਆਂ ਕੰਬਦੀ ਸੀ। ਕਾਨੂੰਨ ਪ੍ਰੇਸ਼ਾਨ ਸੀ। ਲੋਕ ਸਹਿਮੇ ਹੋਏ ਸਨ। ਸਾਰੇ ਇਲਾਕੇ ਵਿਚ ਹਫੜਾ-ਦਫੜੀ ਮੱਚੀ ਹੋਈ ਸੀ। ਮੱਲ ਸਿੰਘ ਦਾ ਟੋਲਾ ਲੋਕਾਂ ਲਈ ਉਂਜ ਭਾਵੇਂ ਵਬਾਲ ਬਣਿਆ ਹੋਇਆ ਸੀ, ਪਰ ਇਹਨੇ ਅਜੇ ਤਕ ਕਤਲ ਦੀ ਕੋਈ ਵਾਰਦਾਤ ਨਹੀਂ ਸੀ ਕੀਤੀ।
ਮੱਲ ਸਿੰਘ ਦਾ ਕੱਦ ਛੇ ਫੁੱਟ ਤੋਂ ਨਿਕਲਵਾਂ ਸੀ। ਭਾਰ ਢਾਈ ਮਣ ਤੋਂ ਉੱਤੇ ਸੀ ਤੇ ਰੰਗ ਸੱਪ ਵਰਗਾ ਕਾਲਾ। ਅੱਖਾਂ ਬਹੁਤ ਵੱਡੀਆਂ ਵੱਡੀਆਂ ਸਨ—ਜਿਹਨਾਂ ਵਿਚ ਪੀਤਿਆਂ, ਬਿਨ ਪੀਤਿਆਂ ਇਹੋ ਅਜੀਬ ਜਿਹਾ ਭਿਆਨਕ ਨਸ਼ਾ ਰਹਿੰਦਾ ਸੀ ਕਿ ਕੋਈ ਦਿਲ-ਗੁਰਦੇ ਵਾਲਾ ਹੀ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਤੱਕ ਸਕਦਾ ਸੀ। ਉਹਦੇ ਵੱਡੇ ਵੱਡੇ ਹੱਥਾਂ ਤੇ ਭੱਦੀਆਂ ਕਾਲੀਆਂ ਉਂਗਲਾਂ ਦੀ ਜਕੜ ਵਿਚ ਜੇ ਕੋਈ ਫਸ ਜਾਏ ਤਾਂ ਰੱਬ ਹੀ ਰਾਖਾ। ਚੌੜਾ ਨੱਕ ਤੇ ਬਾਹਰ ਨਿਕਲੇ ਹੋਏ ਉਤਲੇ ਦੰਦਾਂ ਨੇ ਉਹਦੀ ਬਦਸੂਰਤੀ ਹੋਰ ਵਧਾ ਦਿੱਤੀ ਸੀ।
ਉਹਨੂੰ ਆਪਣੀ ਬਦਸੂਰਤੀ ਦਾ ਅਹਿਸਾਸ ਸੀ। ਆਪਣੀ ਬਦਸ਼ਕਲੀ ਉੱਤੇ ਉਹ ਆਪੇ ਹੀ ਠਹਾਕੇ ਮਾਰ ਮਾਰ ਹੱਸਦਾ। ਆਪਣੇ ਉੱਤੇ ਆਪ ਹੀ ਵਿਅੰਗ ਕਰਦਾ ਰਹਿੰਦਾ। ਆਪਣੀ ਸ਼ਕਲ ਦਾ ਮਜ਼ਾਕ ਉਡਾਉਂਦਿਆਂ ਉਹ ਕੋਸ਼ਿਸ਼ ਕਰਦਾ ਕਿ ਸਾਰਾ ਆਲਾ-ਦੁਆਲਾ ਵੀ ਉਸ ਵਾਂਗ ਬਦਸੂਰਤ, ਭਿਆਨਕ ਤੇ ਭੈੜਾ ਹੋ ਜਾਏ। ਤੇ ਇੱਥੇ ਇਕ ਅਜਿਹਾ ਮਾਹੌਲ ਪੈਦਾ ਹੋ ਜਾਏ ਕਿ ਉਹਨੂੰ ਇੰਜ ਜਾਪੇ ਜਿਵੇਂ ਸਭ ਇਕੋ-ਜਿਹੇ ਭੈੜੇ ਨੇ। ਤੇ ਅੱਜ ਤੱਕ ਉਸ ਨੇ ਜੋ ਕੁਝ ਵੀ ਕੀਤਾ, ਸਭ ਅਜਿਹੀ ਦੂਨੀਆਂ ਵਸਾਉਣ ਲਈ ਹੀ ਕੀਤਾ ਸੀ।
ਜੇਲ੍ਹ ਤੋਂ ਉਹਨੂੰ ਨਫ਼ਰਤ ਨਹੀਂ ਸੀ। ਉਹਦਾ ਖ਼ਿਆਲ ਸੀ ਕਿ ਇਹੋ ਉਹਦਾ ਅਸਲ ਵਸੇਬਾ ਹੈ, ਤੇ ਇਹ ਇਕ ਅਜਿਹੀ ਥਾਂ ਹੈ ਜਿੱਥੇ ਕੋਈ ਸ਼ੈ ਵੀ ਸੋਹਣੀ ਨਹੀਂ—ਨਾ ਰੋਟੀ-ਟੁੱਕ, ਨਾ ਕੱਪੜੇ, ਨਾ ਬਾਰਕ, ਨਾ ਕਾਨੂੰਨ, ਨਾ ਅਫ਼ਸਰ, ਨਾ ਮਾਤਹਿਤ। ਤੇ ਇਸੇ ਕਰਕੇ ਅੱਜ ਤੱਕ ਉਹਨੇ ਕਦੇ ਕੋਈ ਰਿਆਇਤ ਨਹੀਂ ਸੀ ਮੰਗੀ—ਕਦੇ ਕੈਦ ਵਿਚ ਛੋਟ ਦਾ ਸੁਆਲ ਨਹੀਂ ਸੀ ਕੀਤਾ ਸਗੋਂ ਇਹਦੇ ਉਲਟ ਮੰਗੀ ਸੀ ਤਾਂ ਇਹ ਮੰਗ ਕਿ ਉਹਨੂੰ ਵੱਖਰੀ ਕੋਠੜੀ ਵਿਚ ਡੱਕ ਦਿੱਤਾ ਜਾਏ ਜਿੱਥੇ ਉਹ ਹਨੇਰ-ਗੁਬਾਰ ਵਿਚ 'ਕੱਲਮ-'ਕੱਲਾ ਪਿਆ ਰਹੇ, ਜਿੱਥੇ ਬਦਬੂ ਤੇ ਸਿੱਲ੍ਹ ਵਧ ਤੋਂ ਵਧ ਹੋਵੇ, ਜਿਸ ਦੇ ਸੰਘਣੇ ਹਨੇਰੇ ਵਿਚ ਇਕ ਵਾਰ ਡੁੱਬ ਕੇ ਉਹ ਮੁੜ ਬਾਹਰ ਨਾ ਆਏ, ਜਿੱਥੋਂ ਦੇ ਡੂੰਘੇ ਸੰਘਟ ਵਿਚ ਉਹ ਡੂੰਘੇ ਸਾਹ ਲੈ ਸਕੇ।
ਤੇ ਇਸ ਘਾਟ ਨੂੰ ਜੇ ਕੋਈ ਚੀਜ਼ ਪੂਰਿਆਂ ਕਰਦੀ ਸੀ ਤਾਂ ਉਹ ਸੀ ਉਹਦੀ ਦਰਿਆਦਿਲੀ। ਉਹਨੂੰ ਜੇਲ੍ਹ ਦੇ ਅੜੇ-ਥੁੜੇ, ਲੂਲੇ-ਲੰਗੜੇ ਤੇ ਅਪਾਹਜ ਕੈਦੀ ਚੰਗੇ ਲੱਗਦੇ ਸਨ ਜਿਹੜੇ ਉਹਦੇ ਟੁਕੜਿਆਂ ਉੱਤੇ ਪਲਦੇ ਸਨ। ਜਿਹਨਾਂ ਨੂੰ ਬਾਹਰੋਂ ਕੁਝ ਨਾ ਮਿਲ ਸਕਦਾ ਉਹ ਮੱਲ ਸਿੰਘ ਕੋਲੋਂ ਘਿਓ, ਖੰਡ, ਗੁੜ, ਸ਼ੱਕਰ, ਤੇਲ ਸਾਬਣ ਤੇ ਚਾਹ ਲੈਂਦੇ। ਜਿਹਨਾਂ ਦੇ ਪਿੰਡੇ ਵਿਚੋਂ ਦੂਰੋਂ ਹੀ ਸੜਿਹਾਂਦ ਮਾਰਦੀ ਸੀ ਉਹ ਸਾਰਾ ਦਿਨ ਉਹਦੇ ਗੋਡੇ-ਮੁੱਢ ਬੈਠੇ ਰਹਿੰਦੇ। ਕ੍ਰਹਿਤ ਭਰੇ, ਬਦਸ਼ਕਲ, ਕਮਜ਼ੋਰ, ਮਾੜੇ ਤੇ ਘਿਣਾਉਣੇ ਲੋਕ ਉਹਦੇ ਆਲੇ-ਦੁਆਲੇ ਤੁਰੇ ਫਿਰਦੇ ਰਹਿੰਦੇ ਤੇ ਉਹ ਉਹਨਾਂ ਨੂੰ ਜਿਊਂਦੇ ਰੱਖਣ ਵਿਚ ਰੁੱਝਿਆ ਰਹਿੰਦਾ। ਇਹਦਾ ਉਹਨਾਂ ਨੂੰ ਇਕ ਫਾਇਦਾ ਇਹ ਹੁੰਦਾ ਕਿ ਜੇਲ੍ਹਰ ਤੇ ਦੂਜੇ ਚਲਦੇ-ਪੁਰਜੇ ਕੈਦੀ ਉਹਨਾਂ ਨੂੰ ਕੋਂਹਦੇ ਨਹੀਂ ਸਨ ਕਿਉਂਕਿ ਉਹ ਮੱਲ ਸਿੰਘ ਤੋਂ ਡਰਦੇ ਸਨ। ਉਹਨਾਂ ਨੂੰ ਪਤਾ ਸੀ ਕਿ ਮੱਲ ਸਿੰਘ ਦੇ ਇਕ ਮੁੱਕੇ ਦਾ ਮਤਲਬ ਨੱਕ, ਜਾਂ ਕਿਸੇ ਹੱਡੀ ਪਸਲੀ ਤੋਂ ਵਿਰਵੇ ਹੋਣਾ ਸੀ ਤੇ ਇਸ ਕਰ ਕੇ ਉਹ ਉਸ ਕੋਲੋਂ ਪਾਸਾ ਵੱਟ ਕੇ ਲੰਘਦੇ ਸਨ ਤੇ ਮੱਲ ਸਿੰਘ ਉਹਨਾਂ ਦੇ ਸੋਹਣੇ ਚਿਹਰਿਆਂ ਵੱਲ ਤੱਕ ਕੇ ਨਫ਼ਰਤ ਨਾਲ ਮੁਸਕਰਾ ਪੈਂਦਾ ਸੀ। ਕਦੇ ਕਦੇ ਉਹਨਾਂ ਚਿੱਟੇ ਚਿੱਟੇ ਧੋਤੇ ਹੋਏ ਕੱਪੜਿਆਂ ਨੂੰ, ਗੁਲਮੇ ਵਿਚ ਦੋ ਉਂਗਲਾਂ ਪਾ ਕੇ ਲੀਰੋ-ਲੀਰ ਕਰ ਦਿੰਦਾ, ਤੇ ਉਹਨਾਂ ਦੇ ਮੂੰਹਾਂ ਉੱਤੇ ਮਿੱਟੀ ਮਲ ਦਿੰਦਾ। ਇਹ ਵੇਂਹਦਿਆਂ ਉਹਦੇ ਸਾਰੇ, ਉਸ ਵਰਗੇ ਸਾਥੀ ਖਿੜਖਿੜ ਕੇ ਇੰਜ ਹੱਸ ਪੈਂਦੇ ਜਿਵੇਂ ਉਹਨੇ ਕੋਈ ਬਹੁਤ ਵੱਡਾ ਮਾਹਰਕਾ ਮਾਰਿਆ ਹੋਵੇ।
ਮੱਲ ਸਿੰਘ ਦਾ ਇਹ ਨਿੱਤ ਦਾ ਕਰਮ ਸੀ ਕਿ ਇਕ ਖੜਸੁੱਕ ਰੁੱਖ ਹੇਠਾਂ ਕਾਲਾ ਕੰਬਲ ਵਿਛਾ ਕੇ ਬੈਠ ਜਾਂਦਾ ਤੇ ਲੰਗੋਟ ਕੱਸ ਕੇ ਹੱਥ-ਪੈਰ ਢਿੱਲੇ ਛੱਡ ਦਿੰਦਾ। ਉਹਦੇ ਚੇਲੇ-ਚਾਂਟੇ ਉਹਦੀ ਮਾਲਸ਼ ਕਰਨ ਲੱਗ ਪੈਂਦੇ। ਜਦੋਂ ਉਹ ਮਾਲਸ਼ ਕਰਦੇ-ਕਰਦੇ ਸਾਹੋ-ਸਾਹ ਹੋ ਜਾਂਦੇ ਤੇ ਉਹਨਾਂ ਦੇ ਮੂੰਹ-ਮੱਥੇ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਤਾਂ ਉਹ ਪਹਿਲਾਂ ਉਹਨਾਂ ਨੂੰ ਇਕ ਬੜੀ ਗੰਦੀ ਗਾਲ੍ਹ ਕੱਢਦਾ ਤੇ ਫੇਰ ਗੁੜ, ਕਦੇ ਬੀੜੀਆਂ, ਕਦੇ ਸਿਗਰਟ, ਕਦੇ ਚਾਹ ਤੇ ਦਾਅ ਲੱਗ ਜਾਏ ਤਾਂ ਭੰਗ ਤੇ ਅਫ਼ੀਮ ਵੀ ਦੇ ਦਿੰਦਾ। ਜੇਲ੍ਹ ਦੇ ਹਾਕਮਾ ਨੂੰ ਪਤਾ ਸੀ ਕਿ ਉਹਦੀ ਇਹ ਦਰਿਆਦਿਲੀ ਕਿਸੇ ਸੌਦੇਬਾਜ਼ੀ ਦੀ ਭਾਵਨਾ ਦਾ ਸਿੱਟਾ ਨਹੀਂ ਸੀ, ਇਸ ਕਰਕੇ ਉਹ ਵੀ ਅਣਜਾਣੇ ਜਾਂ ਜਾਣ-ਬੁੱਝ ਕੇ ਉਸ ਵੱਲੋਂ ਅੱਖਾਂ ਮੀਚ ਛੱਡਦੇ। ਤੇ ਪਿਛਲੇ ਸੱਤ-ਅੱਠ ਵਰ੍ਹਿਆਂ ਤੋਂ ਮੱਲ ਸਿੰਘ ਜੇਲ੍ਹ ਦੇ ਓਪਰੇ ਮਾਹੌਲ ਵਿਚ ਇੰਜ ਰਚ-ਮਿਚ ਗਿਆ ਸੀ ਕਿ ਉਹਦੇ ਕਿਸੇ ਵੀ ਪੁੱਠੇ-ਸਿੱਧੇ ਕੰਮ ਉੱਤੇ ਇਤਰਾਜ ਕਰਨਾਂ ਜਿਵੇਂ ਜੇਲ੍ਹ ਦੇ ਕਾਨੂੰਨ ਦੀ ਉਲੰਘਣਾ ਸਮਝੀ ਜਾਂਦੀ ਸੀ।
ਜਦੋਂ ਸਾਰੇ ਜਣੇ ਆਪੋ-ਆਪਣਾ ਹਿੱਸਾ ਲੈ ਕੇ ਮੱਲ ਸਿੰਘ ਨੂੰ ਫਤਿਹ ਗਜਾ ਕੇ ਤੁਰ ਜਾਂਦੇ ਤਾਂ ਮੱਲ ਸਿੰਘ ਅੱਖਾਂ ਮੀਚ ਕੇ ਕੰਬਲ ਉੱਤੇ ਲੇਟ ਜਾਂਦਾ। ਉਹ ਘੰਟਿਆਂ ਬੱਧੀ ਇੰਜ ਲੇਟਿਆ ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਡੁੱਬਿਆ ਰਹਿੰਦਾ ਸੀ। ਜੇ ਕੋਈ ਭੁੱਲ-ਭੁਲੇਖੇ ਉਹਨੂੰ ਇਹ ਪੁੱਛ ਲੈਂਦਾ ਕਿ ਉਹ ਕਿਹੜੇ ਵਹਿਣਾ ਵਿਚ ਪਿਆ ਹੋਇਆ ਸੀ ਤਾਂ ਉਹ ਅੱਗੋਂ ਹੱਸ ਕੇ ਗੱਲ ਹੀ ਟਾਲ ਛੱਡਦਾ ਕਿ ਉਹਦੇ ਕੋਲ ਭਲਾ ਸੋਚਣ ਵਾਲੀ ਗੱਲ ਹੀ ਕਿਹੜੀ ਹੈ—ਚੰਗੀ ਗੱਲ ਤਾਂ ਉਹ ਸੋਚਣੋਂ ਰਿਹਾ, ਤੇ ਬੁਰੀ ਦੱਸੇਗਾ ਹੀ ਕਿਉਂ?
ਪਰ ਆਖ਼ਰ ਉਹ ਵੀ ਇਕ ਬੰਦਾ ਸੀ, ਭਾਵੇਂ ਉਹ ਬਦਸੂਰਤੀ ਦਾ ਸਾਥੀ ਹੀ ਕਿਉਂ ਨਾ ਹੋਵੇ—ਜ਼ੁਲਮਾਂ ਦੇ ਦੇਵਤੇ ਦਾ ਪੁਜਰੀ! ਉਹ ਉਹਨਾਂ ਪਲਾਂ ਨੂੰ ਜ਼ਰੂਰ ਚੇਤੇ ਕਰਦਾ ਹੁੰਦਾ ਸੀ ਜਦੋਂ ਉਹਨੂੰ ਵੀ ਖ਼ੂਬਸੁਰਤੀ ਨਾਲ ਇਸ਼ਕ ਸੀ।
ਕਹਿੰਦੇ ਨੇ ਹਨੇਰਾ ਚਾਨਣ ਨੂੰ ਪਿਆਰ ਕਰਦਾ ਹੈ। ਗਰਮੀ ਸਰਦੀ ਇਕ ਦੂਜੇ ਦੀਆਂ ਭੈਣਾ ਨੇ। ਦੁਖ ਤੋਂ ਮਗਰੋਂ ਸੁਖ ਆਉਂਦਾ ਹੈ। ਹਾਂ ਤੇ ਨਾਂਹ ਦੋਵੇਂ ਭੈਣਾ ਨੇ। ਨੇਕੀ ਬਦੀ ਦਾ ਅਟੁੱਟ ਸਾਥ ਹੈ। ਬਦਸੂਰਤੀ ਤੇ ਖ਼ੂਬਸੂਰਤੀ ਦੀ ਵੀ ਡੂੰਘੀ ਸਾਂਝ ਹੈ। ਮਹਾਨ ਕਾਰਨਾਮਿਆਂ ਦੇ ਫਲ ਦੀ ਪਛਾਣ ਗੁਨਾਹ ਨਾਲ ਹੈ। ਉਹਨੂੰ ਪਤਾ ਸੀ ਕਿ ਰਾਮ ਦਾ ਨਾਂ ਰਾਵਣ ਦੇ ਸਹਾਰੇ ਕਾਇਮ ਹੈ। ਕ੍ਰਿਸ਼ਨ ਦੀ ਵਡਿਆਈ ਕੰਸ ਦੀਆਂ ਘਾਟਾਂ ਸਦਕਾ ਹੈ। ਯਸੂ ਮਸੀਹ ਤੇ ਸਲੀਬ ਹਮੇਸ਼ਾ ਇਕ ਦੂਜੇ ਨਾਲ ਜੁੜੇ ਰਹਿਣਗੇ। ਇਸ ਵਿਰੋਧ ਵਿਚ ਇਕ ਭਿਆਨਕ ਸੱਚ ਹੈ, ਇਕ ਤਲਖ਼ ਹਕੀਕਤ।
ਮੱਲ ਸਿੰਘ ਨੂੰ ਨਾ ਇਤਿਹਾਸ 'ਚ ਕੋਈ ਦਿਲਚਸਪੀ ਸੀ, ਨਾ ਦਰਸ਼ਨ ਨਾਲ ਕੋਈ ਵਾਸਤਾ ਸੀ ਤੇ ਨਾ ਮਜ਼ਹਬ ਨਾਲ ਕੋਈ ਨੇੜਤਾ; ਤੇ ਨਾ ਹੀ ਸਾਹਿਤ ਦੇ ਹੀਰਿਆਂ—ਦੀ ਕੋਈ ਪਛਾਣ ਸੀ। ਉਹ ਤਾਂ ਇਕ ਅਣਪੜ੍ਹ ਗੰਵਾਰ ਸੀ ਜਿਹੜਾ ਬਚਪਨ ਵਿਚ ਕਦੇ ਵਰ੍ਹਾ-ਛਮਾਹੀਂ ਸਕੂਲ ਵੀ ਗਿਆ ਸੀ, ਪਰ ਹੁਣ ਤਾਂ ਉਹਨੂੰ ਇਹ ਵੀ ਭੁੱਲ ਚੁੱਕਿਆ ਸੀ ਕਿ ਉਹ ਕਦੇ ਬੱਚਾ ਵੀ ਹੁੰਦਾ ਸੀ ਤੇ ਉਹਨੂੰ ਚੰਦ-ਤਾਰੇ ਸੋਹਣੇ ਲੱਗਦੇ ਸਨ; ਉਹ ਪਰੀਆਂ ਦੀਆਂ ਕਹਾਣੀਆਂ ਚਾਅ ਨਾਲ ਸੁਣਦਾ ਹੁੰਦਾ ਸੀ, ਉਹਨੂੰ ਵੀ ਫੁੱਲ ਤੇ ਤਿਤਲੀਆਂ ਚੰਗੇ ਲੱਗਦੇ ਸਨ, ਉਹ ਵੀ ਕਦੇ ਜਵਾਨ ਹੋਇਆ ਸੀ, ਉਹਨੇ ਵੀ ਮਸਤੀ ਭਰੇ ਗੀਤ ਸੁਣੇ ਤੇ ਦੁਹਰਾਏ ਸਨ। ਜੁਆਨ ਕੁੜੀਆਂ ਨੇ ਉਹਦੇ ਦਿਲ ਅੰਦਰ ਕੁਤਕੁਤੀਆਂ ਕੀਤੀਆਂ ਸਨ, ਉਹਨੇ ਵੀ ਕਦੇ ਆਸ਼ਾਵਾਂ ਦੇ ਬਾਗ਼ ਖਿੜਾਏ ਸਨ, ਉਹਦੀਆਂ ਆਰਜ਼ੂਆਂ ਨੇ ਵੀ ਕਦੀ ਅੰਗੜਾਈ ਲਈ ਸੀ—ਪਰ ਜਦੋਂ ਅੱਗੋਂ ਹਮੇਸ਼ਾ ਉਹਨੂੰ ਕੌੜੇ-ਕੁਸੈਲੇ ਬੋਲ ਸੁਣਨੇ ਪਏ ਤੇ ਬਦਸੂਰਤੀ ਦਾ ਅਹਿਸਾਸ ਕਰਵਾਇਆ ਗਿਆ ਤਾਂ ਉਹਨੇ ਓਹੋ ਮਜ਼ਹਬ ਕਬੂਲ ਕਰ ਲਿਆ ਜਿਸ ਨੂੰ ਉਹ ਆਪ ਨਫ਼ਰਤ ਕਰਦਾ ਸੀ। ਉਹਨੂੰ ਗੁਨਾਹ ਤੋਂ ਨਫ਼ਰਤ ਸੀ। ਉਹ ਲੜਾਈ-ਝਗੜੇ ਤੋਂ ਟਲਦਾ ਸੀ। ਉਹਦੀ ਸ਼ਕਲ ਭਾਵੇਂ ਬਹੁਤ ਭੈੜੀ ਸੀ, ਪਰ ਉਹਦਾ ਦਿਲ ਬੜਾ ਖ਼ੂਬਸੂਰਤ ਤੇ ਖੁੱਲ੍ਹਾ-ਡੁੱਲ੍ਹਾ ਸੀ, ਜਿਸ ਦਾ ਕਿਸੇ ਨੂੰ ਵੀ ਕੋਈ ਅਹਿਸਾਸ ਨਹੀਂ ਸੀ। ਲੋਕ ਇੰਜ ਬੇਦਰਦੀ ਨਾਲ ਉਸ ਦੇ ਨਾਲ ਖੇਡਦੇ ਰਹੇ ਕਿ ਉਹ ਆਪਣੀ ਬਦਸੂਰਤੀ ਤਕ ਹੀ ਸੀਮਤ ਹੋ ਕੇ ਰਹਿ ਗਿਆ—ਤੇ ਫੇਰ ਉਹਨੂੰ ਹਰੇਕ ਸੋਹਣੀ ਸ਼ੈ ਕੋਲੋਂ ਨਫ਼ਰਤ ਹੋ ਗਈ।
ਮੱਲ ਸਿੰਘ ਨੇ ਲੇਟਿਆਂ ਲੇਟਿਆਂ ਹੀ ਇਕ ਅੱਖ ਰਤਾ ਖੋਹਲ ਕੇ ਟੁੰਡ-ਮੁੰਡ ਖੜਸੁੱਕ ਰੁਖ ਵੱਲ ਵੇਖਿਆ ਤਾਂ ਉਹਦੇ ਮੂੰਹੋਂ ਇਕ ਦਬਵਾਂ ਹਉਕਾ ਨਿਕਲ ਗਿਆ। ਉਹਦੇ ਨਾਲ ਇਹ ਰੁੱਖ ਕਿੰਨਾ ਮਿਲਦਾ-ਜੁਲਦਾ ਸੀ। ਕੇਡਾ ਜਬਰ ਰੁੱਖ ਹੈ, ਪਰ ਟਾਹਦੀਆਂ ਤੇ ਪੱਤਿਆਂ ਤੋਂ ਬਿਨਾਂ ਕੇਡਾ ਬਦਸੂਰਤ ਲੱਗਦਾ ਸੀ। ਨਾ ਇਹਨੂੰ ਕਦੇ ਫਲ ਲੱਗੇ ਨੇ ਨਾ ਫੁੱਲ। ਕਦੇ ਕਿਸੇ ਪੰਛੀ ਨੇ ਇਸ ਉੱਤੇ ਆਪਣਾ ਆਲ੍ਹਣਾ ਨਹੀਂ ਪਾਇਆ। ਜੇ ਕਦੇ ਕੋਈ ਥੱਕਿਆ ਪੰਛੀ ਬਿੰਦ-ਝੱਟ ਆ ਕੇ ਬੈਠਦਾ ਵੀ ਹੈ ਤਾਂ ਵਿੱਠ ਕਰਕੇ ਉੱਡ ਜਾਂਦਾ ਹੈ। ਉਹਨੇ ਆਪਣੇ ਕੰਬਲ ਵੱਲ ਤੱਕਿਆ, ਉਸ ਉੱਤੇ ਅਣਗਿਣਤ ਵਿੱਠਾਂ ਦੇ ਦਾਗ਼ ਸਨ। ਕਦੇ-ਕਦਾਈਂ ਇਸ ਉੱਤੇ ਗਿਰਝਾਂ ਜ਼ਰੂਰ ਆ ਬੈਠਦੀਆਂ ਸਨ ਜਿਹਨਾਂ ਨੂੰ ਖ਼ੂਬਸੂਰਤੀ ਤੋਂ ਨਫ਼ਰਤ ਸੀ। ਜਿਹੜੀਆਂ ਆਪ ਬਦਸੂਰਤ ਸਨ। ਉਹ ਸੋਚਣ ਲੱਗ ਪਿਆ, ਰੱਬ ਨੇ ਗਿਰਝਾਂ ਕਿਉਂ ਬਣਾਈਆਂ? ਸ਼ਾਇਦ ਉਹਨਾਂ ਦਾ ਕੰਮ ਆਲੇ-ਦੁਆਲੇ ਨੂੰ , ਤਰੱਕੀਆਂ ਹੋਈਆਂ ਲਾਸ਼ਾਂ ਤੋਂ ਪਾਕ ਕਰਨਾ ਹੋਵੇ, ਤੇ ਲੋਕ ਹਰ ਉਸ ਸ਼ੈ ਕੋਲੋਂ ਨਫ਼ਰਤ ਕਰਦੇ ਨੇ ਜਿਹੜੀ ਉਹਨਾ ਦੀ ਗੰਦਗੀ ਨੂੰ ਸਾਫ ਕਰਦੀ ਏ—ਜਿਵੇਂ ਸਫਾਈ ਕਰਨ ਵਾਲੇ ਲੋਕਾਂ ਕੋਲੋਂ। ਪਰ ਸਫਾਈ ਕਰਨ ਵਾਲੇ ਦਾ ਕੰਮ ਆਪ ਕੋਈ ਕਰਨ ਨੂੰ ਤਿਆਰ ਨਹੀਂ। ਕੀ ਗਿਰਝਾਂ ਤੇ ਮਿਹਤਰ ਦਾ ਘਿਨਾਉਣਾਪਨ ਦੁਨੀਆਂ ਦੀ ਖ਼ੂਬਸੂਰਤੀ ਉਜਾਗਰ ਕਰਨ ਵਿਚ ਮਦਦ ਨਹੀਂ ਦਿੰਦਾ? ਉਹ ਜਿਵੇਂ ਗੁਆਚ ਜਿਹਾ ਗਿਆ।
ਮੱਲ ਸਿੰਘ ਸੋਚਣ ਲੱਗ ਪਿਆ ਕਿ ਉਹ ਆਪ ਵੀ ਸਮਾਜ ਦੀ ਇਕ ਗਿਰਝ ਹੈ। ਉਸ ਕੋਲੋਂ ਸਾਰੇ ਇਸ ਕਰਕੇ ਨਫ਼ਰਤ ਕਰਦੇ ਨੇ ਕਿ ਉਹਦੀ ਸ਼ਕਲ-ਸੂਰਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਬਚਪਨ ਵਿਚ ਉਹਨੂੰ ਮਾਂ ਦਾ ਪਿਆਰ ਇਸ ਕਰਕੇ ਨਾ ਮਿਲ ਸਕਿਆ ਕਿ ਉਹਦਾ ਵੱਡਾ ਭਰਾ ਗੋਰਾ-ਚਿੱਟਾ ਸੀ। ਮਾਂ ਉਹਨੂੰ ਭੂਤ ਕਹਿੰਦੀ ਹੁੰਦੀ ਸੀ। ਉਹਨੇ ਇਕ ਵਾਰ ਆਪਣੇ ਕੰਨੀਂ, ਮਾਂ ਨੂੰ ਕਿਸੇ ਹੋਰ ਨੂੰ ਕਹਿੰਦਿਆਂ ਸੁਣਿਆਂ ਸੀ—'ਜਦੋਂ ਇਹ ਹੋਣ ਵਾਲਾ ਸੀ ਤਾਂ ਕਿਸੇ ਸ਼ੈ (ਜਿੰਨ-ਚੁੜੈਲ) ਦਾ ਪਰਛਾਵਾਂ ਇਹਦੇ ਉੱਤੇ ਪੈ ਗਿਆ ਸੀ।' ਬਚਪਨ ਤੋਂ ਹੀ ਉਹਦੇ ਪੱਲੇ ਫਿਟਕਾਰਾਂ ਹੀ ਪਈਆਂ ਸਨ। ਉਹ ਖਿਝਦਾ-ਕਰਿਝਦਾ, ਲੜਦਾ-ਝਗੜਦਾ ਪਰ ਕੋਈ ਉਹਨੂੰ ਪਿਆਰ ਨਹੀਂ ਸੀ ਕਰਦਾ। ਇਹਦਾ ਸਿੱਟਾ ਇਹ ਹੋਇਆ ਕਿ ਉਹਨੂੰ ਆਪਣੇ ਭਰਾ ਤੇ ਮਾਂ ਕੋਲੋਂ ਨਫ਼ਰਤ ਹੋ ਗਈ।
ਮਾਂ ਉਸਨੂੰ ਹਮੇਸ਼ਾ ਉਹਦੇ ਵੱਡੇ ਭਰਾ ਨਾਲ ਬਾਹਰ ਭੇਜਦੀ। ਉਹ ਉਹਨਾਂ ਨੂੰ ਇਕੱਠਿਆਂ ਇਸ ਖ਼ਿਆਲ ਨਾਲ ਬਾਹਰ ਨਹੀਂ ਸੀ ਭੇਜਦੀ ਕਿ ਵੱਡਾ ਮੁੰਡਾ ਉਹਦੀ ਰਖਵਾਲੀ ਕਰੇਗਾ ਸਗੋਂ ਇਸ ਕਰਕੇ ਭੇਜਦੀ ਸੀ ਕਿ ਵੱਡੇ ਨੂੰ ਕਿਧਰੇ ਕਿਸੇ ਦੀ ਨਜ਼ਰ ਨਾਲ ਲੱਗ ਜਾਏ—ਉਹ ਜਿਵੇਂ ਕੋਈ ਕਾਲਾ ਕੁੱਜਾ ਸੀ ਜਿਹੜਾ ਨਵੇਂ ਮਕਾਨ ਅੱਗੇ ਲਟਕਾਇਆ ਗਿਆ ਸੀ।
ਦੋਵਾਂ ਭਰਾਵਾਂ ਵਿਚ ਇਕ ਸਾਲ ਤੋਂ ਵਧੇਰੇ ਫਰਕ ਨਹੀਂ ਸੀ, ਪਰ ਉਸ ਦਾ ਵੱਡਾ ਭਰਾ ਸੋਹਣ ਸਿੰਘ ਆਪਣੇ ਆਪ ਨੂੰ ਹਰ ਪੱਖੋਂ ਮੋਹਰੀ ਸਮਝਦਾ ਸੀ। ਉਮਰ ਵਿਚ ਤਾਂ ਉਹ ਉਸ ਨਾਲੋਂ ਵੱਡਾ ਸੀ ਹੀ, ਸੋਹਣਾ ਵੀ ਸੀ, ਪਰ ਜ਼ੋਰ ਵਿਚ ਮੱਲ ਸਿੰਘ ਉਸ ਨਾਲੋਂ ਕਿਤੇ ਤਕੜਾ ਸੀ। ਉਹ ਆਪਣੇ ਨਾਲੋਂ ਡੂਢੀ ਉਮਰ ਦੇ ਮੁੰਡਿਆਂ ਨੂੰ ਵੀ ਭੁਆਂਟਣੀਆਂ ਖੁਆ ਦਿੰਦਾ। ਆਪਣੇ ਭਰਾ ਨਾਲੋਂ ਦੁੱਗਣਾ ਕੰਮ ਕਰਦਾ। ਇਕੱਲਾ ਪਸ਼ੂ ਸਾਂਭਦਾ, ਪਿਉ ਨਾਲ ਕੰਮ ਕਰਵਾਉਂਦਾ, ਪਰ ਘਰ ਵਿਚ ਕਦਰ ਹੁੰਦੀ ਸੀ ਉਸ ਭੂਰੇ ਝੌਟੇ ਦੀ ਜਿਹੜਾ ਜਾਂ ਤਾਂ ਘਰੇ ਵਿਹਲਾ ਪਿਆ ਰਹਿੰਦਾ ਸੀ ਜਾਂ ਤਾਂ ਆਕੜਦਾ ਰਹਿੰਦਾ ਜਾਂ ਫੇਰ ਬਾਹਰ ਜਾ ਕੇ ਕਿਸੇ ਨਾਲ ਲੜ ਪੈਂਦਾ ਤੇ ਜਦੋਂ ਜੁੱਤੀਆਂ ਖਾਣ ਦੀ ਵਾਰੀ ਆਉਂਦੀ ਤਾਂ ਮੱਲ ਸਿੰਘ ਨੂੰ ਮੂਹਰੇ ਕਰ ਦਿੰਦਾ, ਜਿਵੇਂ ਕਿਧਰੇ ਉਹ ਉਹਦਾ ਭਰਾ ਨਹੀਂ, ਸਿਰਫ ਕੋਈ 'ਬਾਡੀਗਾਰਡ' ਹੋਵੇ। ਮੱਲ ਸਿੰਘ ਏਨੀ ਗੱਲ ਉੱਤੇ ਵੀ ਖੁਸ਼ ਸੀ ਕਿ ਚਲੋ ਕਿਸੇ ਬਹਾਨੇ ਉਹਨੂੰ ਭਰਾ ਵੱਲੋਂ ਹੱਮਾ ਤਾਂ ਮਿਲਦਾ ਸੀ।
ਪਰ ਇਹ ਭਰਮ ਵੀ ਬਹੁਤਾ ਚਿਰ ਨਾ ਰਿਹਾ। ਇਹ ਗੱਲ ਕਦੋਂ ਤਕ ਨਿਭ ਸਕਦੀ ਸੀ ਕਿ ਸਾਰੀਆਂ ਚੰਗੀਆਂ ਗੱਲਾਂ ਦਾ ਸਿਹਰਾ ਵੱਡੇ ਦੇ ਸਿਰ ਬੱਝੇ ਤੇ ਬੁਰਾਈਆਂ ਸਭ ਉਹਦੇ ਪੱਲੇ ਹੀ ਪੈਣ! ਗੁਆਂਢੀਆਂ ਦੇ ਮੁੰਡਿਆਂ ਨੂੰ ਜਦੋਂ ਮੱਲ ਸਿੰਘ ਸਿਰਫ ਇਸ ਕਰਕੇ ਕੁੱਟ ਕੱਢਦਾ ਕਿ ਉਹਨਾਂ ਨੇ ਉਹਦੇ ਭਰਾ ਨੂੰ ਛੇੜਿਆ ਸੀ ਤਾਂ ਮੁੰਡਿਆਂ ਦੀਆਂ ਮਾਵਾਂ ਸ਼ਕਾਇਤਾਂ ਸਿਰਫ ਮੱਲ ਸਿੰਘ ਦੀਆਂ ਕਰਦੀਆਂ ਸੀ। ਮੱਲ ਸਿੰਘ ਇਸ ਗੱਲ ਤੋਂ ਅੱਕ ਗਿਆ। ਇਕ ਵਾਰੀ ਜਦੋਂ ਉਹਨੇ ਕੋਲ ਖੜੋਤਿਆਂ ਭਰਾ ਨੂੰ ਕੁੱਟ ਪੁਆ ਦਿੱਤੀ ਤੇ ਉਹਨੇ ਘਰੇ ਆ ਕੇ ਮਾਂ ਤੋਂ ਨਾਲੇ ਤਾਂ ਕੁੱਟ ਪੁਆ ਦਿੱਤੀ ਤੇ ਨਾਲੇ ਗਿਦੀ ਹੋਣ ਦਾ ਤਾਹਨਾ ਦਿੱਤਾ। ਇਹ ਗੱਲ ਉਹ ਸਹਾਰ ਨਾ ਸਕਿਆ ਤੇ ਉਹਨੇ ਸੋਹਣ ਤੋਂ ਇਹਦਾ ਬਦਲਾ ਲਿਆ। ਉਹਦੇ ਵਾਲ ਪੁੱਟ ਛੱਡੇ, ਮੂੰਹ ਉੱਤੇ ਘਰੂਟ ਮਾਰੇ ਕੰਨ ਵਿਚੋਂ ਲਹੂ ਕੱਢ ਦਿੱਤਾ ਤੇ ਇਕ ਦੰਦ ਵੀ ਭੰਨ ਛੱਡਿਆ। ਫੇਰ ਜਦੋਂ ਉਹਨੇ ਭਰਾ ਦੀ ਇਹ ਸ਼ਕਲ ਗਹੁ ਨਾਲ ਵੇਖੀ ਤਾਂ ਉਹਨੂੰ ਖ਼ਿਆਲ ਆਇਆ ਕਿ ਇੰਜ ਵਿਗੜੇ ਹੁਲੀਏ ਨਾਲ ਉਹਦਾ ਭਰਾ ਵੀ ਉਹਦੇ ਜਿੰਨਾ ਹੀ ਬਦਸ਼ਕਲ ਦਿੱਸਦਾ ਸੀ। ਮੱਲ ਸਿੰਘ ਇਕਦਮ ਪਿੱਛੇ ਹਟ ਗਿਆ ਤੇ ਪਤਾ ਨਹੀਂ ਕਿਉਂ ਉਹਨੂੰ ਤਰਸ ਆ ਗਿਆ ਕਿ ਭਰਾ ਨੂੰ ਪੱਟੀਆਂ ਬੰਨ੍ਹਣ ਦੀ ਲੋੜ ਏ। ਜਦ ਮਾਂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਮੱਲ ਸਿੰਘ ਦੀਆਂ ਹੱਡੀਆਂ ਚੂਰਾ ਕਰਨ ਦੀ ਜਿਵੇਂ ਸਹੁੰ ਹੀ ਖਾ ਲਈ; ਤੇ ਜੇ ਉਦੋਂ ਉਹਦਾ ਬਾਪੂ ਨਾ ਵਰਜਦਾ ਤਾਂ ਪਤਾ ਨਹੀਂ ਉਹਦਾ ਕੀ ਹਾਲ ਹੋਣਾ ਸੀ।
ਉਸ ਦਿਨ ਮਗਰੋਂ ਉਹਨੂੰ ਭਰਾ ਨਾਲੋਂ ਵਿਛੋੜ ਕੇ ਸਕੂਲ ਪੜ੍ਹਨੇ ਪਾ ਦਿੱਤਾ ਗਿਆ। ਮਾਂ ਦਾ ਖ਼ਿਆਲ ਸੀ ਕਿ ਇਹ ਕ੍ਰੋਧ ਵਿਚ ਕਿਧਰੇ ਵੱਡੇ ਨੂੰ ਜਾਨੋਂ ਹੀ ਨਾ ਮਾਰ ਘੱਤੇ। ਜ਼ਮੀਨ ਚੰਗੀ ਸੀ, ਇਸ ਕਰਕੇ ਸੋਹਣ ਨੂੰ ਕਿਹੜਾ ਪੜ੍ਹਾ ਕੇ ਬਾਬੂ ਬਣਾਉਣਾ ਸੀ ਜਾਂ ਨੋਕਰੀ ਕਰਵਾਉਣੀ ਸੀ? ਨਾਲੇ ਮਾਂ ਦਾ ਖ਼ਿਆਲ ਸੀ ਕਿ ਮਾਸਟਰ ਚੰਗਾ ਕੁਟਾਪਾ ਵੀ ਕਰਦੇ ਹਨ—ਇਸ ਕਰਕੇ ਮੱਲ ਸਿੰਘ ਨੂੰ ਹੀ ਕੁਰਬਾਨੀ ਦਾ ਬਕਰਾ ਬਣਾਇਆ ਗਿਆ।
ਪੜ੍ਹਣ ਲਿਖਣ ਵਿਚ ਮੱਲ ਸਿੰਘ ਬਹੁਤਾ ਤੇਜ਼ ਨਹੀਂ ਸੀ, ਪਰ ਉੱਕਾ ਹੀ ਘੁੱਗੂ ਵੀ ਨਹੀਂ ਸੀ। ਜਦੋਂ ਉਹ ਆਪਣੀ ਜਮਾਤ ਵਿਚ ਕੋਈ ਸਵਾਲ ਪੁੱਛਣ ਲਈ ਖੜ੍ਹਾ ਹੁੰਦਾ ਤਾਂ ਭਾਵੇਂ ਉਹ ਠੀਕ ਹੁੰਦਾ ਜਾਂ ਗ਼ਲਤ, ਸਾਰੀ ਜਮਾਤ ਉਹਨੂੰ ਵੇਖ ਕੇ ਹੱਸਣ ਲੱਗ ਪੈਂਦੀ। ਏਥੋਂ ਤਕ ਕਿ ਮਾਸਟਰ ਜੀ ਵੀ ਉਹਦਾ ਹੁਲੀਆ ਵੇਖ ਕੇ ਹੱਸਣੋਂ ਨਾ ਰਹਿ ਸਕਦੇ। ਪਰ ਹੁਣ ਉਹ ਆਪਣੇ ਆਪ ਤੋਂ ਏਨਾ ਜਾਣੂ ਹੋ ਚੁੱਕਿਆ ਸੀ ਕਿ ਉਹਨੇ ਇਹਨਾਂ ਤੀਰਾਂ ਤੇ ਨਸ਼ਤਰਾਂ ਲਈ ਆਪਣੀ ਛਾਤੀ 'ਬੁਲਟ-ਪਰੂਫ਼' ਬਣਾ ਲਈ ਸੀ। ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਅਜਿਹੀਆਂ ਗੱਲਾਂ ਦਾ ਇਲਾਜ ਖਿਝਣ ਨਾਲ ਨਹੀਂ ਹੋਣਾ, ਆਪਣੇ ਆਪ ਉੱਤੇ ਹੱਸਣਾ ਹੀ ਇਕੋ ਇਕ ਢੰਗ ਹੈ ਤੇ ਜਦੋਂ ਲੋਕੀਂ ਉਹਨੂੰ ਆਪਣਾ ਮਖ਼ੌਲ ਆਪੇ ਹੀ ਉਡਾਂਦਿਆਂ ਵੇਖਦੇ ਤਾਂ ਚੁੱਪ ਕਰ ਜਾਂਦੇ। ਹੁਣ ਤਾਂ ਸਗੋਂ ਉਹ ਦੂਜਿਆਂ ਦੇ ਵਹਿਮ-ਭਰਮਾਂ ਦਾ ਮਖ਼ੌਲ ਆਪ ਉਡਾਉਂਦਾ ਸੀ। ਜਦੋਂ ਉਹ ਕਦੇ-ਕਦਾਈਂ ਹਨੇਰੇ ਵਿਚ ਆਪਣੇ ਲੰਮੇ ਲੰਮੇ ਵਾਲ ਖੋਹਲ ਕੇ ਸਾਰੇ ਜ਼ੋਰ ਨਾਲ 'ਹਊ' ਕਰਦਾ ਤਾਂ ਨਿਆਣੇ ਡਰਦੇ ਮਾਰੇ ਚੀਕਾਂ ਮਾਰਨ ਲੱਗ ਪੈਂਦੇ ਤੇ ਉਹ ਉੱਚੀ ਉੱਚੀ ਹੱਸਣ ਲੱਗ ਪੈਂਦਾ। ਉਹ ਰੋਂਦੇ ਤੇ ਉਹ ਆਪ ਹੱਸਦਾ ਰਹਿੰਦਾ—ਪਤਾ ਨਹੀਂ ਮਾਨਸਿਕ ਤਸੱਲੀ ਦਾ ਕਿਹੜਾ ਢੰਗ ਸੀ ਇਹ! ਪਰ ਮੱਲ ਸਿੰਘ ਨੂੰ ਇਹ ਬਹੁਤ ਹੀ ਚੰਗਾ ਲੱਗਦਾ ਸੀ।
ਸਕੂਲ ਦੇ ਵੱਡੇ ਉਮਰ ਦੇ ਮੁੰਡੇ ਉਸ ਦੇ ਜ਼ੋਰ ਕੋਲੋਂ ਡਰਦੇ ਸਨ। ਉਹਦੇ ਆਪਣੇ ਜਮਾਤੀ ਉਹਦੀ ਬਦਸੂਰਤੀ ਤੋਂ ਨੱਕ ਵੱਟਦੇ ਸਨ ਤੇ ਛੋਟੀ ਉਮਰ ਦੇ ਬੱਚੇ ਉਹਨੂੰ ਉਂਜ ਹੀ ਹਊਆ ਸਮਝਦੇ ਸਨ। ਇਸ ਲਈ ਉਹਨਾਂ ਸੌ ਡੇਢ ਸੌ ਬੱਚਿਆਂ ਵਿਚਕਾਰ ਵੀ ਉਹ ਇਕੱਲਾ ਹੀ ਸੀ। ਕਮਜ਼ੋਰ ਤੇ ਪੈਰ-ਧਰੀਕਣੇ ਮਾੜੂਏ ਜਿਹੇ ਮੁੰਡੇ, ਜਿਹੜੇ ਵੱਡਿਆਂ ਦੀ ਕੁੱਟ ਤੋਂ ਬਚਣ ਲਈ ਉਹਦਾ ਸਹਾਰਾ ਲਭਦੇ ਰਹਿੰਦੇ ਸਨ, ਉਹੋ ਉਹਦੇ ਸਾਥੀ ਸਨ। ਉਹ ਆਪ ਨਾ ਕਿਸੇ ਨਾਲ ਲੜਦਾ ਨਾ ਝਗੜਦਾ, ਪਰ ਇਹ ਗੱਲ ਨਹੀਂ ਸੀ ਸਹਿ ਸਕਦਾ ਕਿ ਕੋਈ ਕਿਸੇ ਨੂੰ ਕੁੱਟ ਕੱਢੇ। ਪਰ ਮੁੰਡੇ ਇੰਜ ਮਹਿਸੂਸ ਕਰਦੇ ਸਨ ਜਿਵੇਂ ਉਹਨਾਂ ਦੀ ਸਹਾਇਤਾ ਕਰਨਾ ਉਹ ਦਾ ਕੋਈ ਫ਼ਰਜ਼ ਹੈ। ਉਹ ਉਹਦਾ ਅਹਿਸਾਨ ਵੀ ਨਹੀਂ ਸੀ ਮੰਨਦੇ। ਮਾੜੇ ਮੁੰਡਿਆਂ ਨੂੰ ਬਚਾਉਣਾ, ਘਰੋਂ ਲਿਟਾਂਦੇ ਗੰਨੇ ਤੇ ਗੁੜ ਵੰਡਣਾ ਉਹਦੀ ਆਦਤ ਹੀ ਬਣ ਗਈ ਸੀ, ਪਰ ਮੁੰਡੇ ਉਹਦੇ ਨਾਲ ਗੁੱਲੀ-ਡੰਡਾ ਖੇਡਣ ਨੂੰ ਫੇਰ ਵੀ ਤਿਆਰ ਨਹੀਂ ਸਨ ਹੁੰਦੇ। ਨਾ ਕੋਹੀ ਉਹਨੂੰ ਲੁਕਣਮੀਟੀ ਖਿਡਾਉਂਦਾ ਸੀ। ਕਿਉਂ? ਇਹਦਾ ਜੁਵਾਬ ਉਹਨੂੰ ਨਹੀਂ ਸੀ ਸੁੱਝਦਾ। ਉਹਨੂੰ ਆਪਣੇ ਆਪ ਤੋਂ ਚਿੜ ਹੋ ਗਈ ਸੀ।
ਇਹ ਸਾਰਾ ਕੁਝ ਜਦੋਂ ਉਹ ਤੋਂ ਨਾ ਪੁੱਗਿਆ ਤਾਂ ਉਹਨੇ ਸਕੂਲ ਜਾਣਾ ਛੱਡ ਦਿੱਤਾ। ਪਿੰਡਾਂ ਵਿਚ ਪੜ੍ਹਾਕੂ ਮੁੰਡੇ ਉਂਜ ਹੀ ਪੜ੍ਹ-ਲਿਖ ਕੇ ਘਰ ਦੇ ਕੰਮ ਕਰਵਾਉਣ ਤੋਂ ਕੰਨੀਂ ਕਤਰਾਉਣ ਲੱਗ ਪੈਂਦੇ ਨੇ, ਇਸ ਕਰਕੇ ਪਿਓ ਨੇ ਗੱਲ ਹੀ ਨਾ ਗੌਲੀ । ਮਾਸਟਰ ਦਾ ਨਿੱਤ-ਨਿੱਤ ਦੀਆਂ ਸ਼ਕਇਤਾਂ ਤੋਂ ਖਹਿੜਾ ਛੁੱਟਿਆ। ਸਕੂਲ ਦੇ ਮੁੰਡਿਆਂ ਨੂੰ 'ਆਦਮ ਬੋ' ਤੋਂ ਛੁਟਕਾਰਾ ਮਿਲਿਆ। ਮੱਲ ਸਿੰਘ ਨੇ ਜਿਹਨਾਂ ਮੁੰਡਿਆਂ ਦੇ ਕੰਨ ਪਾਟੇ, ਨੱਕ ਭੰਨੇ ਤੇ ਪਿੰਡਿਆਂ ਉੱਤੇ ਚੰਡ ਲਾਏ ਸਨ, ਉਹਨਾਂ ਦੇ ਮਾਪਿਆਂ ਨੇ ਤਾਂ ਸ਼ੁਕਰ ਮਨਾਇਆ ਕਿ ਬਲਾ ਤੋਂ ਖਹਿੜਾ ਛੁੱਟਿਆ ਤੇ ਸਕੂਲ ਸਾਈਂ-ਮਾਈਂ ਚੱਲਣ ਲੱਗ ਪਿਆ। ਪਰ ਦੂਜੇ ਪਾਸੇ ਮੱਲ ਸਿੰਘ ਦੀ ਮਾਂ ਨੂੰ ਅਜਿਹਾ ਫਿਕਰ ਪਿਆ ਕਿ ਉਹਨੇ ਆਪਣੇ 'ਸੋਹਣੇ ਪੁੱਤਰ' ਨੂੰ ਬਚਾਉਣ ਲਈ ਮੱਲ ਸਿੰਘ ਨੂੰ ਤਾੜ ਕੇ ਕਹਿ ਦਿੱਤਾ ਕਿ ਉਹਨੇ ਜੇ ਮੁੰਡੇ ਨੂੰ ਹੱਥ ਲਾਇਆ ਤਾਂ ਉਸ ਤੋਂ ਬੁਰਾ ਕੋਈ ਨਹੀਂ। ਫੇਰ ਹੌਲੀ ਹੌਲੀ ਮਾਂ ਨੇ ਇਹ ਹੀਲਾ ਸੋਚਿਆ ਕਿ ਮੱਲ ਨੂੰ ਬਾਹਰ ਖੇਤ ਡੰਗਰਾਂ ਕੋਲ ਹੀ ਰਹਿਣ ਲਾ ਦਿੱਤਾ ਜਾਏ। ਮੱਲ ਨੂੰ ਜਾਪਿਆ ਜਿਵੇਂ ਉਹ ਵੀ ਇਕ ਪਸ਼ੂ ਹੈ ਜਿਹਨੂੰ ਘਰਦਿਆਂ ਨੇ ਡੰਗਰਾਂ ਨਾਲ ਹੀ ਬਾਹਰ ਨਰੜ ਦਿੱਤਾ ਹੈ। ਤੇ ਉਹਨੇ ਹਾਲਾਤ ਨਾਲ ਸਮਝੌਤਾ ਕਰ ਲਿਆ।
ਉਹਦੇ ਨਵੇਂ ਸਾਥੀਆਂ ਨੇ ਉਹਦੇ ਲਾਲ ਨਫ਼ਰਤ ਨਾ ਕੀਤੀ। ਮੱਝ, ਗਊ, ਬਲ੍ਹਦ, ਘੋੜਾ ਤੇ ਕੁੱਤਾ ਸਾਰੇ ਉਸ ਨਾਲ ਹਿਲ-ਮਿਲ ਗਏ। ਉਹਨਾਂ ਨੂੰ ਮੱਲ ਸਿੰਘ ਦੇ ਕਾਲੇ ਰੰਗ ਦਾ ਫ਼ਿਕਰ ਨਹੀਂ ਸੀ। ਉਹਨਾਂ ਨੂੰ ਉਸ ਦੀਆਂ ਵੱਡੀਆਂ ਵੱਡੀਆਂ ਲਾਲ-ਸੂਹੀਆਂ ਅੱਖਾਂ ਤੋਂ ਕੋਈ ਡਰ ਨਹੀਂ ਸੀ ਲੱਗਦਾ। ਉਹਦੇ ਵੱਡੇ ਵੱਡੇ ਘਸਮੈਲੇ ਦੰਦ ਉਹਨਾਂ ਨੂੰ ਖਾਣ ਨੂੰ ਨਹੀਂ ਸਨ ਆਉਂਦੇ, ਸਗੋਂ ਇਹਦੇ ਉਲਟ ਮੱਲ ਸਿੰਘ ਨੇ ਆਪਣਾ ਸਾਰਾ ਪਿਆਰ ਤੇ ਸਾਰੀ ਹਮਦਰਦੀ ਉਹਨਾਂ ਨੂੰ ਦੇ ਦਿੱਤੀ ਸੀ। ਮੱਲ ਸਿੰਘ ਉਹਨਾਂ ਦਾ ਸਾਥੀ ਸੀ। ਇਹਦਾ ਸਿੱਟਾ ਇਹ ਹੋਇਆ ਕਿ ਪਿੰਡ ਵਿਚ ਉਹਦੇ ਮੁਕਾਬਲੇ ਦਾ ਘੋੜ-ਸਵਾਰ ਹੋਰ ਕੋਈ ਨਾ ਰਿਹਾ। ਉਹਦੇ ਨਾਲ ਗੱਡਾ ਕੋਈ ਨਹੀਂ ਸੀ ਭਜਾ ਸਕਦਾ। ਸਾਰੇ ਪਿੰਡ 'ਚੋਂ ਸਿਰ-ਕੱਢਵਾ ਹਾਲੀ ਵੀ ਉਹੋ ਸੀ। ਊਠ ਦਾ ਐਸਾ ਸਵਾਰ ਕਿ ਵੀਹ-ਤੀਹ ਕੋਹ ਮੰਜ਼ਲ ਮਾਰ ਕੇ ਮੌਜ ਨਾਲ ਹੀ ਮੁੜ ਆਉਂਦਾ।
ਲੋਕ ਹੁਣ ਉਹਨੂੰ ਵੀ 'ਜਨੌਰ' ਹੀ ਕਹਿਣ ਲੱਗ ਪਏ ਸਨ, ਪਰ ਪਤਾ ਨਹੀਂ ਕਿਉਂ ਉਹ ਇਸ ਗੱਲ ਦਾ ਗੁੱਸਾ ਨਹੀਂ ਸੀ ਮੰਨਦਾ ਕਿਉਂਕਿ ਲੋਕ ਆਪਣੇ ਬੀਮਾਰ ਪਸ਼ੂ ਇਲਾਜ ਲਈ ਉਸ ਕੋਲ ਲਿਆਉਣ ਲੱਗ ਪਏ ਸਨ। ਪਸ਼ੂਆਂ ਨਾਲ ਰਹਿਣ ਕਰਕੇ ਉਹਨਾਂ ਦੀਆਂ ਆਦਤਾਂ ਤੇ ਖ਼ਸਲਤਾਂ ਦਾ ਏਨਾਂ ਚੰਗੀ ਤਰ੍ਹਾਂ ਭੇਦ ਆ ਗਿਆ ਸੀ ਕਿ ਲੋਕ ਉਹਦਾ ਲੋਹਾ ਮੰਨਣ ਲੱਗ ਪਏ ਸਨ—ਪਰ ਮੰਨਦੇ ਦੂਰੋਂ ਦੂਰੋਂ ਹੀ ਸਨ।
ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਮੱਲ ਸਿੰਘ ਦਾ ਬਚਪਨ ਬੀਤ ਗਿਆ, ਜੁਆਨੀ ਆ ਗਈ। ਪਤਾ ਨਹੀਂ ਮੱਲ ਸਿੰਘ ਕਿਉਂ ਮਹਿਸੂਸ ਕਰਨ ਲੱਗ ਪਿਆ ਕਿ ਇਹਨਾਂ ਪਸ਼ੂਆਂ ਤੋਂ ਬਿਨਾਂ ਹੋਰ ਵੀ ਕਿਸੇ ਸਾਥੀ ਦੀ ਲੋੜ ਹੈ। ਹੁਣ ਉਹ ਕਦੇ-ਕਦਾਈਂ ਖੂਹ ਉੱਤੇ ਚਲਿਆ ਜਾਂਦਾ, ਪਰ ਜਦੋਂ ਉਹ ਵੱਡੇ ਵੱਡੇ ਦੰਦ ਕੱਢ ਕੇ ਤੇ ਭੱਦੇ ਹੋਂਠ ਸੁੰਗੜਾ ਕੇ ਮੁਸਕਰਾਉਂਦਾ ਤਾਂ ਪਾਣੀ ਭਰ ਰਹੀਆਂ ਕੁੜੀਆਂ ਘੜੇ ਉੱਥੇ ਛੱਡ ਕੇ ਤੂਰ ਜਾਂਦੀਆਂ। ਚੰਨ ਚਾਨਣੀ ਰਾਤ ਵਿਚ ਉਹਨੂੰ ਤੁਰਿਆ ਆਉਂਦਾ ਵੇਖ ਕੇ ਕੁੜੀਆਂ ਨੂੰ ਗਿੱਧਾ ਪਾਉਣਾ ਵਿੱਸਰ ਜਾਂਦਾ ਸੀ। ਕਦੇ ਭਰਵੀਂ ਆਵਾਜ਼ ਵਿਚ ਕੋਈ ਲੋਕ ਗੀਤ ਜਾਂ ਵਾਰਸ ਦੀ ਹੀਰ ਦਾ ਕੋਈ ਬੈਂਤ ਗਾਉਣ ਲੱਗ ਪੈਂਦਾ ਤਾਂ ਰਾਹੀ ਰਤਾ ਤ੍ਰਭਕ ਕੇ ਵਿੰਹਦੇ, ਕੁੜੀਆਂ-ਚਿੜੀਆਂ ਨੂੰ ਇਹ ਚੰਗੇ ਲੱਗਦੇ, ਬੁੱਢੇ ਆਪਣੇ ਬੀਤੇ ਦਿਨਾਂ ਨੂੰ ਯਾਦ ਕਰਦੇ, ਜੁਆਨ ਉਹਦੀ ਆਵਾਜ਼ ਨਾਲ ਤਾਲ ਮਿਲਾਂਦੇ, ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਮੱਲ ਸਿੰਘ ਦੀ ਆਵਾਜ਼ ਹੈ ਤਾਂ ਉਹ ਵਿਅੰਗ ਨਾਲ ਠਹਾਕੇ ਮਾਰਦਿਆਂ ਹੱਸਣ ਲੱਗ ਪੈਂਦੇ। ਤੇ ਮੱਲ ਸਿੰਘ ਨੂੰ ਆਪਣੇ ਆਪ ਉੱਤੇ ਖਿਝ ਆਉਣ ਲੱਗ ਪੈਂਦੀ ਕਿ ਉਹਨੂੰ ਇਸ ਗੱਲ ਦਾ ਕੀ ਹੱਕ ਕਿ ਉਹ ਦੁਨੀਆਂ ਦੀ ਕਿਸੇ ਖ਼ੂਬਸੂਰਤ ਸ਼ੈ ਨੂੰ ਅਪਣਾਏ। ਉਹ ਠਹਾਕੇ ਦਾ ਜੁਆਬ ਠਹਾਕਾ ਮਾਰ ਕੇ ਦੇਣਾ ਚਾਹੁੰਦਾ, ਪਰ ਉਹਦੇ ਜੁਆਬ ਵਿਚ ਬੇਹਿਸਾਬ ਦਰਦ, ਪੀੜ ਹੁੰਦੀ। ਲੋਕ ਮਹਿਸੂਸ ਕਰਦੇ ਤੇ ਇਕ ਬਿੰਦ ਦੇ ਬਿੰਦ ਲਈ ਜਿਹੜੀ ਹਮਦਰਦੀ ਉਹਨਾਂ ਦੇ ਦਿਲ ਵਿਚ ਪੈਦਾ ਹੁੰਦੀ ਉਹ ਮੱਲ ਸਿੰਘ ਦੀ ਬਦਸੂਰਤੀ ਵਿਚ ਘੁਲ ਕੇ ਨਫ਼ਰਤ ਜਾ ਬਣਦੀ।
ਸੋਹਣ ਸਿੰਘ ਦਾ ਵਿਆਹ ਹੋਇਆਂ ਤਿੰਨ ਵਰ੍ਹੇ ਹੋ ਗਏ ਸਨ। ਇਹਨਾਂ ਤਿੰਨਾਂ ਵਰ੍ਹਿਆਂ ਵਿਚ ਉਹ ਮੁਸ਼ਕਲ ਨਾਲ ਹੀ ਕਦੇ-ਕਦਾਈਂ ਘਰ ਗਿਆ ਹੋਵੇਗਾ ਕਿਉਂਕਿ ਭਰਜਾਈ ਦਾ ਆਪਣੇ ਦਿਓਰ ਨੂੰ ਕਦੇ ਮਖ਼ੌਲ ਕਰਨਾਂ ਤਾਂ ਦੂਰ ਦੀ ਗੱਲ ਸੀ, ਉਹ ਆਪਣੇ ਮਾਲਕ ਦਾ ਭਰਾ ਵੀ ਸਮਝਣ ਨੂੰ ਤਿਆਰ ਨਹੀਂ ਸੀ ਉਹਨੂੰ। ਦੂਜੇ ਉਹ ਬਰਾਬਰ ਦਾ ਸ਼ਰੀਕ ਸੀ ਤੇ ਨਾਲੇ ਸੋਹਣ ਸਿੰਘ ਨਾਲ ਬਚਪਨ ਤੋਂ ਹੁਣ ਤਕ ਕਦੇ ਵੀ ਚੰਗੇ ਸੰਬੰਧ ਨਹੀਂ ਸਨ ਰਹੇ।
ਸੋਹਣ ਦੇ ਪਹਿਲੇ ਮੁੰਡੇ ਦੀ ਲੋਹੜੀ ਵੇਲੇ ਗਹਿਮਾ-ਗਹਿਮੀ ਹੋਈ। ਨੰਬਦਾਰ ਦਾ ਪਹਿਲਾ ਪੋਤਾ ਸੀ—ਰੱਜ ਕੇ ਪੀਤੀ, ਰੱਜ ਕੇ ਪਿਆਈ। ਉਦੋਂ ਮੱਲ ਸਿੰਘ ਵੀ ਖੁਸ਼ ਸੀ। ਸ਼ਰਾਬ ਵਿਚ ਹੋਰ ਸੌ ਬੁਰਾਈਆਂ ਪਈਆਂ ਹੋਣ ਪਰ ਇਕ ਗੱਲ ਵਧੀਆ ਹੈ ਕਿ ਸ਼ਰਾਬੀ ਕੁਝ ਚਿਰ ਲਈ ਸਾਰੀ ਦੁਨਿਆਵੀ ਨਫ਼ਰਤ ਤੇ ਪਿਆਰ ਭੁੱਲ ਜਾਂਦਾ ਹੈ।
ਮੱਲ ਸਿੰਘ ਨੇ ਉਸ ਦਿਨ ਧਮਾਲਾਂ ਪਾਈਆਂ—ਨੱਚਿਆ, ਗਾਇਆ—ਜਿਵੇਂ ਕਿਧਰੇ ਕਿਸੇ ਦਰਿਆ ਦਾ ਬੰਨ੍ਹ ਟੁੱਟ ਗਿਆ ਹੋਵੇ। ਸੋਹਣ ਸਿੰਘ ਨੇ ਵੀ ਸਭ ਕੁਝ ਭੁੱਲ-ਭੁਲਾ ਕੇ ਆਪਣੇ ਮਾਂ-ਜਾਏ ਭਰਾ ਨੂੰ ਜੱਫੀਆਂ ਪਾਈਆਂ। ਵੱਡੀ ਰਾਤ ਤਾਹੀਂ ਉਹ ਗਾਉਂਦੇ ਨੱਚਦੇ ਰਹੇ। ਸਾਰਿਆਂ ਦੇ ਹਾਸੇ ਵਿਚ ਮੱਲ ਸਿੰਘ ਦੇ ਠਹਾਕੇ ਵੀ ਸੁਣਾਈ ਦਿੱਤੇ; ਹੱਸਦਿਆਂ-ਹੱਸਦਿਆਂ ਮੱਲ ਸਿੰਘ ਨੇ ਆਪਣੇ ਭਤੀਜੇ ਨੂੰ ਆਪਣੇ ਨਰੋਏ, ਕਰੜੇ ਹੱਥਾਂ ਵਿਚ ਫੜ੍ਹ ਕੇ ਪੋਲਾ ਜਿਹਾ ਪਿਆਰ ਦਿੱਤਾ। ਮੁੰਡਾ ਚੀਕਾਂ ਮਾਰਨ ਲੱਗ ਪਿਆ। ਚਾਚੇ ਨੇ ਨਾ ਕਿਸੇ ਨੂੰ ਅੱਜ ਤਕ ਪਿਆਰ ਕੀਤਾ ਸੀ ਤੇ ਨਾ ਉਹਨੂੰ ਕਿਸੇ ਨੇ। ਉਹਦੀ ਭਰਜਾਈ ਨੇ ਤਿਊੜੀਆਂ ਪਾ ਕੇ ਕਿਹਾ—
“ਪਸ਼ੂਆਂ 'ਚ ਰਹਿਣ ਵਾਲੇ ਨੂੰ ਬੰਦਿਆਂ 'ਚ ਰਹਿਣ ਦੀ ਅਕਲ ਕਿਥੋਂ ਆਊ...”
ਮੱਲ ਸਿੰਘ ਦਾ ਨਸ਼ਾ ਨਾਲ ਦੀ ਨਾਲ ਲਹਿ ਗਿਆ। ਉਹਨੂੰ ਆਪਣੀ ਅਸਲੀਅਤ ਦਾ ਅਹਿਸਾਸ ਹੋਇਆ ਤੇ ਚੁੱਪ ਕਰਕੇ ਭਰੇ ਮੇਲੇ 'ਚੋਂ ਖਿਸਕ ਗਿਆ।
ਸੱਟ ਬੜੀ ਡੂੰਘੀ ਸੀ। ਹੋਰ ਤਾਂ ਕਿਸੇ ਨੇ ਇਹਦੀ ਪੀੜ ਸ਼ਾਇਦ ਏਨੀ ਮਹਿਸੂਸ ਨਾ ਕੀਤੀ, ਪਰ ਮੱਲ ਸਿੰਘ ਦੇ ਪਿਓ ਸ਼ਾਮ ਸਿੰਘ ਨੇ ਦੁਨੀਆਂ ਵੇਖੀ ਸੀ, ਉਹਨੇ ਮਹਿਸੂਸ ਕੀਤਾ ਕਿ ਮੱਲ ਸਿੰਘ ਨੂੰ ਹੁਣ ਕਿਸੇ ਜੀਵਨ-ਸਾਥਣ ਦੀ ਲੋੜ ਹੈ—ਗਊ, ਮੱਝ, ਘੋੜਾ, ਊਠ, ਬਲ੍ਹਦ, ਕੁੱਤਾ, ਹਲਟ, ਪੈਲੀ ਉਹਦੇ ਸਾਥੀ ਜ਼ਰੂਰ ਨੇ, ਪਰ ਜੀਵਨ-ਸਾਥੀ ਨਹੀਂ। ਨੰਬਰਦਾਰ ਨੇ ਉਹਦੇ ਵਿਆਹ ਲਈ ਜੋ ਹੀਲਾ ਹੋ ਸਕਦਾ ਸੀ ਕੀਤਾ। ਜਿੱਥੇ ਜਿੱਥੇ ਕੋਈ ਜ਼ੋਰ ਚੜ੍ਹਿਆ, ਜਾਂ ਮਿੰਨਤ-ਮੁਥਾਜੀ ਦੀ ਲੋੜ ਪਈ—ਸਭ ਕੁਝ ਕੀਤਾ, ਪਰ ਆਪਣੀ ਧੀ ਨੂੰ ਖ਼ੂਹ ਵਿਚ ਧੱਕਾ ਕੌਣ ਦਿੰਦਾ? ਸ਼ਾਮ ਸਿੰਘ ਨੇ ਵੀ ਹਿੰਮਤ ਨਹੀਂ ਹਾਰੀ, ਅਖ਼ੀਰ ਕਿਧਰੋਂ ਦੂਰੋਂ-ਪਾਰੋਂ, ਪਤਾ ਨਹੀਂ ਕਿਸ ਖਾਨਦਾਨ ਦੀ ਤੇ ਕਿੱਥੋਂ ਦੀ ਕੋਈ ਕੁੜੀ ਲੱਭ ਕੇ ਮੱਲ ਸਿੰਘ ਨੂੰ ਉਹਦਾ ਹੱਥ ਫੜਾ ਦਿੱਤਾ।
ਜੀਤ ਕੌਰ ਆਪਣੇ ਮਾਲਕ ਨੂੰ ਵੇਖ ਕੇ ਪਹਿਲਾਂ ਤਾਂ ਘਬਰਾਈ, ਪਰ ਫੇਰ ਸੰਭਲ ਗਈ। ਉਹਨੇ ਜਿਵੇਂ ਇਕ ਨਕਾਬ ਪਾ ਲਿਆ ਤੇ ਇਕ ਮਸ਼ੀਨ-ਜਿਹੀ ਵਾਂਗ ਉਹਦੇ ਨਾਲ ਰਹਿਣ ਲੱਗ ਪਈ—ਠੰਡੀ ਠਾਰ ਤੇ ਬੇਜਾਨ ਸ਼ੈ ਵਾਂਗ। ਪਰ ਮੱਲ ਸਿੰਘ ਉਸ ਤੋਂ ਘੋਲੀ-ਵਾਰੀ ਜਾਂਦਾ ਸੀ। ਬੂਰੀ ਮੱਝ ਦਾ ਸਾਰਾ ਦੁੱਧ ਜੀਤੋ ਲਈ ਸੀ। ਸਰ੍ਹੋਂ ਦਾ ਸਾਗ ਮੱਕੀ ਦਾ ਸੋਨੇ-ਰੰਗਾ ਆਟਾ, ਮੱਖਣ ਘਿਓ, ਗੰਨੇ ਦੀ ਰਹੁ ਤੇ ਬਦਾਮ-ਮੇਵੇ ਵਾਲੀਆਂ ਗੁੜ ਦੀਆਂ ਭੇਲੀਆਂ ਉਹਦੇ ਆਸੇ-ਪਾਸੇ ਰੁਲਦੀਆਂ ਰਹਿੰਦੀਆਂ। ਕੱਜਲ, ਮਹਿੰਦੀ, ਬਾਗ਼, ਫੁਲਕਾਰੀਆਂ, ਛੀਂਟ ਦੀਆਂ ਸਲਵਾਰਾਂ, ਬਰੀਕ ਮਲਮਲ ਦੇ ਦੁਪੱਟੇ ਤੇ ਕਾਸ਼ਣੀ ਫੁੱਲਾਂ ਵਾਲੀਆਂ ਕੁੜਤੀਆਂ, ਸੁੱਚੇ ਤਿੱਲੇ ਵਾਲੀਆਂ ਚਹਿ ਚਹਿ ਕਰਦੀਆਂ ਜੁੱਤੀਆਂ ਤੇ ਛਣ ਛਣ ਕਰਦੀਆਂ ਪੰਜੇਬਾਂ—ਗੱਲ ਕੀ ਕਿਸੇ ਵੀ ਚੀਜ਼ ਦੀ ਮੱਲ ਸਿੰਘ ਨੇ ਉਹਨੂੰ ਥੁੜੋਂ ਨਹੀਂ ਸੀ ਰਹਿਣ ਦਿੱਤੀ। ਜਦੋਂ ਮੱਲ ਸਿੰਘ ਕੋਈ ਵੀ ਚੀਜ਼ ਉਹਨੂੰ ਲਿਆ ਕੇ ਦਿੰਦਾ ਤਾਂ ਉਹ ਮੁਸਕਰਾ ਕੇ ਉਹਨੂੰ ਲੱਕੜ ਦੇ ਸੰਦੂਕ ਵਿਚ ਰੱਖ ਦਿੰਦੀ। ਜੇ ਉਹ ਇਹਦਾ ਕਾਰਨ ਪੁੱਛਦਾ ਤਾਂ ਉਹ ਅੱਗੋਂ ਗੱਲ ਟਾਲ ਦਿੰਦੀ। ਫੇਰ ਇਕ ਦਿਨ ਸੋਹਣ ਵੀ ਆ ਗਿਆ। ਮੱਲ ਸਿੰਘ ਦੇ ਚਿੱਤ ਵਿਚ ਕੋਈ ਮਲਾਲ ਨਹੀਂ ਸੀ। ਉਹਨੇ ਭਰਾ ਨੂੰ ਹੱਥਾਂ 'ਤੇ ਚੁੱਕ ਲਿਆ। ਭਰਜਾਈ ਦੂਜੇ ਬੱਚੇ ਦਾ ਜਾਪਾ ਕੱਟਣ ਪੇਕੇ ਗਈ ਹੋਈ ਸੀ, ਸੋਹਣ ਸਿੰਘ ਨਿੱਤ ਖੇਤ ਵਾਲੇ ਘਰ ਆਉਣ ਲੱਗ ਪਿਆ ਜਿਵੇਂ ਪੁਰਾਣੇ ਸਾਰੇ ਵੈਰ-ਵਿਰੋਧ ਜੀਤ ਕੌਰ ਨੇ ਆਪਣੇ ਸੁਹੱਪਣ ਦੀ ਸਾਬਣ ਨਾਲ ਧੋ ਛੱਡੇ ਹੋਣ।
ਫੇਰ ਇਕ ਦਿਨ ਜਦੋਂ ਅਚਾਨਕ ਹੀ ਮੱਲ ਸਿੰਘ ਖੇਤੋਂ ਕੰਮ ਕਰਦਾ ਕਰਦਾ ਘਰੇ ਆਇਆ ਤਾਂ ਉਹਨੂੰ ਬੂਹਾ ਬੰਦ ਵੇਖ ਕੇ ਸ਼ੱਕ ਪਿਆ। ਤਖ਼ਤੇ ਦੀਆਂ ਝੀਥਾਂ ਵਿਚੋਂ ਤੱਕਿਆ ਤਾਂ ਜੀਤੋ ਪੂਰਾ ਹਾਰ-ਸ਼ੰਗਾਰ ਲਾਈ ਪੀੜ੍ਹੇ ਉੱਤੇ ਬੈਠੀ ਸੀ ਤੇ ਸੋਹਣ ਸਿੰਘ ਆਪਣੇ ਗੋਰੇ ਚਿੱਟੇ ਹੱਥ ਨਾਲ ਉਹਦੀ ਮੁਸ਼ਕੀ ਠੋਡੀ ਛੋਂਹਦਿਆਂ ਕਹਿ ਰਿਹਾ ਸੀ, “ਰੱਬ ਨੇ ਤੇਰਾ ਨੱਕ ਨਹੀਂ ਤਲਵਾਰ ਬਣਾਈ ਐ।” ਜੀਤੋ ਹੱਸ ਪਈ ਤਾਂ ਸੋਹਣ ਸਿੰਘ ਬੋਲਿਆ, “ਦੰਦ ਤੇਰੇ ਮੋਤੀਆਂ ਦੇ ਦਾਣੇ ਨੇ।” ਪਰ ਇਹ ਸੁਣਦਿਆਂ ਹੀ ਜੀਤੋ ਨੇ ਕਿਹਾ, “ਤੇ ਮੇਰੀ ਕਿਸਮਤ ਵਿਚ ਲਿਖਿਆ ਸੀ ਕਾਲਾ ਦਿਓ!” ਫੇਰ ਉਹਦੀਆਂ ਅੱਖਾਂ ਵਿਚ ਅੱਖਾਂ ਪਾਉਂਦੀ ਬੋਲੀ, “ਕਿੰਨੀਆਂ ਸੋਹਣੀਆਂ ਅੱਖਾਂ ਨੇ ਤੇਰੀਆਂ। ਜਨਾਨੀ ਤਾਂ ਤੇਰੇ ਵੱਲ ਹੀ ਝਾਕਦੀ ਰਹਿੰਦੀ ਹੋਣੀ ਐਂ। ਮੈਨੂੰ ਅਭਾਗਣ ਨੂੰ ਵੇਖਣ ਨੂੰ ਕਿਹੋ ਜਿਹੀਆਂ ਭਿਆਨਕ ਅੱਖਾਂ ਲੱਭੀਐਂ, ਜਿਹਨਾਂ ਨੂੰ ਵੇਖ ਕੇ ਡਰ ਆਉਂਦੈ।”
ਤੇ ਇਹ ਸੁਣਦਿਆਂ ਸਾਰ ਮੱਲ ਸਿੰਘ ਦੀਆਂ ਅੱਖਾਂ ਸੱਚੀਂ ਹੀ ਭਿਆਨਕ ਹੋ ਗਈਆਂ। ਅੱਖਾਂ ਵਿਚ ਕੁਝ ਰਿੱਝਣ ਲੱਗ ਪਿਆ। ਉਹਨੇ ਧੱਕਾ ਮਾਰ ਕੇ ਬੂਹਾ ਖੋਹਲਿਆ ਤੇ ਉਹਨਾਂ ਦੋਵਾਂ ਦੇ ਸੰਭਲਣ ਤੋਂ ਪਹਿਲਾਂ ਹੀ ਦਾਤੀ ਦੇ ਇਕੋ ਵਾਰ ਨਾਲ ਜੀਤੋ ਦਾ ਤਲਵਾਰੋਂ ਤਿੱਖਾ ਨੱਕ ਵੱਢ ਕੇ ਪਰ੍ਹਾਂ ਵਗਾਹ ਮਾਰਿਆ। ਸੋਹਣ ਸਿੰਘ ਭੱਜਣ ਲੱਗਿਆ ਤਾਂ ਮੱਲ ਸਿੰਘ ਦੇ ਭਿਆਨਕ ਠਹਾਕੇ ਨੇ ਉਹਦਾ ਸਾਹ-ਸਤ ਹੀ ਜਿਵੇਂ ਪੀ ਲਿਆ। ਉਹਨੇ ਉਹਨੂੰ ਧੌਣੋ ਫੜ੍ਹ ਕੇ ਉਹੋ ਲਹੂ ਨਾਲ ਭਿੱਜੀ ਦਾਤੀ ਸੋਹਣ ਸਿੰਘ ਦੀਆਂ ਅੱਖਾਂ ਵਿਚ ਖੁਭੋ ਦਿੱਤੀ। ਉਹ ਦੋਵੇਂ ਬੇਸੁੱਧ ਜਿਹੇ ਹੋ ਕੇ ਡਿੱਗ ਪਏ, ਪਰ ਮੱਲ ਸਿੰਘ ਦਾ ਗੁੱਸਾ ਅਜੇ ਠੰਡਾ ਨਹੀਂ ਸੀ ਹੋਇਆ। ਖੁਰਲੀ ਕਲੋਂ ਇਕ ਇੱਟ ਚੁੱਕ ਕੇ ਉਹਨੇ ਦੋਵਾਂ ਦੇ ਮੋਤੀਆਂ ਵਰਗੇ ਦੰਦ ਭੰਨ ਸੁੱਟੇ ਤੇ ਹੋਠਾਂ ਦਾ ਜਿਵੇਂ ਕੀਮਾ ਬਣਾ ਦਿੱਤਾ। ਫੇਰ ਉਹ ਠਹਾਕਾ ਮਾਰਦਿਆਂ ਬੋਲਿਆ, “ਹੁਣ ਆਪਾਂ ਸਾਰੇ ਇਕੋ ਜਿਹੇ ਆਂ! ਜਦੋਂ ਕਦੇ ਭੁੱਲ-ਭੁਲੇਖੇ ਸ਼ੀਸ਼ੇ ਵਿਚ ਮੂੰਹ ਵੇਖਿਆ ਕਰੋਗੇ ਤਾਂ ਮੈਨੂੰ ਜ਼ਰੂਰ ਚੇਤੇ ਕਰਿਆ ਕਰੋਗੇ।” ਤੇ ਉਹਨਾਂ ਦੋਵਾਂ ਨੂੰ ਉੱਥੇ ਹੀ ਪਏ ਛੱਡ ਕੇ ਉਹ ਹਨੇਰੇ ਵਿਚ ਗੁੰਮ ਹੋ ਗਿਆ।
ਪਿੰਡ ਵਾਲਿਆਂ ਨੇ ਸੋਚਿਆ ਚਲੋ ਬਲਾ ਟਲੀ, ਪਿੰਡ ਸੁਖੀ ਵੱਸੇਗਾ। ਪਰ ਬਲਾ ਭਾਵੇਂ ਟਲ ਗਈ ਸੀ, ਪਿੰਡ ਸੁਖੀ ਨਹੀਂ ਸੀ ਹੋਇਆ—ਸਗੋਂ ਹੋਰ ਦੁਖੀ ਹੋ ਗਿਆ ਸੀ। ਗੁਨਾਹਗਾਰ ਗੁਨਾਹ ਤੋਂ ਬਚਣ ਲਈ ਗੁਨਾਹ ਦਾ ਹੀ ਸਹਾਰਾ ਲੱਭਦਾ ਹੈ। ਕੁਝ ਚਿਰ ਪਿੱਛੋਂ ਜਦੋਂ ਪਤਾ ਲੱਗਿਆ ਕਿ ਮੱਲ ਸਿੰਘ ਤੇ ਉਹਦਾ ਟੋਲਾ ਆਲੇ-ਦੁਆਲੇ ਭੜਥੂ ਪਾ ਰਿਹਾ ਹੈ ਤੇ ਮੱਲ ਸਿੰਘ ਹੁਣ ਇਕ ਡਾਕੂ ਤੇ ਖੋਹਾਂ ਕਰਨ ਵਾਲਾ ਭਿਆਨਕ ਬੰਦਾ ਹੈ, ਪੁਲਿਸ ਉਹਨੂੰ ਫੜਣੋਂ ਅਸਮਰਥ ਹੈ, ਕਾਨੂੰਨ ਉਸ ਨੂੰ ਕਾਬੂ ਨਹੀਂ ਕਰ ਸਕਿਆ ਤਾਂ ਉਹ ਲੋਕਾਂ ਨੂੰ ਸੱਚੀਂ-ਮੁੱਚੀ ਹੀ ਇਕ ਛਲੇਡਾ ਤੇ ਭੂਤ ਲੱਗਣ ਲੱਗ ਪਿਆ। ਪਿੰਡ ਦੇ ਸਿਆਣੇ ਤੇ ਬੁੱਢੇ-ਠੇਰਿਆਂ ਦੇ ਮਨਾਂ ਅੰਦਰ ਸੱਚੀਂ-ਮੁੱਚੀ ਇਕ ਡਰ ਪੈਦਾ ਹੋ ਗਿਆ। ਮੱਲ ਸਿੰਘ ਦੀਆਂ ਵਾਰਦਾਤਾਂ ਦੀਆਂ ਕਹਾਣੀਆਂ ਬਣਨ ਲੱਗ ਪਈਆਂ। ਉਹਦੇ ਨਾਂ ਨਾਲ ਅਜਿਹੇ ਕਿੱਸੇ ਵੀ ਜੁੜ ਗਏ ਜਿਹੜਿਆਂ ਦਾ ਉਹਨੂੰ ਆਪ ਵੀ ਕੋਈ ਇਲਮ ਨਹੀਂ ਸੀ। ਤੇ ਉਧਰ ਅਜਿਹੇ ਗਏ-ਬੀਤੇ ਬੰਦੇ ਜਿਹਨਾਂ ਨੂੰ ਜ਼ਿੰਦਗੀ 'ਚ ਕਦੀ ਪਿਆਰ ਨਹੀਂ ਸੀ ਮਿਲਿਆ, ਮੱਲ ਸਿੰਘ ਦੇ ਆਸਰੇ ਵਿਚੋਂ ਤਸੱਲੀ ਲੱਭਣ ਲੱਗੇ। ਮੱਲ ਸਿੰਘ ਦੇ ਇਹ ਚੇਲੇ-ਚਾਂਟੇ ਬਦਮਾਸ਼, ਗਲੀਚ,ਘਿਣਾਉਣੇ ਤੇ ਬਦਕਾਰ ਬੰਦੇ ਸਨ, ਮੱਲ ਸਿੰਘ ਨੂੰ ਇਹਨਾਂ ਨਾਲ ਰਹਿ ਕੇ ਪੂਰੀ ਤਸੱਲੀ ਸੀ। ਉਹ ਹੋਰ ਵਾਰਦਾਤਾਂ ਬਹੁਤ ਕਰਦਾ ਸੀ, ਪਰ ਕਾਤਲ ਨਹੀਂ ਸੀ। ਨਵੇਂ ਬਣੇ ਮਕਾਨ ਦੇ ਸੋਹਣੇ ਚੁਬਾਰੇ ਨੂੰ ਫੂਕ ਦੇਣਾ, ਸਿਟਿਆਂ ਤੇ ਆਈਆਂ ਫਸਲਾਂ ਬਰਬਾਦ ਕਰ ਦੇਣੀਆਂ, ਬਾਗ਼ ਦੇ ਬੂਟੇ ਵੱਢ-ਕੱਟ ਛੱਡਣੇ, ਡਾਕੇ ਮਾਰਨੇ—ਉਹਦੇ ਆਮ ਸ਼ੁਗਲ ਸਨ। ਪਰ ਇਹ ਸਾਰਾ ਕੁਝ ਉਹ ਇਸ ਹੱਦ ਤੱਕ ਕਰਦਾ ਸੀ ਕਿ ਮਜ਼ਲੂਮ ਸਹਿਕਦਾ ਰਹੇ। ਬਰਬਾਦੀ ਇਸ ਹੱਦ ਤੱਕ ਕਰਦਾ ਕਿ ਬਰਬਾਦ ਹੋਣ ਵਾਲਾ ਕਰਾਹੁਦਾ ਰਹੇ। ਜਦੋਂ ਸੜੇ ਹੋਏ ਖੇਤਾਂ, ਢੱਝੇ ਮਕਾਨਾਂ ਤੇ ਲੂਲੇ-ਲੰਗੜੇ ਕੀਤੇ ਬੰਦਿਆਂ ਤੇ ਭੁੱਖੇ-ਧਿਹਾਏ ਡੰਗਰਾਂ ਦੇ ਦ੍ਰਿਸ਼ ਵੇਖ ਕੇ ਦੂਜਿਆਂ ਨੂੰ ਕਰਹਿਤ ਆਉਂਦੀ ਉਹਨੂੰ ਕੋਹੀ ਅਜਿਹੀ ਤਸੱਲੀ ਮਿਲਦੀ ਕਿ ਉਹ ਠਹਾਕੇ ਮਾਰ ਮਾਰ ਕੇ ਹੱਸਦਾ। ਲੁੱਟ ਦਾ ਸਾਰਾ ਮਾਲ ਆਪਣੇ ਸੰਗੀਆਂ ਨੂੰ ਵੰਡ ਦਿੰਦਾ, ਆਪ ਉਹਨੂੰ ਇਹ ਭਿਆਨਕ ਦ੍ਰਿਸ਼ ਹੀ ਤਸੱਲੀ ਦੇਣ ਲਈ ਕਾਫੀ ਹੁੰਦੇ।
ਫੇਰ ਇਕ ਦਿਨ ਉਹਨੇ ਆਪਣੇ ਜੱਦੀ ਪਿੰਡ ਦੇ ਨੇੜੇ ਡਾਕਾ ਮਾਰਿਆ। ਸੁਣਿਆ ਸੀ ਲਾਲਾ ਨੌਬਤ ਰਾਏ ਦੀ ਇਕਲੌਤੀ ਧੀ ਦਾ ਵਿਆਹ ਸੀ, ਤੇ ਸ਼ਾਦੀ ਦੀ ਪੂਰੀ ਤਿਆਰੀ ਉਹਨੇ ਕੀਤੀ ਹੋਈ ਸੀ। ਤੇ ਕਿਹੜੀ ਚੀਜ਼ ਸੀ ਜਿਹੜੀ ਉਹਨੇ ਦਾਜ ਲਈ ਇਕੱਠੀ ਨਹੀਂ ਸੀ ਕੀਤੀ।
ਕੁਝ ਹਵਾਈ ਫਾਇਰ ਹੋਏ ਤੇ ਪਤਾ ਲੱਗ ਗਿਆ ਕਿ ਮੱਲ ਸਿੰਘ ਆ ਗਿਆ ਹੈ। ਮਾੜੇ ਤਾਂ ਅੰਦਰੀਂ ਵੜ ਗਏ। ਤਕੜੇ ਖਿਸਕ ਗਏ ਤੇ ਦਲੇਰ ਝੰਜਲਾ ਉਠੇ। ਲਾਲਾ ਨੌਬਤ ਰਾਏ ਨੇ ਇਸ ਸ਼ੈਤਾਨ-ਟੋਲੇ ਦਾ ਕੀ ਮੁਕਾਬਲਾ ਕਰ ਲੈਣਾ ਸੀ। ਇਕ ਡਾਂਗ ਵੱਜੀ ਤੇ ਉਹਦਾ ਉਹ ਸੱਜਾ ਹੱਥ ਨਕਾਰਾ ਹੋ ਗਿਆ, ਜਿਸ ਨਾਲ ਉਹ ਵਿਆਜ ਦਾ ਪੈਸਾ ਲੈਂਦਾ ਤੇ ਫਤਿਹ ਜਾਂ ਰਾਮ-ਰਾਮ ਦਾ ਜੁਆਬ ਦਿੰਦਾ ਹੁੰਦਾ ਸੀ। ਗੱਲ ਸਾਰੀ ਮੁੱਕ ਜਾਣੀ ਸੀ ਜੇ—
ਜੇ ਲੁੱਟ ਦਾ ਮਾਲ 'ਕੱਠਾ ਕਰਨ ਵੇਲੇ ਕਿਧਰੋਂ ਹਨੇਰੇ ਵਿਚੋਂ ਨਿਕਲ ਕੇ ਆਈ ਕੁੜੀ ਮੱਲ ਸਿੰਘ ਦੀ ਬਾਂਹ ਫੜ ਕੇ ਇਹ ਨਾ ਕਹਿੰਦੀ, “ਵੀਰਾ! ਇਹ ਦਾਜ ਦੇਣ ਦੇ ਆਸਰੇ ਤਾਂ ਮੇਰਾ ਵਿਆਹ ਹੌਣੈ, ਨਹੀਂ ਤਾਂ ਮੇਰੇ ਜਿਹੀ ਅਭਾਗਣ ਨੂੰ...” ਤੇ ਇਹ ਕਹਿੰਦਿਆਂ ਉਹ ਮੱਲ ਸਿੰਘ ਨੂੰ ਲਾਲਟੈਣ ਦੇ ਚਾਨਣੇ 'ਚ ਲੈ ਆਈ। ਮੱਲ ਸਿੰਘ ਜਿਹੜਾ ਬਦਸੂਰਤੀ ਦਾ ਅਵਤਾਰ ਸੀ, ਬਦਸੂਰਤੀ ਦੀ ਅਜਿਹੀ ਮਿਸਾਲ ਵੇਖ ਕੇ ਹੈਰਾਨ ਰਹਿ ਗਿਆ। ਰੱਬ ਨੇ ਉਹਦੀ ਏਡੀ ਭੈੜੀ ਸ਼ਕਲ ਵੀ ਜਿਵੇਂ ਕਿਧਰੇ ਵਿਹਲਾ ਬਹਿ ਕੇ ਹੀ ਘੜੀ ਜਾਪਦੀ ਸੀ। ਸਰੀਰ ਦਾ ਕੋਈ ਅੰਗ ਅਜਿਹਾ ਨਹੀਂ ਸੀ ਜਿਹੜਾ ਸੁਡੌਲ ਹੋਵੇ। ਸਾਰੇ ਅੰਗ ਬੇਡੌਲ ਸਨ। ਉਹਨੂੰ ਆਪਣੀ ਬਦਸੂਰਤੀ ਕੁੜੀ ਦੀ ਬਦਸੂਰਤੀ ਸਾਹਮਣੇ ਫਿੱਕੀ ਪੈਂਦੀ ਜਾਪੀ। ਫੇਰ ਉਹਦੇ ਮਨ ਵਿਚ ਹਮਦਰਦੀ ਜਾਗ ਪਈ। ਉਹਨੇ ਸੈਣਤ ਕੀਤੀ ਤੇ ਸਾਰੇ ਰੁਕ ਗਏ। ਸ਼ੈਤਾਨ ਟੋਲੇ ਦੀਆਂ ਜਿਹੜੀਆਂ ਭੁੱਖੀਆਂ ਨਜ਼ਰਾਂ ਲੁੱਟ ਦੇ ਮਾਲ ਵੱਲ ਵੇਖ ਕੇ ਲਲਚਾ ਰਹੀਆਂ ਸਨ, ਮੱਲ ਸਿੰਘ ਦੀਆਂ ਭਿਆਨਕ ਅੱਖਾਂ ਦੀ ਤਾਬ ਨਾ ਲਿਆ ਸਕੀਆਂ। ਤੇ ਉਹ ਸਾਰਾ ਟੋਲਾ ਖਾਲੀ ਹੱਥ ਆਪਣੇ ਟਿਕਾਣੇ ਉੱਤੇ ਮੁੜ ਆਇਆ।
ਪਰ ਮੱਲ ਸਿੰਘ ਬੇਚੈਨ ਹੋ ਉਠਿਆ ਸੀ। ਉਹ ਉਸ ਕੁੜੀ ਨੂੰ ਵਾਰ ਵਾਰ ਵੇਖਣਾ ਚਾਹੁੰਦਾ ਸੀ। ਫੇਰ ਉਹ ਇਕ ਰਾਤ ਚੁੱਪ ਕਰਕੇ ਉਸ ਕੋਲ ਚਲਿਆ ਗਿਆ। ਜਦੋਂ ਬੂਹਾ ਖੁਹਲਿਆ ਤਾਂ ਕੁੜੀ ਨੇ ਹੈਰਾਨੀ ਨਾਲ ਕਿਹਾ, “ਤੂੰ...?” ਤੇ ਫੇਰ ਰਤਾ ਕੁ ਸੋਚ ਕੇ ਬੋਲੀ, “ਮੈਨੂੰ ਤਸੱਲੀ ਸੀ ਕਿ ਤੂੰ ਜ਼ਰੂਰ ਆਏਂਗਾ।”
“ਕਿਉਂ?” ਉਹਨੇ ਪੁੱਛ ਹੀ ਲਿਆ। ਭਾਵੇਂ ਉਹਨੂੰ ਇਸ ਦੇ ਜਵਾਬ ਦਾ ਪਤਾ ਸੀ।
ਕੁੜੀ ਨੇ ਬੜੀ ਤਸੱਲੀ ਨਾਲ ਉਤਰ ਦਿੱਤਾ, “ਏਸ ਕਰਕੇ ਕਿ ਦੁਖੀਏ ਦੀ ਸਾਰ ਦੁਖੀਆ ਹੀ ਜਾਣ ਸਕਦੈ। ਮੈਂ ਓਦੋਂ ਤੇਰੀ ਸ਼ਕਲ ਵੇਖੀ ਤੇ ਉਦੋਂ ਮੈਂ ਸੋਚਿਆ ਕਿ ਦੁਨੀਆਂ ਵਿਚ ਮੇਰੇ ਜਿਹੇ ਹੋਰ ਵੀ ਹੈਗੇ ਨੇ। ਏਸ ਭਰੋਸੇ ਤੇ ਮੈਂ ਉਦੋਂ ਤੈਨੂੰ ਬਿਨਾਂ ਝਿਜਕਿਆਂ ਬੇਨਤੀ ਕੀਤੀ ਸੀ।”
ਤੇ ਫੇਰ ਮੱਲ ਸਿੰਘ ਉਹਦੇ ਵਿਆਹ ਉੱਤੇ ਵੀ ਗਿਆ ਤੇ ਮੁਕਲਾਵੇਂ ਵੇਲੇ ਵੀ ਗਿਆ। ਉਹਨੇ ਉਹਦੇ ਪਤੀ ਦੇ ਕੰਨ ਵਿਚ ਕਿਹਾ ਜੇ ਇਹਨੂੰ ਕੋਈ ਵੀ ਤਕਲੀਫ਼ ਹੋਈ ਤਾਂ ਆਪਣਾ ਪੜ੍ਹਿਆ ਵਿਚਾਰੀਂ...ਲਾਲਾ ਨੌਬਤ ਰਾਏ ਦੀ ਸਾਰੀ ਦੌਲਤ ਸ਼ਾਇਦ ਉਸ ਬਦਸੂਰਤ ਕੁੜੀ ਦੇ ਪਤੀ ਨੂੰ ਨਾ ਪਰੇਰ ਸਕਦੀ ਪਰ ਮੱਲ ਸਿੰਘ ਦੀ ਧਮਕੀ ਨਾਲ ਕੁੜੀ ਦੇ ਸਹੁਰੇ ਤ੍ਰਭਕ ਪਏ। ਤੇ ਉਹ ਕਾਲ-ਕਲੋਟੀ, ਬਦਸੂਰਤ ਕੁੜੀ ਘਰ ਦੀ ਲਛਮੀ, ਕੁਲ ਦੀ ਲੋਕ-ਲਾਜ ਤੇ ਸੁਹਾਗਣ ਬਣ ਕੇ ਵਸਣ ਲੱਗ ਪਈ।
ਪਰ ਇਹ ਸਾਕ-ਸਬੰਧ ਮੱਲ ਸਿੰਘ ਨੂੰ ਮਹਿੰਗਾ ਪਿਆ। ਪੁਲਿਸ ਨੂੰ ਉਹਦੀ ਕਮਜ਼ੋਰੀ ਦਾ ਪਤਾ ਲੱਗ ਗਿਆ ਤੇ ਉਹ ਆਪਣੀ ਕਮਜ਼ੋਰੀ ਕਰਕੇ ਉਹਨਾਂ ਦੇ ਜਾਲ ਵਿਚ ਫਸ ਗਿਆ।
ਹੁਣ ਜੇ ਕੋਈ ਉਹਨੂੰ ਜੇਲ੍ਹ ਵਿਚ ਮਿਲਣ ਆਉਂਦਾ ਸੀ ਤਾਂ ਦੋ ਹੀ ਬੰਦੇ—ਇਕ ਉਹਦੀ ਧਰਮ ਭੈਣ ਤੇ ਦੂਜਾ ਉਹਦਾ ਬੁੱਢਾ ਪਿਓ, ਜਿਸਨੂੰ ਪਤਾ ਸੀ ਕਿ ਉਹਦੀ ਬਦਸੂਰਤੀ ਦਾ ਜ਼ਿੰਮੇਵਾਰ ਮੱਲ ਸਿੰਘ ਆਪ ਹੀ ਨਹੀਂ ਸੀ, ਸਗੋਂ ਉਹੋ ਸੀ। ਤੇ ਮੱਲ ਸਿੰਘ ਨੂੰ ਇਹਨਾਂ ਦੋਵਾਂ ਦਾ ਹੀ ਆਸਰਾ ਸੀ। ਤੇ ਉਸ ਖੜਸੁੱਕ ਰੁੱਖ ਦੇ ਹੇਠ ਪਿਆ ਮੱਲ ਸਿੰਘ ਸੋਚਣ ਲੱਗ ਪਿਆ—ਇਹ ਰੁੱਖ ਇਕੱਲਾ ਨਹੀਂ। ਗਿਰਝਾਂ ਤੇ ਉੱਲੂ ਇਹਦੇ ਸਾਥੀ ਨੇ—ਇਕ ਜਿਹੜੇ ਮੁਰਦਾਰ ਖਾ ਕੇ ਆਲੇ-ਦੁਆਲੇ ਨੂੰ ਪਾਕ-ਪਵਿੱਤਰ ਕਰਦੇ ਨੇ ਤੇ ਦੂਜੇ ਜਿਹਨਾਂ ਨੂੰ ਹਨੇਰੇ ਨਾਲ ਇਸ਼ਕ ਹੈ, ਜਿਹੜੇ ਕਾਲਖ਼ ਨੂੰ ਨਫ਼ਰਤ ਨਹੀਂ ਕਰਦੇ, ਜੇ ਰੱਬ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਤਾਂ ਪੱਕੀ ਗੱਲ ਹੈ ਕਿ ਇਸ ਗੱਲ ਵਿਚ ਕੋਈ ਭੇਤ ਜ਼ਰੂਰ ਹੈ—! ਤੇ ਇਹ ਸੋਚਦਿਆਂ ਸੋਚਦਿਆਂ ਉਸ ਦੇ ਭਿਆਨਕ ਮੋਟੇ ਮੋਟੇ ਕਾਲੇ ਹੋਂਠਾਂ ਉੱਤੇ ਇਕ ਮੁਸਕਰਾਹਟ ਫੈਲ ਗਈ ਤੇ ਦੋ ਵੱਡੇ ਵੱਡੇ ਦੰਦ ਬਾਹਰ ਨਿਕਲ ਆਏ। ਪਰ ਮੱਲ ਸਿੰਘ ਨੂੰ ਪੂਰੀ ਤਸੱਲੀ ਸੀ। ਉਹ ਆਪਣੀ ਸ਼ਕਲ ਆਪ ਨਹੀਂ ਸੀ ਵੇਖ ਸਕਦਾ ਤੇ ਜੇਲ੍ਹ ਦੇ ਮਾਹੌਲ ਦੀ ਬਦਸੂਰਤੀ ਉਹਦੇ ਨਾਲ ਇਕਮਿਕ ਹੋਈ ਹੋਈ ਸੀ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ