Ethe Kivein Guzariye Zindagi Nu (Punjabi Story) : Parveen Malik

ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ (ਕਹਾਣੀ) : ਪਰਵੀਨ ਮਲਿਕ

‘‘ਕਿੱਥੇ ਜਾਣੈਂ, ਅੰਮਾ?’’ ਕੰਡਕਟਰ ਨੇ ਵੈਗਨ ਦਾ ਬੂਹਾ ਖੋਲ੍ਹਦਿਆਂ ਅੰਮਾਂ ਅੱਗੇ ਬਾਂਹ ਦੀ ਰੋਕ ਬਣਾਉਂਦਿਆਂ ਪੁੱਛਿਆ।
‘‘ਅੱਛਰੇ ਜਾਣੈ ਪੁੱਤਰ।’’ ਅੰਮਾ ਨੇ ਨਿੰਮ੍ਹਾ ਜਿਹਾ ਜਵਾਬ ਦਿੱਤਾ।
‘‘ਪਿੱਛੇ ਹਟ ਜਾਓ, ਦੂਜੀਆਂ ਸਵਾਰੀਆਂ ਨੂੰ ਅੱਗੇ ਆਉਣ ਦਿਉ।’’ ਕੰਡਕਟਰ ਨੇ ਫ਼ੈਸਲਾ ਕਰ ਦਿੱਤਾ ਤੇ ਮਾਈ ਉਸ ਕੈਦੀ ਵਾਂਗ ਪਿੱਛੇ ਹਟ ਗਈ ਜਿਸ ਨੂੰ ਅਦਾਲਤ ਨੇ ਮੁਸ਼ੱਕਤ ਨਾਲ ਕੈਦ ਦੀ ਸਜ਼ਾ ਸੁਣਾਈ ਹੋਵੇ।
ਮੈਂ ਅੰਮਾਂ ਵੱਲ ਤੱਕਿਆ। ਨੀਲੀਆਂ ਬੂਟੀਆਂ ਵਾਲੀ ਚਿੱਟੀ ਚਾਦਰ ਥੱਲੇ ਫੁੱਲਾਂ ਵਾਲਾ ਨੀਲਾ ਸੂਟ ਚੰਗੀ ਤਰ੍ਹਾਂ ਇਸਤਰੀ ਕੀਤਾ ਹੋਇਆ। ਜੁੱਤੀ ਵੀ ਲੱਗਦਾ ਸੀ ਕਦੀ-ਕਦਾਰ ਪਾਈ ਐ। ਕੱਪੜਿਆਂ ਵਿੱਚੋਂ ਹਲਕੀ ਜਿਹੀ ਫਿਨਾਇਲ ਦੀ ਮਹਿਕ ਦੱਸਦੀ ਸੀ ਕਿ ਇਹ ਜੋੜਾ ਕਿਤੇ ਆਉਣ-ਜਾਣ ਲਈ ਸੰਭਾਲ ਕੇ ਰੱਖਿਆ ਹੋਇਆ ਸੀ ਤੇ ਮੂੰਹ ਦੀਆਂ ਝੁਰੜੀਆਂ ਉੱਤੇ ਹਯਾਤੀ ਦੇ ਇੱਕ-ਇੱਕ ਕਰੜੇ ਪਲ ਦਾ ਲੇਖਾ ਲਿਖਿਆ ਦਿਸਦਾ ਸੀ। ਏਨੇ ਚਿਰ ਨੂੰ ਦੂਜੀ ਵੈਗਨ ਨੇੜੇ ਆਉਣ ਲੱਗੀ। ਉਹਦੇ ਕੰਡਕਟਰ ਨੇ ਅੰਮਾਂ ਜੀ ਨੂੰ ਪਿਛਲੀ ਸੀਟ ’ਤੇ ਬਹਿਣ ਲਈ ਆਖਿਆ ਤਾਂ ਉਹ ਕਹਿਣ ਲੱਗੀ, ‘‘ਪੁੱਤਰ ਮੈਨੂੰ ਪਿੱਛੇ ਬਹਿਣ ਵਿੱਚ ਕੋਈ ਉਜਰ ਨਹੀਂ ਪਰ ਮੇਰੇ ਗੋਡਿਆਂ ਵਿੱਚ ਦਰਦ ਐ ਤੇ ਪਿਛਲੀ ਸੀਟ ’ਤੇ ਸੁੰਗੜ ਕੇ ਬਹਿਣਾ ਪੈਂਦੈ।’’ ਉਹ ਕੋਈ ਭਲਾ ਲੋਕ ਸੀ। ਉਹਨੇ ਬਾਦਸ਼ਾਹਾਂ ਵਾਂਗ ਅੰਮਾਂ ਨੂੰ ਫਰੰਟ ਸੀਟ ’ਤੇ ਬੈਠਣ ਦੀ ਇਜਾਜ਼ਤ ਦੇ ਦਿੱਤੀ, ਨਾਲ ਦੀ ਸੀਟ ਮੈਂ ਸਾਂਭ ਲਈ।
ਡਰਾਈਵਰ ਨੇ ਆਪਣੇ ਪਾਸੇ ਵਾਲਾ ਬੂਹਾ ਖੋਲ੍ਹਿਆ ਤੇ ਕਿਸੇ ਸੰਗਤੀ ਨਾਲ ਗੱਲਾਂ ਕਰਦਾ ਸੀਟ ’ਤੇ ਆਣ ਬੈਠਾ। ਅੰਮਾਂ ਕੁਝ ਬੇਆਰਾਮ ਜਿਹੀ ਹੋ ਕੇ ਸੱਜੇ ਖੱਬੇ ਤੱਕ ਰਹੀ ਸੀ। ਮੈਂ ਸੋਚਿਆ ਗੋਡਿਆਂ ਦੇ ਦਰਦ ਨੇ ਤੰਗ ਕੀਤਾ ਹੋਣੈ। ਇਸ ਕਰਕੇ ਮੈ ਜ਼ਰਾ ਕੁ ਹੋਰ ਦਰਵਾਜ਼ੇ ਵੱਲ ਖਿਸਕ ਕੇ ਆਖਿਆ, ‘‘ਤੁਸੀਂ ਠੀਕ ਹੋ ਕੇ ਬਹਿ ਜਾਓ।’’
‘‘ਅੱਲਾ ਖ਼ੁਸ਼ ਰੱਖੇ ਤੈਨੂੰ। ਮੈਂ ਬੈਠੀ ਤਾਂ ਠੀਕ ਆਂ, ਭੁੱਖ ਲੱਗ ਪਈ ਹੈ, ਛੋਲੇ ਲੈਣੇ ਸਨ, ਅੱਜ ਨੱਸ-ਭੱਜ ਵਿੱਚ ਘਰੋਂ ਖਾ ਕੇ ਨਹੀਂ ਤੁਰੀ। ਅਲਸਰ ਦੀ ਮਰੀਜ਼ ਆਂ। ਭੁੱਖ ਲੱਗੀ ਹੋਵੇ ਤਾਂ ਕੁਝ ਚਿਰ ਮਗਰੋਂ ਮਿਹਦੇ ਵਿੱਚ ਦਰਦ ਹੋਣ ਲੱਗ ਪੈਂਦੈ।’’
ਉਨ੍ਹਾਂ ਦੀ ਗੱਲ ਸੁਣ ਕੇ ਮੈਂ ਏਧਰ-ਉਧਰ ਨਜ਼ਰ ਮਾਰੀ। ਸੜਕੋਂ ਪਾਰ ਇੱਕ ਰੇਹੜੀ ਵਾਲਾ ਭੁੱਜੇ ਹੋਏ ਛੋਲੇ, ਰੇਵੜੀਆਂ ਤੇ ਕੁਝ ਹੋਰ ਨਿੱਕ-ਸੁੱਕ ਵੇਚ ਰਿਹਾ ਸੀ। ਅੰਮਾਂ ਨੇ ਮੇਰੇ ਵੱਲ ਤੱਕਿਆ। ਸ਼ਾਇਦ ਆਪਣੀ ਉਮਰ ਦਾ ਕਿਆਸ ਕਰਦਿਆਂ ਉਨ੍ਹਾਂ ਨੇ ਸੋਚਿਆ ਹੋਵੇ ਪਈ ਮੈਂ ਉਨ੍ਹਾਂ ਨਾਲੋਂ ਨਿੱਕੀ ਆਂ ਤੇ ਭੱਜ ਕੇ ਸੜਕ ਪਾਰ ਕਰ ਸਕਦੀ ਆਂ ਪਰ ਇਹ ਉਨ੍ਹਾਂ ਦੀ ਭੁੱਲ ਸੀ। ਹਯਾਤੀ ਦੀ ਭੱਜ-ਦੌੜ ਨੇ ਕਦੋਂ ਦੇ ਸਾਡੇ ਗਿੱਟੇ-ਗੋਡੇ ਤੋੜ ਸੁੱਟੇ ਨੇ। ਦੂਜਾ ਮੈਨੂੰ ਸ਼ਹਿਰ ਆਇਆਂ ਭਾਵੇਂ ਕਿੰਨੇ ਵਰ੍ਹੇ ਹੋ ਗਏ ਪਰ ਮੇਰੇ ਅੰਦਰ ਦੀ ਪੇਂਡੂ ਜ਼ਨਾਨੀ ਹਾਲੇ ਵੀ ਸ਼ਾਂ-ਸ਼ਾਂ ਕਰਕੇ ਸਾਹਮਣਿਉਂ ਲੰਘਦੀਆਂ ਗੱਡੀਆਂ ਅੱਗੇ ਹੱਥ ਬੰਨ੍ਹ ਖਲੋਂਦੀ ਏ।
ਅਜੇ ਮੈਂ ਸੋਚਾਂ ਦੀ ਇਸ ਘੁੰਮਣਘੇਰੀ ਵਿੱਚ ਈ ਸਾਂ ਜੋ ਵੈਗਨ ਤੁਰ ਪਈ ਤੇ ਮੈਨੂੰ ਆਪਣਾ ਆਪ ਆਜ਼ਾਦ ਹੁੰਦਾ ਜਾਪਿਆ ਪਰ ਅੰਮਾਂ ਜੀ ਦੀ ਭੁੱਖ ਦਾ ਲਾਂਬੂ ਮੇਰੇ ਢਿੱਡ ਵਿੱਚ ਭੜਕ ਪਿਆ। ਮੈਂ ਉਧਰੋਂ ਧਿਆਨ ਹਟਾਉਣ ਲਈ ਮੁਆਫ਼ੀ ਜਿਹੀ ਮੰਗਦਿਆਂ ਆਖਿਆ, ‘‘ਮੈਂ ਤੁਹਾਨੂੰ ਲਿਆ ਦੇਂਦੀ ਪਰ ਹੁਣ ਵੈਗਨ ਈ ਟੁਰ ਪਈ ਏ।’’
‘‘ਕੋਈ ਗੱਲ ਨਹੀਂ, ਖ਼ੈਰ ਏ।’’ ਉਨ੍ਹਾਂ ਮੇਰੇ ਮੋਢੇ ਉੱਤੇ ਥਾਪੜਾ ਦੇ ਕੇ ਆਖਿਆ। ਫੇਰ ਡਰਾਈਵਰ ਨੂੰ ਦੱਸਣ ਲੱਗੇ, ‘‘ਬੇਟਾ ਮੈਂ ਪਿੱਛੋਂ ਜਿਸ ਵੈਗਨ ’ਤੇ ਆਈ ਆਂ ਉਨ੍ਹਾਂ ਜੀਵਨ-ਜੋਗਿਆਂ ਮੈਨੂੰ ਥੰਮ ਕੇ ਅਗਲੀ ਸੀਟ ’ਤੇ ਬਹਾਇਆ। ਫੇਰ ਅਗਾਂਹ ਟੁਰੇ। ਏਥੇ ਟੇਸ਼ਨ ’ਤੇ ਖੌਰੇ ਕੀ ਹੋ ਗਿਆ? ਕੋਈ ਗੱਲ ਈ ਨਹੀਂ ਸੀ ਸੁਣਦਾ, ਅੱਧਾ ਘੰਟਾ ਹੋ ਗਿਆ ਖੜ੍ਹੀ ਨੂੰ, ਗੋਡਿਆਂ ਵਿੱਚ ਚੀਸਾਂ ਪੈਣ ਲੱਗ ਪਈਆਂ।’’
ਡਰਾਈਵਰ ਨੇ ਉਨ੍ਹਾਂ ਦੀ ਗੱਲ ਨਾ ਗੌਲੀ ਤਾਂ ਮੈਂ ਐਵੇਂ ਈ ਆਸਰਾ ਜਿਹਾ ਦੇਣ ਖ਼ਾਤਰ ਆਖਿਆ, ‘‘ਤੁਸੀਂ ਕਿਸੇ ਨੂੰ ਨਾਲ ਲੈ ਆਉਂਦੇ?’’
‘‘ਕੋਈ ਨਹੀਂ ਸੀ ਨਾਲ ਆਉਣ ਵਾਲਾ।’’ ਅੰਮਾਂ ਨੇ ਹਉਕਾ ਭਰਿਆ। ‘‘ਬਾਲ ਸਕੂਲੇ ਚਲੇ ਗਏ, ਨੂੰਹ ਨੇ ਕੰਮ ’ਤੇ ਜਾਣਾ ਸੀ ਤੇ…ਤੇ ਪੁੱਤਰ ਛੇ ਵਰ੍ਹੇ ਹੋਏ ਫ਼ੌਤ ਹੋ ਗਿਆ।’’ ਅੰਮਾਂ ਦੀ ਆਵਾਜ਼ ਸੰਘ ਵਿੱਚ ਘੁੱਟ ਗਈ।
‘‘ਓਹੋ…ਇੱਕੋ ਪੁੱਤਰ ਸੀ ਤੁਹਾਡਾ?’’
‘‘ਹੈ ਨੇ, ਦੋ ਹੋਰ ਵੀ…ਚਲੋ ਨਹੀਂ ਪੁੱਛਦੇ ਤਾਂ ਨਾ ਪੁੱਛਣ। ਅੱਲ੍ਹਾ ਉਨ੍ਹਾਂ ਨੂੰ ਖ਼ੁਸ਼ ਰੱਖੇ। ਹਾਂ, ਸਾਡਾ ਕਿਹੜਾ ਜ਼ੋਰ ਏ।’’ ਉਨ੍ਹਾਂ ਦੀ ਆਵਾਜ਼ ਵਿੱਚ ਅੱਥਰੂ ਘੁਲੇ ਹੋਏ ਪਰ ਅੱਖਾਂ ਸੁੱਕੀਆਂ ਸਨ।
‘‘ਕੀ ਹੋਇਆ ਸੀ, ਤੁਹਾਡੇ ਪੁੱਤਰ ਨੂੰ?’’ ਮੈਂ ਪੁੱਛਿਆ।
‘‘ਐਕਸੀਡੈਂਟ’’ ਇਹ ਆਖ ਕੇ ਉਹ ਕੁਝ ਚੁੱਪ ਰਹੇ ਜਿਵੇਂ ਉਹ ਵੇਲਾ ਲੱਭਦੇ ਹੋਣ ਜਦੋਂ ਪੁੱਤਰ ਜਿਉਂਦਾ-ਜਾਗਦਾ ਅੱਖਾਂ ਸਾਹਮਣੇ ਫਿਰਦਾ ਸੀ। ਫੇਰ ਉਸੇ ਲਹਿਜ਼ੇ ਵਿੱਚ ਉਨ੍ਹਾਂ ਦੀ ਆਵਾਜ਼ ਆਈ, ‘‘ਕਹਿੰਦਾ ਸੀ ਅੰਮਾਂ ਤੂੰ ਬੜੀ ਮਸ਼ੀਨ ਚਲਾਈ, ਹੁਣ ਮੈਂ ਤੇਰਾ ਥਕੇਵਾਂ ਲਾਹ ਦਿਆਂਗਾ। ਮੈਨੂੰ ਬਾਹਰ ਜਾਣ ਦੇ, ਐਨੇ ਪੈਸੇ ਘੱਲਾਂਗਾ ਜੋ ਤੂੰ ਗਿਣਦਿਆਂ-ਗਿਣਦਿਆਂ ਥੱਕ ਜਾਏਂਗੀ।’’ ਬੋਲਦਿਆਂ-ਬੋਲਦਿਆਂ ਉਹ ਫੇਰ ਚੁੱਪ ਕਰ ਗਏ। ਮੈਂ ਉਨ੍ਹਾਂ ਵੱਲ ਵੇਖਿਆ ਤਾਂ ਉਨ੍ਹਾਂ ਦੀ ਚਿੱਟੀ ਚਾਦਰ ’ਤੇ ਕੱਢੀਆਂ ਬੂਟੀਆਂ ਦਾ ਰੰਗ ਲਾਲ ਜਾਪਿਆ। ਮੈਂ ਅੱਖਾਂ ਝਮਕੀਆਂ ਤਾਂ ਉਹ ਫੇਰ ਨੀਲੀਆਂ ਸਨ…। ਉਨ੍ਹਾਂ ਨੇ ਗੱਲ ਛੋਹੀ, ‘‘ਆਪਣੇ ਸੰਗੀਆਂ ਨਾਲ ਏਅਰਪੋਰਟ ਨੂੰ ਟੁਰਿਆ ਤਾਂ ਮੈਂ ਉਹਦੀ ਬਾਂਹ ’ਤੇ ਇਮਾਮ ਜ਼ਾਮਨ ਬੰਨਿ੍ਹਆ ਪਰ ਕਿਸੇ ਇਮਾਮ ਨੂੰ ਉਹਦਾ ਜ਼ਾਮਨ ਬੰਨਿ੍ਹਆ ਕਬੂਲ ਨਹੀਂ ਸੀ। ਟੈਕਸੀ ਦੀ ਟੱਕਰ ਹੋ ਗਈ। ਸਾਰੇ ਏਅਰਪੋਰਟ ਜਾਣ ਦੀ ਥਾਂ ਅਗਲੇ ਜਹਾਨ ਟੁਰ ਗਏ। ਵੇ ਭੋਲਿਓ ਬੱਚਿਓ! ਐਡੀ ਕਿਹੜੀ ਕਾਹਲ ਸੀ।’’ ਅੰਮਾਂ ਜੀ ਚੁੱਪ ਕਰ ਗਏ ਤਾਂ ਵੀ ਮੇਰੀ ਹਿੰਮਤ ਨਾ ਪਈ ਉਨ੍ਹਾਂ ਵੱਲ ਤੱਕਾਂ ਜਾਂ ਕੁਝ ਪੁੱਛਾਂ। ਪਰ ਲਗਦਾ ਸੀ ਉਨ੍ਹਾਂ ਨੂੰ ਅੱਜ ਬੜੇ ਚਿਰ ਮਗਰੋਂ ਦਿਲ ਦੇ ਫੱਟ ਵਿਖਾਉਣ ਦਾ ਮੌਕਾ ਲੱਗਾ ਏ। ਆਪੇ ਬੋਲ ਪਏ, ‘‘ਧੀਏ ਮੈਂ ਅਠਾਈ ਵਰ੍ਹੇ ਮਸ਼ੀਨ ਚਲਾਈ। ਬਾਲ ਸਾਰੇ ਨਿੱਕੇ-ਨਿੱਕੇ ਸਨ ਜਦੋਂ ਉਨ੍ਹਾਂ ਦਾ ਪਿਉ ਫ਼ੌਤ ਹੋ ਗਿਆ। ਮੈਂ ਦਿਹਾੜ-ਰਾਤ ਲੋਕਾਂ ਦੇ ਕੱਪੜੇ ਸੀਤੇ ਤੇ ਬਾਲਾਂ ਨੂੰ ਪਾਲ ਕੇ ਵੱਡਾ ਕੀਤਾ। ਮੇਰੇ ਗੋਡੇ ਐਵੇਂ ਤਾਂ ਨਹੀਂ ਜੁੜੇ। ਮੈਂ ਪੂਰੇ ਅਠਾਈ ਵਰ੍ਹੇ ਚੌਂਕੜੀ ਮਾਰ ਕੇ ਬੈਠੀ ਆਂ ਤਾਂ ਮੇਰੇ ਪੁੱਤਰ ਪੈਰਾਂ ’ਤੇ ਖਲੋਣ ਜੋਗੇ ਹੋਏ। ਫੇਰ ਵੱਡੇ ਦੋਵੇਂ ਤਾਂ ਉਡਾਰੀ ਮਾਰ ਗਏ। ਨਿੱਕਾ ਮੇਰੇ ਨਾਲ ਬੜਾ ਮੋਹ ਕਰਦਾ। ਮੈਂ ਕੱਪੜੇ ਸਿਉਂਦੀ ਤਾਂ ਉਹ ਕਦੇ ਸੂਈ ਵਿੱਚ ਧਾਗਾ ਪਾਉਣ ਬਹਿ ਜਾਂਦਾ। ਕਦੇ ਮਸ਼ੀਨ ਦੀ ਹੱਥੀ ਚਲਾਉਣ ਲੱਗ ਪੈਂਦਾ- ਅਖੇ ਮਾਂ ਤੂੰ ਥੱਕ ਜਾਏਂਗੀ।’’
ਕਿਸੇ ਸਕੂਲ ਵਿੱਚ ਛੁੱਟੀ ਹੋਈ ਹੋਣੀ ਏ। ਉਸੇ ਵੇਲੇ ਬਾਲਾਂ ਦਾ ਸਮੂਹ ਸੜਕ ਪਾਰ ਕਰਨ ਲੱਗਾ। ਉਨ੍ਹਾਂ ਨੂੰ ਵੇਖ ਕੇ ਅੰਮਾਂ ਜੀ ਨੂੰ ਆਪਣੇ ਪੋਤਰਵਾਨ ਯਾਦ ਆ ਗਏ। ਆਖਣ ਲੱਗੇ, ‘‘ਮੇਰੀ ਨੂੰਹ ਕਹਿੰਦੀ ਸੀ, ਅੰਮਾਂ ਵੱਡੇ ਨੂੰ ਸਕੂਲੋਂ ਹਟਾ ਕੇ ਕੰਮ ’ਤੇ ਪਾ ਦੇਨੀ ਆਂ।’’ ਮੈਂ ਕਿਹਾ, ‘‘ਝੱਲੀਏ ਧੀਏ! 10-11 ਵਰ੍ਹਿਆਂ ਦਾ ਬਾਲ ਤੈਨੂੰ ਕੀ ਲਿਆ ਕੇ ਦੇਵੇਗਾ? ਪੜ੍ਹਨ ਦੇ ਇਹਨੂੰ। ਅਸੀਂ ਆਪੇ ਕੁਝ ਕਰ ਲਵਾਂਗੀਆਂ।’’
‘‘ਇਹ ਤਾਂ ਤੁਸੀਂ ਚੰਗਾ ਕੀਤਾ।’’ ਮੈਂ ਅੰਮਾਂ ਦਾ ਹੌਂਸਲਾ ਵਧਾਉਂਦਿਆਂ ਆਖਿਆ।
‘‘ਹਾਂ, ਹਾਂ।’’ ਅੰਮਾਂ ਨੇ ਏਸ ਅੰਦਾਜ਼ ਵਿੱਚ ਕਿਹਾ ਜਿਵੇਂ ਉਨ੍ਹਾਂ ਨੂੰ ਏਸ ਗੱਲ ਦਾ ਸ਼ੱਕ ਈ ਹੋਵੇ। ਫੇਰ ਦੱਸਣ ਲੱਗੇ, ‘‘ਮੇਰੀ ਨੂੰਹ ਨੇ ਫੈਕਟਰੀ ਵਿੱਚ ਨੌਕਰੀ ਕਰ ਲਈ ਏ। ਅੱਠ ਤੋਂ ਚਾਰ ਵਜੇ ਤੀਕਰ ਡਿਊਟੀ ਦੇਂਦੀ ਏ। ਬਾਰਾਂ ਸੌ ਰੁਪਿਆ ਲੱਭਦਾ ਸੂ…।’’ ਅੰਮਾਂ ਜੀ ਖੌਰੇ ਕੀ ਕਹਿੰਦੇ ਜਾ ਰਹੇ ਸਨ ਪਰ ਮੇਰੇ ਕੰਨ ਸਾਂ-ਸਾਂ ਕਰਨ ਲੱਗ ਪਏ।
ਬਾਰਾਂ ਸੌ ਰੁਪਏ ਤੇ ਛੇ ਜੀ ਖਾਣ ਵਾਲੇ। ਇਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ? ਏਨੇ ਚਿਰ ਵਿੱਚ ਮੇਰਾ ਸਟਾਪ ਆ ਗਿਆ। ਮੈਂ ਵੈਗਨ ਤੋਂ ਲਹਿ ਗਈ ਪਰ ਅੰਮਾਂ ਜੀ ਦੀ ਮੰਜ਼ਲ ਅਜੇ ਦੂਰ ਸੀ।
(ਲਿਪੀਅੰਤਰ: ਡਾ. ਰਾਜਵੰਤ ਕੌਰ ਪੰਜਾਬੀ)

  • ਮੁੱਖ ਪੰਨਾ : ਕਹਾਣੀਆਂ, ਪਰਵੀਨ ਮਲਿਕ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ