Punjabi Stories/Kahanian
ਸੁਖਜੀਤ
Sukhjit
Punjabi Kavita
  

Gall Da Mull Sukhjit

ਗੱਲ ਦਾ ਮੁੱਲ ਸੁਖਜੀਤ

ਕਿਸੇ ਜੱਟ ਦੀ ਗਿਆਰਾਂ ਕਿੱਲੇ ਜਮੀਨ ਲੱਗਦੀ ਸੀ ਡੇਰੇ ਦੇ ਨਾਲ। ਪਿਛਲੇ ਕਈ ਸਾਲਾਂ ਤੋਂ ਮਾਤਾ ਜੀ (ਗੁਰੂ ਜੀ ਦੇ ਮਹਿਲ) ਪਹਿਲਾਂ ਵਾਲਾ ਸਰਪੰਚ ਤੇ ਹੋਰ ਮੁਖਤਿਆਰ ਜ਼ੋਰ ਲਾ ਚੁਕੇ ਸਨ। ਇਕ ਦਿਨ ਉਧਰ ਘੁੰਮਦਿਆਂ ਗੁਰੂ ਜੀ ਨੇ ਸਾਂਝਾ ਜਿਹਾ ਹੁਕਮ ਕੀਤਾ ਕਿ ਇਸ ਜਮੀਨ ਤੋਂ ਬਿਨਾ ਆਪਣਾ ਸਰਨਾ ਨਹੀਂ। ਮੈਨੂੰ ਲੱਗਿਆ, ਜਿਵੇਂ ਇਹ ਚੈਲੰਜ ਹੋਵੇ ਮੇਰੇ ਲਈ। ਮੈਂ ਸੁਭਾਵਿਕ ਇਕ ਦੋ ਚੱਕਰ ਜਮੀਨ ਵਾਲਿਆਂ ਦੇ ਘਰ ਮਾਰੇ ਤੇ ਡੇਰੇ ਲਈ ਜਮੀਨ ਮੰਗਣ ਦੀ ਥਾਂ ਇਹ ਪੱਕੀ ਕਰ ਆਇਆ ਕਿ ਡੇਰੇ ਵਾਲਿਆਂ ਨੂੰ ਜਮੀਨ ਨਹੀਂ ਦੇਣੀ ਆਪਾਂ। ਇਹ ਮਾਣੇਵਾਲੀਆ ਦਾਅ (ਸੁਖਜੀਤ ਦਾ ਪਿੰਡ ਮਾਣੇਵਾਲ ਹੈ) ਹੈ, ਗੱਲ ਨੂੰ ਪੁੱਠੇ ਪਾਸਿਓਂ ਸ਼ੁਰੂ ਕਰਨਾ। ਉਹ ਮੈਨੂੰ ਆਪਣਾ ਹਮਦਰਦ ਸਮਝਣ ਲੱਗੇ। ਗੁਰੂ ਜੀ ਨੂੰ ਪਤਾ ਲਗ ਗਿਆ ਸੀ ਕਿ ਮੈਂ ਜਮੀਨ ਵਾਲਿਆਂ ਵੱਲ ਹੋ ਆਇਆਂ।
ਕਈ ਦਿਨ ਪਿੱਛੋਂ ਗੁਰੂ ਜੀ ਦੇ ਨਿਜੀ ਸਕੱਤਰ ਸੰਤ ਤਰਸੇਮ ਸਿੰਘ, ਗੁਰੂ ਜੀ ਕੋਲ ਮੇਰੀ ਪ੍ਰਸ਼ੰਸਾ ਕਰਦੇ ਕਹਿ ਰਹੇ ਸਨ, ਇਹ ਬੜਾ ਸ਼ੈਤਾਨ ਹੈ। ਗੁਰੂ ਜੀ ਨੇ ਉਹਨੂੰ ਟੋਕਿਆ, ਸ਼ੈਤਾਨ ਨਹੀਂ ਚਲਾਕ ਕਹਿ ਜਾਂ ਸਿਆਣਾ। ਨਾਲ ਹੀ ਮੈਨੂੰ ਕਹਿਣ ਲੱਗੇ, "ਤੂੰ ਉਹ ਜਮੀਨ ਆਲਾ ਕੰਮ ਕਿੰਨੇ ਚਿਰ 'ਚ ਕਰੇਂਗਾ? ਦੋ ਮਹੀਨੇ 'ਚ ਕਰ ਦੇਂਗਾ?" ਮੇਰੇ ਮੂੰਹੋਂ ਨਿਕਲ ਗਿਆ, "ਆਪ ਜੀ ਦੀ ਕ੍ਰਿਪਾ ਚਾਹੀਦੀ ਐ, ਕੰਮ ਤਾਂ ਦੋ ਦਿਨ 'ਚ ਹੋ ਜੂ।" ਸਾਰੇ ਹੱਸ ਪਏ। ਮੈਨੂੰ ਲੱਗਿਆ ਗੱਲ ਆਈ ਗਈ ਹੋ ਗਈ ਪਰ ਦੋ ਦਿਨ ਬਾਅਦ ਮੈਂ ਪਹਿਰੇ ਵਾਲਿਆਂ ਕੋਲ ਖੜ੍ਹਾ ਸਾਂ ਕਿ ਬੈਡਮਿੰਟਨ ਖੇਡਣ ਜਾਂਦਿਆਂ ਗੁਰੂ ਜੀ ਨੇ ਗੱਡੀ 'ਚੋਂ ਹੀ ਇਸ਼ਾਰਾ ਕਰ ਕੇ ਕਿਹਾ ਕਿ ਦੋ ਦਿਨ ਲੰਘ ਚੱਲੇ ਨੇ। ਮੈਂ ਕਿਹਾ, 'ਚਲ ਮਨਾ ਇਹ ਤਾਂ ਅੱਜ ਈ ਕਰਨਾ ਪਊ' ਸੋਚਦਾ, ਮੈਂ ਸਾਹਨੇਵਾਲ ਥਾਣੇ ਪਹੁੰਚ ਗਿਆ। ਮੈਂ ਪਿੰਡ ਵਿਚੋਂ ਪਤਾ ਕਰ ਲਿਆ ਸੀ ਕਿ ਪਿੰਡ ਦਾ ਭਗੌੜਾ ਹੋਇਆ ਖਾੜਕੂ ਮੁੰਡਾ ਜਮੀਨ ਵਾਲਿਆਂ ਦੇ ਘਰ ਆਉਂਦਾ ਜਾਂਦਾ ਹੈ, ਰਾਤ-ਬਰਾਤੇ। ਮੈਂ ਐਸ਼ ਐਚ. ਓ. ਨੂੰ ਗੱਲ ਸਮਝਾਈ। ਉਹਨੂੰ ਡੇਰੇ ਦੀ ਸੇਵਾ ਕਰਨ ਲਈ ਮਨਾਇਆ, ਉਹਦਾ ਸੇਵਾ ਫਲ ਮੁਕਾਇਆ ਤੇ ਭੈਣੀ ਸਾਹਿਬ ਆ ਗਿਆ।
ਜਦੋਂ ਗੁਰੂ ਜੀ ਬੈਡਮਿੰਟਨ ਖੇਡ ਕੇ ਕੋਠੀ ਪਹੁੰਚੇ ਤਾਂ ਜਮੀਨ ਵਾਲੇ ਦੀ ਘਰਵਾਲੀ ਤੇ ਛੋਟਾ ਭਰਾ ਗੁਰੂ ਜੀ ਅੱਗੇ ਰੋ-ਰੋ ਕੇ ਅਰਜ਼ ਕਰ ਰਹੇ ਸਨ, "ਜੀ ਸਾਡੇ ਉਨ੍ਹਾਂ ਨੂੰ ਪੁਲਿਸ ਚੁੱਕ ਕੇ ਲੈ ਗਈ। ਕਹਿੰਦੇ ਸੀ, ਥੋਡੇ ਘਰੇ ਅਤਿਵਾਦੀ ਆਉਂਦੇ ਨੇ। ਅੱਜ ਰਾਤ ਨੂੰ ਮੁਕਾਬਲਾ ਨਾ ਬਣਾ ਦੇਣ।"
ਗੁਰੂ ਜੀ ਨੇ ਉਨ੍ਹਾਂ ਨੂੰ ਤੋਰ ਕੇ ਦੂਜੇ ਮੁਖਤਿਆਰ ਨੂੰ ਹੁਕਮ ਜਾਰੀ ਕੀਤਾ ਕਿ ਸੁਖਜੀਤ ਤੋਂ ਬਿਨਾ ਕੋਈ ਛੁਡਾਉਣ ਨਹੀਂ ਜਾਵੇਗਾ।
ਮੈਂ ਦੁਬਾਰਾ ਥਾਣੇ ਜਾ ਪਹੁੰਚਿਆ। ਉਦੋਂ ਤਕ ਪੁਲਿਸ ਨੇ ਉਹਨੂੰ ਚੰਗੀ ਤਰ੍ਹਾਂ ਡਰਾ ਦਿੱਤਾ ਸੀ। ਮੈਨੂੰ ਵੇਖ ਉਹ ਸੀਖਾਂ ਫੜ ਰੋਣ ਲੱਗਾ। ਮੈਂ ਪੈਂਦਿਆਂ ਹੀ ਬੋਲਿਆ, "ਤੈਨੂੰ ਕਿਹਾ ਸੀ ਨਾ ਬਈ ਤੇਰੀ ਜਮੀਨ 'ਤੇ ਅੱਖ ਹੈ ਇਨ੍ਹਾਂ ਦੀ। ਏਹ ਡੇਰੇ ਵਾਲੇ ਚੰਗੇ ਬੰਦੇ ਨਹੀਂ, ਤੈਨੂੰ ਮਰਵਾ ਦੇਣਗੇ। ਭਰਾ ਤੇਰਾ ਊਂ ਨਿਆਣੈਂ, ਜਮੀਨ ਵੀ ਸਾਂਭਣਗੇ, ਤੀਵੀਆਂ ਵੀ। ਇਹਦੇ ਨਾਲੋਂ ਇਹ ਨਹੀਂ ਚੰਗਾ, ਮੇਰੇ ਆਖੇ ਲਗ, ਵੱਟੇ 'ਚ ਜਮੀਨ ਲੈ ਕੇ ਪਾਸੇ ਹੋ ਜਾ।"
ਉਹਨੂੰ ਉਦੋਂ ਮੇਰਾ ਹੀ ਆਸਰਾ ਸੀ। ਕਹਿਣ ਲੱਗਾ, "ਤੂੰ ਜਿਵੇਂ ਕਹੇਂਗਾ, ਉਵੇਂ ਹੀ ਕਰੂੰ ਬਾਈ, ਬੱਸ ਐਥੋਂ ਕੱਢ।" ਐਸ਼ ਐਚ. ਓ. ਨੂੰ ਕਹਿ ਕੇ ਉਹਦੇ ਖਾਲੀ ਕਾਗਜ਼ਾਂ 'ਤੇ ਸਾਈਨ ਕਰਵਾਏ ਤੇ ਉਹਨੂੰ ਲੈ ਕੇ ਸਿੱਧਾ ਭੈਣੀ ਸਾਹਿਬ ਪਹੁੰਚਿਆ ਗੁਰੂ ਜੀ ਦੀ ਕੋਠੀ। ਉਹਨੂੰ ਗੁਰੂ ਜੀ ਦੇ ਸਾਹਮਣੇ ਖਲ੍ਹਾਰ ਅਰਜ਼ ਕੀਤੀ, "ਪਾਤਸ਼ਾਹ, ਇਹਦੀਆਂ ਪਿਛਲੀਆਂ ਭੁੱਲਾਂ ਬਖਸ਼ ਦਿਓ। ਇਹ ਵੀ ਆਪ ਜੀ ਦਾ, ਇਹਦੀ ਜਮੀਨ ਵੀ ਆਪ ਦੀ। ਬੱਸ ਬਾਲ ਬੱਚੇਦਾਰ ਹੈ, ਗਰੀਬ, ਆਪ ਗਰੀਬ ਨਵਾਜ਼ ਓ।"
ਗੁਰੂ ਜੀ ਨੇ ਮੈਨੂੰ ਕਿਹਾ ਕਿ ਇਹਦੇ ਨਾਲ ਮੁਕਾ ਲੈ। ਉਨ੍ਹਾਂ ਵੱਡੇ ਦਿਲ ਨਾਲ ਕਿਹਾ, ਇਹਨੂੰ ਘਾਟਾ ਨਾ ਰਹੇ। ਉਂਜ ਗੁਰੂ ਜਗਜੀਤ ਸਿੰਘ ਜੀ ਦਾ ਦਿਲ ਸੱਚਮੁਚ ਹੀ ਬਹੁਤ ਵੱਡਾ ਸੀ। ਮੈਂ ਵੀ ਚੰਗਾ ਕੰਮ ਇਹ ਕੀਤਾ ਕਿ ਉਹਨੂੰ ਉਸ ਦੀ ਜਮੀਨ ਦੇ ਬਦਲੇ ਢਾਈ ਗੁਣਾ ਜਮੀਨ ਬੇਟ ਵਿਚ ਤੇ ਉਸ ਦੀ ਘਰਵਾਲੀ ਦੇ ਕਹਿਣ 'ਤੇ ਕੋਠੀ ਬਣਾਉਣ ਦੀ ਥਾਂ ਅਤੇ ਪੈਸੇ ਗੁਰੂ ਜੀ ਕੋਲੋਂ ਲੈ ਦਿੱਤੇ; ਕਿਉਂਕਿ ਉਹਦੀ ਘਰਵਾਲੀ ਨੇ ਕਿਹਾ ਸੀ, "ਅਸੀਂ ਰਹਿਣਾ ਤਾਂ ਏਥੇ ਹੀ ਹੈ ਜੀ, ਥੋਡੇ ਚਰਨਾਂ ਦੇ ਕੋਲ, ਅੱਜ ਸਾਡੇ 'ਤੇ ਭੀੜ ਬਣੀ ਤਾਂ ਡੇਰਾ ਝੱਟ ਬਹੁੜ ਪਿਆ। ਉਥੇ ਸਾਨੂੰ ਕੀਹਨੇ ਪੁੱਛਣਾ ਜੀ।"
ਅਜਿਹੀਆਂ ਬਹੁਤ ਘਟਨਾਵਾਂ ਨੇ ਡੇਰੇ ਨਾਲ ਲੱਗਦੇ ਕਈ ਜਮੀਨ ਵਾਲਿਆਂ ਨੂੰ ਇਉਂ ਹੀ ਵਸਾਹ ਕੇ ਮਾਰਿਆ। 'ਕੱਲਾ ਬਹਿ ਕੇ ਸੋਚਦਾ ਹਾਂ ਤਾਂ ਆਤਮ ਗਿਲਾਨੀ ਹੁੰਦੀ ਹੈ ਪਰ ਅਗਲੇ ਪਲ ਕਿ ਉਹ ਲੋਕ ਪੀੜ੍ਹੀਆਂ ਤੋਂ ਜ਼ਿੱਦ ਫੜ੍ਹੀ ਓਨੀ ਕੁ ਜਮੀਨ 'ਤੇ ਬੈਠੇ ਸੀ, ਤੇ ਨਿੱਤ ਡੇਰੇ ਨਾਲ ਲੜਾਈ। ਹੁਣ ਮੈਂ ਉਨ੍ਹਾਂ ਦੀਆਂ ਦੁੱਗਣੀਆਂ ਤਿੱਗਣੀਆਂ ਜਮੀਨਾਂ ਬਣਾ ਦਿੱਤੀਆਂ, ਕੋਠੀਆਂ ਪਵਾ ਦਿੱਤੀਆਂ। ਅੱਜ ਫਸਲ ਦੀ ਚੰਗੀ ਆਮਦਨ ਹੈ, ਕਾਰਾਂ ਨੇ ਉਨ੍ਹਾਂ ਕੋਲ, ਬੱਚੇ ਪੜ੍ਹ ਰਹੇ ਨੇ। ਖੁਦ ਨੂੰ ਧਰਵਾਸ ਦਿੰਦਾ ਕਿ ਉਨ੍ਹਾਂ ਦਾ ਭਲਾ ਹੀ ਕੀਤਾ ਹੈ, ਧੱਕੇ ਤੇ ਧੋਖੇ ਨਾਲ ਹੀ ਸਹੀ। ਫੇਰ ਵੀ ਅੱਜ ਜਦੋਂ ਪੁਰਾਣੇ ਕਿੱਸੇ ਯਾਦ ਆਉਂਦੇ ਨੇ, ਚਿੱਤ ਦੁਖੀ ਜ਼ਰੂਰ ਹੁੰਦਾ ਹੈ।
ਇਹ ਮਨੁੱਖ ਦਾ ਸੁਭਾਅ ਹੈ ਕਿ ਆਪਣੇ ਕੀਤੇ ਗਲਤ ਕੰਮਾਂ ਨੂੰ ਵੀ 'ਜਸਟੀਫਾਈ' ਕਰਦਾ ਰਹਿੰਦਾ ਹੈ। ਹੁਣ ਫੇਰ ਮੇਰੇ ਅੰਦਰੋਂ ਇਕ ਦਲੀਲ ਉਠੀ ਕਿ ਗਲਤ-ਠੀਕ ਕੁਝ ਨਹੀਂ ਹੁੰਦਾ। ਇਕੋ ਹੀ ਗੱਲ, ਇਕ ਲਈ ਗਲਤ ਤੇ ਦੂਜੇ ਲਈ ਠੀਕ ਹੋ ਸਕਦੀ ਹੈ। ਮੈਨੂੰ ਇਹ ਦੰਭ, ਵਸਾਹ ਕੇ ਮਾਰਨ ਵਰਗੇ ਇਹ ਪਾਪ ਉਦੋਂ ਕਰਨੇ ਹੀ ਪੈਣੇ ਸਨ, ਜਦੋਂ ਮੇਰੇ ਕੋਲ ਪੂਰੀ ਪਾਵਰ ਨਹੀਂ ਸੀ। ਪੂਰਾ ਸ਼ਕਤੀਵਰ ਨਹੀਂ ਸਾਂ ਹੋਇਆ ਮੈਂ। ਸ਼ਕਤੀਵਰ ਹੋਣ ਪਿੱਛੋਂ ਅਜਿਹਾ ਫਿਰ ਕੁਝ ਨਹੀਂ ਸਾਂ ਕਰਦਾ। ਫੇਰ ਤਾਂ ਹਿੱਕ ਦੇ ਜ਼ੋਰ ਨਾਲ ਕੰਮ ਕਰਦਾ। ਲਿੱਚਗੜਿੱਚੀਆਂ ਦੀ ਲੋੜ ਨਈਂ ਰਹਿੰਦੀ। ਫੇਰ ਤਾਂ ਜਿਵੇਂ ਕਹਿੰਦੇ ਨੇ ਸਿੱਕਾ ਚਲਦੈ ਤੁਹਾਡਾ। ਬੜੀਆਂ ਉਦਾਹਰਨਾਂ ਨੇ ਮੇਰੇ ਕੋਲ।
ਇਕ ਵਾਰੀ ਗੁਰੂ ਜੀ ਦੇ ਖਜਾਨਚੀ ਪੂਰਬਾ ਜੀ ਨੇ ਤੀਹ ਕਿੱਲੇ ਜਮੀਨ ਖਰੀਦ ਲਈ ਕੁਹਾੜਾ ਰੋਡ 'ਤੇ, ਪਰ ਏਸ ਜਮੀਨ ਦੇ ਫਰੰਟ 'ਤੇ ਲਗਦੇ ਪੰਜ ਕਿੱਲੇ ਵਾਲੇ, ਜਿਨ੍ਹਾਂ ਪਹਿਲਾਂ ਹਾਮੀ ਭਰੀ ਸੀ ਜਮੀਨ ਵੇਚ ਦੇਣ ਦੀ, ਬਾਅਦ 'ਚ ਮੁੱਕਰ ਗਏ। ਏਹਨਾਂ ਪੰਜ ਕਿੱਲਿਆਂ ਕਰ ਕੇ ਈ ਤੀਹ ਕਿੱਲਿਆਂ 'ਤੇ ਪੈਸੇ ਲਾਏ ਸਨ। ਏਹ ਪੰਜ ਕਿੱਲੇ ਲੈ ਕੇ ਹੀ ਉਨ੍ਹਾਂ ਸੜਕ ਨਾਲ ਲੱਗਣਾ ਸੀ, ਨਹੀਂ ਤਾਂ ਤੀਹ ਕਿੱਲਿਆਂ ਨੂੰ ਰਾਹ ਵੀ ਪਿੰਡ ਦੇ ਉਤੋਂ ਵਲ ਕੇ ਆਉਂਦਾ ਸੀ, ਬਹੁਤ ਦੂਰੋਂ। ਪੂਰਬਾ ਜੀ ਨੇ ਉਨ੍ਹਾਂ ਨੂੰ ਵੱਧ ਪੈਸੇ ਵੀ ਕਹਿ ਲਏ ਪਰ ਉਹ ਮੰਨਣ ਨਾ।
ਦੁਖੀ ਹੋ ਕੇ ਪੂਰਬਾ ਜੀ ਨੇ ਮੈਨੂੰ ਕਿਹਾ। ਮੈਂ ਦੋ ਗੱਡੀਆਂ ਭਰ ਕੇ ਬੰਦੂਕਾਂ ਵਾਲੇ ਮੁੰਡਿਆਂ ਦੀਆਂ ਉਨ੍ਹਾਂ ਦੇ ਘਰ ਜਾ ਪੁੱਜਾ ਤੇ ਸਿੱਧੀ ਗੱਲ ਕੀਤੀ, "ਬਈ ਸਾਡਾ ਏਸ ਜਮੀਨ ਬਿਨਾ ਸਰਦਾ ਨ੍ਹੀਂ। ਤੁਸੀਂ ਪੈਸੇ ਲਓ, ਰਜਿਸਟਰੀ ਕਰਵਾ ਦਿਓ, ਨਹੀਂ ਜਮੀਨ ਅਸੀਂ ਵਾਹ ਲੈਣੀ ਐ। ਲੜਾਈ ਹੋਊ, ਕੇਸ ਚੱਲੂ, ਮਹੀਨੇ 'ਚ ਛੱਬੀ ਤਰੀਕਾਂ ਸਾਡੀਆਂ ਪਹਿਲਾਂ ਪੈਂਦੀਆਂ, ਸਤਾਈਵੀਂ ਹੋਰ ਪੈ ਜੂ। ਸਾਨੂੰ ਫਰਕ ਨਹੀਂ ਪੈਣਾ। ਤੁਸੀਂ ਉਲਝੋਗੇ, ਦੁਖੀ ਹੋਵੋਗੇ।"
ਉਹ ਡਰ ਗਏ। ਕਹਿੰਦੇ, ਦੋ ਦਿਨ ਦੇ ਦਿਓ ਸਲਾਹ ਕਰਨ ਲਈ। ਅਸੀਂ ਦੋ ਦਿਨ ਬਾਅਦ ਗਏ ਤਾਂ ਉਨ੍ਹਾਂ ਬੰਦੇ 'ਕੱਠੇ ਕੀਤੇ ਹੋਏ। ਮੈਨੂੰ ਥੋੜ੍ਹਾ ਵੱਟ ਚੜ੍ਹਿਆ ਪਰ ਮੈਂ ਠਰ੍ਹੰਮੇ ਨਾਲ ਕਿਹਾ, "ਆਹ ਤੁਸੀਂ ਚੰਗਾ ਕੀਤਾ ਜਿਹੜਾ ਬੰਦੇ ਬੁਲਾ ਲਏ, ਨਹੀਂ ਸਾਡੇ ਮਨ 'ਚ ਰਹਿਣਾ ਸੀ ਕਿ ਗਰੀਬ ਮਾਰ ਹੋ ਗਈ।"
"ਤੁਸੀਂ ਥਰੈੱਟ ਕਰਦੇ ਓ?" ਇਹ ਕੋਈ ਲੰਮਾ ਚੌੜਾ ਬੰਦਾ ਸੀ। ਮੈਂ ਪੁੱਛਿਆ, "ਤੁਸੀਂ ਕੌਣ?" ਤਾਂ ਜਮੀਨ ਵਾਲਾ ਬੋਲਿਆ, "ਇਹ ਸਾਡੇ ਫੁੱਫੜ ਜੀ ਨੇ। ਮਿਲਟਰੀ 'ਚ ਕਰਨਲ ਨੇ।" ਮੈਂ ਹੋਰ ਵੀ ਧੀਰਜ ਨਾਲ ਬੋਲਿਆ, "ਕਰਨਲ ਸਾਹਿਬ, ਤੁਸੀਂ ਤਾਂ ਸਿਆਣੇ ਹੋ, ਥਰੈੱਟ ਉਹ ਕਰਦਾ ਹੁੰਦਾ, ਜਿਹੜਾ ਕੁਛ ਕਰ ਨਾ ਸਕਦਾ ਹੋਵੇ। ਮੈਂ ਥਰੈੱਟ ਕਿਉਂ ਕਰਾਂ?" ਮੈਂ ਸਿੱਧਾ ਉਹਦੀਆਂ ਅੱਖਾਂ ਵਿਚ ਦੇਖ ਰਿਹਾ ਸੀ। ਉਹ ਇਕਦਮ ਬੋਲਿਆ, "ਮੈਂ ਦੋ ਮਿੰਟ ਤੁਹਾਡੇ ਨਾਲ ਗੱਲ ਕਰਨੀ ਐ।"
"ਆਓ।" ਮੈਂ ਸਿੱਧਾ ਇਕ ਕਮਰੇ ਵੱਲ ਹੋ ਤੁਰਿਆ। ਮੁੰਡੇ ਨਾਲ ਆਉਣ ਲੱਗੇ, ਮੈਂ ਡੱਕ ਦਿੱਤੇ।
"ਤੁਸੀਂ ਏਹਨਾਂ ਨੂੰ ਏਕੜ ਦਾ ਦੋ ਲੱਖ ਦੇ ਸਕਦੇ ਓ?" ਉਹਨੇ ਫੌਜੀਆਂ ਵਾਂਗੂੰ ਮੈਨੂੰ ਸਿੱਧਾ ਪੁੱਛਿਆ, ਬਿਨਾਂ ਵਿੰਗ ਵਲ ਤੋਂ। ਉਦੋਂ ਉਥੇ ਸਵਾ ਲੱਖ ਦਾ ਰੇਟ ਸੀ। ਉਹ ਇਕ ਸੱਠ-ਸੱਤਰ 'ਤੇ ਨਬੇੜਨੀ ਚਾਹੁੰਦਾ ਸੀ ਪਰ ਮੈਂ ਕਿਹਾ, "ਦਿੱਤਾ ਦੋ ਲੱਖ ਈ।"
ਉਹਨੇ ਹੈਰਾਨੀ ਜਿਹੀ ਨਾਲ ਮੇਰੇ ਵੱਲ ਹੱਥ ਵਧਾਇਆ ਤੇ ਕਿਹਾ, "ਡਨ?" ਤੇ ਮੈਂ ਉਹਦਾ ਹੱਥ ਘੁੱਟਦਿਆਂ ਕਿਹਾ, "ਡਨ।"
ਮੈਂ ਜਾਣਦਾ ਸਾਂ ਕਿ ਕਚਹਿਰੀ ਵਿਚ ਕੇਸ ਗਿਆਂ, ਹਾਰਨ ਵਾਲੇ ਦੀ ਸੁਆਹ ਹੁੰਦੀ ਹੈ ਤੇ ਜਿੱਤਣ ਵਾਲੇ ਦੇ ਕੋਇਲੇ, ਪੱਲੇ ਕਿਸੇ ਦੇ ਕੁਛ ਨਹੀਂ ਪੈਂਦਾ।
ਮੈਂ ਗੱਲ ਦੀ ਕਦਰ ਕਰਦਾਂ। ਚੰਗੀ, ਢੁਕਵੀਂ ਤੇ ਠੋਸ ਗੱਲ ਦੀ ਦਾਦ ਤਾਂ ਮੈਂ ਪਹਿਲਾਂ ਤੋਂ ਈ ਦਿੰਦਾ ਸਾਂ ਪਰ ਬਾਅਦ ਵਿਚ ਪੰਚਾਇਤ 'ਚ ਬੈਠਣ ਕਰ ਕੇ ਤੇ ਕਈ ਫੈਸਲਿਆਂ 'ਚ ਪੰਚਾਇਤੀ ਬਣਨ ਕਰ ਕੇ ਦੋਹਾਂ ਧਿਰਾਂ ਦੀ ਸੁਣ ਕੇ ਪੰਚਾਇਤੀ ਫੈਸਲਾ ਦੇਣ ਵੇਲੇ ਦੇਖਿਆ ਕਿ ਗੱਲ ਕਰ ਕੇ ਪੰਚਾਇਤ ਨੂੰ ਕੀਲ ਲੈਣ ਵਾਲੇ ਥੋੜ੍ਹੇ ਹੁੰਦੇ ਨੇ। ਉਹੀ ਬੰਦੇ ਮੋਹਤਬਰ ਤੇ ਪੰਚਾਇਤੀ ਅਖਵਾਉਂਦੇ ਨੇ।
ਇਕ ਵਾਰੀ ਸਾਹਨੇਵਾਲ ਤੋਂ ਵਜ਼ੀਰ ਰਹੇ ਵੀਰਪਾਲ ਸਿੰਘ ਦੇ ਪਰਿਵਾਰ ਤੇ ਸਰਪੰਚ ਸ਼ਮਸ਼ੇਰ ਸਿੰਘ ਹੀਰਾਂ ਦਾ ਝਗੜਾ ਮੇਰੇ ਕੋਲ ਆਇਆ। ਇਨ੍ਹਾਂ ਦਾ ਕਦੇ ਕਾਰੋਬਾਰ ਸਾਂਝਾ ਸੀ। ਵੱਡਾ ਕਾਰੋਬਾਰ ਸੀ, ਰੌਲਾ ਵੀ ਵੱਡਾ। ਸ਼ੈਲਰਾਂ ਤੇ ਜਮੀਨ ਦੀ ਵੰਡ-ਵੰਡਾਈ ਦਾ। ਕੇਸ ਵੀ ਚੱਲਦੇ ਸਨ। ਵਜ਼ੀਰ ਦੇ ਭਰਾ ਮੀਤਪਾਲ ਸਿੰਘ ਨੇ ਅਰਜ਼ ਕੀਤੀ ਸੀ ਗੁਰੂ ਜੀ ਨੂੰ, ਸਾਡਾ ਨਬੇੜਾ ਕਰਾ ਦਿਓ। ਉਨ੍ਹਾਂ ਮੈਨੂੰ ਹੁਕਮ ਕੀਤਾ। ਇਹ ਵੀ ਮੇਰੇ ਹਿੱਸੇ ਆਇਆ ਕਿ ਭੈਣੀ ਸਾਹਿਬ ਦਾ ਸਰਪੰਚ ਬਣਨ ਪਿੱਛੋਂ ਆਲੇ ਦੁਆਲੇ ਦੇ 60-70 ਪਿੰਡ ਹੀ ਨਹੀਂ, ਸਗੋਂ ਪੰਜਾਬ 'ਚੋਂ ਵੀ ਕਈ ਥਾਂਵਾਂ ਤੋਂ ਫੈਸਲੇ ਭੈਣੀ ਸਾਹਿਬ ਆਉਣ ਲੱਗੇ। ਮੈਥੋਂ ਪਹਿਲਾਂ ਭੈਣੀ ਸਾਹਿਬ ਦੀ ਸਰਪੰਚੀ ਦੀ ਕੋਈ ਵੁੱਕਤ ਨਹੀਂ ਸੀ। ਪਹਿਲਾਂ ਮੁਖਤਿਆਰ ਹੀ ਸਭ ਕੁਝ ਹੁੰਦਾ ਸੀ। ਮੈਨੂੰ ਮਾਣ ਐ ਕਿ ਇਥੋਂ ਦੀ ਸਰਪੰਚੀ ਦੀ ਟੌਹਰ ਮੈਂ ਬਣਾਈ।
ਮੈਂ ਦੋਹਾਂ ਧਿਰਾਂ ਨੂੰ ਬੁਲਾ ਲਿਆ। ਮੀਤਪਾਲ ਸਿੰਘ ਤੇ ਸ਼ਮਸ਼ੇਰ ਸਿੰਘ ਦੋਵੇਂ ਮੈਥੋਂ ਉਮਰ 'ਚ ਵੀ ਵੱਡੇ, ਤਜਰਬੇ 'ਚ ਵੀ ਤੇ ਸਿਆਸੀ ਕੱਦਕਾਠ 'ਚ ਵੀ। ਅਜਿਹੇ ਵੇਲੇ ਮੇਰਾ ਸਾਹਿਤ ਪੜ੍ਹਿਆ ਤੇ ਬਜ਼ੁਰਗਾਂ ਕੋਲ ਬੈਠਿਆ ਕੰਮ ਆਉਂਦਾ। ਖੁਰਸ਼ੀਦੀ ਜੀ ਤੇ ਸੁਖਚੈਨ ਭਾ ਜੀ ਨੂੰ ਨਾਲ ਬਿਠਾ ਲੈਂਦਾ, ਜਿਹੜੇ ਬਹੁਤੀਆਂ ਗੱਲਾਂ 'ਚ ਮੈਥੋਂ ਸਿਆਣੇ ਹੋਣ 'ਤੇ ਵੀ ਮੇਰੀ ਇੱਜਤ ਤੇ ਮਾਣ ਬਣਾਈ ਰੱਖਦੇ। ਉਸ ਦਿਨ ਸ਼ਮਸ਼ੇਰ ਸਿੰਘ ਨੇ ਇਕੋ ਗੱਲ ਨਾਲ ਸਾਨੂੰ ਮੁੱਲ ਲੈ ਲਿਆ। ਉਸ ਨੇ ਬੋਲਣ ਦੀ ਆਗਿਆ ਮੰਗੀ ਤੇ ਕਿਹਾ, "ਇਹ ਪੰਚਾਇਤ ਹੈ, ਉਹ ਵੀ ਸਤ ਪੁਰਖਾਂ ਦੀ। ਏਥੇ ਸਾਨੂੰ ਸੱਚ ਬੋਲਣਾ ਚਾਹੀਦੈ। ਮੈਂ ਦੱਸਦਾਂ ਕਿ ਆਹ-ਆਹ ਕੇਸ ਇਨ੍ਹਾਂ 'ਤੇ ਮੈਂ ਝੂਠੇ ਪਾਏ ਨੇ, ਫਲਾਣੀਆਂ ਐਂਟਰੀਆਂ ਮੇਰੀਆਂ ਬੋਗਸ ਨੇ। ਏਨਾ ਕੁਛ ਮੇਰਾ ਅਸਲੀ ਹੈ। ਫੇਰ ਵੀ ਤੁਸੀਂ ਜੋ ਫੈਸਲਾ ਕਰੋਗੇ, ਮੈਨੂੰ ਮਨਜ਼ੂਰ ਹੋਵੇਗਾ, ਮੈਂ ਲਿਖ ਕੇ ਦਿੰਦਾ ਹਾਂ।"
ਪਰ ਵਜ਼ੀਰ ਦੇ ਭਰਾ ਨੇ ਇਕ ਵੀ ਗੱਲ ਸੁਆਦ ਵਾਲੀ ਨਾ ਕੀਤੀ। ਮੈਂ ਸਾਰੀ ਗੱਲ ਦੱਸ ਕੇ ਗੁਰੂ ਜੀ ਨੂੰ ਅਰਜ਼ ਕੀਤੀ ਕਿ ਸ਼ਮਸ਼ੇਰ ਸਿੰਘ ਸਹੀ ਐ। ਓਸ ਦਿਨ ਤੋਂ ਸ਼ਮਸ਼ੇਰ ਸਿੰਘ ਪੱਕੇ ਸਾਡੇ ਨਾਲ ਜੁੜ ਗਏ। ਇਹ ਓਹੀ ਸ਼ਮਸ਼ੇਰ ਸਿੰਘ ਸੀ ਜਿਸ ਨੇ ਲੁਧਿਆਣੇ ਰੈਲੀ 'ਚ ਜਾ ਰਹੀ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਿਨਾ ਪ੍ਰੋਗਰਾਮ ਤੋਂ ਆਪਣੇ ਪਿੰਡ ਹੀਰਾਂ ਵਿਚ ਰੋਕ ਕੇ ਜਲ-ਪਾਣੀ ਛਕਾਇਆ ਸੀ। ਪਿੱਛੋਂ ਇਨ੍ਹਾਂ ਬੜੇ ਫੈਸਲਿਆਂ ਵਿਚ ਮੇਰੀ ਮਦਦ ਕੀਤੀ।
ਏਵੇਂ ਕਿਸੇ ਬਜ਼ੁਰਗ ਨੇ ਕੰਮ ਕਰਵਾਉਣ ਲਈ ਕਥਾ-ਕਹਾਣੀ ਸੁਣਾ ਕੇ ਮੈਨੂੰ ਖੁਸ਼ ਕਰ ਦੇਣਾ। ਇਕ ਵਾਰੀ ਜੱਟ ਹਲਟ ਹੱਕ ਰਿਹਾ ਸੀ, ਬਲਦ ਤਕੜੇ ਸੀ। ਗਾਧੀ ਉਤੇ ਬੈਠੇ ਦੀ ਅੱਖ ਲੱਗ ਗਈ। ਚੋਰ ਉਹਦੇ ਬਲਦਾਂ ਪਿੱਛੇ ਲੱਗੇ ਹੋਏ ਸਨ। ਮੌਕਾ ਬਣਿਆ ਦੇਖ ਚੋਰਾਂ ਨੇ ਉਤਲਾ ਬਲਦ ਪੰਜਾਲੀ ਥੱਲਿਓਂ ਕੱਢ ਆਪਣੇ ਇਕ ਤਕੜੇ ਸਾਥੀ ਨੂੰ ਉਥੇ ਜੋਅ ਦਿੱਤਾ ਤੇ ਕਿਹਾ ਕਿ ਜਦੋਂ ਅਸੀਂ ਬਲਦ ਨੂੰ ਲੈ ਕੇ ਦੂਰ ਨਿਕਲ ਗਏ ਤਾਂ ਜੂਲਾ ਸਿੱਟ ਕੇ ਭੱਜ ਆਈਂ। ਜੱਟ ਦੀ ਅੱਖ ਛੇਤੀ ਖੁੱਲ੍ਹ ਗਈ। ਉਹਨੇ ਦੇਖਿਆ ਕਿ ਬਲਦ ਤਾਂ ਲੈਗੇ ਪਰ ਉਹਦੀ ਜਗ੍ਹਾ ਜੁੜਿਆ ਬੰਦਾ ਉਹਦੇ ਨਾਲੋਂ ਤਕੜੈ, ਜੇ ਰੌਲਾ ਪਾਇਆ ਤਾਂ ਕੁੱਟੂ। ਫੇਰ ਜੱਟ-ਵਿਦਿਆ ਉਹਦੇ ਕੰਮ ਆਈ। ਉਹ ਹੇਠਲੇ ਬਲਦ ਨੂੰ ਛੇੜ ਕੇ ਕਹਿੰਦਾ, ਓ ਚੱਲ ਸਾਵਿਆ, ਓਧਰ ਵੀ ਮਰਦ ਦੇ ਕੰਨ੍ਹੇ ਉਤੇ ਆਈ ਐ, ਕਿਸੇ ਕੰਢੇ ਲਾ ਕੇ ਛੱਡੂ। ਪੰਜਾਲੀ ਥੱਲੇ ਆਇਆ ਚੋਰ ਰੁਕਿਆ ਤੇ ਸਾਥੀਆਂ ਨੂੰ ਹਾਕ ਮਾਰ ਕੇ ਬੋਲਿਆ, "ਏਹਦਾ ਬਲਦ ਮੋੜ ਦੋ ਯਾਰੋ।"
ਕੋਈ ਬਜ਼ੁਰਗ ਮੈਨੂੰ ਇਹ ਕਥਾ ਸੁਣਾ ਕੇ ਕਹਿੰਦਾ, "ਹੁਣ ਸਾਡੇ ਕੰਮ ਦੀ ਪੰਜਾਲੀ ਵੀ ਤੇਰੇ ਵਰਗੇ ਮਰਦ ਦੇ ਕੰਨ੍ਹੇ ਉਤੇ ਆ। ਸਾਨੂੰ ਪਤਾ ਤੂੰ ਵਿਚਾਲੇ ਡੋਬਾ ਨਈਂ ਦੇਂਦਾ।"
ਮੈਂ ਖੁਸ਼ ਹੋ ਜਾਣਾ। ਕਈ ਵਾਰੀ ਗਲਤ-ਠੀਕ ਵੀ ਨਾ ਦੇਖਣਾ। ਇਹ ਸੋਚਣਾ ਈ ਨਾ ਕਿ ਪਹਿਲਾਂ ਓਹਨੇ ਮਰਦ ਨੂੰ ਪਰਿਭਾਸ਼ਿਤ ਕੀਤਾ ਆਪਣੇ ਮੁਤਾਬਕ, ਫੇਰ ਮੈਨੂੰ ਉਹ ਮਰਦ ਬਣਨ ਲਈ ਕਿਹਾ ਤੇ ਮੈਂ ਬਣ ਵੀ ਗਿਆ। 'ਉਨ੍ਹਾਂ ਨੂੰ ਕੰਢੇ ਲਾਵਾਂ' ਸੋਚ ਕੇ ਗਲਤ ਜ਼ੋਰ ਲਾਉਣਾ ਵਿੱਤੋਂ ਬਾਹਰਾ ਪਰ ਮੈਂ ਦੱਸਿਆ ਨਾ ਕਿ ਗੱਲ ਦੀ ਕੀਮਤ ਹੁੰਦੀ ਐ। ਇਕ ਵਾਰੀ ਮੈਂ ਤੇ ਸਵੀ ਉਹਦੀ ਕਾਰ ਨੂੰ ਨਵੇਂ ਟਾਇਰ ਪੁਆਉਣ ਗਏ। ਟਾਇਰਾਂ ਵਾਲਾ ਕਹਿੰਦਾ, ਸਾਢੇ ਤਿੰਨ ਹਜ਼ਾਰ ਦੇ, ਰੇਡੀਅਲ ਪਚਵੰਜਾ ਸੌ ਦੇ। ਅਸੀਂ ਪੁੱਛਿਆ, "ਇਨ੍ਹਾਂ 'ਚ ਫਰਕ ਕੀ ਐ?"
ਉਹ ਕਹਿੰਦਾ, "ਜੀ ਫਰਕ ਦਾ ਤਾਂ ਪਤਾ ਨੀ, ਪਰ ਬਰੇਕ ਮਾਰਿਆਂ ਗੱਡੀ ਬੱਤਖ ਵਾਂਗੂ ਬਹਿੰਦੀ ਐ।"
ਅਸੀਂ ਨਿਹਾਲ ਹੋ ਗਏ। ਕੁਝ ਛੱਡ-ਛੁਡਾ ਕਰਨ ਦੀ ਥਾਂ ਸੌ ਰੁਪਿਆ ਹੋਰ ਦਿਤਾ ਸਵੀ ਹੋਰਾਂ, ਉਹਦੀ ਗੱਲ ਦੀ ਦਾਦ ਵਾਧੂ ਦੀ।
('ਮੈਂ ਜੈਸਾ ਹੂੰ...ਮੈਂ ਵੈਸਾ ਕਿਊਂ ਹੂੰ...' ਵਿੱਚੋਂ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)