Punjabi Stories/Kahanian
ਕੁਲਬੀਰ ਸਿੰਘ ਸੂਰੀ
Kulbir Singh Suri
Punjabi Kavita
  

Gau Daan Kulbir Singh Suri

ਗਊ ਦਾਨ ਕੁਲਬੀਰ ਸਿੰਘ ਸੂਰੀ

ਇੱਕ ਵਾਰ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਰਹਿੰਦਾ ਸੀ। ਉਨ੍ਹਾਂ ਕੋਲ ਜ਼ਮੀਨ ਥੋੜ੍ਹੀ ਸੀ ਪਰ ਆਪਣੀ ਮਿਹਨਤ ਸਦਕਾ ਅਤੇ ਛੋਟਾ ਪਰਿਵਾਰ ਹੋਣ ਕਰ ਕੇ ਉਹ ਘਰ ਦਾ ਗੁਜ਼ਾਰਾ ਠੀਕ-ਠਾਕ ਚਲਾਈ ਜਾਂਦੇ ਸਨ। ਉਨ੍ਹਾਂ ਨੇ ਇੱਕ ਵਲਾਇਤੀ ਗਊ ਰੱਖੀ ਹੋਈ ਸੀ, ਜਿਹੜੀ ਕਾਫ਼ੀ ਜ਼ਿਆਦਾ ਦੁੱਧ ਦਿੰਦੀ ਸੀ। ਉਹ ਘਰ ਵਰਤਣ ਲਈ ਖੁੱਲ੍ਹਾ ਦੁੱਧ ਰੱਖ ਕੇ ਬਾਕੀ ਵੇਚ ਦਿੰਦੇ ਸਨ। ਉਸ ਗਊ ਦਾ ਦੁੱਧ ਇੰਨਾ ਮਿੱਠਾ ਅਤੇ ਸਵਾਦ ਸੀ ਕਿ ਜਿਹੜਾ ਇੱਕ ਵਾਰੀ ਦੁੱਧ ਪੀ ਲੈਂਦਾ, ਉਸ ਦਾ ਦੁਬਾਰਾ-ਦੁਬਾਰਾ ਉਹ ਦੁੱਧ ਪੀਣ ਦਾ ਜੀਅ ਕਰਦਾ।
ਪਿੰਡ ਦੇ ਪੰਡਤ ਜੀ ਇੱਕ ਵਾਰੀ ਕਿਸੇ ਕੰਮ ਜ਼ਿਮੀਂਦਾਰ ਦੇ ਘਰ ਗਏ ਤਾਂ ਜ਼ਿਮੀਂਦਾਰ ਨੇ ਉਨ੍ਹਾਂ ਨੂੰ ਦੁੱਧ ਦਾ ਵੱਡਾ ਗਲਾਸ ਭਰ ਕੇ ਪੀਣ ਨੂੰ ਦਿੱਤਾ। ਦੁੱਧ ਪੀਣ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਵਲਾਇਤੀ ਗਊ ਉੱਪਰ ਟਿਕ ਗਈ। ਉੱਥੋਂ ਵਾਪਸ ਘਰ ਜਾਂਦਿਆਂ ਪੰਡਤ ਜੀ ਇਹੋ ਸੋਚਦੇ ਗਏ ਕਿ ਇਹ ਵਲਾਇਤੀ ਗਊ ਉਨ੍ਹਾਂ ਦੇ ਘਰ ਦੇ ਕਿੱਲੇ ਨਾਲ ਕਿਸ ਤਰ੍ਹਾਂ ਬੱਝ ਸਕਦੀ ਹੈ?
ਜ਼ਿਮੀਂਦਾਰ ਦੇ ਪਿਤਾ, ਜੋ ਕਾਫ਼ੀ ਬਜ਼ੁਰਗ ਸਨ, ਅਚਾਨਕ ਬਿਮਾਰ ਹੋ ਗਏ। ਬੜੇ ਇਲਾਜ ਕੀਤੇ ਗਏ ਪਰ ਕੋਈ ਫ਼ਰਕ ਨਾ ਪਿਆ। ਇੱਕ ਦਿਨ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ। ਉਨ੍ਹਾਂ ਦਾ ਸਾਹ ਵੀ ਰੁਕਣ ਲੱਗ ਪਿਆ ਤਾਂ ਜ਼ਿਮੀਂਦਾਰ ਨੇ ਪਿੰਡ ਦੇ ਪੰਡਤ ਜੀ ਨੂੰ ਬੁਲਾਇਆ। ਪੰਡਤ ਜੀ ਨੇ ਆਉਂਦਿਆਂ ਹੀ ਕਿਹਾ, ‘‘ਇਨ੍ਹਾਂ ਦਾ ਅੰਤਮ ਸਮਾਂ ਆ ਗਿਆ ਹੈ। ਇਸ ਲਈ ਇਨ੍ਹਾਂ ਨੂੰ ਮੰਜੀ ਤੋਂ ਉਤਾਰ ਕੇ ਭੁੰਜੇ ਲਿਟਾ ਦਿਓ ਅਤੇ ਇਨ੍ਹਾਂ ਦੇ ਹੱਥੋਂ ਵੱਧ ਤੋਂ ਵੱਧ ਦਾਨ ਕਰਵਾਉ। ਸਾਡੇ ਕੋਲ ਸਮਾਂ ਬੜਾ ਘੱਟ ਹੈ। ਇਹ ਕਾਰਜ ਜਲਦੀ ਤੋਂ ਜਲਦੀ ਸ਼ੁਰੂ ਕਰ ਦਿਓ।’’
ਜ਼ਿਮੀਂਦਾਰ ਨੇ ਆਪਣੇ ਪਿਤਾ ਦੇ ਹੱਥ ਵਿੱਚ ਪੰਜਾਹ ਰੁਪਏ ਦਾ ਨੋਟ ਰੱਖ ਦਿੱਤਾ ਤਾਂ ਜੋ ਪੰਡਤ ਜੀ, ਪਿਤਾ ਜੀ ਦੀ ਮੁਕਤੀ ਦਾ ਕੋਈ ਉਪਾਅ ਕਰ ਦੇਣ। ਪੰਡਤ ਜੀ ਪੰਜਾਹ ਰੁਪਏ ਦਾ ਨੋਟ ਚੁੱਕਦੇ ਹੋਏ ਬੋਲੇ, ‘‘ਜਜਮਾਨ ! ਇਹ ਤੰੂ ਕੀ ਕਰ ਰਿਹਾ ਹੈਂ? ਪੰਜਾਹ ਰੁਪਏ ਨਾਲ ਮੁਕਤੀ ਨਹੀਂ ਹੁੰਦੀ। ਇਸ ਲਈ ਤੈਨੂੰ ਘੱਟੋ-ਘੱਟ ਗਊ ਦਾਨ ਕਰਨਾ ਪਏਗਾ।’’
ਜ਼ਿਮੀਂਦਾਰ ਨੇ ਜੇਬ ਵਿੱਚੋਂ ਸੌ ਰੁਪਏ ਦਾ ਇੱਕ ਨੋਟ ਕੱਢਿਆ ਅਤੇ ਆਪਣੇ ਪਿਤਾ ਜੀ ਦੀ ਮੁੱਠੀ ਵਿੱਚ ਰੱਖਦੇ ਹੋਏ ਬੋਲਿਆ, ‘‘ਪੰਡਤ ਜੀ, ਗਊ ਤਾਂ ਸਾਡੇ ਇੱਕੋ ਹੀ ਹੈ। ਸੋ ਗਊ ਦਾਨ ਤਾਂ ਅਸੀਂ ਕਰ ਨਹੀਂ ਸਕਦੇ। ਤੁਸੀਂ ਡੇਢ ਸੌ ਰੁਪਏ ਦੇ ਦਾਨ ਨਾਲ ਹੀ ਇਨ੍ਹਾਂ ਦੀ ਮੁਕਤੀ ਕਰਵਾ ਦਿਓ।’’
‘‘ਵਾਹ ਬਈ ਵਾਹ! ਇਹੋ ਜਿਹੇ ਹੁੰਦੇ ਨੇ ਅੱਜ-ਕੱਲ੍ਹ ਦੇ ਪੁੱਤਰ। ਇਸ ਨੂੰ ਆਪਣੇ ਪਿਓ ਨਾਲੋਂ ਗਊ ਪਿਆਰੀ ਹੈ’’, ਪੰਡਤ ਜੀ ਨੇ ਜ਼ਿਮੀਂਦਾਰ ਦੇ ਘਰ ਆਏ ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਨੂੰ ਸੁਣਾਉਂਦਿਆਂ ਕਿਹਾ।
‘‘ਮੈਂ ਕੁਝ ਹੋਰ ਪੈਸਿਆਂ ਦਾ ਪ੍ਰਬੰਧ ਕਰ ਦਿੰਦਾ ਹਾਂ, ਤੁਸੀਂ ਉਸ ਨਾਲ ਹੀ ਪਿਤਾ ਜੀ ਦੀ ਮੁਕਤੀ ਕਰਾ ਦਿਓ’’, ਜ਼ਿਮੀਂਦਾਰ ਨੇ ਅੱਖਾਂ ਨੀਵੀਆਂ ਕਰ ਕੇ ਹੌਲੀ ਜਿਹੀ ਕਿਹਾ।
‘‘ਨਾ ਨਾ ਜਜਮਾਨ ਜੀ, ਵੈਭਰਣੀ ਨਦੀ ਥੋੜ੍ਹੇ ਜਿਹੇ ਪੈਸਿਆਂ ਨਾਲ ਪਾਰ ਨਹੀਂ ਹੋਣੀ। ਇੰਨੀ ਵੱਡੀ ਨਦੀ ਤਾਂ ਕੇਵਲ ਗਊ ਮਾਤਾ ਦੀ ਪੂਛ ਫੜ ਕੇ ਹੀ ਪਾਰ ਹੋ ਸਕਦੀ ਹੈ। ਜੇ ਤੂੰ ਆਪਣੇ ਬਾਪ ਨੂੰ ਨਦੀ ਵਿੱਚ ਡੁਬੋ ਕੇ ਦੁੱਖ ਦੇਣਾ ਚਾਹੁੰਦਾ ਹੈਂ ਤਾਂ ਤੰੂ ਗਊ ਦਾਨ ਰਹਿਣ ਦੇ ਪਰ ਜੇ ਤੂੰ ਆਪਣੇ ਬਾਪ ਨੂੰ ਦੁੱਖਾਂ ਦੀ ਨਦੀ ਪਾਰ ਕਰਵਾ ਕੇ ਸੁੱਖ ਹੀ ਸੁੱਖ ਦੇਣਾ ਚਾਹੁੰਦਾ ਹੈਂ ਤਾਂ ਫਟਾਫਟ ਆਪਣੇ ਕਿੱਲੇ ਨਾਲੋਂ ਗਊ ਖੋਲ੍ਹ ਲਿਆ ਅਤੇ ਆਪਣੇ ਬਾਪ ਦਾ ਹੱਥ ਲਵਾ ਕੇ ਮੈਨੂੰ ਦੇ ਦੇ’’, ਪੰਡਤ ਜੀ ਕਾਫ਼ੀ ਉੱਚੀ ਬੋਲ ਰਹੇ ਸਨ ਤਾਂ ਜੋ ਸਾਰੇ ਲੋਕ ਉਨ੍ਹਾਂ ਦੀ ਗੱਲ ਸੁਣ ਲੈਣ।
ਪੰਡਤ ਜੀ ਦੀ ਗੱਲ ਸੁਣ ਕੇ ਸਾਰੇ ਰਿਸ਼ਤੇਦਾਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਊ ਦਾਨ ਜ਼ਰੂਰ ਕਰਨੀ ਚਾਹੀਦੀ ਹੈ। ਜ਼ਿਮੀਂਦਾਰ ਬੜੀ ਮੁਸ਼ਕਲ ਵਿੱਚ ਫਸ ਗਿਆ। ਉਹ ਦਿਲੋਂ ਗਊ ਦਾਨ ਨਹੀਂ ਸੀ ਕਰਨਾ ਚਾਹੁੰਦਾ ਪਰ ਲੋਕ-ਲਾਜ ਰੱਖਣ ਲਈ ਉਸ ਨੂੰ ਵੱਛੇ ਸਮੇਤ ਗਊ ਪੰਡਤ ਜੀ ਦੇ ਹਵਾਲੇ ਕਰਨੀ ਪਈ।
ਜ਼ਿਮੀਂਦਾਰ ਦੇ ਪਿਤਾ ਜੀ ਨੇ ਆਖਰੀ ਸਾਹ ਲਿਆ। ਸਾਰੇ ਘਰ ਵਿੱਚ ਰੋਣਾ-ਧੋਣਾ ਮੱਚ ਗਿਆ। ਕੁਝ ਦੇਰ ਮਗਰੋਂ ਆਦਮੀ ਪੰਡਤ ਜੀ ਦੀ ਮਦਦ ਨਾਲ ਸਸਕਾਰ ਦਾ ਸਮਾਂ ਨਿਸ਼ਚਿਤ ਕਰਨ ਲੱਗੇ। ਸ਼ਾਮ ਦਾ ਸਮਾਂ ਨਿਸ਼ਚਿਤ ਕਰਨ ਤੋਂ ਬਾਅਦ ਪੰਡਤ ਜੀ ਵਲਾਇਤੀ ਗਊ ਅਤੇ ਉਸ ਦਾ ਵੱਛਾ ਲੈ ਕੇ ਆਪਣੇ ਘਰ ਤੁਰਨ ਲੱਗੇ ਤਾਂ ਜਾਂਦੇ-ਜਾਂਦੇ ਉਹ ਪਿੱਤਲ ਦਾ ਵਲਟੋਹਾ ਵੀ ਨਾਲ ਲੈ ਗਏ ਜਿਸ ਵਿੱਚ ਜ਼ਿਮੀਂਦਾਰ ਦੁੱਧ ਚੋਂਦਾ ਸੀ।
ਪੰਡਤ ਜੀ ਆਪਣੇ ਘਰ ਦੇ ਕਿੱਲੇ ਨਾਲ ਗਊ ਅਤੇ ਵੱਛਾ ਬੰਨ੍ਹ ਕੇ ਅਤੇ ਪਿੱਤਲ ਦਾ ਵਲਟੋਹਾ ਰਸੋਈ ਵਿੱਚ ਰੱਖ ਕੇ ਆਪਣੀ ਪੰਡਤਾਣੀ ਨੂੰ ਅੱਜ ਦੀ ਕਮਾਈ ਵਿਖਾਉਣ ਲਈ ’ਵਾਜਾਂ ਮਾਰਨ ਲੱਗੇ। ਉਨ੍ਹਾਂ ਦਾ ਚਾਅ ਅੱਜ ਮਿਉਂਦਾ ਨਹੀਂ ਸੀ। ਚਾਹ-ਪਾਣੀ ਪੀ ਕੇ ਅਤੇ ਥੋੜ੍ਹਾ ਆਰਾਮ ਕਰਕੇ ਪੰਡਤ ਜੀ ਸ਼ਮਸ਼ਾਨਘਾਟ ਵੱਲ ਜਾਣ ਦੀ ਤਿਆਰੀ ਕਰਨ ਲਈ ਜ਼ਿਮੀਂਦਾਰ ਦੇ ਘਰ ਵੱਲ ਤੁਰ ਪਏ।
ਸਸਕਾਰ ਹੋ ਗਿਆ। ਅਗਲੇ ਦਿਨ ਬਹੁਤੇ ਰਿਸ਼ਤੇਦਾਰ ਆਪੋ-ਆਪਣੇ ਘਰ ਚਲੇ ਗਏ। ਦਸ ਦਿਨਾਂ ਬਾਅਦ ਭੋਗ ਪੈਣਾ ਸੀ। ਦਸ ਦਿਨ ਜ਼ਿਮੀਂਦਾਰ ਦੇ ਘਰ ਅਫ਼ਸੋਸ ਕਰਨ ਵਾਲਿਆਂ ਦੀ ਕਾਫ਼ੀ ਆਵਾਜਾਈ ਰਹੀ। ਇਨ੍ਹਾਂ ਦਿਨਾਂ ਵਿੱਚ ਗਊ ਦੀ ਅਣਹੋਂਦ ਜ਼ਿਮੀਂਦਾਰ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਰੜਕੀ। ਕੁਝ ਦੁੱਧ ਮੁੱਲ ਲਿਆ ਅਤੇ ਕੁਝ ਆਂਢੀ-ਗੁਆਂਢੀ ਦੇ ਗਏ, ਜਿਸ ਕਰ ਕੇ ਆਏ-ਗਏ ਦੇ ਚਾਹ-ਪਾਣੀ ਦਾ ਗੁਜ਼ਾਰਾ ਹੋ ਗਿਆ।
ਭੋਗ ਪੈ ਗਿਆ ਤਾਂ ਸਾਰੇ ਰਿਸ਼ਤੇਦਾਰ ਉਸੇ ਦਿਨ ਹੀ ਵਾਪਸ ਚਲੇ ਗਏ। ਸਾਰਾ ਘਰ ਭਾਂ-ਭਾਂ ਕਰਨ ਲੱਗਿਆ। ਪਹਿਲਾਂ ਜ਼ਿਮੀਂਦਾਰ ਦੀ ਸ਼ਾਮ ਪਿਤਾ ਜੀ ਦੀ ਸੇਵਾ ਅਤੇ ਗਊ ਦੀ ਦੇਖ-ਭਾਲ ਵਿੱਚ ਲੰਘ ਜਾਂਦੀ ਸੀ ਪਰ ਅੱਜ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਮਾਂ ਖਲੋ ਗਿਆ ਹੋਵੇ। ਉਸ ਦਾ ਧਿਆਨ ਘੜੀ-ਮੁੜੀ ਖ਼ਾਲੀ ਕਿੱਲੇ ਵੱਲ ਜਾਂਦਾ ਜਿੱਥੇ ਕਦੀ ਗਊ ਬੱਝੀ ਹੁੰਦੀ ਸੀ। ਗਊ ਨਾ ਵੇਖ ਕੇ ਉਹ ਗੁੱਸੇ ਵਿੱਚ ਕਚੀਚੀਆਂ ਵੱਟਣ ਲੱਗਦਾ।
ਸਵੇਰ ਹੋਈ ਤਾਂ ਜ਼ਿਮੀਦਾਰ ਉਠਦਿਆਂ ਹੀ ਪੰਡਤ ਜੀ ਦੇ ਘਰ ਵੱਲ ਤੁਰ ਪਿਆ। ਪੰਡਤ ਜੀ ਉਸ ਵਕਤ ਉਸੇ ਪਿੱਤਲ ਦੀ ਵਲਟੋਹੀ ਵਿੱਚ ਦੁੱਧ ਚੋਅ ਰਹੇ ਸਨ। ਦੁੱਧ ਚੋਂਦਿਆਂ ਹੀ ਉਨ੍ਹਾਂ ਨੇ ਕਿਹਾ, ‘‘ਆਓ ਜਜਮਾਨ ਜੀ ਦੋ ਮਿੰਟ ਉਸ ਮੰਜੀ ’ਤੇ ਬੈਠੋ, ਮੈਂ ਦੁੱਧ ਚੋਅ ਕੇ ਆ ਰਿਹਾ ਹਾਂ।’’
ਜ਼ਿਮੀਂਦਾਰ ਮੰਜੀ ’ਤੇ ਬੈਠ ਗਿਆ। ਪੰਡਤ ਜੀ ਨੇ ਦੁੱਧ ਚੋਅ ਲਿਆ ਅਤੇ ਵਲਟੋਹੀ ਚੁੱਕਦੇ ਹੋਏ ਬੋਲੇ, ‘‘ਐਹ ਦੁੱਧ ਮੈਂ ਰਸੋਈ ਵਿੱਚ ਰੱਖ ਕੇ ਆ ਰਿਹਾ ਹਾਂ।’’
‘‘ਪੰਡਤ ਜੀ, ਪਹਿਲਾਂ ਐਧਰ ਆਓ। ਦੁੱਧ ਦੀ ਵਲਟੋਹੀ ਵੀ ਨਾਲ ਲਈ ਆਓ’’, ਜ਼ਿਮੀਦਾਰ ਥੋੜ੍ਹਾ ਰੋਅਬ ਨਾਲ ਬੋਲਿਆ।
ਪੰਡਤ ਜੀ ਦੁੱਧ ਦੀ ਭਰੀ ਹੋਈ ਵਲਟੋਹੀ ਮੰਜੀ ਕੋਲ ਰੱਖਦੇ ਹੋਏ ਬੋਲੇ, ‘‘ਅੱਜ ਸਵੇਰੇ ਸਵੇਰੇ ਕਿਵੇਂ ਆਉਣ ਹੋਇਆ ਜਜਮਾਨ ਜੀ?’’
‘‘ਤੁਸੀਂ ਤਾਂ ਪੰਡਤ ਜੀ ਬੜਾ ਵੱਡਾ ਧੋਖਾ ਕੀਤੈ ਮੇਰੇ ਨਾਲ’’, ਜ਼ਿਮੀਂਦਾਰ ਬੜੇ ਗੁੱਸੇ ਨਾਲ ਪੰਡਤ ਜੀ ਵੱਲ ਤੱਕਦਾ ਹੋਇਆ ਬੋਲਿਆ।
‘‘ਮੈਂ ਅਤੇ ਧੋਖਾ? ਰਾਮ! ਰਾਮ!! ਰਾਮ!!! ਇਹ ਤੁਸੀਂ ਕੀ ਕਹਿ ਰਹੇ ਹੋ ਜਜਮਾਨ ਜੀ’’, ਪੰਡਤ ਜੀ ਹੈਰਾਨ ਹੁੰਦੇ ਹੋਏ ਬੋਲੇ।
‘‘ਪੰਡਤ ਜੀ, ਤੁਸੀਂ ਮੇਰੀ ਗਊ ਤਾਂ ਲਿਆਏ ਸੀ ਕਿ ਪਿਤਾ ਜੀ ਨੂੰ ਇਸ ਨਾਲ ਵੈਤਰਣੀ ਨਦੀ ਪਾਰ ਕਰਾਉਣੀ ਹੈ ਪਰ ਗਊ ਲਿਆ ਕੇ ਤੁਸੀਂ ਆਪਣੇ ਘਰ ਬੰਨ੍ਹ ਲਈ। ਹੁਣ ਪਤਾ ਨਹੀਂ ਪਿਤਾ ਜੀ ਵਿਚਾਰੇ ਵੈਤਰਣੀ ਨਦੀ ਪਾਰ ਕਰ ਸਕੇ ਨੇ ਜਾਂ ਅੱਧ-ਵਿਚਾਲੇ ਹੀ ਗੋਤੇ ਖਾਂਦੇ ਫਿਰਦੇ ਨੇ। ਇਹ ਸਰਾਸਰ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ।’’ ਜ਼ਿਮੀਂਦਾਰ ਹੁਣ ਉੱਚੀ-ਉੱਚੀ ਬੋਲ ਰਿਹਾ ਸੀ।
ਪੰਡਤ ਜੀ ਜ਼ਿਮੀਂਦਾਰ ਦੀ ਗੱਲ ਸੁਣ ਕੇ ਘਬਰਾ ਗਏ। ਉਹ ਆਪਣੇ ਸਿਰ ਨੂੰ ਖੁਰਕਦੇ ਹੋਏ ਬੋਲੇ, ‘‘ਇਹ ਗਊ ਅਸੀਂ ਓਥੇ ਨਹੀਂ ਪਹੁੰਚਾਉਣੀ ਹੁੰਦੀ ਸਗੋਂ ਜਿਹੜਾ ਦਾਨ-ਪੁੰਨ ਤੁਸੀਂ ਕੀਤਾ ਹੈ, ਉਸ ਦੇ ਪ੍ਰਭਾਵ ਨਾਲ ਹੀ ਤੁਹਾਡੇ ਪਿਤਾ ਜੀ ਵੈਤਰਣੀ ਨਦੀ ਪਾਰ ਕਰ ਗਏ ਹੋਣਗੇ।’’
‘‘ਵਾਹ ਪੰਡਤ ਜੀ, ਵਾਹ! ਕਿੰਨੀ ਦੇਰ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਰਹੋਗੇ?’’ ਇਹ ਆਖਦਿਆਂ ਜ਼ਿਮੀਂਦਾਰ ਮੰਜੀ ਤੋਂ ਉੱਠਿਆ ਅਤੇ ਗਊ ਦੇ ਕਿੱਲੇ ਕੋਲ ਪਹੁੰਚ ਗਿਆ। ਉਸ ਨੇ ਗਊ ਅਤੇ ਵੱਛੀ ਦੀ ਰੱਸੀ ਕਿੱਲੇ ਨਾਲੋਂ ਖੋਲ੍ਹ ਕੇ ਇੱਕ ਹੱਥ ਨਾਲ ਫੜੀ ਅਤੇ ਫੇਰ ਦੁੱਧ ਦੀ ਭਰੀ ਹੋਈ ਵਲਟੋਹੀ ਦੂਜੇ ਹੱਥ ਨਾਲ ਚੁੱਕਦਾ ਹੋਇਆ ਆਪਣੇ ਘਰ ਵੱਲ ਤੁਰ ਪਿਆ।
ਪੰਡਤ ਜੀ ਮੂੰਹ ਵਿੱਚ ਬੁੜਬੁੜ ਕਰਦੇ ਹੋਏ ਗਊ, ਵੱਛੇ ਅਤੇ ਦੁੱਧ ਦੀ ਭਰੀ ਵਲਟੋਹੀ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਰਹੇ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)