Gautam Da Qatl (Punjabi Story) : Tauqeer Chughtai

ਗੌਤਮ ਦਾ ਕਤਲ (ਕਹਾਣੀ) : ਤੌਕੀਰ ਚੁਗ਼ਤਾਈ

ਯਸ਼ੋਧਰਾ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ। ਉਹ ਸਾਡੀ ਗਵਾਂਢਣ ਏ। ਯਸ਼ੋਧਰਾ ਗੌਤਮ ਦੇ ਤਰਲੇ ਲੈ ਰਹੀ ਸੀ ਕਿ ਮੇਰੇ ਲਈ ਤੇ ਆਪਣੇ ਪੁੱਤਰ ਲਈ ਘਰ ਮੁੜ ਕੇ ਆ ਜਾ। ਕਿਉਂ ਬੂਹੇ-ਬੂਹੇ ਭਿੱਖਿਆ ਮੰਗ ਕੇ ਸਾਡੀ ਪੱਤ ਨੂੰ ਮਿੱਟੀ ਵਿਚ ਰੋਲਦਾ ਪਿਆ ਏਂ। ਤੇਰਾ ਪਿਉ ਇਕ ਰਿਆਸਤ ਦਾ ਮਹਾਰਾਜਾ ਏ ਤੇ ਤੂੰ ਭਿੱਖਿਆ?
''ਦੁਨੀਆਂ ਬਹੁਤ ਦੁਖੀ ਏ ਯਸ਼ੋਧਰਾ! ਗੁਆਂਢੀ ਨੂੰ ਮਾਰਨ, ਉਸਦਾ ਘਰ ਉਜਾੜਨ ਅਤੇ ਪੈਲੀਆਂ ਸਾੜਨ ਦੇ ਮਨਸੂਬੇ ਬਣਾ ਰਿਹਾ ਏ। ਲੋਕੀ ਬੀਮਾਰੀਆਂ ਤੇ ਮੁਸੀਬਤਾਂ ਵਿਚ ਘਿਰੇ ਹੋਏ ਨੇ। ਮੈਥੋਂ ਇਹ ਸਭ ਕੁਝ ਨਹੀਂ ਵੇਖਿਆ ਜਾਂਦਾ। ਮੈਂ ਦੁੱਖਾਂ ਭਰੀ ਇਸ ਦੁਨੀਆਂ ਨੂੰ ਛੱਡਿਆ, ਰਿਆਸਤ ਦੇ ਕਾਰ ਵਿਹਾਰ ਨੂੰ ਛੱਡਿਆ, ਐਸ਼ ਭਰੀ ਜ਼ਿੰਦਗੀ ਨੂੰ ਛੱਡਿਆ ਤੇ ਜਾ ਤੈਨੂੰ ਵੀ ਛੱਡਿਆ।''
''ਮੈਂ ਅਮਨ, ਸੁਖ ਤੇ ਚੈਨ ਦੀ ਆਸ ਲੈ ਕੇ ਗਵਾਂਢੀ ਰਿਆਸਤ ਨੂੰ ਜਾ ਰਿਹਾਂ। ਮੈਂ ਸੁਣਿਆ ਏ ਉਥੇ ਦੇ ਵਾਸੀ ਭੁੱਖ, ਦੁੱਖ, ਜੰਗ ਤੇ ਬੀਮਾਰੀਆਂ ਵਿਚ ਫਸੇ ਹੋਏ ਨੇ।''
ਹਾਲੀ ਤਿੰਨ ਦਿਨ ਪਹਿਲਾਂ ਤੀਕਰ! ਹਾਂ, ਸਿਰਫ ਤਿੰਨ ਦਿਨ ਪਹਿਲਾਂ ਤੀਕਰ ਇਕ ਜੋਗੀ ਜ਼ਿੰਦਾ ਸਲਾਮਤ ਤੇ ਜਿਉਂਦਾ ਸੀ। ਮੈਂ ਆਪ ਆਪਣੀਆਂ ਅੱਖਾਂ ਨਾਲ ਉਹਨੂੰ ਵੇਖਿਆ ਸੀ। ਉਹ ਯਸ਼ੋਧਰਾ ਨੂੰ ਕਹਿ ਰਿਹਾ ਸੀ, ''ਦੁਨੀਆਂ ਬੜੀ ਦੁੱਖੀ ਏ ਤੇ ਇਹ ਸਾਰੇ ਦੁੱਖ ਬੰਦਿਆਂ ਦੇ ਆਪਣੇ ਸਹੇੜੇ ਹੋਏ ਨੇ। ਵੇਖ ਤਾਂ ਸਹੀ। 'ਸਾਕੀਆ' ਕਬੀਲੇ ਨੇ ਇਕ ਇਹੋ ਜਿਹੇ ਬੰਬ ਬਣਾਇਆ ਏ ਜੀਹਦੇ ਫਟਣ ਨਾਲ 'ਕੱਵਲਿਆ' ਕਬੀਲੇ ਦੇ ਸਾਰੇ ਬੰਦੇ ਮਰ ਜਾਣਗੇ। ਸਬਜ਼ਾ (ਹਰਿਆਵਲ) ਸੜ ਜਾਏਗਾ ਤੇ ਪੇਸ਼ਵਾ ਦੀ ਨਸਲ ਉਕੀ ਮੁੱਕ ਜਾਏਗੀ। ਸਾਕੀਆ ਦੀ ਵੇਖਿਆ ਵੇਖੀ 'ਕਵੱਲਿਆ' ਕਬੀਲੇ ਨੇ ਵੀ ਬੰਬ ਬਣਾ ਲਿਆ ਤੇ ਹੁਣ ਵੇਖਦਿਆਂ ਈ ਵੇਖਦਿਆਂ ਦੋਹਾਂ ਧਿਰਾਂ ਨੇ ਬੰਬਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ। ਉਹ ਤਾਂ ਚੰਗਾ ਹੋਇਆ ਇਹਨਾਂ ਦੋਹਾਂ ਦੀ ਦੁਸ਼ਮਨੀ ਨੇ ਏਡਾ ਜ਼ੋਰ ਨਾ ਫੜ੍ਹਿਆ ਬਸ ਐਵੇਂ ਕਦੀ ਕਦਾਈ ਕਿਧਰੇ ਨਾ ਕਿਧਰੇ ਨਿੱਕਾ-ਮੋਟਾ ਸਿਆਪਾ ਪੈ ਜਾਂਦਾ ਏ।''
ਕੱਲ ਦੀ ਗੱਲ ਏ ਮੇਰੇ ਕੋਲ ਇਕ ਬੁੱਢੜੀ ਆਪਣੇ ਪੁੱਤ ਦੀ ਲਾਸ਼ ਚੁੱਕ ਕੇ ਲਿਆਈ ਤੇ ਕਹਿਣ ਲੱਗੀ, ''ਇਹਦੇ ਕਲਬੂਤ ਵਿਚ ਜਿੰਦ ਪਾ ਦਿਓ।''
''ਮੈਂ ਉਹਦੇ ਕੋਲੋਂ ਪੁਛਿਆ ਤੇਰਾ ਪੁੱਤ ਕਿਉਂ ਮਰਿਆ?''
ਕਹਿਣ ਲੱਗੀ, ''ਸਾਡੇ ਕਬੀਲੇ ਤੇ ਗਵਾਂਢੀ ਕਬੀਲੇ ਕਵੱਲਿਆ ਵਿਚ ਇਕ ਏਹੋ ਜਿਹੇ ਪੜਾੜ ਦੀ ਮਲਕੀਅਤ ਬਾਰੇ ਲੜਾਈ ਚੱਲ ਰਹੀ ਏ ਜੋ ਦੋਹਾਂ ਧਿਰਾਂ ਦੀ ਮਲਕੀਅਤ ਨਹੀਂ ਉਥੇ ਰਹਿਣ ਵਾਲੇ ਵਾਸੀਆਂ ਦੀ ਮਲਕੀਅਤ ਏ। ਹੁਣ ਇਕ ਕਬੀਲਾ ਕਹਿੰਦਾ ਏ ਕਿ ਇਹ ਪਹਾੜ ਮੇਰਾ ਏ ਜਦ ਕਿ ਦੂਜਾ ਕਹਿੰਦਾ ਏ ਇਹ ਮੇਰਾ ਏ। ਏਸ ਮੇਰੇ ਤੇਰੇ ਦੇ ਝਗੜੇ ਵਿਚ ਈ ਕੋਈ ਨਾ ਕੋਈ ਬੰਦਾ ਫੜ੍ਹ ਹੁੰਦਾ ਏ। ਏਸੇ ਝਗੜੇ ਕਾਰਨ ਅੱਜ ਮੇਰਾ ਪੁੱਤਰ ਮਰ ਗਿਆ ਏ। ਮੇਰਾ ਇਕੋ ਈ ਪੁੱਤ ਸੀ, ਇਹਦੇ ਵਿਚ ਸਾਹ ਪਾ ਦਿਓ।''
''ਮੈਂ ਬੁੱਢੜੀ ਨੂੰ ਆਖਿਆ! ਤੂੰ ਨਾਲ ਦੇ ਸ਼ਹਿਰ ਵਿਚ ਟੁਰ ਜਾ। ਉਥੇ ਦੇ ਇਕ ਅਜਿਹੇ ਘਰ ਵਿਚੋਂ ਸਰ੍ਹੋਂ ਦੇ ਬੀ ਦੀ ਮੁੱਠ ਭਰ ਕੇ ਲਿਆ ਜਿਸ ਘਰ ਦਾ ਕੋਈ ਜੀ ਕਦੀ ਨਾ ਮਰਿਆ ਹੋਵੇ।'' ਬੁੱਢੜੀ ਨੇ ਇਕ-ਇਕ ਘਰ ਭਾਲਿਆ ਪਰ ਉਹਨੂੰ ਕੋਈ ਵੀ ਘਰ ਅਜਿਹਾ ਨਾ ਮਿਲਿਆ ਜਿਸ ਦਾ ਕੋਈ ਜੀ ਨਾ ਮਰਿਆ ਹੋਵੇ। ਉਹ ਚੁੱਪ ਕਰਕੇ ਮੁੜ ਆਈ। ਮੈਂ ਉਹਨੂੰ ਆਖਿਆ, ''ਹਰ ਜੀ ਨੇ ਮਰਨਾ ਏ ਪਰ ਇੰਜ ਨਹੀਂ ਮਰਨਾ ਜਿਵੇਂ ਸਾਕੀਆ ਤੇ ਕਵੱਲਿਆ ਕਬੀਲੇ ਦੇ ਜਵਾਨ ਪਏ ਮਰਦੇ ਨੇ। ਮੌਤ ਤੇ ਹਰ ਬੰਦੇ ਤੇ ਵਾਜਬ ਏ। ਮਰਨੋਂ ਬਾਝ ਛੁਟਕਾਰਾ ਨਹੀਂ ਪਰ ਇਕ ਦੂਜੇ ਨਾਲ ਲੜਣਾ, ਉਹਨਾਂ ਨੂੰ ਦੁੱਖ ਦੇਣਾ, ਜਾਂ ਕਤਲ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ।''
ਉਹਦੀ ਮਤਰੇਈ ਮਾਂ ਕਰਿਸ਼ਮਾ ਗੌਤਮੀ ਨੇ ਆਖਿਆ, ''ਜਿਵੇਂ ਤੂੰ ਭਿੱਖਸ਼ੂਆਂ ਦੀ ਜਮਾਤ ਉਸਾਰੀ ਏ ਉਵੇਂ ਈ ਤੀਵੀਆਂ ਦੀ ਵੀ ਇਕ ਜਮਾਤ ਦੀ ਵੀ ਲੋੜ ਏ।''
ਗੌਤਮ ਨੇ ਉਹਨੂੰ ਆਖਿਆ, ''ਨਿੱਤ ਦੀਆਂ ਲਾਮਾਂ ਲੜ-ਲੜ ਕੇ ਮਰਦਾਂ ਦੀ ਗਿਣਤੀ ਤੀਵੀਆਂ ਨਾਲੋਂ ਘੱਟ ਰਹੀ ਏ। ਇਹਦੇ ਵਿਚ ਸਾਰਾ ਕਸੂਰ ਮਰਦਾਂ ਦਾ ਏ। ਲੜਾਈ ਦਾ ਸਭ ਨਾਲੋਂ ਜ਼ਿਆਦਾ ਅਸਰ ਤੀਵੀਆਂ ਉਤੇ ਹੁੰਦਾ ਏ। ਸਾਡੇ ਵਸੇਬ ਤੇ ਸਮਾਜ ਦੀ ਉਸਾਰੀ ਵਿਚ ਤੀਵੀਆਂ ਵੀ ਓਨਾ ਈ ਭਰਪੂਰ ਹਿੱਸਾ ਪਾ ਸਕਦੀਆਂ ਨੇ ਜਿੰਨਾ ਕਿ ਮਰਦ।''
ਕਪਲ-ਵਸਤੂ ਦਾ ਰਾਜਪਾਟ, ਰਾਜਕੁਮਾਰੀ ਯਸ਼ੋਧਰਾ ਤੇ ਨਿੱਕੇ ਜਿਹੇ ਰਾਹੁਲ ਨੂੰ ਸੁੱਤਿਆਂ ਛੱਡ ਕੇ ਬੇਲੇ ਟੁਰ ਜਾਣ ਵਾਲਾ ਗੌਤਮ ਤਿੰਨ ਦਿਨ ਪਹਿਲਾਂ ਬਿਲਕੁੱਲ ਜਿਉਂਦਾ ਜਾਗਦਾ ਸੀ।
ਉਹ ਕੋਈ ਪੈਗੰਬਰ ਨਹੀਂ ਸੀ, ਨਾ ਈ ਕਿਸੇ ਧਰਮ ਦੀ ਨੀਂਹ ਰੱਖਣ ਵਾਲਾ ਕੋਈ ਅਵਤਾਰ। ਉਹ ਤਾਂ ਆਪਣੀਆਂ ਇੱਛਾਵਾਂ ਨੂੰ ਤਿਆਗਣ ਵਾਲਾ ਅਜਿਹਾ ਰਾਜਕੁਮਾਰ ਸੀ ਜਿਹੜਾ ਆਪਣੀ ਸ਼੍ਰੇਣੀ ਛੱਡ ਕੇ ਆਮ ਲੋਕਾਈ ਵਿਚ ਆਣ ਰਲਿਆ ਤੇ ਗਿਆਨ ਹਾਸਲ ਕਰਨ ਲਈ ਜੰਗਲ ਬੇਲੇ ਘੁੰਮਣ ਲੱਗ ਪਿਆ। ਕਹਿੰਦੇ ਨੇ ਜ਼ਰ, ਜ਼ਮੀਨ ਮਨੁੱਖੀ ਜੀਵਨ ਦੀਆਂ ਵੱਡੀਆਂ ਲੋੜਾਂ ਨੇ।
ਕਈ ਬੰਦੇ ਚੰਗੇ ਜਾਂ ਮੰਦੇ ਢੰਗ ਨਾਲ ਇਹਨਾਂ ਨੂੰ ਹਾਸਲ ਕਰਨ ਦੀ ਲੜਾਈ ਵਿਚ ਪੂਰੀ ਤਰ੍ਹਾਂ ਜ਼ਿੰਦਗੀ ਵਿਚ ਜੁੱਪੇ ਰਹਿੰਦੇ ਨੇ। ਗ਼ੌਤਮ ਨੇ ਜੂਨ, ਜ਼ਰ ਤੇ ਜ਼ਮੀਨ ਤੇ ਨਾਲ ਇਕ ਨਵੇਂ ਜੰਮੇ ਪੁੱਤ ਨੂੰ ਵੀ ਛੱਡ ਦਿੱਤਾ। ਸ਼ਾਇਦ ਸੱਚ ਨੂੰ ਹਾਸਲ ਕਰਨਾ ਉਹਦੇ ਲਈ ਇਹਨਾਂ ਸਾਰੀਆਂ ਲੋੜਾਂ ਤੋਂ ਜ਼ਿਆਦਾ ਜ਼ਰੂਰੀ ਸੀ।
''ਹਾਂ! ਹਾਂ! ਬਸ ਤਿੰਨ ਦਿਨ ਪਹਿਲਾਂ ਦੀ ਗੱਲ ਏ ਉਹ ਬਿਲਕੁੱਲ ਜਿਉਂਦਾ ਜਾਗਦਾ ਸਾਡੇ ਮੁਹੱਲੇ ਵਿਚੋਂ ਲੰਘਿਆ ਸੀ। ਉਹ ਕੱਲਾ ਨਹੀਂ ਸੀ ਸਗੋਂ ਉਹਦੇ ਨਾਲ ਸੱਚ ਨੂੰ ਭਾਲਣ ਵਾਲਿਆਂ ਦੀ ਇਕ ਪੂਰੀ ਢਾਣੀ ਸੀ ਜੋ ਬੀਹੇ ਦੀ ਬੂਹੇ-ਬੂਹੇ ਜਾ ਕੇ ਕੁੰਡੀ ਖੜਕਾਉਂਦੇ ਤੇ ਭਿੱਖਿਆ ਵਿਚ ਜੋ ਕੁਝ ਵੀ ਮਿਲਦਾ ਉਹਨੂੰ ਰਲ਼ ਕੇ ਖਾ ਲੈਂਦੇ। ਉਹ ਸਾਰੇ ਇਕੋ ਜਿਹੇ ਸਨ। ਨੰਗੇ ਸਿਰ, ਨੰਗੇ ਪੈਰ ਤੇ ਥੋੜ੍ਹੇ ਜਿਹੇ ਕੇਸਰੀ ਲੀੜਿਆਂ ਨਾਲ ਆਪਣੇ ਆਪਣੇ ਪਿੰਡੇ ਨੂੰ ਲੁਕਾਇਆ ਹੋਇਆ ਸੀ।''
ਮੈਂ ਗੌਤਮ ਨੂੰ ਪੁੱਛਿਆ, ''ਬਾਬਾ! ਤੂੰ ਚੰਮ ਦੀਆਂ ਜੁੱਤੀਆਂ ਦੀ ਥਾਂ ਲੱਕੜ ਦੀਆਂ ਖੜਾਵਾਂ ਕਿਉਂ ਪਾਈਆਂ ਹੋਈਆਂ ਨੇ? ਤੇਰੇ ਪੈਰ ਨਹੀਂ ਦੁੱਖਦੇ?'' ਉਹਦੇ ਸੁੱਕੇ ਹੋਏ ਬੁੱਲ੍ਹ ਕੰਬੇ ਅਤੇ ਇਕ ਨਰਮ ਜਿਹੀ ਆਵਾਜ਼ ਆਈ, ''ਖੜਾਵਾਂ ਪਾਉਣ ਦਾ ਕਾਰਨ ਇਹ ਏ ਕਿ ਇਹਨਾਂ ਦੀ ਆਵਾਜ਼ ਸੁਣ ਕੇ ਕੀੜੇ-ਕੀੜੀਆਂ ਤੇ ਸੱਪ-ਠੂੰਹੇਂ ਇੱਧਰ-ਉਧਰ ਹੋ ਜਾਣ ਤੇ ਮੇਰੇ ਪੈਰਾਂ ਹੇਠ ਆ ਕੇ ਮਰਨ ਤੋਂ ਬਚ ਜਾਣ।''
''ਤੁਹਾਡੇ ਮੂੰਹ ਉਤੇ ਦੁੱਖ ਤੇ ਥਕੇਵਾਂ ਕਾਹਦਾ ਏ?'' ਮੈਂ ਪੁੱਛਿਆ।
''ਦੁਨੀਆਂ ਦੁੱਖਾਂ ਦਾ ਘਰ ਏ। ਇੱਥੇ ਕੌਣ ਹੈ ਜੋ ਸੁਖੀ ਏ। ਸਿਰਫ਼ ਉਹੀ ਸੁਖੀ ਏ ਜਿਸਦੇ ਅਮਲ ਚੰਗੇ ਹਨ ਜੋ ਦੁਨੀਆਂ ਨੂੰ ਦੁੱਖ ਨਹੀਂ ਦੇਂਦੇ। ਮੈਂ ਗਵਾਂਢ ਦੀ ਰਿਆਸਤ ਨੂੰ ਜਾ ਰਿਹਾਂ। ਸੁਣਿਆ ਏ ਉਥੇ ਦੇ ਵਾਸੀ ਦੁੱਖ, ਭੁੱਖ ਤੇ ਬੀਮਾਰੀਆਂ ਵਿਚ ਫਸੇ ਹੋਏ ਨੇ।''
ਤੇ ਉਹ ਅਮਨ, ਸੁੱਖ ਤੇ ਚੈਨ ਦਾ ਸੁਨੇਹਾ ਲੈ ਕੇ ਗਵਾਂਢੀ ਰਿਆਸਤ ਵੱਲ ਵਧਿਆ। ਉਹਨੇ ਵੇਖਿਆ ਰਿਆਸਤ ਦੇ ਹਰ ਵਾਸੀ ਨੇ ਆਪਣੇ ਗ਼ਲ ਵਿਚ ਹਾਰਾਂ ਤੇ ਕਿਤਾਬਾਂ ਦੀ ਥਾਂ ਲੋਹੇ ਦੇ ਕੜੇ ਜਿਹੇ ਪਾਏ ਹੋਏ ਨੇ ਜਿਹਨਾਂ ਨੂੰ ਉਹ ਸੰਕੂਕ ਦਾ ਨਾਂ ਦੇਂਦੇ ਸਨ। ਹਰ ਪਾਸਿਓਂ ਬਾਰੂਦ ਦੀ ਬਦਬੂ ਤੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਲੋਕੀ ਦੁੱਖ ਤੇ ਭੁੱਖ ਦੇ ਮਾਰੇ ਹਾਏ-ਹਾਏ ਕਰ ਰਹੇ ਸਨ। ਪਹਿਲੇ ਦੂਜੇ ਦੇਸ਼ਾਂ ਵੱਲ ਨੱਸ ਗਏ ਸਨ। ਬਾਕੀ ਮਰ ਗਏ ਸਨ। ਜੋ ਜ਼ਿੰਦਾ ਸਨ ਉਹ ਮਰਿਆਂ ਨਾਲੋਂ ਵੀ ਭੈੜੀ ਹਾਲਤ ਵਿਚ ਸਨ। ਨਿੱਤ ਨਿੱਤ ਦੀ ਲੜਾਈ ਨੇ ਕਿਸੇ ਦੀ ਲੱਤ, ਕਿਸੇ ਦੀ ਅੱਖ, ਕਿਸੇ ਦਾ ਹੱਥ ਵੰਜਾਹ ਛੱਡਿਆ ਸੀ।
ਗੌਤਮ ਨੇ ਰਾਹ ਜਾਂਦੇ ਇਕ ਬੰਦੇ ਨੂੰ ਪੁੱਛਿਆ, ''ਭਾਈ ਕੀਹ ਗੱਲ ਏ ਤੁਹਾਡੀ ਰਿਆਸਤ ਵਿਚ ਏਡੀ ਵਿਰਾਨੀ ਕਾਹਨੂੂੰ ਏ? ਕੋਈ ਬੱਚਾ, ਕੋਈ ਤੀਵੀਂ, ਕੋਈ ਜਵਾਨ ਨਜ਼ਰ ਨਹੀਂ ਆਉਂਦਾ। ਜੇ ਕੋਈ ਹੈ ਵੀ ਤਾਂ ਉਹ ਨਾ ਹੋਇਆਂ ਵਰਗਾ ਲੱਗਦਾ ਏ। ਨਾਲੇ ਤੁਸੀਂ ਇਕ ਦੂਜੇ ਨਾਲ ਕਿਉਂ ਲੜਦੇ ਓ? ਲੜਨਾ ਭਿੜਣਾ ਬੰਦ ਕਰੋ; ਤੁਸੀਂ ਦੁੱਖਾਂ ਦਰਦਾਂ, ਭੁੱਖਾਂ, ਬੀਮਾਰੀਆਂ ਨਾਲ ਕਿਉਂ ਨਹੀਂ ਲੜਦੇ?''
''ਇੰਜ ਲੱਗਦਾ ਏ ਜਿਵੇਂ ਤੂੰ ਸਾਡੀ ਰਿਆਸਤ ਵਿਚ ਪਹਿਲੀ ਵਾਰ ਵੜ੍ਹਿਆ ਏਂ! ਸ਼ਾਇਦ ਤੈਨੂੰ ਪਤਾ ਨਹੀਂ ਕਿ ਇੱਥੇ ਸਿਰਫ ਸਾਡੇ ਧਰਮ ਨੂੰ ਮੰਨਣ ਵਾਲੇ ਹੀ ਰਹਿ ਸਕਦੇ ਨੇ। ਮੈਨੂੰ ਲੱਗਦਾ ਏ ਤੂੰ ਕਿਸੇ ਹੋਰ ਧਰਮ ਦਾ ਬੰਦਾ ਏਂ?''
''ਨਾ ਮੇਰਾ ਕੋਈ ਧਰਮ ਏ ਤੇ ਨਾ ਈ ਮੈਂ ਕਿਸੇ ਧਰਮ ਦੇ ਵਿਰੁੱਧ ਆਂ। ਸਾਰੇ ਧਰਮ ਨੇਕੀ ਦਾ ਪੈਗਾਮ ਦਿੰਦੇ ਨੇ। ਮੈਂ ਤੇ ਬੰਦੇ ਦੀ ਜ਼ਿੰਦਗੀ ਨੂੰ ਸਿਰਫ਼ ਚਾਰ ਚੀਜ਼ਾਂ ਵਿਚ ਵੰਡਿਆ ਏ। ਭੁੱਖ, ਬੁਢਾਪਾ, ਬੀਮਾਰੀ ਤੇ ਮੌਤ। ਇਸ ਤੋਂ ਵੱਧ ਕੇ ਬੰਦਾ ਹੋਰ ਕੁੱਝ ਨਹੀਂ। ਜਿਹਨੇ ਇਹਨਾਂ ਚਾਰਾਂ ਨੂੰ ਪਾ ਲਿਆ, ਸੱਚ ਤੋਂ ਵੱਡੀ ਸ਼ੈਅ ਹੋਰ ਕੀ ਹੋ ਸਕਦੀ ਏ।'' ਏਨਾਂ ਸੁਣਿਆ ਸੀ ਕਿ ਉਸ ਬੰਦੇ ਨੇ ਰੌਲਾ ਪਾ ਦਿੱਤਾ ਤੇ ਵੇਖਦਿਆਂ ਈ ਵੇਖਦਿਆਂ ਉਹਦੇ ਵਰਗੇ ਚੋਖੇ ਸਾਰੇ ਬੰਦੇ ਕੱਠੇ ਹੋ ਗਏ।
ਇਕ ਦੂਸਰੀ ਢਾਣੀ ਨੇ ਪੁੱਛਿਆ, ਕੀਹ ਗੱਲ ਏ? ਭਗਵੇਂ ਕੱਪੜਿਆਂ ਵਾਲਾ ਸਾਧੂ ਕੌਣ ਏ ਤੇ ਤੁਸੀਂ ਸਾਰੇ ਇਹਦੇ ਪਿੱਛੇ ਕਿਉਂ ਪਏ ਓ?''
''ਨਾਲ ਦੀ ਰਿਆਸਤ ਦਾ ਕੋਈ ਜੋਗੀ ਸਾਡੀ ਬੁੱਧੀ ਨੂੰ ਖਰਾਬ ਕਰਨ ਲਈ ਸੋਹਣੀਆਂ ਅਕਲੀ ਬਾਂਦਰ-ਬਾਂਦਰੀਆਂ ਵਿਖਾ ਕੇ ਸਾਨੂੰ ਬੇਖ਼ੌਫ਼ ਬਣਾਉਣ ਡੇਹਾ ਏ।''
''ਇਹਨੂੰ ਛੱਡ ਦਿਓ। ਇਹਨੇ ਕੋਈ ਵੀ ਮਾੜੀ ਗੱਲ ਮੂੰਹੋਂ ਨਹੀਂ ਕੱਢੀ, ਇਹ ਠੀਕ ਕਹਿੰਦਾ ਏ।'' ਇਕ ਬੰਦੇ ਨੇ ਆਖਿਆ।
''ਤੂੰ ਸਾਡੇ ਧਰਮ ਦਾ ਹੋ ਕੇ ਸਾਨੂੰ ਕੁਰਾਹੇ ਪਾ ਰਿਹਾ ਏਂ?'' ਵਿਚੋਂ ਇਕ ਹੋਰ ਬੋਲਿਆ।
''ਗੱਲ ਧਰਮ ਦੀ ਨਹੀਂ, ਸੱਚ ਦੀ ਸਿੱਖਿਆ ਦਿੰਦੇ ਆਏ ਨੇ।'' ਉਹਨੇ ਆਖਿਆ ਪਰ ਉਸ ਦੀ ਗੱਲ ਕਿਸੇ ਨਾ ਸੁਣੀ ਤੇ ਸਾਰੇ ਗ਼ੌਤਮ ਨੂੰ ਧਰੂੰਦਿਆਂ ਇਕ ਵੱਡੀ ਪਹਾੜੀ ਦੇ ਲਾਗੇ ਲੈ ਗਏ। ਫੇਰ ਇਕ ਜ਼ੋਰ ਦਾ ਧਮਾਕਾ ਹੋਇਆ ਤੇ ਜਦੋਂ ਧੂੜ ਬੈਠੀ ਤਾਂ ਪਹਾੜ ਦੇ ਚਾਰੇ ਪਾਸੇ ਗੌਤਮ ਦੇ ਹੱਥ ਖਿੱਲਰੇ ਹੋਏ ਸਨ।
ਹਾਲੀ ਤਿੰਨ ਦਿਨ ਪਹਿਲਾਂ ਤੀਕਰ ਉਹ ਜੋਗੀ ਰਾਜਕੁਮਾਰ ਜਿਉਂਦਾ ਜਾਗਦਾ ਸੀ। ਉਹਦੇ ਮੂੰਹ ਤੇ ਸੱਚ ਦਾ ਨੂਰ ਲਸ਼-ਲਸ਼ ਪਿਆ ਕਰਦਾ ਸੀ। ਗੌਤਮ, ਜਿਹਨੂੰ ਭੁੱਖ, ਇਕਲਾਪਾ ਤੇ ਵੀਰਾਨੀ ਦੇ ਨਾਲ ਨਾਲ ਸਦੀਆਂ ਦੇ ਹਨ੍ਹੇਰੇ ਵਿਚ ਡੁੱਬੀ ਤਾਰੀਖ਼ ਵੀ ਕਤਲ ਨਾ ਕਰ ਸਕੀ, ਗਵਾਂਢੀ ਰਿਆਸਤ ਦੇ ਕੁੱਝ ਬੰਦਿਆਂ ਹੱਥੋਂ ਕਤਲ ਹੋ ਗਿਆ।
ਸੁਣਿਆ ਏ ਉਸ ਰਿਆਸਤ ਵਿਚ ਅਮਨ ਤੇ ਭੁੱਖ ਚੈਨ ਦੀਆਂ ਨਿਸ਼ਾਨੀਆਂ ਇਨਸਾਨੀਅਤ ਦਾ ਇਤਬਾਰ ਬਣਿਆ ਸੀ। ਹੁਣ ਉਹਨਾਂ ਬਦਨਸੀਬਾਂ ਤੇ ਕੋਈ ਕੀਹ ਇਤਬਾਰ ਕਰੇਗਾ ਜੋ ਨੇਕ ਬੰਦਿਆਂ ਦੇ ਕਤਲ ਨੂੰ ਵੀ ਸ਼ਵਾਬ ਦਾ ਨਾਂ ਦੇਂਦੇ ਪਏ ਨੇ।

  • ਮੁੱਖ ਪੰਨਾ : ਕਹਾਣੀਆਂ, ਤੌਕੀਰ ਚੁਗ਼ਤਾਈ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ