Ghuggi Ate Sapp : Rajasthani Lok Kahani

ਘੁੱਗੀ ਅਤੇ ਸੱਪ : ਰਾਜਸਥਾਨੀ ਲੋਕ ਕਥਾ

ਇੱਕ ਸੀ ਭੋਲੀ ਭਾਲੀ ਘੁੱਗੀ। ਸੰਘਣੇ ਫੈਲੇ ਪਿੱਪਲ ਦੀ ਇੱਕ ਖੋੜ ਵਿੱਚ ਸੀ ਉਸਦਾ ਆਹਲਣਾ। ਹਰ ਸਾਲ ਇਸ ਵਿੱਚ ਆਂਡੇ ਦਿੰਦੀ। ਪੂਰੇ ਪਿਆਰ ਅਤੇ ਮਮਤਾ ਨਾਲ ਉਹ ਅੰਡਿਆਂ ਨੂੰ ਨਿਘੇ ਰਖਦੀ ਪਰ ਕਿਸਮਤ ਖ਼ਰਾਬ, ਪਿੱਪਲ ਦੀ ਜੜ ਵਿੱਚ ਖੁੱਡ ਅੰਦਰ ਇੱਕ ਪਾਪੀ ਕਾਲਾ ਸੱਪ ਵੀ ਰਹਿੰਦਾ ਸੀ। ਨਿੱਕੇ ਨਿੱਕੇ ਬੱਚਿਆਂ ਦੇ ਖੰਭ ਆਉਣ ਹੀ ਲਗਦੇ ਕਿ ਉਦੀਂ ਖਾ ਜਾਂਦਾ। ਘੁੱਗੀ ਵਿਚਾਰੀ ਖ਼ੂਨ ਦੇ ਹੰਝੂ ਵਹਾਉਂਦੀ, ਮਿੰਨਤਾਂ ਕਰਦੀ, ਹੱਥ ਜੋੜਦੀ ਕਿ ਬੱਚੇ ਨਾ ਖਾਹ। ਹਰ ਵਾਰ ਸੱਪ ਕਿਹਾ ਕਰਦਾ- ਉਹੋ, ਐਤਕਾਂ ਵੱਡੀ ਭੁੱਲ ਹੋ ਗਈ। ਅੱਗੇ ਤੋਂ ਖ਼ਿਆਲ ਰੱਖੂੰਗਾ। ਕਿਧਰਿਉਂ ਹੋਰ ਕੁਝ ਖਾ ਲਊਂਗਾ ਪਰ ਤੂੰ ਕਿਤੇ ਹੋਰ ਥਾਂ ਨਾ ਜਾਈਂ। ਤੇਰੇ ਬੱਚਿਆਂ ਨੂੰ ਬਾਜ ਜਾਂ ਇੱਲਾਂ ਵੀ ਤਾਂ ਖਾ ਸਕਦੀਆਂ ਨੇ, ਮੈਂ ਉਨ੍ਹਾਂ ਤੋਂ ਬਚਾਊਂਗਾ, ਰਾਖੀ ਰੱਖਿਆ ਕਰੂੰਗਾ। ਘੁੱਗੀ ਸੀ ਵਿਚਾਰੀ ਸਾਊ, ਯਕੀਨ ਕਰ ਲੈਂਦੀ ਸੱਪ ਤੇ, ਉਥੀ ਰਹੀ ਜਾਂਦੀ ਪਰ ਨਾਗ ਤਾਂ ਨਾਗ ਸੀ, ਹਰ ਵਾਰ ਧੋਖਾ ਕਰਦਾ।

ਜਦੋਂ ਵਿਚਾਰੀ ਘੁੱਗੀ ਦੀ ਹੋਰ ਪੇਸ਼ ਨਾ ਗਈ, ਉਸਨੇ ਪਿੱਪਲ ਛੱਡ ਦਿੱਤਾ, ਦੂਜੇ ਪਿੱਪਲ ਉੱਪਰ ਆਹਲਣਾ ਪਾ ਲਿਆ। ਵੱਡੇ ਵੱਡੇ ਮੋਤੀਆਂ ਵਰਗੇ ਪੰਜ ਆਂਡੇ ਦਿੱਤੇ। ਦਿਨ ਰਾਤ ਪਹਿਰਾ ਦਿੰਦੀ, ਨਿੱਘ ਦਿੰਦੀ। ਭੁਖੀ ਮਰੀ ਜਾਂਦੀ, ਚੋਗਾ ਚੁਗਣ ਵੀ ਨਾ ਜਾਂਦੀ। ਸਮਾਂ ਪੂਰਾ ਹੋਇਆ, ਗ਼ੁਲਾਬ ਦੇ ਫੁੱਲਾਂ ਵਰਗੇ ਪੰਜ ਬੱਚੇ ਨਿਕਲ ਆਏ। ਘੁੱਗੀ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾਂ। ਬੱਚਿਆਂ ਨੂੰ ਮੋਤੀਆਂ ਦਾ ਚੋਗਾ ਚੁਗਾਂਦੀ, ਮਿੱਠੇ ਗੀਤ ਸੁਣਾਉਂਦੀ। ਬੱਚਿਆਂ ਦੇ ਖੰਭ ਨਿਕਲਣ ਲੱਗੇ ਸਨ ਕਿ ਉਹੀ ਪਾਪੀ ਸੱਪ ਲਭਦਾ ਲਭਾਂਦਾ ਇਸ ਪਿੱਪਰ ਉੱਪਰ ਚੜ੍ਹ ਆਇਆ। ਗ਼ੁੱਸੇ ਨਾਲ ਜ਼ਹਿਰ ਉਗਲਦਾ, ਫੁੰਕਾਰੇ ਮਾਰਦਾ ਆਹਲਣੇ ਵਾਲੀ ਟਾਹਣੀ ਤੱਕ ਪੁੱਜ ਗਿਆ। ਸੱਪ ਦਾ ਫੁੰਕਾਰਾ ਸੁਣ ਕੇ ਘੁੱਗੀ ਦੇ ਗੀਤ ਉੱਪਰ ਤਾਂ ਜਿਵੇਂ ਬਿਜਲੀ ਡਿੱਗੀ ਹੋਵੇ। ਮੌਤ ਇਸ ਦੇ ਸਾਹਮਣੇ ਕੀ? ਮੌਤ ਤੋਂ ਹਜ਼ਾਰ ਗੁਣਾ ਵਧ ਡਰੀ। ਬੋਲੀ ਕੁਝ ਨਹੀਂ, ਮਰੀਆਂ ਮਰੀਆਂ ਅੱਖਾਂ ਨਾਲ ਸੱਪ ਵੱਲ ਦੇਖਦੀ ਰਹੀ। ਪਰ ਸੱਪ ਨੇ ਚੁੱਪ ਥੋੜ੍ਹਾ ਰਹਿਣਾ ਸੀ? ਬੋਲਿਆ- ਤੂੰ ਲੁਕ ਛਿਪ ਕੇ ਇੱਥੇ ਭੱਜ ਆਈ। ਪਗਲੀ ਇਹ ਦੱਸ ਮੌਤ ਦੀਆਂ ਅੱਖਾਂ ਤੋਂ ਕੋਈ ਛਿਪ ਸਕਦਾ ਹੈ? ਬੋਲ, ਹੁਣ ਕਿੱਥੇ ਜਾਏਂਗੀ! ਇਸ ਵਾਰੀ ਬੱਚੇ ਬੜੇ ਸੁਹਣੇ ਤੰਦਰੁਸਤ ਦਿੱਤੇ। ਖਾਣ ਦਾ ਮਜ਼ਾ ਆ ਜਾਊ ਇੱਕ ਵੇਰ।

ਡਰਾਉਣੇ ਖ਼ਤਰਨਾਕ ਜਾਨਵਰ ਦੀ ਸ਼ਕਲ ਦੇਖ ਕੇ ਅਤੇ ਬੋਲ ਸੁਣਕੇ ਬੱਚਿਆਂ ਦੇ ਤਾਂ ਹੋਸ਼ ਉੱਡ ਗਏ। ਚੁੰਝਾਂ ਖੰਭਾਂ ਵਿੱਚ ਲੁਕੋ ਲਈਆਂ। ਚਾਰੇ ਪਾਸੇ ਉਡਦੀ ਫਿਰਦੀ ਘੁੱਗੀ ਨੇ ਮੀਂਹ ਵਾਂਗ ਹੰਝੂ ਵਹਾਏ ਪਰ ਸੱਪ ਦਾ ਜ਼ਹਿਰੀਲਾ ਮਨ ਕਿੱਥੇ ਪਸੀਜਦਾ? ਵਿਚਾਰੀ ਦਾ ਮੌਤ ਅੱਗੇ ਕੀ ਜ਼ੋਰ? ਰੋ ਰੋ ਮਿੰਨਤ ਕਰਨ ਬਿਨਾਂ ਹੋਰ ਕੋਈ ਰਸਤਾ ਨਹੀਂ। ਪਰ ਸੱਪ ਨੂੰ ਉਸਦੇ ਰੋਣ ਧੋਣ ਨਾਲ ਕੀ ਵਾਸਤਾ? ਰਹਿਮ ਤਰਸ ਦੇ ਬੰਧਨ ਮੌਤ ਕਦੋਂ ਮਨਜ਼ੂਰ ਕਰਦੀ ਹੈ? ਥੱਕ ਹਾਰ ਕੇ ਦੁਸ਼ਟ ਨਾਗ ਅੱਗੇ ਉਸ ਨੇ ਆਖ਼ਰੀ ਮਿੰਨਤ ਕੀਤੀ: ਅੱਜ ਮੈਂ ਸੋਮਵਾਰੀ ਮੱਸਿਆ ਦਾ ਵਰਤ ਰੱਖਿਆ ਹੋਇਆ ਹੈ। ਅੱਜ ਦੇ ਦਿਨ ਮੇਰੀਆਂ ਆਂਦਰਾਂ ਨਾ ਸਾੜ। ਤੈਨੂੰ ਵੱਡਾ ਪਾਪ ਲੱਗੇਗਾ ਇਸਦਾ। ਇੱਕ ਦਿਨ ਦਾ ਕੀ ਹੈ, ਕੱਲ੍ਹ ਨੂੰ ਖਾ ਲਵੀਂ!

ਸੱਪ ਨੇ ਵੀ ਕਿਤੋਂ ਸੁਣਿਆ ਹੋਇਆ ਸੀ ਕਿ ਸੋਮਵਾਰੀ ਮੱਸਿਆ ਦੇ ਦਿਨ ਪਾਪ ਕਰਨਾ ਬਹੁਤ ਮਹਿੰਗਾ ਪੈਂਦਾ ਹੈ। ਕਹਿਣ ਲੱਗਾ- ਚਲੋ ਕੋਈ ਗੱਲ ਨਹੀਂ। ਮੈਨੂੰ ਬਹੁਤੀ ਕੀ ਕਾਹਲ? ਅੱਜ ਨਹੀਂ ਤਾਂ ਕੱਲ੍ਹ ਸਹੀ। ਅੱਜ ਤੇਰੀ ਗੱਲ ਮੰਨ ਕੇ ਮੈਂ ਭੁੱਖਾ ਚਲਾ ਜਾਨਾ ਫਿਰ। ਪਰ ਯਾਦ ਰੱਖੀਂ, ਕੱਲ੍ਹ ਨੂੰ ਨਹੀਂ ਮੈਂ ਛੱਡਣੇ ਤੇਰੇ ਬੱਚੇ। ਨਾਲੇ ਪਾਗ਼ਲਾਂ ਵਾਂਗ ਰੋਣ ਧੋਣ ਨਾ ਕਰਿਆ ਕਰ। ਖਾਣ ਦਾ ਮੇਰਾ ਸਾਰਾ ਸੁਆਦ ਕਿਰਕਿਰਾ ਹੋ ਜਾਂਦੈ। ਘੁੱਗੀ ਦਾ ਵਿਚਾਰੀ ਦਾ ਕੀ ਜ਼ੋਰ? ਅੱਖਾਂ ਪੂੰਝ ਕੇ ਬੋਲੀ- ਠੀਕ ਐ। ਤੈਨੂੰ ਬੁਰੀ ਲਗਦੀ ਆਂ ਤਾਂ ਨਹੀਂ ਰੋਂਦੀ। ਸੱਪ, ਬੱਚਿਆਂ ਦੇ ਗੁਲਾਬੀ ਰੰਗ ਨੂੰ ਦੇਖਦਾ ਦੇਖਦਾ ਹੇਠਾਂ ਉੱਤਰ ਕੇ ਖੁੱਡ ਵਿੱਚ ਛੁਪ ਕੇ ਬੈਠ ਗਿਆ।

ਘੁੱਗੀ ਦਾ ਜ਼ੋਰ ਆਪਣੀਆਂ ਅੱਖਾਂ ਉੱਤੇ, ਆਪਣਿਆਂ ਹੰਝੂਆਂ ਉੱਪਰ। ਹੋਰ ਕੀ ਕਰਦੀ? ਆਲ੍ਹਣੇ ਵਿੱਚ ਬੈਠੀ ਹੰਝੂ ਵਹਾਉਣ ਲੱਗੀ। ਇਸ ਵੇਲੇ ਵੀ ਨਾ ਵਹਾਏ ਫਿਰ ਹੰਝੂਆਂ ਦਾ ਕਰਨਾ ਵੀ ਕੀ? ਕੁਦਰਤੀ ਇੱਕ ਕਬੂਤਰ ਉਡਦਾ ਉਡਦਾ ਆ ਕੇ ਉਸੇ ਟਾਹਣੀ ਤੇ ਬੈਠ ਗਿਆ ਜਿੱਥੇ ਘੁੱਗੀ ਰੋ ਰਹੀ ਸੀ। ਪੁੱਛਿਆ- ਕੀ ਗੱਲ ਹੋਈ ਭੈਣ? ਰੋ ਕਿਉਂ ਰਹੀ ਹੈਂ? ਤੇਰਾ ਰੋਣਾ ਦੇਖਿਆ ਨਹੀਂ ਜਾਂਦਾ।

ਘੁੱਗੀ ਦੇ ਹਟਕੋਰੇ ਹੋਰ ਉੱਚੇ ਹੋ ਗਏ, ਬੋਲੀ- ਪਾਪੀ ਸੱਪ ਹਰ ਸਾਲ ਮੇਰੇ ਬੱਚਿਆਂ ਨੂੰ ਖਾ ਜਾਂਦੈ। ਮੈਂ ਪਹਿਲਾ ਠਿਕਾਣਾ ਛੱਡ ਕੇ ਇਸ ਪਿੱਪਲ ਤੇ ਆ ਗਈ ਉਸਨੇ ਇੱਥੇ ਵੀ ਪਿੱਛਾ ਨਹੀਂ ਛੱਡਿਆ। ਸੁੰਘਦਾ ਸੁੰਘਦਾ ਇੱਥੇ ਆ ਪੁੱਜਾ। ਅੱਜ ਤਾਂ ਸੋਮਵਾਰੀ ਮੱਸਿਆ ਦੇ ਦਿਨ ਕਰਕੇ ਡਰ ਗਿਆ ਪਰ ਕੱਲ੍ਹ ਨੂੰ ਮੇਰੇ ਬੱਚਿਆਂ ਨੂੰ ਖਾ ਜਾਊਗਾ। ਤੂੰ ਹੀ ਦੱਸ ਰੋਵਾਂ ਨਾ ਤਾਂ ਕੀ ਕਰਾਂ? ਇਸ ਤੋਂ ਵੱਧ ਕੁੱਝ ਕਰਨ ਦੀ ਤਾਕਤ ਮੇਰੇ ਵਿੱਚ ਹੋਰ ਹੈ ਈ ਨਹੀਂ!

ਘੁੱਗੀ ਦੀ ਹਾਲਤ ਦੇਖ ਕੇ ਕਬੂਤਰ ਨੂੰ ਬੜਾ ਦੁੱਖ ਹੋਇਆ। ਸੋਚਣ ਲੱਗਾ ਕੀ ਕਰੀਏ। ਸਿਰੇ ਦਾ ਅਕਲਮੰਦ ਸੀ ਕਬੂਤਰ। ਰਸਤਾ ਲੱਭ ਲਿਆ। ਘੁੱਗੀ ਦੇ ਹੰਝੂ ਪੂੰਝ ਕੇ ਕਹਿਣ ਲੱਗਾ- ਹੁਣ ਰੋਣਾ ਬੰਦ ਕਰ। ਮੈਂ ਇਸ ਦੁਸ਼ਟ ਨੂੰ ਮਰਵਾ ਕੇ ਰਹੂੰਗਾ, ਇਤਬਾਰ ਕਰ। ਅਕਲ ਦੀ ਤਾਕਤ ਅੱਗੇ ਸਰੀਰਕ ਬਲ ਕੀ ਮੁਕਾਬਲਾ ਕਰੂ? ਧਿਆਨ ਨਾਲ ਮੇਰੀ ਗੱਲ ਸੁਣ।

ਘੁੱਗੀ ਦੇ ਸਿਰ ਤੇ ਹੱਥ ਰੱਖ ਕੇ ਕਬੂਤਰ ਨੇ ਢਾਰਸ ਬਨ੍ਹਾਈ ਤੇ ਕਿਹਾ- ਤੂੰ ਇਉਂ ਕਰ। ਇੱਕ ਨਿਉਲੇ ਨੂੰ ਖਾਣੇ ਦਾ ਨਿਉਂਦਾ ਦੇਹ। ਨਿਉਲਾ, ਸੱਪ ਦਾ ਜੱਦੀ ਦੁਸ਼ਮਣ ਹੈ, ਜਦੋਂ ਉਸਦੀ ਨਿਗ੍ਹਾ ਸੱਪ ਉੱਪਰ ਪਈ, ਫਿਰ ਨੀਂ ਛਡਦਾ। ਬੋਟੀ ਬੋਟੀ ਕਰ ਦੇਊਗਾ, ਦੇਖੀਂ...।

ਇਹ ਗੱਲ ਘੁੱਗੀ ਨੂੰ ਜਚ ਗਈ, ਥੋੜ੍ਹੀ ਦੇਰ ਵਾਸਤੇ ਦੁੱਖ ਵੀ ਭੁੱਲ ਗਈ। ਚੁੰਨੀ ਦੇ ਪੱਲੇ ਨਾਲ ਹੰਝੂ ਪੂੰਝੇ। ਕਬੂਤਰ ਨੂੰ ਕਿਹਾ- ਆਲ੍ਹਣੇ ਦਾ ਖ਼ਿਆਲ ਰੱਖੀਂ, ਮੈਂ ਹੁਣੇ ਆਈ। ਉੱਡ ਗਈ। ਥੋੜ੍ਹੀ ਦੂਰ ਹੀ ਗਈ ਸੀ ਅਜੇ, ਇੱਕ ਝਾੜੀ ਨੇੜੇ ਨਿਉਲਾ ਖੇਡਦਾ ਦਿਸਿਆ। ਤੁਰੰਤ ਡਲੇ ਵਾਂਗ ਜ਼ਮੀਨ ਤੇ ਉਤਰੀ। ਨਿਉਲੇ ਨੂੰ ਰਾਮ ਰਾਮ ਕਰਕੇ ਬੋਲੀ- ਨਿਉਲੇ ਵੀਰ, ਅੱਜ ਮੈਂ ਸੂਰਜ ਪੂਜਣਾ ਹੈ। ਤੈਨੂੰ ਨਿਉਂਦਾ ਦੇਣ ਆਈ ਆਂ। ਤੈਨੂੰ ਮੇਰੇ ਆਹਲਣੇ ਤੱਕ ਆਉਣ ਦੀ ਖੇਚਲ ਕਰਨੀ ਪਵੇਗੀ।

ਨਿਉਲਾ ਖ਼ੁਸ਼ੀ-ਖ਼ੁਸ਼ੀ ਉਸਦੇ ਪਿੱਛੇ ਪਿੱਛੇ ਤੁਰ ਪਿਆ। ਘੁੱਗੀ ਨੇ ਨਿਉਲੇ ਅਤੇ ਕਬੂਤਰ ਨੂੰ ਪਹਿਲਾਂ ਸ਼ਰਬਤ ਪਿਲਾਇਆ, ਫੇਰ ਵੰਨ ਸੁਵੰਨੇ ਖਾਣੇ ਤਿਆਰ ਕਰਨ ਲੱਗੀ। ਨੇੜੇ ਬਿਠਾ ਕੇ ਦੋਵਾਂ ਨੂੰ ਹੱਥਾਂ ਨਾਲ ਬੁਰਕੀਆਂ ਖਵਾਈਆਂ। ਨਿਉਲਾ ਇਸ ਸੇਵਾ ਤੋਂ ਬੜਾ ਖ਼ੁਸ਼ ਹੋਇਆ, ਕਹਿੰਦਾ- ਭੈਣ ਸੁਖੀ ਵੱਸੇਂ। ਕਦੇ ਕੋਈ ਕੰਮ ਹੋਵੇ ਮੈਨੂੰ ਦੱਸੀਂ।

ਨਿਉਲੇ ਨੇ ਇਹ ਬਾਤ ਕਹੀ, ਸੁਣਦਿਆਂ ਘੁੱਗੀ ਦੀਆਂ ਅੱਖਾਂ ਵਿੱਚੋਂ ਫਿਰ ਹੰਝੂ ਵਗਣ ਲੱਗੇ। ਹਉਕੇ ਲੈਂਦੀ ਲੈਂਦੀ ਬੋਲੀ- ਵੀਰ ਮੇਰੇ ਉੱਪਰ ਸੰਕਟ ਆਇਆ ਹੋਇਐ ਇਸੇ ਕਰਕੇ ਤੈਨੂੰ ਯਾਦ ਕੀਤਾ। ਤੇਰੇ ਬਿਨਾਂ ਮੈਨੂੰ ਦੁੱਖ ਵਿੱਚੋਂ ਕੋਈ ਨਹੀਂ ਕੱਢ ਸਕਦਾ। ਮੇਰੀ ਅਰਦਾਸ ਤਾਂ ਰੱਬ ਵੀ ਨਹੀਂ ਸੁਣਦਾ। ਤਾਂ ਹੀ ਤੇਰੇ ਕੋਲ ਆਈ। ਮੇਰੀ ਮਦਦ ਕਰ। ਰੋਂਦੀ-ਰੋਂਦੀ ਨੇ ਨਿਉਲੇ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਆਖ਼ਰ ਦਿਲ ਵਿੰਨ੍ਹਵੀਂ ਚੀਕ ਮਾਰ ਕੇ ਨਿਉਲੇ ਦੇ ਪੈਰ ਫੜ ਲਏ। ਬੋਲੀ- ਮੇਰੇ ਬੱਚਿਆਂ ਦੀ ਰਾਖੀ ਕਰਨੀ ਪਵੇਗੀ, ਮੈਂ ਤੇਰੇ ਬੱਚਿਆਂ ਨੂੰ ਅਸੀਸਾਂ ਦਿਆਂਗੀ।

ਨਿਉਲੇ ਨੇ ਕਿਹਾ- ਅਸੀਸ ਤੋਂ ਵੱਡੀ ਕੋਈ ਚੀਜ਼ ਨਹੀਂ ਦੁਨੀਆ ਵਿੱਚ। ਤੂੰ ਹੁਣ ਕਿਸੇ ਗੱਲ ਦਾ ਫ਼ਿਕਰ ਨਾ ਕਰ। ਇਹ ਤਾਂ ਇੱਕੋ ਸੱਪ ਹੈ। ਹਜ਼ਾਰ ਸੱਪ ਵੀ ਆ ਜਾਣ ਤੇਰੇ ਬੱਚਿਆਂ ਦਾ ਕੁਝ ਨਹੀਂ ਵਿਗੜਨ ਦਿਆਂਗਾ। ਸਵੇਰੇ ਉਸਨੂੰ ਤੇਰੇ ਨੇੜੇ ਆ ਕੇ ਫੁੰਕਾਰਾ ਤਾਂ ਮਾਰਨ ਦੇਹ। ਘੁੱਗੀ ਨੂੰ ਨਿਉਲੇ ਦੀਆਂ ਗੱਲਾਂ ਸੱਚ ਤਾਂ ਲੱਗੀਆਂ ਪਰ ਡਰ ਨਹੀਂ ਹਟਿਆ। ਬੱਚਿਆਂ ਦੀ ਮੌਤ ਦਾ ਡਰ ਇਹੋ ਜਿਹਾ ਡਰਾਉਣਾ ਹੋਇਆ ਕਰਦੈ।

ਅਗਲੇ ਦਿਨ ਸੂਰਜ ਚੜ੍ਹਿਆ। ਦਾਤਣ ਕੁਰਲੀ ਕਰਕੇ ਸੱਪ ਦਰਖਤ ਉੱਪਰ ਚੜ੍ਹਕੇ ਘੁੱਗੀ ਦੇ ਆਹਲਣੇ ਵੱਲ ਵਧਣ ਲੱਗਾ। ਜ਼ੋਰ ਦਾ ਫੁੰਕਾਰਾ ਮਾਰ ਕੇ ਉਸਨੇ ਫਣ ਉੱਚਾ ਕੀਤਾ ਹੀ ਸੀ ਕਿ ਨਿਉਲੇ ਨੇ ਗਰਦਣ ਤੋਂ ਫੜ ਲਿਆ। ਸੱਪ ਦੇ ਡੇਲੇ ਬਾਹਰ ਨਿਕਲ ਆਏ। ਨਿਉਲੇ ਨੇ ਉਸਨੂੰ ਦਰਖਤ ਤੋਂ ਹੇਠਾਂ ਸੁੱਟਿਆ ਤੇ ਆਪ ਫਟਾਫਟ ਹੇਠ ਛਾਲਾਂ ਮਾਰੀ। ਸੱਪ ਤੇਜ਼ੀ ਨਾਲ ਦੁਬਾਰਾ ਦਰਖਤ ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਨਿਉਲੇ ਨੇ ਉਸਦੀ ਪੂਛ ਦੰਦਾਂ ਵਿੱਚ ਫੜ ਲਈ। ਇੱਕ ਪਾਸੇ ਸੱਪ ਖਿੱਚੇ ਦੂਜੇ ਪਾਸੇ ਨਿਉਲਾ, ਸੱਪ ਦੀ ਪੂਛ ਟੁੱਟ ਗਈ ਤੇ ਦੁੱਖ ਨਾਲ ਚੀਕਦਾ ਹੋਇਆ ਜ਼ਮੀਨ ਤੇ ਲੋਟਣੀਆਂ ਖਾਣ ਲੱਗਿਆ। ਕ੍ਰੋਧ ਵਿੱਚ ਦੰਦ ਪੀਸਦੇ ਹੋਏ ਨਿਉਲੇ ਨੇ ਕਿਹਾ- ਬੜੇ ਦਿਨ ਹੋ ਗਏ ਸਨ ਤੈਨੂੰ ਵਿਚਾਰੀ ਘੁੱਗੀ ਨੂੰ ਦੁੱਖ ਦਿੰਦੇ ਹੋਏ। ਚੰਡਾਲ, ਤੇਰੇ ਦਿਲ ਵਿੱਚ ਰਤਾ ਵੀ ਤਰਸ ਨਹੀਂ? ਮਾਸੂਮ ਬੱਚਿਆਂ ਨੂੰ ਮਾਰ ਕੇ ਖਾਂਦੇ ਹੋਏ ਤੈਨੂੰ ਸ਼ਰਮ ਨਹੀਂ ਆਈ? ਹੁਣ ਤਾਕਤਵਰ ਹੈਂ ਤਾਂ ਆ, ਮੇਰੇ ਨਾਲ ਟੱਕਰ ਲੈ।

ਸੱਪ ਦੇ ਟੁਕੜੇ ਟੁਕੜੇ ਕਰ ਦਿੱਤੇ। ਦੇਖਦੇ ਦੇਖਦੇ ਬੇਅੰਤ ਕੀੜੀਆਂ ਸੁੰਘਦੀਆਂ ਸੁੰਘਾਂਦੀਆਂ ਉਧਰ ਆ ਗਈਆਂ। ਕੀੜੀਆਂ ਸਾਹਮਣੇ ਸੱਪ ਦੀ ਕੀ ਔਕਾਤ? ਚੱਟ ਕਰ ਗਈਆਂ। ਖ਼ੁਸ਼ੀ ਵਿੱਚ ਘੁੱਗੀ ਘੁੱਗੜੂੰ ਘੂੰ, ਘੁਗੜੂੰ ਘੂੰ, ਕਰਦੀ ਗੀਤ ਗਾਉਣ ਲੱਗੀ। ਕਬੂਤਰ ਨੇ ਖ਼ੁਸ਼ੀ ਨਾਲ ਗੁਟਰਗੂੰ ਗੁਟਰਗੂੰ ਕਹਿਕੇ ਗੀਤ ਗਾਏ। ਘੁੱਗੀ ਨੇ ਖ਼ੁਸ਼ੀ ਨਾਲ ਨਿਉਲੇ ਨੂੰ ਜੱਫ਼ੀ ਪਾ ਲਈ, ਕਹਿੰਦੀ- ਨਿਉਲੇ ਵੀਰ, ਨਿਉਲੇ ਵੀਰ ਸਾਰੀ ਉਮਰ ਮੈਂ ਤੇਰਾ ਅਹਿਸਾਨ ਨਹੀਂ ਭੁੱਲਦੀ।

ਉਸ ਪਿੱਪਲ ਉੱਤੇ ਘੁੱਗੀ ਹੁਣ ਹਰ ਸਾਲ ਅੰਡੇ ਦਿੰਦੀ, ਬੱਚੇ ਕੱਢਦੀ ਹੈ। ਹਰ ਸਾਲ ਗੁਲਾਬ ਦੇ ਫੁੱਲਾਂ ਜਿਹੇ ਬੱਚੇ। ਖੇਡਦੀ ਹੈ, ਖਿਡਾਂਦੀ ਹੈ। ਉਨ੍ਹਾਂ ਨੂੰ ਮੋਤੀਆਂ ਦਾ ਚੋਗਾ ਚੁਗਾਉਂਦੀ ਹੈ। ਹਰ ਸਾਲ ਸੋਮਵਾਰੀ ਮੱਸਿਆ ਨੂੰ ਖੀਰ ਕੜਾਹ ਬਣਾ ਕੇ ਨਿਉਲੇ ਨੂੰ ਤੇ ਕਬੂਤਰ ਨੂੰ ਖੁਆਉਂਦੀ ਹੈ, ਤਿਉਹਾਰ ਮਨਾਉਂਦੀ ਹੈ। ਸਾਰੇ ਇੱਕ ਦੂਜੇ ਨੂੰ ਮਿਲ ਕੇ ਖਾ ਪੀ ਕੇ ਖ਼ੁਸ਼ ਹੁੰਦੇ ਹਨ, ਦੁਆਵਾਂ ਦਿੰਦੇ ਹਨ।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •