Guru Nanak Dev Da Des-Piar (Punjabi Essay) : Principal Teja Singh

ਗੁਰੂ ਨਾਨਕ ਦੇਵ ਦਾ ਦੇਸ-ਪਿਆਰ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਗੁਰੂ ਨਾਨਕ ਸਾਹਿਬ ਦੇ ਦਿਲ ਵਿਚ ਜਿਥੇ ਸਾਰੇ ਸੰਸਾਰ ਲਈ ਪ੍ਰੇਮ ਸੀ, ਉਥੇ ਆਪਣੇ ਵਤਨ ਲਈ ਭੀ ਖ਼ਾਸ ਲਗਨ ਸੀ। ਤੁਖਾਰੀ ਛੰਤ ਮਹਲਾ ੧ ਤੋਂ ਮਲੂਮ ਹੁੰਦਾ ਹੈ ਕਿ ਜਦ ਗੁਰੂ ਜੀ ਜੋਤੀ ਜੋਤਿ ਸਮਾਉਣ ਲਗੇ, ਤਾਂ ਇਕ ਪਾਸੇ ਖ਼ੁਸ਼ੀ ਸੀ ਕਿ ਆਪਣੇ ਵਾਹਿਗੁਰੂ ਦੇ ਪਾਸ ਜਾਣ ਲਗੇ ਹਾਂ, ਪਰ ਦੂਜੇ ਪਾਸੇ ਆਪਣੇ ਸੋਹਣੇ ਦੇਸ ਤੋਂ ਵਿਛੜਨ ਦਾ ਭੀ ਖ਼ਿਆਲ ਸੀ। ਭਾਵੇਂ ਗੁਰੂ ਜੀ ਆਪਣੀਆਂ ਅੱਖਾਂ ਕਰਤਾਰਪੁਰ ਵਿਚ ਮੀਟਦੇ ਹਨ, ਪਰ ਜਿਹੜੇ ਨਜ਼ਾਰੇ ਅੱਖਾਂ ਅੱਗੇ ਲਿਆਉਂਦੇ ਹਨ, ਓਹ ਨਨਕਾਣੇ ਸਾਹਿਬ ਦੇ ਹਨ, ਜਿਥੇ ਬਚਪਨ ਗੁਜ਼ਾਰਿਆ ਸੀ, ਅਤੇ ਜਿਥੇ ਪਸ਼ੂ ਚਾਰਦਿਆਂ ਕੜਕਦੀ ਦੁਪਹਿਰ ਵੇਲੇ ਕਿਧਰੇ ਲੰਮੇ ਪਿਆਂ ਪਿਆਂ ਬੀਂਡਾ ਬੋਲਦਾ ਸੁਣਿਆ ਸੀ ('ਟੀਡੁ ਲਵੈ ਮੰਝਿ ਬਾਰੇ')। ਅੱਧੀ ਸਦੀ ਮਗਰੋਂ ਚੇਤੇ ਆਉਂਦਾ ਹੈ ਕਿ ਹੁਣ ਮੇਰੀ ਜਨਮ-ਭੂਮੀ 'ਬਾਰ' ਵਿਚ ਵਣ ਦਾ ਰੁੱਖ ਫੁੱਲਿਆ ਹੋਣਾ ਹੈ ('ਬਨ ਫੁਲੇ ਮੰਝ ਬਾਰਿ'), ਜਾਂ ਹੁਣ ਉਥੇ ਲੰਮੇ ਲੰਮੇ ਘਾਹਾਂ ਨੇ ਬੁੰਬਲ ਕਢੇ ਹੋਣੇ ਨੇ ('ਕੁਕਹ ਕਾਹ ਸਿ ਫੁਲੇ)। ਇਹੋ ਜਹੇ ਹੋਰ ਕਈਆਂ ਸ਼ਬਦਾਂ ਤੋਂ ਸਿਧ ਹੁੰਦਾ ਹੈ ਕਿ ਜਿਹੜਾ ਗੁਰੂ ਨਾਨਕ ਸਾਰੇ ਜਹਾਨ ਦਾ ਸੀ, ਉਹ ਪੰਜਾਬ ਦਾ ਪੰਜਾਬੀ ਅਤੇ ਉਸ ਦੇ ਇਕ ਖ਼ਾਸ ਇਲਾਕੇ 'ਬਾਰ' ਦਾ ਵਸਨੀਕ ਭੀ ਸੀ, ਜਿਥੇ ਕਣਕ, ਕਪਾਹ ਤੇ ਗੰਨੇ ਬਹੁਤ ਹੁੰਦੇ ਹਨ।

ਵਤਨ-ਪਿਆਰ ਦੀ ਤਹਿ ਵਿਚ ਘਰ ਦਾ ਪਿਆਰ ਹੁੰਦਾ ਹੈ, ਜਿਸ ਨਾਲ ਘਰ ਦੇ ਲੋਕ, ਘਰੋਕੀ ਵਸਤਾਂ ਅਤੇ ਘਰੋਕੀ ਰਹਿਣੀ ਬਹਿਣੀ ਚੰਗੀ ਲਗਦੀ ਹੈ। ਇਸ ਸੰਬੰਧ ਵਿਚ ਘਰੋਕੀ ਬੋਲੀ ਤੇ ਸੰਜਮ ਦਾ ਪਿਆਰ ਬਹੁਤ ਪ੍ਰਬਲ ਹੁੰਦਾ ਹੈ, ਕਿਉਂਕਿ ਇਨ੍ਹਾਂ ਦੇ ਹੀ ਆਸਰੇ ਸਾਡਾ ਕੌਮੀ ਆਚਰਣ ਬਣਦਾ ਅਤੇ ਕੌਮੀ ਸੱਭਿਤਾ ਉਸਰਦੀ ਤੇ ਨਿਸਰਦੀ ਹੈ। ਕੌਮੀ ਜਾਗ੍ਰਤ ਆ ਜਾਣ ਨਾਲ ਕਿਸੇ ਬਗਾਨੀ ਕੌਮ ਦੇ ਪਾਏ ਹੋਏ ਜੁੱਲੇ ਝਲਣ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਧਨਾਸਰੀ ਰਾਗ ਵਿਚ ਆਪਣੇ ਦੇਸ-ਵਾਸੀਆਂ ਦੀ ਗ਼ੁਲਾਮੀ ਵਲ ਇਸ਼ਾਰਾ ਕਰ ਕੇ ਉਨ੍ਹਾਂ ਨੂੰ ਆਪਣਾ ਕੌਮੀ ਫ਼ਰਜ਼ ਪਛਾਣਨ ਲਈ ਵੰਗਾਰਦੇ ਹਨ। ਉਹ ਕਹਿੰਦੇ ਹਨ:

ਖਤ੍ਰੀਆ ਤ ਧਰਮੁ ਛੋਡਿਆ ਮਲੇਛ-ਭਾਖਿਆ ਗਹੀ।
ਸ੍ਰਿਸਟਿ ਸਭ ਇਕ-ਵਰਨ ਹੋਈ ਧਰਮ ਕੀ ਗਤਿ ਰਹੀ।

ਗੁਰੂ ਜੀ ਕਿਸੇ ਬੋਲੀ ਦੇ ਵਿਰੁਧ ਨਹੀਂ ਸਨ। ਉਹ ਆਪ ਫ਼ਾਰਸੀ ਵਰਤਦੇ ਸਨ। ਪਰ ਉਹ ਦੇਸ ਦੀ ਰਖਿਆ ਕਰਨ ਵਾਲੇ ਛਤਰੀਆਂ ਦੀ ਉਸ ਗ਼ੁਲਾਮੀ ਵਲ ਧਿਆਨ ਦੁਆਂਦੇ ਹਨ ਕਿ ਇਕ ਪਾਸੇ ਮੁਸਲਮਾਣਾਂ ਨੂੰ 'ਮਲੇਛ' ਆਖਣਾ ਤੇ ਦੂਜੇ ਪਾਸੇ ਆਪਣੀ ਬੋਲੀ ਛਡ ਕੇ ਉਨ੍ਹਾਂ ਦੀ ਬੋਲੀ ਆਪਣੀ ਬਣਾ ਲੈਣੀ!

ਛਤਰੀ ਲੋਕਾਂ ਦਾ ਫ਼ਰਜ਼ ਸੀ ਕਿ ਆਪਣੇ ਦੇਸ ਦੇ ਧਰਮ ਕਰਮ ਤੇ ਬੋਲੀ ਨੂੰ ਬਚਾ ਕੇ ਰਖਦੇ, ਪਰ ਉਨ੍ਹਾਂ ਦੀ ਅਣਗਹਿਲੀ ਕਰਕੇ ਆਮ ਜਨਤਾ ਇਕੋ ਮੁਸਲਮਾਣੀ ਅਸਰ ਹੇਠਾਂ ਆ ਰਹੀ ਸੀ। ਇਹ ਗ਼ੁਲਾਮੀ ਵਾਲੀ ਏਕਤਾ ਸੀ। ਇਸ ਵਿਚ ਧਰਮ ਦੀ ਉੱਨਤੀ ਨਹੀਂ ਸੀ ਹੋ ਸਕਦੀ। ਇਸੇ ਤਰ੍ਹਾਂ ਆਸਾ ਦੀ ਵਾਰ ਵਿਚ ਫੁਰਮਾਉਂਦੇ ਹਨ:
"ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤਰਕਾ ਭਾਈ।"

ਭਾਵ ਘਰਾਂ ਅੰਦਰ ਬਹਿ ਕੇ ਤਾਂ ਹਿੰਦੂਆਂ ਵਾਲੀ ਪੂਜਾ ਪਾਠ ਕਰਦੇ ਹਨ, ਪਰ ਬਾਹਰ ਦਿਖਾਵੇ ਲਈ ਮੁਸਲਮਾਣਾਂ ਦੀਆਂ ਕਿਤਾਬਾਂ ਪੜ੍ਹਦੇ ਅਤੇ ਉਨ੍ਹਾਂ ਦੀ ਰਹਿਣੀ ਬਹਿਣੀ ਬਣਾ ਦਸਦੇ ਹਨ। ਜਿਵੇਂ ਅਜ ਕਲ ਸਰਕਾਰ ਦਰਬਾਰ ਵਿਚ ਮਨਜ਼ੂਰ ਹੋਣ ਲਈ ਲੋਕੀ ਕੋਟ ਪਤਲੂਣ ਕੱਸ ਲੈਂਦੇ ਹਨ, ਤਿਵੇਂ ਉਨ੍ਹੀਂ ਦਿਨੀਂ ਕੌਮੀ ਗ਼ੈਰਤ ਤੋਂ ਹੀਣੇ ਲੋਕ ਪ੍ਰਧਾਨ ਕੌਮ ਨੂੰ ਪ੍ਰਸੰਨ ਕਰਨ ਲਈ ਨੀਲੇ ਕਪੜੇ ਪਾਣ ਦਾ ਫ਼ੈਸ਼ਨ ਧਾਰ ਲੈਂਦੇ ਸਨ: "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।" ਇਕ ਪਾਸੇ ਮੁਸਲਮਾਣਾਂ ਨਾਲ ਧਾਰਮਕ ਤੌਰ ਤੇ ਨਫ਼ਰਤ ਕਰਨੀ ਅਤੇ ਉਨ੍ਹਾਂ ਨੂੰ ਚੌਂਕੇ ਦੇ ਨੇੜੇ ਨਾ ਢੁਕਣ ਦੇਣਾ ਅਤੇ ਦੂਜੇ ਪਾਸੇ ਆਪਣੇ ਹਥੀਂ ਮਾਸ ਬਣਾਣ ਦੀ ਥਾਂ ਮੁਸਲਮਾਣੀ ਕਲਮਾ ਪੜ੍ਹੀ ਕੇ ਹਲਾਲ ਕੀਤਾ ਹੋਇਆ ਬਕਰਾ ਖਾਣਾ:

"ਅਭਾਖਿਆ ਕਾ ਕੁਠਾ ਬਕਰਾ ਖਾਣਾ!
ਚਉਕੇ ਉਪਰਿ ਕਿਸੈ ਨ ਜਾਣਾ।
ਦੇ ਕੈ ਚਉਕਾ ਕਢੀ ਕਾਰ।
ਉਪਰਿ ਆਇ ਬੈਠੇ ਕੂੜਿਆਰ।
ਮਤੁ ਭਿਟੈ ਵੇ ਮਤੁ ਭਿਟੈ।
ਇਹੁ ਅੰਨੁ ਅਸਾਡਾ ਫਿਟੈ॥"

ਲੋਕੀ ਏਡੇ ਨਿੱਘਰ ਗਏ ਸਨ ਕਿ (ਅਜ ਕਲ ਦੇ ਮਿਸਟਰ ਅਖਵਾਣ ਵਾਲੇ ਬਾਬੂਆਂ ਦੀ ਤਰ੍ਹਾਂ) ਆਪਣੇ ਆਪ ਨੂੰ 'ਮੀਆਂ' ਅਖਵਾਣ ਵਿੱਚ ਰਾਜ਼ੀ ਹੁੰਦੇ ਸਨ, ਅਤੇ ਆਪਣੀ ਦੇਸ਼-ਭਾਸ਼ਾ ਛੱਡ ਕੇ ਦੂਜਿਆਂ ਦੀ ਬੋਲੀ ਭਾਵ ਫ਼ਾਰਸੀ ਨੂੰ ਅਪਣਿਆਉਂਦੇ ਸਨ:
'ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ' (ਬਸੰਤ)।

ਗੁਰੂ ਜੀ ਦੇ ਇਨ੍ਹਾਂ ਖ਼ਿਆਲਾਂ ਦੀ ਤਹਿ ਵਿੱਚ ਕੌਮੀ ਨਫ਼ਰਤ ਨਹੀਂ ਸੀ, ਸਗੋਂ ਕੌਮੀ ਸੱਭਿਤਾ ਦੇ ਬਚਾਣ ਦਾ ਫ਼ਿਕਰ ਸੀ। ਉਦੋਂ ਗੁਰੂ ਜੀ ਦੇ ਦਿਲ ਵਿਚ ਮੁਸਲਮਾਣਾਂ ਲਈ ਚੋਖੀ ਕਦਰ ਸੀ। ਜਦ ਬਾਬਰ ਨੇ ਹਿੰਦ ਉਤੇ ਹੱਲਾ ਕੀਤਾ ਤਾਂ ਕੀ ਹਿੰਦੂ ਤੇ ਕੀ ਮੁਸਲਮਾਣ ਸਾਰੇ ਹਿੰਦ-ਵਾਸੀਆਂ ਦੀ ਬੁਰੀ ਬਾਬ ਹੋਈ। ਗੁਰੂ ਨਾਨਕ ਦੇਵ ਇਕ ਸੱਚੇ ਦੇਸ਼-ਭਗਤ ਵਾਕਰ ਜਿਥੇ ਹਿੰਦੂਆਂ ਦੇ ਦੁਖੜੇ ਬਿਆਨ ਕਰ ਕੇ 'ਖ਼ੂਨ ਕੇ ਸੋਹਲੇ' ਗਾਉਂਦੇ ਹਨ, ਉਥੇ ਮੁਸਲਮਾਣਾਂ ਤੇ ਮੁਸਲਮਾਣੀਆਂ ਦੀ ਦੁਰਗਤੀ ਦਾ ਪਹਿਲਾਂ ਜ਼ਿਕਰ ਕਰਦੇ ਹਨ।

'ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ' (ਆਸਾ)। ਭਾਵ ਮੁਸਲਮਾਣਾਂ ਨੂੰ ਨਮਾਜ਼ ਪੜ੍ਹਨੀ ਨਾ ਮਿਲੀ ਤੇ ਹਿੰਦੂਆਂ ਦੀ ਪੂਜਾ ਘੁਸ ਗਈ। 'ਥਾਨ ਮੁਕਾਮ ਜਲੇ ਬਿਜ ਮੰਦਰ' (ਆਸਾ)। ਭਾਵ ਮੁਸਲਮਾਣਾਂ ਦੇ ਤਕੀਏ ਤੇ ਟਿਕਾਣੇ ਸਾੜੇ ਗਏ, ਤੇ ਹਿੰਦੂਆਂ ਦੇ ਪੱਕੇ ਮੰਦਰ ਸਾੜੇ ਗਏ। 'ਇਕਨਾ ਪੇਰਣ ਸਿਰ-ਖੁਰ ਪਾਟੇ ਇਕਨਾ ਵਾਸ ਮਸਾਣੀ' (ਆਸਾ)। ਭਾਵ ਮੁਸਲਮਾਣੀਆਂ ਦੇ ਬੁਰਕੇ ਸਿਰ ਤੋਂ ਪੈਰਾਂ ਤੀਕ ਫਾੜੇ ਗਏ (ਬੇਪਤੀ ਕੀਤੀ ਗਈ), ਅਤੇ ਹਿੰਦਵਾਣੀਆਂ ਸਿਰੋਂ ਮਾਰੀਆਂ ਗਈਆਂ। 'ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ। ਮੁਸਲਮਾਣੀਆਂ ਪੜਹਿ ਕਤੇਬਾ ਕਸਟ ਮਹਿ ਕਰਹਿ ਖ਼ੁਦਾਇ ਵੇ ਲਾਲੋ। ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ' (ਤਿਲੰਗ)। ਇਨ੍ਹਾਂ ਤੁਕਾਂ ਵਿਚ ਭੀ ਪਹਿਲਾਂ ਮੁਸਲਮਾਣੀਆਂ ਉਤੇ ਹੋਏ ਜ਼ੁਲਮਾਂ ਦਾ ਜ਼ਿਕਰ ਹੈ, ਤੇ ਉਪਰੰਤ ਹਿੰਦਵਾਣੀਆਂ ਦਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰੂ ਜੀ ਜਿਥੇ ਹਿੰਦੂਆਂ ਦਾ ਦੁਖ ਮਹਿਸੂਸ ਕਰਦੇ ਸਨ, ਉਥੇ ਮੁਸਲਮਾਣਾਂ ਦਾ ਭੀ ਕਰਦੇ ਸਨ। ਇਹ ਸਾਂਝੀ ਹਮਦਰਦੀ ਹੀ ਸੱਚੀ ਦੇਸ਼-ਭਗਤੀ ਦੀ ਨਿਸ਼ਾਨੀ ਹੈ।

ਸੱਚਾ ਦੇਸ-ਭਗਤ ਆਪਣੇ ਦੇਸ ਦੀ ਬੇਪਤੀ ਕਰਨ ਵਾਲੇ ਤੋਂ ਡਰਦਾ ਨਹੀਂ, ਅਤੇ ਨਾ ਹੀ ਉਸ ਦੇ ਸਾਮ੍ਹਣੇ ਝੁਕਦਾ ਅਤੇ ਪਿਠ ਪਿਛੇ ਕਾਇਰਾਂ ਵਾਕਰ ਗਾਲ੍ਹਾਂ ਕਢਦਾ ਹੈ। ਗੁਰੂ ਜੀ ਬਾਬਰ-ਵਾਣੀ ਦੇ ਸਮੇਂ ਬਾਬਰ ਦੇ ਸਾਮ੍ਹਣੇ ਉਸ ਦੇ ਜਬਰ ਦਾ ਗਿਲਾ ਕਰਦੇ ਹਨ:

'ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ।
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ।
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨੁ ਸਮਾਲਸੀ ਬੋਲਾ।
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ' (ਤਿਲੰਗ)।

ਉਹ ਕਹਿੰਦੇ ਹਨ ਕਿ ਹੇ ਮੁਗ਼ਲੋ! ਜਿਸ ਵਾਹਿਗੁਰੂ ਨੇ ਇਹ ਲੁਕਾਈ ਪੈਦਾ ਕੀਤੀ ਹੈ ਅਤੇ ਵਖੋ ਵਖ ਹਾਲਤਾਂ ਵਿਚ ਲਾ ਰਖੀ ਹੈ, ਉਹ ਆਪ ਵਖਰਾ ਬੈਠ ਕੇ ਇਹ ਖੇਡ ਦੇਖ ਰਿਹਾ ਹੈ। ਉਹ ਸੱਚਾ ਮਾਲਕ ਹੈ, ਤੇ ਉਸ ਦਾ ਫ਼ੈਸਲਾ ਸਚਾ ਹੁੰਦਾ ਹੈ। ਇਸ ਲਈ ਉਹ ਸਚੇ ਨਿਆਂ ਵਾਲਾ ਹੁਕਮ ਕਰੇਗਾ। ਤੁਹਾਡੇ ਸਰੀਰ ਕਪੜੇ ਵਾਂਗੂ ਲੀਰਾਂ ੨ ਕੀਤੇ ਜਾਣਗੇ, ਅਤੇ ਹਿੰਦੁਸਤਾਨ ਮੇਰੇ ਇਸ ਅਗੰਮੀ ਵਾਕ ਨੂੰ ਯਾਦ ਕਰੇਗਾ। ਮੁਗਲ ਸੰਮਤ ੧੫੭੮ ਵਿਚ ਆਉਂਦੇ ਹਨ, ਅਤੇ ੧੫੯੭ ਵਿਚ ਚਲੇ ਜਾਣਗੇ, ਜਦ ਸ਼ੇਰ ਸ਼ਾਹ ਸੂਰੀ ਵਰਗਾ ਬਹਾਦਰ ਆਦਮੀ ਦੇਸ ਵਿਚ ਆ ਦੜਕੇਗਾ। ਮੈਂ ਸੱਚੀ ਗਲ ਆਖ ਰਿਹਾ ਹਾਂ, ਅਤੇ ਸੱਚ ਜ਼ਰੂਰ ਆਖਾਂਗਾ, ਕਿਉਂਕਿ ਸੱਚ ਸੁਣਾਉਣ ਦਾ ਇਹੋ ਵੇਲਾ ਹੈ। (ਪਿਛੋਂ ਜਦ ਬਾਬਰ ਚਲਾ ਗਿਆ ਤਾਂ ਇਹ ਗੱਲਾਂ ਕਹਿਣ ਦਾ ਕੀ ਲਾਭ ਹੋਵੇਗਾ?)

ਸੱਚਾ ਦੇਸ-ਭਗਤ ਜਿਥੇ ਦੇਸ ਦੇ ਵੈਰੀ ਨੂੰ ਸੱਚ ਆਖਣ ਵਿਚ ਦਲੇਰੀ ਕਰਦਾ ਹੈ, ਉਥੇ ਆਪਣੇ ਦੇਸ ਵਾਸੀਆਂ ਦੀਆਂ ਭੁਲਾਂ ਜਾਂ ਕਮਜ਼ੋਰੀਆਂ ਦਸਣ ਤੋਂ ਭੀ ਨਹੀਂ ਝਿਜਕਦਾ। ਜਦ ਭਾਈ ਮਰਦਾਨੇ ਨੇ ਮੁਗ਼ਲਾਂ ਦੇ ਹਥੋਂ ਹਿੰਦੁਸਤਾਨੀਆਂ ਨੂੰ ਹਾਰ ਖਾਂਦਿਆਂ ਦੇਖਿਆ ਤਾਂ ਪੁਛਣ ਲਗਾ, "ਗੁਰੂ ਜੀ! ਸਾਡੇ ਦੇਸ-ਵਾਸੀ ਇਤਨੀ ਗਿਣਤੀ ਦੇ ਹੁੰਦਿਆਂ ਕਿਉਂ ਹਾਰ ਗਏ?" ਇਹ ਸਵਾਲ ਸਾਡੇ ਇਤਿਹਾਸ ਵਿਚ ਕਈ ਵੇਰ ਪੁਛਿਆ ਗਿਆ, ਅਤੇ ਪੁਛਿਆ ਜਾਏਗਾ, ਪਰ ਇਸ ਦਾ ਉਤਰ ਵਖੋ ਵਖ ਲੋਕ ਕਈ ਤਰੀਕਿਆਂ ਨਾਲ ਦਿੰਦੇ ਹਨ। ਕਈ ਕਹਿੰਦੇ ਹਨ ਕਿ ਹਿੰਦ-ਵਾਸੀ ਨੇਕ ਸਨ, ਪਵਿੱਤਰ ਸਨ, ਪਰ ਜਥੇਬੰਦ ਨਹੀਂ ਸਨ, ਇਸ ਲਈ ਹਾਰ ਗਏ।(ਦੇਖੋ ਭਾਈ ਪਰਮਾਨੰਦ ਜੀ ਦਾ ਲਿਖਿਆ ਪੰਜਾਬ ਦਾ ਇਤਿਹਾਸ।) ਪਰ ਗੁਰੂ ਨਾਨਕ ਦੇਵ ਜੀ, ਜੋ ਉਸ ਸਾਕੇ ਦੇ ਸਮਕਾਲੀ ਸਨ ਅਤੇ ਸਾਡੀ ਕਮਜ਼ੋਰੀ ਨੂੰ ਸਾਮ੍ਹਣੇ ਦੇਖ ਰਹੇ ਸਨ, ਇਉਂ ਫ਼ੁਰਮਾਉਂਦੇ ਹਨ:
'ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ' (ਆਸਾ)।

ਜਿਸ ਨੂੰ ਹਰੀ ਨੇ ਆਪ ਭੁਲਾਣਾ ਹੁੰਦਾ ਹੈ, ਉਸ ਤੋਂ ਨੇਕੀ ਖੋਹ ਲੈਂਦਾ ਹੈ। ਹਿੰਦ-ਵਾਸੀਆਂ ਦੇ ਹਾਰ ਜਾਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਵਿਚੋਂ ਨੇਕੀ ਨਿਕਲ ਗਈ ਸੀ। ਇਨ੍ਹਾਂ ਲੋਕਾਂ ਵਿਚੋਂ ਸਾਦਗੀ, ਪਵਿੱਤਰਤਾ, ਕੁਰਬਾਨੀ ਅਤੇ ਹਰੀ ਦਾ ਪਿਆਰ ਗੁੰਮ ਹੋ ਚੁਕਾ ਸੀ। ਜਿਹੜੇ ਲੋਧੀ ਸੁਲਤਾਨ ਇਨ੍ਹਾਂ ਉਤੇ ਰਾਜ ਕਰ ਰਹੇ ਸਨ ਓਹਨਾਂ ਨੂੰ ਹਿੰਦ ਜਹੇ ਕੀਮਤੀ ਰਤਨ ਦੀ ਕਦਰ ਨਹੀਂ ਸੀ:
'ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆਂ ਸਾਰ ਨ ਕਾਈ' (ਆਸਾ)।

ਇਨ੍ਹਾਂ ਕਮੀਨੇ ਪਠਾਣਾਂ ਨੇ ਹੀਰੇ ਵਰਗੇ ਹਿੰਦੁਸਤਾਨ ਨੂੰ ਘਟੇ ਕੌਡੀ ਰੋਲ ਦਿਤਾ ਹੈ (ਭਾਵ ਮੁਗ਼ਲਾਂ ਦੇ ਸਾਮ੍ਹਣੇ ਬਹੁਤ ਅੜੇ ਨਹੀਂ ਤੇ ਇਹੋ ਜਿਹਾ ਕੀਮਤੀ ਦੇਸ ਐਵੇਂ ਹੀ ਖੁਹਾ ਬੈਠੇ ਹਨ)। ਮਰਨ ਪਿਛੋਂ ਇਨ੍ਹਾਂ ਨੂੰ ਕਿਸੇ ਚੇਤੇ ਵੀ ਨਹੀਂ ਕਰਨਾ।

ਜਿਥੇ ਰਾਜਿਆਂ ਨੂੰ 'ਕਲ ਕਾਤੀ ਰਾਜੇ ਕਾਸਾਈ' ਜਾਂ 'ਲਬੁ ਪਾਪੁ ਦੋਇ ਰਾਜਾ ਮਹਿਤਾ' ਕਿਹਾ ਹੈ, ਉਥੇ ਪਰਜਾ ਦੀ ਕਮਜ਼ੋਰੀ ਦਸਣ ਵਿਚ ਸੰਕੋਚ ਨਹੀਂ ਕੀਤਾ। 'ਅੰਧੀ ਰਈਯਤਿ ਗਿਆਨ ਵਿਹੂਣੀ ਭਾਹਿ ਭਰਹਿ ਮੁਰਦਾਰ' (ਵਾਰ ਆਸਾ)। ਭਾਵ ਰਈਅਤਿ ਬੇਸਮਝੀ ਦੇ ਕਾਰਨ ਅੰਨ੍ਹੀ ਹੋਈ ਪਈ ਹੈ, ਅਤੇ ਮੁਰਦਿਆਂ ਵਾਕਰ ਵਫ਼ਾਦਾਰੀ ਦਾ ਦਮ ਭਰਦੀ ਹੈ! ਇਹੋ ਜਹੀ ਕਮਜ਼ੋਰੀ ਕਰਕੇ ਸਾਰੀ ਦੀ ਸਾਰੀ ਕੌਮ ਪ੍ਰਦੇਸੀ ਹਮਲਾ-ਆਵਰਾਂ ਦੇ ਅਗੇ ਭੇਡਾਂ ਬਕਰੀਆਂ ਵਾਕਰ ਹੀਣੀ ਹੋ ਕੇ ਚਲਦੀ ਹੈ। ਜਦ ਮੁਗ਼ਲਾਂ ਨੇ ਸ਼ੇਰਾਂ ਵਾਕਰ ਇਨ੍ਹਾਂ ਉਤੇ ਹੱਲਾ ਬੋਲ ਦਿੱਤਾ, ਤਾਂ ਹਿੰਦ-ਵਾਸੀ ਗਾਈਆਂ ਵਾਕਰ ਕਟੇ ਵਢੇ ਗਏ। ਗੁਰੂ ਜੀ ਉਸ ਨਜ਼ਾਰੇ ਨੂੰ ਅਖੀਂ ਵੇਖ ਕੇ ਵਿਸਮਾਦ ਵਿਚ ਆਏ ਅਤੇ ਇਹ ਸ਼ਬਦ ਉਚਾਰਿਆ:

'ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।੧।
ਕਰਤਾ ਤੂੰ ਸਭਨਾ ਕਾ ਸੋਈ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।੧।ਰਹਾਉ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ (ਆਸਾ)।

ਇਸ ਸ਼ਬਦ ਵਿਚ ਰੱਬ ਕੋਲੋਂ ਪੁਛਦੇ ਹਨ ਕਿ ਹੇ ਸਭ ਦੇ ਸਾਂਝੇ ਕਰਤਾਰ! ਕੀ ਐਸੀ ਮਾਰ ਪੈਂਦੀ ਦੇਖ ਕੇ ਤੈਨੂੰ ਦਰਦ ਨਾ ਆਇਆ? ਤੂੰ ਨਿਰਾ ਮੁਗਲਾਂ ਦਾ ਨਹੀਂ ਸੈਂ। ਤੂੰ ਤਾਂ ਹਿੰਦ-ਵਾਸੀਆਂ ਦਾ ਭੀ ਸੈਂ। ਫੇਰ ਕਿਉਂ ਐਸਾ ਹੋਣ ਦਿਤੋਈ? ਜੇਕਰ ਇਕ ਬਲਵਾਨ ਕਿਸੇ ਦੂਜੇ ਬਲਵਾਨ ਨੂੰ ਮਾਰੇ ਤਾਂ ਦਿਲ ਵਿਚ ਰੋਸ ਨਹੀਂ ਹੁੰਦਾ, ਭਾਵ ਜਿਸ ਤਰ੍ਹਾਂ ਬਾਬਰ ਦੇ ਆਦਮੀ ਤਾਕਤਵਰ ਸਨ, ਜੇ ਸਾਡੇ ਪਾਸੇ ਦੇ ਲੋਕ ਭੀ ਤਾਕਤ ਰਖਦੇ, ਤੇ ਚੰਗੀ ਤਰ੍ਹਾਂ ਲੜ ਕੇ ਹਾਰ ਖਾ ਜਾਂਦੇ, ਤਾਂ ਮੈਨੂੰ ਅਫ਼ਸੋਸ ਨਾ ਹੁੰਦਾ, ਪਰ ਜੇ ਇਕ ਪਾਸੇ ਸ਼ੇਰ ਹੋਵੇ, ਤੇ ਦੂਜੇ ਪਾਸੇ ਨਿਰਾ ਗਾਈਆਂ ਦਾ ਵੱਗ ਹੋਵੇ, ਤਾਂ ਭੇੜ ਇਕ-ਪਾਸਾ ਜਿਹਾ ਹੁੰਦਾ ਹੈ। ਐਸੀ ਹਾਲਤ ਵਿਚ ਉਸ ਵੱਗ ਦੇ ਮਾਲਕ ਤੋਂ ਪੁਛ ਹੁੰਦੀ ਹੈ ਕਿ ਤੂੰ ਕਿਥੇ ਸੈਂ?

ਉਸ ਸਮੇਂ ਹਿੰਦ-ਵਾਸੀ ਇਕ ਗਾਈਆਂ ਦੇ ਵੱਗ ਵਾਂਗ ਨਿਹੱਥੇ ਤੇ ਨਿਤਾਣੇ ਸਨ, ਅਤੇ ਉਨ੍ਹਾਂ ਉਤੇ ਕੋਈ ਨਾ ਕੋਈ ਸ਼ੇਰ ਆ ਹੀ ਪੈਂਦਾ ਸੀ। ਇਨ੍ਹਾਂ ਦੇ ਬਚਾਉ ਲਈ ਕਈਆਂ ਨੇ ਜਤਨ ਕੀਤੇ। ਕਈਆਂ ਨੇ ਇਨ੍ਹਾਂ ਦੇ ਦੁਆਲੇ ਜਾਤਿ-ਪਾਤਿ ਤੇ ਛੂਤ ਛਾਤ ਦੀਆਂ ਕੰਧਾਂ ਉਸਾਰ ਕੇ ਵਰਣ-ਆਸ਼੍ਰਮ ਦੀ ਕਿਲ੍ਹਾ-ਬੰਦੀ ਕਰ ਦਿਤੀ। ਇਹ ਸਾਧਨ ਮੁਦਤਾਂ ਤੀਕ ਹੁੰਦੀਆਂ ਨੂੰ ਖੇਰੂ ਖੇਰੂ ਹੋਣ ਤੋਂ ਬਚਾਂਦੇ ਰਹੇ। ਪਰ ਜਦ ਭੀ ਇਹ ਗਊਆਂ ਕਿਲ੍ਹੇ ਤੋਂ ਬਾਹਰ ਮਦਾਨ ਵਿਚ ਆਉਂਦੀਆਂ, ਕਿਸੇ ਨਾ ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਂਦੀਆਂ। ਗੁਰੂ ਨਾਨਕ ਦੇਵ ਨੇ ਇਕ ਸਚੇ ਆਗੂ ਦੀ ਤਰ੍ਹਾਂ ਇਨ੍ਹਾਂ ਦੇ ਬਚਾਉ ਦਾ ਪੱਕਾ ਤੇ ਸਦੀਵੀ ਪ੍ਰਬੰਧ ਕਰਨ ਦੀ ਸਲਾਹ ਕੀਤੀ। ਇਨ੍ਹਾਂ ਨੇ ਇਨ੍ਹਾਂ ਗਊਆਂ ਨੂੰ ਹੀ ਸ਼ੇਰ ਬਣਾ ਦੇਣ ਦਾ ਖਿਆਲ ਕੀਤਾ, ਤਾਕਿ ਅੰਦਰਲੀਆਂ ਬਾਹਰਲੀਆਂ ਕਮਜ਼ੋਰੀਆਂ ਦੂਰ ਹੋ ਕੇ ਹਰ ਤਰ੍ਹਾਂ ਦੇ ਹਮਲਾ-ਆਵਰਾਂ ਤੋਂ ਬਚ ਕੇ ਰਹਿਣ ਦਾ ਹੀਆ ਕਰ ਸਕਣ। ਸਿਖ ਇਤਿਹਾਸ ਵਿਚ ਇਸੇ ਕੌਮੀ ਉਸਾਰੀ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਨਿਮਾਣੀਆਂ ਗਊਆਂ ਵਰਗੇ ਲੋਕ ਉਪਰੋਥੱਲੀ ਦਸ ਆਗੂਆਂ ਦੀ ਅਮਲੀ ਸਿਖਿਆ ਤੇ ਅਗਵਾਈ ਨਾਲ ਤਕੜੇ ਹੁੰਦੇ ਗਏ, ਅਤੇ ਅੰਤ ਸੰਨ ੧੭੯੯ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹਥੋਂ ਅੰਮ੍ਰਿਤ ਛਕ ਕੇ 'ਸਿੰਘ' ਸਜ ਗਏ, ਭਾਵ ਗਊਆਂ ਸ਼ੇਰ ਬਣ ਗਈਆਂ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ