Hamwatan (Story in Punjabi) : Padma Sachdev

ਹਮਵਤਨ (ਕਹਾਣੀ) : ਪਦਮਾ ਸਚਦੇਵ

ਕੋਲਾਬਾ ਜਾਣ ਵਾਲੇ ਬੱਸ ਅੱਡੇ 'ਤੇ ਮੈਂ ਇਕੱਲੀ ਖਲੋਤੀ ਸੀ। ਵਰਲੀ ਸੀਅ ਫ਼ੇਸ ਦੇ ਸਾਹਮਣੇ (ਮੁੰਬਈ) ਬੰਬਈ ਦਾ ਸਮੁੰਦਰ ਹੱਥ-ਮੂੰਹ ਧੋਅ ਕੇ ਸਵੇਰ ਦੇ ਪੂਰੀ ਤਰ੍ਹਾਂ ਖਿੜਨ ਨੂੰ ਉਡੀਕ ਰਿਹਾ ਸੀ। ਉਸਦੀ ਛਾਤੀ 'ਤੇ ਅਠਖੇਲ੍ਹੀਆਂ ਕਰਦੇ ਸਮੁੰਦਰੀ-ਪੰਛੀ ਲਹਿਰਾਂ ਨਾਲ ਉੱਤੇ-ਹੇਠਾਂ ਹੋ ਰਹੇ ਸਨ। ਦੂਰ ਤੱਕ ਫੈਲੇ ਸਮੁੰਦਰ 'ਤੇ ਜਿੱਥੇ ਇਹ ਮਿੱਟੀ ਰੰਗਾ ਜਿਹਾ ਦਿਸਦਾ ਜਾਪਦਾ ਸੀ, ਓਥੇ ਖੜ੍ਹੇ ਦੋ-ਤਿੰਨ ਜਹਾਜ਼ ਤਸਵੀਰ ਵਾਂਗੂੰ ਮੜ੍ਹੇ ਜਾਪਦੇ ਸਨ। ਤਦੇ ਸਾਝਰੇ ਨਾਲ ਖੇਡਦੀ ਹਵਾ ਨੇ ਮੇਰੇ ਕੰਨ ਵਿਚ ਆ ਕੇ ਕਿਹਾ, "ਕੋਲਾਬਾ ਜਾਣ ਵਾਲੀ ਬੱਸ ਆ ਰਹੀ ਹੈ~~~।" ਬੱਸ ਘੂੰਅ~~~ ਕਰਦੀ ਝਟਕੇ ਨਾਲ ਆ ਕੇ ਰੁਕੀ। ਮੈਂ ਬੱਸ 'ਤੇ ਚੜ੍ਹ ਕੇ ਬਿਨਾ ਰੁਕਿਆਂ ਪੌੜੀਆਂ ਤੋਂ ਉੱਪਰਲੀ ਮੰਜ਼ਿਲ 'ਤੇ ਦੌੜ ਕੇ ਚੜ੍ਹ ਗਈ ਅਤੇ ਅੱਗੇ ਦੀ ਸੀਟ 'ਤੇ ਬੈਠ ਗਈ।

ਸਮੁੰਦਰ ਦੀਆਂ ਲਹਿਰਾਂ ਮੈਨੂੰ ਫੜਨਾ ਚਾਹਿਆ। ਜਿਓਂ ਹੀ ਵਾਹਵਾ ਉੱਚੀਆਂ ਛਾਲਾਂ ਉਨ੍ਹਾਂ ਮਾਰੀਆਂ ਤਾਂ ਮੈਂ ਪੂਰੀ ਉਨ੍ਹਾਂ ਵਿਚ ਭੱਜ ਗਈ। ਬੱਸ ਦੌੜਨ ਲੱਗੀ ਤਾਂ ਮੈਨੂੰ ਜਾਪਿਆ ਕਿ ਮੈਂ ਹਿੰਡੋਲੇ 'ਤੇ ਝੂਟ ਰਹੀ ਹਾਂ। ਬੱਸ ਖੱਬੇ ਮੁੜਦੀ ਤਾਂ ਮੈਂ ਪੂਰੀ ਦੀ ਪੂਰੀ ਪਿੱਤਲ ਦੀ ਗਾਗਰ ਵਾਂਗ ਖੱਬੇ ਝੁਕ ਜਾਂਦੀ ਅਤੇ ਸੱਜੇ ਮੁੜਦੀ ਤਾਂ ਸੱਜੇ ਲੁੜਕ ਜਾਂਦੀ। ਸੀਟ ਨੂੰ ਲੋਹੇ ਦੀ ਡੰਡੀ ਨੂੰ ਜ਼ੋਰ ਦੀ ਫੜੀ ਹਾਜੀ ਅਲੀ ਦੇ ਮੂਹਰਿਓਂ ਦੀ ਨਿੱਕਲੀ ਤਾਂ ਮੈਂ ਹਾਜੀ ਅਲੀ ਪੀਰ ਨੂੰ ਝੁਕ ਕੇ ਆਦਾਬ ਕਰ ਕੇ ਸਿਪਾਹੀਆਂ ਦੀ ਲੰਮੀ ਉਮਰ ਦੀ ਭੀਖ ਮੰਗੀ। ਹਾਜੀ ਅਲੀ ਦਾ ਸੁੰਦਰ ਚੌਰਾਹਾ ਪਾਰ ਕਰ ਕੇ ਮੈਂ ਪੈਡਰ ਰੋਡ ਵਿਚ ਵੜੀ ਤਾਂ ਮੈਨੂੰ ਹੋਸ਼ ਆਈ ਅਤੇ 1971 ਦੀ ਜੰਗ ਵਿਚ ਜ਼ਖ਼ਮੀ ਹੋਏ ਜਵਾਨਾਂ ਦੀਆਂ ਸੂਰਤਾਂ ਅੱਖਾਂ ਵਿਚ ਫਿਰਨ ਲੱਗੀਆਂ। ਭਾਰਤ-ਪਾਕਿ ਵਿਚ ਛਿੜਿਆ ਯੁੱਧ ਖਤਮ ਹੋ ਗਿਆ ਸੀ। ਬਚ ਗਈਆਂ ਸਨ ਕੁਝ ਸਾਹਾਂ ਜਿਨ੍ਹਾਂ ਨੂੰ ਜੰਗ ਦੇ ਮੈਦਾਨ ਵਿਚੋਂ ਚੁੱਕ ਕੇ ਲਿਆਉਣਾ ਪਿਆ ਸੀ। ਮੈਨੂੰ ਖਿਆਲ ਆਇਆ, ਇਸੇ ਤਰ੍ਹਾਂ ਕਈ ਜ਼ਖ਼ਮੀ ਪਾਕਿਸਤਾਨ ਵਿਚ ਵੀ ਹੋਣਗੇ। ਮੈਂ ਕੋਲਾਬਾ ਦੇ ਮਿਲਟਰੀ ਹਸਪਤਾਲ ਵਿਚ ਆਏ ਜ਼ਖ਼ਮੀ ਸਿਪਾਹੀਆਂ ਨੂੰ ਦੇਖਣ ਜਾਂਦੀ ਸੀ। ਓਥੋਂ ਦੇ ਸਾਰੇ ਡਾਕਟਰ ਅਤੇ ਨਰਸਾਂ ਮੈਨੂੰ ਜਾਣਦੀਆਂ ਸਨ। ਓਹੀ ਦੱਸ ਦੇਂਦੇ ਸਨ, ਅੱਜ ਇਸ ਮਰੀਜ਼ ਕੋਲ ਜਾ ਕੇ ਬੈਠੋ, ਅੱਜ ਓਸ ਮਰੀਜ਼ ਨਾਲ ਜਾ ਕੇ ਗੱਲਾਂ ਕਰੋ। ਉਨ੍ਹਾਂ ਦੀ ਦਵਾਈ ਦਾ ਵੀ ਪੂਰਾ ਧਿਆਨ ਰੱਖਦੀ ਅਤੇ ਉਨ੍ਹਾਂ ਨਾਲ ਗੱਲਾਂ ਕਰਦਿਆਂ ਕਰਦਿਆਂ ਬੜਾ ਸਕੂਨ ਮਿਲਦਾ। ਇਓਂ ਲੱਗਦਾ ਇਸ ਜੰਗ ਵਿਚ ਮੈਂ ਵੀ ਕੋਈ ਹਿੱਸਾ ਪਾ ਰਹੀ ਹਾਂ, ਮੈਂ ਇਨ੍ਹਾਂ ਦੀ ਸੇਵਾ ਕਰਦਿਆਂ ਦੇਸ਼ ਦੀ ਸੇਵਾ ਕਰ ਰਹੀ ਹਾਂ। ਰਾਹ ਵਿਚ ਮੈਂ ਆਪਣੀ ਹੈਸੀਅਤ ਦੇ ਮੁਤਾਬਕ ਇੱਕ ਦਰਜਨ ਕੇਲੇ, ਇੱਕ ਦਰਜਨ ਸੰਤਰੇ ਅਤੇ ਕੁਝ ਗੁਲਾਬ ਦੇ ਫੁੱਲ ਖਰੀਦੇ। ਪੌੜੀਆਂ ਚੜ੍ਹ ਮੈਂ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਪੁੱਜੀ ਤਾਂ ਵ੍ਹੀਲ ਚੇਅਰ 'ਤੇ ਇਕੱਠਾ ਹੋਇਆ ਬੈਠਾ ਇੱਕ ਸਿਪਾਹੀ ਅੱਖਾਂ 'ਤੇ ਹੱਥ ਧਰੀ ਕਰਾਹ ਰਿਹਾ ਸੀ-

"ਹਾਇ ਮਾਏ, ਕੇ ਕਰਾਂ?"(ਹੇ ਮਾਂ, ਕੀ ਕਰਾਂ?)। ਮੈਂ ਥਾਏਂ ਖਲੋ ਗਈ। "ਇਹ ਡੋਗਰਾ ਜਵਾਨ ਹੈ।" ਮੈਂ ਓਥੋਂ ਹੀ ਵ੍ਹੀਲ ਚੇਅਰ 'ਤੇ ਹੱਥ ਰੱਖਿਆ ਅਤੇ ਖ਼ਿਦ- ਮਤਗਾਰ ਵੱਲ ਮੁਸਕਰਾਅ ਕੇ ਦੇਖਿਆ ਅਤੇ ਨਾਲ ਨਾਲ ਚੱਲ ਪਈ। ਕਮਰੇ ਵਿਚ ਮੈਂ ਹੁਣ ਉਸ ਨੂੰ ਬਿਸਤਰੇ 'ਤੇ ਲਿਟਾਇਆ ਤਾਂ ਫੇਰ ਉਹ ਇੱਕ ਵਾਰ ਬੋਲਿਆ, "ਹਾਏ ਮਾਏ, ਬੜੀ ਪੀੜ ਆ!" (ਹੇ ਮਾਂ, ਬੜੀ ਪੀੜ ਹੈ।) ਮੇਰਾ ਕਾਲਜਾ ਬਾਹਰ ਆ ਗਿਆ। ਉਸ ਦੀ ਆਵਾਜ਼ ਵਿਚ ਪਤਾ ਨਹੀਂ ਕਿੰਨੇ ਦਰਦ ਭਰੇ ਸਨ। 'ਮਾਂ' ਕਹਿੰਦੇ ਵੇਲੇ ਉਸਦੇ ਬੱਲ੍ਹ ਜੁੜੇ ਤਾਂ ਉਸਦੇ ਸੁੱਜੇ ਹੋਏ ਬੁੱਲ੍ਹਾਂ 'ਤੇ ਇੱਕ ਲਹੂ ਦਾ ਤੁਪਕਾ ਨਿਕਲ ਆਇਆ। ਡਾਕਟਰ ਨੇ ਆ ਕੇ ਉਸ ਨੂੰ ਇੱਕ ਇਨਜੈਕਸ਼ਨ ਲਾਇਆ। ਉਸ ਦਾ ਮੂੰਹ ਸਿਰ ਕੱਜਿਆ ਹੀ ਹੋਇਆ ਸੀ। ਮੈਂ ਉਸਦੇ ਮੋਢੇ 'ਤੇ ਹੱਥ ਰੱਖਿਆ ਤੇ ਹੌਲੀ, ਬਹੁਤ ਹੌਲੀ, ਜਿਵੇਂ ਮਾਂ ਆਪਣੇ ਸੁੱਤੇ ਬੱਚੇ ਦੇ ਨਾਲ ਹੀ ਲੇਟਦੀ ਹੈ, ਡੋਗਰੀ ਦੀ ਲੋਰੀ ਗਾਉਣੀ ਸ਼ੁਰੂ ਕਰ ਦਿੱਤੀ: "ਤੂੰ ਮੱਲਾ ਤੂੰ, ਲੋਕ ਭੰਨਣ ਠੀਕਰੀਆਂ ਬਦਾਮ ਭੰਨੇਂ ਤੂੰ, ਤੂੰ ਮੱਲਾ ਤੂੰ, ਲੋਕ ਬਹੌਣ ਮੰਡੀਆਂ, ਨਿਆਂ ਕਰੇ ਤੂੰ। (ਮੇਰੇ ਬੱਚੇ, ਲੋਕ ਠੀਕਰੇ ਤੋੜਨ, ਤੂੰ ਬਦਾਮ ਤੋੜੇਂ; ਲੋਕ ਅਦਾਲਤ ਵਿਚ ਬਹਿਣ ਤਾਂ ਤੂੰ ਉਨ੍ਹਾਂ ਦਾ ਨਿਆਂ ਕਰੇਂ, ਇਹ ਹੈ ਮੇਰੀ ਦੁਆ।" ਉਸਦਾ ਸਾਹ ਸੌਖਾ ਹੋਈ ਗਿਆ। ਉਸਨੇ ਬੜੀ ਕੋਸ਼ਿਸ਼ ਕਰ ਕੇ ਇੱਕ ਅੱਖ ਜ਼ਰਾ ਕੁ ਖੋਲ੍ਹੀ ਅਤੇ ਤਸੱਲੀ ਨਾਲ ਮੈਨੂੰ ਵੇਖਿਆ। ਉਸਦੀਆਂ ਗੱਲ੍ਹਾਂ ਮੁਸਕਰਾਹਟ ਵਿਚ ਖਿੱਚੇ ਗਏ। ਉਸਦੇ ਬੁੱਲ੍ਹਾਂ 'ਤੇ ਲਹੂ ਦਾ ਤੁਪਕਾ ਇੱਕ ਬਾਗ਼ੀ ਵਾਂਗ ਨਿਕਲ ਤੁਰਿਆ। ਉਸ ਨੇ ਗਰਦਨ ਦੀ ਜ਼ਰਾ ਕੁ ਹਰਕਤ ਨਾਲ ਕਿਹਾ, "ਗਾਓ, ਹੋਰ ਗਾਓ।"

ਲੋਰੀ ਦਾ ਅੰਤਰਾ ਅਜੇ ਅੰਦਰ ਹੀ ਫੜਫੜਾਅ ਰਿਹਾ ਸੀ ਕਿ ਉਹ ਝੱਟ ਹੀ ਬੱਚੇ ਵਾਂਗ ਸੌਂ ਗਿਆ। ਉਸਦੇ ਸੌਂਦਿਆਂ ਹੀ ਆਪਣੇ ਦੋਹਾਂ ਹੱਥਾਂ ਨਾਲ ਮੂੰਹ ਲੁਕਾਅ ਕੇ ਆਪਣੇ ਹੰਝੂ ਵਹਿ ਜਾਣ ਦਿੱਤੇ। ਪਤਾ ਨਹੀਂ ਇਹ ਕਦੋਂ ਤੱਕ ਚੱਲਿਆ। ਬੇਆਵਾਜ਼ ਹੰਝੂ ਕੱਢਣ ਵਿਚ ਬੜੀ ਤਕਲੀਫ਼ ਹੁੰਦੀ ਹੈ। ਆਵਾਜ਼ ਅੰਦਰ ਹੀ ਫੜਫੜਾਉਂਦੀ ਰਹਿੰਦੀ ਹੈ- ਖਾਰਾ ਪਾਣੀ ਨਿੱਕਲਣ ਤੋਂ ਬਾਅਦ ਵੀ ਕੁਝ ਅੰਦਰ ਰਹਿ ਜਾਂਦਾ ਹੈ, ਜੋ ਬੱਦਲਾਂ ਵਿਚ ਬਿਜਲੀ ਵਾਂਗ ਉੱਘੜਦਾ ਰਹਿੰਦਾ ਹੈ। ਅਚਾਨਕ ਮੋਢੇ 'ਤੇ ਇੱਕ ਹੱਥ ਦਾ ਕਸਾਅ ਮੈਨੂੰ ਬਾਹਰੀ ਦੁਨੀਆ ਨੂੰ ਲੈ ਗਿਆ। ਮੈਂ ਆਪਣੀ ਚੁੰਨੀ ਨਾਲ ਹੰਝੂ ਪੂੰਝੇ ਤੇ ਘੁੰਮ ਕੇ ਦੇਖਿਆ। ਸਿਪਾਹੀ ਦੀ ਉਮਰ ਦਾ ਹੀ ਇੱਕ ਡਾਕਟਰ ਸਫੈਦ ਕੋਟ 'ਤੇ ਝੂਟਦੇ ਸਟੈਥੋਸਕੋਪ ਨੂੰ ਹੱਥ ਵਿਚ ਫੜੀ ਬੜੀ ਹਮਦਰਦੀ ਨਾਲ ਮੈਨੂੰ ਵੇਖ ਰਿਹਾ ਸੀ। ਓਸ ਵਾੱਰਡ ਵਿਚ ਛੇ ਬਿਮਾਰ ਸਨ। ਸਾਰਿਆਂ ਦੇ ਬਿਸਤਰਿਆਂ ਦੇ ਮੂਹਰੇ ਪਰਦੇ ਲੱਗੇ ਸਨ। ਉਨ੍ਹਾਂ ਮਗਰ ਜੰਗ ਦੇ ਡਰਾਉਣੇਪੁਣੇ ਦਾ ਨੰਗਾ ਰੂਪ ਖੁੱਲ੍ਹਾ ਪਿਆ ਸੀ। ਡਾਕਟਰ ਨੇ ਮੈਨੂੰ ਪਿੱਛੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਬਾਹਰ ਕਾੱਰੀਡੋਰ ਵਿਚ ਆਉਂਦਿਆਂ ਹੀ ਉਸ ਨੇ ਬਹੁਤ ਹੌਲੀ ਜਿਹੇ ਪੁੱਛਿਆ, "ਤੁਹਾਨੂੰ ਕਿਵੇਂ ਪਤਾ ਲੱਗਾ?" ਮੈਂ ਹੈਰਾਨ ਜਿਹੀ ਡਾਕਟਰ ਨੂੰ ਤੱਕਣ ਲੱਗੀ। ਸ਼ਾਇਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਸੁਆਲੀਆ ਨਿਗਾਹਾਂ ਨਾਲ ਮੈਨੂੰ ਦੇਖਣ ਲੱਗਾ। ਮੈਂ ਕਿਹਾ, "ਮੈਂ ਰੋਜ਼ ਇਥੇ ਮਰੀਜ਼ਾਂ ਕੋਲ ਆ ਕੇ ਬੈਠਦੀ ਹਾਂ। ਇਹ ਡੋਗਰੀ ਬੋਲ ਰਿਹਾ ਸੀ, ਤਾਂ ਮੈਂ ਇਸਦੇ ਮਗਰ ਮਗਰ ਚਲੀ ਗਈ। ਇਹ ਮੇਰਾ ਹਮਵਤਨ ਹੈ। ਇਸ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ। ਇਸ ਨੂੰ ਕੀ ਹੋਇਆ ਹੈ ਡਾਕਟਰ ਸਾਹਿਬ?"

ਉਹ ਵਾੱਰਡ ਦੇ ਸਿਰੇ 'ਤੇ ਖਿੜਕੀ 'ਚੋਂ ਝਾਕਦੇ ਸਮੁੰਦਰ ਨੂੰ ਦੇਖਦਿਆਂ ਬੋਲਿਆ, "ਇਸਦੇ ਦਿਮਾਗ਼ ਵਿਚ ਛੱਰੇ ਧਸ ਗਏ ਹਨ। ਇਹ ਬੰਬ ਫਟਣ ਵਾਲੀ ਥਾਂ ਤੋਂ ਆਪਣੇ ਸਾਥੀ ਨੂੰ ਚੁੱਕ ਕੇ ਲਿਆਇਆ ਸੀ। ਅਸੀਂ ਕੁਝ ਨਹੀਂ ਕਰ ਸਕਦੇ। ਬੱਸ, ਜਦੋਂ ਤੱਕ ਹੈ, ਓਦੋਂ ਤੱਕ ਇਸਦੀ ਦੇਖਭਾਲ ਕਰ ਸਕਦੇ ਹਾਂ। ਇਸਦੀ ਤਕਲੀਫ਼ ਕਿਸੇ ਤੋਂ ਦੇਖੀ ਨਹੀਂ ਜਾਂਦੀ। ਜਦੋਂ ਇਹ ਚੀਖਦਾ ਹੈ, ਓਦੋਂ ਕੰਧਾਂ ਵੀ ਦਹਿਲ ਲੇ ਕੰਬਣ ਲੱਗਦੀਆਂ ਹਨ।"

ਮੈਂ ਪੁੱਛਿਆ, "ਇਸਦੇ ਘਰਵਾਲਿਆਂ ਨੂੰ ਤਾਰ ਭੇਜ ਦਿੱਤੀ ਹੋਏਗੀ? ਜੰਮੂ ਤੋਂ ਇੱਥੇ ਆਉਣ ਵਿਚ ਵੀ ਦੋ ਦਿਨ ਲੱਗਣਗੇ।" ਡਾਕਟਰ ਚੁੱਪਚਾਪ ਸੋਚਣ ਲੱਗਾ। ਫੇਰ ਬੋਲਿਆ, "ਪਰ ਤੁਸੀਂ ਆਉਂਦੇ ਰਹਿਣਾ। ਮਰਨ ਤੋਂ ਪਹਿਲਾਂ ਕਿਸੇ ਆਪਣੇ ਨੂੰ ਦੇਖ ਕੇ ਇਸਨੂੰ ਜ਼ਰੂਰ ਖੁਸ਼ੀ ਹੋਏਗੀ।" ਮੈਂ ਪੁੱਛਿਆ, "ਇਸ ਨੂੰ ਕਦੋਂ ਤੱਕ ਹੋਸ਼ ਆਏਗਾ?" ਡਾਕਟਰ ਮਸੋਸਿਆ ਗਿਆ ਅਤੇ ਬੋਲਿਆ, "ਦਰਦ 'ਤੇ ਹੈ। ਚਾਰ ਪੰਜ ਘੰਟਿਆਂ ਤੱਕ ਆ ਸਕਦਾ ਹੈ।"

ਚਾਰ ਘੰਟਿਆਂ ਬਾਅਦ ਜਦੋਂ ਮੈਂ ਪਰਤੀ ਤਾਂ ਉਹ ਸੂਪ ਪੀ ਰਿਹਾ ਸੀ। ਮੈਂ ਆ ਕੇ ਉਸਦੀ ਚਾਰਪਾਈ ਕੋਲ ਧਰੇ ਸਟੂਲ 'ਤੇ ਬੈਠ ਗਈ। ਮੈਂ ਪੁੱਛਿਆ, " ਹੁਨ ਠੀਕ ਓ ਨਾ?" ਉਸਨੇ ਕਿਹਾ, "ਹਾਂ, ਇਸ ਵੇਲੇ ਤਾਂ ਠੀਕ ਹਾਂ।" ਸੂਪ ਪੀਣ ਵੇਲੇ ਮੂੰਹ ਖੋਲ੍ਹਣ ਵਿਚ ਉਸਨੂੰ ਤਕਲੀਫ਼ ਹੋ ਰਹੀ ਸੀ, ਪਰ ਹੁਣ ਉਸਦੇ ਬੁੱਲ੍ਹ ਪਹਿਲਾਂ ਨਾਲੋਂ ਘੱਟ ਸੁੱਜੇ ਹੋਏ ਸਨ। ਉਸਨੇ ਲੜਖੜਾਉਂਦੀ ਜ਼ਬਾਨ ਵਿਚ ਪੁੱਛਿਆ,"ਇਥੇ ਕੀਆਂ ਆਈਆਂ?" ਮੈਂ ਕਿਹਾ, "ਮੈਂ ਇੱਥੇ ਰੋਜ਼ ਜ਼ਖ਼ਮੀ ਸਿਪਾਹੀਆਂ ਨੂੰ ਦੇਖਣ ਆਉਂਦੀ ਹਾਂ। ਨਰਸਾਂ ਦੱਸ ਦੇਂਦੀਆਂ ਹਨ ਕਿਸ ਦੇ ਕੋਲ ਬੈਠਾਂ। ਕਿਸੇ ਕਿਸੇ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਹੈ। ਕਈ ਕੁੜੀਆਂ ਆਉਂਦੀਆਂ ਹਨ। ਸਿਪਾਹੀਆਂ ਨਾਲ ਗੱਲਾਂ ਕਰ ਕੇ, ਜਾਪਦਾ ਹੈ ਦੇਸ਼ ਦੀ ਰਾਖੀ ਕਰਨ ਵਿਚ ਸਾਡਾ ਵੀ ਯੋਗਦਾਨ ਹੈ। ਅਤੇ ਤੈਨੂੰ ਤਾਂ ਪਤਾ ਹੀ ਹੋਏਗਾ ਸਾਡੇ ਸੈਂਕੜੇ-ਹਜ਼ਾਰਾਂ ਲੋਕਗੀਤ ਸਿਪਾਹੀਆਂ 'ਤੇ ਹੀ ਰਚੇ ਗਏ ਹਨ। ਮੈਨੂੰ ਆਪਣੇ ਸਿਪਾਹੀ ਬਹੁਤ ਚੰਗੇ ਲੱਗਦੇ ਹਨ।" ਉਸ ਨੇ ਖੁਸ਼ ਹੋ ਕੇ ਕਿਹਾ, "ਤੁਹਾਨੂੰ ਸਿਪਾਹੀਆਂ ਦੇ ਲੋਕ ਗੀਤ ਆਉਂਦੇ ਹਨ?" ਮੈਂ ਕਿਹਾ,"ਹਾਂ, ਹਰੇਕ ਡੋਗਰੀ ਔਰਤ ਨੂੰ ਆਉਂਦੇ ਹਨ।" ਉਹ ਮਾਣ ਨਾਲ ਬੋਲਿਆ, "ਮੇਰੇ ਲਈ ਗਾਓ ਨਾ!" ਮੈਂ ਆਪਣਾ ਗਲਾ ਹੌਲੀ ਜਿਹੇ ਸਾਫ਼ ਕੀਤਾ ਅਤੇ ਇਓਂ ਗੁਣਗੁਨਾਉਣ ਲੱਗੀ ਜਿਸਨੂੰ ਸਿਰਫ਼ ਉਹ ਸੁਣ ਸਕੇ-

"ਬੋਲ ਮੇਰੀਏ ਜਿੰਦੜੀਏ ਦੂਰ ਸਿਪਾਹੀ ਕਿਆਂ ਰਹਿੰਦੇ ਨੇ?" (ਮੇਰੀ ਜਾਨ, ਦੱਸ, ਸਿਪਾਹੀ ਦੂਰ ਕਿਵੇਂ ਰਹਿੰਦੇ ਹਨ?)। ਉਸਨੂੰ ਆਪਣੀ ਭਾਸ਼ਾ ਵਿਚ ਗੀਤ ਸੁਣ ਕੇ ਸਕੂਨ ਮਿਲ ਰਿਹਾ ਸੀ, ਜਿਵੇਂ ਮਾਂ ਬੋਲੀ ਉਸਦਾ ਦਰਦ ਪੀ ਰਹੀ ਹੋਏ। ਆਸ ਪਾਸ ਸ਼ਮਸ਼ਾਨ ਵਰਗੀ ਚੁੱਪੀ ਸੀ। ਮੈਂ ਹੌਲੀ ਜਿਹੇ ਪੁਛਿਆ, "ਤੂੰ ਕਿੱਥੋਂ ਹੈਂ?" "ਮੈਂ ਚਿਨੈਨੀ ਦਾ ਹਾਂ। ਜੰਮੂਓਂ ਕਸ਼ਮੀਰ ਜਾਂਦੇ ਸੱਜੇ ਪਾਸੇ ਚਿੱਟਾ ਮਹੱਲ ਹੈ। ਓਥੇ ਇੱਕ ਨਦੀ ਵਹਿੰਦੀ ਹੈ। ਓਥੇ ਬਿਜਲੀਘਰ ਵੀ ਹੈ। ਚਿਨੈਨੀ ਦੇ ਰਾਜੇ ਦੀ ਮਾਂ ਸਾਡੇ ਹੀ ਪਿੰਡ ਦੀ ਧੀ ਸੀ। ਮੈਂ ਕਈ ਵਾਰ ਰਾਜੇ ਦੇ ਮਹੱਲ ਵਿਚ ਵੀ ਗਿਆ ਹਾਂ।"

ਰਾਜੇ ਦੀ ਗੱਲ ਕਰਦਿਆਂ ਕਰਦਿਆਂ ਉਸਦੇ ਚਿਹਰੇ 'ਤੇ ਵਡਿੱਤਣ ਦਾ ਇੱਕ ਪਰਛਾਵਾਂ ਮਘਣ ਲੱਗਾ। ਮੈਨੂੰ ਲੱਗਾ ਉਹ ਆਪ ਵੀ ਰਾਜਾ ਹੈ। ਮੈਂ ਪੁੱਛਿਆ, "ਘਰ ਵਿਚ ਕੌਣ ਕੌਣ ਹੈ?"

ਉਸਦੀਆਂ ਅੱਖਾਂ ਭਰ ਆਈਆਂ, ਫੇਰ ਉਹ ਮੁਸਕ੍ਰਾਅ ਕੇ ਬੋਲਿਆ, "ਸਾਰੇ ਹੀ ਹਨ। ਮੇਰੀ ਮਾਂ, ਬਾਪੂਜੀ, ਵੱਡੀ ਭਾਬੀ, ਭਾਈਜੀ ਅਤੇ ਉਨ੍ਹਾਂ ਦੇ ਬੱਚੇ। ਉਂਝ ਤਾਂ ਪਿੰਡ ਵਿਚ ਹਰ ਕੋਈ ਆਪਣਾ ਹੀ ਹੁੰਦਾ ਹੈ।" ਫੇਰ ਉਹ ਕਹਿੰਦਾ, "ਬੋਬੋਜੀ (ਵੱਡੀ ਭੈਣ), ਤੁਸੀਂ ਕਿੱਥੋਂ ਦੇ ਹੋ?" ਮੈਂ ਕਿਹਾ, "ਪੁਰਮੰਡਲ ਦੀ ਹਾਂ। ਨਾਂਅ ਸੁਣਿਆ ਹੈ?" ਉਹ ਉਤਸ਼ਾਹ ਨਾਲ ਬੋਲਿਆ, "ਮੈਂ ਓਥੇ ਸ਼ਿਵ-ਰਾਤਰੀ ਨੂੰ ਗਿਆ ਸੀ। ਦੇਵਿਕਾ ਵਿਚ ਵੀ ਨਹਾਤਾ ਸੀ। ਦੇਵਿਕਾ ਨੂੰ ਗੁਪਤਗੰਗਾ ਕਹਿੰਦੇ ਹਨ ਨਾ?" ਮੈਂ ਮੁਸਕ੍ਰਾਅ ਕੇ ਕਿਹਾ, "ਹਾਂ।" ਫੇਰ ਉਸ ਕਿਹਾ, "ਮੈਂ ਆਪਣੀ ਭਾਬੀ ਨੂੰ ਲਿਆਉਣ ਲਈ ਗਿਆ ਸੀ।" ਮੈਂ ਪੁੱਛਿਆ, "ਤੇਰੀ ਭਾਬੀ ਕਿਹੜੇ ਮੁਹੱਲੇ ਦੀ ਹੈ?" ਉਸ ਨੇ ਰਸ ਵਿਚ ਡੁੱਬ ਕੇ ਕਿਹਾ, "ਬੋਬੋ, ਮੁਹੱਲਾ ਤਾਂ ਨਹੀਂ ਜਾਣਦਾ, ਪਰ ਉਸਦੇ ਘਰ ਅੱਤੀ ਹੈ। ਭਾਬੀ ਦੀ ਨਿੱਕੀ ਭੈਣ ਅੱਤੀ। ਇਹ ਉਸਦਾ ਨਾਮ ਹੈ।" ਮੈਂ ਪੁੱਛਿਆ, "ਇਹ ਕੀ ਨਾਮ ਹੋਇਆ, ਅੱਤੀ?" ਉਸਨੇ ਮੁਸਕਾਅ ਕੇ ਕਿਹਾ," ਅਤਿ ਤੋਂ ਬਣਿਆ ਹੋਵੇਗਾ? ਉਹ ਕੰਮ ਵਿਚ ਅੱਤਿ ਹੀ ਕਰਦੀ ਹੈ। ਪਾਣੀ ਭਰਨ ਜਾਏਗੀ ਤਾਂ 16 ਘੜੇ ਭਰ ਲਿਆਏਗੀ। ਇੱਕ ਵਾਰ ਵਿਚ ਦੋ ਘੜੇ ਚੁੱਕਦੀ ਐ, ਅੱਤੀ।" ਉਸਦਾ ਚਿਹਰਾ ਮੁਲਾਇਮ ਹੋ ਗਿਆ। ਪੂਰੇ ਵਜੂਦ 'ਤੇ ਜਿਵੇਂ ਅੱਤੀ ਛਾ ਗਈ। ਮੈਂ ਉਸਨੂੰ ਬੜੇ ਮੋਹ ਨਾਲ ਪੁੱਛਿਆ,"ਤੈਨੂੰ ਅੱਤੀ ਚੰਗੀ ਲੱਗਦੀ ਐ ਨਾ?" ਉਹ ਸੰਗ ਗਿਆ। ਮੈਂ ਮਨ ਦੇ ਆਕਾਸ਼ ਵਿਚ ਸੁਫ਼ਨੇ ਦਾ ਇੱਕ ਭੁਕਾਨਾ ਬਣਾਅ ਕੇ ਛੱਡ ਦਿੱਤਾ। ਉੱਤੇ, ਬਹੁਤ ਉੱਤੇ। ਫੇਰ ਸੋਚਿਆ, ਆਪਣੇ ਪਿੰਡ ਵਿਚ ਅੱਤੀ ਨੂੰ ਲੱਭਣਾ ਕੋਈ ਔਖਾ ਨਹੀਂ ਹੋਏਗਾ। ਲੱਭ ਹੀ ਲਵਾਂਗੀ, ਪਰ ਕਿਹਦੇ ਲਈ? ਉਹ ਕਹਿ ਰਿਹਾ ਸੀ, "ਮੇਰੀ ਮਾਂ ਰੋਜ਼ ਸਵੇਰੇ ਮੈਨੂੰ ਕਿਰੜ ਪਿਆਉਂਦੀ ਸੀ। ਕਿਰੜ ਦਾ ਪਤਾ ਹੈ ਨਾ ਤੁਹਾਨੂੰ?" ਮੈਂ ਕਿਹਾ,"ਹਾਂ, ਜਿਸ ਦਹੀਂ ਤੋਂ ਮੱਖਣ ਨਹੀਂ ਕੱਢਿਆ ਜਾਂਦਾ, ਓਸ ਲੱਸੀ ਨੂੰ ਕਿਰੜ ਕਹਿੰਦੇ ਹਨ।" ਅਸੀਂ ਦੋਵੇਂ ਹੀ ਇੱਕੋ ਵੇਲੇ ਕਿਹਾ ਤੇ ਹੱਸ ਪਏ।

ਮੈਂ ਉਸਦਾ ਹੱਥ ਪਲੋਸ ਰਹੀ ਸੀ। ਉਹ ਕਹਿ ਰਿਹਾ ਸੀ, "ਬੋਬੋਜੀ, ਮੇਰਾ ਬਾਪੂ ਵੀ ਫ਼ੌਜ ਵਿਚ ਹੀ ਸੀ। ਲੜਾਈ ਵਿਚ ਉਨ੍ਹਾਂ ਦੀ ਬਾਂਹ 'ਤੇ ਗੋਲੀ ਲੱਗੀ ਤਾਂ ਪੈਨਸ਼ਨ ਲੈ ਕੇ ਘਰ ਆ ਗਏ। ਹੁਣ ਉਨ੍ਹਾਂ ਦੀ ਪੈਨਸ਼ਨ ਤੇ ਥੋੜ੍ਹੀ ਜਿਹੀ ਖੇਤੀ ਤੋਂ ਹੀ ਗੁਜ਼ਾਰਾ ਹੁੰਦਾ ਹੈ।" ਮੈਂ ਪੁੱਛਿਆ, "ਤੇ ਤੇਰਾ ਭਰਾ?" ਉਹ ਕਹਿੰਦਾ, " ਭਾਈ ਤਾਂ ਜੰਮੂ- ਕਸ਼ਮੀਰ ਰੂਟ 'ਤੇ ਬੱਸ ਚਲਾਉਂਦਾ ਹੈ। ਕਦੇ ਜੰਮੂ, ਕਦੇ ਕਸ਼ਮੀਰ। ਮਹੀਨੇ ਵਿਚ ਇੱਕ-ਦੋ ਦਿਨ ਘਰ ਵੀ ਰਹਿਣ ਆਉਂਦਾ ਹੈ।" ਮੈਂ ਕਿਹਾ,"ਫੇਰ ਤਾਂ ਤੁਸੀਂ ਓਹਦੇ ਨਾਲ ਬੱਸ ਵਿਚ ਵਾਹਵਾ ਘੁੰਮਦੇ ਹੋਵੋਗੇ?" ਸਿਪਾਹੀ ਦਾ ਚਿਹਰਾ ਹੋਰ ਨਰਮ ਹੋ ਗਿਆ। ਕਹਿੰਦਾ, "ਕਈ ਵਾਰ ਭਾਈ ਨੇ ਆਪਣੇ ਨਾਲ ਬੱਸ ਵਿਚ ਲੈ ਜਾਣਾ। ਬਟੋਤ 'ਚ ਸਾਡਾ ਨਾਨਕਾ ਹੈ ਨਾ! ਭਾਪਾ ਮੈਨੂੰ ਓਥੇ ਹੀ ਲਾਹ ਜਾਂਦਾ ਸੀ। ਆਉਂਦੀ ਵਾਰ ਵਾਪਿਸ ਲੈ ਆਉਂਦਾ ਸੀ। ਮੇਰੇ ਨਾਨਕੇ ਵਿਚ ਮੇਰੇ ਮਾਮਾ-ਮਾਮੀ ਮੈਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦੇ ਦੜੂਨੀਆਂ ਦੇ ਬਾਗ ਹਨ। ਉਨ੍ਹਾਂ ਤੋਂ ਖੱਟਾ ਅਨਾਰਦਾਨਾ ਬਣਦਾ ਹੈ। ਅਸੀਂ ਗਰਮੀਆਂ ਵਿਚ ਅਨਾਰਦਾਨੇ ਦੀ ਚਟਣੀ ਪੀਹ ਕੇ ਖੀਰੇ ਵਿਚ ਭਰ ਕੇ ਖਾਂਦੇ ਹਾਂ।" ਅਸੀਂ ਦੋਵ੍ਹੇਂ ਹੱਸ ਪਏ।

ਮੈਂ ਪੁੱਛਿਆ, "ਤੂੰ ਫ਼ੌਜ ਵਿਚ ਕਦੋਂ ਦਾ ਹੈਂ?" ਕਹਿੰਦਾ, "ਇਹੋ ਕੋਈ ਚਾਰ ਸਾਲਾਂ ਤੋਂ। ਬਾਪੂ ਤਾਂ ਚਾਹੁੰਦੇ ਸੀ, ਓਥੇ ਚਨੈਨੀ 'ਚ ਹੀ ਦੁਕਾਨਦਾਰੀ ਕਰਾਂ। ਬਾਪੂ ਨੂੰ ਜਦੋਂ ਇਕਮੁਸ਼ਤ ਪੈਸਾ ਮਿਲਿਆ ਤਾਂ ਉਨ੍ਹਾਂ ਦੀ ਇਹੋ ਮਰਜ਼ੀ ਸੀ, ਪਰ ਮੈਂ ਅੜ ਗਿਆ। ਮੈਂ ਕਿਹਾ, 'ਸਾਡੇ ਪਰਿਵਾਰ 'ਚੋਂ ਹਮੇਸ਼ਾ ਕੋਈ ਨਾ ਕੋਈ ਫ਼ੌਜ ਵਿਚ ਜਾਂਦਾ ਹੀ ਹੈ। ਹੁਣ ਤੁਸੀਂ ਆ ਗਏ ਹੋ ਤਾਂ ਮੈਂ ਜਾਵਾਂਗਾ।' " ਇਹ ਕਹਿ ਕੇ ਉਹ ਮੁਸਕ੍ਰਾਇਆ, ਫਿਰ ਕਹਿੰਦਾ, "ਅੱਜ ਜਾਂ ਕੱਲ੍ਹ ਕੋਈ ਘਰੋਂ ਵੀ ਆ ਜਾਣਾ ਚਾਹੀਦਾ ਹੈ; ਪਰ ਤੁਸੀਂ ਫੇਰ ਵੀ ਆਉਂਦੇ ਰਹਿਣਾ।" "ਕਿਓਂ ਨਹੀਂ ਆਊਂਗੀ, ਜ਼ਰੂਰ ਆਊਂਗੀ," ਮੈਂ ਕਿਹਾ। ਤਦੇ ਮੈਂ ਦੇਖਿਆ, ਉਸਦੇ ਚਿਹਰੇ 'ਤੇ ਦਰਦ ਦੀਆਂ ਲਹਿਰਾਂ ਉੱਠਣ ਲੱਗੀਆਂ ਸਨ। ਤੂਫ਼ਾਨ ਦੀ ਉਡੀਕ ਵਿਚ ਉਸਨੇ ਦੋਹਾਂ ਹੱਥਾਂ ਨਾਲ ਚਾਰਪਾਈ ਦੀਆਂ ਬਾਹੀਆਂ ਫੜ ਲਈਆ। ਤਦੇ ਡਾਕਟਰ ਘਬਰਾਇਆ ਜਿਹਾ ਅੰਦਰ ਆਇਆ। ਉਸਨੂੰ ਪਤਾ ਨਹੀਂ ਕਿਸ ਤਰ੍ਹਾਂ ਪਤਾ ਲੱਗ ਗਿਆ ਸੀ। ਉਹਦੇ ਨਾਲ ਨਰਸ ਸੀ। ਡਾੱਕਟਰ ਮੈਨੂੰ ਦੇਖ ਕੇ ਰਾਹਤ ਅਤੇ ਤਸੱਲੀ ਨਾਲ ਮਰੀਜ਼ ਦੇ ਕੋਲ ਝੁਕਿਆ ਅਤੇ ਉਸ ਨੂੰ ਕਹਿੰਦਾ, "ਵੇਖਿਆ ਨਾ, ਘਰੋਂ ਵੀ ਕੋਈ ਨਾ ਕੋਈ ਆ ਹੀ ਗਿਆ। ਮੈਂ ਕਿਹਾ ਸੀ ਨਾ!" ਸਿਪਾਹੀ ਮੁਸਕ੍ਰਾਇਆ, "ਅਜੇ ਮੈਂ ਦਰਦ ਬਰਦਾਸ਼ਤ ਕਰ ਸਕਦਾ ਹਾਂ। ਬੋਬੋਜੀ ਵੀ ਇੱਥੇ ਹੀ ਹਨ।" ਡਾਕਟਰ ਨੇ ਸੁਆਲੀਆ ਨਿਗਾਹ ਨਾਲ ਮੇਰੇ ਵੱਲ ਦੇਖਿਆ। "ਡਾਕਟਰ ਸਾਹਿਬ, ਡੋਗਰੀ ਵਿਚ ਬੋਬੋ ਵੱਡੀ ਭੈਣ ਨੂੰ ਕਹਿੰਦੇ ਹਨ।" ਫੇਰ ਸਿਪਾਹੀ ਵੱਲ ਮੂੰਹ ਕਰ ਕੇ ਉਸਨੂੰ ਕਿਹਾ," ਮੈਂ ਤੇਰੀ ਚਨੈਨੀ ਵੀ ਹਾਂ। ਫ਼ਿਕਰ ਨਾ ਕਰ। ਸਾਡਾ ਪਿੰਡ ਹਮੇਸ਼ਾ ਸਾਡੇ ਨਾਲ ਹੀ ਰਹਿੰਦਾ ਹੈ।" ਪਤਾ ਨਹੀਂ ਇਹ ਮੈਂ ਕਿਵੇਂ ਕਹਿ ਦਿੱਤਾ। ਆਪਣੇ ਪਿੰਡ ਦੇ ਨਾਮ ਤੋਂ ਉਹ ਤੜਪ ਕੇ ਮੁਸਕਰਾਇਆ। ਮੈਂ ਉਸਦਾ ਹੱਥ ਆਪਣੇ ਹੱਥ ਵਿਚ ਲੈ ਕੇ ਕਿਹਾ,

"ਚੰਨ ਮ੍ਹਾੜਾ ਚੜ੍ਹਿਆ ਤੇ ਲਿਸ਼ਕੇ ਬਿਚ ਥਾਲੀਆ
ਚਮਕੀ ਚਿਨੈਨ ਮੋਈਏ ਦਿੱਖ ਰਾੱਤੀ ਕਾਲੀਆ
ਮਿਲਣਾ ਜਰੂਰ ਮੇਰੀ ਜਾਨ ਹੋ।

(ਮੇਰਾ ਚੰਨ ਥਾਲੀ ਵਿਚ ਚਮਕ ਰਿਹਾ ਹੈ। ਦੇਖੋ, ਚਿਨੈਨੀ ਕਸਬਾ ਕਾਲੀ ਰਾਤ ਵਿਚ ਕਿਵੇਂ ਉੱਜਲਾ ਹੋ ਕੇ ਚੰਨ ਵਾਂਗ ਨਿਕਲ ਆਇਆ ਹੈ। ਮੇਰੀ ਮੁਹੱਬਤ, ਮਿਲੀਂ ਜ਼ਰੂਰ।)

ਦੇਖ, ਤੇਰੀ ਚਿਨੈਨੀ 'ਤੇ ਵੀ ਲੋਕਗੀਤ ਬਣਿਆ ਹੈ।" ਉਹ ਮੈਨੂੰ ਬੇਵਿਸ਼ਵਾਸੀ ਨਾਲ ਦੇਖ ਰਿਹਾ ਸੀ। ਸ਼ਾਇਦ ਇਹ ਸੋਚ ਰਿਹਾ ਸੀ ਕਿ ਮੈਂ ਚਨੈਨੀ ਹਾਂ ਕਿ ਨਹੀਂ। ਚਨੈਨੀ ਉਸਦਾ ਖ਼ੂਬਸੂਰਤ ਕਸਬਾ, ਉਸਦੀ ਜਨਮ ਭੋਇੰ, ਜਿੱਥੇ ਕਾਲੀਆਂ ਰਾਤਾਂ ਵਿਚ ਚਮਕਦੇ ਰਾਜਿਆਂ ਦੇ ਚਿੱਟੇ ਮਹੱਲ ਹਨ, ਜਿੱਥੇ ਵਹਿੰਦੀ ਨਦੀ ਦੇ ਪਾਣੀ ਵਿਚੋਂ ਝਾਕਦੇ ਗੋਲ-ਗੋਲ ਪੱਥਰ ਤਾਰਿਆਂ ਵਾਂਗ ਜਗਮਗ ਕਰਦੇ ਹਨ, ਜਿੱਥੋਂ ਦੀ ਸ੍ਰੀਨਗਰ ਜਾਂਦੀ ਬੱਸ ਦੀ ਚੱਕਰਧਾਰੀ ਚਾਲ ਨੂੰ ਊਸਦਾ ਕਸਬਾ ਬਿਟ ਬਿਟ ਤੱਕਦਾ ਰਹਿੰਦਾ ਹੈ, ਜਿਵੇਂ ਨੰਗ-ਧੜੰਗ ਬੱਚੇ ਬੱਸ ਦੀਆਂ ਰੌਸ਼ਨੀਆਂ ਦੇਖਦੇ ਹਨ। ਡਾਕਟਰ ਨੇ ਸਿਪਾਹੀ ਨੂੰ ਇੰਜੈਕਸ਼ਨ ਲਾ ਦਿੱਤਾ ਸੀ। ਉਹ ਹੌਲੀ ਹੌਲੀ ਨੀਂਦਰ ਦੀ ਗੋਦੀ ਵਿਚ ਜਾ ਰਿਹਾ ਸੀ। ਡਾਕਟਰ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ। ਮੈਂ ਰੋ ਰਹੀ ਸੀ। ਕੀ ਇਹ ਬਿਟ- ਬਿਟ ਤੱਕਦੀਆਂ ਇਸਦੀਆਂ ਅੱਖਾਂ ਸਚੀਂ ਹੀ ਬੇਹਰਕਤ ਹੋ ਜਾਣਗੀਆਂ? ਕੀ ਇਹ ਆਪਣੀ ਜਨਮਭੋਇੰ ਲਈ ਤੜਪਦਾ ਹੋਇਆ ਸਿਪਾਹੀ ਇਥੇ ਬੰਬਈ ਦੇ ਕਿਸੇ ਸ਼ਮਸ਼ਾਨਘਾਟ ਵਿਚ ਸੁਆਹ ਹੋ ਜਾਏਗਾ, ਜਾਂ ਇਸਦੇ ਘਰਵਾਲੇ ਇਸ ਦੀ ਲੋਥ ਚਿਨੈਨੀ ਲੈ ਜਾਣਗੇ, ਕਿਸਨੂੰ ਪਤਾ ਹੈ? ਮੈਂ ਤਾਂ ਐਵੇਂ ਹੀ ਲਪੇਟੀ ਗਈ ਸੀ। ਡਾਕਟਰ ਦੀ ਆਵਾਜ਼ ਨਾਲ ਮੈਂ ਹੋਸ਼ ਕੀਤੀ। ਮੈਂ ਆਪਣੇ ਹੰਝੂ ਵਹਿ ਜਾਣ ਦਿੱਤੇ। ਡਾਕਟਰ ਨੇ ਉਨ੍ਹਾਂ ਵੱਲ ਕੋਈ ਧਿਆਨ ਨਾ ਕੀਤਾ। ਬਾਹਰ ਆ ਕੇ ਤਰਲੇ ਨਾਲ ਬੋਲਿਆ, "ਤੁਸੀਂ ਕੱਲ੍ਹ ਵੀ ਆਓਗੇ ਨਾ?" ਮੈਂ ਕਿਹਾ, "ਹਾਂ।" ਡਾਕਟਰ ਨੇ ਕਿਹਾ,"ਤੁਸੀਂ ਜਦੋਂ ਮਰਜ਼ੀ ਆਓ, ਪਰ ਸਵੇਰੇ ਨਾਸ਼ਤੇ ਦੇ ਵੇਲੇ ਇਹ ਥੋੜ੍ਹਾ ਚਿਤੰਨ ਹੁੰਦਾ ਹੈ।" ਘਰ ਜਾਂਦਿਆਂ ਮੈਨੂੰ ਜਾਪ ਰਿਹਾ ਸੀ ਕਿ ਮੇਰਾ ਨਿੱਘਾ, ਮੇਰਾ ਆਪਣਾ, ਮੇਰਾ ਵਤਨਜਾਇਆ ਇੱਥੇ ਇਕੱਲਾ ਪਿਆ ਹੈ। ਮੇਰੇ ਵਾਂਗ ਕਈ ਵਾਪਿਸ ਜਾ ਰਹੇ ਸਨ। ਕੋਈ ਆਸ ਦੇ ਨਾਲ, ਕੋਈ ਦੁਚਿੱਤੀ ਵਿਚ। ਸਿਪਾਹੀ ਨੂੰ ਡਾਕਟਰ ਨੇ ਦੋ-ਤਿੰਨ ਦਿਨਾਂ ਤੋਂ ਵੱਧ ਨਹੀਂ ਦਿੱਤੇ ਸਨ।

ਅਗਲੀ ਸਵੇਰ ਮੈਂ ਪੁੱਜੀ ਤਾਂ ਉਹ ਨਾਸ਼ਤਾ ਕਰ ਚੁੱਕਾ ਸੀ। ਨਰਸ ਉਸ ਦਾ ਮੂੰਹ ਪੂੰਝ ਰਹੀ ਸੀ। ਛੱਰ੍ਹਿਆਂ ਨਾਲ ਭਰੇ ਸਿਰ 'ਤੇ ਚਿੱਟਾ ਕੱਪੜਾ ਕਫ਼ਨ ਵਾਂਗ ਵਲ੍ਹੇਟਿਆ ਹੋਇਆ ਸੀ। ਉਸਨੇ ਮੁਸਕ੍ਰਾਅ ਕੇ ਮੇਰੇ ਵੱਲ ਦੇਖਿਆ ਤਾਂ ਊਹ ਮੈਨੂੰ ਕਿਸੇ ਦਰਵੇਸ਼ ਵਰਗਾ ਲੱਗਾ। ਦਰਵੇਸ਼, ਜੋ ਆਪਣੀ ਜਗ੍ਹਾ ਤੋਂ ਨਿੱਕਲ ਬਾਹਰ ਆ ਗਿਆ ਹੋਏ। ਨਰਸ ਨੇ ਅੱਖਾਂ-ਹੀ-ਅੱਖਾਂ ਵਿਚ ਪੁੱਛਿਆ। ਮੈਂ ਕਲਾਕੰਦ ਦਾ ਡੂਨਾ ਉਸ ਵੱਲ ਕਰ ਦਿੱਤਾ। ਨਰਸ ਵੀ ਮੁਸਕ੍ਰਾਉਣ ਲੱਗ ਗਈ ਸੀ। ਉਸਨੇ ਕਲਾਕੰਦ ਦਾ ਡੂਨਾ ਹੱਥ ਵਿਚ ਲਿਆ ਅਤੇ ਸਿਪਾਹੀ ਨੂੰ ਖੁਆਉਣ ਲੱਗ ਪਈ। ਸਿਪਾਹੀ ਨੇ ਕਾਫ਼ੀ ਕਲਾਕੰਦ ਖਾ ਲਿਆ ਤਾਂ ਕਿਹਾ, "ਸਿਸਟਰ, ਤੁਸੀਂ ਵੀ ਖਾਓ ਨਾ।" ਸਿਸਟਰ ਮੁਸਕ੍ਰਾਂਦੀ ਰਹੀ।

ਸਿਪਾਹੀ ਨੇ ਮੈਨੂੰ ਕਿਹਾ, "ਏਸ ਕਲਾਕੰਦ ਤੋਂ ਮੈਨੂੰ ਉਹ ਗੁੜ ਦੀ ਬਰਫ਼ੀ ਦੀ ਯਾਦ ਆਉਂਦੀ ਹੈ, ਜੋ ਸਾਡੀ ਚਨੈਨੀ ਵਿਚ ਦੁਰਗਾ ਹਲਵਾਈ ਬਣਾਉਂਦਾ ਸੀ"। ਇਸ ਗੱਲ 'ਤੇ ਅਸੀਂ ਤਿੰਨੇ ਹੱਸੇ ਤਾਂ ਹੱਸੀ ਹੀ ਗਏ। ਸਿਪਾਹੀ ਦੇ ਗਲੇ ਵਿਚ ਜਿਵੇਂ ਕੁਝ ਫਸ ਗਿਆ। ਮੈਂ ਉਸਦੀ ਪਿੱਠ 'ਤੇ ਹੱਥ ਫੇਰਿਆ ਅਤੇ ਨਰਸ ਉਸ ਨੂੰ ਪਾਣੀ ਪਿਆਉਣ ਲੱਗੀ। ਵਾਹਵਾ ਚਿਰ ਮਗਰੋਂ ਉਸਦਾ ਸਾਹ ਆਮ ਵਾਂਗ ਹੋਇਆ। ਉਹ ਠੀਕ ਹੁੰਦਿਆਂ ਹੀ ਕਹਿਣ ਲੱਗਾ, "ਬੋਬੋਜੀ, ਅੱਜ ਬੜਾ ਆਨੰਦ ਆਇਆ। ਮੈਨੂੰ ਕਲਾਕੰਦ ਬਹੁਤ ਪਸੰਦ ਹੈ।" ਮੈਨੂੰ ਉਸ 'ਤੇ ਬੜਾ ਪਿਆਰ ਆਇਆ। ਮੈਂ ਖੁਸ਼ ਹੋ ਕੇ ਕਿਹਾ, "ਤੂੰ ਆਖੇਂ ਤਾਂ ਕੱਲ੍ਹ ਰਾਜਮਾ-ਚੌਲ ਲੈ ਆਵਾਂ?"

ਉਸਦੀਆਂ ਅੱਖਾਂ ਚਮਕਣ ਲੱਗੀਆਂ। ਕਹਿੰਦਾ, "ਰਾਜਮਾ-ਚੌਲ ਖਾਧਿਆਂ ਸੱਚੀਂ ਬੜੇ ਦਿਨ ਹੋ ਗਏ। ਕੀ ਰਾਜਮਾ ਪੁਣਛ ਦੇ ਨੇ?" ਮੈਂ ਕਿਹਾ, "ਹਾਂ, ਪੁਣਛ ਦੇ ਹੀ ਨੇ।" ਉਹ ਬਹੁਤ ਹੀ ਖੁਸ਼ ਹੋਇਆ ਤਾਂ ਮੈਂ ਉਸ ਨੂੰ ਛੇੜਿਆ, "ਦੱਸ, ਅੱਤੀ ਨੂੰ ਚਿੱਠੀ ਪਾਵਾਂ?" ਉਹ ਸੰਗ ਗਿਆ। ਇੱਕ ਛਿਣ ਲਈ ਜਿਵੇਂ ਉਸਦੀ ਸਾਰੀ ਪੀੜ ਕਾਫ਼ੂਰ ਬਣ ਕੇ ਉੱਡ ਗਈ। ਫੇਰ ਕਣਅੱਖੀਆਂ ਤੋਂ ਮੈਨੂੰ ਦੇਖਦਿਆਂ ਕਹਿੰਦਾ, "ਕਿਹੋ ਜਿਹੀ ਗੱਲ ਕਰਦੀ ਐਂ ਬੋਬੋ! ਭਾਈਜੀ ਸੁਨਣ ਤਾਂ ਮਾਰ ਹੀ ਛੱਡਣਗੇ।" ਉਹ ਪਤਾ ਨਹੀਂ ਜਾਣਦਾ ਸੀ ਕਿ ਨਹੀਂ, ਮਾਰ ਛੱਡਣ ਲਈ ਉਸਦੇ ਸਿਰ ਵਿਚ ਧਸੇ ਛੱਰ੍ਹੇ ਹੌਲੀ-ਹੌਲੀ ਜ਼ਹਿਰ ਬਣ ਕੇ ਉਸਨੂੰ ਆਪਣੀ ਜੱਫੀ ਵਿਚ ਲੈ ਰਹੇ ਹਨ। ਬੇਹੋ- ਸ਼ੀ ਫੇਰ ਉਸ 'ਤੇ ਛਾਉਣ ਲੱਗੀ। ਉਸਦਾ ਮੂੰਹ ਚਮਕ ਰਿਹਾ ਸੀ। ਉਸਦੇ ਹੱਥਾਂ ਕੱਸ ਕੇ ਮੇਰੇ ਦੁਪੱਟੇ ਦਾ ਸਿਰਾ ਫੜਿਆ ਹੋਇਆ ਸੀ। ਮੈਂ ਸੋਚਿਆ, ਇਹ ਸੌਂ ਗਿਆ ਤਾਂ ਇਸਦੀਆਂ ਉਂਗਲੀਆਂ ਵਿਚ ਫਸਿਆ ਇਹ ਦੁਪੱਟਾ ਕਿਵੇਂ ਕੱਢਾਂਗੀ? ਮਨ ਦੇ ਅੰਦਰਵਾਰ ਪਹਾੜੀ ਬੱਦਲਾਂ ਦੀ ਛਾਤੀ ਵਿਚ ਚਮਕਦੀ ਬਿਜਲੀ ਕੜਕਣ ਲੱਗੀ। ਮੈਂ ਉਸਦੇ ਮੱਥੇ 'ਤੇ ਹੱਥ ਫੇਰਦਿਆਂ ਫੇਰਦਿਆਂ ਕਿਹਾ, "ਇੱਥੋਂ ਠੀਕ ਹੋ ਕੇ ਤੂੰ ਚਨੈਨੀ ਜਾਏਂਗਾ ਕਿ ਬਟੋਤ?" ਉਸਨੇ ਜਤਨ ਕਰ ਕੇ ਜੁਆਬ ਦਿੱਤਾ, "ਪਹਿਲਾਂ ਇੱਥੋਂ ਤਾਂ ਨਿੱਕਲਾਂ। ਏਸ ਚਾਰਪਾਈ ਤੋਂ ਮੈਂ ਬੜਾ ਔਖਾ ਹਾਂ। ਜਾਪਦਾ ਹੈ, ਇਹ ਪੀੜ ਦੀਆਂ ਰੱਸੀਆਂ ਨਾਲ ਬੁਣੀ ਹੋਈ ਹੈ ਤੇ ਸਾਰੀਆਂ ਰੱਸੀਆਂ ਮੇਰੇ ਆਲੇ-ਦੁਆਲੇ ਵਲੀਆਂ ਹਨ।" ਮੈਂ ਉਸਦੇ ਫ਼ਲਸਫ਼ਾਨਾਪੁਣੇ 'ਤੇ ਮੋਹਿਤ ਹੋਈ। ਨੀਂਦ ਵਿਚ ਜਾਂਦਾ-ਜਾਂਦਾ ਉਹ ਕਹਿੰਦਾ, "ਰਾਜਮਾ ਬਹੁਤੇ ਗਾਲਣੇ ਅਤੇ ਮਿਰਚਾਂ ਘੱਟ ਪਾਉਣੀਆਂ।" ਮੈਂ ਕਿਹਾ, "ਠੀਕ ਐ, ਹੁਣ ਤੂੰ ਸੋਂ ਜਾ। ਮੈਂ ਕੱਲ੍ਹ ਸਵੇਰੇ ਆਊਂਗੀ।" ਉਸ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ, "ਸੌਂ ਜਾ, ਅਤੇ ਦੇਖ, ਸਿਪਾਹੀ ਘਬਰਾਂਦਾ ਨਹੀਂ ਹੈ। ਡੋਗਰਾ ਸਿਪਾ- ਹੀਆਂ ਦੇ ਹੌਂਸਲੇ ਸਿਪਾਹੀਆਂ ਦੇ ਗੀਤ ਗਾਉਣ ਵਾਲਿਆਂ ਦੇ ਸੁਰਾਂ ਵਿਚ ਬੁਲੰਦ ਰਹਿੰਦੇ ਹਨ।" ਉਹ ਮੁਸਕ੍ਰਾਇਆ। ਉਸਦੀ ਮੁਸਕ੍ਰਾਹਟ ਰੋਣ ਨਾਲੋਂ ਵੱਧ ਉਦਾਸ ਸੀ। ਉਸਨੇ ਮੇਰਾ ਪੱਲਾ ਫੜ ਲਿਆ ਸੀ। ਉਸਦਾ ਸਾਹ ਇੰਆਣੇ ਦੇ ਸਾਹ ਵਾਂਗ ਮੁਲਾਇਮ ਅਤੇ ਨਿੱਘਾ ਹੋ ਗਿਆ ਸੀ। ਮੇਰਾ ਪੱਲਾ ਵੀ ਉਸਦੇ ਹੱਥਾਂ ਵਿਚੋਂ ਛੁੱਟ ਰਿਹਾ ਸੀ। ਮੈਂ ਹੌਲੀ ਜਿਹੇ ਉਸਨੂੰ ਖਿੱਚਿਆ ਅਤੇ ਉਸਦੀ ਚਾਰਪਾਈ 'ਤੇ ਹੱਥ ਧਰੀ ਉਸਦੇ ਸਾਹ ਦੀ ਆਉਣੀ-ਜਾਣੀ ਦੇਖਦੀ ਰਹੀ। ਨਰਸ ਨੇ ਆ ਕੇ ਕਿਹਾ, "ਹੁਣ ਇਹ ਚਾਰ-ਪੰਜ ਘੰਟੇ ਸੌਂਵੇਗਾ, ਬਾਈ! ਤੁਸੀਂ ਜਾਓ!" ਮੈਂ ਕਿਹਾ, "ਨਰਸ, ਜੇ ਤੁਹਾਡੇ ਹੁੰਦਿਆਂ ਉਸਨੂੰ ਹੋਸ਼ ਆ ਗਈ ਤਾਂ ਉਸਨੂੰ ਆਖਣਾਂ, ਮੈਂ ਕੱਲ੍ਹ ਉਸਦੇ ਲਈ ਖਾਣਾ ਜਲਦੀ ਹੀ ਲੈ ਆਊਂਗੀ।" ਅਗਲੇ ਦਿਨ ਖਾਣੇ ਨਾਲ ਡੱਬਾ ਭਰ ਕੇ, ਰਾਜਮਾ ਦੀ ਖੁਸ਼ਬੋਅ ਬੰਦ ਕਰੀ ਮੈਂ ਹਸਪਤਾਲ ਵਿਚ ਉਸਦੀ ਵਾੱਰਡ ਵੱਲ ਨੂੰ ਜਾ ਰਹੀ ਸੀ, ਤਾਂ ਸੋਚ ਰਹੀ ਸੀ, ਰਾਜਮਾ-ਚੌਲ ਖਾ ਕੇ ਸਿਪਾਹੀ ਕਿੰਨਾ ਖੁਸ਼ ਹੋਵੇਗਾ। ਮੇਰੀ ਤੋਰ ਤੇਜ਼ ਹੋ ਗਈ। ਤੀਵੀਂ ਨੂੰ ਖਾਣਾ ਬਣਾਅ ਕੇ ਖੁਆਉਣ ਵਿਚ ਅਕਹਿ ਸੁੱਖ ਮਿਲਦਾ ਹੈ। ਮੇਰੇ ਕਦਮ ਤੇਜ਼ ਹੋਈ ਗਏ। ਉਤਸ਼ਾਹ ਭੱਜਣ ਲੱਗਾ।

ਜਦੋਂ ਮੈਂ ਉਸਦੇ ਵਾੱਰਡ ਵਿਚ ਪੁੱਜੀ ਤਾਂ ਦੇਖਿਆ, ਉਸਦੇ ਬੈੱਡ 'ਤੇ ਤਿੰਨ-ਚਾਰ ਸਿਰ ਝੁਕੇ ਹੋਏ ਹਨ। ਲੱਤ 'ਤੇ ਪਲੱਸਤਰ ਚੜ੍ਹਿਆ ਹੈ ਤੇ ਸਿਰ 'ਤੇ ਉਹ ਚਿੱਟਾ ਕਫ਼ਨ ਜਿਹਾ ਵੀ ਨਹੀਂ ਹੈ। ਉਹ ਪੀੜ ਨਾਲ ਹੂੰਗ ਰਿਹਾ ਸੀ। ਮੈਂ ਕੋਲ ਜਾ ਕੇ ਖੜ੍ਹੀ ਹੋ ਗਈ। ਰੋਟੀ ਦੇ ਗਰਮ ਡੱਬੇ ਉੱਤੇ ਟਪਕਦੇ ਆਪਣੇ ਹੰਝੂਆਂ ਦੀ ਆਵਾਜ਼ ਮੈਂ ਸੁਣ ਸਕਦੀ ਸੀ। ਡਾੱਕਟਰ ਉਸ ਨੂੰ ਦੇਖ ਰਹੇ ਸਨ। ਇਹ ਸਿਪਾਹੀ ਕੋਈ ਦੂਜਾ ਸੀ। ਜਿਸਦੇ ਲਈ ਮੈਂ ਰਾਜਮਾ- ਚੌਲ ਲਿਆਈ ਸੀ, ਉਹ ਕਿੱਥੇ ਚਲੇ ਗਿਆ? ਤਦੇ ਮੈਂ ਦੇਖਿਆ, ਕੱਲ੍ਹਵਾਲੀ ਨਰਸ ਇੱਕ ਟ੍ਰੇਅ ਰੱਖ ਕੇ ਜਾ ਰਹੀ ਸੀ। ਮੈਂ ਉਸਦੇ ਮਗਰ ਦੌੜੀ। ਮੈਂ ਕਾੱਰੀਡੋਰ ਵਿਚ ਉਸਨੂੰ ਪੁੱਛਿਆ, "ਸਿਸਟਰ, ਉਹ ਕਿੱਥੇ ਹੈ, ਜਿਸਦੇ ਵਾਸਤੇ ਮੈਂ ਰਾਜਮਾ-ਚੌਲ ਲਿਆਈ ਹਾਂ?" ਸਿਸਟਰ ਬੋਲੀ, "ਉਸਤੋਂ ਬਾਅਦ ਤਾਂ ਉਸਨੂੰ ਹੋਸ਼ ਨਹੀਂ ਆਈ। ਕੱਲ੍ਹ ਰਾਤੀਂ ਹੀ ਉਸਨੂੰ ਲੈ ਗਏ ਸੀ। ਇਹ ਸੋਲਜਰ ਅੱਧੀ ਰਾਤ ਨੂੰ ਆਇਆ ਹੈ।" ਨਰਸ ਦੇ ਲਈ ਇਹ ਰੋਜ਼ ਦੀ ਗੱਲ ਸੀ। ਮੈਂ ਕਿੰਨੀ ਦੇਰ ਓਥੇ ਹੀ ਖੜ੍ਹੀ ਰਹੀ।ਫੇਰ ਜਾਂਦਿਆਂ-ਜਾਂਦਿਆਂ ਮੈਂ ਹਸਪਤਾਲ ਦੇ ਗੇਟ ਕੋਲ ਉਹ ਡੱਬਾ ਰੱਖਿਆ ਅਤੇ ਘਰ ਆ ਗਈ।

ਇਸ ਗੱਲ ਨੂੰ ਕਈ ਵਰ੍ਹੇ ਹੋ ਗਏ ਹਨ। ਇੱਕ ਵਾਰ ਜੰਮੂ ਜਾਣ 'ਤੇ ਸਿਪਾਹੀ ਦੀ ਬੜੀ ਯਾਦ ਆਈ ਤਾਂ ਤੜਕੇ ਹੀ ਮੈਂ ਚਿਨੈਨੀ ਦੀ ਬੱਸ 'ਤੇ ਸੁਆਰ ਹੋ ਗਈ। ਅਗਲੀ ਸੀਟ 'ਤੇ ਬੈਠੀ ਬੈਠੀ ਮੋੜਾਂ ਦੀ ਪਰਕਰਮਾ ਤੋਂ ਨਿਢਾਲ ਹੋ ਕੇ ਅੱਖ ਲੱਗੀ ਤਾਂ ਥਾਂ-ਥਾਂ ਸਿਪਾਹੀ ਦਿਸਣ ਲੱਗਾ, ਜਿਵੇਂ ਉਹ ਮੇਰੇ ਨਾਲ ਚਨੈਨੀ ਜਾ ਰਿਹਾ ਹੋਏ। ਪਤਾ ਨਹੀਂ ਉਸਦੇ ਮਾਂ ਪਿਓ, ਭਰਾ, ਭਾਬੀ, ਬੱਚੇ ਕਿਵੇਂ ਹੋਣਗੇ? ਅਤੇ ਅੱਤੀ ਦਾ ਤਾਂ ਵਿਆਹ ਹੋ ਗਿਆ ਹੋਏਗਾ। ਉਹਨੂੰ ਕਿਥੇ ਪਤਾ ਲੱਗਣਾ ਹੈ, ਉਸ ਨਾਲ ਵਿਆਹ ਕਰਾਉਣ ਦੀ ਇੱਕ ਖ਼ਾਹਿਸ਼ ਚਿਖਾ ਵਿਚ ਸੁਆਹ ਹੋ ਚੁੱਕੀ ਹੈ। ਠੰਡੀ ਪਹਾੜੀ ਹਵਾ ਵਾਰ-ਵਾਰ ਆ ਕੇ ਮੇਰੇ ਵਾਲਾਂ 'ਤੇ ਹੱਥ ਫੇਰ ਰਹੀ ਸੀ। ਸੁਫ਼ਨੇ ਵਿਚ ਮੁਸਕ੍ਰਾਂਦੇ ਸਿਪਾਹੀ ਦਾ ਚਿਹਰਾ ਮੋੜਾਂ 'ਤੇ ਝਾਕਣਵਾਲੇ ਸੂਰਜ ਵਾਂਗ ਚਮਕ ਰਿਹਾ ਸੀ। ਮੈਨੂੰ ਲੱਗਾ, ਉਹ ਵੀ ਮੇਰੇ ਨਾਲ ਚਨੈਨੀ ਜਾ ਰਿਹਾ ਹੈ। ਅਜੇ ਮੈਂ ਪੂਰੀ ਦੀ ਪੂਰੀ ਸਿਪਾਹੀ ਨੂੰ ਖਿਆਲਣ ਵਿਚ ਸੀ ਕਿ ਕੰਡੱਕਟਰ ਦੀ ਰੁੱਖੀ-ਬੇਰਸ ਆਵਾਜ਼ ਕੰਨਾਂ ਵਿਚ ਪਈ, "ਚਲੋ ਉਤਰੋ, ਚਨੈਨੀ, ਚਨੈਨੀ ਦੀਆਂ ਸੁਆਰੀਆਂ।"

ਉੱਤਰ ਕੇ ਮੈਂ ਆਲੇ ਦੁਆਲੇ ਦੇਖਿਆ, ਦੋ ਜਣੇ ਗੰਢਾਂ ਚੁੱਕੀ ਤੁਰ ਰਹੇ ਸਨ। ਮੈਂ ਉਨ੍ਹਾਂ ਦੇ ਮਗਰ ਮਗਰ ਹਪ ਲਈ। ਪਤਾ ਨਹੀਂ ਕਿਓਂ; ਉਨ੍ਹਾਂ ਨੂੰ ਮੈਂ ਸਿਪਾਹੀ ਦੇ ਘਰ ਦਾ ਪਤਾ ਪੁੱਛਣ ਦੇ ਕਾਬਿਲ ਨਹੀਂ ਸਮਝਿਆ। ਬਾਜ਼ਾਰ ਵਿਚਚਾਰੇ ਪਾਸੇ ਵੇਖ-ਵੇਖ ਮੈਂ ਹਲਵਾਈ ਦੀ ਦੁਕਾਨ ਲੱਭ ਰਹੀ ਸੀ। ਦੁਰਗਾ ਹਲਵਾਈ ਦੀ ਗੁੜ ਦੀ ਬਰਫ਼ੀ ਦਾ ਜ਼ਿਕਰ ਉਸਨੇ ਕੀਤਾ ਸੀ। ਮੈਂ ਹੌਲੀ-ਹੌਲੀ ਸੱਜੇ- ਖੱਬੇ ਤੱਕਦੀ ਜਾ ਰਹੀ ਸੀ। ਇੱਕ ਗਲੀ ਵਿਚ ਖੜ੍ਹੀਆਂ ਕੁਝ ਤੀਵੀਆਂ ਨਲਕੇ 'ਤੇ ਪਾਣੀ ਭਰ ਰਹੀਆਂ ਸਨ। ਉਹ ਸਾਰੀਆਂ ਦੀਆਂ ਸਾਰੀਆਂ ਮੇਰੇ ਵੱਲ ਤੱਕਣ ਲੱਗੀਆਂ। ਇੱਕ ਨੇ ਪੁੱਛਿਆ, "ਤੁਸੀਂ ਕਿਹਦੇ ਘਰ ਜਾਣਾ ਹੈ?" ਮੈਂ ਕਿਹਾ, "ਮੈਂ ਦੁਰਗਾ ਹਲਵਾਈ ਨੂੰ ਲੱਭ ਰਹੀ ਹਾਂ।" ਇੱਕ ਜਾਹਲ ਜਿਹੀ ਤੀਵੀਂ ਹੱਸਦੀ-ਹੱਸਦੀ ਕਹਿੰਦੀ," ਦੁਰਗੇ ਹਲਵਾਈ ਦੀ ਤਾਂ ਲਾੱਟਰੀ ਖੁੱਲ੍ਹ ਗਈ ਜਾਪਦੀ ਹੈ।" ਮੈਨੂੰ ਉਸਦੀ ਬਦਤਮੀਜ਼ੀ 'ਤੇ ਗੁੱਸਾ ਆ ਰਿਹਾ ਸੀ, ਪਰ ਉਸਤੋਂ ਪਹਿਲਾਂ ਹੀ ਦੂਜੀ ਕੁੜੀ ਮੈਨੂੰ ਆਪਣੇ ਨਾਲ ਲੈ ਗਈ। ਰਾਹ ਵਿਚ ਉਸ ਨੇ ਕਿਹਾ,

"ਇਹ ਕਰਮੋ ਬੜੀ ਖੱਚਰ ਐ। ਕੁਝ ਮੈਂਟਲੀ ਵੀ ਹੈ। ਇਸਦੀ ਗੱਲ ਕੋਈ ਨਹੀਂ ਸੁਣਦਾ। ਵੇਖੋ ਨਾ, ਦੁਰਗੇ ਹਲਵਾਈ ਦਾ ਅੱਖਾਂ ਦਾ ਅਪਰੇਸ਼ਨ ਖਰਾਬ ਹੋ ਗਿਆ। ਉਹ ਦੁਕਾਨ ਦੇ ਬਾਹਰ ਹੀ ਮੰਜੀ ਡਾਹੀ ਪਿਆ ਰਹਿੰਦਾ ਹੈ ਤੇ ਜਿਹੜਾ ਵੀ ਜਾਏ, ਉਸਨੂੰ ਖੁਰਚ ਖੁਰਚ ਕੇ ਸਾਰਿਆਂ ਦੇ ਬਾਰੇ ਪੁੱਛਦਾ ਹੈ- ਕੌਣ ਹੈਂ, ਕਿਸਦਾ ਪੁੱਤਰ ਹੈਂ, ਤੇਰਾ ਪਿਓ ਕਿੱਥੇ ਹੈ, ਭਰਾ ਦੀ ਚਿੱਠੀ ਆਈ ਕਿ ਨਹੀਂ? ਤੁਹਾਨੂੰ ਵੀ ਬੜਾ ਬੋਰ ਕਰੇਗਾ।" ਮੈਂ ਸੋਚਿਆ, ਇਹ ਬੋਰ ਲਫ਼ਜ਼ ਪਹਾੜਾਂ 'ਤੇ ਵੀ ਪੁੱਜ ਗਿਆ ਹੈ। ਤਦੇ ਉਹ ਇੱਕ ਦੁਕਾਨ ਦੇ ਅੱਗੇ ਆ ਕੇ ਖੜ੍ਹ ਗਈ। ਇੱਕ ਹੱਟਾ- ਕੱਟਾ ਸਾਨ੍ਹ ਜਿਹਾ ਮੁੰਡਾ ਖੋਇਆ ਭੁੰਨ ਰਿਹਾ ਸੀ। ਉਸ ਕੁੜੀ ਨੇ ਕਿਹਾ, ਇਹ ਸ਼ਹਿਰ ਤੋਂ ਆਏ ਹਨ। ਚਾਚੂ ਨੂੰ ਪੁੱਛ ਰਹੇ ਹਨ।" ਉਸਨੇ ਖੋਇਆ ਭੁੰਨਦਿਆਂ ਭੁੰਨਦਿਆਂ ਹੀ ਆਖਿਆ, "ਅੱਜ ਉਹ ਨਹੀਂ ਆਏਗਾ। ਉਸ ਨੂੰ ਮਲੇਰੀਆ ਹੋਇਆ ਹੈ। ਇਨ੍ਹਾਂ ਨੂੰ ਘਰ ਲੈ ਜਾ।"

ਉੱਬੜ-ਖਾਬੜ ਗਲੀ ਦੇ ਸਿਰੇ 'ਤੇ ਉਨ੍ਹਾਂ ਦਾ ਘਰ ਸੀ। ਬਾਹਰ ਧੁੱਪੇ ਮੰਜੀ ਡਾਹੀ ਦੁਰਗਾ ਕੁੰਗੜ ਕੇ ਪਿਆ ਸੀ। ਅਸੀਂ ਉਸਦੇ ਨੇੜੇ ਜਾ ਕੇ ਖਲੋਅ ਗਏ।ਉਸਨੇ ਖੜਕਾ ਸੁਣ ਕੇ ਪੁੱਛਿਆ, "ਕੌਣ ਐ?" ਕੁੜੀ ਨੇ ਕਿਹਾ, "ਚਾਚੂ, ਇਹ ਬੀਬੀ ਜੀ ਤੁਹਾਨੂੰ ਮਿਲਣ ਆਏ ਨੇ।" "ਕੌਣ, ਪਿਆਰੀ ਹੈਂ?" " ਹਾਂ ਚਾਚੂ! ਇਨ੍ਹਾਂ ਕੁਝ ਪੁੱਛਣਾ ਹੈ।" ਉਸਨੇ ਆਪਣੀ ਥਾਂ ਨਹੀਂ ਬਦਲੀ, ਫੇਰ ਕਿਹਾ, " ਕੀ ਪੁੱਛਣੈ? ਛੇਤੀ ਕਰੋ, ਨਹੀਂ ਤਾਂ ਖੰਘ ਸ਼ੁਰੂ ਹੋ ਗਈ ਤਾਂ..." ਮੈਂ ਕਾਹਲੀ ਕਾਹਲੀ ਪੁੱਛਿਆ, "ਸਿਪਾਹੀ ਦਾ ਪਤਾ ਕਰਨ ਆਈ ਹਾਂ। ਉਸਦਾ ਘਰ ਕਿੱਥੇ ਹੈ?" ਹਲਵਾਈ ਨੇ ਕਿਹਾ, "ਕੌਣ, ਮੰਗਤੂ?" ਅੱਛਾ, ਉਹ ਸਿਪਾਹੀ! ਵਾਹ ਮੇਰੇ ਸ਼ੇਰ, ਤੁਹਾਨੂੰ ਵੀ ਚਾਰ ਗਿਆ।" ਮੈਂ ਹੈਰਾਨ ਹੋ ਕੇ ਹਲਵਾਈ ਨੂੰ ਦੇਖਣ ਲੱਗੀ। ਉਸਦੀਆਂ ਬੰਦ ਅੱਖਾਂ ਵੀ ਸੋਚ ਵਿਚ ਡੁੱਬੀਆਂ ਸਨ।

ਉਹ ਬੋਲਿਆ, "ਸਤਰੋੜਾ ਸੀ ਉਹ। ਸਤਰੋੜਾ ਪਤਾ ਹੈ? ਰਾਜਿਆਂ ਦੀਆਂ ਨਾਜਾਇਜ਼ ਔਲਾਦਾਂ। ਉਸਦਾ ਆਪਣਾ ਕੋਈ ਨਾ ਸੀ। ਉਸ ਹਮੇਸ਼ਾ ਮਨੋਂ ਆਪਣੀਆਂ ਕਹਾਣੀਆਂ ਘੜੀ ਜਾਣੀਆਂ। ਸੁਣਿਆ ਸੀ, ਪਾਕਿਸਤਾਨ ਦੀ ਜੰਗ ਵਿਚ ਮਾਰਿਆ ਗਿਆ। ਪਿੰਡ ਵਿਚ ਪਟਵਾਰੀ ਨੂੰ ਤਾਰ ਆਈ ਸੀ। ਮੇਰੀ ਹੱਟੀ 'ਤੇ ਵੀ ਕਦੇ ਕਦੇ ਆ ਕੇ ਬੈਠਦਾ ਸੀ। ਉਸਨੂੰ ਗੁੜ ਦੀ ਬਰਫ਼ੀ ਬੜੀ ਪਸੰਦ ਸੀ।"

ਉਨ੍ਹਾਂ ਨੂੰ ਸ਼ਾਇਦ ਮੇਰੀ ਚੁੱਪੀ ਔਖਿਆਂ ਕਰ ਰਹੀ ਸੀ। ਕਹਿਣ ਲੱਗੇ, "ਭੂਆ, ਇਹੋ ਜਿਹੇ ਕਈ ਮੰਗਤੂ ਹੈਨ, ਜਿਹੜੇ ਸੁਫ਼ਨੇ ਦੇਖਦੇ-ਦੇਖਦੇ ਉਨ੍ਹਾਂ ਨੂੰ ਹੀ ਸੱਚ ਸਮਝਣ ਲੱਗਦੇ ਹਨ। ਉਸਦੀ ਮਾਂ ਕਦੋਂ ਦੀ ਮਰ ਗਈ ਸੀ। ਉਸਨੂੰ ਕੌਣ ਸਾਂਭਦਾ? ਮਹੱਲ ਦੇ ਬਾਹਰ ਉਸਨੂੰ ਕੋਈ ਛੱਡ ਗਿਆ ਸੀ।ਮੇਰੀ ਦੁਕਾਨ ਦੇ ਥੜ੍ਹੇ 'ਤੇ ਹੀ ਪਲਿਆ ਸੀ। ਸਰਦੀਆਂ ਵਿਚ ਮੇਰੀ ਭੱਠੀ ਦੇ ਹੇਠਾਂ ਉਹ ਤੇ ਕਾਲੂ ਪਏ ਰਹਿੰਦੇ ਸੀ। ਫੇਰ ਕੋਈ ਉਹਨੂੰ ਕੰਬਲ ਵੀ ਦੇ ਗਿਆ ਸੀ, ਪਰ ਮਰਿਆ ਸਿਪਾਹੀ ਹੋ ਕੇ। ਸ਼ਾਬਾਸ਼! ਹੁਣ ਤਾਂ ਮੇਰੇ ਕਾਲੂ ਨੂੰ ਮਰੇ ਵੀ ਬੜਾ ਚਿਰ ਹੋ ਗਿਆ ਹੈ। ਕਾਲੂ ਕੁੱਤਾ ਸੀ, ਪਰ ਮੰਗਤੂ ਉਸ ਨਾਲ ਇਓਂ ਗੱਲਾਂ ਕਰਦਾ ਸੀ, ਜਿਵੇਂ ਉਹ ਵੀ ਆਦਮੀ ਦਾ ਬੱਚਾ ਹੋਵੇ।" ਥੋੜ੍ਹਾ ਚਿਰ ਉਹ ਚੁੱਪ ਰਿਹਾ। ਫੇਰ ਜਿਵੇਂ ਉਹਨੂੰ ਧਿਆਨ ਆਇਆ। ਕਹਿੰਦਾ, "ਜਾ-ਜਾ ਭੂਆ, ਅੰਦਰ ਜਾ। ਵਹੁਟੀਆਂ ਤੈਨੂੰ ਚਾਹ-ਪਾਣੀ ਪੁੱਛਣਗੀਆਂ।"

ਏਨਾ ਬੋਲ ਉਹ ਹਫ਼ਣ ਲੱਗਾ। ਮੇਰੀ ਸੁਣਨ-ਬੋਲਣ ਦੀ ਤਾਕਤ ਮੁੱਕ ਗਈ ਸੀ। ਇੱਥੋਂ ਤੱਕ ਨਾਲ-ਨਾਲ ਆਉਂਦਾ ਮੰਗਤੂ ਵਾਰ-ਵਾਰ ਅੱਖਾਂ ਅੱਗੇ ਆ ਰਿਹਾ ਸੀ। ਮੈਂ ਉਸ ਥਾਂ ਤੋਂ ਪੈਰ ਪੁੱਟਣ ਦਾ ਹੌਂਸਲਾ ਬੁਨਣ ਲੱਗੀ, ਜਿੱਥੇ ਮੰਗਤੂ, ਉਸਦਾ ਪਰਿਵਾਰ, ਅੱਤੀ ਅਤੇ ਉਸਦੇ ਸੁਫ਼ਨੇ ਦਫ਼ਨ ਹੋ ਗਏ ਸਨ।

(ਅਨੁਵਾਦ: ਪੂਨਮ ਸਿੰਘ;
'ਪ੍ਰੀਤ ਲੜੀ' ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਪਦਮਾ ਸਚਦੇਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ