Hawa (Punjabi Story) : Gurdev Singh Rupana

ਹਵਾ (ਕਹਾਣੀ) : ਗੁਰਦੇਵ ਸਿੰਘ ਰੁਪਾਣਾ

ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮਦਨ ਤ੍ਰਭਕ ਪਿਆ। ਅੱਕਾਂ ਦੇ ਪਿੱਛੇ ਛੇ ਸੱਤ ਮਹੀਨੇ ਦਾ ਬੱਚਾ ਮੂਧੇ ਮੂੰਹ ਪਿਆ ਰੋ ਰਿਹਾ ਸੀ। ਕਦੀ ਉਹਦਾ ਮੂੰਹ ਧਰਤੀ ਵਿਚ ਗੱਡਿਆ ਜਾਂਦਾ। ਕਦੀ ਉਹ ਸਿਰ ਨੂੰ ਉਪਰ ਚੁੱਕ ਲੈਂਦਾ। ਕਦੀ ਉਹਦੇ ਰੋਣ ਦੀ ਆਵਾਜ਼ ਮੱਧਮ ਸੁਣਦੀ, ਕਦੀ ਉੱਚੀ।
ਮਦਨ ਨੇ ਗੱਡੀ ਖੜ੍ਹੀ ਕਰ ਦਿੱਤੀ। ਬੱਚੇ ਨੂੰ ਚੁੱਕ ਕੇ ਆਪਣੀ ਪਗੜੀ ਦੇ ਲੰਮੇ ਲੜ ਨਾਲ ਉਹ ਦਾ ਮੂੰਹ ਪੂੰਝਿਆ। ਫੇਰ ਉਹਨੇ ਇਹ ਪਤਾ ਕੀਤਾ, ਉਹ ਮੁੰਡਾ ਸੀ ਜਾਂ ਕੁੜੀ। ਉਹ ਕੁੜੀ ਨਿਕਲੀ। ਬੱਚੀ ਉਹਦੇ ਵੱਲ ਵੇਖਣ ਲੱਗ ਪਈ।
ਕੋਲ ਹੀ ਦੁੱਧ-ਚਿੱਟਾ ਬੁਰਕਾ ਇਉਂ ਪਿਆ ਸੀ, ਜਿਵੇਂ ਹਨੇਰੀ ਨਾਲ ਉੱਡ ਕੇ ਆਇਆ ਹੋਵੇ।
‘ਕੋਈ ਮਾਂ ਸਿੱਟ ਕੇ ਭੱਜ ਗਈ ਵਿਚਾਰੀ ਨੂੰ।’ ਉਹਨੇ ਸੋਚਿਆ, ‘ਕਿਹੋ ਜਿਹੀ ਚੰਦਰੀ `ਵਾ ਵਗ ਗਈ ਐ-ਮਾਵਾਂ ਤੋਂ ਬੱਚੇ ਨ੍ਹੀਂ ਸੰਭਾਲੇ ਗਏ।’ ਉਸ ਨੇ ਬੱਚੀ ਦੀਆਂ ਬਾਹਵਾਂ ਖੋਲ੍ਹ ਕੇ ਆਪਣੇ ਗਲ ਦੁਆਲੇ ਵਲ ਲਈਆਂ।

ਸਾਹਮਣੇ ਛੋਟੇ ਜਿਹੇ ਖਾਲ ਵਿਚ ਆਦਮੀ ਪਿਆ ਹੋਇਆ ਦਿਸਿਆ। ਅੱਗੇ ਹੋ ਕੇ ਵੇਖਿਆ ਤਾਂ ਉਹ ਲਾਸ਼ ਸੀ। ਮੱਥੇ ਉੱਤੇ ਕਾਲੀ ਸਿਆਹੀ ਨਾਲ ਖੁਣਿਆ ਹੋਇਆ ਚੰਦ ਤੇ ਤਾਰਾ। ਚਿਹਰੇ ਉੱਤੇ ਪੀੜ ਦੀਆਂ ਲੀਕਾਂ ਖਿਚੀਆਂ ਹੋਈਆਂ ਸਨ, ਜਿਸ ਕਰਕੇ ਚੰਦ ਤੇ ਤਾਰੇ ਦਾ ਰੂਪ ਵਿਗੜਿਆ ਹੋਇਆ ਸੀ। ਪੇਟ ਵਿਚੋਂ ਆਂਦਰਾਂ ਦਾ ਗੁੱਛਾ ਬਾਹਰ ਲਮਕ ਰਿਹਾ ਸੀ। ਪੈਰਾਂ ਕੋਲੋਂ ਜ਼ਮੀਨ ਪੁੱਟੀ ਹੋਈ ਸੀ। ਜਾਨ ਨਿਕਲਣ ਵੇਲੇ ਤੜਫਦਾ ਰਿਹਾ ਹੋਵੇਗਾ।

‘ਹੈਂਸਿਆਰੇ! ਪਿਓ ਨੂੰ ਮਾਰ ਕੇ ਸਿੱਟ ਗਏ, ਮਾਂ ਨੂੰ ਉਧਾਲ ਕੇ ਲੈ ਗਏ- ਤੇ ਏਸ ਜੁਆਕੜੀ ਨੂੰ ਰੁਲਦਾ ਛੱਡ ਗਏ’।’ ਉਹਦੇ ਆਉਣ ਤੋਂ ਪਹਿਲਾਂ ਜੋ ਵਾਪਰਿਆ ਸੀ, ਉਹਨੇ ਉਸ ਦਾ ਅੰਦਾਜ਼ਾ ਲਾ ਕੇ ਕਿਹਾ।
ਬੱਚੀ ਦਾ ਮੁਹਾਂਦਰਾ ਆਪਣੇ ਅੱਬਾ ਨਾਲ ਮਿਲਦਾ ਸੀ। ਫੇਰ ਵੀ ਚਿੱਟੇ ਬੁਰਕੇ ਵੱਲ ਵੇਖ-ਵੇਖ ਉਹਨੂੰ ਖਿਆਲ ਆ ਰਿਹਾ ਸੀ ਕਿ ਬੱਚੀ ਦੀ ਮਾਂ ਬਹੁਤ ਸੋਹਣੀ ਹੋਵੇਗੀ। ਉਹਦੀ ਸੁੰਦਰਤਾ ਹੀ ਉਹਦੇ ਖਾਵੰਦ ਦੀ ਦੁਸ਼ਮਣ ਬਣ ਗਈ ਹੋਵੇਗੀ। ਉਹ ਆਪ ਤਾਂ ਹੌਲੀ-ਹੌਲੀ ਕਿਸੇ ਦੇ ਘਰ ਨੂੰ ਆਪਣਾ ਘਰ ਕਹਿਣ ਲੱਗ ਜਾਵੇਗੀ ਤੇ ਕਿਸੇ ਨੂੰ ਆਪਣਾ ਘਰ ਵਾਲਾ, ਉਹਦੇ ਹੋਰ ਨਿਆਣੇ ਹੋ ਪੈਣਗੇ ਤੇ ਖਬਰੇ ਏਸ ਬੱਚੀ ਨੂੰ ਵੀ ਉਹ ਭੁੱਲ ਜਾਵੇ ਪਰ ਜੇ ਉਹ ਮਾਂ ਦੇ ਨਾਲ ਬੱਚੀ ਨੂੰ ਵੀ ਲੈ ਜਾਂਦੇ ਤਾਂ ਕੀ ਹਰਜ਼ ਸੀ।’
‘ਬੱਚੇ ਰੱਬ ਦਾ ਰੂਪ ਹੁੰਦੇ ਨੇ-ਬੱਚਿਆਂ ਸਾਹਮਣੇ ਆਦਮੀ ਪਾਪ ਕਰਨ ਤੋਂ ਡਰਦੈ।’ ਮਦਨ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ।
‘ਤੇ ਜੋ ਉਹ ਕਰ ਕੇ ਗਏ ਨੇ, ਉਹ ਕਿਹੜਾ ਪੁੰਨ ਸੀ?’ ਫੇਰ ਉਹਨੂੰ ਮਾਂ ਦੀ ਗੱਲ ਝੂਠੀ ਜਾਪੀ।
ਬੱਚੀ ਫੇਰ ਰੋਣ ਲੱਗ ਪਈ।

‘ਦੁਰਗੀ ਵੀ ਆਂਹਦੀ ਹੁੰਦੀ ਸੀ, ਰੱਬ ਇਕ ਧੀ ਤਾਂ ਮੈਨੂੰ ਜ਼ਰੂਰ ਦਿੰਦਾ-ਦੁਖ ਸੁਖ ਕਰਨ ਵਾਸਤੇ’ ਲਓ ਰੱਬ ਨੇ ਉਹਦੇ ਵਾਸਤੇ ਧੀ ਘੱਲ ਦਿੱਤੀ ਐ’ ਹਾਲੇ ਇਹਨੂੰ ਕੀ ਪਤੈ। ਨਾ ਇਹ ਹਿੰਦੂ, ਨਾ ਮੁਸਲਮਾਨ। ਬਿਲੂ ਨਾਲ ਖੇਡਦੀ ਫਿਰੂਗੀ-ਦੋਵੇਂ ਭੈਣ ਭਰਾ।’ ਮਦਨ ਦੀ ਬੀਵੀ ਦੁਰਗੀ ਦੇ ਤਿੰਨ ਬੱਚੇ ਹੋਏ ਸਨ। ਤਿੰਨੇ ਅਪਰੇਸ਼ਨ ਨਾਲ। ਦੋ ਮਰ ਗਏ, ਬਿੱਲੂ ਬਚ ਗਿਆ ਸੀ। ਬਿੱਲੂ ਦੇ ਪੈਦਾ ਹੋਣ ਵੇਲੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਦੁਰਗੀ ਫੇਰ ਹਾਮਲਾ ਹੋ ਗਈ ਤਾਂ ਉਹ ਮਰ ਜਾਵੇਗੀ ਤੇ ਦੁਰਗੀ ਦੇ ਮਨ ਵਿਚ ਧੀ ਵਾਸਤੇ ਸੱਧਰ ਬਾਕੀ ਰਹਿ ਗਈ ਸੀ।

‘ਕਿਉਂ, ਦੁਰਗੀ ਨੂੰ ਮਾਂ ਬਣਾ ਲਏਂਗੀ?’ ਉਹਨੇ ਬੱਚੀ ਨੂੰ ਵਰਚਾਉਂਦਿਆਂ ਕਿਹਾ ਤੇ ਫੇਰ ਕੱਸੀ ਵੱਲ ਲੈ ਤੁਰਿਆ। ਪਾਣੀ ਪਿਆ ਕੇ ਉਹਨੇ ਮੂਕੇ ਦੇ ਲੜੋਂ ਗੁੜ ਖੋਲ੍ਹ ਕੇ ਉਹਦੇ ਮੂੰਹ ਵਿਚ ਪਾ ਦਿੱਤਾ ਤੇ ਉਸ ਨੂੰ ਗੱਡੀ ਵਿਚ ਲਿਟਾ ਕੇ ਗੱਡੀ ਹੱਕ ਲਈ।

ਦੋ ਕੁ ਫਰਲਾਂਗ ਗਿਆ ਹੋਵੇਗਾ ਕਿ ਉਹਨੂੰ ਦੋ ਹੋਰ ਲਾਸ਼ਾਂ ਦਿਸੀਆਂ। ਫੇਰ ਕੁਝ ਹੋਰ। ਉਹਨੇ ਸਾਹਮਣੇ ਨਜ਼ਰ ਮਾਰੀ ਤਾਂ ਸੜਕ ਲਾਸ਼ਾਂ ਨਾਲ ਭਰੀ ਪਈ ਸੀ। ਉਸ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ, ‘ਮਦਨ ਤੇਰੇ ਗੱਡੀ ਚਲਾਉਣ ਵਾਲੇ ਚਾਲੇ ਨਹੀਂ-ਭੇਡ ਵਾਂਗੂ ਨੀਵੀਂ ਪਾਈ ਰੱਖਦੈਂ। ਨੀਵਾਂ ਵੇਖੇ ਤੋਂ ਅੱਧੀ ਦੁਨੀਆ ਦਿਸਦੀ ਐ’ ਤੇ ਅੱਜ ਉਸ ਨੂੰ ਪਹਿਲੀ ਵਾਰ ਆਪਣੀ ਨੀਵਾਂ ਵੇਖਣ ਦੀ ਆਦਤ `ਤੇ ਗੁੱਸਾ ਆਇਆ। ਜੇ ਉਹ ਕੱਸੀ ਤੋਂ ਹੀ ਸਾਹਮਣੇ ਵੇਖ ਲੈਂਦਾ ਤਾਂ ਉਹ ਪਿੱਛੇ ਹੀ ਮੁੜ ਜਾਂਦਾ ਪਰ ਜਾਂਦਾ ਕਿੱਥੇ? ਕਿਸੇ ਨੇ ਉਸ ਨੂੰ ਆਪਣੇ ਘਰ ਰਾਤ ਕੱਟਣ ਦੇਣੀ ਸੀ? ਹੰਸ ਰਾਜ ਨੇ ਤਾਂ ਉਹਨੂੰ ਇਹ ਆਖ ਕੇ ਆਪਣੀ ਦੁਕਾਨ ਵਿਚੋਂ ਉਠਾ ਦਿੱਤਾ ਸੀ ਕਿ ਕਾਫਲਾ ਲੰਘ ਗਿਆ ਹੈ, ਹੁਣ ਕੋਈ ਡਰ ਨਹੀਂ। ਲੋਕ ਡਰੇ ਹੋਏ ਸਨ। ਘਰਾਂ ਦੇ ਬੂਹੇ ਬੰਦ ਸਨ। ਸਾਰੇ ਬਾਜ਼ਾਰ ਵਿਚ ਉਹਨੂੰ ਇਕ ਵੀ ਬੰਦਾ ਨਜ਼ਰ ਨਹੀਂ ਸੀ ਪਿਆ। ਹੋਰ ਤਾਂ ਹੋਰ, ਅੱਜ ਤਾਂ ਚੁੰਗੀ ਉਤੇ ਰਾਮ ਲਾਲ ਵੀ ਨਹੀਂ ਸੀ। ਚੁੰਗੀ ਬੰਦ ਸੀ। ਨਹੀਂ ਤਾਂ ਉਹ ਉਸ ਦਾ ਕੋਈ ਬੰਨ੍ਹ-ਸੁਬ ਕਰ ਦਿੰਦਾ।

ਚੁਫੇਰੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਉਹ ਭਵੰਤਰ ਗਿਆ। ਮਦਨ ਵੀ ਡਰ ਗਿਆ।
‘ਪਾਣੀ’। ਇਕ ਆਵਾਜ਼ ਆਈ। ਸੜਕ ਦੇ ਕਿਨਾਰੇ ਇਕ ਲਾਸ਼ ਨੇ ਉਠਣ ਦਾ ਯਤਨ ਕੀਤਾ।
ਮਦਨ ਉਹਦੇ ਕੋਲ ਚਲਿਆ ਗਿਆ।
‘ਪਾਣੀ’ ਅਸੀਂ ਮਰਦਾਨੇ ਕੇ ਹੁਨੇ ਆਂ ਪਰਾਵਾ’ ਬਾਬਾ ਨਾਨਕ ਤੈਨੂੰ ਤਾਰੇ’।’
ਉਹਦੇ ਸਿਰ ਵਿਚ ਸੱਟ ਸੀ। ਪਿਛਲੇ ਪਾਸੇ ਲਹੂ ਦੀ ਛਪੜੀ ਲੱਗੀ ਪਈ ਸੀ। ਅੱਧਾ ਕੁ ਉਠ ਕੇ ਉਹ ਫੇਰ ਡਿੱਗ ਪਿਆ।
ਸੜਕ ਉਤੇ ਘਰ ਦਾ ਬਹੁਤ ਸਾਰਾ ਸਾਮਾਨ ਖਿੰਡਿਆ ਪਿਆ ਸੀ। ਆਟਾ ਗੁੰਨ੍ਹਣ ਵਾਲੀ ਕਨਾਲੀ ਦੇ ਠਿਕਰੇ। ਟੁੱਟੀ ਹੋਈ ਸੁਰਾਹੀ, ਇਕ ਚਰਖਾ ਉਖੜਿਆ ਹੋਇਆ। ਕੁਝ ਸਿਲਵਰ ਦੇ ਭਾਂਡੇ ਚਿੱਬੇ ਹੋਏ-ਹੋਏ। ਪਿੱਤਲ ਜਾਂ ਕਾਂਸੀ ਦਾ ਕੋਈ ਬਰਤਨ ਨਹੀਂ ਸੀ। ਮਦਨ ਨੇ ਇਕ ਸਿਲਵਰ ਦਾ ਕੌਲਾ ਸਿੱਧਾ ਕੀਤਾ ਤੇ ਛੱਪੜੀ ਤੋਂ ਪਾਣੀ ਲੈਣ ਤੁਰ ਪਿਆ।

ਕੁਝ ਲਾਸ਼ਾਂ ਅੱਧੀਆਂ ਛੱਪੜੀ ਦੇ ਪਾਣੀ ਵਿਚ ਸਨ, ਕੁਝ ਸਾਰੀਆਂ। ਮਦਨ ਨੇ ਗਿਣੀਆਂ, ਕੁੱਲ ਤੀਹ ਸਨ। ਪਾਣੀ ਵਿਚ ਲਹੂ ਘੁਲਿਆ ਹੋਇਆ ਸੀ। ਮਦਨ ਨੇ ਕੋਈ ਸਾਫ ਜਿਹੀ ਥਾਂ ਵੇਖ ਕੇ ਪਾਣੀ ਲੈਣ ਲਈ ਛੱਪੜੀ ਦਾ ਗੇੜਾ ਕੱਢਿਆ ਪਰ ਕਿਧਰੇ ਵੀ ਸਾਫ ਪਾਣੀ ਨਹੀਂ ਸੀ। ਉਸ ਨੇ ਨਿਉਂ ਕੇ ਪਾਣੀ ਦਾ ਕਟੋਰਾ ਭਰ ਲਿਆ। ਕਟੋਰੇ ਵਿਚਲੇ ਪਾਣੀ ਨੂੰ ਵੇਖਿਆ, ਉਹਦੇ ਵਿਚ ਲਹੂ ਸੀ। ਫੇਰ ਪਤਾ ਨਹੀਂ ਉਹਦੇ ਦਿਲ ਵਿਚ ਕੀ ਆਈ, ਉਹ ਕਾਹਲੀ-ਕਾਹਲੀ ਤੁਰ ਪਿਆ।

‘ਲੈ ਬਈ, ਜੇ ਤੇਰੀ ਵਧੀ ਹੋਈ ਤਾਂ ਕਿਸੇ ਤਣ-ਪੱਤਣ ਲੱਗ ਜਾਏਂਗਾ’ ਏਸ ਪਾਣੀ ਵਿਚ ਤੇਰੇ ਵਰਗਿਆਂ ਦਾ ਲਹੂ ਰਲਿਆ ਹੋਇਆ ਐ’। ਮਦਨ ਨੇ ਉਹਦਾ ਸਿਰ ਪਰ੍ਹੇ ਪਈ ਪਗੜੀ ਨਾਲ ਕੱਸ ਕੇ ਬੰਨ੍ਹ ਦਿੱਤਾ। ਆਖਰੀ ਗੰਢ ਦੇਣ ਤੋਂ ਪਹਿਲਾਂ ਹੀ ਉਹ ਉਹਦੇ ਹੱਥਾਂ ਵਿਚ ਲੁੜ੍ਹਕ ਗਿਆ। ਮਦਨ ਦੇ ਅੰਦਰੋਂ ਇਕ ਕੰਬਣੀ ਜਿਹੀ ਛਿੜ ਪਈ ਤੇ ਉਹ ਤੁਰ ਪਿਆ।

‘ਪਾਣੀ’, ਉਸ ਨੇ ਮੁੜ ਕੇ ਵੇਖਿਆ। ਸੜਕ ਦੇ ਦੂਜੇ ਕਿਨਾਰੇ ਇਕ ਲਾਸ਼ ਹੋਰ ਹਿੱਲ ਰਹੀ ਸੀ। ਮਦਨ ਨੇ ਸੜਕ ਉਤੋਂ ਪਾਣੀ ਵਾਲਾ ਕਟੋਰਾ ਚੁੱਕਿਆ। ਥੋੜ੍ਹਾ ਕੁ ਪਾਣੀ ਹੈ ਸੀ। ਉਹ ਸਿੱਧਾ-ਸਪਾਲ ਪਿਆ ਸੀ। ਉਹਦੀ ਵੱਖੀ ਕੋਲੋਂ ਲਹੂ ਵਹਿ-ਵਹਿ ਕੇ ਧਰਤੀ ਉੱਤੇ ਜੰਮ ਚੁੱਕਿਆ ਸੀ। ਮਦਨ ਨੇ ਉਹਨੂੰ ਬੈਠਾ ਕੇ ਗੋਡੇ ਦਾ ਆਸਰਾ ਦੇ ਦਿੱਤਾ। ਜਿੰਨਾ ਪਾਣੀ ਉਹਨੇ ਪੀਤਾ, ਸਾਰਾ ਵੱਖੀ ਵਿਚੋਂ ਦੀ ਬਾਹਰ ਨਿਕਲ ਗਿਆ। ਉਹਨੇ ਵੱਖੀ ਨੂੰ ਬੰਨ੍ਹ ਦੇਣ ਲਈ ਇਸ਼ਾਰਾ ਕੀਤਾ।

‘ਹੁਣ ਤੂੰ ਮੈਨੂੰ ਓਸ ਕਿੱਕਰ ਦੇ ਮੁੱਢ ਨਾਲ ਬੈਠਾ ਦੇ।’ ਉਸ ਨੇ ਕਿਹਾ, ‘ਮਿਲਟਰੀ ਵਾਲੇ ਕਿਧਰੇ ਮੈਨੂੰ ਜਿਉਂਦੇ ਨੂੰ ਹੀ ਨਾ ਦੱਬ ਜਾਣ।’
ਮਦਨ ਛੇਤੀ-ਛੇਤੀ ਸਾਰਾ ਕੰਮ ਮੁਕਾ ਕੇ ਤੁਰਦਾ ਹੋਇਆ। ਦਿਨ ਬਹੁਤ ਛੋਟਾ ਰਹਿੰਦਾ ਜਾਂਦਾ ਸੀ। ਉਹ ਦਿਨ ਖੜ੍ਹੇ-ਖੜ੍ਹੇ ਘਰ ਪਹੁੰਚਣਾ ਚਾਹੁੰਦਾ ਸੀ। ਹਾਲੇ ਵੀ ਥੋੜ੍ਹਾ ਕੁ ਡਰ ਉਹਦੇ ਅੰਦਰ ਕਿਧਰੇ ਲੁਕਿਆ ਹੋਇਆ ਸੀ।
ਉਹਨੇ ਗੱਡੀ ਤੋਰ ਲਈ। ਪੰਦਰਾਂ ਵੀਹ ਕਦਮ ਗਿਆ ਹੋਵੇਗਾ ਕਿ ਗੱਡੀ ਦਾ ਇਕ ਪਹੀਆ ਇਕ ਲਾਸ਼ ਦੀ ਲੱਤ ਉਤੋਂ ਦੀ ਲੰਘ ਗਿਆ। ਮਦਨ ਨੂੰ ਕ੍ਰੋਧ ਚੜ੍ਹ ਗਿਆ। ਉਹਨੇ ਗੱਡੀ ਵਿਚੋਂ ਡਾਂਗ ਚੁੱਕੀ ਤੇ ਧਲੀਰ ਕੇ ਊਠ ਦੇ ਦੋ ਜੜ ਦਿੱਤੀਆਂ। ਊਠ ਕੁਦਾੜੇ ਮਾਰਦਾ ਭੱਜ ਤੁਰਿਆ ਤੇ ਗੱਡੀ ਤਿੰਨ-ਚਾਰ ਲਾਸ਼ਾਂ ਉਤੋਂ ਦੀ ਲੰਘ ਗਈ। ਮਦਨ ਨੇ ਉਤਰ ਕੇ ਊਠ ਦੀ ਮੁਹਾਰ ਅੱਗੋਂ ਫੜ ਲਈ ਤੇ ਲਾਸ਼ਾਂ ਤੋਂ ਬਚਾ-ਬਚਾ ਕੇ ਗੱਡੀ ਤੋਰਨ ਲੱਗਿਆ।

ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ। ਮਦਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ‘ਮੈਨੂੰ ਪਾਣੀ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਜੁਆਕੜੀ ਵਾਸਤੇ।’ ਗੱਡੀ ਖੜ੍ਹੀ ਕਰਕੇ ਉਹਨੇ ਬੱਚੀ ਨੂੰ ਕੁਛੜ ਚੁੱਕ ਲਿਆ। ਉਹ ਚੁੱਪ ਕਰ ਗਈ ਪਰ ਹਾਲੇ ਵੀ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਇਕ ਟਾਹਲੀ ਹੇਠ ਚਾਰ ਪੰਜ ਬੱਚੇ ਸਨ। ਇਕ ਰੋ ਰਿਹਾ ਸੀ। ਜਦੋਂ ਉਹ ਉਨ੍ਹਾਂ ਦੇ ਕੋਲ ਗਿਆ ਤਾਂ ਸਾਰਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਇਕ ਵੱਡਾ ਬੱਚਾ ਇਕ ਲਾਸ਼ ਨਾਲ ਜਾ ਚੰਬੜਿਆ।

‘ਡਰੋ ਨਾ’ ਮੈਂ ਮਾਰਨ ਵਾਲਾ ਨਹੀਂ।’ ਉਸ ਨੇ ਕਿਹਾ, ‘ਇਹ ਤੇਰਾ ਅੱਬਾ ਐ?’ ਉਹਨੇ ਵੱਡੇ ਬੱਚੇ ਨੂੰ ਪੁੱਛਿਆ।
ਬੱਚੇ ਨੇ ਹਾਂ ਵਿਚ ਸਿਰ ਹਿਲਾ ਦਿੱਤਾ। ਸਭ ਬੱਚੇ ਚੁੱਪ ਹੋ ਗਏ। ਮਦਨ ਖੜ੍ਹਾ ਸੋਚਦਾ ਰਿਹਾ, ਉਹ ਉਨ੍ਹਾਂ ਨੂੰ ਹੋਰ ਕੀ ਕਹੇ? ਕੁਝ ਬੱਚੇ ਸੜਕ ਦੇ ਦੂਜੇ ਪਾਸੇ ਵੀ ਕਿੱਕਰ ਹੇਠ ਬੈਠੇ ਸਨ। ਕੁਝ ਰੋ ਰਹੇ ਸਨ। ਕੋਈ ਆਪਣੀ ਮੋਈ ਪਈ ਮਾਂ ਦੀ ਛਾਤੀ ਉਤੇ ਸਿਰ ਰੱਖ ਕੇ ਡੁਸਕ ਰਿਹਾ ਸੀ। ਆਸੇ-ਪਾਸੇ ਫੱਟੜ ਪਾਣੀ ਮੰਗ ਰਹੇ ਸਨ। ਉਹ ਉਨ੍ਹਾਂ ਦਾ ਕੀ ਕਰੇ? ਕਿਸ-ਕਿਸ ਨੂੰ ਸੰਭਾਲੇ? ਕਿਥੋਂ ਪਾਣੀ ਲਿਆ ਕੇ ਪਿਆਵੇ, ਉਹ ਇਕੱਲਾ? ਪਿੱਛੇ ਉਹ ਲਾਸ਼ਾਂ ਦਾ ਕਾਫਲਾ ਛੱਡ ਆਇਆ ਸੀ। ਅੱਗੇ ਇਸ ਤੋਂ ਵੱਡਾ ਕਾਫਲਾ ਬਾਕੀ ਸੀ ਜਿਸ ਵਿਚੋਂ ਦੀ ਰਾਹ ਬਣਾ ਕੇ ਉਹਨੇ ਘਰ ਪੁੱਜਣਾ ਸੀ-ਦਿਨ ਖੜ੍ਹੇ-ਖੜ੍ਹੇ। ਪਤਾ ਨਹੀਂ ਕਿਥੋਂ ਤੱਕ ਇਹ ਕਾਫਲਾ ਵਿਛਿਆ ਪਿਆ ਹੋਵੇਗਾ। ਜਿਉਂਦੇ ਬੰਦਿਆਂ ਦਾ ਤਾਂ ਵੀਹ ਮੀਲ ਲੰਮਾ ਕਾਫਲਾ ਸੁਣਿਆ ਸੀ।
ਕੁਝ ਚਿਰ ਉਹ ਚੁੱਪ-ਚਾਪ ਖੜ੍ਹਾ ਰਿਹਾ। ਫੇਰ ਉਸ ਨੇ ਬੱਚੀ ਨੂੰ ਉਨ੍ਹਾਂ ਬੱਚਿਆਂ ਕੋਲ ਲਿਟਾ ਦਿੱਤਾ ਤੇ ਛੇਤੀ-ਛੇਤੀ ਉਥੋਂ ਤੁਰਦਾ ਹੋਇਆ, ਮਤੇ ਫੇਰ ਉਸ ਦਾ ਦਿਲ ਬਦਲ ਜਾਵੇ।
ਉਹ ਉਸੇ ਤਰ੍ਹਾਂ ਮੁਹਾਰ ਫੜੀ ਗੱਡੀ ਨੂੰ ਲਾਸ਼ਾਂ ਤੋਂ ਬਚਾ-ਬਚਾ ਕੇ ਲੰਘਾਉਣ ਲੱਗਿਆ। ਫੇਰ ਵੀ ਕਦੇ ਕਿਸੇ ਦਾ ਪੈਰ ਹੇਠ ਆ ਜਾਂਦਾ ਤੇ ਕਦੇ ਕਿਸੇ ਦੀ ਲੱਤ ਉੱਤੋਂ ਦੀ ਪਹੀਆ ਲੰਘ ਜਾਂਦਾ ਪਰ ਉਹਨੂੰ ਊਠ ਉਤੇ ਗੁੱਸਾ ਨਹੀਂ ਸੀ ਆ ਰਿਹਾ। ਉਹਦਾ ਕੀ ਕਸੂਰ ਸੀ, ਵਿਚਾਰੇ ਦਾ ਸਗੋਂ ਉਹਦਾ ਤਾਂ ਜ਼ੋਰ ਲੱਗ ਰਿਹਾ ਸੀ, ਝਟੇ-ਝਟੇ ਪਹੀਏ ਅੱਗੇ ਓਟਾ ਲੱਗ ਜਾਂਦਾ ਸੀ।
ਅੱਧ ਵਾਲੀ ਕੱਸੀ ‘ਤੇ ਪਹੁੰਚ ਕੇ ਉਹਨੂੰ ਮਹਿਸੂਸ ਹੋਇਆ, ਉਹ ਥੱਕ ਗਿਆ ਹੈ। ਜਿਸ ਬਾਂਹ ਨਾਲ ਊਠ ਦੀ ਮੁਹਾਰ ਕਦੀ ਏਧਰ ਕਦੀ ਓਧਰ ਖਿੱਚਦਾ ਆਇਆ ਸੀ, ਉਹ ਅੰਬ ਗਈ ਹੈ ਤੇ ਹੁਣ ਉਸ ਤੋਂ ਉਹਦਾ ਭਾਰ ਨਹੀਂ ਚੁੱਕਿਆ ਜਾਂਦਾ। ਹੁਣ ਤੱਕ ਉਸ ਨੇ ਢਾਈ ਮੀਲ ਪੰਧ ਕੀਤਾ ਸੀ। ਸੜਕ ਦਾ ਏਨਾ ਹੀ ਸਫਰ ਬਾਕੀ ਸੀ ਤੇ ਇਕ ਮੀਲ ਅੱਗੇ ਕੱਚਾ, ਜਿਹੜਾ ਅੱਜ ਪੱਕੀ ਸੜਕ ਨਾਲੋਂ ਸਾਫ ਰਸਤਾ ਹੋਵੇਗਾ। ਸੂਰਜ ਡੁੱਬ ਚੁੱਕਿਆ ਸੀ। ਪੁਲ ਉਤੇ ਪਹੁੰਚ ਕੇ ਉਹਨੇ ਵੇਖਿਆ, ਕੱਸੀ ਦਾ ਪਾਣੀ ਪਟੜੀਆਂ ਦੇ ਉਤੋਂ ਦੀ ਵਗ ਰਿਹਾ ਸੀ। ਕੱਸੀ ਲਾਸ਼ਾਂ ਨਾਲ ਅੱਟੀ ਪਈ ਸੀ। ਉਹਨੇ ਗੱਡੀ ਰੋਕ ਦਿੱਤੀ।
ਊਠ ਨੇ ਚੀੜ੍ਹ ਕਰ ਲਿਆ ਤਾਂ ਉਹ ਗੱਡੀ ਦੇ ਉਤੇ ਚੜ੍ਹ ਬੈਠਾ ਤੇ ਊਠ ਦੀਆਂ ਮੁਹਾਰਾਂ ਢਿੱਲੀਆਂ ਛੱਡ ਦਿੱਤੀਆਂ। ਕਦੀ ਕੋਈ ਲਾਸ਼ ਧਿਆਨ ਪੈ ਜਾਂਦੀ ਤਾਂ ਊਠ ਦੀ ਮੁਹਾਰ ਇਕ ਪਾਸੇ ਖਿੱਚ ਦਿੰਦਾ, ਨਹੀਂ ਤਾਂ ਗੱਡੀ ਉਤੋਂ ਦੀ ਹੀ ਲੰਘ ਜਾਂਦੀ।
ਹੌਲੀ-ਹੌਲੀ ਹਨੇਰਾ ਵਧਣ ਲੱਗਿਆ। ਲਾਸ਼ਾਂ ਨਜ਼ਰ ਆਉਣੋਂ ਹਟ ਗਈਆਂ। ਬੱਸ ਉਦੋਂ ਪਤਾ ਲੱਗਦਾ, ਜਦੋਂ ਗੱਡੀ ਉਪਰੋਂ ਲੰਘ ਕੇ ਧੜੱਕ ਕਰ ਕੇ ਵੱਜਦੀ। ਮੀਲ ਕੁ ਚੱਲਣ ਪਿੱਛੋਂ ਉਹਨੂੰ ਇਹ ਪਤਾ ਲੱਗਣ ਲੱਗ ਪਿਆ, ਪਹੀਏ ਹੇਠ ਆਈ ਲਾਸ਼ ਕਿਸੇ ਵੱਡੇ ਬੰਦੇ ਦੀ ਹੈ ਜਾਂ ਬੱਚੇ ਦੀ। ਊਠ ਦੇ ਪੈਰਾਂ ਦੀ ਆਵਾਜ਼ ਤੋਂ ਜਾਣ ਜਾਂਦਾ ਕਿ ਸੜਕ ਸੁੱਕੀ ਹੈ ਜਾਂ ਲਹੂ ਲਿਬੜੀ।
ਹੁਣ ਉਹਦਾ ਡਰ ਬਿਲਕੁਲ ਲੱਥ ਗਿਆ ਸੀ ਤੇ ਉਸ ਨੇ ਉਹ ਗੀਤ ਹੌਲੀ-ਹੌਲੀ ਗਾਉਣਾ ਸ਼ੁਰੂ ਕੀਤਾ, ਜਿਹੜਾ ਰਾਤ ਨੂੰ ਸਫਰ ਕਰਨ ਸਮੇਂ ਹਮੇਸ਼ਾ ਗਾਇਆ ਕਰਦਾ ਸੀ:
‘ਨੀ ਤੂੰ ਮਾੜੀ ਕੀਤੀ ਸਾਹਿਬਾਂ,
ਨੀ ਤੂੰ ਯਾਰ ਦਿਤਾ ਮਰਵਾ ਨੀ।’
ਪਰ ਅੱਜ ਉਹਨੂੰ ਨਾ ਤਾਂ ਮਿਰਜ਼ੇ ਦੇ ਤਲਵਾਰਾਂ ਵੱਜਦੀਆਂ ਦਿੱਸੀਆਂ ਤੇ ਨਾ ਹੀ ਲਹੂ ਦੇ ਪਰਣਾਲੇ ਵਗਦੇ ਵਿਖਾਈ ਦਿੱਤੇ। ਉਹਨੂੰ ਆਪਣਾ ਗੀਤ ਰਸ-ਹੀਣ ਲੱਗਿਆ ਤੇ ਉਹਨੇ ਬੰਦ ਕਰ ਦਿੱਤਾ।
ਪੱਕੀ ਸੜਕ ਦਾ ਸਫਰ ਮੁੱਕਿਆ ਤਾਂ ਕੱਚੇ ਰਾਹ ਮੁੜ ਕੇ ਊਠ ਆਪ ਹੀ ਰੁਕ ਗਿਆ। ਕੁਝ ਮਿੰਟ ਰੁਕਿਆ ਰਿਹਾ ਤੇ ਫੇਰ ਆਪ ਹੀ ਤੁਰ ਪਿਆ।
ਆਪਣੇ ਬੂਹੇ ਅੱਗੇ ਪਹੁੰਚਿਆ ਤਾਂ ਕਿੰਨੇ ਹੀ ਆਂਢੀ ਗੁਆਂਢੀ ਬੋਲ ਪਏ-‘ਆ ਗਿਆ। ਆ ਗਿਆ।’

ਉਨ੍ਹਾਂ ਦੇ ਘਰ ਵਿਚੋਂ ਰੋਣ ਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ। ਉਹ ਕੋਲ ਗਿਆ ਤਾਂ ਜੁੜੇ ਹੋਏ ਮਰਦ ਚੁੱਪ ਹੋ ਗਏ। ਉਹਨੇ ਗੱਡੀ ਨਾਲੋਂ ਊਠ ਨੂੰ ਛੱਡਿਆ ਤੇ ਵਿਹੜੇ ਵਿਚ ਚਰਨੇ ਉਤੇ ਬੰਨ੍ਹ ਦਿੱਤਾ। ਇਕ ਪਾਸੇ ਬਹੁਤ ਸਾਰੀਆਂ ਔਰਤਾਂ ਵੈਣ ਪਾ ਰਹੀਆਂ ਸਨ। ਉਨ੍ਹਾਂ ਵਿਚੋਂ ਮਦਨ ਦੀ ਮਾਂ ਉਠੀ ਤੇ ਉਹਦੇ ਗਲ ਲੱਗ ਕੇ ਧਾਹਾਂ ਮਾਰਨ ਲੱਗ ਪਈ।

‘ਵੇ ਆਪਾਂ ਲੁੱਟੇ ਗਏ ਪੁੱਤਾ!’
‘ਕੀ ਗੱਲ ਐ ਮਾਂ?’ ਉਹਨੇ ਮਾਂ ਦੀਆਂ ਬਾਹਵਾਂ ਆਪਣੇ ਦੁਆਲਿਓਂ ਲਾਹ ਕੇ ਪੁੱਛਿਆ।
‘ਬਿੱਲੂ ਕੋਠੇ ਤੋਂ ਡਿੱਗ ਕੇ ਪੂਰਾ ਹੋ ਗਿਆ।’ ਉਹਨੂੰ ਦੱਸਿਆ ਗਿਆ।
ਉਹ ਚੁੱਪ-ਚਾਪ ਬਹਿ ਗਿਆ। ਕੁਝ ਦੇਰ ਸਾਰੇ ਚੁੱਪ ਰਹੇ। ਫੇਰ ਕਿਸੇ ਨੇ ਕਿਹਾ, ‘ਮਦਨ ਲਾਲ, ਚਲੋ ਸਸਕਾਰ ਕਰ ਆਈਏ। ਅਸੀਂ ਤੈਨੂੰ ਹੀ ਉਡੀਕਦੇ ਸਾਂ।’
‘ਬਿੰਦ ਠਹਿਰੋ ਇਹ ਕੰਮ ਵੀ ਕਰ ਲੈਨੇ ਆਂ।’ ਮਦਨ ਨੇ ਕਿਹਾ, ‘ਬਿੰਦ ਕੁ ਸੁਸਤਾ ਲਈਏ, ਥੱਕੇ ਬਹੁਤ ਆਂ, ਭੁੱਖ ਬਹੁਤ ਲੱਗੀ ਐ।’
ਮਾਂ ਨੇ ਉਹਨੂੰ ਮੋਢਿਆਂ ਤੋਂ ਫੜ ਲਿਆ।
‘ਹੈਂਸਿਆਰਿਆ! ਤੂੰ ਇਹਨੂੰ ਕੰਮ ਦੱਸਦੈਂ, ਤੈਨੂੰ ਭੁੱਖ ਲੱਗੀ ਐ’ ਵੇ ਕੋਈ ਜਣਾ ਲਾਲਟਨ ਲਿਆਓ ਵੇ’।’ ਉਹ ਦੁਹੱਥੜ ਪਿੱਟਣ ਲੱਗ ਪਈ।
ਕੋਈ ਜਣਾ ਲਾਲਟੈਨ ਲੈ ਆਇਆ।
‘ਵੇ ਪਿੰਡਾ ਅਸੀਂ ਲੁੱਟੇ ਗਏ’ ਮੈਂ ਛੋਟੇ ਨੂੰ ਰੋਂਦੀ ਸਾਂ’ ਵੱਡੇ ਨੂੰ ਵੀ ਕੁਸ਼ ਹੋ ਗਿਐ’ ਪਤਾ ਨਹੀਂ ਕੀਹਦੀ ‘ਵਾ ਲੱਗ ਗਈ ਐ’ ਵੇਖੋ ਕਿਵੇਂ ਦੀਦੇ ਪਾੜ-ਪਾੜ ਵੇਖੀ ਜਾਂਦੈ’।’
ਸਭ ਤੀਵੀਆਂ ਉਠ ਕੇ ਉਹਦੇ ਦੁਆਲੇ ਹੋ ਗਈਆਂ।
‘ਕੋਈ ਓਪਰੀ ਹਵਾ ਲੱਗਦੀ ਐ।’

ਬਿੱਲੂ ਦੀ ਲਾਸ਼ ਇਕੱਲੀ ਪਈ ਸੀ, ਕੱਪੜੇ ਨਾਲ ਢੱਕੀ ਹੋਈ। ਮਦਨ ਉਹਦੇ ਵੱਲ ਵੇਖ ਰਿਹਾ ਸੀ, ਵੇਖੀ ਹੀ ਜਾ ਰਿਹਾ ਸੀ। ਉਹਨੂੰ ਇਉਂ ਲੱਗ ਰਿਹਾ ਸੀ, ਜਿਵੇਂ ਇਕ ਲਾਸ਼ ਬਾਕੀ ਲਾਸ਼ਾਂ ਨਾਲੋਂ ਇਕ ਮੀਲ ਦੇ ਫਾਸਲੇ ਉਤੇ ਪਈ ਹੋਵੇ-ਬੱਸ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦੇਵ ਸਿੰਘ ਰੁਪਾਣਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ