Hawker (Punjabi Story) : Maqsood Saqib

ਹਾਕਰ (ਕਹਾਣੀ) : ਮਕ਼ਸੂਦ ਸਾਕ਼ਿਬ

ਉਹਦੀਆਂ ਅੱਖਾਂ ਵੱਡੀਆਂ ਵੱਡੀਆਂ ਤੇ ਚਿੱਟੀਆਂ ਹੋ ਗਈਆਂ ਸਨ ਤੇ ਨੱਕ ਕੁਝ ਚੋਖਾ ਈ ਬਾਹਰ ਨੂੰ ਨਿਕਲ ਆਇਆ ਸੀ। ਮੂੰਹ ਸਿਰ ਦੇ ਵਾਲ ਢੇਰ ਵਧੇ ਹੋਵਣ ਕਰਕੇ ਉਹਨੂੰ ਸੰਝਾਣਨਾ ਕੋਈ ਸੌਖੀ ਕਾਰ ਨਹੀਂ ਸੀ। ਪਰ ਫੇਰ ਵੀ ਮੈਂ ਉਹਨੂੰ ਸੰਝਾਣ ਲਿਆ। ਉਹ ਪਹਿਲਾਂ ਬੱਸਾਂ ਵਾਲੇ ਅੱਡੇ ਵਿਚ ਅਖ਼ਬਾਰ ਵੇਚਦਾ ਹੁੰਦਾ ਸੀ ਤੇ ਫੇਰ ਉਹਨੂੰ ਮੈਂ ਰੇਲਵੇ ਸਟੇਸ਼ਨ 'ਤੇ ਗੱਡੀਆਂ ਵਿਚ ਸਮੋਸੇ-ਪਕੌੜੇ ਵੇਚਦੇ ਨੂੰ ਵੀ ਕੁਝ ਚਿਰ ਵੇਖਦਾ ਰਿਹਾ ਸਾਂ।
ਉਸ ਵੇਲੇ ਉਹਦੀ ਜਿਹੜੀ ਗਤ ਬਣੀ ਹੋਈ ਸੀ, ਉਹਨੂੰ ਸਮਝਣਾ ਮੇਰੇ ਵਸੋਂ ਬਾਹਰ ਸੀ। ਉਹਦੇ ਸਰੀਰ ਉਤੇ ਵਸਤਰਾਂ ਦੀ ਥਾਂ ਲੜਫਾਂ ਲਮਕਦੀਆਂ ਪਈਆਂ ਸਨ ਤੇ ਉਹ ਸਟੇਸ਼ਨ ਦੀ ਬਗੀਚੀ ਦੇ ਨਾਲ ਮਰਕਰੀ ਲਾਟੂ ਦੀ ਲੋਅ ਹੇਠਾਂ ਉਨ੍ਹਾਂ ਕੁੱਤਿਆਂ ਨੂੰ ਪਿਆ ਵੇਖਦਾ ਸੀ ਜਿਹੜੇ ਉਹਨੂੰ ਭੂਤ ਪਰੇਤ ਸਮਝ ਕੇ ਉਹਦੇ ਦਵਾਲੇ ਘੇਰਾ ਬੰਨ੍ਹ ਕੇ ਪਿਛਲੇ ਅੱਧੇ ਘੰਟੇ ਤੋਂ ਭੌਂਕਦੇ ਪਏ ਸਨ। ਰਾਤ ਚੋਖੀ ਹੋ ਜਾਣ ਕਰਕੇ ਸਟੇਸ਼ਨ ਅਸਲੋਂ ਈ ਸੁੰਨ ਮਸਾਣ ਹੋਇਆ ਪਿਆ ਸੀ। ਸ਼ੋਰਕੋਟੋਂ ਆਉਣ ਵਾਲੀ ਗੱਡੀ ਕੋਈ ਢਾਈ ਘੰਟੇ ਲੇਟ ਸੀ। ਏਸ ਕਰਕੇ ਬਗੀਚੀ ਦੇ ਪਰਲੇ ਪਾਸੇ ਕੋਈ ਟਾਂਗਾ ਵੀ ਖਲੋਤਾ ਹੋਇਆ ਨਹੀਂ ਸੀ ਵਿਖਾਈ ਦੇਂਦਾ।
ਹੋਟਲ ਵਿਚ ਵੀ ਮੇਰੇ ਤੋਂ ਛੁੱਟ ਹੋਰ ਕੋਈ ਗਾਹਕ ਨਹੀਂ ਸੀ। ਕੁਝ ਚਿਰ ਪਹਿਲਾਂ ਬੈਠੀਆਂ ਹੋਈਆਂ ਦੋ ਤਿੰਨ ਸਵਾਰੀਆਂ ਗੱਡੀ ਲੇਟ ਸੁਣ ਕੇ ਮੁਸਾਫਰਖਾਨੇ ਵਿਚ ਲੱਕ ਸਿੱਧਾ ਕਰਨ ਟੁਰ ਗਈਆਂ ਸਨ। ਹੋਟਲ 'ਤੇ ਸਾਰਾ ਦਿਨ ਕੰਮ ਕਰਕੇ ਹੁਟੇ ਹੋਏ ਕਾਮੇ ਹੁਣ ਭੱਠੀ ਕੋਲ ਕੁਰਸੀਆਂ ਕਰਕੇ ਅੱਗ ਪਏ ਸੇਕਦੇ ਸਨ ਤੇ ਨਾਲੇ ਕਦੀ-ਕਦੀ ਬਾਹਰ ਝਾਤੀ ਮਾਰ ਕੇ ਹੱਸ ਛੱਡਦੇ ਸਨ।
ਮੈਂ ਆਦਤੋਂ ਮਜਬੂਰ ਸਾਰੇ ਬੇਲੀਆਂ ਦੇ ਟੁਰ ਜਾਣ ਮਗਰੋਂ ਬਾਰੀ ਅੱਗੇ 'ਕੱਲਾ ਈ ਬੈਠਾ ਨਾਲੇ ਚਾਹ ਪਿਆ ਪੀਂਦਾ ਸਾਂ ਤੇ ਨਾਲੇ ਬਾਹਰ ਉਨ੍ਹਾਂ ਕੁੱਤਿਆਂ ਦੇ ਘੇਰੇ ਵਿਚ ਖਲੋਤੇ ਹੋਏ ਨੂੰ ਵੇਖਦਾ ਪਿਆ ਸਾਂ। ਕੁੱਤੇ ਉਹਦੇ ਤੋਂ ਕੁਝ ਵਿੱਥ ਰੱਖ ਕੇ ਅਸਮਾਨਾਂ ਵਲ ਮੂੰਹ ਚੁੱਕ-ਚੁੱਕ ਕੇ ਪਏ ਭੌਂਕਦੇ ਸਨ। ਉਨ੍ਹਾਂ ਦੇ ਭੌਂਕਣ ਵਿਚ ਡਰ ਤੇ ਵਹਿਮ ਪਾਰੋਂ ਰੋਣ ਦੀ 'ਵਾਜ ਚੋਖੀ ਰਲੀ ਹੋਈ ਸੀ। ਉਹ ਪਿਛਲੇ ਅੱਧੇ ਘੰਟੇ ਤੋਂ ਜਿਥੇ ਖਲੋਤਾ ਸੀ, ਉਥੇ ਦਾ ਉਥੇ ਈ ਖਲੋਤਾ ਉਨ੍ਹਾਂ ਨੂੰ ਆਪਣੀਆਂ ਚਿੱਟੀਆਂ ਚਿੱਟੀਆਂ ਅੱਖਾਂ ਨਾਲ ਵੇਖੀ ਜਾਂਦਾ ਸੀ। ਉਹਦੀ ਤੱਕਣੀ ਤੇ ਇਕੋ ਪੈਂਤੜੇ ਵਿਚ ਖਲੋਤੇ ਤੋਂ ਏਸ ਤਰ੍ਹਾਂ ਸਹੀ ਹੁੰਦਾ ਸੀ ਜਿਵੇਂ ਉਹ ਕੁੱਤਿਆਂ ਨੂੰ ਕੀਲਣ ਦਾ ਕੋਈ ਤਪ ਕੱਢਦਾ ਹੋਇਆ ਆਪ ਈ ਪੱਥਰ ਹੋ ਗਿਆ ਸੀ।
ਮੇਰੀਆਂ ਅੱਖਾਂ ਅੱਗੇ ਉਹ ਪੁਰਾਣਾ ਵੇਲਾ ਆ ਗਿਆ ਜਦੋਂ ਮੈਂ ਛੋਟਾ ਜਿਹਾ ਹੁੰਦਾ ਸਾਂ ਤੇ ਮੇਰੇ ਅੱਬਾ ਜੀ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਸਾਈਕਲ ਉਤੇ ਬਿਠਾ ਕੇ ਹਰ ਰੋਜ਼ ਲੌਢੇ ਵੇਲੇ ਬਾਜ਼ਾਰ ਦੁੱਧ ਪਿਆਉਣ ਲੈ ਕੇ ਜਾਂਦੇ ਹੁੰਦੇ ਸਨ। ਮੰਦਰ ਦੇ ਹੇਠਾਂ ਉਦੋਂ ਰੱਖੇ ਦੁੱਧ ਦਹੀਂ ਵਾਲੇ ਦੀ ਹੱਟੀ ਹੁੰਦੀ ਸੀ ਤੇ ਉਹਦੇ ਨਾਲ ਘੋੜਿਆਂ ਦਾ ਸਾਜ਼ ਬਨਾਣ ਵਾਲੇ ਇਕ ਗੰਜੇ ਸਿਰ ਵਾਲੇ ਬੁੱਢੇ ਦੀ ਦੁਕਾਨ ਹੁੰਦੀ ਸੀ ਜਿਹਨੂੰ ਸਾਰੇ ਲੋਕ ਉਸਤਾਦ ਆਖ ਕੇ ਸੱਦਦੇ ਹੁੰਦੇ ਸਨ। ਅੱਬਾ ਜੀ ਨੇ ਸਾਨੂੰ ਦੋਵਾਂ ਭਰਾਵਾਂ ਨੂੰ ਰੱਖੇ ਦੁੱਧ ਦਹੀਂ ਵਾਲੇ ਕੋਲ ਬਿਠਾ ਕੇ ਆਪ ਉਸਤਾਦ ਕੋਲ ਜਾ ਕੇ ਬਹਿ ਜਾਣਾ ਤੇ ਕਿੰਨਾ ਚਿਰ ਨਾਲੇ ਹੁੱਕਾ ਪੀਂਦਿਆਂ ਰਹਿਣਾ ਤੇ ਨਾਲੇ ਗੱਲਾਂ ਕਰਦਿਆਂ ਰਹਿਣਾ।
ਉਸਤਾਦ ਚੌਂਕੜੀ ਮਾਰ ਕੇ ਬੈਠਾ ਹੁੰਦਾ ਸੀ। ਮੋਟਿਆਂ-ਮੋਟਿਆਂ ਸ਼ੀਸ਼ਿਆਂ ਵਾਲੀ ਐਨਕ ਉਹਦੇ ਉਚੇ ਸਾਰੇ ਨੱਕ ਦੀ ਕਰੂੰਬਲੀ ਉਤੇ ਹੁੰਦੀ ਤੇ ਉਹ ਆਪਣਾ ਚਿੱਟੇ ਵਾਲਾਂ ਦੀ ਝਾਲਰ ਜਿਹੀ ਵਾਲਾ ਗੰਜਾ ਸਿਰ ਨਿਵਾ ਕੇ ਕਦੀ ਘੋੜਿਆਂ ਦੇ ਸੀਨੇਬੰਦ ਸੀਊਂਦਾ ਪਿਆ ਹੁੰਦਾ ਤੇ ਕਦੀ ਜੋਤਰੇ ਗੰਢਣ ਦੇ ਆਹਰੇ ਰੁੱਝਾ ਰਹਿੰਦਾ। ਵਿਚ-ਵਿਚ ਉਹ ਹੱਥ ਖਲਿਹਾਰ ਕੇ ਹੁੱਕੇ ਦਾ ਸੂਟਾ ਖਿੱਚ ਲੈਂਦਾ ਤੇ ਸ਼ੀਸ਼ਿਆਂ ਉਤੋਂ ਮੇਰੇ ਅੱਬਾ ਜੀ ਵਲ ਵੇਖਦਾ ਹੋਇਆ ਕੋਈ ਕਥਾ ਸੁਨਾਣ ਲੱਗ ਪੈਂਦਾ।
ਉਹਦੀਆਂ ਗੱਲਾਂ ਉਤੇ ਮੈਂ ਆਪਣੇ ਅੱਬਾ ਜੀ ਦੀਆਂ ਅੱਖਾਂ ਵਿਚ ਕਈ ਵਾਰੀ ਅੱਥਰੂ ਟੁਰਦੇ ਹੋਏ ਵੇਖੇ, ਜਿਨ੍ਹਾਂ ਨੂੰ ਉਹ ਝੱਟ ਆਪਣੀ ਲੱਕ ਦੀ ਚਾਦਰ ਦੇ ਲੜ ਵਿਚ ਸਾਂਭ ਲੈਂਦੇ। ਉਹ ਕੀ ਗੱਲਾਂ ਕਰਦੇ ਸਨ? ਬੱਸ ਹਿੰਦੂਆਂ-ਸਿੱਖਾਂ ਦੀਆਂ ਈ ਹੁੰਦੀਆਂ ਸਨ ਜਿਨ੍ਹਾਂ ਨੂੰ ਹਦੋਂ ਪਾਰ ਗਿਆਂ ਮੁੱਦਤਾਂ ਹੋ ਗਈਆਂ ਹੋਈਆਂ ਸਨ।
ਮੈਂ ਸਾਹਮਣੇ ਅੱਡੇ ਵਿਚ ਖਲੋਤੀਆਂ ਬੱਸਾਂ ਵਲ ਵੇਖਦਾ ਰਹਿੰਦਾ। ਇਨ੍ਹਾਂ ਬੱਸਾਂ ਦੀ ਈ ਤੇ ਉਹ ਪ੍ਰਦੱਖਣਾ ਕਰਦਾ ਹੁੰਦਾ ਸੀ। ਅਖ਼ਬਾਰਾਂ ਦਾ ਇਕ ਵੱਡਾ ਸਾਰਾ ਥੱਬਾ ਹਿੱਕ ਨਾਲ ਲਾ ਕੇ ਹੱਥ ਨਾਲ ਕੁਝ ਅਖਬਾਰ ਲਹਿਲਹਾਂਦਾ ਮੂੰਹ ਵਿਚੋਂ ਕੁਝ ਉਚੀਉਚੀ ਕੂਕਦਾ ਹੋਇਆ। ਮੇਰੀ ਨਿਗਾਹ ਉਹਦੇ ਉਤੇ ਅੜ ਜਾਂਦੀ, ਉਹ ਇਕ ਭੈੜੀ ਜਿਹੀ ਕਮੀਜ਼ ਤੇ ਲੀਕਾਂ ਵਾਲਾ ਲਾਚਾ ਜਾਮਾ ਪਾ ਕੇ ਏਸ ਤਰ੍ਹਾਂ ਫਿਰਦਾ ਜਿਵੇਂ ਉਹਦੇ ਵਿਚ ਬਿਜਲੀ ਭਰੀ ਹੋਵੇ। ਬੱਸਾਂ ਦੀਆਂ ਬਾਰੀਆਂ ਅੱਗੋਂ ਹੱਥ ਵਿਚ ਫੜੇ ਅਖ਼ਬਾਰ ਫੜਾਂਦਾ, ਉਹ ਗਵਾਚ ਜਾਂਦਾ ਤੇ ਫੇਰ ਕਿਸੇ ਦੂਜੇ ਪਾਸਿਓਂ ਝੱਟ ਕਰਕੇ ਨਿਕਲ ਆਉਂਦਾ। ਉਹਦਾ ਇਹ ਸਾਰਾ ਅੰਦਾਜ਼ ਮੇਰੇ ਮਨ ਨੂੰ ਬੜਾ ਸੁਹਾਉਂਦਾ। ਮੈਂ ਉਹਨੂੰ ਈ ਨੀਝ ਲਾ ਕੇ ਵੇਖਦਾ ਰਹਿੰਦਾ ਰੱਖੇ ਦੀ ਹੱਟੀ ਦੇ ਅੱਗੇ ਪਈ ਕੁਰਸੀ ਉਤੇ ਬਹਿ ਕੇ। ਜਦੋਂ ਘਰ ਪਰਤਣ ਲਈ ਮੇਰਾ ਵੱਡਾ ਭਰਾ ਮੈਨੂੰ ਹਲੂਣ ਕੇ ਉਠਾਂਦਾ ਤੇ ਮੈਨੂੰ ਉਹਦੇ ਉਤੇ ਬੜਾ ਈ ਰੋਹ ਆਉਂਦਾ। ਮੈਂ ਅੱਬਾ ਜੀ ਦੇ ਨਾਲ ਸਾਈਕਲ ਉਤੇ ਬਹਿ ਕੇ ਉਹਦੇ ਨਾਲ ਪੂਰਾ ਰਾਹ ਨਾ ਬੋਲਦਾ। ਉਹਦੇ ਹਲੂਣੇ ਨਾਲ ਮੇਰੀ ਸਮਾਧੀ ਜੁ ਟੁੱਟ ਜਾਂਦੀ ਸੀ ਤੇ ਉਦੋਂ ਮਗਰੋਂ ਮੈਨੂੰ ਕੁਝ ਵੀ ਵਿਖਾਲੀ ਨਹੀਂ ਸੀ ਦੇਂਦਾ। ਬਸ ਹਰ ਸ਼ੈ ਕਤਰਾ ਕਤਰਾ ਈ ਜਾਪਣ ਲੱਗ ਪੈਂਦੀ ਸੀ।
ਘਰ ਵਿਚ ਮੈਂ ਬੋਹੜ ਦੇ ਪੱਤਰਾਂ ਦਾ ਥੱਬਾ ਬਣਾ ਕੇ ਹਿੱਕ ਨਾਲ ਲਾ ਲੈਂਦਾ ਤੇ ਫੇਰ ਐਵੇਂ ਈ ਕਿਸੇ ਸ਼ੈ ਦਵਾਲੇ ਕਾਹਲਾ-ਕਾਹਲਾ ਫਿਰਦਾ ਹੋਇਆ ਵਾਜ਼ਾਂ ਲਾਂਦਾ। 'ਆ ਗਿਆ... ਆ ਗਿਆ।'
ਮੇਰੀ ਮਾਂ ਜਦੋਂ ਘਰ ਪ੍ਰਾਹੁਣੇ ਆਏ ਹੁੰਦੇ, ਮੈਨੂੰ ਏਸ ਤਰ੍ਹਾਂ ਖੇਡਦਿਆਂ ਵੇਖ ਕੇ ਹੱਸ ਪੈਂਦੀ। 'ਕਿਧਰੇ ਅਖ਼ਬਾਰ ਵੇਚਣ ਵਾਲੇ ਨੂੰ ਵੇਖ ਆਇਆ ਏ। ਉਹਦੀਆਂ ਨਕਲਾਂ ਲਾਹੁੰਦਾ ਰਹਿੰਦਾ ਏ।' ਜਦੋਂ ਪ੍ਰਾਹੁਣੇ ਨਾ ਆਏ ਹੁੰਦੇ, ਮੇਰੀ ਮਾਂ ਮੈਨੂੰ ਇਹ ਖੇਡ ਖੇਡਣ ਤੋਂ ਮੋੜ ਦੇਂਦੀ। 'ਨਾ ਪੁੱਤਰ, ਅਸੀਂ ਕੋਈ ਅਖ਼ਬਾਰ ਵੇਚਣ ਵਾਲੇ ਬਣਨਾ ਏ? ਸੁਖੀ ਸਾਂਦੀ ਅਸਾਂ ਤੇ ਪੜ੍ਹ ਲਿਖ ਕੇ ਸਾਹਬ ਬਣਨਾ ਏ ਸਾਹਬ।' ਮੈਨੂੰ ਲਫਜ਼ ਸਾਹਬ ਤੋਂ ਬੜੀ ਈ ਚਿੜ ਆਉਂਦੀ। ਮੇਰੀ ਐਡੀ ਸੋਹਣੀ ਖੇਡ ਨੂੰ ਹਮੇਸ਼ਾ ਇਹ ਸਾਹਬ ਆ ਕੇ ਈ ਤੇ ਭੰਗ ਕਰ ਜਾਂਦਾ ਸੀ।
ਉਹ ਅਖ਼ਬਾਰਾਂ ਦਾ ਥੱਬਾ ਵੇਚ ਕੇ ਜਦੋਂ ਅੱਡੇ ਵਿਚੋਂ ਟੁਰ ਜਾਂਦਾ, ਮੈਨੂੰ ਸਾਰਾ ਦਿਹੁੰ ਸੁੰਨ ਮਸਾਣ ਜਾਪਣ ਲੱਗ ਪੈਂਦਾ। ਬੱਸਾਂ ਦੀਆਂ ਬਾਰੀਆਂ ਵਿਚ ਬੈਠੇ ਹੋਏ ਮੁਸਾਫਰ ਫੋਟੋਆਂ ਜਾਪਣ ਲੱਗ ਪੈਂਦੇ। ਮੇਰੀ ਨਜ਼ਰ ਉਹਨੂੰ ਮੁੜ ਕੇ ਕਿਧਰੋਂ ਨਿਕਲਦੇ ਨੂੰ ਵੇਖਣ ਲਈ ਲੋਚਦੀ ਰਹਿੰਦੀ ਪਰ ਉਹ ਮੁੜ ਕੇ ਅਗਲੇ ਦਿਹਾੜੇ ਈ ਵਿਖਾਲੀ ਦੇਂਦਾ ਤੇ ਫੇਰ ਪੂਰਾ ਦਿਹੁੰ ਜੀਊਂਦਾ-ਜਾਗਦਾ ਹੋ ਜਾਂਦਾ।
ਮੈਂ ਆਪਣੇ ਅੱਬਾ ਜੀ ਤੇ ਵੱਡੇ ਭਰਾ ਨਾਲ ਅੱਲਾ ਰੱਖੇ ਦੁੱਧ ਦਹੀਂ ਵਾਲੇ ਦੀ ਹੱਟੀ 'ਤੇ ਜਾ ਕੇ ਕਿੰਨਾ ਚਿਰ ਈ ਵੇਖਦਾ ਰਿਹਾ ਤੇ ਕਿੰਨਾ ਚਿਰ ਈ ਘਰ ਆਲੇ ਬੋਹੜ ਦੇ ਪੱਤਰਾਂ ਨਾਲ ਅਖ਼ਬਾਰ ਵੇਚਣ ਵਾਲਾ ਬਣਦਾ ਰਿਹਾ। ਫੇਰ ਇਹ ਸਾਰਾ ਕੁਝ ਕਿਧਰੇ ਪਿਛਾਂਹ ਦੀ ਪਿਛਾਂਹ ਈ ਰਹਿ ਗਿਆ ਜਿਵੇਂ ਗੱਡੀ ਵਿਚ ਜਾਂਦਿਆਂ ਰੁੱਖ ਤੇ ਖੰਭੇ ਪਲ ਦੀ ਪਲ ਚੂੰਢੀ ਧੱਫਾ ਲੈ ਕੇ ਕਿੱਕਲੀ ਪਾਉਂਦੇ, ਕੋਲੋਂ ਦੂਰ ਦੁਰਾਡੇ ਨਿਕਲ ਜਾਂਦੇ ਨੇ।
ਕਈ ਵਰ੍ਹੇ ਲੰਘ ਜਾਣ ਮਗਰੋਂ ਮੈਂ ਕਿਸੇ ਪ੍ਰਾਹੁਣੇ ਨੂੰ ਗੱਡੀ ਚੜ੍ਹਾਣ ਸਟੇਸ਼ਨ 'ਤੇ ਆਇਆ ਤਾਂ ਇਕ ਕਾਲੇ ਜਿਹੇ ਰੰਗ ਦੇ ਨਿੱਕੀ-ਨਿੱਕੀ ਦਾੜ੍ਹੀ ਵਾਲੇ ਹਾਕਰ ਨੂੰ ਵੇਖ ਕੇ ਮੈਨੂੰ ਆਪਣੇ ਕੰਨਾਂ ਵਿਚ 'ਆ ਗਿਆ...ਆ ਗਿਆ' ਦੀਆਂ ਵਾਜਾਂ ਦਰਿਆ ਵਿਚੋਂ ਲੰਘਦੀ ਤ੍ਰਿਖੀ ਹਵਾ ਦੀਆਂ ਸ਼ੂਕਰਾਂ ਵਾਂਗੂੰ ਪੈਂਦੀਆਂ ਸਹੀ ਹੋਵਣ ਲੱਗ ਪਈਆਂ। ਉਸੇ ਵੇਲੇ ਕਿਸੇ ਹੋਰ ਲਾਂਭ ਨੂੰ ਜਾਣ ਵਾਲੀ ਇਕ ਗੱਡੀ ਪਲੇਟਫਾਰਮ 'ਤੇ ਆਉਂਦੀ ਪਈ ਸੀ। ਮੈਂ ਉਹਦੇ ਹੱਥ ਵਿਚ ਸਮੋਸਿਆਂ-ਪਕੌੜਿਆਂ ਦੇ ਕਈ ਲਿਫਾਫੇ ਵੇਖੇ। ਉਹ ਆਪਣੀ ਥਾਓਂ ਤੀਰ ਵਾਂਗੂੰ ਉਡਿਆ ਤੇ ਗੱਡੀ ਵਿਚੋਂ ਲੱਥਦੇ ਮੁਸਾਫਰਾਂ ਦੀ ਭੀੜ ਵਿਚ ਗਵਾਚ ਗਿਆ। ਫੇਰ ਉਹ ਮੈਨੂੰ ਕਿੰਨੀ ਵਾਰੀ ਈ ਸੱਖਣੇ ਹੱਥੀਂ ਗੋਲੀ ਵਾਂਗੂੰ ਪਰਤਦਾ ਤੇ ਸਮੋਸੇ ਫੜ ਕੇ ਚੜ੍ਹਦੇ-ਲਹਿੰਦੇ ਮੁਸਾਫਰਾਂ ਵਿਚ ਗਵਾਚਦਾ ਨਜ਼ਰ ਆਉਂਦਾ ਰਿਹਾ। ਛੇਕੜਲੀ ਵਾਰ ਜਦੋਂ ਉਹ ਲਫਾਫੇ ਲੈਣ ਆਇਆ, ਉਸ ਵੇਲੇ ਗਾਰਡ ਨੇ ਸੀਟੀ ਵਜਾ ਕੇ ਝੰਡੀ ਹਿਲਾਣੀ ਛੁਹ ਲਈ। ਇੰਜਣ ਦਾ ਭੋਂਪੂ ਵੀ ਡਾਕਰਿਆ। ਉਹਦੇ ਜਵਾਬ ਵਿਚ ਗੱਡੀ ਪਲੇਟ ਫਾਰਮ ਤੋਂ ਘਿਸਰਣ ਲੱਗ ਪਈ ਪਰ ਉਹ ਨਾ ਪਰਤਿਆ। ਮੈਨੂੰ ਚਿੰਤਾ ਜਿਹੀ ਲੱਗ ਗਈ ਤੇ ਮੈਂ ਆਪਣੇ ਅੱਗੋਂ ਲੰਘਦੇ ਹੋਏ ਡੱਬਿਆਂ ਦੀਆਂ ਬਾਰੀਆਂ ਵਿਚੋਂ ਉਹਨੂੰ ਲੱਭਦਾ ਰਿਹਾ ਪਰ ਪੰਡਾਂ ਵਾਂਗੂੰ ਲੱਦੇ ਹੋਏ ਲੋਕਾਂ ਵਿਚ ਮੈਨੂੰ ਉਹ ਨਜ਼ਰ ਨਾ ਆਇਆ। ਗੱਡੀ ਦਾ ਛੇਕੜਲਾ ਡੱਬਾ ਵੀ ਮੇਰੇ ਅੱਗੋਂ ਫਟ ਕਰਕੇ ਲੰਘ ਗਿਆ। ਮੈਂ ਆਪਣੇ ਪ੍ਰਾਹੁਣੇ ਨੂੰ ਵੀ ਭੁੱਲ ਕੇ ਆਪਣੀ ਥਾਓਂ ਉਠ ਖਲੋਤਾ ਤੇ ਪਲੇਟਫਾਰਮ ਦੇ ਕੰਢੇ 'ਤੇ ਜਾ ਕੇ ਧੂੰ ਦੇ ਕਾਲੇ ਬੱਦਲ ਛੱਡਦੇ ਇੰਜਣ ਦੇ ਮਗਰ ਨਸੀ ਜਾਂਦੇ ਡੱਬਿਆਂ ਨੂੰ ਵੇਖਣ ਲੱਗ ਪਿਆ। ਇੰਜਣ ਵੱਡੇ ਸਿਗਨਲਾਂ ਦੇ ਕੋਲ ਅੱਪੜ ਕੇ ਦੂਜੀ ਪੱਟੜੀ ਉਤੇ ਪਿਆ ਚੜ੍ਹਦਾ ਸੀ ਕਿ ਉਹ ਮੈਨੂੰ ਨਜ਼ਰ ਆਇਆ, ਇਕ ਬੂਹੇ ਵਿਚੋਂ ਲਮਕ ਕੇ ਉਤਰਦਾ ਤੇ ਫੇਰ ਗੱਡੀ ਦੇ ਨਾਲ ਨਾਲ ਅਗਾਂਹ ਨੂੰ ਨੱਸਦਾ।
ਉਹ ਹੁਣ ਪਰਤਿਆ ਆਉਂਦਾ ਸੀ ਪੱਟੜੀ ਦੇ ਵਿਚਕਾਰ ਲੱਕੜ ਦੇ ਸਲੀਪਰਾਂ ਨੂੰ ਟੱਪਦਾ ਜਿਵੇਂ ਕੋਈ ਯੋਧਾ ਆਪਣੇ ਕਿਸੇ ਭਾਰੇ ਵੈਰੀ ਨੂੰ ਭਾਂਜ ਦੇ ਕੇ ਪਰਤਦਾ ਪਿਆ ਹੋਵੇ। ਆਉਂਦਿਆਂ ਉਸ ਆਪਣੇ ਮੱਥੇ ਤੋਂ ਮੁੜ੍ਹਕੇ ਦੇ ਚੋਏ ਪੂੰਝੇ। ਜੇਬ ਵਿਚੋਂ ਸਿਗਰਟਾਂ ਦੀ ਡੱਬੀ ਕੱਢ ਕੇ ਇਕ ਸਿਗਰਟ ਲਾਇਆ ਤੇ ਵੇਲਣੀ ਫੜ ਕੇ ਹੇਠਾਂ ਵਿਛੀ ਹੋਈ ਇਕ ਫੂਹੜ ਉਤੇ ਬਹਿ ਗਿਆ।
ਉਹ ਇਕ ਕੜਾਹੀ ਵਿਚੋਂ ਮੈਦੇ ਦੀਆਂ ਪੇੜੀਆਂ ਕੱਢਦਾ। ਉਹਨੂੰ ਚਕਲੀ ਉਤੇ ਰੱਖ ਕੇ ਵੇਲਣੀ ਨਾਲ ਵੇਲਦਾ ਤੇ ਫੇਰ ਵਿਲੀ ਹੋਈ ਛੋਟੀ ਜਿਹੀ ਟਿੱਕੀ ਨੂੰ ਚਾਕੂ ਨਾਲ ਦੋ ਕਰਕੇ ਭਰਾਈ ਵਾਲਿਆਂ ਵਲ ਸੁੱਟ ਦੇਂਦਾ ਜਿਹੜੇ ਉਨ੍ਹਾਂ ਵਿਚ ਆਲੂ ਭਰ ਕੇ ਉਨ੍ਹਾਂ ਦੇ ਸਮੋਸੇ ਬਣਾ-ਬਣਾ ਕੇ ਪਰ੍ਹਾਂ ਇਕ ਫੱਟੇ ਦੇ ਉਤੇ ਰੱਖੀ ਜਾਂਦੇ।
ਭਰਾਈ ਕਰਨ ਵਾਲੇ ਦੋ ਜਾਣੇ ਸਨ ਤੇ ਉਹ ਵੇਲਣ ਵਾਲਾ 'ਕੱਲਾ। ਪਰ ਉਸ ਮੇਰੇ ਵੇਖਦਿਆਂ ਵੇਖਦਿਆਂ ਉਨ੍ਹਾਂ ਅੱਗੇ ਟਿੱਕੀਆਂ ਦਾ ਇਕ ਢੇਰ ਲਾ ਦਿੱਤਾ। ਮੈਂ ਦਿਲ ਵਿਚ ਸੋਚਣ ਲੱਗ ਪਿਆ, ਇਹ ਬੰਦਾ ਵੀ ਕਮਾਲ ਦਾ ਏ। ਕਿੱਡੇ ਸਵਾਦ ਨਾਲ ਇਹ ਹਰ ਇਕ ਕੰਮ ਕਰਦਾ ਏ। ਨਾ ਇਹਨੂੰ ਕੋਈ ਥਕੇਵਾਂ ਹੁੰਦਾ ਏ, ਨਾ ਇਹਨੂੰ ਕੋਈ ਸਾਹ ਚੜ੍ਹਦਾ ਏ। ਬਸ ਕੰਮ ਈ ਕਰੀ ਆਉਂਦਾ ਏ। ਕਿਵੇਂ ਧੌਣ ਇਕਵਾਸੀ ਕਰਕੇ ਸਿਗਰਟ ਦਾ ਸੂਟਾ ਖਿੱਚਦਾ ਏ ਤੇ ਫੇਰ ਹੱਥ ਭਵਾਂ ਕੇ ਕੜਾਹੀ ਵਿਚੋਂ ਪੇੜੀ ਕਢਦਾ ਏ। ਟਿੱਕੀ ਨੂੰ ਕਿੱਦਾਂ ਅੱਧ ਵਿਚਕਾਰੋਂ ਦੋ ਕਰਦਾ ਏ, ਨਾ ਓਧਰ ਚੋਖੀ ਨਾ ਏਧਰ ਥੋੜ੍ਹੀ, ਹੱਦ ਮੁੱਕੀ ਹੋਈ ਏ। ਅਖ਼ਬਾਰ ਵੀ ਤੇ ਇਹ ਏਸੇ ਤਰ੍ਹਾਂ ਵੇਚਦਾ ਹੁੰਦਾ ਸੀ।
ਫੇਰ ਮੈਂ ਉਹਦੇ ਮੁੱਖ ਉਤੇ ਗਹੁ ਕਰਨ ਲੱਗ ਪਿਆ। ਉਹਦਾ ਮੁੱਖ ਉਸ ਤਰ੍ਹਾਂ ਭਰਿਆ-ਭਰਿਆ ਨਹੀਂ ਸੀ ਸਗੋਂ ਹੜਬਾਂ ਨਿਕਲ ਆਈਆਂ ਹੋਈਆਂ ਸਨ ਤੇ ਰੰਗ ਵੀ ਕਾਲਾ ਪੈ ਗਿਆ ਹੋਇਆ ਸੀ। 'ਖਬਰੇ ਬੀਮਾਰ ਰਿਹਾ ਏ ਵਿਚਾਰਾ। ਅਸਲੋਂ ਈ ਸ਼ਕਲ ਬਦਲ ਗਈ ਏ ਇਹਦੀ।' ਆਪਣੇ ਪ੍ਰਾਹੁਣੇ ਨੂੰ ਗੱਡੀ 'ਤੇ ਬਿਠਾ ਕੇ ਜਦੋਂ ਮੈਂ ਮੁੜਿਆ ਤਾਂ ਮੈਂ ਉਹਦੇ ਬਾਰੇ ਈ ਸੋਚਦਾ ਰਿਹਾ।
ਉਹ ਕੁੱਤਿਆਂ ਵਿਚ ਉਸੇ ਤਰ੍ਹਾਂ ਈ ਖਲੋਤਾ ਸੀ ਤੇ ਮੈਂ ਇਹ ਸਾਰਾ ਕੁਝ ਉਹਦੇ ਪਿੱਛੇ ਇਕ ਵੱਡੀ ਸਾਰੀ ਸਕਰੀਨ ਉਤੇ ਪਿਆ ਵੇਖਦਾ ਸਾਂ। ਏਸ ਸਾਰੀ ਖੇਡ ਵਿਚ ਉਹ ਤੇ ਕੁੱਤੇ ਏਸ ਤਰ੍ਹਾਂ ਸਨ ਜਿਵੇਂ ਨਿੰਮ੍ਹੇ-ਨਿੰਮ੍ਹੇ ਵਿਖਾਈ ਦਿੰਦੇ ਸਨ ਪਏ। ਮੈਨੂੰ ਪਤਾ ਵੀ ਨਾ ਲੱਗਾ ਕਿ ਕੁੱਤੇ ਹੁਣ ਉਹਦੇ ਨੇੜੇ ਚਲੇ ਗਏ ਹੋਏ ਸਨ ਤੇ ਇਕ ਵੱਡਾ ਸਾਰਾ ਕੁੱਤਾ ਜਿਹਦੇ ਵੱਡੇ-ਵੱਡੇ ਕੰਨ ਸਨ, ਉਹਦੀਆਂ ਲੱਤਾਂ ਨੂੰ ਪੈ ਗਿਆ ਤੇ ਉਹ ਪੱਥਰ ਹੋਇਆ ਥੱਲੇ ਡਿੱਗ ਪਿਆ। ਮੈਂ ਛੇਤੀ ਨਾਲ ਆਪਣੀ ਥਾਓਂ ਉਠ ਖਲੋਤਾ। ਬਾਹਰ ਕਾਊਂਟਰ ਦੇ ਕੋਲ ਛੋਟੇ ਉਹਨੂੰ ਵੇਖ ਕੇ ਹੱਸਦੇ ਪਏ ਸਨ। ਮੈਨੂੰ ਵੇਖ ਕੇ ਉਹ ਕੁਝ ਨਿੰਮੋਝੂਣੇ ਜਿਹੇ ਹੋ ਗਏ। ਹੋਟਲ ਵਾਲਾ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ, 'ਉਏ ਮਾਂ ਦਿਓ ਯਾਰੋ, ਜਾਓ ਛੁਡਾਓ ਉਹਨੂੰ।' ਝਾੜਾਂ ਖਾ ਕੇ ਦੋਵੇਂ ਛੋਟੇ ਬਾਹਰ ਨੂੰ ਨੱਸੇ ਤੇ ਕੁੱਤਿਆਂ ਨੂੰ ਵੱਟੇ ਮਾਰਨ ਲੱਗ ਪਏ। ਕੁੱਤੇ ਚਊਂ-ਚਊਂ ਕਰਦੇ ਹੋਏ ਖਿਲਰਪੁਲਰ ਗਏ।
ਸਟੇਸ਼ਨ ਦੇ ਅਹਾਤੇ ਵਿਚ ਅਸਲੋਂ ਚੁੱਪ ਚਾਣ ਹੋ ਗਈ। ਮਰਕਰੀ ਲਾਟਾਂ ਦੀ ਲੋਅ ਬਗੀਚੀ ਦੀ ਵਾੜ 'ਤੇ ਬੜੀ ਸ਼ਾਂਤ ਹੋ ਕੇ ਪਈ ਕਿਰਦੀ ਸੀ ਤੇ ਉਹ ਕਿਸੇ ਟੁੱਟੀ-ਭੱਜੀ ਵਸਤ ਵਾਂਗੂੰ ਬੜੇ ਸਕੂਨ ਨਾਲ ਹੇਠਾਂ ਪਿਆ ਹੋਇਆ ਸੀ। ਦੋਵੇਂ ਛੋਟੇ ਉਹਦੇ ਵਲ ਆਏ ਤੇ ਉਹਦੀਆਂ ਕੱਛਾਂ ਵਿਚ ਹੱਥ ਦੇ ਕੇ ਉਹਨੂੰ ਉਤਾਂਹ ਉਠਾਣ ਲੱਗ ਪਏ। ਉਨ੍ਹਾਂ ਦੇ ਮੂੰਹੋਂ ਹਾਸੇ ਦੀਆਂ ਧਾਰਾਂ ਪਤਾ ਨਹੀਂ ਕਿਉਂ ਨਿਕਲਨਿਕਲ ਜਾਂਦੀਆਂ ਸਨ। ਉਹ ਉਤਾਂਹ ਚੁੱਕਦੇ ਤੇ ਉਹ ਰੇਤ ਵਾਂਗੂੰ ਕਿਰ ਕੇ ਫੇਰ ਥੱਲੇ ਜਾ ਪੈਂਦਾ।
ਹੋਟਲ ਵਾਲੇ ਨੇ ਉਨ੍ਹਾਂ ਨੂੰ ਵਾਜ ਦਿੱਤੀ, 'ਉਏ ਦੰਦ ਈ ਕੱਢੀ ਆਉਂਦੇ ਓ, ਚੁੱਕ ਲਿਆਓ ਸੂ।'
ਦੋਵਾਂ ਛੋਟਿਆਂ ਸਿਰ ਨਿਵਾ ਲਏ ਤੇ ਫੇਰ ਉਹਨੂੰ ਮੌਰਾਂ ਤੋਂ ਫੜ ਕੇ ਧਰੂੰਹਦੇ ਹੋਏ ਅੰਦਰ ਭੱਠੀ ਦੇ ਕੋਲ ਲੈ ਆਏ। ਉਹਦਾ ਪੂਰਾ ਸਰੀਰ ਪਾਲੇ ਤੇ ਡਰ ਨਾਲ ਪੱਤਰੇ ਵਾਂਗੂੰ ਪਿਆ ਕੰਬਦਾ ਸੀ ਤੇ ਉਹ ਚਿੱਟੀਆਂ-ਚਿੱਟੀਆਂ ਕੌਡੀਆਂ ਵਰਗੀਆਂ ਅੱਖਾਂ ਨਾਲ ਬਸ ਬਾਹਰ ਈ ਵੇਖੀ ਜਾਂਦਾ ਸੀ।
ਹੋਟਲ ਵਾਲੇ ਨੇ ਭੱਠੀ ਵਿਚੋਂ ਕੋਲੇ ਕੱਢ ਕੇ ਉਹਦੇ ਪੈਰਾਂ ਅੱਗੇ ਸੁੱਟ ਦਿੱਤੇ ਪਰ ਉਸ ਉਨ੍ਹਾਂ ਵਲ ਰਤਾ ਕੁ ਵੀ ਧਿਆਨ ਨਾ ਦਿੱਤਾ। ਉਹ ਉਸੇ ਤਰ੍ਹਾਂ ਡਰੀਆਂ ਡਰੀਆਂ ਅੱਖਾਂ ਨਾਲ ਬਾਹਰ ਵੇਖੀ ਜਾਂਦਾ ਸੀ ਜਿਵੇਂ ਉਹ ਅਜੇ ਤੀਕਰ ਆਪਣੇ ਆਪ ਨੂੰ ਕੁੱਤਿਆਂ ਵਿਚ ਫਸਿਆ ਸਹੀ ਪਿਆ ਕਰਦਾ ਹੋਵੇ।
ਹੋਟਲ ਵਾਲਾ ਮੈਨੂੰ ਦੱਸਣ ਲੱਗਾ, 'ਵੇਖ ਲਉ ਬਾਊ ਜੀ, ਇਹ ਨਸ਼ੇ ਬੰਦੇ ਨਾਲ ਕੀ ਕਰਦੇ ਨੇ। ਇਹ ਚੰਗਾ ਭਲਾ ਕਾਰੀਗਰ ਹੁੰਦਾ ਸਾ ਜੇ ਏਸੇ ਤੁਹਾਡੇ ਸਟੇਸ਼ਨ 'ਤੇ। ਹੁਣ ਝੱਲ-ਵਲੱਲਾ ਹੋਇਆ ਬੈਠਾ ਏ।' ਮੈਂ ਅਗਾਂਹ ਹੋ ਕੇ ਉਹਨੂੰ ਬਾਂਹ ਤੋਂ ਫੜ ਲਿਆ।
'ਆਓ ਅੰਦਰ ਬੈਠੀਏ।'
ਉਹ ਮੇਰੇ ਵਲ ਵੇਖੇ ਬਿਨਾਂ ਡਰੇ ਹੋਏ ਜਨੌਰ ਵਾਂਗੂੰ ਆਪਣੀ ਥਾਂਓਂ ਉਠ ਖਲੋਤਾ। ਮੈਂ ਉਹਨੂੰ ਬਾਹੋਂ ਫੜ ਕੇ ਹੋਟਲ ਦੇ ਅੰਦਰ ਲੈ ਗਿਆ।
'ਯਾਰ ਦੋ ਕੱਪ ਚੰਗੀ ਜਿਹੀ ਚਾਹ ਵੀ ਘੱਲ ਦੇਵੀਂ।'
ਹੁਣ ਮੈਂ ਤੇ ਉਹ ਦੋਵੇਂ ਆਹਮੋ-ਸਾਹਮਣੇ ਬੈਠੇ ਸਾਂ। ਮੈਂ ਉਹਦੇ ਮੂੰਹ ਵਲ ਪਿਆ ਵੇਖਦਾ ਸਾਂ ਤੇ ਉਹ ਮੇਰੇ ਸਿਰ ਤੋਂ ਉਤੇ ਕੰਧ ਵਲ। ਛੋਟੇ ਮੂੰਹ ਅੰਦਰ ਕਰਕੇ ਸਾਡੇ ਵਲ ਝਾਤੀ ਮਾਰ ਲੈਂਦੇ। ਚਾਹ ਆਉਣ ਤੀਕਰ ਅਸੀਂ ਚੁੱਪ-ਚਾਣ ਬੈਠੇ ਰਹੇ।
ਚਾਹ ਆਈ ਤੇ ਮੈਂ ਕੱਪ ਉਹਦੇ ਵਲ ਵਧਾ ਦਿੱਤਾ। 'ਲਉ, ਚਾਹ ਪੀਓ।' ਉਸ ਜਿਵੇਂ ਮੇਰੀ ਵਾਜ ਈ ਨਾ ਸੁਣੀ ਹੋਵੇ। ਉਹਦੇ ਦੋਵੇਂ ਹੱਥ ਮੇਜ਼ ਉਤੇ ਬੇਜ਼ਾਨ ਪਏ ਹੋਏ ਸਨ। ਸੁੱਕੇ-ਸੜੇ ਕਾਲੇ ਸ਼ਾਹ ਹੱਥ। ਜਿਨ੍ਹਾਂ ਉਤੇ ਵੱਡੇ ਚਟਾਕ ਪਏ ਹੋਏ ਸਨ ਜਿਵੇਂ ਕੋਈ ਸਿਗਰਟਾਂ ਬੁਝਾਂਦਾ ਰਿਹਾ ਹੋਵੇ ਉਨ੍ਹਾਂ ਉਤੇ। 'ਤੁਸੀਂ ਅਖ਼ਬਾਰ ਵੀ ਵੇਚਦੇ ਹੁੰਦੇ ਸਓ ਨਾ?' ਉਸ ਮੇਰੇ ਸਵਾਲ ਨੂੰ ਵੀ ਨਾ ਸੁਣਿਆ, ਬਸ ਉਸੇ ਤਰ੍ਹਾਂ ਗੁੰਮ ਸੁੰਮ ਬੈਠਾ ਰਿਹਾ। ਮੈਂ ਵੀ ਚੁੱਪ ਕਰ ਗਿਆ। ਉਹ ਉਸੇ ਤਰ੍ਹਾਂ ਮੇਰੇ ਸਿਰ ਦੇ ਉਤੋਂ ਕੰਧ ਵਲ ਪਿਆ ਵੇਖਦਾ ਸੀ। ਅਚਨਚੇਤ ਉਸ ਆਪਣੇ ਸਿਰ ਨੂੰ ਹਲੂਣਾ ਦਿੱਤਾ, ਜਿਵੇਂ ਕਿਸੇ ਨੂੰ ਟੁਰ ਜਾਣ ਦੀ ਸੈਨਤ ਪਿਆ ਕਰਦਾ ਹੋਵੇ।
'ਓਏ ਜਾਓ, ਟੁਰ ਜਾਓ।' ਉਹ ਅਚਨਚੇਤ ਕੜਕਾ ਮਾਰ ਕੇ ਬੋਲਿਆ। ਮੇਰਾ ਤਰੌਹ ਨਿਕਲ ਗਿਆ। ਉਹ ਹੁਣ ਹੌਲੀ-ਹੌਲੀ ਜਿਵੇਂ ਕਿਸੇ ਨੂੰ ਪਲੋਸੀਦਾ ਏ, ਪਿਆ ਆਖਦਾ ਸੀ।
'ਜਾਓ ਯਾਰ ਜਾਓ। ਤੁਹਾਨੂੰ ਹੋਰ ਕੋਈ ਕੰਮ ਨਹੀਂ? ਜਾਓ ਸ਼ਾਵਾਸ਼ੇ।' ਆਖਦਾ ਉਹ ਆਪਣੀ ਥਾਂਓਂ ਉਠ ਖਲੋਤਾ ਤੇ ਹੋਟਲ ਵਿਚ ਫਿਰਨ ਲੱਗ ਪਿਆ। ਨੀਵੀਂ ਪਾ ਕੇ ਜਿਵੇਂ ਕਿਸੇ ਉਚੇਚੀ ਸੋਚ ਦੇ ਗੇੜ ਵਿਚ ਫਸਿਆ ਹੋਵੇ। ਦੋ ਚਾਰ ਮਿੰਟ ਉਹ ਉਸੇ ਤਰ੍ਹਾਂ ਫਿਰਦਾ ਰਿਹਾ। ਫੇਰ ਇਕ ਦਮ ਖਲੋ ਕੇ ਕੰਧ ਵਲ ਵੇਖਣ ਲੱਗ ਪਿਆ।
'ਨਹੀਂ ਨਾ ਅਸਰ ਹੁੰਦਾ ਤੁਹਾਨੂੰ ਸਪੇਨ ਦਿਓ ਬਾਂਦਰੋ। ਲਾਲ ਕੰਨਾਂ ਤੇ ਹਰੀਆਂ ਬੂਥੀਆਂ ਵਾਲਿਓ। ਉਏ ਜਾਉ, ਟੁਰ ਜਾਓ। ਮੈਂ ਨਹੀਂ ਖਾਣੇ ਤੁਹਾਡੀਆਂ ਜੂੰਆਂ ਦੇ ਆਂਡੇ। ਅੱਛਾ ਨਹੀਂ ਜਾਣਾ ਤੁਸਾਂ ਮੈਨੂੰ ਖਵਾਲਿਓਂ ਬਿਨਾਂ ਤੇ ਲਿਆ ਦਿਓ ਮੈਂ ਖਾ ਲੈਨਾ ਤੇ ਬਣ ਜਾਨਾਂ ਤੁਹਾਡੇ ਵਰਗਾ। ਸਾਵੀ ਬੂਥੀ ਤੇ ਲਾਲ ਕੰਨਾਂ ਵਾਲਾ।' ਉਹ ਭੋਇੰ 'ਤੇ ਬਹਿ ਗਿਆ ਪੈਰਾਂ ਭਾਰ ਤੇ ਬਾਂਦਰਾਂ ਵਾਂਗੂੰ ਮੂੰਹ ਬਣਾ ਕੇ ਉਰ੍ਹਾਂਪਰ੍ਹਾਂ ਤੱਕਣ ਲੱਗ ਪਿਆ।
ਬੂਹੇ ਵਿਚ ਖਲੋਤੇ ਛੋਟੇ ਉਚੀ-ਉਚੀ ਹੱਸਣ ਲੱਗ ਪਏ। ਉਨ੍ਹਾਂ ਨੂੰ ਹੱਸਦਿਆਂ ਵੇਖ ਕੇ ਹੋਟਲ ਵਾਲੇ ਨੇ ਵੀ ਝਾਤੀ ਮਾਰੀ ਅੰਦਰ ਨੂੰ ਤੇ ਫੇਰ ਹੋਠਾਂ ਉਤੇ ਮੁਸਕਰੇਵਾਂ ਖਿੰਡਾਂਦਾ ਅੰਦਰ ਆਣ ਕੇ ਇਕ ਪਾਸੇ ਬਹਿ ਗਿਆ। ਉਹ ਭੋਇੰ ਉਤੇ ਬਾਂਦਰ ਬਣਿਆ ਬੈਠਾ ਸੀ। ਉਹਨੂੰ ਕਿਸੇ ਦੇ ਹੱਸਣ ਤੇ ਅੰਦਰ ਆਉਣ ਦਾ ਰਤਾ ਜਿੰਨਾ ਵੀ ਚਿੱਤ-ਚੇਤਾ ਨਹੀਂ ਸੀ।
ਫੇਰ ਉਹ ਉਠ ਖਲੋਤਾ ਤੇ ਫਿਰਨ ਲੱਗ ਪਿਆ। ਉਸ ਦੋਵੇਂ ਹੱਥ ਪਿੱਛੇ ਬੰਨ੍ਹੇ ਹੋਏ ਸਨ। ਆਪਣੇ ਪਿੰਡੇ ਉਤੇ ਲਮਕਦੀਆਂ ਲੀਰਾਂ ਦੀ ਵੀ ਉਹਨੂੰ ਕੋਈ ਪਰਵਾਹ ਨਹੀਂ ਸੀ। ਮੈਂ ਆਪਣੀ ਥਾਂਵੇਂ ਪੱਥਰ ਹੋਇਆ ਇਹ ਸਭ ਕੁਝ ਪਿਆ ਵੇਖਦਾ ਸਾਂ। ਮੈਨੂੰ ਕੁਝ ਵੀ ਤੇ ਸਮਝ ਨਹੀਂ ਸੀ ਪਈ ਆਉਂਦੀ ਪਈ ਏਸ ਚੰਗੇ ਭਲੇ ਕੰਮ ਕਰਦੇ ਬੰਦੇ ਨੂੰ ਕੀ ਹੋ ਗਿਆ ਸੀ? ਉਹ ਫੇਰ ਟੁਰਦਾ-ਟੁਰਦਾ ਖਲੋ ਗਿਆ।
'ਉਹ ਵੀ ਤੁਹਾਡੇ ਵਰਗੀ ਈ ਸੀ, ਹਰ ਸ਼ੈ ਖਾ ਜਾਂਦੀ ਸੀ। ਲੋਹਾ, ਪੱਥਰ, ਮਿੱਟੀ, ਰੇਤ। ਹਰ ਸ਼ੈ ਈ ਤੇ ਉਹ ਖਾ ਗਈ ਸੀ। ਫੇਰ ਵੀ ਭੁੱਖੀ ਦੀ ਭੁੱਖੀ ਰਹਿੰਦੀ ਸੀ। ਉਹਨੂੰ ਤੁਹਾਡਾ ਈ ਤੇ ਪੋਖੋ ਆ ਗਿਆ ਹੋਇਆ ਸੀ। ਸਾਵੀ ਬੂਥੀ ਵਾਲੀ ਨੂੰ। ਲੱਗੀ ਇਕ ਦਿਨ ਮੈਨੂੰ ਜੂੰਆਂ ਦੇ ਆਂਡੇ ਕੱਢ ਕੇ ਖਵਾਣ। ਮੈਂ ਵੀ ਕੋਲ ਪਿਆ ਮਿਰਚਾਂ ਵਾਲਾ ਡੰਡਾ ਫੜ ਲਿਆ ਤੇ ਛੱਡਿਆ ਓਦੋਂ ਜਦੋਂ ਸਿਰ ਦੀ ਮਿਝ ਸਾਰੀ ਈ ਬਾਹਰ ਆ ਗਈ ਸੂ।'
'ਹੁਣ ਵੀ ਆ ਜਾਂਦੀ ਏ ਰਾਤ ਨੂੰ ਉਸੇ ਤਰ੍ਹਾਂ ਖੁੱਲ੍ਹੇ ਸਿਰ ਤੇ ਬਸ ਖਲੋ ਰਹਿੰਦੀ ਏ ਮੇਰੇ ਸਾਹਮਣੇ ਨਜ਼ਰਾਂ ਗੱਡ ਕੇ ਮੇਰੇ ਮੂੰਹ ਉਤੇ। ਮੈਂ ਵੀ ਕਹਿੰਨਾ, 'ਖਲੋਤੀ ਰਹੁ, ਮੈਨੂੰ ਕੀ।'
'ਆ ਗਿਆ... ਆ ਗਿਆ' ਉਸ ਇਕ ਦਮ ਉਚੀ ਸਾਰੀ ਹਾਕ ਲਾਈ ਤੇ ਇਕ ਹੱਥ ਹਿੱਕ ਉਤੇ ਰੱਖ ਕੇ ਦੂਜਾ ਲਹਿਲਹਾਂਦਾ ਹੋਇਆ ਉਸੇ ਤਰ੍ਹਾਂ ਫਿਰਨ ਲੱਗ ਪਿਆ ਜਿਵੇਂ ਉਹ ਕਦੀ ਬੱਸਾਂ ਦਵਾਲੇ ਫਿਰਦਾ ਹੁੰਦਾ ਸੀ। ਪਰ ਉਹਦੇ ਪੈਰ ਹੁੱਟੇ ਹੋਏ ਸਨ ਤੇ 'ਵਾਜ ਛਿਜੀ ਹੋਈ ਸੀ। ਉਹ ਏਸ ਤਰ੍ਹਾਂ ਈ ਸੀ ਜਿਵੇਂ ਕੋਈ ਬੁੱਢਾ ਐਕਟਰ ਆਪਣੇ ਇਕਲਾਪੇ ਵਿਚ ਆਪਣੀ ਈ ਝਾਕੀ ਖੇਡ ਕੇ ਚੇਤੇ ਪਿਆ ਕਰਦਾ ਹੋਵੇ ਜਿਹਦੇ ਉਤੇ ਕਦੀ ਬੜੀਆਂ ਤਾੜੀਆਂ ਵੱਜਦੀਆਂ ਹੁੰਦੀਆਂ ਸਨ। ਉਹ ਹੱਥ ਲਹਿਲਹਾਂਦਾ ਪਿਆ ਆਖਦਾ ਸੀ:
'ਮੈਂ ਥੋੜ੍ਹਾ ਤੇ ਨਹੀਂ ਨੱਸਿਆ ਲੋਹੇ ਦੇ ਘੋੜਿਆਂ ਦੇ ਨਾਲ। ਲੋਹੇ ਦੇ ਘੋੜੇ ਬੜੇ ਜ਼ਾਲਮ ਹੁੰਦੇ ਨੇ। ਇਨ੍ਹਾਂ ਦੀ ਹਿੱਕ ਵਿਚ ਦੋਜ਼ਖ ਨਾਲੋਂ ਚੋਖੀ ਅੱਗ ਬਲਦੀ ਏ ਤੇ ਇਹ ਆਪਣੇ ਸਿਰ ਵਿਚੋਂ ਐਨਾ ਕੁ ਧੂੰ ਕੱਢਦੇ ਨੇ ਕਿ ਕਈ ਨਵੇਂ ਆਸਮਾਨ ਬਣ ਜਾਂਦੇ ਨੇ। ਮੈਂ ਇਨ੍ਹਾਂ ਨੂੰ ਹਮੇਸ਼ਾ ਹੀਣਿਆਂ ਈ ਕੀਤਾ ਏ ਨਾਲ ਨੱਸ ਕੇ। ਹੁਣ ਮੈਂ ਬੜਾ ਸੁਖੀ ਆਂ। ਮੇਰੇ ਖੀਸੇ ਵਿਚ ਇਕੋ ਈ ਪਰਚੀ ਏ ਮੇਰੇ ਨਾਂ ਵਾਲੀ। ਮੈਨੂੰ ਕਿਸੇ ਹੋਰ ਦੀ ਚਿੰਤਾ ਨਹੀਂ। ਬਸ ਦੋ ਅੱਖਾਂ ਨੇ ਮੇਰੇ ਖੁੱਲ੍ਹੀਆਂ ਹੋਈਆਂ ਵੱਡੀਆਂਵੱਡੀਆਂ, ਮੇਰੇ ਜਿੰਨ ਮੁਰਸ਼ਦ ਦੀਆਂ ਅੱਖਾਂ।' ਉਹ ਰੋਂਦਾ-ਰੋਂਦਾ ਨੱਚਣ ਲੱਗ ਪਿਆ। 'ਮੇਰੇ ਜਿੰਨ ਮੁਰਸ਼ਦ ਦੀਆਂ ਅੱਖਾਂ। ਬੋਹੜਾਂ ਦੀ ਛਾਂ, ਮੇਰੇ ਜਿੰਨ ਮੁਰਸ਼ਦ ਦੀਆਂ ਅੱਖਾਂ।' ਉਹ ਨੱਚਦਾ-ਨੱਚਦਾ ਹੋਟਲ ਵਿਚੋਂ ਬਾਹਰ ਨਿਕਲ ਗਿਆ। ਮੈਨੂੰ ਜਾਪਿਆ ਜਿਵੇਂ ਉਥੇ ਕੋਈ ਵਾਵਰੋਲਾ ਫਿਰ ਗਿਆ ਸੀ।
'ਬੋਹੜਾਂ ਦੀ ਛਾਂ, ਮੇਰੇ ਜਿੰਨ ਮੁਰਸ਼ਦ ਦੀਆਂ ਅੱਖਾਂ।'
ਮੇਰੇ ਕੰਨਾਂ ਵਿਚ ਉਹਦੀ ਵਾਜ ਘੂਕਦੀ ਪਈ ਸੀ।

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ