Heemal Te Naagrai : Kashmiri Lok Katha

ਹੀਮਾਲ ਤੇ ਨਾਗਰਾਇ : ਕਸ਼ਮੀਰੀ ਲੋਕ ਕਥਾ

ਸ੍ਰੀਨਗਰੋਂ ਇੱਕ ਘੰਟਾ ਗੱਡੀ 'ਤੇ ਜਾਈਏ ਤਾਂ ਇੱਕ ਝਰਨਾ ਹੈ ਜਿਸ ਦਾ ਰਿਸ਼ਤਾ ਕਸ਼ਮੀਰ ਦੀ ਇੱਕ ਮਸ਼ਹੂਰ ਲੋਕ ਕਥਾ "ਹੀਮਾ ਤੇ ਨਾਇਗ੍ਰੀ ਨਾਲ ਹੈ। ਲੈਲਾ ਮਜਨੂੰ, ਹੀਰ ਰਾਂਝੇ, ਸ਼ੀਰੀਂ ਫ਼ਰਹਾਦ ਦੇ ਹਾਣ ਦੀ, ਇਸ ਕਸ਼ਮੀਰੀ ਲੋਕ ਕਥਾ, ਪਿਆਰ ਦੇ ਕਿੱਸੇ, ਸਾਰੀ ਉਮਰ ਮੈਨੂੰ ਕੀਲੀ ਰੱਖਿਆ ਹੈ। ਇਹ ਉਨ੍ਹਾਂ ਕਹਾਣੀਆਂ ਵਿਚੋਂ ਹੈ ਜੋ, ਨਿੱਕੇ ਹੁੰਦਿਆਂ, ਮੈਂ ਆਪਣੀ ਮਾਂ ਨੂੰ ਵਾਰ ਵਾਰ ਸੁਨਾਉਣ ਲਈ ਕਹਿਣਾ।
ਦਹਾਕੇ ਬੀਤ ਗਏ ਸੁਣਿਆਂ, ਪਰ ਮੈਨੂੰ ਉਸਦਾ ਸੁਣਾਇਆ ਇੱਕ ਇੱਕ ਸ਼ਬਦ ਯਾਦ ਹੈ। ਇਹ ਮੇਰੇ ਲਈ ਇੱਕ ਅਜਿਹੀ ਪਰੀ ਕਹਾਣੀ ਰਹੀ ਹੈ ਜਿਸਦਾ, ਮੈਨੂੰ ਹਮੇਸ਼ਾ ਇਹੋ ਲੱਗਾ ਕਿ, ਕੁਝ ਨਾ ਕੁਝ ਤਾਂ ਜ਼ਰੂਰ ਅਸਲੀ ਜ਼ਿੰਦਗੀ ਨਾਲ ਸੰਬੰਧ ਰਿਹਾ ਹੋਏਗਾ, ਜਦੋਂ ਵੀ ਮੈਂ ਸ੍ਰੀਨਗਰ ਤੋਂ ਸ਼ੌਪੀਆਂ ਨੂੰ ਆਉਣਾ ਜਾਣਾ, ਅਤੇ ਹੀਮਾਲ ਨੂੰ ਸਮਰਪਤ ਉਹ ਝਰਨਾ ਦੇਖਣਾ ਜਿਹੜਾ ਸ਼ਹਿਰ ਵਿਚ ਵੜਨੋਂ ਐਨ ਪਹਿਲਾਂ ਸੱਜੇ ਬੰਨੇ ਡਿੱਗਦਾ ਹੈ।ਲੋਕ ਅਕਸਰ ਦੱਸਦੇ ਹਨ ਕਿ ਨੇੜੇ ਹੀ ਉਹ ਕੂੰਡੀ ਸੋਟਾ ਵੀ ਸਾਂਭਿਆ ਪਿਆ ਹੈ, ਹੀਮਾਲ ਦਾ। ਇਹ ਕਹਾਣੀ ਪਹਿਲੀ ਵਾਰ ਅੰਗ੍ਰੇਜ਼ੀ ਵਿਚ Knowles Hinton J ਨੇ ਹੋਰ ਕਸ਼ਮੀਰੀ ਲੋਕ ਕਹਾਣੀਆਂ ਨਾਲ ਤਰਜਮਾਈ ਸੀ ਅਤੇ 19ਵੀਂ ਸਦੀ ਦੇ ਅਖੀਰਲੇ ਦਹਾਕੇ ਇਹ ਕਿਤਾਬ ਲੰਡਨ ਵਿਚ ਪ੍ਰਕਾਸ਼ਤ ਹੋਈ। 1962 ਵਿਚ ਐੱਸ ਐੱਲ ਸਾਧੂ ਨੇ ਇਸਦਾ ਇੱਕ ਹੋਰ ਤਰਜਮਾ ਕੀਤਾ। ਇਹ ਤਰਜਮੇ ਤਕਰੀਬਨ ਇੰਨ੍ਹ ਬਿੰਨ੍ਹ ਹਨ ਪਰ ਸਾਧੂ ਵਾਲਾ ਮੈਨੂੰ ਉਸਦੇ ਵਧੇਰੇ ਨੇੜੇ ਭਾਸਿਆਂ ਜੋ ਮੈਨੂੰ ਮੇਰੀ ਮਾਂ ਸੁਣਾਉਂਦੀ ਰਹੀ। ਸਾਧੂ ਵੱਲੋਂ ਅੰਗ੍ਰੇਜ਼ੀ ਵਿਚ ਤਰਜਮਾਈ ਸੁਣਾਈ ਕਹਾਣੀ (ਸਾਡਾ ਤਰਜਮਾ-ਸੰ.) ਇਓਂ ਹੈ :
(ਡਾ.ਅਲੀ ਮਲਿਕ)

ਬਹੁਤ ਪਹਿਲਾਂ ਕਸ਼ਮੀਰ ਵਿਚ ਸੋਧਾ ਰਾਮ ਨਾਂ ਦਾ ਇੱਕ ਗਰੀਬ ਬ੍ਰਾਹਮਣ ਹੁੰਦਾ ਸੀ। ਕਿਸਮਤ ਨੇ ਉਸਦਾ ਅਜਿਹੀ ਘਰਵਾਲੀ ਨਾਲ ਜੋਗ (ਬਲਦਾਂ ਵਾਲਾ-ਸੰ.) ਬੰਨ੍ਹ ਦਿੱਤਾ ਸੀ ਜਿਸਨੂੰ ਨਾ ਠੰਡ ਸੀ ਨਾ ਸੰਤੋਖ, ਸਗੋਂ ਲਾਲਸਾ ਰਹਿੰਦੀ ਸੀ। ਉਹ ਹਮੇਸ਼ਾ ਬੁੜ ਬੁੜ ਕਰਦੀ ਰਹਿੰਦੀ ਕਿ ਜਿਊਣ ਲਈ ਦੁਨਿਆਵੀ ਸੁਖ ਸਹੂਲਤ ਤੇ ਖੁਸ਼ਹਾਲੀ ਵਾਲਾ ਆਹ ਨਹੀਂ ਹੈ, ਉਹ ਨਹੀਂ ਹੈ, ਅਤੇ ਆਪਣੇ ਘਰਵਾਲੇ ਨੂੰ ਵਿਹਲੜ ਕੰਮਚੋਰ ਆਖਦੀ। ਉਸਦੀ ਜੀਭ ਬੜੀ ਭੈੜੀ ਸੀ ਅਤੇ ਤਬਾਹੀ ਕਰ ਕਰ ਦੇਂਦੀ ਹੁੰਦੀ ਸੀ ਜਿਸਨੂੰ ਉਹ ਆਪਣੇ ਘਰਵਾਲੇ ਦੇ ਖਿਲਾਫ਼ ਵਧਦੀ ਹੀ ਜਾਂਦੀ ਤੇਜ਼ ਤਰਾਰੀ ਅਤੇ ਜ਼ਹਿਰੀਪੁਣੇ ਨਾਲ ਵਰਤਦੀ ਸੀ। ਸੋਧਾ ਰਾਮ ਉਸ ਤੋਂ ਤੰਗ ਪੈ ਗਿਆ ਸੀ ਅਤੇ ਉਸਦਾ ਵੱਸ ਚੱਲਦਾ ਤਾਂ ਉਸ ਤੋਂ ਖਹਿੜਾ ਛੁਡਾਅ ਲੈਂਦਾ ਪਰ ਉਸਨੂੰ ਕੋਈ ਰਾਹ ਨਹੀਂ ਸੀ ਸੁੱਝਦਾ।
ਇੱਕ ਦਿਨ ਜਦੋਂ ਉਸਦੀ ਘਰਵਾਲੀ ਨੇ ਉਸਨੂੰ ਥੋੜ੍ਹੀ ਜਿਹੀ ਹੀ ਦੂਰ ਦੇ ਇੱਕ ਰਾਜੇ ਤੋਂ ਭਿਖਿਆ ਲੈਣ ਲਈ ਜਾਣ ਨੂੰ ਕਿਹਾ, ਤਾਂ ਉਹ ਖੁਸ਼ੀ ਨਾਲ ਉੱਛਲ ਪਿਆ, ਕਿਓਂਕਿ ਇਓਂ ਉਸਨੂੰ ਕੁਝ ਦਿਨਾਂ ਦੀ ਛੁੱਟੀ ਮਿਲ ਜਾਣੀ ਸੀ।
ਉਹ ਥੋੜ੍ਹਾ ਜਿਹਾ ਖਾਣ ਨੂੰ,ਆਦਿ, ਇੱਕ ਝੋਲੇ ਵਿਚ ਨਾਲ ਲੈ ਕੇ ਚੱਲ ਪਿਆ। ਕੁਝ ਚਿਰ ਭਖਦੇ ਸੂਰਜ ਥੱਲੇ ਟੁਰ ਕੇ, ਉਹ ਥੱਕ ਗਿਆ ਤਾਂਇੱਕ ਝਰਨੇ ਦੇ ਨੇੜੇ ਸੰਘਣੇ ਰੁੱਖਾਂ ਦੀ ਛਾਂ ਵਿਚ ਬੈਠ ਗਿਆ। ਉਸਨੇ ਆਪਣਾ ਨਿੱਕਾ ਜਿਹਾ ਝੋਲਾ ਥੱਲੇ ਧਰਿਆ, ਆਪਣਾ ਲਿਆਂਦਾ ਨਿੱਕ ਸੁੱਕ ਖਾਧਾ ਅਤੇ ਰਤਾ ਆਰਾਮ ਕਰਨ ਨੂੰ ਲੰਮਾ ਪੈ ਗਿਆ। ਮੁੜ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ, ਸੋਧਾ ਰਾਮ ਨੇ ਦੇਖਿਆ ਕਿ ਇੱਕ ਸੱਪ ਝਰਨੇ ਵਿਚੋਂ ਬਾਹਰ ਨਿਕਲ ਉਸਦੇ ਨਿੱਕੇ ਜਿਹੇ ਝੋਲੇ ਵਿਚ ਵੜ ਗਿਆ ਹੈ।
ਉਸਦੇ ਦਿਮਾਗ਼ ਵਿਚ ਇੱਕ ਗੱਲ ਆ ਗਈ, ਕਿ ਉਹ ਸੱਪ ਘਰ ਲੈ ਜਾਏਗਾ ਜਿਹੜਾ ਉਸਦੀ ਘਰਵਾਲੀ ਨੂੰ ਡੰਗ ਲਏਗਾ ਤੇ ਇਓਂ ਉਸਦੀ ਖਲਾਸੀ ਹੋ ਜਾਏਗੀ। ਕੰਬਦੇ ਹੱਥਾਂ ਨਾਲ ਉਸ ਨੇ ਝੋਲੇ ਦਾ ਮੂੰਹ ਇੱਕ ਡੋਰੀ ਨਾਲ ਬੰਨ੍ਹ ਦਿੱਤਾ ਅਤੇ ਹੌਲੇ ਦਿਲ ਨਾਲ ਘਰ ਪਰਤ ਆਇਆ।
"ਤੇਰੇ ਲਈ ਕੀਮਤੀ ਤੁਹਫ਼ਾ ਲਿਆਇਆ ਹਾਂ,"ਸੋਧਾ ਰਾਮ ਨੇ ਘਰ ਪਹੁੰਚ ਕੇ ਆਪਣੀ ਘਰਵਾਲੀ ਨੂੰ ਉੱਚੀ ਦੇਣੀ ਆਵਾਜ਼ ਮਾਰੀ। ਪਹਿਲਾਂ ਤਾਂ ਉਸਨੂੰ ਯਕੀਨ ਹੀ ਨਾ ਆਇਆ ਕਿਓਂਕਿ ਉਸਦਾ ਘਰਵਾਲਾ ਤਾਂ ਅਖੀਰੀ ਆਦਮੀ ਸੀ ਜੋ ਉਸਦੇ ਦਿਲ ਦੀ ਖੁਸ਼ੀ ਲਈ ਕੁਝ ਕਰਦਾ। ਖ਼ੈਰ, ਉਸਨੂੰ ਯਕੀਨ ਕਰਾਅ ਕੇ ਕਿ ਝੋਲੇ ਵਿਚ ਉਸ ਲਈ ਇੱਕ ਤੁਹਫ਼ਾ ਹੀ ਹੈ, ਉਸ ਨੇ ਇਹ ਉਸਨੂੰ ਫੜਾਅ ਦਿੱਤਾ ਅਤੇ ਕਮਰੇ ਵਿਚੋਂ ਬਾਹਰ ਨਿੱਕਲ, ਬੂਹਾ ਬਾਹਰੋਂ ਬੰਦ ਕਰ ਦਿੱਤਾ। ਜਦੋਂ ਬ੍ਰਾਹਮਣ ਤੀਵੀਂ ਨੇ ਝੋਲੇ ਦਾ ਮੂੰਹ ਖੋਲ੍ਹਿਆ ਤਾਂ ਸੱਪ ਨੇ ਆਪਣੀ ਸਿਰੀ ਬਾਹਰ ਕੱਢੀ। ਉਹ ਚੀਖਦੀ ਹੋਈ ਦਰਵਾਜ਼ੇ ਵੱਲ ਭੱਜੀ। ਪਰ ਉਹ ਖੁੱਲ੍ਹੇ ਨਾ ਅਤੇ ਸੋਧਾ ਰਾਮ ਬਾਹਰੋਂ ਕਹਿੰਦਾ, "ਮੇਰੇ ਵੱਲੋਂ ਤਾਂ ਇਹ ਤੈਨੂੰ ਡੰਗ ਲਏ ਤਾਂ ਚੰਗਾ!" ਜਾਪਦਾ ਹੈ ਕਿ ਸੱਪ ਨੇ ਉਸ ਤੀਵੀਂ ਨੂੰ ਬਖ਼ਸ਼ ਦਿੱਤਾ ਅਤੇ ਉਸ ਕਮਰੇ ਵਿਚ ਇੱਕ ਕਰਿਸ਼ਮਾ ਹੋਇਆ ਅਤੇ ਉਹ ਸੱਪ ਇੱਕ ਇੰਆਣੇ ਬਾਲਕ ਵਿਚ ਵਟ ਗਿਆ।
ਸੋਧਾ ਰਾਮ ਨੂੰ ਕੁਝ ਸਮਝ ਨਾ ਆਈ ਕਿ ਕੀ ਹੋ ਗਿਆ ਹੈ! ਉਸਦੀ ਘਰਵਾਲੀ ਤਾਂ ਕਦੇ ਸੁਫ਼ਨੇ ਵਿਚ ਵੀ ਏਨੀ ਖੁਸ਼ਕਿਸਮਤੀ ਨਹੀਂ ਸੀ ਆਪਣੇ ਲਈ ਚਿਤਵ ਸਕਦੀ।
ਸਮਾਂ ਪਾ ਕੇ ਉਹ ਬਾਲਕ ਇੱਕ ਨੌਜਵਾਨ ਬਣ ਗਿਆ, ਆਪਣੇ ਅਪਨਾਊ ਮਾਪਿਆਂ ਦਾ ਲਾਡਲਾ ਜਿਨ੍ਹਾਂ ਲਈ ਉਹ ਬਹੁਤ ਖੁਸ਼ਹਾਲੀ ਲੈ ਕੇ ਆਇਆ। ਉਸਨੂੰ ਨਾਇਗਰਾਇ ਸੱਦਆ ਜਾਂਦਾ, ਸੱਪਾਂ ਦਾ ਰਾਜਾ। ਇੱਕ ਦਿਨ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਨੂੰ ਕਿਤੇ ਸ਼ਫ਼ਾਫ਼ ਪਾਣੀ ਦੇ ਕਿਸੇ ਚਸ਼ਮੇ ਵਿਚ ਨਹਾਉਣ ਲਈ ਲੈ ਕੇ ਜਾ। ਉਸਦੇ ਪਿਤਾ ਨੇ ਕਿਹਾ ਕਿ ਅਜਿਹਾ ਤਾਂ ਇੱਕੋ ਚਸ਼ਮਾ ਹੈ ਪਰ ਉਸ ਦੀ ਮਾਲਕੀ ਰਾਜਕੁਮਾਰੀ ਕੋਲ ਹੈ ਅਤੇ ਚਸ਼ਮੇ ਦੇ ਆਸ ਪਾਸ ਉੱਚੀਆਂ ਉੱਚੀਆਂ ਕੰਧਾਂ ਹਨ। ਓਥੇ ਏਨਾ ਪਹਿਰਾ ਹੈ, ਉਸਨੇ ਦੱਸਿਆ ਉਸਨੂੰ, ਕਿ ਚਿੜੀ ਵੀ ਉਸ ਦੇ ਉੱਤੋਂ ਦੀ ਨਹੀਂ ਉੱਡਣ ਦਿੱਤੀ ਜਾਂਦੀ। ਪਰ ਨਾਇਗਰਾਇ ਦੀ ਉਤਸੁਕਤਾ ਹੋਰ ਜਾਗ ਪਈ ਅਤੇ ਉਸ ਨੇ ਆਪਣੇ ਪਿਤਾ ਨੂੰ ਮਨਾਅ ਲਿਆ ਕਿ ਉਸਨੂੰ ਬਾਹਰਲੀ ਕੰਧ ਤੱਕ ਤਾਂ ਲ ਜਾਏ। ਓਥੇ ਪੁੱਜ, ਉਹ ਨੌਜਵਾਨ ਸੱਪ ਵਿਚ ਬਦਲ ਗਿਆ, ਕੰਧ ਵਿਚਲੀ ਇੱਕ ਝੀਥ ਵਿਚੋਂ ਅੰਦਰ ਲੰਘ ਗਿਆ, ਸ਼ੀਸ਼ੇ ਵਾਂਗ ਚਮਕਦੇ ਝਰਨੇ ਵਿਚ ਰੱਜ ਕੇ ਨਹਾਤਾ ਤੇ ਕਿਸੇ ਨੂੰ ਭਿਣਕ ਪਏ ਬਿਨਾ ਵਾਪਿਸ ਵੀ ਆ ਗਿਆ।
ਅਗਲੇ ਹੀ ਦਿਨ, ਸਭ ਦੀ ਪਿਆਰੀ ਹੀਮਾਲ, ਰਾਜੇ ਦੀ ਧੀ, ਨੇ ਵੇਖਿਆ ਕਿ ਕੋਈ ਝਰਨੇ ਵਿਚ ਨਹਾਤਾ ਹੈ, ਕਿਉਂਕਿ ਉਸਨੂੰ ਪਾਣੀ ਦੀ ਛਪ ਛਪ ਦੀ ਆਵਾਜ਼ ਵੀ ਆਈ ਸੀ। ਪਰ ਨਾ ਉਸਦੀਆਂ ਸੇਵਿਕਾਵਾਂ ਨਾ ਕਿਸੇ ਸੰਤਰੀ ਨੇ ਹੀ ਕੁਝ ਦੇਖਿਆ ਸੀ। ਅਗਲੇ ਦਿਨ ਫੇਰ ਨਾਇਗਰਾਇ ਬਿਨਾ ਕਿਸੇ ਨੂੰ ਸੂਹ ਲੱਗੇ ਨਹਾਅ ਆਇਆ; ਪਰ ਉਸ ਤੋਂ ਅਗਲੇ ਦਿਨ, ਹੀਮਾਲ ਨੂੰ ਇਸ ਨਹਾਉਣ ਆਉਣ ਵਾਲੇ ਦੀ ਝਲਕ ਪੈ ਗਈ ਅਤੇ ਉਹ ਉਸ 'ਤੇ ਮੋਹਿਤ ਹੋ ਗਈ। ਉਸ ਨੇ ਝੱਟ ਇੱਕ ਸੇਵਿਕਾ ਉਸ ਦੇ ਮਗਰ ਭਜਾਈ ਅਤੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਬ੍ਰਾਹਮਣ ਸੋਧਾ ਰਾਮ ਦਾ ਪੁੱਤਰ ਹੈ। ਉਹ ਇਹ ਜਾਣ ਕਿ ਨਿਹਾਲ ਹੋ ਗਈ ਕਿ ਉਸਦਾ ਦਿਲ ਜਿੱਤਣ ਵਾਲਾ ਨੌਜਵਾਨ ਓਸੇ ਦੇ ਸ਼ਹਿਰ ਦਾ ਹੈ ਅਤੇ ਉਸ ਨੇ ਆਪਣਾ ਮਨ ਬਣਾਅ ਲਿਆ ਕਿ ਉਹ ਵਿਆਹ ਕਰਾਏਗੀ ਤਾਂ ਇਸੇ ਬ੍ਰਾਹਮਣ ਨੌਜਵਾਨ ਦੇ ਨਾਲ।
ਆਪਣੀ ਸੰਗ ਅਤੇ ਰਿਵਾਇਤੀ ਤੌਰ ਤਰੀਕੇ ਛੱਡ ਕੇ ਰਾਜ ਕੁਮਾਰੀ ਨੇ ਕੰਬਦੇ ਦਿਲ ਨਾਲ ਆਪਣੇ ਪਿਤਾ ਨਾਲ ਗੱਲ ਛੇੜੀ। ਉਸਦੇ ਪਿਤਾ ਨੂੰ ਇਸ ਵੱਲੋਂ ਤਾਂ ਕੋਈ ਇਤਰਾਜ਼ ਨਹੀਂ ਸੀ ਕਿ ਉਹ ਆਪਣੀ ਪਸੰਦ ਦੇ ਨੌਜਵਾਨ ਨਾਲ ਵਿਆਹ ਰਚਾਅ ਲਏ ਪਰ ਇਹ ਉਸਨੂੰ ਬਿਲਕੁਲ ਬਕਵਾਸ ਅਤੇ ਬੇਇੱਜ਼ਤੀ ਵਾਲਾ ਲੱਗਦਾ ਸੀ ਕਿ ਇੱਕ ਗਰੀਬ ਬ੍ਰਾਹਮਣ ਉਸਦਾ ਜਵਾਈ ਹੋਏਗਾ।
"ਮੈਂ ਕੀ ਮੂੰਹ ਦਿਖਾਵਾਂਗਾ ਆਪਣੀ ਜਾਤ ਦੇ ਰਾਜਕੁਮਾਰਾਂ ਨੂੰ, ਜਾਂ ਦਰਬਾਰੀਆਂ ਅਤੇ ਵਜ਼ੀਰਾਂ ਨੂੰ?" ਉਸਨੇ ਝਿੜਕਿਆ ਉਸ ਨੂੰ। ਪਰ ਰਾਜਕੁਮਾਰੀ ਨਾ ਰੋਟੀ ਖਾਏ ਨਾ ਨਹਾਵੇ ਸੰਵਰੇ ਜਦ ਤੱਕ ਰਾਜਾ ਉਸਦੀ ਮੰਗ ਨਾ ਮੰਨੇ। ਕੁਝ ਹੀ ਦਿਨਾਂ ਵਿਚ, ਆਪਣੇ ਵੱਲੋਂ ਲਾਈ ਰੋਕ ਨੂੰ ਫ਼ਿਜ਼ੂਲ ਦੇਖ, ਉਸਦੇ ਪਿਤਾ ਨੇ ਸੋਧਾ ਰਾਮ ਨੂੰ ਸੱਦਿਆ। ਉਹ ਵਿਚਾਰਾ ਪਹਿਲਾਂ ਹੀ ਘਬਰਾਇਆ ਪਿਆ ਸੀ ਕਿ ਮਹੱਲ ਵਿਚ ਕਿਓਂ ਬੁਲਾਇਆ ਗਿਆ ਹਾਂ, ਤੇ ਰਾਜੇ ਦੇ ਮੂੰਹੋਂ ਰਿਸ਼ਤੇ ਦੀ ਗੱਲ ਸੁਣ ਕੇ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਹੀ ਨਿੱਕਲ ਗਈ।
"ਮੈਂ ਵਿਚਾਰਾ ਗਰੀਬ ਬ੍ਰਾਹਮਣ ਹਾ, ਜਨਾਬ!" ਉਸ ਨੇ ਕਿਹਾ। "ਮੈਂ ਏਨੀ ਲਾਸਾਨੀ ਨੂੰਹ ਦੇ ਲਾਇਕ ਕਿਵੇਂ ਹੋ ਸਕਦਾ ਹਾਂ?" ਪਰ ਓਧਰ ਨਾਗਰਾਇ ਨੇ ਵੀ ਉਸ ਉੱਤੇ ਏਨਾ ਜ਼ੋਰ ਪਾਇਆ ਕਿ ਉਸਨੂੰ ਇਸ ਰਿਸ਼ਤੇ ਲਈ ਆਪਣੀ ਹਾਮੀ ਭਰਨੀ ਪਈ ਜੋ ਉਸਨੇ ਬੇਦਿਲੀ ਨਾਲ ਦੇ ਦਿੱਤੀ।

ਜਿਵੇਂ ਜਿਵੇਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ, ਸੋਧਾ ਰਾਮ ਕਿਸੇ ਗ਼ਮ ਵਿਚ ਡੁੱਬੀ ਜਾ ਰਿਹਾ ਸੀ। "ਅਸੀਂ ਕਿਹੋ ਜਿਹੇ ਲੱਗਾਂਗੇ," ਉਸ ਹਰੇਕ ਨੂੰ ਕਹਿ ਰਿਹਾ ਸੀ, "ਜਦੋਂ ਬਾਰਾਤ ਲੈ ਕੇ ਮਹੱਲ ਵਿਚ ਜਾਵਾਂਗੇ!" ਪਰ ਨਾਗਰਾਇ ਨੇ ਉਸਨੂੰ ਕਿਹਾ ਕਿ ਇਸਦੀ ਕੋਈ ਫ਼ਿਕਰ ਨਾ ਕਰੇ। ਵਿਆਹ ਵਾਲੇ ਦਿਨ ਉਸਨੇ ਪਿਤਾ ਨੂੰ ਇੱਕ ਰੁੱਖ ਦਾ ਸੱਕ ਦਿੱਤਾ ਕੁਝ ਲਿਖ ਕੇ ਉਸ ਦੇ ਉੱਤੇ, ਅਤੇ ਕਿਹਾ ਕਿ ਇਹ ਕਿਸੇ ਝਰਨੇ ਵਿਚ ਸੁੱਟ ਦੇਵੇ। ਜਦੋਂ ਸੋਧਾ ਰਾਮ ਘਰ ਵਾਪਿਸ ਆਇਆ ਤਾਂ ਉਸ ਦਾ ਸਿਰ ਹੀ ਚਕਰਾਅ ਗਿਆ ਜਦ ਉਸ ਨੇ ਦੇਖਿਆ ਕਿ ਜਿੱਥੇ ਉਸਦੀ ਵਿਚਾਰੀ ਕੁਟੀਆ ਹੋਣੀ ਚਾਹੀਦੀ ਸੀ ਓਥੇ ਇੱਕ ਸ਼ਾਨਦਾਰ ਮਹੱਲ ਖੜ੍ਹਾ ਸੀ।ਉਸ ਨੂੰ ਯਕੀਨ ਹੋਇਆ ਕਿ ਉਹ ਰਾਹ ਭੁੱਲ ਗਿਆ ਹੈ। ਉਸਨੂੰ ਅੰਦਰੋਂ ਢੋਲ ਵੱਜਣ ਦੀ ਅਤੇ ਬੀਨਾਂ ਵਜਾਈਆਂ ਜਾਣ ਦੀ ਆਵਾਜ਼ ਵੀ ਆ ਰਹੀ ਸੀ, ਅਤੇ ਸ਼ਿੰਗਾਰੇ ਹੋਏ ਘੋੜੇ ਅਤੇ ਹਾਥੀ ਦਿਸ ਰਹੇ ਸਨ, ਸੰਤਰੀ ਲਿਸ਼ਕਦੀਆਂ ਵਰਦੀਆਂ ਵਾਲੇ ਅਤੇ ਪੁਸ਼ਤੋ ਪੁਸ਼ਤ ਚਲੇ ਆ ਰਹੇ ਵਫ਼ਾਦਾਰ ਨੌਕਰ ਚਾਕਰ। ਅੰਦਰੋਂ ਨਾਗਰਾਇ ਪੂਰੇ ਰਾਜਕੁਮਾਰਾਂ ਵਰਗੇ ਵੇਸ ਵਿਚ ਬਾਹਰ ਆਇਆ ਅਤੇ ਪਿਤਾ ਨੂੰ ਯਕੀਨ ਕਰਾਇਆ ਕਿ ਸਭ ਕੁਝ ਤਾਰ ਬਰ ਤਿਆਰ ਹੈ। ਸਾਰਾ ਸ਼ਹਿਰ ਹੀਮਾਲ ਅਤੇ ਨਾਗਰਾਇ ਦੇ ਵਿਆਹ ਦੀ ਰੌਣਕ ਵਿਚ ਸੰਗੀਤ, ਦਾਅਵਤਾਂ ਅਤੇ ਮਸਤੀਆਂ ਨਾਲ ਭਰ ਗਿਆ। ਨਦੀ ਕਿਨਾਰੇ ਉਨ੍ਹਾਂ ਲਈ ਇੱਕ ਨਵਾਂ ਮਹੱਲ ਤਿਆਰ ਖੜ੍ਹਾ ਸੀ ਜਿੱਥੇ ਉਪਰ ਇਹ ਖੁਸ਼ੀ ਹ ਖੁਸ਼ੀ ਖੁਸ਼ੀ ਰਹਿਣ ਲੱਗੇ। ਪਰ ਹੋਣੀ ਨੇ ਉਨ੍ਹਾਂ ਨੂੰ ਬਹੁਤਾ ਚਿਰ ਇਸ ਖੁਸ਼ੀ ਵਿਚ ਨਹੀਂ ਸੀ ਰਹਿਣ ਦੇਣਾ। ਨਾਗਰਾਇ ਦੀਆਂ ਸੱਪਣੀਆਂ-ਵਹੁਟੀਆਂ ਧਰਤੀ ਹੇਠਲੀ ਦੁਨੀਆ ਵਿਚ ਉਸ ਬਗੈਰ ਉਦਾਸ ਹੋ ਗਈਆਂ ਸਨ ਅਤੇ ਉਸ ਨੂੰ ਲੱਭਦੀਆਂ ਫਿਰਦੀਆਂ ਸਨ। ਉਨ੍ਹਾਂ ਵਿਚੋਂ ਇੱਕ ਨੇ ਇਨਸਾਨੀ ਰੂਪ ਧਾਰ ਕੇ ਆਪਣੇ ਘਰਵਾਲੇ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸਦਾ ਹੀਮਾਲ ਨਾਲ ਵਿਆਹ ਹੋ ਗਿਆ ਹੈ। ਉਸ ਨੂੰ ਆਪਣੀਆਂ ਸੱਪਣੀਆਂ-ਵਹੁਟੀਆਂ ਨਾਲ ਆਪਣੇ ਮੋਹ ਦੀਆਂ ਤੰਦਾਂ ਦੀ ਯਾਦ ਕਰਾਉਣ ਲਈ ਉਹ ਉਸਦੇ ਕੁਝ ਵਿਰਲੇ ਲੱਭਦੇ ਸੋਨੇ ਦੇ ਭਾਂਡੇ ਨਾਲ ਲੈ ਕੇ ਆਈ ਸੀ। ਹੀਮਾਲ ਦੇ ਮਹੱਲ ਦੇ ਕੋਲ ਆ ਕੇ ਉਹ ਆਪਣੇ ਭਾਂਡੇ ਵੇਚਣ ਲਈ ਹੋਕੇ ਦੇਣ ਲੱਗੀ। ਹੀਮਾਲ ਨੂੰ ਇਹ ਸਾਰਾ ਮਾਲ ਬਹੁਤ ਪਸੰਦ ਆਇਆ ਅਤੇ ਉਸਨੇ ਥੋੜ੍ਹੀ ਜਿਹੀ ਕੀਮਤ 'ਤੇ ਹੀ ਇਹ ਸਾਰੇ ਖਰੀਦ ਲਏ। ਜਦੋਂ ਹੀਮਾਲ ਨੇ ਘਰ ਵਾਪਿਸ ਆਏ ਨਾਗਾਇ ਨੂੰ ਇਹ ਦਿਖਾਏ ਤਾਂ ਉਹ ਝੱਟ ਆਪਣੀਆਂ ਸੱਪਣੀਆਂ-ਵਹੁਟੀਆਂ ਦੀ ਚਾਲ ਸਮਝ ਗਿਆ, ਭਾਂਡੇ ਟੋਟੇ ਟੋਟੇ ਕਰ ਦਿੱਤੇ ਅਤੇ ਹੀਮਾਲ ਨੂੰ ਕਿਹਾ ਕਿ ਮੁੜ ਕਦੇ ਅਜਿਹੀਆਂ ਤੀਵੀਆਂ ਦੀ ਲੁਭਾਊ ਗੱਲਬਾਤ ਨਾ ਸੁਣੇ।

ਉਸਨੂੰ ਹੈਰਾਨੀ ਤਾਂ ਹੋਈ ਪਰ ਉਹ ਚੁੱਪ ਰਹੀ। ਇੱਕ ਹੋਰ ਸੱਪਣੀ-ਵਹੁਟੀ ਨੇ ਇੱਕ ਹੋਰ ਚਾਲ ਅਜ਼ਮਾਈ ਜਦੋਂ ਪਹਿਲੀ ਨਾਕਾਮਯਾਬ ਹੋਈ। ਮੋਚੀਆਂ ਦੀ ਤੀਵੀਂ ਦਾ ਰੂਪ ਬਣਾਅ ਕੇ ਉਹ ਹੀਮਾਲ ਕੋਲ ਆ ਪੁੱਜੀ ਅਤੇ ਪੁੱਛਿਆ ਕਿ ਕੀ ਉਹ ਉਸਦੇ ਘਰਵਾਲੇ ਨਾਗਰਾਇ ਨੂੰ ਜਾਣਦੀ ਹੈ ਜਿਹੜਾ ਇੱਕ ਮੋਚੀ ਹੈ?
"ਨਾਗਰਾਇ ਮੇਰਾ ਘਰਵਾਲਾ ਹੈ," ਹੀਮਾਲ ਨੇ ਜੁਆਬ ਦਿੱਤ "ਪਰ ਉਹ ਬ੍ਰਾਹਮਣ ਹੈ, ਸੋਧਾ ਰਾਮ ਦਾ ਮੁੰਡਾ।" "ਇਹ ਤਾਂ ਨਹੀਂ ਮੈਂ ਜਾਣਦੀ," ਪਹਿਲੀ ਜਣੀ ਕਹਿੰਦੀ, "ਪਰ ਇਹ ਮੈਨੂੰ ਪਤਾ ਹੈ ਕਿ ਮੇਰਾ ਘਰਵਾਲਾ ਜਾਤ ਦਾ ਮੋਚੀ ਹੈ।" ਉਸਨੂੰ ਹੀਮਾਲ ਦੇ ਚਿਹਰੇ ਤੋਂ ਪਤਾ ਲੱਗ ਗਿਆ ਕਿ ਉਸਦੇ ਲਫ਼ਜ਼ਾਂ ਦਾ ਅਸਰ ਪੈ ਰਿਹਾ ਹੈ। ਉਸਨੇ ਨਾਲ ਇਹ ਜੜ ਦਿੱਤਾ, " ਤੂੰ ਉਸ ਨੂੰ ਉਸਦੀ ਜਾਤ ਪੁੱਛੀਂ। ਪਰ ਪੱਕਾ ਕਰਨ ਲਈ ਤੂੰ ਉਸਦਾ ਇਮਤਿਹਾਨ ਲਈਂ। ਉਸਨੂੰ ਆਖੀਂ ਕਿ ਉਹ ਦੁੱਧ ਦੇ ਝਰਨੇ ਵਿਚ ਡੁਬਕੀ ਲਗਾਏ। ਜੇ ਉਹ ਬ੍ਰਾਹਮਣ ਹੈ ਤਾਂ ਉਸ ਦਾ ਸਰੀਰ ਡੁੱਬ ਜਾਏਗਾ। ਜੇ ਉਹ ਮੋਚੀ ਹੈ ਤਾਂ ਉਸ ਦਾ ਸਰੀਰ ਉੱਤੇ ਉੱਤੇ ਤਰਦਾ ਰਹੇਗਾ।"
ਜਦੋਂ ਨਾਗਰਾਇ ਘਰ ਆਇਆ ਤਾਂ ਹੀਮਾਲ ਨੇ ਉਸਨੂੰ ਕਿਹਾ ਕਿ ਆਪਣੀ ਜਾਤ ਦੱਸ ਕੀ ਹੈ। ਉਸਨੂੰ ਸਮਝ ਆ ਗਈ ਕਿ ਉਸਦੀਆਂ ਸੱਪਣੀਆਂ-ਵਹੁਟੀਆਂ ਨੇ ਉਸ ਦੇ ਮਨ ਉੱਤੇ ਅਸਰ ਪਾ ਦਿੱਤਾ ਹੈ ਅਤੇ ਉਸਨੇ ਇਹੋ ਉਸਨੂੰ ਕਿਹਾ, ਪਰ ਉਹ ਅੜ ਗਈ ਕਿ ਉਹ ਉਸ ਇਮਤਿਹਾਨ ਵਿਚੋਂ ਲੰਘੇ ਤਾਂ ਕਿ ਉਸਨੂੰ ਯਕੀਨ ਹੋ ਸਕੇ। ਉਸਦੀਆਂ ਸਾਰੀਆਂ ਦਲੀਲਾਂ ਕਿ ਇਹ ਉਸਦੇ ਦੁਸ਼ਮਣਾਂ ਦੀ ਚਾਲ ਹੈ, ਬੇਕਾਰ ਗਈਆਂ। ਅਖੀਰ ਉਸਨੂੰ ਉਸ ਇਮਤਿਹਾਨ ਵਿਚੋਂ ਲੰਘਣਾ ਪਿਆ ਤਾਂ ਕਿ ਉਹ ਸਮਝ ਸਕੇ।
ਉਸਨੇ ਦੁੱਧ ਦੇ ਝਰਨੇ ਵਿਚ ਪੈਰ ਹੀ ਡੁਬੋਏ ਸਨ ਕਿ ਉਸਦੀਆਂ ਸੱਪਣੀਆਂ-ਵਹੁਟੀਆਂ ਨੇ ਉਸਨੂੰ ਅੰਦਰ ਖਿੱਚ ਲਿਆ। ਉਸ ਨੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤਾਂ ਕਿ ਹੀਮਾਲ ਦੀ ਤਸੱਲੀ ਹੋ ਜਾਏ ਪਰ ਕੋਈ ਫ਼ਾਇਦਾ ਨਾ ਹੋਇਆ। ਜਦੋਂ ਉਹ ਗੋਡਿਆਂ ਤੱਕ ਡੁੱਬ ਗਿਆ ਤਾਂ ਉਸ ਨੇ ਕਿਹਾ,"ਹੀਮਾਲ, ਕੀ ਤੇਰੀ ਤਸੱਲੀ ਹੋ ਗਈ ਹੈ?" ਉਹਦੀ ਤਸੱਲੀ ਨਹੀਂ ਸੀ ਹੋਈ। ਜਦੋਂ ਉਹ ਪੱਟਾਂ ਤੱਕ ਡੁੱਬ ਗਿਆ, ਉਸਨੇ ਓਹੀ ਸੁਆਲ ਫੇਰ ਪੁੱਛਿਆ ਪਰ ਉਸਨੇ ਕੁਝ ਨਹੀਂ ਕਿਹਾ। ਉਸਨੇ ਵਾਰ ਵਾਰ ਹੀਮਾਲ ਨੂੰ ਗੁਹਾਰ ਲਾਈ ਜਦੋਂ ਉਹ ਧੁੰਨੀ ਤੱਕ ਡੁੱਬ ਗਿਆ ਸੀ, ਆਪਣੀ ਛਾਤੀ ਤੱਕ, ਤੇ ਫੇਰ ਆਪਣੀ ਠੋਡੀ ਤੱਕ, ਪਰ ਉਸਦੇ ਉਸਦੀ ਜਾਤ ਬਾਰੇ ਸ਼ੰਕੇ ਅਜੇ ਵੀ ਨਹੀਂ ਸੀ ਜਾ ਰਹੇ। ਜਦੋਂ ਉਸਦੇ ਮੱਥੇ ਤੱਕ ਉਹ ਡੁੱਬ ਗਿਆ, ਓਦੋਂ ਹੀ ਹੀਮਾਲ ਨੂੰ ਘਬਰਾਹਟ ਹੋਈ। ਉਸ ਨੇ ਉੱਛਲ ਕੇ ਉਸਦੇ ਵਾਲਾਂ ਤੋਂ ਫੜ ਉਸਨੂੰ ਬਚਾਉਣ ਦੀ ਵਾਹ ਲਾਈ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਨਾਗਰਾਇ ਦੁੱਧ ਵਿਚ ਗਾਇਬ ਹੋ ਗਿਆ ਸੀ ਤੇ ਹੀਮਾਲ ਦੇ ਹੱਥ ਵਿਚ ਸਿਰਫ਼ ਕੁਝ ਵਾਲ ਰਹਿ ਗਏ ਸਨ ਫੜੇ ਹੋਏ।

ਹੀਮਾਲ ਨੂੰ ਕੁਝ ਨਹੀਂ ਸੀ ਸੁੱਝ ਰਿਹਾ। ਕੋਈ ਲਫ਼ਜ਼ ਉਸਦ ਦੁੱਖ ਨਹੀਂ ਸਨ ਬਿਆਨ ਕਰ ਸਕਦੇ ਅਤੇ ਉਸਨੂੰ ਕਿਸੇ ਤਰ੍ਹਾਂ ਵੀ ਕੋਈ ਚੈਨ ਨਹੀਂ ਸੀ। ਉਹ ਨਿਰਾਸ ਅਤੇ ਉਦਾਸ ਸੀ। ਸਭ ਤੋਂ ਮਾੜੀ ਗੱਲ ਇਹ ਸੀ ਕਿ ਉਸਦੀ ਆਪਣੀ ਗਲਤੀ ਨੇ ਉਸ ਦਾ ਇਹ ਹਾਲ ਕੀਤਾ ਸੀ।
ਆਪਣੀ ਮੂਰਖਤਾ ਦਾ ਪਸਚਾਤਾਪ ਕਰਨ ਲਈ ਉਸਨੇ ਆਪਣੀ ਸਾਰੀ ਦੌਲਤ ਦਾਨ ਕਰ ਦੇਣ ਦਾ ਫ਼ੈਸਲਾ ਕੀਤਾ। ਹਰ ਰੋਜ਼ ਉਹ ਕਈ ਵੀਹਾਂ ਆਦਮੀਆਂ ਅਤੇ ਔਰਤਾਂ ਦੇ ਹੰਝੂ ਪੂੰਝਦੀ ਸੀ, ਅਤੇ ਜੋ ਵੀ ਸੋਨਾ, ਚਾਂਦੀ, ਗਹਿਣੇ ਉਸ ਕੋਲ ਹੈ ਸਨ ਉਹ ਉਸ ਨੇ ਦੇ ਦਿੱਤੇ, ਤੇ ਅਖੀਰ ਸਿਰਫ਼ ਇੱਕ ਸੋਨੇ ਦਾ ਕੂੰਡੀ ਡੰਡਾ ਬਚਿਆ ਰਹਿ ਗਿਆ ਸੀ ਉਸ ਕੋਲ।
ਇੱਕ ਦਿਨ ਕੀ ਹੋਇਆ, ਇੱਕ ਬੁੱਢਾ ਆਦਮੀ ਅਤੇ ਉਸਦੀ ਧੀ ਉਸ ਕੋਲੋਂ ਭਿੱਖਿਆ ਮਘਣ ਲਈ ਆਏ। ਉਸਨੇ ਉਨ੍ਹਾਂ ਨੂੰ ਖਾਣ ਪੀਣ ਨੂੰ ਦਿੱਤਾ ਤੇ ਉਸ ਬੁਜ਼ੁਰਗ ਨੇ ਉਸਨੂੰ ਇੱਕ ਕਹਾਣੀ ਸੁਣਾਈ ਜਿਸ ਨਾਲ ਉਸਦੇ ਅੰਦਰ ਖੁਸ਼ੀ ਅਤੇ ਹੈਰਾਨੀ ਦੀ ਤਰੰਗ ਫਿਰ ਗਈ। ਉਸਨੇ ਇਹ ਕਿਹਾ ਕਿ ਇੱਕ ਰਾਤ ਉਹ ਅਤੇ ਉਸਦੀ ਬੇਟੀ ਇੱਕ ਝਰਨੇ ਦੇ ਕੋਲ ਇੱਕ ਰੁੱਖ ਹੇਠਾਂ ਲੰਮੇ ਪੈ ਕੇ ਆਰਾਮ ਕਰ ਰਹੇ ਸਨ। ਅੱਧੀ ਰਾਤ ਨੂੰ ਉਨ੍ਹਾਂ ਨੂੰ ਇਹੋ ਜਿਹੀਆਂ ਆਵਾਜ਼ਾਂ ਸੁਣੀਆਂ ਜਿਵੇਂ ਕੋਈ ਫ਼ੌਜ ਮਾਰਚ ਕਰਦੀ ਆ ਰਹੀ ਹੋਏ। ਉਸ ਤੋਂ ਬਾਅਦ ਬਹੁਤ ਸਾਰੇ ਨੌਕਰ ਚਾਕਰ ਆਏ ਜਿਨ੍ਹਾਂ ਨੇ ਸਾਰੀ ਥਾਂ ਸਾਫ਼ ਕਰ ਦਿੱਤੀ ਅਤੇ ਓਥੇ ਇੱਕ ਬਹੁਤ ਵੱਡੌ ਪੱਧਰ ਦਾ ਖਾਣਾ ਪਕਾਇਆ ਜਿਸ ਨੂੰ ਬਹੁਤ ਸਾਰੇ ਮਹਿਮਾਨਾਂ ਅੱਗੇ ਪਰੋਸਿਆ ਗਿਆ, ਜਿਨ੍ਹਾਂ ਵਿਚ ਇੱਕ ਰਾਜਕੁਮਾਰ ਵੀ ਹੈ ਸੀ। ਫੇਰ ਉਹ ਸਾਰੇ ਝਰਨੇ ਵਿਚ ਹੀ ਗਾਇਬ ਹੋ ਗਏ, ਸਿਵਾਏ ਉਨ੍ਹਾਂ ਦੇ ਮੁਖੀਏ ਦੇ। ਉਸ ਨੇ ਥੋੜ੍ਹਾ ਜਿਹਾ ਖਾਣਾ ਰੁੱਖ ਥੱਲੇ ਰੱਖ ਦਿੱਤਾ ਤੇ ਕਿਹਾ, " ਇਹ ਬਦਕਿਸਮਤ ਹੀਮਾਲ ਦੇ ਲਈ" ਤੇ ਉਹ ਵੀ ਝਰਨੇ ਵਿਚ ਗਾਇਬ ਹੋ ਗਿਆ।

ਹੀਮਾਲ ਨੇ ਬਜ਼ੁਰਗ ਨੂੰ ਮਨਾਅ ਲਿਆ ਕਿ ਉਸਨੂੰ ਵੀ ਉਸ ਝਰਨੇ ਤੱਕ ਲਿਜਾਏ ਅਤੇ ਇਨਾਮ ਵਜ੍ਹੋਂ ਉਸ ਨੂੰ ਆਪਣੀ ਬਚੀ ਸਾਰੀ ਦੌਲਤ, ਸੋਨੇ ਦਾ ਕੂੰਡੀ ਡੰਡਾ, ਦੇ ਦਿੱਤੇ। ਰਾਤ ਨੂੰ ਉਸਨੇ ਆਪਣੀਂ ਅੱਖੀਂ ਉਹ ਸਾਰਾ ਕੁਝ ਉਸੇ ਤਰ੍ਹਾਂ ਵਾਪਰਦਾ ਦੇਖਿਆ ਜੋ ਉਸ ਬਜ਼ੁਰਗ ਨੇ ਦੱਸਿਆ ਸੀ। ਉਸਦਾ ਦਿਲ ਧਕ ਧਕ ਕਰਨ ਲੱਗਾ ਅਤੇ ਉਸਦੀ ਹੈਰਾਨੀ ਉਸ ਤੋਂ ਸਾਂਭੀ ਨਹੀਂ ਸੀ ਜਾ ਰਹੀ। ਜਦੋਂ ਨਾਗਰਾਇ ਬਾਹਰ ਨਿੱਕਲ ਕੇ ਆਇਆ ਤਾਂ ਉਹ ਉਸਦੇ ਪੈਰਾਂ ਵਿਚ ਵਿਛ ਗਈ। ਨਾਗਰਾਇ ਦਾ ਦਿਲ ਬਹੁਤ ਪਿਘਲ ਗਿਆ ਸੀ ਪਰ ਉਸ ਨੂੰ ਡਰ ਸੀ ਕਿ ਜੇ ਉਹ ਹੀਮਾਲ ਨੂੰ ਆਪਣੇ ਟਿਕਾਣੇ 'ਤੇ ਲੈ ਗਿਆ ਤਾਂ ਉਸਦੀਆਂ ਸੱਪਣੀਆਂ-ਵਹੁਟੀਆਂ ਉਸ ਨੂੰ ਮਾਰ ਦੇਣਾ ਹੈ। ਉਸਨੇ ਉਸਨੂੰ ਹੌਂਸਲਾ ਦਿੱਤਾ ਅਤੇ ਸਲਾਹ ਦਿੱਤੀ ਕਿ ਉਹ ਇੱਕ ਮਹੀਨਾ ਕੁ ਇੰਤਜ਼ਾਰ ਕਰੇਤੇ ਓਦੋਂ ਤੱਕ ਉਹ ਉਸਦੇ ਰਹਿਣ ਦਾ ਕੋਈ ਇੰਤਜ਼ਾਮ ਕਰੇਗਾ। ਹੀਮਾਲ ਨੂੰ ਪਰ ਕੋਈ ਚੈਨ ਨਹੀਂ ਸੀ ਅਤੇ ਉਹ ਉਸ ਦੀਆਂ ਲੱਤਾਂ ਨਾਲ ਚੰਬੜ ਗਈ। ਨਾਗਰਾਇ ਹੁਣ ਬੇਜੁਆਬ ਹੋ ਗਿਆ ਸੀ। ਅਖੀਰ ਉਸਨੇ ਹੀਮਾਲ ਨੂੰ ਇੱਕ ਰੋੜਾ ਬਣਾਇਆ, ਆਪਣੀ ਪਗੜੀ ਵਿਚ ਲੁਕਾਇਆ ਅਤੇ ਸੱਪ-ਦੁਨੀਆ ਵਿਚ ਵਾਪਿਸ ਚਲਾ ਗਿਆ। ਉਸਦੀਆਂ ਵਹੁਟੀਆਂ ਉਸ ਵੱਲ ਹੋਰੂੰ ਹੋਰੂੰ ਢੰਗ ਨਾਲ ਵੇਖਦੀਆਂ ਅਤੇ ਕਹਿੰਦੀਆਂ ਸਨ ਕਿ ਉਸ ਕੋਲ ਹੁੰਦੀਆਂ ਹਨ ਤਾਂ ਉਸ ਤੋਂ ਇਨਸਾਨੀ ਮਾਸ ਦੀ ਮਹਿਕ ਕਿਓਂ ਆਉਂਦੀ ਹੈ। ਨਾਗਰਾਇ ਹੁਣ ਆਪਣਾ ਭੇਤ ਲੁਕਾਅ ਨਾ ਸਕਿਆ ਅਤੇ ਅੁਸ ਨੇ ਉਨ੍ਹਾਂ ਤੋਂ ਵਾਅਦਾ ਲੈਣ ਤੋਂ ਬਾਅਦ ਕਿ ਉਹ ਹੀਮਾਲ ਨੂੰ ਤੰਗ ਨਹੀਂ ਕਰਨਗੀਆਂ, ਉਸ ਨੂੰ ਫੇਰ ਇਨਸਾਨੀ ਰੂਪ ਵਿਚ ਲੈ ਆਂਦਾ। ਉਹ ਉਸਦੀ ਖੂਬਸੂਰਤੀ ਅਤੇ ਕੋਮਲਤਾ ਦਾ ਉਨ੍ਹਾਂ ਉੱਤੇ ਬਹੁਤ ਰੁਹਬ ਪਿਆ ਅਤੇ ਈਰਖਾ ਕਰਨ ਤੋਂ ਨਾ ਬਚ ਸਕੀਆਂ। ਕਿਓਂਕਿ ਉਨ੍ਹਾਂ ਨੇ ਈਮਾਨਦਾਰੀ ਨਾਲ ਵਾਅਦਾ ਕੀਤਾ ਹੋਇਆ ਸੀ ਇਸ ਲਈ ਉਹ ਉਸ ਨੂੰ ਕੋਈ ਨੁਕਸਾਨ ਤਾਂ ਨਹੀਂ ਸੀ ਪਹੁੰਚਾਅ ਸਕਦੀਆਂ ਪਰ ਉਨ੍ਹਾਂ ਨੇ ਆਪਣਾ ਬਦਲਾ ਇਸ ਤਰ੍ਹਾਂ ਲਿਆ ਉਸ ਤੋਂ ਕਿ ਖਾਣ ਪਕਾਉਣ ਨਾਲ ਜੁੜਿਆ ਸਾਰਾ ਔਖਾ ਭਾਰਾ ਕੰਮ ਉਸ ਦੇ ਜ਼ਿੰਮੇ ਕਰ ਦਿੱਤਾ। ਇਸ ਰਾਜਕੁਮਾਰੀ ਨੇ ਜਿਸਨੂੰ ਮਹੱਲ ਵਿਚ ਨੌਕਰਾਣੀਆਂ ਅਤੇ ਨੌਕਰਾਂ ਦੀ ਆਦਤ ਸੀ ਜੋ ਉਸਦਾ ਹਰ ਨਖਰਾ ਝੱਲਦੇ ਸਨ, ਖੁਸ਼ੀ ਖੁਸ਼ੀ ਸੱਪਾਂ ਦੀ ਰਸੋਈ ਦਾ ਕੰਮ ਸਾਂਭ ਲਿਆ। ਪਰ ਉਸਨੂੰ ਕੋਈ ਤਜਰਬਾ ਤਾਂ ਹੈ ਨਹੀਂ ਸੀਇਨ੍ਹਾਂ ਮਾਮਲਿਆਂ ਦਾ ਅਤੇ ਸਭ ਨੂੰ ਪਤਾ ਲੱਗ ਗਿਆ ਕਿ ਉਸ ਨੂੰ ਕੋਈ ਚੱਜ ਨਹੀਂ ਹੈ ਰਿਨ੍ਹਣ ਪਕਾਉਣ ਦਾ। ਇੱਕ ਦਿਨ, ਜਦੋਂ ਉਹ ਕੜਛੀ ਨਾਲ ਕਟੋਰਿਆਂ ਵਿਚ ਉੱਬਲਿਆ ਦੁੱਧ ਵਰਤਾਅ ਰਹੀ ਸੀ, ਸੱਪ-ਬਾਲਾਂ ਲਈ ਠੰਡਾ ਕਰਨ ਲਈ, ਤਾਂ ਗਲਤੀ ਨਾਲ ਉਸਦੀ ਕੜਛੀ ਇੱਕ ਕਟੋਰੇ ਨੂੰ ਵੱਜ ਗਈ। ਸੱਪ-ਬਾਲਾਂ ਸੋਚਿਆ ਉਨ੍ਹਾਂ ਨੂੰ ਖਾਣੇ ਲਈ ਬੁਲਾਉਣ ਵਾਲੀਰੋਜ਼ ਵਾਲੀ ਟੁਣਕਾਰ ਕਰ ਦਿੱਤੀ ਗਈ ਹੈ। ਉਹ ਕਾਹਲੀ ਕਾਹਲੀ ਆਏ ਤੇ ਗਰਮ ਗਰਮ ਦੁੱਧ ਹੜੱਪ ਗਏ। ਨਤੀਜੇ ਵਜ੍ਹੋਂ ਉਹ ਸੜ ਕੇ ਮਰ ਗਏ।

ਸੱਪ-ਵਹੁਟੀਆਂ ਦਾ ਦੁੱਖ ਹੱਦਾਂ ਤੋੜ ਗਿਆ। ਉਨ੍ਹਾਂ ਹੀਮਾਲ ਨੂੰ ਡੰਗਿਆ ਤੇ ਉਹ ਉਸੇ ਛਿਣ ਮਰ ਗਈ। ਨਾਗਰਾਇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਉਹ ਮਜਬੂਰ ਸੀ। ਉਸਨੇ ਹੀਮਾਲ ਦੀ ਦੇਹ ਨੂੰ ਧੋਤਾ ਅਤੇ ਇਹ ਕਹਿ ਕਿ ਉਹ ਉਸਨੂੰ ਅੱਗ ਹਵਾਲੇ ਕਰਨ ਚੱਲਾ ਹੈ, ਉਸਨੂੰ ਝਰਨੇ ਰਾਹੀਂ ਬਾਹਰ ਲੈ ਗਿਆ।
ਉਸਨੂੰ ਹੀਮਾਲ ਨਾਲ ਏਨਾ ਮੋਹ ਜਾਗਿਆ ਕਿ ਉਹ ਉਸਦੇ ਸਰੀਰ ਨੂੰ ਅੱਗ ਦੇ ਹਵਾਲੇ ਕਰਨ ਦੇ ਖਿਆਲ ਨੂੰ ਵੀ ਜਰ ਨਾ ਸਕਿਆ। ਇਸ ਦੀਥਾਂ, ਉਸਨੇ ਇਸ ਉੱਤੇ ਜੜੀ ਬੂਟੀ ਦਾ ਲੇਪ ਕੀਤਾ ਅਤੇ ਇੱਕ ਬਿਸਤਰ 'ਤੇ ਲਿਟਾਅ ਦਿੱਤਾ ਜੋ ਉਸਨੇ ਇੱਕ ਰੁੱਖ ਥੱਲੇ ਡਾਹਿਆ ਸੀ। ਹੁਣ ਕਦੇ ਕਦੇ ਉਹ ਝਰਨੇ ਵਿਚੋਂ ਬਾਹਰ ਆ ਅਫ਼ਸੋਸ ਨਾਲ ਭਰ ਕੇ ਉਸ ਦੇਹ ਦੀ ਸੁੰਦਰਤਾਈ ਵੱਲ ਤੱਕਦਾ ਰਹਿੰਦਾ।
ਕੁਝ ਚਿਰ ਹੀ ਇਓਂ ਬੀਤਿਆ ਕਿ ਇੱਕ ਸੰਤ ਆਦਮੀ ਕਿਤੇ ਓਧਰ ਝਰਨੇ ਵੱਲ ਆਇਆ ਤੇ ਉਸਨੇ ਉਹ ਦੇਹ ਦੇਖੀ। ਉਹ ਏਨਾ ਨਿਹਾਲ ਹੋਇਆ ਹੀਮਾਲ ਦੀ ਖੂਬਸੂਰਤੀ ਅਤੇ ਨਾਗਰਾਇ ਦੀ ਭਗਤੀ ਦੇਖ ਕੇ ਉਸ ਨੇ ਦੇਹ ਨੂੰ ਜੀਵਨ ਦਾਨ ਦੇ ਦਿੱਤਾ। ਫੇਰ ਉਹ ਹੀਮਾਲ ਨੂੰ ਆਪਣੇ ਟਿਕਾਣੇ 'ਤੇ ਲੈ ਗਿਆ ਜਿੱਥੇ ਉਸ ਸੰਤ ਆਦਮੀ ਦਾ ਪੁੱਤਰ ਉਸ 'ਤੇ ਮੋਹਿਤ ਹੋ ਗਿਆ ਅਤੇ ਉਸ ਦੀਕਹਾਣੀ ਤਾਂ ਉਸ ਨੂੰ ਪਤਾ ਨਹੀਂ ਸੀ, ਉਸ ਨਾਲ ਵਿਆਹ ਕਰਨ ਦਾ ਮਨ ਬਣਾ ਬੈਠਾ।
ਦੋ ਕੁ ਦਿਨਾਂ ਬਾਅਦ ਨਾਗਰਾਇ ਫੇਰ ਪਾਣੀਆਂ ਵਿਚੋਂ ਬਾਹਰ ਆਇਆ ਕਿ ਹੀਮਾਲ ਦੀ ਦੇਹ ਦੇ ਦਰਸ਼ਨ ਕਰ ਕੇ ਮਨ ਨੂੰ ਠੰਡ ਪਾ ਲਏ। ਦੇਹ ਓਥੇ ਨਾ ਵੇਖ ਉਸ ਨੂੰ ਗ਼ਮ ਨੇ ਘੇਰ ਲਿਆਅਤੇ ਉਸਨੇ ਵਾਪਿਸ ਜਾਣ ਤੋਂ ਪਹਿਲਾਂ ਇਹ ਭੇਤ ਖੋਲ੍ਹਣਾ ਜ਼ਰੂਰੀ ਜਾਣਿਆ। ਅਖੀਰ ਉਹ ਉਸ ਸੰਤ ਆਦਮੀ ਦੀ ਕੁਟੀਆ ਤੱਕ ਪਹੁੰਚ ਗਿਆ ਜਿੱਥੇ ਉਹ ਸੁੱਤੀ ਪਈ ਸੀ ਤੇ ਉਸਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਇਹ ਵੇਖ ਕੇ ਕਿ ਉਹ ਫੇਰ ਜਿਊਂਦੀ ਹੋ ਗਈ ਸੀ।
ਉਹ ਉਸਦੀ ਨੀਂਦ ਵਿਚ ਖਲਲ ਨਹੀਂ ਸੀ ਪਾਉਣਾ ਚਾਹੁੰਦਾ ਅਤੇ, ਇਸ ਲਈ, ਉਸ ਦੇ ਜਾਗਣ ਦੀ ਉਡੀਕ ਵਿਚ ਉਸਦੇ ਮੰਜੇ ਨੇੜੇ ਕੁੰਡਲੀ ਮਾਰ ਕੇ ਬੈਠ ਗਿਆ। ਏਨੇ ਨੂੰ ਸੰਤ ਆਦਮੀ ਦਾ ਪੁੱਤਰ ਕੁਟੀਆ ਵਿਚ ਆਇਆ ਅਤੇ ਸੱਪ ਵੇਖ ਕੇ ਬਹੁਤ ਘਬਰਾਅ ਗਿਆ। ਉਸਨੇ ਝੱਟਪਟ ਸੱਪ ਨੂੰ ਮਾਰ ਦਿੱਤਾ। ਇਸੇ ਰੌਲੇ ਵਿਚ ਹੀਮਾਲ ਜਾਗ ਪਈ, ਉਸਨੇ ਸੱਪ ਦੀ ਅਸਲੀਅਤ ਨੂੰ ਸਮਝ ਲਿਆ ਅਤੇ ਉਸਦੀ ਅਣ-ਆਈ ਮੌਤ ਕਰਕੇ ਵਿਰਲਾਪ ਕਰਨ ਲੱਗੀ। "ਇੱਕ ਵਾਰ ਫੇਰ ਉਸਨੂੰ ਮੇਰੇ ਕਰਕੇ ਤਕਲੀਫ਼ ਹੋਈ ਹੈ," ਉਹ ਸੋਗ ਨਾਲ ਕਹਿ ਰਹੀ ਸੀ। ਉਸਨੇ ਮੋਏ ਸੱਪ ਦੀ ਚਿਖਾ ਬਲਵਾਈ ਅਤੇ ਆਪ ਵੀ ਉਸ ਵਿਚ ਚੜ੍ਹ ਬੈਠੀ।
ਉਨ੍ਹਾਂ ਦੀ ਆਪਸੀ ਮੁਹੱਬਤ ਅਤੇ ਇੱਕ ਦੂਜੇ ਲਈ ਕੀਤੀ ਕੁਰਬਾਨੀ ਨੇ ਹਰੇਕ ਨੂੰ ਬੜਾ ਟੁੰਬਿਆ। ਸੰਤ ਆਦਮੀ ਤਾਂ ਕਾਸ ਹੀ ਅਫ਼ਸੋਸ ਵਿਚ ਸੀ ਕਿਓਂਕਿ ਉਸੇ ਦੀ ਕੁਟੀਆ ਵਿਚ ਨਾਗਰਾਇ ਦੀ ਆਪਣੀ ਮੁਹੱਬਤ ਕਰਕੇ ਮੌਤ ਹੋ ਗਈ ਸੀ ਜਿਸ ਕਰਕੇ ਹੀਮਾਲ ਵੀ ਆਪਣੀ ਜ਼ਿੰਦਗੀ ਛੱਡ ਗਈ ਸੀ। ਉਸਨੂੰ ਇਸਦਾ ਬਹੁਤ ਝੋਰਾ ਲੱਗਾ। ਇੱਕ ਦਿਨ, ਜਦੋਂ ਉਹ ਇਸ ਸੁਆਲ ਬਾਰੇ ਦੁੱਖ ਨਾਲ ਸੋਚ ਰਿਹਾ ਸੀ ਤਾਂ ਉਸਨੂੰ ਦੋ ਪੰਛੀ ਆਪਸ ਵਿਚ ਇਹ ਗੱਲ ਕਰਦੇ ਸੁਣੇ ਕਿ ਹੀਮਾਲ ਅਤੇ ਨਾਗਰਾਇ ਦੀ ਕਿੰਨੀ ਮੁਹੱਬਤ ਸੀ, ਕਿੰਨੀ ਭਗਤੀ ਇੱਕ ਦੂਜੇ ਲਈ, ਅਤੇ ਕਿੰਨੀ ਕੁਰਬਾਨੀ। ਮਾਦਾ ਪੰਛੀ ਨੇ ਕਿਹਾ ਆਪਣੇ ਸਾਥੀ ਨੂੰ, "ਹੁਣ ਕੀ ਉਹ ਕਦੇ ਆਪਣੇ ਇਨਸਾਨੀ ਰੂਪ ਵਿਚ ਆ ਸਕਣਗੇ?" "ਕਿਓਂ ਨਹੀਂ! ਪਰ ਤਾਂ ਜੇ ਉਨ੍ਹਾਂ ਦੀ ਸਵਾਹ ਉਸ ਝਰਨੇ ਵਿਚ ਪਾ ਦਿੱਤੀ ਜਾਏਗੀ,"ਉਸਦੇ ਮਰਦ ਸਾਥੀ ਨੇ ਕਿਹਾ।
ਸੰਤ ਆਦਮੀ ਨੂੰ ਸਮਝ ਆ ਗਈ ਕਿ ਇਹ ਦੋ ਪੰਛੀ ਹੋਰ ਕੋਈ ਨਹੀਂ, ਖੁਦ ਸ਼ਿਵ ਅਤੇ ਪਾਰਬਤੀ ਹੀ ਸਨ। ਉਸਨੇ ਝੱਟ ਸੁਆਹ ਝਰਨੇ ਵਿਚ ਸੁੱਟ ਦਿੱਤੀ। ਹੀਮਾਲ ਅਤੇ ਨਾਗਰਾਇ ਮੁੜ ਆਪਣੇ ਇਨਸਾਨੀ ਰੂਪ ਵਿਚ ਜਿਊਂਦੇ ਹੋ ਗਏ ਅਤੇ ਇੱਕ ਦੂਜੇ ਨਾਲ ਖੁਸ਼ੀ ਖੁਸ਼ੀ ਵਸਣ ਲੱਗੇ।

ਪੇਸ਼ਕਾਰ ਵੱਲੋਂ:
ਅਸੀਂ ਜਾਣਦੇ ਹਾਂ ਕਿ ਲੋਕ ਕਥਾਵਾਂ ਆਪਣੀ ਥਾਂ ਕੀਮਤੀ ਹੁੰਦੀਆਂ ਹਨ ਕਿਉਂਕਿ ਇਹ ਆਪਣੇ ਇਲਾਕੇ ਦੇ ਲੋਕਾਂ ਦਾ ਸਮਾਜਕ-ਸਭਿਆਚਾਰਕ ਚਿੱਤਰ ਪੇਸ਼ ਕਰਦੀਆਂ ਹਨ। ਕਦੇ ਕਦੇ ਇਨ੍ਹਾਂ ਦਾ ਇਤਿਹਾਸਕ ਮਹੱਤਵ ਵੀ ਹੁੰਦਾ ਹੈ, ਭਾਵੇਂ ਅਸਲੀ ਇਤਿਹਾਸਕ ਤੱਥ ਨਾ ਵੀ ਪਤਾ ਲੱਗਦੇ ਹੋਣ। ਜਿੱਥੋਂ ਤੱਕ ਕਸ਼ਮੀਰ ਦਾ ਮਾਮਲਾ ਹੈ, ਸਾਨੂੰ ਆਪਣੇ ਪੁਰਾਤਨ ਇਤਿਹਾਸ ਲਈ ਪੂਰੀ ਤਰ੍ਹਾਂ ਟੇਕ ਕਰਨੀ ਪੈਂਦੀ ਹੈ ਕਲਹਨ ਦੀ "ਰਾਜਤਰੰਗਿਣੀ" 'ਤੇ ਹੀ, ਅਤੇ ਕਲਹਨ ਨੇ ਆਪਣੇ ਕਾਰਜ ਲਈ ਇਲਾਕਾਈ ਲੋਕ ਕਥਾਵਾਂ ਉੱਤੇ ਬਹੁਤ ਟੇਕ ਰੱਖੀ। "ਹੀਮਾਲ ਨਾਗਰਾਇ" ਕਥਾ ਸਾਡੇ ਸਮਾਜ ਦਾ ਸਮਾਜਕ ਢਾਂਚਾ ਦਿਖਾਅ ਰਹੀ ਹੈ ਕਿਉਂਕਿ ਨਾਗਰਾਇ ਨੂੰ "ਚਮਾਰ" / "ਨੀਵੀਂ ਜਾਤ" ਨਾ ਹੋਣ ਦਾ ਇਮਤਿਹਾਨ ਦੇਣਾ ਪੈਂਦਾ ਹੈ (ਨਸਲ ਅਤੇ ਜਾਤ ਦੀ ਲੜਾਈ ਅਸਲ ਵਿਚ ਹਮਲਾਵਰ ਅਤੇ ਵਸੇਬ ਕੌਮਾਂ ਦੀ ਲੜਾਈ ਸੀ, ਕਦੋਂ ਤੋਂ ਚੱਲਦੀ ਆ ਰਹੀ-ਸੰ.)! ਇਹ ਵੀ ਪਤਾ ਲੱਗਦਾ ਹੈ ਕਿ ਘੱਟੋ ਘੱਟ ਕੁਝ ਬ੍ਰਾਹਮਣ ਤਾਂ ਆਰਥਕ ਪੱਖੋਂ ਗਰੀਬ ਸਨ, ਜਿਵੇਂ ਇਸ ਕਹਾਣੀ ਵਿਚ ਸੋਧਾ ਰਾਮ ਹੈ (ਬ੍ਰਾਹਮਣ ਨੇ ਦੌਲਤ ਅਤੇ ਨਫ਼ੇ ਦੀ ਦੁਨੀਆ ਵਿਚੋਂ ਬਾਹਰ ਰਹਿਣਾ ਹੁੰਦਾ ਸੀ, ਅਤੇ ਸਿਰਫ਼ ਸਮਾਜ ਵੱਲੋਂ ਆਪਣੀ ਵਿਦਿਆ ਲਈ ਆਪਣੀ ਆਪਣੀ ਸ਼ਰਧਾ ਨਾਲ ਇਵਜ਼ਾਨਾ ਮਿਲਣਾ ਹੁੰਦਾ ਸੀ! -ਸੰ.)। ਇਹ ਸਾਨੂੰ ਇਹ ਵੀ ਦੱਸਦੀ ਜਾਪਦੀ ਹੈ ਕਿ ਨਾਗਾਂ ਅਤੇ ਆਰੀਆਵਾਂ/ ਨਵੇਂ ਆਇਆਂ ਵਿਚ ਸਹਿਯੋਗ ਸੀ ਅਤੇ ਉਹ ਨਾਲ ਨਾਲ ਰਹਿੰਦੇ ਰਹੇ ਹਨ -ਤੇ ਇਸ ਗੱਲ ਵਿਚ ਸੱਚ ਹੈ ਕਿ ਆਰੀਆਵਾਂ ਦੇ ਆਉਣ ਤੋਂ ਪਹਿਲਾਂ ਵਾਦੀ ਵਿਚ ਨਾਗ ਲੋਕ ਵਸਦੇ ਸਨ। ਪਿਆਰ ਦੀ ਤੜਪ ਬਾਰੇ ਤਾਂ ਇਹ ਕਹਾਣੀ ਦੱਸਦੀ ਹੀ ਹੈ, ਇਹ ਜੋੜਿਆਂ ਵਿਚ ਇੱਕ ਦੂਜੇ ਨੂੰ ਜਾਣਨ-ਮਾਨਣ ਦੀ ਖੁੱਲ੍ਹ ਨੂੰ ਅਤੇ ਵਿਆਹ ਦੇ ਸਾਥੀ ਦੀ ਚੋਣ ਨਦੀ ਖੁੱਲ੍ਹ ਨੂੰ ਵੀ ਕਿਸੇ ਹੱਦ ਤੱਕ ਮਨਦੀ ਹੈ। ਅਤੇ (ਘੱਟੋ ਘੱਟ ਨਾਗਾਂ ਵਿਚ -ਸੰ.) ਬਹੁ-ਪਤਨੀਵਾਦ ਦਾ ਰਿਵਾਜ ਸੀ। ਇਹ ਵੀ ਕਿ ਗਰੀਬੀ ਦਾ ਵਿਆਹੁਤਾ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ ਹੈ। (ਸ਼ਾਇਦ ਇਹ ਵੀ ਕਿ ਤੀਵੀਂ ਨੂੰ ਹੋਰ ਅੱਗੇ ਵਧਣ ਦੀ ਇੱਛਾ ਹੁੰਦੀ ਹੈ, ਜਿਸ ਲਈ ਉਹ ਮਰਦ ਉੱਤੇ ਜ਼ੋਰ ਪਾਉਂਦੀ ਹੈ?-ਸੰ.)

(ਇਸ ਕਹਾਣੀ ਉੱਤੇ ਸ਼ਾਇਦ ਕਈ ਸਭਿਆਤਾਵਾਂ ਦਾ ਲੇਪ ਚੜ੍ਹਿਆ ਹੋਏ ਹੋਏ, ਜਿਨ੍ਹਾਂ ਵਿਚ ਸ਼ਿਵ ਪਾਰਬਤੀ ਦੀ ਮਰਦ ਅਤੇ ਔਰਤ ਵਜੋਂ ਆਪਸੀ ਨਿਭਾਉਣੀ ਦਾ ਗੁਣ ਗਾਣ ਕੀਤਾ ਗਿਆ ਹੈ ਅਤੇ ਸ਼ਾਇਦ ਕੁਦਰਤੀ-ਸਤ੍ਰੀ-ਹਠ ਅਤੇ ਕੁਦਰਤੀ-ਮਰਦ-ਹਠ ਨੂੰ ਤੋਲ ਕੇ ਵੀ ਦੇਖਣ ਦੀ ਕੋਸ਼ਿਸ਼ ਪਛਾਣੀ ਜਾ ਸਕਦੀ ਹੈ- ਤਾਂਕਿ ਇਸ ਨੂੰ ਧਾਅਨ ਵਿਚ ਨਾ ਰੱਖਣ ਵਾਲੇ ਜੋੜੇ ਭਟਕਦੇ ਨਾ ਫਿਰਨ, ਇੱਕ ਦੂਜੇ ਦੇ ਸਹਿਯੋਗੀ ਬਣਨ?- ਸੰ.)

(ਐੱਸ ਐੱਲ ਸਾਧੂ)
('ਪ੍ਰੀਤਲੜੀ' ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ