Hun Bara Aaram Ae (Punjabi Story) : Maqsood Saqib

ਹੁਣ ਬੜਾ ਅਰਾਮ ਏ (ਕਹਾਣੀ) : ਮਕ਼ਸੂਦ ਸਾਕ਼ਿਬ

ਰੇਲਵੇ ਪਲੇਟਫ਼ਾਰਮ ਦੀ ਛੱਤ ਥੱਲੇ ਬੰਚ 'ਤੇ ਬੈਠਾ ਸਾਂ। ਕਰਮ ਅਲੀ ਮੇਲ ਪੀਅਨ ਆ ਗਿਆ ਡਾਕਖ਼ਾਨੇ ਦੀ ਲਾਲ ਰੇੜ੍ਹੀ ਧੱਕਦਾ। ਬੰਚ ਦੇ ਨਾਲ਼ ਇੱਕ ਪਾਸੇ ਖਲ੍ਹਾਰ ਕੇ ਮੇਰੇ ਨਾਲ਼ ਈ ਆ ਬੈਠਾ। ਮੈਂ ਪੁੱਛਿਆ, "ਸੁਣਾਅ ਤਗੜਾ ਐਂ।" ਕਹਿਣ ਲੱਗਾ, "ਤੇਰੇ ਸਾਹਮਣੇ ਈ ਏ। ਆਪ ਵੇਖ ਲੈ।"
"ਸਿਰ ਤੇ ਸਾਰਾ ਈ ਧੌਲ਼ਾ ਕਰ ਲਿਆ ਈ।"
"ਆਹੋ। ਹੋ ਗਿਆ ਏ। ਤੇਰੇ ਵਾਲਾਂ ਨੂੰ ਕੀ ਬਣੀਆਂ, ਕੈਸਰਾ...ਤੂੰ ਤੇ ਵਾਲ਼ ਨਹੀਂ ਛੱਡਿਆ ਕੋਈ ਸਿਰ ਆਪਣੇ ਤੇ!"
ਮੈਂ ਵੀ ਹੱਸ ਪਿਆ- "ਹੋਰ ਕਿਵੇਂ ਦੀ ਪਈ ਲੰਘਦੀ ਏ ਕਰਮ ਅਲੀ"।
"ਉਹਦਾ ਤੇ ਪਤਾ ਨਹੀਂ ਆਪ ਈ ਲੰਘਦੇ ਜਾਨੇ ਆਂ। ਤੂੰ ਸੁਣਾਅ?"
ਮੈਂ ਹੱਸਣਾ ਚਾਹਿਆ ਪਰ ਹੱਸ ਨਾ ਸਕਿਆ, "ਤੇਰੇ ਆਲੀ ਕਾਰ ਈ ਏ।"
ਕਰਮ ਅਲੀ ਨੇ ਮੇਰੇ ਸ਼ੋਲਡਰ ਵਿਚ ਟੰਗੀ ਗਰਮ ਖ਼ਾਕੀ ਟੋਪੀ ਨੂੰ ਹੱਥ ਲਾਇਆ।
"ਰੇਲਵੇ ਗਡਾਊਨ ਵਾਚਮੈਨ?"
"ਆਹੋ..."
"ਕਿੰਨੀ ਰਹਿ ਗਈ ਊ?"
"ਹੈ ਅਜੇ....ਤੇਰੀ?"
"ਬਸ ਤੇਰੇ ਤੋਂ ਚਾਰ ਘੱਟ ਈ ਸਮਝ ਲੈ"।
ਅਸੀਂ ਦੋਵ੍ਹੇਂ ਰਲ਼ ਕੇ ਪੜ੍ਹੇ ਹੋਏ ਸਾਂ ਪ੍ਰਾਇਮਰੀ ਤੋਂ ਹਾਈ ਤੀਕਰ...ਦਸ ਦਸ ਕੀਤੀਆਂ। ਅਤੇ ਇਨਾਂ ਨੌਕਰੀਆਂ ਨੂੰ ਅੱਪੜੇ। ਉਹ ਵੀ ਪਿਉਵਾਂ ਦੀ ਬੜੀ ਨੱਸ-ਭੱਜ ਮਗਰੋਂ। ਪਾਸ ਈ ਤੇ ਹੋਏ ਸਾਂ ਮਸਾਂ। ਅੱਗੋਂ ਟਾਈਪ ਕਾਲਜ ਵੀ ਗਏ ਕੁਝ ਚਿਰ... ਅਖ਼ੀਰ ਚਾਲੂ ਹੋ ਗਏ। ਤੇ ਆਹ ਨੌਕਰੀਆਂ ਜੁੜੀਆਂ। ਸ਼ੁਕਰ ਕੀਤਾ। ਹੋਰ ਕੋਈ ਮਿਲਣ-ਗਿਲਣ ਤੇ ਰਿਹਾ ਨਹੀਂ ਸੀ ਸਾਡਾ ਬੱਸ ਇੰਝ ਈ ਕਿਧਰੇ ਕਦੀਂ ਕਦਾਈਂ ਮੇਲ ਹੋ ਜਾਣਾ ਤੇ ਵਾਹਵਾ ਨਿੱਘ ਮਾਣ ਲੈਣਾ ਅਸਾਂ ਇੱਕ ਦੂਜੇ ਦਾ, ਕਿਸੇ ਹੋਰ ਅਣਜਾਤੇ ਵੇਲੇ ਦੀ ਮਿਲ਼ਨੀ ਤੀਕ। ਪਰ ਨਹੀਂ ਕਿ! ਸਟੇਸ਼ਨ 'ਤੇ ਕੁਝ ਚਿਰ ਤੋਂ ਸਾਡਾ ਰੋਜ਼ ਝੱਟ ਲੰਘਣ ਲੱਗ ਪਿਆ। ਕਰਮ ਅਲੀ ਨੇ ਮਾੜੀ ਇੰਡਸ ਤੋਂ ਡਾਕ ਲੈਨੀ ਹੁੰਦੀ ਸੀ ਤੇ ਮੈਂ ਰਚਨਾ 'ਤੇ ਲਾਹੌਰ ਜਾਣਾ ਹੁੰਦਾ ਸੀ ਰੇਲਵੇ ਟੇਸ਼ਣ 'ਤੇ ਡਿਊਟੀ ਕਰਨ।
ਕਰਮ ਅਲੀ ਕਹਿਣ ਲੱਗਾ, "ਕੈਸਰ, ਤੈਨੂੰ ਇੱਕ ਗੱਲ ਸੁਣਾਵਾਂ ਅੱਜ? ਮੈਂ ਇੱਕ ਬੜੀ ਵੱਡੀ ਬਿਮਾਰੀ ਵਿਚ ਫਸਿਆ ਹੋਇਆ ਸਾਂ। ਆਹ ਸਮਝ ਲੈ ਛੱਪੜਾਂ ਵਿਚ ਜਾਲ਼ੀ ਨਹੀਂ ਹੋ ਪੈਂਦੀ ਥੱਲੇ, ਜਿਹੜਾ ਕੋਈ ਫਸ ਜਾਵੇ ਇਹਦੇ ਵਿਚ ਉਹਦਾ ਨਿਕਲ਼ਣਾ ਔਖਾ ਹੋ ਜਾਂਦਾ ਏ? ਇਹ 'ਤੇ ਇੰਝ ਦੀ ਹੁੰਦੀ ਏ, ਪੈਰ ਈ ਜੂੜ ਲੈਂਦੀ ਏ। ਫੇਰ ਲੱਖ ਲੱਗੇ ਰਵ੍ਹੋ ਇਹਨੇ ਛੱਡਣਾ ਨਹੀਂ ਹੁੰਦਾ। ਆਹ ਛੱਪੜ ਨਹੀਂ ਸੀ ਹੁੰਦਾ ਕਾਲੂ ਵਾਲਾ, ਉਹ ਯਾਰ ਅਸਤਬਾਜ਼ਾਂ ਦੀਆਂ ਝੁੱਗੀਆਂ ਕੱਛੇ ਤੋੜ ਪਰਾਂਹ ਪੁਰਾਣੇ ਸ਼ਹਿਰ ਦੀ ਆਲਮ ਦੀਨ ਰੋਡ 'ਤੇ ਕੰਜਰਾਂ ਦੇ ਘਰਾਂ ਤਾਈਂ? ਬੜੇ ਮੋਏ ਸਨ ਡੁੱਬ ਕੇ, ਏਸ ਬੂਟੀ ਦੇ ਜਕੜੇ। ਬੱਸ ਇਹ ਈ ਸਮਝ ਲੈ ਮੇਰੀ ਬਿਮਾਰੀ...ਲੱਗੀ ਕਿੱਥੋਂ ਮੈਨੂੰ? ਲੱਗੀ ਆਪਣੇ ਅਬੇ ਤੋਂ।"
"ਚੌਧਰੀ ਸਾਹਿਬ ਤੋਂ?"
"ਆਹੋ ਚੌਧਰੀ ਸਾਹਿਬ ਤੋਂ। ਉਨ੍ਹਾਂ ਦੇ ਚੌਧਰੀ ਹੋਣ ਪਾਰੋਂ! ਕੈਸਰ, ਪਤਾ ਏ ਨਾ ਤੈਨੂੰ -ਹਰਕਾਰੇ ਹੁੰਦੇ ਸਨ। ਪਰ ਕਦੀ ਉਨ੍ਹਾਂ ਨੂੰ ਕਿਸੇ ਹਰਕਾਰਾ ਕਰਕੇ ਨਹੀਂ ਸੀ ਸੱਦਿਆ। ਹਰ ਕਿਸੇ ਚੌਧਰੀ ਆਖ ਕੇ ਈ ਕੁਵਾਣਾ, ਹੋਰ ਤੇ ਹੋਰ ਉਨ੍ਹਾਂ ਦੇ ਅਫ਼ਸਰਾਂ ਨੇ ਵੀ।"
"ਜੱਟ ਜੇ ਨਾ, ਕਰਮ ਅਲੀ, ਤੁਸੀਂ?"
"ਆਹੋ, ਕੈਸਰ। ਜੱਟ ਸਾਂ! ਪਰ ਨਸਲੀ (ਨਸਲੋਂ ਹੀ-ਸੰ.)...ਇੱਕ ਇਸਮਾਈਲ ਤੇਲੀ ਹੁੰਦਾ ਸੀ, ਆਹ ਹਾਜੀ ਕੱਲੇ ਦੇ ਕਵਾੱਟਰਾਂ ਸਾਹਮਣੇ ਵਲ਼ਗਣ ਸੀ ਉਹਦਾ...ਲੱਕੜ ਦੇ ਬਿਜਲੀ ਦੇ ਖੰਭੇ ਨੂੰ ਸਾਹਵਾਂ- ਚਿੱਟੇ ਕੱਪੜੇ, ਚਿੱਟੀ ਮਾਇਆ ਲੱਗੀ ਪੱਗ, ਨਿੱਕੀ-ਨਿੱਕੀ ਚਿੱਟੀ ਦਾੜ੍ਹੀ ਤੇ ਪੋਟਾ ਚੌੜੀ ਅਲਫ਼ੀ (ਮੁੱਛਾਂ ਵਿਚਾਲੇ ਛੱਡੀ ਥਾਂ) ਵਾਲੀਆਂ ਮੁੱਛਾਂ ਸੱਜੇ-ਖੱਬੇ ਲਮਕਦੀਆਂ। ਜ਼ਮੀਨਾਂ ਦੀ ਦਲਾਲੀ ਕਰਦਾ ਸੀ। ਉਹਨੇ ਬੰਦਿਆਂ ਵਿਚ ਬੈਠਿਆਂ ਹੋਣਾ ਤੇ ਅੱਬੇ ਮੇਰੇ ਵੱਲੋਂ ਹੋਕਾ ਦੇ ਕੇ ਆਖਣਾ- ਹੋਰ ਤੇ ਕਿਸੇ ਦੇ ਜੱਟ ਹੋਣ ਦਾ ਪਤਾ ਨਹੀਂ ਮੈਨੂੰ, ਏਸ ਇੱਕ ਭਾਈ ਚੌਧਰੀ ਅਹਿਮਦ ਅਲੀ ਦਾ ਤੇ ਮੈਂ ਹਿੱਕ 'ਤੇ ਹੱਥ ਮਾਰ ਕੇ ਆਖ ਸਕਨਾਂ ਨਾਨਕਿਓਂ-ਦਾਦਕਿਓਂ ਜੱਟ ਏ। ਕਿਸੇ ਨੂੰ ਯਕੀਨ ਨਾ ਆਵੇ ਤੇ ਆਹ ਕਚਹਿਰੀਆਂ ਤੇ ਤਹਿਸੀਲ ਦੇ ਕਾਗ਼ਜ਼ ਪਟਾਅ ਕੇ ਵੀ ਸਾਬਤ ਕਰ ਸਕਨਾਂ। ਇਹਦੇ ਨਾਨਕੇ ਚੀਮੇ, ਇਹਦੇ ਦਾਦਕੇ ਬੋਪੇਰਾਏ- ਪਿਓ ਇਹਦਾ ਚੱਧੜਾਂ ਦਾ ਧੂਤਰਾ, ਚਾਚੀ ਇਹਦੀ ਸੰਧੂਆਂ ਦੀ, ਨੂੰਹਵਾਂ ਵਿਰਕਾਂ ਦੀਆਂ ਤੇ ਅੱਗੇ ਸਾਹੀ, ਬਾਜਵੇ, ਭੁੱਲਰ, ਮਾਨ...ਤੁਸੀਂ ਸਮਝਦੇ ਈ ਓ ਫੇਰ ਜੱਟਾਂ ਦੀ ਨਾਨੀ-ਦਾਦੀ ਸਾਂਝੀ। ਉਹਨੇ ਸਾਡੇ ਨਸਲੀ ਜੱਟ ਹੋਣ ਦਾ ਉਹ ਢੰਡੋਰਾ ਦੇਣਾ ਕਿ ਰਹੇ ਰੱਬ ਦਾ ਨਾਂ।
"ਅੱਬੇ ਮੇਰੇ ਨੂੰ ਕਿਹੜਾ ਆਪ ਵੀ ਆਪਣੇ ਅੱਗੇ ਪਿੱਛੇ ਦੀ ਭੁੱਲ ਸੀ। ਉਹ ਵੀ ਜਟਊ ਦਾ ਪੂਰਾ, ਸੰਢੇ ਵਾਲੀ ਖੋਰ।
"ਕਦੀ ਜ਼ਮੀਨ ਦੀ ਗੱਲ ਹੋਣੀ, ਤਾਂ ਅੱਬੇ ਸਾਡੇ ਪੜਨਾਨੇ ਦਾ ਕਿੱਸਾ ਛੋਹ ਲੈਣਾ- ਸ਼ਹਿਰ ਦਾ ਵੱਡਾ ਰਕਬਾ ਤੇ ਓਸੇ ਦਾ ਸੀ, ਆਪ ਤੇ ਉਹ ਥਾਣੇਦਾਰ ਸੀ, ਅੱਗੋਂ ਦੋ ਵੱਡੇ ਪੁੱਤਰ ਵੀ ਥਾਣੇਦਾਰ- ਚੂਨੀਆਂ; ਕਸੂਰ- ਚੋਖੇ ਖੂਹ ਜ਼ਮੀਨਾਂ ਇਥੇ। ਤੁਹਾਡੇ ਦਾਦੇ ਈ ਸਾਰਾ ਬੰਨ੍ਹ ਸੁਭ ਕਰਨਾ...ਆਪਣੀ ਜਿਹੜੀ ਥੋੜ੍ਹੀ ਬਹੁਤੀ ਸੀ, ਉਹ ਤੇ ਜਿਸ ਵੇਲੇ ਮਾਮਲੇ ਨਕਦ ਹੋਏ, ਛੱਡ ਦਿੱਤੀ। ਆਹ ਸਿਵਲ ਕਵਾੱਟਰ ਉਸੇ ਉੱਤੇ ਈ ਨੀਂ। ਅੰਗਰੇਜ਼ਾਂ ਵਬਾਅ (ਬਿਮਾਰੀ) ਪਈ, ਵੱਡਾ ਪੁੱਤਰ ਮਰ ਗਿਓਸ। ਉਹਦੇ ਮਰਨ ਦੀ ਸੱਟ ਨਾ ਝੱਲੀ ਗਈ, ਓਸ ਦੀ ਦਿਨਾਂ ਵਿਚ ਦਾੜ੍ਹੀ ਧੌਲੀ ਹੋ ਗਈ ਤੇ ਕੁਝ ਚਿਰ ਨਾ ਪਿਆ ਤੇ ਆਪ ਵੀ ਮਰ ਗਿਆ। ਅੱਬੇ ਆਖਣਾ, ਮੈਂ ਅਸਲੋਂ ਛੋਟਾ ਸਾਂ, ਮਾਂ ਮੇਰੀ ਝੱਲੀ ਹੋ ਗਈ ਸੀ, ਉਹ ਤੇ ਭੈਣ ਮੇਰੀ ਨੇ ਘੋੜੀ 'ਤੇ ਪੇਕਿਆਂ ਦੇ ਆਉਣਾ ਤੇ ਸਿੱਧਾ ਪੈਲੀ 'ਤੇ ਆ ਜਾਣਾ। ਪੱਠਾ-ਦੱਥਾ ਕਰਨ ਬੰਨ੍ਹਣ ਤੇ ਘੋੜੀ 'ਤੇ ਲੱਦ ਕੇ ਉਤੇ ਮੈਨੂੰ ਬਹਾਉਣ ਤੀਕਰ ਉਸ ਸਾਰਾ ਕੰਮ ਨਬੇੜ ਲੈਣਾ...ਪਰ ਉਹ ਉੱਥੇ ਰਹਿ ਤੇ ਨਹੀਂ ਸੀ ਸਕਦੀ- ਉਹਦਾ ਆਪਣਾ ਘਰ ਸੀ, ਆਪਣੇ ਬੱਚੇ ਸਨ। ਹੌਲ਼ੀ-ਹੌਲ਼ੀ ਸਾਰੀ ਵਾਹੀ ਬੀਜੀ ਦਾ ਵਸਤ ਵਲ਼ੇਵਾ ਜਾਂਦਾ ਰਿਹਾ। ਨਾਨੇ ਕੋਲ਼ ਵਾਹੀ ਹੈ ਸੀ।
"ਗੱਲ, ਯਾਰ, ਕੈਸਰ, ਲੰਮੀ ਈ ਹੁੰਦੀ ਜਾਂਦੀ ਏ। ਗੱਡੀਆਂ ਨਾ ਆ ਜਾਣ ਕਿਧਰੇ? ਹੁਣ ਤੇ ਦੋਵੇਂ ਈ ਲੇਟ- ਪਸਿੰਜਰਾਂ ਜੁ ਹੋਈਆਂ। ਮੈਂ ਤੈਨੂੰ ਬਿਮਾਰੀ ਦਾ ਦੱਸਣਾ ਸੀ! ਦੱਸਿਆ ਏ ਨਾ, ਅੱਬੇ ਤੋਂ ਲੱਗੀ ਸੀ- ਇਹੋ ਈ, ਨਸਲੀ ਜੱਟ ਹੋਣ ਦੀ!! ਮੈਂ ਤੈਨੂੰ ਦੱਸਿਆ 'ਤੇ ਹੈ ਈ ਏ, ਫੇਰ ਸੁਣ ਲੈ -ਇਹ ਜੱਟ ਹੋਣ ਤੋਂ ਵੀ ਭੈੜੀ ਊ -ਨਸਲੀ ਵਾਲੀ! ਨਿਰਾ ਜਟਊ (ਜੱਟਵਾਦ) ... ਲੋਕਾਂ ਦੇ, ਤੈਨੂੰ ਪਤਾ ਏ, ਅੱਜ ਦੇ ਜ਼ਮਾਨੇ ਕਸਬ ਕੌਮਾਂ ਨਹੀਂ ਰਹੇ। ਕਸਬ ਆਪਣੀ ਥਾਂ 'ਤੇ ਨੇ ਤੇ ਕੌਮਾਂ ਨਿਕਲ਼ ਕੇ ਉੱਤੇ ਆ ਗਈਆਂ ਨੇ! ਕਸਬਾਂ ਦੀ ਨਿੰਦਿਆ ਨਹੀਂ ਰਹੀ ਸ਼ਹਿਰਾਂ ਵਿਚ। ਪਰ ਇਹ ਸਾਰੇ ਕਸਬਵਾਨਾਂ ਨਾਲ਼ ਨਹੀਓਂ ਹੋਇਆ। ਜਿਹੜੇ ਛੋਟੇ-ਮੋਟੇ ਦਿਹਾੜੀਦਾਰ ਨੇ, ਜਿਹਨਾਂ ਦੇ ਕੰਮ ਓਨੇ ਈ ਮਾੜੇ ਮੋਟੇ ਰਹਿ ਗਏ ਨੇ- ਉਨ੍ਹਾਂ ਦੇ ਕਸਬ ਅੱਜ ਵੀ ਉਨ੍ਹਾਂ ਦੀਆਂ ਜ਼ਾਤਾਂ ਈ ਨੇ! ਉਹੋ ਕੰਮੀ-ਕਮੀਣ। ਏਹਾ ਹਾਲ ਨੌਕਰੀਆਂ ਦਾ ਈ...ਜਿੰਨੀਆਂ ਵੱਡੀਆਂ ਨੌਕਰੀਆਂ ਨੇ ਉਨ੍ਹਾਂ ਨਾਲ਼ ਜ਼ਾਤਾਂ ਵੀ ਪੇਸ਼ਿਆਂ ਦੇ ਪਿਛੋਕੜ 'ਤੇ ਹਾਵੀ ਹੋ ਗਈਆਂ ਨੇ- ਜੇ ਨੌਕਰੀ ਛੋਟੀ ਏ ਤੇ ਫੇਰ ਜ਼ਾਤ ਭਾਵੇਂ ਜੇਡੀ ਮਰਜ਼ੀ ਹੋਵੇ ਉਹ ਬੰਦਾ ਜਾਣਿਆ ਨੌਕਰੀ ਤੋਂ ਈ ਜਾਂਦਾ ਏ! "
ਕੈਸਰ ਕਹਿਣ ਲੱਗਾ, "ਕਰਮ ਅਲੀ, ਤੂੰ ਤੇ ਅੱਜ ਯਾਰ, ਬੰਬਾਂ ਈ ਨਹੀਂ ਕੱਢ ਛੱਡੀਆਂ ਨੇ ਗੱਲ ਆਲੀਆਂ"।
"ਲੈ ਕਿਵੇਂ ਨਾ ਕੱਢੀਏ? ਬਾਬੇ ਹਯਾਤ ਕਾਮਰੇਡ ਦੇ ਸ਼ਾਗਿਰਦ ਨਹੀਂ ਰਹੇ? ਤੂੰ ਤੇ ਸਗੋਂ ਬਹੁਤਾ ਹੁਸ਼ਿਆਰ ਹੁੰਦਾ ਸੈਂ ਉਹਦੀ ਪੜ੍ਹਾਈ ਵਿਚ..."
ਕੈਸਰ ਉੱਚੀ ਸਾਰੀ ਗੁੜ੍ਹਕਿਆ, "ਆਹੋ ਯਾਰ, ਲਾਲ਼ ਪੜ੍ਹਾਈ ਹੁੰਦੀ ਸੀ! ਸੋਚਦਾ ਜ਼ਰੂਰ ਆਂ ਉਹਦੇ ਨਾਲ਼ ਪਰ ਇਹ ਤੇਰੇ ਵਾਂਗ ਗੱਲ ਕਰਨੀ ਨਹੀਂ ਆਈ ਹੁਣ ਤੀਕਰ...ਰੇਲ ਵਿਚ ਵੀ ਯਾਰੀ ਤੇ ਉਂਝ ਸਾਰੇ ਲਾਲਾਂ ਨਾਲ਼ ਈ ਏ"।
"ਅੱਛਾ ਯਾਰ, ਗੱਲ ਮੁਕਾਅ ਲੈਣ ਦੇ ਪਹਿਲਾਂ ਮੈਨੂੰ!"
"ਹਾਂ ਹਾਂ, ਕਰ ਗੱਲ"।
ਕਰਮ ਅਲੀ ਫੇਰ ਛਿੜ ਪਿਆ...ਪਲੇਟਫ਼ਾਰਮ ਉਤੇ ਮੁਸਾਫ਼ਰਾਂ ਦੀ ਭੀੜ ਵਧ ਗਈ ਸੀ- ਕਈ ਲੋਕ ਉਨ੍ਹਾਂ ਨਾਲ਼ ਆ ਕੇ ਵੀ ਬਹਿ ਗਏ ਸਨ। ਕਰਮ ਅਲੀ ਦੀ ਰੇੜ੍ਹੀ ਨਾਲ਼ ਕਈ ਬਾਲ ਝੂਟੇ ਲੈਣ ਲੱਗ ਪਏ। ਕਰਮ ਅਲੀ ਕਹਿਣ ਲੱਗਾ, "ਅੱਬੇ ਮੇਰੇ ਕਸਬਾਂ ਉੱਤੇ ਚੜ੍ਹੇ ਜ਼ਾਤਾਂ ਦੇ ਉਛਾੜ ਘਰ ਬੈਠਿਆਂ ਲੀਰੋ ਲੀਰ ਕਰ ਛੱਡਣੇ! ਕਿਸੇ ਦਾ ਵੀ ਨਾਂ ਲੈਣਾ ਹੁੰਦਾ -ਉਹਦਾ ਕਸਬ ਪੁਣ ਕੇ ਈ ਨਾਂ ਲੈਂਦਾ!...ਸਾਡਾ ਸਾਰਾ ਘਰ, ਅਸੀਂ ਸਾਰੇ ਭੈਣ ਭਰਾ ਵੀ ਉਹਦੇ ਵਾਕਣ ਈ ਮੁਹੱਲੇ ਦੇ ਲੋਕਾਂ ਦਾ ਨਾਂ ਲੈਂਦੇ -ਉਨ੍ਹਾਂ ਦੇ ਜ਼ਾਤਾਂ ਦੇ ਉਹਲੇ ਲਾਹ ਕੇ ਵਿਚੋਂ ਉਨ੍ਹਾਂ ਦੇ ਕਸਬ ਗਿਣ ਕੇ। ਭਾਵੇਂ ਉਨ੍ਹਾਂ ਲੋਕਾਂ ਵਿਚੋਂ ਚੋਖੇ ਤਾਂ ਉਹ ਕਸਬ ਛੱਡ ਈ ਬੈਠੇ ਸਨ! ਬਾਹਰ, ਅਸੀਂ ਇਹ ਨਾਂ ਤੇ ਨਾ ਬੋਲਦੇ ਪਰ ਉਨ੍ਹਾਂ ਘਰਾਂ ਦਿਆਂ ਲੋਕਾਂ ਨੂੰ ਵੇਖਦੇ ਉਂਝੇ ਈ। 'ਅਸੀਂ ਨਸਲੀ ਜੱਟ, ਉਹ ਨਸਲੀ ਕੰਮੀਂ। ਕੀ ਹੋਇਆ ਜੇ ਸਾਡੇ ਕੋਲ਼ ਮਰਲੇ ਨਹੀਂ...ਨਹੀਂ ਤੇ ਨਾ ਸਹੀ! ਸਾਡੇ ਕੋਲ਼ ਜਟਊ ਤੇ ਹੈ ਈ ਏ ਨਾ...ਦਾਣਾ ਫੱਕਾ ਤੇ ਦੁੱਧ ਘਿਓ ਈ ਉਗਾਂਦੇ ਵਰਤਾਂਦੇ ਰਹੇ ਆਂ ਨਾ ਦੁਨੀਆ ਨੂੰ! ਭੋਏਂ ਨਾਲ਼ ਸੀਰ ਸੰਗ ਤੇ ਸਾਡੇ ਲਹੂ ਵਿਚ ਏ! ਭੋਏਂ ਹੋਵੇ ਨਾ ਹੋਵੇ! ਸਾਡੀ ਬਹਿਣੀ-ਉੱਠਣੀ, ਬੋਲਣੀ-ਚਾਲਣੀ ਤੇ ਸਾਰੀ ਜਟਊ ਈ ਏ। ਹਰਕਾਰੇ ਹੋਣ ਦਾ ਮਿਹਣਾ ਕੋਈ ਲੱਖ ਪਿਆ ਦੇਵੇ, ਸਾਡੇ ਵਿਚੋਂ ਹਰਕਾਰਾ-ਹੋਵਣ 'ਤੇ ਨਹੀਂ ਸੀ ਨਾ ਦਿਸਦਾ- ਦਿਸਦਾ ਤੇ ਹਰ ਕਿਸੇ ਨੂੰ ਸਾਡਾ ਜਟਊ ਈ ਸੀ। ਕਿਸੇ ਬੰਦੇ ਜ਼ਨਾਨੀ ਜੇ ਕਿਧਰੇ ਬੂਹੇ 'ਤੇ ਆ ਪੁੱਛਣਾ, 'ਹਰਕਾਰੇ ਦਾ ਘਰ ਇਹੋ ਈ ਏ?' ਤਾਂ ਮਾਂ ਮੇਰੀ ਨੇ ਉਹਦੀ ਬਣਾਅ ਕੇ ਝੰਡ ਕਰਨੀ!
'ਹਰਕਾਰਾ-ਹਰਕਾਰਾ ਕੀ ਲਾਈ ਖਲੋਤੀ ਏਂ? ਅਸੀਂ ਤਾਂ ਜੱਟ ਜ਼ਿਮੀਂਦਾਰ ਆਂ!'
'ਤੇ ਫੇਰ ਹਰਕਾਰੇ ਕਿਉਂ ਜੇ?'
'ਉਹ ਤੇ ਨੌਕਰੀ ਹੋਈ।'
'ਜੱਟ ਜ਼ਿਮੀਂਦਾਰ ਓ ਤੇ ਨੌਕਰੀ ਇਹ ਕਰਨੀ ਸੀ?'
"ਮਾਂ ਮੇਰੀ ਨੂੰ ਗ਼ੁੱਸਾ ਬੜਾ ਚੜ੍ਹਨਾ।
ਪਰ ਏਸ ਜਟ੍ਹਾਤਰ ਵਾਲੇ ਖੋਭੇ 'ਚੋਂ ਨਿਕਲਣ ਦਾ ਰਾਹ ਕੋਈ ਨਹੀਂ ਸੀ ਲੱਭਦਾ ਮੈਨੂੰ ...ਇਹਦੀ ਇੱਕ ਅਜਿਹੀ ਹੈਂਕੜ ਸੀ, ਜਿਹੜੀ ਸਾਡੇ ਹੱਡਾਂ ਵਿਚ ਸਮਾਅ ਗਈ ਹੋਈ ਸੀ! ਰੱਤ ਵਿਚ ਜਿਵੇਂ ਉਸੇ ਦਾ ਈ ਰਲਕਨ ਸੀ। ਮੈਨੂੰ ਏਸ ਬਿਮਾਰੀ ਤੋਂ ਖ਼ੈਰ ਇੰਝ ਹੋਈ-
"ਸ਼ਹਿਰ ਵਿਚ ਇਸ਼ਤਿਹਾਰ ਲੱਗੇ ਹੋਣ... 'ਫ਼ਲਾਂ ਤਾਰੀਖ਼ ਨੂੰ ਏਨੇ ਵੇਲੇ ਤੋਂ ਏਨੇ ਤੀਕਰ ਭੁੱਲਰ ਵਕੀਲ ਦੀ ਕੋਠੀ ਵਿਚ ਜ਼ਿਲ੍ਹੇ ਦੇ ਜੱਟਾਂ ਦਾ ਇਕੱਠ ਏ...ਜੱਟਾਂ ਦੀਆਂ ਲਿਸਟਾਂ ਬਣ ਗਈਆਂ ਨੇ ਤੇ ਉਨ੍ਹਾਂ ਨੂੰ ਸੱਦੇ ਦਿੱਤੇ ਜਾਣ ਲੱਗ ਪਏ ਨੇ'।
"ਲੈ ਭਾਈ, ਕੈਸਰ, ਅਸੀਂ ਉਡੀਕਣ ਲੱਗ ਪਏ- ਪਰ ਸਾਨੂੰ ਕੋਈ ਸੱਦਾ ਨਾ ਆਇਆ! ਤਾਂ ਵੀ ਦਿਲ ਆਖੇ- ਕਿਵੇਂ ਹੋ ਸਕਦਾ ਏ? ਕਈਆਂ ਵਿਰਲ਼ੇ ਟਾਂਵੇਂ ਜੱਟਾਂ ਨੂੰ ਤੇ ਪਤਾ ਈ ਏ ਸਾਡੇ ਵੀ ਜੱਟ ਹੋਣ ਦਾ। ਸੱਦਾ ਤੇ ਆਣਾ ਈ ਚਾਹੀਦਾ ਏ। ਪਰ ਭਾਈ ਵੀਰਾ, ਸਾਨੂੰ ਸੱਦਾ ਤਾਂ ਕੀ, ਉਹਦੀ ਵਾਅ ਵੀ ਨਾ ਆਈ ਕਿਸੇ ਪਾਸਿਓਂ!
"ਮੈਂ ਇਕੱਠ ਵਾਲੇ ਦਿਹਾੜ ਕੰਪਨੀ ਬਾਗ਼ ਦੇ ਗੇਟ ਦੇ ਨਾਲ਼ ਪਾਨਾਂ ਸਿਗਟਾਂ ਵਾਲੇ ਤੋਂ ਸਿਗਟ ਲੈਣ ਗਿਆ ਤਾਂ ਅੱਗੇ ਗੱਡੀਆਂ ਦਾ ਤੇ ਬੰਦਿਆਂ ਦਾ ਮੇਲਾ ਲੱਗਾ ਹੋਵੇ, ਕੁੜਤੇ ਚਾਦਰਾਂ, ਪੱਗਾਂ, ਕਾਟਨਾਂ ਦੇ ਸੂਟ, ਖੁੱਸੇ ਮਕੈਸ਼ਨਾਂ, ਲੰਮੀਆਂ ਚੁੰਝਾਂ ਵਾਲੇ ਬੂਟ। ਕਰਾਕਲੀਆਂ (ਭੇਡ ਲੇਲੀ ਦੀ ਖੱਲ ਦੀ ਟੋਪੀ.. ਕਰਾਕਲੀ ਦਾ ਬਹੁਵਚਣ) ਵਾਲੇ ਵੀ ਪਏ ਦਿੱਸਣ।
"ਭਾਰੇ ਠੁੱਲ੍ਹੇ ਵਜੂਦ, ਆਹ ਇੱਡੇ ਇੱਡੇ ਗਾਟੇ!...ਨਾ ਕੋਈ ਕਾਲੇ ਪੱਕੇ ਰੰਗ ਦਾ ਨਾ ਕੋਈ ਕੱਕਾ ਕੈਲਾ...ਸਭੇ ਗੋਰੇ ਤੇ ਕਣਕ ਵੰਨੇ...ਪਾਨ ਸਿਗਟਾਂ ਵਾਲੇ ਦੇ ਮੁੰਡਿਆਂ ਦੀ ਇੱਕ ਫ਼ੌਜ ਉਨ੍ਹਾਂ ਨੂੰ ਡਾਲਿਆਂ ਦੇ ਡਾਲੇ ਠੰਢੀਆਂ ਬੋਤਲਾਂ ਪਈ ਵਰਤਾਂਦੀ ਹੋਵੇ, ਨਾਲ਼ ਸਿਗਟਾਂ ਦੀਆਂ ਡੱਬੀਆਂ… ਕੀ ਗੋਲਡ ਲੀਫ਼ ਤੇ ਕੀ ਡੰਨਹਿੱਲ ਤੇ 555 ਪਈਆਂ ਜਾਂਦੀਆਂ ਹੋਣ....ਮੈਂ ਤੇ ਸੋਹਣਿਆ ਦੁਕਾਨ ਦੇ ਇੱਕ ਪਾਸੇ ਪਏ ਬੰਚ ਉੱਤੇ ਇਕ ਪੈਰ ਧਰ ਕੇ ਸਭ ਕੁਝ ਵੇਂਹਦਾ ਰਿਹਾ।
"ਮਾਸਟਰ, ਪਾਨਾਂਵਾਲੇ, ਨੂੰ ਤੇ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ! ਇੱਕ ਅੱਧੀ ਵਾਰੀ ਮੈਨੂੰ ਵੇਖੀਓਸ, ਪਰ ਟਾਲ਼ ਗਿਆ। ਪਾਨ ਸਿਗਟ ਦੇ ਕੇ ਨੋਟ ਥੰਮ੍ਹਣ ਵਿਚ ਰੁੱਧਾ ਹੋਇਆ ਸੀ....ਮੈਂ ਵੀ ਅਡੋਲ ਖਲੋਅ ਰਿਹਾ। ਮੇਰਾ ਜਟਊ ਜਿਵੇਂ ਬੇ-ਪ੍ਰਾਣਾ ਹੋਇਆ ਪਿਆ ਸੀ। ਨਮੋਸ਼ੀ ਦੀ ਧੂੜ ਪਤਾ ਨਹੀਂਂ ਕਿਥੋਂ ਉੱਡ ਕੇ ਮੇਰੇ ਮੂੰਹ 'ਤੇ ਆਣ ਜੰਮੀ ਸੀ। ਮੇਰੇ ਬੁੱਲ੍ਹ ਸੁੱਕ ਗਏ।
"ਵਿਹਲ ਹੋ ਗਿਆ...ਮਾਸਟਰ ਪਾਨਾਂ ਵਾਲੇ ਮੇਰੇ ਵੱਲ ਧਿਆਨ ਕੀਤਾ...ਜੱਟ ਕਨਵੈਨਸ਼ਨ ਸੀ ਨਾ ਅੱਜ, ਭੁੱਲਰ ਸਾਹਿਬ ਦੀ ਕੋਠੀ...?
"ਮੇਰੇ ਮੂੰਹੋਂ ਇੱਕ ਵਾਰੀ ਤਾਂ ਨਿਕਲਿਆ-
'ਜੱਟ ਬਲਾਦਰ (ਬਰਾਦਰੀ) ਜੁੜੀ ਹੋਈ ਸੀ...?' ਮੇਰੇ ਬੁੱਲ੍ਹਾਂ ਤੇ ਮਾੜਾ ਜਿਹਾ ਮੁਸਕੇਵਾਂ ਆਇਆ ਤੇ ਫੇਰ ਆਪਣੇ ਆਪ ਈ ਝੂਠਾ ਪੈ ਗਿਆ। ਮਾਸਟਰ ਪਾਨਾਂਵਾਲਾ ਪੁੱਛਣ ਲੱਗਾ, 'ਕਰਮ ਅਲੀ ਜੀ, ਤੁਸੀਂ ਵੀ ਤੇ ਜੱਟ ਓ...ਤੁਸੀਂ ਨਹੀਂ ਜੇ ਗਏ ਆਪਣੀ ਬਰਾਦਰੀ ਦੇ ਇਕੱਠ ਵਿਚ?'
"ਕੈਸਰ, ਪਤਾ ਈ ਮੈਂ ਉਹਨੂੰ ਕੀ ਕਿਹਾ ਅੱਗੋਂ?" ਕਰਮ ਅਲੀ ਮੈਨੂੰ ਪੁੱਛਿਆ।
"ਕੀ?"
"ਕੈਸਰ, ਮੈਂ ਆਖਿਆ ਉਹਨੂੰ, 'ਮਾਸਟਰ ਜੀ, ਅਸੀਂ ਕੋਈ ਜੱਟ-ਜੁੱਟ ਨਹੀਂ ਜੇ। ਐਵੇਂ ਮਾਲਕੀ ਦਾ ਭਰਮ ਈ ਢੋਂਦੇ ਰਹੇ ਆਂ ਸਾਰੀ ਉਮਰ। ਜਟਊ ਦੇ ਉਹਲੇ! ਅੱਜ ਅੱਖਾਂ ਖੁੱਲੀਆਂ ਨੇ'।"
ਮੈਂ ਕਰਮ ਅਲੀ ਦੇ ਮੂੰਹ ਨੂੰ ਬੜੇ ਧਿਆਨ ਨਾਲ਼ ਵੇਖਿਆ। ਉਹਦੇ ਉੱਤੇ ਇੱਕ ਨਵੇਕਲਾ ਈ ਖੇੜਾ ਸੀ... ਨਰਮੈਸ਼ ਤੇ ਜੀਵਨ ਭਰਿਆ...
"ਮਾਸਟਰ ਪਾਨਾਂ ਵਾਲੇ ਦਾ ਤੇ ਮੈਨੂੰ ਪਤਾ ਨਹੀਂ ਕਿ ਉਹਨੂੰ ਕੀ ਸਮਝ ਆਈ ਮੇਰੀ ਗੱਲ ਦੀ, ਪਰ ਮੈਨੂੰ ਉਹਦੇ ਨਾਲ਼ ਇਹ ਸਾਰੀ ਗੱਲ ਕਰਦਿਆਂ ਅਰਾਮ ਜਿਹਾ ਹੋ ਗਿਆ ਜਿਵੇਂ ਕਿਸੇ ਰੋਗ ਤੋਂ ਛੁਟਕਾਰਾ ਹੋਣ 'ਤੇ ਹੁੰਦਾ ਏ," ਕਰਮ ਅਲੀ ਹੱਸਿਆ।
ਮੇਰੀ ਗੱਡੀ ਪਲੇਟਫ਼ਾਰਮ 'ਤੇ ਅੱਪੜ ਗਈ ਸੀ। ਮੈਂ ਕਰਮ ਅਲੀ ਵੱਲ ਹੱਥ ਵਧਾਇਆ। ਉਹਨੇ ਵੀ ਉੱਠ ਕੇ ਮੇਰੇ ਹੱਥ ਵਿਚ ਹੱਥ ਦਿੱਤਾ। ਮੇਰੇ ਅੰਦਰ ਇੱਕ ਜੋਸ਼ ਜਾਗਿਆ ਹੋਇਆ ਸੀ ਉਹਦੀ ਗੱਲ ਸੁਣ ਕੇ। ਮੇਰੇ ਤੋਂ ਆਪਣੇ ਆਪ ਈ ਕਰਮ ਅਲੀ ਦਾ ਹੱਥ ਚੋਖਾ ਸਾਰਾ ਘੁੱਟਿਆ ਗਿਆ...ਉਹ ਮਾਣ ਮੱਤਾ ਹੋ ਗਿਆ! ਗੱਡੀ ਖਲੋ ਗਈ ਸੀ, ਮੁਸਾਫ਼ਰ ਉਤਰਦੇ ਸਨ ਪਏ, ਤੇ ਮੈਂ ਕਰਮ ਅਲੀ ਕੋਲੋਂ ਟੁਰ ਕੇ ਮੁਸਾਫ਼ਰਾਂ ਵਿਚ ਗਵਾਚਾ ਕਿਸੇ ਡੱਬੇ ਵਿਚ ਵੜਨ ਦਾ ਰਾਹ ਲੱਭਣ ਲੱਗ ਪਿਆ।

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ