Hun Diva Nahin Balega (Punjabi Story) : Pargat Singh Satauj

ਹੁਣ ਦੀਵਾ ਨਹੀਂ ਬਲੇਗਾ (ਕਹਾਣੀ) : ਪਰਗਟ ਸਿੰਘ ਸਤੌਜ

ਜਦੋਂ ਜਲ ਕੁਰ ਜਾਗੀ ਤਾਂ ਲਾਈਟ ਗਈ ਹੋਈ ਸੀ। ਚਾਰੇ ਪਾਸੇ ਘੁੱਪ ਹਨੇਰਾ। ਠਰੀ ਰਾਤ 'ਚ ਨਿੱਘੀ ਰਜਾਈ ਛੱਡਣ ਨੂੰ ਦਿਲ ਤਾਂ ਨਹੀਂ ਕਰਦਾ ਸੀ ਪਰ ਉਹ ਕੰਮਾਂ ਦੇ ਸੌ ਝਮੇਲੇ ਸੋਚਦੀ ਉੱਠ ਖੜ੍ਹੀ। ਉਸ ਨੇ ਅੰਨ੍ਹਿਆਂ ਵਾਂਗ ਟਟੋਲ ਟਟੋਲ ਕਾਨਸ ਤੋਂ ਡੱਬੀ ਲੱਭ ਲਈ। ਅੰਦਾਜ਼ੇ ਨਾਲ ਹੀ ਕੰਧ ਕੋਲ ਜਾ ਕੇ ਸੀਂਖ ਘਸਾਈ 'ਤੇ ਟਾਈਮ ਪੀਸ ਵੱਲ ਚਾਨਣ ਕਰਕੇ ਵੇਖਿਆ, ਸਾਢੇ ਚਾਰ ਹੋ ਗਏ ਸਨ। ਉਸ ਨੇ ਦੋਵੇਂ ਬੱਚਿਆਂ ਤੋਂ ਰਜਾਈ ਦਾ ਲੜ ਚੁੱਕ ਕੇ ਜਾਂਚਿਆ, ਬੱਚੇ ਅਜੇ ਘੂਕ ਸੁੱਤੇ ਪਏ ਸਨ। ਜਲ ਕੁਰ ਨੇ ਚੱਪਲਾਂ ਲਾਹ ਕੇ ਜੁੱਤੀ ਪਾ ਲਈ ਤੇ ਸਿਰ ਅੱਧੋ-ਰਾਣੇ ਸ਼ਾਲ ਦੀ ਘੁੱਟ ਕੇ ਬੁੱਕਲ ਮਾਰ ਲਈ । 'ਬਾਹਰ ਵੱਲ' ਜਾਣ ਲਈ ਟੂਟੀ ਤੋਂ ਪਾਣੀ ਦਾ ਡੱਬਾ ਭਰ ਲਿਆ। ਬਾਹਰਲਾ ਬਾਰ ਖੋਲ੍ਹ ਕੇ ਉਸਦਾ ਬਾਹਰਲਾ ਘਿਰਲ ਲਾ ਦਿੱਤਾ 'ਤੇ ਬੀਹੀ ਵਿੱਚ ਤਾਰਿਆਂ ਦੀ ਛਾਵੇਂ ਛਾਵੇਂ ਫਿਰਨੀ ਨੂੰ ਹੋ ਤੁਰੀ।
ਇਹ ਉਸਦਾ ਹਰ ਰੋਜ਼ ਦਾ ਕਾਰਜ ਸੀ। ਸਵੇਰੇ ਚਾਰ ਵਜੇ ਉੱਠ ਕੇ 'ਬਾਹਰ ਵੱਲ' ਜਾਣਾ ਫਿਰ ਚਾਹ ਧਰ ਕੇ ਮੇਜਰ ਨੂੰ ਉਠਾਉਣਾ। ਉਹ ਉੱਠ ਕੇ ਮੱਝਾਂ ਨੂੰ ਕੱਖ ਪਾਉਂਦਾ, ਜਲ ਕੁਰ ਆਪ ਧਾਰਾਂ ਕੱਢਦੀ 'ਤੇ ਫਿਰ ਗੋਹਾ ਸੁੱਟਣ ਲੱਗ ਜਾਂਦੀ।
ਜਦ ਉਹ ਫਿਰਨੀ ਟੱਪ ਕੇ 'ਬਾਹਰ ਵੱਲ' ਜਾਣ ਲਈ ਨੰਜਣ ਕੀ ਬਸਤੀ ਵੱਲ ਹੋਈ ਤਾਂ ਉਹ ਅੱਗੇ ਵੇਖ ਕੇ ਠਠੰਬਰ ਗਈ। ਦਸੰਬਰ ਦੀ ਠੰਡੀ ਸਵੇਰ 'ਚ ਵੀ ਉਸਨੂੰ ਮੁੜ੍ਹਕਾ ਆ ਗਿਆ। ਉਹ ਹੈਰਾਨੀ ਅਤੇ ਡਰ ਨਾਲ ਅੰਦਰ ਤੱਕ ਕੰਬ ਗਈ। ਸਾਹਮਣੇ ਪਹਾੜੀ ਕਿੱਕਰਾਂ ਥੱਲੇ ਦੀਵਾ ਲਟ-ਲਟ ਬਲ ਰਿਹਾ ਸੀ। ਜਦ ਉਸਦੀ ਸੁਰਤ ਮੁੜੀ ਤਾਂ ਸਿਰ-ਮੁਧ ਘਰ ਨੂੰ ਭੱਜ ਲਈ। ਬਾਹਰਲੇ ਗੇਟ ਨੂੰ ਧੱਕਾ ਮਾਰਿਆ ਉਹ 'ਚਿਰੜ' ਕਰਦਾ ਥੋੜ੍ਹਾ ਹਟਿਆ 'ਤੇ ਫਿਰ ਥਾਂ-ਸਿਰ ਆ ਗਿਆ। ਉਸ ਨੂੰ ਯਾਦ ਆਇਆ, ਉਹ ਤਾਂ ਬਾਹਰੋਂ ਕੁੰਡਾ ਲਾ ਕੇ ਗਈ ਸੀ। ਉਸ ਨੇ ਕਾਹਲੀ ਕਾਹਲੀ ਕੰਬਦੇ ਹੱਥਾਂ ਨਾਲ ਘਿਰਲ ਖੋਲ੍ਹੀ ਤੇ ਹਵਾ ਵਾਂਗ ਅੰਦਰਲੀ ਸਬਾਤ ਵਿੱਚ ਆ ਵੜੀ। ਗੁਰਦੁਆਰੇ ਤੋਂ ਆਉਂਦੀ ਭਾਈ ਦੀ ਅਵਾਜ਼ ਸੁਣ ਕੇ ਉਸ ਨੇ ਗੁਰਦੁਆਰੇ ਦੀ ਦਿਸ਼ਾ ਵੱਲ, ਭੁੱਲ ਬਖਸ਼ਾਉਣ ਵਾਂਗ ਦੋਵੇਂ ਹੱਥ ਜੋੜ ਲਏ, ''ਹੇ ਮੇਰੇ ਪਾਤਸ਼ਾਹ ਮੇਹਰ ਕਰੀਂ।'' ਫਿਰ ਜਲਕੁਰ 'ਬਾਖਰੂ ਬਾਖਰੂ' ਕਰਦੀ ਚਾਹ ਧਰਨ ਲੱਗ ਪਈ।
''ਮੈਂ ਕਿਹਾ ਗੱਲ ਸੁਣ!'' ਉਸ ਨੇ ਚਾਹ ਦੀ ਬਾਟੀ ਮੰਜੇ ਦੇ ਪਾਵੇ ਕੋਲ ਰੱਖ ਕੇ, ਮੇਜਰ ਦੀ ਮੈਲੀ ਰਜਾਈ ਦਾ ਲੜ ਖਿੱਚ ਲਿਆ।
''ਹਾਂ....?'' ਮੇਜਰ ਖਿੱਝਿਆ ਜਿਹਾ ਉੱਠ ਕੇ ਬੈਠ ਗਿਆ। ਜਲ ਕੁਰ ਉਸਦੇ ਨੇੜੇ ਹੋ ਕੇ ਬਿੱਲੀ ਵਾਂਗ ਸ਼ਹਿ ਕੇ ਬੈਠ ਗਈ 'ਤੇ ਫਿਰ ਕੰਧਾਂ ਤੋਂ ਵੀ ਚੌਕਸ ਹੁੰਦੀ ਹੌਲੀ ਜਿਹੀ ਬੋਲੀ, ''ਅੱਜ ਤਾਂ ਸਵੇਰੇ ਸਵੇਰੇ ਈ ਬਲਦਾ ਦੀਵਾ ਮੇਰੇ ਮੱਥੇ ਲੱਗਿਐ। ਜੈ ਰੋਈ ਪਤਾ ਨੀ ਕਿਹੜੀ ਉਥੇ ਭਾਈਆਂ ਨੂੰ ਪਿੱਟ ਕੇ ਗਈ ਐ!''
''ਕੀ ਹੋ ਗਿਆ?'' ਮੇਜਰ ਨੂੰ ਅਜੇ ਪੂਰੀ ਗੱਲ ਦੀ ਸਮਝ ਨਹੀਂ ਸੀ ਲੱਗੀ।
''ਅੱਜ ਜਦੋਂ ਮੈਂ ਬਾਹਰ ਗਈ, ਨੰਜਣ ਕੀ ਬਸਤੀ 'ਚ ਕਿਸੇ ਨੇ ਦੀਵਾ ਬਾਲ ਕੇ ਟੂਣਾ ਕਰਿਆ ਪਿਆ ਤੀ। ਮੇਰੇ ਤਾਂ ਸਵੇਰੇ-ਸਵੇਰੇ ਈ ਮੱਥੇ ਲੱਗ ਗਿਆ। ਕੋਈ ਹੋਰ ਈਂਮ-ਖੀਂਮ ਨਾ ਹੋ ਜੇ, ਮੈਂ ਤਾਂ ਅੱਜੇ ਗੁੜਥਲੀ ਰਾਮ ਬਾਬੇ ਕੋਲੋਂ ਪੁੱਛਾ ਲੈ ਕੇ ਆਉਣੀ ਆਂ। ਤੂੰ ਮੈਸਾਂ ਨੂੰ ਪਾਣੀ ਦਿਖਾ ਕੇ ਧੁੱਪੇ ਬੰਨ੍ਹਦੀਂ। ਨਾਲੇ ਜਵਾਕਾਂ ਨੂੰ ਨਾ ਉਧਰ ਜਾਣ ਦਈਂ।''
''ਚੰਗਾ.... ਰਾਮ ਬਾਬਾ ਤਾਂ ਕਿਤੇ ਤੇਰਾ ਅਹੋ ਨਾ ਕਰਦੇ....।'' ਮੇਜਰ ਪੱਗ ਸਮੇਤ ਹੀ ਸਿਰ ਨੂੰ ਖੁਰਕਦਾ ਚਾਹ ਚੁੱਕ ਕੇ ਪੀਣ ਲੱਗ ਪਿਆ। ਜਲ ਕੁਰ ਕਾਹਲੀ-ਕਾਹਲੀ ਰੋਟੀ-ਟੁੱਕ ਦਾ ਕੰਮ ਨਿਬੇੜ ਕੇ ਗੁੜਥਲੀ ਨੂੰ ਚੜ੍ਹ ਗਈ।
ਜਦੋਂ ਸ਼ਾਮ ਢਲੀ ਤੋਂ ਜਲ ਕੁਰ ਵਾਪਸ ਆਈ ਤਾਂ ਬਲਦੇ ਦੀਵੇ ਦੀ ਗੱਲ ਕੰਨੋ-ਕੰਨ ਹੁੰਦੀ, ਪੈਟਰੌਲ ਦੀ ਅੱਗ ਵਾਂਗ ਸਾਰੇ ਵਿਹੜੇ ਵਿੱਚ ਫੈਲ ਚੁੱਕੀ ਸੀ, ਪਰ ਜਲ ਕੁਰ ਨੂੰ ਤਾਂ ਹੁਣ ਪੂਰਨ ਤਸੱਲੀ ਸੀ। ਉਹ ਤਾਂ ਭੂਤ-ਪ੍ਰੇਤ ਦੇ ਕਾਲੇ ਪਰਛਾਵੇਂ ਤੋਂ ਛੁਟਕਾਰਾ ਪਾਉਣ ਲਈ ਉਪਾਅ' ਵਜੋਂ ਰਾਮ ਬਾਬੇ ਨੂੰ ਪੰਜ ਸੌ ਦਾਨ ਦੇ ਆਈ ਸੀ ਤੇ ਹੁਣ ਅਜਿਹੇ ਉਪਾਅ ਲਈ ਵਿਹੜੇ ਦੀਆਂ ਤੀਵੀਂਆਂ ਦੇ ਕੰਨਾਂ ਵਿੱਚ ਵੀ ਫੂਕਾਂ ਮਾਰ ਰਹੀ ਸੀ।
ਤੀਸਰੇ ਦਿਨ ਇੱਕ ਗੱਲ ਹੋਰ ਸਭ ਨੂੰ ਫਿਕਰਾਂ ਵਿੱਚ ਪਾ ਗਈ। ਤੇਜੋ ਵਾੜੇ ਗੋਹਾ ਸੁੱਟਣ ਗਈ ਤੀਵੀਂਆਂ ਕੋਲ ਦੱਸ ਰਹੀ ਸੀ ਕਿ ਉਸ ਦਾ ਵੱਡਾ ਮੁੰਡਾ ਰਾਜੂ ਨੰਜਨ ਕੀ ਬਸਤੀ ਵੱਲ ਗਿਆ ਸੀ ਤੇ ਹੁਣ ਤਿੰਨ ਦਿਨ ਹੋ ਗਏ ਬੁਖ਼ਾਰ ਨਹੀਂ ਉਤਰ ਰਿਹਾ। ਫਿਰ ਅਜਿਹੀਆਂ ਕਿੰਨੀਆਂ ਹੀ ਗੱਲਾਂ ਮੱਲੋ-ਮੱਲੀ ਨੰਜਨ ਕੀ ਬਸਤੀ ਨਾਲ ਜੁੜ ਗਈਆਂ। ਬਸਤੀ ਵਿੱਚ ਖੜ੍ਹੇ ਗੁਹਾਰੇ ਤੇ ਉਨ੍ਹਾਂ ਦੇ ਪਿਛਲੇ ਪਾਸੇ ਪਹਾੜੀ ਕਿੱਕਰਾਂ ਜਿਵੇਂ ਭੂਤ-ਪ੍ਰੇਤਾਂ ਦੀਆਂ ਸ਼ਕਲਾਂ ਹੀ ਜਾਪਣ ਲੱਗ ਪਈਆਂ। ਸਾਰੇ ਵਿਹੜੇ ਨੂੰ ਹੀ ਜਿਵੇਂ ਨੰਜਣ ਕੀ ਬਸਤੀ ਤੋਂ ਭੈਅ ਆਉਣ ਲੱਗ ਪਿਆ ਹੋਵੇ। ਲੋਕਾਂ ਨੇ ਹਨੇਰੇ ਸਵੇਰੇ ਉਧਰ ਆਉਣਾ-ਜਾਣਾ ਹੀ ਛੱਡ ਦਿੱਤਾ। ਬੁੜੀਆਂ ਇੱਕ-ਦੂਜੀ ਨੂੰ ਨਸੀਹਤਾਂ ਦਿੰਦੀਆਂ, ''ਭਾਈ! ਐਸੀ ਮਾੜੀ ਥਾਂ ਤੋਂ ਤਾਂ ਕੋਹ ਗੇੜ ਪਾ ਕੇ ਲੰਘਣਾ ਚੰਗਾ। ਨਾ ਜਾਣੀਏ ਕੋਈ ਜਾਹ-ਜਾਂਦੀ ਹੋ ਜੇ!''
ਤਿੰਨ-ਚਾਰ ਦਿਨ ਬੀਤ ਗਏ ਸਨ ਪਰ ਨੰਜਣ ਕੀ ਬਸਤੀ 'ਚ ਬਲਦੇ ਦੀਵੇ ਦੀ ਗੱਲ ਅਜੇ ਵੀ ਮੱਠੀ ਨਹੀਂ ਸੀ ਪਈ। ਮੱਠੀ ਪੈਂਦੀ ਵੀ ਕਿਵੇਂ, ਵਿਹੜੇ ਦੀ ਕੋਈ ਫਲਾਤੋ ਤੀਵੀਂ ਸੱਚੀਆਂ- ਝੂਠੀਆਂ ਦਾ ਫੂਸ ਪਾ ਜਾਂਦੀ ਤੇ ਦੀਵੇ ਵਾਲੀ ਗੱਲ ਫਿਰ ਭਾਂਬੜ ਬਣ ਜਾਂਦੀ।
ਚੌਥੇ ਦਿਨ ਦੀ ਰਾਤ ਜਿਵੇਂ ਜਲ ਕੁਰ ਲਈ ਕੋਈ ਸਿਆਪਾ ਲੈ ਕੇ ਆਈ ਹੋਵੇ। ਭੁੱਕੀ ਨਾ ਮਿਲਣ ਕਾਰਨ ਮੇਜਰ ਨੂੰ ਮਰੋੜ ਲੱਗ ਗਏ ਸਨ। ਉਹ ਰਾਤ ਦੇ ਬਾਰਾਂ ਕੁ ਵਜੇ ਪਾਣੀ ਦਾ ਡੱਬਾ ਭਰੀਂ ਬਾਹਰ ਜਾਣ ਲਈ ਬਜਿੱਦ ਸੀ। ਜਲ ਕੁਰ ਉਸਨੂੰ ਵਥੇਰਾ ਕਹਿੰਦੀ ਰਹੀ ਕਿ ਉਹ ਵਿਹੜੇ ਵਿੱਚ ਹੀ ਹੋ ਲਵੇ। ਪਰ ਮੇਜਰ ਨੇ ਉਸਦੀ ਇੱਕ ਨਾ ਸੁਣੀ। ਜਲ ਕੁਰ ਨੇ ਮੇਜਰ ਦੇ ਆਉਣ ਤੱਕ ਸਭ ਦੇਵੀ ਦੇਵਤੇ ਧਿਆ ਦਿੱਤੇ ਸਨ। ਜਦ ਮੇਜਰ ਨੇ ਬਾਰ 'ਚ ਆ ਕੇ ਖੰਘੂਰ ਮਾਰੀ ਫੇਰ ਜਲ ਕੁਰ ਦੇ ਸਾਹ ਵਿੱਚ ਸਾਹ ਆਇਆ ਸੀ।
ਰਾਤ ਦੇ ਸਾਢੇ ਤਿੰਨ ਕੁ ਵਜੇ ਮੇਜਰ ਦੇ ਫਿਰ 'ਹੁੜਕ' ਜਿਹੀ ਉਠ ਖੜ੍ਹੀ। ਇਸ ਵਾਰ ਉਸ ਨੇ ਜਲ ਕੁਰ ਨੂੰ ਨਹੀਂ ਉਠਾਇਆ। ਮੇਜਰ ਜਾਣਦਾ ਸੀ ਜਲ ਕੁਰ ਨੇ ਉਸ ਨੂੰ ਫੇਰ ਘੇਰ ਕੇ ਖੜ੍ਹ ਜਾਣਾ ਸੀ। 'ਸਿਆਣਾ-ਬਿਆਣਾ ਬੰਦਾ ਘਰੇਂ ਬੈਠਦਾ ਭਲਾਂ ਚੰਗਾ ਲੱਗਦੈ?' ਉਸਨੇ ਸੋਚਦਿਆਂ ਬਾਹਰ ਜਾਣ ਦਾ ਮਨ ਬਣਾ ਲਿਆ। ਉਹ ਚੁਪਕੇ-ਚੁਪਕੇ ਹੀ ਜੋੜੇ ਪਾ ਕੇ, ਦੱਬਵੇਂ ਪੈਰੀਂ ਬਾਹਰ ਨਿਕਲ ਗਿਆ। ਜਦ ਉਹ ਪਾਣੀ ਦਾ ਡੱਬਾ ਲਈਂ ਨੰਜਣ ਕੀ ਬਸਤੀ ਕੋਲ ਪਹੁੰਚਿਆ ਤਾਂ ਬਸਤੀ 'ਚ ਖੜ੍ਹੀਆਂ ਪਹਾੜੀ ਕਿੱਕਰਾਂ ਅਤੇ ਗੁਹਾਰਿਆਂ ਦੇ ਕਾਲੇ ਪਰਛਾਵਿਆਂ ਤੋਂ ਡਰਦਾ ਉਹ ਭੈ-ਭੀਤ ਜਿਹਾ ਹੋ ਗਿਆ। ਫਿਰ ਉਹ ਆਪਣੇ ਹੱਥ ਪਾਣੀ ਦਾ ਡੱਬਾ ਮਹਿਸੂਸ ਕਰਦਿਆਂ ਹੌਸਲੇ ਵਿੱਚ ਆ ਗਿਆ। 'ਸਿਆਣੇ ਕਹਿੰਦੇ ਨੇ ਪਾਣੀ ਤੋਂ ਭੂਤ-ਪ੍ਰੇਤ ਡਰਦੇ ਨੇ' ਉਸ ਨੇ ਮਨ 'ਚ ਸੋਚਦਿਆਂ ਪਾਣੀ ਦਾ ਡੱਬਾ ਢਾਲ ਵਾਂਗ ਅੱਗੇ ਕਰ ਲਿਆ। ਡਰ ਨਾਲ ਉਸਦੀ ਹੁੜਕ ਹੋਰ ਵਧ ਗਈ ਸੀ। ਉਹ ਪ੍ਰੇਮੀ ਨੂੰ ਮਿਲਣ ਜਾਂਦੀ ਅੱਲ੍ਹੜ ਦੀਆਂ ਝਾਂਜਰਾਂ ਛਣਕਣ ਦੇ ਡਰ ਵਾਂਗ ਹੌਲੀ-ਹੌਲੀ ਪੈਰ ਟਿਕਾਉਂਦਾ ਬਸਤੀ ਤੋਂ ਕਈ ਕਦਮ ਪਰ੍ਹਾਂ ਦੀ ਹੋ ਕੇ ਲੰਘ ਗਿਆ ਤੇ ਫਿਰ ਕਾਹਲੀ ਨਾਲ ਕੈਲੇ ਦੀ ਰੂੜੀ ਉਹਲੇ ਬੈਠ ਗਿਆ, ਇੱਥੋਂ ਉਸਦੀ ਨਿਗਾਹ ਬਸਤੀ ਵਾਲੇ ਸਾਰੇ ਰਾਹ 'ਤੇ ਪੈਂਦੀ ਸੀ।
ਮੇਜਰ ਅਜੇ ਹੱਥ ਧੋ ਕੇ ਖੜ੍ਹਾ ਹੋਣ ਲੱਗਿਆ ਸੀ ਕਿ ਉਸਨੂੰ ਸਾਹਮਣਿਓਂ ਕੋਈ ਆਦਮੀ ਖੇਸ ਦੀ ਬੁੱਕਲ ਮਾਰੀਂ ਆਉਂਦਾ ਨਜ਼ਰੀਂ ਪੈ ਗਿਆ। ਉਹ ਉਥੇ ਹੀ ਸ਼ਹਿ ਕੇ ਬੈਠ ਗਿਆ। ਜਦੋਂ ਉਹ ਆਦਮੀ ਹੋਰ ਨੇੜੇ ਆਉਂਦਾ ਗਿਆ ਤਾਂ ਮੇਜਰ ਨੂੰ ਉਹ ਜਾਣਿਆ-ਪਹਿਚਾਣਿਆ ਲੱਗਿਆ। ਜਦੋਂ ਉਹ ਨੰਜਣ ਕੀ ਬਸਤੀ ਨੂੰ ਮੁੜਿਆ ਮੇਜਰ ਨੂੰ ਕੋਈ ਸ਼ੱਕ ਨਾ ਰਹੀ। 'ਇਹ ਤਾਂ ਨੰਜਣ ਐ! ਹੈਂਅ! ਏਸ ਵੇਲੇ ਕੀ ਕਰਨ ਆਇਐ!' ਉਹ ਹੈਰਾਨ ਹੋਇਆ ਉਥੇ ਹੀ ਬੈਠਾ ਰਿਹਾ। ਪੰਜ ਕੁ ਮਿੰਟਾਂ ਬਾਅਦ ਨੰਜਣ ਵਾਪਸ ਮੁੜ ਗਿਆ। ਮੇਜਰ ਕਾਹਲੀ ਨਾਲ ਉੱਠਿਆ। ਉਸ ਨੇ ਨੰਜਣ ਕੀ ਬਸਤੀ ਵੱਲ ਨਿਗਾਹ ਮਾਰੀ, ਦੀਵਾ ਲਟ-ਲਟ ਬਲ ਰਿਹਾ ਸੀ ਜਿਹੜਾ ਉਸ ਦੇ ਆਉਣ ਵੇਲੇ ਕਿਤੇ ਨਜ਼ਰੀਂ ਨਹੀਂ ਸੀ ਪਿਆ। ਉਹ ਹੋਰ ਖ਼ਬਰ ਲੈਣ ਲਈ ਚੀਤੇ ਵਾਂਗ ਸ਼ਹਿ ਲਾਈ ਨੰਜਣ ਦੇ ਪਿੱਛੇ-ਪਿੱਛੇ ਹੋ ਤੁਰਿਆ। ਫਿਰ ਉਸਨੇ ਨੰਜਣ ਆਪਣੇ ਘਰ ਵੜਦਾ ਵੀ ਵੇਖਿਆ। ਮੇਜਰ ਨੂੰ ਝੱਟ ਦਸ ਕੁ ਦਿਨ ਪਹਿਲਾਂ ਨੰਜਣ ਦੀ ਕਹੀ ਗੱਲ ਯਾਦ ਆ ਗਈ।
ਉਸ ਦਿਨ ਉਹ ਮੱਝਾਂ ਨੂੰ ਪਾਣੀ ਪਿਲਾਉਣ ਲਈ ਟੋਭੇ 'ਤੇ ਲਿਆਇਆ ਸੀ। ਨੰਜਣ ਉਸ ਤੋਂ ਪਹਿਲਾਂ ਹੀ ਟੋਭੇ 'ਤੇ ਮੱਝਾਂ ਲਈਂ ਬੈਠਾ ਸੀ। ਗੱਲਾਂ-ਗੱਲਾਂ 'ਚ ਨੰਜਣ ਨੇ ਮੇਜਰ ਨੂੰ ਪੁੱਛਿਆ, ''ਮੇਜਰ ਆ ਤੀਮੀਂਆਂ ਦਾ ਕੀ ਹੱਲ ਕਰੀਏ?''
''ਕਿਉਂ? ਕੀ ਹੋ ਗਿਆ?''
''ਓ....ਯਾਰ, ਜਿਹੜੀ ਅਸੀਂ ਆਹ ਘੀਲੇ ਕੀ ਬਸਤੀ ਲਈ ਐ ਮੁੱਲ, ਇਥੇ ਤੀਮੀਂਆਂ ਈ ਬਾਹਰ ਜਾਣੋ ਨੀ ਹਟਦੀਆਂ।'' ਨੰਜਣ ਨੇ ਟੋਭੇ 'ਤੇ ਬੈਠੇ ਨੇ ਹੀ ਆਪਣੀ ਬਸਤੀ ਵੱਲ ਬਾਂਹ ਉਲਾਰ ਕੇ ਕਿਹਾ ਸੀ।
''ਤੂੰ ਤੜਕੀ ਜਾ ਕੇ ਬੈਠ ਜਿਆ ਕਰ।''
''ਐਂ ਤਾਂ ਬੰਦਾ ਭੈੜਾ ਜਾ ਲਗਦੈ, ਕੋਈ ਹੋਰ ਸਕੀਮ ਦੱਸ।'' ਨੰਜਣ ਨੂੰ ਮੇਜਰ ਦੀ ਰਾਏ ਜਚੀ ਨਹੀਂ ਸੀ ਤੇ ਫਿਰ ਨੰਜਣ ਆਪਣੇ ਮਨ 'ਚ ਹੀ ਕੋਈ ਹੋਰ ਸਕੀਮ ਘੜਦਾ, ਮੱਝਾਂ ਨੂੰ 'ਹੋ-ਹੋ' ਕਰਦਾ ਟੋਭੇ 'ਚੋਂ ਕੱਢ ਕੇ ਘਰ ਨੂੰ ਤੁਰ ਗਿਆ ਸੀ। ਅੱਜ ਮੇਜਰ ਉਸਦੀ ਇਸ ਸਕੀਮ 'ਤੇ ਗੁੱਝਾ ਮੁਸਕਰਾਉਂਦਾ ਆਪਣੇ ਗੇਟ ਦਾ ਬਾਹਰੋਂ ਲਾਇਆ ਘਿਰਲ ਖੋਲ੍ਹਣ ਲੱਗ ਪਿਆ।
ਸਵੇਰ ਦੇ ਸਾਢੇ ਤਿੰਨ ਵੱਜੇ ਹਨ। ਸਿਆਲ ਦੀ ਠੰਡੀ ਰਾਤ ਵਿੱਚ ਸਾਰਾ ਪਿੰਡ ਘੂਕ ਸੁੱਤਾ ਪਿਆ ਹੈ। ਪਿੰਡ ਦੇ ਆਵਾਰਾ ਕੁੱਤੇ ਇਨੂੰਆਂ ਵਾਂਗ ਇਕੱਠੇ ਹੋਏ ਖੱਲ-ਖੂੰਜਿਆਂ ਵਿੱਚ ਦੁਬਕੇ ਬੈਠੇ ਹਨ। ਕੂੜੇ ਦੇ ਢੇਰਾਂ ਅਤੇ ਰੂੜੀਆਂ ਉੱਤੇ ਕੋਰਾ ਜੰਮ ਰਿਹਾ ਹੈ। ਅਜਿਹੀ ਠਰੀ ਰਾਤ 'ਚ ਮੇਜਰ ਅਮਲੀ ਕੈਲੇ ਦੀ ਰੂੜੀ ਉਹਲੇ ਬੈਠਾ ਹੈ। ਨਾ ਤਾਂ ਉਸਨੂੰ 'ਬਾਹਰ ਜਾਣ' ਦੀ ਹੁੜਕ ਹੈ ਅਤੇ ਨਾ ਹੀ ਉਸਦੀ ਭੁੱਕੀ ਮੁੱਕੀ ਹੈ। ਅੱਜ ਤਾਂ ਸਗੋਂ ਉਹ ਦੋ ਚਮਚੇ ਵੱਧ ਲਾ ਕੇ ਆਇਆ ਹੈ। ਅੱਜ ਉਸ ਕੋਲ ਪਾਣੀ ਦਾ ਡੱਬਾ ਵੀ ਨਹੀਂ ਅਤੇ ਨਾ ਹੀ ਉਸਦੀਆਂ ਡਰ ਨਾਲ ਲੱਤਾਂ ਕੰਬ ਰਹੀਆਂ ਹਨ। ਅੱਜ ਤਾਂ ਅੱਗੋਂ ਹੋਣ ਵਾਲੀ ਘਟਨਾ ਦਾ ਮਨ 'ਚ ਦ੍ਰਿਸ਼ ਕਿਆਸਦਿਆਂ ਉਸ ਦਾ ਢਿੱਡ ਹੱਸ ਰਿਹਾ ਹੈ। ਉਸ ਦੇ ਪਿਛਲੇ ਪਾਸੇ ਟੋਭੇ 'ਚ ਤਾਰੀਆਂ ਲਾਉਂਦੀਆਂ ਮੁਰਗਾਬੀਆਂ ਦਾ ਖੜਾਕ ਵੀ ਉਸ ਦੇ ਕੰਨਾਂ ਤੱਕ ਪਹੁੰਚ ਰਿਹਾ ਹੈ, ਪਰ ਉਹ ਇਸ ਸਭ ਤੋਂ ਬੇਖ਼ਬਰ, ਸਰਹੱਦੀ ਮੋਰਚੇ 'ਤੇ ਬੈਠੇ ਫ਼ੌਜੀ ਵਾਂਗ ਸਾਹਮਣੇ ਫਿਰਨੀ ਉੱਤੇ ਨਿਗਾਹ ਟਿਕਾਈ ਬੈਠਾ ਸੀ। ਫਿਰ ਜਦ ਨੰਜਣ ਉਸਨੂੰ ਇਧਰ ਆਉਂਦਾ ਦਿਸਦਾ ਹੈ, ਉਹ ਗੋਲੀ ਚਲਾਉਣ ਵਾਂਗ ਚੌਕੰਨਾ ਹੋ ਕੇ ਬੈਠ ਜਾਂਦਾ ਹੈ। ਨੰਜਣ ਹੋਰ ਨੇੜੇ ਆ ਜਾਂਦਾ ਹੈ। ਫਿਰ ਜਦ ਉਹ ਆਪਣੀ ਬਸਤੀ ਵੱਲ ਮੁੜ ਕੇ ਅੱਗੇ ਵਧਣ ਲੱਗਦਾ ਹੈ ਤਾਂ ਉਸਦੀ ਡਰ ਨਾਲ ਚੀਕ ਨਿਕਲ ਜਾਂਦੀ ਹੈ। ਉਹ ਉੱਥੋਂ ਹੀ ਪੁੱਠਾ ਭੱਜ ਲੈਂਦਾ ਹੈ। ਭੱਜੇ ਜਾਂਦੇ ਦੇ ਜੋੜੇ ਫਿਰਨੀ 'ਤੇ ਹੀ ਲਹਿ ਕੇ ਡਿੱਗ ਜਾਂਦੇ ਹਨ। ਪੱਗ ਢਿਲਕ ਜਾਂਦੀ ਹੈ। ਨੰਜਣ ਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਹੈ। ਉਹ ਘਰ ਤੱਕ ਪਿੱਛੇ ਮੁੜ ਕੇ ਨਹੀਂ ਵੇਖਦਾ। ਪਿੱਛੇ ਮੁੜ ਕੇ ਵੇਖਣਾ ਉਸ ਨੂੰ ਮੌਤ ਨੂੰ ਲਲਕਾਰਨ ਬਰਾਬਰ ਲਗਦਾ ਹੈ।
ਨੰਜਣ ਕੀ ਬਸਤੀ 'ਚ ਮੇਜਰ ਅਮਲੀ ਦੇ ਲਾਏ ਪੰਜੇ ਦੀਵੇ ਲਟ-ਲਟ ਬਲਦੇ, ਹੱਸ ਰਹੇ ਜਾਪਦੇ ਹਨ। ਮੇਜਰ ਰੂੜੀ ਉਹਲਿਓਂ ਉਠ ਕੇ ਆਪਣੇ ਬਲਦੇ ਪੰਜਾਂ ਦੀਵਿਆਂ ਨੂੰ ਫ਼ਤਿਹ ਦੀ ਸਲਾਮ ਕਰਦਾ ਮੁਸਕੜੀਏਂ ਹੱਸ ਪਿਆ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪਰਗਟ ਸਿੰਘ ਸਤੌਜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ