ਇਬਾਰਤਾਂ (ਕਹਾਣੀ) : ਬਲੀਜੀਤ

''ਮਤਲਬ... ਤੁਸੀਂ... ਤੁਸੀਂ ਪੂਰੀ ਸਰਵਿਸ ਵਿੱਚ ਕਦੇ ਕਿਸੇ ਦੇ ਗੋਲ਼ੀ ਵੀ ਮਾਰੀ ਐ,'' ਉਸ ਨੂੰ ਇਹ ਗੱਲ ਪੁੱਛਣੀ ਮੇਰੇ ਲਈ ਬਹੁਤ ਔਖੀ ਸੀ ।

''ਸਾਰੀ ਨੌਕਰੀ 'ਚ ਮੈਂ ਕਦੇ ਕਿਸੇ ਕੁੱਤੇ ਦੇ ਵੀ ਗੋਲ਼ੀ ਨਹੀਂ ਮਾਰੀ,'' ਮੈਂ ਬੁੱਗ ਜਿਹਾ ਹੋ ਗਿਆ ਤੇ ਇਹ ਵੀ ਭੁੱਲ ਗਿਆ ਕਿ ਮੈਂ ਆਪਣੇ ਵੱਡੇ ਤਾਏ ਕੋਲੇ ਬੈਠਾ ਸੀ... ਜਿਹੜਾ...? ਜਿਸ ਦਾ...? ਜਿਸ ਦੇ ਮੈਂ ਕਦੇ ਪੈਰੀਂ ਹੱਥ ਨਹੀਂ ਸਨ ਲਾਏ । ਉਸ ਨੂੰ ਇਸ ਤਰਾਂ ਪੈਰੀਂ ਹੱਥ ਲੁਆਉਣੇ ਆਉਂਦੇ ਈ ਨਹੀਂ ਸਨ । ਉਹ ਪਹਿਲਾਂ ਛੋਟਾ... ਤੇ ਫੇਰ ਵੱਡਾ ਥਾਣੇਦਾਰ ਬਣ ਕੇ ਰਿਟਾਇਰ ਹੋਇਆ ਸੀ । ਮੈਂ ਕਦੇ ਮਰਗਤ ਦੇ ਭੋਗ ਵਿੱਚ ਵੀ ਉਸ ਨਾਲ ਬਹਿ ਕੇ ਰੋਟੀ ਨਹੀਂ ਖਾ ਸਕਦਾ ਸਾਂ... ਪਰ ਹੁਣ ਉਸ ਦੇ ਦੰਦਾਂ ਵਿੱਚ ਵਿਰਲਾਂ ਤੇ ਟੇਢ ਸੀ । ਨਜ਼ਰ ਵੀ ਠੰਡੀ । ਬੋਲ ਵੀ ਢਿੱਲਾ ਤੇ ਬੋਲ ਲੰਗ ਮਾਰਦੇ ਉਸ ਦੀ ਜੀਭ ਤੋਂ ਹੇਠਾਂ ਉਤਰਦੇ...

''ਪਰ ਮਾਈਂਡ... ਮੈਂ ਆਪਣਾ ਦਿਮਾਗ ਜ਼ਰੂਰ ਲਾਇਆ । ਐਕਸ਼ਨ ਕਿਵੇਂ... ਕਦੋਂ ਕਰਨਾ... ਸਾਰਾ... ਪਲੈਨਿੰਗ.... ਕਿਉਂਕਿ ਸ੍ਹਾਮਣੇ ਹਥਿਆਰਬੰਦ ਬੰਦਾ ਬੰਦ ਮੋਰਚੇ ਵਿੱਚ ਬੈਠਾ । ਤਿਆਰ–ਬਰ–ਤਿਆਰ,'...'ਬੰਦ', ਬੰਦਾ', 'ਹਥਿਆਰ–ਬੰਦ'... ਮੈਂ ਉਸ ਦੇ ਲੜਖੜਾਉਂਦੇ ਬੋਲਾਂ ਨੂੰ ਸਿੱਧਾ ਕਰਨ ਲੱਗਾ । ...ਤੇ ਉਸ ਤੋਂ ਵੱਖ ਵੱਖ ਬੰਦੂਕਾਂ, ਪਿਸਤੌਲਾਂ ਤੇ ਕਾਰਤੂਸਾਂ ਦੀਆਂ ਕਿਸਮਾਂ, ਕੀਮਤਾਂ ਤੇ ਚਲਾਉਣ ਦੇ ਢੰਗ ਬਾਰੇ ਪੁੱਛਣ ਲਈ ਸੋਚਣ ਲੱਗਾ... ਤੇ ਜਦੋਂ ਮੈਂ ਉਸ ਨੂੰ ਪੁੱਛ ਹੀ ਬੈਠਾ ਤਾਂ ਉਹ ਸਰੀਰ ਨੂੰ ਹੁੱਝਕਾ ਮਾਰ ਕੇ ਉੱਠਿਆ ਤੇ ਅੰਦਰੋਂ ਆਪਣੀ ਬੰਦੂਕ ਚੁੱਕ ਲਿਆਇਆ । ਇੱਕ ਹੱਥ ਕੁੜਤੇ ਦੇ ਖੀਸੇ 'ਚ ਪਾਏ 'ਰੌਂਦਾਂ' ਨਾਲ ਖੇਲਦਾ ਰਿਹਾ । ਚਾਰ ਗੋਲ਼ੀਆਂ ਹੱਥ 'ਤੇ ਵਿਛਾ ਕੇ ਮੈਨੂੰ ਦਿਖਾਈਆਂ:

''ਈਹਦੇ ਵਿੱਚ ਸ਼ਰਏ ਐ ।...ਇਨ੍ਹਾਂ ਵਿੱਚ ਇੱਕ ਸਿੰਗਲ ਪੀਸ ਸਿੱਕਾ...''

''ਗੋਲੀਆਂ...'', ਮੇਰੀ ਝਿਜਕ ਨੂੰ ਭਾਂਪਦਿਆਂ ਉਸ ਨੇ ਤਿੰਨ ਗੋਲ਼ੀਆਂ ਮੁੜ ਜੇਬ 'ਚ ਪਾ ਲਈਆਂ ਤੇ ਚੌਥੀ ਤਲੀ 'ਤੇ ਰੱਖ ਲਈ ।

''ਗੋਲੀ 'ਚ ਅੱਧਾ ਬਾਰੂਦ ਐ । ਅੱਧਾ ਜ਼ਹਿਰੀਲੀ ਪੁੱਠ ਦਿੱਤਾ ਸਿੱਕਾ...''

''ਚਲਦੀ ਕਿਮੇਂ ਐ'' ਉਸ ਨੇ ਬੰਦੂਕ ਦੇ ਲੌਕ ਨੂੰ ਹਿਲਾਇਆ । ਆਵਾਜ਼ ਹੋਈ । ਫੇਰ ਬੰਦੂਕ ਦੀ ਨਾਲੀ 'ਤਾਂਹ ਨੂੰ ਕਰ ਕੇ ਘੋੜਾ ਦੱਬ ਦਿੱਤਾ । ਟੱਕ ਦੀ ਆਵਾਜ਼ ਹੋਈ । ਬੰਦੂਕ ਖਾਲੀ ਸੀ ।

''ਗੋਲੀ ਨੂੰ ਚੈਂਬਰ 'ਚ ਫਿੱਟ ਕਰਨਾ । ਬੰਦੂਕ ਨੇ ਕੀ ਕਰਨਾ? ੲ੍ਹੀਨੇ ਘੋੜਾ ਦੱਬਦੇ ਸਾਰ ਈ ਗੋਲ਼ੀ ਦੀ ਟੋਪੀ 'ਤੇ ਸੱਟ ਮਾਰਨੀ । ਸੱਟ ਵੱਜਣ ਨਾਲ ਬਾਰੂਦ ਨੂੰ ਅੱਗ ਪੈ ਜਾਣੀ ਐ... ਤੇ ਬਰੂਦ ਨੇ ਆਤਿਸ਼ਬਾਜੀ ਵਾਂਗ ਜਲਣਾ... ਤੇ ਸਿੱਕੇ ਨੂੰ ਸੇਕ ਨਾਲ ਲਾਲੋ–ਲਾਲ ਕਰਦੇ ਆਪਣੇ ਟਾਰਗੈੱਟ ਵੱਲ ਨੂੰ ਲੈ ਉੜਨਾ...ਪਾ ਵਿੱਚ,'' ਉਸ ਨੇ ਰਾਮਲੀਲਾ ਦੇ ਸੁਅੰਬਰ ਵਿੱਚ ਮਰੋੜੇ ਧਨੁੱਸ਼ ਵਾਂਗ ਬੰਦੂਕ ਨੂੰ ਦੋ ਜੁੜੇ ਹਿੱਸਿਆਂ 'ਚ ਕਰ ਕੇ ਮੈਨੂੰ ਬੈਰਲ ਦੀਆਂ ਅੰਦਰਲੀਆਂ ਉਹ ਅੱਖਾਂ ਦਿਖਾਈਆਂ...ਜੋ ਮੈਂ ਕਦੇ ਫਿਲਮਾਂ ਵਿੱਚ ਦੇਖੀਆਂ ਸਨ...

ਮੈਂ ਡਰਦੇ ਡਰਦੇ ਬੰਦੂਕ ਫੜ ਲਈ । ਗੋਲ਼ੀ ਵੀ । ਪਰ ਕੀਤਾ ਕੁਝ ਨਾ... ਉਵੇਂ ਈ ਵਾਪਸ ਕਰਦਿਆਂ ਮੈਂ ਤਾਏ ਦੇ ਬੋਲਾਂ ਵਿੱਚੋਂ ਸਭ ਤੋਂ ਲੰਗੜਾ ਬੋਲ ਫੜਦਿਆਂ, ਅਸਲੀ ਮੁੱਦੇ ਉੱਤੇ ਆ ਗਿਆ...

''ਟਾਰਗੈੱਟ? ''

ਬੰਦੂਕ ਸਿੱਧੀ ਕਰਦਾ ਮੰਜੇ 'ਤੇ ਰੱਖਦਾ ਗੋਲ਼ੀ ਨੂੰ ਹਵਾ 'ਚ ਉਛਾਲ ਕੇ ਬੋਲਦਾ ਉਹ ਮੈਨੂੰ ਹਥਿਆਰਾਂ ਤੇ ਅਸਲੇ ਦੀ ਮਾਰ ਗਜਾਂ ਵਿੱਚ ਦੱਸਦਾ ਰਿਹਾ...ਤੇ... ਫੇਰ ਸੱਜੇ ਹੱਥ ਦੀਆਂ ਉਂਗਲਾਂ ਵਿੱਚ ਗੋਲ਼ੀ ਨੱਪ ਕੇ, ਜੋ ਉਸ ਦੇ ਖੱਬੇ ਹੱਥ ਤੋਂ ਭਾਰਾ ਲੱਗਦਾ ਸੀ, ਗੋਲ਼ੀ ਦੀ ਟੋਪੀ ਆਪਣੇ ਮੱਥੇ 'ਤੇ ਲਾਉਂਦਿਆਂ ਬੋਲਿਆ...

''ਜੇ ਟਾਰਗੈੱਟ, ਗੋਲ਼ੀ ਦੀ ਰੇਂਜ ਤੋਂ ਦੂਰ ਐ, ਫੇਰ ਟਾਰਗੈੱਟ ਸੇਫ਼ ਐ... ਫੇਰ ਕਿਆ ।''

***

ਇੱਕ ਦਮ ਮੇਰੀ ਸੁਰਤ ਉਸ ਕਾਲੀ ਬੋਲੀ ਰਾਤ ਵਿੱਚ ਫੌਜੀ ਦੇ ਘਰ ਮੈਨੂੰ ਮਿਲਣ ਆਉਂਦੀ ਦੋਸਤ ਕੁੜੀ ਦੀ ਲੱਤ ਵੱਲ ਚਲੇ ਗਈ, ਜੋ ਟਾਰਗੈੱਟ ਨਹੀਂ ਸੀ । ਪਤਾ ਨਹੀਂ ਇਹ ਖ਼ਿਆਲ ਸੀ ਕਿ ਸੁਪਨਾ... 'ਉਹਨਾਂ' ਕੋਲ ਚਲਾਉਣ ਲਈ ਪੂਰੀਆਂ ਪੰਦਰਾਂ ਗੋਲ਼ੀਆਂ ਸਨ... ਤੇ ਖ਼ਬਰੇ ਉਨ੍ਹਾਂ ਦਾ ਪਹਿਲਾ ਦਿਨ ਈ ਹੋਵੇ... ਤੇ ਉਨ੍ਹਾਂ ਉਂਜ ਈ ਸੁਆਦ ਲੈਂਦੇ ਲੈਂਦੇ ਚੌਦਾਂ ਹਵਾਈ ਫ਼ਾਇਰ ਕਰ ਦਿੱਤੇ ਹੋਣ । ਲਾਸਟ ਫ਼ਾਇਰ ਫੌਜੀ ਦੇ ਬਾਹਰਲੇ, ਸੜਕ ਵਾਲੇ ਪਾਸੇ ਦੀ ਕੰਧ ਵੱਲ ਕਰ ਦਿੱਤਾ ਸੀ । ਹੱਥ ਹਿੱਲਣ ਨਾਲ ਗੋਲ਼ੀ ਮੇਰੀ ਦੋਸਤ ਦੀ ਲੱਤ ਵਿੱਚੋਂ ਪੱਟ ਦੀ ਹੱਡੀ ਭੋਰਦੀ ਨਿਕਲ ਗਈ... ਫੌਜੀ ਤਾਂ ਘਰੇ ਹੈ ਹੀ ਨਹੀਂ ਸੀ ਪਰ ਘਰ ਫੌਜੀ ਦਾ ਹੀ ਸੀ । ਬਿਨਾਂ ਪਲਸਤਰ ਤੋਂ ਪੌੜੀਆਂ ਵਾਲਾ... ਜਿਹੜਾ ਕਿਸੇ ਸਮੇਂ ਇੱਕ ਪਹਾੜੀ ਰਾਜੇ ਨੇ ਆਪਣੇ ਪੁਰੋਹਿਤ ਨੂੰ ਦਾਨ ਵਜੋਂ ਦੇ ਦਿੱਤਾ ਸੀ । ਸਮਾਂ ਪਾ ਕੇ ਇਹੀ ਘਰ ਪੁਰੋਹਿਤ ਆਪਣੇ ਘਰ ਕੰਮ ਕਰਦੀ ਜੁਆਨ ਵਿਧਵਾ ਨੂੰ ਵੇਚਣ ਦਾ ਸੁਆਂਗ ਰਚ ਗਿਆ ਸੀ ।... ਤੇ ਮਕਾਨ ਛੱਡ ਕੇ, ਦੇਸ਼ ਦੀ ਰਾਜਧਾਨੀ ਜਾ ਵੜਿਆ ਜਿੱਥੇ ਉਹ ਵੱਡੇ ਵੱਡੇ ਅਹਿਲਕਾਰਾਂ, ਧਨਾਢਾਂ ਤੇ ਰੰਗ ਬਰੰਗੇ ਲੀਡਰਾਂ ਦੇ ਟੇਵੇ, ਜਨਮ ਪੱਤਰੀਆਂ, ਹੱਥ ਮੱਥੇ ਦੀਆਂ ਰੇਖਾਵਾਂ ਦੇਖਦਾ, ਪੜ੍ਹ ਕੇ ਸੁਣਾਉਂਦਾ ਸੀ... ਹੁਣ ਇਹ ਘਰ, ਜਿਸ ਦੀ ਮੈਂ ਗੱਲ ਕਰ ਰਿਹਾਂ, ਫੌਜੀ ਕੋਲੇ ਸੀ । ਉਸ ਦਾ ਨਾਂਓ ਤਾਂ ਪਤਾ ਨਹੀਂ, ਪਰ ਉਸ ਦੀ ਪਛਾਣ ਫੌਜ ਨਾਲ ਜੁੜੀ ਹੋਈ ਸੀ । ਦੂਸਰੀ ਵੱਡੀ ਜੰਗ ਵੇਲੇ ਉਹ ਕਿਸੇ ਬੇਪਛਾਣ ਦੇ ਹੱਕ ਵਿੱਚ ਤੇ ਉਸ ਤੋਂ ਵੀ ਵੱਧ ਬੇਪਛਾਣ ਕਿਸੇ ਦੇ ਵਿਰੁੱਧ ਸੁਮਾਟਰਾ ਟਾਪੂ ਉੱਤੇ ਸੀ । ਕੋਈ ਮੈਡਲ ਉਸ ਦੇ ਪੱਲੇ ਨਹੀਂ ਸੀ ਪਿਆ । ਹੁਣ ਮਾਮੂਲੀ ਪੈਨਸ਼ਨ ਮਿਲਦੀ ਸੀ ।

''ਹਾਲਟ–ਹੋ–ਅ–ਅ''

''ਬ–ਕ–ਰਾ, ਬ–ਕ–ਰਾ''

''??'', 'ਬੱਕਰਾ'

''ਹੋ–ਅ–ਅ, ਹੋ–ਅ–ਅ ਅ, ਹਾਲਟ''

''ਬ–ਕ–ਰਾ, ਬ–ਕ–ਰਾ''

ਠਾਹ! ਠਾਹ!! ਫੌਜੀ ਨੇ ਰੱਬ ਦਾ ਨਾਂ ਲੈ ਕੇ, ਨਾਈਟ ਕੈਂਪ ਦੇ ਬਾਹਰ ਡਿਊਟੀ ਕਰਦਿਆਂ ''ਬੱਕਰਾ'' ਅਤੇ 'ਬ–ਕ–ਰਾ' ਪਾਸ–ਵਰਡ ਦੇ ਬੋਲਣ ਦੇ ਫ਼ਰਕ ਨੂੰ ਪਛਾਣ ਕੇ ਫ਼ਾਇਰ ਕਰ ਦਿੱਤੇ ਸਨ । ਰਾਤ ਦਾ ਗੁਪਤ ਪਾਸ–ਵਰਡ ਲੀਕ ਹੋ ਗਿਆ ਸੀ । ਉਸ ਨੇ ਸੋਚਿਆ ਕਿ ਰਿਸਕ ਕਾਸ ਨੂੰ ਲੈਣਾ । ਜੇ ਗਲਤੀ ਹੋਈ ਤਾਂ ਸਮਝੋ ਇੱਕ ਹੋਰ ਮਾਰਿਆ ਗਿਆ ਭੰਗ ਦੇ ਭਾੜੇ । ਪਰ ਉਹ ਠੀਕ ਸੀ । ਉਸ ਜਪਾਨੀ ਫੌਜੀ ਕੋਲ ਇੰਨੇ ਹੈਂਡ–ਗਰਨੇਡ ਸਨ ਕਿ ਜੇ ਅੰਦਰ ਆ ਜਾਂਦਾ ਤਾਂ ਪੂਰੀ ਦੀ ਪੂਰੀ ਪਲਟੂਨ ਤਬਾਹ ਕਰ ਦਿੰਦਾ

***

ਉਸੇ ਫੌਜੀ ਦੇ ਘਰ ਜੋ ਉਂਜ ਮੇਰਾ ਕੁਝ ਨਹੀਂ ਸੀ ਲੱਗਦਾ ਮੈਨੂੰ ਇਹ ਖ਼ਿਆਲ... ਨਹੀਂ ਸੁਪਨਾ ਆਇਆ... ਤਮੰਨਾ ਪੈਦਾ ਹੋਈ ਜੋ ਹੁਣ ਕਿਸੇ ਨੂੰ ਦੱਸਦਿਆਂ ਹਿੱਚਕੀ ਜਹੀ ਲੱਗਦੀ... ਦਿਲ ਕੱਚਾ ਕੱਚਾ ਹੋਣ ਲੱਗਦਾ... ਬੜਾ ਭੈੜਾ... ਉਸ ਵੇਲੇ ਮੈਂ ਬਾਣ ਦੇ ਮੰਜੇ ਅਤੇ ਦਰੀ ਦੇ ਲਹਿਰੀਏ ਉੱਤੇ ਸੁੱਤੇ ਸੁੱਤੇ ਹੀ ਹਿੱਲ ਕੇ ਵਟਾ ਖਾ ਗਿਆ ਸਾਂ । ਵਟਾ ਮੈਂ ਤਾਂ ਖਾਧਾ ਕਿ ਮੈਨੂੰ ਗੋਲ਼ੀ ਨਾ ਲੱਗੇ । ਬੰਦੂਕ ਦੇ ਨਿਸ਼ਾਨੇ ਦੀ ਸੇਧ ਤੋਂ ਪਰ੍ਹਾਂ ਹੋ ਜਾਵਾਂ... ਇਹ ਤਾਂ ਮੈਨੂੰ ਬਾਅਦ ਵਿੱਚ ਈ ਪਤਾ ਲੱਗਿਆ ਕਿ ਗੋਲ਼ੀ... ਜੋ ਮੈਨੂੰ ਹੀ ਲੱਗਣੀ ਸੀ... ਮੇਰੀ ਪਿਆਰੀ ਦੋਸਤ ਦਾ ਪੱਟ ਚੀਰ ਗਈ ਸੀ । ਉਸ ਤੋਂ ਵੀ ਕਈ ਘੰਟੇ ਬਾਅਦ ਮੇਰੀ ਦੋਸਤ ਦਾ ਓਪਰੇਸ਼ਨ ਕੀਤਾ ਗਿਆ । ਜਿੱਥੇ ਉਸ ਦੇ ਬੰਦੂਕ ਵਿੱਚ ਸਿੱਕਾ ਭਰਨ ਤੇ ਚਲਾਉਣ ਵਾਂਗ ਟੀਕੇ ਲੱਗੇ । ਬੇ–ਸੁੱਧ ਪਈ ਦਾ ਮਾਸ ਛੁਰੀਆਂ ਨਾਲ ਵੱਢਿਆ । ਮੋਚਨਿਆਂ ਨਾਲ ਖਿੱਚਿਆ । ਸਿਊਂਤਾ... ਤੇ ਫੇਰ ਕਈ ਦਿਨਾਂ ਬਾਅਦ ਪਤਾ ਲੱਗਿਆ ਕਿ ਉਸ ਦਾ ਦਰਦ ਬਿਲਕੁਲ ਖ਼ਤਮ ਹੋ ਗਿਆ । ਉਸ ਦੇ ਦਿਮਾਗ ਵਿੱਚ ਦਰਦ ਪਛਾਣਨ ਵਾਲੇ ਤੰਤੂ ਹੀ ਮਰ ਚੁੱਕੇ ਸਨ, ਤੇ ਉਹ ਵ੍ਹੀਲ–ਚੇਅਰ ਉੱਤੇ ਜੀਊਂਦੀ ਲਾਸ਼ ਬਣ ਚੁੱਕੀ ਸੀ । ਕਿਸੇ ਕੰਮ ਦੀ ਨਹੀਂ ਸੀ ਰਹੀ ।

ਜਦੋਂ ਮੈਂ ਮੰਜੇ 'ਤੇ ਪਿਆ ਪਾਸਾ ਵੱਟ ਗਿਆ ਸਾਂ ਤਾਂ ਮੈਨੂੰ ਉਹ ਖ਼ਿਆਲ ਆਇਆ । ਜਿਹੜਾ ਹੁਣ ਹਰ ਰੋਜ਼ ਫੈਲ ਕੇ ਮੇਰੇ 'ਤੇ ਭਾਰੂ ਹੋਈ ਜਾਂਦਾ । ਜਿਸ ਨੇ ਮੇਰੇ ਵਜੂਦ 'ਤੇ ਗੱਡੇ ਲੱਦ ਦਿੱਤੇ ।

ਉਂਜ ਮੈਨੂੰ ਇਕੱਲੇ ਨੂੰ ਆਪਣੀ ਹਮਸਫ਼ਰ ਕੁੜੀ ਦੇ ਗੋਲ਼ੀ ਲੱਗਣ ਦਾ ਬਹੁਤਾ ਗ਼ਮ ਵੀ ਨਹੀਂ । ਉਹ ਵੀ ਮੇਰੇ ਵਾਂਗ ਮੁਜ਼ਰਿਮ ਹੀ ਸੀ । ਚੋਰੀਆਂ, ਡਕੈਤੀਆਂ ਦੇ ਇੱਕ ਵੱਡੇ ਗਿਰੋਹ ਵਿੱਚ ਦੋ ਹੋਰ ਮੁਸ਼ਟੰਡਿਆਂ ਨਾਲ ਵੀ ਉਸ ਦਾ ਤੋਰਾ ਫੇਰਾ ਸੀ । ਉਸ ਗੈਂਗ ਨੇ ਪਿਛਲੇ ਸਾਲ ਅੱਤ ਮਾੜੀ ਗੱਲ ਕੀਤੀ ਕਿ ਕਿਸੇ ਦੇ ਖੇਤ ਵਿੱਚੋਂ ਪੱਕੀ ਖੜ੍ਹੀ ਕਣਕ ਦੀ ਫਸਲ ਰਾਤੋ–ਰਾਤ ਵੱਢ, ਕੱਢ ਕੇ ਬੋਰੀਆਂ 'ਚ ਭਰ ਲਿਆਂਦੀ । ਦੋ ਸਾਲ ਦੀਆਂ ਰੋਟੀਆਂ ਦਾ ਜੁਗਾੜ ਬਣਾ ਲਿਆ । ਕਣਕ ਕਿਹੜਾ ਬੋਲਦੀ ਕਿ ਕਿੱਥੋਂ ਆਈ ਆਂ । ਉਸੇ ਕਣਕ ਦੀਆਂ ਰੋਟੀਆਂ ਇਹੀ ਮੇਰੀ ਦੋਸਤ ਕੁੜੀ ਵੀ ਖਾਂਦੀ ਰਹੀ । ਹੋ ਗਈ ਨਾ ਮੁਜ਼ਰਿਮ । ਮੇਰੇ ਵਾਂਗ...

***

ਉਸੇ ਰਾਤ ਮੰਜੇ ਉੱਤੇ, ਹਿੱਲ ਕੇ ਗੋਲ਼ੀ ਤੋਂ ਬਚਣ ਤੋਂ ਪਹਿਲਾਂ ਮੈਨੂੰ ਅੱਤ ਡਰਾਉਣਾ ਸੁਪਨਾ ਆ ਰਿਹਾ ਸੀ । ਉਸ ਘਰ ਵਿੱਚ ਬਹੁਤ ਕੁੱਝ ਖਾਸ ਹੋਣ ਵਾਲਾ ਸੀ । ਇੱਕ ਗੈਂਗ ਦੇ ਮੁੱਖੀ ਦੇ ਗਲੇ ਦਾ ਓਪਰੇਸ਼ਨ ਹੋਣਾ ਸੀ । ਕੰਨ 'ਤੇ ਪਿਸਤੋਲ ਧਰ ਕੇ ਡਾਕਟਰ ਲੈ ਆਂਦਾ । ਨਰਸਾਂ ਵੀ । ਫੌਜੀ ਦੀ ਬੈਠਕ ਦਾ ਓਪਰੇਸ਼ਨ ਥੀਏਟਰ ਬਣਾ ਲਿਆ । ਰਾਤ ਨੂੰ ਸਭ ਉਂਜ ਹੀ ਡਰਦੇ ਕੁੰਡੀਆਂ ਮਾਰ ਕੇ ਸੌਂ ਜਾਂਦੇ ਐ । ਸਭ ਕਾਰਿੰਦਆਂ ਨੇ ਕਾਰਟੂਨਾਂ ਵਾਂਗ ਮਖੋਟੇ ਪਾਏ ਹੋਏ ਸਨ । ਪੌੜੀਆਂ ਵਿੱਚ ਦੋ ਬੰਦੇ ਖੜ੍ਹੇ ਸਨ । ਤਿਆਰ–ਬਰ–ਤਿਆਰ । ਛੱਤ ਉੱਤੇ ਨਿਗ੍ਹਾ ਰੱਖ ਰਹੇ ਸਨ । ਉਹਨਾਂ ਛੇਆਂ ਵਿੱਚ ਮੇਰੀ ਛੋਟੀ ਮਾਸੀ ਦਾ ਮੁੰਡਾ ਵੀ ਸੀ । ਕਾਲੇ ਰੰਗ ਦਾ ਹੋਣ ਕਰਕੇ ਉਸ ਨੂੰ ਕਾਲਾ ਈ ਕਹਿੰਦੇ ਸਨ । ਨਾਂਓ ਕੀ ਲੈਣਾ । ਮੈਂ ਉਸ ਨੂੰ ਉਸ ਦੇ ਨੰਗੇ ਹੱਥਾਂ ਤੇ ਉਂਗਲਾਂ ਤੋਂ ਪਛਾਣ ਲਿਆ ਸੀ । ਕਾਲਾ, ਫੌਜੀ ਦੇ ਫ਼ਰਿੱਜ ਵਿੱਚੋਂ ਹਰੇ ਪੀਲੇ ਰੰਗ ਦਾ ਗਰਨੇਡ ਵਰਗਾ ਵੱਡਾ ਅੰਬ ਚੁੱਕ ਕੇ ਲੈ ਗਿਆ ਸੀ । ਅੰਬ ਚੂੰਡਦਾ ਰਿਹਾ । ਖੌਖਲੇ ਹੁੰਦੇ ਅੰਬ ਵਿੱਚ ਸ਼ਰਾਬ ਦੀਆਂ ਤਤੀਰੀਆਂ ਪਾ ਕੇ ਚੂਪਦਾ ਰਿਹਾ । ਹੱਥ ਨਾਲ ਮਲ਼ ਮਲ਼ ਕੇ ਅੰਬ ਦੀ ਪਤਲੀ ਗਿੱਟਕ, ਪੋਲੇ ਜਹੇ ਛੱਤ ਉੱਤੋਂ ਹੇਠਾਂ ਗੰਦ ਨਾਲ ਭਰੀ ਨਾਲੀ 'ਚ ਛੱਡੀ ਤਾਂ ਭਾਵੇਂ ਬਿਨਾਂ ਖੜਾਕ ਹੀ ਸੀ, ਪਰ ਮੈਨੂੰ ਲੱਗਿਆ ਕਿ ਬੰਬ ਫਟ ਗਿਆ । ਹੇਠਾਂ ਓਪਰੇਸ਼ਨ ਹੁੰਦਾ ਰਿਹਾ ਤੇ ਉਪਰ ਉਹ, ਕਾਲਾ, ਅੰਬ ਦੇ ਖੋਲ ਵਿੱਚ ਸ਼ਰਾਬ ਪਾ ਪਾ ਕੇ ਪੀਂਦਾ ਰਿਹਾ । ਪੂਰੇ ਘਰ ਵਿੱਚ ਭਾਂਡਿਆਂ ਸਮੇਤ ਖੜਾਕ ਕਰਨ ਵਾਲੇ ਸਮਾਨ ਨੂੰ ਹੱਥ ਲਾਉਣ ਦੀ ਮਨਾਹੀ ਸੀ । ਪਰ ਮੌਕਾ ਆਉਣ ਉੱਤੇ ਸਭ ਨੇ ਹਥਿਆਰਾਂ ਤੇ ਅਸਲੇ ਦਾ ਖੜਾਕ ਡੱਟ ਕੇ ਕਰਨਾ ਸੀ । ਓਪਰੇਸ਼ਨ ਕਰਨ ਵਾਲਾ ਡਾਕਟਰ, ਮੂੰਹ ਤੇ ਕੱਪੜਾ ਚੜ੍ਹਾਈ, ਗੈਂਗਸਟਰ ਵਰਗਾ ਲੱਗੇ... ਨਹੀਂ... ਬਲਕਿ ਮੈਨੂੰ ਇਹੀ ਨਾ ਪਤਾ ਲੱਗੇ ਕਿ... ਨਹੀਂ... ਦੋਵੇਂ ਗੈਂਗਸਟਰ ਲੱਗੇ । ਹਾਂਅ... ਦੋਵੇਂ... ਹਾਂ... ਗੋਲ਼ੀ ਜੋ ਉਂਜ ਮੇਰੇ ਲੱਗਣੀ ਸੀ, ਪਰ ਮੇਰੀ ਦੋਸਤ ਦੇ ਲੱਗ ਗਈ ਸੀ, ਜਿਸ ਦੀ ਮਾਰ ਤੋਂ ਬਚਦਾ ਮੈਂ ਹਿੱਲ ਉੱਠਿਆ ਤਾਂ ਫੇਰ ਸਹੁਰੀ ਨੀਂਦ ਕਿੱਥੇ? ਮੈਂ ਖੜ੍ਹਾ ਹੋ ਗਿਆ । ਗੈਂਗ ਵਿੱਚ ਮੇਰੀ ਮਾਸੀ ਦਾ ਮੁੰਡਾ ਸੀ । ਮੈਂ ਹੌਂਸਲਾ ਕਰ ਕੇ ਪੌੜੀਆਂ ਚੜ੍ਹ ਗਿਆ । ਦੋਵੇਂ ਬੰਦੂਕ–ਧਾਰੀਆਂ ਨੇ ਹਿੱਲ ਕੇ ਮੈਨੂੰ ਰਾਹ ਦੇ ਦਿੱਤਾ । ਛੱਤ 'ਤੇ ਵੀ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ । ਕਾਲੇ ਨੇ ਸਭ ਨੂੰ ਦੱਸ ਦਿੱਤਾ ਹੋਵੇਗਾ । ਜੁੜਵੀਆਂ ਤਿੰਨ–ਚਾਰ ਛੱਤਾਂ ਟੱਪਦਾ ਮੈਂ ਉਸ ਛੱਤ ਉੱਤੇ ਲੇਟ ਗਿਆ ਜਿਸ ਦੇ ਥੱਲੇ ਮੀਟ ਖਾਣ ਤੇ ਵੇਚਣ ਲਈ ਸੂਰ ਪਲਦੇ ਸਨ । ਰੋਜ਼ ਇੱਕ ਸੂਰ, ਬਰਾਬਰ ਦੇ ਦੋ ਟੁਕੜਿਆਂ ਵਿੱਚ ਕਟ ਕੇ, 'ਸ਼ੋਅ ਰੂਮ' ਵਿੱਚ ਜਾ ਲਟਕਦਾ ਸੀ । ਹੇਠਾਂ ਵਿਹੜੇ ਵਿੱਚ ਸੂਰਾਂ ਵਾਂਗ ਲਿਟੇ ਸਾਰੇ ਪਰਿਵਾਰ ਦੇ ਜੀਅ ਸੌਣ ਦਾ ਸੁਆਂਗ ਕਰ ਰਹੇ ਸਨ । ਜਾਣਦੇ ਸਭ ਕੁਝ ਸਨ ਪਰ... ਪਰ... ਕੁਝ ਨਹੀਂ ਕਰ ਸਕਦੇ ਸਨ... ਲੋੜ ਈ ਨਹੀਂ ਸੀ ।

ਸੂਰਾਂ ਵਾਲੀ ਛੱਤ 'ਤੇ ਪਏ ਪਏ ਅਸਮਾਨ ਵੱਲ ਝਾਕਦਿਆਂ ਡਰਦਾ ਜਿਹਾ ਖ਼ਿਆਲ ਆਇਆ ਕਿ ਮੈਂ ਇਸ ਗੈਂਗ ਦਾ ਭੇਤ ਪਾ ਲਿਆ ਐ । ਮੈਂ ਇਨ੍ਹਾਂ ਦਾ ਮੈਂਬਰ ਵੀ ਨਹੀਂ । ਇਸ ਲਈ ਇਹ ਮੈਨੂੰ ਮਾਰੇ ਬਗ਼ੈਰ ਨਹੀਂ ਜਾਣਗੇ । ਭਾਵੇਂ ਕਾਲਾ ਵੀ ਉਨ੍ਹਾਂ ਵਿੱਚ ਸੀ... ਫੇਰ ਉਹ ਅਚਾਨਕ ਮੈਨੂੰ ਜਿਊਂਦਾ ਛੱਡ ਗਏ ਤੇ ਆਪਣਾ ਸਾਰਾ ਕੁੱਝ, ਸਬੂਤਾਂ ਸਮੇਤ ਸਮੇਟ ਕੇ ਕਿਸੇ ਕੁੜੀ ਦੀ ਕਾਲੀ ਗੁੱਤ ਵਾਂਗ ਲਾਈਨ 'ਚ ਸਿੱਧੇ ਬਾਹਰ ਨਿਕਲ ਗਏ । ਫਿਰ ਗੁੱਤ ਗੱਡੀਆਂ ਦੇ ਕਾਫ਼ਲੇ 'ਚ ਬਦਲ ਗਈ ਅਤੇ... ਔਹ... ਗਾਇਬ ਹੋ ਗਈ । ਮੈਨੂੰ ਜਿਊਂਦੇ ਹੋਣ ਉੱਤੇ ਬੜਾ ਅਫ਼ਸੋਸ ਹੋਇਆ । ਡਰ ਲੱਗਿਆ... ਤੇ... ਮੇਰੀ ਘਰਵਾਲੀ ਨੇ ਰਾਤ ਦੇ ਤੀਸਰੇ ਪਹਿਰ ਮੈਨੂੰ ਘੁਰਕ ਕੇ ਪਰ੍ਹਾਂ ਧੱਕ ਦਿੱਤਾ ।

''ਊਂਈ... ਹੱਅਅ... ਹ... ਅਅ... ਸੌਣ ਨੀਂ ਦਿੰਦੇ ਸਾਰੀ ਰਾਤ... ਤੰਗ ਕਰੀ ਜਾਂਦੇ ਐ...ਪਤਾ ਨੀਂ ਕੀ ਕੀ ਬੋਲੀ ਜਾਂਦੇ ਐ? ''

ਮੈਨੂੰ ਬਹੁਤ ਡਰਾਉਣੇ ਸੁਪਨੇ, ਬਹੁਤ ਤੇ ਬਾਰ ਬਾਰ ਆਉਂਦੇ ਰਹਿੰਦੇ ਹਨ । ਡਰ ਕੇ ਜਾਗ ਖੁੱਲ੍ਹੀ ਕਿ ਫਿਰ ਮੁੜ ਕੇ ਨੀਂਦ ਨਹੀਂ ਆਉਂਦੀ । ਨੀਂਦ ਦਾ ਖ਼ਿਆਲ ਹੋਰ ਫ਼ਿਕਰਾਂ ਦੇ ਦਬਾਅ ਹੇਠ ਆ ਜਾਂਦਾ । ਸੁਰਤ ਹੋਰ ਈ ਪਾਸੇ ਮੁੜ ਜਾਂਦੀ... ਤੇ ਫਿਰ ਉਹੀ ਤਮੰਨਾ ਉੱਠਦੀ । ਉਹੀ ਲੋੜ ਵਰਗੀ । ਭੁੱਖ ਵਰਗੀ । ਕਦੇ ਮਨ ਵਿੱਚ ਬਿਜਲੀ ਲਿਸ਼ਕਦੀ ਕਿ ਸ਼ਾਇਦ ਮੇਰੇ ਵਰਗੇ ਮੁਜ਼ਰਿਮਾਂ ਨੂੰ ਹੀ ਅਜਿਹੇ ਡਰਾਉਣੇ ਸੁਪਨੇ ਤੇ ਖ਼ਿਆਲ ਆਉਂਦੇ ਹੋਣ ।

***

ਹੁਣ ਹੈ ਤਾਂ ਅਸੀਂ ਸਾਰੇ ਮੁਜ਼ਰਿਮ ਤੇ ਗੁਨਾਹਗਾਰ ਈ ਆਂ । ਭਾਵੇਂ ਅਗਲੇ ਦੇ ਮੂੰਹ 'ਤੇ ਮੁੱਕਰੀ ਜਾਈਏ । ਮੈਂ ਆਪਣਾ ਮੂੰਹ ਨੈਣ ਨਕਸ਼ ਬਾਰ ਬਾਰ ਸ਼ੀਸ਼ੇ 'ਚ ਦੇਖਦਾ ਰਹਿੰਦਾ ਸਾਂ । ਹੁਣ ਵੀ ਦੇਖਦਾ ਰਹਿੰਦਾ ਹਾਂ । ਮੇਰੀਆਂ ਅੱਖਾਂ ਨੂੰ ਹੀ ਕੁੱਝ ਨਹੀਂ ਦਿਸਦਾ । ਹੋਰ ਨੂੰ ਕੀ ਲੱਭ ਜੂ... ਪਰ ਇੱਕ ਹੋਰ ਅੱਖ ਐ । ਗੁਪਤ । ਜੋ ਸਭ ਕੁਝ ਦੇਖਦੀ ਤੇ ਦੱਸਦੀ ਰਹਿੰਦੀ ਐ । ਜਿਹੜੀਆਂ ਕਰਤੂਤਾਂ ਅਸੀਂ ਸੋਚਦੇ, ਕਰਦੇ ਆਂ ਉਹਨਾਂ ਦੀਆਂ ਇਬਾਰਤਾਂ ਹੋਰ ਭਾਵੇਂ ਕਿਤੇ ਨਾ ਲੱਭਣ ਪਰ ਸਾਡੀ ਖੱਲ ਉੱਤੇ ਜਰੂਰ ਉੱਕਰੀਆਂ ਹੋਈਆਂ ਹੁੰਦੀਆਂ ਹਨ । ਪੂਰੇ ਵਜੂਦ ਵਿੱਚ ਕਿਤੇ ਨਾ ਕਿਤੇ ਇਹ ਇਬਾਰਤਾਂ ਘੁੰਮ ਰਹੀਆਂ ਹਨ । ਸਾਰੇ ਅੰਗਾਂ ਉੱਤੇ । ਅੰਦਰ । ਬਾਹਰ । ਗੁਪਤ ਅੰਗਾਂ ਉੱਤੇ ਵੀ... ਹੋਰ ਕੋਈ ਨੀਂ ਪੜ੍ਹ ਸਕਦਾ । ਪੋਸਟਮਾਰਟਮ ਕਰਨ ਵਾਲੇ ਵੀ ਨਹੀਂ । ਪਰ ਮੈਨੂੰ ਇਹ ਵੀ ਪਤਾ ਕਿ ਇਹ ਇਬਾਰਤਾਂ ਮੇਰੀ ਖੋਪੜੀ ਦੀ ਛੱਤ ਹੇਠ ਅੰਦਰਲੇ ਪਾਸੇ ਟਿਕੇ ਮਗ਼ਜ਼ ਵਿੱਚ ਅਜਿਹੀ ਲਿੱਪੀ ਵਿੱਚ ਲਿਖੀਆਂ ਹੋਈਆਂ ਪਈਆਂ ਜੋ ਮੇਰੇ ਤੋਂ ਸਿਵਾ ਹੋਰ ਕੋਈ ਪੜ੍ਹ ਹੀ ਨਹੀਂ ਸਕਦਾ । ਕਈ ਤਫ਼ਸੀਲਾਂ ਤਾਂ ਮੈਂ ਵੀ ਨਹੀਂ ਉਠਾ ਸਕਦਾ, ਕਿਉਂਕਿ ਹੁਣ ਮੇਰੀ ਤੀਸਰੀ ਅੱਖ ਦੀ ਨਿਗ੍ਹਾ ਵੀ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਐ । ਜਦੋਂ ਮੈਂ ਗੋਲ਼ੀ ਦੇ ਭੈਅ ਤੋਂ ਮੰਜੇ 'ਤੇ ਵਟਾ ਖਾਧਾ, ਜਾਂ ਗੈਂਗ ਦੇ ਬੰਦੇ ਮੈਨੂੰ ਜਿਊਂਦਾ ਛੱਡ ਗਏ ਤਾਂ ਮੈਂ ਨਰਕ ਦੇ ਲੋਹੇ ਦੇ ਗੇਟ 'ਤੇ ਪੁੱਜ ਗਿਆ ਸੀ । ਪੰਜ–ਭੂਤਕ ਦੇਹੀ ਹੇਠਾਂ ਦਰੀ, ਮੰਜੀ ਜਾਂ ਕਿਸੇ ਛੱਤ 'ਤੇ ਪਈ ਰਹਿ ਗਈ । ਨਰਕ ਮੈਂ ਤਾਂ ਕਹਿੰਦਾਂ ਕਿਉਂਕਿ ਮੈਂ ਖੁਦ ਨੂੰ ਨਾ ਕਾਬਿਲੇ ਮੁਆਫ਼ੀ ਮੁਜ਼ਰਿਮ ਸਮਝਦਾਂ । ਦੋਸ਼ੀ... ਕਪਟੀ... ਤੇ ਹੋਰ ਬੜਾ ਕੁੱਝ... ਮੈਂ ਸੁਰਗ ਤੋਂ ਬਚਣਾ ਚਾਹੁੰਦਾ ।

'ਹੱਅਅਅ... ਅ...'' ਮੈਂ ਘਰਵਾਲੀ ਦੀ ਨੀਂਦ ਖਰਾਬ ਕਰ ਦਿੱਤੀ ਸੀ । ਝਿੜਕ ਨੇ ਸੁਪਨੇ ਤੋਂ, ਭੈੜੇ ਖ਼ਿਆਲ ਤੋਂ ਤੋੜ ਦਿੱਤਾ ਤੇ ਮੈਨੂੰ ਫੇਰ ਉਹੀ ਖ਼ਿਆਲ ਆਇਆ । ਉਹੀ ਲੋੜ ਪੈਦਾ ਹੋਈ, ਭੁੱਖ ਵਰਗੀ, ਤੇ ਮੈਂ ਚਾਹੁੰਦਾ ਸਾਂ... ਭਾਵੇਂ ਬੋਲ ਕੇ ਨਾ ਦੱਸ ਹੋਵੇ... ਕਿ ਮੇਰਾ ਮੁੰਡਾ, ਮੇਰੀ ਧੀ, ਤੇ ਘਰਵਾਲੀ ਵੀ ਇਸ ਨੁਕਤੇ ਉੱਤੇ ਮੇਰੇ ਹਮ–ਿਖ਼ਆਲ ਹੋਣ... ਕਿ... ਕਿ...

***

ਜਾਗ ਕੇ ਫੇਰ ਸਮਝ ਆਈ ਕਿ ਜਿਸ ਘਰ ਵਿੱਚ ਮੈਂ ਕਿਰਾਏਦਾਰ ਹਾਂ ਉਸ ਘਰ ਦਾ ਮਾਲਕ ਏਅਰ ਫੋਰਸ ਦਾ ਰਿਟਾਇਰਡ ਅਫ਼ਸਰ ਹੈ । ਇਸ ਘਰ ਵਿੱਚ ਵੀ ਪੌੜੀਆਂ ਹਨ । ਛੱਤ ਹੈ । ਹੇਠਾਂ ਵਿਹੜੇ ਵਿੱਚ ਕੋਠੀ ਦੇ ਅੰਦਰ ਵਾਰ ਲੱਗੇ ਅੰਬ ਦੇ ਬੂਟੇ ਉਪਰ ਲੱਗੇ ਅੰਬ ਅਸੀਂ ਪਹਿਲੀ ਮੰਜ਼ਲ ਉੱਤੋਂ ਛੂਹ ਕੇ ਵੇਖ ਸਕਦੇ ਹਾਂ । ਤੋੜ ਨਹੀਂ ਸਕਦੇ । ਤੋੜਨੇ ਕਾਹਨੂੰ ਨੇ । ਉਂਜ ਈ ਬਹੁਤ ਸੁਹਣੇ ਲੱਗਦੇ ਨੇ । ਉਸ ਫੌਜੀ ਦਾ ਘਰ ਵੀ ਇਹੋ ਕੁੱਝ ਸੀ । ਮੇਰੇ ਪੁਰਾਣੇ ਪਿਛਲੇ ਵੱਡੇ ਘਰ 'ਚ ਵੀ ਇਹੋ ਕੁਝ ਸੀ । ਪਰ ਇਸ ਏਅਰ ਫੋਰਸ ਦੇ ਸੁਕੈਡਰਨ ਲੀਡਰ ਦੀ ਇੱਕ ਗੱਲ ਮੈਨੂੰ ਬੜੀ ਪਿਆਰੀ ਲੱਗਦੀ ਐ ਕਿ ਉਸ ਕੋਲ ਇੱਕ ਗੰਨ ਐ । ਜਿਸ ਨਾਲ ਉਸ ਨੇ ਕਦੇ ਪਾਣੀ ਦੀ ਟੈਂਕੀ ਹੇਠ ਛੁਪੇ ਸੱਪ 'ਤੇ ਫ਼ਾਇਰ ਕੀਤਾ ਸੀ ਤੇ ਉਸ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਉਸ ਦੀ ਵਿਚਾਲੜੀ ਧੀ ਦੀ ਸੱਸ ਜੋ ਉਸ ਦੀ ਧੀ ਦਾ ਲਹੂ ਪੀਣ 'ਤੇ ਉਤਾਰੂ ਸੀ ਦੇ ਨੱਕ 'ਤੇ ਉਹੀ ਗੰਨ ਦੀ ਨਾਲੀ ਰੱਖ ਕੇ ਕਿਹਾ ਸੀ:

''ਮੇਰੀਆਂ ਧੀਆਂ, ਮੇਰਾ ਸਭ ਕੁੱਝ ਐ । ਜੇ ਮੇਰੀ ਧੀ ਨੂੰ ਕੁਸ਼ ਹੋ ਗਿਆ ਤਾਂ ਮੈਂ ਇਸ ਗੰਨ ਨਾਲ ਤੇਰੇ ਟੱਬਰ ਦਾ ਬੱਚਾ ਬੱਚਾ ਭੁੰਨ ਦੂੰ । ''

... ਤੇ ਫਿਰ ਉਸ ਨੇ ਮੈਨੂੰ ਇਹ ਵੀ ਦੱਸਿਆ ਕਿ ਉਸ ਤੋਂ ਬਾਅਦ ਉਸ ਨੂੰ ਉਸ ਦੇ ਧੀ ਜੁਆਈ ਦੀ ਕੋਈ ਖ਼ਬਰ ਨਹੀਂ ਮਿਲੀ । ਨਾ ਚੰਗੀ । ਨਾ ਮਾੜੀ । ਉਸ ਦੇ ਧੀ–ਜੁਆਈ ਬੱਚਿਆਂ ਸਮੇਤ ਸੱਤ ਸਮੁੰਦਰ ਪਾਰ ਕਰ ਗਏ । ਅਮਰੀਕਾ ਬੋਸਟਨ ਵਿੱਚ ਜਾ ਵਸੇ । ਜਿੱਥੇ ਉਸ ਦਾ ਜੁਆਈ ਟਰਾਂਸ ਐਟਲਾਂਟਿਕ ਸ਼ਿਪਿੰਗ ਕਾਰਪੋਰੇਸ਼ਨ ਵਿੱਚ ਮੈਰਿਨ ਇਜੰਨੀਅਰ ਸੀ । ਪਰ ਉਸ ਦੀ ਇਹ ਗੱਲ ਮੈਂ ਬਹੁਤੇ ਧਿਆਨ ਨਾਲ ਨਹੀਂ ਸੁਣੀ । ਇਹ ਗੱਲ ਵੀ ਮੈਂ ਅੱਧੀ ਅਣ-ਸੁਣੀ ਹੀ ਕਰ ਦਿੱਤੀ ਕਿ ਐਟਲਾਂਟਿਕ ਸੀਅ ਵਿੱਚ ਬੜੇ ਖ਼ਰੂਦੀ ਤੂਫ਼ਾਨ ਆਉਂਦੇ ਹਨ । ਇਹੀ ਗੱਲ ਮੈਨੂੰ ਹਜ਼ਮ ਨਹੀਂ ਸੀ ਹੁੰਦੀ ਕਿ ਉਸ ਦੇ ਧੀ–ਜੁਆਈ ਖੁਸ਼... ਠੀਕ ਠਾਕ ਨੇ... ਤੇ ਖਾਂਦੇ ਪੀਂਦੇ ਨੇ... ਤੇ...

***

... ਤੇ ਫਿਰ ਉਹੀ... ਸੁਪਨੇ 'ਚ ... ਪਤਾ ਨਹੀਂ ਹਕੀਕਤ 'ਚ ... ਲੋੜ ਬਣੀ ਤਮੰਨਾ ਮੁਲਾਇਮ ਜਿਹਾ ਰੂਪ ਧਾਰ ਕੇ ਮੇਰੇ ਮੁੰਡੇ ਨਾਲ ਬੋਲ ਪਈ ।

''ਬੇਟਾ, ਆਪਾਂ ਤਿੰਨ ਕ੍ਰਿਕਟ ਦੇ ਬੈਟ ਲਏ ਹੁਣ ਤੱਕ । ਘਰ 'ਚ ਕੋਈ ਨੀਂ ਦਿਖਦਾ ।''

''ਦੋ ਤਾਂ ਡੈਡੀ ਟੁੱਟ ਗਏ । ਇੱਕ ਰਾਜੀਵ ਦੇ ਘਰ ਪਿਆ ।''

''ਵਧੀਆ ਬੈਟ ਲਈਂ ... ਵਧੀਆ ... ਦੋ ਤਿੰਨ'' ਉਹ ਮੈਨੂੰ ਹੋਰ ਈ ਸੁਰਤ ਨਾਲ ਝਾਕੇ ਜਿਵੇਂ ਮੈਂ ਮੈਂਟਲ ਹੁੰਦਾਂ । ਬੱਚੇ ਕੁੱਝ ਵੀ ਖਰੀਦਣ ਨੂੰ ਕਹਿਣ ਤਾਂ ਪਹਿਲਾਂ ਉਨ੍ਹਾਂ ਨੂੰ ਨਾਂਹ ਸੁਣਨੀ ਪੈਂਦੀ ਐ । ਗਰਮੀਆਂ ਦੀਆਂ ਛੁੱਟੀਆਂ 'ਚ ਮੈਂ ਦੋਵੇਂ ਬੱਚਿਆਂ ਨੂੰ ਕਿਹਾ ਕਿ ਉਹ ਸਮਾਂ ਵਿਅਰਥ ਨਾ ਗੁਆਉਣ । ਕਿਸੇ ਚੰਗੇ ਜਿਹੇ ਇੰਸਟਰੱਕਟਰ ਤੋਂ ਜੂਡੋ–ਕਰਾਟੇ ਸਿੱਖਣ । ਪਰ ਉਹ ਕਦੇ ਮੇਰੀ ਸਲਾਹ ਨੀਂ ਗੋਲ਼ਦੇ । ਪਤਾ ਨਹੀਂ ਬੈਟ ਕਿੱਥੇ ਰੱਖ ਦਿੱਤੇ । ਪੂਰੇ ਤੇ ਵੱਡੇ ਸਾਈਜ਼ ਦੇ ਬੈਟ । ਘਰ 'ਚ ਇੱਕ ਤਾਂ ਜ਼ਰੂਰ ਪਿਆ ਰਹੇ । ਮੇਰੀ ਇਹ ਖਾਹਿਸ਼ ਨੌਂਵੀਂ ਦਾ ਸਟੂਡੈਂਟ ਮੇਰਾ ਬੇਟਾ ਪੜ੍ਹ ਈ ਨਹੀਂ ਸਕਿਆ । ਇੱਕ ਵੀ ਬੈਟ ... ਇੱਕ ਵੀ ਬੈਟ ਕੋਲ ਨਹੀਂ..., ਜਦੋਂ ਮੇਰੀ ਇਹ ਇੱਛਿਆ ਵੀ ਪੂਰੀ ਨਾ ਹੋਈ ਤਾਂ ਇਹ ਇੱਕ ਹੋਰ ਵਿਰਾਟ ਰੂਪ ਧਾਰ ਕੇ ਉਸ ਦਿਨ ਦੇ ਮਨ ਵਿੱਚੋਂ ਦਹਾੜ ਕੇ ਬਾਹਰ ਨਿਕਲ ਆਈ ਜਿੱਦਣ ਮੈਂ ਮੰਜੇ 'ਤੇ ਪਿਆ ਪਾਸਾ ਵੱਟ ਕੇ ਪੰਦਰਵੀਂ ਗੋਲ਼ੀ ਦੀ ਮਾਰ ਤੋਂ ਬਚ ਗਿਆ ਸਾਂ । ਤੇ ਬੜੇ ਨਾਟਕੀ ਅੰਦਾਜ਼ 'ਚ ਆਪਣੀ ਭੁੱਖ ਜੱਗ–ਜਾਹਰ ਕਰ ਦਿੱਤੀ : ''ਬੇਟਾ, ਮੈਂ ਏਕ ਗੰਨ ਲੂੰਗਾ'' ਤੇ ਮੈਂ ਇਸੇ ਗੱਲ ਨੂੰ ਹੋਰ ਵਿਸਥਾਰ ਦਿੱਤਾ ਕਿ ਬੰਦੂਕ ਵੱਡੀ ਹੋਵੇਗੀ । ਮੈਗਜ਼ੀਨ ਵਾਲੀ । ਜਿਸ ਵਿੱਚ ਪੱਕੀਆਂ ਪੰਦਰਾਂ ਵੀਹ ਗੋਲ਼ੀਆਂ ਪੈਂਦੀਆਂ ਹੋਣ । ਘੱਟੋ ਘੱਟ । ਸਿੰਗਲ ਬੈਰਲ । ਪਤਾ ਨਹੀਂ ਕਦੋਂ... ਕੀ ਹੋ ਜਾਵੇ, ਕੀ ਵਸਾਹ । ਮੈਂ ਕਈਆਂ ਤੋਂ ਗੰਨ ਦਾ ਭਾਅ ਪੁੱਛਿਆ । ਹਰ ਇੱਕ ਨੂੰ ਸੁਆਲ ਪੁੱਛਿਆ:

''ਤੇਰੇ ਕੋਲ ਘਰੇ ਕਿਹੜੀ ਗੰਨ ਐ?''

ਬੰਦੂਕਾਂ ਤੇ ਅਸਲੇ ਦੀਆਂ ਬੰਦ–ਖੁੱਲ੍ਹੀਆਂ ਦੁਕਾਨਾਂ 'ਤੇ ਵਿਸ਼ੇਸ਼ ਨਜ਼ਰ ਮਾਰੀ । ਜਿਵੇਂ ਪਿਛਲੇ ਸਮਿਆਂ 'ਚ ਮੈਂ ਕਦੇ ਮੀਟ ਦੇ ਖੋਖੇ, ਖੱਟ–ਮਿੱਠੇ ਚੂਰਨ ਦੀਆਂ ਪੰਸਾਰੀਆਂ ਦੀਆਂ ਦੁਕਾਨਾਂ ਦੇਖਦਾ ਸਾਂ । ਕਦੇ ਸਮੋਸੇ । ਜਲੇਬੀਆਂ । ਕਿਤਾਬਾਂ । ਜਾਂ ਮਨਿਆਰੀ ਦੀਆਂ ਉਹ ਦੁਕਾਨਾਂ ਜਿਨ੍ਹਾਂ ਦੇ ਮੱਥੇ ਉੱਤੇ 'ਗਰੋਵਰਸਨ' ਜਾਂ 'ਪੈਰਿਸ ਬਿਊਟੀ' ਦੇ ਇਸ਼ਤਿਹਾਰਾਂ ਵਾਲੇ ਬੋਰਡ ਲਟਕੇ ਹੁੰਦੇ ਸਨ । ਸਮੇਂ ਨੇ ਪਤਾ ਨਹੀਂ ਮੈਨੂੰ ਕੀ ਕੀ ਚੰਗਾ ਮਾੜਾ ਕਦੋਂ ਕਦੋਂ ਪੇਸ਼ ਕੀਤਾ ਹੈ । ਪਰ ਹੁਣ ਮੈਂ ਅਖ਼ਬਾਰਾਂ ਵਿੱਚ ਵੀ ਹਥਿਆਰਾਂ ਦੀ ਟਰੇਨਿੰਗ ਤੇ ਪੱਕੇ ਅਸਲੇ ਦੀ ਐਡ ਅੰਡਰ ਲਾਈਨ ਕਰਦਾਂ । ਮੈਂ ਚਾਹੁੰਦਾਂ...ਚਾਹੁੰਦਾਂ ਕੀ ... ਕੋਈ ਮੈਨੂੰ... ਹਾਂ... ਬਾਰ ਬਾਰ ਮੈਨੂੰ ਬਿੱਧ ਮਾਤਾ ਵਾਂਗ ਪੱਕੀ ਸਿਆਹੀ 'ਚ ਪੁੱਠੇ ਹੱਥਾਂ ਨਾਲ ਲਿਖ ਲਿਖ ਦਈ ਜਾਂਦੈ ਕਿ ਮੇਰੀ ਘਰਵਾਲੀ, ਬੇਟਾ ਤੇ ਬੇਟੀ ਰਲ ਕੇ ਇੱਕ ਗੈਂਗ ਬਣਾ ਲਈਏ । ਜੋ ਹਰ ਪਲ ਤਤਪਰ ਰਹੇ । ਸਭ ਕੋਲ ਆਪਣੀਆਂ ਆਪਣੀਆਂ ਰਾਈਫ਼ਲਾਂ ਹੋਣ । ਪਿਸਤੌਲਾਂ ਹੋਣ । ਗੋਲ਼ੀਆਂ ਹੋਣ । ਮਾਅਰਕੇ ਦੀ ਟ੍ਰੇਨਿੰਗ ਲਈ ਹੋਵੇ । ਸ਼ਿਸ਼ਤ ਲਾਉਣ ਦੀ । ਬੱਚਿਆਂ ਦਾ ਤਾਂ ਬਿਲਕੁੱਲ ਨੀਂ ਸਰਨਾ । ਪਰ ਮੇਰੇ ਘਰਵਾਲੀ ਮੈਨੂੰ ਹੁਰਕ ਕੇ ਪਰ੍ਹਾਂ ਕਰ ਦਿੰਦੀ । ਉਹ ਇਹੀ ਸੋਚੀ ਜਾਂਦੀ ਕਿ ਕਈ ਵਾਰ ਇੱਕੋ ਗੈਂਗ ਦੇ ਮੈਂਬਰ ਇੱਕ ਦੂਜੇ ਨੂੰ ਉੜਾ ਦਿੰਦੇ ਐ । ਉਹ ਮੈਨੂੰ, ਆਪਣੇ ਆਪ ਤੇ ਧੀ ਪੁੱਤ ਨੂੰ ਜੀਊਂਦੇ ਜਾਗਦੇ ਬੰਦੇ ਸਮਝਦੀ ਐ ।

***

ਮੈਨੂੰ ਬੜਾ ਸਕੂਨ ਮਿਲਿਆ ਕਿ ਬੇਟੇ ਨੇ ਸਕੂਲ ਵੱਲੋਂ ਐਨ. ਸੀ. ਸੀ. ਦੇ ਗਰੁੱਪ ਵਿੱਚ ਪੱਕੀ ਰਾਈਫ਼ਲ ਨਾਲ ਨਕਲੀ ਗੋਲ਼ੀਆਂ ਚਲਾ ਕੇ ਨਕਲੀ ਗੋਲ਼.... ਬਿਲਕੁੱਲ ਗੋ–ਅ–ਲ–ਘੇਰਿਆਂ ਵਾਲੇ ਟਾਰਗੈੱਟ ਨੂੰ ਵਿ੍ਹੰਨਣ ਲਈ ਜਾਣਾ ਸੀ ।

''ਬੇਟਾ ਕਿੰਨੀਆਂ ਗੋਲ਼ੀਆਂ ਮਿਲਣੀਆਂ ਹਰ ਇੱਕ ਨੂੰ ?''

''ਪੰਦਰਾਂ ਡੈਡੀ ... ਫ਼ਿਫ਼ਟੀਨ''

''ਬੇਟਾ, ਮੈਂ ਘਰ ਨਾ ਹੋਵਾਂ, ਕੋਈ ਹਮਲਾ ਕਰੇ ਤਾਂ ਬਾਰੀ ਵਿੱਚੀਂ ਨਿਸ਼ਾਨਾ ਬਿ੍ਹੰਨ ਕੇ, ਲੱਤਾਂ, ਪੱਟਾਂ 'ਤੇ ਫ਼ਾਇਰ ਕਰ ਦਵੀਂ '' ਉਹ ਮੈਨੂੰ ਹੋਰੂੰ ਝਾਕਦਾ ਆਪਣੀ ਮਾਂ ਵੱਲ ਵੇਖਣ ਲੱਗਾ ..., ਉਸ ਰਾਤ ਤੋਂ ਬਾਅਦ ਜਦੋਂ ਮੈਂ ਮੰਜੇ 'ਤੇ ਪਿਆ ਹਿੱਲ ਕੇ ਬਚ ਗਿਆ ਸਾਂ... ਬਚ ਕੀ ਗਿਆ ਸਾਂ... ਹਰ ਰਾਤ ਬੰਦੂਕ ਦੀ ਨਾਲੀ ਮੇਰੇ 'ਤੇ ਭਾਰੂ ਹੋ ਜਾਂਦੀ । ਅਫ਼ਸੋਸ ਹੁੰਦਾ ਕਿ ਮੈਂ ਅਜੇ ਤੱਕ ਬੰਦੂਕ ਨਹੀਂ ਖਰੀਦੀ । ਨਾ ਅਸਲਾ ਲਿਆ ਹੈ । ਨਾ ਬੰਦੂਕ ਚਲਾਉਣੀ ਸਿੱਖੀ ਹੈ । ਨਾ ਮੇਰੇ ਘਰ ਵਿੱਚ ਗੈਂਗ ਵਰਗੀ ਕੋਈ ਸੰਸਥਾ ਦੀ ਸਥਾਪਨਾ ਹੋਈ ਹੈ । ਉੱਠੇ ਸਵੇਰੇ । ਸ਼ਾਮ ਨੂੰ ਸੂਰਜ ਢਲ ਗਿਆ । ਥੱਕ ਗਏ... ਥੱਕ ਗਏ...ਥੱਕ ਕੇ ਸੌਂ ਗਏ... ਸੌਂ ਗਏ । ਸੌਣ ਤੋਂ ਪਹਿਲਾਂ ਫੁਆਰੇ ਹੇਠ ਨਾਹ ਕੇ ਤਾਂ ਹੱਡਾਂ 'ਚ ਪਿੱਸੂ ਪੈ ਜਾਂਦੇ ਐ । ਅੱਖਾਂ ਬੰਦ ਕੀਤੀਆਂ ਤੇ ਛੱਡ 'ਤਾ ਫੁਆਰਾ ।

***

ਉਹੀ ਹੋਇਆ ਨਾ । ਹੋ ਗਿਆ ਨਾ ਐਲਾਨ । ਇਹ ਹੋਣਾ ਈ ਸੀ । ਉਹ ਸੁਪਨਾ... ਹਕੀਕਤ ... ਖ਼ਿਆਲ । ਵਧੀਆ ਹੋਇਆ । ਸਭ ਨੂੰ ਜੋ ਅਠਾਰਾਂ ਸਾਲ ਦੀ ਉਮਰ ਤੋਂ ਉੱਤੇ ਦੇ ਹੋਣ ਇੱਕ ਸਿੰਗਲ ਬੈਰਲ ਗੰਨ ਮਿਲਣ ਲੱਗ ਪਈ ਤੇ ਰੋਜ਼ ਦੀਆਂ ਪੰਦਰਾਂ ਗੋਲ਼ੀਆਂ । ਮੁਫ਼ਤ । ਕੋਈ ਲਸੰਸ ਦੀ ਲੋੜ ਨਹੀ । ਨਾ ਟਰੇਨਿੰਗ ਦੀ । ਨਕਲੀ ਟਾਰਗੈੱਟ 'ਤੇ ਕੀ ਸਿੱਖਦਾ ਬੰਦਾ । ਲੱਗੀ ਜੰਗ ਵਿੱਚ ਸਿੱਖਦਾ... ਆਪੇ ਸਿੱਖ ਜਾਣਾ... ਲਾਈਨ ਵਿੱਚ ਖੜ੍ਹ ਕੇ ਅਰਾਮ ਨਾਲ ਮਿਲ ਜਾਂਦੀਆਂ । ਰਾਈਫ਼ਲਾਂ । ਗੋਲ਼ੀਆਂ । ਜਿਵੇਂ ਮਰਜ਼ੀ ਚਲਾਓ । ਭਾਵੇਂ ਹਵਾ 'ਚ ਫ਼ਾਇਰ ਕਰੀ ਜਾਓ । ਦੁਸ਼ਮਣ ਮਾਰੋ...ਦੋਸਤ ਮਾਰੋ... ਹੁਣ ਦਈਂ ਧੋਖਾ ... ਮਾਰਨ ਦਾ ਮਨ ਹੋਵੇ ਮਾਰੋ ...ਬੱਚਾ...ਬੁੱਢਾ...ਮਾਰੋ... ਬਾਰਾ ਸਿੰਗਾ... ਜੰਗਲੀ ਸੂਰ... ਗਸ਼ਤੀ... ਤੇ ਓਹਦਾ ਕਾਂਓਂਟਰਪਾਰਟ 'ਗਸ਼ਤਾ'... ਪੁਲਸੀਆ...ਮਾਰੋ ..ਭੈਂ...ਚੋ. ..ਏਜੰਟ... ਡੀਲਰ... ਲੀਡਰ...ਕਿਸੇ ਨੀਂ ਤੁਹਾਨੂੰ ਪੁੱਛਣਾ ਕੀ ਕਰਦੇ ਓ... ਤੁਸੀਂ ਵੀ ਕਿਸੇ ਨੂੰ ਨਹੀਂ ਪੁੱਛਣਾ... ਆਹ ਬਣੀ ਨਾ ਗੱਲ । ਮੌਜ ਲੱਗ ਗੀ... ਊਈਂ ਰੋਜ਼ ਡਰ ਡਰ ਕੇ ਪੱਦ ਮਾਰੀ ਜਾਓ... ਭੁੱਖੇ ਈ... ਹੁਣ ਆਵੇ ਜਿਹੜਾ ਆਉਂਦਾ ਸਾਲਾ ਮੇਰਾ ਕੁੱਤਾ... ਮੈਂ ਲਾਈਨ 'ਚ ਖੜ੍ਹ ਗਿਆ । ਮੈਨੂੰ ਓਹੀ ਰਾਈਫ਼ਲ ਮਿਲ ਗਈ ਤੇ... ਪੰਦਰਾਂ ਗੋਲ਼ੀਆਂ । ਜੇ ਅਸੀਂ ਚਾਰੇ ਆ ਜਾਂਦੇ ਤਾਂ... ਪੰਦਰਾਂ ਚੌਕੇ ਸੱਠ... ਠਾਹ... ਪਹਿਲੇ ਫ਼ਾਇਰ ਨਾਲ ਈ ਹਿੰਦਸਿਆਂ ਵਿੱਚੋਂ ਜਰਬ ਦਾ ਨਿਸ਼ਾਨ ਉੜਾ ਦਿੱਤਾ । ਹੁਣ ਆਵੇ... ਤੇਰੀ ਦਵਾਂ... ਮੈਂ ਰਾਈਫ਼ਲ ਲਈ ਉੱਡਦਾ ਫਿਰਿਆ... ਠਾਹ... ਔਹ ਗਈ ਉੱਡਦੀ ਨੋਟਾਂ ਦੀ ਗੁੱਥਲੀ... ਦੇਸੀ ਵਿਦੇਸ਼ੀ ਕਰੰਸੀ ਦੇ ਕਰਾਰੇ ਨੋਟ, ਗਿਰ ਗਏ ਨਾ ਪ੍ਰਸ਼ਾਂਤ ਮਹਾਂ ਸਾਗਰ 'ਚ... ਅੱਧੇ ਐਟਲਾਂਟਿਕ 'ਚ ...ਹੈਂ...ਹੈਂ...ਤੂੰ ਇੱਥੇ ਕੀ ਕਰਦਾਂ... ਉਏ ਕਸਾਈਆ... ਹੈਂ... ਸਾਰਗਾਸੋ ਸੀਅ ਉੱਤੇ ਬੈਠਾ ਕੁੱਤਾ ਤੀਮੀਂਆਂ ਦੇ ਜਿਊਂਦੇ ਮੰਮੇ ਤੱਕੜੀ 'ਚ ਤੋਲ ਤੋਲ ਕੇ ਵੇਚ ਰਿਹੈਂ? ਦਵਾਂ ਤੇਰੇ ਇੱਕ ਗੋਲ਼ੀ ਖੜ੍ਹੀ ਕਰ ਕੇ... ਠਾਹ... ਠਾਹ... ਔਹ ਗਿਆ... ਉਸ ਦੀ ਪਿੱਠ 'ਤੇ ਟੰਗਿਆ ਮਰੇ ਸੂਰ ਦੇ ਦੋ ਲਟਕਦੇ ਟੁਕੜਿਆਂ ਵਰਗਾ ਦੁਨੀਆ ਦਾ ਨਕਸ਼ਾ ਪੁਰਜਾ ਪੁਰਜਾ ਹੋ ਗਿਆ । ਪੂਰੇ ਜਲੋਅ ਵਿੱਚ ਵੀ ਮੈਂ ਹੱਸ ਪਿਆ... ਮੇਰੀਆਂ ਅੱਖਾਂ ਅੱਡੀਆਂ ਈ ਰਹਿ ਗਈਆਂ । ਦਸ ਹਜ਼ਾਰ... ਆਹ ਕੀ?... ਪੰਜ ਹਜ਼ਾਰ... ਦੋ ਹਜ਼ਾਰ... ਬੀ. ਸੀ.? ਪੰਦਰਵੀਂ, ਸੋਲਵੀਂ, ਵੀਹਵੀਂ... ਇੱਕੀਵੀਂ... ਸਦੀਆਂ ਨੇ... ਠਾਹ... ਜ਼ੀਰੋ ਈ ਰਹਿ ਗਿਆ । ਟਾਹਲੀ 'ਤੇ ਲਟਕਦੇ ਵਧੀਆ ਕਿਸਮ ਦੀ ਸਭ ਤੋਂ ਮਹਿੰਗੀ ਖਾਦੀ ਦਾ ਬੋਰਡ 'ਲੀਡਰਾਂ ਦੀ ਸ਼ਾਨ' ਠਾਹ.... ਚੋਰੀ ਕੀਤੀ ਕਣਕ ਦੇ ਖਾਲੀ ਵੱਢ ਵਿੱਚ ਖੂੰਜੇ ਲੱਗਿਆ ਇੱਖ ਦੀ ਓਟ 'ਚ ਮੁੱਠ ਮਾਰਦਾ ਮੁੰਡਾ... ਹੂੰ ਸਾਲੇ ਤੋਂ ਨਾਲਾ ਵੀ ਨੀਂ ਬੰਨ੍ਹ ਹੋਇਆ... ਕਾਹਨੂੰ ਕਣਕ ਦਾ, ਘੀ ਦਾ, ਪਨੀਰ ਦਾ ਭਰਿਆ ਜਹਾਜ਼ ਸਮੁੰਦਰ 'ਚ ਡੁਬੋਣ ਲੱਗੇ ਓਂ... ਰਹਿਣ ਦਿਓ ... ਅਸੀਂ ਆਪੇ ਚੋਰੀ ਕਰ ਲਵਾਂਗੇ...

ਤੁਸੀਂ ਕੋਣ ਓ... ''ਅਸੀਂ ਜੀ ਸੇਵਾਦਾਰ ਆਂ'' ਅੱਛਿਆ ਓਏਅਅ... ਰੁੱਕ ਜਾ । ਜੇਲ੍ਹ 'ਚੋਂ ਕਾਹਨੂੰ ਭੱਜ ਆਇਆ, ਓ ਬੇਅਕਲ... ਓਥੇ ਰੋਟੀ ਤਾਂ ਮਿਲਦੀ ਸੀ । ਆ ਗਿਆ ਬਾਹਰ ...ਆਹ ਦੇਖ ਨਫ਼ਰੀ ਬਾਹਰ । ਕੁੱਲ ਧਰਤੀ ਦੀ ਪੈਦਾਵਾਰ ਇਨ੍ਹਾਂ ਦੇ ਢਿੱਡਾਂ ਨੇ ਚੋਰੀ ਕਰ ਕਰ ਕੇ ਹਗ ਦਿੱਤੀ... ਜੰਮੀ ਜਾਂਦੇ... ਮਰੀ ਜਾਂਦੇ । ਮੁਕਤੀ ਮਾਰਗ... ਮੋਖਸ਼... ਠਾਹ... ਪਰੋਹਿਤ ਬ੍ਰਾਹਮਣ ਦੀਆਂ ਸਾਰੀਆਂ ਜਨਮ ਪੱਤਰੀਆਂ ਤੇ ਉਨ੍ਹਾਂ ਦੇ ਮਾਲਕ ਸੜ ਕੇ ਸੁਆਹ ਹੋ ਗਏ । ਧਰਮ ਦੀਆਂ ਘੰਟੀਆਂ ਟਨ ਟਨਾ ਟਨ ਟਨ ।

''ਪੈਸਾ ਦੇ ਨਾ ਬਾਬਾ ''

''ਥੂਹ'' ਕਾਹਨੂੰ ਗੋਲ਼ੀ ਖ਼ਰਾਬ ਕਰਨੀ ।

''ਓਮ... ਸਾਂਤੀ?''

''ਡੈਡੀ ਜੀ, ਬੱਸ ਕਰੋ''

''ਸਾਂਤੀ ਦਾ ਨੋਬਲ ਪੁਰਸਕਾਰ ਮਿਲਣਾ? ਮਹਾਤਮਾ ਗਾਂਧੀ ਨੂੰ ਨੀਂ ਮਿਲਿਆ?!!''

ਢਲਦੇ ਸੂਰਜ ਮੈਂ ਕਬਰਿਸਤਾਨ 'ਚ ਜਾ ਵੜਿਆ । ਥੱਕ ਗਿਆ । ਭਾਰੀ ਰਾਈਫ਼ਲ ਨੇ ਮੋਢੇ ਥਕਾ ਦਿੱਤੇ । ਸੱਜੀ ਪਹਿਲੀ ਉਂਗਲ ਦੁਖਣ ਲੱਗ ਪਈ । ਅੱਖਾਂ 'ਚ ਥਕਾਵਟ... ਦੇਖ ਨਹੀਂ ਹੁੰਦਾ ਚੱਜ ਨਾਲ..., ਫੇਰ ਵੀ ਕਬਰਾਂ ਉੱਤੇ ਮੁਰਦਿਆਂ ਦੇ ਸਿਰਾਂ ਵੱਲ ਲੱਗੇ ਨਾਂਵਾਂ ਦੇ ਬੋਰਡ ਪੜ੍ਹੇ ਜਾ ਸਕਦੇ ਸਨ । ਅੱਖਰ ਮੋਟੇ ਸਨ । ਕਿੰਨੇ ਹੀ ਅਹਿਲਕਾਰ... ਮੁਸਲਮਾਨ... ਅੰਗਰੇਜ਼... ਇੰਡੀਅਨ... ਸਭ ਦੇ ਨਾਂਓ, ਅਹੁਦੇ, ਸਮੇਂ, ਪੱਥਰਾਂ 'ਚ ਉੱਕਰੇ ਹੋਏ । ਜਿਵੇਂ ਦਫ਼ਤਰਾਂ ਵਿੱਚ ਅਫ਼ਸਰਾਂ ਦੀਆਂ ਪਿੱਠਾਂ ਪਿੱਛੇ ਬੋਰਡ ਲਟਕਾਏ ਹੁੰਦੇ ਐ । ਮੈਂ ਮੱਥੇ 'ਤੇ ਹੱਥ ਮਾਰਿਆ ... ਇਹ 'ਕੰਮ' ਕੋਈ ਸਿਰ ਫਿਰਿਆ ਮੇਰੇ ਤੋਂ ਪਹਿਲਾਂ ਕਰ ਗਿਆ ਸੀ ।

***

ਕਿੰਨੇ ਦਿਨ, ਮਹੀਨੇ ਹੋ ਗਏ ਮਾਰੋ ਮਾਰੀ ਕਰਦੇ ਨੂੰ ... ਰਾਈਫ਼ਲ ਵੀ ਥਿੰਦੀ ਹੋ ਗਈ... ਨਹਾਇਆ ਵੀ ਨਹੀ... ਫ਼ਾਇਰਿੰਗ ਤੋਂ ਥੱਕ ਕੇ ਫੁਆਰੇ ਹੇਠ ਨਹਾਉਂਦਿਆਂ ਮੈਂ ਚੱਕਰ 'ਚ ਪੈ ਗਿਆ ਕਿ ਕੱਲ ਦੀ ਹਿੱਟ ਲਿਸਟ ਹੁਣੇ ਬਣਾਵਾਂ ਕਿ ਤੜਕੇ ਉੱਠ ਕੇ... ਖੂਬ ਸਾਬਣ ਮਲਿਆ... ਠਾਹ... ਠਾਹ... ਠਾਹ... ਸਿਰ ਤੋਂ ਸਾਫ਼ ਪਾਣੀ ਸਾਬਣ ਦੀ ਝੱਗ ਵਿੱਚ ਘੁਲੀ ਪੂਰੇ ਪਿੰਡੇ ਦੀ ਮੈਲ ਸਰੀਰ ਦੇ ਅੰਗਾਂ ਉੱਤੋਂ ਗੰਦ ਸਮੇਤ ਧੂੰਹਦਾ ਪੈਰਾਂ ਕੋਲੋਂ ਬੇਹੱਦ ਮੈਲਾ ਹੋਇਆ ਗੁੜ ਗੁੜ ਕਰਦਾ ਨਾਲੀਆਂ 'ਚ ਵੜਦਾ... ਆਹ... ਹਾ... ਕਿੰਨਾ ਸੋਹਣਾ ਲੱਗਦਾ... ਕਿੰਨਾ ਹੁਸੀਨ ਦ੍ਰਿਸ਼... ਕਿਆ ਬਾਤ ਐ... ਸਭ ਕੁਝ ਸਾਫ਼... ਠਾਹ... ਪਾਣੀ ਦੀ ਟੂਟੀ ਉੱਡ ਗਈ । ਅੱਖਾਂ ਬੰਦ ਕੀਤੀਆਂ । ਖ੍ਹੋਲੀਆਂ । ਬੜੀ ਜਲੂਣ ਐ ਅੱਖਾਂ 'ਚ । ਫੇਰ ਅਫਸੋਸ ਹੋਇਆ ਕਿ ਮੇਰੇ ਪੌਣੇ ਛੇ ਫੁੱਟ ਦੇ ਜੁਆਨ ਮੁੰਡੇ ਤੋਂ ਗੋਲ਼ ਨਕਲੀ ਕਾਗਜ਼ ਦੇ ਘੇਰਿਆਂ ਵਾਲੇ ਟਾਰਗੈੱਟ ਵਿੱਚ ਇੱਕ ਵੀ ਗੋਲ਼ੀ ਨਹੀਂ ਸੀ ਦਾਗੀ ਗਈ...

ਓਅ!! ਹੋਅ!! ਹਾਂ... ਯਾਦ ਆਇਆ... ਇੱਕ ਭੱਦਰ ਪੁਰਸ਼ ਜਿਹਾ ਬੰਦਾ ਕਿਸੇ ਭਖ਼ਦੇ ਦੁਪਿਹਰੇ ਸਮਸ਼ਾਨਘਾਟ ਵਿੱਚ ਮੇਰੀ ਪਿੱਠ ਪਿੱਛੇ ਖੜ੍ਹਾ ਕੁਝ ਬੋਲਿਆ ਸੀ । ਮੈਂ ਗਰਮੀ, ਪਿੰਡੇ ਦੀ ਬੋਅ ਤੇ ਤ੍ਰੇਹ ਨਾਲ ਸਤਿਆ ਪਿਆ ਸਾਂ... ਸਾਹ 'ਤੇ ਸਾਹ ਚੜਿ੍ਹਆ... ਮੈਂ ਉਦੋਂ ਉਸ ਨੂੰ ਟਰਕਾ ਦਿੱਤਾ ਸੀ... ਕੀ ਕਿਹਾ ਸੀ ਉਸ...

''ਕਿੰਨੀਆਂ ਬਚੀਆਂ ਗੋਲ਼ੀਆਂ? ਅੱਜ?''

''ਠਹਿਰ ਅਜੇ... ਫੇਰ ਗਿਣਦੇ ਆਂ...''

''ਇੱਕ ਗੋਲ਼ੀ ਜ਼ਰੂਰ ਬਚਾ ਕੇ ਰੱਖੀਂ...''

''ਕੱਲ ਨੂੰ ਹੋਰ ਮਿਲਣੀਆਂ... ਪੰਦਰਾਂ...''

''ਰਾਤ ਕੱਟਣੀ ਬੜੀ ਔਖੀ ਹੁੰਦੀ ਏ । ਅੱਜ ਕਿੰਨੇ ਮਾਰੇ? ''

''ਗਿਣੇ ਨਹੀਂ''

''ਅੱਜ ਤੱਕ ਕਿੰਨੇ ਮਾਰੇ? ''

''ਗਿਣੇ ਨਹੀਂ''

''ਤੈਨੂੰ ਕਿਸੇ ਨਹੀਂ ਮਾਰਿਆ? ''

''???'', ਉਸ ਦੀ ਸਿਆਣਪ ਉੱਤੇ ਰਸ਼ਕ ਆਇਆ ।

''ਤੈਨੂੰ ਪਤਾ ਤੂੰ ਮੁਜ਼ਰਿਮ ਏਾ? ''

''ਹਾਂ''

''ਇੱਕ ਗੋਲ਼ੀ ਹਮੇਸ਼ਾ ਬਚਾ ਕੇ ਰੱਖੀਂ!! ਸੁਣਿਆ ਤੂੰ? ''

''ਅੱਛਿਆ, ਪਰ ਕਿਓਂ?? ''

'' ਆਪਣੇ ਵਾਸਤੇ...''

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •