Ik Tota Jannat (Punjabi Story) : Ashok Vasishth

ਇਕ ਟੋਟਾ ਜੰਨਤ (ਕਹਾਣੀ) : ਅਸ਼ੋਕ ਵਾਸਿਸ਼ਠ

“ਮੰਮੀ, ਤੁਹਾਡਾ ਟਿਫਨ।”
“ਰੱਖ ਦੇ ਇਥੇ।”
“ਰੱਖ ਨਹੀਂ ਦੇ, ਲੈ ਕੇ ਜਾਣਾ ਏ, ਕਿੱਥੇ ਹੈ ਤੁਹਾਡਾ ਬੈਗ, ਮੈਂ ਆਪ ਪਾ ਦਿੰਦੀ ਹਾਂ ਉਸ ਵਿਚ।”
“ਨਹੀਂ ਮੈਂ ਪਾ ਲਊਂ, ਤੂੰ ਫਿਕਰ ਨਾ ਕਰ।”
“ਮੈਂ ਫਿਕਰ ਕਿਉਂ ਨਾ ਕਰਾਂ? ਵਾਰ-ਵਾਰ ਕਹਿਣਾ ਪੈਂਦਾ। ਫਿਰ ਵੀ ਤੁਸੀਂ ਟਿਫਨ ਲਿਜਾਣਾ ਭੁੱਲ ਜਾਂਦੇ ਓਂ।”
“ਲੈ ਜਾਊਂ ਮੇਰੀ ਅੰਮਾ!” ਸਵੀਟੀ ਦੀ ਜਿਦ ਅੱਗੇ ਹਾਰ ਮੰਨਦੀ ਸੁੱਖੀ ਕੁਰਸੀ ਤੋਂ ਉਠੀ ਤੇ ਟਿਫਨ ਬੈਗ ਵਿਚ ਰਖਦਿਆਂ ਬੋਲੀ, “ਲੈ ਹੁਣ ਤਾਂ ਖੁਸ਼ ਐਂ?”
“ਨਹੀਂ ਅਜੇ ਨਹੀਂ, ਸ਼ਾਮ ਨੂੰ ਦੇਖਾਂਗੀ, ਤੁਸੀਂ ਮੇਰਾ ਕਿਹਾ ਕਿੰਨਾ ਕੁ ਮੰਨਿਆ।”
“ਇਹ ਵੀ ਕਹਿਣ ਵਾਲੀ ਗੱਲ ਐ! ਜੇ ਟਿਫਨ ਲਿਜਾ ਰਹੀ ਆਂ ਤਾਂ ਮਤਲਬ ਐ, ਮੈਂ ਰੋਟੀ ਖਾ ਲਵਾਂਗੀ।”
“ਹਾਂ, ਮਤਲਬ ਤਾਂ ਇਹੋ ਹੋਣਾ ਚਾਹੀਦਾ, ਪਰ ਇੰਜ ਹੁੰਦਾ ਨਹੀਂ, ਕਈ-ਕਈ ਦਿਨ ਟਿਫਨ ਭਰਿਆ ਹੀ ਵਾਪਸ ਆਉਂਦੈ। ਤੁਹਾਨੂੰ ਤਾਂ ਆਪਣਾ ਖਿਆਲ ਨਹੀਂ ਪਰ...।” ਕਹਿੰਦਿਆਂ ਸਵੀਟੀ ਰੁਕ ਗਈ ਤੇ ਉਹਦੀਆਂ ਅੱਖਾਂ ‘ਚੋਂ ਪਰਲ ਪਰਲ ਹੰਝੂ ਕਿਰਨ ਲੱਗੇ।
“ਨਾ ਮੇਰੀ ਧੀ, ਇੰਜ ਨਹੀਂ ਰੋਈਦਾ। ਤੂੰ ਜਿੱਦਾਂ ਕਿਹੈ, ਮੈਂ ਓਦਾਂ ਈ ਕਰੂੰ, ਭੋਰਾ ਫਿਕਰ ਨਾ ਕਰ। ਮਜਾਲ ਏ, ਅੱਜ ਤੈਨੂੰ ਸ਼ਿਕਾਇਤ ਦਾ ਮੌਕਾ ਦਿਆਂ।” ਸਵੀਟੀ ਨੂੰ ਕਲਾਵੇ ‘ਚ ਲੈਂਦਿਆਂ ਸੁੱਖੀ ਉਸ ਦਾ ਸਿਰ ਪਲੋਸਣ ਲੱਗੀ। ਉਸ ਦੀਆਂ ਗੱਲ੍ਹਾਂ ‘ਤੇ ਪਈ ਹੰਝੂਆਂ ਦੀ ਲੀਕ ਤੱਕ, ਉਸ ਹੋਰ ਜੋਰ ਨਾਲ ਸਵੀਟੀ ਨੂੰ ਘੁੱਟ ਲਿਆ ਤੇ ਹੌਲੀ ਜਿਹੇ ਕਹਿਣ ਲੱਗੀ, “ਤੂੰ ਜਾਣਦੀ ਈ ਏਂ, ਮੈਂ ਇਨ੍ਹੀਂ ਦਿਨੀਂ ਕਿਹੜਾ ਸੰਤਾਪ ਹੰਢਾ ਰਹੀ ਆਂ! ਦੱਸ ਮੈਂ ਵੀ ਕੀ ਕਰਾਂ? ਮੁੜ-ਘਿੜ ਉਹ ਚੰਦਰਾ ਯਾਦ ਆਉਂਦਾ ਤੇ ਮੈਂ ਉਸ ਵਿਚ ਗੁਆਚ ਜਾਂਦੀ ਆਂ। ਪਤਾ ਹੀ ਨਹੀਂ ਲਗਦਾ ਕਦ ਦਿਨ ਖਤਮ ਹੋ ਗਿਆ ਤੇ ਕਦ ਘਰ ਪਰਤ ਵੀ ਆਉਨੀਂ ਆਂ, ਟਿਫਨ ਦੀ ਉਘ-ਸੁੱਘ ਹੀ ਨਹੀਂ ਰਹਿੰਦੀ, ਪਰ ਅੱਜ ਅਜਿਹਾ ਨਹੀਂ ਹੋਵੇਗਾ, ਵਾਅਦਾ ਰਿਹਾ।”
“ਮੈਂ ਜਾਣਦੀ ਹਾਂ ਮਾਂ, ਤੂੰ ਜਾਣ ਬੁਝ ਕੇ ਇੰਜ ਨਹੀਂ ਕਰਦੀ। ਹਾਲ ਮੇਰਾ ਵੀ ਤੇਰੇ ਜਿਹਾ ਏ, ਮੈਨੂੰ ਵੀ ਪਾਪਾ ਬਹੁਤ ਯਾਦ ਆਉਂਦੇ ਨੇ, ਹਰ ਵੇਲੇ ਸੁੱਤਿਆਂ ਜਾਗਦਿਆਂ, ਉਹ ਮੇਰੀਆਂ ਅੱਖਾਂ ਅੱਗੇ ਘੁੰਮਦੇ ਰਹਿੰਦੇ ਨੇ। ਪਾਪਾ ਸੱਚਮੁਚ ਬਹੁਤ ਚੰਗੇ ਸਨ, ਹਰ ਕਿਸੇ ਨਾਲ ਪਿਆਰ ਕਰਨ ਵਾਲੇ, ਲੜਾਈ-ਝਗੜਾ ਕਰਨਾ ਤਾਂ ਉਹ ਜਾਣਦੇ ਹੀ ਨਹੀਂ ਸਨ। ਦਫਤਰ ਵਾਲੇ ਵੀ ਬਹੁਤ ਯਾਦ ਪਏ ਕਰਦੇ ਨੇ, ਰਿਸ਼ਤੇਦਾਰਾਂ ਦੀ ਗੱਲ ਛੱਡੋ, ਉਨ੍ਹਾਂ ਤਾਂ ਯਾਦ ਕਰਨਾ ਹੀ ਹੋਇਆ।”
ਸਵੀਟੀ ਨੇ ਇਕ ਵਾਰ ਫਿਰ ਮਾਂ ਨੂੰ ਪਿਆਰ ਕੀਤਾ, ਕੰਧ ‘ਤੇ ਲੱਗੀ ਘੜੀ ਦੇਖੀ, ਦਫਤਰ ਦਾ ਸਮਾਂ ਹੋ ਚੁਕਾ ਸੀ। ਮਾਂ ਦੇ ਬੈਗ ਵਿਚ ਪਏ ਟਿਫਨ ਨੂੰ ਦੇਖ ਉਸ ਨੂੰ ਸਕੂਨ ਮਿਲਿਆ ਤੇ “ਚੰਗਾ, ਹੁਣ ਮੈਂ ਚਲਦੀ ਹਾਂ, ਦਫਤਰ ਦਾ ਸਮਾਂ ਹੋ ਗਿਐ। ਆਪਣਾ ਖਿਆਲ ਰੱਖੀਂ।” ਕਹਿੰਦਿਆਂ ਮਾਂ ਦੇ ਗੱਲ ਲੱਗ ਉਹ ਚਲੀ ਗਈ।

“ਸੁੱਖੀ, ਕੀ ਕਰਦੀ ਪਈ ਏਂ?”
“ਕੁਝ ਨਹੀਂ, ਇਕ ਸੂਟ ਦੇ ਗਏ ਸਨ, ਬੀਜੀ ਜਾਂਦੇ ਹੋਏ, ਉਹ ਪ੍ਰੈਸ ਕਰ ਰਹੀ ਆਂ। ਤੁਸੀਂ ਦੱਸੋ, ਕੋਈ ਕੰਮ ਹੈ?”
“ਹਾਂ, ਕੰਮ ਤਾਂ ਬਹੁਤ ਹੈ ਤੇ ਉਹ ਵੀ ਤੇਰੇ ਗੋਚਰਾ, ਤੂੰ ਹੀ ਕਰਦੀ ਏਂ।”
“ਹੱਛਾ!” ਸੁੱਖੀ ਰਾਜ ਬਾਬੂ ਦੀ ਮਨਸ਼ਾ ਸਮਝ ਗਈ ਸੀ। ਇਹ ਤਾਂ ਰੋਜ ਦੀ ਗੱਲ ਸੀ। ਸ਼ਾਇਦ ਹੀ ਕਦੇ ਨਾਗਾ ਪੈਂਦਾ ਹੋਊ। ਬੀਜੀ ਘਰ ਨਾ ਹੁੰਦੇ ਤਾਂ ਦੋ-ਦੋ ਸ਼ਿਫਟਾਂ ਵੀ ਲੱਗ ਜਾਂਦੀਆਂ। ਦੋਵੇਂ ਇਕੱਲੇ ਸਨ, ਸਭ ਆਪੋ ਆਪਣੇ ਕੰਮਾਂ ‘ਤੇ ਗਏ ਸਨ, ਬੀਜੀ ਦਾ ਭਰਾ ਕਲ੍ਹ ਆਇਆ ਸੀ ਤੇ ਜਾਂਦਾ ਹੋਇਆ ਉਹ ਉਨ੍ਹਾਂ ਨੂੰ ਵੀ ਇਹ ਆਖ ਆਪਣੇ ਨਾਲ ਲੈ ਗਿਆ, ‘ਭੈਣ ਜੀ ਕੁਝ ਦਿਨ ਸਾਡੇ ਕੋਲ ਰਹਿ ਲੈਣਗੇ।’ ਉਸ ਜਦ ਤੋਂ ਹੋਸ਼ ਸੰਭਾਲਿਆ, ਇਹੋ ਕੁਝ ਹੁੰਦਾ ਦੇਖਿਆ ਸੀ। ਕਹਿ ਨਹੀਂ ਸਕਦੀ, ਅਰੰਭ ਕਦੋਂ ਹੋਇਆ ਸੀ। ਇਕ ਧੁੰਦਲੀ ਜਿਹੀ ਯਾਦ ਬਾਕੀ ਸੀ, ਜਦੋਂ ਰਾਜ ਬਾਬੂ ਨੇ ਉਸ ਨੂੰ ਪਹਿਲੀ ਵਾਰ ਆਪਣੀਆਂ ਬਾਹਾਂ ਵਿਚ ਲਿਆ ਸੀ। ਪਿਤਾ ਜੀ ਉਸ ਸਮੇਂ ਕੰਮ ‘ਤੇ ਗਏ ਹੋਏ ਸਨ। ਰਾਜ ਬਾਬੂ ਆਏ, ਪੁੱਛਣ ਲੱਗੇ, ‘ਤੂੰ ਕੁਝ ਖਾਧਾ-ਪੀਤਾ ਵੀ ਏ ਸੁੱਖੀ?’ ਉਨ੍ਹਾਂ ਉਸ ਦੀ ਪਿੱਠ ਪਲੋਸੀ, ਗੋਦ ਵਿਚ ਬਹਾਇਆ ਤੇ ਕਿੰਨੀ ਦੇਰ ਤਕ ਉਸ ਦਾ ਮੂੰਹ ਚੁੰਮਦੇ ਰਹੇ, ਪਿੰਡੇ ‘ਤੇ ਹੱਥ ਫੇਰਦੇ ਰਹੇ। ਵਧੇਰੇ ਜੋਸ਼ ਆਉਂਦਾ ਤਾਂ ਹੋਰ ਘੁੱਟ ਲੈਂਦੇ, ਉਸ ਦੇ ਬਾਲ ਮਨ ਨੂੰ ਅਜੇ ਇਸ ਸਭ ਦੀ ਸੋਝੀ ਨਹੀਂ ਸੀ, ਇਹ ਉਨ੍ਹਾਂ ਦਿਨਾਂ ਦੀ ਗੱਲ ਏ ਜਦ ਇਕ ਨਵਾਂ ਜੀ ਉਨ੍ਹਾਂ ਦੇ ਘਰ ਆ ਰਿਹਾ ਸੀ। ਮਾਂ ਦੀ ਹਾਲਤ ਠੀਕ ਨਹੀਂ ਸੀ, ਉਹ ਹਸਪਤਾਲ ਦਾਖਲ ਸੀ। ਕੀ ਡਾਕਟਰ, ਕੀ ਨਰਸਾਂ ਤੇ ਕੀ ਘਰ ਵਾਲੇ-ਸਾਰੇ ਘਾਬਰੇ ਹੋਏ ਸਨ। ਪੂਰਾ ਯਤਨ ਕਰਨ ‘ਤੇ ਵੀ ਜੱਚਾ ਅਤੇ ਬੱਚਾ ਦੇਖਦਿਆਂ ਹੀ ਦੇਖਦਿਆਂ ਕਾਲ ਵਸ ਹੋ ਗਏ ਸਨ।
ਇਸ ਦੁੱਖ ਦੀ ਘੜੀ ਰਾਜ ਬਾਬੂ ਪਿਤਾ ਜੀ ਦੇ ਅੰਗ-ਸੰਗ ਰਹੇ। ਸੱਚੀ ਗੱਲ ਤਾਂ ਇਹ ਹੈ ਕਿ ਪਿਤਾ ਜੀ ਤੋਂ ਛੁੱਟ ਰਾਜ ਬਾਬੂ ਦਾ ਵੀ ਇਸ ਦੁਨੀਆਂ ਵਿਚ ਕੋਈ ਨਹੀਂ ਸੀ। ਉਹ ਮਾਂ-ਪਿਓ ਬਾਹਰੇ ਸਨ। ਵੱਡੇ ਭਾਈ ਸਮਾਨ ਆਪਣੇ ਮਿੱਤਰ ਦੇ ਚਲਾਣੇ ਮਗਰੋਂ ਪਿਤਾ ਜੀ ਨੇ ਹੀ ਉਨ੍ਹਾਂ ਨੂੰ ਪਾਲਿਆ, ਪੜ੍ਹਾਇਆ-ਲਿਖਾਇਆ, ਪੈਰਾਂ ‘ਤੇ ਖੜਾ ਕੀਤਾ ਤੇ ਵਿਆਹ ਕੀਤਾ। ਇਸ ਲਈ ਦੋਵੇਂ ਇਕ-ਦੂਜੇ ਦਾ ਸਹਾਰਾ ਸਨ। ਮਾਂ ਦੇ ਜਾਣ ਨਾਲ ਪਿਤਾ ਜੀ ਬੁਰੀ ਤਰ੍ਹਾਂ ਟੁੱਟ ਗਏ ਸਨ। ਉਨ੍ਹਾਂ ਦੇ ਮੂੰਹੋਂ ਵਾਰ-ਵਾਰ ਇਹੋ ਨਿਕਲਦਾ, ‘ਇਸ ਮਾਂ ਬਾਹਰੀ ਬੱਚੀ ਦਾ ਕੀ ਬਣੂ! ਜੇ ਕਲ੍ਹ ਨੂੰ ਮੈਨੂੰ ਕੁਝ ਹੋ ਗਿਆ ਤਾਂ ਕੌਣ ਸਾਂਭੂ ਇਸ ਬਾਲੜੀ ਨੂੰ?’
“ਤੁਸੀਂ ਕੀ ਪਏ ਗੱਲਾਂ ਕਰਦੇ ਓ ਚਾਚਾ ਜੀ, ਸੁੱਖੀ ਮੇਰੀ ਵੀ ਤਾਂ ਲਗਦੀ ਏ ਕੁਝ! ਤੱਤੀ ਵਾ ਨਹੀਂ ਲੱਗਣ ਦਿਆਂਗਾ ਉਸ ਨੂੰ, ਫਿਕਰ ਨਾ ਕਰੋ ਤੁਸੀਂ।”
“ਗੱਲ ਤਾਂ ਤੇਰੀ ਸੋਲਾਂ ਆਨੇ ਠੀਕ ਹੈ, ਪਰ ਭਲਿਆ ਲੋਕਾ, ਵਕਤ ਦਾ ਕੁਝ ਪਤਾ ਨਹੀਂ ਹੁੰਦਾ।” ਰਾਜ ਬਾਬੂ ਵਲੋਂ ਹੌਸਲਾ ਦੇਣ ‘ਤੇ ਵੀ ਪਿਤਾ ਜੀ ਦੇ ਮੂੰਹੋਂ ਬਦੋਬਦੀ ਇਹ ਬੋਲ ਨਿਕਲੇ ਸਨ।

ਸੁੱਖੀ ਮਸਾਂ ਸੱਤ-ਅੱਠ ਵਰ੍ਹਿਆਂ ਦੀ ਸੀ ਜਦ ਪਿਤਾ ਜੀ ਵੀ ਉਸ ਦਾ ਸਾਥ ਛੱਡ ਸੁਰਗਾਂ ਦੇ ਵਾਸੀ ਹੋ ਗਏ ਸਨ। ਰਾਜ ਬਾਬੂ ਨੇ ਉਨ੍ਹਾਂ ਦਾ ਮਕਾਨ ਕਿਰਾਏ ‘ਤੇ ਦੇ ਦਿੱਤਾ ਤੇ ਉਹਨੂੰ ਆਪਣੇ ਘਰ ਲੈ ਗਏ। ਉਂਜ ਵੀ ਹੋਰ ਕੋਈ ਸਹਾਰਾ ਨਹੀਂ ਸੀ ਉਸ ਦਾ। ਰਾਜ ਬਾਬੂ ਨੇ ਹੀ ਉਸ ਨੂੰ ਪੜ੍ਹਾਇਆ, ਪਾਲਿਆ-ਪੋਸਿਆ ਤੇ ਪਿਤਾ ਦੀ ਜਿੰਮੇਵਾਰੀ ਨਿਭਾਈ। ਘਰ ਵਿਚ ਸਣੇ ਬੀਜੀ ਦੇ ਕਿਸੇ ਦੀ ਮਜਾਲ ਨਹੀਂ ਸੀ ਕਿ ਉਸ ਨੂੰ ਕੈਰੀ ਅੱਖ ਨਾਲ ਦੇਖੇ, ਉਸ ਨਾਲ ਮੰਦਾ ਬੋਲੇ ਜਾਂ ਬਦਸਲੂਕੀ ਕਰੇ। ਕਿਸੇ ਚੀਜ਼ ਦੀ ਥੋੜ੍ਹ ਨਹੀਂ ਸੀ। ਉਸ ਨੂੰ ਕਦੇ ਲੱਗਿਆ ਹੀ ਨਹੀਂ ਸੀ ਕਿ ਉਹ ਅਨਾਥ ਹੈ।
ਰਾਜ ਬਾਬੂ ਦੇ ਖਾਸ ਮੋਹ ਅਤੇ ਹਰ ਸਮੇਂ ਉਸ ਦਾ ਖਿਆਲ ਰੱਖਣ ਦੀ ਭਾਵਨਾ ਪਿਛੇ ਕੰਮ ਕਰਦਾ ਕਾਰਨ ਹੁਣ ਉਸ ਦੀਆਂ ਨਜ਼ਰਾਂ ਤੋਂ ਗੁੱਝਾ ਨਹੀਂ ਰਿਹਾ ਸੀ। ਪਹਿਲਾਂ-ਪਹਿਲ ਭਾਵੇਂ ਉਸ ਨੂੰ ਓਪਰਾ ਲਗਦਾ ਰਿਹਾ ਪਰ ਜਵਾਨੀ ਦੀਆਂ ਦਹਿਲੀਜ਼ਾਂ ‘ਚ ਪੈਰ ਧਰਦੇ-ਧਰਦੇ ਉਹ ਨਾ ਕੇਵਲ ਗੇਝੇ ਪੈ ਗਈ ਸੀ ਸਗੋਂ ਉਸ ਨੂੰ ਚੰਗਾ-ਚੰਗਾ ਲੱਗਣ ਲੱਗਾ। ਉਂਜ ਵੀ ਉਹ ਕਰ ਕੁਝ ਨਹੀਂ ਸੀ ਸਕਦੀ। ਇਹ ਉਸ ਦੀ ਹੋਣੀ ਸੀ ਤੇ ਉਹਨੇ ਉਸ ਅੱਗੇ ਹਥਿਆਰ ਸੁੱਟ ਦੇਣ ਵਿਚ ਹੀ ਆਪਣੀ ਬਿਹਤਰੀ ਮੰਨ ਲਈ ਸੀ। ਬੱਚੇ ਵੱਡੇ ਹੋ ਚੁਕੇ ਸਨ। ਬੀਜੀ ਕਈ ਤਰ੍ਹਾਂ ਦੇ ਸਮਾਜੀ ਤੇ ਸਭਿਆਚਰਕ ਸੰਗਠਨਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਪਾਸ ਇਹ ਜਾਣਨ ਲਈ ਸਮਾਂ ਹੀ ਨਹੀਂ ਸੀ ਕਿ ਪਿੱਛੋਂ ਘਰ ਵਿਚ ਕੀ ਹੁੰਦਾ ਹੈ ਤੇ ਕੀ ਨਹੀਂ! ਆਮ ਤੌਰ ‘ਤੇ ਮੈਦਾਨ ਸਾਫ ਹੁੰਦਾ ਜਾਂ ਕਿਸੇ ਨਾ ਕਿਸੇ ਬਹਾਨੇ ਸਾਫ ਕਰ ਲਿਆ ਜਾਂਦਾ।
“ਚੰਗਾ ਹੁਣ ਤੂੰ ਵੀ ਆਰਾਮ ਕਰ” ਕਹਿ ਕੇ ਰਾਜ ਬਾਬੂ ਕੰਮ ਵਾਲੀ ਬਾਈ ਨੂੰ ਜਾਣ ਲਈ ਕਹਿ ਦਿੰਦੇ। ਸੁੱਖੀ ਨੂੰ ਬਿਸਤਰ ‘ਤੇ ਸੁੱਟ ਰਾਜ ਬਾਬੂ ਬੁਰੀ ਤਰ੍ਹਾਂ ਚਿੰਬੜ ਜਾਂਦੇ ਉਸ ਨਾਲ। ਗੱਲ ਚੁੰਮਾ ਚੱਟੀ ਤੋਂ ਬਹੁਤ ਅੱਗੇ ਲੰਘ ਚੁਕੀ ਸੀ।

“ਕੀ ਸੋਚਿਐ ਤੁਸਾਂ, ਸੁੱਖੀ ਬਾਰੇ?”
“ਸੋਚਣਾ ਕੀ ਐ, ਠੀਕ-ਠਾਕ ਐ।”
“ਇਹ ਗੱਲ ਨਹੀਂ, ਉਹ ਹੁਣ ਵੱਡੀ ਹੋ ਗਈ ਏ, ਵਿਆਹ ਦੀ ਉਮਰ ਏ, ਤੁਸੀਂ ਸਾਰੀਆਂ ਜਿੰਮੇਵਾਰੀਆਂ ਪੂਰੀਆਂ ਕੀਤੀਆਂ ਹਨ, ਹੁਣ ਇਹ ਜਿੰਮੇਵਾਰੀ ਵੀ ਪੂਰੀ ਕਰ ਛੱਡੋ, ਰਾਜੀ ਖੁਸ਼ੀ ਆਪਣੇ ਘਰ ਜਾਵੇ, ਸੁਖੀਂ ਵੱਸੇ।”
“ਗੱਲ ਤਾਂ ਤੇਰੀ ਠੀਕ ਐ।” ਕਹਿਣ ਨੂੰ ਤਾਂ ਰਾਜ ਬਾਬੂ ਨੇ ਕਹਿ ਦਿੱਤਾ ਪਰ ਸੁੱਖੀ ਨਾਲੋਂ ਵਿਛੜਨ ਦੇ ਅਹਿਸਾਸ ਨੇ ਇਕ ਵਾਰ ਤਾਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਲੂਣ ਕੇ ਰੱਖ ਦਿੱਤਾ। ਉਹ ਸੋਚਾਂ ਵਿਚ ਪੈ ਗਏ, ਸੁੱਖੀ ਨੂੰ ਵਿਆਹੁਣ ਦੀ ਜਿੰਮੇਵਾਰੀ ਕਿਵੇਂ ਪੂਰੀ ਕੀਤੀ ਜਾਵੇ, ਉਹ ਵਿਆਹੀ ਵੀ ਜਾਵੇ ਤੇ ਉਨ੍ਹਾਂ ਦਾ ਸਾਥ ਵੀ ਨਾ ਛੁੱਟੇ। ਰਾਜ ਬਾਬੂ ਇਕ ਅਜੀਬ ਜਿਹੀ ਉਲਝਣ ਵਿਚ ਫਸ ਗਏ ਸਨ। ਉਨ੍ਹਾਂ ਦੀ ਉਲਝਣ ਬੀਜੀ ਦੀ ਸਮਝ ਤੋਂ ਬਾਹਰ ਸੀ, ਇਸ ਲਈ ਉਨ੍ਹਾਂ ਨੂੰ ਇਸ ਉਲਝਣ ਵਿਚ ਫਸਿਆਂ ਛੱਡ ਉਹ ਕਿਤੇ ਹੋਰ ਜਰੂਰੀ ਕੰਮ ਚਲੇ ਗਏ ਸਨ। ਰਾਜ ਬਾਬੂ ਅੰਦਰ ਗਏ, ਸੁੱਖੀ ਰਸੋਈ ਵਿਚ ਸੀ। “ਕੀ ਪਈ ਕਰਦੀ ਏਂ?”
“ਕੁਝ ਨਹੀਂ ਐਵੇਂ ਕੁਝ ਖਾਣ ਨੂੰ ਦਿਲ ਕਰਦਾ ਸੀ।”
“ਉਹ ਤਾਂ ਠੀਕ ਐ, ਘਰ ਵਿਚ ਬਾਈ ਦੇ ਹੁੰਦਿਆਂ ਤੈਨੂੰ ਆਪ ਇਹ ਸਭ ਕਰਨ ਦੀ ਕੀ ਲੋੜ ਏ?”
“ਕਦੇ-ਕਦਾਈਂ ਆਪਣਾ ਕੰਮ ਕਰ ਲੈਣਾ ਚਾਹੀਦੈ, ਬੰਦੇ ਦਾ ਕੁਝ ਘੱਟ ਨਹੀਂ ਜਾਂਦਾ ਹਜੂਰੇ ਆਲਾ।” ਸੁੱਖੀ ਦੇ ਮੋਹ ਭਿੰਨੇ ਬੋਲ ਸੁਣ ਰਾਜ ਬਾਬੂ ਖੁਸ਼ ਹੋਏ ਬਿਨਾ ਨਾ ਰਹੇ ਪਰ ਉਸ ਦੇ ਵਿਆਹ ਦੇ ਖਿਆਲ ਨੇ ਉਨ੍ਹਾਂ ਨੂੰ ਖੁਸ਼ ਰਹਿਣ ਨਾ ਦਿੱਤਾ।
“ਕਿਉਂ ਤੁਹਾਡੀ ਤਬੀਅਤ ਤਾਂ ਠੀਕ ਏ?” ਉਨ੍ਹਾਂ ਦੇ ਮੁਰਝਾਏ ਚਿਹਰੇ ਵੱਲ ਤੱਕਦਿਆਂ ਸੁੱਖੀ ਨੇ ਪੁਛਿਆ।
“ਮੇਰੀ ਤਬੀਅਤ ਠੀਕ ਐ, ਤੂੰ ਛੇਤੀ ਵਿਹਲੀ ਹੋ ਤੇ ਅੰਦਰ ਆ, ਤੇਰੇ ਨਾਲ ਇਕ ਜਰੂਰੀ ਗੱਲ ਕਰਨੀ ਐ।” ਏਨਾ ਕਹਿੰਦਿਆਂ ਰਾਜ ਬਾਬੂ ਨੇ ਹਸਰਤ ਭਰੀ ਨਿਗਾਹ ਨਾਲ ਸੁੱਖੀ ਨੂੰ ਤੱਕਿਆ ਤੇ ਬਾਹਰ ਚਲੇ ਗਏ।
“ਹਾਂ ਹੁਣ ਦੱਸੋ, ਕੀ ਗੱਲ ਏ?” ਕਮਰੇ ਵਿਚ ਦਾਖਲ ਹੁੰਦਿਆਂ ਸੁੱਖੀ ਨੇ ਪੁੱਛਿਆ।
ਰਾਜ ਬਾਬੂ ਨੇ ਗਹਿਰੀ ਨਜ਼ਰ ਨਾਲ ਉਸ ਨੂੰ ਤੱਕਿਆ ਤੇ ਹੌਲੀ ਜਿਹੇ ਉਨ੍ਹਾਂ ਦੇ ਮੂੰਹ ‘ਚੋਂ ਨਿਕਲਿਆ, “ਤੇਰੇ ਬੀਜੀ ਵਿਆਹ ਦੀ ਗੱਲ ਕਰ ਰਹੇ ਸਨ।”
“ਕਿਸ ਦੇ ਵਿਆਹ ਦੀ ਗੱਲ! ਤੁਹਾਡੇ ਜਾਂ ਮੇਰੇ?” ਸੁੱਖੀ ਨੇ ਸਭ ਜਾਣਦਿਆਂ ਬੁਝਦਿਆਂ ਕਿਹਾ ਤੇ ਨਾਲ ਹੀ ਰਾਜ ਬਾਬੂ ਦੇ ਹਲਕੀ ਜਿਹੀ ਕੂਹਣੀ ਮਾਰ ਦਿੱਤੀ।
“ਐਵੇਂ ਕਮਲ ਨਾ ਕੁੱਟ, ਭਲਾ ਮੇਰੇ ਵਿਆਹ ਦੀ ਗੱਲ ਉਹ ਕਿਵੇਂ ਕਰ ਸਕਦੀ ਏ? ਉਹ ਤੇਰੇ ਵਿਆਹ ਦੀ ਗੱਲ ਕਰਦੀ ਸੀ।”
“ਤੇ ਫਿਰ ਇਸ ਵਿਚ ਉਦਾਸ ਹੋਣ ਵਾਲੀ ਕਿਹੜੀ ਗੱਲ ਐ? ਇਹ ਤਾਂ ਹੋਣਾ ਈ ਐ ਇਕ ਨਾ ਇਕ ਦਿਨ।”
“ਫੇਰ ਉਹੋ ਗੱਲ, ਅਖੇ, ਇਹ ਤਾਂ ਹੋਣਾ ਈ ਐ ਇਕ ਦਿਨ। ਤੂੰ ਕਿੰਨੇ ਆਰਾਮ ਨਾਲ ਕਹਿ ਦਿੱਤੀ ਏ ਏਨੀ ਵੱਡੀ ਗੱਲ, ਆਪਣੇ ਦਿਲ ‘ਤੇ ਹੱਥ ਰੱਖ ਕੇ ਦੱਸ, ਕੀ ਇਹ ਉਦਾਸ ਹੋਣ ਵਾਲੀ ਗੱਲ ਨਹੀਂ?”
“ਉਦਾਸ ਹੋਣ ਵਾਲੀ ਗੱਲ ਜਰੂਰ ਐ, ਪਰ ਕੀਤਾ ਵੀ ਕੀ ਜਾ ਸਕਦੈ!”
“ਉਹ ਤਾਂ ਠੀਕ ਐ, ਪਰ ਤੈਥੋਂ ਵਿਛੜਨ ਨੂੰ ਦਿਲ ਨਹੀਂ ਕਰਦਾ।” ਰਾਜ ਬਾਬੂ ਨੇ ਆਪਣਾ ਦਿਲ ਫੋਲਿਆ। ਉਹ ਜਜ਼ਬਾਤ ਦੇ ਵਹਿਣ ਵਿਚ ਪੂਰੀ ਤਰ੍ਹਾਂ ਵਹਿ ਚੁਕੇ ਸਨ। ਉਨ੍ਹਾਂ ਖਿਚ ਕੇ ਸੁੱਖੀ ਨੂੰ ਆਪਣੀ ਹਿੱਕ ਨਾਲ ਲਾ ਲਿਆ। ਦੋਵੇਂ ਕਿੰਨੀ ਦੇਰ ਇਸ ਹਾਲਤ ਵਿਚ ਲੰਮੇ ਪਏ ਰਹੇ। ਰਾਜ ਬਾਬੂ ਦੇ ਕਲਾਵੇ ਦੀ ਜਕੜ ਥੋੜੀ ਢਿੱਲੀ ਹੋਈ ਤਾਂ ਸੁੱਖੀ ਨੇ ਉਠ ਕੇ ਆਪਣੇ ਕਪੜੇ ਠੀਕ ਕੀਤੇ, ਮੂੰਹ ‘ਤੇ ਹੱਥ ਫੇਰਿਆ ਤੇ ਉਨ੍ਹਾਂ ਵੱਲ ਦੇਖਦਿਆਂ ਕਿਹਾ, “ਕਿਤੇ ਨਹੀਂ ਮੈਂ ਨੱਠ ਚੱਲੀ, ਭਲਾ ਕਦੇ ਨਹੁੰ ਵੀ ਮਾਸ ਨਾਲੋਂ ਵੱਖ ਹੋਏ ਨੇ। ਮੈਂ ਹਰ ਹਾਲ ਵਿਚ ਤੁਹਾਡੇ ਨਾਲ ਰਹਾਂਗੀ, ਫਿਕਰ ਕਰਨ ਦੀ ਕੋਈ ਲੋੜ ਨਹੀਂ। ਫੇਰ ਇਹ ਕਿਉਂ ਭੁੱਲਦੇ ਓਂ, ਇਹ ਮੇਰਾ ਪੇਕਾ ਘਰ ਵੀ ਤਾਂ ਏ, ਸਾਡੇ ਆਪਸੀ ਸਬੰਧ ਕੁਝ ਵੀ ਕਿਉਂ ਨਾ ਰਹੇ ਹੋਣ ਪਰ ਦੁਨੀਆਂ ਦੀ ਨਜ਼ਰਾਂ ਵਿਚ ਮੈਂ ਇਸ ਘਰ ਦੀ ਧੀ ਹਾਂ ਤੇ ਧੀ ਹੀ ਰਹਾਂਗੀ, ਤੇ ਧੀਆਂ ਆਖਰੀ ਸਾਹ ਤੀਕ ਪੇਕਿਆਂ ਦਾ ਮੋਹ ਨਹੀਂ ਤਜਦੀਆਂ।”
ਰਾਜ ਬਾਬੂ ਦੇ ਚਿਹਰੇ ‘ਤੇ ਛਾਈ ਗਹਿਰੀ ਉਦਾਸੀ ਤੱਕ ਸੁੱਖੀ ਨੇ ਉਨ੍ਹਾਂ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈਂਦਿਆਂ ਕਿਹਾ, “ਤੁਸੀਂ ਬਹੁਤ ਚੰਗੇ ਓਂ, ਭਾਵੇਂ ਤੁਹਾਡੇ ਨਾਲ ਮੇਰੇ ਜਿਣਸੀ ਸਬੰਧ ਰਹੇ ਤੇ ਇਹ ਗੱਲ ਸਾਡੇ ਦੋਹਾਂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ ਪਰ ਤੁਹਾਡੀ ਸ਼ਖਸੀਅਤ ਦਾ ਇਕ ਹੋਰ ਪੱਖ ਵੀ ਏ, ਇਹ ਪੱਖ ਬਹੁਤ ਉਜਲ ਏ, ਤੁਸੀਂ ਜ਼ਿੰਦਗੀ ਦੇ ਹਰ ਮੋੜ ‘ਤੇ ਮੇਰੀ ਢਾਲ ਬਣੇ, ਮੇਰੀ ਬਾਂਹ ਫੜੀ ਏ। ਤੁਸੀਂ ਹਰ ਕਸੌਟੀ ‘ਤੇ ਖਰੇ ਉਤਰੇ ਓਂ। ਮੈਂ ਚਾਹੁੰਦੀ ਹਾਂ ਤੁਹਾਡੀ ਸ਼ਖਸੀਅਤ ਦਾ ਇਹ ਉਜਲਾ ਪੱਖ ਸਦਾ ਬਣਿਆ ਰਹੇ, ਤੁਸੀਂ ਬੇਫਿਕਰ ਹੋ ਕੇ ਆਪਣਾ ਇਹ ਕਾਜ ਵੀ ਪੂਰਾ ਕਰੋ।”
“ਠੀਕ ਹੈ ਫਿਰ।” ਏਨਾ ਕਹਿ ਰਾਜ ਬਾਬੂ ਬਾਹਰ ਚਲੇ ਗਏ।

“ਜੇ ਹੁਕਮ ਹੋਵੇ ਤਾਂ ਅਸੀਂ ਇਸ ਕੋਹੇਨੂਰ ਨੂੰ ਇਕ ਨਜ਼ਰ ਤੱਕ ਲਈਏ।”
ਸੁਹਾਗ ਰਾਤ ਦੀ ਸੇਜ ‘ਤੇ ਬੈਠੀ ਸੱਜ ਵਿਆਹੀ ਦੁਲਹਨ ਦੀ ਠੋਡੀ ਫੜਦਿਆਂ ਲਾੜੇ ਨੇ ਕਿਹਾ।
“ਉਹ ਤਾਂ ਹਜੂਰੇ ਆਲਾ ਪਹਿਲਾਂ ਹੀ ਦੇਖ ਚੁਕੇ ਨੇ।”
“ਜਰੂਰ ਦੇਖਿਆ ਏ, ਤਹਾਡੇ ਦੀਦਾਰ ਕਰ ਚੁਕਾਂ, ਪਰ ਅੱਜ ਵਾਲੀ ਤਾਂ ਗੱਲ ਹੀ ਹੋਰ ਏ।”
ਸਵਰਾਜ ਨੇ ਆਪਣੀ ਨਵੀਂ ਵਿਆਹੀ ਲਾੜੀ ਦੇ ਥੋੜਾ ਹੋਰ ਨੇੜੇ ਸਰਕਦਿਆਂ ਉਸ ਦੇ ਸਿਰ ‘ਤੇ ਨਾਂ ਲਈ ਕਢੇ ਘੁੰਡ ਦੀ ਰਹੀ-ਸਹੀ ਕਸਰ ਵੀ ਪੂਰੀ ਕਰ ਦਿੱਤੀ।
“ਤੁਸੀਂ ਵੀ ਨਾ ਬਸ, ਸਬਰ ਨਹੀਂ ਹੁੰਦਾ ਤੁਹਾਥੋਂ!”
“ਨਹੀਂ ਸਬਰ ਹੁੰਦਾ! ਲੰਮੀ ਇੰਤਜਾਰ ਕੀਤੀ ਏ, ਏਸ ਮੁਬਾਰਕ ਘੜੀ ਲਈ।” ਏਨਾ ਕਹਿ ਉਸ ਨੇ ਸੁੱਖੀ ਨੂੰ ਬਾਹਾਂ ਵਿਚ ਲੈ ਲਿਆ। ਸਿਆਲੇ ਦੀ ਲੰਮੀ ਰਾਤ ਨੇ ਬਹੁਤੀ ਦੇਰ ਉਨ੍ਹਾਂ ਦਾ ਸਾਥ ਨਾ ਦਿੱਤਾ, ਉਹ ਕਦ ਖਤਮ ਹੋ ਗਈ, ਪਤਾ ਹੀ ਨਾ ਲੱਗਾ। ਸੂਰਜ ਦੀਆਂ ਕਿਰਨਾਂ ਨੇ ਜਦ ਕਮਰੇ ਵਿਚਲੀ ਹਰ ਸ਼ੈ ਨੂੰ ਪ੍ਰਕਾਸ਼ਮਾਨ ਕਰਨ ਦਾ ਕੰਮ ਅਰੰਭਿਆ ਤਾਂ ਸੁੱਖੀ ਨੇ ਪੋਲੇ ਜਿਹੇ ਸਵਰਾਜ ਨੂੰ ਪਿੱਛੇ ਧਕਦਿਆਂ ਕਿਹਾ, ‘ਆਜ ਕੀ ਮੁਲਾਕਾਤ ਬਸ ਇਤਨੀ।’

ਕੁੱਲੂ ਦੀ ਹਸੀਨ ਵਾਦੀ ਨੇ ਉਨ੍ਹਾਂ ਦੇ ਹਨੀਮੂਨ ਨੂੰ ਹੋਰ ਰੰਗੀਨ ਬਣਾ ਦਿੱਤਾ। ਭੁੰਤਰ ਪੁਜਣ ਸਾਰ ਜਦ ਸਵਰਾਜ ਨੇ ਦਸਿਆ, ‘ਇਥੋਂ ਮਣੀਕਰਨ ਬਹੁਤੀ ਦੂਰ ਨਹੀਂ, ਸਿੱਧੀ ਸੜਕ ਜਾਂਦੀ ਏ, ਕੋਈ ਚਾਲੀ ਕਿੱਲੋਮੀਟਰ ਹੋਵੇਗਾ।’ ਸੁੱਖੀ ਨੂੰ ਬਹੁਤ ਚੰਗਾ ਲੱਗਾ, “ਤਾਂ ਲੈ ਚਲੋ ਨਾ ਉਥੇ, ਬਹੁਤ ਨਾਂ ਸੁਣਿਐ, ਬਾਕੀ ਥਾਂਵਾਂ ‘ਤੇ ਬਾਅਦ ਵਿਚ ਜਾਵਾਂਗੇ।”
ਸਵਰਾਜ ਬੋਲਿਆ, “ਤਥਾਸਤੂ।” ਤੇ ਉਨ੍ਹਾਂ ਮਣੀਕਰਣ ਲਈ ਚਾਲੇ ਪਾ ਦਿੱਤੇ। ਕੁੱਲੂ, ਮਨਾਲੀ ਅਤੇ ਰੋਹਤਾਂਗ ਦੱਰਾ ਆਦਿ ਦੇਖਦਿਆਂ-ਘੁੰਮਦਿਆਂ ਪੂਰਾ ਮਹੀਨਾ ਬੀਤ ਗਿਆ। ਦੋਹਾਂ ਜੀ ਭਰ ਕੇ ਅਨੰਦ ਮਾਣਿਆ ਤੇ ਵਾਪਸ ਦਿੱਲੀ ਆ ਗਏ।
ਪਹਿਲਾ ਸਾਲ ਹਾਸੇ ਖੇੜੇ ਵਿਚ ਬੀਤ ਗਿਆ ਤੇ ਜਾਂਦਾ ਹੋਇਆ ਸਵੀਟੀ ਦੇ ਰੂਪ ਵਿਚ ਬਹੁਮੁੱਲਾ ਤੋਹਫਾ ਉਨ੍ਹਾਂ ਦੀ ਝੋਲੀ ਵਿਚ ਪਾ ਗਿਆ। ਸੁੱਖੀ ਕਦੇ-ਕਦਾਈਂ ਪੇਕੇ ਘਰ ਦਾ ਫੇਰਾ ਮਾਰਦੀ ਤੇ ਰਾਜ ਬਾਬੂ ਨੂੰ ਮਿਲਣ ਲਈ ਵਿਸ਼ੇਸ਼ ਸਮਾਂ ਕੱਢ ਹੀ ਲੈਂਦੀ, ਇਸ ਲਈ ਉਹ ਵੀ ਖੁਸ਼ ਸਨ। ਸਵਰਾਜ ਬੈਂਕ ਮੈਨੇਜਰ ਸੀ, ਪੈਸੇ ਪੱਖੋਂ ਹੱਥ ਖੁੱਲ੍ਹਾ ਸੀ। ਦੇਖਦਿਆਂ ਹੀ ਦੇਖਦਿਆਂ ਬੰਗਲਾ ਬਣ ਗਿਆ, ਕਾਰ ਲੈ ਲਈ, ਤੇ ਹਰ ਉਹ ਸਾਮਾਨ ਜੁਟਾ ਲਿਆ ਗਿਆ ਜੋ ਜਿੰ.ਦਗੀ ਮਾਣਨ ਲਈ ਜਰੂਰੀ ਹੁੰਦੈ।
ਸਵੀਟੀ ਨੇ ਚੰਗਾ ਕੱਦ ਕੱਢ ਲਿਆ ਸੀ, ਉਹ ਪੜ੍ਹ ਲਿਖ ਕੇ ਇਕ ਮਲਟੀ ਨੈਸ਼ਨਲ ਕੰਪਨੀ ਵਿਚ ਕਾਰਜਕਾਰੀ ਅਧਿਕਾਰੀ ਬਣ ਗਈ। ਸੁੱਖੀ ਘਰ ਵਿਚ ਇਕੱਲੀ ਉਕਤਾ ਜਾਂਦੀ, ਸਵਰਾਜ ਦੀ ਰਜਾਮੰਦੀ ਨਾਲ ਉਸ ਰਾਜ ਬਾਬੂ ਨੂੰ ਕਹਿ ਕੇ ਆਪਣੇ ਇਕੱਲ ਦਾ ਇਲਾਜ ਕਰ ਲਿਆ ਤੇ ਕਿਸੇ ਕੰਪਨੀ ਵਿਚ ਪਾਰਟ ਟਾਈਮ ਜਾਬ ‘ਤੇ ਜਾਣ ਲੱਗ ਪਈ।
“ਸਵਰਾਜ, ਸਵੀਟੀ ਹੁਣ ਵੱਡੀ ਹੋ ਗਈ ਐ। ਕੰਮ ਵੀ ਕਰਨ ਜਾਂਦੀ ਹੈ, ਕੋਈ ਚੰਗਾ ਜਿਹਾ ਮੁੰਡਾ ਦੇਖ ਕੇ ਇਸ ਦੇ ਹੱਥ ਪੀਲੇ ਕਰਨ ਦੀ ਸੋਚੋ।” ਇਕ ਦਿਨ ਸੁੱਖੀ ਨੇ ਕਿਹਾ।
“ਲੈ, ਇਹ ਵੀ ਕਹਿਣ ਵਾਲੀ ਗੱਲ ਐ, ਰਾਜ ਬਾਬੂ ਨੂੰ ਕਹਿ, ਉਹ ਇਸ ਮਾਮਲੇ ਵਿਚ ਬਹੁਤ ਸੁਲਝੇ ਹੋਏ ਹਨ। ਕੋਈ ਨਾ ਕੋਈ ਸਾਕ ਜਰੂਰ ਲੱਭ ਲੈਣਗੇ।”
“ਗੱਲ ਤਾਂ ਤੁਹਾਡੀ ਠੀਕ ਐ, ਉਨ੍ਹਾਂ ਨੂੰ ਕਹਿਨੀਂ ਆਂ। ਮਸਲਾ ਹੱਲ ਸਮਝੋ।”

“ਭਾਈ ਸਾਹਿਬ ਕੀ ਹੋਇਐ!” ਸਵੇਰ ਦੀ ਸੈਰ ਪਿਛੋਂ ਘਰ ਪਰਤੇ ਇਕ ਸੱਜਣ ਨੇ ਨਾਲ ਦੇ ਘਰ ਅੱਗੇ ਆਂਢੀਆਂ-ਗੁਆਂਢੀਆਂ ਦੀ ਭੀੜ ਦੇਖ ਸੁਭਾਵਕ ਹੀ ਪੁੱਛਿਆ।
“ਕਿਉਂ ਤੁਹਾਨੂੰ ਨਹੀਂ ਪਤਾ?”
“ਨਹੀਂ, ਜਦੋਂ ਗਿਆ ਸਾਂ ਤਾਂ ਚੁੱਪ-ਚਾਨ ਸੀ ਪਰ ਹੁਣ ਇਥੇ ਏਨੀ ਭੀੜ?”
“ਮਿਸਟਰ ਸਵਰਾਜ ਨਹੀਂ ਰਹੇ।”
“ਜੀ, ਉਹ ਤਾਂ ਚੰਗੇ ਭਲੇ ਸਨ, ਅਜੇ ਕਲ੍ਹ ਈ ਤਾਂ ਮੇਰੀ ਦੁਆ ਸਲਾਮ ਹੋਈ ਸੀ।”
“ਤੁਹਾਡੀ ਦੁਆ ਸਲਾਮ ਦਿਨੇ ਕਿਸੇ ਸਮੇਂ ਹੋਈ ਹੋਵੇਗੀ, ਪਰ ਮੈਂ ਤਾਂ ਰਾਤ ਕੋਈ ਗਿਆਰਾਂ ਵਜੇ ਇਥੋਂ ਗਿਆ ਸਾਂ। ਗੱਲਾਂ ਮਾਰਦਿਆਂ ਸਮੇਂ ਦਾ ਪਤਾ ਹੀ ਨਾ ਲੱਗਾ। ਏਨਾ ਖੁਸ਼ ਉਨ੍ਹਾਂ ਨੂੰ ਮੈਂ ਕਦੇ ਨਹੀਂ ਸੀ ਤੱਕਿਆ। ਇਕ ਵਾਰ ਤਾਂ ਸਵੀਟੀ ਦੀ ਕਿਸੇ ਗੱਲ ‘ਤੇ ਉਹ ਜੋਰ ਜੋਰ ਦੀ ਹੱਸਣ ਲੱਗ ਪਏ, ਹੱਸਦਿਆਂ ਢਿਡ ਵਿਚ ਵੱਲ ਪੈ ਗਏ, ਮੈਂ ਖੈਰ ਮਨਾਉਣ ਲੱਗਾ, ‘ਰੱਬਾ ਮਿਹਰ ਕਰੀਂ, ਇਹ ਇਸੇ ਤਰ੍ਹਾਂ ਹੱਸਦੇ ਰਹਿਣ, ਕਿਸੇ ਦੀ ਨਜ਼ਰ ਨਾ ਲੱਗੇ ਇਨ੍ਹਾਂ ਨੂੰ।Ḕ ਦੇਰ ਬਹੁਤ ਹੋ ਗਈ ਸੀ, ਸੁੱਖੀ ਭੈਣ ਨੇ ਕਿਹਾ ‘ਹੁਣ ਤੁਸੀਂ ਜਾਓ, ਇਹ ਵੀ ਕਲ੍ਹ ਰਾਤ ਦੇ ਉਨੀਂਦਰੇ ਨੇ।’ ਫੇਰ ਤਾਂ ਇਨ੍ਹਾਂ ਨੂੰ ਸੌਣਾ ਚਾਹੀਦੈ, ਇਹ ਆਪ ਸੌਣ ਤੇ ਮੈਨੂੰ ਵੀ ਸੌਣ ਦੇਣ, ਪਰ ਨਹੀਂ! ਉਨ੍ਹਾਂ ‘ਤੇ ਇਸ ਗੱਲ ਦਾ ਕੋਈ ਅਸਰ ਹੀ ਨਾ ਹੋਇਆ। ਕਹਿਣ ਲੱਗੇ, ‘ਲੈ ਅਜੇ ਤਾਂ ਆਪਾਂ ਬਹੁਤ ਗੱਲਾਂ ਕਰਨੀਆਂ ਨੇ, ਤੂੰ ਬਹਿ ਜਾ ਇਥੇ, ਖਬਰਦਾਰ ਜੇ ਜਾਣ ਦਾ ਨਾਂ ਲਿਆ।’ ਉਹ ਬਹੁਤ ਘੱਟ ਬੋਲਦੇ ਸਨ, ਪਰ ਅੱਜ ਪਤਾ ਨਹੀਂ ਕੀ ਗੱਲਾਂ ਕਰਨੀਆਂ ਸੂ ਉਨ੍ਹਾਂ ਨੇ, ਕਦੇ ਅੱਗੇ ਨਾ ਪਿੱਛੇ। ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਮਨਾਇਆ ਤੇ ਘਰ ਜਾ ਕੇ ਲੰਮਾ ਪਿਆ, ਸਵੇਰੇ ਉਠਦਿਆਂ ਹੀ ਇਹ ਮਨਹੂਸ ਖਬਰ ਮਿਲ ਗਈ। ਕੀ ਪਤਾ ਸੀ, ਆਪਣੇ ਯਾਰ ਨਾਲ ਇਹ ਆਖਰੀ ਮਿਲਣੀ ਏ, ਮੁੜ ਕਦੇ ਨਹੀਂ ਮਿਲਣਾ। ਚੰਗਾ ਹੁੰਦਾ ਉਸ ਦਾ ਕਹਿਣਾ ਮੰਨ ਲੈਂਦਾ, ਅੱਗੇ ਕਿਹੜਾ ਜਗਰਾਤੇ ਨਹੀਂ ਕੱਟੇ।” ਦੱਸਣ ਵਾਲੇ ਸੱਜਣ ਦਾ ਗੱਚ ਭਰ ਗਿਆ। ਇਸ ਤੋਂ ਅੱਗੇ ਉਹ ਕੁਝ ਬੋਲ ਨਾ ਸਕਿਆ।
“ਭਲਿਆ ਲੋਕਾ ਇਹੋ ਤਾਂ ਬੰਦੇ ਦੇ ਹੱਥ ਨਹੀਂ।” ਕੋਲ ਖਲੋਤੇ ਇਕ ਬਜੁ.ਰਗ ਨੇ ਉਸ ਦੀ ਪਿੱਠ ਪਲੋਸਦਿਆਂ ਕਿਹਾ।

ਸਵਰਾਜ ਜੋਬਨ ਰੁੱਤੇ ਚਲਾ ਗਿਆ। ਸੁੱਖੀ ਨੇ ਖਬਰ ਸੁਣੀ ਤਾਂ ਅਸਹਿ ਧੱਕਾ ਲੱਗਾ, ਉਹ ਸਦਮੇ ਦੀ ਹਾਲਤ ਵਿਚ ਚਲੀ ਗਈ ਪਰ ਉਸ ਦੀਆਂ ਸੁੰਨੀਆਂ ਅੱਖਾਂ ਵਿਚੋਂ ਕੋਈ ਹੰਝੂ ਨਾ ਕਿਰਿਆ। ਉਹ ਅਡੋਲ ਸੀ, ਉਸ ਦੇ ਚਿਹਰੇ ‘ਤੇ ਇਕ ਅਜੀਬ ਜਿਹੀ ਸ਼ਾਂਤੀ ਸੀ। ਇਸ ਦੁਖਦਾਈ ਘੜੀ ਵਿਚ ਸਵਰਾਜ ਨਾਲ ਬਿਤਾਇਆ ਇਕ-ਇਕ ਪਲ ਉਸ ਦੇ ਚੇਤੇ ਦੀ ਚੰਗੇਰ ਵਿਚੋਂ ਨਿਕਲਦਾ, ਕੁਝ ਚਿਰ ਉਸ ਕੋਲ ਬਹਿੰਦਾ ਤੇ ਅੱਗੇ ਤੁਰ ਜਾਂਦਾ। ਜਦ ਕੋਈ ਪਲ ਨੇੜੇ ਨਾ ਬਹੁੜਦਾ ਤਾਂ ਉਹ ਆਪਣੇ ਆਲੇ-ਦੁਆਲੇ ਝਾਤ ਮਾਰਦੀ, ਜਾਣੋਂ ਕੁਝ ਲੱਭਣ ਦਾ ਯਤਨ ਕਰ ਰਹੀ ਹੋਵੇ। ਉਸ ਨੂੰ ਕੁਝ ਦਿਖਾਈ ਨਾ ਦਿੰਦਾ, ਥੋੜ੍ਹਾ ਪ੍ਰੇਸ਼ਾਨ ਹੁੰਦੀ ਪਰ ਛੇਤੀ ਸਹਿਜ ਅਵਸਥਾ ਵਿਚ ਆ ਕੇ ਇਕ ਵਾਰ ਫੇਰ ਹੱਡੀਂ ਹੰਢਾਈ ਹਸੀਨ ਖਵਾਬਾਂ ਦੀ ਦੁਨੀਆਂ ਵਿਚ ਗੁਆਚ ਜਾਂਦੀ। ਇਹ ਖਵਾਬ ਉਸ ਇਕ ਟੋਟਾ ਜੰਨਤ ਦੇ ਸਨ ਜਿਸ ਵਿਚ ਉਹ ਵਿਚਰਦੀ ਸੀ, ਆਪਣੇ ਸਵਰਾਜ ਦੀਆਂ ਬਾਹਾਂ ਵਿਚ ਬਾਹਾਂ ਪਾਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ