Ikanni : Devinder Satyarthi

ਇਕੱਨੀ (ਕਹਾਣੀ) : ਦੇਵਿੰਦਰ ਸਤਿਆਰਥੀ

"ਇਹਨੂੰ ਰਖ ਲੈ । ਨਾਂਹ ਨਾ ਕਰ । ਵੇਖਣ ਵਿਚ ਇਹ ਇਕੱਨੀ ਹੈ ਪਰ ਇਸ ਦੀ ਕੀਮਤ ਸਚ ਮੁਚ ਇਸ ਤੋਂ ਕਿਤੇ ਵਧੇਰੇ ਹੈ । ਬਸ, ਰਖ ਲੈ ਇਹਨੂੰ । ਮੇਰੇ ਕੋਲ ਲੈ ਦੇ ਕੇ ਇਹੋ ਇਕੱਨੀ ਹੈ, ਭਾਵੇਂ ਇਹ ਤੇਰੀ ਮਜ਼ਦੂਰੀ ਨਹੀਂ ਚੁਕਾ ਸਕਦੀ.."
ਇਹ ਕਹਿ ਕੇ ਮੈਂ ਰਾਮ ਮੋਚੀ ਦੀ ਹਥੇਲੀ ਤੇ ਇਕੱਨੀ ਰਖ ਦਿਤੀ। ਪੂਰਾ ਅੱਧਾ ਘੰਟਾ ਲਾਕੇ ਉਸ ਨੇ ਮੇਰੇ ਬੂਟ ਦੀ ਮੁਰੰਮਤ ਕੀਤੀ ਸੀ । ਮਜ਼ਦੂਰੀ ਦੀ ਗੱਲ ਉਸ ਨੇ ਮੇਰੇ ਇਨਸਾਫ਼ ਉਤੇ ਛਡ ਦਿਤੀ ਸੀ । ਇਕੱਨੀ ਜੇਬ ਵਿਚ ਪਾਉਂਦਿਆਂ ਉਸ ਨੇ ਅੱਖਾਂ ਪਾੜ ਕੇ ਮੇਰੀ ਵਲ ਤਕਿਆ ਤੇ ਫੇਰ ਸ਼ਾਇਦ ਖੀਸੇ ਵਿਚ ਇਸ ਨੂੰ ਮਲਣ ਲਗ ਪਿਆ ।
ਉਸ ਨੂੰ ਕੀ ਪਤਾ ਸੀ ਇਕ ਇਕੱਨੀ ਨਾਲ ਮੇਰੀ ਇਕ ਕਹਾਣੀ ਜੁੜੀ ਹੋਈ ਹੈ :
ਮੈਂ ਦਿੱਲੀ ਤੋਂ ਕੁੰਡੇਸ਼ਰ ਜਾਣਾ ਸੀ। ਲਲਤਪੁਰ ਤੀਕ ਰੇਲ ਦਾ ਸਫਰ ਸੀ । ਅਗੇ ਲਾਰੀ ਜਾਂਦੀ ਸੀ । ਕਈ ਦਿਨ ਤਾਂ ਇਸੇ ਖਿੱਚੋਤਾਣ ਵਿਚ ਲੰਘ ਗਏ ਕਿ ਅਜ ਰੁਪਿਆ ਮਿਲੇ, ਭਲਕ ਮਿਲੇ ।
ਦਿੱਲੀ ਵਿਚ ਅਖ਼ਬਾਰ ਨਵੀਸਾਂ ਦੀ ਕਾਨਫ਼ਰੰਸ ਹੋ ਰਹੀ ਸੀ । ਮੇਰਾ ਇਕ ਮਿਤਰ ਜੋ ਕੁੰਡੇਸ਼ਰ ਤੋਂ ਨਿਕਲਣ ਵਾਲੇ 'ਮਧੁਕਰ' ਵਿਚ ਕੰਮ ਕਰਦਾ ਸੀ, ਏਸ ਸਿਲਸਿਲੇ ਵਿਚ ਦਿੱਲੀ ਆਇਆ । ਉਸ ਨੇ ਮੈਨੂੰ ਆਪਣੇ ਨਾਲ ਚਲਣ ਲਈ ਬਹੁਤ ਮਜਬੂਰ ਕੀਤਾ । ਮੈਂ ਕੰਮ ਦਾ ਪੱਜ ਲਾ ਕੇ ਗੱਲ ਟਾਲ ਛੱਡੀ । ਉਹ ਮੰਨ ਗਿਆ। ਪਰ ਲਗਦੇ ਹੱਖ ਉਹ ਮੈਨੂੰ ਦੱਸ ਗਿਆ ਕਿ ਲਲਤਪੁਰ ਤਕ ਪੰਜ ਰੁਪਏ ਦਾ ਟਿਕਟ ਲਗਦਾ ਹੈ ਤੇ ਅਗੇ ਕੁਲ ਪੰਦਰਾਂ ਆਨੇ ਲਾਰੀ ਲਈ ਕਾਫ਼ੀ ਸਨ ।
ਇਕ ਹਫ਼ਤਾ ਲੰਘ ਗਿਆ । ਮੈਂ ਕੁੰਡੇਸ਼ਰ ਦੀ ਤਿਆਰੀ ਨਾ ਕਰ ਸਕਿਆ। ਰੁਪਏ ਦੀ ਉਡੀਕ ਸੀ । ਸਹੁਰਾ ਰੁਪਿਆ ਵੀ ਕਦੀ ਕਦੀ ਬਹੁਤ ਤਰਸਾਉਂਦਾ ਹੈ । ਤੇ ਭਾਵੇਂ ਮੇਰੇ ਸਫ਼ਰ ਦੇ ਹਾਲ ਪੈਸੇ ਦੀ ਤੰਗੀ ਨਾਲ ਭਰਪੂਰ ਹਨ, ਦਿੱਲੀ ਦੇ ਉਹ ਤੰਗੀ ਮੈਨੂੰ ਸਦਾ ਯਾਦ ਰਹੇਗੀ ।
ਜਿਸ ਦਿਨ ਮੈਂ ਦਿੱਲੀ ਪਹੁੰਚਿਆ, ਮੇਰੇ ਕੋਲ ਕੁਲ ਚਾਰ ਪੰਜ ਆਨੇ ਸਨ । ਉਹ ਨਿੱਕੀਆਂ ਨਿੱਕੀਆਂ ਲੋੜਾਂ ਤੇ ਖਰਚੇ ਗਏ। ਜਿਥੋਂ ਰੁਪਿਆ ਮਿਲਣਾ ਸੀ, ਨਾ ਮਿਲਿਆ । ਪਰ ਮੈਂ ਆਪਣੇ ਚੇਹਰੇ ਤੇ ਘਬਰਾਹਟ ਦੇ ਨਿਸ਼ਾਨ ਨਾ ਆਉਣ ਦਿਤੇ।
ਨਵੀਂ ਦਿੱਲੀ ਤੋਂ ਜਿਥੇ ਮੈਂ ਆਪਣੇ ਇਕ ਮਿੱਤਰ ਕੋਲ ਠਹਿਰਿਆ ਹੋਇਆ ਸੀ ਮੈਂ ਅਕਸਰ ਪੈਦਲ ਹੀ ਸ਼ਹਿਰ ਪਹੁੰਚਦਾ ਤੇ ਫੇਰ ਪੈਦਲ ਹੀ ਆਪਣੇ ਟਿਕਾਣੇ ਤੇ ਮੁੜਦਾ । ਨਿਤ ਮੈਨੂੰ ਵਾਪਸ ਆਉਂਦਿਆਂ ਦੇਰ ਹੋ ਜਾਂਦੀ । ਮੇਰਾ ਮਿੱਤਰ ਹਸ ਕੇ ਇਸ ਦਾ ਕਾਰਨ ਪੁਛਦਾ। ਮੈਂ ਵੀ ਹੱਸ ਕੇ ਗੱਲ ਆਈ ਗਈ ਕਰ ਛਡਦਾ। ਕਿਵੇਂ ਕਹਿੰਦਾ ਕਿ ਮੇਰੀ ਜੇਬ ਖਾਲੀ ਪਈ ਹੈ । ਖਾਲੀ ਜੇਬ ਦੀ ਕੋਈ ਖਾਸ ਚਿੰਤਾ ਮੈਨੂੰ ਕਦੀ ਕਦਾਈਂ ਹੀ ਹੁੰਦੀ ਹੈ । ਹੁਣ ਇਹ ਇਕੱਨੀ ਇਸ ਮੋਚੀ ਨੂੰ ਦੇ ਕੇ ਮੇਰੀ ਜੇਬ ਖਾਲੀ ਹੋ ਗਈ । ਫਿਰ ਕੀ ਹੋਇਆ ! ਮੈਂ ਖੁਸ਼ ਹਾਂ।
ਇਕ ਦਿਨ ਰਾਤ ਨੂੰ ਦਿੱਲੀ ਵਿਚ ਇਕ ਮਿੱਤਰ ਦੇ ਘਰ ਮੇਰੀ ਦਾਅਵਤ ਸੀ । ਇਸ ਵਿਚ ਦਸ ਵਜ ਗਏ । ਹੁਣ ਵਾਪਸ ਨਵੀਂ ਦਿੱਲੀ ਮੁੜਨਾ ਸੀ । ਮੈਂ ਪੈਦਲ ਹੀ ਤੁਰ ਪਿਆ । ਹੌਸਲਾ ਹਾਰਨਾ ਮੈਂ ਸਿਖਿਆ ਹੀ ਨਹੀਂ।
ਕੋਲੋਂ ਦੀ ਇਕ ਤਾਂਗਾ ਲੰਘਿਆ । ਮੈਂ ਵਾਜ ਮਾਰੀ... 'ਤਾਂਗਾ !'
ਤਾਂਗਾ ਰੁਕ ਗਿਆ । ਇਕ ਸਵਾਰੀ ਪਹਿਲਾਂ ਬੈਠੀ ਸੀ । ਤਾਂਗੇ ਵਾਲਾ ਬੋਲਿਆ, 'ਕਿਥੇ ਜਾਓਗੇ ?'
'ਜਿਥੇ ਵੀ ਲੈ ਚਲੇਂ' ।
"ਵਾਹ ! ਜਿਥੇ ਵੀ ਲੈ ਚੱਲਾਂ !....ਕਿਥੇ ਲੈ ਚੱਲਾਂ?... ਮੈਂ ਤਾਂ ਨਵੀਂ ਦਿੱਲੀ ਬਾਰਾਂ ਖੰਬੇ ਜਾ ਰਿਹਾ ਹਾਂ ।"
"ਮੈਨੂੰ ਵੀ ਉਥੇ ਹੀ ਲੈ ਚਲ।"
'ਤਿੰਨ ਆਨੇ ਪੈਸੇ ਲਗਣਗੇ । ਰਾਤ ਬਹੁਤ ਲੰਘ ਗਈ ਏ। ਹੋਰ ਤਾਂਗਾ ਮਿਲਣੋਂ ਰਿਹਾ ।'
'ਪਰ ਭਰਾਵਾ, ਮੇਰੇ ਕੋਲ ਤਾਂ ਪੈਸੇ ਹਨ ਨਹੀਂ।'
'ਹਨ ਹੀ ਨਹੀਂ ! ਜੀ, ਮਖੌਲ ਨਾ ਕਰੋ । ਇਹ ਠੀਕ ਨਹੀਂ'।
'ਮੈਂ ਮਖੌਲ ਨਹੀਂ ਕਰਦਾ। ਮੇਰੇ ਕੋਲ ਸਚ ਮੁਚ ਪੈਸੇ ਨਹੀਂ ਹਨ ।'
ਤਾਂਗੇ ਵਾਲਾ ਕੋਈ ਭਲਾ ਲੋਕ ਸੀ । ਉਸ ਨੂੰ ਤਰਸ ਆ ਗਿਆ। ਕਹਿਣ ਲਗਾ, 'ਚੰਗਾ, ਤਾਂ ਬੈਠ ਜਾਓ। ਤੁਹਾਡੇ ਤਿੰਨ ਆਨੇ ਮੈਂ ਰਬ ਕੋਲੋਂ ਲਵਾਂਗਾ ।'
'ਬਹੁਤ ਹਛਾ ।'
ਤਾਂਗਾ ਤੁਰਿਆ ਜਾ ਰਿਹਾ ਸੀ । ਮੈਂ ਸੋਚ ਰਿਹਾ ਸਾਂ ਕਿ ਜਦ ਰਬ ਨੇ ਖੁਦ ਮੈਨੂੰ ਹੀ ਤਿੰਨ ਆਨੇ ਨਹੀਂ ਦਿਤੇ ਤਾਂ ਉਹ ਮੇਰੇ ਹਿਸਾਬ ਵਿਚੋਂ ਇਸ ਤਾਂਗੇ ਵਾਲੇ ਨੂੰ ਤਿੰਨ ਆਨੇ ਕਿਥੋਂ ਦੇਵੇਗਾ ?
ਮੇਰੇ ਦਿਲ ਵਿਚ ਕਈ ਤਰ੍ਹਾਂ ਦੇ ਖਿਆਲ ਉਠ ਉਠ ਕੇ ਬੈਠਦੇ ਗਏ । ਰਬ ਕੀ ਬਲਾ ਹੈ ? ਕੁਝ ਲੋਕ ਆਖਦੇ ਹਨ ਕਿ ਰਬ ਦਾ ਖ਼ਿਆਲ ਕੇਵਲ ਇਕ ਵਹਿਮ ਹੈ...ਕੀ ਇਹ ਸਚਮੁਚ ਇਕ ਵਹਿਮ ਹੈ ?...ਕੀ ਮੈਂ ਰਬ ਵਿਚ ਉਤਨਾ ਹੀ ਯਕੀਨ ਰਖਦਾ ਹਾਂ ਜਿਤਨਾ ਇਹ ਗਰੀਬ ਤਾਂਗੇ ਵਾਲਾ? ਜੇ ਨਹੀਂ ਤਾਂ ਮੈਂ ਕਿਵੇਂ ਮੰਨ ਲਿਆ ਕਿ ਉਹ ਜ਼ਰੂਰ ਮੇਰੇ ਹਿਸਾਬ ਵਿਚੋਂ ਰਬ ਕੋਲੋਂ ਤਿੰਨ ਆਨੇ ਵਸੂਲ ਕਰ ਸਕੇਗਾ ? ... ਉਸ ਵੇਲੇ ਮੈਨੂੰ ਉਹ ਘਟਨਾ ਵੀ ਯਾਦ ਆਈ ਜਦ ਮੈਂ ਇਕ ਸਵਾਲ ਦੇ ਜਵਾਬ ਵਿਚ ਆਪਣੇ ਇਕ ਲਿਖਾਰੀ ਮਿੱਤਰ ਨੂੰ ਦੱਸਿਆ ਸੀ ਕਿ ਜੇ ਰੱਬ ਨਾ ਵੀ ਹੋਵੇ ਤਾਂ ਕੇਵਲ ਆਪਣੀ ਓਟ ਲਈ ਇਕ ਰਬ ਫ਼ਰਜ਼ ਜ਼ਰੂਰ ਕਰ ਲੈਣਾ ਚਾਹੀਦਾ ਹੈ । ਫਿਰ ਮੈਂ ਸੋਚਿਆ ਕਿ ਇਸ ਤਾਂਗੇ ਵਾਲੇ ਨੇ ਜ਼ਰੂਰ ਮੈਨੂੰ ਕੋਈ ਸਾਧੂ ਸਮਝ ਲਿਆ ਹੈ । ਸਿਰ ਦੇ ਲੰਮੇ ਵਾਲ ਤੇ ਦਾੜੀ ਸਦਕਾ ਅਕਸਰ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ । ਤੇ ਜੇ ਉਸ ਨੂੰ ਪਤਾ ਲਗ ਜਾਵੇ ਕਿ ਸਚ ਮੁਚ ਦੇ ਰਬ ਉਤੇ ਯਕੀਨ ਰਖਣ ਦੀ ਥਾਂ ਮੈਂ ਕੇਵਲ ਇਕ ਫ਼ਰਜ਼ੀ ਰਬ ਨੂੰ ਮੰਨਦਾ ਹਾਂ ਤਾਂ ਉਹ ਝਟ ਮੈਨੂੰ ਆਪਣੇ ਤਾਂਗਿਓਂ ਲਾਹ ਦੇਵੇ।
ਨਾਲ ਦਾ ਮੁਸਾਫ਼ਰ ਕਹਿਣ ਲੱਗਾ, 'ਤੁਸੀਂ ਕੀ ਕੰਮ ਕਰਦੇ ਹੋ ?'
ਮੈਂ ਉੱਤ੍ਰ ਦਿਤਾ, 'ਮੈਂ ਲੋਕ-ਗੀਤ ਇਕੱਠੇ ਕਰਦਾ ਹਾਂ ।'
'ਕਿਸੇ ਕੰਪਨੀ ਵਲੋਂ ?'
'ਨਹੀਂ ਜੀ, ਇਹ ਮੇਰਾ ਆਪਣਾ ਸ਼ੌਕ ਹੈ !'
"ਆਪਣਾ ਸ਼ੌਕ ਹੈ !...... ਪਰ ਇਹ ਦੁਨੀਆਂ ਹੈ ਜੀ ! ਪੈਸਾ ਹੀ ਕਮਾਉਣ ਦੇ ਹੀ ਤਾਂ ਸਾਰੇ ਧੰਦੇ ਹਨ ।"
"ਪਰ ਮੈਂ ਤਾਂ ਇਹ ਕੰਮ ਕੇਵਲ ਪੈਸੇ ਕਮਾਉਣ ਲਈ ਹੀ ਨਹੀਂ ਕਰ ਰਿਹਾ।"
'ਘਰੋਂ ਅਮੀਰ ਹੋਵੋਗੇ ?'
"ਘਰੋਂ ਮੈਂ ਰੁਪਿਆ ਨਹੀਂ ਲੈਂਦਾ।"
"ਤਾਂ ਰੋਟੀ ਤੇ ਸਫ਼ਰ ਦਾ ਖਰਚ ਕਿਥੋਂ ਕਰਦੇ ਹੋ ?"
"ਰਸਾਲਿਆਂ ਤੇ ਅਖ਼ਬਾਰਾਂ ਵਿਚ ਲੇਖ ਦੇ ਕੇ ਕੁਝ ਪੈਸੇ ਕਮਾ ਲੈਂਦਾ ਹਾਂ ਤੇ ਮੈਂ ਸਚ ਆਖਦਾ ਹਾਂ ਕਿ ਜੇ ਇਹ ਪੈਸੇ ਮਿਲਣੇ ਬੰਦ ਵੀ ਹੋ ਜਾਣ ਤਾਂ ਵੀ ਮੈਂ ਇਹ ਕੰਮ ਛਡਾਂਗਾ ਨਹੀਂ।"
"ਆਪ ਜ਼ਰੂਰ ਕੋਈ ਸਾਧੂ ਹੋਵੋਗੇ ?"
'ਨਹੀਂ ਜੀ, ਮੈਂ ਇਕ ਗ੍ਰਿਹਸਥੀ ਹਾਂ। ਮੇਰੀ ਪਤਨੀ ਤੇ ਬੱਚੀ ਜੋ ਅਕਸਰ ਸਫ਼ਰ ਵਿਚ ਮੇਰੇ ਨਾਲ ਰਹਿੰਦੀਆਂ ਹਨ, ਅਜ ਕਲ ਪਿੰਡ ਗਈਆਂ ਹੋਈਆਂ ਹਨ।'
'ਠੀਕ'
'ਠੀਕ ਭਾਵੇਂ ਬੇ-ਠੀਕ, ਕੁਝ ਵੀ ਕਹਿ ਲਵੋ । ਇਸ ਵੇਲੇ ਤੇ ਮੈਂ ਵੀ ਇਸ ਤਾਂਗੇ ਵਾਲੇ ਵਾਂਗ ਇਕ ਮਜ਼ਦੂਰ ਹਾਂ । ਫ਼ਰਕ ਕੇਵਲ ਇਤਨਾ ਹੈ ਕਿ ਉਹਨੂੰ ਨਕਦ ਮਜ਼ਦੂਰੀ ਹੈ ਤੇ ਇਸ ਗਰੀਬ ਲਿਖਾਰੀ ਨੂੰ ਕਦੀ ਕਦੀ ਅਖਬਾਰ ਜਾਂ ਰਸਾਲੇ ਵਾਲੇ ਟਾਲਦੇ ਚਲੇ ਜਾਂਦੇ ਹਨ।......ਨਹੀਂ ਤਾਂ ਅਜ ਇਹ ਹਾਲਤ ਨਾ ਹੁੰਦੀ ਕਿ ਮੈਂ ਮੁਫ਼ਤ ਤਾਂਗੇ ਦੀ ਅਸਵਾਰੀ ਮੰਗਾਂ । ਇਹ ਤਾਂ ਇਸ ਆਦਮੀ ਦੀ ਦਯਾ ਹੈ ਕਿ ਇਸਨੇ ਮੇਰੇ ਹਿਸਾਬ ਦੇ ਤਿੰਨ ਆਨੇ ਰਬ ਕੋਲੋਂ ਲੈ ਲੈਣ ਦੀ ਗੱਲ ਆਖ ਕੇ ਮੈਨੂੰ ਅਹਿਸਾਨ ਦੇ ਭਾਰ ਤੋਂ ਵੀ ਸੁਰਖਰੂ ਕਰ ਦਿਤਾ ਹੈ ।'
ਸੜਕ ਤੇ ਬਿਜਲੀ ਦੀ ਰੌਸ਼ਨੀ ਸੀ । ਪਰ ਇਸ ਦੇ ਮੁਕਾਬਲੇ ਵਿਚ ਗਰੀਬ ਤਾਂਗੇ ਵਾਲੇ ਦਾ ਲੰਪ ਬਹੁਤ ਮੱਧਮ ਜਾਪਦਾ ਸੀ ।
ਤਾਂਗੇ ਵਾਲਾ ਸਾਡੀਆਂ ਗੱਲਾਂ ਬੜੇ ਸਵਾਦ ਨਾਲ ਸੁਣ ਰਿਹਾ ਸੀ। ਉਸ ਨੂੰ ਖੁਸ਼ ਕਰਨ ਲਈ ਮੈਂ ਆਖਿਆ, 'ਜੀ, ਮੈਂ ਤਾਂ ਸਮਝਦਾ ਹਾਂ ਕਿ ਤਾਂਗੇ ਵਾਲਿਆਂ ਦੀ ਕਮਾਈ ਲਹੂ ਪਸੀਨੇ ਦੀ ਕਮਾਈ ਹੈ । ਜੇ ਮੈਨੂੰ ਕਦੀ ਫਿਰ ਇਸ ਦੁਨੀਆਂ ਵਿਚ ਆਦਮੀ ਦੀ ਜੂਨ ਮਿਲੇ ਤਾਂ ਮੈਂ ਚਾਹੁੰਦਾ ਹਾਂ ਕਿ ਕਿਸੇ ਤਾਂਗੇ ਵਾਲੇ ਦੇ ਘਰ ਜਨਮ ਲਵਾਂ ।'
ਤਾਂਗੇ ਵਾਲੇ ਨੇ ਕਿਹਾ, 'ਜੀ, ਇੰਝ ਨਾ ਆਖੋ । ਅਸੀਂ ਤਾਂ ਦਿਨ ਵਿਚ ਸੌ ਝੂਠ ਬੋਲਦੇ ਹਾਂ । ਤੇ ਮੈਂ ਤਾਂ ਚਾਹੁੰਦਾ ਹਾਂ ਕਿ ਤੁਹਾਨੂੰ ਨਜਾਤ ਮਿਲੇ। ਜੰਮਣਾ ਤੇ ਮਰ ਜਾਣਾ !...... ਜੀ ਇਹ ਤਾਂ ਬਹੁਤ ਸਖ਼ਤ ਇਮਤਿਹਾਨ ਹੈ।'
ਦਿੱਲੀ ਵਿਚ ਉਹ ਦੋ ਹਫ਼ਤੇ ਮੈਂ ਬੜੀ ਨਠ-ਭੱਜ ਵਿਚ ਗੁਜ਼ਾਰੇ। ਖਾਣ ਪੀਣ ਦੀ ਕੋਈ ਤਕਲੀਫ਼ ਨਹੀਂ ਸੀ । ਪਰ ਕਈ ਕਈ ਮੀਲ ਪੈਦਲ ਤੁਰਨਾ ਤੇ ਉਹ ਵੀ ਆਪਣਾ ਭਾਰੀ ਬੈਗ ਚੁਕੇ ਕੇ, ਕੁਝ ਸੁਖਾਲਾ ਕੰਮ ਨਹੀਂ ਸੀ । ਮਿੱਤਰਾਂ ਨੂੰ ਮਿਲਣਾ ਤੇ ਗੀਤਾਂ ਦੀ ਭਾਲ ਵਿਚ ਥਾਂ ਥਾਂ ਜਾਣਾ ਤਾਂ ਜ਼ਰੂਰੀ ਸੀ।
ਕੁੰਡੇਸ਼ਰ ਤੋਂ ਖ਼ਤ ਆਇਆ। ਲਿਖਿਆ ਸੀ...ਛੇਤੀ ਆ ਜਾਓ । ਇਹ ਚੌਬੇ ਜੀ ਦਾ ਖ਼ਤ ਸੀ । ਹੁਣ ਉਥੇ ਜਾਣਾ ਹੋਰ ਵੀ ਜ਼ਰੂਰੀ ਹੋ ਗਿਆ । ਆਪਣੇ ਮਿੱਤਰ ਕੋਲੋਂ ਮੈਂ ਸੱਤ ਰੁਪਏ ਹੁਦਾਰੇ ਲਏ। ਪੰਜ ਰੁਪਏ ਪੰਦਰਾਂ ਆਨੇ ਕਿਰਾਏ ਲਈ ਤੇ ਇਕ ਰੁਪਿਆ ਅਤੇ ਇਕ ਇਕੱਨੀ ਉਪਰਲੇ ਖ਼ਰਚ ਲਈ......
ਅੱਠ ਆਨੇ ਤਾਂ ਸਟੇਸ਼ਨ ਤੀਕ ਤਾਂਗੇ ਵਾਲੇ ਨੂੰ ਦੇਣੇ ਪਏ । ਬਾਕੀ ਬਚੇ ਸਾਢੇ ਛੇ ਰੁਪਏ। ਟਿਕਟ ਘਰ ਦੀ ਖਿੜਕੀ ਤੇ ਪਹੁੰਚਿਆ ਤਾਂ ਪਤਾ ਲਗਾ ਕਿ ਲਲਤਪੁਰ ਤੀਕ ਪੰਜ ਰੁਪਏ ਦਾ ਨਹੀਂ ਸਗੋਂ ਪੰਜ ਰੁਪਏ ਗਿਆਰਾਂ ਆਨੇ ਦਾ ਟਿਕਟ ਲਗਦਾ ਹੈ । ਇਹ ਵੀ ਚੰਗੀ ਹੋਈ ! ਤਾਂ ਕੀ ਉਸ ਕੁੰਡੇਸ਼ਰ ਵਾਲੇ ਮਿੱਤਰ ਨੇ ਮਖੌਲ ਕੀਤਾ ਸੀ?...ਆਪਣੇ ਕਮਜ਼ੋਰ ਚੇਤੇ ਉਤੇ ਮੈਂ ਬੜਾ ਛਿੱਥਾ ਪਿਆ। ਹੋਰ ਕੋਈ ਰਾਹ ਵੀ ਤਾਂ ਨਹੀਂ ਸੀ । ਜੋ ਹੋਉ, ਵੇਖੀ ਜਾਊ । ਮੈਂ ਲਲਤਪੁਰ ਦਾ ਟਿਕਟ ਲੈ ਲਿਆ ਤੇ ਕੁੱਲੀ ਤੋਂ ਅਸਬਾਬ ਚੁਕਾ ਕੇ ਗੱਡੀ ਵਿਚ ਜਾ ਬੈਠਾ ।
ਇਕ ਇਕੱਨੀ ਕੁੱਲੀ ਨੂੰ ਦਿਤੀ।
ਹੁਣ ਜਦ ਬਾਕੀ ਦੇ ਪੈਸੇ ਗਿਣੇ ਤਾਂ ਕੁਲ ਸਾਢੇ ਦਸ ਆਨੇ ਨਿਕਲੇ । ਹੁਣ ਯਾਦ ਆਇਆ ਕਿ ਡੇਢ ਆਨਾ ਦਿਨ ਵਿਚ ਤਾਂਗੇ ਤੇ ਖ਼ਰਚ ਹੋ ਗਿਆ ਸੀ । ਸਾਢੇ ਦਸ ਆਨੇ......ਕੁਲ ਸਾਢੇ ਦਸ ਆਨੇ ! ਦਿਲ ਵਿਚ ਕਈ ਉਤਾਰ ਚੜ੍ਹਾ ਆਏ। ਫੇਰ ਕਿਸੇ ਤਰਾਂ ਦਿਲ ਨੂੰ ਦਿਲਾਸਾ ਦਿਤਾ । ਲਲਤਪੁਰ ਤਾਂ ਪਹੁੰਚਾਂ, ਵੇਖੀ ਜਾਊ ।
ਰਾਤ ਭਰ ਰੇਲ ਗੱਡੀ ਦਾ ਸਫ਼ਰ ਰਿਹਾ। ਨੀਂਦ ਨਾ ਆਈ। ਅਗਲੀ ਸਵੇਰ ਲਲਤਪੁਰ ਆ ਗਿਆ। ਕੁੱਲੀ ਅਸਬਾਬ ਬਾਹਰ ਲੈ ਆਇਆ । ਪਤਾ ਲਗਾ ਕਿ ਲਾਰੀ ਦੇ ਅੱਡੇ ਤੀਕ ਤਾਂਗੇ ਵਾਲੇ ਨੂੰ ਇਕ ਦੁਆਨੀ ਦੇਣੀ ਪਵੇਗੀ । ਮੇਰੀ ਜੇਬ ਵਿਚ ਤਾਂ ਕੁਲ ਸਾਢੇ ਦਸ ਆਨੇ ਸਨ ਬੜੀ ਮੁਸ਼ਕਲ ਨਾਲ ਕੁਲੀ ਨੂੰ ਦੋ ਪੈਸੇ ਵਿਚ ਭੁਗਤਾਇਆ ਤੇ ਤਾਂਗੇ ਵਾਲਾ ਇਕ ਇਕੱਨੀ ਉਤੇ ਮੰਨ ਗਿਆ ।
ਤਾਂਗਾ ਤੁਰਿਆ ਜਾ ਰਿਹਾ ਸੀ ।
"ਨਾਲ ਦੀ ਸੀਟ ਵਾਲੇ ਨੌਜੁਆਨ ਨੂੰ ਮੈਂ ਪੁਛਿਆ, 'ਕਿਉਂ ਭਰਾਵਾ, ਕੁੰਡੇਸ਼ਰ ਦਾ ਇਥੋਂ ਕੀ ਲਗੇਗਾ?'
ਇਹ ਸਵਾਲ ਮੈਂ ਅਜੇਹੇ ਲਹਿਜੇ ਵਿਚ ਕੀਤਾ ਸੀ ਕਿ ਉਸਨੂੰ ਇਹੀ ਮਹਿਸੂਸ ਹੋਵੇ ਕਿ ਮੈਂ ਇਸ ਸਿਲਸਲੇ ਵਿਚ ਬਿਲਕੁਲ ਅਣਜਾਣ ਹਾਂ ।
ਉਹ ਬੋਲਿਆ, 'ਕੇਵਲ ਪੰਦਰਾਂ ਆਨੇ ।'
'ਪੰਦਰਾਂ ਆਨੇ......ਪਰ ਭਰਾਵਾ, ਮੇਰੀ ਜੇਬ ਵਿਚ ਤਾਂ ਕੇਵਲ ਦਸ ਆਨੇ ਰਹਿ ਗਏ ਹਨ ਤੇ ਇਨ੍ਹਾਂ ਚੋਂ ਇਕ ਇਕੱਨੀ ਇਸ ਤਾਂਗੇ ਵਾਲੇ ਦੀ ਹੋਈ ਸਮਝੋ । ਤੇ ਮੇਰੇ ਕੋਲ ਰਹਿ ਗਏ ਕੇਵਲ ਨੌਂ ਆਨੇ......'
'ਨੌਂ ਆਨੇ !......ਤਾਂ ਬਾਕੀ ਦੇ ਛੇ ਆਨੇ ਕਿਥੋ ਲਿਆਓਗੇ ?'
'ਏਹੀ ਤਾਂ ਚਿੰਤਾ ਹੈ, ਕੋਈ ਉਪਾ ਹੋਵੇ ਤਾਂ ਦੱਸੋ ?'
'ਹੁਣ ਮੈਂ ਕੀ ਜਾਣਾਂ ਭਰਾਵਾਂ ? ਮੈਂ ਤਾਂ ਅਜੇ ਵਿਦਿਆਰਥੀ ਹਾਂ । ਸਚ ਜਾਣ, ਮੇਰੇ ਕੋਲ ਹੁੰਦੇ ਤਾਂ ਮੈਂ ਟਿਕਟ ਲੈ ਦੇਂਦਾ !...... ਤੇ ਮੁਸ਼ਕਲ ਤਾਂ ਇਹ ਹੈ ਕਿ ਮੈਂ ਬਾਹਰੋਂ ਪੜ੍ਹਨ ਆਉਂਦਾ ਹਾਂ, ਕਿਸੇ ਮੈਨੂੰ ਉਧਾਰ ਦੇਣਾ ਨਹੀਂ ।'
ਮੈਂ ਚੁਪ ਹੋ ਗਿਆ ਤੇ ਸਚ ਮੰਨੋ, ਏਥੇ ਪਹੁੰਚ ਕੇ ਇੰਝ ਇਕ ਦਮ ਚੁਪ ਹੋ ਜਾਣ ਦੇ ਸਦਕੇ ਹੀ ਮੈਂ ਉਸ ਵਿਦਿਆਰਥੀ ਤੇ ਅਸਰ ਪਾ ਸਕਿਆ ।
ਉਹ ਵੀ ਕੁਝ ਮਿੰਟ ਤੀਕ ਚੁੱਪ ਬੈਠਾ ਰਿਹਾ। ਤਾਂਗਾ ਤੁਰਿਆ ਜਾ ਰਿਹਾ ਸੀ ਤੇ ਤਾਂਗੇ ਵਾਲੇ ਨੂੰ ਆਖਿਆ, 'ਭਰਾਵਾ, ਜੇ ਤੂੰ ਆਪਣੀ ਇਕੱਨੀ ਮੈਥੋਂ ਨਾ ਲਵੇਂ ਤਾਂ ਮੁਸ਼ਕਲ ਘਟ ਕੇ ਛੇ ਆਨੇ ਦੀ ਥਾਂ ਪੰਜ ਆਨੇ ਦੀ ਹੀ ਰਹਿ ਜਾਂਦੀ ਹੈ !'
ਉਹ ਬੋਲਿਆ, 'ਨਹੀਂ ਜੀ, ਮੈਂ ਆਪਣੀ ਇਕੱਨੀ ਜ਼ਰੂਰ ਲਵਾਂਗਾ । ਇੰਝ ਇਕੱਨੀਆਂ ਛੱਡਣ ਲਗਾ ਤਾਂ ਮੇਰਾ ਘੋੜਾ ਭੁੱਖਾ ਮਰ ਜਾਵੇ । ਤੇ ਘਰ ਜਾ ਕੇ ਤੀਵੀਂ ਦੀਆਂ ਗਾਲਾਂ ਵਖ ਖਾਵਾਂ ।'
ਉਸਨੂੰ ਇਹ ਸ਼ਕ ਪੈ ਗਿਆ ਕਿ ਮੈਂ ਅੱਡੇ ਉੱਤੇ ਪਹੁੰਚ ਕੇ ਇਕੱਨੀ ਦੇਣੋਂ ਨਾਂਹ ਕਰ ਦਿਆਂਗਾ । ਉਸਨੇ ਤਾਂਗਾ ਰੋਕ ਲਿਆ । ਬੋਲਿਆ, "ਅੱਡਾ ਹੁਣ ਦੂਰ ਨਹੀਂ ਇਕੱਨੀ ਦੇ ਦਿਓ ।"
ਮੈਂ ਇਕੱਨੀ ਉਸਦੇ ਹੱਥ ਰੱਖੀ ਤਦ ਉਹ ਕਿਤੇ ਅਗੇ ਤੁਰਿਆ ।
ਉਸ ਵਿਦਿਆਰਥੀ ਨੇ ਪੁਛਿਆ, 'ਕੰਮ ਕੀ ਕਰਦੇ ਹੋ ?'
'ਮੈਂ ਹਰ ਭਾਸ਼ਾ ਦੇ ਲੋਕ-ਗੀਤ ਇਕੱਠੇ ਕਰਦਾ ਹਾਂ।'
'ਠੀਕ, ਠੀਕ, ਵਿਸ਼ਵ-ਮਿੱਤਰ ਵਿਚ ਮੈਂ ਗੀਤਾਂ ਤੇ ਇਕ ਲੇਖ ਪੜ੍ਹਿਆ ਸੀ। ਤੁਹਾਡਾ ਹੀ ਹੋਵੇਗਾ ।'
ਮੈਂ ਹਾਂ ਸਿਰ ਵਿਚ ਹਿਲਾ ਦਿੱਤਾ । ਕੰਮ ਬਣਦਾ ਵੇਖਕੇ ਮੈਂ ਉਸਨੂੰ ਵਿਗਾੜਨਾ ਠੀਕ ਨਾ ਸਮਝਿਆ, ਨਹੀਂ ਤੇ ਮੈਂ ਪੂਛਦਾ, 'ਕਿਸ ਮਹੀਨੇ ਦੇ ਵਿਸ਼ਵ ਮਿੱਤਰ ਦੀ ਗੱਲ ਹੈ ਤੇ ਲੇਖ ਦਾ ਨਾਂ ਕੀ ਸੀ ।'
ਉਹ ਪੁਛਣ ਲਗਾ, 'ਤੁਹਾਡਾ ਨਾਂ ?'
ਮੈਂ ਆਪਣਾ ਨਾਂ ਦੱਸਿਆ ਤੇ ਉਹ ਬੋਲਿਆ, 'ਉਹ ਲੇਖ ਮੈਂ ਬੜੇ ਸ਼ੌਕ ਨਾਲ ਪੜ੍ਹਿਆ ਸੀ । ਉਹ ਜ਼ਰੂਰੀ ਹੀ ਤੁਹਾਡਾ ਹੀ ਹੋਵੇਗਾ......ਇਹ ਬਹੁਤ ਵੱਡਾ ਕੰਮ ਹੈ ਜੀ ।'
ਇਸ ਪ੍ਰਸੰਸਾ ਨੇ ਮੈਨੂੰ ਹੋਰ ਵੀ ਸ਼ਰਮਿੰਦਾ ਕਰ ਦਿਤਾ। ਇਹ ਬਹੁਤ ਵੱਡਾ ਕੰਮ ਹੈ !......ਜੇ ਇਹ ਵੱਡਾ ਕੰਮ ਹੈ ਤਾਂ ਮੇਰੀ ਮਾਲੀ ਹਾਲਤ ਐਨੀ ਖਰਾਬ ਕਿਉਂ ਹੈ ?......ਲਾਰੀ ਦਾ ਟਿਕਟ ਲਗਦਾ ਹੈ ਪੰਦਰਾਂ ਆਨੇ, ਮੇਰੇ ਪਾਸ ਹਨ ਕੇਵਲ ਨੌਂ ਆਨੇ ।
ਉਹ ਬੋਲਿਆ, 'ਹੁਣ ਤੁਸੀਂ ਚਿੰਤਾ ਨਾ ਕਰੋ । ਮੈਂ ਤੁਹਾਡਾ ਬੰਦੋਬਸਤ ਆਪਣੇ ਜ਼ਿੰਮੇਂ ਲੈਂਦਾ ਹਾਂ। ਤੁਸੀਂ ਕਿਸੇ ਨੂੰ ਇਹ ਨਾ ਕਹਿਣਾ ਕਿ ਤੁਹਾਡੇ ਪਾਸ ਪੈਸੇ ਥੋੜੇ ਹਨ। ਲਾਰੀ ਉਤੇ ਬੈਠ ਜਾਣਾ, ਹਾਲੀ ਲਾਰੀ ਦੋ ਘੰਟਿਆਂ ਤੀਕ ਚਲੇਗੀ । ਉਦੋਂ ਤੀਕ ਮੈਂ ਵੱਖ ਲਵਾਂਗਾ ।'
ਅੱਡੇ ਉਤੇ ਪਹੁੰਚ ਕੇ ਉਸ ਨੇ ਮੈਨੂੰ ਆਰਾਮ ਨਾਲ ਲਾਰੀ ਵਿਚ ਬਿਠਾ ਦਿਤਾ । ਉਹ ਆਪ ਟਿਕਟ ਕਨਡੱਕਟਰ ਨੂੰ ਜਾ ਕੇ ਮਿਲਿਆ। ਕੀ ਪਤਾ, ਉਸ ਕੋਲ ਉਸ ਕੀ ਕੀ ਸੱਚ ਝੂਠ ਬੋਲਿਆ, ਮੈਂ ਤਾਂ ਇਨਾਂ ਹੀ ਜਾਣਦਾ ਹਾਂ ਕਿ ਉਹ ਉਸ ਨੂੰ ਨਾਲ ਲੈ ਕੇ ਮੇਰੇ ਕੋਲ ਆਇਆ ਤੇ ਕਹਿਣ ਲਗਾ, 'ਉਹ ਨੌਂ ਆਨੇ ਇਨ੍ਹਾਂ ਨੂੰ ਦੇ ਦਿਓ । ਇਹ ਤੁਹਾਨੂੰ ਕੁੰਡੇਸ਼ਰ ਦਾ ਟਿਕਟ ਦੇਂਦੇ ਹਨ ।'
ਮੈਂ ਬਟੂਆ ਖੋਲਿਆ । ਨੌਂ ਦੇ ਨੌਂ ਆਨੇ ਮੈਂ ਗਹੁ ਨਾਲ ਵੇਖੇ ਪਰ ਬਾਹਰ ਕੇਵਲ ਅੱਠ ਆਨੇ ਕੱਢੇ। ਇਹ ਉਸਨੂੰ ਫੜਾਂਦਿਆਂ ਹੋਇਆਂ ਮੈਂ ਆਖਿਆਂ 'ਤੁਸੀਂ ਆਗਿਆ ਦਿਓ ਤਾਂ ਮੈਂ ਇਕੱਨੀ ਰਖ ਲੈਂਦਾ ਹਾਂ । ਕੁੰਡੇਸ਼ਰ ਵਿਚ ਲੋੜ ਪਵੇਗੀ। ਸੜਕ ਤੋਂ ਚੌਬੇ ਜੀ ਦੇ ਮਕਾਨ ਤੀਕ ਅਸਬਾਬ ਲੈ ਜਾਣ ਵਾਲੇ ਕੁੱਲੀ ਨੂੰ ਦੇ ਦੇਵਾਂਗਾ। ਉਥੇ ਪਹੁੰਚਦਿਆਂ ਹੀ ਇਹ ਤਾਂ ਮੈਂ ਜ਼ਾਹਰ ਕਰਨੋਂ ਰਿਹਾ ਕਿ ਮੇਰੀ ਜੇਬ ਵਿਚ ਇਕ ਇਕੱਨੀ ਹੀ ਹੈ।'
'ਹਾਂ, ਹਾਂ ! ਇਕੱਨੀ ਤੁਸੀਂ ਖ਼ੁਸ਼ੀ ਨਾਲ ਰਖ ਲਵੋ ।'
ਕੁੰਡੇਸ਼ਰ ਪਹੁੰਚਿਆ ਤਾਂ ਸੜਕ ਉਤੇ ਚੌਬੇ ਜੀ ਦਾ ਇਕ ਮਿੱਤਰ ਮੌਜੂਦ ਸੀ ਉਸ ਨੇ ਅਜਬਾਬ ਘਰ ਪੁਚਾਣ ਦਾ ਪ੍ਰਬੰਧ ਕਰ ਦਿਤਾ।
ਉਹ ਇਕੱਨੀ ਮੇਰੇ ਪਾਸ ਬਚ ਰਹੀ । ਇਸ ਨੂੰ ਮੈਂ ਸੰਭਾਲ ਕੇ ਜੇਬ ਵਿਚ ਰਖ ਲਿਆ ।
ਜਦ ਕਦੀ ਚੌਬੇ ਜੀ ਨੂੰ ਪਾਨ ਦੀ ਲੋੜ ਹੁੰਦੀ, ਮੈਂ ਝਟ ਆਪਣੀ ਜੇਬ ਵਿਚੋਂ ਕਢ ਕੇ ਵਿਖਾਂਦਾ ਤੇ ਕਹਿੰਦਾ, ''ਪੈਸੇ ਮੈਂ ਦਿਆਂਗਾ ।' ਚੌਬੇ ਜੀ ਨਾਂਹ ਨਾਂਹ ਕਹਿੰਦੇ ਹੋਏ ਇਸ ਨੂੰ ਵਾਪਸ ਕਰ ਦੇਂਦੇ ।
ਤੇ ਜਦ ਮੈਂ ਰਾਮੂ ਤੋਂ ਬੂਟ ਮੁਰੰਮਤ ਕਰਵਾ ਕੇ ਉਸ ਨੂੰ ਇਹ ਇਕੱਨੀ ਦੇਦਿਆਂ ਹੋਇਆਂ ਕਿਹਾ, 'ਇਸ ਨੂੰ ਰਖ ਲੈ। ਨਾਂਹ ਨ ਕਰ । ਵੇਖਣ ਵਿਚ ਇਹ ਇਕੱਨੀ ਹੈ, ਪਰ ਇਸ ਦੀ ਕੀਮਤ ਸਚ ਮੁਚ ਇਸ ਤੋਂ ਕਿਤੇ ਵਧੇਰੇ ਹੈ......ਮੇਰੀਆਂ ਅੱਖਾਂ ਗਿਲੀਆਂ ਹੋ ਗਈਆਂ। ਮੈਂ ਵੇਖਿਆ ਕਿ ਰਾਮੂ ਦੀਆਂ ਅੱਖਾਂ ਵੀ ਗਿਲੀਆਂ ਹੋ ਗਈਆਂ ਸਨ......ਉਸ ਨੂੰ ਸਾਰੇ ਦਿਨ ਵਿਚ ਉਸ ਇਕੱਨੀ ਤੋਂ ਛੁਟ ਹੋਰ ਕੁਝ ਨਹੀਂ ਸੀ ਮਿਲਿਆ । ਉਸ ਨੇ ਸੋਚਿਆ ਹੋਵੇਗਾ ਕਿ ਉਸ ਨੇ ਇਕ ਅੰਤਰਜਾਮੀ ਸਾਧੂ ਦਾ ਬੂਟ ਮੁਰੰਮਤ ਕੀਤਾ ਹੈ, ਨਹੀਂ ਉਹ ਕਿਵੇਂ ਜਾਣਦਾ ਹੈ ਕਿ ਘਰ ਵਿਚ ਉਸ ਦੀ ਭੁੱਖੀ ਤੀਵੀਂ ਤੇ ਬੱਚੇ ਇਸ ਇਕੱਨੀ ਦਾ ਰਾਹ ਤੱਕ ਰਹੇ ਹਨ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ