Ikkiveen Sadi (Punjabi Story) : Gurbachan Singh Bhullar

ਇੱਕੀਵੀਂ ਸਦੀ (ਕਹਾਣੀ) : ਗੁਰਬਚਨ ਸਿੰਘ ਭੁੱਲਰ

''ਲਗਦਾ ਐ, ਆਹੂਜੇ ਦੀ ਮਾਂ ਪੂਰੀ ਹੋ ਗਈ'', ਮੇਰੀ ਪਤਨੀ ਨੇ ਬਾਹਰੋਂ ਆ ਕੇ ਮੇਰੇ ਕੋਲ ਖਲੋਂਦਿਆਂ ਕਿਹਾ। ਸਵੇਰੇ-ਸਵੇਰੇ ਅਜਿਹੀ ਖ਼ਬਰ ਬੰਦੇ ਨੂੰ ਸੋਗੀ ਬਣਾ ਦਿੰਦੀ ਹੈ, ਪਰ ਮੈਂ ਅਖਬਾਰ ਪੜ੍ਹ ਰਿਹਾ ਸੀ ਜੋ ਇਸ ਨਾਲੋਂ ਵੱਧ ਸੋਗੀ ਖਬਰਾਂ ਨਾਲ ਭਰਿਆ ਪਿਆ ਸੀ।
ਉਹ ਪਿੰਜਰੇ ਵਿਚ ਫ਼ਸੀ ਹੋਈ ਚੂਹੀ ਨੂੰ ਘਰੋਂ ਦੂਰ ਛੱਡਣ ਗਈ ਸੀ। ਜਦੋਂ ਉਹਨੂੰ ਕਦੀ ਘਰ ਵਿਚ ਚੂਹਾ ਹੋਣ ਦਾ ਸ਼ੱਕ ਪੈਂਦਾ, ਉਹ ਰਾਤ ਨੂੰ ਪਿੰਜਰਾ ਲਾ ਦਿੰਦੀ ਅਤੇ ਆਮ ਕਰਕੇ ਸਵੇਰ ਨੂੰ ਚੂਹਾ ਫਸਿਆ ਪਿਆ ਹੁੰਦਾ। ਸਵੇਰੇ ਉੱਠ ਕੇ ਉਹ ਸੁਵਖ਼ਤੇ ਹੀ ਉਹਨੂੰ ਦੂਰ, ਖਾਲੀ ਮੈਦਾਨ ਵਿਚ ਛੱਡ ਆਉਂਦੀ ਸੀ। ਅੱਜ ਵੀ ਉਹ ਇਸੇ ਤਰ੍ਹਾਂ ਫਸੀ ਹੋਈ ਇੱਕ ਚੂਹੀ ਨੂੰ ਛੱਡ ਕੇ ਮੁੜੀ ਸੀ।
''ਕਿਉਂ? ਰੋਣ-ਚੀਕਣ ਦੇ ਪਖੰਡ ਕਰਦੇ ਨੇ?'' ਮੈਂ ਅਖ਼ਬਾਰ ਤੋਂ ਨਜ਼ਰ ਹਟਾ ਕੇ ਪੁੱਛਿਆ। ਮੈਨੂੰ ਮਰਨ ਵਾਲੀ ਦੇ ਪੁੱਤਰ ਅਤੇ ਨੂੰਹ ਨਾਲ ਉੱਕਾ ਹੀ ਕੋਈ ਹਮਦਰਦੀ ਨਹੀਂ ਸੀ।
''ਰੋਣਾ ਕੀ ਸੁਆਹ ਐ ਉਨ੍ਹਾਂ ਨੇ। ਉਨ੍ਹਾਂ ਦੇ ਮਕਾਨ ਦੇ ਨਾਲ ਵਾਲੇ ਖਾਲੀ ਪਲਾਟ ਵਿਚ ਇਕ ਬਿਸਤਰਾ ਤੇ ਜਨਾਨੇ ਕੱਪੜੇ ਸੁੱਟੇ ਪਏ ਨੇ'', ਉਹਨੇ ਆਪਣੇ ਸ਼ੱਕ ਦਾ ਆਧਾਰ ਦੱਸਿਆ।
ਇਹ ਪਿੰਜਰੇ ਵਿਚ ਫਸੇ ਚੂਹਿਆਂ ਨੂੰ ਜਿਊਂਦੇ ਛੱਡ ਦੇਣ ਦੀ ਵੀ ਇੱਕ ਆਪਣੀ ਹੀ ਕਹਾਣੀ ਸੀ। ਕੁਝ ਸਾਲ ਪਹਿਲਾਂ ਜਦੋਂ ਇਸ ਨਵੀਂ ਕਾਲੋਨੀ ਦੇ ਘਰ ਬਣਨੇ ਸ਼ੁਰੂ ਹੋਏ ਸਨ, ਇਥੇ ਖੇਤ ਸਨ। ਇਕ-ਇਕ ਕਰਕੇ ਮਕਾਨ ਬਣਨੇ ਅਤੇ ਵਸਣੇ ਸ਼ੁਰੂ ਹੋਏ। ਜੋ ਪਲਾਟ ਖ਼ਾਲੀ ਪਏ ਹੁੰਦੇ ਸਨ, ਉਨ੍ਹਾਂ ਵਿਚ ਚੂਹੇ ਵਸਦੇ ਸਨ। ਜਦੋਂ ਦਾਅ ਲਗਦਾ, ਉਹ ਘਰਾਂ ਵਿਚ ਆ ਵੜਦੇ।
ਸਾਡੇ ਇਸ ਮਕਾਨ ਵਿਚ ਨਵੇਂ ਲਿਆਂਦੇ ਪਿੰਜਰੇ ਵਿਚ ਜਦੋਂ ਪਹਿਲਾ ਚੂਹਾ ਫਸਿਆ, ਇਸ ਗੱਲ ਉੱਤੇ ਕਾਫ਼ੀ ਬਹਿਸ ਹੋਈ ਕਿ ਉਹਦਾ ਕੀ ਕੀਤਾ ਜਾਵੇ। ਮੈਂ ਆਪਣਾ ਸੰਕੋਚ ਪ੍ਰਗਟ ਕੀਤਾ, ''ਇਸ ਤਰ੍ਹਾਂ ਚੂਹਾ ਜਿਊਂਦਾ ਤਾਂ ਨਹੀਂ ਛੱਡਣਾ ਚਾਹੀਦਾ। ਪਤਾ ਹੈ, ਸਰਕਾਰੀ ਅੰਕੜਿਆਂ ਮੁਤਾਬਕ ਚੂਹੇ ਲੱਖਾਂ ਮਣ ਅਨਾਜ ਖਾ ਜਾਂਦੇ ਨੇ, ਜੋ ਭੁੱਖੇ ਬੰਦਿਆਂ ਦੇ ਮੂੰਹ ਪੈ ਸਕਦਾ ਹੈ।''
''ਸਰਕਾਰੀ ਅੰਕੜੇ।'' ਮੇਰੀ ਪਤਨੀ ਨੇ ਜਿਵੇਂ ਇਹ ਗੱਲ ਤਲੀ ਉੱਤੇ ਰੱਖ ਕੇ ਫੂਕ ਨਾਲ ਉਡਾ ਦਿੱਤੀ। ''ਤੁਹਾਡਾ ਕੀ ਖ਼ਿਆਲ ਐ, ਜੇ ਚੂਹੇ ਇਹ ਅਨਾਜ ਨਾ ਖਾਣ, ਇਹ ਬੰਦਿਆਂ ਨੂੰ ਖਾਣ ਲਈ ਮਿਲ ਜਾਵੇ? ਇਹ ਸਰਕਾਰੀ ਭੰਡਾਰਾਂ ਵਿਚ ਹੀ ਪਵੇ ਅਤੇ ਇਹਨੂੰ ਸੰਬੰਧਿਤ ਵਿਭਾਗਾਂ ਦੇ ਕਰਤੇ-ਧਰਤੇ ਚੂਹੇ ਬਣ ਕੇ ਖਾਂਦੇ ਰਹਿਣ। ਇਹ ਬਿਚਾਰੇ ਪੂਛਾਂ ਵਾਲੇ ਚੂਹੇ ਤਾਂ ਅਸਲ ਧਾਂਦਲੀਆਂ ਕਰਨ ਵਾਲੇ ਬੇਪੂਛੇ ਚੂਹਿਆਂ ਨੂੰ ਬਚਾਉਣ ਲਈ ਬਦਨਾਮ ਕੀਤੇ ਜਾਂਦੇ ਨੇ।''
ਸੋ ਸਾਡੇ ਨਵੇਂ ਘਰ ਵਿਚ ਫਸਿਆ ਉਹ ਪਹਿਲਾ ਚੂਹਾ ਮਾਰਨ ਦੀ ਥਾਂ ਦੂਰ ਮੈਦਾਨ ਵਿਚ ਜਾ ਕੇ ਜਿਊਂਦਾ ਛੱਡ ਦਿੱਤੇ ਜਾਣ ਦਾ ਫ਼ੈਸਲਾ ਕਰ ਦਿੱਤਾ ਗਿਆ। ਤੇ ਇਸ ਰੀਤ ਦੀ ਪੂਰਤੀ ਕਰਦਿਆਂ ਹੀ ਅੱਜ ਵੀ ਮੇਰੀ ਪਤਨੀ ਇਕ ਜਿਊਂਦੀ ਚੂਹੀ ਨੂੰ ਬਾਹਰ ਛੱਡ ਕੇ ਆਈ ਸੀ।
''ਮੈਂ ਛਾਬੜਿਆਂ ਤੋਂ ਪਤਾ ਕਰਕੇ ਆਵਾਂ?
ਮੇਰੀ ਪਤਨੀ ਦੇ ਇਹ ਸ਼ਬਦ ਮੈਨੂੰ ਸਵਾਲ ਵੀ ਸਨ ਅਤੇ ਆਪਣੇ ਆਪ ਨਾਲ ਕੀਤੀ ਸਲਾਹ ਵੀ।
''ਏਨਾ ਸਵੇਰੇ? ਪਤਾ ਨਹੀਂ ਉਹ ਨਵਾਬ ਅਜੇ ਜਾਗੇ ਹੋਣਗੇ ਵੀ ਜਾਂ ਨਹੀਂ,'' ਮੈਂ ਉਤਰ ਦਿੱਤਾ।
ਅਸਲ ਵਿਚ ਇਹੋ ਜਵਾਬ ਉਹਦੇ ਮਨ ਵਿਚ ਵੀ ਸਵਾਲ ਦੇ ਨਾਲ-ਨਾਲ ਹੀ ਆ ਗਿਆ ਸੀ। ਉਹ ਖਾਲੀ ਪਿੰਜਰਾ ਲੈ ਕੇ ਘਰ ਦੇ ਅੰਦਰ ਚਲੀ ਗਈ। ਆਹੂਜੇ ਦੇ ਨਾਲ ਵਾਲੇ ਘਰ ਸਪੇਅਰ ਪਾਰਟਸ ਵਾਲਾ ਛਾਬੜਾ ਰਹਿੰਦਾ ਸੀ। ਇੱਕ ਤਾਂ ਛਾਬੜਾ-ਪਰਿਵਾਰ ਜਾਗਦਾ ਹੀ ਗੋਡੇ-ਗੋਡੇ ਦਿਨ ਚੜ੍ਹਿਆਂ ਸੀ। ਜਾਗਦੇ ਤਾਂ ਪਤਾ ਨਹੀਂ ਕੋਣ ਸਨ, ਕਹਿੰਦੇ ਉਹ ਇਹੋ ਸਨ। ਉਨ੍ਹਾਂ ਦਾ ਮੱਤ ਸੀ ਕਿ ਬਹੁਤਾ ਸਵੇਰੇ ਤਾਂ ਨਿੱਕੇ-ਮੋਟੇ ਕੰਮਾਂ ਉੱਤੇ ਲੱਗਣ ਵਾਲੇ ਜਾਂ ਨੌਕਰੀਆਂ ਕਰਨ ਵਾਲੇ ਲੋਕ ਜਾਗਦੇ ਸਨ। ਪਰ ਉਹ ਤਾਂ ਮਾਲਕ ਸਨ-ਦੂਜਿਆਂ ਨੂੰ ਨੌਕਰ ਰੱਖਣ ਵਾਲੇ। ਉਨ੍ਹਾਂ ਨੂੰ ਸੁਵਖਤੇ ਜਾਗਣ ਦੀ ਕੀ ਲੋੜ ਸੀ। ਤੇ ਉਨ੍ਹਾਂ ਦੀ ਦੂਜੀ ਅਜੀਬ ਆਦਤ ਇਹ ਸੀ ਕਿ ਬਹੁਤੀ ਵਾਰ ਬਾਹਰ ਖਲੋਤੇ ਆਦਮੀ ਨਾਲ ਲੋਹੇ ਦੇ ਬੰਦ ਗੇਟ ਦੇ ਅੰਦਰੋਂ ਹੀ ਗੱਲ ਕਰਦੇ ਸਨ। ਜੇ ਕਿਸੇ ਭਰਾ ਜੀ ਜਾਂ ਭੈਣ ਜੀ ਵਿਚ ਘਰ ਦੇ ਅੰਦਰ ਪਹੁੰਚਣ ਦੀ ਕੁਝ ਬਹੁਤੀ ਦ੍ਰਿੜਤਾ ਹੁੰਦੀ, ਗੇਟ ਤਦ ਹੀ ਖੁਲ੍ਹਦਾ। ਆਮ ਕਰਕੇ ਤਾਂ ਜਦੋਂ ਗੱਲ ਕਰਨ ਵਾਲੇ ਜਾਂ ਕਰਨ ਵਾਲੀ ਦੇ ਪੈਰ ਪੁੱਠੇ ਮੁੜ ਪੈਂਦੇ ਤਾਂ ਮਿਸਟਰ ਛਾਬੜਾ ਜਾਂ ਮਿਸਿਜ਼ ਛਾਬੜਾ ਮੁਲਾਇਮ ਆਵਾਜ਼ ਵਿਚ ਕਹਿੰਦੇ, ''ਲਊ, ਤੁਸੀਂ ਬਾਹਰੋਂ ਹੀ ਮੁੜ ਚੱਲੇ, ਅੰਦਰ ਤਾਂ ਆਉਂਦੇ, ਦੋ ਘੜੀਆਂ ਬੈਠਦੇ।''
ਇਹ ਸਥਿਤੀ ਅਜਿਹੀ ਹੁੰਦੀ ਸੀ ਕਿ ਬੰਦਾ ਚਾਹੁੰਦਾ ਹੋਇਆ ਵੀ ਉਨ੍ਹਾਂ ਨੂੰ ਕੋਈ ਉੱਤਰ ਨਾ ਦੇ ਸਕਦਾ।
ਜਾਣਾ ਤਾਂ ਅਸਲ ਵਿਚ ਸਾਡਾ ਸਿੱਧਾ ਆਹੂਜੇ ਦੇ ਘਰ ਹੀ ਬਣਦਾ ਸੀ। ਪਰ ਉਹਦੇ ਘਰ ਕੌਣ ਜਾਵੇ? ਉਹਦੇ ਹੀ ਕੀ, ਕਿਸੇ ਦੇ ਘਰ ਵੀ ਸਵੇਰੇਸਵੇਰੇ ਕੌਣ ਜਾਵੇ?
ਸੋ ਆਹੂਜਾ ਤੋਂ ਸਵੇਰੇ ਸਵੇਰੇ ਕਿੱਥੇ ਪੁੱਛਿਆ ਜਾ ਸਕਦਾ ਸੀ ਕਿ ਕੀ ਉਨ੍ਹਾਂ ਦੀ ਮਾਂ ਹੀ ਮਰੀ ਹੈ ਜਾਂ ਇਹ ਲੀੜੇ-ਕੱਪੜੇ ਸੁੱਟਣ ਵਾਲੇ ਹੋ ਜਾਣ ਕਰਕੇ ਸੁੱਟ ਦਿੱਤੇ ਗਏ ਹਨ? ਉਨ੍ਹਾਂ ਨਾਲ ਤਾਂ ਦਿਨ ਨੂੰ ਵੀ ਮੇਲ ਜੋਲ ਕਰਨਾ ਔਖਾ ਸੀ। ਕਿਸੇ ਨੂੰ ਮਿਲ ਕੇ ਉਹ ਖੁਸ਼ ਨਹੀਂ ਸਨ ਹੁੰਦੇ। ਇਸ ਹਾਲਤ ਵਿਚ ਤਾਂ ਉਨ੍ਹਾਂ ਦੇ ਗੁਆਂਢੀ, ਮਿਸਟਰ ਅਤੇ ਮਿਸਿਜ਼ ਛਾਬੜਾ ਹੀ ਕੋਈ ਥਹੁ ਪਤਾ ਦੇ ਸਕਦੇ ਹਨ। ਗੁਆਂਢ ਦੀ ਕੁਝ ਤਾਂ ਸੋਅ ਲੱਗ ਹੀ ਜਾਂਦੀ ਹੈ ਪਰ ਉਹ ਜਾਗਦੇ ਚਿਰਾਕੇ ਸਨ।
ਅਜੀਬ ਸਮਾਂ ਆ ਗਿਆ ਹੈ। ਜੇ ਕਿਸੇ ਦੁਖਦੇ-ਸੁਖਦੇ ਦਾ ਪਤਾ ਲੈਣ ਜਾਣਾ ਹੈ, ਵੇਲਾ ਦੇਖ ਕੇ ਜਾਓ। ਇੱਕ ਤਾਂ ਐਤਵਾਰ ਤੋਂ ਬਿਨਾ ਅਜਿਹੇ ਕੰਮਾਂ ਲਈ ਵਿਹਲ ਹੀ ਕੀਹਨੂੰ ਹੈ। ਤੇ ਐਤਵਾਰ ਨੂੰ ਵੀ ਹੁਣ ਉਹ ਨਾਸ਼ਤਾ ਨਾ ਕਰਦੇ ਹੋਣ, ਹੁਣ ਉਹ ਸੀਰੀਅਲ ਦੇਖਦੇ ਹੋਣਗੇ, ਹੁਣ ਤਾਂ ਰੋਟੀ ਦਾ ਵੇਲਾ ਹੋ ਗਿਆ, ਪਿਛਲੇ ਪਹਿਰ ਤਾਂ ਉਹ ਸੌਂ ਨਾ ਗਏ ਹੋਣ, ਹੁਣ ਤਾਂ ਫਿਲਮ ਚੱਲ ਰਹੀ ਹੈ।
ਦੁਖਦਾ-ਸੁਖਦਾ ਤਾਂ ਇਕ ਪਾਸੇ ਰਿਹਾ, ਮਰੇ ਦੀ ਹਮਦਰਦੀ ਲਈ ਜਾਣ ਵਾਸਤੇ ਵੀ ਵੇਲਾ ਵਿਚਾਰਨਾ ਪੈਂਦਾ ਹੈ। ਇਕ ਪਾਸੇ ਮਰਦ ਇਕ ਦੂਜੇ ਨਾਲ ਸਲਾਹਾਂ ਕਰਦੇ ਹਨ ਕਿ ਕਿੰਨੇ ਵਜੇ ਚੱਲਣਾ ਹੈ ਅਤੇ ਉਸ ਸਮੇਂ ਤੱਕ ਆਪਣੇ-ਆਪਣੇ ਮਕਾਨ ਅੰਦਰ ਵੜ ਜਾਂਦੇ ਹਨ। ਦੂਜੇ ਪਾਸੇ ਔਰਤਾਂ ਜਾਣ ਦਾ ਸਮਾਂ ਨਿਸ਼ਚਿਤ ਕਰਦੀਆਂ ਹਨ ਅਤੇ ਆਪਣੇ-ਆਪਣੇ ਘਰ ਸੂਟ-ਸਾੜ੍ਹੀਆਂ ਛਾਂਟਣ ਤੇ ਕੰਘੀ-ਪੱਟੀ ਕਰਨ ਜਾ ਲਗਦੀਆਂ ਹਨ। ਮੌਤ ਕਿਸੇ ਹੋਰ ਦੇ ਘਰ ਹੋ ਗਈ ਹੈ, ਉਹ ਸੋਗੀ ਕੱਪੜੇ ਕਿਉਂ ਪਾਉਣ। ਇਹ ਵਾਧੂ ਪੁਰਾਣਾ ਰਿਵਾਜ ਛੱਡ ਦਿੱਤਾ ਗਿਆ ਹੈ।
ਹੁਣ ਆਹੂਜੇ ਦੇ ਨਾਲ ਵਾਲੇ ਖਾਲੀ ਪਲਾਟ ਵਿਚ ਇਕ ਬਿਸਤਰਾ ਅਤੇ ਕੁਝ ਜਨਾਨੇ ਕੱਪੜੇ ਸੁੱਟੇ ਪਏ ਹਨ। ਮੇਰੀ ਪਤਨੀ ਦਾ ਕਹਿਣਾ ਹੈ ਕਿ ਆਹੂਜੇ ਦੀ ਮਾਂ ਪੂਰੀ ਹੋ ਗਈ ਹੈ। ਪਰ ਇਹ ਸ਼ੱਕ ਵੀ ਜਾਗਦਾ ਹੈ ਕਿ ਕਿਤੇ ਇਹ ਸਭ ਕੁਝ ਸੁੱਟਣ ਵਾਲਾ ਹੋ ਜਾਣ ਕਰਕੇ ਹੀ ਨਾ ਸੁੱਟ ਦਿੱਤਾ ਗਿਆ ਹੋਵੇ। ਪਹਿਲਾਂ ਕਿਤੋਂ ਇਹ ਤਾਂ ਪਤਾ ਲੱਗੇ ਕਿ ਆਹੂਜੇ ਦੀ ਮਾਂ ਸੱਚਮੁੱਚ ਮਰ ਵੀ ਗਈ ਹੈ ਜਾਂ ਨਹੀਂ। ਉਨ੍ਹਾਂ ਦੇ ਘਰ ਤਾਂ ਸੱਚਮੁੱਚ ਦੀ ਮੌਤ ਕਾਰਨ ਜਾਣਾ ਵੀ ਔਖਾ ਸੀ, ਪਰ ਜੇ ਉਹ ਮਾਈ ਦੀ ਮੌਤ ਤੋਂ ਬਿਨਾ ਹੀ ਹਮਦਰਦੀ ਲਈ ਪੁੱਜ ਗਏ, ਹਾਲਤ ਬਹੁਤ ਕਸੂਤੀ ਹੋ ਜਾਣੀ ਸੀ।
ਉਹ ਵੀ ਸਮਾਂ ਸੀ, ਜਦੋਂ ਦੁਖਦੇ-ਸੁਖਦੇ ਦਾ ਵੇਲਾ ਨਹੀਂ ਸੀ ਦੇਖਿਆ ਜਾਂਦਾ। ਤਾਏ ਸੁਰਜਨ ਸਿੰਘ ਦੀ ਮਾਂ ਬਿਸ਼ਨੀ ਅੰਬੋ ਮੰਜੇ ਉੱਤੇ ਪੈ ਗਈ ਤਾਂ ਆਥਣ-ਉਗਣ, ਦੁਪਹਿਰੇ-ਤਿਪਹਿਰੇ, ਜਦੋਂ ਵੀ ਠੀਕ ਲਗਦਾ, ਉਹਦਾ ਪਤਾ ਲੈਣ ਵਾਲੇ ਆਉਂਦੇ ਰਹਿੰਦੇ। ਤੇ ਜਦੋਂ ਉਹਦੇ ਸਾਹਾਂ ਦੀ ਸੰਗਲੀ ਟੁੱਟੀ, ਸਿਆਲ ਦੀ ਠਰੀ ਹੋਈ ਰਾਤ ਅੱਧੀ ਇੱਧਰ ਸੀ, ਅੱਧੀ ਉੱਧਰ।
ਅਸੀਂ ਤਾਂ ਡੂੰਘੇ ਸੋਤੇ ਉਹਦਾ ਪਤਾ ਲੈ ਕੇ ਆਏ ਸੀ। ਉਹ ਬੇਸੁਰਤੀ ਜਿਹੀ ਵਿਚ ਪਈ ਸੀ, ਪਰ ਸਾਹ ਟਿਕਾਵੇਂ ਆ ਰਹੇ ਸਨ। ਮੇਰੇ ਬਾਪੂ ਨੇ ਇਕ ਹੱਥ ਨਾਲ ਉਹਦਾ ਸਿਰ ਥੋੜ੍ਹਾ ਜਿੰਨਾ ਚੁੱਕ ਕੇ ਦੂਜੇ ਨਾਲ ਥਾਂ-ਥਾਂ ਤੋਂ ਗਿੱਚੀ ਟੋਹੀ ਸੀ। ਫੇਰ ਨਰਮੀ ਨਾਲ ਸਿਰ ਸਰ੍ਹਾਣੇ ਉੱਤੇ ਟਿਕਾਉਂਦਿਆਂ ਕਿਹਾ ਸੀ, ''ਜਿਵੇਂ ਵਾਹਿਗੁਰੂ ਦੀ ਮਰਜ਼ੀ।''
ਘਰ ਮੁੜਦਿਆਂ ਰਾਹ ਵਿਚ ਬਾਪੂ ਬੋਲਿਆ ਸੀ, ''ਗਿੱਚੀ ਠਰੀ ਪਈ ਐ, ਹੁਣ ਚਾਚੀ ਬਹੁਤਾ ਚਿਰ ਨਹੀਂ ਲੰਘਾਉਂਦੀ।''
''ਰੱਬ ਦੇ ਘਰ ਦਾ ਕੀ ਪਤਾ। ਸਾਹ ਤਾਂ ਬਿਲਕੁਲ ਸੌਖੇ ਆ ਰਹੇ ਨੇ। ਪਈ ਰਹੇ ਤਾਂ ਚਾਰ ਦਿਨ ਹੋਰ ਪਈ ਰਹੇ,'' ਸ਼ਾਇਦ ਮਾਂ ਨੂੰ ਅੰਬੋ ਦੀ ਮੌਤ ਦੀ ਕਲਪਨਾ ਚੰਗੀ ਨਹੀਂ ਸੀ ਲੱਗ ਰਹੀ। ''ਨਹੀਂ, ਹੁਣ ਦਿਨਾਂ ਦੀ ਖੇਡ ਨਹੀਂ ਰਹੀ, ਹੁਣ ਤਾਂ ਘੰਟਿਆਂ ਦਾ ਮਾਮਲਾ ਐ'', ਮੇਰੇ ਬਾਪੂ ਨੇ ਨਿਰਾਸ਼ਾ ਨਾਲ ਹੱਥ ਮਾਰਿਆ ਸੀ।
ਮੈਂ ਬੋਲਿਆ ਕੁਝ ਨਾ। ਇਹ ਜਿਊਣ-ਮਰਨ ਦੀਆਂ ਗੱਲਾਂ ਮੇਰੇ ਸਮਝਣ ਤੋਂ ਅਤੇ ਕੁਝ ਬੋਲਣ ਤੋਂ ਬਹੁਤ ਉੱਚੀਆਂ ਸਨ। ਪਰ ਮੇਰੇ ਅੰਦਰ ਕੁਝ ਮਰੋੜਿਆ ਜਿਹਾ ਗਿਆ, ਇਹ ਕੀ? ਅੰਬੋ ਬਿਸ਼ਨੀ ਮਰ ਜਾਵੇਗੀ? ਉਹ ਸਾਡੇ ਘਰਾਂ ਵਿਚੋਂ ਨਹੀਂ ਸੀ, ਪਰ ਮੈਥੋਂ ਤਾਂ ਉਹ ਤੋਂ ਸੱਖਣਾ ਆਪਣਾ ਗਲੀਗੁਆਂਢ ਸੋਚਿਆ-ਕਲਪਿਆ ਨਹੀਂ ਸੀ ਜਾਂਦਾ। ਤੇ ਸਾਨੂੰ ਸਾਰਿਆਂ ਨੂੰ ਸੁੱਤਿਆਂ ਪਤਾ ਨਹੀਂ ਕਿੰਨਾ ਕੁ ਸਮਾਂ ਹੋਇਆ ਹੋਵੇਗਾ, ਜਦੋਂ ਮੇਰੇ ਬਾਪੂ ਨੂੰ ਮੇਰੀ ਮਾਂ ਝੰਜੋੜਦੀ ਹੋਈ ਬੋਲੀ, ''ਮੈਂ ਕਿਹਾ ਜੀ, ਉੱਠੋ। ਲਗਦਾ ਐ, ਅੰਬੋ ਬਿਸ਼ਨੀ ਪੂਰੀ ਹੋ ਗਈ। ਵੈਣ ਤਾਂ ਭੈਣ ਸ਼ਾਮ ਕੁਰ ਦੇ ਲਗਦੇ ਨੇ।''
ਮੇਰੀ ਅੱਖ ਵੀ ਨਾਲ ਹੀ ਖੁਲ੍ਹ ਗਈ।
''ਵਾਹਿਗੁਰੂ, ਵਾਹਿਗੁਰੂ'', ਕਹਿੰਦਾ ਮੇਰਾ ਬਾਪੂ ਉੱਠ ਖਲੋਤਾ। ਉਹਨੇ ਲਾਲਟੈਨ ਬਾਲ ਦਿੱਤੀ ਅਤੇ ਬੋਲਿਆ, ''ਹਾਂ, ਬੋਲ ਤਾਂ ਭਾਬੀ ਸ਼ਾਮ ਕੁਰ ਦਾ ਹੀ ਐ।''
ਮੈਂ ਰਜਾਈ ਵਿਚੋਂ ਨਿਕਲ ਕੇ ਜੁੱਤੇ ਪਾਉਣ ਲੱਗ ਪਿਆ।
''ਲੈ ਇਹਨੂੰ ਦੇਖੋ'', ਮਾਂ ਬੋਲੀ , "ਵੇ ਤੂੰ ਕਿਧਰ ਤੁਰ ਪਿਆਂ ?"
"ਮੈਂ ਵੀ ਚੱਲੂਗਾਂ" ਮੈਂ ਓਦਰੇ ਜਿਹੇ ਨਾਲ ਜਵਾਬ ਦਿੱਤਾ। ਮੇਰਾ ਤਾਂ ਰੋਣ ਨਿਕਲਣ ਵਾਲਾ ਹੋਇਆ ਪਿਆ ਸੀ।
''ਕਾਕਾ, ਤੂੰ ਕਿੱਧਰ ਚਲਣਾ ਐ,'' ਬਾਪੂ ਬੋਲਿਆ, ''ਘਰੇ ਰਹਿ। ਬੇਬੇ ਨਾਲ ਪੈ ਜਾ।'' ਮੈਂ ਆਪਣੀ ਦਾਦੀ ਨੂੰ ਬਾਪੂ ਦੀ ਰੀਸ ਨਾਲ ਬੇਬੇ ਹੀ ਆਖਦਾ ਸੀ।
''ਮੁੰਡਿਓ, ਮੇਰੀ ਸੋਟੀ ਕਿੱਥੇ ਐ'', ਬੇਬੇ ਦਾ ਗਲ ਭਰਿਆ ਪਿਆ ਸੀ। ''ਗਈ ਭੈਣ ਬਿਸ਼ਨੋ! ਮੇਰੀ ਬਾਂਹ ਫੜ੍ਹ ਕੇ ਲੈ ਚੱਲੋ ਭਾਈ, ਔਖੇ-ਸੌਖੇ। ਮੈਥੋਂ ਨਹੀਂ ਹੁਣ ਪਿਆ ਜਾਂਦਾ। ਹੁਣ ਪੈਣਾ ਕਿੱਥੇ!''
ਇਸ ਪਿੱਛੋਂ ਮਾਂ ਅਤੇ ਬਾਪੂ ਦਾਦੀ ਨੂੰ ਜਾਂ ਮੈਨੂੰ ਰੋਕਣ ਲਈ ਕੁਝ ਨਹੀਂ ਬੋਲੇ। ਸਾਂ-ਸਾਂ ਕਰਦੀ ਰਾਤ ਵਿਚ ਅਸੀਂ ਸਾਰੇ ਗਏ ਤਾਂ ਤਾਏ ਸੁਰਜਨ ਸਿੰਘ ਦਾ ਦਰਵਾਜ਼ਾ ਚੁਪੱਟ ਖੁਲ੍ਹਾ ਪਿਆ ਸੀ।
ਅੰਬੋ ਬਿਸ਼ਨੀ ਭੁੰਜੇ ਲਾਹੀ ਪਈ ਸੀ ਅਤੇ ਉਹਦੇ ਸਿਰ ਵਲ ਬਠਲੀ ਵਿਚ ਧੂਫ਼ ਧੁਖ ਰਹੀ ਸੀ। ਨੇੜੇ ਦੇ ਘਰਾਂ ਵਾਲੇ ਲੋਕ ਪਹਿਲਾਂ ਹੀ ਇਕੱਠੇ ਹੋਏ ਬੈਠੇ ਸਨ। ਇਕ-ਇਕ ਕਰਕੇ ਹੋਰ ਲੋਕ ਆ ਰਹੇ ਸਨ। ਉਨ੍ਹਾਂ ਦੇ ਬੈਠਣ ਲਈ ਮੰਜੇ-ਬਿਸਤਰੇ ਅਤੇ ਘਰ ਦੀਆਂ ਹੋਰ ਚੀਜ਼ਾਂ-ਵਸਤਾਂ ਇਧਰ ਉਧਰ ਸਮੇਟਦਿਆਂ ਭੁੰਜੇ ਦਰੀਆਂ ਖੇਸ ਵਿਛਾ ਕੇ ਥਾਂ ਬਣਾਈ ਜਾ ਰਹੀ ਸੀ। ਰਾਤੋ-ਰਾਤ ਰਿਸ਼ਤੇਦਾਰੀਆਂ ਵਾਲੇ ਪਿੰਡਾਂ ਵਿਚ ਪਤਾ ਕਰਨ ਲਈ ਗੱਭਰੂ ਮੁੰਡੇ ਵਿਉਂਤ ਬਣਾ ਕੇ ਆਪਣੇ ਆਪ ਤੁਰ ਰਹੇ ਸਨ। ਉਸ ਪਿਛੋਂ ਸਾਰੀ ਰਾਤ ਕਿਸੇ ਨੇ ਅੱਖ ਨਹੀਂ ਸੀ ਲਾਈ। ਤੇ ਸਭ ਦੀਆਂ ਗੱਲਾਂ ਦਾ ਇੱਕੋ ਵਿਸ਼ਾ ਸੀ-ਅੰਬੋ ਬਿਸ਼ਨੀ।
''ਉਹ ਤਾਂ ਸਾਰੇ ਘਰਾਂ ਨੂੰ ਹੀ ਆਪਣੇ ਸਮਝਦੀ ਸੀ।''
''ਕਿਸੇ ਦੇ ਕੋਈ ਦੁਖ-ਸੁਖ ਹੋਇਆ ਨਹੀਂ, ਅੰਬੋ ਡੰਗੋਰੀ ਫੜ ਕੇ ਪਹੁੰਚੀ ਨਹੀਂ।''
''ਮੇਰੇ ਗੁਰਜੰਟੇ ਦਾ ਵਿਆਹ ਹੋਇਆ, ਮੈਂ ਤਾਂ ਮਠਿਆਈ ਵਾਲੀ ਕੋਠੜੀ ਦੀਆਂ ਕੁੰਜੀਆਂ ਅੰਬੋ ਨੂੰ ਫੜ੍ਹਾ ਕੇ ਬੇਫ਼ਿਕਰ ਹੋ ਗਈ।''
''ਸਾਡੇ ਛੋਟੇ ਦਾ ਤਾਪ ਜਦੋਂ ਬਹੁਤ ਵਧ ਗਿਆ, ਮੁੰਡਾ ਹੂੰਗਰਾਂ ਮਾਰੇ, ਨਾਲੇ ਰੋਵੇ ਹੀ ਰੋਵੇ। ਅੰਬੋ ਸਾਰੀ ਰਾਤ ਉਹਨੂੰ ਬੁੱਕਲ ਵਿਚ ਪਾ ਕੇ ਹਿਲਾਉਂਦੀ ਰਹੀ। ਤੇ ਮੁੰਡਾ ਵੀ ਅੰਬੋ ਦੀ ਬੁੱਕਲ ਵਿਚ ਜਾਂਦਾ ਹੀ ਚੁੱਪ ਕਰ ਗਿਆ।'' ਅੰਬੋ ਬਿਸ਼ਨੀ ਬਾਰੇ ਨਾ ਮੁੱਕਣ ਵਾਲੀਆਂ ਇਨ੍ਹਾਂ ਗੱਲਾਂ ਵਿਚ ਹੀ ਸੁਸਤ ਚਾਲ ਚਲਦੀ ਉਦਾਸੀ ਹੋਈ ਸਵੇਰ ਆਈ। ਤੇ ਹੁਣ ਇਹ ਵੀ ਪਤਾ ਨਹੀਂ ਸੀ ਕਿ ਆਹੂਜੇ ਦੀ ਮਾਂ ਮਰੀ ਹੈ ਜਾ ਬੱਸ ਉਹਦੇ ਲੀੜੇ ਕੱਪੜੇ ਹੀ ਬਦਲ ਦਿੱਤੇ ਗਏ ਹਨ? ਜੇ ਮਰੀ ਹੈ ਤਾਂ ਕਦੋਂ ਮਰੀ ਹੈ? ਉਹਨੂੰ ਨੁਅ੍ਹਾਉਣ-ਧੁਆਉਣ ਦੀ, ਉਹਦੀ ਮਿੱਟੀ ਸਮੇਟਣ ਦੀ ਕੀ ਸਲਾਹ ਬਣੀ ਹੈ?
ਉਂਜ ਤਾਂ ਬਿਚਾਰੀ ਦਾ ਛੁਟਕਾਰਾ ਹੀ ਹੋਇਆ। ਇੱਕ ਦਿਨ ਸੰਗਮਰਮਰ ਦੀਆਂ ਪੌੜ੍ਹੀਆਂ ਤੋਂ ਅਜਿਹੀ ਤਿਲਕੀ ਸੀ ਕਿ ਮੰਜੇ ਨਾਲ ਮੰਜਾ ਹੋ ਰਹੀ ਸੀ। ਇਕ ਪੌੜੀ ਦੀ ਨੁੱਕਰ ਉਹਦੇ ਰੁੜ੍ਹਦੀ ਆਉਂਦੀ ਦੇ ਰੀੜ੍ਹ ਦੀ ਹੱਡੀ ਵਿਚ ਚੁਭ ਗਈ ਅਤੇ ਦੋਵੇਂ ਲੱਤਾਂ ਕੰਮ ਕਰਨੋਂ ਹਟ ਗਈਆਂ। ਉਹ ਸਹਾਰੇ ਤੋਂ ਬਿਨਾ ਉੱਠ-ਬੈਠ ਵੀ ਨਹੀਂ ਸੀ ਸਕਦੀ। ਪਾਸਾ ਵੀ ਨਹੀਂ ਸੀ ਬਦਲ ਸਕਦੀ। ਇਕ ਪਲ ਵਿਚ ਉਹ ਹੀਣੀ ਬਣ ਕੇ ਰਹਿ ਗਈ ਸੀ, ਜਿਸਨੂੰ ਹੁਣ ਬਾਕੀ ਉਮਰ ਦੂਜਿਆਂ ਉੱਤੇ ਹੀ ਨਿਰਭਰ ਕਰਨਾ ਪੈਣਾ ਸੀ।
ਸੱਟ ਦਾ ਪਤਾ ਲੱਗਣ ਉੱਤੇ ਸਾਡੀ ਗਲੀ ਦੀਆਂ ਤਿੰਨ-ਚਾਰ ਜਨਾਨੀਆਂ ਇਕੱਠੀਆਂ ਹੋ ਕੇ ਗਈਆਂ ਸਨ। ਘੰਟੀ ਵਜਾਈ ਤਾਂ ਕੁਝ ਸਮੇਂ ਮਗਰੋਂ ਨੌਕਰ ਆਇਆ ਸੀ ਅਤੇ ਗੇਟ ਖੋਲ੍ਹੇ ਬਿਨਾ ਤੇ ਕੁਝ ਪੁੱਛੇ ਜਾਂ ਸੁਣੇ ਬਿਨਾਂ ਆਪ ਹੀ ਬੋਲਿਆ ਸੀ, ''ਮਾਤਾ ਜੀ ਤੋਂ ਸੋਏ ਹੂਏ ਹੈਂ। ਅਬ ਠੀਕ ਹੈਂ। ਬੀਬੀ ਜੀ ਨ੍ਹਾ ਰਹੇ ਹੈਂ।''
ਗੇਟ ਖੋਲ੍ਹਣ ਦਾ ਉਹਦਾ ਕੋਈ ਇਰਾਦਾ ਨਹੀਂ ਸੀ। ਉੱਪਰੋਂ ਭਾਣਾ ਇਹ ਵਰਤਿਆ ਕਿ ਘੰਟੀ ਵਜਾਈ ਤੋਂ ਆਇਆ ਭਾਵੇਂ ਨੌਕਰ ਸੀ, ਪਰ ਮਿਸਿਜ਼ ਆਹੂਜਾ ਨੇ ਵੀ ਡਰਾਇੰਗ ਰੂਮ ਦੇ ਪਰਦੇ ਪਿੱਛੋਂ ਬਾਹਰ ਦੇਖਿਆ ਸੀ ਅਤੇ ਉਹ ਅਜਿਹਾ ਕਰਦੀ ਉਨ੍ਹਾਂ ਸਾਰੀਆਂ ਨੇ ਦੇਖ ਲਈ ਸੀ। ਉਹ ਦਿਨ ਸੋ ਉਹ ਦਿਨ, ਫੇਰ ਕਿਸੇ ਨੇ ਆਹੂਜੇ ਦੀ ਮਾਂ ਦਾ ਪਤਾ ਲੈਣ ਲਈ ਉਨ੍ਹਾਂ ਦੇ ਘਰ ਵਲ ਮੂੰਹ ਨਹੀਂ ਸੀ ਕੀਤਾ।
ਆਹੂਜੇ ਦਾ ਪਹਿਲੇ ਦਿਨੋਂ ਹੀ ਕਿਸੇ ਨਾਲ ਵੀ ਕੋਈ ਬਹੁਤਾ ਵਾਹ-ਵਾਸਤਾ ਨਹੀਂ ਸੀ। ਜਦੋਂ ਉਹਨੇ ਮਕਾਨ ਪਾਇਆ, ਕੰਮ ਠੇਕੇਦਾਰ ਨੂੰ ਸੌਂਪਿਆ ਹੋਇਆ ਸੀ। ਨਿਗਰਾਨੀ ਲਈ ਅਤੇ ਚੀਜ਼ਾਂ ਖਰੀਦ ਕੇ ਦੇਣ ਲਈ ਉਹਦੀ ਫੈਕਟਰੀ ਵਿਚੋਂ ਹੀ ਬੰਦੇ ਆ ਜਾਂਦੇ ਸਨ। ਬੱਸ ਉਹ ਕਦੀਕਦਾਈਂ ਚੱਕਰ ਮਾਰਦਾ ਅਤੇ ਕਿਸੇ ਨਾਲ ਮਿਲਣਬੋਲਣ ਦੀ ਕੋਈ ਰੁਚੀ ਦਿਖਾਏ ਬਿਨਾ ਆਪਣਾ ਕੰਮ ਕਰ ਕੇ ਪਰਤ ਜਾਂਦਾ।
ਪਹਿਲਾਂ ਤੋਂ ਵਸੇ ਹੋਏ ਲੋਕ ਇੱਕ ਨਵੇਂ ਗੁਆਂਢੀ ਦੀ ਆਉਂਦ ਬਾਰੇ ਥੋੜ੍ਹੇ ਉਤਸੁਕ ਤਾਂ ਹੁੰਦੇ, ਪਰ ਬਿਲਕੁਲ ਹੀ ਇੱਕ-ਪੱਖੀ ਹੋ ਕੇ ਉਹ ਵੀ ''ਤੂੰ-ਕੌਣ, ਮੈਂ ਖਾਹਮਖਾਹ'' ਵਾਲੀ ਹਾਲਤ ਵਿਚ ਨਹੀਂ ਸਨ ਪੈਣਾ ਚਾਹੁੰਦੇ।
ਪਹਿਲਾਂ ਆਹੂਜਾ ਦੀ ਕੋਠੀ ਦਾ ਬੇਸਮੈਂਟ ਬਣਿਆ ਅਤੇ ਫੇਰ ਕੋਠੀ ਉਸਰੀ। ਇੰਡਸਟਰੀਅਲ ਏਰੀਏ ਵਿਚ ਉਹਦੀ ਸਟੇਨਲੈੱਸ ਸਟੀਲ ਦੇ ਬਰਤਨਾਂ ਦੀ ਫੈਕਟਰੀ ਸੀ। ਇਹ ਬੇਸਮੈਂਟ ਉਹਨੇ ਸਟੀਲ ਦੀਆਂ ਚਾਦਰਾਂ ਦੇ ਰੂਪ ਵਿਚ ਕੱਚਾ ਮਾਲ ਰੱਖਣ ਲਈ ਬਣਾਇਆ ਸੀ। ਜਦੋਂ ਓਹਨੇ ਇੱਥੇ ਰਹਿਣਾ ਸ਼ੁਰੂ ਕੀਤਾ, ਅਕਸਰ ਹੀ ਉਹਦੀ ਫ਼ੈਕਟਰੀ ਦਾ ਟੈਂਪੂ ਆਉਂਦਾ। ਕਦੀ ਉਹ ਨਵੀਆਂ ਖ਼ਰੀਦੀਆਂ ਚਾਦਰਾਂ ਰੱਖ ਜਾਂਦਾ ਅਤੇ ਕਦੀ ਬਰਤਨ ਬਣਾਉਣ ਲਈ ਉਨ੍ਹਾਂ ਨੂੰ ਲੈ ਆਉਂਦਾ ਅਤੇ ਕਦੀ ਕਿਸੇ ਗਾਹਕ ਦੁਕਾਨਦਾਰ ਦੀ ਮੰਗ ਪੂਰੀ ਕਰਨ ਲਈ ਉਹ ਬਰਤਨ ਚੁੱਕ ਲਿਜਾਂਦਾ।
ਜਿਸ ਦਿਨ ਆਹੂਜਾ ਨੇ ਇੱਥੇ ਵਸਣਾ ਸ਼ੁਰੂ ਕੀਤਾ, ਕੁਝ ਧਾਰਮਿਕ ਰਸਮਾਂ ਕੀਤੀਆਂ ਗਈਆਂ ਅਤੇ ਮਹਿਮਾਨਾਂ ਨੂੰ ਖਾਣ-ਪਾਣ ਕਰਵਾਇਆ ਗਿਆ। ਬਹੁਤੇ ਲੋਕ ਤਾਂ ਓਪਰੇ ਹੀ ਸਨ। ਸ਼ਾਇਦ ਉਹ ਉਹਦੇ ਕਾਰੋਬਾਰੀ ਵਰਤੋਂ-ਵਿਹਾਰ ਵਾਲੇ ਲੋਕ ਸਨ। ਹੋ ਸਕਦਾ ਹੈ, ਕੁਝ ਉਹਦੇ ਪਹਿਲਾਂ ਦੇ ਗੁਆਂਢੀ ਹੋਣ। ਪਰ ਇਹ ਸੰਭਾਵਨਾ ਘੱਟ ਹੀ ਸੀ। ਆਂਢ-ਗੁਆਂਢ ਨਾਲ ਵਰਤੋਂ ਵਿਹਾਰ ਦੀ ਸੀਮਾ ਆਹੂਜਾ ਨੇ ਉਸੇ ਦਿਨ ਸਪੱਸ਼ਟ ਕਰ ਦਿੱਤੀ ਸੀ। ਬਿਲਕੁਲ ਨੇੜੇ ਦੇ ਦੋ-ਚਾਰ ਗੁਆਂਢੀਆਂ ਨੂੰ ਉਹਦੇ ਨੌਕਰ ਨੇ ਘੰਟੀ ਵਜਾ ਕੇ ਕਾਰਡ ਹੱਥੀਂ ਫੜ੍ਹਾ ਦਿੱਤੇ ਸਨ। ਗਲੀ ਦੇ ਬਾਕੀ ਲੋਕਾਂ ਦੇ ਕਾਰਡ ਉਨ੍ਹਾਂ ਦੇ ਲੈਟਰ-ਬਾਕਸਾਂ ਵਿਚ ਸੁੱਟ ਦਿੱਤੇ ਗਏ ਸਨ। ਅੱਗੇ ਪਿੱਛੇ ਦੀਆਂ ਇਹ ਦੋ ਗਲੀਆਂ ਛੱਡ ਕੇ ਉਹਨੇ ਕਾਲੋਨੀ ਵਿਚ ਕਿਸੇ ਹੋਰ ਨੂੰ ਕਾਰਡ ਨਹੀਂ ਸੀ ਦਿੱਤਾ।
ਤੇ ਲੋਕ ਏਨੇ ਭੋਲੇ ਤਾਂ ਹੈ ਨਹੀਂ ਕਿ ਕਾਰਡ ਭੇਜਣ ਦੇ ਢੰਗ ਤੋਂ ਉਹਦੇ ਅਰਥ ਨਾ ਸਮਝਦੇ ਹੋਣ। ਇਹੋ ਢੰਗ ਹੀ ਤਾਂ ਸਪੱਸ਼ਟ ਕਰਦਾ ਹੈ ਕਿ ਬੁਲਾਉਣ ਵਾਲਾ ਬੁਲਾਏ ਜਾਣ ਵਾਲੇ ਨੂੰ ਸੱਚਮੁੱਚ ਬੁਲਾ ਰਿਹਾ ਹੈ ਜਾਂ ਐਵੇਂ ਕੰਡਿਆਂ ਉੱਤੋਂ ਦੀ ਘੜੀਸ ਰਿਹਾ ਹੈ। ਤੇ ਜੇ ਬੁਲਾ ਰਿਹਾ ਹੈ ਤਾਂ ਕਿੰਨੇ ਕੁ ਆਦਰ-ਮਾਣ ਨਾਲ।
ਸੋ ਨੌਕਰ ਹੱਥ ਭੇਜੇ ਜਾਂ ਲੈਟਰ-ਬਾਕਸਾਂ ਵਿਚ ਸੁਟਵਾਏ ਆਹੂਜਾ ਦੇ ਕਾਰਡਾਂ ਉੱਤੇ ਕੌਣ ਜਾਂਦਾ। ਬਹੁਤਿਆਂ ਦਾ ਜਵਾਬ, ਜੋ ਉਹਦੀ ਪਿੱਠ ਪਿੱਛੇ ਹੀ ਦਿੱਤਾ ਗਿਆ, ਇਹੋ ਸੀ ਕਿ ਕੋਈ ਕਿਸੇ ਦੇ ਖਾਣ ਦਾ ਭੁੱਖਾ ਥੋੜ੍ਹੇ ਹੁੰਦਾ ਹੈ। ਸਭ ਹੀ ਆਪਣੇ-ਆਪਣੇ ਘਰ ਰਾਣੀ ਖਾਂ ਹਨ। ਪਰ ਬਿਲਕੁਲ ਨੇੜੇ ਦੇ ਗੁਆਂਢੀਆਂ ਨੂੰ ਅਜਿਹੇ ਸਮੇਂ ਇਹ ਵੀ ਸੋਚਣਾ ਪੈਂਦਾ ਹੈ, ਕੀ ਪਤਾ ਕਦੋਂ ਕੀਹਨੂੰ ਕੀਹਦੀ ਲੋੜ ਪੈ ਜਾਵੇ। ਚਲੋ, ਇਹ ਤਾਂ ਜਿਸ ਅਕਲ ਦਾ ਮਾਲਕ ਹੈ, ਉਹਦਾ ਵਿਖਾਵਾ ਇਹਨੇ ਕਰ ਦਿੱਤਾ, ਆਪਾਂ ਇਹਦੇ ਵਰਗੇ ਹੋਛੇ ਕਿਉਂ ਬਣੀਏ। ਗੁਆਂਢ-ਮੱਥੇ ਜਾਣਾ ਹੀ ਬਣਦਾ ਹੈ।
ਹੁਣ ਉਹਦੀ ਮਾਂ ਮਰੀ ਤੇ ਗੁਆਂਢ-ਮੱਥੇ ਜਾਣਾ ਹੋਰ ਵੀ ਬਣਦਾ ਸੀ। ਕਹਿੰਦੇ ਹਨ, ਖੁਸ਼ੀ ਦੇ ਮੌਕੇ ਕਿਸੇ ਦੇ ਜਾਣ ਤੋਂ ਤਾਂ ਬੰਦਾ ਬੇਸ਼ੱਕ ਖੁੰਝ ਜਾਵੇ, ਪਰ ਗਮੀ ਦੇ ਮੌਕੇ ਕਦੀ ਪਿੱਛੇ ਨਹੀਂ ਰਹਿਣਾ ਚਾਹੀਦਾ। ਖੁਸ਼ੀ ਦੇ ਮੌਕੇ ਤਾਂ ਉਤਸ਼ਾਹ ਹੋਣ ਸਦਕਾ ਆਪਣਾ ਕੰਮ ਨਿਭਾਉਣਾ ਕਿਸੇ ਲਈ ਵੀ ਔਖਾ ਨਹੀਂ ਹੁੰਦਾ, ਪਰ ਗ਼ਮੀ ਦੇ ਮੌਕੇ ਚਾਰ ਬੰਦੇ ਅਰਥੀ ਨੂੰ ਮੋਢਾ ਦੇਣ ਵਾਲੇ ਹੀ ਚਾਹੀਦੇ ਹਨ। ਮੇਰੀ ਪਤਨੀ ਨੇ ਮੈਨੂੰ ਚਾਹ ਫੜ੍ਹਾ ਕੇ ਆਪਣੀ ਪਿਆਲੀ ਮੂੰਹ ਨੂੰ ਲਾਈ ਤਾਂ ਮੈਂ ਆਖਿਆ, ''ਚਾਹ ਪੀ ਕੇ ਆਪਾਂ ਛਾਬੜੇ ਤੋਂ ਪੁੱਛ ਹੀ ਆਈਏ। ਹੁਣ ਤੱਕ ਤਾਂ ਜਾਗ ਪਏ ਹੋਣਗੇ।'' ''ਚੱਲੋ, ਚੱਲ ਆਉਂਦੇ ਹਾਂ'', ਉਹ ਅੱਧਮੰਨੇ ਜਿਹੇ ਮਨ ਨਾਲ ਬੋਲੀ। ''ਉਨ੍ਹਾਂ ਤੋਂ ਕਿਹੜਾ ਫਟਾ-ਫਟ ਪਤਾ ਲੱਗ ਜਾਣਾ ਹੈ। ਤੁਹਾਡੇ ਯਾਦ ਹੈ ਨਾ ਜਦੋਂ ਇਸੇ ਮਾਤਾ ਦਾ ਚੀਕ ਚਿਹਾੜਾ ਸੁਣ ਕੇ..."
ਹਾਂ, ਮੈਨੂੰ ਉਹ ਘਟਨਾ ਪੂਰੀ ਦੀ ਪੂਰੀ ਯਾਦ ਸੀ। ਉਸ ਦਿਨ ਆਹੂਜਾ ਦੀ ਕੋਠੀ ਦੀ ਪਿਛਲੀ ਖਿੜਕੀ ਪਤਾ ਨਹੀਂ ਕਿਵੇਂ ਖੁੱਲ੍ਹੀ ਰਹਿ ਗਈ ਸੀ ਅਤੇ ਸਾਨੂੰ ਮਾਈ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਗਈਆਂ ਸਨ। ਜਿਵੇਂ ਉਹ ਬਹੁਤ ਔਖੀ ਹੋਵੇ ਜਾਂ ਕਿਸੇ ਕਾਰਨ ਜਿਵੇਂ ਕੋਈ ਉਹਨੂੰ ਖਿੱਚ-ਧੂਹ ਕਰ ਰਿਹਾ ਹੋਵੇ ਜਾਂ ਜਿਵੇਂ ਉਹ ਰੱਬ ਅੱਗੇ ਕੂਕ ਰਹੀ ਹੋਵੇ, ਫਰਿਆਦ ਕਰ ਰਹੀ ਹੋਵੇ।
ਮਾਈ ਦੀਆਂ ਕੂਕਾਂ ਦੇ ਖਿੱਚੇ ਅਸੀਂ ਦੋਵੇਂ ਉੱਠੇ। ਇਨ੍ਹਾਂ ਕੂਕਾਂ ਦਾ ਕਾਰਨ ਜਾਣਨ ਲਈ ਸਿੱਧੇ ਆਹੂਜਾ ਦੇ ਘਰ ਜਾਣ ਦਾ ਤਾਂ ਸਵਾਲ ਹੀ ਨਹੀਂ ਸੀ, ਅਸੀਂ ਛਾਬੜਾ ਦੇ ਘਰ ਚਲੇ ਗਏ। ਛਾਬੜਾ ਬਹੁਤ ਦਬਵੀਂ ਆਵਾਜ਼ ਵਿਚ ਬੋਲਿਆ, ''ਛੱਡੋ, ਭਾਈ ਸਾਹਿਬ, ਤੁਸੀਂ ਰਤਾ ਹਟਵੇਂ ਹੋ ਅਤੇ ਉਧਰ ਇਨ੍ਹਾਂ ਦੇ ਬੂਹੇ-ਬਾਰੀਆਂ ਬੰਦ ਹੀ ਰਹਿੰਦੇ ਨੇ।
ਸਾਡੀ ਤਾਂ ਕੰਧ ਸਾਂਝੀ ਹੈ। ਅਸੀਂ ਤਾਂ ਇਹ ਸਭ ਸਿੱਧਾ-ਅਸਿੱਧਾ ਸੁਣਦੇ ਹੀ ਰਹਿੰਦੇ ਹਾਂ।''
ਮਿਸਿਜ਼ ਛਾਬੜਾ ਦਾ ਕਹਿਣਾ ਸੀ ਕਿ ''ਮਾਈ ਕਈ ਵਾਰ ਕੱਪੜੇ ਗੰਦੇ ਕਰ ਦਿੰਦੀ ਹੈ। ਆਪ ਤਾਂ ਆਹੂਜਾ ਜੋ ਚੰਗਾ-ਮੰਦਾ ਬੋਲਦਾ ਹੈ, ਮੂੰਹੋਂ ਹੀ ਬੋਲਦਾ ਹੈ, ਪਰ ਉਹਦੀ ਜਨਾਨੀ ਤਾਂ ਬੁੱਢੀ ਦੀਆਂ ਬਾਹਾਂ ਮਰੋੜਨ ਤੱਕ ਜਾਂਦੀ ਹੈ।'' ਉਹਨੂੰ ਇਹ ਸਾਰੀ ਜਾਣਕਾਰੀ ਆਹੂਜੇ ਦੀ ਨੌਕਰਾਣੀ ਤੋਂ ਮਿਲੀ ਸੀ। ਇਕ ਦਿਨ ਜੋੜੀ ਤਾਂ ਬਾਲ-ਬੱਚੇ ਸਮੇਤ ਕਿਧਰੇ ਗਈ ਹੋਈ ਸੀ। ਘਰ ਵਿਚ ਸਨ ਕੇਵਲ ਮਾਤਾ ਅਤੇ ਨੌਕਰਾਣੀ। ਮਿਸਿਜ਼ ਛਾਬੜਾ ਨੇ ਪਨੀਰ ਦੇ ਪਕੌੜੇ ਕੱਢ ਕੇ ਵਿਹੜੇ ਵਿਚ ਫਿਰਦੀ ਨੌਕਰਾਣੀ ਨੂੰ ਬੁਲਾ ਲਿਆ। ਮਾਤਾ ਤਾਂ ਨਾ-ਹੋਇਆਂ ਵਰਗੀ ਸੀ। ਘਰੇ ਹੋਰ ਕੋਈ ਵੀ ਨਾ ਹੋਣ ਦੇ ਬਾਵਜੂਦ ਉਹ ਚਾਰ-ਚੁਫੇਰੇ ਦੇਖਦੀ ਹੋਈ ਆਈ ਸੀ। ਉਹਨੂੰ ਹਦਾਇਤ ਸੀ ਕਿ ਉਹਨੇ ਨਾ ਕਿਸੇ ਦੇ ਘਰ ਆਉਣਾ ਜਾਣਾ ਹੈ ਅਤੇ ਨਾ ਕਿਸੇ ਦੇ ਨਾਲ ਕੋਈ ਗੱਲ ਕਰਨੀ ਹੈ। ਪਰ ਸੀ ਤਾਂ ਆਖ਼ਰ ਬਿਚਾਰੀ ਰੱਬ ਦਾ ਜੀਅ। ਅੰਨ੍ਹ ਖਾਂਦੀ ਸੀ ਤਾਂ ਮਨ ਵਿਚ ਇੱਛਾਵਾਂ ਪੈਦਾ ਹੁੰਦੀਆਂ ਸਨ। ਕਦੀ ਤਾਂ ਕਿਸੇ ਨਾਲ ਬੋਲਣ ਨੂੰ, ਗੱਲ ਕਰਨ ਨੂੰ ਦਿਲ ਕਰਦਾ ਹੀ ਹੈ। ਬੱਸ ਗਰਮ ਚਾਹ ਦੀਆਂ ਘੁੱਟਾਂ ਨਾਲ ਪਕੌੜਿਆਂ ਦਾ ਅੰਦਰ ਲੰਘਣਾ ਸੀ ਕਿ ਗੱਲਾਂ ਉਹਨੇ ਸਾਰੀਆਂ ਬਾਹਰ ਉਗਲੱਛ ਦਿੱਤੀਆਂ। ਜਿਵੇਂ ਕੱਢੂੰ-ਕੱਢੂੰ ਕਰਦੀ ਹੋਈ ਹੀ ਇਹ ਸਭ ਕੁਝ ਆਪਣੇ ਢਿੱਡ ਵਿਚ ਚੁੱਕੀ ਫ਼ਿਰਦੀ ਹੋਵੇ।
''ਸੋ ਭਾਈ ਸਾਹਬ, ਇਹ ਮਾਤਾ ਜੀ ਦੀਆਂ ਚੀਕਾਂ ਤਾਂ ਰੋਜ਼ ਦਾ ਹੀ ਮਾਮਲਾ ਐ। ਆਪਾਂ ਕਿਸੇ ਦੀ ਅੱਗ ਨਾਲ ਹੱਥ ਕਿਉਂ ਫ਼ੂਕੀਏ। ਤੁਸੀਂ ਚਾਹਪਾਣੀ ਦੱਸੋ ਅਤੇ ਘਰੇ ਜਾ ਕੇ ਆਰਾਮ ਕਰੋ,'' ਛਾਬੜਾ ਸਾਹਬ ਨੇ ਗੱਲ ਮੁਕਾ ਦਿੱਤੀ। ਚਾਹ ਵਾਲੀਆਂ ਪਿਆਲੀਆਂ ਰਸੋਈ ਵਿਚ ਰੱਖਦਿਆਂ ਮੇਰੀ ਪਤਨੀ ਨੇ ਕਿਹਾ, ''ਚਲੋ ਛਾਬੜਿਆਂ ਨੂੰ ਘੱਟੋ-ਘੱਟ ਇਹ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਮਾਤਾ ਪੂਰੀ ਹੋ ਗਈ ਹੈ ਜਾਂ..."
''ਚੱਲ'', ਮੈਂ ਖੜ੍ਹਾ ਹੋਇਆ, ''ਜੇ ਮਾਈ ਚੱਲ ਗਈ ਹੋਈ, ਅੱਜ ਤਾਂ ਸਾਲੇ ਨੂੰ ਉਹਦੇ ਅੰਤਿਮ ਅਸ਼ਨਾਨ ਲਈ ਦੋ-ਚਾਰ ਔਰਤਾਂ ਅਤੇ ਉਹਨੂੰ ਸ਼ਮਸ਼ਾਨ ਲਿਜਾਣ ਲਈ ਪੰਜ-ਸੱਤ ਬੰਦੇ ਚਾਹੀਦੇ ਹੀ ਹੋਣਗੇ।''
ਸਾਡਾ ਗੇਟ ਤੋਂ ਪਰਤਣ ਦਾ ਇਰਾਦਾ ਨਾ ਦੇਖ ਕੇ ਡਰਾਇੰਗ-ਰੂਮ ਦਾ ਬੂਹਾ ਖੋਲ੍ਹਦਿਆਂ ਛਾਬੜਾ ਬੋਲਿਆ, ''ਅੱਜ ਕਿਵੇਂ, ਸਵੇਰੇ ਹੀ ਸਵੇਰੇ?''
ਅੰਦਰੋਂ ਮੈਕਸੀ ਦੇ ਅੱਗੇ ਨਾਲ ਹੱਥ ਪੂੰਝਦੀ ਮਿਸਿਜ਼ ਛਾਬੜਾ ਵੀ ਸਾਡੇ ਕੋਲ ਆ ਬੈਠੀ। ''ਸਵੇਰੇ ਸਵੇਰੇ ਗੱਲ ਤਾਂ ਹੋਰ ਤਰ੍ਹਾਂ ਦੀ ਲਗਦੀ ਐ, ਛਾਬੜਾ ਸਾਹਬ, ਪਰ ਕੀ ਕਰੀਏ, ਆਖ਼ਰ ਗੁਆਂਢ ਮੱਥੇ...," ਮੈਂ ਝਿਜਕ ਜਿਹੀ ਨਾਲ ਗੱਲ ਤੋਰੀ।
ਉਹ ਦੋਵੇਂ ਇਕੱਠੇ ਹੀ ਸਾਵਧਾਨ ਹੋ ਕੇ ਬੋਲੇ, ''ਦੱਸੋ।'' ਸ਼ਾਇਦ ਉਹ ਸਮਝਦੇ ਸਨ ਕਿ ਅਸੀਂ ਉਨ੍ਹਾਂ ਕੋਲ ਹੀ ਕਿਸੇ ਕਿਸਮ ਦਾ ਗਿਲਾ ਕਰਨ ਜਾਂ ਉਲਾਂਭਾ ਦੇਣ ਆਏ ਹਾਂ। ਆਖਰ ਘਰ ਦੇ ਪਿੱਛੇ ਘਰ ਹੋਣ ਦੀ ਸਾਂਝ ਸੀ।
''ਗੱਲ ਇਹ ਹੈ, ਵੈਸੇ ਤਾਂ ਸਵੇਰੇ ਸਵੇਰੇ...," ਮੈਂ ਫੇਰ ਝਿਜਕਿਆ। ਅਸਲ ਵਿਚ ਕਿਸੇ ਹੋਰ ਦੇ ਘਰ ਦੀ ਮੌਤ ਦੀ ਗੱਲ ਕਿਸੇ ਤੀਜੇ ਦੇ ਘਰ, ਉਹ ਵੀ ਸਵੇਰੇ-ਸਵੇਰੇ, ਕਰਦਿਆਂ ਮੈਨੂੰ ਪਰੇਸ਼ਾਨੀ ਹੋ ਰਹੀ ਸੀ ਪਰ ਝਿਜਕ ਤਾਂ ਛੱਡਣੀ ਹੀ ਪੈਣੀ ਸੀ, "ਐਧਰ ਖਾਲੀ ਪਲਾਟ ਵਿਚ ਬਿਸਤਰਾ ਤੇ ਜਨਾਨੇ ਕੱਪੜੇ ਸੁੱਟੇ ਪਏ ਨੇ। ਲੱਗਦਾ ਐ ਆਹੂਜੇ ਦੀ ਮਾਤਾ...।" ਛਾਬੜੇ ਨੇ ਤਣਾਓ ਮੁਕਤ ਹੋ ਕੇ ਸੋਫੇ ਨਾਲ ਢੋਅ ਲਾਈ ਅਤੇ ਮੇਰੀ ਗੱਲ ਵਿਚਾਲਿਓਂ ਟੁੱਕੀ, "ਅੱਛਾ! ਇਹ ਪਰੇਸ਼ਾਨੀ ਹੈ। ਉਹ ਤਾਂ ਬਿਚਾਰੀ ਕੱਲ੍ਹ ਦੁਪਹਿਰੇ ਹੀ ਮਰ ਗਈ ਸੀ।"
ਮਿਸਿਜ਼ ਛਾਬੜਾ ਵੀ ਸਹਿਜ ਹੋ ਗਈ, "ਮਰੀ ਕੀ ਭਰਾ ਜੀ, ਪਿੰਜਰੇ ਵਿਚੋਂ ਛੁਟ ਗਈ। ਨਰਕ ਜੂਨ ਕੱਟੀ ਗਈ ਬਿਚਾਰੀ ਦੀ।" ਉਹਨੇ ਸ਼ੁਕਰਾਨੇ ਵਜੋਂ ਰੱਬ ਵੱਲ ਹੱਥ ਜੋੜੇ। "ਇਹੋ ਜਿਹਾ ਵੇਲਾ ਰੱਬ ਕਿਸੇ ਉਤੇ ਨਾ ਲਿਆਵੇ।"
"ਤੁਹਾਨੂੰ ਸਭ ਪਤਾ ਹੀ ਹੈ, ਗੱਲ ਨੂੰ ਕੀ ਖਿੱਚਣਾ ਹੈ।" ਛਾਬੜੇ ਨੇ ਮੁਕਦੀ ਕਰਨੀ ਚਾਹੀ, "ਚਾਹ ਪੀਓ, ਪਿਆਲੀ ਪਿਆਲੀ।"
"ਨਹੀਂ, ਚਾਹ ਤਾਂ ਹੁਣੇ ਪੀ ਕੇ ਆਏ ਹਾਂ," ਮੇਰੀ ਪਤਨੀ ਬੋਲੀ। "ਕੱਲ੍ਹ ਸ਼ਾਮ ਨੂੰ ਤਾਂ ਉਹ ਲੀੜੇ-ਕੱਪੜੇ ਉਥੇ ਹੈ ਨਹੀਂ ਸੀ। ਅਸੀਂ ਸੋਚਿਆ, ਮਾਤਾ ਰਾਤ ਨੂੰ ਪੂਰੀ ਹੋਈ ਹੋਵੇਗੀ।"
"ਚਲੋ ਜੋ ਹੋਇਆ, ਛਾਬੜਾ ਸਾਹਿਬ, ਸੋ ਤਾਂ ਹੋਇਆ", ਮੈਂ ਉਹਦੇ ਮੋਢੇ ਉਤੇ ਹੱਥ ਰੱਖਿਆ।
"ਆਓ ਚੱਲੀਏ। ਇਨ੍ਹਾਂ ਨਾਲ ਸਬੰਧ ਕਿਹੋ ਜਿਹੇ ਵੀ ਹੋਣ, ਮਰਨ ਵਾਲੀ ਦੇ ਅੰਤਿਮ ਸਸਕਾਰ ਵਾਸਤੇ ਤਾਂ...।"
"ਉਹ ਵੀ ਕੱਲ੍ਹ ਪਿਛਲੇ ਪਹਿਰ ਹੀ ਹੋ ਗਿਆ," ਉਹਨੇ ਜਵਾਬ ਦਿੱਤਾ। "ਸਾਨੂੰ ਵੀ ਸ਼ਾਮ ਨੂੰ ਜਾ ਕੇ ਪਤਾ ਲੱਗਿਆ।"
"ਕਿਵੇਂ? ਆਦਮੀਆਂ-ਔਰਤਾਂ ਤੋਂ ਬਿਨਾ...," ਮੈਂ ਹੈਰਾਨ ਹੋ ਕੇ ਰਹਿ ਗਿਆ।
"ਅੰਤਿਮ ਅਸ਼ਨਾਨ ਤਾਂ ਵਾਧੂ ਦੀ ਰਸਮ ਹੈ, ਭਾਈ ਸਾਹਬ, ਮਿੱਟੀ ਨੂੰ ਨੁਹਾਓ ਜਾਂ ਨਾ ਨੁਹਾਓ, ਕੀ ਫਰਕ ਪੈਂਦਾ ਹੈ? ਨਾ ਮਿੱਟੀ ਨੂੰ ਫਰਕ, ਨਾ ਕਿਸੇ ਹੋਰ ਨੂੰ। ਤੇ ਅਰਥੀ ਲਈ ਫੈਕਟਰੀ ਤੋਂ ਮਜ਼ਦੂਰ ਟੈਂਪੂ ਲੈ ਆਏ ਸੀ। ਮਾਤਾ ਦੀ ਦੇਹ ਲੱਦ ਕੇ ਸ਼ਮਸ਼ਾਨਘਟ ਲੈ ਗਏ।" ਛਾਬੜੇ ਨੇ ਸਾਰਾ ਕੁਝ ਏਨੇ ਸਹਿਜ ਵਿਚ ਹੋਇਆ ਦੱਸਿਆ ਜਿੰਨੇ ਸਹਿਜ ਨਾਲ ਮੇਰੀ ਪਤਨੀ ਕੁਝ ਸਮਾਂ ਪਹਿਲਾਂ ਚੂਹੀ ਨੂੰ ਪਿੰਜਰੇ ਵਿਚੋਂ ਬਾਹਰ ਛੱਡ ਕੇ ਆਈ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ