Jaaman Da Darakht (Story in Punjabi) : Krishan Chander
ਜਾਮਣ ਦਾ ਦਰੱਖਤ (ਕਹਾਣੀ) : ਕ੍ਰਿਸ਼ਨ ਚੰਦਰ
ਰਾਤ ਨੂੰ ਬੜੇ ਜ਼ੋਰ ਨਾਲ਼ ਝੱਖੜ ਝੁੱਲਿਆ। ਇਸ ਕਾਰਨ ਸਕੱਤਰੇਤ ਦੇ ਵਿਹੜੇ ਵਿਚਲਾ ਜਾਮਣ ਦਾ ਦਰੱਖਤ ਡਿੱਗ ਪਿਆ। ਸਵੇਰੇ ਜਦ ਮਾਲੀ ਨੇ ਦੇਖਿਆ ਤਾਂ ਪਤਾ ਲੱਗਾ ਕਿ ਇਸ ਦੇ ਥੱਲੇ ਇੱਕ ਬੰਦਾ ਦੱਬਿਆ ਪਿਆ ਹੈ। ਮਾਲੀ ਭੱਜਿਆ-ਭੱਜਿਆ ਚਪੜਾਸੀ ਕੋਲ਼ ਗਿਆ, ਚਪੜਾਸੀ ਭੱਜਿਆ-ਭੱਜਿਆ ਕਲਰਕ ਕੋਲ਼ ਗਿਆ, ਕਲਰਕ ਨਿਗਰਾਨ ਕੋਲ਼ ਤੇ ਨਿਗਰਾਨ ਭੱਜਿਆ-ਭੱਜਿਆ ਬਾਹਰ ਲਾਅਨ ’ਚ ਆਇਆ। ਅੱਖ ਦੇ ਫੋਰ ’ਚ ਦਰੱਖਤ ਹੇਠ ਦੱਬੇ ਹੋਏ ਆਦਮੀ ਦੁਆਲੇ ਜਮਾਵੜਾ ਲੱਗ ਗਿਆ।
“ਵਿਚਾਰਾ ਜਾਮਣ ਦਾ ਦਰਖਤ ਕਿੰਨਾ ਫਲਦਾਰ ਸੀ”, ਇੱਕ ਕਲਰਕ ਬੋਲਿਆ। “ਇਹਦੀਆਂ ਜਾਮਣਾਂ ਕਿੰਨੀਆਂ ਰਸਦਾਰ ਹੁੰਦੀਆਂ ਸਨ”, ਦੂਜਾ ਕਲਰਕ ਬੋਲਿਆ। “ਮੈਂ ਇਸ ਫਲ ਦੇ ਮੌਸਮ ’ਚ ਥੈਲਾ ਭਰ ਕੇ ਲੈ ਜਾਂਦਾ ਸੀ। ਮੇਰੇ ਬੱਚੇ ਇਸ ਦੀਆਂ ਜਾਮਣਾਂ ਬੜੀ ਖੁਸ਼ੀ ਨਾਲ਼ ਖਾਂਦੇ ਸਨ”, ਤੀਸਰੇ ਕਲਰਕ ਨੇ ਰੁੰਦੇ ਹੋਏ ਗਲ਼ੇ ਨਾਲ਼ ਕਿਹਾ।
“ਪਰ ਆਹ ਬੰਦਾ?” ਮਾਲੀ ਨੇ ਦਰਖਤ ਹੇਠਾਂ ਦੱਬੇ ਹੋਏ ਆਦਮੀ ਵੱਲ ਇਸ਼ਾਰਾ ਕਰਦਿਆਂ ਕਿਹਾ।
“ਹਾਂ, ਇਹ ਬੰਦਾ”, ਨਿਗਰਾਨ ਸੋਚ ’ਚ ਪੈ ਗਿਆ।
“ਪਤਾ ਨਹੀਂ ਜਿਊਂਦੈ ਕਿ ਮਰ ਗਿਆ”, ਇੱਕ ਚਪੜਾਸੀ ਨੇ ਪੁੱਛਿਆ। “ਮਰ ਗਿਆ ਹੋਣੈ, ਐਨਾ ਭਾਰਾ ਤਣਾ ਜਿਸ ਦੀ ਪਿੱਠ ਉੱਪਰ ਡਿੱਗੇ ਉਹ ਬਚ ਕਿਵੇਂ ਸਕਦੈ?” ਦੂਸਰਾ ਚਪੜਾਸੀ ਬੋਲਿਆ।
“ਨਹੀਂ ਮੈਂ ਜਿਊਂਦਾ ਹਾਂ”, ਦੱਬਿਆ ਹੋਇਆ ਬੰਦਾ ਦਰਦ ਨਾਲ਼ ਕਰਾਹੁੰਦੇ ਹੋਏ ਬੜੀ ਮੁਸ਼ਕਲ ਨਾਲ਼ ਬੋਲਿਆ। “ਜਿਊਂਦੈ?’, ਇੱਕ ਕਲਰਕ ਨੇ ਹੈਰਾਨੀ ਨਾਲ਼ ਕਿਹਾ। “ਦਰੱਖਤ ਨੂੰ ਪਾਸੇ ਕਰਕੇ ਇਸ ਨੂੰ ਹੇਠੋਂ ਕੱਢ ਲੈਣਾ ਚਾਹੀਦੈ”, ਮਾਲੀ ਨੇ ਸਲਾਹ ਦਿੱਤੀ।
“ਮੁਸ਼ਕਲ ਐ”, ਇੱਕ ਭਾਰੇ ਸਰੀਰ ਵਾਲ਼ੇ ਚਪੜਾਸੀ ਨੇ ਕਿਹਾ। “ਦਰਖਤ ਦਾ ਤਣਾ ਬਹੁਤ ਮੋਟਾ ਤੇ ਭਾਰਾ ਹੈ”।
“ਕੀ ਮੁਸ਼ਕਲ ਐ?” ਮਾਲੀ ਬੋਲਿਆ। “ਜੇ ਨਿਗਰਾਨ ਸਾਹਿਬ ਹੁਕਮ ਦੇਣ ਤਾਂ ਹੁਣੇ ਈਂ 15-20 ਮਾਲੀ, ਚਪੜਾਸੀ ਅਤੇ ਕਲਰਕ ਜੋਰ ਲਾ ਕੇ ਬੰਦੇ ਨੂੰ ਦਰਖਤ ਹੇਠੋਂ ਕੱਢ ਸਕਦੇ ਐ”।
“ਮਾਲੀ ਠੀਕ ਕਹਿੰਦੈ,” ਬਹੁਤ ਸਾਰੇ ਕਲਰਕ ਇੱਕੋ ਵੇਲੇ ਬੋਲੇ। “ਲਾਉ ਜੋਰ, ਅਸੀਂ ਤਿਆਰ ਹਾਂ”।
ਇੱਕਦਮ ਬਹੁਤ ਸਾਰੇ ਲੋਕ ਦਰੱਖਤ ਨੂੰ ਵੱਢਣ ਲਈ ਤਿਆਰ ਹੋ ਗਏ।
“ਰੁਕੋ”, ਨਿਗਰਾਨ ਬੋਲਿਆ, “ਮੈਂ ਅੰਡਰ-ਸੈਕਟਰੀ ਨਾਲ਼ ਸਲਾਹ ਕਰ ਲਵਾਂ”।
ਨਿਗਰਾਨ ਅੰਡਰ-ਸੈਕਟਰੀ ਕੋਲ਼ ਗਿਆ, ਅੰਡਰ-ਸੈਕਟਰੀ ਡਿਪਟੀ ਸੈਕਟਰੀ ਕੋਲ਼ ਗਿਆ, ਡਿਪਟੀ ਸੈਕਟਰੀ ਜੁਆਇੰਟ ਸੈਕਟਰੀ ਕੋਲ਼ ਤੇ ਜੁਆਇੰਟ ਸੈਕਟਰੀ ਮੁੱਖ ਸਕੱਤਰ ਕੋਲ਼ ਗਿਆ। ਮੁੱਖ ਸਕੱਤਰ ਨੇ ਜੁਆਇੰਟ ਸਕੱਤਰ ਨੂੰ ਕੁਝ ਕਿਹਾ, ਜੁਆਇੰਟ ਸਕੱਤਰ ਨੇ ਡਿਪਟੀ ਸਕੱਤਰ ਨੂੰ ਕੁਝ ਕਿਹਾ ਤੇ ਡਿਪਟੀ ਸਕੱਤਰ ਨੇ ਅੰਡਰ ਸੈਕਟਰੀ ਨੂੰ। ਤੇ ਫਾਈਲ ਚੱਲ ਪਈ। ਇਸ ’ਚ ਹੀ ਅੱਧਾ ਦਿਨ ਬੀਤ ਗਿਆ।
ਦੁਪਹਿਰ ਦੇ ਖਾਣੇ ਸਮੇਂ ਦੱਬੇ ਹੋਏ ਬੰਦੇ ਦੁਆਲ਼ੇ ਲੋਕਾਂ ਦਾ ਜਮਾਵੜਾ ਲੱਗ ਗਿਆ। ਜਿੰਨੇ ਮੂੰਹ ਓਨੀਆਂ ਗੱਲਾਂ। ਕੁਝ ਮਨਚਲੇ ਕਲਰਕ ਹਕੂਮਤ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਦਰੱਖਤ ਨੂੰ ਆਪ ਹੀ ਹਟਾਉਣ ਦੀ ਤਿਆਰੀ ਕਰ ਰਹੇ ਸਨ ਕਿ ਨਿਗਰਾਨ ਭੱਜਿਆ-ਭੱਜਿਆ ਆਇਆ ਅਤੇ ਬੋਲਿਆ- “ਆਪਾਂ ਇਸ ਦਰਖਤ ਨੂੰ ਆਪ ਪਰ੍ਹਾਂ ਨਹੀਂ ਕਰ ਸਕਦੇ। ਆਪਾਂ ਵਣਜ ਮਹਿਕਮੇ ਦੇ ਕਰਮਚਾਰੀ ਹਾਂ ਤੇ ਦਰਖਤ ਖੇਤੀਬਾੜੀ ਮਹਿਕਮੇ ਅਧੀਨ ਆਉਂਦੈ। ਇਸ ਲਈ ਮੈਂ ਇਹ ਫਾਈਲ ’ਤੇ ‘ਅਰਜੈਂਟ’ ਲਿਖ ਕੇ ਖੇਤੀ ਵਿਭਾਗ ਨੂੰ ਭੇਜ ਰਿਹਾ ਹਾਂ। ਉਥੋਂ ਜਵਾਬ ਆਉਂਦੇ ਹੀ ਇਸ ਨੂੰ ਇਥੋਂ ਹਟਵਾ ਦਿੱਤਾ ਜਾਏਗਾ”।
ਦੂਜੇ ਦਿਨ ਖੇਤੀ ਵਿਭਾਗ ਤੋਂ ਜਵਾਬ ਆਇਆ ਕਿ ਦਰੱਖਤ ਹਟਾਉਣ ਦੀ ਜਿੰਮੇਵਾਰੀ ਤਾਂ ਵਣਜ ਵਿਭਾਗ ਦੀ ਬਣਦੀ ਐ।
ਇਹ ਜਵਾਬ ਪੜ੍ਹਦਿਆਂ ਹੀ ਵਣਜ ਵਿਭਾਗ ਵਾਲ਼ਿਆਂ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਹਨਾਂ ਨੇ ਤੁਰੰਤ ਮੋੜਵਾਂ ਜਵਾਬ ਲਿਖ ਭੇਜਿਆ ਕਿ ਦਰਖਤ ਹਟਾਉਣ ਜਾਂ ਨਾਂ ਹਟਾਉਣ ਦੀ ਜਿੰਮੇਵਾਰੀ ਖੇਤੀ ਮਹਿਕਮੇ ਦੀ ਹੀ ਹੈ, ਵਣਜ ਵਿਭਾਗ ਦਾ ਇਸ ਨਾਲ਼ ਕੋਈ ਲੈਣਾ ਦੇਣਾ ਨਹੀਂ।
ਦੂਜੇ ਦਿਨ ਵੀ ਫਾਈਲ ਚਲਦੀ ਰਹੀ। ਸ਼ਾਮ ਨੂੰ ਜਵਾਬ ਆ ਗਿਆ- “ਅਸੀਂ ਇਸ ਮਾਮਲੇ ਨੂੰ ਬਾਗਬਾਨੀ ਵਿਭਾਗ ਨੂੰ ਸੌਂਪ ਰਹੇ ਹਾਂ ਕਿਉਂਕਿ ਇਹ ਇੱਕ ਫਲਦਾਰ ਦਰਖਤ ਦਾ ਮਾਮਲਾ ਹੈ ਤੇ ਖੇਤੀ ਵਿਭਾਗ ਸਿਰਫ ਅਨਾਜ ਤੇ ਖੇਤੀਬਾੜੀ ਸਬੰਧੀ ਮਾਮਲਿਆਂ ਬਾਰੇ ਫੈਸਲਾ ਕਰਨ ਦਾ ਹੱਕ ਰੱਖਦੈ। ਕਿਉਂਕਿ ਜਾਮਣ ਦਾ ਦਰਖਤ ਇੱਕ ਫਲਦਾਰ ਦਰਖਤ ਹੈ ਇਸ ਲਈ ਇਹ ਬਾਗਬਾਨੀ ਵਿਭਾਗ ਦੇ ਅਧਿਕਾਰ ਖੇਤਰ ’ਚ ਆਉਂਦੈ।”
ਰਾਤ ਨੂੰ ਮਾਲੀ ਨੇ ਦੱਬੇ ਹੋਏ ਬੰਦੇ ਨੂੰ ਦਾਲ਼-ਚੌਲ ਖੁਆਏ। ਭਾਵੇਂ ਉੱਥੇ ਪੁਲਿਸ ਦਾ ਭਾਰੀ ਪਹਿਰਾ ਸੀ ਪਰ ਇੱਕ ਰਹਿਮਦਿਲ ਪੁਲਿਸਵਾਲੇ ਨੇ ਉਸ ਨੂੰ ਖਾਣਾ ਖਵਾਉਣ ਦੀ ਆਗਿਆ ਦੇ ਦਿੱਤੀ।
ਮਾਲੀ ਨੇ ਦੱਬੇ ਹੋਏ ਆਦਮੀ ਨੂੰ ਕਿਹਾ, “ਤੇਰੀ ਫਾਈਲ ਚੱਲ ਰਹੀ ਐ। ਉਮੀਦ ਹੈ ਕੱਲ੍ਹ ਤੱਕ ਫੈਸਲਾ ਹੋ ਜਾਵੇਗਾ”।
ਦੱਬਿਆ ਹੋਇਆ ਬੰਦਾ ਚੁੱਪ ਰਿਹਾ। “ਸ਼ੁਕਰ ਐ ਤਣਾ ਤੇਰੇ ਪੁੜਿਆਂ ’ਤੇ ਡਿੱਗਾ, ਜੇ ਪਿੱਠ ’ਤੇ ਡਿੱਗਦਾ ਤਾਂ ਰੀੜ ਦੀ ਹੱਡੀ ਟੁੱਟ ਜਾਣੀ ਸੀ”, ਮਾਲੀ ਨੇ ਕਿਹਾ। ਪਰ ਬੰਦਾ ਚੁੱਪ ਹੀ ਰਿਹਾ। ਮਾਲੀ ਨੇ ਫਿਰ ਕਿਹਾ, “ਜੇ ਤੇਰਾ ਇਥੇ ਕੋਈ ਵਾਰਿਸ ਹੈ ਤਾਂ ਮੈਨੂੰ ਉਹਦਾ ਪਤਾ-ਟਿਕਾਣਾ ਦਸ ਦੇ ਮੈਂ ਉਸ ਨੂੰ ਖਬਰ ਦੇਣ ਦੀ ਕੋਸ਼ਿਸ਼ ਕਰਾਂਗਾ।”
“ਮੈਂ ਲਾਵਾਰਿਸ ਹਾਂ,” ਦੱਬੇ ਹੋਏ ਬੰਦੇ ਨੇ ਬੜੀ ਮੁਸ਼ਕਲ ਨਾਲ਼ ਜਵਾਬ ਦਿੱਤਾ। ਮਾਲੀ ਅਫਸੋਸ ਪ੍ਰਗਟ ਕਰਦਾ ਹੋਇਆ ਪਰ੍ਹਾਂ ਹੋ ਗਿਆ।
ਤੀਸਰੇ ਦਿਨ ਬਾਗਬਾਨੀ ਵਿਭਾਗ ਤੋਂ ਜਵਾਬ ਆ ਗਿਆ। ਬੜਾ ਸਖਤ ਤੇ ਅਲੋਚਨਾਮਈ ਜਵਾਬ ਸੀ। ਇਸ ਤੋਂ ਵਿਭਾਗ ਦਾ ਸਕੱਤਰ ਸਾਹਿਤਕ-ਮਿਜ਼ਾਜ਼ ਲਗਦਾ ਸੀ। ਲਿਖਿਆ ਸੀ- “ਹੈਰਾਨੀ ਹੈ ਕਿ ਇਸ ਵੇਲੇ ਜਦ ‘ਦਰਖਤ ਲਾਓ’ ਮੁਹਿੰਮ ਬੜੇ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ, ਸਾਡੇ ਮੁਲਕ ’ਚ ਐਦਾਂ ਦੇ ਸਰਕਾਰੀ ਅਫਸਰ ਵੀ ਮੌਜੂਦ ਹਨ ਜੋ ਦਰਖਤ ਕੱਟਣ ਦੀ ਸਲਾਹ ਦੇ ਰਹੇ ਹਨ ਤੇ ਉਹ ਵੀ ਇੱਕ ਫਲਦਾਰ ਦਰਖਤ! ਤੇ ਉਹ ਵੀ ਜਾਮਣ ਦਾ ਦਰਖਤ!! ਜਿਸ ਦੇ ਫਲ ਜਨਤਾ ਬੜੇ ਚਾਅ ਨਾਲ਼ ਖਾਂਦੀ ਹੈ। ਸਾਡਾ ਵਿਭਾਗ ਕਿਸੇ ਕੀਮਤ ’ਤੇ ਵੀ ਇਸ ਫਲਦਾਰ ਦਰਖਤ ਨੂੰ ਵੱਢਣ ਦੀ ਆਗਿਆ ਨਹੀਂ ਦੇ ਸਕਦਾ”।
“ਹੁਣ ਕੀ ਕੀਤਾ ਜਾਏ?” ਇੱਕ ਮਨਚਲਾ ਬੋਲਿਆ- “ਜੇ ਦਰਖਤ ਨਹੀਂ ਵੱਢਿਆ ਜਾ ਸਕਦਾ ਤਾਂ ਇਸ ਆਦਮੀ ਨੂੰ ਵੱਢਕੇ ਕੱਢ ਲੈਨੇ ਆਂ!” ਉਸ ਨੇ ਇਸ਼ਾਰੇ ਨਾਲ਼ ਸਮਝਾਉਂਦਿਆਂ ਕਿਹਾ- “ਆਹ ਦੇਖੋ, ਜੇ ਇਸ ਆਦਮੀ ਨੂੰ ਵਿਚਾਲਿਉਂ, ਭਾਵ ਧੜ ਤੋਂ ਕੱਟ ਦਿੱਤਾ ਜਾਏ ਤਾਂ ਅੱਧਾ ਆਦਮੀ ਇਸ ਪਾਸਿਉਂ ਤੇ ਬਾਕੀ ਅੱਧਾ ਦੂਸਰੇ ਪਾਸਿਉਂ ਬਾਹਰ ਨਿਕਲ ਜਾਏਗਾ ਤੇ ਦਰਖਤ ਵੀ ਉੱਥੇ ਦਾ ਉੱਥੇ ਹੀ ਰਹੇਗਾ”।
“ਪਰ ਐਂ ਤਾ ਮੈਂ ਮਰ ਜਾਊਂਗਾ”, ਦੱਬੇ ਹੋਏ ਬੰਦੇ ਨੇ ਇਤਰਾਜ ਕੀਤਾ। “ਇਹ ਵੀ ਠੀਕ ਕਹਿੰਦੈ,” ਇੱਕ ਕਲਰਕ ਨੇ ਕਿਹਾ।
ਆਦਮੀ ਨੂੰ ਕੱਟਣ ਵਾਲ਼ਾ ਬਾਕਮਾਲ ਤਰੀਕਾ ਦੱਸਣ ਵਾਲ਼ੇ ਨੇ ਪੁਖਤਾ ਦਲੀਲ ਪੇਸ਼ ਕੀਤੀ- “ਤੁਹਾਨੂੰ ਪਤਾ ਨਹੀਂ, ਅੱਜਕਲ ਪਲਾਸਟਕ ਸਰਜਰੀ ਨਾਲ਼ ਧੜ ਤੋਂ ਇਸ ਨੂੰ ਫਿਰ ਤੋਂ ਜੋੜਿਆ ਜਾ ਸਕਦੈ”।
ਤੇ ਹੁਣ ਫਾਈਲ ਨੂੰ ਮੈਡੀਕਲ ਵਿਭਾਗ ਕੋਲ਼ ਭੇਜ ਦਿੱਤਾ ਗਿਆ। ਤੁਰੰਤ ਐਕਸ਼ਨ ਲੈਂਦਿਆਂ ਮਹਿਕਮੇ ਨੇ ਜਾਂਚ ਲਈ ਸਰਜਨ ਭੇਜ ਦਿੱਤਾ। ਸਭ ਕੁਝ ਚੈੱਕ ਕਰਨ ਉਪਰੰਤ ਉਸ ਨੇ ਰਿਪੋਰਟ ਭੇਜੀ- “ਇਸ ਆਦਮੀ ਦਾ ਪਲਾਸਟਕ ਅਪਰੇਸ਼ਨ ਤਾਂ ਹੋ ਸਕਦੈ, ਅਪਰੇਸ਼ਨ ਸਫਲ ਵੀ ਹੋਵੇਗਾ ਪਰ ਆਦਮੀ ਮਰ ਜਾਏਗਾ”।
ਨਤੀਜਤਨ ਇਹ ਸੁਝਾਅ ਵੀ ਰੱਦ ਕਰ ਦਿੱਤਾ ਗਿਆ।
ਰਾਤ ਨੂੰ ਦੱਬੇ ਹੋਏ ਬੰਦੇ ਦੇ ਮੂੰਹ ’ਚ ਖਿਚੜੀ ਪਾਉਂਦਿਆਂ ਮਾਲੀ ਨੇ ਕਿਹਾ- “ਹੁਣ ਮਾਮਲਾ ਉੱਪਰ ਚਲਾ ਗਿਐ। ਸੁਣਿਐ ਕਿ ਸਕੱਤਰੇਤ ਦੇ ਸਾਰੇ ਸਕੱਤਰਾਂ ਦੀ ਮੀਟਿੰਗ ਹੋਵੇਗੀ। ਉਸ ’ਚ ਤੇਰਾ ਕੇਸ ਰੱਖਿਆ ਜਾਵੇਗਾ। ਉਮੀਦ ਹੈ ਸਭ ਕੰਮ ਠੀਕ ਹੋ ਜਾਏਗਾ”।
ਦੱਬਿਆ ਬੰਦਾ ਇੱਕ ਹਉਕਾ ਭਰਦਿਆਂ ਹੌਲ਼ੀ ਜਿਹੀ ਬੋਲਿਆ- “ਹਮ ਨੇ ਮਾਨਾ ਕਿ ਤਗਾਫੁਲ ਨਾਂ ਕਰੋਗੇ ਲੇਕਿਨ\ਖਾਕ ਹੋ ਜਾਏਂਗੇ ਹਮ ਤੁਮ ਕੋ ਖਬਰ ਹੋਨੇ ਤਕ”।
ਆਚੰਭਤ ਮਾਲੀ ਨੇ ਮੂੰਹ ’ਚ ਉਂਗਲੀ ਦਬਾਈ ਤੇ ਹੈਰਾਨੀ ਨਾਲ਼ ਪੁੱਛਿਆ- “ਕੀ ਤੂੰ ਕਵੀ ਏਂ?” ਦੱਬੇ ਹੋਏ ਬੰਦੇ ਨੇ ਸਹਿਮਤੀ ’ਚ ਹੌਲ਼ੀ ਦੇਣੀ ਸਿਰ ਹਿਲਾ ਦਿਤਾ। ਬੱਸ ਫਿਰ ਕੀ ਸੀ, ਸਾਰੇ ਸਕੱਤਰੇਤ ’ਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਦੱਬਿਆ ਬੰਦਾ ਸ਼ਾਇਰ ਹੈ। ਲੋਕਾਂ ਦੀਆਂ ਡਾਰਾਂ ਦੀਆਂ ਡਾਰਾਂ ਦੱਬੇ ਹੋਏ ਕਵੀ ਨੂੰ ਦੇਖਣ ਤੁਰ ਪਈਆਂ। ਸਾਰੇ ਸ਼ਹਿਰ ਦੇ ਸ਼ਾਇਰ ਇੱਕੱਠੇ ਹੋਣ ਲੱਗ ਪਏ। ਸਕੱਤਰੇਤ ਦੇ ਸਾਹਿਤਕ ਮੱਸ ਰੱਖਣ ਵਾਲ਼ੇ ਕਈ ਕਲਰਕ ਤੇ ਅੰਡਰ-ਸੈਕਟਰੀ ਵੀ ਰੁਕ ਗਏ। ਕੁਝ ਕਵੀ ਦੱਬੇ ਹੋਏ ਆਦਮੀ ਨੂੰ ਆਪਣੀਆਂ ਗਜਲਾਂ ਸੁਣਾਉਣ ਲੱਗ ਪਏ, ਕਈ ਕਲਰਕ ਉਸ ਕੋਲ਼ੋਂ ਆਪਣੀਆਂ ਗਜਲਾਂ ਬਾਰੇ ਸਲਾਹ ਮੰਗਣ ਲਗੇ।
ਦੱਬੇ ਹੋਏ ਬੰਦੇ ਦੇ ਕਵੀ ਹੋਣ ਬਾਰੇ ਪਤਾ ਲੱਗਣ ਉਪਰੰਤ ਸਕੱਤਰੇਤ ਦੀ ਉਪ-ਕਮੇਟੀ ਨੇ ਉਸ ਦੀ ਫਾਈਲ ਸੱਭਿਆਚਾਰਕ ਵਿਭਾਗ ਨੂੰ ਭੇਜਣ ਦਾ ਫੈਸਲਾ ਕੀਤਾ।
ਫਾਈਲ ਸੱਭਿਆਚਾਰਕ ਵਿਭਾਗ ਦੇ ਵੱਖੋ-ਵੱਖ ਸੈਕਸ਼ਨਾਂ ਤੋਂ ਹੁੰਦੀ ਹੋਈ ਸਾਹਿਤ ਅਕਾਦਮੀ ਦੇ ਸਕੱਤਰ ਕੋਲ਼ ਪਹੁੰਚੀ। ਵਿਚਾਰਾ ਸਕੱਤਰ ਫੌਰਨ ਆਪਣੀ ਗੱਡੀ ’ਚ ਉਸ ਬੰਦੇ ਕੋਲ਼ ਪੁੱਜਾ ਤੇ ਉਸ ਦੀ ਇੰਟਰਵਿਯੂ ਲੈਣ ਲੱਗਾ- “ਤੂੰ ਕਵੀ ਏਂ?”, ਉਸ ਨੇ ਪੁੱਛਿਆ। “ਜੀ ਹਾਂ,” ਦੱਬੇ ਹੋਏ ਬੰਦੇ ਨੇ ਜਵਾਬ ਦਿੱਤਾ। “ਤਖੱਲੁਸ ਕੀ ਹੈ?” “ਓਸ”। ਸਕੱਤਰ ਨੇ ਚੀਖ ਕੇ ਕਿਹਾ-“ਤੂੰ ਓਹੀ ‘ਓਸ’ ਹੈਂ ਜਿਸ ਦੀ ਸ਼ਾਇਰੀ ਦੀ ਮਸ਼ਹੂਰ ਕਿਤਾਬ ‘ਓਸ ਕੇ ਫੂਲ’ ਹੁਣੇ ਜਿਹੇ ਛਪੀ ਹੈ?” ਬੰਦੇ ਨੇ ਸਹਿਮਤੀ ’ਚ ਸਿਰ ਹਿਲਾਇਆ।
“ਕੀ ਤੂੰ ਸਾਡੀ ਅਕਾਦਮੀ ਦਾ ਮੈਂਬਰ ਏਂ?” “ਨਹੀਂ”। “ਕਮਾਲ ਐ, ਐਨਾ ਵੱਡਾ ਸ਼ਾਇਰ, ‘ਓਸ ਕੇ ਫੂਲ’ ਦਾ ਕਰਤਾ ਤੇ ਸਾਡੀ ਅਕਾਦਮੀ ਦਾ ਮੈਂਬਰ ਨਹੀਂ, ਉੱਫ! ਉੱਫ! ਕਿੱਡੀ ਗਲਤੀ ਹੋ ਗਈ ਸਾਥੋਂ। ਐਨਾ ਵੱਡਾ ਸ਼ਾਇਰ ਪਰ ਕਿਵੇਂ ਗੁੰਮਨਾਮੀ ਦੇ ’ਨ੍ਹੇਰੇ ’ਚ ਦੱਬਿਆ ਪਿਐ”, ਸਕੱਤਰ ਨੇ ਹੈਰਾਨ ਹੁੰਦਿਆ ਕਿਹਾ।
“ਗੁੰਮਨਾਮੀ ਦੇ ’ਨ੍ਹੇਰੇ ’ਚ ਨਹੀਂ ਸਗੋਂ ਇੱਕ ਦਰਖਤ ਹੇਠਾਂ ਦੱਬਿਆ ਪਿਆਂ, ਰੱਬ ਦੇ ਵਾਸਤੇ ਮੈਨੂੰ ਇਸ ਦਰਖਤ ਹੇਠੋਂ ਕੱਢੋ”।
“ਹੁਣੇ ਈਂ ਬੰਦੋਬਸਤ ਕਰਦਾਂ,” ਸਕੱਤਰ ਤੁਰੰਤ ਬੋਲਿਆ ਅਤੇ ਫੌਰਨ ਜਾ ਕੇ ਆਪਣੇ ਵਿਭਾਗ ਨੂੰ ਰਿਪੋਰਟ ਪੇਸ਼ ਕਰ ਦਿੱਤੀ।
ਦੂਜੇ ਦਿਨ ਸਕੱਤਰ ਭੱਜਾ-ਭੱਜਾ ਕਵੀ ਕੋਲ਼ ਆਇਆ ਤੇ ਬੋਲਿਆ- “ਵਧਾਈ ਹੋਵੇ, ਮਿਠਾਈ ਖਾਓ, ਸਾਡੀ ਸਰਕਾਰੀ ਅਕਾਦਮੀ ਨੇ ਤੈਨੂੰ ਆਪਣੀ ਸਾਹਿਤ ਸੰਮਤੀ ਦਾ ਮੈਂਬਰ ਬਣਾ ਲਿਐ। ਆਹ ਲੈ ਆਡਰ ਦੀ ਕਾਪੀ”।
“ਪਰ ਮੈਨੂੰ ਇਸ ਦਰਖਤ ਹੇਠੋਂ ਤਾਂ ਕੱਢੋ”, ਦੱਬੇ ਹੋਏ ਆਦਮੀ ਨੇ ਦਰਦ ਨਾਲ਼ ਤੜਪਦਿਆਂ ਕਿਹਾ। ਉਹਦਾ ਸਾਹ ਬੜੀ ਮੁਸ਼ਕਲ ਨਾਲ਼ ਚੱਲ ਰਿਹਾ ਸੀ ਤੇ ਉਸ ਦੀਆਂ ਅੱਖਾਂ ਤੋਂ ਸਾਫ ਦਿਸਦਾ ਸੀ ਕਿ ਉਹ ਬੜੇ ਕਸ਼ਟ ’ਚ ਹੈ।
“ਅਸੀਂ ਇਹ ਨਹੀਂ ਕਰ ਸਕਦੇ”, ਸਕੱਤਰ ਬੋਲਿਆ। “ਅਸੀਂ ਜੋ ਕਰ ਸਕਦੇ ਸੀ ਕਰ ਦਿੱਤਾ। ਸਗੋਂ ਅਸੀਂ ਤਾਂ ਇਥੋਂ ਤੱਕ ਕਰ ਸਕਦੇ ਹਾਂ ਕਿ ਜੇ ਤੂੰ ਮਰ ਗਿਆ ਤਾਂ ਤੇਰੀ ਪਤਨੀ ਨੂੰ ਪੈਨਸ਼ਨ ਲਵਾ ਸਕਦੇ ਹਾਂ। ਜੇ ਤੂੰ ਬੇਨਤੀ ਪੱਤਰ ਦਏਂ ਤਾਂ ਇਹ ਵੀ ਕਰ ਸਕਦੇ ਹਾਂ”।
“ਮੈਂ ਹਾਲੇ ਜੀਊਂਦਾ ਹਾਂ”, ਕਵੀ ਰੁਕ ਰੁਕ ਕੇ ਬੋਲਿਆ “ਮੈਨੂੰ ਜਿਊਂਦਾ ਰੱਖੋ”।
“ਸਮੱਸਿਆ ਇਹ ਐ ਕਿ ਸਾਡਾ ਵਿਭਾਗ ਸਿਰਫ ਸੱਭਿਆਚਾਰ ਨਾਲ਼ ਸਬੰਧਤ ਹੈ। ਤੇਰੇ ਲਈ ਅਸੀਂ ਜੰਗਲਾਤ ਮਹਿਕਮੇ ਨੂੰ ਲਿਖ ਦਿਤੈ, ‘ਅਰਜੈਂਟ’ ਲਿਖਿਐ”, ਸਰਕਾਰੀ ਅਕਾਦਮੀ ਦਾ ਸਕੱਤਰ ਹੱਥ ਮਲ਼ਦਿਆਂ ਬੋਲਿਆ।
ਸ਼ਾਮ ਨੂੰ ਮਾਲੀ ਨੇ ਉਸ ਨੂੰ ਦੱਸਿਆ ਕਿ ਭਲਕੇ ਜੰਗਲਾਤ ਵਿਭਾਗ ਦੇ ਬੰਦੇ ਆ ਕੇ ਦਰੱਖਤ ਕੱਟ ਦੇਣਗੇ ਤੇ ਉਸ ਦੀ ਜਾਨ ਬਚ ਜਾਏਗੀ।
ਮਾਲੀ ਬਹੁਤ ਖੁਸ਼ ਸੀ। ਪਰ ਦੱਬੇ ਹੋਏ ਬੰਦੇ ਦੀ ਸਿਹਤ ਜਵਾਬ ਦੇ ਰਹੀ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਜ਼ਿੰਦਗੀ ਲਈ ਲੜੀ ਜਾ ਰਿਹਾ ਸੀ। ਕੱਲ੍ਹ ਸਵੇਰ ਤੱਕ ਕਿਸੇ ਨਾ ਕਿਸੇ ਤਰ੍ਹਾਂ ਉਸ ਨੇ ਜਿਊਂਦਾ ਰਹਿਣੈ।
ਦੂਜੇ ਦਿਨ ਜਦ ਜੰਗਲਾਤ ਵਿਭਾਗ ਦੇ ਬੰਦੇ ਦਰਖਤ ਕੱਟਣ ਲਈ ਆਰੀ-ਕੁਹਾੜੀ ਸਮੇਤ ਪਹੁੰਚੇ ਤਾਂ ਉਹਨਾਂ ਨੂੰ ਰੋਕ ਦਿਤਾ ਗਿਆ। ਪਤਾ ਲੱਗਾ ਕਿ ਬਦੇਸ਼ ਮੰਤਰਾਲੇ ਦੇ ਹੁਕਮਾਂ ’ਤੇ ਅਜਿਹਾ ਕੀਤਾ ਗਿਆ। ਇਸ ਦਾ ਕਾਰਨ ਸੀ ਕਿ ਦਸ ਸਾਲ ਪਹਿਲਾਂ ਇਸ ਦਰਖਤ ਨੂੰ ‘ਪਿਟੂਨੀਆਂ’ ਦੇ ਪ੍ਰਧਾਨ ਮੰਤਰੀ ਨੇ ਸਕੱਤਰੇਤ ਦੇ ਲਾਨ ’ਚ ਲਗਾਇਆ ਸੀ। ਇਸ ਦੇ ਕੱਟੇ ਜਾਣ ਨਾਲ਼ ਦੋਵਾਂ ਦੇਸ਼ਾਂ ਵਿਚਲੇ ਸਬੰਧ ਵਿਗੜਨ ਦਾ ਡਰ ਸੀ।
“ਪਰ ਇੱਕ ਆਦਮੀ ਦੀ ਜਾਨ ਦਾ ਸਵਾਲ ਹੈ”, ਇੱਕ ਕਲਰਕ ਗੁੱਸੇ ’ਚ ਚੀਕਿਆ।
“ਦੂਸਰੇ ਪਾਸੇ ਦੋ ਮੁਲਕਾਂ ਦੇ ਸਬੰਧਾਂ ਦਾ ਸਵਾਲ ਹੈ”, ਦੂਸਰੇ ਕਲਰਕ ਨੇ ਉਸ ਨੂੰ ਸਮਝਾਇਆ। “ਇਹ ਵੀ ਤਾਂ ਸਮਝਣ ਵਾਲ਼ੀ ਗੱਲ ਐ ਕਿ ‘ਪਿਟੂਨੀਆਂ’ ਸਰਕਾਰ ਸਾਡੀ ਸਰਕਾਰ ਨੂੰ ਕਿੰਨੀ ਸਹਾਇਤਾ ਦਿੰਦੀ ਹੈ। ਕੀ ਆਪਾਂ ਇਸ ਦੋਸਤੀ ਦੀ ਖਾਤਰ ਇੱਕ ਆਦਮੀ ਦੀ ਜ਼ਿੰਦਗੀ ਦੀ ਕੁਰਬਾਨੀ ਨਹੀਂ ਦੇ ਸਕਦੇ”।
“ਤਾਂ ਫਿਰ ਸ਼ਾਇਰ ਨੂੰ ਮਰਨ ਦਈਏ”?
“ਬਿਲਕੁਲ”।
ਅੰਡਰ- ਸੈਕਟਰੀ ਨੇ ਨਿਗਰਾਨ ਨੂੰ ਦੱਸਿਆ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਦੌਰੇ ਤੋਂ ਪਰਤ ਆਉਣਗੇ। ਚਾਰ ਵਜੇ ਵਿਦੇਸ਼ ਮੰਤਰਾਲਾ ਇਸ ਦਰਖਤ ਦੀ ਫਾਈਲ ਉਹਨਾਂ ਸਾਹਮਣੇ ਰੱਖੇਗਾ। ਉਹ ਜੋ ਫੈਸਲਾ ਕਰਨਗੇ ਸਭ ਨੂੰ ਮਨਜ਼ੂਰ ਹੋਵੇਗਾ।
ਸ਼ਾਮ ਚਾਰ ਵਜੇ ਨਿਗਰਾਨ ਆਪ ਸ਼ਾਇਰ ਦੀ ਫਾਈਲ ਲੈ ਕੇ ਉਸ ਕੋਲ਼ ਆਇਆ।
“ਸੁਣਦੈਂ”? ਉਹ ਖੁਸ਼ੀ ਨਾਲ਼ ਫਾਈਲ ਲਹਿਰਾਉਂਦਿਆਂ ਚਿਲਾਇਆ। “ਪ੍ਰਧਾਨ ਮੰਤਰੀ ਨੇ ਦਰਖਤ ਕੱਟਣ ਦਾ ਹੁਕਮ ਦੇ ਦਿੱਤੈ। ਇਸ ਮਾਮਲੇ ਦੀ ਸਾਰੀ ਅੰਤਰ-ਰਾਸ਼ਟਰੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ ਹੈ। ਭਲਕੇ ਇਹ ਦਰਖਤ ਕੱਟ ਦਿਤਾ ਜਾਏਗਾ ਤੇ ਤੂੰ ਇਸ ਮੁਸੀਬਤ ਤੋਂ ਛੁਟਕਾਰਾ ਪਾ ਲਏਂਗਾ”।
“ਸੁਣਦੈਂ, ਅੱਜ ਤੇਰੀ ਫਾਈਲ ਮੁਕੰਮਲ ਹੋ ਗਈ”, ਨਿਗਰਾਨ ਨੇ ਸ਼ਾਇਰ ਦੀ ਬਾਂਹ ਹਿਲਾਉਂਦਿਆਂ ਕਿਹਾ। ਪਰ ਸ਼ਾਇਰ ਦਾ ਹੱਥ ਠੰਡਾ ਸੀ। ਅੱਖਾਂ ਦੀਆਂ ਪੁਤਲੀਆਂ ਬੇਜਾਨ ਸਨ ਅਤੇ ਕੀੜੀਆਂ ਦੀ ਇੱਕ ਲੰਮੀ ਕਤਾਰ ਉਸ ਦੇ ਮੂੰਹ ’ਚ ਜਾ ਰਹੀ ਸੀ।
ਉਹਦੀ ਜ਼ਿੰਦਗੀ ਦੀ ਫਾਈਲ ਮੁਕੰਮਲ ਹੋ ਚੁੱਕੀ ਸੀ!
(ਅਨੁਵਾਦ : ਪ੍ਰੋ. ਜਸਵੰਤ ਸਿੰਘ ਗੰਡਮ)