Jago Master : Principal Sujan Singh

ਜਾਗੋ ਮਾਸਟਰ (ਲੇਖ) : ਪ੍ਰਿੰਸੀਪਲ ਸੁਜਾਨ ਸਿੰਘ

'ਜਾਗੋ ਮਾਸਟਰ' ਸਾਡੇ ਇਕ ਮਿੱਤਰ ਦਾ ਪਿਆਰ ਨਾਲ ਬੁਲਾਉਣ ਵਾਲਾ ਨਾਂ ਹੈ। ਉਂਜ ਉਸ ਦਾ ਪੂਰਾ ਨਾਂ ਉਜਾਗਰ ਸਿੰਘ ਹੈ। ਉਹ ਨਾ ਸਕੂਲ ਦਾ ਮਾਸਟਰ ਹੈ ਤੇ ਨਾ ਹੀ 'ਹਿਜ਼ ਮਾਸਟਰ ਵਾਇਸ' ਵਾਲੀ ਤਸਵੀਰ ਦੇ ਕੁੱਤੇ ਦਾ ਮਾਲਕ! ਉਹ ਮਾਸਟਰ ਹੈ ਮਖੌਲ ਦਾ, ਤੇ ਇਸ ਗੱਲ ਵਿਚ ਰਤਾ ਵੀ ਮਖੌਲ ਨਹੀਂ। 'ਜਾਗੋ ਮਾਸਟਰ' ਕਦੇ ਆਪਣੇ ਅੱਧੇ ਜਾਂ ਵਿਗੜੇ ਹੋਏ ਨਾਂ ਤੋਂ ਗੁੱਸੇ ਨਹੀਂ ਹੁੰਦਾ। ਉਹ ਇਸ ਵਿਚ ਯਾਰਾਂ ਦੇ ਪਿਆਰ ਨੂੰ ਪੂਰੀ ਤਰ੍ਹਾਂ ਅਨੁਭਵ ਕਰਦਾ ਹੈ। ਸੰਤ ਸਿੰਘ ਵਾਂਗ ਜੋ ਸੰਤ ਸਿੰਘ ਨੂੰ ਸੰਤਾ ਸਿੰਘ ਕਿਹਾਂ ਨੱਕ ਮੂੰਹ ਵੱਟਦਾ ਹੈ, ਉਹ ਥੋੜ੍ਹ-ਦਿਲਾ ਨਹੀਂ।
ਜਾਗੋ ਮਾਸਟਰ ਪਹਿਲੋਂ ਪਹਿਲ ਸਾਡਾ ਵਾਕਫ ਕਬੱਡੀ ਦੇ ਮੈਦਾਨ ਵਿਚ ਬਣਿਆ। ਸਾਂਵਲਾ ਰੰਗ, ਦਰਮਿਆਨਾ ਕੱਦ ਤੇ ਛੀਟਕਾ ਸਰੀਰ। ਡੱਡੂ ਦੇ ਪੂੰਗ ਵਰਗਾ ਫੁਰਤੀਲਾ। ਜੱਫਾ ਕਦੇ ਨਹੀਂ ਸੀ ਮਾਰਦਾ। ਕੌਡੀ ਹੀ ਪਾਉਂਦਾ ਸੀ, ਪਰ ਪਕੜਿਆ ਘੱਟ ਹੀ ਜਾਂਦਾ ਸੀ। ਦੂਣੇ-ਦੂਣੇ ਜਵਾਨ ਉਸ ਨੂੰ ਫੜਦੇ, ਪਰ ਪਤਾ ਨਹੀਂ ਉਸ ਕੋਲ ਕੀ ਜਾਦੂ ਸੀ, ਝੱਟ ਤਿਲਕ ਕੇ ਨਿਕਲ ਆਉਂਦਾ। ਸੁਲਤਾਨਵਿੰਡ ਦੇ ਦਰਵਾਜ਼ਿਓਂ ਖਜ਼ਾਨੇ ਦੇ ਦਰਵਾਜ਼ੇ ਤੱਕ ਦੇ ਸਾਰੇ ਮੁਸਲਮਾਨ ਖਿਡਾਰੀਆਂ ਵਿਚ ਉਸ ਦੀਆਂ ਧੁੰਮਾਂ ਸਨ। ਬੜੇ ਹੰਕਾਰ ਵਿਚ ਉਘਰ ਉਘਰ ਕੇ ਆਉਂਦੇ, ਪਰ ਸਦਾ ਨਿਉਂ ਕੇ ਜਾਂਦੇ। ਤੇ ਹਾਲੀ ਜਾਗੋ ਓਦੋਂ ਮੁੰਡਾ ਹੀ ਸੀ।
ਸਾਨੂੰ ਉਸ ਦੇ ਦੂਸਰੇ ਰੂਪ ਦਾ ਪਤਾ ਨਹੀਂ ਸੀ। ਅਸੀਂ ਵੀ ਓਦੋਂ ਮਖੌਲੀਆਂ ਵਿਚੋਂ ਤੀਸਮਾਰ ਖਾਂ ਹੁੰਦੇ ਸਾਂ। ਸ਼ਾਮ ਨਾਨੀ ਵਾਲੇ, ਰਾਮੂ ਵਧਾਵੇ ਕੇ ਅਤੇ ਮੇਰਾ ਜੁੱਟ ਹੁੰਦਾ ਸੀ। ਗੁਰਦਿਆਲ ਗਿਆਨੀ ਨੂੰ ਇਕ ਦਿਨ ਸ਼ਾਮ ਨਾਨੀ ਵਾਲੇ ਨੇ ਮਖੌਲਾਂ ਵਿਚ ਮਾਰ ਭਜਾਇਆ। ਦੂਜੇ ਦਿਨ ਜਿਹੜੀ ਧਾੜ ਉਸ ਦੀ ਸਹਾਇਤਾ ਲਈ ਆਈ, ਉਸ ਵਿਚ ਜਾਗੋ ਤੇ ਸੰਤਾ ਵੀ ਸਨ। ਚੰਗਾ ਮੈਚ ਹੋਇਆ। ਸਾਡੇ ਤਿੰਨਾਂ ਵਿਚੋਂ ਕੋਈ ਜਮਾਂਦਰੂ ਮਖੌਲੀਆ ਨਹੀਂ ਸੀ। ਜੁੱਟ ਦਾ ਤਰੀਕਾਕਾਰ ਹੀ ਇਹੋ ਜਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਭਜਾ ਕੱਢਦੇ। ਰਾਮੂ ਦੋ-ਤਿੰਨ ਮਿੰਟ ਮਗਰੋਂ ਸੋਚ ਕੇ ਮਖੌਲ ਕਰਦਾ ਪਰ ਪੂਰੀ ਚੋਟ ਦਾ; ਮੈਂ ਮਿੰਟ ਦੋ ਮਿੰਟ ਮਗਰੋਂ ਹਲਕਾ ਜਿਹਾ ਮਖੌਲ ਕਰਦਾ, ਪਰ ਸ਼ਾਮ ਨਾਨੀ ਵਾਲਾ ਸਾਡੇ ਸੋਚਣ ਦੇ ਵਕਫੇ ਵਿਚ ਫਜ਼ੂਲ ਜਿਹਾ ਰੌਲਾ ਪਾਈ ਰੱਖਦਾ ਅਤੇ ਮੂੰਹ ਤੇ ਹੱਥ ਦੀਆਂ ਹਸਾਉਣੀਆਂ ਹਰਕਤਾਂ ਕਰਦਾ ਰਹਿੰਦਾ। "ਜਾ ਓਏ ਜਾ, ਗੰਦੇ ਨਾਲੇ ਵਿਚ ਮੂੰਹ ਧੋ ਕੇ ਆ, ਫੇਰ ਰਾਮੂ ਉਸਤਾਦ ਦਾ ਮੁਕਾਬਲਾ ਕਰੀਂ। ਤੂੰ ਕੋਈ ਮੁਕਾਬਲਾ ਕਰਨ ਆਇਆਂ ਦਿਆਲਿਆ? ਤੂੰ ਤੇ ਉਸਤਾਦ ਧਾਰਨ ਆਇਆਂ। ਹਾਂ, ਬਈ ਉਸਤਾਦ ਵੀ ਪਰਖ ਕੇ ਧਾਰੀਦਾ ਹੈ। ਕਿਉਂ ਬਈ ਰਾਮੂ ਉਸਤਾਦ?" ਇਹੋ ਜਿਹੀਆਂ ਗੱਲਾਂ ਕਰ ਕੇ ਨਾਨੀ ਵਾਲਾ ਸੋਚਣ ਵਿਚ ਸਾਡੀ ਮਦਦ ਕਰਦਾ ਤੇ ਉਨ੍ਹਾਂ ਨੂੰ ਸੋਚਣ ਦਾ ਮੌਕਾ ਹੀ ਨਾ ਦਿੰਦਾ। ਜੇ ਕੁਝ ਨਾ ਸੁਝਦਾ ਤਾਂ ਕਹੀ ਜਾਂਦਾ, "ਮੂੰਹ ਢੱਕ, ਮੱਖੀਆਂ ਪੈਂਦੀਆਂ ਈ। ਆਹ ਮੂੰਹ ਤੇ ਮਸਰਾਂ ਦੀ ਦਾਲ। ਯਈਂ ਯਈਂ, ਹੈਂ...ਹੈਂ...ਹੈਂ ਲਓ ਜੀ, ਸੰਤੇ ਸ਼ਾਹ ਮੁਕਾਬਲਾ ਕਰਨ ਆਏ ਜੇ। ਓਏ ਜਾ, ਵੰਡ ਤੋਲ!" ਗੁਰਦਿਆਲ ਗਿਆਨੀ ਦੇ ਮਖੌਲ ਘੜੇ ਘੜਾਏ ਹੁੰਦੇ ਸਨ ਅਤੇ ਉਹ ਮੁਨਾਸਬ ਹਾਲਤ ਪੈਦਾ ਹੋਣ ਉਤੇ ਹੀ ਠੀਕ ਲੱਗਦੇ ਸਨ। ਜਦੋਂ ਬੇਮੌਕੇ ਬੋਲੇ ਜਾਂਦੇ, ਉਹ ਪਟਾਕੇ ਦੀ ਥਾਂ ਫਸੂਕੀ ਰਹਿ ਜਾਂਦੇ। ਤੇ ਮੁਕਾਬਲੇ ਦੇ ਤਾਅ ਵਿਚ ਗੁਰਦਿਆਲ, ਬੇਮੌਕੇ ਇਹੋ ਜਿਹੇ ਮਖੌਲ ਚਲਾ ਦਿੰਦਾ ਸੀ। ਜਦੋਂ ਯਾਦ ਕੀਤੇ ਹੋਏ ਮਖੌਲ ਮੁੱਕੇ ਤਾਂ ਗਿਆਨੀ ਫੋਕਾ ਕਾਰਤੂਸ ਰਹਿ ਜਾਂਦਾ ਸੀ। ਸੰਤੇ ਨੂੰ ਸ਼ਾਮ ਵਾਲੀ ਯਈਂ ਯਈਂ ਵੀ ਨਹੀਂ ਸੀ ਅਹੁੜਦੀ। 'ਕੱਲਾ ਜਾਗੋ ਝੱਪਟਾਂ ਲੈਂਦਾ। ਉਸ ਦਾ ਖਜ਼ਾਨਾ ਅਮੁੱਕ ਸੀ, ਕਿਉਂਕਿ ਉਹ ਮੌਕੇ ਮੁਤਾਬਕ ਝਟਪਟ ਮਖੌਲ ਘੜ ਲੈਂਦਾ ਸੀ। 'ਕੱਲੇ ਨਾਲ 'ਕੱਲਾ ਉਹ ਸਾਡੇ ਨਾਲੋਂ ਬੜਾ ਜਾਬਰ ਸੀ। ਅਸੀਂ ਤਿੰਨੇ ਰਲ ਕੇ ਮਸੀਂ ਉਸ ਨੂੰ ਕਾਬੂ ਕਰਦੇ ਸਾਂ। ਰਾਮ ਚੰਦ ਵੀ ਪਿੱਠ ਪਿਛੇ ਉਸ ਦੀ ਪ੍ਰਸੰਸਾ ਕਰਦਾ ਸੀ। ਉਹ ਕਹਿੰਦਾ: ਜਾਗੋ ਜਮਾਂਦਰੂ ਮਖੌਲੀਆ ਹੈ।
ਜਾਗੋ ਪੜ੍ਹਿਆ-ਲਿਖਿਆ ਕੁਝ ਨਹੀਂ ਸੀ, ਪਰ ਪਾੜ੍ਹਿਆਂ ਨਾਲ ਹੀ ਫਿਰਦਾ-ਤੁਰਦਾ ਹੁੰਦਾ ਸੀ। ਉਸ ਦੀ ਪੁਸ਼ਾਕ, ਰਹਿਣੀ-ਬਹਿਣੀ ਤੇ ਗੱਲਬਾਤ ਤੋਂ ਕੋਈ ਉਸ ਨੂੰ ਅਨਪੜ੍ਹ ਨਹੀਂ ਸੀ ਸਮਝ ਸਕਦਾ। ਪਟਿਆਲਾ ਸ਼ਾਹੀ ਪੱਗਾਂ ਆਪਣੇ ਪੂਰੇ ਵਿਕਸਤ ਰੂਪ ਵਿਚ ਅੰਮ੍ਰਿਤਸਰ ਨਹੀਂ ਸੀ ਆਈਆਂ, ਪਰ ਕੁਝ ਚੁੰਝ ਕੱਢ ਰਹੀਆਂ ਸਨ। ਜਾਗੋ ਛੋਟੀ ਪੱਗ ਦੇ ਥੋੜ੍ਹੇ ਪੇਚਾਂ ਨਾਲ ਬਹੁਤੇ ਪੇਚਾਂ ਵਾਲੀ ਵੱਡੀ ਪੱਗ ਬਣਾ ਕੱਢਦਾ ਸੀ। ਦਰਬਾਰ ਸਾਹਿਬ ਜਾ ਕੇ ਉਸ ਦਾ ਮੱਥਾ ਟੇਕਣਾ ਵੀ ਖਾਸ ਅਦਾ ਦਾ ਹੁੰਦਾ। ਉਸ ਵੱਲ ਦੇਖ ਕੇ ਉਸ ਤਰ੍ਹਾਂ ਦੇ ਮੱਥਾ ਟੇਕਣ ਦਾ ਫੈਸ਼ਨ ਕਾਫੀ ਦੇਰ ਚਲਿਆ ਰਿਹਾ। ਮਾਇਆ-ਆਸਰੇ ਖੜ੍ਹੀ ਕੀਤੀ ਚੁੰਝ ਨੂੰ ਬਚਾਉਣ ਲਈ, ਉਹ ਆਪਣੀ ਸੱਜੀ ਬਾਂਹ ਨੂੰ ਸੰਗਮਰਮਰ 'ਤੇ ਪਹਿਲੋਂ ਲਿਟਾ ਦਿੰਦਾ ਅਤੇ ਹੱਥ ਦੀਆਂ ਪੰਜੇ ਉਂਗਲਾਂ ਖੜ੍ਹੀਆਂ ਕਰ ਕੇ, ਉਨ੍ਹਾਂ ਵਿਚ ਝੁਕ ਕੇ ਪੱਗ ਦੀ ਚੁੰਝ ਰੱਖ ਕੇ, ਇਕ ਝਟਕੇ ਨਾਲ ਮੱਥੇ ਨੂੰ ਚੁੱਕ ਕੇ ਉਠ ਖੜੋਂਦਾ।
ਈਸ਼ਵਰ ਆਰਟਿਸਟ ਸਾਡਾ ਸਾਂਝਾ ਯਾਰ ਸੀ। ਪਰ ਸੰਤਾ, ਗੁਰਦਿਆਲ ਤੇ ਜਾਗੋ ਉਸ ਨੂੰ ਬੜਾ ਤੰਗ ਕਰਦੇ। ਈਸ਼ਵਰ ਵੀ ਬੜਾ ਸਿਆਣਾ ਸੀ। ਵਿਸਾਹ ਕੇ ਉਨ੍ਹਾਂ ਦਾ ਮਖੌਲ ਦਾ ਮੈਚ ਸਾਡੇ ਨਾਲ ਕਰਵਾ ਦਿੰਦਾ ਤੇ ਆਪ ਸਾਡੇ ਨਾਲ ਰਲ ਕੇ ਆਪਣਾ ਬਦਲਾ ਕੱਢ ਲੈਂਦਾ। ਕਦੇ-ਕਦੇ ਈਸ਼ਵਰ 'ਕੱਲਾ ਵੀ ਇਨ੍ਹਾਂ ਨੂੰ ਹੱਥ ਦਿਖਾ ਜਾਂਦਾ। ਇਕ ਦਿਨ ਜਾਗੋ, ਗੁਰਦਿਆਲ ਗਿਆਨੀ ਤੇ ਸੰਤਾ ਇਸ ਨੂੰ ਮਖੌਲ ਦਾ ਨਿਸ਼ਾਨਾ ਬਣਾਈ ਬਾਜ਼ਾਰ ਵਿਚੋਂ ਤੁਰੇ ਜਾ ਰਹੇ ਸਨ। ਅਚਾਨਕ ਅੱਗਿਉਂ ਈਸ਼ਵਰ ਦੇ ਬਣਨ ਵਾਲੇ ਸਹੁਰਾ ਸਾਹਿਬ ਦਿਸ ਪਏ। ਈਸ਼ਵਰ ਨੇ ਕਿਹਾ, "ਬੱਸ ਯਾਰ, ਅੱਗਿਉਂ ਮੇਰਾ ਸਹੁਰਾ ਤੁਰਿਆ ਆਉਂਦਾ ਜੇ।" ਸਾਰੇ ਉਸ ਦੇ ਸਹੁਰੇ ਨੂੰ ਪਛਾਣਦੇ ਸਨ, ਸੋ ਇੱਜ਼ਤ ਲਈ ਬਿਲਕੁਲ ਮੋਮੋਠਗਣੇ ਬਣ ਕੇ ਚੁੱਪ ਹੋ ਗਏ, ਜਿਵੇਂ ਮੂੰਹ ਵਿਚ ਦੰਦ ਹੀ ਨਹੀਂ ਹੁੰਦੇ। ਜਦੋਂ ਈਸ਼ਵਰ ਦੇ ਸਹੁਰਾ ਸਾਹਿਬ ਦੂਰ ਨਿਕਲ ਗਏ ਤਾਂ ਈਸ਼ਵਰ ਪੋਲਾ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ, "ਦੇਖੋ, ਹੁਣ ਕਿੱਦਾਂ ਚੁੱਪ ਕੀਤੇ ਨੇ, ਜਿਵੇਂ ਉਹ ਇਨ੍ਹਾਂ ਦਾ ਪਿਉ ਹੁੰਦਾ ਹੈ।" ਦੋ ਫਰਲਾਂਗ ਤੱਕ ਸਾਰਿਆਂ ਇਕੱਠੇ ਜਾਣਾ ਸੀ, ਪਰ ਸਾਰੇ ਚੁੱਪ ਕਰ ਕੇ ਤੁਰੀ ਗਏ।
ਜਾਗੋ ਮਖੌਲਾਂ ਦਾ ਰਸੀਆ ਵੀ ਹੈ ਅਤੇ ਆਪਣੀ ਹਾਰ ਨੂੰ ਹਾਰ ਵੀ ਮੰਨਦਾ ਹੈ। ਇਸ ਮਖੌਲ ਦਾ ਉਸ ਨੇ ਬੜਾ ਲੁਤਫ ਲਿਆ। ਉਸ ਮੈਨੂੰ ਦੱਸਿਆ, "ਇਹ ਐਸਾ ਮਖੌਲ ਸੀ ਕਿ ਗੁੱਸਾ ਵੀ ਆਵੇ ਤੇ ਹਾਸਾ ਵੀ, ਪਰ ਨਾ ਅਸੀਂ ਗੁੱਸਾ ਕਰੀਏ ਤੇ ਨਾ ਅਸੀਂ ਹੱਸੀਏ, ਪਰ ਅੰਦਰੋਂ ਘੱਟੋ-ਘੱਟ ਮੇਰੇ ਤਾਂ ਹੱਸ-ਹੱਸ ਢਿੱਡੀਂ ਪੀੜਾਂ ਪੈ ਗਈਆਂ, ਮੈਂ ਘਰ ਜਾ ਕੇ ਕੋਠੇ 'ਤੇ ਚੜ੍ਹ ਕੇ ਖੂਬ ਹੱਸਿਆ ਤੇ ਮਗਰੋਂ ਵੀ ਜਦੋਂ ਕਦੇ ਮੈਨੂੰ ਇਹ ਗੱਲ ਯਾਦ ਆ ਜਾਵੇ ਤਾਂ ਮੈਂ ਬਾਜ਼ਾਰ ਵਿਚ ਹੀ ਖਿੜ-ਖਿੜਾ ਕੇ ਹੱਸ ਪਵਾਂ। ਇਹ ਹੁੰਦਾ ਜੇ ਮਿੱਤਰ ਜੀ, ਅਸਲ ਮਖੌਲ!" ਉਹ ਮਖੌਲ ਕਰਨ ਲਈ ਝੱਟ ਕਹਾਣੀ ਜੋੜ ਲੈਂਦਾ। ਇਸ ਖਿਆਲ ਨਾਲ ਉਹ ਤਟਫਟ ਕਹਾਣੀਕਾਰ ਸੀ।
ਪਰਦੁਮਨ ਕਪਤਾਨ ਪੁਰਾਣੇ ਪੁਜਾਰੀਆਂ ਵਿਚੋਂ ਸੀ। ਕਈ ਵਾਰੀ ਉਹ ਮੁੰਡਿਆਂ ਦੀ ਮਹਿਫ਼ਲ ਵਿਚ ਗੁਣੀਆਂ ਗਿਆਨੀਆਂ ਵਾਂਗ ਆ ਡਟਦਾ ਤੇ ਆਪਣੀ ਵਿਦਵਤਾ, ਗਿਆਨ ਤੇ ਇਮਾਨਦਾਰੀ ਦਾ ਰੁਹਬ ਜਮਾਉਣ ਲਈ ਕਥਾਵਾਰਤਾ ਸ਼ੁਰੂ ਕਰ ਦਿੰਦਾ। ਮੁੰਡਿਆਂ ਦੇ ਰੰਗ ਵਿਚ ਭੰਗ ਪੈ ਜਾਂਦਾ, ਪਰ ਪਰਦੁਮਨ ਰੋਜ਼ ਹੀ ਉਨ੍ਹਾਂ ਦੀ ਮੰਡਲੀ ਦਾ ਸਵੈ-ਥਾਪਿਆ ਸਭਾਪਤੀ ਬਣ ਬਹਿੰਦਾ। ਇਕ ਦਿਨ ਉਜਾਗਰ ਸਿੰਘ ਵੀ ਉਥੇ ਆਣ ਬੈਠਾ। ਇੰਨੇ ਨੂੰ ਮੁੰਡਿਆਂ ਨੂੰ ਪਰਦੁਮਨ ਕਪਤਾਨ ਵੀ ਆਉਂਦਾ ਦਿਸ ਪਿਆ। ਸਭ 'ਤੇ ਸਹਿਮ ਜਿਹਾ ਛਾ ਗਿਆ। ਕਪਤਾਨ ਜੀ ਨੇ ਆਪਣੀ ਸਭਾਪਤੀ ਦੀ ਪਦਵੀ ਆਉਂਦਿਆਂ ਹੀ ਸੰਭਾਲ ਲਈ ਤੇ ਇਮਾਨਦਾਰੀ ਦੇ ਵਿਸ਼ੇ 'ਤੇ ਕਥਾ-ਵਾਰਤਾ ਸ਼ੁਰੂ ਕਰ ਦਿੱਤੀ।
ਮੁਨਾਸਬ ਮੌਕਾ ਪਾ ਕੇ ਜਾਗੋ ਮਾਸਟਰ ਨੇ ਕਿਹਾ, "ਵਾਹ! ਵਾਹ! ਕੇਹਾ ਸ਼ੁਭ ਉਪਦੇਸ਼ ਹੈ। ਤੁਹਾਡੀ ਗੱਲ ਤੋਂ ਯਾਦ ਆਇਆ। ਇਕ ਦਿਨ ਮੈਨੂੰ ਸੁਪਨਾ ਆਇਆ ਕਿ ਦਰਿਆ ਦੇ ਕੰਢੇ ਤੁਸੀਂ ਤੇ ਮੈਂ ਫਿਰ ਰਹੇ ਹਾਂ, ਤੇ ਦਰਿਆ ਤੋਂ ਹਟਵੀਂ ਸਰਸਬਜ਼ ਪਹਾੜੀ ਹੈ। ਪਹਾੜੀ ਦੀ ਚੋਟੀ 'ਤੇ ਸੁੰਦਰ ਮੰਦਰ ਹੈ, ਜਿਸ ਦੇ ਸੋਨੇ ਦੇ ਕਲਸ਼, ਚੜ੍ਹਦੇ ਸੂਰਜ ਦੀਆਂ ਕਿਰਨਾਂ ਨਾਲ ਲਿਸ਼ਕ ਰਹੇ ਹਨ। ਤੁਸੀਂ ਇੱਛਿਆ ਪਰਗਟ ਕੀਤੀ ਕਿ ਆਓ ਮੰਦਰ ਦੇ ਦਰਸ਼ਨ ਕਰ ਆਈਏ। ਅਸੀਂ ਉਸ ਪਾਸੇ ਤੁਰ ਪਏ ਤੇ ਪਹਾੜੀ ਦੇ ਵਲ ਖਾਂਦੇ ਰਸਤਿਆਂ ਉਤੇ ਚੜ੍ਹਦੇ-ਚੜ੍ਹਦੇ ਚੋਟੀ 'ਤੇ ਪਹੁੰਚ ਗਏ। ਉਤੇ ਕੁਦਰਤ ਦੀ ਇਕੱਲ ਅੰਦਰ ਹਵਾ, ਪੱਤਿਆਂ ਤੇ ਟਾਹਣੀਆਂ ਵਿਚ ਗਾਉਂਦੀ ਤੇ ਨੱਚਦੀ ਫਿਰਦੀ ਸੀ। ਅਸੀਂ ਮੰਦਰ ਦੀ ਕੁਰਸੀ ਦੀਆਂ ਪੌੜੀਆਂ ਚੜ੍ਹ ਕੇ ਮੰਦਰ ਦੇ ਅੰਦਰ ਗਏ। ਅੰਦਰ ਪੰਡਿਤ ਜੀ ਬੈਠੇ ਸਨ। ਕੰਧ ਨਾਲ ਵਿਸ਼ਨੂੰ ਭਗਵਾਨ ਦੀ ਸੰਗਮਰਮਰ ਦੀ ਮੂਰਤੀ ਸੀ। ਚਰਨਾਂ ਵਿਚ ਜਲਕੁੰਡ ਸੀ। ਉਸ ਦੀ ਤਹਿ ‘ਤੇ ਪੈਸੇ, ਆਨੇ, ਦੁਆਨੀਆਂ, ਚੁਆਨੀਆਂ, ਧੇਲੀਆਂ, ਰੁਪਏ ਅਤੇ ਦੋ ਚਾਰ ਸੋਨੇ ਦੀਆਂ ਮੋਹਰਾਂ ਵੀ ਚਮਕ ਰਹੀਆਂ ਸਨ। ਮੇਰੇ ਵੱਲ ਦੇਖ ਕੇ ਪੰਡਿਤ ਜੀ ਕੁਝ ਘਬਰਾਏ, ਪਰ ਤੁਹਾਡੇ ਵੱਲ ਦੇਖ ਕੇ ਉਨ੍ਹਾਂ ਦਾ ਮੱਥਾ ਫਿਰ ਖਿੜ੍ਹ ਗਿਆ ਤੇ ਉਹ ਤੁਹਾਨੂੰ ਕਹਿਣ ਲੱਗੇ, ‘ਆਪ ਤੋ ਸਜਨ ਸਰੀਖੇ ਦੇਖ ਪੜਤੇ ਹੈਂ। ਅਬ ਯਾਤਰੂ ਆਨੇ ਲਗੇਂਗੇ। ਮੁਝੇ ਨਿਤਯ ਕਰਮ ਕਰਨਾ ਹੈ। ਆਪ ਜ਼ਰਾ ਮੇਰੇ ਸਥਾਨ ਪਰ ਬੈਠੀਏ ਤੋ ਬਾਹਰ ਹੋ ਆਊਂ।' ਸੋ ਪੰਡਿਤ ਜੀ ਬਾਹਰ ਚਲੇ ਗਏ। ਕੁਝ ਚਿਰ ਮਗਰੋਂ ਤੁਸੀਂ ਮੈਨੂੰ ਕਿਹਾ, ‘ਉਜਾਗਰ ਸਿਆਂ, ਭਲਾ ਜੇ ਇਹ ਦੋ ਮੋਹਰਾਂ ਤੇ ਪੰਜ ਸੱਤ ਰੁਪਏ ਕੁੰਡ ਵਿਚੋਂ ਕੱਢ ਲਏ ਜਾਣ ਤਾਂ ਪੰਡਿਤ ਜੀ ਨੂੰ ਕੀ ਪਤਾ ਲੱਗਦਾ ਹੈ?' ਮੈਂ ਕਿਹਾ, ‘...ਤੇ ਭਗਵਾਨ?' ਤੁਸੀਂ ਫਰਮਾਇਆ, ‘ਭਗਵਾਨ ਮੂਰਤੀ ਹੀ ਐ।' ਤੇ ਤੁਸਾਂ ਕੁੰਡ ਵਿਚ ਹੱਥ ਪਾ ਦਿੱਤਾ। ਇੰਨੇ ਨੂੰ ਮੇਰੀ ਅੱਖ ਖੁੱਲ੍ਹ ਗਈ। ਸ੍ਰੀ ਮਾਨ ਜੀ, ਸੁਪਨੇ ਵਿਚ ਆਪ ਜੀ ਦੇ ਇਹੋ ਜਿਹੇ ਦਰਸ਼ਨ ਨੇ ਤੇ ਹੁਣ ਤੁਸੀਂ ਇਮਾਨਦਾਰੀ ਦੇ ਲੈਕਚਰ ਦਿੰਦੇ ਹੋ।"
ਪਰਦੁਮਨ ਅੱਗ-ਬਗੋਲਾ ਹੋ ਗਿਆ, ਪਰ ਪੇਸ਼ ਕੋਈ ਨਾ ਚੱਲੇ। ਸੋ, ਉਠ ਕੇ ਚਲਾ ਗਿਆ। ਕਈ ਮੁੰਡਿਆਂ ਨੂੰ ਇਸ ਗੱਲ ਦੀ ਕੁਝ ਸਮਝ ਨਾ ਆਈ, ਪਰ ਪਰਦੁਮਨ ਪੁਰਾਣੇ ਪੁਜਾਰੀ ਖਾਨਦਾਨ ਨਾਲ ਸਬੰਧ ਰੱਖਦਾ ਸੀ, ਜਿਨ੍ਹਾਂ ਦੀ ਇਮਾਨਦਾਰੀ ਬਾਰੇ ਪ੍ਰਸਿੱਧੀ ਕੋਈ ਚੰਗੀ ਨਹੀਂ ਸੀ। ਉਹ ਇਸ ਚੋਟ ਨੂੰ ਸਮਝ ਗਿਆ। ਚੋਟ ਵੀ ਕਹਾਣੀ ਦੇ ਅੰਤ ਵਿਚ, ਤੇ ਅਚਾਨਕ ਆਈ। ਸੋ ਫਬਵੀਂ ਬੈਠੀ। ਫਿਰ ਉਸ ਟੋਲੀ ਨੂੰ ਪਰਦੁਮਨ ਦੀ ਅਕਾਵੀਂ ਕਥਾਵਾਰਤਾ ਕਦੇ ਨਾ ਸੁਣਨੀ ਪਈ। ਤੀਜੇ ਚੌਥੇ ਦਿਨ ਸਾਰੀ ਮੰਡਲੀ ਜਾਗੋ ਦਾ ਧੰਨਵਾਦ ਕਰਨ ਗਈ ਤਾਂ ਉਸ ਨੇ ਕਿਹਾ, "ਇਸ ਗੱਲ ਦੀ ਖਬਰ ਗੁਰੂਡਮ-ਤੋੜਕ ਅਖਬਾਰ ਨੂੰ ਜ਼ਰੂਰੀ ਭੇਜ ਦਿਓ। ਆਖਰ ਮੈਂ ਵੀ ਕੁਝ ਕੌਮੀ ਸੇਵਾ ਕੀਤੀ ਹੈ ਨਾ।"
ਇਕ ਵਾਰੀ ਅੰਮ੍ਰਿਤਸਰ ਵਿਚ ਸਾਈਕਲ 'ਤੇ ਦੋ ਆਦਮੀਆਂ ਦੇ ਚੜ੍ਹਨ 'ਤੇ ਬੜੀ ਕਰੜਾਈ ਨਾਲ ਚਾਲਾਨ ਕਰਨ ਦਾ ਹੁਕਮ ਸਾਦਰ ਹੋਇਆ। ਸੰਤਾ ਸਾਈਕਲ ਚਲਾ ਰਿਹਾ ਸੀ ਤੇ ਮਾਸਟਰ ਪਿੱਛੇ ਬੈਠਾ ਹੋਇਆ ਸੀ। ਲਾਗੇ ਹੀ ਪਹੁੰਚ ਗਏ ਤਾਂ ਦਿਸਿਆ ਕਿ ਚਾਲਾਨ ਕਰਨ ਵਾਲਾ ਸਿਪਾਹੀ ਅੱਗੇ ਹੈ। ਸਿਪਾਹੀ ਨੇ ਦੇਖ ਲਿਆ ਸੀ ਤੇ ਸੰਤਾ ਸਾਈਕਲ ਤੋਂ ਉਤਰਨ, ਨਾ ਉਤਰਨ ਦੇ ਯਕੋਤਕੇ ਵਿਚ ਸੀ ਕਿ ਪਿੱਛੋਂ ਜਾਗੋ ਮਾਸਟਰ ਨੇ ਕਿਹਾ, "ਲੰਘ ਚੱਲ, ਜੋ ਹੋਊ ਦੇਖੀ ਜਾਊ। ਚਾਲਾਨ ਤੋਂ ਪਰ੍ਹੇ ਤਾਂ ਕੋਈ ਗੱਲ ਨਹੀਂ ਨਾ।" ਸਿਪਾਹੀ ਨੇ ਇਸ਼ਾਰਾ ਕਰ ਕੇ ਸੀਟੀ ਵਜਾਈ, ਸੰਤਾ ਸੁਣੀ ਅਣਸੁਣੀ ਤੇ ਡਿੱਠ ਅਣਡਿੱਠ ਕਰ ਕੇ ਅਗਾਂਹ ਵਧ ਤੁਰਿਆ। ਕਾਂਸਟੇਬਲ ਨੇ ਫਿਰ ਸੀਟੀ ਮਾਰੀ ਤੇ ਮਗਰ ਦੌੜਿਆ। ਜਾਗੋ ਨੇ ਮਗਰ ਦੇਖ ਕੇ ਬੜੀ ਸਾਧਾਰਨ ਹੈਰਾਨੀ ਦੀ ਐਕਟਿੰਗ ਕਰਦਿਆਂ ਪੁੱਛਿਆ, "ਕਿਉਂ? ਕੀ ਐ?" "ਪਤਾ ਨਹੀਂ? ਦੋ ਜਣੇ ਚੜ੍ਹੇ ਜਾਂਦੇ ਓ।" ਕਾਂਸਟੇਬਲ ਨੇ ਗੁੱਸੇ ਵਿਚ ਉਤਰ ਦਿੱਤਾ। ਜਾਗੋ ਨੇ ਉਤਰ ਦਿੱਤਾ, "ਪਤਾ ਨਹੀਂ ਤੇ ਐਵੇਂ ਚੜ੍ਹੇ ਜਾਨੇ ਆਂ? ਵੱਡਾ ਹਮਦਰਦ! ਜਿਵੇਂ ਸਾਈਕਲ ਦੀ ਫੂਕ ਨਿਕਲ ਚੱਲੀ ਐ।" ਜਾਗੋ ਨੇ ਉਸ ਦੇ ਚਿਹਰੇ ਦੇ ਚੜ੍ਹਾਅ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਉਹ ਜ਼ਰੂਰ ਚਾਲਾਨ ਕਰੇਗਾ ਤੇ ਉਦੋਂ ਮੈਜਿਸਟਰੇਟ ਫੱਟ ਵੀਹ ਰੁਪਏ ਜੁਰਮਾਨਾ ਕਰ ਦਿੰਦਾ ਸੀ, ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਕਾਂਸਟੇਬਲ ਖਿੜ-ਖਿੜਾ ਕੇ ਹੱਸ ਪਿਆ। ਸੰਤਾ ਹੁਣ ਤੱਕ ਬਰੇਕ ਲਾ ਕੇ ਸਾਈਕਲ ਨਰਮ ਕਰ ਚੁੱਕਾ ਸੀ। ਹੱਸਦਿਆਂ ਕਾਂਸਟੇਬਲ ਨੇ ਕਿਹਾ, "ਜਾਓ, ਓਇ ਜਾਓ! ਤੁਹਾਡੇ ਮਖੌਲ ਦਾ ਮੁੱਲ ਵੀਹ ਰੁਪਏ ਸਮਝੋ।"
ਇਕ ਵਾਰੀ ਨੌਜਵਾਨ ਪਾੜ੍ਹਿਆਂ ਦੀ ਟੋਲੀ ਵਿਚ ਇਕ ਗੱਪੀ ਆ ਰਲਿਆ ਤੇ ਇਸ ਤਰ੍ਹਾਂ ਸੁਭਾਵਕ ਬਣਾ ਕੇ ਗੱਪਾਂ ਮਾਰਿਆ ਕਰੇ ਕਿ ਉਸ ਨੂੰ ਝੂਠਾ ਕਹਿਣ ਦਾ ਕਿਸੇ ਨੂੰ ਹੌਸਲਾ ਨਾ ਪਵੇ। ਤੁਰਦੇ-ਫਿਰਦੇ ਮਾਸਟਰ ਹੁਰੀਂ ਵੀ ਉਸ ਸਭਾ ਵਿਚ ਆ ਰਲੇ। ਗੱਪੀ ਨੇ ਗੱਪ ਚਲਾ ਦਿੱਤੀ। ਮਾਸਟਰ ਹੁਰੀਂ ਉਸ ਦਿਨ ਬਾਜ਼ਾਰ ਵਿਚੋਂ ਚੂਰਨ ਵੇਚਦੇ ਆਏ ਸਨ ਤੇ ਧੂੜੇ-ਚੂਰਨ ਦੀ ਸ਼ੀਸ਼ੀ ਉਨ੍ਹਾਂ ਦੀ ਜੇਬ ਵਿਚ ਸੀ। ਉਨ੍ਹਾਂ ਨੇ ਗੱਪ ਮੁੱਕਣ 'ਤੇ ਗੱਪੀ ਤੋਂ ਛੁੱਟ ਹੋਰ ਸਾਰਿਆਂ ਨੂੰ ਚੂਰਨ ਦੀ ਇਕਇਕ ਚੂੰਢੀ ਵੰਡ ਦਿੱਤੀ। ਸਾਰਿਆਂ ਨੇ ਉਹ ਚੂੰਢੀ ਮਾਸਟਰ ਹੁਰਾਂ ਦੇ ਇਸ਼ਾਰੇ 'ਤੇ ਲੈ ਲਈ। ਕੁਝ ਚਿਰ ਮਗਰੋਂ ਗੱਪੀ ਹੁਰਾਂ ਇਕ ਗੱਪ ਹੋਰ ਚਲਾ ਦਿੱਤੀ। ਗੱਪ ਦੇ ਮੁੱਕਣ ਉਤੇ ਮਾਸਟਰ ਹੁਰਾਂ ਫਿਰ ਚੂਰਨ ਦਾ ਦੌਰ ਚਲਾ ਦਿੱਤਾ। ਤੀਜੀ ਵਾਰੀ ਫਿਰ ਇਸੇ ਤਰ੍ਹਾਂ ਹੋਇਆ ਤਾਂ ਗੱਪੀ ਨੇ ਮਾਸਟਰ ਹੁਰਾਂ ਨੂੰ ਕਿਹਾ, "ਸਰਦਾਰ ਜੀ, ਇਹ ਕੀ ਕਰਦੇ ਹੋ?" "ਲੱਗੀ ਚਲੋ", ਮਾਸਟਰ ਹੁਰਾਂ ਕਿਹਾ, "ਇਹ ਚੂਰਨ ਹੈ? ਤੁਹਾਡੇ ਕੰਮ ਦੀ ਚੀਜ਼ ਨਹੀਂ।" "ਇਹ ਕਿਉਂ ਵਰਤਾਉਣਾ ਸ਼ੁਰੂ ਕਰ ਦਿੱਤਾ ਜੇ?" "ਭਈ, ਤੁਹਾਡੀਆਂ ਗੱਪਾਂ ਪਚ ਜਾਣ।" ਸਾਰੀ ਸਭਾ ਖਿੜ-ਖਿੜਾ ਕੇ ਹੱਸ ਪਈ ਤੇ ਗੱਪੀ ਹੁਰੀਂ ਬਿਲਕੁਲ ਠੰਢੇ ਹੋ ਗਏ। ਮਗਰੋਂ ਇਸ ਸਭਾ ਦੇ ਮੈਂਬਰਾਂ ਨੇ ਹਰ ਅਸੰਭਵ ਗੱਪ 'ਤੇ ਕਹਿਣਾ ਸ਼ੁਰੂ ਕੀਤਾ, "ਚੂਰਨ ਦੀ ਲੋੜ ਹੈ।" ਤੇ ਇਹ ਅੰਮ੍ਰਿਤਸਰੀ ਮੁਹਾਵਰਾ ਹੀ ਬਣ ਗਿਆ।
ਵਾਲੀਬਾਲ ਦੇ ਇਕ ਪੁਰਾਣੇ ਖਿਡਾਰੀ ਵਾਲੀਬਾਲ ਖੇਡਣ ਆਇਆ ਕਰਨ। ਖੇਡ ਦੇ ਢੰਗ ਬਦਲ ਚੁੱਕੇ ਸਨ ਤੇ ਵਾਲੀ ਮਾਰਨ ਵਾਲਾ ਲੰਮਾ ਤੇ ਵਧੇਰੇ ਉਚੀ ਛਾਲ ਮਾਰਨ ਵਾਲਾ ਚੁਣਿਆ ਜਾਂਦਾ ਸੀ। ਅਦਬ ਨਾਲ ਨਵੇਂ ਖਿਡਾਰੀ ਉਨ੍ਹਾਂ ਨੂੰ ‘ਕਪਤਾਨ ਜੀ' ਕਿਹਾ ਕਰਨ। ਉਹ ਕਲੱਬ ਦੇ ਮੈਂਬਰ ਹੋਣ ਕਰ ਕੇ ਆਪਣੇ ਠੇਂਗਣੇ ਕੱਦ ਦੇ ਬਾਵਜੂਦ ਨੈੱਟ 'ਤੇ ਵਾਲੀਮਾਰ ਦੀ ਥਾਂ 'ਤੇ ਆ ਖੜ੍ਹੇ ਹੋਇਆ ਕਰਨ ਤੇ ਖੇਲ ਹਰਾ ਦਿਆ ਕਰਨ। ਕਿਸੇ ਦਾ ਕਿਹਾ ਨਾ ਸੁਣਨ, ਤੇ ਨਾ ਮੰਨਣ। ਇਕ ਐਤਵਾਰ ਜਾਗੋ ਹੁਰੀਂ ਉਥੇ ਆ ਨਿਕਲੇ। ਆਪ ਖਿਡਾਰੀ ਤਾਂ ਨਹੀਂ, ਪਰ ਦਰਸ਼ਕ ਬੜੇ ਸੁਚੱਜੇ ਸਨ। ਇਕ ਗੇਮ ਮਗਰੋਂ ਠੇਂਗਣੇ ਹੁਰਾਂ ਆਪਣਾ ਅੜਿੱਕਾ ਪਾ ਦਿੱਤਾ। ਜਾਗੋ ਹੁਰੀਂ ਭੱਜੇ ਅਤੇ ਬਾਹਰੋਂ ਪਾਨ ਵਾਲੇ ਦਾ ਸਟੂਲ ਚੁੱਕ ਲਿਆਏ। ਖੇਲ ਸ਼ੁਰੂ ਨਹੀਂ ਸੀ ਹੋਈ। ਉਨ੍ਹਾਂ ਸਟੂਲ ਕੋਰਟ ਦੇ ਵਿਚ ਨੈੱਟ ਦੇ ਕੋਲ ਲਿਆ ਟਿਕਾਇਆ। ਲਾਗੇ ਠੇਂਗਣਾ ਸਾਹਿਬ ਸਨ। ਪੁੱਛਣ ਲੱਗੇ, "ਮਾਸਟਰ ਜੀ, ਇਹ ਕਾਹਦੇ ਲਈ?" ਮਾਸਟਰ ਜੀ ਬੜੇ ਸਹਾਇਕ ਜਿਹੇ ਗੰਭੀਰ ਲਹਿਜ਼ੇ ਵਿਚ ਬੋਲੇ, "ਆਪ ਜੀ ਦੇ ਵੌਲੀ ਮਾਰਨ ਲਈ।" ਉਸ ਮਗਰੋਂ ਠੇਂਗਣਾ ਸਾਹਿਬ ਨੇ ਵਾਲੀਮਾਰ ਬਣਨ ਦੀ ਕਦੇ ਜ਼ਿੱਦ ਨਾ ਕੀਤੀ।
ਜਾਗੋ ਅਨਪੜ੍ਹ ਹੁੰਦਿਆਂ ਹੋਇਆਂ ਜਾਣਦਾ ਸੀ ਕਿ ਵਿਦਵਾਨਾਂ ਦੀ ਮਹਿਫ਼ਲ ਵਿਚ ਕਿਵੇਂ ਬੈਠੀਦਾ ਹੈ। ਅਕਸਰ ਉਹ ਈਸ਼ਵਰ ਸਿੰਘ ਆਰਟਿਸਟ ਦੇ ਕਲਾਕਾਰ ਤੇ ਸਾਹਿਤਕਾਰ ਮਿੱਤਰਾਂ ਦੀਆਂ ਗੋਸ਼ਟੀਆਂ ਵਿਚ ਭਾਗ ਲੈਂਦਾ। ਸਾਡਾ ਇਹ ਖਿਆਲ ਸੀ ਕਿ ਉਸ ਨੂੰ ਸਮਝ ਘੱਟ ਹੀ ਆਉਂਦੀ ਹੈ। ਇਕ ਵਾਰੀ ਈਸ਼ਵਰ ਹੁਰਾਂ ਅੰਮ੍ਰਿਤਸਰ ਗੋਸ਼ਟੀ ਬੁਲਾਈ। ਗੋਸ਼ਟੀ ਸੁਲਤਾਨਵਿੰਡ ਦੀ ਚੁੰਗੀ ਦੇ ਸਾਹਮਣੀ ਬਗੀਚੀ ਵਿਚਲੀ ਕੋਠੀ ਵਿਚ ਜੁੜੀ। ਗੋਸ਼ਟੀ ਵਿਚ ਉਰਦੂ ਕਹਾਣੀ ਲੇਖਕ ਸ. ਰਾਜਿੰਦਰ ਸਿੰਘ ਬੇਦੀ, ਹਿੰਦੀ ਲੇਖਕ ਸ੍ਰੀ ਉਪੇਂਦਰ ਨਾਥ ‘ਅਸ਼ਕ', ਪ੍ਰਸਿੱਧ ਚਿੱਤਰਕਾਰ ਖਾਨ ਬਹਾਦਰ ਅਬਦੁਲ ਰਹਿਮਾਨ ਚੁਗਤਾਈ ਤੇ ਬਾਵਾ ਬਲਵੰਤ ਜੀ ਸ਼ਾਮਲ ਸਨ। ਬਾਵਾ ਜੀ ਆਪਣੀ ਕਵਿਤਾ ‘ਤੂੰ ਤੇ ਮੈਂ' ਸੁਣਾ ਰਹੇ ਸਨ। ਕੁਝ ਇਸ ਤਰ੍ਹਾਂ ਦਾ ਸ਼ੇਅਰ ਸੀ:
ਕਦੀ ਕਦੀ ਹੈਂ ਤੂੰ ਮੇਰੇ ਗੁਲਾਬ ਦੀ ਲਾਲੀ,
ਤੇਰੀ ਸੁਗੰਧ ਲਈ ਪਰ ਕਦੀ ਹਵਾ ਹਾਂ ਮੈਂ।
ਮਾਸਟਰ ਹੁਰੀਂ ਕੁਝ ਲੋੜ ਤੋਂ ਵੱਧ ਝੂਮ ਉਠੇ। ਕਿਸੇ ਨੇ ਉਨ੍ਹਾਂ ਨਾਲ ਮਖੌਲ ਕਰਨ ਦਾ ਇਹ ਵਾਜਬ ਮੌਕਾ ਸਮਝਿਆ ਅਤੇ ਕਿਹਾ, "ਮਾਸਟਰ ਸਾਹਿਬ, ਕੀ ਹੋ ਗਿਆ?" ਸੰਤ ਸਿੰਘ ਦੇ ਮੂੰਹ ਚੜ੍ਹਿਆ ਹੋਇਆ ਸੀ- ‘ਕਿਆ ਸਮਝੇ?' ਮੌਕਾ ਐਸਾ ਸੀ ਬਦੋ-ਬਦੀ ਉਸ ਦੇ ਮੂੰਹੋਂ ਨਿਕਲ ਗਿਆ, "ਕਿਆ ਸਮਝੇ?" ਤਿੰਨ ਵੱਡਿਆਂ ਵਿਚੋਂ ਵੀ ਕਿਸੇ ਨੇ ਕਹਿ ਦਿੱਤਾ, "ਹਾਂ ਹਾਂ, ਸਰਦਾਰ ਸਾਹਿਬ ਬਤਾਈਏ ਨਾ, ਆਪ ਕਿਆ ਸਮਝੇ?" ਸਾਡੀ ਖਾਨਿਓਂ ਗਈ, ਪਈ ਕਿਤੇ ਮਾਸਟਰ ਹੁਰੀਂ ਸਾਹਿਤਕ ਮਾਮਲਿਆਂ ਵਿਚ, ਆਪਣੀ ਅਵਿਦਿਆ ਕਾਰਨ, ਬੇਸਮਝੀ ਦੀ ਨੁਮਾਇਸ਼ ਹੀ ਨਾ ਕਰ ਦੇਣ।
ਮਾਸਟਰ ਜੀ ਬੜੇ ਸਲੀਕੇ ਨਾਲ ਬੋਲੇ, "ਜਨਾਬ ਸਮਝੇ ਤਾਂ ਆਪ ਹੋਵੋਗੇ, ਅਸੀਂ ਤਾਂ ਮਜ਼ਾ ਲੈਣ ਵਾਲਿਆਂ ਵਿਚੋਂ ਹਾਂ। ਆਸ਼ਕ ਮਸ਼ੂਕ ਦੀ ਗੱਲਬਾਤ ਹੈ ਤੇ ਜਿਥੇ ਬਾਵਾ ਜੀ ਵੱਡੇ ਸ਼ਾਇਰ ਹਨ। ਉਨ੍ਹਾਂ ਦਾ ਮਸ਼ੂਕ ਵੀ ਤਾਂ ਘੱਟ ਨਹੀਂ ਜੋ ਉਨ੍ਹਾਂ ਦੇ ਸ਼ੇਅਰ ਨੂੰ ਖੂਬਸੂਰਤੀ ਦਿੰਦਾ ਹੈ ਅਤੇ ਬਾਵਾ ਸਾਹਿਬ ‘ਉਸ' ਦੀ ਤਾਰੀਫ ਆਪਣੇ ਸ਼ੇਅਰ ਵਿਚ ਗਾਉਂਦੇ ਹਨ।"
"ਸੁਬਹਾਨ ਅੱਲਾ", ਚੁਗਤਾਈ ਸਾਹਿਬ ਪੁਕਾਰ ਉਠੇ, "ਸ਼ਾਬਾਸ਼ ਦੋਹਾਂ ਨੂੰ। ਖੂਬ ਹੈ ਬਾਵਾ ਜੀ, ਬਹੁਤ ਖੂਬ ਹੈਂ ਮਾਸਟਰ ਸਾਹਿਬ।" ਅਤੇ ਉਸ ਦਿਨ ਤੋਂ ਸਾਡਾ ਬਹੁਤ ਭਾਰਾ ਭੁਲੇਖਾ ਦੂਰ ਹੋਇਆ।
ਮਹਿਫ਼ਲ ਦੀ ਅੱਧੀ ਛੁੱਟੀ ਵੇਲੇ ਸਾਰੇ ਬਗੀਚੀ ਵਿਚ ਆ ਗਏ। ਮਾਸਟਰ ਸਾਹਿਬ ਕਹਿਣ ਲੱਗੇ, "ਚੁਗਤਾਈ ਸਾਹਿਬ, ਆਹ ਜ਼ਰਾ ਦਰੱਖਤ ਦੇਖਣਾ। ਇਹ ਦਰੱਖਤ ਬੱਸ ਇਕੋ ਇਕ ਹੈ, ਸਾਰੇ ਹਿੰਦੁਸਤਾਨ ਵਿਚ।"
ਮੈਂ ਦੇਖਿਆ, ਔਲਿਆਂ ਦਾ ਬੂਟਾ ਸੀ। ਇੰਨੇ ਨੂੰ ਮਾਸਟਰ ਹੁਰਾਂ ਪੱਤਾ ਤੋੜ ਕੇ ਚੁਗਤਾਈ ਸਾਹਿਬ ਦੇ ਹੱਥ ਵਿਚ ਫੜਾ ਦਿੱਤਾ ਤੇ ਕਹਿਣ ਲੱਗੇ, "ਜਨਾਬ, ਸੁੰਘੋ ਜ਼ਰਾ ਇਸ ਨੂੰ।"
ਚੁਗਤਾਈ ਸਾਹਿਬ ਨੇ ਉਸੇ ਤਰ੍ਹਾਂ ਕੀਤਾ ਤੇ ਵਾਹ-ਵਾਹ ਕਰ ਉਠੇ। ਮਾਸਟਰ ਹੁਰਾਂ ਝਟਪਟ ਇਕ ਪੱਤਾ ਮੇਰੇ ਹੱਥ ਵਿਚ ਵੀ ਫੜਾ ਦਿੱਤਾ। ਮੈਂ ਸੁੰਘਿਆ। ਜੂਹੀ ਦੀ ਮਨੋਹਰ ਵਾਸ਼ਨਾ ਆ ਰਹੀ ਸੀ।
‘ਅਸ਼ਕ' ਸਾਹਿਬ ਬੋਲੇ, "ਇਹ ਕਿਸ ਚੀਜ਼ ਦਾ ਦਰੱਖਤ ਹੈ?" ਜਾਗੋ ਹੁਰਾਂ ਨੂੰ ਜੋ ਡਰ ਸੀ, ਉਹੋ ਹੋਇਆ। ਮੈਂ ਛੇਤੀ ਉਤਰ ਦਿੱਤਾ, "ਔਲਿਆਂ ਦਾ।" ਜਾਗੋ ਨੇ ਹੌਸਲਾ ਨਾ ਛੱਡਿਆ ਤੇ ਬੜੇ ਸੁਭਾਵਕ ਲਹਿਜ਼ੇ ਵਿਚ ਬੋਲੇ, "ਦੇਖੋ ਨਾ ਕੁਦਰਤ ਦੇ ਰੰਗ! ਕਿਤੇ ਰੀਠਾ ਮਿੱਠਾ ਤੇ ਕਿਤੇ ਔਲੇ ਦਾ ਪੱਤਰ ਖੁਸ਼ਬੋਦਾਰ।" ਮੈਂ ਆਪਣੇ ਆਪ ਇਕ ਪੱਤਾ ਤੋੜ ਲਿਆ ਤੇ ਸੁੰਘਿਆ। ਸੁਗੰਧ ਬਿਲਕੁਲ ਹੀ ਨਹੀਂ ਸੀ। "ਵਾਹਵਾਹ! ਕੈਸੀ ਖੁਸ਼ਬੋ ਹੈ!" ਮਾਸਟਰ ਜੀ ਮੇਰੇ ਵੱਲ ਤੱਕ ਕੇ ਬੋਲੇ ਤੇ ਮੈਂ ਚੁੱਪ ਕਰ ਗਿਆ। ਇੰਨੇ ਨੂੰ ਬੇਦੀ ਨੇ ਵੀ ਮੇਰੇ ਵਾਂਗ ਪੱਤਾ ਤੋੜ ਕੇ ਸੁੰਘਿਆ। ਖੁਸ਼ਬੋ ਨਦਾਰਦ।
"ਇਹ ਨਹੀਂ! ਇਨ੍ਹਾਂ ਮੋਟਿਆਂ ਪੱਤਿਆਂ ਵਿਚ ਖੁਸ਼ਬੂ ਜਾਂਦੀ ਰਹਿੰਦੀ ਹੈ, ਬੇਦੀ ਸਾਹਿਬ", ਤੇ ਜਾਗੋ ਹੁਰਾਂ ਨੇ ਆਪਣੇ ਹੱਥਾਂ ਨਾਲ ਨਵੇਂ ਉਗਦੇ ਨਰਮ ਪੱਤਿਆਂ ਦਾ ਗੁੱਛਾ ਉਨ੍ਹਾਂ ਨੂੰ ਤੋੜ ਕੇ ਦਿੱਤਾ। ਖੁਸ਼ਬੋ ਆ ਰਹੀ ਸੀ, ਪਰ ਹੁਣ ਸ਼ੱਕ ਵਧ ਗਿਆ ਸੀ। ਝਟਪਟ ਕਿਸੇ ਹੋਰ ਨੇ ਨਰਮ ਪੱਤਾ ਤੋੜਿਆ ਤੇ ਨੱਕ ਵੱਲ ਲਿਜਾ ਹੀ ਰਿਹਾ ਸੀ ਕਿ ਜਾਗੋ ਹੁਰੀਂ ਮਦਾਰੀਆਂ ਵਾਲੇ ਬੋਲੇ ਵਿਚ ਬੋਲੇ, "ਮੇਰੇ ਪਾਸ ਕੋਈ ਜਾਦੂ ਨਹੀਂ, ਮੰਤਰ ਨਹੀਂ, ਸਿਰਫ ਹਾਥ ਕੀ ਸਫਾਈ ਹੈ।" ਸਾਰੇ ਜਣੇ ਅਸਲੀਅਤ 'ਤੇ ਪੁੱਜਦੇ ਹੀ ਖਿੜ-ਖਿੜਾ ਕੇ ਹੱਸ ਪਏ।
ਕੁਝ ਚਿਰ ਮਗਰੋਂ ਦਸਤਰਖਾਨ ਵਿਛ ਗਏ ਤੇ ਖਾਣਾ-ਪੀਣਾ ਸ਼ੁਰੂ ਹੋਇਆ। ਸ਼ੀਸ਼ੇ ਦੇ ਗਲਾਸ ਵੱਲ ਦੇਖ ਕੇ ਮਾਸਟਰ ਸਾਹਿਬ ਬੋਲੇ, "ਚੁਗਤਾਈ ਸਾਹਿਬ, ਦੇਖੋ ਕੁਦਰਤ ਦੇ ਰੰਗ, ਜਾਨਦਾਰਾਂ ਨੂੰ ਗਰਮੀ ਲੱਗਿਆਂ ਪਸੀਨਾ ਆਉਂਦਾ , ਬੇ-ਜਾਨਾਂ ਨੂੰ ਸਰਦੀ ਲੱਗ ਕੇ।"
ਚੁਗਤਾਈ ਸਾਹਿਬ ਨੇ ਬਰਫ ਵਾਲੇ ਪਾਣੀ ਦੇ ਗਲਾਸ ਦੇ ਬਾਹਰ ਲੱਗੇ ਤ੍ਰੇਲ ਵਰਗੇ ਤੁਪਕੇ ਦੇਖੇ ਤੇ ਕੇਵਲ ਜਾਗੋ ਦਾ ਦਿਲ ਰੱਖਣ ਲਈ ਮੁਸਕਰਾਏ।
"ਚੁਗਤਾਈ ਸਾਹਿਬ, ਆਹਲੂਵਾਲੇ ਕੱਟੜੇ ਤੇ ਬਹੁਤਿਆਂ ਗੋਗੜੀਆਂ ਲਾਲਿਆਂ ਨੂੰ ਵੀ ਸਰਦੀ ਵਿਚ ਠੰਢੀ ਤਰੇਲੀ ਆਉਂਦੀ ਰਹਿੰਦੀ ਹੈ। ਉਹ ਵੀ ਤੇ ਬੇਜਾਨ ਚੀਜ਼ ਹੋਏ।" ਹੁਣ ਸਾਰੇ ਕੁਝ ਵਧੇਰੇ ਮੁਸਕਰਾਏ। "ਉਹ ਵੀ ਬੇਜਾਨ ਚੀਜ਼ ਹੀ ਹੋਏ ਨਾ", ਜਾਗੋ ਨੇ ਗੰਭੀਰਤਾ ਨਾਲ ਫੇਰ ਕਹਿਣਾ ਸ਼ੁਰੂ ਕੀਤਾ, "ਜੋ ਅਦੀਬਾਂ, ਗਵੱਈਆਂ ਤੇ ਮੁਸੱਵਰਾਂ ਦੇ ਅਮਲ ਤੋਂ ਲੁਤਫ ਨਹੀਂ ਲੈ ਸਕਦੇ।" ਇਸ ਵਾਰ ਸਾਰਿਆਂ ਦੀਆਂ ਅੱਖਾਂ ਜਾਗੋ 'ਤੇ ਗੱਡੀਆਂ ਗਈਆਂ। ਉਸ ਦੀਆਂ ਅੱਖਾਂ ਵਿਚ ਮਖੌਲ ਦਾ ਰੰਗ ਜ਼ਰਾ ਵੀ ਨਹੀਂ ਸੀ, ਪਰ ਹੈ ਇਹ ਵੀ ਮਖੌਲ ਸੀ। ਇਹ ਮਖੌਲ ਹੋਰ ਮਖੌਲਾਂ ਵਾਂਗ ਗਲਤ ਦਲੀਲਾਂ ‘ਤੇ ਉਸਰਿਆ ਹੋਇਆ ਵੀ ਕਿੰਨਾ ਸੱਚਾ ਹੈ।
ਜਾਗੋ ਮਾਸਟਰ ਅਨਪੜ੍ਹ ਹੁੰਦਾ ਹੋਇਆ ਵੀ ਕੰਮ ਦਾ ਕਰਿੰਦਾ ਸੀ। ਆਪਣੇ ਬੁੱਢੇ ਮਾਪਿਆਂ ਦਾ ਉਹ ਆਸਰਾ ਸੀ। ਉਹ ਥੋਕ-ਫਰੋਸ਼ਾਂ ਤੋਂ ਉਧਾਰ 'ਤੇ ਚੀਜ਼ਾਂ ਲੈ ਕੇ ਬਾਜ਼ਾਰ ਬਾਜ਼ਾਰ, ਚੌਕ ਚੌਕ, ਗਲੀ ਗਲੀ ਹੋ ਕੇ ਦੇ ਕੇ ਵੇਚਦਾ ਹੁੰਦਾ ਸੀ। ਕੈਂਚੀਆਂ, ਚਾਕੂ, ਫੀਤੇ, ਪੈੱਨ, ਪੈਨਸਿਲਾਂ, ਖਿਡੌਣੇ, ਸਭ ਕੁਝ ਉਹ ਹੋਕ ਹੋਕ ਕੇ ਵੇਚਦਾ। ਉਸ ਦੀਆਂ ਦੋ ਆਵਾਜ਼ਾਂ ਸਨ: ਭਾਰੀ ਤੇ ਗੂੰਜਵੀਂ ਹੋਕਾ ਦੇਣ ਲਈ, ਦੂਜੀ ਦਰਮਿਆਨੀ ਤੇ ਨਰਮ ਗੱਲਾਂ ਕਰਨ ਲਈ। ਮੁੰਡ-ਪੁਣੇ ਤੇ ਜਵਾਨੀ ਵਿਚ ਉਹ ਐਨੇ ਪੈਸੇ ਕਮਾ ਲੈਂਦਾ ਸੀ ਕਿ ਉਹ ਆਪਣੇ ਸੂਫਿਆਨੇ ਕੱਪੜੇ-ਲਤੇ ਪਹਿਨ ਕੇ ਵੀ ਮਾਪਿਆਂ ਨੂੰ ਚੰਗੀ ਰੋਟੀ ਦੇ ਸਕਦਾ ਸੀ। ਉਹ ਪੜ੍ਹਦਾ ਤਾਂ ਮਾਂ ਪਿਉ ਨੂੰ ਰੋਟੀ ਕੌਣ ਖਵਾਉਂਦਾ? ਕੰਮ ਦਾ ਕਰਿੰਦਾ ਸਮਝ ਕੇ ਕਿਸੇ ਗਰੀਬ ਘਰ ਵਾਲਿਆਂ ਉਸ ਨੂੰ ਧੀ ਦੇ ਦਿੱਤੀ। ਮਾਂ ਪਿਉ ਚਲੇ ਗਏ- ਸਭ ਨੇ ਜਾਣਾ ਹੀ ਹੈ। ਬੱਚਿਆਂ ਦੀ ਧਾੜ ਆ ਗਈ, ਉਨ੍ਹਾਂ ਆਉਣਾ ਹੀ ਸੀ। ਆਖਰ ਗਰੀਬ ਦੇ ਕਲੱਬ ਵੀ ਘਰ, ਸਿਨੇਮਾ ਵੀ ਘਰ ਤੇ ਪਹਾੜ ਦੀ ਸੈਰ ਵੀ ਘਰ। ਜਾਗੋ ਨੂੰ ਉਦੋਂ ਪਤਾ ਨਹੀਂ ਸੀ ਕਿ ਮਹਿੰਗਾਈ ਆਵੇਗੀ, ਮਾਲ ਘੱਟ ਵਿਕਣਗੇ। ਉਸ ਨੂੰ ਪਤਾ ਨਹੀਂ ਸੀ ਕਿ ਇਸ ਹੋਕ ਕੇ ਸੌਦਾ ਵੇਚਣ ਦੀ ਕਮਾਈ ਨਾਲ ਉਹ ਆਪਣੇ ਬੱਚਿਆਂ ਨੂੰ ਵੀ ਨਹੀਂ ਪੜ੍ਹਾ ਸਕੇਗਾ। ਸੁਚੱਜਾ ਕਾਮਾ, ਸਿਆਣਾ ਆਦਮੀ, ਹੱਸ ਮੁੱਖ ਮਖੌਲੀਆ ਆਪਣੇ ਪਹਿਨਣ ਖਾਣ ਦੀ ਪਹਿਲੀ ਪੱਧਰ ਵੀ ਕਾਇਮ ਨਹੀਂ ਰੱਖ ਸਕੇਗਾ। ਜਦ ਕਿ ਨਿਕੰਮੇ, ਕਮ-ਅਕਲ, ਸੜੀਅਲ ਲੋਕ ਆਪਣੇ ਬਜ਼ੁਰਗਾਂ ਦੀ ਲੁੱਟ ਕੇ ਜੋੜੀ ਦੌਲਤ ਦੇ ਆਸਰੇ ਉਸ ਦੀ ਗੈਰ ਹਜ਼ਾਰੀ ਵਿਚ ਉਸ ਨੂੰ ਟਿਚਕਰਾਂ ਕਰਨਗੇ।
ਜਾਗੋ ਦੇ ਮਿੱਤਰ ਪੜ੍ਹ ਗਏ ਹਨ। ਜਾਗੋ ਦੇ ਮਿੱਤਰ ਅੱਗੇ ਤੋਂ ਸੂਫਿਆਨੇ ਕੱਪੜੇ ਪਾਉਂਦੇ ਹਨ। ਜਾਗੋ ਦੇ ਮਿੱਤਰ ਉਸ ਤੋਂ ਬਹੁਤੇ ਪੈਸੇ ਕਮਾਉਂਦੇ ਹਨ, ਪਰ ਹਾਲੀ ਤੱਕ ਉਸ ਦੇ ਦੋਸਤ ਹਨ, ਉਸ ਦੇ ਨਾਲ ਉਸ ਦੀ ਕਤਾਰ ਵਿਚ ਖੜ੍ਹੇ ਹਨ। ਸਾਰੇ ਦ੍ਰਿੜ੍ਹ ਵਿਸ਼ਵਾਸ ਰੱਖਦੇ ਹਨ ਕਿ ਸਮਾਂ ਜਾਗੋ ਵਰਗਿਆਂ ਕਾਮਿਆਂ ਲਈ ਚਾਨਣ ਅਤੇ ਖੁਸ਼ੀ ਛੇਤੀ ਹੀ ਲੈ ਕੇ ਆਵੇਗਾ। ਉਸ ਦੇ ਦੋਸਤ ਜੋ ਉਸ ਦੇ ਨਾਲ ਹਨ ਤੇ ਉਹ ਵੀ ਨਿਕੰਮੇ ਨਹੀਂ ਬੈਠੇ ਹੋਏ। ਜੇ ਤੁਸੀਂ ਕਦੇ ਅੰਮ੍ਰਿਤਸਰ ਆਓ ਤਾਂ ਕਿਸੇ ਚੌਕ, ਕਿਸੇ ਬਾਜ਼ਾਰ ਵਿਚ ਮਾਸਟਰ ਨੂੰ ਸਾਂਵਲਾ ਰੰਗ, ਦਰਮਿਆਨਾ ਕੱਦ, ਛੀਟਕਾ ਸਰੀਰ, ਦਾੜ੍ਹੀ ਕਰੜ-ਬਰੜੀ ਮਾਲ ਹੋਕਦਾ ਦੇਖੋਗੇ। ਸੌਦਾ ਖਰੀਦ ਕਰਦਿਆਂ ਤੁਹਾਡੀ ਰੁਚੀ ਦੇਖ ਕੇ ਤੁਹਾਨੂੰ ਕੋਈ ਮਖੌਲ ਕਰੇਗਾ, ਚੁਭਵਾਂ, ਸੁਖਾਵਾਂ, ਖੇੜਵਾਂ ਤੇ ਸੌਦੇ ਨਾਲ, ਤੁਹਾਨੂੰ ਕੁਝ ਚਿਰ ਯਾਦ ਰਹਿਣ ਵਾਲੀ ਖੁਸ਼ੀ ਵੀ ਦੇਵੇਗਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ