ਜਾਨਵਰ ਹੀ ਚੰਗੇ ਹਾਂ, ਕਿਤੇ ਕਿਸੇ ਬੰਦੇ ਦੀ ਜੂਨ ਨਾ ਮਿਲ ਜਾਵੇ : ਡਾ. ਅਮਰਜੀਤ ਟਾਂਡਾ
ਇਨਸਾਨ ਅਤੇ ਜਾਨਵਰ ਦੇ ਪੈਰਾਂ ਵਿਚੋਂ ਸਿਰਫ਼ ਜਾਨਵਰ ਦੇ ਪੈਰ ਸਰੀਰ ਖੱਲ ਕੰਮ ਆਉਂਦੀ ਹੈ, ਕਿਉਂਕਿ ਮਾਸਾਹਾਰੀ ਇਸਦਾ ਮੀਟ ਸੂਪ ਬਣਾ ਕੇ ਖਾਂਦੇ ਪੀਂਦੇ ਹਨ, ਜੁੱਤੀਆਂ ਸੁਵਾਉਂਦੇ ਕੋਟ ਦਸਤਾਨੇ ਬਣਵਾਉਂਦੇ ਹਨ ਜਦੋਂ ਕਿ ਬੰਦੇ ਦਾ ਕੁਝ ਵੀ ਕੰਮ ਨਹੀਂ ਆਉਂਦਾ।
ਇਕ ਸ਼ਿਕਾਰੀ ਨੇ ਸਹੇ ਤੇ ਸਹੀ ਦੇ ਜੋੜੇ ਨੂੰ ਜ਼ਿੰਦਾ ਫ਼ੜ ਲਿਆ ਤੇ ਪਿੰਜਰੇ ਵਿੱਚ ਤਾੜ ਲਿਆ।
ਪਰਾਲੀ ਹੇਠ ਵਿਛਾ ਕੇ ਉਹਨਾਂ ਨੂੰ ਘਾਹ ਫੂਸ ਪਾ ਛੱਡਦਾ ਪਾਣੀ ਪੀਣ ਨੂੰ ਦੇ ਦਿੰਦਾ। ਤੇ ਕਦੇ ਕਦੇ ਰਹੇ ਖੂਹੇ ਸਬਜ਼ੀ ਫ਼ਲਾਂ ਦੇ ਟੁਕੜੇ ਛਿਲੜ ਵੀ।
ਪਰ ਉਹ ਜਦੋਂ ਵੀ ਪਿੰਜਰੇ ਵੱਲ ਨੂੰ ਆਉਂਦਾ ਤਾਂ ਸਹੇ ਸਹੀ ਦਾ ਸਾਹ ਨਿਕਲ ਜਾਂਦਾ।
‘‘ਸਾਨੂੰ ਇਸ ਪਿੰਜਰੇ ਵਿੱਚ ਕੈਦ ਹੋਇਆਂ ਪੂਰੇ ਪੰਜ ਮਹੀਨੇ ਹੋ ਗਏ ਹਨ।’’ ਸਹੇ ਨੇ ਸਹੀ ਨੂੰ ਕਿਹਾ।
ਸਹੀ ਬੋਲੀ, ‘‘ਹਾਂ… ਸੱਚੀਂ ਸਾਨੂੰ ਪੰਜ ਮਹੀਨੇ ਹੋ ਗਏ ਹਨ, ਜੇ ਸ਼ਿਕਾਰੀ ਨੇ ਆਪਾਂ ਨੂੰ ਨਾ ਖਾਧਾ ਤਾਂ ਸ਼ਾਇਦ ਹੁਣ ਸੁੱਖਸਾਂਦ ਨਾਲ ਆਪਣੇ ਬੱਚੇ ਵੀ ਹੋ ਜਾਣਗੇ ਤੇ ਫਿਰ ਉਹਨਾਂ ਨਾਲ ਖੇਡਿਆ ਕਰਾਂਗੇ’’
ਸਹੇ ਨੇ ਉਸ ਦੀ ਗੱਲ ਦਾ ਜਵਾਬ ਦਿੰਦੀਆਂ ਕਿਹਾ, ‘‘ਇੰਜ ਹੁਣ ਅਸੀਂ ਦੋ ਤੋਂ ਪੰਜ ਛੇ ਬਣ ਜਾਣਾ ਹੈ।’’
ਸਹੇ ਨੇ ਕਿਹਾ , ‘‘ਅਸੀਂ ਤਾਂ ਕੈਦੀਆਂ ਵਾਂਗੂੰ ਜ਼ਿੰਦਗੀ ਬਿਤਾ ਹੀ ਰਹੇ ਹਾਂ। ਹੁਣ ਸਾਡੇ ਬੱਚੇ ਵੀ ਕੈਦ ਹੰਢਾਉਣਗੇ। ਗੁਲਾਮ ਬਣ ਕੇ ਰਹਿਣਗੇ।"
ਕਮਲੀਏ ਗੁਲਾਮੀ ਵਿੱਚ ਆਸਾਂ ਨਹੀਂ ਪਾਲੀ ਦੀਆਂ ਉਮੀਦਾਂ ਨੇ ਰੱਖੀ ਦੀਆਂ।
ਚਾਅ ਸਰਾਣੇ ਰੱਖ ਕੇ ਨਾ ਸੋਇਆ ਕਰ।
ਬਾਅਦ ਵਿੱਚ ਹਉਕਿਆਂ ਚ ਡੁੱਬੇ ਰਹਾਂਗੇ।
ਉਹਨੇ ਹੋਰ ਕਿਹਾ ਕਿ ਆਪਾਂ ਤਾਂ ਨਾਲੇ ਖੇਤਾਂ ਫ਼ਸਲਾਂ ਕੁਦਰਤ ਵਿੱਚ ਦੌੜ ਦੌੜ ਖੇਡ ਖੇਡ ਕੇ ਵੀ ਦੇਖ ਆਨੰਦ ਮਾਣ ਲਿਆ ਹੈ। ਨੀਲੇ ਅਸਮਾਨ ਹੇਠ ਚਾਨਣੀਆਂ ਰਾਤਾਂ ਵਿੱਚ ਵੀ ਚਾਅ ਪੂਰੇ ਕਰ ਲਏ ਹਨ। ਪਰ ਸਾਡੇ ਬੱਚੇ ਤਾਂ ਸ਼ਾਇਦ ਦੌੜਨਾ ਕੁਦਣਾ ਨੱਚਣਾ ਵੀ ਭੁੱਲ ਜਾਣਗੇ। ਜੇ ਇਸ ਨੇ ਜ਼ਰਾ ਖੁੱਲ ਵੀ ਦੇ ਦਿੱਤੀ ਤਾਂ’’
ਇਹ ਸੁਣ ਕੇ ਸਹੀ ਨੇ ਲੰਬਾ ਹਾਉਕਾ ਲੈਂਦਿਆਂ ਕਿਹਾ, ‘‘ਪਰ ਸਾਡਾ ਕਸੂਰ ਕੀ ਸੀ? ਸਾਨੂੰ ਇਸਨੇ ਕੈਦ ਕਿਉਂ ਕੀਤਾ। ਅਸੀਂ ਇਸ ਸ਼ਿਕਾਰੀ ਦਾ ਨੁਕਸਾਨ ਕੀ ਕੀਤਾ ਸੀ। ਅਸੀਂ ਫਸਲਾਂ ਵਿੱਚ ਘਾਹ ਪੱਠਾ ਖਾਂਦੇ ਫਿਰਦੇ ਸੀ ਨੱਚਦੇ। ਇਹਦਾ ਕੀ ਗਵਾਇਆ ਸੀ ਅਸੀਂ ਇਹ ਸਾਡਾ ਵੈਰੀ ਮਾਲਕ ਕਿਉਂ ਬਣ ਬੈਠਾ। ਕੀ ਸਵਾਦ ਭੋਜਨ ਮਨਪਰਚਾਵੇ ਲਈ ਸਾਨੂੰ ਕੈਦ ਕਰਨਾ ਇਹਦਾ ਜ਼ਰੂਰੀ ਸੀ?
ਕੀ ਅਸੀਂ ਆਜ਼ਾਦ ਦੌੜਦੇ ਫਿਰਦੇ ਅੱਛੇ ਨਹੀਂ ਸੀ ਲੱਗਦੇ ਇਹਨੂੰ। ਕੀ ਅਸੀਂ ਕੈਦੀ ਚੰਗੇ ਹਾਂ ਜਾਂ ਆਜ਼ਾਦ?
ਹੋਰ ਵੀ ਤਾਂ ਕਈ ਜੰਗਲੀ ਜਾਨਵਰ ਹਨ। ਸ਼ੇਰ ਚੀਤੇ ਉਹਨਾਂ ਨੂੰ ਕਿਉਂ ਨਹੀਂ ਕੈਦ ਕਰਦੇ ਇਹ ਸ਼ਿਕਾਰੀ। ਅਸੀਂ ਕਮਜ਼ੋਰ ਮਾੜਕੂ ਸੀ ਤਾਂ ਇਹਨੇ ਕੈਦ ਕਰ ਲਏ। ਕਹਿੰਦਾ ਹੋਣਾ ਜਦੋਂ ਦਿਲ ਕੀਤਾ ਵੱਢ ਕੇ ਮੀਟ ਬਣਾ ਖਾ ਲਵਾਂਗਾ। ਕੁੱਕੜਾਂ ਬੱਕਰਿਆਂ ਨੂੰ ਵੀ ਤਾਂ ਇਸ ਤਰਾਂ ਹੀ ਪਾਲਦੇ ਨੇ ਲੋਕ। ਪੱਠਿਆਂ ਦੇ ਸਿਰ ਤੇ ਰੱਖ, ਗਾਵਾਂ ਮੱਝਾਂ ਦਾ ਖੂਨ ਦੁੱਧ ਪੀ ਪੀ ਕੇ ਨਹੀਂ ਰੱਜਦੇ ਇਹ ਵੱਡੇ ਵੱਡੇ ਬਣੇ ਫਿਰਦੇ ਹਨ ਇਨਸਾਨ।
ਸਹੇ ਨੇ ਸਹੀ ਨੂੰ ਦੱਸਿਆ ਇਸਦੇ ਕਈ ਕਾਰਨ ਵੀ ਹੋ ਸਕਦੇ ਹਨ, ਜਿਵੇਂ ਸਾਡਾ ਖੇਡਣਾ ਨੱਚਣਾ, ਖ਼ੂਬਸੂਰਤੀ, ਚੁੱਪ ਅਤੇ ਸਾਡੀ ਹਲੀਮੀ ਤੇ ਸਾਊਪੁਣਾ।
ਸਹੀ ਨੇ ਹਾਂ ਵਿੱਚ ਸਿਰ ਹਿਲਾਇਆ।
ਤੇ ਹੋਰ ਸੁਣ ਸੱਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਇਨਸਾਨ ’ਤੇ ਭਰੋਸਾ ਕਰ ਬੈਠੇ ਬਈ ਇਹ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗਾ। ਬਸ ਇਹੀ ਸਾਡਾ ਵਿਸ਼ਵਾਸ ਯਕੀਨ ਭਰੋਸਾ ਹੀ ਹੈ ਜੋ ਸਾਨੂੰ ਕੈਦੀ ਬਣਾਈ ਬੈਠਾ ਹੈ।
ਦਿਲ ਕਰਦਾ ਹੈ ਕਿ ਅਸੀਂ ਵੀ ਸ਼ੇਰ, ਚੀਤੇ, ਸੱਪ ਨਿਓਲੇ ਜਾਂ ਬਾਜ਼ ਹੁੰਦੇ।
ਤਾਂ ਅੱਜ ਕੈਦੀ ਗੁਲਾਮ ਨਾ ਬਣਦੇ।’’
ਸਹੇ ਨੇ ਹੋਰ ਕਿਹਾ , ‘‘ ਤੇ ਹਾਂ ਤੂੰ ਜਿਹੜੇ ਬੱਚਿਆਂ ਦੀ ਖ਼ੁਸ਼ੀ ਮਨਾ ਰਹੀ ਏਂ ਉਹ ਤਾਂ ਤੁਰਨ ਫਿਰਨ ਨੱਚਣ ਕੁੱਦਣ ਤੱਕ ਕਿਸੇ ਹੋਰ ਸ਼ਿਕਾਰੀ ਦੇ ਪਿੰਜਰੇ ਵਿਚ ਕੈਦੀ ਬਣਾ ਲਏ ਜਾਣਗੇ। ਅਸੀਂ ਆਪਣੀ ਔਲਾਦ ਦੀ ਇਸ ਪ੍ਰਸੰਨਤਾ ਚੋਂ ਕੀ ਖੱਟਾਂਗੇ ’’
‘‘ਉਹ ਕਿਉਂ?’’ ਸਹੀ ਨੇ ਹੈਰਾਨੀ ਨਾਲ ਪੁੱਛਿਆ।
ਸਹੇ ਨੇ ਕਿਹਾ, ‘‘ਮੈਂ ਹੌਲੀ ਹੌਲੀ ਸੁਣਿਆ ਹੈ ਆਪਣਾ ਸ਼ਿਕਾਰੀ ਕੱਲ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਕਿ ਜਦੋਂ ਇਹਨਾਂ ਸਹੀ ਸਹੇ ਨੇ ਬੱਚੇ ਦਿੱਤੇ ਤਾਂ ਉਨ੍ਹਾਂ ਨੂੰ ਵੇਚ ਕੇ ਆਪਣਾ ਸਾਰਾ ਕਰਜ਼ਾ ਉਤਾਰ ਦੇਵੇਗਾ।’’
ਸਹੀ ਵਿਚਾਰੀ ਇਹ ਸੁਣ ਕੇ ਉਦਾਸ ਹੋ ਗਈ, ਡੂੰਘੇ ਗ਼ਮ ਉਦਾਸੀ ਵਿੱਚ ਡੁੱਬੀ ਪਿੰਜਰੇ ਦੇ ਇੱਕ ਕੋਣੇ ਵਿੱਚ ਜਾ ਬੈਠੀ ਅਤੇ ਮਨ ਵਿੱਚ ਸੋਚਣ ਲੱਗੀ,
"ਹੇ ਰੱਬਾ ਜੇ ਤੂੰ ਕਿਤੇ ਹੈਂ ਤਾਂ ਸਾਨੂੰ ਕਿਤੇ ਅਗਲੇ ਜਨਮ ਵਿੱਚ ਮਨੁੱਖ ਬੰਦਾ ਜਾਂ ਇਨਸਾਨ ਨਾ ਬਣਾ ਦੇਵੀਂ। ਨਹੀਂ ਤਾਂ ਅਸੀਂ ਵੀ ਦੂਜਿਆਂ ਨੂੰ ਕੈਦ ਕਰਕੇ ਆਪਣਾ ਭੋਜਨ ਬਣਾਉਂਦੇ ਰਹਾਂਗੇ ਤੇ ਉਹਨਾਂ ਦੇ ਬੱਚਿਆਂ ਨੂੰ ਅਗਾਂਹ ਵਿਉਪਾਰੀਆਂ ਨੂੰ ਵੇਚ ਵੇਚ ਕੇ ਆਪਣਾ ਬਿਜ਼ਨਸ ਵਧਾਉਂਦੇ ਰਹਾਂਗੇ ਤੇ ਆਪਣਾ ਪੇਟ ਭਰਦੇ ਰਹਾਂਗੇ।
ਸਹੀ ਸਹੇ ਨੇ ਉਦਾਸ ਬੈਠਿਆਂ ਗੱਲਾਂ ਕੀਤੀਆਂ। ਅਸੀਂ ਤਾਂ ਜਾਨਵਰ ਹੀ ਚੰਗੇ ਹਾਂ। ਇਹਨਾਂ ਲੋਕਾਂ ਇਨਸਾਨਾਂ ਦਾ ਢਿੱਡ ਤਾਂ ਭਰਦੇ ਰਹੇ ਵਿਉਪਾਰ ਤਾਂ ਚਲਾਉਂਦੇ ਰਹੇ, ਚਾਹੇ ਭੋਜਨ ਬਣ ਕੇ ਤੇ ਚਾਹੇ ਅਗਾਂਹ ਤੋਂ ਅਗਾਂਹ ਹੋਰ ਹੱਥਾਂ ਵਿੱਚ ਵਿਕ ਕੇ।
ਸਹਿਆ ਸਹੀ ਨੂੰ ਆਪਣੀ ਬਾਹਾਂ ਚ ਲੈ ਕੇ ਪਿਆਰ ਕਰਨ ਲੱਗਾ ਤੇ ਸੰਤੁਸ਼ਟੀ ਨਾਲ ਕਹਿਣ ਲੱਗਾ ਅਸੀਂ ਤਾਂ ਲੱਖਾਂ ਇਨਸਾਨਾਂ ਨਾਲੋਂ ਚੰਗੇ ਹਾਂ।
ਉਹ ਦੁਨੀਆਂ ਦੇ ਕਾਦਰ ਕਰਤਾ ਸਾਨੂੰ ਕਿਤੇ ਇਨਸਾਨ ਨਾ ਬਣਾ ਦੇਵੀਂ, ਸਾਨੂੰ ਜਾਨਵਰ ਹੀ ਬਣੇ ਰਹਿਣ ਦੇਵੀਂ। ਅਸੀਂ ਤਾਂ ਜਾਨਵਰ ਹੀ ਚੰਗੇ, ਕਿਤੇ ਕਿਸੇ ਬੰਦੇ ਦੀ ਜੂਨ ਨਾ ਮਿਲ ਜਾਵੇ। ਇਹੋ ਜਿਹੇ ਇਨਸਾਨ ਬਣ ਕੇ ਕੀ ਲੈਣਾ।
ਕਿਸੇ ਦਾ ਸਵਾਦਲਾ ਭੋਜਨ ਬਣਾਂਗੇ, ਕਿਸੇ ਸੋਹਣੇ ਹੱਥ ਦਾ ਪਰਸ ਦਸਤਾਨਾ ਤੇ ਜਾਂ ਕਿਸੇ ਦਾ ਵਿਉਪਾਰ ਚਲਾਵਾਂਗੇ ਵਧਾਵਾਂਗੇ ਤਾਂ ਕਿ ਉਹ ਰੋਟੀ ਖਾਣ ਜੋਗਾ ਰਹੇ ਤੇ ਇਹ ਦੁਨੀਆਂ ਵਸੀ ਰਹੇ।
ਸਾਡੀ ਜ਼ਿੰਦਗੀ ਜੇ ਇਸ ਤਰ੍ਹਾਂ ਲੇਖੇ ਲੱਗਦੀ ਹੈ ਤਾਂ ਸਦੀਆਂ ਜਿਉਣਗੀਆਂ, ਖੇੜੇ ਰਹਿਣਗੇ ਘਰਾਂ ਵਿੱਚ। ਸਹੇ ਸਹੀ ਨੇ ਇਨਸਾਨੀ ਸੰਸਾਰ ਨੂੰ ਸੁਨੇਹਾ ਦਿੱਤਾ ਤੇ ਗਲਵੱਕੜੀ ਪਾ ਕੇ ਸੌਂ ਗਏ।