Punjabi Kavita
  

Jheethan: Gurmeet Arif

ਝੀਥਾਂ: ਗੁਰਮੀਤ ਆਰਿਫ

1
ਦਿਨ ਚੜ੍ਹਨ ਵਾਲਾ ਈ ਸੀ।ਤਾਰੇ ਹੌਲੀ ਹੌਲੀ ਕਰਕੇ ਅਲੋਪ ਹੋ ਰਹੇ ਸਨ।ਅਸਮਾਨ ਚ ਚਮਕਦਾ ਚੰਦ ਹੰਭੇ ਹੋਏ ਸੰਤਰੀ ਵਾਂਗ ਪੱਛਮ ਦੀ ਨੁਕਰੇ ਜਾ ਲੱਗਾ ਸੀ।ਨਾਲ ਦੇ ਪਿੰਡ ਰੱਖੇ ਅਖੰਡ ਪਾਠ ਦੀ ਅਵਾਜ ਚੁਫੇਰੇ ਫੈਲ ਰਹੀ ਸੀ।ਸਾਰੀ ਕਣਕ ਨੂੰ ਪਾਣੀਂ ਲਾਂਉਦੇ ਚੇਤੂ ਦੀਆਂ ਲੱਤਾਂ ਦਿਨ ਦੇ ਚੜਾਅ ਨਾਲ ਭਾਰੀ ਭਾਰੀ ਹੋ ਗਈਆਂ ਸਨ।ਤੇ ਪੋਹ ਮਹੀਨੇ ਦੀ ਠੰਡ ਚ ਪੈਰ ਵੀ ਸੁੰਨ ਹੋਏ ਪਏ ਸਨ।ਸਾਰੀ ਰਾਤ ਉਹ ਨੀਂਦ ਨਾਲ ਜਬਰਦਸਤੀ ਕਰਦਾ ਆ ਰਿਹਾ ਸੀ ਪਰ ਦਿਨ ਦੇ ਚੜ੍ਹਾਅ ਨੇ ਸਰੀਰ ਨੂੰ ਜਿਵੇਂ ਝੂਠਾ ਕਰ ਦਿਤਾ ਹੋਵੇ।ਵੱਟ ਤੇ ਪਈ ਡੱਬੀਆਂ ਵਾਲੀ ਖੇਸੀ ਦੀ ਬੁਕਲ ਮਾਰ ਉਹ ਮੋਟਰ ਵਾਲੀ ਕੋਠੀ ਚ ਪਈ ਮੰਜੀ ਤੇ ਜਾ ਪਿਆ।

ਸਵੇਰ ਸਾਰ ਪੁਰਾ ਵਾਹਵਾ ਚੱਲਣ ਲੱਗਾ ਸੀ।ਬੂਹਿਓਂ ਸੱਖਣੀਂ ਕੋਠੀ ਚ ਠੰਡੀ ਹਵਾ ਗੋਲੀ ਵਾਂਗ ਆ ਵੱਜਦੀ ਤੇ ਉਹ ਹੋਰ ਸੁੰਗੜ ਜਾਂਦਾ।ਨੀਂਦ ਵੀ ਚੱਜ ਨਾਲ ਨਹੀਂ ਸੀ ਆ ਰਹੀ।ਮਨ ਚ ਘਰ ਦਾ ਖਿਆਲ ਆਇਆ ਤਾਂ ਉਹ ਉਠ ਕੇ ਜੁੱਤੀ ਸੰਭਾਂਲਦਾ ਘਰ ਵੱਲ ਨੂੰ ਤੁਰ ਗਿਆ।

ਘਰ ਦਾ ਬੂਹਾ ਲੰਘਦਿਆਂ ਉਹਨੂੰ ਕੋਈ ਵੀ ਜੀਅ ਉਠਿਆ ਨੀ ਸੀ ਦਿਸਿਆ।ਪਹਿਲਾਂ ਜਦੋਂ ਕਿਤੇ ਉਹ ਖੇਤ ਰਾਤ ਲਾ ਕੇ ਆਂਉਦਾ ਤਾਂ ਏਸ ਵੇਲੇ ਨੂੰ ਬਾਰੋ ਚਾਹ ਧਰ ਰਹੀ ਹੁੰਦੀ ਜਾਂ ਬੇਬੇ ਹੁਰੀਂ ਚੁਲ੍ਹੇ ਮੂਹਰੇ ਬੈਠੇ ਹੁੰਦੇ।ਪਰ ਅੱਜ ਕੀ ਹੋ ਗਿਆ ਕੋਈ ਵੀ ਨੀ ਉਠਿਆ।ਉਹ ਆਪਣੇਂ ਕਮਰੇ ਚ ਗਿਆ ਪਰ ਬਾਰੋ ਉਥੇ ਨਈਂ ਸੀ।ਉਹਦਾ ਖਾਲੀ ਪਿਆ ਮੰਜਾ ਭਾਂ ਭਾਂ ਕਰ ਰਿਹਾ ਸੀ।ਉਹਦੇ ਮਨ ਚ ਸ਼ੱਕ ਦਾ ਬੀਅ ਪੁੰਗਰਿਆ।ਫਿਰ ਉਹ ਸਭਾਤ ਚ ਗਿਆ ਜਿਥੇ ਬੀਬੀ ਤੇ ਧੰਤੀ ਸੁਤੀਆਂ ਪਈਆਂ ਸਨ।ਚੇਤੂ ਨੇ ਉਹਨਾਂ ਨੂੰ ਕਈ ਅਵਾਜਾਂ ਮਾਰੀਆਂ ਪਰ ਉਹ ਮਸਾਂ ਈ ਉਠੀਆਂ ਜਿਵੇਂ ਕੋਈ ਨਸ਼ਾ ਖਾ ਕੇ ਸੁਤੀਆਂ ਹੋਣ।ਉਭੜਵਾਹੇ ਉਠੀ ਆਪਣੀਂ ਬੀਬੀ ਹਰ ਕੁਰ ਤੋਂ ਜਦੋਂ ਚੇਤੂ ਨੇ ਬਾਰੋ ਬਾਰੇ ਪੁਛਿਆ ਤਾਂ ਜਿਵੇਂ ਉਲਟਾ ਉਹਦੀ ਜੀਭ ਤੇ ਵੀ ਇਹੀ ਸਵਾਲ ਉਗ ਆਇਆ ਹੋਵੇ।ਉਹਨੂੰ ਕੁਸ਼ ਪਤਾ ਈ ਨੀ ਸੀ ਬਈ ਬਾਰੋ ਕਿਥੇ ਐ।ਆਂਢ ਗੁਆਂਢ ਪੁਛਿਆ ਫੇਰ ਪੂਰਾ ਪਿੰਡ ਛਾਂਣ ਮਾਰਿਆ ਪਰ ਬਾਰੋ ਦਾ ਕਿਸੇ ਤੋਂ ਕੁਸ਼ ਪਤਾ ਨਾ ਲੱਗਾ।ਫੇਰ ਉਹਦਾ ਧਿਆਨ ਸ਼ਹੀਦਾਂ ਦੀ ਸਮਾਧ ਵੱਲ ਗਿਆ ਜਿਥੇ ਉਹ ਰੋਜ ਚੌਂਕੀ ਭਰਨ ਜਾਂਦੀ ਸੀ,ਤੇ ਉਹ ਉਧਰ ਨੂੰ ਹੋ ਤੁਰਿਆ।ਪਰ ਉਥੇ ਵੀ ਕੋਈ ਨੀ ਦਿਸਿਆ ।ਕਾਲੀ ਭੂਰੀ ਆਲਾ ਸਾਧ ਵੀ ਗਾਇਬ ਸੀ।ਉਹਦੀ ਝੁੱਗੀ ਚ ਪਏ ਖਾਲੀ ਭਾਂਡਿਆਂ ਚ ਕੁੱਤੇ ਮੂੰਹ ਮਾਰ ਰਹੇ ਸਨ।“ਕਿਤੇ ਸਾਧ ਨਾਲ ਤਾਂ ਨੀ…..!ਆਖਰ ਕਿਥੇ ਗਈ ਹੋਵੇ,ਅਸਮਾਨ ਖਾ ਗਿਆ ਜਾਂ ਧਰਤੀ ਨਿਗਲ ਗਈ”।ਕਈ ਦਿਨਾਂ ਤੱਕ ਉਹ ਆਪਣੀਆਂ ਜਾਣ ਪਛਾਂਣ ਵਾਲੀਆਂ ਥਾਂਵਾਂ ਤੇ ਭੱਜਾ ਫਿਰਦਾ ਰਿਹਾ।ਪਰ ਬਾਰੋ ਦਾ ਕਿਤੋਂ ਥਹੁ ਪਤਾ ਨੀ ਸੀ ਲੱਗ ਰਿਹਾ।ਹੁਣ ਤਾਂ ਪਿੰਡ ਦੇ ਹਰ ਘਰ ਚ ਮੂੰਹ ਜੋੜ ਜੋੜ ਗੱਲਾਂ ਵੀ ਹੋਣ ਲੱਗੀਆਂ ਸਨ।ਸਵੇਰੇ ਗੁਆਂਢਣ ਭਜਨੀ ਕਹਿ ਰਹੀ ਸੀ।“ਨੀ ਜੈ ਖਣਿਆਂ ਦੀ ਸਾਰਾ ਦਿਨ ਸਾਧ ਦੀ ਕੁਟੀਆ ਵਿੱਚ ਈ ਵੜੀ ਰਹਿੰਦੀ ਸੀ।ਜੇ ਉਹ ਸਮਾਧ ਤੇ ਹੈਨੀ ਤਾਂ ਫਿਰ ਪਤਾ ਕਰੋ ਭਾਈ,ਕਿਤੇ ਸਾਧ ਈ ਨਾ ਲੈ ਗਿਆ ਹੋਵੇ ਉਹਨੂੰ ਕਿਧਰੇ ਭਜਾ ਕੇ”।

ਲੋਕਾਂ ਦੇ ਮੂੰਹੋਂ ਐਹੋ ਜੇ ਲਫਜ ਸੁਣ ਸੁਣ ਕੇ ਚੇਤੂ ਬੁਝ ਜਿਹਾ ਗਿਆ। ਹੁਣ ਤਾਂ ਦੂਰ ਦੂਰ ਤਾਂਈ ਰਿਸ਼ਤੇਦਾਰੀਆਂ ਵਿੱਚ ਵੀ ਘੁੰਮ ਆਇਆ ਸੀ ਉਹ।ਪਰ ਬਾਰੋ ਦੀ ਕਿਤੋਂ ਵੀ ਉਘ ਸੁਘ ਨੀ ਸੀ ਮਿਲੀ।ਬੱਚੇ ਤੋਂ ਲੈ ਕੇ ਬਜੁਰਗ ਤਾਂਈ ਹਰ ਇੱਕ ਦੀ ਜੁਬਾਨ ਤੇ ਇਕੋ ਈ ਗੱਲ ਘਰ ਕਰ ਗਈ ਸੀ ਕਿ ਸਾਧ ਈ ਬਾਰੋ ਨੂੰ…..।ਚੇਤੂ ਦੰਦ ਕਰੀਚਦਾ,ਹੱਥਾਂ ਦੇ ਘਸੁੰਨ ਬਣਾਂ ਬਣਾਂ ਮੱਥੇ ਤੇ ਮਾਰਦਾ ਹਾਰ ਹੰਭ ਕੇ ਘਰੇ ਬਹਿ ਗਿਆ।ਜਿਵੇਂ ਬਾਰੋ ਦੀ ਭਾਲ ਉਹਦੇ ਵੱਸੋਂ ਬਾਹਰ ਹੋ ਗਈ ਹੋਵੇ।

ਵੇਹੜੇ ਚ ਹੱਥਾਂ ਦੀਆਂ ਤਲੀਆਂ ਨਾਲ ਮੂੰਹ ਢੱਕ ਕੇ ਬੈਠੇ ਨੂੰ ਵੇਖ ਕੇ ਜੀਤ ਚੋਂਕੀਦਾਰ ਬੂਹਾ ਲੰਘ ਆਇਆ ਸੀ।
“ਕਿਉਂ ਬਈ ਚੇਤੂ….ਲੱਗਾ ਕੁਸ਼ ਪਤਾ ਕਿ ਨਈਂ ਅਜੇ..? ਤੈਨੂੰ ਕਿਹਾ ਸੀ ਨਾ ਬਈ ਤੇਰੀ ਜਨਾਨੀ ਸਾਧ ਦੇ ਭਲੇਸੇ ਚ ਆਈ ਫਿਰਦੀ ਐ।ਪਰ ਤੂੰ ਮੇਰੀ ਗੱਲ ਦੀ ਗੌਰ ਨੀ ਕੀਤੀ।ਬੇਕੂਫਾ…ਐਹੋ ਜੀਆਂ ਜਨਾਨੀਆਂ ਭੋਰੇ ਚ ਪਾ ਕੇ ਰੱਖਣ ਆਲੀਆਂ ਹੁੰਦੀਆਂ।ਪਰ ਤੈਨੂੰ ਤਾਂ ਜਿਵੇਂ ਮਾਂ ਨੇ ਜੰਮਿਆਂ ਈ ਵੱਟਾਂ ਗਾਹੁਣ ਨੂੰ ਐਂ।ਜਨਾਨੀ ਤਾਂ ਤੈਨੂੰ ਐਵੇਂ ਜੁੜਗੀ…ਨਈਂ ਤੂੰ ਐਹੋ ਜੇ ਲੈਕ ਨੀ ਸੀ।ਜੇਹੜੇ ਬੰਦੇ ਨੂੰ ਏਹ ਨੀ ਪਤਾ ਬਈ ਮੇਰੀ ਤੀਵੀਂ ਘਰੋਂ ਬਾਹਰ ਕੀ ਕੀ ਖੇਖਣ ਕਰਦੀ ਫਿਰਦੀ ਐ ਉਹ ਕੀ ਸਾਂਭ ਲੂ ਤੀਵੀਂ।ਅੱਖ ਵੇਖਣੀਂ ਪੈਂਦੀ ਐ ਤੀਵੀਂ ਦੀ ਬਈ ਉਹ ਕੀ ਚਹੁੰਦੀ ਐ।ਪਰ ਤੂੰ ਤਾਂ ਆਵਦੀਆਂ ਅੱਖਾਂ ਈ ਬੰਦ ਕਰੀ ਬੈਠਾ ਰਿਹਾ ਉਹਦੀ ਅੱਖ ਕੀ ਪਛਾਨਣੀਂ ਸੀ।ਹੁਣ ਕੁਸ਼ ਪਤਾ ਵੀ ਲੱਗਾ ਐ ਕਿ ਨਈਂ ਉਹਦਾ”।

ਚੇਤੂ ਨੀਵੀਂ ਪਾਈ ਜੀਤ ਚੌਂਕੀਦਾਰ ਦੀਆਂ ਗੱਲਾਂ ਸੁਣਦਾ ਪੈਰ ਦੇ ਅੰਗੂਠੇ ਨਾਲ ਮਿੱਟੀ ਖੁਰਚ ਰਿਹਾ ਸੀ।ਜਿਵੇਂ ਹੱਥ ਚੋਂ ਕਿਰ ਗਏ ਸਮੇਂ ਨੂੰ ਇਕੱਠਾ ਕਰਨ ਦੀ ਕੋਸ਼ਿਸ ਕਰ ਰਿਹਾ ਹੋਵੇ।ਜਦੋਂ ਉਹ ਬਾਰੋ ਨੂੰ ਵਿਆਹ ਕੇ ਲਿਆਇਆ ਸੀ ਇੱਕ ਵਾਰੀ ਤਾਂ ਜਿਵੇਂ ਵਕਤ ਈ ਠਹਿਰ ਗਿਆ ਸੀ।ਉਹਦੇ ਵਿਆਹੇ ਵਰ੍ਹੇ ਹਾਣੀਆਂ ਦੇ ਕਾਲਜੇ ਫੂਕੇ ਗਏ ਸਨ।ਕਿਉਂ ਕਿ ਉਹ ਟੀਸੀ ਆਲਾ ਬੇਰ ਤੋੜ ਲਿਆਇਆ ਸੀ।ਨਈਂ ਹੁਣ ਤਾਂਈ ਸਾਰੇ ਉਹਨੂੰ ਛੜਾ ਛੜਾ ਕਹਿ ਕੇ ਛੇੜਦੇ ਆਏ ਸਨ।ਪਰ ਜਦੋਂ ਹੂਰ ਵਰਗੀ ਬਾਰੋ ਨੂੰ ਵਿਆਹ ਕੇ ਚੇਤੂ ਨੇ ਵੇਹੜੇ ਚ ਪੈਰ ਪਾਇਆ ਤਾਂ ਜਿਵੇਂ ਸਭ ਦੇ ਦੰਦ ਜੁੜ ਗਏ ਹੋਣ।ਬਾਰੋ ਸੋਹਣੀਂ ਬਹੁਤ ਸੀ।ਬਿੱਲੀਆਂ ਅੱਖਾਂ,ਕਣਕ ਵੰਨਾਂ ਰੰਗ ਤੇ ਭਰਵਾਂ ਸਰੀਰ,ਵੇਹੜੇ ਚ ਫਿਰਦੀ ਉਹ ਕਿਸੇ ਹੂਰ ਵਰਗੀ ਲਗਦੀ।ਪਿੰਡ ਦੀ ਵਿਗੜੀ ਮੁਡੀਰ ਚੇਤੂ ਦੀ ਜਨਾਨੀ ਵੇਖਣ ਲਈ ਵਾਰ ਵਾਰ ਉਹਨਾਂ ਦੀ ਗਲੀ ਦੇ ਗੇੜੇ ਕੱਢਦੀ ਰਹਿੰਦੀ।ਕਈ ਮੁੰਡੇ ਮਜਾਕ ਨਾਲ ਚੇਤੂ ਨੂੰ ਛੇੜਦੇ “ਹਾਂ ਬਈ ਚੇਤੂ ਕਿਵੇਂ ਆਂ ਫਿਰ….ਖੇਡਦੀ ਆ ਕਾਟੋ ਫੁੱਲਾਂ ਤੇ ਕਿ ਨਈਂ”।

ਕਿਉਂ ਕਾਟੋ ਫੁੱਲਾਂ ਤੇ ਕਿਉਂ ਨਾ ਖੇਡੂ।ਕਾਟੋ ਵੀ ਆਪਣੀਂ ਤੇ ਫੁੱਲਾਂ ਦਾ ਬਗੀਚਾ ਵੀ ਆਪਣਾਂ ਜਿਵੇਂ ਮਰਜੀ ਖਡਾਈ ਜਾਈਏ…ਹੈ ਕਿ ਨਈਂ”।ਚੇਤੂ ਅੱਗੋਂ ਤੁਣਕਾ ਮਾਰਦਾ।

ਪਰ ਚੇਤੂ ਦੀ ਮਾਂ ਹਰ ਕੁਰ ਨੂੰ ਮੁੰਡਿਆਂ ਦਾ ਐਸ ਤਰ੍ਹਾਂ ਝਾਤੀਆਂ ਮਾਰ ਮਾਰ ਲ਼ੰਘਣਾਂ ਚੰਗਾ ਨੀ ਸੀ ਲਗਦਾ।ਉਹ ਚੇਤੂ ਨੂੰ ਸਮਝਾਂਉਦੀ “ਵੇ ਭਾਈ ਕਾਕਾ,ਨੂੰਹਾਂ ਧੀਆਂ ਵਾਲੇ ਘਰ ਸਦਾ ਢਕੇ ਈ ਚੰਗੇ ਲਗਦੇ ਐ।ਆਹ ਘਰ ਦੀਆਂ ਕੰਧਾਂ ਉਚੀਆਂ ਕਰਾ ਤੇ ਨਾਲੇ ਆਹ ਭੱਜੜ ਜਿਆ ਬੂਹਾ ਠੀਕ ਕਰਾ।ਪਹਿਲਾਂ ਗੱਲ ਹੋਰ ਸੀ ਹੁਣ ਹੋਰ ਆ।ਐਵੇਂ ਕੱਲ ਨੂੰ ਕਿਸੇ ਨਾਲ ਕਲੇਸ਼ ਕਰਾਂਗੇ”।

ਪਰ ਚੇਤੂ ਉਤੇ ਐਹੋ ਜੀਆਂ ਗੱਲਾਂ ਦਾ ਕੋਈ ਅਸਰ ਨੀ ਸੀ।ਉਹ ਤਾਂ ਨਵੀਂ ਆਈ ਬਾਰੋ ਦੇ ਚਾਅ ਚ ਈ ਫੁਲਿਆ ਫਿਰਦਾ ਸੀ।ਬਾਕੀ ਡੋਗਰ ਸਰਦਾਰ ਦਾ ਸਾਂਝੀ ਹੋਣ ਕਰਕੇ ਵੀ ਉਹ ਪਿੰਡ ਚ ਆਪਣੀਂ ਅਲੱਗ ਈ ਪੈਂਠ ਸਮਝਦਾ ਸੀ।ਡੋਗਰ ਸਰਦਾਰ ਦੀ ਜਮੀਨ ਵਾਹੁੰਦੇ ਨੂੰ ਉਹਨੂੰ ਪੂਰੇ ਅਠਾਰਾਂ ਸਾਲ ਹੋ ਗਏ ਸਨ।ਬਾਪ ਦੇ ਮਰਨ ਤੋਂ ਬਾਦ ਹੀ ਉਹਨੇ ਕਹੀ ਮੋਢੇ ਤੇ ਟਿਕਾ ਲਈ ਸੀ।ਫਰਕ ਸਿਰਫ ਅੇਨਾਂ ਸੀ ਕਿ ਉਹ ਜਿਸ ਜਮੀਨ ਤੇ ਹਲ ਵਾਹੁੰਦਾ ਰਿਹਾ ਉਹ ਡੋਗਰ ਸਰਦਾਰ ਦੇ ਨਾਂ ਬੋਲਦੀ ਸੀ।ਇਹਦੇਂ ਨਾਂ ਵਾਲੀ ਜਮੀਨ ਤਾਂ ਕਦੋਂ ਦੀ ਇਹਦਾ ਬਾਪੂ ਅਫੀਮ ਵਾਲੇ ਕਾਗਤ ਵਿੱਚ ਲਪੇਟ ਕੇ ਆੜ੍ਹਤੀਆਂ ਦੀ ਹੱਟੀ ਚ ਸੁੱਟ ਅਗਲੇ ਜਹਾਨ ਜਾ ਬੈਠਾ ਸੀ।ਇਸੇ ਵਜ੍ਹਾ ਕਰਕੇ ਚੇਤੂ ਕਈ ਸਾਲ ਇਕ ਤੋਂ ਦੋ ਨਹੀਂ ਸੀ ਹੋ ਸਕਿਆ।

ਪਹਿਲਾਂ ਤਾਂ ਸਰਦਾਰਾਂ ਦੇ ਖੇਤ ਗਿਆ ਉਹ ਚਾਰ ਚਾਰ ਦਿਨ ਘਰੇ ਨੀ ਮੁੜਦਾ।ਪਿਛੇ ਬੁੱਡੀ ਮਾਂ ਮੱਥੇ ਤੇ ਹੱਥਾਂ ਦੀ ਛਾਂ ਕਰ ਕਰ ਉਹਦਾ ਰਾਹ ਦੇਖਦੀ ਰਹਿੰਦੀ।ਪਰ ਬਾਰੋ ਦੇ ਆ ਜਾਣ ਬਾਦ ਉਹ ਮੂੰਹ ਹਨੇਰਾ ਹੁੰਦੇ ਸਾਰ ਈ ਘਰੇ ਪਰਤ ਆਂਉਦਾ।ਕਈ ਵਾਰੀ ਖੇਤ ਫਿਰਦੇ ਨੂੰ ਡੋਗਰ ਸਰਦਾਰ ਵੀ ਛੇੜ ਦਿੰਦਾ “ਕਿਉਂ ਬਈ ਚੇਤੂ ਕਿਵੇਂ ਆਂ….ਹੈ ਕੋਈ ਖੁਸ਼ਖਬਰੀ ਕਿ ਨਈਂ ਅਜੇ”।ਚੇਤੂ ਮੁਸਕੜੀਆਂ ਚ ਹੱਸਦਾ।

ਫੇਰ ਦੋ ਕੁ ਸਾਲ ਬਾਦ ਧੰਤੀ ਹੋ ਗਈ।ਨਿੱਕੀ ਜਿਹੀ ਧੰਤੀ ਜਦੋਂ ਗੋਭਲਾ ਜਿਹਾ ਹੱਥ ਕਰਕੇ ਉਹਨੂੰ ਭਾਪਾ ਕਹਿੰਦੀ ਤਾਂ ਉਹਦੇ ਜਿਵੇਂ ਕੁਤਕੁਤਾੜੀਆਂ ਜੇਹੀਆਂ ਨਿਕਲਦੀਆਂ।ਕਿਉਂ ਕਿ ਕਈ ਵਾਰ ਉਹ ਸਰਦਾਰਾਂ ਦੇ ਨਿਆਣਿਆਂ ਨੂੰ ਕੁਛੜ ਚੁੱਕ ਕੇ ਆਖਦਾ ਹੁੰਦਾ ਸੀ “ਉਏ ਮੈਨੂੰ ਭਾਪਾ ਕਹੋ….ਫੇ ਚੀਜੀ ਲ਼ੈ ਕੇ ਦੇਊਂ”। ਜਦੋਂ ਨਿਆਣਿਆਂ ਨੇ ਉਹਨੂੰ ਭਾਪਾ ਕਹਿਣਾਂ ਤਾਂ ਉਹਨੇ ਖੁਸ਼ ਹੋ ਜਾਣਾਂ।ਪਰ ਹੁਣ ਜਦੋਂ ਉਹਦੀ ਆਪਣੀਂ ਬੱਚੀ ਉਹਨੂੰ ਭਾਪਾ ਕਹਿੰਦੀ ਤਾਂ ਉਹ ਖੁਸ਼ੀ ਚ ਖੀਵਾ ਹੋ ਜਾਂਦਾ।ਇਕ ਬੜੀ ਹੀ ਸੁਖਾਵੀਂ ਜਿੰਦਗੀ ਝੀਲ ਵਗਦੇ ਪਾਣੀ ਦੀ ਕਲ ਕਲ ਵਾਂਗ ਸੁਰਮਈ ਹੋਈ ਆਪਣੀਂ ਜਾਚੇ ਤੁਰੀ ਜਾ ਰਹੀ ਸੀ।

ਫਿਰ ਅਚਾਨਕ ਘਰ ਚ ਕੁੜੱਤਣ ਜਿਹੀ ਵਧਣੀਂ ਸ਼ੁਰੂ ਹੋ ਗਈ ਜਿਵੇਂ ਸਾਰੇ ਟੱਬਰ ਨੇ ਅੱਕ ਚੱਬ ਲਏ ਹੋਣ।ਪਤਾ ਨੀ ਇਹ ਚੇਤੂ ਦੀ ਨਸ਼ੇ ਦੀ ਡੋਜ ਵਧਣ ਕਰਕੇ ਸੀ ਜਾਂ ਘਰ ਵੱਲੋਂ ਉਹਦਾ ਧਿਆਨ ਹਟਦਾ ਜਾ ਰਿਹਾ ਸੀ।ਦੋਹਾਂ ਜੀਆਂ ਵਿਚਕਾਰ ਦੂਰੀਆਂ ਵਧਣ ਲੱਗੀਆਂ ਸਨ।ਜੇ ਕਦੀ ਪਹਿਲ ਕਰਕੇ ਬਾਰੋ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹਦੇ ਘੁਰਾੜੇ ਉਚੀ ਹੋ ਜਾਂਦੇ।ਉਹਨੂੰ ਆਪਣੇ ਆਪ ਤੇ ਖਿਝ ਆਉਣ ਲਗਦੀ।ਹਰ ਸਮੇਂ ਉਹ ਮੂੰਹ ਚ ਕੁੜ ਕੁੜ ਕਰਦੀ ਰਹਿੰਦੀ।ਦੂਜੇ ਪਾਸੇ ਹਰ ਕੁਰ ਉਹਨੂੰ ਚੱਤੋ ਪਹਿਰ ਕਚੋਟਦੀ ਰਹਿੰਦੀ।ਉਹ ਪੋਤੀ ਤੋਂ ਬਾਦ ਪੋਤੇ ਦਾ ਮੂੰਹ ਵੇਖਣ ਨੂੰ ਕਾਹਲੀ ਸੀ।ਪਰ ਏਧਰ ਦੋਹਾਂ ਜੀਆਂ ਵਿਚਕਾਰ ਇਕ ਰੇਖਾ ਜਿਹੀ ਖਿੱਚੀ ਪਈ ਸੀ ਜੀਹਨੂੰ ਬਾਰੋ ਮਿਟਾਉਣ ਦੀ ਕੋਸ਼ਿਸ ਕਰਦੀ ਪਰ ਉਹ ਹੋਰ ਗਹਿਰੀ ਹੁੰਦੀ ਚਲੀ ਗਈ।ਹੁਣ ਉਹਦਾ ਮਨ ਅਸ਼ਾਂਤ ਰਹਿਣ ਲੱਗਾ ਸੀ।

ਉਹ ਗੁਰਦੁਆਰਾ ਸਾਬ ਜਾਣ ਲੱਗੀ।ਸਵੇਰੇ ਪਾਠੀ ਬੋਲਦੇ ਸਾਰ ਹੀ ਉਹ ਇਸ਼ਨਾਨ ਕਰਕੇ ਗੁਰਦੁਆਰਾ ਸਾਬ ਚਲੀ ਜਾਂਦੀ।ਝਾੜੂ ਪੋਚਾ ਕਰਕੇ ਅਮ੍ਰਿਤ ਵੇਲੇ ਦੇ ਭੋਗ ਤੋਂ ਬਾਦ ਈ ਘਰੇ ਆਂਉਦੀ।ਫੇਰ ਮਹੀਨੇ ਡੇਢ ਮਹੀਨੇ ਬਾਦ ਉਹਦਾ ਮਨ ਉਧਰੋਂ ਵੀ ਉਕਤਾ ਜਿਹਾ ਗਿਆ।ਤੇ ਉਹ ਆਂਢਣਾਂ ਗੁਆਂਢਣਾਂ ਦੇ ਕਹਿਣ ਤੇ ਪਿੰਡੋਂ ਬਾਹਰ ਬਣੀਂ ਸ਼ਹੀਦਾਂ ਦੀ ਸਮਾਧ ਤੇ ਜਾਣ ਲੱਗੀ।ਪਹਿਲਾਂ ਤਾਂ ਉਹ ਕਿਸੇ ਨਾ ਕਿਸੇ ਨੂੰ ਨਾਲ ਕੇ ਜਾਂਦੀ ਸੀ।ਪਰ ਹੁਣ ਵਿਚੋਂ ਧੰਤੀ ਨੂੰ ਸੱਸ ਕੋਲੇ ਛੱਡ ਕੱਲੀ ਹੀ ਤੁਰ ਜਾਂਦੀ।

ਹਰ ਕੁਰ ਨੂੰ ਉਹਦਾ ਐਸ ਤਰਾਂ ਪਿੰਡ ਲੰਘ ਕੇ ਜਾਣਾਂ ਚੰਗਾ ਨੀ ਸੀ ਲਗਦਾ।ਉਹ ਕਈ ਵਾਰੀ ਬਾਰੋ ਨਾਲ ਲੜ ਪੈਂਦੀ “ਕੁੜੇ ਤੂੰ ਕੋਈ ਅਲੋਕਾਰ ਏਸ ਪਿੰਡ ਚ ਆਈ ਐਂ…ਹੋਰਨਾਂ ਘਰਾਂ ਦੀਆਂ ਵੀ ਤਾਂ ਨੂੰਹਾਂ ਨੇ ਜੇਹੜੀਆਂ ਘਰੋਂ ਬਾਹਰ ਪੇਰ ਨੀ ਕੱਢਦੀਆਂ।ਤੇ ਤੂੰ ਕਿਵੇਂ ਪਿੰਡ ਚ ਹੇਲੀਆਂ ਦਿੰਦੀ ਫਿਰਦੀ ਐਂ।ਕੋਈ ਸ਼ਰਮ ਹਯਾ ਹੈ ਕਿ ਨਈਂ ਤੈਨੂੰ”।

“ਜੇਹੜੀਆਂ ਘਰੋਂ ਬਾਹਰ ਪੈਰ ਨੀ ਕੱਢਦੀਆਂ ਉਹ ਆਵਦੇ ਘਰੀਂ ਰੱਜੀਆਂ ਪੁੱਜੀਆਂ ਨੇ।ਤਿੰਨ ਤਿੰਨ ਨਿਆਣੇਂ ਹੋਗੇ ਸਭ ਦੇ..ਤੇ ਮੈਂ..?ਜਨਾਨੀਆਂ ਨੂੰ ਸਿਰਫ ਰੋਟੀ ਦੀ ਹੀ ਭੁੱਖ ਨੀ ਲੱਗਦੀ….ਹੋਰ ਵੀ ਬਥੇਰਾ ਕੁਸ਼ ਹੁੰਦੈ….।ਹੈਨੀ ਹੁਣ ਉਹਦੇ ਚ ਕੁਸ਼….ਚੱਲੀ ਹੋਈ ਗੋਲੀ ਦਾ ਖੋਲ ਐ।ਸਾਰਾ ਦਿਨ ਵੱਟਾਂ ਖੱਸੀ ਕਰਦਾ ਰਹਿੰਦਾ ਤੇ ਰਾਤੀਂ ਸੁਲਫਾ ਪੀ ਕੇ ਮੇਰੇ ਸਰ੍ਹਾਣੇਂ ਪਿਆ ਘੁਰਾੜੇ ਮਾਰਦਾ ਰਹਿੰਦਾ।ਪਤੈ ਉਹਨੂੰ ਪਿਆ ਵੇਖ ਕੇ ਮੇਰੇ ਅੰਦਰ ਕੀ ਕੁਸ਼ ਰਿਝਦੈ…ਤੇ ਓਹ।ਬੰਦਾ ਮਰਜੇ ਤਾਂ ਤੀਵੀਂ ਸਬਰ ਕਰ ਲਵੇ ਪਰ ਜੇਹੜਾ ਜਿਉਂਦਾ ਈ ਮਰਿਆਂ ਵਰਗਾ ਹੋਵੇ ਉਹਦਾ ਕੋਈ ਕੀ ਕਰੇ।ਮੇਰੇ ਨਾ ਤਾਂ ਸਭ ਨੇ ਵੈਰ ਕਮਾਲੇ ਤੇ ਰਹਿੰਦੀ ਖੂੰਹਦੀ ਕਸਰ ਏਹਨੇ ਕੱਢਤੀ।ਮੈਂ ਤਾਂ ਕਹਿੰਨੀ ਆਂ ਮਰਜੇ ਮੇਰੀ ਮਾਮੀ ਚਵਲ ਜੀਹਨੇ ਆਵਦਾ ਨਕਵਾ ਸਾਂਭਦੀ ਨੇ ਮੈਨੂੰ ਏਸ ਤਾੜੀ ਮਾਰ ਨਾਲ ਤੋਰਤਾ।ਨਈਂ ਜੇ ਮਾਪੇ ਜਿਉਂਦੇ ਹੁੰਦੇ ਕਦੀ ਐਸ ਤਰਾਂ ਨਾ ਕਰਦੇ।ਨਾਨਕਿਆਂ ਨੇ ਆਵਦਾ ਭਾਂਰ ਲਾਹ ਲਿਆ ਤੇ ਮੇਰੇ ਮੋਢਿਆਂ ਤੇ ਇਸ ਬੁੱਢੇ ਘੋੜੇ ਦਾ ਭਾਰ ਢੋਹਣ ਨੂੰ ਏਥੇ ਛੱਡਤਾ।ਪਤਾ ਨੀ ਕੇਹੜੇ ਪਾਪਾਂ ਦੀ ਸਜਾ ਦੇਤੀ ਰੱਬ ਨੇ।ਏਸੇ ਵਜ੍ਹਾ ਕਰਕੇ ਜਾਨੀਂ ਆਂ ਸਮਾਧ ਤੇ…ਕੀ ਪਤਾ ਉਥੋਂ ਈ ਮਨ ਨੂੰ ਸ਼ਾਂਤੀ ਮਿਲਜੇ।ਘਰੇ ਬੈਠੀ ਤੂੰ ਕੁੜ ਕੁੜ ਕਰਦੀ ਰਹਿੰਨੀ ਏਂ।ਜੀਣਾਂ ਦੁਬਰ ਕੀਤਾ ਪਿਐ ਦੋਹਾਂ ਮਾਂ ਪੁੱਤਾਂ ਨੇ”।

“ਨੀ ਹਾਅ ਤੂੰ ਕੀ ਗੱਲਾਂ ਕਰਦੀ ਐਂ।ਜੇ ਮੇਰਾ ਪੁੱਤ ਚੱਲੀ ਹੋਈ ਗੋਲੀ ਦਾ ਖੋਲ ਐ ਤਾਂ ਆਹ ਕੁੜੀ ਤੂੰ ਪੇਕਿਆਂ ਤੋਂ ਲੈ ਕੇ ਆਈ ਸੀ।ਇਹ ਕਿਥੋਂ ਆਗੀ।ਕਿਵੇਂ ਬੰਦੇ ਨੂੰ ਵੰਗਾਰਦੀ ਐ ਚਵਲ ਕਿਸੇ ਥਾਂ ਦੀ”।

“ਹੂੰ ਜੇ ਸੌ ਤੀਰ ਛੱਡਿਆਂ ਇਕ ਅੱਧਾ ਟਿਕਾਣੇਂ ਤੇ ਲੱਗਜੇ ਤਾਂ ਇਹਦੇ ਨਾਲ ਕੋਈ ਅਰਜਣ ਨੀ ਬਣ ਜਾਂਦਾ ਹੁੰਦਾ ਮਾਈ।ਇਹੀ ਗੱਲ ਤੂੰ ਆਵਦੇ ਮੁੰਡੇ ਤੋਂ ਕਿਉਂ ਨੀ ਪੁਛਦੀ ਫੇ ਤੇਰੇ ਅਰਗੀਆਂ ਨੂੰਹਾਂ ਦੇ ਕਸੂਰ ਕੱਢਦੀਆਂ ਹੁੰਦੀਆਂ”।ਬਾਰੋ ਢਾਕਾਂ ਤੇ ਹੱਥ ਧਰੀ ਹਰ ਕੁਰ ਤੇ ਖਿਝ ਰਹੀ ਸੀ ਤੇ ਉਹ ਬੁੜ ਬੁੜ ਕਰਦੀ ਸਭਾਤ ਚ ਜਾ ਵੜੀ।

ਸ਼ਾਮੀਂ ਜਦ ਚੇਤੂ ਘਰੁ ਆਇਆ ਤਾਂ ਹਰ ਕੁਰ ਉਹਨੂੰ ਕੁੱਦ ਕੇ ਪੈ ਗਈ।“ਵੇ ਤੂੰ ਕੀ ਧੂੜਿਐ ਏਹਦੇ ਸਿਰ ਚ….ਇਹ ਐਨਾ ਬੋਲਣਾਂ ਕਿਥੋਂ ਸਿਖਗੀ।ਤੇਰੀਆਂ ਕਮੀਆਂ ਨੇ ਈ ਏਹਨੂੰ ਸਿਰੇ ਚੜ੍ਹਾ ਦਿੱਤਾ ਮੇਰੇ।ਅਸੀਂ ਤਾਂ ਆਵਦੀਆਂ ਸੱਸਾਂ ਮੂਹਰੇ ਕਦੇ ਬੋਲੀਆਂ ਨੀ ਤੇ ਇਹਨੂੰ ਕੀ ਜਿੰਨ ਚੁੰਬੜ ਗਿਆ ਹੁਣ”।
“ਬੇਬੇ ਕਾਹਨੂੰ ਐਵੇਂ ਖਫਾ ਹੋਈ ਜਾਨੀ, ਐਂ ਗੱਲ ਤਾਂ ਦੱਸ”।

“ਗੱਲ ਕੀ ਹੋਣੀਂ ਐਂ,ਇਹ ਪਿੰਡ ਲੰਘ ਲੰਘ ਜਾਂਦੀ ਐ ਸ਼ਹੀਦਾਂ ਦੀ ਸਮਾਧ ਤੇ।ਜਦੋਂ ਗੁਰਦੁਆਰੇ ਜਾਂਦੀ ਸੀ ਉਦੋਂ ਗੱਲ ਹੋਰ ਸੀ।ਹੁਣ ਮੈਂ ਨੀ ਜਾਣ ਦੇਣੀਂ ਏਹ ਐਸ ਤਰਾਂ ਘਰੋਂ ਬਾਹਰ।ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਐ…ਤੂੰ ਏਹਨੂੰ ਸਮਝਾ ਕੁਸ਼।ਨੱਥ ਪਾ ਏਹਦੇ ਮੁੰਜ ਦੇ ਰੱਸੇ ਦੀ ਏਹਨੂੰ ਪਤਾ ਲੱਗੇ ਵੱਡੇ ਛੋਟੇ ਦੀ ਇੱਜਤ ਦਾ।ਇਹ ਬੋਲਦੀ ਬਹੁਤ ਆ ਹੁਣ”।
ਚੇਤੂ ਬਾਰੋ ਦੇ ਗਲ ਪੈ ਗਿਆ।“ਭੈਂ ਚੋ ਕੁੱਤੀਏ ਤੈਨੂੰ ਪਤਾ ਨੀ ਲਗਦਾ ਬੇਬੇ ਕੀ ਕਹਿੰਦੀ ਐ।ਨਾ ਜਾਇਆ ਕਰ…ਜਰੂਰ ਘਰ ਚ ਕਲੇਸ਼ ਦਾ ਝਾੜੂ ਖੜ੍ਹਾ ਰੱਖਣਾਂ”।

“ਵੇ ਬੰਦਿਆ ਤੈਨੂੰ ਤਾਂ ਸੁਣਦੀ ਨੀ ਮੇਰੇ ਮਨ ਦੀ ਵਾਜ।ਕੀ ਪਤਾ ਰੱਬ ਈ ਸੁਣ ਲਵੇ ਏਸੇ ਕਰਕੇ ਜਾਨੀ ਆਂ।ਤੇ ਨਾਲੇ ਹੋਰ ਸੁਣ ਲੈ…ਮੈਂ ਉਹਨਾਂ ਚੋਂ ਨਈਂ ਆਂ ਜੇਹੜੀਆਂ ਆਵਦੇ ਬੰਦਿਆਂ ਦੀਆਂ ਕਮਜੋਰੀਆਂ ਆਪਣੇਂ ਸਿਰ ਲਈ ਸਾਰੀ ਉਮਰ ਝੂਰਦੀਆਂ ਰਹਿੰਦੀਆਂ। ਮੈਂ ਤਾਂ ਤੇਰੀ……”।

“ਭੈਂ ਚੋ ਕਿਵੇਂ ਭੌਕਦੀ ਐ”। ਚੇਤੂ ਝਂੇਪ ਗਿਆ ਤੇ ਹਰ ਕੁਰ ਕੋਲ ਅੰਦਰ ਜਾ ਬੈਠਾ।
ਹੁਣ ਹਰ ਰੋਜ ਘਰ ਚ ਕਾਟੋ ਕਲੇਸ਼ ਰਹਿਣ ਲੱਗਾ ਸੀ।ਚੇਤੂ ਇਕ ਗੱਲ ਬੋਲਦਾ ਬਾਰੋ ਅੱਗੋਂ ਸੌ ਤਰਾਂ ਦੀਆਂ ਗੱਲਾਂ ਸੁਣਾਂ ਉਹਦੀ ਜੀਭ ਠਾਕ ਦਿੰਦੀ।ਚੇਤੂ ਦੇ ਮੂਹੋਂ ਨਿਕਲਦੇ ਉਚੀ ਉਚੀ ਦਬਕੇ ਅਖੀਰ ਬੁੱਲਾਂ ਦੀ ਬੁੜ ਬੁੜ ਬਣਕੇ ਰਹਿ ਗਏ ਸਨ।ਬਾਰੋ ਜਦੋਂ ਵੀ ਉਚੀ ਬੋਲਦੀ ਆਂਢ ਗੁਆਂਢ ਕੰਧਾਂ ਉਤੋਂ ਦੀ ਵੇਖਣ ਲਗਦਾ।ਤੇ ਚੇਤੂ ਉਸੇ ਵੇਲੇ ਘਰੋਂ ਬਾਹਰ ਨਿਕਲ ਜਾਂਦਾ।

2
ਕਾਲੀ ਭੂਰੀ ਆਲਾ ਸਾਧ ਸ਼ਹੀਦਾਂ ਦੀ ਸਮਾਧ ਤੇ ਆ ਬੈਠਾ ਸੀ।ਭਰਮਾਂ ਜੁਸਾ ਤੇੜ ਕੁੜਤਾ ਚਾਦਰਾ ਖੁਲ੍ਹੀ ਦਾਹੜੀ ਤੇ ਵਾਲ ਪਿਛਾਂਹ ਨੂੰ ਸੁਟੇ ਹੋਏ।ਉਹ ਦਰਵੇਸ਼ ਘੱਟ ਤੇ ਪਹਿਲਵਾਨ ਜਿਆਦਾ ਜਾਪਦਾ।ਪਰ ਸੁਲਫਾ ਪੀ ਕੇ ਚੜ੍ਹੀਆਂ ਅੱਖਾਂ ਕਿਸੇ ਇਲਾਹੀ ਨੂਰ ਦੀ ਬਾਤ ਜਰੂਰ ਪਾਂਉਦੀਆਂ।ਬੈਰਗਣ ਤੇ ਟਿਕਾਈ ਹੋਈ ਸੱਜੀ ਬਾਂਹ ਦੀ ਕੂਹਣੀਂ ਤੇ ਗੋਡੇ ਕੋਲ ਪਿਆ ਹੋਇਆ ਕਮੰਡਲ ਉਹਦੇ ਸੰਪੂਰਨ ਸਤਯੋਗੀ ਹੋਣ ਦੀ ਗਵਾਹੀ ਭਰਦੇ।ਬਾਰੋ ਜਦੋਂ ਸਮਾਧ ਤੇ ਜਾਂਦੀ ਤਾਂ ਥੋੜ੍ਹੀ ਦੇਰ ਰੁਕ ਕੇ ਬਾਬਾ ਜੀ ਦੇ ਬਚਨ ਜਰੂਰ ਸੁਣਦੀ।ਗੱਲਾਂ ਗੱਲਾਂ ਵਿੱਚ ਈ ਉਹਨੇਂ ਚੇਤੂ ਦੀ ਕਮਜੋਰੀ ਅਤੇ ਆਪਣੇਂ ਮਨ ਦੀ ਗੰਢ ਸਾਧ ਮੂਹਰੇ ਖੋਲ੍ਹ ਦਿੱਤੀ।ਸਾਧ ਵੀ ਉਹਦੀ ਕਮਜੋਰੀ ਭਾਂਪ ਗਿਆ ਸੀ।ਹੌਲੀ ਹੌਲੀ ਸਾਧ ਦੇ ਕਦਮ ਝੁੱਗੀ ਤੋਂ ਬਾਹਰ ਹੁੰਦੇ ਚੇਤੂ ਦੀ ਦਹਿਲੀਜ ਤੇ ਆ ਪਹੁੰਚੇ ਸਨ।ਜਦੋਂ ਵੀ ਉਹ ਪਿੰਡ ਆਂਉਦਾ ਅੰਦਰਲੀ ਬੀਹੀ ਥਾਂਣੀ ਚੇਤੂ ਦੇ ਝੀਥਾਂ ਵਾਲੇ ਬੂਹੇ ਨੂੰ ਨਿਹਾਰਦਾ ਜੇ ਚੇਤੂ ਘਰੇ ਨਾ ਹੁੰਦਾ ਤਾਂ ‘ਅਲਖ ਨਿਰੰਜਨ’ ਕਹਿੰਦਾ ਅੰਦਰ ਆ ਬਹਿੰਦਾ।ਸਾਧ ਨੂੰ ਘਰੇ ਆਇਆਂ ਵੇਖ ਕੇ ਬਾਰੋ ਵੀ ਧਰਤੀ ਤੋਂ ਗਿੱਠ ਗਿੱਠ ਉਚਾ ਤੁਰਨ ਲਗਦੀ।ਹਰ ਕੁਰ ਸਭਾਂਤ ਚ ਬੈਠੀ ਕੁੜਦੀ ਰਹਿੰਦੀ।

ਓਸ ਦਿਨ ਧਰਤੀ ਤੇ ਪੁੱਠਾ ਚਿਮਟਾ ਮਾਰ ਕੇ ਸਾਧ ਨੇ ਅੱਖਾਂ ਚੜ੍ਹਾ ਲਈਆਂ ਸਨ।ਤੇ ਮੂੰਹ ਵਿੱਚ ਈ ਕੋਈ ਮੰਤਰ ਪੜ੍ਹ ਕੇ ਹਵਾ ਚੋਂ ਮੁੱਠ ਭਰ ਲਈ ਸੀ ਤੇ ਕਚੀਚੀ ਜੇਹੀ ਵੱਟ ਕੇ ਕਿਹਾ ਸੀ।ਇਸ ਘਰ ਮੇਂ ਆਪਕੇ ਕਿਸੀ ਮਰੇ ਹੂਏ ਜੀਅ ਕਾ ਸਾਇਆ ਮੰਡਰਾ ਰਹਾ ਹੈ ਜਿਸਕੀ ਅਭੀ ਗਤੀ ਨਹੀਂ ਹੁਈ ਹੈ।ਵੋਹੀ ਇਸ ਘਰ ਮੇਂ ਕਲੇਸ਼ ਪੈਦਾ ਕਰ ਰਹਾ ਹੈ।ਔਰ ਆਪਕੇ ਪਤੀ ਨੇ ਕਿਸੀ ਫਕੀਰ ਕੀ ਜਗ੍ਹਾ ਪਰ ਪੇਸ਼ਾਬ ਕਿਆ ਹੈ।ਜਿਸਕੀ ਵਜ੍ਹਾ ਸੇ ਆਪਕੇ ਘਰ ਮੇਂ ਸੰਤਾਨ ਪੈਦਾ ਨਹੀਂ ਹੋ ਰਹੀ ਔਰ ਆਪਕੇ ਪਤੀ ਨਸ਼ੇ ਮੇਂ ਧਸੇ ਜਾ ਰਹੇ ਹੈਂ। ਇਨ ਸਭ ਚੀਜੋਂ ਕੀ ਸ਼ਾਂਤੀ ਕੇ ਲੀਏ ਕੁਸ਼ ਉਪਾਅ ਕਰਨੇ ਹੋਂਗੇ।ਤਬ ਜਾ ਕੇ ਸਬ ਕੁਸ਼ ਠੀਕ ਹੋਗਾ।ਇਸ ਲੀਏ ਆਪਕੋ ਹਰ ਰੋਜ ਬਿਨਾਂ ਨਾਗਾ ਹਮਾਰੀ ਕੁਟੀਆ ਮੇਂ ਆਕਰ ਚੌਂਕੀ ਭਰਨੀ ਹੋਗੀ।ਫਿਰ ਦੀਨ ਦਿਆਲ ਜੀ ਸਭ ਠੀਕ ਕਰੇਂਗੇ।ਔਰ ਜਲਦੀ ਹੀ ਕਿਰਪਾ ਹੋਗੀ।ਅਲਖ….ਨਰੰਜਨ”।

“ਸੱਤ ਬਚਨ ਬਾਬਾ ਜੀ….ਜਿਵੇਂ ਤੁਸੀ ਕਹੋਂ”।ਬਾਰੋ ਗੋਡਿਆਂ ਭਾਰ ਸਾਧ ਮੂਹਰੇ ਬੈਠੀ ਸੀ ਤੇ ਹਰ ਕੁਰ ਦੇ ਵੀ ਸਹਿਮ ਨਾਲ ਹੱਥ ਜੁੜ ਗਏ ਸਨ। ਚੇਤੂ ਦਾ ਬਾਰੋ ਵੱਲੋਂ ਮਨ ਮੁੜ ਗਿਆ ਸੀ ਜਾਂ ਸ਼ਾਇਦ ਉਹ ਚੇਤੂ ਤੇ ਹਾਵੀ ਹੋ ਗਈ ਸੀ।ਜਿਸ ਕਰਕੇ ਹੁਣ ਉਹ ਘਰ ਚ ਟੋਕਾ ਟਾਕੀ ਨਹੀਂ ਸੀ ਕਰਦਾ।ਤੇ ਬਾਰੋ ਵੀ ਬਿਨਾਂ ਪ੍ਰਵਾਹ ਕੀਤਿਆਂ ਆਥਣ ਸਵੇਰ ਸਾਧ ਦੀ ਕੁਟੀਆ ਵੱਲ ਤੁਰੀ ਰਹਿੰਦੀ।ਇੱਕ ਦਿਨ ਜੀਤ ਚੌਂਕੀਦਾਰ ਹਰਨਾਮ ਕੇ ਖੇਤ ਗਿਆ ਸਾਧ ਦੀ ਕੁਟੀਆ ਵੱਲ ਦੀ ਹੋ ਤੁਰਿਆ।ਉਹਨੇ ਸਾਧ ਦੀ ਝੁੱਗੀ ਚ ਬਾਰੋ ਤੇ ਸਾਧ ਨੂੰ ਕੱਠੇ ਪਿਆਂ ਵੇਖ ਲਿਆ।ਪਹਿਲਾਂ ਤਾਂ ਉਹਨੇ ਸੋਚਿਆ ਬਈ ਕੋਈ ਹੋਰ ਹੋਣੈਂ।ਪਰ ਜਦੋਂ ਗੌਰ ਨਾਲ ਵੇਖਿਆ ਤਾਂ ਉਹਦੇ ਹੋਸ਼ ਉਡ ਗਏ।“ਹੈਂਅ …..ਸਾਲਾ ਭਗਵੇਂ ਚੋਲੇ ਹੇਠ ਵੀ……”।ਉਹ ਦਬਵੇਂ ਪੈਰੀਂ ਵਾਪਸ ਮੁਵ ਆਇਆ।

ਰਾਤੀਂ ਉਹਨੇ ਚੇਤੂ ਨੂੰ ਗੱਲਾਂ ਗੱਲਾਂ ਵਿੱਚ ਈ ਸਮਝਾਂਉਦਿਆਂ ਕਿਹਾ “ਬਈ ਚੇਤੂਆ ਤੇਰੇ ਘਰ ਦੀ ਕੰਧ ਹੁਣ ਬਾਹਰ ਨੂੰ ਉਲਰਦੀ ਜਾ ਰਹੀ ਐ।ਜੇ ਏਹਦਾ ਬੰਨ੍ਹ ਸੁਬ ਨਾ ਕੀਤਾ ਤਾਂ ਸਾਧ ਨੇ ਆਵਦੇ ਵੱਲ ਕਰ ਲੈਣੀਂ ਐਂ।ਆਵਦਾ ਸੰਭਾਲਾ ਕਰ ਲਾ ਫੇਰ ਵੇਖਦਾ ਫਿਰੇਂਗਾ”।

ਚੌਕੀਦਾਰ ਦੀ ਗੱਲ ਸੁਣ ਕੇ ਚੇਤੂ ਨੂੰ ਗੁੱਸਾ ਆ ਗਿਆ।ਉਹਦਾ ਚੇਹਰਾ ਲਾਲ ਹੋ ਗਿਆ।ਉਸ ਸੋਚਿਆ ਬਾਰੋ ਦੇ ਟੋਟੇ ਟੋਟੇ ਕਰਕੇ ਕਿਤੇ ਦੂਰ ਦੱਬ ਆਵੇ।ਪਰ ਫੇਰ ਉਹਦੇ ਜਾਬਰ ਸੁਬਾੳੇ ਤੇ ਉਚੀ ਉਚੀ ਬੋਲ ਕੇ ਲੋਕਾਂ ਨੂੰ ਸੁਣਾਉਣ ਵਾਲੀ ਉਹਦੀ ਆਦਤ ਨੂੰ ਤਾੜ ਕੇ ਉਹ ਚੁੱਪ ਈ ਵੱਟ ਗਿਆ।ਪਰ ਹਰ ਕੁਰ ਨੂੰ ਏਹ ਬੇਜਤੀ ਹਜਮ ਨੀ ਸੀ ਹੋਈ।ਉਹ ਬਾਰੋ ਦੇ ਮੂਹਰੇ ਕੰਧ ਬਣ ਕੇ ਖੜ੍ਹੀ ਹੋ ਗਈ ਸੀ।“ਮੈਂ ਵੇਖਦੀ ਆਂ ਕਿਵੇਂ ਇਹ ਸਾਧ ਦੀ ਕੁਟੀਆ ਵੱਲ ਜਾਂਦੀ ਐ।ਜਾਂ ਉਹ ਕੰਜਰ ਕਿਵੇਂ ਮੇਰੇ ਘਰ ਦੀ ਸਰਦਲ ਤੇ ਪੈਰ ਧਰਦੈ ਹੁਣ।ਕੀ ਕੰਜਰਖਾਨਾਂ ਬਣਾਇਐ ਏਹਨਾਂ ਨੇ।ਮੈਂ ਸੋਚਦੀ ਰਹੀ ਚਲੋ ਸਾਧੂ ਮਹਾਤਮਾਂ ਦੇ ਲੜ ਲੱਗੀ ਐ ਕੋਈ ਚੰਗੀ ਮੱਤ ਸਿੱਖੂ।ਪਰ ਏਸ ਬਾਰਾਂ ਤਾਲੀ ਨੇ ਤਾਂ ਸਾਧ ਵੀ ਵੱਸ ਚ ਕਰ ਲਿਆ।ਮੇਰਾ ਚੇਤੂ ਏਹੋ ਜੀ ਦੇ ਕੀ ਪਾਣੀਂ ਹਾਰ ਐ”।ਹਰ ਕੁਰ ਬੋਲਦੀ ਬੋਲਦੀ ਹਫ ਗਈ ਸੀ।

ਅਖੀਰ ਚੌਂਕੀਦਾਰ ਦੀ ਕਹੀ ਨੇ ਹੱਥਾਂ ਤੇ ਸਰੋਂ ਜਮਾਂ ਦਿਤੀ ਸੀ।ਬਾਰੋ ਸਾਧ ਵੱਲ ਝੁਕਦੀ ਝੁਕਦੀ ਤਿੰਨ ਚਾਰ ਦਿਨਾਂ ਚ ਈ ਘਰ ਦੇ ਜੀਆਂ ਚੋਂ ਮਨਫੀ ਹੋ ਗਈ ਸੀ।ਚੇਤੂ ਆਪਣੇ ਮੱਥੇ ਤੇ ਹੱਥ ਰੱਖ ਆਪਣੇ ਆਪ ਨੂੰ ਕੋਸਣ ਤੋਂ ਸਿਵਾ ਹੋਰ ਕੁਸ਼ ਨੀ ਸੀ ਕਰ ਸਕਿਆ।ਦਿਨ ਦਿਹਾੜੇ ਹੋਈ ਲੁਟ ਨੇ ਉਹਨੂੰ ਅੰਦਰੋਂ ਤਿੜਕਾ ਕੇ ਰੱਖ ਦਿਤਾ ਸੀ।ਲੋਕ ਉਹਦੇ ਵੱਲ ਵੇਖ ਕੇ ਕੱਛਾਂ ਵਿਚਦੀ ਹੱਸਣ ਲੱਗੇ ਸਨ।ਬਲੈਕੀਆਂ ਦਾ ਤਾਰੀ ਉਹਨੂੰ ਆਂਉਦਾ ਵੇਖ ਕੇ ਇੱਕ ਦਿਨ ਕਹਿੰਦਾ “ਬਈ ਵਡੇਰੀ ਉਮਰ ਚ ਵਿਆਹ ਕਰਾਉਣਾਂ ਤਾਂ ਸਾਲਾ ਪੰਚੈਤੀ ਨਲਕਾ ਘਰੇ ਲਵਾਉਣ ਬਰਾਬਰ ਐ।ਪਤਾ ਈ ਨੀ ਲਗਦਾ ਕੌਣ ਕਦੋਂ ਪਾਣੀ ਪੀ ਗਿਆ”।ਤੇ ਪਿਛੇ ਬੈਠੀ ਮੁਡ੍ਹੀਰ ਨੇ ਤਾੜੀ ਚੱਕਤੀ ਸੀ।ਐਹੋ ਜੀਆਂ ਗੱਲਾਂ ਸੁਣ ਸੁਣ ਉਹਦਾ ਚਿਤ ਮਰਨ ਨੂੰ ਕਰਦਾ।ਪਿੰਡ ਚ ਕਿਸੇ ਦੇ ਮੱਥੇ ਲੱਗਣ ਜੋਗਾ ਨੀ ਸੀ ਰਿਹਾ ਉਹ।ਹਰ ਬੰਦੇ ਨੂੰ ਆਪਣੇਂ ਵੱਲ ਆਂਉਦਾ ਵੇਖ ਕੇ ਉਹ ਰਾਹ ਕੱਟ ਜਾਂਦਾ।ਬਾਰੋ ਬਾਰੇ ਪੁਛਣ ਵਾਲਾ ਹਰ ਬੰਦਾ ਹੁਣ ਉਹਨੂੰ ਦੁਸ਼ਮਣ ਵਰਗਾ ਲਗਦਾ ਸੀ।ਫੇਰ ਥੋੜੀ ਦੇਰ ਬਾਦ ਸਭ ਆਮ ਵਾਂਗ ਹੋ ਗਿਆ ਜਿਵੇਂ ਕੁਸ਼ ਹੋਇਆ ਨਾ ਹੋਵੇ।ਮਰੇ ਹੋਏ ਬੰਦੇ ਵਾਂਗ ਸਭ ਬਾਰੋ ਨੂੰ ਵੀ ਭੁਲ ਭੁਲਾ ਗਏ ਸਨ।

3
ਸਮਾਂ ਜਿਵੇਂ ਜਿਵੇਂ ਬੀਤਦਾ ਗਿਆ ਹਰ ਜਖਮ ਭਰਦਾ ਚਲਾ ਗਿਆ।ਬਾਰੋ ਵੀ ਚੇਤੂ ਦੇ ਜਿਹਨ ਚੋਂ ਹੌਲੀ ਹੌਲੀ ਧੁੰਦਲੀ ਹੋ ਕੇ ਲਗਭਗ ਮਿਟ ਚੁਕੀ ਸੀ।ਪਰ ਹੁਣ ਉਸਦੇ ਨਕਸ਼ ਧੰਤੀ ਵਿਚੋਂ ਉਭਰਨੇ ਸ਼ੁਰੂ ਹੋ ਗਏ ਸਨ।ਧੰਤੀ ਦੇ ਚੇਹਰੇ ਵੱਲ ਵੇਖ ਕੇ ਉਹ ਵਾਰ ਵਾਰ ਉਖੜ ਜਾਂਦਾ ਉਹਦੀ ਸੁਰਤੀ ਫਿਰ ਬਾਰੋ ਦੁਆਲੇ ਮੰਡਰਾਉਣ ਲੱਗੀ ਸੀ।ਕਿਉਂ ਕਿ ਧੰਤੀ ਇੰਨ ਬਿੰਨ ਆਪਣੀਂ ਮਾਂ ਵਰਗੀ ਸੀ।ਜਵਾਨ ਹੁੰਦੀ ਧੀ ਨੂੰ ਵੇਖ ਕੇ ਉਹਦੇ ਮੱਥੇ ਦੀਆਂ ਲਕੀਰਾਂ ਹੋਰ ਡੂੰਘੀਆਂ ਹੋ ਜਾਂਦੀਆਂ।

ਧੰਤੀ ਮਿਡਲ ਸਕੂਲ ਚੋਂ ਨਿਕਲ ਨਾਲ ਦੇ ਪਿੰਡ ਹਾਈ ਸਕੂਲ ਚ ਜਾ ਪੜ੍ਹਨੇਂ ਪਈ ਸੀ।ਜਿਵੇਂ ਜਿਵੇਂ ਉਹਦੀ ਜਮਾਤ ਉੱਚੀ ਹੁੰਦੀ ਜਾਂਦੀ ਉਵੇਂ ਉਵੇਂ ਉਹਦਾ ਹੁਸਨ ਅਤੇ ਸਰੀਰ ਹਰ ਸਾਲ ਨਵਾਂ ਰੂਪ ਲੈ ਕੇ ਉਹਦੇ ਵਜੂਦ ਨੂੰ ਬਦਲ ਜਾਂਦੇ।ਹੌਲੀ ਹੌਲੀ ਅਠਖੇਲੀਆਂ ਕਰਦੀ ਉਹ ਨਾਲ ਪੜ੍ਹਦੀ ਮੁਡ੍ਹੀਰ ਦੀਆਂ ਅੱਖਾਂ ਵਿੱਚ ਰੜਕਣੀਂ ਸ਼ੁਰੂ ਹੋ ਗਈ ਸੀ।

ਦਸਵੀਂ ਦੇ ਪੇਪਰ ਹੋ ਰਹੇ ਸਨ ਜਦੋਂ ਧੰਤੀ ਦੀਆਂ ਹੰਸੇ ਨੰਬਰਦਾਰ ਦੇ ਪੋਤੇ ਨਾਲ ਅੱਖਾਂ ਚਾਰ ਹੋ ਗਈਆਂ ਸਨ।ਉਹ ਚੱਤੋ ਪਹਿਰ ਉਹਨਾਂ ਦੀ ਗਲੀ ਦੇ ਗੇੜੇ ਕੱਢਦਾ ਰਹਿੰਦਾ।ਜਦੋਂ ਬਾਹਰਲੇ ਬੂਹੇ ਥਾਂਣੀਂ ਉਹ ਘਰੇ ਫਿਰਦੀ ਧੰਤੀ ਨੂੰ ਵੇਖ ਕੇ ਸੈਂਕਲ ਦੀ ਘੰਟੀ ਮਾਰਦਾ ਤਾਂ ਉਹਦੇ ਕੰਨ ਖੜ੍ਹੇ ਹੋ ਜਾਂਦੇ।ਉਹਦੀ ਵਾਰ ਵਾਰ ਬੂਹੇ ਵੱਲ ਤੱਕਣੀਂ ਤੋਂ ਹਰ ਕੁਰ ਨੂੰ ਸ਼ੱਕ ਪੈ ਗਿਆ।ਉਹਨੇ ਪੋਤੀ ਦੀ ਨਿਆਣੀਂ ਮੱਤ ਨੂੰ ਭਾਂਪਦਿਆਂ ਧੀਆਂ ਪੁੱਤਾਂ ਵਾਂਗ ਸਮਝਾਂਉਣ ਦੀ ਕੋਸ਼ਿਸ਼ ਕੀਤੀ “ਵੇਖ ਪੁੱਤ ਧੀਆਂ ਮਾਪਿਆਂ ਦੀ ਇੱਜਤ ਹੁੰਦੀਆਂ,ਮੈਂ ਵੀ ਕਦੀ ਤੇਰੀ ਉਮਰ ਦੀ ਸਾਂ।ਐਂ ਨਾ ਸਮਝੀਂ ਜਿਵੇਂ ਕਿਤੇ ਮੈਨੂੰ ਕੁਸ਼ ਪਤਾ ਨੀ।ਪਰ ਧੀਏ ਸਾਡੇ ਗਰੀਬਾਂ ਦੀ ਇੱਜਤ ਪੱਲੇ ਚ ਈ ਰਹੇ ਤਾਂ ਚੰਗਾ।ਸਾਥੋਂ ਡਾਹਢਿਆਂ ਨਾਲ ਵੈਰ ਨੀ ਕਮਾਏ ਜਾਣੇਂ ।ਪਹਿਲਾਂ ਈ ਤੇਰੀ ਮਾਂ ਸਾਨੂੰ ਜਿਉਣ ਜੋਗੇ ਨੀ ਛੱਡਿਆ ਕਿਤੇ।ਵੇਖੀਂ ਕਿਤੇ ਤੂੰ ਵੀ ਉਹਦੀਆਂ ਲੀਹਾਂ ਤੇ ਤੁਰਦੀ ਪਿਉ ਦੀ ਪੱਗ ਲੀਰਾਂ ਲੀਰਾਂ ਨਾ ਕਰ ਦੇਵੀਂ।ਉਹ ਤਾਂ ਪਹਿਲਾਂ ਈ ਨਾ ਜਿਉਂਦਿਆਂ ਚ ਐ ਨਾ ਮਰਿਆਂ ਚ।ਤੇਰੇ ਮਾਰਾ ਈ ਭੱਜਾ ਫਿਰਦਾ ਦਿਨ ਰਾਤ ਨਈਂ ਹੁਣ ਉਹਦਾ ਕੀ ਸਾਕ ਰਹਿ ਗਿਆ ਏਸ ਜਹਾਨ ਨਾਲ।ਹਰ ਕੁਰ ਦੀਆਂ ਅੱਖਾਂ ਭਰ ਆਈਆਂ ਸਨ।ਧੰਤੀ ਕਿੰਨਾਂ ਚਿਰ ਆਪਣੀਂ ਦਾਦੀ ਦੇ ਰੋਂਦੇ ਚੇਹਰੇ ਵੱਲ ਤੱਕਦੀ ਰਹੀ ਸੀ।

ਰਾਤੀਂ ਚੇਤੂ ਨੂੰ ਵੀ ਹਰ ਕੁਰ ਨੇ ਗੋਲ ਮੋਲ ਸ਼ਬਦਾਂ ਵਿੱਚ ਸਮਝਾ ਦਿੱਤਾ ਸੀ।“ਦੇਖ ਭਾਈ ਕਾਕਾ ਧੀਆਂ ਦੇ ਜੰਮਦਿਆਂ ਈ ਘਰ ਦੀਆਂ ਕੰਧਾਂ ਉੱਚੀਆਂ ਹੋ ਜਾਂਦੀਆਂ,ਪਰ ਤੈਨੂੰ ਤਾਂ ਘਰ ਦਾ ਫਿਕਰ ਈ ਨੀ ਹੈਗਾ।ਕੁੜੀ ਹੁਣ ਜਵਾਨ ਹੋਈ ਪਈ ਐ।ਇਹਨੂੰ ਪੜ੍ਹਨੋਂ ਹਟਾ ਕੇ ਆਵਦੇ ਘਰ ਤੋਰੀਏ।ਅਸੀਂ ਕੇਹੜਾ ਏਹਦੀ ਕਮਾਈ ਖਾਣੀਂ ਐਂ।ਆਪੇ ਆਵਦੇ ਘਰੇ ਜੋ ਜੀਅ ਆਵੇ ਕਰੇ ਪਰ ਸਾਨੂੰ ਇਹਦਾ ਵਿਆਹ ਕਰਨ ਚ ਈ ਭਲਾਈ ਐ।ਮੈਂ ਹੁਣ ਚੱਤੋ ਪਹਿਰ ਏਹਦਾ ਪ੍ਰਛਾਵਾਂ ਨੀ ਬਣ ਸਕਦੀ।ਜੇਹੜਾ ਕੇਹੜਾ ਦਾਦੇ ਮਘ੍ਹਾਉਣਾਂ ਘਰ ਵੱਲ ਝਾਤੀਆਂ ਮਾਰ ਮਾਰ ਲੰਘਦਾ।ਮੇਰਾ ਤਾਂ ਬਾਹਲਾ ਈ ਮਨ ਡਰਿਆ ਪਿਐ।ਜੇ ਕੱਲ੍ਹ ਨੂੰ ਕੋਈ ਜਾਹ ਜਾਂਦੀ ਹੋਗੀ ਤਾਂ ਕਿਤੋਂ ਦੇ ਨੀ ਜੇ ਰਹਿਣਾਂ।ਆਹ ਨੰਬਰਦਾਰ ਦਾ ਪੋਤਾ ਸਾਰਾ ਦਿਨ ਗਲੀ ਚ ਗੇੜੇ ਮਾਰਦਾ ਰਹਿੰਦਾ।ਪਾਣੀਂ ਸਿਰੋਂ ਲੰਘਦਾ ਜਾਂਦਾ ਫੇਰ ਨਾ ਕਹੀਂ ਦਸਿਆ ਨੀ।ਮੇਰੇ ਵੱਸਦੀ ਨੀ ਰਹੀ ਹੁਣ ਕੋਈ ਗੱਲ”।

ਚੇਤੂ ਬੂਹੇ ਚ ਖੜ੍ਹਾ ਸ਼ਰਾਬ ਦੇ ਨਸ਼ੇ ਚ ਡੋਲ੍ਹ ਰਿਹਾ ਸੀ।ਧੰਤੀ ਵੱਲ ਅੱਖਾਂ ਕੱਢਦਾ ਉਹ ਅੰਦਰ ਜਾ ਬੈਠਾ।ਥੋੜ੍ਹੀ ਦੇਰ ਬਾਦ ਉਹਨੇਂ ਧੰਤੀ ਨੂੰ ਆਵਦੇ ਕੋਲ ਅੰਦਰ ਸੱਦਿਆ।“ਧੰਤੀ…..।ਵੇਖ ਪੁੱਤ…ਮੇਰੀਆਂ ਅੱਖਾਂ ਵੱਲ ਵੇਖ,ਤੇ ਦੱਸ ਮੈਨੂੰ ਮੈਂ ਤੈਨੂੰ ਕਿਹੋ ਜਿਹਾ ਬੰਦਾ ਲਗਦਾਂ…..”? ਧੰਤੀ ਸਹਿਮੀ ਖੜ੍ਹੀ ਸੀ।
“ਹੂੰਅ….ਕੀ ਤੂੰ ਸੋਚ ਸਕਦੀ ਐਂ,ਤੇਰਾ ਪਿਉ ਜਿੰਦਗੀ ਦੀ ਹਰ ਜੰਗ ਹਾਰਨ ਵਾਲਾ ਸ਼ਪਾਈ ਐ।ਪਰ ਤੂੰ ਦੱਸ….ਕੀ ਹਾਰਨ ਵਾਲੇ ਬੰਦੇ ਨੂੰ ਜਿਉਣ ਦਾ ਕੋਈ ਹੱਕ ਨੀ ਹੁੰਦਾ।ਸਭ ਕੁਸ਼ ਗਵਾਉਣ ਤੋਂ ਬਾਦ ਜਿਉਂਦੇ ਰਹਿਣ ਲਈ ਤੂੰ ਇਕੋ ਇੱਕ ਉਮੀਦ ਐਂ ਮੇਰੀ।ਕੀ ਤੂੰ ਉਹਨੂੰ ਵੀ ਤੋੜਨਾਂ ਚਹੁੰਨੀ ਐਂ।ਨਿੱਕੀ ਹੁੰਦੀ ਤੂੰ ਪੁਛਦੀ ਹੁੰਦੀ ਸੀ ਨਾ ਕਿ ਮੇਰੀ ਮਾਂ ਕਿਥੇ ਐ।ਤੇ ਮੈਂ ਤੈਨੂੰ ਏਹੀ ਕਹਿ ਕੇ ਟਾਲਦਾ ਰਿਹਾ ਕਿ ਉਹ ਮਰ ਗਈ ਐ।ਪਰ ਨਹੀਂ….! ਤੇਰੀ ਮਾਂ ਨੀ ਮੈਂ ਮਰਿਆ ਹੋਇਆਂ।ਉਸੇ ਦਿਨ ਈ ਮੈਂ ਅੰਦਰੋਂ ਮਰ ਗਿਆ ਸੀ ਜਦੋਂ ਤੇਰੀ ਮਾਂ…….। ਏਹ ਜੋ ਤੂੰ ਵੇਖ ਰਹੀ ਐਂ ਨਾ ਇਹ ਲਾਸ਼ ਐ ਮੇਰੀ।ਜੀਹਨੂੰ ਸਿਰਫ ਤੇਰੇ ਕਰਕੇ ਈ ਮੋਢਿਆਂ ਤੇ ਚੱਕੀ ਫਿਰਦਾਂ।ਜੇ ਤੇਰਾ ਖਿਆਲ ਨਾ ਹੁੰਦਾ ਤਾਂ ਹੁਣ ਨੂੰ ਕਦੋਨ ਦੀ ਕਿਸੇ ਰੁੱਖ ਨਾ ਲਟਕਾ ਦਿੰਦਾ।ਕੀ ਮੇਰੇ ਪਿਆਰ ਚ ਕੋਈ ਕਮੀਂ ਐ…..! ਮੈਂ ਮੰਨਦਾਂ…. ਹੋ ਸਕਦਾ ਮੈਂ ਪਤੀ ਚੰਗਾ ਨਾ ਬਣ ਸਕਿਆ ਹੋਵਾਂ,ਪਰ ਕੀ ਹੁਣ ਮੈਂ ਪਿਓ ਵੀ……।ਬੱਸ ਧੰਤੀ ਬੱਸ, ਹੁਣ ਹੋਰ ਨੀ ਸਹਿ ਹੁੰਦਾ ਮੈਥੋਂ।ਐਹੋ ਜੀ ਗੁਰਬਤ ਵਾਲੀ ਜਿੰਦਗੀ ਨਾਲੋਂ ਤਾਂ ਬੰਦਾ……।ਉਹਦਾ ਗੱਚ ਭਰ ਆਇਆ ਸੀ।

ਆਪਣੇ ਬਾਪ ਨੂੰ ਰੋਦਿਆਂ ਵੇਖ ਕੇ ਧੰਤੀ ਵੀ ਡੁਸਕਣ ਲੱਗ ਪਈ ਸੀ।ਕਈ ਦਿਨਾਂ ਤੱਕ ਉਹਦੇ ਅੰਦਰ ਕਸ਼ਮਕਸ਼ ਜੇਹੀ ਚਲਦੀ ਰਹੀ।ਚੇਤੂ ਦੀਆਂ ਗੱਲਾਂ ਨੇ ਉਹਨੂੰ ਅੰਦਰੋਨ ਅਸ਼ਾਂਤ ਕਰੀ ਰੱਖਿਆ।ਅੱਖ ਲਗਦੀ ਤਾਂ ਭੈੜੇ ਭੈੜੇ ਸੁਪਨੇ ਆ ਘੇਰਦੇ।ਇਕ ਰਾਤ ਉਹਨੇ ਆਪਣੀ ਦਾਦੀ ਤੇ ਭਾਪੇ ਦੀਆਂ ਲਾਸ਼ਾਂ ਨੂੰ ਘਰ ਦੀ ਛੱਤ ਨਾਲ ਲਟਕਦੇ ਵੇਖਿਆ।ਫੇਰ ਜਿਵੇਂ ਉਹ ਕੱਲੀ ਕਿਸੇ ਮਾਰੂਥਲ ਵਿੱਚ ਗਵਾਚ ਗਈ ਹੋਵੇ ਤੇ ਪਾਗਲਾਂ ਵਾਂਗ ਅਵਾਜਾਂ ਮਾਰ ਰਹੀ ਹੋਵੇ।ਪਰ ਉਸਦੀ ਕੋਈ ਵੀ ਨਹੀਨ ਸੁਣ ਰਿਹਾ।ਨਾ ਦਾਦੀ ਨਾ ਭਾਪਾ ਤੇ ਨਾ ਈ ਘੁੱਦੂ।ਫਿਰ ਇੱਕ ਵੱਡੇ ਸਾਰੇ ਹਵਾ ਦੇ ਵਰਲਿੇ ਨੇ ਉਹਨੂੰ ਆਪਣੀਂ ਲਪੇਟ ਵਿੱਚ ਲੈ ਲਿਆ।ਤੇ ਉਹ ਉਭੜਵਾਹੇ ਉਠ ਬੈਠੀ।ਅੱਚੋਤਾਈ ਚ ਆਸੇ ਪਾਸੇ ਵੇਖਿਆ ਪਰ ਕੁਸ਼ ਵੀ ਨਜਰ ਨਾ ਆਇਆ।ਅਗਲੇ ਈ ਦਿਨ ਉਹਨੇਂ ਬਾਹਰਲੇ ਬੂਹੇ ਮੂਹਰੇ ਪੱਲੀ ਤਾਂਣ ਦਿੱਤੀ।
ਇੱਕ ਦਿਨ ਸਕੂਲ ਜਾਂਦੀ ਦਾ ਘੁੱਦੂ ਰਾਹ ਰੋਕ ਕੇ ਖੜ੍ਹ ਗਿਆ।“ਕੀ ਗੱਲ ਹੋਗੀ ਧੰਤੀ,ਹੁਣ ਨਜਰ ਈ ਨੀ ਮਿਲਾਂਉਦੀ”।
“ਘੁੱਦੂ ਮੇਰਾ ਰਾਹ ਰੋਕ ਕੇ ਨਾ ਖੜ੍ਹੀਂ ਅੱਗੇ ਤੋਂ।ਸਾਡੇ ਘਰੇ ਪਤਾ ਲੱਗ ਗਿਐ।ਮੇਰਾ ਭਾਪਾ ਬਹੁਤ ਰੋਂਦਾ ਰਿਹੈ ਇਸ ਗੱਲ ਤੋਂ।ਮੈਨੂੰ ਹੁਣ ਕੁਸ਼ ਵੀ ਚੰਗਾ ਨੀ ਲੱਗਦਾ”
“ਇੱਕ ਗੱਲ ਆਖਾਂ ਧੰਤੀ….! ਚੱਲ ਘਰੋਂ ਭੱਜ ਚੱਲਦੇ ਆਂ , ਆਪੇ ਥੋੜ੍ਹੇ ਦਿਨਾਂ ਬਾਦ ਸਭ ਠੀਕ ਹੋਜੂ”।
“ਕੀ ਠੀਕ ਹੋਜੂ! ਦਿਮਾਗ ਖਰਾਬ ਹੋ ਗਿਐ ਤੇਰਾ,ਪਤਾ ਕੀ ਬੋਲ ਰਿਹੈਂ ਤੂੰ।ਘਰਾਂ ਚੋਂ ਭੱਜ ਕੇ ਵੀ ਕੁਸ਼ ਠੀਕ ਹੋਇਆ”।
“ਕਿਉਂ ਪਹਿਲਾਂ ਤਾਂ ਬੜੀਆਂ ਕਸਮਾਂ ਖਾਂਦੀ ਸੀ।ਹੁਣ ਆਪਣੇਂ ਵੱਲ ਖੜ੍ਹੀ ਹੋਣ ਨੂੰ ਕਹਿ ਰਿਹਾਂ ਤੇ ਤੂੰ…..”।
“ਮੈਂ ਭੁੱਲ ਗਈ ਸੀ ਉਦੋਂ,ਪਰ ਹੁਣ ਨੀ ਅੱਗੇ ਵਧਣਾਂ….ਬੱਸ”।

“ਵੇਖ ਲੈ ਮਰਜੀ ਐ ਤੇਰੀ ਕਿੰਨਾਂ ਚਿਰ ਹੋ ਗਿਐ ਤੇਰੇ ਪਿਛੇ ਗੇੜੇ ਕੱਢਦੇ ਨੂੰ।ਅੱਜ ਤੈਨੂੰ ਕੋਈ ਹੋਰ ਮਿਲ ਗਿਆ ਹੋਣੈਂ ਤੇ ਮੈਨੂੰ ਹੁਣ ਭਾਪੇ ਦਾ ਬਹਾਨਾਂ ਲਾ ਕੇ ਛੱਡਣ ਨੂੰ ਫਿਰਦੀ ਐਂ।ਮੈਂ ਵੀ ਨੰਬਰਦਾਰਾਂ ਦਾ ਮੁੰਡਾ ਆਂ,ਪਿਆਰ ਚ ਹਾਰ ਮੈਨੂੰ ਮੰਜੂਰ ਨੀ।ਤੂੰ ਸਿਰਫ ਮੇਰਾ ਪਿਆਰ ਵੇਖਿਐ ਅਜੇ ਗੁੱਸਾ ਨੀ ਵੇਖਿਆ।ਜੇ ਘਿਓ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਮੈਂ ਟੇਢੀ ਕਰਨੀ ਵੀ ਜਾਣਦਾਂ”।

“ਤੈਨੂੰ ਕਹਿਤਾ ਨਾ ਬਈ ਨਈਂ ਤਾਂ ਬੱਸ ਨਈਂ।ਧੰਤੀ ਉਹਨਾਂ ਚੋਂ ਨੀ ਆਂ ਜੇਹੜੀਆਂ ਥਾਂ ਥਾਂ ਮੂੰਹ ਮਾਰਦੀਆਂ ਫਿਰਦੀਆਂ।ਤੇ ਐਨੀ ਕੱਚੀ ਵੀ ਨਈਂ ਆਂ ਜੇਹੜੀ ਤੇਰੀਆਂ ਧਮਕੀਆਂ ਤੋਂ ਪਾਣੀਂ ਵਾਂਗ ਡੋਲਦੀ ਫਿਰੂੰ।ਅੱਗੇ ਤੋਂ ਰਾਹ ਨਾ ਰੋਕੀਂ ਮੇਰਾ”।ਧੰਤੀ ਸਿੱਧਾ ਘੁੱਦੂ ਦੀਆਂ ਅੱਖਾਂ ਚ ਝਾਕਦੀ ਤੁਰ ਗਈ।
ਐਤਵਾਰ ਵਾਲਾ ਦਿਨ ਸੀ।ਹਰ ਕੁਰ ਪਿੰਡ ਚ ਕਿਸੇ ਦੇ ਘਰ ਗਈ ਹੋਈ ਸੀ ਤੇ ਚੇਤੂ ਕੰਮ ਤੇ।ਧੰਤੀ ਘਰ ਚ ਕੱਲੀ ਨਲਕੇ ਤੇ ਬੈਠੀ ਕੱਪੜੇ ਧੋ ਰਹੀ ਸੀ।ਘੁੱਦੂ ਤੇ ਇੱਕ ਹੋਰ ਮੁੰਡਾ ਗੁਆਂਡੀਆਂ ਦੀ ਕੰਧ ਟੱਪ ਕੇ ਧੰਤੀ ਤੇ ਜਾ ਝਪਟੇ।
“ਦੱਸ ਹੁਣ ਕਿਵੇਂ ਕਰਨੀ ਐਂ ਹਾਂ ਐਂ ਜਾਂ ਨਾਂਹ।ਤੈਨੂੰ ਕਿਹਾ ਸੀ ਨੀ ਘਿਓ ਟੇਢੀ ਉਂਗਲ ਨਾਲ ਵੀ ਕੱਢਣਾਂ ਜਾਣਦਾਂ”।
“ਚੱਲ ਚੱਕ ਕੇ ਲੈ ਚੱਲ ਏਹਨੂੰ ਅੰਦਰ,ਵੇਖਦੇ ਆਂ ਅੱਜ ਕੌਣ ਛੁਡਾਂਉਦਾ ਏਹਨੂੰ ਸਾਡੇ ਤੋਂ”।ਘੁੱਦੁ ਦੇ ਨਾਲ ਦਾ ਮੁੰਡਾ ਬੋਲਿਆ।
ਦੋਹਾਂ ਚ ਘਿਰੀ ਧੰਤੀ ਜਾਲ ਚ ਪਸੀ ਘੁੱਗੀ ਵਾਂਗ ਝਟਪਟਾ ਰਹੀ ਸੀ।ਉਹਨੂੰ ਸਮਝ ਨਹੀ ਸੀ ਆ ਰਹੀ ਬਈ ਹੁਣ ਕੀ ਕਰੇ।

ਘੁੱਦੂ ਦੇ ਨਾਲ ਦੇ ਮੁੰਡੇ ਨੇ ਉਹਨੂੰ ਧੋਣ ਤੋਨ ਫੜ੍ਹ ਕੇ ਉਹਦੇ ਮੂੰਹ ਤੇ ਹੱਥ ਰੱਖ ਲਿਆ ਤੇ ਘੁੱਦੂ ਉਹਨੂੰ ਕਲਾਵੇ ਚ ਭਰਨ ਲੱਗਾ ਸੀ ਕਿ ਉਹ ਕਸ਼ਮਕਸ਼ ਵਿੱਚ ਹੀ ਦੋਹਾਂ ਤੋਂ ਛੁੱਟ ਗਈ ਤੇ ਉਹਦੇ ਹੱਥ ਚ ਕੱਪੜੇ ਧੋਣ ਵਾਲੀ ਥਾਪੀ ਆ ਗਈ।ਓਏ…. ਉਹ ਦਹਾੜੀ ਤੇ ਲੈਂਦਿਆਂ ਸਾਰ ਇਕ ਉਹਨੇ ਘੁੱਦੂ ਦੇ ਸਿਰ ਚ ਦੇ ਮਾਰੀ ਤੇ ਦੂਜੀ ਨਾਲ ਦੇ ਮੁੰਡੇ ਦੇ ਜੜ੍ਹ ਦਿੱਤੀ।ਫਿਰ ਬਿਨਾਂ ਰੁਕੇ ਇਕ ਦੋ ਤਿੰਨ ਤੇ ਪਤਾ ਨੀ ਕਿੰਨੇ ਈ ਵਾਰ ਉਹਨੇਂ ਦੋਹਾਂ ਤੇ ਕਰ ਦਿੱਤੇ।ਘੁੱਦੂ ਹੁਰੀਂ ਡਿਗਦੇ ਢਹਿੰਦੇ ਬਾਹਰ ਵੱਲ ਨੂੰ ਭੱਜ ਤੁਰੇ।ਰੌਲਾ ਸੁਣ ਕੇ ਆਂਢ ਗੁਆਂਢ ਕੱਠਾ ਹੋ ਗਿਆ।

ਖੜ੍ਹ ਜੋ ਮੇਰੇ ਪਿਉ ਦਿਉ…….।ਉਹ ਹੋਰ ਹੋਣਗੀਆਂ ਜੇਹੜੀਆਂ ਥੋਡੇ ਅਰਗਿਆਂ ਨਾਲ ਡਰ ਕੇ ਸਹਿਮਤੀ ਕਰ ਜਾਂਦੀਆਂ।ਮੈਂ ਤਾਂ ਥੋਡੇ ਸੀਰਮੇਂ ਪੀਜੂੰ……ਸਮਝਦੇ ਕੀ ਆਂ ਮੈਨੂੰ…..ਆਉ ਹੁਣ”।ਧੰਤੀ ਸ਼ੇਰਨੀਂ ਵਾਂਗ ਗਲੀ 'ਚ ਖੜ੍ਹੀ ਲਲਕਾਰੇ ਮਾਰ ਰਹੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)