Kaana Beenda : Rajasthani Lok Kahani

ਕਾਣਾ ਬੀਂਡਾ : ਰਾਜਸਥਾਨੀ ਲੋਕ ਕਥਾ

ਇੱਕ ਸੀ ਕਾਣਾ ਬੀਂਡਾ। ਪਿੰਡ ਦੇ ਮੁਹਤਬਰ ਬੰਦਿਆਂ ਵਿਚੋਂ ਇੱਕ। ਵੱਡੀ ਗਿਣਤੀ ਵਿਚ ਗਾਵਾਂ ਅਤੇ ਬਲਦਾਂ ਦਾ ਮਾਲਕ। ਕਈ ਗੱਡੇ। ਵੱਡੇ ਵਿਹੜੇ ਵਿਚ ਖੂਬ ਦੁੱਧ ਦੇਣੀਆਂ ਬੂਰੀਆਂ ਮੱਝਾਂ। ਦੁੱਧ ਨਾਲ ਭਰੇ ਲੇਵਿਆਂ ਨਾਲ ਮੱਝਾਂ ਗਾਵਾਂ ਰਿੰਗਦੀਆਂ ਰੰਭਦੀਆਂ ਰਹਿੰਦੀਆਂ। ਵੱਡੀ ਸਰਦਾਰੀ ਦੇ ਵੱਡੇ ਠਾਠ। ਸੁਭਾਅ ਵਧੀਆ, ਹਰ ਇਕ ਦੇ ਕੰਮ ਆਉਣ ਵਾਲਾ। ਗਵਾਂਢੀ ਪਿੰਡ ਦੇ ਲੋਕ ਕਰਜ਼ਾ ਲੈਣ ਆਉਂਦੇ, ਬਿਨ ਵਿਆਜ ਪੈਸੇ ਦੇ ਕੇ ਮਦਦ ਕਰਦਾ। ਕਾਣੇ ਬੀਂਡੇ ਦੇ ਘਰ ਜਿਹੜਾ ਵੀ ਸਵਾਲੀ ਆਇਆ, ਹੱਥਾਂ ਨਾਲ ਮਦਦ ਕੀਤੀ, ਮੂੰਹ ਤੋਂ ਇਨਕਾਰ ਕਰਨ ਜਾਣਦਾ ਹੀ ਨਹੀਂ ਸੀ। ਘਰ ਵਿਚ ਲੋੜੀਂਦੀ ਵਸਤੂ ਜੇ ਹੈ ਈ ਨਹੀਂ, ਫੇਰ ਤਾਂ ਕੀ ਕਰੇ; ਜੇ ਹੈ ਤਾਂ ਜਵਾਬ ਨਹੀਂ। ਉਸ ਦੀ ਇੱਜ਼ਤ ਅਤੇ ਪ੍ਰਸਿੱਧੀ ਦੂਰ-ਦੂਰ ਤੱਕ ਫੈਲੀ ਹੋਈ। ਮੁਕਾਬਲਾ ਨਹੀਂ। ਦੇਸ ਪਰਦੇਸ ਵਿਚ ਮਸ਼ਹੂਰ।
ਇੱਕ ਦਿਨ ਗੱਡੀ ਜੋੜ ਕੇ ਕਿਤੇ ਜਾ ਰਿਹਾ ਸੀ। ਬੈਠਾ-ਬੈਠਾ ਥੱਕ ਗਿਆ। ਸੋਚਿਆ ਪੈਦਲ ਤੁਰਾਂ। ਬਲਦਾਂ ਨੂੰ ਹੱਕਦਾ-ਹੱਕਦਾ ਪਿੱਛੇ-ਪਿੱਛੇ ਤੁਰਨ ਲੱਗਿਆ ਕਿ ਸੱਜੇ ਪਾਸੇ ਵਾਲੇ ਬਲਦ ਨੇ ਗੋਹਾ ਕਰ ਦਿੱਤਾ। ਕਾਣਾ ਬੀਂਡਾ ਫੋਸ ਹੇਠ ਦਬ ਗਿਆ, ਬਲਦ ਤੁਰਦੇ ਰਹੇ। ਸੰਜੋਗ ਦੀ ਗੱਲ, ਉਸ ਪਾਸਿਉਂ ਦੂਰ ਦੇਸ ਦਾ ਨਾਮੀ ਗਰਾਮੀ ਠੱਗ ਵੀ ਲੰਘ ਰਿਹਾ ਸੀ। ਸੁੰਨੀ ਬੈਲ ਗੱਡੀ ਦੇਖੀ, ਫਿਰ ਕੀ ਅੱਗਾ ਪਿੱਛਾ ਦੇਖਣਾ? ਉਸ ਨੇ ਬਲਦਾਂ ਦੇ ਰੱਸੇ ਫੜੇ, ਗੱਡੀ ਵਿਚ ਸਵਾਰ ਹੋਇਆ, ਭਜਾ ਕੇ ਗੱਡੀ ਹਵਾ ਨਾਲ ਰਲਾ ਦਿੱਤੀ। ਕਾਣੇ ਬੀਂਡੇ ਦੇ ਨਗੌਰੀ ਬਲਦਾਂ ਨੇ ਜਦੋਂ ਟਿਚਕਾਰ ਸੁਣੀ, ਉਹ ਤਾਂ ਉਡਣ ਲੱਗੇ।
ਜਿਸ ਫੋਸ ਹੇਠ ਕਾਣਾ ਬੀਂਡਾ ਦਬ ਗਿਆ ਸੀ, ਕਈ ਦਿਨ ਬਾਅਦ ਉਹ ਸੁੱਕ ਕੇ ਪਾਥੀ ਬਣ ਗਿਆ, ਲੱਕੜ ਵਰਗਾ ਸਖਤ। ਕੋਈ ਔਰਤ ਬਾਲਣ ਵਾਸਤੇ ਫਿਰ ਰਹੀ ਸੀ। ਉਸ ਨੇ ਇਕੱਠੀਆਂ ਕੀਤੀਆਂ ਲੱਕੜੀਆਂ ਵਿਚ ਇਹ ਪਾਥੀ ਵੀ ਚੁੱਕ ਕੇ ਰੱਖ ਲਈ। ਚੁੱਲ੍ਹੇ ਵਿਚ ਅੱਗ ਬਾਲੀ, ਪਾਥੀ ਤੋੜੀ ਤਾਂ ਵਿਚੋਂ ਬੀਂਡਾ ਫੁਰਰ ਕਰ ਕੇ ਉੱਡ ਗਿਆ। ਉਸ ਨੇ ਦਰਖਤ ਦੀ ਟਾਹਣੀ ‘ਤੇ ਬੈਠ ਕੇ ਇਧਰ ਉਧਰ ਦੇਖਿਆ, ਬੈਲ ਅਤੇ ਗੱਡੀ ਕਿਧਰੇ ਨਾ ਦਿਸੀ। ਉਡਦਾ-ਉਡਦਾ ਉਸੇ ਥਾਂ ਗਿਆ ਜਿਥੇ ਫੋਸ ਹੇਠ ਦਬ ਗਿਆ ਸੀ। ਉਥੇ ਵੀ ਨਾ ਗੱਡੀ ਨਾ ਬਲਦ! ਵਾਪਸ ਪਿੰਡ ਆਇਆ। ਦੂਜੀ ਗੱਡੀ ਜੋੜੀ ਅਤੇ ਚੱਲ ਪਿਆ ਉਸੇ ਦਿਸ਼ਾ ਵੱਲ ਜਿਧਰ ਪਹਿਲੀ ਗੱਡੀ ਗਈ ਸੀ। ਥੋੜ੍ਹੀ ਦੂਰ ਗਿਆ ਸੀ ਕਿ ਰਸਤੇ ਵਿਚ ਨ੍ਹੇਰੀ ਮਿਲੀ। ਨ੍ਹੇਰੀ ਨੇ ਪੁੱਛਿਆ-ਕਾਣੇ ਬੀਂਡੇ, ਕਾਣੇ ਬੀਂਡੇ! ਇੰਨੀ ਕਾਹਲੀ-ਕਾਹਲੀ ਤੂੰ ਕਿਧਰ ਜਾ ਰਿਹੈਂ? ਬੀਂਡੇ ਨੇ ਜਵਾਬ ਦਿੱਤਾ:
ਲੱਭਣੇ ਬਲਦ ਦੇਸਾਂਤਰ ਪਾਰ।
ਲੈ ਗਿਆ ਦੋ ਲਿਆਵਾਂ ਚਾਰ॥
ਨ੍ਹੇਰੀ ਨੇ ਕਿਹਾ-ਕਾਣੇ ਬੀਂਡੇ, ਮੈਂ ਵੀ ਤੇਰੇ ਨਾਲ ਚੱਲਾਂ?
ਬੀਂਡੇ ਨੇ ਖੁਸ਼ ਹੁੰਦਿਆਂ ਕਿਹਾ-ਚੱਲ ਭੈਣ ਚੱਲ, ਇੱਕ ਨਾਲੋਂ ਤਾਂ ਦੋ ਹਮੇਸ਼ ਚੰਗੇ।
ਨ੍ਹੇਰੀ ਨੂੰ ਗੱਡੀ ਵਿਚ ਬਿਠਾ ਲਿਆ। ਥੋੜ੍ਹੀ ਦੂਰ ਗਿਆ ਸੀ, ਅੱਗੇ ਮੀਂਹ ਮਿਲ ਗਿਆ। ਉਸ ਨੇ ਪੁੱਛਿਆ-ਕਾਣੇ ਬੀਂਡੇ ਕਾਣੇ ਬੀਂਡੇ, ਏਨੀ ਜਲਦੀ ਸਵੇਰੇ-ਸਵੇਰੇ ਕਿੱਧਰ ਚੱਲਿਐਂ? ਬੀਂਡੇ ਨੇ ਜਵਾਬ ਦਿੱਤਾ:
ਲੱਭਣੇ ਬਲਦ ਦੇਸਾਂਤਰ ਪਾਰ।
ਲੈ ਗਿਆ ਦੋ ਲਿਆਵਾਂ ਚਾਰ॥
ਮੀਂਹ ਨੇ ਪੁੱਛਿਆ-ਕਾਣੇ ਬੀਂਡੇ, ਮੈਂ ਵੀ ਤੇਰੇ ਨਾਲ ਚੱਲ ਪਵਾਂ?
ਕਾਣਾ ਬੀਂਡਾ ਬਹੁਤ ਖੁਸ਼ ਹੋਇਆ, ਬੋਲਿਆ-ਚੱਲ ਮੇਰੇ ਭਾਈ, ਦੋ ਨਾਲੋਂ ਤਿੰਨ ਹਮੇਸ਼ ਚੰਗੇ।
ਉਸ ਨੇ ਮੀਂਹ ਵੀ ਗੱਡੀ ਵਿਚ ਬਿਠਾ ਲਿਆ। ਥੋੜ੍ਹੀ ਦੂਰ ਗਏ ਸਨ, ਅੱਗ ਨਾਲ ਮੁਲਾਕਾਤ ਹੋ ਗਈ।
ਅੱਗ ਨੇ ਕਿਹਾ-ਕਾਣੇ ਬੀਂਡੇ, ਕਾਣੇ ਬੀਂਡੇ ਸਵੇਰੇ ਸਵੇਰੇ ਕਿੱਧਰ? ਖੈਰ ਤਾਂ ਹੈ? ਏਨੀ ਤੇਜ਼ ਗੱਡੀ ਭਜਾਈ ਜਾਨੈ। ਬੀਂਡੇ ਨੇ ਜਵਾਬ ਦਿੱਤਾ:
ਲੱਭਣੇ ਬਲਦ ਦੇਸਾਂਤਰ ਪਾਰ।
ਲੈ ਗਿਆ ਦੋ ਲਿਆਵਾਂ ਚਾਰ॥
ਸੁਣ ਕੇ ਅੱਗ ਨੇ ਕਿਹਾ-ਕਾਣੇ ਬੀਂਡੇ, ਭਾਈ ਮੈਂ ਵੀ ਚੱਲਾਂ ਤੇਰੇ ਨਾਲ?
ਬੀਂਡਾ ਬਹੁਤ ਖੁਸ਼ ਹੋਇਆ, ਕਹਿੰਦਾ-ਹਾਂ ਭੈਣ ਤੂੰ ਕਿਉਂ ਪਿੱਛੇ ਰਹੇਂ? ਤਿੰਨ ਨਾਲੋਂ ਚਾਰ ਭਲੇ।
ਅੱਗ ਵੀ ਗੱਡੀ ਵਿਚ ਬੈਠ ਗਈ। ਚਲੋ-ਚਲ ਜਾ ਰਹੇ ਸਨ, ਰਸਤੇ ਵਿਚ ਪੱਥਰ ਗੀਟਿਆਂ ਦਾ ਢੇਰ ਪਿਆ ਸੀ। ਉਸ ਨੇ ਪੁੱਛਿਆ-ਕਾਣੇ ਬੀਂਡੇ, ਕਾਣੇ ਬੀਂਡੇ, ਕਿੱਧਰ ਨੂੰ ਚੜ੍ਹਾਈ ਕੀਤੀ ਅੱਜ? ਬੀਂਡੇ ਨੇ ਕਿਹਾ:
ਲੱਭਣੇ ਬਲਦ ਦੇਸਾਂਤਰ ਪਾਰ।
ਲੈ ਗਿਆ ਦੋ ਲਿਆਵਾਂ ਚਾਰ॥
ਪੱਥਰਾਂ ਦੇ ਢੇਰ ਨੇ ਕਿਹਾ-ਕਾਣੇ ਬੀਂਡੇ ਮੈਨੂੰ ਵੀ ਬਿਠਾ ਲੈ ਗੱਡੀ ਵਿਚ, ਮੈਂ ਵੀ ਚੱਲਦਾਂ!
ਬੀਂਡਾ ਏਨਾ ਭਲਾ ਸੀ ਕਿ ਨਾਂਹ ਕਰਨੀ ਜਾਣਦਾ ਹੀ ਨਹੀਂ ਸੀ। ਹਾਂ ਵਿਚ ਸਿਰ ਹਿਲਾ ਕੇ ਕਿਹਾ-ਚੱਲ ਮੇਰੇ ਭਾਈ, ਚਾਰਾਂ ਨਾਲੋਂ ਪੰਜ ਹੋਰ ਵੀ ਚੰਗੇ। ਪੰਜਾਂ ਵਿਚ ਤਾਂ ਪਰਮੇਸ਼ਰ ਵਸਦੈ।
ਪੱਥਰ ਵੀ ਗੱਡੀ ਵਿਚ ਚੜ੍ਹ ਗਏ। ਪੱਥਰਾਂ ਦੇ ਭਾਰ ਕਰ ਕੇ ਗੱਡੀ ਉਲਰਨ ਲੱਗੀ। ਕਾਣੇ ਬੀਂਡੇ ਨੇ ਕਿਹਾ-ਪੱਥਰ ਭਾਈਓ, ਥੋੜ੍ਹੇ ਥੋੜ੍ਹੇ ਅੱਗੇ ਸਰਕ ਆਉ, ਗੱਡੀ ਉਲਾਰ ਹੋਣ ਲੱਗੀ ਹੈ। ਪੱਥਰ ਹੌਲੀ-ਹੌਲੀ ਅੱਗੇ ਖਿਸਕ ਗਏ ਅਤੇ ਗੱਡੀ ਸਮਤੋਲ ਹੋ ਕੇ ਚੱਲਣ ਲੱਗੀ।
ਬੀਂਡੇ ਨੇ ਹੁਣ ਮੂੰਹ ‘ਚੋਂ ਟਚਕਾਰੀ ਮਾਰੀ। ਰੱਸੇ ਹਿਲਾਏ, ਗੱਡੀ ਤੇਜ਼ ਚੱਲਣ ਲੱਗੀ। ਬਲਦਾਂ ਨੂੰ ਕਿਹਾ-ਚਲੋ ਮੇਰੇ ਭਾਈਓ, ਹਵਾ ਨੂੰ ਪਿੱਛੇ ਛੱਡ ਦਿਉ। ਬੀਂਡੇ ਦਾ ਇੰਨਾ ਕਹਿਣਾ ਸੀ ਕਿ ਬਲਦ ਤੇਜ਼ ਰਫ਼ਤਾਰ ਦੌੜਨ ਲੱਗੇ। ਸੱਜਾ ਕਹੇ, ਮੈਂ ਅੱਗੇ ਲੰਘਾਂ; ਖੱਬਾ ਕਹੇ ਮੈਂ ਅੱਗੇ ਜਾਵਾਂ। ਮੰਜ਼ਲ ਦਰ ਮੰਜ਼ਲ ਉਹ ਦੂਰੀਆਂ ਪਾਰ ਕਰਦਾ ਗਿਆ। ਦੇਖਦੇ-ਦੇਖਦੇ ਠੱਗਾਂ ਦੀ ਬਸਤੀ ਆ ਗਈ। ਖਾਸ ਠੱਗਾਂ ਦੇ ਦਰਵਾਜ਼ੇ ਅੱਗੇ ਬਲਦਾਂ ਨੂੰ ਪੁਚਕਾਰਿਆ-ਬੱਸ ਭਾਈਓ ਬੱਸ। ਉਤਰ ਕੇ ਬਲਦਾਂ ਦੀਆਂ ਪਿੱਠਾਂ ਥਪਥਪਾਈਆਂ।
ਠੱਗਾਂ ਨੂੰ ਸੁਣਾ ਕੇ ਉਸ ਨੇ ਉਚੀ ਆਵਾਜ਼ ਵਿਚ ਕਿਹਾ-ਭਲੇ ਮਾਣਸੋ, ਇੱਕ ਘਰ ਤਾਂ ਡੈਣ ਵੀ ਛੱਡ ਦਿਆ ਕਰਦੀ ਐ, ਤੁਸੀਂ ਉਹ ਵੀ ਨਹੀਂ ਛੱਡਿਆ। ਹੁਣ ਤੁਹਾਡਾ ਅੰਤ ਆ ਗਿਆ ਸਮਝੋ। ਮੇਰਾ ਨਾਮ ਹੈ ਕਾਣਾ ਬੀਂਡਾ। ਸੁਣਿਆਂ? ਸਾਰੇ ਦੇਸ ਵਿਚ ਮੇਰੇ ਨਾਮ ਦੀ ਮਹਿਮਾ ਹੈ, ਸਾਰੇ ਪਛਾਣਦੇ ਨੇ, ਪਿਆਰਦੇ ਨੇ। ਬਿਨਾਂ ਕਿਸੇ ਆਨੇ ਬਹਾਨੇ, ਚੁਪ-ਚਾਪ ਮੇਰੀ ਗੱਡੀ ਅਤੇ ਬਲਦ ਮੇਰੇ ਹਵਾਲੇ ਕਰੋ। ਜੇ ਟਾਲਮਟੋਲ ਕੀਤੀ, ਬਿਨ ਮੌਤ ਮਾਰੇ ਜਾਉਗੇ, ਫਿਰ ਮੈਨੂੰ ਦੋਸ਼ ਨਾ ਦੇਇਓ!
ਪਰ ਜਿਹੜੇ ਹੋਣ ਹੀ ਠੱਗਾਂ ਦੇ ਸਿਰਤਾਜ, ਉਨ੍ਹਾਂ ਉਪਰ ਬੀਂਡੇ ਦੀ ਤਾੜਨਾ ਦਾ ਕੀ ਅਸਰ? ਕਿਸੇ ਨੇ ਗੱਲ ਵੱਲ ਧਿਆਨ ਨਾ ਦਿੱਤਾ। ਹੱਸਣ ਲਗੇ। ਮਜ਼ਾਕ ਕਰਦਿਆਂ ਕਹਿਣ ਲੱਗੇ-ਜੇ ਤੇਰਾ ਨਾਮ ਕਾਣਾ ਬੀਂਡਾ ਹੈ, ਫਿਰ ਸਾਡਾ ਵੀ ਨਾਮ ਸ਼੍ਰੋਮਣੀ ਠੱਗ ਹੈ। ਤੂੰ ਠੱਗਾਂ ਦੀ ਬਸਤੀ ਵਿਚ ਭੁੱਲ-ਭੁਲੇਖੇ ਕਿਵੇਂ ਆ ਵੜਿਆ? ਮਾਰੀ ਹੋਈ ਠੱਗੀ ਅਸੀਂ ਵਾਪਸ ਕਦੀ ਕੀਤੀ ਹੋਵੇ ਤਾਂ ਤੈਨੂੰ ਵਾਪਸ ਕਰ ਦੇਈਏ। ਟਿਭਦਾ ਹੋ ਇਥੋਂ ਪਰ੍ਹੇ।
ਕਾਣੇ ਬੀਂਡੇ ਨੇ ਕ੍ਰੋਧ ਵਿਚ ਪੈਰ ਜ਼ਮੀਨ ‘ਤੇ ਪਟਕਿਆ, ਕਿਹਾ-ਅੱਜ ਤੱਕ ਅਕਲ ਨਹੀਂ ਸਿੱਖੀ ਤੁਸੀਂ ਤਾਂ ਹੁਣ ਸਿਖਾ ਦਿੰਨਾ। ਇਹ ਕਹਿ ਕੇ ਉਸ ਨੇ ਗੱਡੀ ਵਿਚ ਬੈਠੇ ਸਾਥੀਆਂ ਵਲ ਦੇਖਿਆ। ਪੱਥਰਾਂ ਨੂੰ ਕਿਹਾ-ਠੀਕ ਹੈ ਭਾਈ ਪੱਥਰੋ, ਹੁਣ ਦਿਖਾਓ ਆਪਣੀ ਕਰਾਮਾਤ। ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।
ਬੀਂਡੇ ਨੇ ਇਹ ਗੱਲ ਆਖੀ ਹੀ ਸੀ ਕਿ ਉਡਣ ਲੱਗੇ ਪੱਥਰ ਇੱਕ ਇੱਕ ਕਰਕੇ… ਸਣਨ… ਸਣਨ… ਠਾਹ… ਠਾਹ…। ਇੱਕ ਵੀ ਨਿਸ਼ਾਨਾ ਖਾਲੀ ਨਹੀਂ ਗਿਆ। ਕਿਸੇ ਦਾ ਹੱਥ ਟੁੱਟਿਆ, ਕਿਸੇ ਦਾ ਪੈਰ; ਕਿਸੇ ਦਾ ਮੋਢਾ, ਕਿਸੇ ਦਾ ਗੋਡਾ ਪਰ ਠੱਗ ਏਨੀ ਛੇਤੀ ਕਿੱਥੇ ਹਾਰ ਮੰਨਣ ਵਾਲੇ? ਬਸਤੀ ਦੇ ਸਾਰੇ ਠੱਗ ਇਕੱਠੇ ਹੋ ਗਏ ਤੇ ਰਲਮਿਲ ਕੇ ਬੀਂਡੇ ਉੱਪਰ ਹੱਲਾ ਬੋਲ ਦਿੱਤਾ। ਬੀਂਡੇ ਨੇ ਅੱਗ ਨੂੰ ਕਿਹਾ-ਹੁਸ਼ਿਆਰ ਭੈਣ, ਹੁਣ ਤੇਰੀ ਵਾਰੀ… ਪਰ ਜ਼ਰਾ ਸੰਭਲ ਕੇ…।
ਬੀਂਡੇ ਦੀ ਗੱਲ ਅਜੇ ਪੂਰੀ ਨਹੀਂ ਸੀ ਹੋਈ ਕਿ ਉਤਰੀ ਅੱਗ ਗੱਡੀ ਤੋਂ ਹੇਠ ਤੇ ਤੁਰ ਪਈ ਬਸਤੀਆਂ ਵੱਲ, ਲਟ-ਲਟ ਘਰ ਬਾਹਰ ਲਾਟਾਂ ਨਿਕਲਣ ਲੱਗੀਆਂ। ਬਸਤੀ ਵਿਚ ਹਾਹਾਕਾਰ ਮੱਚ ਗਈ। ਅਜੇ ਵੀ ਏਨੇ ਢੀਠ ਕਿ ਠੱਗਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਦੇ ਸਰਦਾਰ ਨੇ ਜੋਸ਼ ਵਿਚ ਆ ਕੇ ਲਲਕਾਰਾ ਮਾਰਿਆ-ਦੋਸਤੋ ਝੁਕਣਾ ਨਹੀਂ। ਹਾਰ ਨਹੀਂ ਮੰਨਣੀ। ਮਰਨਾ ਤਾਂ ਇੱਕ ਦਿਨ ਸਭ ਨੇ ਹੀ ਹੈ, ਫਿਰ ਇੱਜ਼ਤ ਅਣਖ ਨੂੰ ਦਾਗ ਕਿਉਂ ਲੁਆਈਏ? ਸੱਤ ਪੀੜ੍ਹੀਆਂ ਤੱਕ ਦਾਗ ਨਹੀਂ ਧੋਤਾ ਜਾਣਾ। ਠਗਣੀ ਮਾਂ ਦਾ ਦੁੱਧ ਪੀਤੈ।
ਜੰਗ ਛਿੜ ਗਿਆ, ਪੂਰਾ ਖੌਫਨਾਕ, ਦਹਿਲ ਪਾਉਣ ਵਾਲਾ। ਆਖਰ ਕਾਣੇ ਬੀਂਡੇ ਨੇ ਨ੍ਹੇਰੀ ਨੂੰ ਕਿਹਾ-ਭੈਣ ਬੈਠੀ ਕਿਉਂ ਹੈਂ, ਦਿਖਾ ਦੇ ਹੁਣ ਆਪਣਾ ਚਮਤਕਾਰ! ਇਹ ਦੁਸ਼ਟ ਆਸਾਨੀ ਨਾਲ ਹਾਰ ਨਹੀਂ ਮੰਨਣਗੇ।
ਬੀਂਡੇ ਨੇ ਕਿਹਾ ਹੀ ਸੀ ਕਿ ਕਾਲੀ ਤੇਜ਼-ਤਰਾਰ ਨ੍ਹੇਰੀ ਨੇ ਵਗਣ ਵਿਚ ਦੇਰ ਕਰਨੀ ਹੀ ਕਿੱਥੇ ਸੀ? ਪਹਿਲਾਂ ਅੱਗ ਬਲ ਰਹੀ ਸੀ, ਫਿਰ ਨ੍ਹੇਰੀ ਚੱਲੀ ਤਾਂ ਹੌਲੀ-ਹੌਲੀ ਬਲਦੀਆਂ ਧੂਈਆਂ ਵਿਚੋਂ ਲਾਟਾਂ ਨਿਕਲਣ ਲੱਗੀਆਂ। ਬਸਤੀ ਤਾਂ ਜਿਵੇਂ ਰਾਵਣ ਦੀ ਲੰਕਾ ਬਣ ਗਈ ਹੋਵੇ। ਆਖਰ ਕਦ ਤੱਕ ਮੁਕਾਬਲਾ ਕਰ ਸਕਦੇ? ਹੱਥ ਖੜ੍ਹੇ ਕਰ ਕੇ ਚੀਕਾਂ ਮਾਰਨ ਲੱਗੇ…ਕਾਣੇ ਬੀਂਡੇ ਬਚਾ ਲੈ, ਹਾੜੇ ਹਾੜੇ ਕਾਣੇ ਬੀਂਡੇ ਸਾਨੂੰ ਬਚਾ ਲੈ…ਅਸੀਂ ਤੇਰੀਆਂ ਗਊਆਂ। ਤੇਰੇ ਪੈਰ ਫੜਦੇ ਹਾਂ। ਸਾਡਾ ਸਰਬਨਾਸ ਨਾ ਕਰ। ਭੋਲੇ ਭਾਲੇ ਬੱਚੇ ਮਰ ਜਾਣਗੇ। ਉਨ੍ਹਾਂ ਦੀ ਕੀ ਗ਼ਲਤੀ?
ਬੀਂਡੇ ਦੇ ਦਿਲ ਅੰਦਰੋਂ ਰਹਿਮ ਧਰਮ ਤਾਂ ਕਦੀ ਗਿਆ ਹੀ ਨਹੀਂ ਸੀ ਕਿਤੇ। ਗੱਡੀ ਵਿਚ ਚੁਪਚਾਪ ਬੈਠੇ ਮੀਂਹ ਨੂੰ ਉਸ ਨੇ ਕਿਹਾ-ਪਿਆਰੇ ਮੀਂਹ ਭਰਾ, ਹੁਣ ਤੇਰਾ ਆਸਰਾ। ਭੋਲੇ ਭਾਲੇ ਬੇਕਸੂਰ ਬੱਚਿਆਂ ਨੂੰ ਬਚਾ। ਬੀਂਡੇ ਨੇ ਵਾਕ ਪੂਰਾ ਵੀ ਨਹੀਂ ਸੀ ਕੀਤਾ ਕਿ ਪੱਛਮ ਵਲੋਂ ਬੱਦਲਾਂ ਦੇ ਹਾਥੀ ਸੁੰਡਾਂ ਵਿਚੋਂ ਜ਼ੋਰ-ਜ਼ੋਰ ਦੀ ਮੀਂਹ ਬਰਸਾਣ ਲੱਗੇ। ਬਿਜਲੀਆਂ ਲਿਸ਼ਕਣ ਲੱਗੀਆਂ, ਬੱਦਲ ਗੱਜਣ ਲੱਗੇ। ਇਉਂ ਲੱਗਾ ਜਿਵੇਂ ਅਸਮਾਨ ਵੱਲੋਂ ਦਰਿਆ ਭਰੇ ਭਰਾਏ ਹੇਠਾਂ ਵੱਲ ਤੁਰ ਪਏ ਹੋਣ। ਲਟ-ਲਟ ਮਚਦੀਆਂ ਲਾਟਾਂ ਥਾਏਂ ਠੰਢੀਆਂ ਹੋ ਗਈਆਂ।
ਬੀਂਡੇ ਨੇ ਇਸ਼ਾਰਾ ਕੀਤਾ; ਉਸ ਦੇ ਦੋਸਤ ਅੱਗ, ਨ੍ਹੇਰੀ, ਪੱਥਰ ਚੁਪਚਾਪ ਆ ਕੇ ਗੱਡੀ ਵਿਚ ਬੈਠ ਗਏ। ਮੀਂਹ ਤੇਜਮ-ਤੇਜ ਪੈਂਦਾ ਰਿਹਾ। ਬੀਂਡੇ ਨੇ ਕਿਹਾ-ਮੈਂ ਆਉਣ ਸਾਰ ਤੁਹਾਨੂੰ ਕਿਹਾ ਸੀ ਮੇਰਾ ਨਾਮ ਹੈ ਕਾਣਾ ਬੀਂਡਾ, ਮੇਰੇ ਬਲਦ ਤੇ ਗੱਡੀ ਮੈਨੂੰ ਵਾਪਸ ਕਰੋ ਪਰ ਤੁਹਾਨੂੰ ਅਕਲ ਹੁੰਦੀ ਤਾਂ ਈ ਵਾਪਸ ਕਰਦੇ! ਤੁਹਾਡੀ ਤਾਂ ਮੱਤ ਮਾਰੀ ਗਈ। ਆਪਣੇ ਹੱਥੀਂ ਆਪ ਬਰਬਾਦ ਹੋਏ।
ਸਾਰੇ ਠੱਗਾਂ ਨੇ ਬੀਂਡੇ ਦੇ ਪੈਰ ਫੜੇ। ਮੁਆਫੀਆਂ ਮੰਗੀਆਂ। ਠੱਗਾਂ ਦਾ ਸਰਦਾਰ ਗੱਡੀ ਅਤੇ ਬਲਦ ਆਪ ਵਾਪਸ ਕਰਨ ਆਇਆ। ਗੁੱਸੇ ਵਿਚ ਖਿਝ ਕੇ ਬੀਂਡੇ ਨੇ ਕਿਹਾ-ਤੁਹਾਡੀਆਂ ਕਰਤੂਤਾਂ ਸਦਕਾ ਦਿਲ ਤਾਂ ਕਰਦਾ ਸੀ ਕਿ ਤੁਹਾਡਾ ਸਾਰਾ ਧਨ-ਮਾਲ ਦੋ ਗੱਡੀਆਂ ਵਿਚ ਲੱਦ ਕੇ ਚਲਦਾ ਬਣਾਂ ਪਰ ਤੁਹਾਡੇ ਬੱਚਿਆਂ ਉਪਰ ਤਰਸ ਆਉਂਦੈ। ਤੁਹਾਨੂੰ ਜੁਰਮਾਨਾ ਤਾਂ ਦੇਣਾ ਪਏਗਾ ਹੀ। ਦੋ ਬਲਦ ਤੇ ਇੱਕ ਗੱਡੀ ਹੋਰ ਲੈ ਕੇ ਜਾਵਾਂਗਾ। ਠੱਗਾਂ ਦੇ ਸਰਦਾਰ ਨੇ ਕਿਹਾ-ਠੀਕ ਹੈ, ਦੋ ਬਲਦ ਛਾਂਟ ਲੈ ਹੋਰ ਜਿਹੜੇ ਲਿਜਾਣੇ ਨੇ। ਤੇਰੇ ਅੱਗੇ ਕੀ ਜ਼ੋਰ? ਕਾਣੇ ਬੀਂਡੇ ਨੇ ਦੋ ਵਧੀਆ ਤੋਂ ਵਧੀਆ ਬਲਦਾਂ ਦੀ ਜੋੜੀ ਛਾਂਟੀ ਅਤੇ ਲਿਜਾਣ ਲੱਗੇ ਨੇ ਸਿਖਿਆ ਦਿੱਤੀ-ਨੇਕ ਕਮਾਈ ਕਰੋ, ਸੁਖ ਪਾਉਗੇ। ਮੇਰੇ ਦੇਸ ਵਲ ਕੋਈ ਠੱਗੀ ਮਾਰਨ ਵਾਸਤੇ ਅੱਖ ਉਠੀ, ਅੱਖ ਭੰਨ ਦਉਂਗਾ। ਫਿਰ ਮੇਰੇ ਵਰਗਾ ਬੁਰਾ ਕੋਈ ਨਹੀਂ ਹੋਣਾ। ਜਿਹੜੀ ਕਰਨੀ ਕੀਤੀ, ਹੁਣ ਉਹੋ ਭਰਨੀ ਭਰੋ।
ਇਸ ਪਿੱਛੋਂ ਕਾਣਾ ਬੀਂਡਾ ਵਾਜੇ ਗਾਜੇ ਵਜਾਉਂਦਾ, ਗਾਉਂਦਾ, ਨੱਚਦਾ ਵਾਪਸ ਰਵਾਨਾ ਹੋਇਆ।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ