Kabuliwala (Bangla Story in Punjabi) : Rabindranath Tagore

ਕਾਬੁਲੀਵਾਲਾ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਕਾਬੁਲੀਵਾਲਾ ਰਾਬਿੰਦਰਨਾਥ ਟੈਗੋਰ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

(ਇਹ ਰਚਨਾ ਰਾਬਿੰਦਰਨਾਥ ਟੈਗੋਰ ਦੀ ਕਹਾਣੀ
'ਕਾਬੁਲੀਵਾਲਾ' ਤੇ ਆਧਾਰਿਤ ਹੈ)

ਮੇਰੀ ਪੰਜ ਸਾਲਾਂ ਦੀ ਬੱਚੀ ਮਿੰਨੀ ਹੈ ਜਿਸਦਾ ਨਾਂ ।
ਬਿਨਾਂ ਬੋਲੇ ਨਹੀਂ ਰਹਿ ਸਕਦੀ ਥੋੜ੍ਹਾ ਜਿੰਨਾਂ ਸਮਾਂ ।
ਇਕ ਦਿਨ ਸਵੇਰੇ ਭੱਜੀ ਭੱਜੀ ਮੇਰੇ ਕੋਲੇ ਆਈ ।
ਉਸਨੇ ਆਉਂਦੇਸਾਰ ਹੀ ਆਪਣੀ ਗੱਲ ਸੁਣਾਈ ।
"ਰਾਮਦਯਾਲ ਦਰਬਾਨ, 'ਕਾਕ' ਨੂੰ 'ਕਊਆ' ਬੁਲਾਵੇ ।
ਬਾਬੂ ਜੀ, ਏਦਾਂ ਨਹੀਂ ਲਗਦਾ ਉਸਨੂੰ ਕੁਝ ਨਾ ਆਵੇ ।
ਭੋਲਾ ਇਕ ਦਿਨ ਮੈਨੂੰ ਦੱਸੇ ਮੀਂਹ ਕਿਦਾਂ ਹੈ ਪੈਂਦਾ ।
ਹਾਥੀ ਆਪਣੀ ਸੁੰਡ ਦੇ ਅੰਦਰ ਪਾਣੀ ਹੈ ਭਰ ਲੈਂਦਾ ।
ਉਸ ਪਾਣੀ ਨੂੰ ਜ਼ੋਰ ਮਾਰਕੇ ਵੱਲ ਆਕਾਸ਼ ਪੁਚਾਵੇ ।
ਉਹੋ ਪਾਣੀ ਸਾਡੇ ਕੋਲੇ ਮੀਂਹ ਬਣਕੇ ਫਿਰ ਆਵੇ ।
ਬਾਬੂ ਜੀ, ਭੋਲਾ ਝੂਠ ਮਾਰਦਾ" ਕਹਿਕੇ ਉਥੋਂ ਭੱਜੀ ।
ਜਿਦਾਂ ਪਹਿਲਾਂ ਖੇਡ ਰਹੀ ਸੀ ਫੇਰ ਖੇਡ ਜਾ ਲੱਗੀ ।

ਮੇਰੇ ਕਮਰੇ ਵਿਚ ਮਿੰਨੀ ਇਕ ਦਿਨ ਖੇਡ ਰਹੀ ਸੀ ।
ਅਚਣਚੇਤ ਖਿੜਕੀਓਂ ਬਾਹਰ ਉਸਦੀ ਨਜ਼ਰ ਪਈ ਸੀ ।
ਖਿੜਕੀ ਛੱਡ ਕੇ ਕੋਲ ਮੇਰੇ ਜਲਦੀ ਜਲਦੀ ਆਈ ।
"ਕਾਬੁਲੀਵਾਲਾ, ਕਾਬੁਲੀਵਾਲਾ" ਪਾਈਂ ਜਾਵੇ ਦੁਹਾਈ ।
ਮੋਢੇ ਤੇ ਝੋਲਾ ਲਟਕਾਇਆ ਜਿਸ ਵਿਚ ਸੁੱਕੇ ਮੇਵੇ ।
ਹੱਥ ਵਿਚ ਅੰਗੂਰਾਂ ਦੀ ਪਿਟਾਰੀ ਦੂਰੋਂ ਵਿਖਾਈ ਦੇਵੇ।
ਲੰਮਾ ਕੱਦ ਪਰ ਹੌਲੀ ਚਾਲੇ ਸੜਕੇ ਤੁਰਿਆ ਆਵੇ ।
ਮਿੰਨੀ ਡਿੱਠਾ ਘਰ ਵੱਲ ਮੁੜਿਆ ਅੰਦਰ ਭੱਜੀ ਜਾਵੇ ।
ਮਿੰਨੀ ਨੂੰ ਸੀ ਇਹ ਡਰ ਲੱਗਾ ਫੜ ਨਾ ਝੋਲੀ ਪਾਵੇ ।
ਉਸਨੂੰ ਫੜਕੇ ਨਾਲ ਆਪਣੇ ਕਿਤੇ ਦੂਰ ਲੈ ਨਾ ਜਾਵੇ ।
ਮਿੰਨੀ ਸੋਚੇ ਉਸਦੀ ਝੋਲੀ ਜੇ ਕੋਈ ਫੋਲ ਕੇ ਤੱਕੇ ।
ਉਸ ਵਿਚੋਂ ਹੋਰ ਮਿਲ ਜਾਣਗੇ ਕਿੰਨੇ ਹੀ ਛੋਟੇ ਬੱਚੇ ।
ਕਾਬੁਲੀਵਾਲੇ ਮੁਸਕਰਾਕੇ ਫਿਰ ਸਲਾਮ ਆ ਕੀਤਾ ।
ਮੈਂ ਵੀ ਉਸਤੋਂ ਮਿਂਨੀ ਲਈ ਕੁਝ ਸਮਾਨ ਲੈ ਲੀਤਾ ।
ਥੋੜ੍ਹਾ ਚਿਰ ਚੁੱਪ ਰਹਿਕੇ ਉਸਨੇ ਉਪਰ ਨਿਗਾਹ ਉਠਾਈ,
"ਬਾਬੂ ਜੀ ਬੇਟੀ ਗਈ ਕਿੱਥੇ ?" ਮੈਨੂੰ ਉਸ ਪੁੱਛਿਆ ਈ ।
ਮਿੰਨੀ ਦਾ ਡਰ ਘੱਟ ਕਰਨ ਲਈ ਮੈਂ ਉਸਨੂੰ ਬੁਲਾਇਆ ।
ਕਾਬੁਲੀਵਾਲੇ ਬਦਾਮ ਤੇ ਕਿਸ਼ਮਿਸ਼ ਮਿੰਨੀ ਵੱਲ ਵਧਾਇਆ ।
ਡਰਕੇ ਮੇਰੇ ਗੋਡਿਆਂ ਨੂੰ ਚਿੰਬੜੀ ਮਿੰਨੀ ਉੱਚੀ ਰੋਈ ।
ਜਾਣ ਪਛਾਣ ਦੋਵਾਂ ਦੀ ਏਦਾਂ ਪਹਿਲੀ ਵਾਰੀ ਹੋਈ ।
ਕੁਝ ਦਿਨ ਲੰਘੇ ਕਿਸੇ ਕੰਮ ਨੂੰ ਮੈਂ ਬਾਹਰ ਜਾਂ ਆਇਆ ।
ਕੀ ਵੇਖਾਂ, ਮਿੰਨੀ ਨੇ ਕੋਲੇ ਕਾਬੁਲੀਵਾਲਾ ਬਿਠਾਇਆ ।
ਉਹ ਹੱਸੇ ਮਿੰਨੀ ਗੱਲਾਂ ਸੁਣਾਵੇ ਬਿਲਕੁਲ ਨਾ ਡਰੀ ਸੀ ।
ਬਦਾਮ ਤੇ ਕਿਸ਼ਮਿਸ਼ ਨਾਲ ਉਸਦੀ ਝੋਲੀ ਭਰੀ ਸੀ ।
ਕਾਬੁਲੀਵਾਲੇ ਨੂੰ ਅੱਠ ਆਨੇ ਦੇ ਮੈਂ ਬਾਹਰ ਨੂੰ ਆਇਆ ।
"ਅੱਗੋਂ ਇਸਨੂੰ ਕੁਝ ਨਾ ਦੇਈਂ" ਨਾਲੇ ਪੱਕ ਕਰਾਇਆ ।
ਕੁਝ ਦੇਰ ਹੋਰ ਗੱਲਾਂ ਕਰਕੇ ਕਾਬੁਲੀ ਉੱਠ ਖਲੋਇਆ ।
ਅਠਿਆਨੀ ਮਿੰਨੀ ਦੀ ਝੋਲੀ ਪਾ ਕੇ ਉੱਥੋਂ ਤੁਰਦਾ ਹੋਇਆ ।
ਮੈਂ ਘਰ ਮੁੜਿਆ ਮਾਂ ਮਿੰਨੀ ਨੂੰ ਝਿੜਕਾਂ ਦੇ ਰਹੀ ਸੀ ।
ਅਠਿਆਨੀ ਉਸ ਕਿਉਂ ਲਈ ਉਸ ਤੋਂ ਪੁੱਛ ਰਹੀ ਸੀ ।

ਕਾਬੁਲੀਵਾਲਾ ਰਹਮਤ ਹਰ ਰੋਜ਼ ਸਾਡੇ ਘਰ ਆਉਂਦਾ ।
ਬਾਦਾਮ, ਕਿਸ਼ਮਿਸ਼ ਮਿੰਨੀ ਲਈ ਝੋਲੀ ਪਾ ਲਿਆਉਂਦਾ ।
ਮਿੰਨੀ ਦੇ ਦਿਲ ਹੌਲੀ ਹੌਲੀ ਉਸਨੇ ਪੱਕੀ ਜਗਾਹ ਬਣਾਈ ।
ਦੋਵੇਂ ਗੱਲਾਂ ਕਰਦੇ ਰਹਿੰਦੇ ਸਮੇਂ ਦਾ ਖ਼ਿਆਲ ਨਾ ਕਾਈ ।
ਮਿੰਨੀ ਪੁੱਛਦੀ, "ਕਾਬੁਲੀਵਾਲੇ ਤੇਰੀ ਝੋਲੀ ਵਿਚ ਕੀ ਹੈ ?"
ਰਹਮਤ ਦਸਦਾ, " ਮੇਰੀ ਝੋਲੀ ਰੱਖਿਆ ਇਕ ਹਾਥੀ ਹੈ ।"
ਫਿਰ ਉਹ ਪੁੱਛਦਾ, "ਮਿੰਨੀ ਬੇਟੀ ਤੂੰ ਕਦ ਸਹੁਰੇ ਜਾਵੇਂਗੀ ?
"ਸਹੁਰੀਂ ਜਾ ਕੇ ਸਾਡੇ ਤਾਈਂ ਆਪਣੇ ਦਿਲੋਂ ਭੁਲਾਵੇਂਗੀ ।
ਮਿੰਨੀ ਨੂੰ ਜਵਾਬ ਨਾ ਆਉਂਦਾ ਉਲਟਾ ਉਸਤੋਂ ਉਹ ਪੁੱਛੇ ।
ਉਸਨੇ ਕਦੋਂ ਹੈ ਸਹੁਰੇ ਜਾਣਾ ਆਪੇ ਪਹਿਲਾਂ ਉਹ ਦੱਸੇ ।
ਰਹਮਤ ਮੁੱਕਾ ਤਾਣ ਕੇ ਕਹਿੰਦਾ ਇਹ ਸਹੁਰੇ ਨੂੰ ਮਾਰਾਂ ।
ਮਿੰਨੀ ਇਹ ਗੱਲ ਸੁਣ ਹੱਸਦੀ ਮੂੰਹ ਤੇ ਖਿੜਨ ਬਹਾਰਾਂ ।

ਸਰਦੀ ਖ਼ਤਮ ਹੁੰਦਿਆਂ ਰਹਮਤ ਆਪਣੇ ਦੇਸ਼ ਨੂੰ ਜਾਂਦਾ ।
ਜਾਣੋਂ ਪਹਿਲਾਂ ਉਧਾਰ ਆਪਣੀ ਸਾਰੀ ਸੀ ਉਗਰਾਂਹਦਾ ।
ਘਰ-ਘਰ ਜਾਂਦਾ ਗੇੜੇ ਲਾਂਦਾ ਪਰ ਜਦ ਸਮਾਂ ਤਕਾਂਦਾ ।
ਤਾਂ ਵੀ ਇਕ ਵਾਰ ਮਿੰਨੀ ਨੂੰ ਰੋਜ਼ ਆ ਕੇ ਮਿਲ ਜਾਂਦਾ ।
ਇਕ ਦਿਨ ਸਵੇਰੇ ਅੰਦਰ ਬੈਠਾ ਕੰਮ ਮੈਂ ਕਰ ਰਿਹਾ ਸੀ ।
ਉਸੇ ਵੇਲੇ ਸੜਕ ਵੱਲੋਂ ਅਚਾਨਕ ਰੌਲਾ ਕੰਨੀਂ ਪਿਆ ਸੀ ।
ਮੈਂ ਬਾਹਰ ਡਿੱਠਾ ਦੋ ਸਿਪਾਹੀ ਰਹਮਤ ਨੂੰ ਬੰਨ੍ਹੀ ਜਾਵਣ ।
ਰਹਮਤ ਦੇ ਕਮੀਜ਼ ਦਾਗ਼ ਲਹੂ ਦੇ ਦੂਰੋਂ ਨਜ਼ਰੀਂ ਆਵਣ ।
ਲਹੂ ਭਿੱਜਿਆ ਛੁਰਾ ਸੀ ਫੜਿਆ ਹੱਥ ਵਿਚ ਇਕ ਸਿਪਾਹੀ ।
ਮੈਂ ਵੀ ਉਹਨਾਂ ਵੱਲ ਗਿਆ ਪੁੱਛਣ ਲਈ ਕੀ ਹੋਇਆ ਸੀ ।
ਕੁਝ ਸਿਪਾਹੀ ਤੇ ਕੁਝ ਰਹਮਤ ਸੁਣਿਆ ਇਹ ਗੱਲ ਕਹਿੰਦਾ ।
ਚਾਦਰ ਉਹਨੇ ਵੇਚੀ ਕਿਸੇ ਨੂੰ ਜੋ ਸਾਡੇ ਗਵਾਂਢ ਹੀ ਰਹਿੰਦਾ ।
ਕੁਝ ਰੁਪਏ ਬਾਕੀ ਰਹਿੰਦੇ ਸੀ ਪਰ ਉਸ ਜਵਾਬ ਸੁਣਾਇਆ ।
ਦੋਹਾਂ ਵਿਚ ਤਕਰਾਰ ਵਧੀ ਜਾਂ ਰਹਮਤ ਛੁਰਾ ਚਲਾਇਆ ।
"ਕਾਬੁਲੀਵਾਲੇ, ਕਾਬੁਲੀਵਾਲੇ," ਕਹਿੰਦੀ ਮਿੰਨੀ ਭੱਜੀ ਆਈ ।
ਮਿੰਨੀ ਤਕ ਰਹਮਤ ਦੇ ਮੂੰਹ ਤੇ ਇਕ ਵਾਰੀ ਤਾਂ ਖ਼ੁਸ਼ੀ ਛਾਈ ।
ਮਿੰਨੀ ਆਉਂਦੇਸਾਰ ਹੀ ਪੁੱਛਿਆ, "ਕਦੋਂ ਤੂੰ ਸਹੁਰੇ ਜਾਣਾ ?"
ਰਹਮਤ ਹੱਸਕੇ ਕਹਿਣ ਲੱਗਾ, "ਹੁਣ ਮੇਰਾ ਉਹੋ ਟਿਕਾਣਾ ।"
ਰਹਮਤ ਸੋਚੇ ਇਸ ਜਵਾਬ ਤੋਂ ਮਿੰਨੀ ਖ਼ੁਸ਼ ਨਾ ਹੋਈ ਕਾਈ ।
ਫਿਰ ਉਸ ਮੁੱਕਾ ਤਾਣ ਕੇ ਉਪਰ ਆਪਣੀ ਬਾਂਹ ਉਠਾਈ ।
"ਸਹੁਰੇ ਨੂੰ ਮੈਂ ਜ਼ਰੂਰ ਮਾਰਦਾ ਪਰ ਮੇਰੇ ਹੱਥ ਵੇਖ ਲੈ ਬੰਨ੍ਹੇ ।"
ਮਿੰਨੀ ਨੂੰ ਕੁਝ ਸਮਝ ਨਾ ਆਵੇ ਇਹ ਗੱਲ ਮੰਨੇ ਜਾਂ ਨਾ ਮੰਨੇ ।

ਇਸ ਗੁਨਾਹ ਲਈ ਰਹਮਤ ਨੂੰ ਸਜ਼ਾ ਲੰਬੀ ਗਈ ਸੁਣਾਈ।
ਹੌਲੀ ਹੌਲੀ ਸਮੇਂ ਨੇ ਯਾਦ ਓਸ ਦੀ ਸਾਡੇ ਮਨੋਂ ਮਿਟਾਈ ।
ਅੱਠ ਸਾਲ ਲੰਘ ਗਏ ਸਨ ਮਿੰਨੀ ਦਾ ਵਿਆਹ ਹੋ ਰਿਹਾ ਸੀ ।
ਮੈਂ ਬੈਠਾ ਹਿਸਾਬ ਸਾਂ ਲਿਖਦਾ ਤਾਂ ਰਹਮਤ ਨਜ਼ਰ ਪਿਆ ਸੀ ।
ਉਸਨੇ ਆ ਸਲਾਮ ਬੁਲਾਈ ਫਿਰ ਇਕ ਪਾਸੇ ਆ ਖੜੋਇਆ ।
ਮੈਂ ਉਸ ਨੂੰ ਪਛਾਣ ਨਾ ਸਕਿਆ ਉਹ ਏਦਾਂ ਸੀ ਹੋਇਆ ।
ਕੋਲ ਨਾ ਉਸਦੇ ਕੋਈ ਝੋਲੀ ਚਿਹਰਾ ਜਾਪੇ ਕੁਮਲਾਇਆ ।
ਮੈਂ ਪੁੱਛਿਆ,"ਦੱਸ ਬਈ ਰਹਮਤ ਕਦੋਂ ਕੁ ਦਾ ਤੂੰ ਆਇਆ ?"
"ਕੱਲ੍ਹ ਸ਼ਾਮ ਮੈਂ ਜੇਲ੍ਹੋਂ ਛੁਟਿਆ," ਉਸਨੇ ਜਵਾਬ ਸੁਣਾਇਆ ।
"ਤੂੰ ਕਿਸੇ ਦਿਨ ਫੇਰ ਆ ਜਾਈਂ ਅੱਜ ਘਰ ਕਾਜ ਰਚਾਇਆ ।"
ਉਹ ਉਦਾਸ ਹੋ ਜਾਣ ਲੱਗਿਆ ਦਰਵਾਜ਼ੇ ਕੋਲ ਜਾ ਰੁਕਿਆ ।
"ਇਕ ਵਾਰ ਬੱਚੀ ਨੂੰ ਵਿਖਾ ਦਿਉ," ਕਹਿਕੇ ਥੋੜ੍ਹਾ ਝੁਕਿਆ ।
ਉਹਨੂੰ ਸ਼ਾਇਦ ਯਕੀਨ ਸੀ ਮਨ ਵਿਚ ਮਿੰਨੀ ਅਜੇ ਵੀ ਬੱਚੀ ।
"ਕਾਬੁਲੀਵਾਲੇ, ਕਾਬੁਲੀਵਾਲੇ," ਕਹਿੰਦੀ ਆਊ ਆਪੇ ਨੱਠੀ ।
ਏਨੇ ਚਿਰ ਦੀਆਂ ਕੱਠੀਆਂ ਕੀਤੀਆਂ ਗੱਲਾਂ ਉਹਨੂੰ ਸੁਣਾਊ ।
ਪਹਿਲਾਂ ਵਾਲੀ ਰੌਣਕ ਆਪੇ ਹੀ ਉਸਦੇ ਮੂੰਹ ਤੇ ਆ ਜਾਊ ।
ਉਸਨੂੰ ਚੁੱਪ ਖੜਾ ਵੇਖ ਕੇ ਮੈਂ ਫਿਰ ਆਖ ਸੁਣਾਇਆ,
"ਅੱਜ ਘਰ ਬਹੁਤ ਕੰਮ ਹੈ ਉਸਤੋਂ ਨਹੀਂ ਜਾਣਾ ਆਇਆ ।"
ਉਸਦੇ ਚਿਹਰੇ ਉਦਾਸੀ ਆਈ ਉਸਨੇ ਸਲਾਮ ਬੁਲਾਈ ।
ਰਹਮਤ ਘਰੋਂ ਬਾਹਰ ਨਿਕਲਿਆ ਤਾਂ ਮੇਰੇ ਮਨ ਆਈ ।
ਉਸਨੂੰ ਮੈਂ ਆਵਾਜ਼ ਲਗਾਵਾਂ ਮੈਂ ਅਜੇ ਇਹ ਸੋਚ ਰਿਹਾ ਸੀ ।
ਰਹਮਤ ਆਪ ਵਾਪਸ ਮੁੜ ਆਇਆ ਉਸਨੇ ਆ ਕਿਹਾ ਸੀ,
"ਇਹ ਥੋੜ੍ਹਾ ਜਿਹਾ ਮੇਵਾ ਰੱਖ ਲਉ ਬੱਚੀ ਨੂੰ ਦੇ ਦੇਣਾ ।
ਉਸਦਾ ਕਾਬੁਲੀਵਾਲਾ ਦੇ ਗਿਐ ਇਹ ਓਸਨੂੰ ਕਹਿਣਾ ।"
ਮੈਂ ਓਹਨੂੰ ਪੈਸੇ ਦੇਣਾ ਚਾਹਵਾਂ ਪਰ ਉਸ ਕੁਝ ਨਾ ਲਿਆ ।
ਜਦ ਮੈਂ ਬਹੁਤਾ ਜ਼ੋਰ ਦਿੱਤਾ ਤਾਂ ਉਸਨੇ ਮੈਨੂੰ ਇਹ ਕਿਹਾ,
"ਬਾਬੂ ਸਾਹਿਬ ਤੁਹਾਡੀ ਮਿਹਰਬਾਨੀ ਗੱਲ ਦੱਸਾਂ ਮੈਂ ਸੱਚੀ ।
ਮਿੰਨੀ ਜਿੱਡੀ ਮੇਰੇ ਘਰ ਵੀ ਇਕ ਛੋਟੀ ਜਿਹੀ ਬੱਚੀ ।
ਜਦੋਂ ਓਸਦੀ ਯਾਦ ਹੈ ਆਉਂਦੀ ਮੈਂ ਤੁਹਾਡੇ ਘਰ ਆਵਾਂ ।
ਆਪਣੀ ਬੱਚੀ ਸਮਝ ਕੇ ਓਹਨੂੰ ਕੁਝ ਮੇਵਾ ਮੈਂ ਦੇ ਜਾਵਾਂ ।
ਮੈਂ ਇੱਥੇ ਸੌਦਾ ਵੇਚਣ ਨਹੀਂ ਆਉਂਦਾ ਬੱਚੀ ਖਿੱਚ ਲਿਆਵੇ ।
ਮਿੰਨੀ ਦੇ ਚਿਹਰੇ 'ਚੋਂ ਮੈਨੂੰ ਆਪਣੀ ਬੱਚੀ ਹੀ ਦਿਸ ਆਵੇ ।
ਉਸਨੇ ਕੁੜਤੇ ਦੀ ਜੇਬ ਵਿਚੋਂ ਇਕ ਕਾਗ਼ਜ਼ ਫਿਰ ਕੱਢਿਆ ।
ਧੂੜ ਸਮੇਂ ਦੀ ਉਸ ਕਾਗ਼ਜ਼ ਨੂੰ ਮੈਲਾ ਸੀ ਕਰ ਛੱਡਿਆ ।
ਹੌਲੀ ਹੌਲੀ ਖੋਲ੍ਹ ਉਸ ਦੀਆਂ ਤੈਹਾਂ ਮੇਜ਼ ਤੇ ਉਸ ਵਿਛਾਇਆ ।
ਉਸ ਉੱਤੇ ਛੋਟੇ ਜਿਹੇ ਹੱਥ ਦਾ ਪੰਜਾ ਲੱਗਾ ਨਜ਼ਰੀਂ ਆਇਆ ।
ਹੱਥ ਦੇ ਉੱਤੇ ਥੋੜ੍ਹੀ ਕਾਲਖ ਲਾ ਕੇ ਛਾਪ ਇਹ ਗਈ ਬਣਾਈ ।
ਆਪਣੀ ਬੇਟੀ ਦੀ ਇਹ ਨਿਸ਼ਾਨੀ ਉਹ ਰੱਖੇ ਦਿਲ ਨਾਲ ਲਾਈ ।
ਜਦ ਵੀ ਰਹਮਤ ਸ਼ਹਿਰ ਕਲਕੱਤੇ ਸੌਦਾ ਵੇਚਣ ਲਈ ਆਵੇ ।
ਇਹ ਕਾਗ਼ਜ਼ ਉਹ ਜੇਬ 'ਚ ਪਾ ਕੇ ਆਪਣੇ ਨਾਲ ਲਿਆਵੇ ।
ਇਹ ਵੇਖ ਮੇਰੀਆਂ ਅੱਖਾਂ ਵਿਚ ਪਾਣੀ ਸੀ ਭਰ ਆਇਆ ।
ਸਭ ਕੁਝ ਭੁਲ ਮੈਂ ਓਸੇ ਵੇਲੇ ਮਿੰਨੀ ਨੂੰ ਉੱਥੇ ਬੁਲਾਇਆ ।
ਵਿਆਹ ਵਾਲੇ ਕਪੜੇ ਗਹਿਣੇ ਪਾਈਂ ਮਿੰਨੀ ਬਾਹਰ ਆਈ ।
ਸਾਡੇ ਕੋਲ ਆ ਉਹ ਖਲੋਤੀ ਪਰ ਲੱਗੇ ਬਹੁਤ ਸ਼ਰਮਾਈ ।
ਉਹਨੂੰ ਵੇਖ ਕੇ ਰਹਮਤ ਪਹਿਲਾਂ ਦਿਲੋਂ ਬਹੁਤ ਘਬਰਾਇਆ ।
"ਲਾਡੋ ਅੱਜ ਸਹੁਰੇ ਘਰ ਜਾਣਾ ?" ਉਸਨੇ ਹੱਸ ਸੁਣਾਇਆ ।
ਮਿੰਨੀ ਨੂੰ ਹੁਣ ਸੱਸ ਦਾ ਮਤਲਬ ਸਾਰਾ ਸਮਝ ਪਿਆ ਸੀ ।
ਰਹਮਤ ਦੀ ਗੱਲ ਸੁਣ ਉਹਦਾ ਮੂੰਹ ਲਾਲੋ ਲਾਲ ਹੋਇਆ ਸੀ ।
ਮਿੰਨੀ ਗਈ ਰਹਮਤ ਨੇ ਫਿਰ ਇਕ ਡੂੰਘਾ ਸਾਹ ਲਿਆ ਸੀ ।
ਜ਼ਮੀਨ ਤੇ ਬਹਿ ਕੇ ਉਸ ਸੋਚਿਆ ਸਭ ਕੁਝ ਸਾਫ਼ ਹੋਇਆ ਸੀ ।
ਉਸਦੀ ਬੱਚੀ ਵੀ ਐਡੀ ਹੀ ਹੋਵੇਗੀ ਉਸ ਨੂੰ ਸੋਚ ਸਤਾਇਆ ।
ਐਨਾਂ ਲੰਬਾ ਸਮਾਂ ਉਸਨੇ ਉਸਦੇ ਪਿਛੋਂ ਕਿਦਾਂ ਹੋਣਾ ਲੰਘਾਇਆ ।
ਰਹਮਤ ਯਾਦਾਂ ਦੇ ਵਿਚ ਗੁੰਮਿਆਂ ਮੈਂ ਕੁਝ ਰੁਪਏ ਹੱਥ ਲਿੱਤੇ ।
"ਰਹਮਤ, ਬੇਟੀ ਕੋਲ ਦੇਸ਼ ਟੁਰ ਜਾ," ਇਹ ਕਹਿ ਉਹਨੂੰ ਦਿੱਤੇ ।

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ