Punjabi Kavita
  

Kadd: Gurmeet Arif

ਕੱਦ: ਗੁਰਮੀਤ ਆਰਿਫ

ਕਮਰੇ ਦਾ ਕਿਰਾਇਆ, ਬੱਚਿਆਂ ਦੀ ਫੀਸ, ਰਾਸ਼ਨ, ਦੁਧ, ਤੇਲ ਤੇ ਆਹ ਬਚਿਆ ਪਿਛੇ ਪੰਜ ਸੌ ਰਪੱਈਆ। ਨੰਗਾ ਕੀ ਨਹਾਊ ਤੇ ਕੀ ਨਚੋੜੂ। ਉਹ ਬੰਦੇ ਪਤਾ ਨੀ ਸਾਲੇ ਕਿਥੇ ਵਸਦੇ ਐ ਜੇਹੜੇ ਸਰਕਾਰ ਕਹਿੰਦੀ ਐ ਬਈ ਸਤਾਈ ਰੁਪੱਈਏ ਦਿਹਾੜੀ ਕਮਾਉਣ ਆਲਾ ਅਮੀਰ ਐ। ਮੈਂ ਸੱਤ ਹਜਾਰ ਮਹੀਨਾ ਕਮਾਉਨਾਂ ਫੇਰ ਵੀ ਐਸੀ ਤੈਸੀ ਫਿਰੀ ਰਹਿੰਦੀ ਐ। ਕੱਛਾ ਬਨੈਣ ਲੈਣ ਨੂੰ ਵੀ ਤਰਲੇ ਮਾਰੀਦੇ ਐ। ਨਵੇਂ ਕੱਪੜੇ ਪਾ ਕੇ ਤਾਂ ਕਦੀ ਊਂ ਨੀ ਵੇਖੇ। ਅਕਸਰ ਈ ਰੇਲਵੇ ਸ਼ਟੇਸ਼ਨ ਦੀਆਂ ਫੜ੍ਹੀਆਂ ਤੋਂ ਪੁਰਾਣੇ ਕੱਪੜੇ ਲੈ ਲੈ ਪਾਂਉਂਦੇ ਆ ਰਹੇ ਆਂ । ਸਮਝ ਨੀ ਆਂਉਦੀ ਅਸੀਂ ਜਿੰਦਗੀ ਜੀਅ ਰਹੇ ਆਂ ਜਾਂ ਜਿੰਦਗੀ ਸਾਨੂੰ ਜੀਅ ਰਹੀ ਐ।

ਆਪਣੇ ਅੰਦਰ ਮਚਦੀ ਤਰਥੱਲੀ ਨੂੰ ਉਚੀ ਸਾਰੀ ਆਪਣੀਂ ਪਤਨੀ ਸਿਮਰ ਨੂੰ ਸੁਣਾਂ ਕੇ ਗੁੱਸਾ ਸ਼ਾਂਤ ਕਰਨਾਂ ਚਹੁੰਨਾਂ ਤਾਂ ਕਿ ਬਾਹਰ ਬੈਠੀ ਉਹ ਕੁਸ਼ ਬੋਲੇ ਅਤੇ ਮੈਂ ਪੂਰਾ ਮਹੀਨਾਂ ਕੀਤੀ ਕਮਾਈ ਨੂੰ ਟੁਕੜਿਆਂ ਵਿੱਚ ਵੰਡ ਕੇ ਕਿਸੇ ਹੋਰ ਦੀ ਜੇਬ ਵਿਚ ਚਲੇ ਜਾਣ ਦਾ ਦਰਦ ਭੁਲਾ ਸਕਾਂ। ਪਰ ਮੈਨੂੰ ਪਤੈ, ਉਹ ਕੁਸ਼ ਨਹੀਂ ਬੋਲੇਗੀ। ਉਹ ਮੇਰੇ ਵੱਲ ਸਿਰਫ ਟੇਢੀ ਅੱਖ ਨਾਲ ਵੇਖੇਗੀ ਤੇ ਫਿਰ ਆਪਣੇ ਕੰਮ ਵਿਚ ਰੁਝ ਜਾਵੇਗੀ। ਉਹ ਇਵੇਂ ਈ ਕਰਦੀ ਐ ਹਮੇਸ਼ਾ।ਉਸਦੀ ਇਸ ਚੁੱਪ ਵਿਚਲਾ ਰਾਜ ਵੀ ਸਾਡੇ ਦੋਹਾਂ ਵਿਚਕਾਰ ਇਕ ਅਜੀਬ ਤਰਾਂ ਦੀ ਅਸ਼ਾਂਤੀ ਫੈਲਾਈ ਰੱਖਦੈ। ਹਰ ਸਵਾਲ ਦੇ ਜਵਾਬ ਵਿੱਚ ਮਿਲਦੀ ਉਹਦੀ ਹੂੰ ਹਾਂ ਮੈਨੂੰ ਹੋਰ ਕਈ ਸਵਾਲਾਂ ਵਿਚ ਉਲਝਾਈ ਰਖਦੀ ਐ। ਜੇ ਕਦੀ ਕਿਸੇ ਗੱਲੋਂ ਉਹਦੇ ਨਾਲ ਖੁਲ੍ਹ ਕੇ ਹੱਸਣ ਦੀ ਕੋਸ਼ਿਸ਼ ਵੀ ਕਰਦਾਂ ਤਾਂ ਵੀ ਉਹ ਪੂਰਾ ਸਾਥ ਨੀ ਦੇ ਪਾਂਉਦੀ। ਪਤਾ ਨੀ ਕਿਉਂ ਮੁਰਝਾ ਜਿਹੀ ਗਈ ਹੈ ਏਥੇ ਆ ਕੇ।

ਕਿੰਨੇ ਸਾਰੇ ਸੁਪਨੇ ਲੈ ਕੇ ਇਸ ਸ਼ਹਿਰ ਵਿੱਚ ਆਏ ਸਾਂ। ਬਈ ਸ਼ਹਿਰ ਵਿੱਚ ਸੋਹਣਾਂ ਜਿਹਾ ਘਰ ਬਣਾਂਵਾਂਗੇ। ਕਦੇ ਕਦੇ ਰੋਟੀ ਬਾਹਰ ਹੋਟਲ ਵਿੱਚ ਖਾਇਆ ਕਰਾਂਗੇ। ਹਰ ਮਹੀਨੇ ਨਵੇਂ ਕੱਪੜੇ ਲਿਆ ਕਰਾਂਗੇ। ਫੇਰ ਬੱਚੇ ਹੋਣਗੇ ਉਨ੍ਹਾਂ ਨੂੰ ਕਿਸੇ ਵੱਡੇ ਸਕੂਲ ਵਿੱਚ ਪੜ੍ਹਨੇ ਪਾਵਾਂਗੇ। ਇਹ ਸਿਮਰ ਦੇ ਸੁਪਨੇ ਸਨ, ਜੇਹੜੇ ਅਜੇ ਤਾਂਈ ਹਕੀਕਤ ਵਿੱਚ ਨਹੀਂ ਬਦਲ ਸਕੇ। ਸ਼ਾਇਦ ਇਸੇ ਕਰਕੇ ਹੁਣ ਉਹਦਾ ਸੁਭਾਅ ਬਦਲ ਗਿਐ। ਜਦ ਵੀ ਘਰ ਹੁੰਨਾਂ ਤਲਖੀ ਦੀਆਂ ਲਕੀਰਾਂ ਉਹਦੇ ਮੱਥੇ ਤੇ ਆਮ ਈ ਵੇਖਦਾ ਹਾਂ। ਤੇ ਉਤੋਂ ਘੁੰਮਣ ਘੁਮਾਉਣ ਆਲੀ ਗੱਲ ਭੁਲਕੇ ਮੈਂ ਹਮੇਸ਼ਾ ਫੈਕਟਰੀ ਦੀਆਂ ਮਸ਼ੀਨਾਂ ਨਾਲ ਈ ਮਸ਼ੀਨ ਹੋਇਆ ਰਿਹਾ। ਜੇ ਕਦੀ ਸਿਮਰ ਬਾਹਰ ਘੁੰਮਣ ਜਾਣ ਵਾਸਤੇੇ ਕਹਿੰਦੀ ਤਾਂ ਮੈਂ ਥਕਾਵਟ ਦਾ ਬਹਾਨਾ ਲਾ ਕੇ ਟਾਲ ਦਿੰਦਾ ਰਿਹਾ। ਤੇ ਉਹ ਵਿਚਾਰੀ ਹਮੇਸ਼ਾ ਬਨੇਰੇ ਹੀ ਨਾਪਦੀ ਰਹੀ। ਫਿਰ ਉਹ ਵੀ ਹੌਲੀ ਹੋਲੀ ਕਹਿਣੋਂ ਹਟ ਗਈ। ਜਿਵੇਂ ਉਹਨੇ ਆਪਣੇ ਆਪ ਨਾਲ ਈ ਇਹ ਫੈਸਲਾ ਕਰ ਲਿਆ ਹੋਵੇ ਬਈ ਨਹੀਂ ਹੁਣ ਨੀ ਜਾਣਾਂ ਕਿਤੇ।

ਪਿੰਡ ਹੁੰਦੇ ਸਾਂ ਤਾਂ ਸ਼ਹਿਰ ਦੀਆਂ ਰੰਗੀਨੀਆਂ ਬਾਰੇ ਸੁਣ ਕੇ ਮਚਲ ਉਠਦੇ ਸਾਂ। ਪਰ ਇਹ ਨਾ ਜਾਣ ਈ ਨਾ ਸਕੇ ਕਿ ਇਨ੍ਹਾਂ ਰੰਗੀਨੀਆਂ ਪਿਛੇ ਵੀ ਕਿੰਨਾਂ ਕੁਸ਼ ਸੁਲਘ ਰਿਹੈ। ਜਿਵੇਂ ਪਿੰਡਾਂ ਵਿੱਚ ਵੀ ਹੁਣ ਲੋਕ ਸੁਲਘਣ ਲੱਗੇ ਨੇ। ਘੱਟ ਜ਼ਮੀਨਾਂ ਤੇ ਵੱਡੇ ਪਰਿਵਾਰ, ਤੇ ਇਨ੍ਹਾਂ ਪਰਿਵਾਰਾਂ ਵਿੱਚਲੀ ਬੇਇਤਫਾਕੀ ਨੇ ਹੁਣ ਇੱਕ ਹੀ ਘਰ ਦੀ ਚਾਰਦੀਵਾਰੀ ਅੰਦਰ ਕਿੰਨੇ ਕਿੰਨੇ ਘਰ ਉਸਾਰੇ ਹੋੇਏ ਨੇ। ਮੈਂ ਵੀ ਇਹਨਾਂ ਘਰਾਂ ਵਿਚ ਉਗਦੇ ਹੋਰ ਘਰਾਂ ਤੋਂ ਡਰਦਾ ਸ਼ਹਿਰ ਵੱਲ ਕੂਚ ਕਰ ਆਇਆ ਸਾਂ।

ਪਿੰਡੋ ਚੱਲ ਜਦੋਂ ਸ਼ਹਿਰ ਵੱਲ ਵਧ ਰਿਹਾ ਸਾਂ ਤਾਂ ਬੜਾ ਜੋਸ਼ ਸੀ ਕੁਸ਼ ਕਰਨ ਦਾ ਕੁਸ਼ ਬਣਨ ਦਾ। ਪਰ ਜਦੋਂ ਹਕੀਕਤ ਸਾਹਮਣੇ ਆਈ ਕਿ ਇਥੇ ਤਾਂ ਹਰ ਚੀਜ ਈ ਮੁਲ ਵਿਕਦੀ ਐ ਤਾਂ ਮਨ ਚ ਉਸਰੇ ਸਾਰੇ ਕਿਲ੍ਹੇ ਢਹਿਣ ਲਗੇ। ਸ਼ਹਿਰ ਦੀਆਂ ਲੋੜਾਂ ਦੇ ਹਿਸਾਬ ਨਾਲ ਖਰਚੇ ਨਾਲ ਖਰਚਾ ਜੁੜਦਾ ਚਲਿਆ ਗਿਆ। ਇਕ ਪਾਸੇ ਘਰ ਦੇ ਖਰਚੇ ਵਧਦੇ ਰਹੇ ਦੂਜੇ ਪਾਸੇ ਉਨ੍ਹਾਂ ਨੁੰ ਪੂਰਾ ਕਰਨ ਲਈ ਮੇਰੇ ਕੰਮ ਦੇ ਘੰਟੇ।ਘਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਇਹ ਭੁਲ ਹੀ ਗਿਆ ਕਿ ਪਿਛੇ ਬਹੁਤ ਕੁਸ਼ ਛਡਦਾ ਜਾ ਰਿਹਾਂ। ਸਿਮਰ ਵੀ ਸ਼ਾਇਦ ਇਸੇ ਗੱਲੋਂ ਹੀ ਦੁਖੀ ਹੈ ਕਿ ਮੈਂ ਉਹਨੂੰ ਪੂਰਾ ਸਮਾਂ ਨੀ ਦੇ ਪਾ ਰਿਹਾ ਜਿਨਾਂ ਪਹਿਲਾਂ ਪਿੰਡ ਹੁੰਦਾ ਦਿੰਦਾ ਰਿਹਾ ਹਾਂ। ਪਰ ਇਸ ਸ਼ਹਿਰ ਵਿੱਚ ਤਾਂ ਆ ਕੇ ਇਉਂ ਲਗਦੈ ਜਿਵੇਂ ਰੋਟੀ ਹੀ ਧਰਤੀ ਜਿੱਡੀ ਹੋ ਗਈ ਹੋਵੇ। ਜੀਹਦੇ ਦੁਆਲੇ ਚੱਕਰ ਕੱਢਦਾ ਦਿਨ ਰਾਤ ਇੱਕ ਕਰੀ ਗਿਆਂ ਤੇ ਉਤੋਂ ਕਿਰਾਏ ਵੱਖਰੇ । ਪਿੱਛੇ ਬਚਿਆ ਕੂੜਾ ਚੱਕਣ ਵਾਲਾ ਵੀ ਹੁਣ ਮਹੀਨੇ ਦੇ ਪੰਜਾਹ ਰੁਪੱਈਏ ਮੰਗਦਾ। ਕਈ ਵਾਰੀ ਤਾਂ ਐਂ ਲਗਦੈ ਜਿਵੇਂ ਕਿਰਾਏ ਦੇਣ ਲਈ ਹੀ ਕੰਮ ਕਰਦੇ ਹੋਈਏ। ਰਪੱਈਆ ਰਪੱਈਆ ਕਰਕੇ ਕੱਠੀ ਕੀਤੀ ਤਨਖਾਹ ਦਾ ਤੀਜਾ ਹਿੱਸਾ ਕਿਰਾਏ ਵਿਚ ਹੀ ਚਲਾ ਜਾਂਦੈ।

ਜਦੋਂ ਨਵਾਂ ਨਵਾਂ ਆਇਆ ਸਾਂ ਪਹਿਲਾਂ ਤਾਂ ਕਈ ਦਿਨ ਕੰਮ ਈ ਨੀ ਮਿਲਿਆ। ਬਾਦ ਚ ਮਿਸਤਰੀਆਂ ਨਾਲ ਦਿਹਾੜੀ ਜਾਂਦਾ ਰਿਹਾ। ਫੇਰ ਇਕ ਸਾਥੀ ਦੀ ਮਦਦ ਨਾਲ ਲੋਹਾ ਫੈਕਟਰੀ ਚ ਹੈਲਪਰ ਦੀ ਨੌਕਰੀ ਮਿਲ ਗਈ। ਪਰ ਤਨਖਾਹ ਬਹੁਤ ਘੱਟ ਸੀ, ਮਹਿਜ ਪੱਚੀ ਸੌ ਰਪੱਈਆ ਤੇ ਓਵਰਟੈਮ ਪਾ ਕੇ ਵੱਧ ਤੋਂ ਵੱਧ ਤਿੰਨ ਹਜਾਰ ਬਣਦਾ ਸੀ। ਕਮਰੇ ਦਾ ਕਿਰਾਇਆ ਤੇ ਬਾਕੀ ਖਰਚੇ ਕੱਢ ਕੇ ਦੋ ਤਿੰਨ ਸੌ ਮਸਾਂ ਬਚਦਾ। ਜੇ ਕਿਤੇ ਕੋਈ ਢਿਲ ਮੱਠ ਹੋ ਜਾਣੀਂ ਤਾਂ ਉਹ ਵੀ ਡਾਕਟਰ ਦੀ ਜੇਬ ਵਿਚ ਚਲਾ ਜਾਂਦਾ। ਫੇਰ ਨਾਲ ਦੇ ਸਾਥੀਆਂ ਤੋਂ ਪੰਜਾਹ ਪੰਜਾਹ ਰਪੱਈਏ ਮੰਗ ਕੇ ਉਪਰਲੇ ਖਰਚੇ ਚਲਾਉਣੇ ਪੈਂਦੇ। ਇਸੇ ਤੁਛ ਜਿਹੀ ਤਨਖਾਹ ਨੂੰ ਉਗਲਾਂ ਦੇ ਪੋਟਿਆਂ ਤੇ ਅੱਧੇ ਪੌਣੇ ਕਰਦਾ ਕੋਈ ਹੋਰ ਕੰਮ ਲੱਭਣ ਬਾਰੇ ਸੋਚ ਹੀ ਨਹੀਂ ਸਕਿਆ।ਡਰਦਾ ਸਾਂ ਜੇ ਕਿਤੇ ਇਹ ਨੌਕਰੀ ਹੱਥੋਂ ਖਿਸਕ ਗਈ ਤਾਂ ਪਤਾ ਨੀ ਹੋਰ ਮਿਲੇ ਜਾਂ ਨਾ । ਬੱਸ ਐਸੇ ਅਹਿਸਾਸ ਨੇ ਮੇਰੇ ਪੈਰ ਜਕੜੀ ਰੱਖੇ। ਤੇ ਮੈਂ ਹੁਣ ਤਾਂਈ ਖੂਹ ਦਾ ਡੱਡੂ ਬਣਿਆ ਰਿਹਾ।

ਫਿਰ ਸਿਮਰ ਪ੍ਰੈਗਨੈਂਟ ਹੋ ਗਈ। ਮੇਰੇ ਜਿਹਨ ਚ ਫਿਕਰ ਵਧਣ ਲੱਗੇ। ਪੈਸੇ ਕੱਠੇ ਕਰਨ ਲਈ ਡਬਲ ਡਬਲ ਸ਼ਿਫਟ ਚ ਕੰਮ ਕਰਨ ਲੱਗ ਪਿਆ। ਜੇਹੜੇ ਸੈਕਸ਼ਨ ਵਿਚ ਕੋਈ ਗੈਰ ਹਾਜਰ ਹੁੰਦਾ ਦੂਜੀ ਦਿਹਾੜੀ ਉਹਦੀ ਕਰਦਾ। ਸਵੇਰੇ ਅੱਠ ਵਜੇ ਘਰੋਂ ਗਏ ਨੇ ਰਾਤੀਂ ਦਸ ਦਸ ਵਜੇ ਤਾਂਈ ਪਰਤਣਾਂ। ਘਰੋਂ ਫੈਕਟਰੀ ਤੇ ਫੈਕਟਰੀ ਤੋਂ ਘਰ ਕੋਹਲੂ ਨਾਲ ਜੁੜੇ ਬਲਦ ਵਾਂਗੂੰ ਬੇਰੋਕ ਦੌੜਦਾ ਰਿਹਾ। ਤੇ ਇਸੇ ਭੱਜ ਦੌੜ ਵਿੱਚ ਹੀ ਦੋ ਬੱਚਿਆਂ ਦਾ ਬਾਪ ਬਣ ਗਿਆ। ਬੱਚੇ ਵੀ ਕਦੋਂ ਵੱਡੇ ਹੋਏ ਕਦੋਂ ਸਕੂਲ ਜਾਣ ਲੱਗੇ ਪਤਾ ਈ ਨੀ ਲੱਗਾ। ਉਹ ਸਿਮਰ ਜਾਣੇ ਜਾਂ ਉਹਦਾ ਕੰਮ। ਕਿਉਕਿ ਮੈਂ ਤਾਂ ਦੋਹਾਂ ਭੈਣ ਭਰਾਵਾਂ ਨੂੰ ਜਿਆਦਾਤਰ ਸੁਤੇ ਹੋਏ ਈ ਦੇਖਦਾ ਹਾਂ। ਜੇ ਕਦੀ ਪਾਵਰਕੱਟ ਦੀ ਵਜ੍ਹਾ ਕਰਕੇ ਟੈਮ ਨਾਲ ਘਰੇ ਮੁੜਦਾ ਹਾਂ ਤਾਂ ਦੋਹਾਂ ਭੈਣ ਭਰਾਵਾਂ ਨੂੰ ਖੇਡਦੇ ਵੇਖ ਕੇ ਚਾਅ ਚੜ੍ਹ ਜਾਂਦੈ। ਸਿਮਰ ਦੋਹਾਂ ਦੀਆਂ ਸ਼ਰਾਰਤਾਂ ਦਸਦੀ ਰਹਿੰਦੀ ਐ। ਮੈਂ ਖੁਸ਼ ਹੁੰਦਾ ਰਹਿੰਦਾ ਹਾਂ। ਕਈ ਵਾਰੀ ਸੁਤੇ ਪਿਆਂ ਦੇ ਮੱਥੇ ਚੁੰਮਣ ਦੀ ਕੋਸ਼ਿਸ਼ ਕਰਨੀ ਤਾਂ ਸਿਮਰ ਨੇ ਟੋਕ ਦੇਣਾਂ “ਨਈਂ ਜੀ ਨਈਂ, ਰਾਤੀਂ ਸੁੱਤੇ ਪਏ ਬੱਚੇ ਦਾ ਮੂੰਹ ਨੀ ਚੁੰਮੀਦਾ ਹੁੰਦਾ ਬਦਸ਼ਗਨੀ ਮੰਨੀਂ ਜਾਂਦੀ ਐ।” ਫਿਰ ਪਲਟ ਕੇ ਸਿਮਰ ਨੂੰ ਕਲਾਵੇ ‘ਚ ਭਰਨ ਦੀ ਕੋਸ਼ਿਸ਼ ਕਰਨੀ ਤਾਂ ਉਹਨੇ ਅੱਗੋਂ ਸਵਾਲ ਦਾਗ ਦੇਣਾਂ।“ਕਿਉਂ……..! ਆਗੀ ਮੇਰੀ ਯਾਦ...ਤੁਹਾਨੂੰ ਮਰਦਾਂ ਨੂੰ ਜਨਾਨੀਆਂ ਰਾਤ ਨੁੰ ਈ ਕਿਉਂ ਚੇਤੇ ਆਉਂਦੀਆਂ ਹੁੰਦੀਆਂ। ਦਿਨੇ ਆ ਕੇ ਤਾਂ ਕਦੀ ਸ਼ਕਲ ਤੱਕ ਨੀ ਵੇਖੀ ਮੇਰੀ।” ਉਹ ਜਦੋਂ ਐਸ ਤਰਾਂ ਬੋਲਦੀ ਐ ਤਾਂ ਇਕੋ ਟੱਕ ਬਿਨਾਂ ਅੱਖ ਝਪਕੇ ਮੇਰੇ ਚੇਹਰੇ ਵੱਲ ਵੇਖਦੀ ਰਹਿੰਦੀ ਐ। ਮੈਂ ਚੁਪ ਕਰ ਜਾਨਾਂ। ਮੇਰੇ ਅੰਦਰ ਦੌੜਦੇ ਘੋੜੇ ਦੀਆਂ ਲਗਾਮਾਂ ਫਾਂਸੀ ਦਾ ਫੰਦਾ ਬਣ ਜਾਂਦੀਆਂ ਨੇ ਉਦੋਂ। ਤੇ ਉਹ ਰੱਸਾ ਤੁੜਾਉਂਦਾ ਭੁੰਜੇ ਮੂਧੇ ਮੂੰਹ ਜਾ ਡਿਗਦੈ ਤੇ ਪਤਾ ਈ ਨੀ ਲਗਦਾ ਕਦੋਂ ਦਿਨ ਚੜ੍ਹ ਜਾਂਦੈ। ਤੇ ਮੈਂ ਸੈਂਕਲ ਦੇ ਹੈਂਡਲ ਨਾਲ ਰੋਟੀ ਵਾਲਾ ਟਿਫਨ ਟੰਗ ਫਿਰ ਪੈਂਡਲ ਮਾਰਨ ਲਗਦਾ ਹਾਂ। ਇਹ ਸਭ ਮੈਂ ਤੁਹਾਡੇ ਲਈ ਹੀ ਕਰ ਰਿਹਾਂ ਸਿਮਰ। ਤੁਸੀ ਸਾਰੇ ਆਪਣੇ ਚਾਅ ਪੂਰੇ ਕਰ ਸਕੋਂ ਇਸੇ ਕਰਕੇ ਤਾਂ ਦੌੜ ਰਿਹਾਂ ਦਿਨ ਰਾਤ।ਕਈ ਵਾਰੀ ਸੋਚਦਾਂ ਇਹ ਗੱਲ ਸਿਮਰ ਨੂੰ ਸਮਝਾਵਾਂ ਕਿ ਸਾਡੇ ਵਰਗੇ ਲੋਕ ਜਿੰਦਗੀ ਜਰੂਰਤਾਂ ਦੇ ਹਿਸਾਬ ਨਾਲ ਈ ਜੀਅ ਸਕਦੇ ਆ ਨਾ ਕਿ ਖਾਹਿਸ਼ਾਂ ਹਿਸਾਬ ਨਾਲ। ਪਰ ਕੀ ਪਤਾ ਉਹ ਮੈਨੂੰ ਸਮਝੇ ਜਾਂ ਨਾਂ, ਕੀ ਪਤਾ ਉਹਦਾ ਅਗਲਾ ਸਵਾਲ ਕੀ ਹੋਵੇ। ਕੀ ਪਤਾ ਮੇਰੇ ਵਾਂਗ ਹੀ ਉਹਦੇ ਅੰਦਰ ਵੀ ਕੀ ਕੁਸ਼ ਟੁੱਟਦਾ ਭੱਜਦਾ ਹੋਵੇ। ਨਈ ਕੋਈ ਜਨਾਨੀ ਐਨੀ ਅਣਭੋਲ ਵੀ ਨਈ ਹੁੰਦੀ ਕਿ ਆਪਣੇ ਬੰਦੇ ਦੀ ਰਮਜ਼ ਨਾ ਸਮਝੇ। ਸੋਚਦਾ ਮੈ ਫੈਕਟਰੀ ਵੱਲ ਚਲ ਪਿਆ ਹਾਂ।

ਫੈਕਟਰੀ ਦੇ ਗੇਟ ਮੂਹਰੇ ਪਹੁੰਚਿਆ ਹਾਂ। ਗੇਟ ਖੁਲਣ ਵਿਚ ਅਜੇ ਦਸ ਮਿੰਟ ਬਾਕੀ ਨੇ।ਨਾਲ ਦੇ ਸਾਥੀ ਭੱਈਏ ਸਾਈਡ ਤੇ ਖੜੇ ਬੀੜੀਆਂ ਪੀ ਰਹੇ ਨੇ। ਸੈਂਕਲ ਸਟੈਂਡ ਤੇ ਲਾ ਮੈਂ ਉਨ੍ਹਾਂ ਵੱਲ ਨੂੰ ਹੋ ਤੁਰਿਆਂ। ਸੰਤੋਸ਼ ਨੇ ਸੂਟਾ ਖਿੱਚ ਕੇ ਬੀੜੀ ਮੇਰੇ ਵੱਲ ਵਧਾ ਦਿਤੀ। ਮੈਂ ਵੀ ਉਨ੍ਹਾਂ ਚ ਖੜੋ ਕੇ ਬੀੜੀ ਪੀਣ ਲਗਾ ਹਾਂ।
“ਕਾ ਹਾਲ ਹੈ ਗੁਰਦੀਪ ਭਾਈ..।” ਸਾਰੇ ਵਾਰੋ ਵਾਰੀ ਮੈਨੂੰ ਤਪਾਕ ਨਾਲ ਮਿਲਦੇ ਨੇ।
“ਗੁਰਦੀਪ ਭਾਈ ਆਜ ਫਿਰ ਪਾਵਰ ਕੱਟ ਹੈ। ਪਾਂਚ ਬਜੇ ਕੇ ਬਾਦ ਫੈਕਟਰੀ ਨਹੀਂ ਚਲੇਗੀ।” ਸੰਤੋਸ਼ ਮੇਰੀ ਸ਼ਕਲ ਵੇਖ ਕੇ ਬੋਲਿਆ।
“ਹੈਂਅ।” ਜਿਵੇਂ ਮੈਨੂੰ ਕਰੰਟ ਦਾ ਝਟਕਾ ਲੱਗਾ ਹੋਵੇ।
“ਫਿਰ ਕਿਆ, ਸ਼ਾਮ ਕੋ ਛੁੱਟੀ ਜਲਦੀ ਹੋ ਜਾਏਗੀ। ਅਬ ਡਬਲ ਤੋ ਕਿਆ ਦੋ ਘੰਟੇ ਟਾਈਮ ਭੀ ਨਹੀਂ ਲਗਾ ਸਕਤੇ ਯਾਰ।”

ਸੰਤੋਸ਼ ਦੀ ਗੱਲ ਸੁਣ ਕੇ ਮੈ ਸਸ਼ੋਪੰਜ ਜਿਹੀ ਚ ਪੈ ਗਿਆ ਹਾਂ। ਪਿਛਲੇ ਤਿੰਨ ਦਿਨਾਂ ਤੋਂ ਇਵੇਂ ਹੀ ਚੱਲੀ ਜਾ ਰਿਹੈ। ਓਵਰਟੈਮ ਨਹੀਂ ਲੱਗ ਰਿਹਾ।ਮਹੀਨੇ ਦੇ ਪੰਦਰਾਂ ਦਿਨ ਹੀ ਟਾਈਮ ਲੱਗਣਾਂ ਹੁੰਦਾ, ਬਾਕੀ ਦੇ ਦਿਨ ਤਾਂ ਦੋ ਦੋ ਤਿੰਨ ਤਿੰਨ ਘੰਟੇ ਈ ਮਸਾਂ ਲਗਦੇ ਨੇ ਪਰ ਆਹ ਮਹੀਨਾਂ ਤਾਂ ਐਂ ਲਗਦਾ ਜਿਵੇਂ ਕਰਜਾ ਈ ਲੈ ਕੇ ਚੜ੍ਹਿਆ ਹੋਵੇ। ਮੇਰੀ ਪ੍ਰੇਸ਼ਾਨੀ ਵਧਦੀ ਜਾ ਰਹੀ ਐ।

“ਗੁਰਦੀਪ ਭਾਈ ਐਸਾ ਕਰਤੇ ਹੈਂ, ਯੇ ਸਾਥ ਵਾਲੀ ਫੈਕਟਰੀ ਬੰਦ ਪੜੀ ਹੈ। ਇਸਮੇਂ ਗਾਰਡ ਕੇ ਲੀਏ ਦੋ ਬੰਦੇ ਕੀ ਲੋੜ ਹੈ। ਸਿਰਫ ਰਾਤ ਕੀ ਹੀ ਡਿਊਟੀ ਹੈ ਆਠ ਬਜੇ ਸੇ ਛੇ ਬਜੇ ਤੱਕ। ਦੇਖ ਲੋ ਅਗਰ ਕਰ ਸਕਤੇ ਹੋ ਤੋ ਕਰ ਲੋ। ਵੈਸੇ ਭੀ ਰਾਤ ਕੋ ਕਰਨਾ ਕਿਆ ਹੈ, ਸਿਰਫ ਸੋਨਾ ਈ ਤੋ ਹੈ। ਔਰ ਤਨਖਾਹ ਪੱਚੀ ਸੌ ਮਿਲ ਜਾਏਗੀ। ਅਪਨੀ ਫੈਕਟਰੀ ਸੇ ਤੋ ਅੱਛਾ ਈ ਹੈ, ਓਵਰਟੈਮ ਕੀ ਤਰਫ ਤੋ ਨਹੀਂ ਦੇਖਨਾਂ ਪੜੇਗਾ। ਸੋਚ ਲੇ ਅਗਰ ਕਰ ਸਕਤਾ ਹੈ ਤੋ ਕਰ ਲੇ।”

ਸੰਤੋਸ਼ ਦੀ ਗੱਲ ਸੁਣ ਕੇ ਮੈ ਫਿਰ ਸੋਚੀਂ ਪੈ ਗਿਆ ਹਾਂ। ਅੰਦਰ ਈ ਅੰਦਰ ਪੈਸਿਆਂ ਦਾ ਜੋੜ ਤੋੜ ਕਰਕੇ ਹਾਂ ਕਰ ਦਿਤੀ। ਸ਼ਾਮੀਂ ਘਰ ਪਰਤਿਆ ਤਾਂ ਮਕਾਨ ਦੀ ਛੱਤ ਤੇ ਬੱਚਿਆਂ ਨੂੰ ਖੇਡਦੇ ਵੇਖ ਕੇ ਚਾਅ ਜਿਹਾ ਚੜ੍ਹ ਗਿਆ। ਨੀਲੂ ਨੇ ਭੱਜ ਕੇ ਮੇਰੀਆਂ ਲੱਤਾਂ ਨੂੰ ਜੱਫੀ ਪਾ ਲਈ। ਪਰ ਵਿਸ਼ਾਲ ਪਰ੍ਹਾਂ ਹੀ ਖੜ੍ਹਾ ਰਿਹਾ, ਜਿਵੇਂ ਕਿਸੇ ਓਪਰੇ ਬੰਦੇ ਨੂੰ ਸਿਆਣ ਰਿਹਾ ਹੋਵੇ। ਫਿਰ ਕੋਲ ਬੈਠੀ ਸਿਮਰ ਬੋਲੀ

“ਵਿਸ਼ਾਲ ਪਾਪਾ” ਤਾਂ ਉਹ ਵੀ ਭੱਜ ਕੇ ਆ ਗਿਆ। ਉਹਦੇ ਐਸ ਤਰਾਂ ਬੋਲਣ ਨਾਲ ਮੇਰੇ ਅੰਦਰੋਂ ਕੁਸ਼ ਭੁਰ ਜਿਹਾ ਗਿਆ।
ਵਿਸ਼ਾਲ ਤੇ ਨੀਲੂ ਗਵਾਂਢੀਆਂ ਦੇ ਬੱਚਿਆਂ ਨਾਲ ਪਤੰਗ ਉਡਾ ਰਹੇ ਨੇ। ਇਕ ਦੂਜੇ ਦੇ ਪਤੰਗਾਂ ਵਿੱਚ ਪੇਚੇ ਫਸਾ ਕੇ ਕੱਟਣ ਦੀ ਕੋਸ਼ਿਸ ਕਰ ਰਹੇ ਨੇ। ਜਦੋਂ ਕੋਈ ਪਤੰਗ ਕਟ ਜਾਂਦੀ ਹੈ ਤਾਂ ਉਚੀ ਉਚੀ ਉਹ ਕਟਾ ਉਹ ਕਟਾ ਕਹਿ ਕਹਿ ਕੇ ਹੱਸ ਰਹੇ ਨੇ। ਮੈਂ ਸਿਮਰ ਦੀ ਮੰਜੀ ਤੇ ਬੈਠਾ ਬੱਚਿਆਂ ਨੂੰ ਮਸਤੀ ਕਰਦੇ ਵੇਖ ਕੇ ਮਨੋ ਮਨੀਂ ਖੁਸ਼ ਹੋ ਰਿਹਾਂ। ਮੇਰਾ ਵੀ ਇਨ੍ਹਾਂ ਵਿਚ ਰਲ ਕੇ ਹੱਸਣ ਕੂਕਣ ਨੂੰ ਚਿੱਤ ਕਰਦੈ। ਪਰ ਪਤਾ ਨੀ ਕੀ ਸੋਚਕੇ ਚੁਪ ਕਰ ਜਾਨਾਂ।

ਸਿਮਰ ਹਮੇਸ਼ਾ ਦੀ ਤਰਾਂ ਸਲਾਈਆਂ ਨਾਲ ਕੁਸ਼ ਬੁਣ ਰਹੀ ਐ।ਜਦੋ ਵੀਂ ਟੈਮ ਨਾਲ ਘਰ ਆਉਨਾਂ ਤਾਂ ਏਹਦੇ ਹੱਥਾਂ ‘ਚ ਸਿਲਾਈਆਂ ਈ ਵੇਖਦਾ ਹਾਂ। ਘਰ ਬੈਠੀ ਇਹ ਵੀ ਨਿੱਕੇ ਮੋਟੇ ਕੰਮ ਕਰਦੀ ਰਹਿੰਦੀ ਹੈ। ਉਹ ਵਿਚੋਂ ਟੇਢੀ ਅੱਖ ਨਾਲ ਮੇਰੇ ਵੱਲ ਵੇਖ ਲੈਂਦੀ ਹੈ, ਫਿਰ ਆਪਣੇ ਕੰਮ ਵਿੱਚ ਰੁਝ ਜਾਂਦੀ ਹੈ।
“ਇੱਕ ਗੱਲ ਆਖਾਂ ਸਿਮਰ।”
“ਹੂੰਅ।”

“ਰਾਤ ਦੀ ਡਿਊਟੀ ਮਿਲ ਰਹੀ ਐ ਇਕ ਫੈਕਟਰੀ ਵਿੱਚ। ਪੱਚੀ ਸੌ ਤਨਖਾਹ, ਜੇ ਕਹੇਂ ਤਾਂ ਕਰ ਲਵਾਂ। ਦਿਨ ਦੀ ਡਿਊਟੀ ਤੋਂ ਬਾਦ ਓਧਰ ਕਰ ਲਿਆ ਕਰਾਂਗੇ। ਫੈਕਟਰੀ ਬੰਦ ਪਈ ਹੈ, ਸਿਰਫ ਸੌਣਾਂ ਈ ਐ ਉਥੇ। ਇਸ ਫੈਕਟਰੀ ਵਿੱਚ ਤਾਂ ਬਿਜਲੀ ਦੇ ਕੱਟਾਂ ਕਰਕੇ ਟਾਈਮ ਲਗਣੋਂ ਹਟ ਗਿਆ। ਜੇ ਅੱਗੇ ਟਾਈਮ ਨਾ ਲੱਗਾ ਤਾਂ ਪੂਰਾ ਮਹੀਨਾਂ ਮੰਗ ਮੰਗ ਕੇ ਗੁਜਾਰਾ ਕਰਨਾ ਪਊ।”
ਸਿਮਰ ਯਕਦਮ ਨਜਰ ਭਰਕੇ ਮੇਰੇ ਵੱਲ ਵੇਖਦੀ ਹੈ ਜਿਵੇਂ ਮੈਂ ਕੁਸ਼ ਗਲਤ ਕਹਿਤਾ ਹੋਵੇ।
“ਫੇਰ ਤਾਂ ਸਵੇਰੇ ਹੀ ਆਇਆ ਕਰੋਂਗੇ।”
“ਹਾਂ ਮੈਂ ਸੱਤ ਵਜੇ ਆ ਜਿਆ ਕਰੂੰ, ਤੂੰ ਰੋਟੀ ਬਣਾਂ ਕੇ ਰੱਖ ਛੱਡਿਆ ਕਰੀਂ। ਸਵੇਰੇ ਨਹਾ ਕੇ ਫੈਕਟਰੀ ਚਲਾ ਜਾਇਆ ਕਰੂੰਗਾ।”

ਇਸਤੋਂ ਅੱਗੇ ਸਿਮਰ ਕੁਸ਼ ਨਹੀਂ ਬੋਲਦੀ। ਉਹਦੇ ਹੱਥਾਂ ਦੀਆਂ ਸਿਲਾਈਆਂ ਤੇਜ ਤੇਜ ਉਪਰ ਥੱਲੇ ਹੋ ਰਹੀਆਂ ਨੇ। ਜਿਵੇਂ ਉਹ ਕੁਸ਼ ਕਹਿਣਾਂ ਚਹੁੰਦੀ ਹੋਵੇ ਪਰ ਆਪਣਾਂ ਸਾਰਾ ਵੇਗ ਸਿਲਾਈਆਂ ਉਪਰ ਹੀ ਟਿਕਾ ਦਿਤਾ ਹੋਵੇ। ਉਹ ਉਠ ਕੇ ਹੇਠਾਂ ਚਲੀ ਗਈ ਹੈ ਜਿਵੇਂ ਮੇਰੇ ਨਾਲ ਨਰਾਜ ਹੋਗੀ ਹੋਵੇ।

ਮੇਰਾ ਧਿਆਨ ਫਿਰ ਨਿਆਣਿਆਂ ਵੱਲ ਚਲਾ ਜਾਂਦੈ। ਜਿਵੇਂ ਆਪਣੇ ਬਚਪਨ ਵਿੱਚ ਖੋਹ ਗਿਆ ਹੋਵਾਂ। ਕਿੰਨੀਆਂ ਹੀ ਖੇਡਾਂ ਮੇਰੇ ਜਿਹਨ ਵਿੱਚ ਘੁੰਮ ਗਈਆਂ ਨੇ ਜੇਹੜੀਆਂ ਕਦੇ ਬਚਪਨ ਵਿੱਚ ਦੋਸਤਾਂ ਨਾਲ ਖੇਡੀਆਂ ਸਨ। ਬਹੁਤ ਮਸਤੀ ਕੀਤੀ ਹੈ ਬਚਪਨ ਵਿੱਚ, ਇਵੇਂ ਹੀ ਜਿਵੇਂ ਇਹ ਬੱਚੇ ਕਰ ਰਹੇ ਨੇ।

ਸਿਮਰ ਚਾਹ ਬਣਾਂ ਕੇ ਲੈ ਆਈ ਹੈ। ਗਲਾਸੀ ਮੈਂਨੂੰ ਫੜਾਉਦਿਆਂ ਕਹਿੰਦੀ “ਮਕਾਨ ਮਾਲਕ ਉਪਰ ਆਇਆ ਸੀ.ਕਹਿੰਦਾ ਸਾਲ ਹੋ ਗਿਐ ਕਿਰਾਇਆ ਦੋ ਸੌ ਹੋਰ ਵਧਾਊਣੈਂ, ਨਾਲੇ ਬਿਜਲੀ ਦੀ ਯੂਨਟ ਪੰਜਾਹ ਪੈਸੇ ਵਧਾਉਣੀਂ ਐਂ।”ਚਾਹ ਦੀ ਘੁੱਟ ਜਿਵੇਂ ਮੇਰੇ ਸੰਘ ਵਿੱਚ ਈ ਅੜ ਗਈ ਹੋਵੇ। ਮੈਂ ਸਿਮਰ ਵੱਲ ਵੇਖਦਾ ਹਾਂ, ਉਹ ਵੀ ਮੇਰੇ ਚੇਹਰੇ ਵੱਲ ਤੱਕ ਰਹੀ ਐ।
“ਤੂੰ ਕੀ ਕਿਹਾ ਫਿਰ.?”
“ਮੈਂ ਕੀ ਕਹਿਣਾਂ ਸੀ.ਤੁਸੀ ਦੱਸੋ ਕਿਵੇਂ ਕਰੀਏ।”

“ਆਪਾਂ ਕਮਰਾ ਬਦਲ ਲੈਨੇ ਆਂ। ਜੇ ਇਥੇ ਐਨਾਂ ਕਿਰਾਇਆ ਭਰਨਾ ਪੈ ਗਿਆ ਤਾਂ ਘੱਟੋ ਘੱਟ ਪੰਜ ਸੌ ਰਪੱਈਆ ਹੋਰ ਨਾਲ ਜੁੜ ਜਾਣਾਂ। ਬਾਦ ਚ ਔਖੇ ਹੋਵਾਂਗੇ, ਫੈਦਾ ਕੋਈ ਹੋਣਾਂ ਨੀ। ਤੂੰ ਐਂ ਕਰੀਂ.ਔਹ ਧੱਕਾ ਕਲੋਨੀ ਚਲੀ ਜਾਵੀਂ ਕਿਸੇ ਜਨਾਨੀ ਨੂੰ ਨਾਲ ਲੈ ਕੇ।ਸੁਣਿਆਂ ਓਧਰ ਕਮਰੇ ਸਸਤੇ ਮਿਲ ਜਾਂਦੇ ਐ।”

ਸਿਮਰ ਮੇਰੀ ਹਾਂ ‘ਚ ਹਾਂ ਮਿਲਾ ਕੇ ਗਿਲਾਸ ਚੱਕ ਹੇਠਾਂ ਚਲੀ ਗਈ ਹੈ। ਮੈਂ ਘਰੋਂ ਬਾਹਰ ਨਿਕਲ ਬੀੜੀ ਸੁਲਘਾ ਕੇ ਗਲੀ ਵਿੱਚ ਟਹਿਲਣ ਲੱਗਾ ਹਾਂ। ਆਂਢ ਗੁਆਂਢ ਦੇ ਲੋਕ ਆ ਜਾ ਰਹੇ ਨੇ। ਸਭ ਮੈਨੂੰ ਓਪਰੀ ਨਜਰ ਨਾਲ ਤਾੜ ਰਹੇ ਨੇ ਜਿਵੇਂ ਕੋਈ ਨਵਾਂ ਆਇਆ ਬੰਦਾ ਘਰ ਭੁਲ ਗਿਆ ਹੋਵੇ। ਮੈਨੂੰ ਆਪਣੇ ਆਪ ਵਿੱਚ ਹੀ ਗਿਲਾਨੀ ਜਿਹੀ ਮਹਿਸੂਸ ਹੁੰਦੀ ਹੈ।ਪਿੰਡ ਹੁੰਦਾ ਸਾਂ ਤਾਂ ਲੋਕ ਸ਼ਕਲ ਤੋਂ ਈ ਪਛਾਣ ਲੈਂਦੇ ਸਨ ਕਿ ਜਗੀਰ ਨੰਬਰਦਾਰ ਦਾ ਮੁੰਡਾ ਹੈ। ਪਰ ਇਸ ਸ਼ਹਿਰ ਦੀਆਂ ਗਲੀਆਂ ਨੇ ਤਾਂ ਬੰਦੇ ਦੀ ਪਛਾਣ ਹੀ ਧੁੰਦਲੀ ਕੀਤੀ ਪਈ ਹੈ। ਇਥੇ ਕੌਣ ਕਿਸੇ ਨੂੰ ਪਛਾਣਦੈ। ਊਂ ਇਹ ਹੈ ਵੀ ਚੰਗਾ। ਪਿੰਡਾਂ ਵਿਚ ਤਾਂ ਗਰੀਬ ਜਿਮੀਂਦਾਰ ਹੁਣ ਦਿਹਾੜੀ ਕਰਨ ਜੋਗੇ ਵੀ ਨੀ ਰਹੇ, ਲੋਕ ਉਗਲਾਂ ਕਰ ਕਰ ਪ੍ਰੇਸ਼ਾਨ ਕਰੀ ਰੱਖਦੇ ਐ। ਇਸ ਗੱਲੋਂ ਇਹ ਸ਼ਹਿਰ ਤਾਂ ਚੰਗਾ, ਇਥੇ ਜੋ ਮਰਜੀ ਕਰੀ ਜਾਓ ਕੋਈ ਪੁਛਦਾ ਤਾਂ ਨੀਂ।ਨਈਂ ਸਾਡੇ ਅਰਗਿਆਂ ਲਈ ਤਾਂ ਇਹ ਜਿਮੀਂਦਾਰ ਲਫਜ ਸਾਲਾ ਛੂਤ ਦੀ ਬਿਮਾਰੀ ਵਰਗਾ ਬਣ ਗਿਆ ਹੁਣ।

ਆਸਾ ਪਾਸਾ ਵੇਖਦਾ ਗਲੀ ਦੇ ਮੋੜ ਤਾਂਈ ਜਾਂਦਾ ਹਾਂ। ਪਰ ਕੋਈ ਵੀ ਪਛਾਣ ਵਾਲਾ ਨਈ ਦਿਸਦਾ। ਵਾਪਸ ਕਮਰੇ ਵਿੱਚ ਆ ਕੇ ਟੀ.ਵੀ. ਦੇਖਣ ਲੱਗਾ ਪਿਆ ਹਾਂ। ਸਿਮਰ ਰੋਟੀ ਬਣਾਉਣ ਦੇ ਆਹਰ ਲੱਗੀ ਹੋਈ ਹੈ। ਮੈਂ ਬੈਡ ਤੇ ਟੇਢਾ ਪਿਆ ਟੀ.ਵੀ. ਦੇ ਚੈਨਲ ਬਦਲ ਰਿਹਾਂ। ਸਮਝ ਨੀ ਆ ਰਹੀ ਮੈਂ ਕੀ ਵੇਖਣਾਂ ਚਹੁੰਨਾਂ। ਮੇਰੀ ਇੱਛਾ ਮੁਤਾਬਕ ਕੋਈ ਚੈਨਲ ਕਿਉਂ ਨੀ ਚੱਲ ਰਿਹਾ। ਚੈਨਲ ਬਦਲ ਬਦਲ ਕੇ ਮੇਰੇ ਹੱਥਾਂ ਦੀਆਂ ਉਗਲਾਂ ਥੱਕ ਰਹੀਆਂ ਨੇ। ਮੈਂ ਟੀ.ਵੀ. ਬੰਦ ਕਰ ਦਿੰਦਾ ਹਾਂ।

ਵਿਸ਼ਾਲ ਤੇ ਨੀਲੂ ਛੱਤ ਤੋਂ ਭੱਜ ਕੇ ਹੇਠਾਂ ਆ ਗਏ ਨੇ। ਆਪਣੀਂ ਮਾਂ ਨੂੰ ਨੀਲੂ ਕਹਿੰਦੀ ਮੰਮਾ ਟੀ.ਵੀ. ਲਾ ਦੋ ਛੋਟਾ ਭੀਮ ਆ ਗਿਆ। ਮੈਂ ਚਾਅ ਨਾਲ ਵਿਸ਼ਾਲ ਨੂੰ ਚੱਕ ਕੇ ਆਪਣੀ ਬੁੱਕਲ ਵਿੱਚ ਬਿਠਾ ਲੈਂਦਾ ਹਾਂ। ਪਰ ਉਹ ਮੇਰੇ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਤੇ ਖਿਸਕ ਕੇ ਨੀਲੂ ਨਾਲ ਲੱਗ ਕੇ ਜਾ ਬੈਠਾ ਹੈ। ਦੋਵੇਂ ਭੈਣ ਭਰਾ ਟੀ.ਵੀ. ਤੇ ਚਲਦੇ ਕਾਰਟੂਨਾਂ ਵਿੱਚ ਮਸਤ ਨੇ। ਇਨ੍ਹਾਂ ਕਾਰਟੂਨਾਂ ਵਾਂਗ ਹੀ ਮੈਨੂੰ ਹੁਣ ਦੇ ਨਿਆਣੇਂ ਵੀ ਕਾਰਟੂਨ ਹੀ ਜਾਪਦੇ ਨੇ, ਜਿਨ੍ਹਾਂ ਦੇ ਜਿਹਨ ‘ਚ ਦਾਦੇ ਦਾਦੀ ਦੀਆਂ ਬਾਤਾਂ ਦੀ ਥਾਂ ਇਨ੍ਹਾਂ ਕਾਰਟੂਨਾਂ ਨੇ ਲੈ ਲਈ ਹੈ। ਪਰ ਇਨ੍ਹਾਂ ਵਿਚਾਰਿਆਂ ਦਾ ਵੀ ਕੀ ਕਸੂਰ ਇਨ੍ਹਾਂ ਨੂੰ ਤਾਂ ਵਿਰਾਸਤ ਵਿੱਚ ਹੀ ਇਹ ਕਾਰਟੂਨ ਮਿਲੇ ਨੇ। ਬੰਦੇ ਕੋਲ ਹੁਣ ਵੇਹਲ ਨਹੀ ਹੈ ਬੱਚਿਆਂ ਨਾਲ ਟਾਈਮ ਬਿਤਾਉਣ ਦੀ। ਇਸੇ ਕਰਕੇ ਇਨ੍ਹਾਂ ਨੇ ਆਪਣੇ ਸਾਧਨ ਖੁਦ ਹੀ ਲੱਭ ਲਏ ਨੇ।

ਸਿਮਰ ਮੈਨੂੰ ਰੋਟੀ ਖਾਣ ਲਈ ਅਵਾਜ ਦੇ ਰਹੀ ਹੈ। ਮੇਰਾ ਧਿਆਨ ਉਹਦੇ ਵੱਲ ਪਰਤਦੈ।ਉਠ ਕੇ ਬੈਠਦਾ ਹਾਂ, ਸਿਮਰ ਰੋਟੀ ਮੇਰੇ ਸਾਹਮਣੇ ਰੱਖ ਪਾਣੀ ਲੈਣ ਚਲੀ ਗਈ ਹੈ। ਮੈਂ ਰੋਟੀ ਖਾਣ ਲੱਗਾ ਹਾਂ, ਸਿਮਰ ਮੇਰੇ ਸਾਹਮਣੇ ਆ ਬੈਠੀ ਹੈ। ਉਹ ਰੋਟੀ ਖਾਂਦੀ ਖਾਂਦੀ ਵਿਚੋਂ ਮੇਰੇ ਵੱਲ ਵੇਖ ਰਹੀ ਹੈ ਪਰ ਚੁਪ ਹੈ।

ਮੈਂ ਉਹਦੀ ਇਸ ਚੁੱਪ ਵਿਚੋਂ ਬਹੁਤ ਕੁਸ਼ ਪੜ੍ਹਨ ਦੀ ਕੋਸ਼ਿਸ ਕਰਦਾਂ।ਸ਼ਾਇਦ ਉਹਨੂੰ ਇਹ ਲਗਦੈ ਕਿ ਮੈਂ ਜਾਣ ਬੁਝ ਕੇ ਜਿਆਦਾ ਕਮਾਉਣ ਬਾਰੇ ਨੀ ਸੋਚ ਰਿਹਾ, ਬੱਸ ਟਾਈਮ ਈ ਪਾਸ ਕਰੀ ਜਾ ਰਿਹਾਂ। ਕਿਉਂਕਿ ਸਾਡੇ ਨਾਲ ਰਹਿੰਦੇ ਸਾਰੇ ਪਰਿਵਾਰ ਪੈਸੇ ਪੱਖੋਂ ਸੌਖੇ ਨੇ ਪਰ ਇਥੇ ਸਾਡੀ ਹਾਲਤ ਪਿੰਡਾਂ ਵਿੱਚ ਬੈਠੇ ਸੀਰੀਆਂ ਦੇ ਘਰਾਂ ਵਰਗੀ ਹੈ। ਇਕ ਪਾਸੇ ਸਿਮਰ ਦੀ ਚੁਪ ਹੈ ਤੇ ਦੂਜੇ ਪਾਸੇ ਇਹ ਮਾਮੂਲੀ ਜੇਹੀ ਨੌਕਰੀ ਜੀਹਨੂੰ ਮੈਂ ਛੱਡਣਾਂ ਨੀ ਚਹੁੰਦਾ ਜਾਂ ਸ਼ਾਇਦ ਇਹ ਮੈਨੂੰ ਛੱਡਣਾਂ ਨੀ ਚਹੁੰਦੀ। ਮੇਰਾ ਬਹੁਤਾ ਸਮਾਂ ਫੈਕਟਰੀ ਦੀਆਂ ਮਸ਼ੀਨਾਂ ਖਾ ਜਾਂਦੀਆਂ ਤੇ ਬਚਦਾ ਥਕਾਵਟ ਲੈ ਲੈਂਦੀ ਹੈ। ਜਿਸ ਵਜ੍ਹਾ ਕਰਕੇ ਮੈਂ ਇਨ੍ਹਾਂ ਨੂੰ ਸਮਾਂ ਨੀ ਦੇ ਪਾ ਰਿਹਾ। ਨੀਲੂ ਤਾਂ ਕਿੰਨੇ ਵਾਰ ਖਹਿੜੇ ਪਈ ਹੈ “ਪਾਪਾ ਚੱਲੋ ਨਾ ਗੋਲ ਮਾਰਕੀਟ, ਮੈਂ ਆਈਸਕ੍ਰੀਮ ਖਾਣੀਂ ਹੈ ਤੇ ਵਿਸ਼ਾਲ ਨੇ ਬੋਬੋ ਖਾਣਾਂ”। ਵਿਸ਼ਾਲ ਬਰਗਰ ਨੂੰ ਬੋਬੋ ਕਹਿੰਦਾ। ਮੈ ਪਿਆਰ ਨਾਲ ਉਹਦੇ ਸਿਰ ਤੇ ਹੱਥ ਫੇਰ ਕੇ ਛੁੱਟੀ ਵਾਲੇ ਦਿਨ ਚੱਲਣ ਦਾ ਵਾਅਦਾ ਕਰਦਾ ਹਾਂ, ਪਰ ਹਰ ਵਾਅਦਾ ਝੂਠਾ ਪੈ ਜਾਂਦੈ। ਹੁਣ ਉਹ ਵੀ ਕਈ ਦਿਨਾਂ ਤੋਂ ਗੋਲ ਮਾਰਕੀਟ ਚੱਲਣ ਬਾਰੇ ਨਹੀਂ ਕਹਿ ਰਹੀ। ਸ਼ਾਇਦ ਸੋਚਦੀ ਹੋਵੇ ਪਾਪਾ ਨੂੰ ਕਦੀ ਛੁੱਟੀ ਨੀ ਹੋ ਸਕਦੀ।

ਨੀਲੂ ਵਿਸ਼ਾਲ ਨੂੰ ਜੱਫੀ ਪਾ ਕੇ ਸੁਤੀ ਪਈ ਹੈ। ਮੈਂ ਮੋਹ ਨਾਲ ਦੋਹਾਂ ਦੇ ਸਿਰ ਪਲੋਸਦਾ ਹਾਂ। ਸਿਮਰ ਰੋਟੀ ਵਾਲੇ ਭਾਂਡੇ ਧੋ ਕੇ ਅੰਦਰ ਪਰਤੀ ਹੈ। ਮੈਂ ਬੈਡ ਤੇ ਅਧਲੇਟਿਆ ਪਿਆ ਹਾਂ। ਉਹ ਬੱਚਿਆਂ ਨੂੰ ਠੀਕ ਕਰਕੇ ਪਾ ਰਹੀ ਹੈ। ਚੋਰ ਅੱਖ ਨਾਲ ਉਹਨੇ ਮੇਰੇ ਵੱਲ ਤੱਕਿਐ, ਮੈਂ ਵੀਣੀਂ ਤੋਂ ਫੜ ਕੇ ਜਬਰਦਸਤੀ ਆਪਣੇ ਵੱਲ ਖਿੱਚ ਲਈ। ਬੁਕਲ ਵਿੱਚ ਪਈ ਉਹ ਮੇਰਾ ਚੇਹਰਾ ਤੱਕ ਰਹੀ ਹੈ। ਉਹਦੀਆਂ ਅੱਖਾਂ ਦੇ ਭਰਵੱਟੇ ਤਣ ਗਏ ਨੇ, ਮੈਨੂੰ ਪਤੈ ਉਹਦਾ ਅਗਲਾ ਸਵਾਲ ਕੀ ਹੋਣੈਂ। ਇਸ ਕਰਕੇ ਮੈਂ ਉਹਨੂੰ ਬੋਲਣ ਹੀ ਨਈਂ ਦਿੰਦਾ ਤੇ ਮੈ..! ਉਹਦੇ ਤੋਂ ਅਲੱਗ ਹੋਇਆ ਤਾਂ ਐਂ ਲੱਗਾ ਜਿਵੇਂ ਕਿਸੇ ਲਾਸ਼ ਨਾਲ ਰੇਪ ਕਰਕੇ ਹਟਿਆ ਹੋਵਾਂ। ਉਹ ਬੈਡ ਤੇ ਅਡੋਲ ਪਈ ਹੈ ਕਿਸੇ ਬੇਜਾਨ ਚੀਜ ਦੀ ਤਰਾਂ। ਉਹਦੀ ਇਸ ਹਾਲਤ ਨੂੰ ਵੇਖ ਕੇ ਮੈਨੂੰ ਆਪਣੇਂ ਆਪ ਤੇ ਖਿਝ ਆ ਗਈ। ਕਮਰੇ ਚੋਂ ਉਠ ਕੇ ਛੱਤ ਤੇ ਆਇਆ ਹਾਂ। ਬੰਡਲ ਚੋਂ ਬਚੀ ਆਖਰੀ ਬੀੜੀ ਸੁਲਘਾ ਕੇ ਖਾਲੀ ਬੰਡਲ ਗੁੱਸੇ ਵਿੱਚ ਪਰ੍ਹਾਂ ਵਗਾਹ ਮਾਰਿਆ। ਸੂਟਾ ਖਿਚਦਿਆਂ ਸਾਰ ਈ ਕੀਪਾ ਸਾਧ ਜਿਹਨ ‘ਚ ਉਤਰ ਆਇਆ ਹੈ। ਉਹ ਕੋਈ ਕਥਾ ਸੁਣਾਂ ਰਿਹਾ ਸੀ ਉਸ ਦਿਨ। ਚਿਲਮ ਦਾ ਸੂਟਾ ਖਿਚਦਾ ਉਹ ਬੋਲਿਆ ਸੀ “ਕਿਸੇ ਔਰਤ ਦੀ ਇੱਛਾ ਦੇ ਵਿਰੁਧ ਕੀਤਾ ਗਿਆ ਭੋਗ ਬਲਾਤਕਾਰ ਈ ਹੁੰਦੈ ਭਾਂਵੇ ਉਹ ਆਪਣੀਂ ਹੀ ਕਿਉਂ ਨਾ ਹੋਵੇ”।

“ਆਹ ਕੀ ਗੱਲ ਹੋਈ ਬਾਬਾ, ਆਪਣੀ ਜਨਾਨੀ ਨਾਲ ਕੋਈ ਬਲਾਤਕਾਰ ਕਿਵੇਂ ਕਰ ਸਕਦੈ। ਉਹ ਤਾਂ ਉਹਦੇ ਘਰ ਦੀ ਸ਼ੈਅ ਐ, ਜਿਵੇਂ ਮਰਜੀ ਵਰਤੇ।” ਮੈਂ ਉਹਦੀ ਗੱਲ ਵਿਚੋਂ ਕੱਟ ਕੇ ਬੋਲਿਆ ਸੀ।
“ਜਨਾਨੀਆਂ ਨੂੰ ਸ਼ੈਅ ਸਮਝਣ ਵਾਲੇ ਇਹਨਾਂ ਗੱਲਾਂ ਨੂੰ ਕਿਥੇ ਸਮਝਣਗੇ। ਫੇਰ ਵੀ ਜਦੋਂ ਖੁਦ ਕਰੇਂਗਾ ਪਤਾ ਲੱਗੂ।” ਉਹਨੇ ਮੇਰੀਆਂ ਅੱਖਾਂ ‘ਚ ਝਾਕਦੇ ਨੇ ਆਖਿਆ ਸੀ।

‘ਤੇ ਅੱਜ! ਮੇਰੀਆਂ ਅੱਖਾਂ ਚੋਂ ਪਾਣੀ ਸਿੰਮ ਆਇਆ ਹੈ। ਮੇਰਾ ਆਪਾ ਮੇਰੇ ਤੋਂ ਬਾਹਰ ਹੋ ਰਿਹੈ। ਅੰਦਰੋਂ ਅਪਰਾਧ ਨਾਲ ਭਰ ਗਿਆਂ। ਦਿਲ ਕਰਦੈ ਜਾ ਕੇ ਸਿਮਰ ਦੇ ਪੈਰ ਫੜ੍ਹ ਲਵਾਂ, ਉਹਤੋਂ ਮਾਫੀ ਮੰਗਾਂ ਬਈ ਮੇਰੇ ਤੋਂ ਇਹ ਬਜਰ ਗਲਤੀ ਹੋਗੀ। ਆਪਣੇ ਆਪ ਵਿੱਚ ਈ ਨਫਰਤ ਨਾਲ ਭਰ ਗਿਆਂ। ਵਾਪਸ ਕਮਰੇ ਵਿਚ ਪਰਤਿਆ ਤਾਂ ਦੇਖਦਾਂ ਸਿਮਰ ਬੱਚਿਆਂ ਨਾਲ ਸੌਂ ਚੁਕੀ ਹੈ। ਮੈਂ ਬੈਡ ਦੇ ਇਕ ਪਾਸੇ ਟੇਢਾ ਹੋ ਜਾਨਾਂ। ਆਪਣੇ ਅੰਦਰ ਪੈਦਾ ਹੋਈ ਵਹਿਸ਼ਤ ਨੂੰ ਮਸੂਸ ਕਰਦਾ ਪਤਾ ਨੀ ਕੇਹੜੇ ਵੇਲੇ ਸੌਂ ਗਿਆਂ।

ਸਵੇਰੇ ਉਠਿਆ ਤਾਂ ਦੇਖਦਾਂ ਸਿਮਰ ਨਾਸ਼ਤਾ ਤਿਆਰ ਕਰ ਰਹੀ ਹੈ। ਬੱਚਿਆਂ ਦੇ ਟਿਫਨ ਪੈਕ ਕਰਦੀ ਉਹ ਮੇਰੇ ਵੱਲ ਦੇਖਦੀ ਬੋਲੀ “ਸ਼ਾਮੀਂ ਘਰ ਆਵੋਗੇ ਜਾਂ ਰਾਤ ਦੀ ਰੋਟੀ ਵੀ ਪੈਕ ਕਰ ਦਿਆਂ।” ਮੈਂ ਕੋਈ ਜਵਾਬ ਨਹੀਂ ਦਿੱਤਾ ਤੇ ਤੌਲੀਆ ਲੈ ਕੇ ਬਾਥਰੂਮ ਵਿੱਚ ਜਾ ਵੜਿਆ ਹਾਂ। ਵਾਪਸ ਕਮਰੇ ਵਿੱਚ ਪਰਤਿਆ ਤਾਂ ਸਿਮਰ ਨੇ ਫਿਰ ਉਹੀ ਸਵਾਲ ਕੀਤੈ। ਮੈਂ ਹਾਂ ਵਿੱਚ ਸਿਰ ਹਿਲਾ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗਾ ਹਾਂ। ਬੱਚੇ ਅਜੇ ਉਠੇ ਨਹੀਂ ਹਨ।

ਤਿਆਰ ਹੋ ਕੇ ਟਿਫਨ ਹੱਥ ‘ਚ ਫੜ੍ਹੀ ਘਰੋਂ ਬਾਹਰ ਨਿਕਲਿਆ ਹਾਂ। ਸਿਮਰ ਕਮਰੇ ਦੀ ਦੇਹਲੀ ਤੇ ਖੜੀ ਵੇਖ ਰਹੀ ਹੈ।“ਅੱਜ ਧੱਕਾ ਕਲੋਨੀ ਜਾ ਆਵੀਂ।” ਉਹਨੂੰ ਕਹਿੰਦਾ ਹਾਂ। ਉਹ ਅੱਗੋਂ ਮੁਸਕਰਾਈ ਹੈ। ਮੈਂ ਵੀ ਝੂਠਾ ਜਿਹਾ ਹੱਸਿਆ ਹਾਂ।

ਕਾਹਲੀ ਕਾਹਲੀ ਸੈਂਕਲ ਦੇ ਪੈਡਲ ਮਾਰਦਾ ਮੁਹੱਲੇ ਤੋਂ ਬਾਹਰ ਨਿਕਲਿਆ ਹਾਂ। ਮੁਹੱਲੇ ਦੇ ਬਾਹਰ ਬਣੀਂ ਪਾਰਕ ਵਿੱਚ ਲੋਕ ਸੈਰ ਕਰ ਰਹੇ ਨੇ। ਉਨ੍ਹਾਂ ਵੱਲ ਵੇਖ ਕੇ ਅੰਦਰੋਂ ਚੀਸ ਜਿਹੀ ਉਠੀ ਹੈ। “ਐਧਰ ਸਾਲਾ ਕੰਮ ਦੀ ਵੇਹਲ ਨੀ ਤੇ ਇਨ੍ਹਾਂ ਨੂੰ ਸੈਰਾਂ ਦੀ ਪਈ ਐ ਵੇਹਲੜਾਂ ਨੂੰ।”

ਫੈਕਟਰੀ ਕੋਲ ਪਹੁੰਚਿਆ ਹਾਂ। ਗੇਟ ਅਜੇ ਖੁੱਲਾ ਨਹੀਂ ਹੈ। ਹੱਥ ਮਿਲਾ ਕੇ ਸੰਤੋਸ਼ ਮੈਨੂੰ ਕਹਿੰਦਾ ਹੈ “ਗੁਰਦੀਪ ਭਾਈ ਚਲੇਂ ਫਿਰ ਆਜ ਸ਼ਾਮ ਕੋ।” ਮੈਂ ਹਾਂ ਵਿੱਚ ਸਿਰ ਹਿਲਾਉਂਦਾ ਹਾਂ। ਉਹਨੇ ਬੀੜੀ ਸੁਲਘਾ ਕੇ ਮੇਰੇ ਵੱਲ ਵਧਾ ਦਿੱਤੀ ਹੈ। ਮੈਂ ਬੀੜੀ ਮੂੰਹ ਵਿੱਚ ਪਾਉਣ ਦੀ ਥਾਂ ਉਹਦੇ ਸੁਲਘ ਰਹੇ ਸਿਰੇ ਨੂੰ ਦੇਖਣ ਲੱਗਾ ਹਾਂ।ਕੋਲਾ ਬਣਿਆਂ ਤਮਾਕੂ ਦਾ ਪੱਤਾ ਹੌਲੀ ਹੌਲੀ ਦੂਜੇ ਸਿਰੇ ਵੱਲ ਵਧ ਰਿਹੈ ਤੇ ਪਿਛੇ ਸਵਾਹ ਦੀ ਗੰਢ ਜਿਹੀ ਛੱਡਦਾ ਹਵਾ ਦੇ ਮੁਹਾਣ ਨਾਲ ਹੋਰ ਤੇਜ ਹੋ ਰਿਹੈ। ਬੀੜੀ ਵਾਂਗ ਹੀ ਮੈਨੂੰ ਆਪਣਾਂ ਆਪ ਵੀ ਸੁਲਘਦਾ ਜਾਪ ਰਿਹੈ। ਜੋ ਸਵੇਰੇ ਸੂਰਜ ਚੜ੍ਹਨ ਤੋਂ ਛਿਪਣ ਤੱਕ ਲਗਾਤਾਰ ਸੁਲਘ ਰਿਹਾਂ ਤੇ ਹੋਰ ਪਤਾ ਨੀ ਕਿੰਨੇ ਮੇਰੇ ਵਰਗੇ ਮਜਦੂਰ ਸੁਲਘ ਰਹੇ ਨੇ ਇਥੇ। ਜਿਨ੍ਹਾਂ ਦੀਆਂ ਇਛਾਵਾਂ ਤੇ ਸੁਪਨੇ ਇਨ੍ਹਾਂ ਫੈਕਟਰੀਆਂ ਦੀਆਂ ਚਿਮਨੀਆਂ ਰਾਹੀਂ ਧੂੰਆਂ ਬਣਕੇ ਉਡ ਰਹੇ ਨੇ।

ਹੂਟਰ ਵੱਜਿਆ, ਮੇਰਾ ਧਿਆਨ ਪਲਟਿਆ ਹੈ। ਸਭ ਅੱਗੜ ਪਿੱਛੜ ਹਾਜਰੀ ਲਵਾਉਣ ਲਈ ਦੌੜ ਰਹੇ ਨੇ ਕਿਉਕਿ ਅੱਠ ਵਜੇ ਤੋਂ ਬਾਦ ਲੱਗੀ ਹਾਜਰੀ ਅੱਧਾ ਦਿਨ ਉਡਾ ਦਿੰਦੀ ਹੈ। ਤੇ ਕੋਈ ਵੀ ਬੰਦਾ ਇਹ ਚਾਂਸ ਨਹੀਂ ਗਵਾਉਣਾਂ ਚਹੁੰਦਾ। ਹਾਜਰੀ ਲਗਵਾ ਕੇ ਆਪਣੇ ਸੈਕਸ਼ਨ ਵੱਲ ਮੁੜਿਆ ਹਾਂ। ਸਾਹਮਣੇ ਫੈਕਟਰੀ ਦਾ ਮਾਲਕ ਅਤੇ ਮਨੇਜਰ ਵੱਡੇ ਵੱਡੇ ਕੱਛੇ ਪਾਈ ਖੜ੍ਹੇ ਨਜਰ ਆ ਰਹੇ ਨੇ। ਸਵੇਰੇ ਸੈਰ ਕਰਨ ਵੇਲੇ ਏਧਰ ਗੇੜਾ ਮਾਰਨ ਆ ਗਏ ਨੇ ਸ਼ਾਇਦ। ਉਨ੍ਹਾਂ ਵੱਲ ਵੇਖ ਕੇ ਅਚਾਨਕ ਮੇਰਾ ਦਿਮਾਗ ਚਕਰਾ ਗਿਐ। ਮੈਂ ਰੋਟੀ ਵਾਲਾ ਟਿਫਨ ਹੱਥ ‘ਚ ਲਈ ਉਨ੍ਹਾਂ ਵੱਲ ਵਧਿਆ ਹਾਂ, ਇਹ ਪੁਛਣ ਲਈ ਕਿ ਤੁਸੀ ਸਾਡੇ ਹਿੱਸੇ ਦੀ ਜਿੰਦਗੀ ਕਿਉਂ ਜੀਅ ਰਹੇ ਓ ਬਈ। ਸਾਨੂੰ ਸਾਡਾ ਹਿੱਸਾ ਕਿਉ ਨੀ ਜੀਣ ਦਿੰਦੇ। ਪਿਛੋਂ ਸੰਤੋਸ਼ ਨੇ ਵਾਜ ਮਾਰ ਲਈ। ਮੈ ਤ੍ਰਭਕ ਕੇ ਉਹਦੇ ਵੱਲ ਮੁੜਿਆ ਹਾਂ। “ਹੇ ਗੁਰਦੀਪ ਕਿਧਰ ਜਾ ਰਹਾ ਹੈ, ਪਾਗਲ ਹੈ ਕਿਆ। ਨਜਰ ਨਹੀਂ ਆ ਰਹਾ ਸਾਮਨੇ ਮਾਲਕ ਖੜ੍ਹਾ ਹੈ ਔਰ ਤੂੰ..! ਕੁਸ਼ ਬੋਲ ਦੀਆ ਤੋ।” ਮੈਂ ਚੁਪਚਾਪ ਆਪਣੀ ਮਸ਼ੀਨ ਵੱਲ ਮੁੜਿਆ ਹਾਂ।ਸਭ ਆਪੋ ਆਪਣੀਆਂ ਮਸ਼ੀਨਾਂ ਸਾਫ ਕਰ ਰਹੇ ਨੇ। ਮੈਂ ਅਡੋਲ ਖੜ੍ਹਾ ਆਪਣੀ ਮਸ਼ੀਨ ਵੱਲ ਝਾਕ ਰਿਹਾਂ। ਮੇਰੇ ਜਿਹਨ ਚੋਂ ਅਵਾਜ ਨਿਕਲੀ ਹੈ। ਤੂੰ ਮੈਂਨੂੰ ਆਪਣੇ ਵਰਗਾ ਹੀ ਕਿਉਂ ਨੀ ਕਰ ਲੈਂਦੀ ਬੇਜਾਨ, ਸਥਿਰ, ਅਡੋਲ ਤੇ ਬਿਨਾਂ ਅਹਿਸਾਸ ਤੋਂ। ਜਦ ਚੌਵੀ ਘੰਟਿਆਂ ਚੋਂ ਸੋਲਾਂ ਘੰਟਿਆਂ ਦਾ ਸਫਰ ਮੈਂ ਤੇਰੇ ਨਾਲ ਹੀ ਕੱਟਣਾਂ ਹੈ ਤਾਂ ਆਪਣੇ ਵਰਗਾ ਹੀ ਕਰ ਲੈ ਯਾਰ। ਘੱਟੋ ਘੱਟ ਐਨੀ ਵਫਾ ਤਾ ਵਿਖਾ। ਮੈਂ ਆਪਣਾਂ ਸਾਰਾ ਕੁਸ਼ ਛੱਡ ਕੇ ਦਿਨ ਦੇ ਚੜਾਅ ਨਾਲ ਤੇਰੇ ਕੋਲ ਆ ਜਾਨਾਂ ਤੇ ਤੂੰ ਪੂਰਾ ਮਹੀਨਾਂ ਵਰਤ ਕੇ ਤੇ ਚੰਦ ਕਾਗਜ ਦੇ ਟੁਕੜੇ ਦੇ ਕੇ ਇੱਕ ਦਿਨ ਦਾ ਇਹ ਅਹਿਸਾਸ ਕਿਉਂ ਕਰਾ ਦਿੰਨੀ ਐਂ ਕਿ ਮੈਂ ਜਿੰਦਾ ਹਾਂ।

ਪਿਛੋਂ ਆ ਕੇ ਸੰਤੋਸ਼ ਨੇ ਮੇਰੇ ਮੋਢੇ ਤੇ ਧੱਫਾ ਮਾਰਿਆ, ਮੈਂ ਉਹਦੇ ਵੱਲ ਮੁੜਿਆ ਹਾਂ।“ਗੁਰਦੀਪ ਭਾਈ ਕਹਾਂ ਖੋਇਆ ਰਹਤਾ ਹੈ ਸਾਰਾ ਦਿਨ। ਕਦੀ ਹੱਸ ਵੀ ਲਿਆ ਕਰੋ ਭਾਜੀ।ਆਜ ਪਤਾ ਕੌਨ ਸਾ ਦਿਨ ਹੈ। ਆਠ ਤਰੀਕ ਹੈ ਤਨਖਾਹ ਮਿਲੇਗੀ। ਬੋਲ……..! ਲਗਾਏਗਾ ਆਜ ਸ਼ਾਮ ਕੋ ਲਵਲੀ ਲਵਲੀ ਪਟਿਆਲਾਸ਼ਾਹੀ। ਆਜ ਕੌਨ ਸਾ ਘਰ ਜਾਨਾਂ ਹੈ ਸ਼ਾਮ ਕੋ ਜੋ ਭਰਜਾਈ ਕਾ ਡਰ ਹੋਗਾ।”

ਉਹਦੇ ਵੱਲ ਵੇਖ ਕੇ ਮੈਂ ਮੁਸਕਰਾਇਆ ਹਾਂ। ਮੇਰੀ ਸਹਿਮਤੀ ਵੇਖ ਕੇ ਉਹ ਵੀ ਹੱਸਿਆ ਹੈ। ਪਰ ਮੇਰੀ ਖੁਸ਼ੀ ਸ਼ਾਮੀ ਪੈਗ ਲਾਉਣ ਨਾਲੋਂ ਤਨਖਾਹ ਮਿਲਣ ਵਿੱਚ ਜਿਆਦਾ ਹੈ। ਬਾਕੀ ਸਾਰੇ ਵੀ ਖੁਸ਼ੀ ਦੇ ਮੂਡ ਵਿੱਚ ਘੁੰਮ ਰਹੇ ਨੇ। ਬਹੁਤਿਆਂ ਲਈ ਤਾਂ ਇਹ ਦਿਨ ਤੀਆਂ ਵਰਗਾ ਹੁੰਦਾ ਕਿਉਕਿ ਇਸ ਦਿਨ ਸਾਰੇ ਸ਼ਾਮੀਂ ਮੇਨ ਰੋਡ ਤੇ ਬਣੇ ਠੇਕੇ ਤੇ ਕੱਠੇ ਹੁੰਦੇ ਨੇ। ਸਭ ਡਿਉਟੀ ਸਮੇਂ ਹੀ ਸੈਟਿੰਗ ਕਰ ਲੈਂਦੇ ਨੇ। ਗਰੁੱਪ ਬਣਾਂ ਬਣਾਂ ਕੇ ਪਾਰਟੀਆਂ ਚਲਦੀਆਂ। ਤੇ ਫਿਰ ਦੇਸੀ ਸ਼ਰਾਬ ਦਾ ਦੌਰ ਚਲਦਾ ਹੈ।

ਤਨਖਾਹ ਪੈਂਟ ਦੀ ਜੇਬ ‘ਚ ਪਾ ਫੈਕਟਰੀ ਤੋਂ ਬਾਹਰ ਨਿਕਲਿਆ ਹਾਂ। ਸਾਹਮਣੇਂ ਸੰਤੋਸ਼ ਇੰਤਜਾਰ ਕਰ ਰਿਹੈ। ਮੈਂ ਮਨੋਂ ਉਹਦੇ ਨਾਲ ਜਾਣਾਂ ਨੀ ਚਹੁੰਦਾ, ਪਰ ਉਹਦੇ ਜੋਰ ਦੇਣ ਤੇ ਤਿਆਰ ਹੋ ਜਾਨਾਂ। ਹਾਤੇ ਦੀ ਨੁਕਰ ਚ ਖਾਲੀ ਪਏ ਬੈਂਚ ਤੇ ਜਾ ਬੈਠਾ ਹਾਂ। ਸੰਤੋਸ਼ ਕਾਂਉੂਟਰ ਵੱਲ ਚਲਾ ਗਿਐ। ਰਸਭਰੀ ਦਾ ਅਧੀਆ ਲੈ ਕੇ ਤੇ ਹਾਫ ਚਿਕਨ ਦਾ ਆਡਰ ਦੇ ਕੇ ਉਹ ਮੇਰੇ ਵੱਲ ਪਰਤਿਆ ਹੈ। ਉਹਦੇ ਮਗਰ ਹੀ ਨਿਪਾਲੀ ਮੁੰਡਾ ਆਡਰ ਭੁਗਤਾ ਗਿਐ। ਮੇਰੇ ਨਾਂਹ ਨਾਂਹ ਕਰਦੇ ਵੀ ਸੰਤੋਸ਼ ਨੇ ਗਲ਼ਾਸੀ ਅੱਧੋਂ ਵੱਧ ਡੱਕ ਦਿੱਤੀ ਹੈ। ਇਕ ਦੂਜੇ ਨਾਲ ਗਲਾਸੀ ਖੜਕਾਈ ਹੈ ਤੇ ਫਿਰ ਇਕੋ ਡੀਕ ਨਾਲ ਮੇਜ ਤੇ ਪਟਕ ਦਿੱਤੀਆਂ ਨੇ। ਦੂਜਾ ਪੈਗ ਲਾ ਕੇ ਸਰੂਰ ਜਿਹਾ ਆਉਣ ਲਗ ਪਿਐ। ਨਾਲ ਦੇ ਟੇਬਲਾਂ ਉਤੇ ਬੈਠੇ ਬੰਦੇ ਵੀ ਆਪੋ ਆਪਣੀਆਂ ਗੱਲਾਂ ਵਿਚ ਮਸਰੂਫ ਨੇ। ਇਥੇ ਬੈਠੇ ਹਰ ਬੰਦੇ ਦੀ ਆਪੋ ਆਪਣੀ ਕਹਾਣੀ ਹੈ ਜੋ ਸ਼ਰਾਬ ਦੇ ਨਸ਼ੇ ਨਾਲ ਉਬਲ ਉਬਲ ਕੇ ਬਾਹਰ ਆ ਰਹੀ ਹੈ। ਇਹ ਸਾਰਾ ਕੁਸ਼ ਵੇਖ ਕੇ ਐਂ ਜਾਪ ਰਿਹੈ ਜਿਵੇਂ ਇਹ ਹਾਤਾ ਸ਼ਰਾਬ ਦਾ ਅੱਡਾ ਨਾ ਹੋ ਕੇ ਕੋਈ ਪਵਿਤਰ ਅਸਥਾਨ ਹੋਵੇ। ਜਿਥੇ ਬੈਠ ਕੇ ਸਭ ਆਪੋ ਆਪਣੇ ਮਨ ਦੀਆਂ ਗੰਢਾਂ ਖੋਹਲ ਰਹੇ ਨੇ। ਸਭ ਵਧੇ ਹੋਏ ਖਰਚੇ ਘੱਟ ਤਨਖਾਹਾਂ ਤੇ ਸਮੇਂ ਦੀ ਕਮੀ ਕਾਰਨ ਸੁਲਘ ਰਹੇ ਨੇ। ਸਭ ਨੂੰ ਇਉ ਜਾਪ ਰਿਹੈ ਜਿਵੇਂ ਉਹ ਮੇਹਨਤ ਤਾਂ ਵੱਧ ਕਰਦੇ ਨੇ ਪਰ ਉਸਦੀ ਕੀਮਤ ਬਹੁਤ ਘੱਟ ਮਿਲ ਰਹੀ ਹੈ। ਸਭ ਤੇਜ ਤੁਰ ਰਹੇ ਜਮਾਨੇ ਦੇ ਨਾਲ ਤੁਰਨਾਂ ਚਹੁੰਦੇ ਨੇ ਪਰ ਨਹੀਂ ਤੁਰ ਪਾ ਰਹੇ। ਕਿਉ ਕਿ ਇਥੇ ਨਾ ਪੈਸਾ ਹੈ ਨਾ ਸਮਾਂ। ਇਹ ਦੋਵੇਂ ਚੀਜਾਂ ਸਭ ਦੇ ਅੰਦਰ ਨੂੰ ਨੇਂਬੂੰ ਵਾਂਗ ਨਚੋੜ ਰਹੀਆਂ ਨੇ।

ਸੰਤੋਸ਼ ਮੇਰੇ ਸਾਹਮਣੇ ਬੈਠਾ ਰੋ ਰਿਹੈ। ਗਲਾਸੀ ਦੀ ਆਖਰੀ ਘੁਟ ਭਰ ਕੇ ਉਹ ਬੋਲਿਆ “ਦੇਖਾ ਗੁਰਦੀਪ ਭਾਈ ਹੂਈ ਨਾ ਵਹੀ ਬਾਤ, ਕਾਜਲ ਨੇ ਕਿਸੀ ਔਰ ਸੇ ਸ਼ਾਦੀ ਕਰ ਲੀ। ਸਾਲਾ ਕਿਤਨਾ ਪਿਆਰ ਕੀਆ ਉਸਕੋ, ਕਿਤਨਾਂ ਚੋਰੀ ਚੋਰੀ ਪੈਸਾ ਭੇਜਾ। ਅਖੀਰ ਮੇਂ ਕਿਆ ਹੂਆ, ਸਭ ਬੇਕਾਰ ਹੀ ਗਿਆ। ਉਸਕਾ ਬਾਪ ਮੁਝੇ ਬੋਲਤਾ ਹੈ ਲੜਕਾ ਨਖੱਟੂ ਹੈ। ਕਿਆ ਕਮਾਤਾ ਹੈ ਕਿਆ ਖਾਤਾ ਹੈ ਕੁਸ਼ ਪਤਾ ਨਹੀਂ।ਜਬ ਸੇ ਪੰਜਾਬ ਗਿਆ ਹੈ ਵਾਪਸ ਨਹੀਂ ਆਇਆ। ਕਿਆ ਪਤਾ ਸ਼ਾਦੀ ਕਰਨੇ ਕੇ ਬਾਦ ਵਾਪਸ ਆਏਗਾ ਕਿ ਨਹੀ। ਮੈਂ ਉਸਕੋ ਸ਼ਾਦੀ ਕਾ ਸਮਾਨ ਖਰੀਦਨੇ ਕੇ ਲੀਏ ਪੈਸਾ ਭੇਜਤਾ ਰਹਾ ਔਰ ਵੋਹ ਮੇਰਾ ਹੀ ਦਹੇਜ ਲੇ ਕੇ ਕਿਸੀ ਔਰ ਕੇ ਸਾਥ..। ਧੌਖਾ ਹੋ ਗਿਆ ਭਾਈ ਧੋਖਾ ਮੇਰੇ ਸਾਥ।”

ਮੈਂ ਉਹਦੇ ਮੋਢੇ ਤੇ ਦਿਲਾਸਾ ਦਿੰਦਾ ਹਾਂ। ਉਹਨੂੰ ਉਠਾ ਕੇ ਹਾਤੇ ਤੋਂ ਬਾਹਰ ਲੈ ਆਇਆ ਹਾਂ। ਠੇਕੇ ਦੀ ਕੰਧ ਨਾਲ ਬਣੇ ਖੋਖੇ ਤੋਂ ਸਿਗਟਾਂ ਲੈ ਕੇ ਫੈਕਟਰੀ ਵਾਲੇ ਰਾਹ ਤੁਰ ਪਏ ਹਾਂ। ਹਨੇਰਾ ਕਾਫੀ ਗੂੜ੍ਹਾ ਹੋ ਗਿਐ। ਕਿਤੇ ਲੇਟ ਨਾ ਹੋ ਜਾਈਏ ਇਸ ਕਰਕੇ ਮੈਂ ਤੇਜ ਤੇਜ ਤੁਰ ਰਿਹਾਂ। ਫੈਕਟਰੀ ਦੇ ਕੋਲ ਪਹੁੰਚਦਿਆਂ ਸਾਰ ਈ ਦਿਨ ਵਾਲਾ ਗਾਰਡ ਹੱਥ ਚ ਟਿਫਨ ਫੜ੍ਹੀ ਮੁਸਕਰਾ ਰਿਹੈ। ਇੱਕ ਹੱਥ ਚ ਬੈਟਰੀ ਤੇ ਹੱਥ ਕੁ ਦਾ ਡੰਡਾ ਮੈਨੂੰ ਫੜਾ ਕੇ ਉਹ ਬਿਨ ਬੋਲਿਆਂ ਹੀ ਚਲਾ ਗਿਐ। ਅਸੀਂ ਦੋਵੇਂ ਕਮਰੇ ਦੇ ਅੰਦਰ ਬਣੇ ਤਖਤਪੋਸ਼ ਤੇ ਟੇਢੇ ਹੋ ਗਏ ਹਾਂ। ਸੰਤੋਸ਼ ਨੇ ਜਿਆਦਾ ਪੀ ਲਈ ਸੀ ਇਸ ਕਰਕੇ ਜਲਦੀ ਸੌਂ ਗਿਐ। ਮੈਂ ਬੈਟਰੀ ਜਗਾ ਕੇ ਫੈਕਟਰੀ ਦਾ ਗੇੜਾ ਮਾਰਨ ਲਈ ਕਮਰੇ ਤੋਂ ਬਾਹਰ ਨਿਕਲਿਆ ਹਾਂ। ਗੇੜਾ ਮਾਰ ਕੇ ਵਾਪਸ ਮੁੜਦਿਆਂ ਸਾਰ ਮੇਰੀਆਂ ਅੱਖਾਂ ਵੀ ਭਾਰੀ ਹੋ ਰਹੀਆਂ ਨੇ। ਮੈਂ ਵੀ ਸੰਤੋਸ਼ ਦੇ ਨਾਲ ਹੀ ਪੈ ਗਿਆਂ।

ਸਵੇਰੇ ਉਠ ਕੇ ਕੰਧ ਨਾਲ ਲੱਗੀ ਘੜੀ ਦੇਖਦਾ ਹਾਂ। ਛੇ ਵੱਜ ਰਹੇ ਨੇ, ਸੰਤੋਸ਼ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਅੱਗੋਂ ਬੋਲਦਾ ਹੈ “ਸੋ ਜਾ ਗੁਰਦੀਪ ਭਾਈ ਆਜ ਤੋ ਸੰਡੇ ਹੈ ਔਰ ਉਪਰ ਸੇ ਪਾਵਰ ਕੱਟ ਭੀ ਹੈ ਕੌਨ ਸਾ ਫੈਕਟਰੀ ਜਾਨਾ ਹੈ।” ਮੈਂ ਉਹਨੂੰ ਸੁਤਾ ਛੱਡ ਟੂਟੀ ਤੋਂ ਮੂੰਹ ਹੱਥ ਧੋ ਕੇ ਘਰ ਵੱਲ ਨੂੰ ਤੁਰ ਪਿਆ ਹਾਂ। ਰਾਤੀ ਨਾ ਖਾਧੀ ਹੋਈ ਰੋਟੀ ਟਿਫਨ ਚੋਂ ਕੱਢ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤੀ। ਕਿਤੇ ਘਰੇ ਗਏ ਨੂੰ ਸਿਮਰ ਇਹ ਈ ਨਾ ਪੁੱਛ ਲਵੇ ਬਈ ਰੋਟੀ ਕਿਉਂ ਨੀ ਖਾਧੀ।

ਹੌਲੀ ਹੌਲੀ ਘਰ ਦੀਆਂ ਪੌੜੀਆਂ ਚੜਿਆ ਹਾਂ। ਸਿਮਰ ਚਾਹ ਬਣਾ ਰਹੀ ਹੈ। ਮੈਨੂੰ ਵੇਖ ਕੇ ਉਹਦੇ ਚੇਹਰੇ ਤੇ ਰੌਣਕ ਜਿਹੀ ਆ ਗਈ। ਉਹਨੇ ਮੇਰੇ ਹੱਥੋਂ ਟਿਫਨ ਫੜ੍ਹ ਕੇ ਪਰਾਂ ਰੱਖ ਦਿੱਤਾ। ਮੈਂ ਬੈਡ ਤੇ ਸੁਤੇ ਪਏ ਨਿਆਣਿਆਂ ਕੋਲ ਜਾ ਬੈਠਾ ਹਾਂ। ਸਿਮਰ ਚਾਹ ਦਾ ਗਿਲਾਸ ਲੈ ਆਈ ਹੈ। ਮੈਂ ਪੈਂਟ ਦੀ ਜੇਬ ਚੋਂ ਤਨਖਾਹ ਕੱਢ ਕੇ ਉਹਨੂੰ ਫੜਾ ਦਿੰਦਾ ਹਾਂ। ਉਹ ਪੈਸਿਆਂ ਨੂੰ ਸਰਸਰੀ ਨਜਰ ਨਾਲ ਗਿਣਦੀ ਹੈ ਤੇ ਫਿਰ ਇਕਦਮ ਮੇਰੇ ਵੱਲ ਵੇਖਦੀ ਹੈ। ਜਿਵੇਂ ਪੁਛ ਰਹੀ ਹੋਵੇ ਬਈ ਸੌ ਰੁਪੈ ਕਿਵੇਂ ਘਟ ਗਏ। ਮੈਂ ਚੋਰਾਂ ਵਾਂਗ ਬਾਹਰ ਦੇਖ ਰਿਹਾਂ।
“ਕਮਰਾ ਵੇਖਿਆ ਫਿਰ ਕੱਲ।” ਮੈਂ ਉਹਦਾ ਧਿਆਨ ਪਲਟਦਾ ਹਾਂ।
“ਹਾਂ ਦੇਖਿਐ, ਇਸਤੋਂ ਕਿਰਾਇਆ ਕਾਫੀ ਘੱਟ ਹੈ। ਪਰ ਤੀਜੀ ਮੰਜਲ ਤੇ ਹੈ, ਧੱਕਾ ਕਲੋਨੀ ਦੇ ਫਲੈਟਾਂ ਵਿੱਚ। ਚਲੋ ਚਲਦੇ ਆਂ ਵੇਖਣ ਜੇ ਤੁਸੀ ਅੱਜ ਡਿਉਟੀ ਨਹੀਂ ਜਾਣਾਂ ਤਾਂ।”
“ਹੂੰ ਠੀਕ ਐ, ਚਲਦੇ ਆਂ ਫਿਰ।”

ਧੱਕਾ ਕਲੋਨੀ ਫੈਕਟਰੀ ਏਰੀਏ ਵਿੱਚ ਬਣੀ ਹੋਈ ਸਰਕਾਰੀ ਕਲੋਨੀ ਹੈ। ਇਥੌਂ ਦੇ ਸਾਰੇ ਫਲੈਟ ਚੌਰਾਸੀ ਦੇ ਦੰਗਾ ਪੀੜਤਾਂ ਨੇ ਧੱਕੇ ਨਾਲ ਦਬਾ ਲਏ ਸਨ। ਇਸੇ ਕਰਕੇ ਲੋਕ ਇਸਨੂੰ ਧੱਕਾ ਕਲੋਨੀ ਕਹਿੰਦੇ ਨੇ। ਜੇਹੜਾ ਮਕਾਨ ਅਸੀਂ ਦੇਖਿਆ ਉਹ ਕਲੋਨੀ ਦੇ ਪਿਛਲੇ ਪਾਸੇ ਜੀ.ਟੀ.ਰੋਡ ਵੱਲ ਹੈ। ਇਸਦਾ ਕਿਰਾਇਆ ਕਾਫੀ ਘੱਟ ਹੈ। ਕਿਉਕਿ ਇਸ ਫਲੈਟ ਦੇ ਮੂਹਰੇ ਪਾਰਕ ਬਣੀ ਹੌਈ ਹੈ। ਜਿਥੇ ਭਿਖਾਰੀ ਅਤੇ ਚੋਰ ਉਚੱਕੇ ਕਿਸਮ ਦੇ ਲੋਕ ਹਮੇਸ਼ਾ ਬੈਠੇ ਰਹਿੰਦੇ ਨੇ। ਇਸੇ ਕਰਕੇ ਜਲਦੀ ਕੋਈ ਫੈਮਿਲੀ ਵਾਲਾ ਬੰਦਾ ਇਥੇ ਆ ਕੇ ਨਹੀਂ ਰਹਿੰਦਾ। ਪਰ ਸਾਨੂੰ ਇਸ ਸਭ ਨਾਲੋਂ ਕਿਰਾਇਆ ਘੱਟ ਅਤੇ ਮਕਾਨ ਖੁੱਲਾ ਹੋਣ ਦੀ ਸੁਵਿਧਾ ਜਿਆਦਾ ਫਾਇਦੇ ਵਾਲੀ ਜਾਪਦੀ ਹੈ। ਇਹ ਕਮਰਾ ਤੀਜੀ ਮੰਜਲ ਤੇ ਬਣੇ ਤਿੰਨ ਕਮਰਿਆਂ ਵਿਚੋਂ ਇਕ ਹੈ। ਜਿਥੇ ਇਕ ਕਮਰੇ ਵਿੱਚ ਦੋ ਮੁੰਡੇ ਰਹਿੰਦੇ ਨੇ ਦੂਜਾ ਖਾਲੀ ਹੈ ਤੇ ਤੀਜਾ ਅਸੀਂ ਲੈ ਲਿਆ ਜੋ ਥੋੜਾ ਪਿਛਾਂਹ ਹਟਵਾਂ ਹੈ। ਨਾਲ ਬੱਚਿਆਂ ਦੇ ਖੇਡਣ ਲਈ ਬਰਾਂਡਾ ਹੈ। ਸਭ ਤੋਂ ਵੱਡੀ ਗੱਲ ਇਥੇ ਕੋਈ ਰੋਕ ਟੋਕ ਨਹੀਂ ਹੈ। ਨਈਂ ਪਹਿਲਾਂ ਵਾਲੇ ਮਕਾਨ ਵਿੱਚ ਤਾਂ ਸਾਰਾ ਦਿਨ ਮਕਾਨ ਮਾਲਕਣ ਹੀ ਬੋਲਦੀ ਰਹਿੰਦੀ ਸੀ। ਕਦੀ ਦਬਕਾ ਮਾਰ ਕੇ ਨਿਆਣਿਆਂ ਨੂੰ ਅੰਦਰ ਵਾੜ ਦੇਣਾ। ਕਦੀ ਸਿਮਰ ਨਾਲ ਛੋਟੀ ਛੋਟੀ ਗੱਲ ਤੇ ਬੋਲਦੇ ਰਹਿਣਾਂ ਬਈ ਤੁਸੀਂ ਬਾਥਰੂਮ ਸਾਫ ਨਈ ਰੱਖਦੇ, ਪਾਣੀ ਜਿਆਦਾ ਡੋਲਦੇ ਹੋ ਸਫਾਈ ਨਹੀਂ ਹੈ।ਕੋਈ ਚੀਜ ਕਮਰੇ ਚੋਂ ਬਾਹਰ ਨਹੀਂ ਰੱਖਣੀ। ਗੱਲ ਕਾਹਦੀ ਇੰਝ ਮਹਿਸੂਸ ਕਰਦੇ ਸਾਂ ਜਿਵੇਂ ਘਰ ਵਿੱਚ ਨਈ ਜੇਲ੍ਹ ਵਿੱਚ ਬੰਦ ਹੋਈਏ। ਹਰ ਹਰਕਤ ਮਾਲਕ ਦੀ ਨਜਰ ਵਿੱਚ ਹੁੰਦੀ ਸੀ। ਆਪਣੀ ਇੱਛਾ ਨਾਲ ਆਂਢ ਗੁਆਂਢ ਕਿਸੇ ਨਾਲ ਗੱਲ ਵੀ ਨਈ ਸੀ ਕਰ ਸਕਦੇ। ਪਰ ਇਥੇ ਆ ਕੇ ਤਾਂ ਜਿਵੇਂ ਸੁਖ ਦਾ ਸਾਹ ਆ ਗਿਆ ਹੋਵੇ। ਕਮਰਾ ਵੇਖਣ ਤੋਂ ਬਾਦ ਉਸੇ ਦਿਨ ਹੀ ਸਮਾਨ ਚੱਕ ਕੇ ਇਥੇ ਆ ਗਏ ਕਿ ਕਿਤੇ ਕੋਈ ਹੋਰ ਈ ਨਾ ਲੈ ਲਵੇ। ਕਮਰਾ ਫੈਕਟਰੀ ਤੋਂ ਦੂਰ ਹੋਣ ਕਾਰਨ ਥੋੜੀ ਤਕਲੀਫ ਤਾਂ ਸੀ, ਪਰ ਦੋ ਚਾਰ ਦਿਨਾਂ ਵਿੱਚ ਈ ਰਾਹ ਪੈਰੀਂ ਚੜ ਗਿਆ।

ਇਥੇ ਆ ਕੇ ਸਿਮਰ ਵੀ ਖੁਸ਼ ਖੁਸ਼ ਰਹਿਣ ਲੱਗੀ ਹੈ। ਬੱਚੇ ਵੀ ਨਾਲ ਦੇ ਕਮਰੇ ਵਿੱਚ ਰਹਿੰਦੇ ਮੁੰਡਿਆ ਕੋਲ ਖੇਡਦੇ ਰਹਿੰਦੇ ਨੇ। ਉਨ੍ਹਾਂ ਦੋਹਾਂ ਜਣਿਆਂ ਚੋਂ ਅਕਸਰ ਈ ਇਕ ਜਣਾਂ ਘਰ ਰਹਿੰਦਾ ਹੈ। ਇਕ ਦੀ ਦਿਨ ਦੀ ਡਿਉਟੀ ਹੈ ਤੇ ਦੂਜੇ ਦੀ ਰਾਤ ਦੀ। ਮੇਰੀ ਉਨ੍ਹਾਂ ਨਾਲ ਕਦੀ ਜੁਬਾਨ ਸਾਂਝੀ ਨੀ ਹੋਈ। ਸ਼ਾਇਦ ਕਿਸੇ ਮੋਬੈਲ ਕੰਪਨੀ ‘ਚ ਕੰਮ ਕਰਦੇ ਨੇ। ਹੁਣ ਜਦੋਂ ਘਰ ਪਰਤਦਾ ਹਾਂ ਤਾਂ ਅਕਸਰ ਵੇਖਦਾ ਹਾਂ ਸਾਡੀ ਬੰਨੀ ਤਾਰ ਉਪਰ ਉਨ੍ਹਾਂ ਦੇ ਕੱਪੜੇ ਸੁਕ ਰਹੇ ਹੁੰਦੇ ਨੇ। ਸਿਮਰ ਵੀ ਜਲਦੀ ਜਲਦੀ ਰੋਟੀ ਬਣਾਂ ਕੇ ਮੈਨੂੰ ਘਰੋਂ ਤੋਰ ਦਿੰਦੀ ਹੈ। ਮੇਰੇ ਜਿਹਨ ‘ਚ ਨਾ ਚਹੁੰਦੇ ਵੀ ਸ਼ੱਕ ਦਾ ਬੀਅ ਪੁੰਗਰਿਆ ਹੈ। ਕਿਤੇ ਘਰ ਚ ਕੱਲੀ ਹੋਣ ਕਰਕੇ ਸਿਮਰ ਉਹਨਾਂ ਮੁੰਡਿਆਂ ਨਾਲ ਤਾਂ ਨੀ……..। ਮੇਰੀਆਂ ਅੱਖਾਂ ਦੀ ਵੇਖਣੀ ਬਦਲ ਰਹੀ ਹੈ। ਮੈ ਇੱਕ ਤੋਂ ਦੂਜੇ ਪਹਿਲੂ ਬਾਰੇ ਸੋਚਣ ਲਗਦਾ ਹਾਂ ਕਿਉਂ ਕਿ ਘਰਾਂ ਚੋਂ ਗੈਰ ਹਾਜਰ ਰਹਿਣ ਵਾਲਿਆਂ ਨਾਲ ਇਸ ਤਰਾਂ ਦਾ ਅਕਸਰ ਈ ਵਾਪਰ ਜਾਂਦੈ।ਇਕ ਹੀ ਪਲ ਵਿੱਚ ਪਤਾ ਨੀ ਕੀ ਕੀ ਸੋਚ ਜਾਨਾਂ।

ਫੈਕਟਰੀ ਦੀਆਂ ਕੰਧਾਂ ਅੰਦਰ ਵੀ ਮੇਰੇ ਦੁਆਲੇ ਇਕ ਅਲੱਗ ਹੀ ਕਿਸਮ ਦਾ ਸਮਾਜ ਉਸਰ ਰਿਹੈ। ਜਿਥੇ ਸਭ ਮੈਨੂੰ ਜਾਣਦੇ ਨੇ।ਸਭ ਨੂੰ ਪਤੈ ਮੈ ਕੌਣ ਹਾਂ। ਪਰ ਇਸ ਤੋਂ ਬਾਹਰ ਮੇਰੀ ਕਲੋਨੀ ਅਤੇ ਮੁਹੱਲੇ ਵਿੱਚ ਮੈਨੂੰ ਕੋਈ ਨਹੀਂ ਜਾਣਦਾ। ਘਰ ਵਿੱਚ ਵੀ ਮੇਰੀ ਪਤਨੀ ਅਤੇ ਬੱਚੇ ਹੀ ਮੈਨੂੰ ਜਾਣਦੇ ਨੇ ਜਾਂ ਆਂਢੀ ਗੁਆਂਢੀ ਤੇ ਉਹ ਦੋ ਮੁੰਡੇ। ਇਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ। ਇੰਝ ਲਗਦੈ ਜਿਵੇਂ ਇਸ ਸ਼ਹਿਰ ਵਿੱਚ ਵਾਧੂ ਜਿਹਾ ਬਣਦਾ ਜਾ ਰਿਹਾ ਹੋਵਾਂ।

ਸੈਂਕਲ ਰੇੜ੍ਹ ਕੇ ਘਰੋਂ ਬਾਹਰ ਨਿਕਲਿਆ ਹਾਂ। ਸਿਮਰ ਤੁਰੇ ਜਾਂਦੇ ਨੂੰ ਪਿਛੋਂ ਦੇਖ ਰਹੀ ਹੈ, ਤੇ ਫਿਰ ਫੜਾਕ ਕਰਦਾ ਦਰਵਾਜਾ ਬੰਦ ਕਰ ਦਿੰਦੀ ਹੈ। ਮਨ ਚ ਫਿਰ ਉਹੀ ਸਵਾਲ ਉਗਿਆ ਹੈ। ਪਾਰਕ ਦੀ ਨੁੱਕਰ ਤੇ ਬਣੇਂ ਖੋਖੇ ਤੋਂ ਬੀੜੀਆਂ ਦਾ ਬੰਡਲ ਲੈਣ ਲੱਗਾ ਇਕ ਨਜਰ ਘਰ ਵੱਲ ਮਾਰਦਾ ਹਾਂ ਤੇ ਫਿਰ ਪਾਰਕ ਵਿੱਚ ਅਵਾਰਾ ਪਏ ਲੋਕਾਂ ਵੱਲ ਵੇਖਦਾ ਹਾਂ। ਇਕ ਪਾਟੇ ਜੇ ਲੀੜਿਆਂ ਵਾਲਾ ਬੰਦਾ ਤੇ ਉਸਦੀ ਪਤਨੀ ਆਪਣੀ ਝੁੱਗੀ ਮੂਹਰੇ ਆਪਣੇ ਬੱਚਿਆਂ ਨਾਲ ਖੇਡ ਰਹੇ ਨੇ, ਨਿੱਕੇ ਨਿੱਕੇ ਬੱਚੇ ਕਦੇ ਮਾਂ ਤੇ ਕਦੇ ਬਾਪ ਦੇ ਪਿਛੇ ਦੌੜ ਰਹੇ ਨੇ। ਉਨ੍ਹਾਂ ਵੱਲ ਵੇਖ ਕੇ ਮੈਨੂੰ ਚੰਗਾ ਚੰਗਾ ਜਿਹਾ ਲਗਦੈ। ਮੇਰੇ ਅੰਦਰੋਂ ਕੁਸ਼ ਹਿਲਿਆ ਹੈ। ਮੈਂ ਤ੍ਰਭਕ ਜਿਹਾ ਗਿਆਂ। ਥੋੜਾ ਹੋਰ ਨੇੜੇ ਹੋ ਕੇ ਉਨ੍ਹਾਂ ਵੱਲ ਵੇਖਦਾ ਹਾਂ। ਇਹ ਉਹੀ ਔਰਤ ਹੈ ਜੇਹੜੀ ਉਸ ਦਿਨ ਠੇਕੇ ਮੂਹਰੇ ਕੁੱਛੜ ਬੱਚਾ ਚੁੱਕੀ ਸ਼ਰਾਬ ਦੀਆਂ ਖਾਲੀ ਬੋਤਲਾਂ ਚੱਕ ਰਹੀ ਸੀ। ਮੈ ਉਹਦੇ ਪ੍ਰਤੀ ਅੰਦਰੋਂ ਘਿਰਣਾਂ ਨਾਲ ਭਰ ਗਿਆਂ। ਇਹਨਾਂ ਦੇ ਕਸਬ ਨਾ ਵੇਖ ਗੁਰਦੀਪ ਜਜਬਾ ਵੇਖ ਜਿਉਣ ਦਾ। ਮੈਂ ਫਿਰ ਤ੍ਰਭਕਿਆ ਹਾਂ। ਮਨ ਉਚਾਟ ਜਿਹਾ ਹੋ ਗਿਐ। ਪਤਾ ਨੀ ਕਿਸ ਦਵੰਧ ਵਿਚ ਫਸਦਾ ਜਾਂ ਰਿਹਾਂ। ਸੈਕਲ ਰੇਹੜ ਕੇ ਫੈਕਟਰੀ ਵੱਲ ਤੁਰ ਪਿਆਂ।

ਫੈਕਟਰੀ ਦੇ ਗੇਟ ਮੂਹਰੇ ਪਹੁੰਚਿਆ ਹਾਂ। ਹੂਟਰ ਵੱਜ ਚੁਕੈ। ਟਾਈਮ ਆਫਿਸ ਦੀ ਕੰਧ ਨਾਲ ਲਟਕਦੀ ਘੜੀ ਵੱਲ ਵੇਖਦਾਂ ਨੌਂ ਵੱਜ ਰਹੇ ਨੇ। ਅੱਧੀ ਦਿਹਾੜੀ ਕੱਟੇ ਜਾਣ ਕਰਕੇ ਮੂੰਹ ਲਟਕ ਗਿਐ। ਹਾਜਰੀ ਲਗਵਾ ਕੇ ਆਪਣੀ ਮਸ਼ੀਨ ਕੋਲ ਪਹੁੰਚਿਆ ਹਾਂ। ਸੰਤੋਸ਼ ਆਪਣੀਂ ਮਸ਼ੀਨ ਛੱਡ ਮੇਰੇ ਵੱਲ ਆ ਗਿਐ।
“ਕਿਆ ਹੂਆ ਗੁਰਦੀਪ ਭਾਈ, ਆਜ ਇਤਨਾਂ ਲੇਟ ਕਿਉ ਹੋ ਗਏ।”
ਮੈਂ ਚੁਪਚਾਪ ਉਹਦੇ ਚੇਹਰੇ ਵੱਲ ਵੇਖ ਰਿਹਾਂ। “ਸੰਤੋਸ਼ ਆਜ ਕੇ ਬਾਦ ਮੈ ਰਾਤ ਕੀ ਡਿਊਟੀ ਨਹੀਂ ਕਰੂੰਗਾ।”
“ਅਰੇ! ਹੂਆ ਕਿਆ ਪਤਾ ਤੋ ਚਲੇ।”
“ਕੁਸ਼ ਨਹੀਂ ਯਾਰ ਬਸ ਐਸੇ ਹੀ। ਅਪਨੀ ਫੈਕਟਰੀ ਮੇਂ ਓਵਰਟੈਮ ਮਿਲੇਗਾ ਤੋ ਕਰੂੰਗਾ।ਪਰ ਦੂਸਰੀ ਫੈਕਟਰੀ ਮੇਂ ਨਹੀਂ ਜਾਊਂਗਾਂ।”

ਸੰਤੋਸ਼ ਮੇਰੇ ਮੂੰਹ ਵੱਲ ਵੇਖ ਰਿਹੈ।ਸ਼ਾਇਦ ਸੋਚ ਰਿਹਾ ਹੋਵੇ ਕਿ ਜੇਹੜਾ ਬੰਦਾ ਕਦੀ ਲੋਕਾਂ ਦੀਆਂ ਦਿਹਾੜੀਆਂ ਲਾਉਣ ਨੂੰ ਤਰਲੇ ਮਾਰਦਾ ਸੀ ਅੱਜ ਉਹ ਆਪਣੀ ਹੀ ਡਿਊਟੀ ਤੋਂ ਕਿਉ ਭੱਜ ਤੁਰਿਐ। ਪਰ ਪਤਾ ਨੀ ਕਿਉਂ ਮੈ ਅੰਦਰੋਂ ਤਲਖ ਹੋਇਆ ਇਹ ਸਭ ਬੋਲ ਗਿਆਂ। ਮੇਰੇ ਅੰਦਰ ਬੈਠਾ ਬੰਦਾ ਇਹ ਸਭ ਬੋਲ ਰਿਹੈ ਜਾਂ ਮਸ਼ੀਨ ਨਾਲ ਮਸ਼ੀਨ ਹੋਇਆ ਸਰੀਰ ਜਵਾਬ ਦੇ ਗਿਐ ਮੈਨੂੰ ਕੁਸ਼ ਸਮਝ ਨੀਂ ਆ ਰਿਹਾ।

ਸਾਰਾ ਦਿਨ ਉਹ ਔਰਤ ਕੁਛੜ ਬੱਚਾ ਚੁੱਕੀ ਮੇਰੇ ਜਿਹਨ ਚ ਘੁੰਮਦੀ ਰਹੀ। ਕਦੀ ਕਦੀ ਸਿਮਰ ਦਾ ਚੇਹਰਾ ਉਸ ਔਰਤ ਦੇ ਚੇਹਰੇ ਚ ਰਲਗੱਡ ਹੋ ਜਾਂਦੈ ਤੇ ਮੈਨੂੰ ਕਹਿਣ ਲਗਦੀ ਹੈ “ਸਿਰਫ ਰੋਟੀ ਦੀ ਭੁਖ ਹੀ ਸਭ ਕੁਸ਼ ਨਹੀਂ ਹੁੰਦੀ ਜੀ। ਇਸ ਤੋਂ ਪਰ੍ਹੇ ਵੀ ਬਹੁਤ ਕੁਸ਼ ਹੁੰਦੈ।”
“ਕੀ ਹੁੰਦੈ ਪਰ੍ਹੇ ?” ਮੈਂ ਰੋਣ ਹਾਕਾ ਹੋਈ ਜਾ ਰਿਹਾਂ। ਬੱਸ ਬਹੁਤ ਹੋ ਗਿਆ ਹੁਣ ਹੋਰ ਨਹੀਂ। ਮੈਂ ਮੂੰਹ ਚ ਈ ਬੁੜਬੁੜਾਇਆ ਹਾਂ।

ਸ਼ਾਮ ਦੇ ਛੇ ਵੱਜੇ ਨੇ। ਛੁੱਟੀ ਦੇ ਹੂਟਰ ਨੇ ਸਭ ਨੂੰ ਹਫੜਾ ਦਫੜੀ ਪਾ ਦਿੱਤੀ ਹੈ। ਟਿਫਨ ਚੱਕ ਮੈਂ ਸੈਂਕਲ ਵੱਲ ਵਧਿਆ ਹਾਂ। ਆਹ ਕੀ…..! ਪਿਛਲਾ ਟੈਰ ਪੈਂਚਰ ਹੋਇਆ ਪਿਐ। ਲਗਦਾ ਕੱਲ ਨੂੰ ਵੀ ਲੇਟ ਈ ਆਉਣਾਂ ਪਊ ਜੇ ਪੈਂਚਰ ਨਾ ਲੱਗਾ ਤਾਂ। ਮੂੰਹ ਵਿੱਚ ਬੁੜ ਬੁੜ ਕਰਦਾ ਹੱਥ ਚ ਸੈਂਕਲ ਦਾ ਹੈਂਡਲ ਫੜੀ ਪੈਦਲ ਹੀ ਘਰ ਵੱਲ ਨੂੰ ਤੁਰ ਪਿਆ ਹਾਂ। ਰਾਹ ਚ ਜਾਂਦੇ ਰੇਹੜੀ ਵਾਲੇ ਤੋਂ ਕੇਲੇ ਲੈ ਕੇ ਹੱਥ ਚ ਫੜ੍ਹ ਲਏ ਨੇ ਕਿ ਚਲੋ ਬੱਚੇ ਖੁਸ਼ ਹੋ ਜਾਣਗੇ। ਐਨੇ ਦਿਨਾਂ ਬਾਦ ਅਚਾਨਕ ਟਾਈਮ ਨਾਲ ਘਰੇ ਆਇਆ ਵੇਖ ਕੇ ਸਿਮਰ ਵੀ ਖੁਸ਼ ਹੋਵੇਗੀ। ਜੇ ਕੱਲ ਨੂੰ ਟੈਮ ਨਾਲ ਸੈਂਕਲ ਠੀਕ ਹੋ ਗਿਆ ਤਾਂ ਡਿਊਟੀ ਆਵਾਂਗਾ ਨਈਂ ਛੁੱਟੀ ਹੀ ਕਰ ਲੈਣੀ ਐਂ ਵੇਖੀ ਜਾਊ ਜੋ ਹੋਊ। ਵਧ ਤੋਂ ਵਧ ਕੀ ਹੋਜੂ ਕੰਮ ਤੋਂ ਈ ਜਵਾਬ ਮਿਲਜੂ ਨਾ, ਕੋਈ ਨੀ ਵੇਖਲਾਂਗੇ।ਨਾਲੇ ਬੱਚਿਆਂ ਨੂੰ ਬਜਾਰ ਘੁਮਾਂ ਕੇ ਲਿਆਊਂ। ਨੀਲੂ ਨੂੰ ਆਈਸ ਕਰੀਮ ਤੇ ਵਿਸ਼ਾਲ ਨੂੰ ਬੋਬੋ ਖਵਾ ਕੇ ਲਿਆਊਂ, ਖੁਸ਼ ਹੋ ਜਾਣਗੇ। ਸੋਚਦਾ ਮੈਂ ਘਰ ਕੋਲ ਪਹੁੰਚਿਆ ਹਾਂ। ਸੈਂਕਲ ਹੇਠਾਂ ਖੜ੍ਹਾ ਕਰਕੇ ਘਰ ਦੀਆਂ ਪੌੜੀਆਂ ਚੜ੍ਹਿਆ ਹਾਂ। ਅਜੇ ਅੱਧ ਵਿਚਕਾਰ ਹੀ ਪਹੁੰਚਿਆ ਹਾਂ, ਸਿਮਰ ਦੇ ਉਚੀ ਉਚੀ ਹੱਸਣ ਦੀ ਅਵਾਜ ਆ ਰਹੀ ਹੈ। ਯਕਦਮ ਮੇਰੇ ਪੈਰ ਰੁਕ ਗਏ ਨੇ। ਕਿੰਨਾ ਸਮਾਂ ਲੰਘ ਗਿਐ, ਸਿਮਰ ਨੂੰ ਐਸ ਤਰਾਂ ਖਿੜਖਿੜਾ ਕੇ ਹੱਸਦੀ ਨਹੀਂ ਵੇਖਿਆ। ਉਹਦਾ ਹਾਸਾ ਮੈਨੂੰ ਚੰਗਾ ਲਗ ਰਿਹੈ। ਮੈਂ ਪੌੜੀਆਂ ਚ ਖੜਾ ਸੁਣ ਰਿਹਾਂ।

ਅਚਾਨਕ ਮੇਰੇ ਸੁਭਾਅ ਬਦਲ ਗਿਐ। ਮੱਥੇ ਤੇ ਤਿਉੜੀਆਂ ਉਭਰ ਆਈਆਂ ਨੇ।ਹੱਥਾਂ ਦੀਆਂ ਮੁੱਠੀਆਂ ਮਿਚ ਗਈਆਂ ਨੇ। ਜਿਵੇਂ ਹੱਥ ਚ ਫੜਿਆ ਟਿਫਨ ਤਲੀਆਂ ਦੀ ਗਰਮੀ ਨਾਲ ਈ ਪਿਘਲ ਜਾਵੇਗਾ।“ਕਿਤੇ ਸਿਮਰ ਨਾਲ ਰਹਿੰਦੇ ਮੁੰਡੇ ਨਾਲ…..।”

ਦਬਵੇਂ ਪੈਰੀਂ ਪੌੜੀਆਂ ਚੜ੍ਹਨ ਲੱਗਾ ਹਾਂ।ਆਖਰੀ ਪੌੜੀ ਦੇ ਨਾਲ ਲੱਗੀ ਗਰਿਲ ਦੀ ਵਿਰਲ ਵਿਚੋਂ ਦੀ ਆਪਣੇ ਕਮਰੇ ਵੱਲ ਵੇਖਦਾ ਹਾਂ। ਸਿਮਰ ਵਿਸ਼ਾਲ ਤੇ ਨੀਲੂ ਨਾਲ ਬੈਠੀ ਕੁਸ਼ ਖਾ ਰਹੀ ਹੈ ਤੇ ਨਾਲੇ ਉਨ੍ਹਾਂ ਨਾਲ ਸ਼ਰਾਰਤਾਂ ਕਰ ਕਰ ਹੱਸ ਰਹੀ ਹੈ। ਉਹ ਵੀ ਖੁਸ਼ ਨੇ । ਮੈਂ ਅੰਦਰ ਆਇਆ ਹਾਂ। ਬੱਚੇ ਮੈਨੂੰ ਵੇਖ ਕੇ ਖੁਸ਼ ਹੋ ਗਏ ਨੇ। ਸਿਮਰ ਦੇ ਵੀ ਚੇਹਰੇ ਤੇ ਰੌਣਕ ਜਿਹੀ ਆ ਗਈ ਹੈ। ਮੈਂ ਆਪਣੇ ਆਪ ਵਿੱਚ ਹੀ ਪਾਣੀਓਂ ਪਤਲਾ ਹੋਇਆ ਖੜ੍ਹਾ ਹਾਂ।
“ਓਏ ਆਹ ਕੀ.! ਐਨਾ ਕੁਸ਼ ਖਾਣ ਨੂੰ ਕਿਥੋਂ ਲੈ ਆਏ ਤੁਸੀ ਅੱਜ।” ਮੇਰੇ ਮੂੰਹੋਂ ਸਭੈਕੀਂ ਨਿਕਲ ਗਿਐ।
“ਲੈ ਤੁਸੀ ਕੀ ਸੋਚਦੇ ਓ, ਪੈਸੇ ਕੱਲੇ ਬੰਦੇ ਈ ਕਮਾ ਸਕਦੇ ਐ ਜਨਾਨੀਆਂ ਨੀ ਕਮਾ ਸਕਦੀਆਂ। ਆਹ ਵੇਖੋ, ਸਲਾਈਆਂ ਦੇ ਕੰਮ ਚੋਂ ਪੂਰੇ ਬਾਰਾਂ ਸੌ ਕਮਾਏ ਨੇ ਮਹੀਨੇ ਦੇ। ਸੋਚਦੀ ਸੀ ਜਦੋਂ ਵਾਹਵਾ ਸਾਰੇ ਕੱਠੇ ਹੋਗੇ ਉਦਣ ਈ ਥੋਨੂੰ ਦੱਸੂੰਗੀ।” ਸਿਮਰ ਨੇ ਰੁਗ ਸਾਰਾ ਸੌ ਸੌ ਪੰਜਾਹ ਪੰਜਾਹ ਦੇ ਨੋਟਾਂ ਦਾ ਮੇਰੇ ਹੱਥ ਤੇ ਧਰ ਦਿਤਾ। ਮੈਂ ਹੈਰਾਨ ਹੋਇਆ ਉਹਦੇ ਚੇਹਰੇ ਵੱਲ ਵੇਖ ਰਿਹਾਂ। ਉਹ ਮੇਰਾ ਹੱਥ ਘੁੱਟੀ ਖੜੀ ਹੈ। ਉਹਦਾ ਕੱਦ ਹੁਣ ਮੈਨੂੰ ਆਪਣੇ ਤੋਂ ਵੀ ਉਚਾ ਮਹਿਸੂਸ ਹੋ ਰਿਹੈ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)