Punjabi Stories/Kahanian
ਡਾਕਟਰ ਮਹੀਪ ਸਿੰਘ
Doctor Maheep Singh
Punjabi Kavita
  

Kala Baap Gora Baap Dr. Maheep Singh

ਕਾਲਾ ਬਾਪ ਗੋਰਾ ਬਾਪ ਡਾ. ਮਹੀਪ ਸਿੰਘ

ਜਮੀਲਾ ਨੇ ਖ਼ਤ ਦੀਆਂ ਚਾਰ ਲਾਈਨਾਂ ਪੜ੍ਹੀਆਂ ਤੇ ਉਸ ਦੇ ਮੂੰਹੋਂ ਅਚਨਚੇਤ ਨਿਕਲ ਗਿਆ, "ਵਾਹ!" ਫਿਰ ਬੇਰੁਖੀ ਤੇ ਲਾਪਰਵਾਹੀ ਭਰੀ ਮੁਸਕਰਾਹਟ ਉਸ ਦੇ ਚਿਹਰੇ ਉਤੇ ਬਿਖਰ ਗਈ ਤੇ ਉਹ ਖ਼ਤ ਪੜ੍ਹਦੀ ਰਹੀ। ਪੜ੍ਹਨ ਤੋਂ ਬਾਅਦ ਕੁਝ ਦੇਰ ਬੈਠੀ ਉਹ ਸੋਚਦੀ ਰਹੀ। ਫਿਰ ਕਲਮ-ਦੁਆਤ ਚੁੱਕ ਉਸ ਦਾ ਜੁਆਬ ਲਿਖਣ ਬੈਠ ਗਈ:
ਸਮਝ ਨਹੀਂ ਆ ਰਹੀ ਕਿ ਤੁਹਾਡੇ ਲਈ ਕੀ ਲਿਖ ਕੇ ਖ਼ਤ ਨੂੰ ਸ਼ੁਰੂ ਕਰਾਂ। ਤੁਸਾਂ 'ਮੇਰੀ ਜਮੀਲਾ' ਲਿਖਿਆ ਹੈ। ਇਕ ਜ਼ਮਾਨਾ ਸੀ ਜਦੋਂ ਤੁਸੀਂ 'ਮੇਰੀ ਜਮੀਲਾ' ਲਿਖਦੇ ਸਉ ਤੇ ਮੈਂ ਜਵਾਬ ਵਿਚ 'ਮੇਰੇ ਸਿਰਤਾਜ' ਲਿਖਦੀ ਸਾਂ, ਪਰ ਅੱਜ 'ਮੇਰੀ ਜਮੀਲਾ' ਲਿਖਣ ਦਾ ਹੱਕ ਨਾ ਤੁਹਾਡੇ ਕੋਲ ਹੈ ਤੇ ਨਾ 'ਮੇਰੇ ਸਿਰਤਾਜ' ਲਿਖਣ ਦਾ ਹੱਕ ਮੇਰੇ ਕੋਲ।
ਖੈਰ! ਮੈਂ ਬਿਨਾਂ ਕਿਸੇ ਲਕਬ ਦੇ ਇਹ ਖ਼ਤ ਲਿਖ ਰਹੀ ਹਾਂ। ਸੱਚਮੁੱਚ ਤੁਹਾਡਾ ਖ਼ਤ ਮਿਲਣ 'ਤੇ ਮੈਂ ਹੈਰਾਨ ਰਹਿ ਗਈ। ਇੰਨੇ ਲੰਬੇ ਅਰਸੇ, ਦਸਾਂ ਸਾਲਾਂ ਬਾਅਦ, ਤੁਹਾਨੂੰ ਮੇਰੇ ਤੇ ਆਪਣੀਆਂ ਬੱਚੀਆਂ ਦੀ ਯਾਦ ਕਿਸ ਤਰ੍ਹਾਂ ਆ ਗਈ?
ਲਗਦਾ ਹੈ ਕਿ ਸਕੀਨਾ ਬੀਬੀ ਤੋਂ ਵੀ ਤੁਹਾਡਾ ਦਿਲ ਭਰ ਗਿਆ ਹੈ, ਪਰ ਤੁਹਾਨੂੰ ਕਾਹਦਾ ਫਿਕਰ ਹੈ। ਹੁਣ ਤੀਸਰੀ ਬੀਵੀ ਲੈ ਆਓ। ਆਖਰ ਮਰਦ ਹੋ ਨਾ, ਤਿੰਨ-ਚਾਰ ਬੀਵੀਆਂ ਰੱਖੇ ਬਿਨਾਂ ਤੁਹਾਡੀ ਮਰਦਾਨਗੀ ਦਾ ਸਬੂਤ ਕਿਸ ਤਰ੍ਹਾਂ ਮਿਲੇਗਾ?
ਤੁਸਾਂ ਲਿਖਿਆ ਹੈ ਕਿ ਇਕ ਵਾਰ ਮੈਨੂੰ ਮਿਲਣਾ ਚਾਹੁੰਦੇ ਹੋ, ਆਪਣੀਆਂ ਧੀਆਂ ਨੂੰ ਵੇਖਣਾ ਚਾਹੁੰਦੇ ਹੋ। ਮੈਨੂੰ ਇਹਦੇ ਵਿਚ ਇਤਰਾਜ਼ ਤਾਂ ਕੋਈ ਨਹੀਂ, ਪਰ ਮੈਂ ਸਮਝਦੀ ਹਾਂ, ਸਾਨੂੰ ਮਿਲ ਕੇ ਤੁਹਾਨੂੰ ਕੋਈ ਖ਼ਾਸ ਖੁਸ਼ੀ ਨਹੀਂ ਹੋਵੇਗੀ। ਅੱਜ ਤੋਂ ਦਸ ਸਾਲ ਪਹਿਲਾਂ ਜਿਸ ਹਾਲਤ ਵਿਚ ਤੁਸੀਂ ਸਾਨੂੰ ਦਿੱਲੀ ਵਿਚ ਬੇਸਹਾਰਾ ਛੱਡ ਕੇ ਸਕੀਨਾ ਨਾਲ ਐਸ਼ ਦੀ ਜ਼ਿੰਦਗੀ ਬਿਤਾਉਣ ਗਵਾਲੀਅਰ ਚਲੇ ਗਏ ਸਉ; ਅੱਜ ਸਾਡੀ ਹਾਲਤ ਉਸ ਨਾਲੋਂ ਬਹੁਤ ਚੰਗੀ ਹੈ। ਤੁਹਾਡੀ ਸ਼ੀਰੀਂ ਹੁਣ ਸੋਲ਼ਾਂ ਸਾਲਾਂ ਦੀ ਖੂਬਸੂਰਤ ਲੜਕੀ ਹੈ। ਉਹ ਫਿਲਮਾਂ ਵਿਚ ਕੰਮ ਕਰਦੀ ਹੈ, ਨੱਚਦੀ ਹੈ, ਗਾਉਂਦੀ ਹੈ, ਤੇ ਪਰਦਾ ਤਾਂ ਬਿਲਕੁਲ ਨਹੀਂ ਕਰਦੀ। ਤੁਸੀਂ ਉਸ ਦਾ ਇਹ ਰੂਪ ਵੇਖ ਕੇ ਘਬਰਾ ਜਾਓਗੇ। ਉਸ ਨੂੰ ਮਿਲਣ ਲਈ ਘਰ ਵਿਚ ਪਤਾ ਨਹੀਂ ਕਿੰਨੇ ਹੀ ਮਰਦ ਰੋਜ਼ ਆਉਂਦੇ ਨੇ। ਤਰ੍ਹਾਂ ਤਰ੍ਹਾਂ ਦੇ ਪ੍ਰੋਡਿਊਸਰ ਆਪਣੀ ਫਿਲਮ ਵਿਚ ਕੰਮ ਦੇਣ ਤੋਂ ਪਹਿਲਾਂ ਕਈ ਢੰਗਾਂ ਨਾਲ ਉਸ ਦੇ ਸਰੀਰ ਦੀਆਂ ਗੋਲਾਈਆਂ ਨਾਪਦੇ ਹਨ। ਤੇ ਅਖ਼ਬਾਰਨਵੀਸ ਹਰ ਢੰਗ ਦੀਆਂ ਫੋਟੋਆਂ ਲਾਹੁੰਦੇ ਨੇ, ਕਿਉਂਕਿ ਫਿਲਮ ਸਟਾਰ ਦੀ ਪਬਲਿਸਿਟੀ ਲਈ ਇਹ ਸਭ ਬਹੁਤ ਜ਼ਰੂਰੀ ਹੈ। ਕੀ ਤੁਸੀਂ ਇਹ ਸਭ ਕੁਝ ਸਹਿ ਸਕੋਗੇ?
ਤੇ ਹਾਂ, ਸ਼ੀਰੀਂ ਦਾ ਫਿਲਮੀ ਨਾਂ ਏਂ ਕਾਮਨੀ ਬੋਸ। ਇਹ ਤਾਂ ਤੁਸੀਂ ਜਾਣਦੇ ਹੀ ਹੋਵੇਗੇ, ਫਿਲਮਾਂ ਵਿਚ ਹਿੰਦੂ ਨਾਂ ਰੱਖਣ ਦਾ ਰਿਵਾਜ ਹੈ। ਤੇ ਹੁਣ ਤਾਂ ਨਾਂ ਦੇ ਨਾਲ ਹਿੰਦੂ ਜਾਤ ਵੀ ਲਾਈ ਜਾਂਦੀ ਹੈ।
ਤੇ ਸ਼ਹਿਨਾਜ਼, ਜਿਸ ਨੂੰ ਤੁਸੀਂ ਦੁੱਧ ਮੂੰਹੀਂ ਛੱਡ ਗਏ ਸਉ, ਹੁਣ ਗਿਆਰਾਂ ਸਾਲਾਂ ਦੀ ਹੋ ਗਈ ਹੈ। ਸਕੂਲ ਵਿਚ ਪੜ੍ਹਦੀ ਵੀ ਹੈ ਤੇ ਸਰਜੂ ਮਹਾਰਾਜ ਤੋਂ ਡਾਂਸ ਵੀ ਸਿੱਖਦੀ ਹੈ। ਗੱਲਾਂ ਕਰਨ ਵਿਚ ਸਭ ਨੂੰ ਮਾਤ ਪਾ ਦਿੰਦੀ ਹੈ। ਦੋ-ਚਾਰ ਫਿਲਮਾਂ ਵਿਚ ਛੋਟੇ-ਮੋਟੇ ਕੰਮ ਵੀ ਕਰ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਚਮਕਦਾ ਸਿਤਾਰਾ ਬਣੇਗੀ।
ਹਾਂ, ਤੇ ਰਹੀ ਮੇਰੀ ਗੱਲ। ਮੈਨੂੰ ਵੇਖ ਕੇ ਤਾਂ ਤੁਸੀਂ ਪਛਾਣ ਵੀ ਨਹੀਂ ਸਕੋਗੇ। ਤੁਹਾਡੀ ਜਮੀਲਾ ਤਾਂ ਪਰਾਏ ਮਰਦ ਦੀ ਛਾਇਆ ਵੀ ਨਹੀਂ ਸੀ ਵੇਖਦੀ। ਬੁਰਕੇ ਤੋਂ ਬਗੈਰ ਘਰੋਂ ਬਾਹਰ ਪੈਰ ਨਹੀਂ ਸੀ ਰੱਖਦੀ। ਤੇ ਮੂੰਹ ਵਿਚ ਜ਼ਬਾਨ ਹੈ, ਇਹ ਤਾਂ ਤੁਸੀਂ ਵੀ ਨਹੀਂ ਸੀ ਜਾਣਦੇ, ਪਰ ਅੱਜ ਉਹ ਇਸ ਤਰ੍ਹਾਂ ਸ਼ਿੰਗਾਰ ਕਰਦੀ ਹੈ ਕਿ ਉਸ ਦੀ ਢਲਦੀ ਉਮਰ ਦੇ ਬਾਵਜੂਦ ਲੋਕ ਧੋਖਾ ਖਾ ਜਾਂਦੇ ਹਨ। ਸ਼ੀਰੀਂ ਨਾਲ ਸਟੂਡੀਓ ਜਾਂਦੀ ਹੈ। ਪਰਦਾ ਉਸ ਲਈ ਗੁਜ਼ਰੇ ਜ਼ਮਾਨੇ ਦੀ ਗੱਲ ਹੈ। ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਫਿਲਮ ਲਾਈਨ ਵਿਚ ਬੜੇ ਬੜੇ ਚਲਾਕ ਆਦਮੀ ਹਨ, ਪਰ ਤੁਹਾਡੀ ਬੇਜ਼ਬਾਨ ਜਮੀਲਾ ਹੁਣ ਵੱਡੇ ਵੱਡੇ ਚਲਾਕ ਪ੍ਰੋਡੀਊਸਰਾਂ ਦੇ ਵੀ ਕੰਨ ਕੱਟ ਲੈਂਦੀ ਹੈ।
ਤੇ ਅਖੀਰ ਵਿਚ ਤੁਹਾਨੂੰ ਦੱਸਦੀ ਹਾਂ, ਅਨਵਰ ਬਾਰੇ। ਮਾਸੂਮ ਜਮੀਲਾ ਨੂੰ ਜਦੋਂ ਤੁਸੀਂ ਦੁਨੀਆਂ ਦੀਆਂ ਠੋਕਰਾਂ ਖਾਣ ਲਈ ਛੱਡ ਗਏ ਤਾਂ ਇਹੀ ਅਨਵਰ ਉਸ ਦਾ ਸਹਾਰਾ ਬਣਿਆ। ਉਹ ਗੋਰਾ ਸੁਨੱਖਾ ਨੌਜਵਾਨ ਸੀ, ਪਰ ਜ਼ਿੰਦਗੀ ਤੋਂ ਨਾਉਮੀਦ। ਕਈ ਸਾਲਾਂ ਤੋਂ ਉਹ ਬੰਬਈ (ਹੁਣ ਮੁੰਬਈ) ਦੀ ਫਿਲਮ ਲਾਈਨ ਵਿਚ ਆਪਣੀ ਕਿਸਮਤ ਅਜ਼ਮਾ ਰਿਹਾ ਸੀ, ਪਰ ਕਾਮਯਾਬੀ ਉਸ ਤੋਂ ਕਈ ਮੀਲ ਦੂਰ ਰਹੀ। ਉਨ੍ਹੀਂ ਦਿਨੀਂ ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਦਿੱਲੀ ਆਇਆ। ਮੇਰੀ ਉਸ ਨਾਲ ਮੁਲਾਕਾਤ ਹੋ ਗਈ। ਮੇਰੀ ਹਾਲਤ ਦਾ ਪਤਾ ਲੱਗਾ ਤਾਂ ਉਸ ਮੇਰੇ ਅੱਗੇ ਵਿਆਹ ਦੀ ਤਜਵੀਜ਼ ਰੱਖੀ। ਉਸ ਵਕਤ ਮੈਨੂੰ ਹੈਰਾਨੀ ਹੋਈ ਸੀ ਕਿ ਇੰਨਾ ਖੂਬਸੂਰਤ ਨੌਜਵਾਨ ਭਲਾ ਮੇਰੇ ਵਰਗੀ ਬੇਸਹਾਰਾ, ਦੋ ਧੀਆਂ ਵਾਲੀ ਔਰਤ ਨਾਲ ਨਿਕਾਹ ਕਰਾਉਣ ਨੂੰ ਕਿਉਂ ਤਿਆਰ ਹੈ, ਪਰ ਹੌਲੀ-ਹੌਲੀ ਮੈਂ ਸਭ ਸਮਝ ਗਈ। ਹਿੰਦੁਸਤਾਨ ਵਿਚ ਲੋਕੀਂ ਲੜਕੀਆਂ ਨੂੰ ਮੁਸੀਬਤ ਸਮਝਦੇ ਹਨ। ਖਾਸ ਕਰ ਬਿਨਾਂ ਬਾਪ ਦੀਆਂ ਲੜਕੀਆਂ ਤਾਂ ਬਿਲਕੁਲ ਨਹੀਂ ਭਾਉਂਦੀਆਂ, ਪਰ ਅਨਵਰ ਦੀਆਂ ਅਨੁਭਵੀ ਨਿਗਾਹਾਂ ਜਾਣਦੀਆਂ ਸਨ ਕਿ ਫਿਲਮ ਲਾਈਨ ਵਿਚ ਇਹੋ ਬਦਨਸੀਬ ਲੜਕੀਆਂ ਸੋਨੇ ਦੇ ਆਂਡੇ ਦੇਣ ਵਾਲੀਆਂ ਕੁਕੜੀਆਂ ਵਿਚ ਬਦਲੀਆਂ ਜਾ ਸਕਦੀਆਂ ਹਨ। ਮੇਰੇ ਨਾਲ ਵਿਆਹ ਕਰਨ ਦੀ ਸ਼ਾਇਦ ਇਹੋ ਵਜ੍ਹਾ ਹੋਵੇ, ਤੇ ਮਕਸਦ ਵਿਚ ਉਹ ਕਾਮਯਾਬ ਵੀ ਹੋਇਆ ਹੈ। ਅੱਜ ਉਹ ਸ਼ੀਰੀਂ ਤੇ ਸ਼ਹਿਨਾਜ਼ ਜਿਹੀਆਂ ਲੜਕੀਆਂ ਦਾ ਬਾਪ ਹੈ ਜੋ ਸੈਂਕੜੇ ਰੁਪਏ ਕਮਾਉਂਦੀਆਂ ਹਨ, ਕੱਲ੍ਹ ਹਜ਼ਾਰਾਂ ਕਮਾਉਣਗੀਆਂ ਤੇ ਖੁਦਾ ਨੇ ਚਾਹਿਆ ਤਾਂ ਉਨ੍ਹਾਂ ਦਾ ਪੈਰ ਲੱਖਾਂ ਵਿਚ ਵੀ ਪਵੇਗਾ।
ਇੰਨਾ ਮੈਂ ਜ਼ਰੂਰ ਕਹਾਂਗੀ ਕਿ ਅਨਵਰ ਨੇ ਭਾਵੇਂ ਕਿਸੇ ਖੁਦਗਰਜ਼ੀ ਕਾਰਨ ਸ਼ਾਦੀ ਕੀਤੀ ਹੋਵੇ, ਪਰ ਨਿਰਾ ਖੁਦਗਰਜ਼ ਨਹੀਂ ਰਿਹਾ। ਸ਼ੀਰੀਂ ਤੇ ਸ਼ਹਿਨਾਜ਼ ਨੂੰ ਧੀਆਂ ਦੀ ਤਰ੍ਹਾਂ ਪਿਆਰ ਕਰਦਾ ਹੈ ਤੇ ਦੋਵੇਂ ਲੜਕੀਆਂ ਉਹਨੂੰ ਹੀ ਬਾਪ ਸਮਝਦੀਆਂ ਹਨ। ਮੈਂ ਤਾਂ ਉਸ ਦੇ ਇਕ ਪੁੱਤਰ ਦੀ ਮਾਂ ਵੀ ਹਾਂ। ਅਨੀਸ ਪੰਜ ਸਾਲ ਦਾ ਹੋਣ ਵਾਲਾ ਹੈ।
ਇਹ ਸਭ ਕੁਝ ਜਾਣ ਕੇ ਵੀ ਕੀ ਤੁਸੀਂ ਇਥੇ ਆਉਣਾ ਚਾਹੋਗੇ? ਪਰ ਜੇ ਆਉਣਾ ਚਾਹੋ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਇਕ ਗੱਲ ਤੁਹਾਨੂੰ ਜ਼ਰੂਰ ਦੱਸ ਦਿਆਂ, ਤੁਹਾਡੀਆਂ ਧੀਆਂ ਅੱਗੇ ਮੈਂ ਇਹ ਨਹੀਂ ਜ਼ਾਹਿਰ ਹੋਣ ਦਿਆਂਗੀ ਕਿ ਤੁਸੀਂ ਉਨ੍ਹਾਂ ਦੇ ਬਾਪ ਹੋ।
ਹੋਰ ਕੀ ਲਿਖਾਂ?
ਕਿਸੇ ਜ਼ਮਾਨੇ ਦੀ ਤੁਹਾਡੀ,
ਜਮੀਲਾ।
ਖ਼ਤ ਲਿਖ ਕੇ ਜਮੀਲਾ ਬੇਫਿਕਰ ਹੋ ਗਈ। ਇਹੋ ਜਿਹਾ ਖ਼ਤ ਪੜ੍ਹ ਕੇ ਵੀ ਯੂਨਸ ਉਹਨੂੰ ਤੇ ਉਸ ਦੀਆਂ ਲੜਕੀਆਂ ਨੂੰ ਮਿਲਣ ਆ ਸਕਦਾ ਹੈ, ਇਸ ਗੱਲ ਦੀ ਉਹਨੂੰ ਜ਼ਰਾ ਵੀ ਉਮੀਦ ਨਹੀਂ ਸੀ, ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਹਫਤੇ ਬਾਅਦ ਵੇਖਿਆ ਕਿ ਦਸ ਸਾਲ ਪਹਿਲਾਂ ਦੇ ਯੂਨਸ ਦੀ ਹਲਕੀ-ਹਲਕੀ ਪਛਾਣ ਕਰਾਉਣ ਵਾਲਾ ਕਾਲਾ, ਬਿਮਾਰ ਤੇ ਬੁੱਢਾ ਜਿਹਾ ਆਦਮੀ ਉਸ ਦੇ ਦਰਵਾਜ਼ੇ ਉਤੇ ਖੜ੍ਹਾ ਸੀ। ਉਸ ਵਕਤ ਜਮੀਲਾ ਘਰ ਵਿਚ ਇਕੱਲੀ ਸੀ। ਅਨਵਰ ਸ਼ੀਰੀਂ ਨੂੰ ਲੈ ਕੇ ਸ਼ੂਟਿੰਗ ਲਈ ਗਿਆ ਹੋਇਆ ਸੀ ਅਤੇ ਸ਼ਹਿਨਾਜ਼ ਤੇ ਅਨੀਸ ਸਕੂਲ ਗਏ ਸਨ।
ਨਹਾ-ਧੋ ਕੇ ਯੂਨਸ ਬੈਠਕ ਵਿਚ ਆਇਆ। ਨਜ਼ਰਾਂ ਨੇ ਇਕ-ਇਕ ਚੀਜ਼ ਨੂੰ ਦੇਖਿਆ। ਸੋਫਾ ਸੈੱਟ, ਰੇਸ਼ਮੀ ਪਰਦੇ, ਰੇਡੀਓ, ਫੁੱਲਦਾਨ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਜਿਹੜੀਆਂ ਵੱਡੇ ਲੋਕਾਂ ਦੀ ਦੁਨੀਆਂ ਦਾ ਅੰਗ ਸਮਝ ਕੇ ਕਦੀ ਆਪਣੀ ਕਲਪਨਾ ਵਿਚ ਵੀ ਉਸ ਨੇ ਦਾਖਲ ਨਹੀਂ ਸਨ ਹੋਣ ਦਿੱਤੀਆਂ।
ਫਿਰ ਉਹ ਉਠ ਕੇ ਕੰਧਾਂ ਉਤੇ ਲੱਗੀਆਂ ਤਸਵੀਰਾਂ ਵੇਖਣ ਲੱਗਾ। ਇਕ ਬਹੁਤ ਹੀ ਸੋਹਣੀ ਲੜਕੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਇਕ ਤਸਵੀਰ ਵਿਚ ਉਸ ਨੇ ਵਾਲਾਂ ਨੂੰ ਕਾਲੀ ਘਟਾ ਦੇ ਰੂਪ ਵਿਚ ਬਿਖਰਾਇਆ ਹੋਇਆ ਸੀ ਤੇ ਉਸ ਵਿਚੋਂ ਲੜਕੀ ਦਾ ਚਿਹਰਾ ਸੱਚਮੁੱਚ ਚੰਨ ਵਰਗਾ ਲਗਦਾ ਸੀ। ਦੂਜੀ ਤਸਵੀਰ ਵਿਚ ਉਹ ਕੱਸੀ ਹੋਈ ਪੈਂਟ ਤੇ ਅੱਧੀਆਂ ਬਾਂਹਾਂ ਵਾਲੀ ਕਮੀਜ਼ ਪਾਈ ਹੱਸਦੀ ਹੋਈ ਕਿਸੇ ਅੰਗਰੇਜ਼ੀ ਡਾਂਸ ਦਾ ਪੋਜ਼ ਬਣਾ ਰਹੀ ਸੀ। ਤਸਵੀਰ ਵਿਚ ਉਸ ਦਾ ਅੰਗ-ਅੰਗ ਉਭਰਿਆ ਹੋਇਆ ਨਜ਼ਰ ਆ ਰਿਹਾ ਸੀ। ਤੀਜੀ ਤਸਵੀਰ ਵਿਚ ਉਹ ਜ਼ਮੀਨ ਉਤੇ ਅਰਕਾਂ ਟਿਕਾ ਕੇ ਬੈਠੀ ਸੀ। ਵਾਲ ਖਿੱਲਰੇ ਹੋਏ ਸਨ, ਤੇ ਗਿੱਲੀਆਂ ਅੱਖਾਂ ਵਿਚੋਂ ਅੱਥਰੂ ਵਹਿ ਕੇ ਗੱਲ੍ਹਾਂ ਉਤੇ ਆ ਟਿਕੇ ਸਨ।
"ਜਾਣਦੇ ਹੋ ਇਹ ਕਿਸ ਦੀਆਂ ਤਸਵੀਰਾਂ ਨੇ?" ਪਿਛੋਂ ਦੀ ਜਮੀਲਾ ਮੇਜ਼ ਉਤੇ ਚਾਹ ਰੱਖਦੀ ਹੋਈ ਪੁੱਛਣ ਲੱਗੀ।
ਯੂਨਸ ਨੇ ਉਸ ਵੱਲ ਦੇਖਿਆ ਤੇ ਚੁੱਪ ਰਿਹਾ। ਸ਼ਾਇਦ ਉਸ ਨੇ ਆਪਣੀ ਖ਼ਾਮੋਸ਼ੀ ਤੋਂ ਇਹ ਜਤਾਇਆ ਕਿ ਇਹ ਤਸਵੀਰਾਂ ਕਿਸ ਦੀਆਂ ਹਨ, ਇਹ ਜਾਣ ਕੇ ਉਹਨੂੰ ਵੱਧ ਹੈਰਾਨੀ ਨਹੀਂ ਹੋਵੇਗੀ।
"ਪਛਾਣ ਸਕਦੇ ਹੋ ਆਪਣੀ ਸ਼ੀਰੀਂ ਨੂੰ?" ਜਮੀਲਾ ਨੇ ਫਿਰ ਪੁੱਛਿਆ।
ਤੇ ਯੂਨਸ ਫਿਰ ਚੁੱਪ ਰਿਹਾ ਜਿਸ ਤਰ੍ਹਾਂ ਉਹਨੇ ਕਿਹਾ ਹੋਵੇ, 'ਇਹ ਉਸ ਦੀ ਕਲਪਨਾ ਤੋਂ ਪਰ੍ਹੇ ਦੀ ਗੱਲ ਨਹੀਂ।' ਉਸ ਨੇ ਇਕ ਨਜ਼ਰ ਫਿਰ ਉਨ੍ਹਾਂ ਤਸਵੀਰਾਂ 'ਤੇ ਮਾਰੀ ਤੇ ਚਾਹ ਪੀਣ ਲੱਗਾ।
ਸ਼ਾਮ ਨੂੰ ਸ਼ਹਿਨਾਜ਼ ਸਕੂਲੋਂ ਆਈ ਤਾਂ ਯੂਨਸ ਸੋਫੇ ਉਤੇ ਲੱਤਾਂ ਫੈਲਾ ਕੇ ਬੀੜੀ ਪੀ ਰਿਹਾ ਸੀ। ਉਹ ਉਹਨੂੰ ਘੂਰਦੀ ਹੋਈ ਮਾਂ ਦੇ ਕਮਰੇ ਵਿਚ ਚਲੀ ਗਈ ਅਤੇ ਕਹਿਣ ਲੱਗੀ, "ਅੰਮੀ, ਇਹ ਬੁੱਢਾ ਕੌਣ ਏ? ਬੀੜੀ ਦੀ ਸਵਾਹ ਨਾਲ ਸਾਰਾ ਫਰਸ਼ ਖਰਾਬ ਕਰ ਰਿਹਾ ਹੈ।"
ਜਮੀਲਾ ਨੇ ਸ਼ਹਿਨਾਜ਼ ਵੱਲ ਅੱਖਾਂ ਚੁੱਕ ਕੇ ਵੇਖਿਆ। ਕਹਿਣ ਲੱਗੀ, "ਸਾਡੇ ਮਹਿਮਾਨ ਨੇ ਬੇਟਾ। ਜਾਹ ਦੇਖ, ਐਸ਼ ਟਰੇ ਕਿਧਰੇ ਇਧਰ ਉਧਰ ਰੱਖੀ ਹੋਵੇਗੀ। ਲੱਭ ਕੇ ਉਨ੍ਹਾਂ ਕੋਲ ਰੱਖ ਆ।"
ਸ਼ਹਿਨਾਜ਼ ਨੇ ਟਰੇ ਯੂਨਸ ਦੇ ਸਾਹਮਣੇ ਰੱਖ ਦਿੱਤੀ ਤੇ ਬਿਨਾਂ ਕੁਝ ਆਖੇ ਘੂਰਦੀ ਹੋਈ ਵਾਪਸ ਆ ਗਈ। ਯੂਨਸ ਲਲਚਾਈਆਂ ਨਜ਼ਰਾਂ ਨਾਲ ਉਹਨੂੰ ਵੇਖਦਾ ਰਿਹਾ।
ਫਿਰ ਸ਼ੀਰੀਂ ਤੇ ਅਨਵਰ ਆਏ। ਯੂਨਸ ਨੇ ਵੇਖਿਆ, ਇਹ ਉਹ ਲੜਕੀ ਹੈ ਜਿਹਦੀਆਂ ਇੰਨੀਆਂ ਤਸਵੀਰਾਂ ਕਮਰੇ ਵਿਚ ਲੱਗੀਆਂ ਹੋਈਆਂ ਹਨ। ਫਿਰ ਉਸ ਦੀਆਂ ਅੱਖਾਂ ਅੱਗੇ ਪੰਜ-ਛੇ ਸਾਲ ਦੀ ਸ਼ੀਰੀਂ ਘੁੰਮਣ ਲੱਗੀ ਜੋ ਗੰਦੀ ਜਿਹੀ ਫਰਾਕ ਪਾਈ 'ਅੱਬਾ' ਕਹਿ ਕੇ ਉਹਦੀਆਂ ਲੱਤਾਂ ਨਾਲ ਚੰਬੜ ਜਾਂਦੀ ਸੀ, ਕੀ ਇਹ ਉਹੀ ਸ਼ੀਰੀਂ ਹੈ? ਉਸ ਦੀ ਲੜਕੀ ਸ਼ੀਰੀਂ? ਉਹ ਉਹਦੇ ਤੋਂ ਕੁਝ ਗਜ਼ ਦੇ ਫਾਸਲੇ ਉਤੇ ਖੜ੍ਹੀ ਸੀ, ਪਰ ਯੂਨਸ ਨੂੰ ਲੱਗਾ ਕਿ ਇਹ ਫਾਸਲਾ ਕੁਝ ਗਜ਼ ਦਾ ਨਹੀਂ ਹੈ, ਇਹ ਤਾਂ ਸਿਰਫ ਫਾਸਲਾ ਹੈ- ਇਹੋ ਜਿਹਾ ਫਾਸਲਾ ਜਿਸ ਨੂੰ ਮਾਪਣ ਲਈ ਗਜ਼, ਮੀਲ ਕੁਝ ਨਹੀਂ ਬਣੇ।
ਜਮੀਲਾ ਨੇ ਸਭ ਨੂੰ ਕਹਿ ਦਿੱਤਾ ਕਿ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ ਤੇ ਗਵਾਲੀਅਰ ਤੋਂ ਆਇਆ ਹੈ। ਰਾਤ ਨੂੰ ਖਾਣੇ ਵੇਲੇ ਖੂਬ ਹਾਸਾ-ਮਖੌਲ ਹੋਇਆ। ਸਟੂਡੀਓ, ਸ਼ੂਟਿੰਗ ਦੀਆਂ ਗੱਲਾਂ, ਪ੍ਰੋਡਿਊਸਰ ਦੀਆਂ ਗੱਲਾਂ, ਇੰਨੀਆਂ ਗੱਲਾਂ ਕਿ ਸਾਰਾ ਆਲਾ-ਦੁਆਲਾ ਗੱਲਾਂ ਦੇ ਪਾਣੀ ਨਾਲ ਭਰ ਗਿਆ, ਜਿਸ ਵਿਚ ਅਨਵਰ ਤੇ ਜਮੀਲਾ, ਸ਼ੀਰੀਂ ਤੇ ਸ਼ਹਿਨਾਜ਼ ਛੋਟੀਆਂ-ਛੋਟੀਆਂ ਡੋਂਗੀਆਂ (ਛੋਟੀ ਕਿਸ਼ਤੀ) ਵਾਂਗ ਤਰਨ ਲੱਗੇ, ਹਿਲੋਰੇ ਖਾਣ ਲੱਗੇ। ਤੇ ਯੂਨਸ ਉਸ ਪਾਣੀ 'ਚ ਭਾਰੇ ਪੱਥਰ ਵਾਂਗ ਡੁੱਬ ਗਿਆ। ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਇਨ੍ਹਾਂ ਥਿਰਕਦੀਆਂ ਬੇੜੀਆਂ ਥੱਲੇ ਕੋਈ ਪੱਥਰ ਵੀ ਹੈ।
ਰਾਤ ਨੂੰ ਜਮੀਲਾ ਨੇ ਉਸ ਦੇ ਸੌਣ ਦਾ ਬੈਠਕ ਵਿਚ ਹੀ ਪ੍ਰਬੰਧ ਕਰ ਦਿੱਤਾ। ਸ਼ੀਰੀਂ ਤੇ ਸ਼ਹਿਨਾਜ਼ ਆਪਣੇ ਕਮਰੇ ਵਿਚ ਚਲੀਆਂ ਗਈਆਂ। ਅਨਵਰ, ਜਮੀਲਾ ਤੇ ਅਨੀਸ ਆਪਣੇ ਕਮਰੇ ਵਿਚ ਸੌਂ ਗਏ ਤੇ ਯੂਨਸ ਬੈਠਕ ਵਿਚ ਲੇਟਿਆ ਸ਼ੀਰੀਂ ਦੀਆਂ ਤਸਵੀਰਾਂ ਵੇਖਦਾ ਰਿਹਾ। ਉਹ ਸੋਚਦਾ ਰਿਹਾ, ਕਿੰਨੀ ਖੂਬਸੂਰਤ ਹੈ ਸ਼ੀਰੀਂ, ਕਿੰਨੀ ਪਿਆਰੀ ਲਗਦੀ ਹੈ ਸ਼ਹਿਨਾਜ਼, ਪਰ ਇਹ ਉਸ ਦੀਆਂ ਧੀਆਂ ਨਹੀਂ। ਉਸ ਦੀ ਇਕ ਧੀ ਸੀ, ਗੰਦੇ ਫਰਾਕ ਵਾਲੀ, ਸਾਂਵਲੀ ਜਿਹੀ, ਜਿਹਦੇ ਹੱਥ ਹਮੇਸ਼ਾ ਮਿੱਟੀ ਨਾਲ ਭਰੇ ਰਹਿੰਦੇ ਸਨ ਤੇ ਜੋ ਉਹਨੂੰ ਵੇਖਦੇ ਹੀ 'ਅੱਬਾ' ਕਹਿ ਕੇ ਉਹਦੇ ਨਾਲ ਚੰਬੜ ਜਾਂਦੀ ਸੀ। ਉਸ ਦੀ ਸ਼ਹਿਨਾਜ਼ ਟੁੱਟੇ ਹੋਏ ਪੰਘੂੜੇ ਵਿਚ ਪਈ ਰਹਿੰਦੀ ਸੀ। ਇਹ ਫੁੱਲਾਂ ਵਾਂਗ ਖਿੜੀਆਂ ਕੁੜੀਆਂ ਦਾ ਬਾਪ ਉਹ ਨਹੀਂ ਹੋ ਸਕਦਾ। ਇਨ੍ਹਾਂ ਦਾ ਬਾਪ ਤਾਂ ਅਨਵਰ ਹੀ ਹੈ, ਉਹ ਗੋਰਾ ਸਿਹਤਮੰਦ ਤੇ ਰਈਸ ਲੱਗਣ ਵਾਲਾ ਅਨਵਰ।
ਸ਼ੀਰੀਂ ਤੇ ਸ਼ਹਿਨਾਜ਼ ਨੇ ਉਸ ਨਾਲ ਇਕ ਗੱਲ ਵੀ ਨਹੀਂ ਕੀਤੀ। ਯੂਨਸ ਨੇ ਕਈ ਵਾਰੀ ਉਨ੍ਹਾਂ ਨਾਲ ਬੋਲਣਾ ਚਾਹਿਆ, ਕੋਈ ਗੱਲ ਕਰਨੀ ਚਾਹੀ, ਪਰ ਉਹ ਤਿਲਕਣੀਆਂ ਮੱਛੀਆਂ ਵਾਂਗ ਹੱਥਾਂ ਵਿਚੋਂ ਫਿਸਲਦੀਆਂ ਰਹੀਆਂ। ਤੇ ਯੂਨਸ ਉਨ੍ਹਾਂ ਨੂੰ ਹੱਥੋਂ ਛੁੱਟੇ ਹੋਏ ਗੈਸ ਦੇ ਗੁਬਾਰੇ ਵਾਂਗ ਵੇਖਦਾ ਰਿਹਾ। ਦਸ ਸਾਲ ਪਹਿਲੋਂ ਉਸ ਦੇ ਛੋਟੇ ਜਿਹੇ ਘਰ ਵਿਚ ਇਹੀ ਜਮੀਲਾ, ਇਹੀ ਸ਼ੀਰੀਂ ਅਤੇ ਇਹੀ ਸ਼ਹਿਨਾਜ਼ ਸਨ, ਪਰ ਘਰ ਦੀ ਇਕ-ਇਕ ਚੀਜ਼, ਇਕ-ਇਕ ਗੱਲ, ਇਕ-ਇਕ ਸਾਹ ਤੱਕ ਉਹਦੇ ਨਾਲ ਬੰਨ੍ਹਿਆ ਹੋਇਆ ਸੀ। ਅੱਜ ਇਸ ਘਰ ਵਿਚ ਉਹ ਹੈ, ਜਮੀਲਾ ਹੈ, ਸ਼ੀਰੀਂ ਤੇ ਸ਼ਹਿਨਾਜ਼ ਹਨ, ਪਰ ਬੰਧਨਾਂ ਦਾ ਇਕ ਧਾਗਾ ਵੀ ਉਸ ਦੇ ਆਸੇ ਪਾਸੇ ਨਹੀਂ!
"ਅੰਮੀ, ਉਹ ਬੁੱਢਾ ਫਿਰ ਫਰਸ਼ ਖਰਾਬ ਕਰ ਰਿਹਾ ਹੈ।" ਸ਼ਹਿਨਾਜ਼ ਜਮੀਲਾ ਨੂੰ ਕਹਿਣ ਲੱਗੀ।
"ਐਸ਼ ਟਰੇ ਕੋਲ ਪਈ ਏ, ਫਿਰ ਵੀ ਉਸ ਦੀ ਬੀੜੀ ਦੀ ਸਵਾਹ ਫਰਸ਼ ਉਤੇ ਡਿੱਗ ਰਹੀ ਏ।"
ਜਮੀਲਾ ਨੂੰ ਸ਼ਹਿਨਾਜ਼ ਦੀ ਗੱਲ ਚੁਭੀ, "ਬੇਟਾ! ਮਹਿਮਾਨ ਨੂੰ ਇਸ ਤਰ੍ਹਾਂ ਨਹੀਂ ਕਹੀਦਾ। ਕੋਈ ਗੱਲ ਨਹੀਂ, ਫਰਸ਼ ਸਾਫ ਹੋ ਜਾਏਗਾ।"
ਸ਼ੀਰੀਂ ਸਟੂਡੀਓ ਜਾਣ ਲਈ ਤਿਆਰ ਹੋ ਗਈ ਸੀ। ਬੈਠਕ ਵਿਚ ਆ ਕੇ ਅਲਮਾਰੀ ਵਿਚੋਂ ਉਸ ਨੇ ਚੂੜੀਆਂ ਦਾ ਡੱਬਾ ਕੱਢਿਆ ਤੇ ਆਪਣੀ ਸਾੜ੍ਹੀ ਨਾਲ ਮੈਚ ਕਰਦੀਆਂ ਚੂੜੀਆਂ ਛਾਂਟਣ ਲੱਗੀ। ਯੂਨਸ ਇਕ ਟੱਕ ਉਹਨੂੰ ਵੇਖਦਾ ਰਿਹਾ। ਉਸ ਦਾ ਦਿਲ ਕੀਤਾ, ਉਹ ਸ਼ੀਰੀਂ ਨੂੰ ਬੇਟੀ ਕਹਿ ਕੇ ਬੁਲਾਏ, ਉਹਨੂੰ ਆਪਣੇ ਕੋਲ ਬਿਠਾ ਲਵੇ, ਉਸ ਨਾਲ ਕੁਝ ਗੱਲਾਂ ਕਰੇ, ਪਰ ਉਹਨੂੰ ਲੱਗਾ, ਇਹ ਕੰਮ ਬਹੁਤ ਹੀ ਮੁਸ਼ਕਿਲ ਹੈ। ਉਨਾ ਹੀ ਮੁਸ਼ਕਿਲ ਜਿੰਨਾ ਕਿਸੇ ਮਾਮੂਲੀ ਜਿਹੇ ਸਿਪਾਹੀ ਦਾ ਕਿਸੇ ਸ਼ਹਿਜ਼ਾਦੀ ਨੂੰ ਬੁਲਾਉਣਾ। ਉਹ ਬੈਠਾ ਹਿੰਮਤ ਇਕੱਠੀ ਕਰਦਾ ਰਿਹਾ। ਇੰਨੇ ਨੂੰ ਸ਼ੀਰੀਂ ਚੂੜੀਆਂ ਪਾ ਕੇ ਮੁੜੀ। ਯੂਨਸ ਉਹਨੂੰ ਇਕ ਟਕ ਵੇਖ ਰਿਹਾ ਸੀ। ਸ਼ੀਰੀਂ ਦੀ ਨਜ਼ਰ ਉਸ ਦੀ ਨਜ਼ਰ ਨਾਲ ਮਿਲੀ। ਯੂਨਸ ਦੀਆਂ ਅੱਖਾਂ ਵਿਚ ਪਿਆਰ ਉਮਡ ਆਇਆ। ਸ਼ਾਇਦ ਉਸ ਪਿਆਰ ਦਾ ਕੁਝ ਅਹਿਸਾਸ ਸ਼ੀਰੀਂ ਨੂੰ ਵੀ ਹੋਇਆ ਤੇ ਉਹ ਮੁਸਕਰਾ ਪਈ।
ਸ਼ੀਰੀਂ ਦੀ ਮੁਸਕਰਾਹਟ ਯੂਨਸ ਦੀ ਨਸ-ਨਸ ਵਿਚ ਬਿਜਲੀ ਬਣ ਕੇ ਦੌੜ ਗਈ। ਇਹ ਦੁਰਲੱਭ ਸੁਗਾਤ ਪਾ ਕੇ ਉਹਦਾ ਦਿਲ ਤੇਜ਼ੀ ਨਾਲ ਧੜਕ ਪਿਆ। ਝੁਰੜੀਆਂ ਭਰੇ ਚਿਹਰੇ ਉਤੇ ਖੁਸ਼ੀ ਦੀ ਲਹਿਰ ਦੌੜ ਗਈ। ਉਸ ਦੇ ਮੂੰਹੋਂ ਨਿਕਲਿਆ, "ਸਵੇਰੇ ਸਵੇਰੇ ਕਿਥੇ ਜਾਣ ਦੀ ਤਿਆਰੀ ਹੋ ਗਈ, ਬੇਟਾ?" ਤੇ ਫਿਰ ਘਬਰਾਹਟ ਉਹਦੇ ਚਿਹਰੇ 'ਤੇ ਫੈਲ ਗਈ। ਲੱਗਾ, ਉਹਨੇ ਕੋਈ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ।
ਸ਼ੀਰੀਂ ਉਸੇ ਤਰ੍ਹਾਂ ਮੁਸਕਰਾਉਂਦੀ ਹੋਈ ਬੋਲੀ, "ਸ਼ੂਟਿੰਗ ਉਤੇ ਜਾ ਰਹੀ ਹਾਂ।" ਤੇ ਉਹ ਕਮਰੇ ਵਿਚੋਂ ਬਾਹਰ ਚਲੀ ਗਈ। ਯੂਨਸ ਨੂੰ ਲੱਗਾ ਜਿਵੇਂ ਠੰਢੇ ਪਾਣੀ ਦੀਆਂ ਕੁਝ ਬੂੰਦਾਂ ਉਸ ਦੇ ਤ੍ਰਿਹਾਏ ਮੂੰਹ ਵਿਚ ਪੈ ਗਈਆਂ ਸਨ। ਉਹ ਉਠਿਆ ਤੇ ਇਧਰ-ਉਧਰ ਟਹਿਲਣ ਲੱਗਾ। ਫਿਰ ਉਹ ਸ਼ੀਰੀਂ ਦੀ ਤਸਵੀਰ ਦੇ ਸਾਹਮਣੇ ਰੁਕ ਕੇ ਉਸ ਨੂੰ ਵੇਖਣ ਲੱਗਾ। ਉਥੋਂ ਹਟ ਕੇ ਦੂਜੀ ਤਸਵੀਰ ਦੇ ਸਾਹਮਣੇ ਖੜ੍ਹਾ ਹੋ ਗਿਆ। ਫਿਰ ਉਹ ਕਿੰਨੀ ਹੀ ਦੇਰ ਤੀਜੀ ਨੂੰ ਦੇਖਦਾ ਰਿਹਾ। ਤੀਜੀ ਤਸਵੀਰ ਦੇਖ ਚੁੱਕਾ ਤਾਂ ਫਿਰ ਪਹਿਲੀ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ। ਫਿਰ ਦੂਜੀ, ਫਿਰ ਤੀਜੀ। ਉਸ ਨੇ ਤਸਵੀਰਾਂ ਦੇ ਕਈ ਚੱਕਰ ਲਾ ਛੱਡੇ। ਉਹਨੂੰ ਲੱਗਾ ਕਿ ਠੰਢੇ ਪਾਣੀ ਦੀਆਂ ਬੂੰਦਾਂ ਦਾ ਸਵਾਦ ਉਸ ਦੇ ਮੂੰਹ ਵਿਚ ਵਧ ਗਿਆ ਸੀ।
ਉਹ ਅਲਮਾਰੀ ਕੋਲ ਜਾ ਕੇ ਖੜ੍ਹਾ ਹੋ ਗਿਆ। ਅਲਮਾਰੀ ਉਤੇ ਕੁਝ ਕਿਤਾਬਾਂ ਪਈਆਂ ਸਨ। ਉਹ ਉਨ੍ਹਾਂ ਨੂੰ ਚੁੱਕ ਕੇ ਵੇਖਣ ਲੱਗਾ। ਕਿਤਾਬ ਉਤੇ ਸ਼ਹਿਨਾਜ਼ ਦਾ ਨਾਂ ਲਿਖਿਆ ਹੋਇਆ ਸੀ। ਉਹ ਸੋਫੇ 'ਤੇ ਬੈਠ ਕੇ ਉਸ ਦੇ ਸਫ਼ੇ ਪਲਟਾਉਣ ਲੱਗਾ।
"ਏ ਬੁੱਢੇ, ਮੇਰੀ ਕਿਤਾਬ ਕਿਉਂ ਚੁੱਕੀ ਆ?"
ਯੂਨਸ ਨੇ ਹੈਰਾਨ ਹੋ ਕੇ ਉਤਾਂਹ ਵੇਖਿਆ। ਸਾਹਮਣੇ ਗੁੱਸੇ ਵਿਚ ਲਾਲ ਪੀਲੀ ਹੋਈ ਸ਼ਹਿਨਾਜ਼ ਖੜ੍ਹੀ ਸੀ।
"ਅੰਮੀ ਵੇਖੋ ਨਾ, ਇਹ ਬੁੱਢਾ ਮੇਰੀਆਂ ਕਿਤਾਬਾਂ ਖਰਾਬ ਕਰ ਰਿਹਾ ਏ!" ਸ਼ਹਿਨਾਜ਼ ਰੋਂਦੀ ਆਵਾਜ਼ ਵਿਚ ਮਾਂ ਦੇ ਕਮਰੇ ਵਿਚ ਆਈ।
ਯੂਨਸ ਘਾਬਰਿਆ ਹੋਇਆ ਵੇਖ ਰਿਹਾ ਸੀ।
ਸ਼ਹਿਨਾਜ਼ ਰੋਣੀ ਆਵਾਜ਼ ਵਿਚ ਬੋਲ ਪਈ, "ਦੇਖੋ ਨਾ ਇਹ ਬੁੱਢਾ।"
"ਚੁੱਪ ਬਦਤਮੀਜ਼!" ਜਮੀਲਾ ਗਰਜ ਕੇ ਬੋਲੀ, "ਆਪਣੇ ਬਾਪ ਨੂੰ ਇਸ ਤਰ੍ਹਾਂ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ।"
'ਬਾਪ' ਸ਼ਬਦ ਸਾਰੇ ਕਮਰੇ ਵਿਚ ਬਿਜਲੀ ਵਾਂਗ ਗਰਜ ਉਠਿਆ। ਜਮੀਲਾ ਦੀ ਸੁੱਧ-ਬੁੱਧ ਮਾਰੀ ਗਈ। ਇਹ ਉਹਦੇ ਮੂੰਹੋਂ ਕੀ ਨਿਕਲ ਗਿਆ ਸੀ। ਯੂਨਸ ਨੂੰ ਲੱਗਾ ਕਿ ਕਿਧਰੋਂ ਉਡਦਾ ਹੋਇਆ ਇਹ ਸ਼ਬਦ ਆਇਆ, ਉਸ ਦੇ ਕੰਨਾਂ ਨਾਲ ਟਕਰਾਇਆ ਤੇ ਉਹਨੂੰ ਸਮੁੰਦਰ ਵਿਚ ਡੋਬ ਕੇ ਕਿਧਰੇ ਚਲਾ ਗਿਆ ਸੀ। ਤੇ ਸ਼ਹਿਨਾਜ਼ ਹੱਕੀ-ਬੱਕੀ ਹੋ ਕੇ ਇਕ ਟੱਕ ਵੇਖ ਰਹੀ ਸੀ, ਕਦੀ ਯੂਨਸ ਵੱਲ ਤੇ ਕਈ ਜਮੀਲਾ ਵੱਲ। ਫਿਰ ਉਸ ਇਕ ਨਜ਼ਰ ਭਰ ਕੇ ਯੂਨਸ ਵੱਲ ਵੇਖਿਆ ਤੇ ਜਮੀਲਾ ਨੂੰ ਪੁੱਛਣ ਲੱਗੀ, "ਇਹ ਮੇਰਾ ਬਾਪ ਏ?"
ਜਮੀਲਾ ਸ਼ਾਂਤ ਹੋ ਚੁੱਕੀ ਸੀ। ਉਸ ਦੀਆਂ ਅੱਖਾਂ ਵਿਚ ਨਮੀ ਜਿਹੀ ਫੈਲ ਗਈ ਸੀ, "ਹਾਂ ਬੇਟੀ।"
ਸ਼ਹਿਨਾਜ਼ ਨੇ ਇਕ ਵਾਰ ਫਿਰ ਯੂਨਸ ਵੱਲ ਵੇਖਿਆ ਤੇ ਫਿਰ ਮਚਲ ਉਠੀ, "ਨਹੀਂ ਨਹੀਂ, ਮੈਂ ਇਹ ਬਾਪ ਨਹੀਂ ਲਵਾਂਗੀ ਮੈਂ ਨਹੀਂ ਲਵਾਂਗੀ ਹਾਂ।"
ਜਮੀਲਾ ਨੇ ਡਾਂਟਿਆ, "ਪਾਗਲ ਹੋ ਗਈ ਏਂ?"
ਸ਼ਹਿਨਾਜ਼ ਹੋਰ ਮਚਲੀ, "ਇਹ ਬਾਪ ਨਹੀਂ ਲਵਾਂਗੀ, ਹਾਂ ਸ਼ੀਰੀਂ ਨੂੰ ਗੋਰਾ ਬਾਪ ਦਿੰਦੀ ਏਂ ਅਨੀਸ ਨੂੰ ਵੀ ਗੋਰਾ ਬਾਪ ਤੇ ਮੈਨੂੰ ਕਾਲਾ ਬਾਪ ਦਿੰਦੀ ਏਂ! ਮੈਂ ਇਹ ਕਾਲਾ ਬਾਪ ਨਹੀਂ ਲਵਾਂਗੀ ਨਹੀਂ ਲਵਾਂਗੀ।"
ਉਹ ਇਸ ਤਰ੍ਹਾਂ ਫੁੱਟ-ਫੁੱਟ ਕੇ ਰੋਣ ਲੱਗੀ ਜਿਸ ਤਰ੍ਹਾਂ ਉਹਨੂੰ ਉਸ ਦੇ ਭਰਾ ਭੈਣ ਦੇ ਮੁਕਾਬਲੇ ਬੜਾ ਘਟੀਆ ਖਿਡੌਣਾ ਦਿੱਤਾ ਜਾ ਰਿਹਾ ਹੋਵੇ, ਉਸ ਦੇ ਨਾਲ ਬੜੀ ਵੱਡੀ ਬੇਇਨਸਾਫ਼ੀ ਹੋ ਰਹੀ ਹੋਵੇ।
ਉਹਨੇ ਯੂਨਸ ਦੇ ਹੱਥੋਂ ਕਿਤਾਬ ਖੋਹ ਲਈ ਤੇ ਰੋਂਦੀ ਹੋਈ ਕਮਰੇ ਵਿਚੋਂ ਚਲੀ ਗਈ।
ਕਮਰੇ ਦੀ ਹਵਾ ਦਾ ਬੋਝ ਵਧ ਕੇ ਜਮੀਲਾ ਤੇ ਯੂਨਸ ਉਤੇ ਹਾਵੀ ਹੋ ਗਿਆ। ਉਹ ਸੁੰਨ ਜਿਹਾ ਹੋ ਗਏ। ਫਿਰ ਜਮੀਲਾ ਚੁੱਪ-ਚਾਪ ਕੁਰਸੀ ਉਤੇ ਬੈਠ ਗਈ ਸੀ, ਪਰ ਦੋਹਾਂ ਵਿਚੋਂ ਕੋਈ ਕੁਝ ਨਾ ਬੋਲਿਆ।
ਤੇ ਕਿੰਨੀ ਈ ਦੇਰ ਉਹ ਇਸ ਤਰ੍ਹਾਂ ਬੈਠੇ ਰਹੇ।
"ਗਵਾਲੀਅਰ ਜਾਣ ਵਾਲੀ ਗੱਡੀ ਕਿੰਨੇ ਵਜੇ ਮਿਲੇਗੀ?" ਯੂਨਸ ਨੇ ਪੁੱਛਿਆ।
"ਪੰਜਾਬ ਮੇਲ ਤਾਂ ਤਕਰੀਬਨ ਤਿੰਨ ਵਜੇ ਚੱਲਦੀ ਹੈ ਤੇ ਪਠਾਨਕੋਟ ਸ਼ਾਇਦ ਰਾਤ ਦੇ ਦਸ ਵਜੇ ਚਲਦੀ ਹੈ।" ਜਮੀਲਾ ਦਾ ਸੰਖੇਪ ਜਿਹਾ ਜਵਾਬ ਸੀ।
ਫਿਰ ਦੋਹਾਂ ਦੀ ਨਜ਼ਰ ਇਕੋ ਵਕਤ ਕਮਰੇ ਵਿਚ ਲੱਗੀ ਘੜੀ ਵੱਲ ਉਠੀ- ਸਵਾ ਦਸ ਵਜੇ ਸਨ।
ਘੜੀ ਤੋਂ ਹਟ ਕੇ ਦੋਹਾਂ ਦੀਆਂ ਨਜ਼ਰਾਂ ਨੇ ਇਕ ਦੂਸਰੇ ਨੂੰ ਵੇਖਿਆ।
ਯੂਨਸ ਦੀ ਨਜ਼ਰ ਨੇ ਕਿਹਾ, "ਮੈਨੂੰ ਪੰਜਾਬ ਮੇਲ ਮਿਲ ਸਕਦੀ ਹੈ।"
ਜਮੀਲਾ ਦੀ ਨਜ਼ਰ ਨੇ ਕਿਹਾ, "ਤੁਹਾਨੂੰ ਪੰਜਾਬ ਮੇਲ ਮਿਲ ਸਕਦੀ ਹੈ।"

ਪੰਜਾਬੀ ਕਹਾਣੀਆਂ (ਮੁੱਖ ਪੰਨਾ)