Punjabi Kavita
  

Kalyug: Gurmeet Arif

ਕਲਯੁਗ: ਗੁਰਮੀਤ ਆਰਿਫ

“ਧੀਆਂ ਦੇ ਜੰਮਦਿਆਂ ਈ ਘਰ ਦੀਆਂ ਕੰਧਾਂ ਉਚੀਆਂ ਕਰ ਲੈਣੀਆਂ ਚਾਹੀਦੀਆਂ ਨੇ ਭਾਈ…..ਤੇ ਬੂਹੇ ਬੰਦ ਕਰ ਲੈਣੇਂ ਚਾਹੀਦੇ ਐੇ”।ਇਹੋ ਜੀਆਂ ਗੱਲਾਂ ਮੈਂ ਨਿੱਕੀ ਹੁੰਦੀ ਨੇ ਆਪਣੀਂ ਦਾਦੀ ਮਾਂ ਦੇ ਮੂੰਹੋ ਸੁਣੀਆਂ ਸਨ।ਪਰ ਉਦੋਂ ਇਨ੍ਹਾਂ ਦੀ ਕੋਈ ਸਮਝ ਨੀ ਸੀ ਪੈਂਦੀ ਤੇ ਨਾ ਈ ਕਦੀ ਲੋੜ ਸਮਝੀ ਸੀ।ਪਰ ਹੁਣ ਜਦੋਂ ਆਪਣੀਂ ਧੀ ਮੋਢਿਆਂ ਤੇ ਆ ਚੜ੍ਹੀ ਐ ਤਾਂ ਉਹੀ ਗੱਲਾਂ ਮੁੜ ਕੰਨਾਂ ਦੁਆਲੇ ਗੂੰਜਣ ਲਗਦੀਆਂ ਨੇ।

ਬਥੇਰੇ ਦੁੱਖ ਹੁੰਦੇ ਐ ਧੀਆਂ ਦੇ।ਆਟੇ ਦੇ ਟੁੱਕ ਵਰਗੀਆਂ ਹੁੰਦੀਆਂ।ਜੇ ਘਰੇ ਹੁੰਦੀਆਂ ਤਾਂ ਆਪਣੇ ਆਪ ਨੂੰ ਫਿਕਰਾਂ ਦੇ ਚੂਹੇ ਟੁਕਣੋਂ ਨੀ ਹਟਦੇ,ਬਾਹਰ ਜਾਣ ਤਾਂ ਲੋਕਾਂ ਦੀਆਂ ਨਜਰਾਂ ਦੇ ਕਾਂ ਠੂੰਗੇ ਮਾਰਦੇ ਐ।ਏਹਨਾਂ ਬਾਰੇ ਤਾਂ ਬੰਦਾ ਸੋਚਾਂ ਸੋਚਦਾ ਈ ਅੱਧਾ ਰਹਿ ਜਾਂਦੈ।ਸੋਚੀਦਾ ਕੁਸ਼ ਹੋਰ ਤੇ ਹੁੰਦਾ ਕੁਸ਼ ਹੋਰ ਐ। ਉਸ ਦਿਨ ਨਾਲ ਦੇ ਮੁਹੱਲੇ ਵਾਲੀ ਮੇਰੀ ਸਹੇਲੀ ਚਰਨਜੀਤ ਮਿਲਣ ਆਈ ਸੀ।ਕਈ ਵਾਰੀ ਉਹ ਗੱਲਾਂ ਗੱਲਾਂ ਵਿੱਚ ਈ ਕਮਲੀਆਂ ਜੀਆਂ ਮਾਰਨ ਲਗ ਜਾਂਦੀ ਹੁੰਦੀ ਐ।ਬਥੇਰਾ ਵਰਜਦੀ ਆਂ ਬਈ ਲੋਕਾਂ ਦੀਆਂ ਗੱਲਾਂ ਚ ਕੀ ਰੱਖਿਐ।ਪਰ ਕਿਥੇ ਸਮਝਦੀ ਐ।ਪਰ ਉਸ ਦਿਨ ਉਹ ਸੱਚ ਈ ਕਹਿ ਰਹੀ ਸੀ।ਉਹਦੇ ਮੂੰਹ ਦਾ ਰੰਗ ਉਡਿਆ ਪਿਆ ਸੀ।ਸੁਣ ਕੇ ਮੈਨੂੰ ਵੀ ਆਪਣੇ ਕੰਨਾਂ ਤੇ ਯਕੀਨ ਨੀ ਸੀ ਹੋਇਆ।ਜੱਗੋਂ ਤੇਰ੍ਹਵੀਂ ਗੱਲ ਨੇ ਮੈਨੂੰ ਮੂੰਹ ਚ ਉਂਗਲਾਂ ਪਾ ਕੇ ਸੋਚਣ ਲਾ ਦਿਤਾ ਸੀ।ਉਹਨਾਂ ਦੇ ਗੁਆਂਢ ਚ ਪਿਉ ਧੀ ਕਿਰਾਏ ਦੇ ਮਕਾਨ ਚ ਰਹਿੰਦੇ ਸਨ।ਕੁੜੀ ਦੀ ਮਾਂ ਮਰੀ ਨੂੰ ਕਾਫੀ ਚਿਰ ਹੋ ਗਿਆ ਸੀ।ਕੁੜੀ ਵਾਹਵਾ ਹੁੰਦੜਹੇਲ ਸੀ ਤੇ ਆਪ ਵੀ ਉਹ ਬੰਦਾ ਉਮਰ ਦੀ ਢਲਾਣ ਜੇਹੀ ਤੋਂ ਤਿਲਕ ਰਿਹਾ ਸੀ।ਮੈਂ ਜਾਂਣਦੀ ਆਂ ਉਹਨਾਂ ਨੂੰ ਮੇਨ ਰੋਡ ਤੇ ਫਲਾਂ ਦੀ ਰੇਹੜੀ ਲਾਂਉਦੈ ਪਰ ਸ਼ਰਾਬ ਬਹੁਤ ਪੀਂਦੈ।ਕਦੀ ਕੋਈ ਚੀਜ ਲੈਣ ਰੁਕ ਜਾਉ ਤਾਂ ਕੋਲ ਖੜ੍ਹ ਕੇ ਗੱਲ ਨੀ ਕਰ ਹੁੰਦੀ,ਦੂਰ ਤੱਕ ਮੁਸ਼ਕ ਮਾਰਦੈ।ਜਿਵੇਂ ਮਰਜਾਣਾਂ ਸ਼ਰਾਬ ਨਾਲ ਨਹਾ ਕੇ ਖੜਾ ਹੋਵੇ।ਕੁੜੀ ਕਈ ਵਾਰੀ ਉਹਦੀ ਰੋਟੀ ਲੈ ਕੇ ਆਂਉਦੀ ਹੁੰਦੀ ਐ।ਪਰ ਹੁਣ ਕਈ ਦਿਨਾਂ ਤੋਂ ਵੇਖੀ ਨਈਂ।ਸ਼ਾਇਦ ਚਰਨਜੀਤ ਠੀਕ ਈ ਕਹਿ ਰਹੀ ਸੀ।ਉਹ ਬੁੱਚੜ ਬੰਦਾ ਹਵਸ ਚ ਅੰਨ੍ਹਾਂ ਹੋਇਆ ਕੁੜੀ ਨਾਲ ਮੂੰਹ ਕਾਲਾ ਕਰਦਾ ਰਿਹਾ।ਜੇ ਕੁੜੀ ਵਿਰੋਧ ਕਰਦੀ ਤਾਂ ਅੱਗੋਂ ਮਾਰਨ ਪੈ ਜਾਂਦਾ।ਸ਼ਾਇਦ ਵਿਚਾਰੀ ਉਹਦੀਆਂ ਵੱਡੀਆਂ ਵੱਡੀਆਂ ਮੁੱਛਾਂ ਤੇ ਬੇਢੱਬੀ ਜੇਹੀ ਦਾੜ੍ਹੀ ਤੋਂ ਡਰ ਜਾਂਦੀ ਹੋਣੀ ਐਂ।ਮਰਨੇ ਦਾ ਕੁੜੀ ਤੇ ਏਨ੍ਹਾਂ ਤੈਹਤ ਸੀ ਵਿਚਾਰੀ ਨੇ ਡਰਦੇ ਮਾਰੇ ਕਦੀ ਸਾਹ ਨੀ ਕੱਢਿਆ ਏਸ ਬਾਰੇ।

ਇੱਕ ਦਿਨ ਉਹਦੇ ਢਿੱਡ ਚ ਦਰਦ ਹੋਇਆ ਤਾਂ ਉਹ ਦਵਾਈ ਲੈਣ ਹਸਪਤਾਲ ਨਰਸਾਂ ਕੋਲ ਚਲੀ ਗਈ।ਕੁੜੀ ਦਾ ਢਿੱਡ ਵੇਖ ਕੇ ਨਰਸਾਂ ਹੈਰਾਨ ….ਹੈਂਅ ਕਵਾਰੀ ਕੁੜੀ ਤੇ ਆਹ ਕੀ।“ਕੁੜੇ ਤੈਨੂੰ ਮਹੀਨੇ ਦੇ ਦਿਨ ਚੇਤੇ ਐ”।ਪਰ ਉਹ ਨਾ ਮੰਨੀਂ।
“ਕੁੱਤੀਏ ਚਾਰ ਮਹੀਨੇ ਤੋਂ ਉਪਰ ਹੋ ਗਏ ਐ।ਹੁਣ ਏਹਦਾ ਕੁਸ਼ ਨੀ ਬਣਨਾਂ ਜਾਂ ਜੰਮ ਨਈਂ ਫਿਰ ਮਰ ਕਿਸੇ ਖੂਹ ਖਾਤੇ ਚ ਜਾ ਕੇ”।

ਕੁੜੀ ਨਰਸਾਂ ਦੇ ਪੈਰੀਂ ਢਹਿ ਪਈ।“ਨਈਂ ਨਈਂ ਆਂਟੀ ਜੀ ਬਚਾ ਲਉ ਮੈਨੂੰ।ਏਹ…ਏ…ਮੈਂ ਕੀ ਦੱਸਾਂ… ਬਈ ਦਿਨੇ ਪੁੱਤ ਪੁੱਤ ਕਰਨ ਵਾਲਾ ਪਿਉ ਰਾਤੀਂ ਸ਼ਰਾਬੀ ਹੋਇਆ ਸਾਰੇ ਰਿਸ਼ਤੇ ਭੁੱਲ ਜਾਂਦੈ।ਮਾਰ ਦਿਉ ਆਂਟੀ ਜੀ ਮੈਨੂੰ….ਮੈਂ ਜੀਣਾਂ ਨੀ ਚਹੁੰਦੀ …ਮਾਰ ਦਿਉ ਮੈਨੂੰ ਮੇਰੀ ਮਿੰਨਤ ਐ”।ਕੁੜੀ ਜਮੀਨ ਤੇ ਬੈਠੀ ਗੋਡਿਆਂ ਚ ਸਿਰ ਲਈ ਲੇ੍ਹਲੜੀਆਂ ਕੱਢੀ ਜਾ ਰਹੀ ਸੀ।ਇੱਕ ਵਾਰੀ ਤਾਂ ਸੁਣ ਕੇ ਉਹਦਾ ਪਿਉ ਮੈਨੂੰ ਘੀਲੇ ਕਸਾਈ ਵਰਗਾ ਲੱਗਾ।ਜੇਹੜਾ ਰੋਜ ਸਵੇਰੇ ਉੱਠ ਕੇ ਮੁਰਗੀਆਂ ਨੂੰ ਪੁਚਕਾਰ ਪੁਚਕਾਰ ਕੇ ਦਾਣਾਂ ਪਾਂਉਦਾ ਹੁੰਦੈ।ਤੇ ਦਿਨ ਢਲੇ ਉਹਨਾਂ ਨੂੰ ਪਿੰਜਰੇ ਚ ਤਾੜ ਕੇ ਅੱਡੇ ਤੇ ਦਾਤ ਲ਼ੈ ਕੇ ਬਹਿ ਜਾਂਦੈ।

ਵੇਖ ਲੈ ਭੈਣੇਂ ਕਲਜੁਗ……ਐਦੂੰ ਵੱਡਾ ਪਾਪ ਕੋਈ ਹੋ ਸਕਦਾ ਭਲਾਂ।ਜੇ ਪਿਉ ਈ ਧੀਆਂ ਨਾਲ ਖੇਹ ਖਾਣ ਲੱਗ ਪੈਣ ਤਾਂ ਕੇਹੜਾ ਰਿਸ਼ਤਾ ਬਾਕੀ ਬਚਿਆ ਜੀਹਦੇ ਤੇ ਤਬਾਰ ਕੀਤਾ ਜਾ ਸਕੇ।ਨਾਲੇ ਭੈਣ ਸ਼ਰਾਬੀ ਬੰਦਿਆਂ ਦਾ ਤਾਂ ਉੱਕਾ ਈ ਭਰੋਸਾ ਨੀ।ਬਾਬਾ ਜੀ ਇਕ ਦਿਨ ਕਹਿੰਦੇ ਬਈ ਬੰਦਾ ਜਦੋਂ ਨਸ਼ੇ ਚ ਹੁੰਦਾ ਨਾ….ਉਦੋਂ ਉਹਦੇ ਚ ਸ਼ੈਤਾਨ ਦੀ ਆਤਮਾਂ ਵੱਸ ਜਾਂਦੀ ਐ।ਤੇ ਫਿਰ ਉਹਨੂੰ ਪਤਾ ਨੀ ਲਗਦਾ ਬਈ ਮੈਂ ਕੀ ਕਰ ਰਿਹਾਂ ਕੀ ਨਈਂ।ਫਿਰ ਤਾਂ ਸ਼ੈਤਾਨ ਦੀ ਈ ਚਲਦੀ ਐ,ਉਹ ਜਿਵੇਂ ਕਹਿੰਦਾ ਬੰਦਾ ਕਰੀ ਜਾਂਦਾ।ਮੈਂ ਤਾਂ ਡਰਗੀ ਵੇਖ ਕੇ …..! ਉਦਣ ਈ ਕੁੜੀਆਂ ਦੇ ਪਿਉ ਨੂੰ ਕਹਿਤਾ ਬਈ ਅੱਜ ਤੋਂ ਸ਼ਰਾਬ ਬੰਦ।ਹੋਰ ਜੋ ਮਰਜੀ ਖਾਓ ਪੀਉ ਪਰ ਸ਼ਰਾਬ ਨੀ।ਪਰ ਏਹ ਬੰਦੇ ਕਿਥੇ ਹਟਦੇ ਐ ਭੈਣੇਂ।ਪਹਿਲਾਂ ਘਰੇ ਬਹਿ ਕੇ ਪੀਂਦਾ ਹੁੰਦਾ ਸੀ ਹੁਣ ਬਾਹਰੋਂ ਈ ਡੱਫ ਕੇ ਆ ਜਾਂਦੈ…. ਥੇਹ ਹੋਣਾਂ।ਹੁਣ ਤਾਂ ਮੈਂ ਡਰਦੀ ਮਾਰੀ ਕੁੜੀਆਂ ਨੂੰ ਜਮਾਂ ਈ ਅੱਖੋਂ ਉਹਲੇ ਨੀ ਕਰਦੀ।ਤੇ ਨਾ ਈ ਕਿਤੇ ਕੱਲੀਆਂ ਛੱਡ ਕੇ ਜਾਨੀ ਆਂ।ਭੈਣ ਕੀ ਪਤਾ ….ਮਗਰੋਂ ਕੋਈ ਊਚ ਨੀਚ ਹੋਜੇ।ਇਹਨਾਂ ਦਾ ਕੀ ਭਰੋਸਾ ਪੀ ਕੇ ਮੂਧੇ ਮੂੰਹ ਪਏ ਰਹਿਣਾਂ ਸਾਰੀ ਸਾਰੀ ਰਾਤ।ਫੇਰ ਜੋ ਵੇਲੇ ਨੂੰ ਪਛਤਾਉਣਾਂ,ਪਹਿਲਾਂ ਈ ਆਵਦੀ ਨਿਗਰਾਨੀ ਕਰੋ।ਨਾਲੇ ਭੈਣੇ ਤੂੰ ਵੀ ਬਿੜਕ ਨਾਲ ਪਿਆ ਕਰ।ਕੁੜੀ ਤੇਰੀ ਵੀ ਜਵਾਨ ਈ ਐਂ।ਦੁਧ ਫਿਟਦੇ ਦਾ ਕੋਈ ਪਤਾ ਨੀ ਲਗਦਾ।

ਚਰਨਜੀਤ ਦੀਆਂ ਗੱਲਾਂ ਨੇ ਮੇਰਾ ਦਿਮਾਗ ਖਰਾਬ ਕੀਤਾ ਪਿਐ।ਕਈਆਂ ਦਿਨਾਂ ਦੀ ਮੇਰੀਆਂ ਸੋਚਾਂ ਦੀ ਤਾਰ ਉਹਦੀਆਂ ਕਹੀਆਂ ਗੱਲਾਂ ਨਾਲ ਈ ਜੁੜੀ ਹੋਈ ਐ।ਜਿਵੇਂ ਲੋਹੇ ਨਾ ਚੁੰਬਕ ਜੁੜਦੈ।ਤੇ ਰਹਿੰਦੀ ਖੂੰਹਦੀ ਕਸਰ ਇਧਰ ਓਧਰ ਦੀਆਂ ਗੱਲਾਂ ਨੇ ਕੱਢਤੀ।ਕਦੇ ਸਕੇ ਮਾਮੇ ਨੇ ਕਦੇ ਸਕੇ ਚਾਚੇ ਨੇ ਭਤੀਜੀ ਨਾਲ……।ਐਸੀਆਂ ਗੱਲਾਂ ਕਰਨ ਸੁਣਨ ਨੂੰ ਜੀਅ ਤਾਂ ਨੀ ਕਰਦਾ ਪਰ ਇਹ ਨਿਆਣਿਆਂ ਦੇ ਕੰਨਾਂ ਚ ਪੈਂਦੀਆਂ ਨੇ।ਦੁਰਫਿਟੇ ਮੂੰਹ…।ਪਤਾ ਨੀ ਇਹ ਮੈਂ ਆਪਣੇ ਆਪ ਨੂੰ ਕਿਹੈ ਜਾਂ ਐਸੇ ਬੰਦਿਆਂ ਨੂੰ।

ਰਾਤੀਂ ਜਦ ਸਰਬਣ ਆਇਆ ਤਾਂ ਰਾਣੀਂ ਬੂਹਾ ਖੋਲ੍ਹਣ ਚਲੀ ਗਈ।ਮੈਂ ਚੌਂਕੇ ਚ ਬੈਠੀ ਸਾਗ ਘੋਟ ਰਹੀ ਸਾਂ।ਅੰਦਰ ਲੰਘ ਸੈਂਕਲ ਸਟੈਂਡ ਤੇ ਲਾ ਉਹਨੇ ਰਾਣੀਂ ਨੂੰ ਕਲਾਵੇ ਚ ਭਰ ਲਿਆ।“ਕੀ ਕਰਦਾ ਫਿਰਦਾਂ ਉਏ ਰਾਣੂੰ”ਉਹ ਬੋਲਿਆ।ਤੇ ਜਦ ਮੈਂ ਚੌਂਕੇ ਚੋਂ ਉੱਚਾ ਹੋ ਕੇ ਵੇਖਿਆ ਤਾਂ ਝੱਟ ਛੱਡ ਦਿੱਤਾ।ਉਹਦਾ ਏਸ ਤਰਾਂ ਕੁੜੀ ਨੂੰ ਕਲਾਵੇ ਚ ਭਰਨਾਂ ਮੈਨੂੰ ਬਹੁਤ ਬੁਰਾ ਲੱਗਿਆ।ਸ਼ਾਇਦ ਉਹਨੇ ਸ਼ਰਾਬ ਪੀਤੀ ਹੋਈ ਸੀ।ਉਹਦਾ ਚੇਹਰਾ ਮੈਨੂੰ ਓਪਰਾ ਓਪਰਾ ਜਿਹਾ ਲੱਗੀ ਜਾਵੇ।ਜਿਵੇਂ ਕੋਈ ਅਜਨਬੀ ਘਰ ਚ ਆ ਗਿਆ ਹੋਵੇ।ਸਾਰੀ ਰਾਤ ਮੈਨੂੰ ਨੀਂਦ ਨੀ ਆਈ।ਸਰਬਣ ਉਸ ਕੁੜੀ ਦਾ ਪਿਉ ਬਣ ਕੇ ਮੇਰੇ ਸਾਹਮਣੇਂ ਆ ਖਲੋਵੇ ਤੇ ਮੈਂ ਤ੍ਰਭਕ ਕੇ ਉਠ ਬੈਠਾਂ।ਸਵੇਰ ਹੋਈ ਮੇਰੇ ਅੰਦਰ ਇਕ ਅਜੀਬ ਜਿਹਾ ਬਦਲਾਅ ਆ ਗਿਆ।ਘਰ ਚ ਤੁਰੀ ਫਿਰਦੀ ਕੁੜੀ ਤੇ ਉਹਦੇ ਪਿਉ ਦੀਆਂ ਹਰਕਤਾਂ ਨੂੰ ਮੈਂ ਪਾਗਲਾਂ ਵਾਂਗ ਤਾੜਨ ਲੱਗ ਪਈ ਸਾਂ।ਪਤਾ ਨੀ ਕਿਉਂ ਮੇਰੇ ਨਾਲ ਐਸ ਤਰਾਂ ਹੋਣ ਲੱਗਾ ਸੀ।ਜਦੋਂ ਵੀ ਕੋਈ ਪਿਉ ਧੀ ਕੋਈ ਗੱਲ ਮੇਰੀਆਂ ਅੱਖਾਂ ਤੋਂ ਉਹਲੇ ਕਰਦੇ ਤਾਂ ਮੈਂਨੂੰ ਲਗਦਾ ਜਿਵੇਂ ਸਰਬਣ ਕੁੜੀ ਨੂੰ ਵਰਗਲਾ ਰਿਹਾ ਹੋਵੇ।ਤੇ ਫਿਰ ਮੈਂ ਉਹਦੇ ਕੰਮ ਤੇ ਜਾਣ ਮਗਰੋਂ ਕਿਸੇ ਨਾ ਕਿਸੇ ਬਹਾਨੇ ਕੁੜੀ ਨੂੰ ਕੁੱਟ ਛੱਡਦੀ।

ਰਾਣੀਂ ਦਾ ਪਿਉ ਸਰਬਣ ਮੇਰਾ ਦੂਜਾ ਪਤੀ ਹੈ ਤੇ ਰਾਣੀਂ ਮੇਰੇ ਪਹਿਲੇ ਪਤੀ ਦੀ ਔਲਾਦ ਹੈ।ਸਰਬਣ ਐਫ.ਸੀ.ਆਈ. ਚ ਚਪੜਾਸੀ ਦੀ ਨੌਕਰੀ ਕਰਦੈ।ਰਾਣੀ ਦੋ ਕੁ ਸਾਲ ਦੀ ਸੀ ਜਦੋਂ ਸਰਬਣ ਨਾਲ ਮੇਰਾ ਵਿਆਹ ਹੋਇਆ ਸੀ।ਰਾਣੀਂ ਤੋਂ ਬਾਦ ਮੇਰੇ ਕੋਈ ਬੱਚਾ ਨੀ ਸੀ ਹੋਇਆ।ਬਸ ਲੈ ਦੇ ਕੇ ਰਾਣੀਂ ਈ ਸਾਡੇ ਕੋਲ ਇਕੋ ਇਕ ਔਲਾਦ ਸੀ।ਛੋਟੀ ਹੁੰਦੀ ਰਾਣੀਂ ਆਪਣੇ ਪਿਉ ਕੋਲ ਨੀ ਸੀ ਜਾਂਦੀ ਓਪਰਾ ਓਪਰਾ ਜਿਹਾ ਮਹਿਸੂਸ ਕਰਦੀ ਸੀ।ਪਰ ਹੌਲੀ ਹੌਲੀ ਉਹ ਸਰਬਣ ਨਾਲ ਪਰਚ ਗਈ ਸੀ।ਹਰ ਰੋਜ ਉਹ ਡਿਉਟੀ ਤੋਂ ਆਂਉਦਾ ਏਹਦੇ ਲਈ ਕੁਸ਼ ਨਾ ਕੁਸ਼ ਖਾਂਣ ਲਈ ਲੈ ਆਂਉਦਾ।ਬਸ ਇਹਦੀ ਇਕ ਈ ਮਾੜੀ ਆਦਤ ਐ,ਜਿਸ ਦਿਨ ਛੁੱਟੀ ਹੋਊ ਕਿਸੇ ਨਾ ਕਿਸੇ ਯਾਰ ਮਿੱਤਰ ਨੂੰ ਘਰੇ ਬਹਾ ਕੇ ਬਹਿਜੂ ਤੇ ਸਾਰਾ ਦਿਨ ਹਿਲ੍ਹਣ ਦਾ ਨਾਂਅ ਨੀ ਲੈਂਦੇ।ਗਾਮੀਂ ਮੁੱਛੜ ਤਾਂ ਮੈਨੂੰ ਬਾਹਲਾ ਈ ਭੈੜਾ ਲਗਦੈ।ਗੱਲਾਂ ਹੋਰ ਪਾਸੇ ਕਰੂ ਤੇ ਝਾਕੀ ਮੇਰੇ ਜਾਂ ਕੁੜੀ ਵੱਲ ਜਾਊ।ਤੇ ਕਈ ਵਾਰੀ ਵਿਚੋਂ ਈ ਬੋਲੂ …..ਹੈਂਅ ਭਰਜਾਈ…..ਜਾਂ ਹੈਂਅ ਰਾਣੋਂ…..।ਉਹਦੀਆਂ ਇਹਨਾਂ ਗੱਲਾਂ ਤੋਂ ਮੈਨੂੰ ਬੜੀ ਚਿਪ ਚੜ੍ਹਦੀ ਐ।ਕਈ ਵਾਰੀ ਕਿਹੈ ਬਈ ਏਹਨੂੰ ਨਾ ਘਰੇ ਵਾੜਿਆ ਕਰੋ।ਪਰ ਏਹ ਅੱਗੋਂ ਆਖੂ “ਤੈਨੂੰ ਦੱਸ ਕੀ ਕਹਿੰਦੈ,ਉਹ ਕੇਹੜਾ ਰੋਜ ਤੁਰਿਆ ਰਹਿੰਦੈ…ਕਦੀ ਹੋ ਗਿਆ ਬਹਿਗੇ ਕੱਠੇ,ਨਈ ਸਾਲਾ ਟੈਮ ਆਂ ਅੱਜ ਕੱਲ ਕਿਸੇ ਕੋਲ….ਤੂੰ ਐਵੀਂ ਨਾਸਾਂ ਫੁਕਾਰਦੀ ਰਹਿੰਨੀ ਐਂ।ਉਹ ਮੇਰਾ ਪੁਰਾਣਾਂ ਯਾਰ ਐ….ਮੈਨੂੰ ਪਤੈ ਉਹਦਾ…ਤੂੰ ਜਾਦਾ ਸਿਆਣੀਂ ਨਾ ਬਣ”।ਆਹੀ ਗੱਲ ਕਹਿ ਕੇ ਘਰੋਂ ਨਿਕਲ ਤੁਰੂ ਤੇ ਰਾਤੀਂ ਕਿਤੋ ਨਾ ਕਿਤੋਂ ਪੀ ਕੇ ਅੱਧੀ ਰਾਤੀਂ ਆ ਵੜੂ।ਉਹਦਾ ਐਸ ਤਰਾਂ ਦਾਰੂ ਪੀਣਾਂ ਮੈਨੂੰ ਕਦੀ ਵੀ ਚੰਗਾ ਨੀ ਲੱਗਾ।ਹੁਣ ਉਹ ਜਦੋਂ ਵੀ ਦਾਰੂ ਪੀਂਦੈ ਮੈਨੂੰ ਨੀਂਦ ਨੀ ਆਂਉਦੀ।ਉਹਦੇ ਵਿਚੋਂ ਸ਼ੈਤਾਨ ਦਿਸਣ ਲੱਗ ਜਾਂਦੈ ਤੇ ਮੈਂ ਡਰ ਕੇ ਉਠ ਜਾਨੀ ਆਂ।

ਪਹਿਲਾਂ ਉਹ ਮੇਰੇ ਤੇ ਰਾਣੀਂ ਨਾਲ ਈ ਸੌਂਦਾ ਸੀ।ਪਰ ਹੁਣ ਮੈਂ ਉਹਨੂੰ ਆਪਣੇ ਨਾਲ ਸੌਣ ਨੀ ਦਿੰਦੀ।ਪਰ੍ਹੇ ਕਰਕੇ ਉਹਦੀ ਮੰਜੀ ਡਾਹੀ ਹੋਈ ਐ।ਪਹਿਲਾਂ ਇਕ ਦੋ ਵਾਰੀ ਵਰਜਿਆ ਸੀ।ਗੁਸੇ ਚ ਆ ਕੇ ਉਹਨੇ ਗਾਲ੍ਹਾਂ ਵੀ ਦਿੱਤੀਆਂ ਸੀ।ਤੇ ਫਿਰ ਮੈਂ ਕਹਿ ਈ ਦਿੱਤਾ….ਕੁੜੀ ਜਵਾਨ ਹੋਈ ਜਾਂਦੀ ਐ ਕੁਸ਼ ਤਾਂ ਸ਼ਰਮ ਕਰੋ….ਅੱਡ ਪਿਆ ਕਰੋ ਹੁਣ।ਇਹ ਕੁਸ਼ ਨਾ ਬੋਲਿਆ ਤੇ ਅੱਡ ਹੋ ਕੇ ਪੈਣ ਲੱਗ ਪਿਆ।ਸਚਮੁਚ ਕਈ ਦਿਨਾਂ ਤੱਕ ਤਾਂ ਮੈਨੂੰ ਵੀ ਨੀਂਦ ਨੀ ਸੀ ਆਈ।ਕਈ ਵਾਰੀ ਮੈਂ ਉੱਠ ਕੇ ਦੇਖਦੀ ਸਰਬਣ ਇਕੋ ਟੱਕ ਅੱਧੀ ਅੱਧੀ ਰਾਤ ਤੱਕ ਛੱਤ ਵੱਲ ਝਾਕੀ ਜਾਂਦਾ।ਸਾਲ ਭਰ ਬੀਤ ਜਾਂਣ ਬਾਦ ਮੈਨੂੰ ਐਂ ਮਹਿਸੂਸ ਹੋਣ ਲੱਗਾ ਜਿਵੇਂ ਮੈਂ ਅੰਦਰੋਂ ਠੰਡੀ ਹੋ ਗਈ ਹੋਵਾਂ।ਕਦੀ ਇਸ ਪਾਸੇ ਧਿਆਨ ਈ ਨੀ ਗਿਆ।ਪਰ ਕੀ ਸਰਬਣ ਦਾ ਵੀ ਮੱਚ ਮਰ ਗਿਆ ਸੀ।ਗਾਮੀਂ ਮੁੱਛੜ ਨਾਲ ਰਹਿੰਦੈ…ਉਹ ਹੈ ਵੀ ਹਰਾਮੀ ਜਿਹਾ ਬੰਦਾ…..ਕਿਤੇ ਬਾਹਰ ਤਾਂ ਨੀ…..।ਕਈ ਉਲਟੇ ਸਿਧੇ ਸਵਾਲ ਮੇਰੇ ਦਿਮਾਗ ਚ ਆਂਉਦੇ ਨੇ।

ਪਰ ਹੁਣ ਤਾਂ ਮੈਨੂੰ ਕੁੜੀ ਦਾ ਈ ਫਿਕਰ ਵੱਢ ਵੱਢ ਖਾਣ ਲਗ ਪਿਆ ਏ।ਅਜੇ ਕੱਲ੍ਹ ਦੀਆਂ ਈ ਗੱਲਾਂ ਨੇ ਜਦੋਂ ਛੋਟੀ ਜਿਹੀ ਸੀ।ਪਰ ਜਦੋਂ ਉਗਲਾਂ ਦੇ ਪੋਟਿਆਂ ਤੇ ਸਾਲ ਗਿਣਦੀ ਆਂ ਤਾਂ ਹੱਥਾਂ ਵੱਲ ਈ ਦੇਖਦੀ ਰਹਿ ਜਾਂਦੀ ਆਂ।ਚੌਦਵਾਂ ਸਾਲ ਪਾਰ ਕਰ ਚੱਲੀ ਸੀ ਤੇ ਉਸ ਦਿਨ ਜਦੋਂ ਉਹਨੇ ਆ ਕੇ ਕਿਹਾ ਕਿ ਮੰਮੀ ਮੈਂ ਅੱਠਵੀਂ ਚੋਂ ਪਾਸ ਹੋ ਗਈ ਤਾਂ ਮੈਨੂੰ ਬੜੀ ਖੁਸ਼ੀ ਹੋਈ।ਤੇ ਇਕ ਤੌਖਲਾ ਜੇਹਾ ਵੀ ਬਣਿਆਂ ਹੋਇਐ।ਹੁਣ ਤਾਂ ਜਦੋਂ ਉਹ ਸਕੂਲ ਜਾਂਦੀ ਐ ਮੇਰੀਆਂ ਨਜਰਾਂ ਉਹਦੀ ਪੈੜ੍ਹ ਨੱਪਦੀਆਂ ਮਗਰੇ ਮਗਰ ਤੁਰੀਆਂ ਜਾਂਦੀਆਂ ਨੇ।ਤੇ ਘਰੇ ਮੈਂ ਟਈਮ ਪੀਸ ਦਾ ਅਲਾਰਮ ਢਾਈ ਵਜੇ ਤੇ ਲਾਇਆ ਹੋਇਐ।ਜਦੋਂ ਏਹਦੀ ਘੰਟੀ ਵੱਜਦੀ ਐ ਤਾਂ ਮੈਂ ਵਾਰ ਵਾਰ ਬੂਹਾ ਖੋਲ੍ਹ ਕੁੜੀ ਦਾ ਰਾਹ ਵੇਖਦੀ ਰਹਿੰਨੀਂ ਆਂ।ਰਾਹਾਂ ਚ ਖੜ੍ਹੀ ਮੁਡੀਰ ਦੇਖ ਕੇ ਮਨ ਚ ਬੁਰੇ ਬੁਰੇ ਖਿਆਲ ਆਉਣ ਲਗਦੇ ਨੇ ਜੋ ਛੇਤੀ ਪਿੱਛਾ ਨੀ ਛੱਡਦੇ।ਇਕ ਦਿਨ ਉਹ ਕਾਪੀ ਕਿਤਾਬ ਲੈਣ ਆਪਣੀਂ ਸਹੇਲੀ ਦੇ ਘਰ ਚਲੀ ਗਈ।ਅਲਾਰਮ ਵੱਜਾ ਅੱਧਾ ਘੰਟਾ ਉਪਰ ਹੋ ਗਿਆ।ਮੈਂ ਅੰਦਰ ਬਾਹਰ ਵੇਖਾਂ ਕੁੜੀ ਕਿਉਂ ਨੀ ਆਈ ਅਜੇ ਤੱਕ।ਮਨ ਕਾਹਲਾ ਪੈਣ ਲੱਗ ਪਿਆ।ਤੇ ਮੈਂ ਚੁੰਨੀ ਸਿਰ ਤੇ ਰੱਖ ਸਕੂਲ ਵੱਲ ਤੁਰ ਗਈ।ਅਗਾਂਹ ਜਾ ਕੇ ਵੇਖਿਆ ਰਾਣੀਂ ਗਲੀ ਦੇ ਮੋੜ ਤੇ ਸਕੂਲ ਦੇ ਰਾਹ ਤੋਂ ਤੁਰੀ ਆਂਉਦੀ ਸੀ।

“ਹੈਂ ਨੀ ਕੀ ਗੱਲ ਹੋਗੀ…..ਅੱਜ ਐਨਾਂ ਚਿਰ ਕਿਥੇ ਲੱਗ ਗਿਆ ਘਰ ਆਉਣ ਦਾ ਫਿਕਰ ਨੀ ਤੈਨੂੰ ……”।ਮੈਂ ਦਬਕਾ ਮਾਰ ਕੇ ਕੁੜੀ ਤੋਂ ਪੁਛਿਆ।
“ਕੀ ਮੰਮੀ ਤੂੰ ਪਿਛੇ ਪਿਛੇ ਸੂਹ ਕੱਢਦੀ ਰਹਿੰਨੀ ਐਂ…..ਮੈਂ ਘਰੇ ਈ ਆਉਣਾਂ ਸੀ।ਕਿਤਾਬ ਲੈਣ ਗਈ ਸੀ ਸਹੇਲੀ ਨਾਲ ਉਹਦੇ ਘਰੇ”।ਰਾਣੀਂ ਖਿਝ ਕੇ ਬੋਲੀ।ਕੁੜੀ ਦੇ ਜਵਾਬ ਨੇ ਮੈਨੂੰ ਠੰਡੀ ਕਰ ਦਿਤਾ ਸੀ।ਤਪਦੇ ਸਿਰ ਚ ਜਿਵੇਂ ਕਿਸੇ ਨੇ ਠੰਡਾ ਪਾਣੀਂ ਪਾ ਦਿਤਾ ਹੋਵੇ।ਐਸ ਤਰਾਂ ਦੇ ਜਵਾਬ ਕਦੀ ਕੰਮੋਂ ਵੀ ਦਿਆ ਕਰਦੀ ਸੀ ਆਪਣੀਂ ਮਾਂ ਨੂੰ।ਉਹਦਾ ਜਿਹਨ ਚ ਨਾਂ ਆਂਉਦਿਆਂ ਈ ਸਾਰਾ ਸੀਨ ਮੇਰੀਆਂ ਅੱਖਾਂ ਮੂਹਰੇ ਘੁੰਮ ਗਿਆ।ਇਹ ਉਦੋਂ ਦੀ ਗੱਲ ਐ ਜਦੋਂ ਮੈਂ ਰਾਣੀਂ ਦੀ ਉਮਰ ਦੀ ਸਾਂ।ਤੇ ਕੰਮੋਂ ਉਦੋਂ ਦਸਵੀਂ ਚ ਪੜ੍ਹਦੀ ਹੁੰਦੀ ਸੀ।ਡਰਾਇੰਗ ਵਾਲੇ ਸਰ ਨਾਲ ਉਹਦਾ ਚੱਕਰ ਚੱਲਦਾ ਸੀ।ਉਹਨਾਂ ਨੇ ਕੰਮੋਂ ਨੂੰ ਦਸਵੀਂ ਚੋਂ ਪਾਸ ਕਰਵਾਉਣ ਦਾ ਲਾਰਾ ਲਾਇਆ ਹੋਇਆ ਸੀ।ਉਹ ਰੋਜ ਈ ਛੁੱਟੀ ਤੋਂ ਬਾਦ ਸਕੂਲੋਂ ਲੇਟ ਆਂਉਦੀ ਸੀ।ਇਕ ਦਿਨ ਉਹਦੀ ਸਿਹਤ ਖਰਾਬ ਹੋਗੀ ਉਹਨੂੰ ਉਲਟੀਆਂ ਆਉਣ ਲੱਗ ਪਈਆਂ।ਉਹਦੀ ਮਾਂ ਨੇ ਉਹਨੂੰ ਬਹੁਤ ਕੁਟਿਆ ਸੀ ਤੇ ਉਸ ਦਿਨ ਤੋਂ ਬਾਦ ਉਹਦਾ ਸਕੂਲ ਜਾਣਾਂ ਵੀ ਬੰਦ ਹੋ ਗਿਆ ਸੀ।

ਇਕ ਵਾਰੀ ਤਾਂ ਮੇਰੇ ਵੀ ਮਨ ਚ ਆਈ ਕਿ ਮਾਰਾਂ ਚਾਰ ਚਪੇੜਾਂ ਤੇ ਪੁੱਛਾਂ ਏਹਨੂੰ ਕਿਥੇ ਗਈ ਸੀ ਨੀ ਖੇਹ ਖਾਂਣ।ਪਰ ਉਹਦੀਆਂ ਅੱਖਾਂ ਵਿਚਲੇ ਗੁੱਸੇ ਨੇ ਮੈਨੂੰ ਸ਼ਾਂਤ ਕਰ ਦਿਤਾ ਸੀ।

ਵੱਡੇ ਵੀਰ ਜੀ ਦੀ ਸਿਹਤ ਵੀ ਕਾਫੀ ਖਰਾਬ ਰਹਿੰਦੀ ਐ।ਭਰਜਾਈ ਦਾ ਤਿੰਨ ਚਾਰ ਵਾਰ ਫੋਨ ਆ ਚੁਕੈ ਪਰ ਮੈਂ ਇਕ ਵਾਰ ਵੀ ਪਤਾ ਲੈਣ ਨੀ ਜਾ ਸਕੀ।ਸੋਚਦੀ ਆਂ ਕੀ ਦੱਸਾਂ ਉਹਨਾਂ ਨੂੰ ਵੀ ਮੈਂ ਕੇਹੜੇ ਦਵੰਧ ਵਿੱਚ ਫਸੀ ਹੋਈ ਆਂ।ਇੱਕ ਮਿੰਟ ਵੀ ਘਰੋਂ ਬਾਹਰ ਜਾਨੀਂ ਆਂ ਤਾਂ ਭੈੜੇ ਭੈੜੇ ਖਿਆਲ ਆਉਣ ਲਗਦੇ ਨੇ।ਘਰ ਚ ਕੁੜੀ ਕੱਲੀ ਹੋਵ ਤਾਂ ਉਹਦੇ ਪਿਉ ਬਾਰੇ ਪਤਾ ਨੀ ਕੀ ਕੀ ਸੋਚੀ ਜਾਨੀਂ ਆਂ।ਉਹ ਬੰਦਾ ਤਾਂ ਮਾੜਾ ਨਈਂ ਪਰ ਚਰਨਜੀਤ ਦੀਆਂ ਗੱਲਾਂ ਫਿਰ ਚੇਤੇ ਆ ਜਾਂਦੀਆਂ ਨੇ।“ਭੈਣ ਖਾਧੀ ਪੀਤੀ ਚ ਬੰਦੇ ਦਾ ਪਤਾ ਲਗਦੈ ਭਲਾਂ……”।ਤੇ ਉਹਦਾ ਚੇਹਰਾ ਮੈਨੂੰ ਸ਼ੈਤਾਨ ਵਰਗਾ ਲੱਗਣ ਲੱਗ ਜਾਂਦੈ।ਜਿਵੇਂ ਉਹਨੇ ਕੁੜੀ ਨੂੰ ਨਿਗਲ ਜਾਣਾਂ ਹੋਵੇ।ਕਦੀ ਕਦੀ ਤਾਂ ਐਂ ਲਗਦੈ ਜਿਵੇਂ ਮੈਂ ਈ ਪਾਗਲ ਹੋ ਗਈ ਹੋਵਾਂ।ਜੋ ਪਿਉ ਧੀ ਦੇ ਰਿਸ਼ਤੇ ਚੋਂ ਗਲਤ ਅਰਥ ਕੱਢਦੀ ਰਹਿੰਦੀ ਆਂ।ਤੇ ਉਦੋਂ ਮੇਰਾ ਮਨ ਪਾਪ ਜਿਹੇ ਨਾਲ ਭਰ ਜਾਂਦੈ।ਪਰ ਜਦੋਂ ਉਨ੍ਹਾਂ ਦੀਆਂ ਹਰਕਤਾਂ ਵੇਖਦੀ ਆਂ ਤਾਂ ਸੋਚ ਫਿਰ ਬਦਲ ਜਾਂਦੀ ਐ।

ਸਰਬਣ ਸ਼ਹਿਰੋਂ ਆਂਉਦਾ ਰੋਜ ਈ ਕੁਸ਼ ਨਾ ਕੁਸ਼ ਖਾਂਣ ਨੂੰ ਲੈ ਆਂਉਦੈ।ਕਈ ਦਿਨਾਂ ਤੋਂ ਗਾਮੇਂ ਮੁੱਛੜ ਪਿਛੇ ਹੋਈ ਬਹਿਸ ਕਰਕੇ ਮੈਨੂੰ ਤਾਂ ਬੁਲਾਂਉਦਾ ਨੀ।ਪਰ ਜਦੋਂ ਸੈਂਕਲ ਦੇ ਡੰਡੇ ਨਾਲੋਂ ਲਿਫਾਫਾ ਖੋਲ੍ਹ ਕੇ ਅੰਦਰ ਜਾ ਕੁੜੀ ਨੂੰ ਫੜਾਂਉਦੈ ਤਾਂ ਮੈਨੂੰ ਬਹੁਤ ਬੁਰਾ ਲਗਦੈ।ਰੋਟੀ ਪਾਣੀਂ ਖਾ ਕੇ ਆਖੂ ਲਿਆ ਖਾਂ ਰਾਣੂੰ ਮੈਂ ਤੇਰੇ ਲਈ ਚੀਜ ਲੈ ਕੇ ਆਇਆ ਸੀ ਲਿਆ ਫਿਰ ਖਾਈਏ।

ਓਦਣ ਮਾਘੀ ਦੇ ਮੇਲੇ ਤੇ ਗਿਆ ਸਾਡੇ ਦੋਹੇਂ ਮਾਵਾਂ ਧੀਆਂ ਲਈ ਵੰਗਾਂ,ਕਾਂਟੇ,ਕਲਿਪ ਤੇ ਹੋਰ ਬਹੁਤ ਸਾਰਾ ਸਮਾਨ ਚੱਕ ਲਿਆਇਆ।ਸੈਨਤ ਜਿਹੀ ਮਾਰ ਕੇ ਰਾਣੀਂ ਨੂੰ ਅੰਦਰ ਲੈ ਗਿਆ।ਰਾਣੀਂ ਬਾਹਾਂ ਚ ਵੰਗਾਂ ਤੇ ਕੰਨਾਂ ਚ ਕਾਂਟੇ ਪਾ ਮੇਰੇ ਕੋਲ ਚੌਂਕੇ ਚ ਆ ਬੈਠੀ…..ਮੰਮੀ ਵੇਖ ਡੈਡੀ ਆਪਣੇਂ ਲਈ ਕੀ ਕੁਸ਼ ਲੈ ਕੇ ਆਇਆ।ਕੁੜੀ ਦੇ ਇਹ ਸਭ ਪਾਇਆ ਵੇਖ ਮੇਰਾ ਦਿਲੋ ਦਿਮਾਗ ਜਹਿਰ ਨਾਲ ਭਰ ਗਿਆ।ਭਲਾਂ ਏਹ ਕੀ ਗੱਲ ਹੋਈ ਜੇ ਤੂੰ ਕੁਸ਼ ਲੈ ਈ ਆਇਐਂ ਤਾਂ ਸਾਹਮਣੇਂ ਨੀ ਦੇ ਸਕਦਾ।ਮਨ ਚ ਆਈ ਕਿ ਸੁਣਾਂਵਾਂ ਚਾਰ ਪਰ ਪਤਾ ਨੀ ਕੀ ਸੋਚਕੇ ਚੁੱਪ ਰਹਿ ਗਈ ਸਾਂ।ਉਸ ਰਾਤ ਮੈਨੂੰ ਚੈਨ ਨੀ ਸੀ ਆਈ ਅੱਖਾਂ ਅੱਗੇ ਭੈੜੇ ਭੈੜੇ ਸੁਪਨੇ ਆਈ ਜਾਂਣ।ਮੈਨੂੰ ਲੱਗਾ ਜਿਵੇਂ ਸਰਬਣ ਵਿੱਚ ਕੋਈ ਸ਼ੈਤਾਨ ਆ ਗਿਆ ਹੋਵੇ ਤੇ ਉਹ ਮਲੰਗ ਹੋਇਆ ਰਾਣੀਂ ਦੇ ਮਗਰ ਮਗਰ ਭੱਜਾ ਫਿਰਦਾ ਹੋਵੇ।ਤੇ ਰਾਣੀਂ ਵੀ ਮੰਜੇ ਦੇ ਗੇੜੇ ਕੱਢ ਰਹੀ ਹੋਵੇ।ਤੇ ਫਿਰ ਦੋਹਾਂ ਦੇ ਪ੍ਰਛਾਂਵੇਂ ਇਕ ਹੋ ਜਾਂਦੇ ਨੇ।ਰਾਣੀਂ ਮੈਨੂੰ ਅਗੂਠਾ ਦਿਖਾ ਰਹੀ ਹੁੰਦੀ ਐ।ਇਹ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਸਾਕਾਰ ਹੋ ਗਿਆ।ਉਭੜਵਾਹੇ ਉਠ ਮੈਂ ਵਾਹੇਗੁਰੂ ਵਾਹੇਗੁਰੂ ਕਰਨ ਲੱਗ ਪਈ।ਅੱਚੋਤਾਈ ਜਿਹੀ ਚ ਈ ਉਠ ਕੇ ਮੈਂ ਕਮਰੇ ਦੀ ਲਾਈਟ ਜਗਾ ਦਿੱਤੀ।ਮੰਜੇ ਤੇ ਪਿਆ ਸਰਬਣ ਘੁਰਾੜੇ ਮਾਰ ਰਿਹਾ ਸੀ।ਤੇ ਰਾਣੀ ਮੇਰੇ ਮੰਜੇ ਦੇ ਕੱਠੀ ਜਿਹੀ ਹੋਈ ਪਈ ਸੀ।ਮਨ ਚ ਪਤਾ ਨੀ ਕੀ ਆਈ ਮੈਂ ਅਲਮਾਰੀ ਦੇ ਸ਼ੀਸ਼ੇ ਮੂਹਰੇ ਜਾ ਖੜ੍ਹੀ ਹੋਈ।ਸ਼ੀਸ਼ੇ ਚ ਮੈਨੂੰ ਆਪਣੀਂ ਸ਼ਕਲ ਡਰਾਉਣੀਂ ਜੇਹੀ ਲੱਗੀ ਬਿਲਕੁਲ ਉਸ ਸ਼ੈਤਾਨ ਵਰਗੀ ਜੀਹਨੂੰ ਮੈਂ ਸਰਬਣ ਚ ਆਇਆਂ ਦੇਖਿਆ ਸੀ।ਦਿਲ ਕੀਤਾ ਆਪਣੇਂ ਮੂੰਹ ਤੇ ਚਪੇੜਾਂ ਮਾਰ ਮਾਰ ਗੱਲ੍ਹਾਂ ਸੁਜਾ ਲਵਾਂ ਤਾਂ ਕਿ ਉਸ ਸ਼ੈਤਾਨ ਦੇ ਭੈਅ ਤੋਂ ਮੁਕਤ ਹੋ ਸਕਾਂ।ਪਰ ਪਤਾ ਨੀ ਕਿਉਂ ਐਂ ਜਾਪਦੈ ਜਿਵੇਂ ਮੇਰੀ ਸੋਚ ਨੂੰ ਈ ਕਿਸੇ ਨੇ ਸੰਗਲਾਂ ਨਾਲ ਜਕੜ ਲਿਆ ਹੁੰਦੈ।ਲੱਖ ਛੁੱਟਣ ਤੇ ਵੀ ਮੁਕਤੀ ਨਹੀਂ ਮਿਲ ਰਹੀ।ਸਵੇਰ ਹੋਈ ਰਾਣੀਂ ਦੇ ਸਕੂਲ ਜਾਣ ਤੋਂ ਬਾਦ ਪਤਾ ਨੀ ਕੀ ਸੋਚਕੇ ਮੈਂ ਵੰਗਾਂ ਵਾਲਾ ਲਿਫਾਫਾ ਅਲਮਾਰੀ ਚੋਂ ਕੱਢ ਕੂੜੇ ਵਾਲੀ ਟੋਕਰੀ ਚ ਰੱਖ ਬਾਹਰ ਰੂੜੀ ਤੇ ਸੁੱਟ ਆਈ।ਇੱਕ ਵਾਰੀ ਸਕੂਨ ਜਿਹਾ ਮਿਲਿਆ ਸੀ ਜਿਵੇਂ ਕੋਈ ਵੱਡਾ ਸਾਰਾ ਪੱਥਰ ਦਿਲ ਤੋਂ ਚੱਕਿਆ ਗਿਆ ਹੋਵੇ।

ਰਾਹ ਚ ਤੁਰੀ ਆਂਉਦੀ ਨੂੰ ਚਰਨਜੀਤ ਮਿਲ ਪਈ।ਨਿਰੀ ਗੱਲਾਂ ਦੀ ਗਾਲ੍ਹੜੀ ਐ।ਮਾੜਾ ਜਿਹਾ ਹਾਲਚਾਲ ਪੁੱਛ ਲਵੋ ਸਈ ਬਸ ਉਧੜੀ ਤੁਰੀ ਜਾਊ।“ਕੀ ਦੱਸਾਂ ਭੈਣੇਂ ਕੁੜੀਆਂ ਵੱਲੋਂ ਬਾਹਲੀ ਤੰਗ ਸੀ।ਕੱਲੀਆਂ ਛੱਡ ਕੇ ਨਾ ਕਿਤੇ ਜਾਣ ਜੋਗੀ ਨਾ ਰਹਿਣ ਜੋਗੀ।ਬਾਰਾਂ ਬਾਰਾਂ ਜਮਾਤਾਂ ਕਰਗੀਆਂ ਸੀ ਦੋਵੇਂ।ਬਥੇਰੀਆਂ ਥਾਂਵਾਂ ਤੇ ਰਿਸ਼ਤੇ ਲ਼ੱਭੇ ਪਰ ਕੋਈ ਸਿਰੇ ਨੀ ਚੜ੍ਹਿਆ,ਜੇ ਮੁੰਡਾ ਚੰਗਾ ਮਿਲਦਾ ਤਾਂ ਘਰ ਨੀ ਜੇ ਘਰ ਨੇ ਤਾਂ ਮੁੰਡੇ ਨੀ।ਨਸ਼ਿਆਂ ਨੇ ਈ ਜੱਗ ਪੱਟਿਆ ਪਿਐ।ਨਸ਼ੇੜੀਆਂ ਦੇ ਧੀਆਂ ਤੋਰ ਕੇ ਕਿਵੇਂ ਸੁਖ ਦਾ ਸਾਹ ਲੈ ਲੂ ਬੰਦਾ।ਤੇ ਉਤੋਂ ਆਹ ਅੱਜਕਲ ਦੀ ਵੇਹਲੜ ਮੁਡੀਰ,ਰੋਜ ਈ ਕੋਈ ਨਾ ਕੋਈ ਦਾਦੇ ਮਘਾਉਣਾਂ ਗਲੀ ਚੋਂ ਝਾਤੀਆਂ ਮਾਰ ਮਾਰ ਲੰਘਦਾ ਸੀ।ਇਕ ਦੋ ਵਾਰੀ ਤਾਂ ਮੈਂ ਵੀ ਕੁੜੀਆਂ ਨੂੰ ਬਿੜ੍ਹਕਾਂ ਲੈਂਦੀਆਂ ਵੇਖਿਆ ਸੀ।ਇਸ ਤੋਂ ਪਹਿਲਾਂ ਕੋਈ ਜਾਹ ਜਾਂਦੀ ਹੋਜੇ ਮੈਂ ਤਾਂ ਕੁੜੀਆਂ ਨੂੰ ਬਾਬਾ ਜੀ ਕੋਲ ਈ ਛੱਡ ਆਈ ਆਂ।ਮੈਂ ਕਿਹਾ ਬਾਬਾ ਜੀ ਮੈਂ ਤਾਂ ਬਥੇਰੀ ਵਾਹ ਲਾ ਲਈ,ਹੁਣ ਤਾਂ ਏਹ ਥੋਡੇ ਈ ਰੱਖਣ ਦੀਆਂ ਨੇ।ਜਿਥੇ ਮਰਜੀ ਵਿਆਹ ਦਿਉ।ਹੋਰ ਕੁਸ਼ ਨਈ ਤਾਂ ਬਾਬਾ ਜੀ ਦੇ ਲੜ੍ਹ ਲੱਗ ਕੋਈ ਚੰਗੀ ਮੱਤ ਤਾਂ ਆਊ ਨਾ ਭੈਂਣ।ਬਾਬਾ ਜੀ ਬੜੀ ਕਰਨੀ ਆਲੇ ਐ।ਜਦੋਂ ਦੀ ਉਥੇ ਜਾਣ ਲੱਗੀ ਆਂ ਆਹ ਵੇਖ ਲੈ ਵਾਰੇ ਨਿਆਰੇ ਹੋਏ ਪਏ ਐ।ਕਿਥੇ ਪੈਸੇ ਪੈਸੇ ਨੂੰ ਤਰਸੀਦਾ ਸੀ ਹੁਣ ਰੱਖ ਰੱਖ ਭੁੱਲੀਦਾ।ਨਾਲੇ ਇਹਨਾਂ ਦਾ ਪਿਉ ਵੀ ਹੁਣ ਸ਼ਰਾਬ ਛੱਡ ਸਿਧੇ ਰਾਹ ਤੇ ਆਇਆ ਪਿਐ।ਇੱਕ ਈ ਦਾਬਾ ਮਾਰਿਆ ਸੀ ਬਾਬਾ ਜੀ ਨੇ “ਬੰਦਾ ਬਣ ਜਾ ਬੰਦਾ,ਨਈਂ ਗਧਾ ਬਣਾਂ ਕੇ ਕਿੱਲੇ ਨਾਲ ਬੰਨ੍ਹ ਦੂੰ”।ਉਹ ਦਿਨ ਜਾਵੇ ਤੇ ਅੱਜ ਦਾ ਆਵੇ ਕਦੀ ਕੰਨ ਚ ਪਾਇਆ ਨੀ ਰੜਕਿਆ।ਮੈਂ ਤਾਂ ਕਹਿਨੀਂ ਆਂ ਭੈਣ ਤੂੰ ਵੀ ਬਾਬਾ ਜੀ ਦਾ ਲੜ੍ਹ ਫੜ੍ਹ ਲੈ ਕੁਲਾਂ ਤਰ ਜਾਣਗੀਆਂ।ਉਨ੍ਹਾਂ ਦੇ ਤਾਂ ਚੇਹਰੇ ਦਾ ਨੂਰ ਵੇਖ ਕੇ ਈ ਬੰਦਾ ਆਪਣੇ ਆਪ ਨੂੰ ਬੁੱਲ ਜਾਂਦੈ।ਤੂੰ ਚੱਲੀਂ ਕਦੇ ਮੇਰੇ ਨਾਲ ਬਾਬਾ ਜੀ ਦਾ ਡੇਰਾ ਵਿਖਾ ਕੇ ਲਿਆਊਂ।

ਚਰਨਜੀਤ ਦੀ ਡੇਰੇ ਵਾਲੇ ਬਾਬਾ ਜੀ ਵਿੱਚ ਅਥਾਹ ਸ਼ਰਧਾ ਵੇਖ ਕੇ ਇਕ ਵਾਰੀ ਤਾਂ ਮੇਰੇ ਵੀ ਪੈਰ ਡਗਮਗਾ ਗਏ ਸਨ।ਅੰਦਰ ਈ ਅੰਦਰ ਮੈਂ ਵੀ ਤਿਆਰ ਹੋ ਗਈ ਸਾਂ ਬਾਬਾ ਜੀ ਦੇ ਦਰਸ਼ਨਾਂ ਲਈ।ਪਰ ਉਹ ਗੱਲ ਪਤਾ ਨੀ ਕਿਵੇਂ ਮੇਰੇ ਚੇਤੇ ਆ ਗਈ ਜੀਹਨੂੰ ਮੈਂ ਮਸਾਂ ਭੁਲਾਇਆ ਸੀ।ਉਨ੍ਹਾਂ ਦਿਨਾਂ ਵਿੱਚ ਕੰਬਲੀ ਆਲੇ ਸਾਧ ਦੀ ਬੜੀ ਮਹਿੰਮਾਂ ਹੁੰਦੀ ਸੀ।ਘਰ ਘਰ ਵਿੱਚ ਉਹਦੇ ਨਾਂ ਦੀ ਜੋਤ ਜਗਦੀ ਸੀ।ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਉਹਦੇ ਦਰਸ਼ਨਾਂ ਲਈ ਧੱਕਾ ਮੁੱਕੀ ਹੁੰਦੀਆਂ ਸਨ।ਸਰਕਾਰੇ ਦਰਬਾਰੇ ਬਾਬੇ ਦੀ ਤੂਤੀ ਬੋਲਦੀ ਸੀ।ਪਰ ਇੱਕ ਦਿਨ ਉਹਦੀ ਵੀ ਪੋਲ ਖੁੱਲ੍ਹ ਗਈ।ਉਹ ਡੇਰੇ ਚ ਸੇਵਾ ਕਰਦੀਆਂ ਕੁੜੀਆਂ ਨਾਲ ਗਲਤ ਕੰਮ ਕਰਦਾ ਸੀ।ਸਾਧ ਦੀਆਂ ਨਜਦੀਕੀ ਚੇਲੀਆਂ ਕੁੜੀਆਂ ਨੂੰ ਡਰਾ ਧਮਕਾ ਕੇ ਰੱਖਦੀਆਂ ਸਨ ਤਾਂ ਕਿ ਕੋਈ ਬਾਹਰ ਸਾਹ ਨਾ ਕੱਢੇ।ਉਹਨਾਂ ਚੋਂ ਕਈ ਤਾਂ ਗੱਡੀ ਵੀ ਚਾੜ੍ਹ ਦਿੱਤੀਆਂ ਸਨ।ਪਰ ਇੱਕ ਕੁੜੀ ਮਰਦਾਂ ਵਾਂਗ ਸੀਨਾਂ ਠੋਕ ਕੇ ਖੜ੍ਹ ਗਈ ਸੀ।ਜੀਹਨੇ ਸਾਧ ਦੇ ਚੋਲੇ ਹੇਠ ਛੁਪੇ ਹੋਏ ਹਵਸੀ ਸ੍ਹਾਨ ਨੂੰ ਨੰਗਾ ਕਰ ਦਿਤਾ ਸੀ।ਜੇਹੜੇ ਲੋਕ ਆਪਣੀਆਂ ਕੁੜੀਆਂ ਨੂੰ ਡੇਰੇ ਛੱਡ ਛੱਡ ਆਂਉਦੇ ਸਨ।ਉਹਨਾਂ ਨੂੰ ਹੁਣ ਮੂੰਹ ਲਕੋਣ ਨੂੰ ਥਾਂ ਨੀ ਸੀ ਲੱਭਦੀ ਤੇ ਨਾ ਈ ਕੋਈ ਖੂਹ ਖਾਤਾ ਦੀਂਹਦਾ ਸੀ ਜੀਹਦੇ ਵਿੱਚ ਡੁੱਬ ਮਰਨ।ਇਹ ਡੇਰੇ ਵਾਲਾ ਬਾਬਾ ਵੀ ਮੈਨੂੰ ਕੰਬਲੀ ਵਾਲੇ ਸਾਧ ਦਾ ਈ ਰੂਪ ਲੱਗਾ ਸੀ।ਤੇ ਮੈਂ ਆਪਣੇਂ ਡਗਮਗਾਂਦੇ ਪੈਰਾਂ ਨੂੰ ਸਥਿਰ ਕਰ ਲਿਆ।ਦੂਰੋਂ ਦਿਸਦੇ ਨਿਸ਼ਾਨ ਸਾਬ ਅੱਗੇ ਮੇਰਾ ਸਿਰ ਝੁਕ ਗਿਆ ਤੇ ਮੈਂ ਅੰਦਰੋਂ ਈ ਬੋਲੀ “ਬਚਾਈਂ ਮਾਲਕਾ ਐਹੋ ਜੇ ਸਾਧਾਂ ਤੋਂ”।

ਵਾਪਸ ਘਰ ਆਈ ਤਾਂ ਅਖਬਾਰ ਵੇਹੜੇ ਚ ਖਿਲਰੀ ਪਈ ਸੀ।ਸ਼ਾਇਦ ਹਵਾ ਦੇ ਬੁੱਲੇ ਨਾਲ ਉੱਡ ਕੇ ਮੰਜੇ ਤੋਂ ਹੇਠਾਂ ਆ ਡਿੱਗੀ ਹੋਣੀਂ ਐਂ।ਇਹ ਰਾਣੀ ਦਾ ਕਰਕੇ ਈ ਲਵਾਈ ਹੋਈ ਐ,ਉਹਦੇ ਟੀਚਰ ਕਹਿੰਦੇ ਪੜ੍ਹਾਈ ਦੇ ਨਾਲ ਨਾਲ ਰੋਜ ਅੱਧਾ ਘੰਟਾ ਅਖਬਾਰ ਪੜ੍ਹਨੀ ਵੀ ਜਰੂਰੀ ਐ।ਪਰ ਮੈਨੂੰ ਤਾਂ ਏਹਦੇ ਵਰਕੇ ਫੋਲਣ ਤੋਂ ਵੀ ਡਰ ਆਂਉਦੈ। ਰੋਜ ਈ ਕੋਈ ਨਾ ਕੋਈ ਜੱਗੋਂ ਤੇਰ੍ਹਵੀਂ ਖਬਰ ਮੂੰਹ ਤੇ ਚਪੇੜ ਵਾਂਗ ਮਾਰਦੀ ਐ।ਜੋ ਕਦੀ ਨਾ ਦੇਖੀ ਹੁੰਦੀ ਐ ਨਾ ਸੁਣੀਂ ਹੁੰਦੀ ਐ।ਇਹਦੇ ਵਿੱਚ ਵੀ ਕੋਈ ਸ਼ੈਤਾਨੀ ਆਤਮਾਂ ਵੱਸੀ ਹੋਈ ਲਗਦੀ ਐ ਜੋ ਮੇਰਾ ਦਿਮਾਗ ਖਰਾਬ ਕਰਨ ਲੱਗੀ ਹੋਈ ਐ।ਮੁੱਖ ਪੰਨੇ ਤੇ ਛਪੀ ਹੋਈ ਦੋ ਸਕੀਆਂ ਭੈਣਾਂ ਦੀ ਖਬਰ ਮੇਰਾ ਮੂੰਹ ਚਿੜਾ ਰਹੀ ਸੀ।ਸਵੇਰ ਵੇਲੇ ਇਹ ਖਬਰ ਮੈਂ ਦੋ ਤਿੰਨ ਵਾਰ ਪੜ੍ਹੀ ਸੀ।ਮਾਂ ਦੀ ਚੱਤੋ ਪਹਿਰ ਦੀ ਨਿਗਰਾਨੀ ਅਤੇ ਨੁਕਤਾਚੀਨੀ ਤੋਂ ਤੰਗ ਆ ਕੇ ਦੋ ਸਕੀਆਂ ਭੈਣਾਂ ਘਰੋਂ ਭੱਜ ਗਈਆਂ ਸਨ।ਉਹਨਾਂ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਫੜ੍ਹ ਕੇ ਲਿਆਂਦਾ ਸੀ।ਹੇਠਾਂ ਲਿਖਿਆ ਸੀ ਟੀਨਏਜਰ ਬੱਚਿਆਂ ਤੇ ਲੋੜੋਂ ਵੱਧ ਪ੍ਰੈਸ਼ਰ ਅਤੇ ਦਬਾਅ ਉਹਨਾਂ ਦੇ ਮਾਨਸਿਕ ਸੰਤੁਲਨ ਨੂੰ ਵਿਗਾੜ ਸਕਦੈ।ਇਸ ਉਮਰੇ ਬੱਚਿਆਂ ਨੂੰ ਕੋਈ ਗੱਲ ਮਨਵਾਉਣ ਲਈ ਉਨ੍ਹਾਂ ਤੇ ਦਬਾਅ ਨੀ ਪਾਉਣਾਂ ਚਾਹੀਦਾ।ਨਈ ਤਾਂ ਕਈ ਵਾਰੀ ਖੁਦਕੁਸ਼ੀ ਜਾਂ ਘਰੋਂ ਭੱਜਣ ਵਰਗੀ ਨੌਬਤ ਆ ਜਾਂਦੀ ਐ।ਇਹੀ ਖਬਰ ਮੈਂ ਹੇਠੋਂ ਅਖਬਾਰ ਚੁੱਕ ਕੇ ਦੁਬਾਰਾ ਪੜ੍ਹੀ ਐ।ਕਿਤੇ ਮੈਂ ਵੀ ਕੁੜੀ ਨਾਲ ਐਂ ਤਾਂ ਨੀ ਕਰ ਰਹੀ।ਕਿਤੇ ਰਾਣੀਂ ਵੀ ਮੈਥੋਂ ਖਿਝ ਕੇ ਘਰੋਂ ਤਾਂ ਨੀ ਭੱਜ ਜੂ।ਮੇਰੇ ਅੰਦਰੋਂ ਈ ਕੁਸ਼ ਬੋਲਿਆ।ਨਈਂ ਨਈਂ ਐਂ ਨੀ ਹੋ ਸਕਦਾ,ਉਹ ਮੇਰੀ ਧੀ ਐ….ਉਹ ਐਂ ਨੀ ਕਰ ਸਕਦੀ।ਮੈਨੂੰ ਵੀ ਇੰਝ ਨਈ ਕਰਨਾਂ ਚਾਹੀਦਾ।ਮੇਰੇ ਪਿੰਡੇ ਤੇ ਡਰ ਨਾਲ ਜਿਵੇਂ ਕੀੜੀਆਂ ਰੀਂਗਣ ਲੱਗੀਆਂ ਹੋਣ।ਬਲੱਡ ਪ੍ਰੈਸ਼ਰ ਵਧਦਾ ਜਾ ਰਿਹੈ।ਲਗਦੈ ਖੂਨ ਜਿਵੇਂ ਨਸਾਂ ਫਟ ਕੇ ਫੁਵਾਰੇ ਵਾਂਗ ਬਾਹਰ ਨਿੱਕਲ ਆਵੇਗਾ।ਮੈਨੂੰ ਚੱਕਰ ਆ ਰਹੇ ਨੇ ਮੰਜਾ ਜਿਵੇਂ ਘੁੰਮ ਰਿਹਾ ਹੋਵੇ।ਅਲਾਰਮ ਦੀ ਘੰਟੀ ਵੱਜੀ ਐ।ਮੇਰੀਆਂ ਸੋਚਾਂ ਦੀ ਡੋਰ ਟੁੱਟ ਗਈ ਹੈ ਕਿਤੇ ਰਾਣੀਂ ਤਾਂ…..ਨਹੀਂ ਨਹੀਂ।ਮੈਂ ਬੂਹੇ ਮੂਹਰੇ ਜਾ ਖੜ੍ਹਦੀ ਆਂ।ਰਾਣੀਂ ਗਲੀ ਵਿੱਚ ਤੁਰੀ ਆਂਉਦੀ ਹੈ।ਉਹਨੂੰ ਵੇਖ ਕੇ ਮੇਰਾ ਸਾਹ ਚ ਸਾਹ ਆ ਜਾਂਦੈ।ਉਹ ਜਿਵੇਂ ਜਿਵੇਂ ਮੇਰੇ ਨੇੜੇ ਆ ਰਹੀ ਐ ਇੰਝ ਜਾਪਦੈ ਜਿਵੇਂ ਹਰ ਕਦਮ ਜਵਾਨ ਹੋ ਰਹੀ ਹੋਵੇ।ਉਹਦੇ ਸਰੀਰ ਦੀਆਂ ਗੋਲਾਈਆਂ ਵਾਂਗ ਉਹਦੇ ਕੱਪੜਿਆਂ ਦਾ ਅਕਾਰ ਵੀ ਮੈਨੂੰ ਓਪਰਾ ਜਿਹਾ ਲੱਗਾ।ਰਾਣੀਂ ਮੇਰੇ ਸਾਹਮਣੇਂ ਆ ਕੇ ਖੜ੍ਹ ਗਈ।ਮੈਂ ਡੌਰ ਭੌਰ ਹੋਈ ਉਹਦੇ ਵੱਲ ਵੇਖੀ ਜਾ ਰਹੀ ਆਂ ਸਿਰ ਤੋਂ ਪੈਰਾਂ ਤੱਕ।

“ਮੰਮੀ…”।ਮੈਂ ਤ੍ਰਭਕੀ
“ਕੀ ਵੇਖੀ ਜਾਨੀਂ ਐਂ…..! ਚੱਲ ਅੰਦਰ”।
ਮੈਂ ਚੁਪਚਾਪ ਅੰਦਰ ਆ ਮੰਜੇ ਤੇ ਬੈਠ ਗਈ।ਰਾਣੀਂ ਕੱਪੜੇ ਬਦਲ ਕੇ ਰੋਟੀ ਖਾਂਣ ਲੱਗ ਪਈ।ਮੈਂ ਉਹਦੇ ਕੋਲ ਬੈਠੀ ਅਖਬਾਰ ਦੀ ਫੋਲਾਫਾਲੀ ਕਰ ਰਹੀ ਆਂ।ਪੜ੍ਹਨ ਦਾ ਤਾਂ ਜਿਵੇਂ ਬਹਾਨਾ ਐ।ਉਡੀਕਦੀ ਆਂ ਕਿ ਰਾਣੀਂ ਕੁਸ਼ ਬੋਲੇ ਤੇ ਮੈਂ ਉਹਦੀਆਂ ਗੱਲਾਂ ਚ ਗਵਾਚ ਸਭ ਕੁਸ਼ ਭੁੱਲ ਭੁਲਾ ਜਾਵਾਂ।
“ਮੰਮੀ ਅੱਜ ਨਾ ਪਾਪਾ ਮੈਨੂੰ ਸਕੂਲ ਛੱਡ ਕੇ ਗਏ।ਮੈਡਮਾਂ ਨੂੰ ਵੀ ਮਿਲ ਕੇ ਆਏ ਸੀ”।

ਮੇਰੇ ਮਨ ਚ ਕੁੜੱਤਣ ਜਿਹੀ ਭਰ ਗਈ।ਹੈਂਅ….ਅੱਗੇ ਨਾ ਪਿਛੇ ਅੱਜ ਇਹ ਕੁੜੀ ਦੇ ਸਕੂਲ ਕੀ ਕਰਨ ਗਿਆ ਸੀ।ਹੋ ਸਕਦਾ ਰਾਹ ਚ ਈ ਕੁੜੀ ਨਾਲ ਮਾੜੀਆਂ ਗੱਲਾਂ ਕਰਦਾ ਹੋਵੇ।ਇਕ ਵਾਰੀ ਫਿਰ ਮੈਨੂੰ ਸਰਬਣ ਦੇ ਚੇਹਰੇ ਤੇ ਸ਼ੈਤਾਨ ਦਾ ਝੌਲਾ ਪਿਆ।ਮੇਰੀ ਸੋਚ ਆਪਣੇ ਆਪ ਨੂੰ ਗੰਨੇ ਵਾਂਗ ਪੀੜਦੀ ਜਾਪੀ।ਹੁਣ ਉਹ ਬੰਦਾ ਮੈਨੂੰ ਜਮਾਂ ਈ ਚੰਗਾ ਨੀ ਲਗਦਾ।ਐਂ ਲਗਦੈ ਜਿਵੇਂ ਉਹਨੇ ਕੁੜੀ ਤੇ ਆਪਣਾਂ ਗਲਬਾ ਪੁਰੀ ਤਰਾਂ ਪਾ ਲਿਆ ਹੋਵੇ।ਤੇ ਰਾਣੀ ਜਿਵੇਂ ਉਹਦੇ ਵਿੱਚ ਧਸ ਗਈ ਹੋਵੇ।

ਆਉਣ ਦੇ ਚੌਰੇ ਨੂੰ ਅੱਜ,ਗੱਲ ਇਕ ਬੰਨੇ ਲਾ ਈ ਦੇਣੀਂ ਐਂ।ਆਖਰ ਤੇਰੇ ਮਨ ਚ ਹੈ ਕੀ…ਕੀ ਚਹੁੰਨੈਂ ਤੂੰ…”?ਮੈਂ ਮਨ ਹੀ ਮਨ ਆਪਣੇਂ ਆਪ ਨੂੰ ਗ੍ਰਹਿ ਯੁੱਧ ਲਈ ਤਿਆਰ ਕਰਦੀ ਰਹੀ।ਬਾਕੀ ਬਚੇ ਥੋੜ੍ਹੇ ਜਿਹੇ ਦਿਨ ਵਿੱਚ ਮੇਰੇ ਅੰਦਰ ਪਤਾ ਨੀ ਕੀ ਕੁਸ਼ ਵਾਪਰ ਗਿਆ।ਪਲ ਪਲ ਮੇਰੀ ਸੋਚ ਆਪਣੇ ਆਪ ਨਾਲ ਗੁੱਥਮਗੁੱਥਾ ਹੁੰਦੀ ਰਹੀ।

ਮੂੰਹ ਹਨੇਰਾ ਹੋ ਗਿਆ ਬੂਹੇ ਮੂਹਰੇ ਘੁਸਰ ਮੁਸਰ ਜਿਹੀ ਹੋਈ ਜਾਵੇ।ਮੈਂ ਅਗਾਂਹ ਜਾ ਕੇ ਵੇਖਿਆ ਸਰਬਣ ਗਾਮੇਂ ਨਾਲ ਗੱਲੀਂ ਲੱਗਾ ਹੋਇਆ ਸੀ।“ਚੱਲ ਯਾਰ ਘੁੱਟ ਲਾ ਲੈਨੇ ਆਂ”।ਗਾਮਾਂ ਕਹਿ ਰਿਹਾ ਸੀ।“ਨਈਂ ਯਾਰ ਹੁਣ ਚਿਤ ਨੀ ਕਰਦਾ।ਨਾਲੇ ਆਪਾਂ ਹੁਣ ਬਾਹਰ ਈ ਮਿਲਿਆ ਕਰਾਂਗੇ….ਘਰੇ ਠੀਕ ਨੀ ਲਗਦਾ”।ਸਰਬਣ ਗਾਮੇਂ ਨੂੰ ਟਾਲ ਰਿਹਾ ਸੀ।

ਮੈਂ ਚੁਪਚਾਪ ਵਾਪਸ ਆ ਚੌਂਕੇ ਚ ਬੈਠ ਰੋਟੀਆਂ ਲਾਹੁਣ ਲੱਗ ਪਈ।ਪੰਜ ਕੁ ਮਿੰਟ ਬਾਦ ਸਰਬਣ ਅੰਦਰ ਲੰਘ ਸੈਂਕਲ ਕੰਧ ਨਾ ਲਾ ਹੈਂਡਲ ਨਾਲੋਂ ਦੋ ਲਿਫਾਫੇ ਖੋਲ੍ਹ ਚੁਪਚਾਪ ਅੰਦਰ ਚਲਾ ਗਿਆ।ਰਾਣੀਂ ਵੱਲ ਬਰਾਸ਼ਾਂ ਜੇਹੀਆਂ ਪਾੜ ਕੇ ਹੱਸਦੇ ਨੂੰ ਚੌਂਕੇ ਚ ਬੈਠੀ ਨੇ ਵੇਖ ਲਿਆ ਸੀ।ਰਾਣੀਂ ਮੰਜੇ ਉਤੋਂ ਉਠ ਪਾਣੀਂ ਦੇਣ ਚਲੀ ਗਈ।ਮੇਰੇ ਮੂੰਹ ਚ ਜਿਵੇਂ ਅੱਕ ਦਾ ਪੱਠਾ ਚਿਥਿਆ ਗਿਆ ਹੋਵੇ।ਮਨ ਚ ਭਰੇ ਗੁਬਾਰ ਦਾ ਕੜ ਪਾਟਣ ਤੇ ਆ ਗਿਆ।“ਕੀ ਕੰਜਰਖਾਨਾਂ ਬਣਾਇਐ ਘਰ ਨੂੰ….ਅੱਜ ਦੱਸਦੀਂ ਆਂ ਇਹਨਾਂ ਨੂੰ ਬਈ ਪਿਉ ਧੀ….”।ਮੈਂ ਹੱਥ ਚ ਫੂਕਣਾਂ ਲੈ ਅੰਦਰ ਵੱਲ ਨੂੰ ਅਹੁਲੀ।ਪਰ ਮੇਰੇ ਕਦਮ ਦੇਹਲੀ ਤੇ ਈ ਧਰੇ ਰਹਿ ਗਏ।ਸਰਬਣ ਰਾਣੀਂ ਦੇ ਸਿਰ ਤੇ ਨਵੀਂ ਲਿਆਂਦੀ ਵਰਦੀ ਨਾਲ ਦੀ ਚੁੰਨੀ ਦੇ ਰਿਹਾ ਸੀ।“ਹੁਣ ਮੇਰਾ ਪੁੱਤ ਵੱਡਾ ਹੋ ਗਿਐ, ਚੁੰਨੀ ਲੈ ਕੇ ਸਕੂਲ ਜਾਇਆ ਕਰੂਗਾ”। ਉਹ ਲਾਡ ਜੇਹੇ ਨਾ ਬੋਲ ਰਿਹਾ ਸੀ।ਰਾਣੀਂ ਚੁੰਨੀ ਦੀ ਬੁੱਕਲ ਮਾਰ ਮੇਰੇ ਵੱਲ ਮੁੜੀ।ਮੈਨੂੰ ਲੱਗਾ ਜਿਵੇਂ ਚੁੰਨੀ ਦੀ ਪਵਿੱਤਰਤਾ ਨਾਲ ਉਹਦਾ ਵਜੂਦ ਤੇ ਪਿਉ ਦੀ ਇਜਤ ਦੋਵੇਂ ਢਕੇ ਗਏ ਹੋਣ।ਮੈਥੋਂ ਉਹਨਾਂ ਨਾਲ ਅੱਖ ਨਾ ਮਿਲਾ ਹੋਈ ਤੇ ਨਾ ਈ ਮੂੰਹੋਂ ਕੁਸ਼ ਬੋਲ ਸਕੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)