Kanna Wale Jhumke (Punjabi Story) : Ashok Vasishth

ਕੰਨਾਂ ਵਾਲੇ ਝੁਮਕੇ (ਕਹਾਣੀ) : ਅਸ਼ੋਕ ਵਾਸਿਸ਼ਠ

ਸ਼ਾਨੇ ਪੰਜਾਬ ਨੂੰ ਨਵੀਂ ਦਿੱਲੀ ਸਟੇਸ਼ਨ ਦੇ ਬਾਹਰ ਪੁੱਜਿਆਂ ਅੱਧਾ ਘੰਟਾ ਹੋ ਚੁੱਕਾ ਸੀ, ਪਰ ਸਿਗਨਲ ਨਾ ਮਿਲਣ ਕਾਰਨ ਗੱਡੀ ਅਜੇ ਵੀ ਆਊਟਰ ‘ਤੇ ਖਲੋਤੀ ਸੀ। ਸਵਾਰੀਆਂ ਕਾਹਲੀਆਂ ਪੈ ਚੁੱਕੀਆਂ ਸਨ, ਦਿਨ ਭਰ ਦਾ ਥਕੇਵਾਂ; ਛੇਤੀ ਤੋਂ ਛੇਤੀ ਘਰ ਪੁੱਜਣ ਦੀ ਤਾਂਘ; ਪਲੇਟ ਫਾਰਮ ‘ਤੇ ਖਲੋਤੇ ਸਨੇਹੀਆਂ ਤੇ ਰਿਸ਼ਤੇਦਾਰਾਂ ਦੀ ਚਿੰਤਾ; ਮੁਸਾਫਰ ਅੰਦਰੋਂ ਅੰਦਰੀ ਕੁੜ੍ਹ ਰਹੇ ਸਨ ਕਿ ਗੱਡੀ ਕਦੋਂ ਪਲੇਟ ਫਾਰਮ ‘ਤੇ ਲੱਗੇ, ਕਦੋਂ ਉਹ ਬਾਹਰ ਨਿਕਲਣ ਤੇ ਆਪੋ ਆਪਣੇ ਘਰਾਂ ਨੂੰ ਜਾਣ।
‘ਇਥੇ ਆ ਕੇ ਇਹਦੇ ਪਹੀਦੇ ਜਾਮ ਹੋ ਗਏ ਨੇ, ਚੱਲਣ ਦਾ ਨਾਂ ਨਹੀਂ ਲੈ ਰਹੀ’ ਬੁੜਬੁੜ ਕਰਦੀਆਂ ਕੁਝ ਸਵਾਰੀਆਂ ਦਰਵਾਜ਼ੇ ਕੋਲ ਆ ਕੇ ਬਾਹਰ ਵੱਲ ਦੇਖ ਰਹੀਆਂ ਸਨ; ਕੁਝ ਬੰਦੇ ਸੀਟਾਂ ‘ਤੇ ਬੈਠੇ ਸੁਸਤਾ ਰਹੇ ਸਨ ਤੇ ਕੁਝ ਆਪੋ ਵਿਚੀ ਗੱਲੀਂ ਲੱਗੇ ਹੋਏ ਸਨ।
“ਪਤਾ ਨਹੀਂ ਅਜੇ ਹੋਰ ਕਿੰਨੀ ਦੇਰ ਲੱਗੇਗੀ!” ਦਰਵਾਜ਼ੇ ਦੇ ਨਾਲ ਵਾਲੀਆਂ ਪਹਿਲੀਆਂ ਸੀਟਾਂ ‘ਤੇ ਬੈਠਾ ਇਕ ਸੱਜਣ ਨਾਲ ਬੈਠੀ ਸਵਾਰੀ ਨੂੰ ਕਹਿ ਰਿਹਾ ਸੀ।
“ਗੱਡੀ ਚੰਗੀ ਭਲੀ ਟਾਈਮ ‘ਤੇ ਸੀ, ਪਤਾ ਨਹੀਂ ਇਥੇ ਆ ਕੇ ਕੀ ਬੀਮਾਰੀ ਪੈ ਗਈ।” ਇਕ ਮੁਸਾਫਰ ਆਪਣੇ ਸਾਹਮਣੇ ਬੈਠੇ ਮੁਸਾਫਰ ਨੂੰ ਕਹਿ ਰਿਹਾ ਸੀ।
“ਕੁਝ ਪਤਾ ਨਹੀਂ ਲੱਗਦਾ ਰੇਲਵੇ ਵਾਲਿਆਂ ਦਾ ਜੀ, ਟਾਈਮ ਸਿਰ ਕੰਮ ਨਾ ਕਰਨ ਦੀ ਸਹੁੰ ਖਾਧੀ ਹੋਈ ਐ, ਇਨ੍ਹਾਂ ਨੇ। ਗੱਡੀ ਚੰਗੀ ਭਲੀ ਟਾਈਮ ਸਿਰ ਪੁਜ ਗਈ ਸੀ, ਪਰ ਨਹੀਂ, ਇਹ ਲੋਕ ਤਾਂ ਆਪਣੀ ਆਦਤ ਤੋਂ ਮਜਬੂਰ ਨੇ, ਕੁਝ ਨਹੀਂ ਹੋ ਸਕਦਾ ਇਥੇ...!” ਨਾਲ ਬੈਠਾ ਮੁਸਾਫਰ ਕੁੜ ਕੁੜ ਕਰਦਾ ਕਦੇ ਖਿੜਕੀ ਦੇ ਬਾਹਰ ਤੱਕਦਾ ਤੇ ਕਦੇ ਘੜੀ ਦੇਖਦਾ।
“ਤੁਸੀਂ ਫਿਕਰ ਨਾ ਕਰੋ ਮਾਲਕੋ, ਰੋਟੀ ਘਰ ਜਾ ਕੇ ਈ ਖਾਓਗੇ, ਹੁਣ ਤਾਂ ਗੱਡੀ ਨੇ ਵਿਸਲ ਵੀ ਦੇ ਦਿੱਤੀ ਐ।” ਆਪਣੀ ਮਸਤੀ ਵਿਚ ਦਰਵਾਜ਼ੇ ਵੱਲ ਜਾ ਰਹੇ ਇਕ ਸਰਦਾਰ ਜੀ ਨੇ ਤੁਣਕਾ ਮਾਰਿਆ। ਏਨੇ ਵਿਚ ਗੱਡੀ ਹੌਲੀ ਹੌਲੀ ਸਰਕਣ ਲੱਗੀ। ਮੁਸਾਫਰਾਂ ਸੁੱਖ ਦਾ ਸਾਹ ਲਿਆ। “ਬੀਬਾ, ਹੁਣ ਤਾਂ ਖੁਸ਼ ਐਂ” ਸਰਦਾਰ ਜੀ ਨੇ ਇਕ ਬਾਲੜੀ ਦੀ ਪਿੱਠ ਥਾਪੜਦਿਆਂ ਪੁਛਿਆ।
“ਚਲੋ, ਸਮੇਂ ਸਿਰ ਘਰ ਪੁੱਜ ਜਾਵਾਂਗੇ।” ਇਕ ਬਿਰਧ ਇਸਤਰੀ ਦੇ ਮੂੰਹੋਂ ਨਿਕਲਿਆ। ਉਸ ਪਰ੍ਹੇ ਬੈਠੇ ਹਮ ਉਮਰ ਮੁੰਡਿਆਂ ਨਾਲ ਹਾਸਾ ਠੱਠਾ ਕਰਦੇ ਆਪਣੇ ਮੁੰਡੇ ਨੂੰ ਆਵਾਜ਼ ਦਿੱਤੀ, “ਕਾਕਾ ਜੀ, ਉਪਰੋਂ ਸਮਾਨ ਲਾਹ ਲਵੋ, ਫੇਰ ਘੜਮੱਸ ਪੈ ਜਾਊ।”
“ਚੰਗਾ ਮਾਂ ਜੀ” ਕਹਿ ਕੇ ਮੁੰਡਾ ਉਪਰ ਪਏ ਸੂਟਕੇਸ ਤੇ ਬੈਗ ਲਾਹੁਣ ਲੱਗ ਪਿਆ।
ਕੁਝ ਨੌਜਵਾਨ ਮੁੰਡੇ ਡੱਬੇ ਵਿਚ ਆ ਕੇ ਰੌਲਾ ਪਾਉਣ ਲੱਗੇ, ਉਹ ਉਚੀ ਉਚੀ ਹੱਸ ਰਹੇ ਸਨ, ਦਰਵਾਜ਼ੇ ਦਾ ਹੈਂਡਲ ਫੜ ਕਦੇ ਹੇਠਾਂ ਉਤਰ ਜਾਂਦੇ ਤੇ ਕਦੇ ਟਪੂਸੀ ਮਾਰ ਅੰਦਰ ਆ ਜਾਂਦੇ। ਉਨ੍ਹਾਂ ਦਾ ਚੋਹਲ-ਮੋਹਲ ਦੇਖ ਸਿਆਣੀ ਉਮਰ ਦੀ ਇਕ ਸਵਾਰੀ ਨੇ ਦਰਵਾਜ਼ੇ ਨਾਲ ਹੀ ਪਹਿਲੀ ਖਿੜਕੀ ਵਾਲੀ ਸੀਟ ‘ਤੇ ਬੈਠੀ ਲੜਕੀ ਨੂੰ ਤੱਕਿਆ। ਲੜਕੀ ਬਾਹਰ ਆਉਂਦੀਆਂ-ਜਾਂਦੀਆਂ ਗੱਡੀਆਂ ਦੇਖਣ ਵਿਚ ਮਗਨ ਸੀ। “ਬੇਟਾ, ਅੰਦਰ ਹੋ ਕੇ ਬੈਠ ਜ਼ਰਾ। ਇਹ ਲੁੱਟ ਖੋਹ ਕਰਨ ਵਾਲੇ ਮੁੰਡੇ ਨੇ। ਇਹ ਮਿੰਟਾਂ-ਸਕਿੰਟਾਂ ਵਿਚ ਈ ਚਲਦੀ ਗੱਡੀ ਵਿਚੋਂ ਤੀਵੀਆਂ ਦੇ ਕੰਨਾਂ ਦੀਆਂ ਵਾਲੀਆਂ ਖਿਚ ਕੇ ਲੈ ਜਾਂਦੇ ਨੇ।”
“ਆਪਣੇ ਵੱਲੋਂ ਬਚਾਅ ਤਾਂ ਰੱਖਣਾ ਹੀ ਚਾਹੀਦਾ ਬਈ।” ਦੂਜੇ ਪਾਸੇ ਦੀ ਸੀਟ ‘ਤੇ ਬੈਠੇ ਬਜ਼ੁਰਗ ਨੇ ਉਸ ਦੀ ਹਾਂ ਵਿਚ ਹਾਂ ਮਿਲਾ ਦਿੱਤੀ।
“ਤੂੰ ਏਧਰ ਆ ਜਾ ਬੇਟਾ ਮੇਰੇ ਕੋਲ” ਲੜਕੀ ਦੇ ਪਿਤਾ ਨੇ ਉਸ ਨੂੰ ਪੁਚਕਾਰਦਿਆਂ ਆਪਣੇ ਪਾਸ ਬੁਲਾ ਲਿਆ। ਨਿੱਕੀ ਬਾਲੜੀ ਖਿੜਕੀ ਵਾਲੀ ਸੀਟ ਤੋਂ ਉਠ ਕੇ ਆਪਣੇ ਪਿਤਾ ਪਾਸ ਬਹਿ ਗਈ। ਪਰ ਦੂਜੇ ਪਾਸੇ ਦੇ ਬਰਥ ‘ਤੇ ਬੈਠੀ ਮੁਟਿਆਰ ਦੇ ਲੂੰ ਕੰਡੇ ਖੜ੍ਹੇ ਹੋ ਗਏ, ਉਹਨੇ ਘੁੰਮ ਕੇ ਦਰਵਾਜ਼ੇ ਵੱਲ ਦੇਖਿਆ। ਦਰਵਾਜ਼ੇ ਦਾ ਹੈਂਡਲ ਫੜੀਂ ਕਦੇ ਬਾਹਰ ਤੇ ਕਦੇ ਅੰਦਰ ਝੂਟੀਆਂ ਲੈ ਰਿਹਾ ਮਲੂਕ ਮੁੰਡਾ ਉਹਨੂੰ ਦੈਂਤ ਜਿਹਾ ਦਿਖਾਈ ਦਿੱਤਾ।
“ਕੰਨਾਂ ਦੀਆਂ ਵਾਲੀਆਂ ਲਾਹ ਲੈਂਦੇ ਨੇ...?” ਜਸਲੀਨ ਦੇ ਅੰਦਰੋਂ ਹੂਕ ਜਿਹੀ ਉਠੀ, ਪਰ ਉਸ ਦੇ ਬੁੱਲ੍ਹ ਨਾ ਫੜਕੇ। “ਇੰਜ ਵੀ ਹੁੰਦਾ ਏ, ਤੇ ਤੈਨੂੰ ਨਹੀਂ ਪਤਾ, ਸ਼ਰਦ ਨਾਲ ਕੀ ਹੋਇਆ ਸੀ? ਕਿਹੜੀ ਸ਼ਰਦ? ਸਾਡੇ ਨਾਲ ਪੜ੍ਹਦੀ ਸੀ, ਤੂੰ ਭੁੱਲ ਵੀ ਗਈ ਏਂ! ਨਹੀਂ ਤਾਂ, ਉਹਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ। ਮੇਰੀ ਸਹੇਲੀ...ਸਾਰੀ ਕਲਾਸ ਵਿਚ ਇਕੋ ਇਕ ਮੇਰੀ ਜਿਗਰੀ ਦੋਸਤ ਪਰ ਉਸ ਨਾਲ ਬਹੁਤ ਮਾੜਾ ਹੋਇਆ ਸੀ। ਉਹ ਹੈਂਸਿਆਰੇ ਦੇਖਣ ਨੂੰ ਇਨ੍ਹਾਂ ਮੁੰਡਿਆ ਜਿਹੇ ਮਲੂਕ ਜਾਪਦੇ ਸਨ ਪਰ ਉਨ੍ਹਾਂ ਜਿਹੜਾ ਕਾਰਾ ਕੀਤਾ, ਉਹ ਵੱਡੇ ਤੋਂ ਵੱਡਾ ਦੈਂਤ ਵੀ ਸ਼ਾਇਦ ਈ ਕਰ ਸਕੇ!”
ਆਪਣੇ ਨਾਲ ਗੱਲਾਂ ਕਰਦੀ ਜਸਲੀਨ ਨੇ ਇਕ ਵਾਰ ਫੇਰ ਗੱਡੀ ਦੇ ਦਰਵਾਜ਼ੇ ਵੱਲ ਤੱਕਿਆ। ਮੁੰਡੇ ਅਜੇ ਵੀ ਦਰਵਾਜ਼ੇ ਵਿਚ ਖਲੋਤੇ ਖਰੂਦ ਪਾ ਰਹੇ ਸਨ। ‘ਸਟੁਪਿਡ’ ਉਹਦੇ ਮੂੰਹ ‘ਚੋਂ ਨਿਕਲਿਆ ਤੇ ਉਹ ਇਕ ਵਾਰ ਫੇਰ ਆਪਣੀ ਮੈਮਰੀ ਲੇਨ ਵਿਚ ਚਲੀ ਗਈ।

“ਮਾਮਾ, ਇਕ ਮਿੰਟ!”
“ਕਿਉਂ ਕੀ ਹੋਇਆ?”
“ਇਹ ਨਹੀਂ ਪਤਾ ਕੀ ਹੋਇਆ, ਪਰ ਇਥੇ ਕੁਝ ਨਾ ਕੁਝ ਹੋਇਆ ਜਰੂਰ ਐ।”
“ਕੋਈ ਹਾਦਸਾ ਹੋ ਗਿਆ ਲਗਦਾ!”
“ਲਗਦਾ ਤਾਂ ਮੈਨੂੰ ਵੀ ਇਵੇਂ ਐ...ਠਹਿਰੋ ਜ਼ਰਾ...ਭੀੜ ਵਿਚ ਸਾਡੇ ਕਾਲਜ ਦੀਆਂ ਕੁਝ ਕੁੜੀਆਂ ਵੀ ਨੇ। ਇਨ੍ਹਾਂ ਦਾ ਇਥੇ ਕੀ ਕੰਮ?”
“ਉਂਜ ਈ ਲੰਘ ਰਹੀਆਂ ਹੋਣਗੀਆਂ।”
“ਉਂਜ ਤਾਂ ਰੋਜ਼ ਈ ਲੰਘੀਦਾ ਮਾਂ, ਜੇ ਇਹ ਇਥੇ ਖੜੀਆਂ ਨੇ ਤਾਂ ਕੋਈ ਨਾ ਕੋਈ ਗੱਲ ਜ਼ਰੂਰ ਹੋਵੇਗੀ, ਤੁਸੀਂ ਠਹਿਰੋ, ਮੈਂ ਦੇਖਦੀ ਆਂ।” ਜਸਲੀਨ ਨੇ ਕਾਰ ਨੂੰ ਸੜਕ ਦੇ ਇਕ ਪਾਸੇ ਖੜੀ ਕੀਤਾ ਤੇ ਤੇਜੀ ਨਾਲ ਬਾਹਰ ਨਿਕਲ ਭੀੜ ਵੱਲ ਚਲੀ ਗਈ।
ਉਹ ਅੱਗੇ ਵਧੀ ਤਾਂ ਆਪਣੀਆਂ ਕਈ ਸਹੇਲੀਆਂ ‘ਤੇ ਉਸ ਦੀ ਨਜ਼ਰ ਪਈ। ਉਨ੍ਹਾਂ ਦੇ ਚਿਹਰੇ ਉਤਰੇ ਹੋਏ ਸਨ, ਕੁਝ ਇਕ ਦੀਆਂ ਅੱਖਾਂ ਵਿਚ ਅੱਥਰੂ ਦੇਖ ਉਸ ਨੂੰ ਚਿੰਤਾ ਜਿਹੀ ਹੋਈ। ਕਿਧਰੇ ਸਾਡੀ ਕਲਾਸ ਦੀ ਕਿਸੇ ਵਿਦਿਆਰਥਣ ਨਾਲ ਕੋਈ ਭਾਣਾ ਨਾ ਵਾਪਰ ਗਿਆ ਹੋਵੇ। ਇਹ ਵਿਚਾਰ ਮਨ ਵਿਚ ਆਉਂਦਿਆਂ ਹੀ ਉਸ ਦੀ ਰੂਹ ਕੰਬ ਗਈ। ਹੋਰ ਨੇੜੇ ਗਈ ਤਾਂ ਇਹ ਗੱਲ ਉਕਾ ਈ ਸਾਫ ਹੋ ਗਈ। ਉਸ ਦੀ ਨਿੱਘੀ ਸਹੇਲੀ ਸ਼ਰਦ ਮੂਧੇ ਮੂੰਹ ਸੜਕ ‘ਤੇ ਲੰਮੀ ਪਈ ਸੀ। ‘ਕੀ ਹੋਇਆ ਇਹਨੂੰ?’ ਉਸ ਦੇ ਮਨ ਵਿਚ ਸਵਾਲ ਉਠਿਆ। ਹੋਰ ਅੱਗੇ ਹੋਈ, ਸੜਕ ‘ਤੇ ਡੁੱਲ੍ਹਾ ਲਹੂ ਦਿਖਾਈ ਦਿੱਤਾ। ਉਹ ਸਿਰ ਤੋਂ ਪੈਰਾਂ ਤਕ ਹਲੂਣੀ ਗਈ; ਮੱਥੇ ‘ਤੇ ਪਸੀਨੇ ਦੀਆਂ ਤ੍ਰੇਲੀਆਂ ਆ ਗਈਆਂ।
“ਹੋਇਆ ਕੀ ਐ?” ਆਪ ਮੁਹਾਰੇ ਉਸ ਦੇ ਮੂੰਹੋਂ ਨਿਕਲਿਆ।
“ਹੋਣਾ ਕੀ ਐ ਜੀ, ਗੁੰਡਿਆਂ-ਬਦਮਾਸ਼ਾਂ ਨੇ ਅੱਤ ਚੁੱਕੀ ਹੋਈ ਐ।” ਭੀੜ ਵਿਚ ਖਲੋਤੇ ਇਕ ਸੱਜਣ ਦੇ ਬੋਲ ਉਸ ਦੇ ਕੰਨੀਂ ਪਏ। ਪਰ ਉਸ ਦੀ ਪੂਰੀ ਗੱਲ ਸੁਣੇ ਬਿਨਾ ਉਹ ਭੀੜ ਨੂੰ ਚੀਰਦੀ ਅੱਗੇ ਵਧੀ। ਸੜਕ ‘ਤੇ ਲਹੂ ਲੁਹਾਣ ਪਈ ਸ਼ਰਦ ਦੀ ਹਾਲਤ ਤੱਕ ਉਸ ਧਾਹ ਮਾਰੀ। “ਇਹ ਕਿੱਦਾਂ ਹੋ ਗਿਆ?” ਉਹ ਬੁੜਬੁੜਾਈ। ਆਪਣੇ ਅੱਗੇ ਖਲੋਤੇ ਬੰਦਿਆਂ ਨੂੰ ਪਿੱਛੇ ਧੱਕ ਉਹ ਸ਼ਰਦ ਕੋਲ ਜਾ ਪੁਜੀ। ਉਨ੍ਹਾਂ ਦੀ ਇਕ ਸਹੇਲੀ ਸ਼ਰਦ ਦੇ ਮੂੰਹ ਵਿਚ ਪਾਣੀ ਪਾ ਰਹੀ ਸੀ। ਉਸ ਬੁਰੀ ਤਰ੍ਹਾਂ ਚੀਕਾਂ ਮਾਰਦੀ ਸ਼ਰਦ ਦਾ ਸਿਰ ਪਲੋਸਿਆ। ਜਦ ਉਸ ਦੇ ਹੱਥ ਲਹੂ ਰੰਗੇ ਹੋ ਗਏ ਤਾਂ ਉਹ ਕੰਬ ਜਿਹਾ ਗਈ। ਉਸ ਇਕ ਵਾਰ ਫਿਰ ਸ਼ਰਦ ਨੂੰ ਧਿਆਨ ਨਾਲ ਦੇਖਿਆ। ਉਸ ਦੇ ਇਕ ਕੰਨ ਵਿਚੋਂ ਅਜੇ ਵੀ ਲਹੂ ਸਿੰਮ ਰਿਹਾ ਸੀ।
“ਦੋਵੇਂ ਜਣੇ ਨਸ਼ੇ ਵਿਚ ਗੜੁੱਚ ਸਨ।” ਭੀੜ ਵਿਚ ਖਲੋਤਾ ਇਕ ਅਧੇੜ ਉਮਰ ਦਾ ਵਿਅਕਤੀ ਕਹਿ ਰਿਹਾ ਸੀ।
“ਬਾਈਕ ਕਿਹੜਾ ਚੱਜ ਨਾਲ ਚੱਲ ਰਹੀ ਸੀ ਓਸ ਤੋਂ!” ਨਾਲ ਖਲੋਤਾ ਨੌਜਵਾਨ ਦਸ ਰਿਹਾ ਸੀ।
“ਦੇਖਣ ਨੂੰ ਤਾਂ ਚੰਗੇ ਘਰਾਂ ਦੇ ਹੋਣਹਾਰ ਜਾਪਦੇ ਸਨ ਤੇ ਉਨ੍ਹਾਂ ਦਾ ਕਾਰਾ ਦੇਖੋ! ਸ਼ਰਾਫਤ ਦਾ ਤਾਂ ਸਮਾਂ ਹੀ ਨਹੀਂ ਰਿਹਾ। ਹਰ ਕੋਈ ਆਪਣੇ ਆਪ ਨੂੰ ਖੱਬੀ ਖਾਂ ਸਮਝੀ ਬੈਠਾ।” ਇਹ ਰੋਹ ਵਿਚ ਆਏ ਇਕ ਸੱਜਣ ਦੇ ਬੋਲ ਸਨ।
“ਚੰਗੀ ਤਰ੍ਹਾਂ ਚਾਰ ਛਿੱਤਰ ਟਿਕਾ ਕੇ ਪੈ ਜਾਣ ਤਾਂ ਸਾਰੀ ਹੁਸ਼ਿਆਰੀ ਨਿਕਲ ਜਾਂਦੀ ਹੈ, ਇਹੋ ਜਿਹੇ ਲੋਕਾਂ ਦੀ।” ਇਕ ਮੁਟਿਆਰ ਦੀ ਆਵਾਜ਼ ਗੂੰਜਦੀ ਹੈ।
“ਬੀਬਾ ਇਹੋ ਕੰਮ ਈ ਤਾਂ ਨਹੀਂ ਹੁੰਦਾ...ਇਸੇ ਲਈ ਇਹੋ ਜਿਹੇ ਮੁਸ਼ਟੰਡੇ ਚਾਂਬਲੇ ਫਿਰਦੇ ਨੇ!” ਕਿਸੇ ਨੇ ਜਵਾਬ ਦਿੱਤਾ। ਉਹ ਕੁਝ ਹੋਰ ਕਹਿਣਾ ਚਾਹੁੰਦਾ ਸੀ, ਪਰ ਪੁਲਿਸ ਦੀ ਗਸ਼ਤੀ ਵੈਨ ਦੇ ਆ ਜਾਣ ਨਾਲ ਭੀੜ ਵਿਚ ਖਲਬਲੀ ਮੱਚ ਗਈ; ਲੋਕਾਂ ਨੂੰ ਇਕ ਪਾਸੇ ਕੀਤਾ ਗਿਆ ਤੇ ਉਹ ਬੋਲਦਾ-ਬੋਲਦਾ ਚੁੱਪ ਕਰ ਗਿਆ।
“ਤੁਹਾਡੇ ਵਿਚੋਂ ਕਿਸੇ ਨੇ ਦੇਖਿਐ...ਇਹ ਸਭ ਹੁੰਦਿਆਂ?” ਪੁਲਿਸ ਅਫਸਰ ਨੇ ਭੀੜ ਵੱਲ ਦੇਖਦਿਆਂ ਪੁੱਛਿਆ।
“ਸਾਹਿਬ, ਇਹ ਬੱਚੀ ਚੰਗੀ ਭਲੀ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਜਾ ਰਹੀ ਸੀ। ਪਿੱਛੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨ ਇਨ੍ਹਾਂ ਨਾਲ ਘਸੜ ਕੇ ਲੰਘੇ ਤੇ ਇਸੇ ਚੱਕਰ ਵਿਚ ਪਿੱਛੇ ਬੈਠੇ ਨੌਜਵਾਨ ਨੇ ਇਸ ਦੇ ਕੰਨ ਦੇ ਝੁਮਕੇ ‘ਤੇ ਝਪੱਟਾ ਮਾਰਿਆ। ਸਾਡੇ ਦੇਖਦਿਆਂ ਦੇਖਦਿਆਂ ਹੀ ਉਹ ਝੁਮਕਾ ਲੈ ਕੇ ਅਹੁ ਗਏ, ਅਹੁ ਗਏ। ਜਦ ਅਸੀਂ ਘੁੰਮ ਕੇ ਦੇਖਿਆ ਤਾਂ ਇਸ ਦਾ ਕੰਨ ਲਹੂ ਲੁਹਾਣ ਹੋਇਆ ਪਿਆ ਸੀ।” ਇਕ ਜਣੇ ਨੇ ਸੰਖੇਪ ਵਿਚ ਸਾਰੀ ਗੱਲ ਦਸ ਦਿੱਤੀ।
“ਦੋਵੇਂ ਨਸ਼ੇ ਵਿਚ ਧੁੱਤ ਸਨ।” ਇਕ ਹੋਰ ਨੇ ਦਸਿਆ।
“ਉਹ ਬੜੀ ਬੇਪਰਵਾਹੀ ਨਾਲ ਚਾਂਗਰਾਂ ਮਾਰਦੇ ਇਧਰ ਵਾਲੇ ਪਾਸਿਓਂ ਆਏ। ਪਿੱਛੇ ਬੈਠਾ ਸੂਰਮਾ ਤਾਂ ਕੁਝ ਜ਼ਿਆਦਾ ਮੱਛਰਿਆ ਹੋਇਆ ਸੀ। ਉਸ ਇਨ੍ਹਾਂ ਬੱਚੀਆਂ ਨੂੰ ਦੇਖਿਆ ਤਾਂ ਹੋਰ ਉਚੀ ਚਾਂਗਰਾਂ ਮਾਰਨ ਲੱਗਾ। ਉਸ ਬਾਈਕ ਚਲਾ ਰਹੇ ਜਵਾਨ ਦੇ ਕੰਨ ਵਿਚ ਘੁਸ-ਮੁਸ ਕੀਤੀ ਤਾਂ ਉਹ ਵੀ ਭੂਤਰ ਗਿਆ। ਉਹ ਲਾਪ੍ਰਵਾਹੀ ਨਾਲ ਬੁਲੇਟ ਕੁੜੀਆਂ ਵੱਲ ਲੈ ਗਿਆ। ਨੇੜੇ ਪੁੱਜਣ ‘ਤੇ ਪਹਿਲਾਂ ਤਾਂ ਉਸ ਕੁੜੀ ਦੇ ਧੱਫਾ ਮਾਰਿਆ ਤੇ ਫੇਰ...!” ਚਹੁੰ ਬੰਦਿਆਂ ਦੇ ਪਿੱਛੇ ਖਲੋਤਾ ਬਜ਼ੁਰਗ ਹੋਰ ਕੁਝ ਕਹਿ ਨਾ ਸਕਿਆ।
ਪੁਲਿਸ ਵਾਲਿਆਂ ਪੰਚਨਾਮਾ ਕਰਨ ਵਿਚ ਬਹੁਤਾ ਸਮਾਂ ਨਾ ਲਾਇਆ। ਐਂਬੂਲੈਂਸ ਬੁਲਾ ਕੇ ਸ਼ਰਦ ਨੂੰ ਤੁਰਤ-ਫੁਰਤ ਨਜ਼ਦੀਕੀ ਹਸਪਤਾਲ ਦਾਖਲ ਕਰਾ ਦਿੱਤਾ ਗਿਆ।

“ਧੀਏ ਅਜੇ ਹੁਣੇ ਮਸਾਂ ਮਸਾਂ ਅੱਖ ਲੱਗੀ ਐ, ਕਲ੍ਹ ਤਾਂ ਪੂਰਾ ਦਿਨ ਈ ਚੀਕਦੀ ਰਹੀ ਪਰ ਅੱਜ ਕੁਝ ਅਰਾਮ ਐ।”
“ਚਲ ਕੋਈ ਨਾ, ਹੌਲੀ ਹੌਲੀ ਠੀਕ ਹੋ ਜਾਊ, ਤੁਸੀਂ ਘਾਬਰੋ ਨਾ।” ਜਸਲੀਨ ਨੇ ਸ਼ਰਦ ਦੀ ਮਾਂ ਨੂੰ ਹੌਸਲਾ ਦਿੰਦਿਆਂ ਕਿਹਾ।
“ਤੈਂ ਕਾਹਨੂੰ ਤਕਲੀਫ ਕਰਨੀ ਸੀ। ਫੋਨ ਕਰਕੇ ਹਾਲ ਪੁੱਛ ਲੈਂਦੀ!”
“ਉਹ ਤਾਂ ਠੀਕ ਐ ਬੀਜੀ, ਰਿਹਾ ਵੀ ਤਾਂ ਨਹੀਂ ਜਾਂਦਾ। ਕਾਲਜ ਵਿਚ ਵੀ ਸਾਰੀਆਂ ਕੁੜੀਆਂ ਤੇ ਪ੍ਰੋਫੈਸਰ ਸ਼ਰਦ ਦੀ ਹਾਲਤ ਬਾਰੇ ਪੁੱਛਦੇ ਰਹੇ। ਉਨ੍ਹਾਂ ਵਿਚ ਕਾਫੀ ਘਬਰਾਹਟ ਫੈਲੀ ਹੋਈ ਏ, ਕਈ ਤਾਂ ਹਸਪਤਾਲ ਆਉਣਾ ਚਾਹੁੰਦੀਆਂ ਨੇ!”
“ਕਲ੍ਹ ਦੀ ਭੀੜ ਲੱਗੀ ਹੋਈ ਐ...ਸ਼ਰਦ ਦੀ ਇਕ ਸਹੇਲੀ ਉਸ ਦਾ ਹਾਲ ਪੁੱਛ ਕੇ ਜਾਂਦੀ ਹੈ ਤੇ ਦੂਜੀ ਆ ਜਾਂਦੀ ਹੈ। ਇਕ-ਦੋ ਪ੍ਰੋਫੈਸਰ ਵੀ ਆ ਚੁੱਕੇ ਨੇ, ਉਨ੍ਹਾਂ ਦੱਸਿਆ ਸੀ ਪਈ ਸਾਡੀ ਪ੍ਰਿੰਸੀਪਲ ਸ਼ਰਦ ਦੀ ਹਾਲਤ ‘ਤੇ ਬਹੁਤ ਚਿੰਤਤ ਹੈ, ਮੌਕਾ ਮਿਲਦੇ ਹੀ ਉਹ ਕਿਸੇ ਵੇਲੇ ਉਸ ਨੂੰ ਦੇਖਣ ਲਈ ਆ ਸਕਦੀ ਹੈ।” ਬੀਜੀ ਨੇ ਦਸਿਆ।
“ਉਨ੍ਹਾਂ ਤਾਂ ਆਉਣਾ ਈ ਹੋਇਆ। ਪੂਰਾ ਕਾਲਜ ਹਿਲਾ ਕੇ ਰੱਖ ਦਿੱਤਾ ਏ ਇਸ ਵਾਰਦਾਤ ਨੇ। ਕੁੜੀਆਂ ਵਿਚ ਬੜੀ ਦਹਿਸ਼ਤ ਐ। ਮੈਨੇਜਮੈਂਟ ਨੇ ਪੁਲਿਸ ਕਪਤਾਨ ਨਾਲ ਗੱਲ ਕੀਤੀ ਸੀ ਇਸ ਬਾਰੇ।” ਜਸਲੀਨ ਨੇ ਦਸਿਆ।
“ਪੁਲਿਸ ਵਾਲਿਆਂ ਕੁਝ ਕਿਹਾ?”
“ਉਨ੍ਹਾਂ ਕਹਿਣਾ ਕੀ ਐ...ਇਹੋ ਪਈ ਅਸੀਂ ਲੋੜੀਂਦੇ ਕਦਮ ਚੁੱਕ ਰਹੇ ਹਾਂ। ਦੋਸ਼ੀਆਂ ਨੂੰ ਫੜ੍ਹ ਲਿਆ ਹੈ, ਤੁਸੀਂ ਫਿਕਰ ਨਾ ਕਰੋ।”
“ਪੁਲਿਸ ਕਪਤਾਨ ਇਥੇ ਵੀ ਆਇਆ ਸੀ। ਭਲਾ ਲੋਕ ਸੀ। ਕਿੰਨੀ ਦੇਰ ਮੈਨੂੰ ਹੌਸਲਾ ਦਿੰਦਾ ਰਿਹਾ। ਉਹ ਆਈ.ਸੀ.ਯੂ. ਵਿਚ ਵੀ ਗਿਆ ਸੀ, ਸ਼ਰਦ ਨੂੰ ਦੇਖਣ। ਫੇਰ ਹਸਪਤਾਲ ਵਾਲਿਆਂ ਤੋਂ ਲੋੜੀਂਦੀ ਪੁੱਛ-ਗਿਛ ਕਰਕੇ ਚਲਾ ਗਿਆ।” ਬੀਜੀ ਨੇ ਦਸਿਆ।
“ਡਾਕਟਰ, ਕੀ ਹਾਲ ਏ ਬੈਡ ਨੰਬਰ ਤਿੰਨ ਵਾਲੀ ਲੜਕੀ ਦਾ?” ਆਈ.ਸੀ.ਯੂ. ਵਿਚੋਂ ਡਾਕਟਰ ਨੂੰ ਬਾਹਰ ਨਿਕਲਦਿਆਂ ਦੇਖ ਜਸਲੀਨ ਨੇ ਪੁੱਛਿਆ।
“ਅੱਗੇ ਨਾਲੋਂ ਬੈਟਰ ਏ। ਕੰਨ ‘ਤੇ ਟਾਂਕੇ ਲਾ ਦਿੱਤੇ ਨੇ। ਥੋੜ੍ਹੇ ਦਿਨਾਂ ਤਕ ਠੀਕ ਹੋ ਜਾਵੇਗੀ। ਪਰ ਮਾਨਸਿਕ ਤੌਰ ‘ਤੇ ਉਹ ਅਜੇ ਵੀ ਸਦਮੇ ਵਿਚੋਂ ਬਾਹਰ ਨਹੀਂ ਆਈ। ਉਸ ਵਿਚ ਚੋਖਾ ਸਮਾਂ ਲੱਗ ਸਕਦਾ ਏ। ਪਰ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਨਾਲ ਉਸ ਦਾ ਠੀਕ ਹੋਣਾ ਮੁਸ਼ਕਲ ਵੀ ਨਹੀਂ। ਤੁਹਾਡੇ ਵਿਚੋਂ ਇਕ ਜਣਾ ਉਸ ਨੂੰ ਮਿਲ ਸਕਦਾ ਏ। ਬਹੁਤੀ ਦੇਰ ਗੱਲ ਨਾ ਕਰਨਾ। ਦੂਜੇ ਮਰੀਜ ਡਿਸਟਰਬ ਹੁੰਦੇ ਨੇ।” ਡਾਕਟਰ ਹਦਾਇਤ ਦੇ ਕੇ ਦੂਜੇ ਕਮਰੇ ਵਿਚ ਚਲੀ ਗਈ।
“ਜਸ, ਤੂੰ ਮਿਲ ਲੈ ਸਹੇਲੀ ਆਪਣੀ ਨੂੰ। ਮੈਂ ਇਥੇ ਈ ਬਹਿਨੀ ਆਂ।”
“ਰਾਤ ਨੂੰ ਕੌਣ ਹੋਵੇਗਾ ਇਥੇ?” ਜਸਲੀਨ ਨੇ ਪੁੱਛਿਆ।
“ਸਿਰਫ ਇਕ ਜਣਾ ਠਹਿਰ ਸਕਦੈ, ਵੇਲੇ-ਕੁਵੇਲੇ ਲੋੜ ਪੈ ਜਾਂਦੀ ਏ, ਅੰਦਰ ਤਾਂ ਬਹਿਣ ਹੀ ਨਹੀਂ ਦਿੰਦੇ, ਕੰਮ ਦੀ ਗੱਲ ਕਰੋ ਤੇ ਝਟ ਪਟ ਆ ਜਾਓ ਬਾਹਰ। ਇਥੇ ਈ ਇਕ ਪਾਸੇ ਪਏ ਰਹੀਦਾ, ਹੋਰ ਇਕ ਦੋ ਦਿਨਾਂ ਦੀ ਗੱਲ ਐ, ਮਿਲ ਜੁਲ ਕੇ ਇਹ ਸਮਾਂ ਨਿਕਲ ਜਾਣੈ।” ਬੀਜੀ ਨੇ ਲੰਮਾ ਸਾਹ ਛਡਦਿਆਂ ਕਿਹਾ।

“ਤੈਨੂੰ ਰਾਹ ਲੱਭ ਪਿਐ?” ਜਸਲੀਨ ਨੂੰ ਦੇਖਦਿਆਂ ਹੀ ਸ਼ਰਦ ਇਕ ਤਰ੍ਹਾਂ ਨਾਲ ਚੀਕ ਪਈ।
“ਓਦਣ ਦੀ ਚੱਕਰ ‘ਤੇ ਚੱਕਰ ਕੱਟ ਰਹੀ ਆਂ ਇਥੋਂ ਦੇ ਤੇ ਤੂੰ ਕਹਿਨੀ ਏਂ ਰਾਹ ਲੱਭ ਪਿਆ!”
“ਮੈਂ ਕਿਉਂ ਨਹੀਂ ਦੇਖਿਆ ਤੈਨੂੰ?”
“ਤੈਨੂੰ ਹੋਸ਼ ਈ ਕਿੱਥੇ ਸੀ...ਨਹੀਂ ਯਕੀਨ ਤਾਂ ਬੀਜੀ ਨੂੰ ਪੁੱਛ ਲੈ।”
“ਤੂੰ ਸਹੀ ਕਹਿਨੀ ਏਂ, ਓਦਣ ਦੀ ਮੱਤ ਮਾਰੀ ਗਈ ਮੇਰੀ, ਕੁਝ ਯਾਦ ਨਹੀਂ ਰਹਿੰਦਾ।”
“ਸਭ ਠੀਕ ਹੋ ਜਾਵੇਗਾ, ਤੂੰ ਫਿਕਰ ਨਾ ਕਰ। ਡਾਕਟਰ ਮਿਲੀ ਸੀ ਮੈਨੂੰ ਹੁਣੇ ਇਥੇ, ਕਹਿੰਦੀ ਸੀ ਫਿਕਰ ਵਾਲੀ ਕੋਈ ਗੱਲ ਨਹੀਂ, ਦੋ-ਚਾਰ ਦਿਨਾਂ ਤਕ ਛੁੱਟੀ ਦੇ ਦੇਵਾਂਗੇ।”
“ਪਹਿਲਾਂ ਆਈ.ਸੀ.ਯੂ. ਵਿਚੋਂ ਤਾਂ ਬਾਹਰ ਆਵਾਂ! ਫੇਰ ਜਨਰਲ ਵਾਰਡ ਵਿਚ ਪਤਾ ਨਹੀਂ ਇਨ੍ਹਾਂ ਕਿੰਨੇ ਦਿਨ ਰੱਖਣਾ?” ਸ਼ਰਦ ਦੇ ਮੂੰਹੋਂ ਇਹ ਬੋਲ ਮਸਾਂ ਨਿਕਲੇ। ਉਹ ਫਿਸ ਪਈ।
“ਚੰਗੀ ਭਲੀ ਸੜਕ ‘ਤੇ ਤੁਰੀ ਜਾ ਰਹੀ ਸੀ। ਵਨੀਤਾ ਦੀ ਕਿਸੇ ਗੱਲ ਤੋਂ ਹਾਸਾ ਆ ਗਿਆ। ਪਿੰਕੀ ਉਸੇ ਗੱਲ ਨੂੰ ਲੈ ਮਜੇ ਲੈ ਰਹੀ ਸੀ। ਮੈਂ ਦੋਹਾਂ ਦੀਆਂ ਗੱਲਾਂ ਸੁਣ ਅੰਦਰੋਂ ਅੰਦਰੀ ਖੁਸ਼ ਹੋ ਰਹੀ ਸੀ ਕਿ ਅਚਾਨਕ ਉਹ ਹੈਂਸਿਆਰੇ ਪਤਾ ਨਹੀਂ ਕਿਧਰੋਂ ਆਏ। ਬੁਲੇਟ ਇਕ ਤਰ੍ਹਾਂ ਨਾਲ ਸਾਡੇ ਉਤੇ ਚੜ੍ਹਾ ਦਿੱਤਾ। ਮੈਂ ਤ੍ਰਭਕ ਕੇ ਇਕ ਪਾਸੇ ਹੋਣ ਲੱਗੀ ਤਾਂ ਅੱਗੇ ਬੈਠੇ ਮੁੰਡੇ ਨੇ ਮੈਨੂੰ ਹਲਕਾ ਜਿਹਾ ਧੱਕਾ ਦਿੱਤਾ ਤੇ ਪਿੱਛੇ ਬੈਠੇ ਮੁੰਡੇ ਨੇ ਮੇਰੇ ਕੰਨ ਵਿਚ ਪਾਏ ਝੁਮਕੇ ਨੂੰ ਫੜ ਲਿਆ। ਉਹ ਝਟਕੇ ਨਾਲ ਝੁਮਕਾ ਲਾਹ ਕੇ ਦੌੜ ਗਏ। ਦਰਦ ਨਾਲ ਮੇਰਾ ਬੁਰਾ ਹਾਲ ਸੀ, ਮੈਂ ਬੁਰੀ ਤਰ੍ਹਾਂ ਚੀਕੀ। ਸਾਰੀਆਂ ਸਹੇਲੀਆਂ ਨੇ ਰਲ ਕੇ ਰੌਲਾ ਪਾਇਆ, ਕੁਝ ਲੋਕਾਂ ਨੇ ਉਨ੍ਹਾਂ ਮੱਕਾਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਹੀਂ ਆਏ।”
“ਉਹ ਦੋਵੇਂ ਫੜ੍ਹੇ ਗਏ ਨੇ। ਤੇਰਾ ਝੁਮਕਾ ਉਨ੍ਹਾਂ ਜਿਥੇ ਵੇਚਿਆ ਸੀ, ਪੁਲਿਸ ਨੇ ਉਥੋਂ ਬਰਾਮਦ ਕਰ ਲਿਐ।” ਜਸਲੀਨ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ।
“ਬੇਟੀ, ਤੇਰੀ ਸਹੇਲੀ ਠੀਕ ਕਹਿ ਰਹੀ ਹੈ।” ਇਹ ਜਾਂਚ ਲਈ ਆਏ ਬਜ਼ੁਰਗ ਪੁਲਿਸ ਇੰਸਪੈਕਟਰ ਦੇ ਬੋਲ ਸਨ।
“ਪਰ ਅੰਕਲ ਕੀ ਫਾਇਦਾ! ਦੋ ਦਿਨਾਂ ਵਿਚ ਛੁੱਟ ਵੀ ਜਾਣਗੇ। ਫਿਰ ਕਿਸੇ ਕੁੜੀ ਦੀਆਂ ਖੁਸ਼ੀਆਂ ਦਾ ਘਾਣ ਹੋਵੇਗਾ। ਜਸਲੀਨ ਇਹੋ ਜਿਹੀਆਂ ਜਿਣਸਾਂ ਨਿਰੀਆਂ ਜੋਕਾਂ ਹੁੰਦੀਆਂ ਨੇ ਜੋਕਾਂ। ਇਨ੍ਹਾਂ ਦੀ ਪਿਆਸ ਤਾਂ ਭੋਲੇ ਭਾਲੇ ਸ਼ਰੀਫ ਲੋਕਾਂ ਦਾ ਖੂਨ ਪੀਣ ਨਾਲ ਬੁੱਝਦੀ ਐ। ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ, ਬਸ ਜੁੱਤੀ ਦੇ ਯਾਰ ਹੁੰਦੇ ਨੇ। ਦਹਿਸ਼ਤਗਰਦਾਂ ਤੋਂ ਘੱਟ ਨਹੀਂ ਹੁੰਦੇ ਇਹ ਲੋਕ।”
“ਏਨੀ ਛੇਤੀ ਤਾਂ ਬਾਹਰ ਆਉਣ ਨਹੀਂ ਦਿੰਦੇ, ਬੰਦੇ ਦੇ ਪੁੱਤ ਬਣਾ ਕੇ ਛੱਡਾਂਗੇ, ਅਗੋਂ ਇਹੋ ਜਿਹਾ ਕਾਰਾ ਕਰਨ ਲੱਗੇ ਸੌ ਵਾਰ ਸੋਚਣਗੇ, ਤੂੰ ਫਿਕਰ ਨਾ ਕਰ!”
“ਅੰਕਲ ਇਹੋ ਜਿਹੀਆਂ ਜਿਣਸਾਂ ਸ਼ਹਿਰੀਆਂ ਦੀ ਜਾਨ, ਮਾਲ ਤੇ ਇੱਜਤ ਲਈ ਖਤਰਾ ਹੁੰਦੀਆਂ ਨੇ। ਇਹ ਤਾਂ ਜ਼ਹਿਰੀਲੇ ਨਾਗ ਹੁੰਦੇ ਨੇ, ਇਨ੍ਹਾਂ ਨੂੰ ਕੁਚਲ ਹੀ ਦੇਣਾ ਚਾਹੀਦਾ ਹੈ।” ਕੰਨ ਦੀ ਪੀੜ ਨਾਲੋਂ ਵੱਧ ਮਾਨਸਿਕ ਪੀੜਾ ਤੋਂ ਦੁਖੀ ਸ਼ਰਦ ਗੁੱਸੇ ਵਿਚ ਭਰੀ ਪੀਤੀ ਪਤਾ ਨਹੀਂ ਹੋਰ ਕਿੰਨੀ ਦੇਰ ਆਪਣਾ ਗੁਬਾਰ ਕੱਢਦੀ ਰਹੀ। ਬਜ਼ੁਰਗ ਇੰਸਪੈਕਟਰ ਨੇ ਠਰੰਮੇ ਨਾਲ ਪੁਛਗਿਛ ਕੀਤੀ ਤੇ ਪੰਚਨਾਮਾ ਤਿਆਰ ਕਰਕੇ ਉਸ ਇਹ ਕਹਿ ਕੇ ਉਸ ਤੋਂ ਵਿਦਾ ਲਈ, “ਏਦਾਂ ਹੀ ਹੋਵੇਗਾ, ਮੇਰੀ ਬੱਚੀ। ਹੁਣ ਤੂੰ ਬੇਫਿਕਰ ਹੋ ਕੇ ਸੌਂ ਜਾ। ਲੋੜ ਪਈ ਤਾਂ ਮੈਂ ਫੇਰ ਆਵਾਂਗਾ।”
“ਐਕਸਕਯੂਜ਼ ਮੀ ਮੈਡਮ, ਡਾਕਟਰ ਦੇ ਆਉਣ ਦਾ ਸਮਾਂ ਹੋ ਗਿਐ। ਤੁਸੀਂ ਬਾਹਰ ਜਾ ਕੇ ਬੈਠੋ।” ਨਰਸ ਦੇ ਕਹਿਣ ‘ਤੇ ਜਸਲੀਨ ਚਾਹੁੰਦੀ ਹੋਈ ਵੀ ਉਸ ਪਾਸ ਬਹਿ ਨਾ ਸਕੀ।

ਸਵੇਰ ਦਾ ਸਮਾਂ। ਵਿਜੇ ਚੌਕ ਤੋਂ ਲੈ ਕੇ ਇੰਡੀਆ ਗੇਟ ਤਕ ਰਾਜ ਪਥ ‘ਤੇ ਸੈਰ ਕਰਨ ਵਾਲੇ ਲੋਕਾਂ ਦੀ ਚਹਿਲ-ਪਹਿਲ ਸੀ। ਪੁਰਾਣੇ ਤੇ ਨਵੇਂ ਨੌਕਰਸ਼ਾਹ, ਸਿਆਸਤਦਾਨ, ਸੰਸਦ ਮੈਂਬਰ, ਸੋਸ਼ਲ ਵਰਕਰ, ਬੁਧੀਜੀਵੀ, ਕੁਝ ਪੜ੍ਹਾਕੂ ਤੇ ਖਿਡਾਰੀ ਤੇਜ ਗਤੀ ਨਾਲ ਇਕ ਸਿਰੇ ਤੋਂ ਦੂਜੇ ਸਿਰੇ ਤਕ ਚੱਕਰ ਕੱਟ ਕੱਟ ਕੇ ਪਸੀਨਾ ਬਹਾ ਰਹੇ ਸਨ। ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਮੁੰਡਿਆਂ ਦੀਆਂ ਢਾਣੀਆਂ ਇੰਡੀਆ ਗੇਟ ਲਾਗੇ ਕ੍ਰਿਕਟ ਦਾ ਮੈਚ ਖੇਡਣ ਵਿਚ ਰੁੱਝੇ ਹੋਏ ਸਨ। ਕੁਝ ਜੋੜੇ ਨਾਲ ਲਗਦੇ ਪਾਰਕਾਂ ਵਿਚ ਬੈਠੇ ਦਿਲਾਂ ਦੀਆਂ ਰਮਜਾਂ ਬੁੱਝ ਰਹੇ ਸਨ। ਇਸ ਖੁਸ਼ਗਵਾਰ ਮਾਹੌਲ ਵਿਚ ਵੀ ਇਕ ਚੀਕ ਸਭ ਨੂੰ ਹਿਲਾ ਕੇ ਰੱਖ ਦਿੰਦੀ ਹੈ। ਅਧੇੜ ਉਮਰ ਦੀ ਪਰ ਰੱਜ ਕੇ ਸੋਹਣੀ-ਸੁਨੱਖੀ ਔਰਤ ਰੌਲਾ ਪਾ ਰਹੀ ਹੈ, ‘ਮੇਰੀ ਚੇਨ...ਮੇਰੀ ਚੇਨ।’ ਕੀ ਹੋਇਆ ਇਹਦੀ ਚੇਨ ਨੂੰ? ਕੁਝ ਲੋਕ ਦੌੜ ਕੇ ਉਸ ਪਾਸ ਜਾਂਦੇ ਹਨ। ਜਸਲੀਨ ਵੀ ਉਨ੍ਹਾਂ ਵਿਚੋਂ ਇਕ ਸੀ।
ਬੋਟ ਕਲੱਬ ਦੀ ਲਾਲ ਬੱਤੀ ਕਰਾਸ ਕਰਕੇ ਇੰਡੀਆ ਗੇਟ ਵੱਲ ਜਾ ਰਹੇ ਬਾਈਕ ਸਵਾਰਾਂ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਉਹ ਰੌਲਾ ਪਾ ਰਹੀ ਸੀ। ਪੁਲਿਸ ਦੀ ਗਸ਼ਤੀ ਵੈਨ ਨੇ ਉਨ੍ਹਾਂ ਦਾ ਪਿੱਛਾ ਕੀਤਾ। ਨੈਸ਼ਨਲ ਸਟੇਡੀਅਮ ਲਾਗੇ ਉਨ੍ਹਾਂ ਨੂੰ ਫੜ੍ਹ ਲਿਆ ਗਿਆ। ਸਭ ਠੀਕ ਠਾਕ ਹੋ ਗਿਆ। ਔਰਤ ਨੂੰ ਉਹਦਾ ਨੈਕਲਸ ਵਾਪਸ ਮਿਲ ਗਿਆ। ਗਸ਼ਤੀ ਵੈਨ ਵਾਲਿਆਂ ਨੂੰ ਰੱਜ ਕੇ ਸ਼ਾਬਾਸ਼ੀ ਮਿਲੀ। ਸਭੋ ਖੁਸ਼ ਸਨ ਪਰ ਜਸਲੀਨ ਦਾ ਧਿਆਨ ਮੋੜ ਘੁੜ ਸ਼ਰਦ ਵੱਲ ਚਲਾ ਜਾਂਦਾ। ਉਸ ਨਾਲ ਤਾਂ ਇਸ ਤੋਂ ਵੀ ਵੱਧ ਭਿਆਨਕ ਹਾਦਸਾ ਹੋਇਆ ਸੀ। ਭਾਵੇਂ ਸ਼ਰਦ ਹੁਣ ਨੌ-ਬਰ-ਨੌ ਹੋ ਚੁੱਕੀ ਸੀ। ਸਦਮੇ ਵਾਲੀ ਹਾਲਤ ਵਿਚੋਂ ਉਹ ਚਿਰੋਕਣੀ ਬਾਹਰ ਨਿਕਲ ਚੁੱਕੀ ਸੀ। ਉਸ ਦੇ ਕੰਨ ‘ਤੇ ਜ਼ਖਮ ਦਾ ਨਿਸ਼ਾਨ ਵੀ ਮਿਟ ਗਿਆ ਸੀ। ਖੋਰੇ ਉਸ ਨੂੰ ਮੰਦਭਾਗੀ ਘਟਨਾ ਯਾਦ ਹੋਵੇ ਜਾਂ ਨਾ ਹੋਵੇ ਪਰ ਜਸਲੀਨ ਦੇ ਕੰਨਾਂ ਵਿਚ ਹਸਪਤਾਲ ਦੇ ਬਿਸਤਰ ‘ਤੇ ਪਈ ਸ਼ਰਦ ਦੇ ਕਹੇ ਬੋਲ ਅਜੇ ਵੀ ਗੂੰਜ ਰਹੇ ਸਨ, “ਇਹੋ ਜਿਹੀਆਂ ਜਿਣਸਾਂ ਨਿਰੀਆਂ ਜੋਕਾਂ ਹੁੰਦੀਆਂ ਨੇ ਜੋਕਾਂ। ਇਨ੍ਹਾਂ ਦੀ ਪਿਆਸ ਤਾਂ ਭੋਲੇ ਭਾਲੇ ਸ਼ਰੀਫ ਲੋਕਾਂ ਦਾ ਖੂਨ ਪੀਣ ਨਾਲ ਬੁੱਝਦੀ ਐ। ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ, ਬਸ ਜੁੱਤੀ ਦੇ ਯਾਰ ਹੁੰਦੇ ਨੇ। ਦਹਿਸ਼ਤਗਰਦਾਂ ਤੋਂ ਘੱਟ ਨਹੀਂ ਹੁੰਦੇ ਇਹ ਲੋਕ।”

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ