Kavi Da Dil : Prof. Puran Singh

ਕਵੀ ਦਾ ਦਿਲ : ਪ੍ਰੋਫੈਸਰ ਪੂਰਨ ਸਿੰਘ

ਹਨੇਰਾ ਏਵੇਂ ਚੰਗਾ ਨਹੀਂ ਲੱਗਦਾ, ਪਰ ਜਦ ਪਯਾਰਾ ਕੋਲ ਹੋਵੇ ਤਾਂ ਚਾਨਣੇ ਥੀਂ ਦਿਲ ਕਾਹਲਾ ਪੈਂਦਾ ਹੈ, ਹਨੇਰਾ ਸੁਖਾਂਦਾ ਹੈ। ਆਸ਼ਾ ਇਹ ਹੁੰਦੀ ਹੈ, ਕਿ ਪਯਾਰ ਦੀ ਤਲਵਾਰ ਦੀ ਮਿੱਠੀ ਤੀਬਰਤਾ ਹੋਰ ਕੋਈ ਤੱਕ ਨਾ ਲਵੇ, ਸਾਰੀ ਦੀ ਸਾਰੀ ਅੰਦਰੇ ਅੰਦਰ ਸਿੰਜਰੇ ॥
ਇਸ ਤਰਾਂ ਦਾ ਸੁਖਾਂਦਾ ਚਾਨਣੇ ਥੀਂ ਵੀ ਮਿੱਠਾ ਹਨੇਰੇ ਦਾ ਪਰਦਾ ਹਰ ਕੋਮਲ ਉੱਨਰ ਵਾਲੇ ਦੇ ਚਿੱਤ ਲਈ ਵੀ ਜ਼ਰੂਰੀ ਹੈ ਅਰ ਬਿਨਾ ਚਿੱਤ ਚਾਨਣ ਦੇ ਦੀਵੇ ਦੇ ਹਿਸਾਏ ਕੋਈ ਰਸਿਕ ਉੱਨਰੀ ਕਿਰਤ ਹੋ ਹੀ ਨਹੀਂ ਸੱਕਦੀ ॥

ਕਾਲੇ ਕਾਲੇ ਬੱਦਲ ਜਦ ਘਟਾ-ਟੋਪ ਆਣ ਪਰਬਤਾਂ ਤੇ ਛਾਂਦੇ ਹਨ, ਪ੍ਰਤੀਤ ਹੁੰਦਾ ਹੈ ਕਾਲੀ ਪ੍ਰਲੈ ਆ ਗਈ ਹੈ, ਪਰ ਜਿਵੇਂ ਹਿਸੇ ਦੀਵਿਆਂ ਵਿੱਚ ਪਿਆਰਾਂ ਵਾਲੇ ਚੁੱਪ ਕੋਈ ਗੱਲਾਂ ਕਰਦੇ ਹਨ ਤੇ ਉਨਾਂ ਦੇ ਹੱਥ ਪੈਰ ਪਿਆਰ ਕਾਂਬਿਆਂ ਵਿਚ ਥਰਰਾਂਦੇ ਹਨ, ਤਿਵੇਂ ਹੀ ਇਸ ਬੱਦਲ ਹਨੇਰੇ ਦੇ ਪਰਦੇ ਪਿੱਛੇ ਕਿਸੀ ਰਸਿਕ ਪੁਰਖ ਦੇ ਹੱਥ ਫੁੱਟੀ ਫੁੱਟੀ ਟੈਹਦੀ ਬਰਫ ਦੀ ਕਲਮ ਫੜੀ ਹੋਈ ਰਸਿਕ ਕਿਰਤ ਵਿੱਚ ਕੰਬ ਰਹੇ ਹਨ ਤੇ ਪਰਦੇ ਅੰਦਰ ਹਨੇਰੇ ਵਿੱਚ ਕੋਈ ਅਕਹ ਦਰਸ਼ਨ ਤਿਆਰ ਹੋ ਰਿਹਾ ਹੈ ਤੇ ਇਸ ਨਿੱਕੀ ਨਿੱਕੀ ਰਸਿਕ ਹਿਲ ਚਿਲ ਦਾ ਪਤਾ ਤਦ ਹੀ ਲੱਗਦਾ ਹੈ, ਜਦ ਉਹ ਗੂੜ੍ਹੇ ਰੰਗ ਰੰਗਣ ਵਾਲਾ ਰੰਗਰੇਜ ਹਨੇਰੇ ਦਾ ਪਰਦਾ ਅੱਧਾ ਖਬੇ ਅੱਧਾ ਸੱਜੇ ਅਚਾਨਕ ਪਰੇ ਕਰਕੇ ਦੂਰ ਬੈਠੀ ਦੂਨ ਦੀ ਅੱਖ ਅੱਗੇ ਇਕ ਨਵੀਂ ਵਿਆਹੀ ਵਹੁਟੀ ਦੇ ਚਮਕਦੇ ਮੁਖ ਵਾਂਗ ਚੋਟੀ ਤੇ ਇਕ ਸੱਜੀ ਹੀਰਿਆਂ ਜੜੀ ਪਰਬਤ ਦੀ ਚੋਟੀ ਦਾ ਵਰਣਨ ਕਰਾਂਦਾ ਹੈ । ਰਾਤੋ ਰਾਤ ਫੰਗ ਲਾਕੇ ਪਰੀ ਵਾਂਗ ਉੱਡ, ਮੱਧਮ ਅਸਮਾਨਾਂ ਵਿਚ ਬਿਨਾ ਧਰਤ ਦੇ ਇਕ ਅਡੋਲ ਖੜੀ ਪਰੀ ਹੈ ਤੇ ਉਸਦੇ ਸਿਰ ਤੇ ਕਿਸ ਤਰਾਂ ਸੂਰਜ ਸੁਹਾਗੇ ਭਾਗੇ ਦੇ ਮੈਂਹਦੀ ਰੰਗ ਛਿੜਕਦਾ ਹੈ ਤੇ ਚੇਹਰਾ ਸੋਹਣੀ ਦਾ ਕਿੰਞ ਸ਼ੋਖੀ ਪਕੜਦਾ ਹੈ ॥

ਸੁਹਣਪ ਦੇ ਦਰਸ਼ਨ ਦੀ ਪੂਜਾ ਤਾਂ ਵੇਖਣ ਵਾਲੀ ਅੱਖ ਕਰਦੀ ਹੈ । ਹਾਂ, ਨਿਰੀ ਅੱਖ ਕਰਦੀ ਹੈ, ਅਡੋਲ ਤੱਕ ਤੱਕ ਮਸਤ ਹੁੰਦੀ ਹੈ । ਉਹ ਮਸਤੀ ਵੇਖਣ ਵਾਲੀ ਅੱਖ ਦੀ ਸੋਹਣੀ ਪੂਜਾ ਹੈ । ਕੁਛ ਖੁਸ਼ੀ ਦੇ ਨਸ਼ੇ ਵਿੱਚ ਲਾਲੀ ਅੱਖ ਵਿੱਚ ਝਲਕਦੀ ਹੈ, ਪਰ ਦਰਸ਼ਨ ਕਰਨ ਵਾਲੇ ਦਾ ਰੋਮ ਰੋਮ ਪੂਜਾ ਕਰਦਾ ਹੈ । ਉਹਦੀ ਹਾਲਤ ਸਦਾ ਬਿਹਬਲਤਾ ਦੀ ਹੁੰਦੀ ਹੈ, ਉਹ ਤਾਂ ਬਣਾਂਦੇ ਬਣਾਂਦੇ ਕੰਬਦਾ ਹੈ, ਸਿਰ ਤੋਂ ਲੈ ਕੇ ਪੈਰ ਤੱਕ ਥਰਰਾਂਦਾ ਹੈ, ਇਕ ਇਕ ਕਲਮ ਦੀ ਛੋਹ, ਬੁਰਸ਼ ਰੰਗਾਂ ਦੀ ਛੇੜ ਉਹਨੂੰ ਬਹਾਲ ਕਰਦੀ ਹੈ । ਲੱਖਾਂ ਖੁਸ਼ੀ ਦੀਆਂ ਘੜੀਆਂ, ਪਲ, ਛਿਨ, ਲਖਾਂ ਮਸਤੀ ਭਰੇ ਜੀਵਨ, ਇਕ ਨੂਰਾਨੀ ਚੇਹਰੇ ਦੀ ਦੀਦ ਦੀ ਘੜੀ ਤੱਕ ਉਸ ਉੱਪਰ ਕੁਰਬਾਨ, ਘੋਲੀ, ਵਾਰੇ ਜਾ ਚੁਕੇ ਹਨ । ਇਕ ਰਸਿਕ ਕਿਰਤ ਵਿੱਚ ਲੱਖਾਂ ਰਸਿਕ ਕਰਤਾਰ ਆਏ ਹਨ, ਆਪਣਾ ਹੱਥ ਲਾ ਕੇ ਉਹਦੀ ਕਿਰਤ ਨੂੰ ਭਾਗ ਦੇ ਸੋਹਣੇ ਰੰਗ ਬਖਸ਼ਦੇ ਗਏ ਹਨ। ਉਸ ਰਸਿਕ ਕਿਰਤ ਦੀ ਪਰਦੇ ਪਿੱਛੇ ਹਾਲਤ ਕੁਛ ਇਕ-ਸ਼ਖਸੀ ਨਹੀਂ, ਅਨੇਕ-ਸ਼ਖਸੀ ਹੈ, ਉਹ ਆਪ ਨਰਾਂ ਤੇ ਨਾਰੀਆਂ, ਆਵੇਸਾਂ, ਦੇਵੀ ਦੇਵਤਿਆਂ ਦਾ, ਜਗਮਗ ਕਰਦੀਆਂ ਲਾਟਾਂ ਦਾ ਕੁਛ ਮਿਲਿਆ ਜੁਲਿਆ ਇਕ ਰੰਗ ਹੈ ਜੇਹੜਾ ਪਿਘਲਦਾ ਤੇ ਜੰਮਦਾ, ਮੁੜ ਜੰਮਦਾ ਤੇ ਪਿਘਲਦਾ ਹੈ।ਅੰਦਰ ਕੋਈ ਅਣਡਿੱਠਾ ਜਿਹਾ ਮੰਦਰ ਹੈ, ਪੂਜਾ ਸਦਾ ਉੱਥੇ ਬੁੱਤਾਂ ਦੀ ਹੁੰਦੀ ਹੈ ਤੇ ਇਕ ਆਦਮੀ ਖੜਾ ਪਿਆਰ ਦੀ ਪਾਗਲਤਾ ਵਿੱਚ ਲੱਖਾਂ ਦੀਵੇ ਜਗਾਏ, ਆਰਤੀ ਉਤਾਰਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ, ਕਿ ਇਕ, ਪਰਦੇ ਅੰਦਰ, ਸਮੂਹਾਂ ਦੀ ਸੁਹਣਪ ਵਾਲਾ ਹੈ, ਲੱਖਾਂ ਹੀ ਆਦਮੀ ਤੇ ਤੀਮੀਆਂ ਸੋਹਣੇ ਗਹਿਣੇ ਕੱਪੜੇ ਲਾਏ, ਕਿਸੀ ਹੱਥ ਸੰਖ, ਕਿਸੀ ਹੱਥ ਛੈਣੇ, ਕਿਸੀ ਹੱਥ ਕੈਂਸੀਆਂ, ਕਿਸੀ ਹੱਥ ਲਾਟਾਂ, ਕਿਸੀ ਹੱਥ ਘੰਟੀਆਂ, ਕਿਸੀ ਹੱਥ ਢੋਲਕੀ, ਕਿਸੀ ਹੱਥ ਕੋਈ ਸਾਜ, ਕਿਸੀ ਹੱਥ ਕੋਈ ਸਾਜ, ਲੱਖਾਂ ਸਾਜਾਂ ਨਾਵਾਂ ਦਾ ਸਮੂਹ ਆਰਤੀ ਵਿੱਚ ਸ਼ਾਮਲ ਹੈ ਤੇ ਜਗ-ਮਗ ਆਰਤੀ ਹੋ ਰਹੀ ਹੈ ਤੇ ਪਿਆਰ ਵਾਲੇ ਬੁਤਪ੍ਰਸਤ ਦੇ ਆਵਾਜ਼ ਦੀ ਪ੍ਰਤਿ ਧੁਨੀ ਲੱਖਾਂ ਕੰਨਾਂ ਵਿੱਚ ਭਰੀ ਮੰਦਰ ਵਿੱਚ ਗੂੰਜ ਰਹੀ ਹੈ । ਕੁਛ ਇਸ ਤਰਾਂ ਦੀ ਅਜੀਬ ਉਸ ਦਰਸ਼ਨਾਂ ਨੂੰ ਕਰਾਣ ਵਾਲੇ ਦੇ ਰੂਹ ਦੀ ਅਠਪਹਿਰੀ ਹਿਲਜੁਲ ਵਿੱਚ ਆਈ ਇਕ ਪਿਆਰ ਸਮਾਧੀ ਵਿੱਚ ਠਹਿਰੀ ਹੋਈ ਬਿਹਬਲਤਾ ਹੈ, ਜੇਹੜੀ ਇਕ, ਘੜੀ ਦੋ ਘੜੀ ਦੇ ਸੁਹਣੱਪ ਦੀ ਦੀਦਾਰ ਲਈ ਸਦੀਆਂ ਲੰਮੀ ਪ੍ਰਲੈ ਦੇ ਰੰਗ ਮੰਗਦੀ ਹੈ ਤੇ ਰਸਿਕ ਕਿਰਤ ਵਾਲਾ ਸਾਹੋ ਸਾਹ ਹੋਇਆ ਕਿਰਤ ਵਿੱਚ ਲੱਗਾ ਹੈ । ਵਿਹਲ ਰਤਾ ਨਹੀਂ, ਤਾਵਲ ਤਾਵਲ ਦਾ, ਕੁਛ ਅਨੰਤ ਬੇਸਬਰੀ ਦਾ ਅੰਦਰ ਪ੍ਰਭਾਵ ਪੈ ਰਿਹਾ ਹੈ, ਇਉਂ ਜਾਪਦਾ ਹੈ ਕਿ ਖਾਸ ਘੜੀ ਦੇ ਸ਼ਗਨ ਨੂੰ ਮੰਨ ਕੇ ਓਹਦੇ ਲੰਘ ਜਾਣ ਦੇ ਡਰ ਦੀ ਕਾਹਲ ਹੈ ਤੇ ਉਸ ਨਛੱਤ੍ਰੀ ਪਲ ਥੀਂ ਪਹਿਲਾਂ ਪਹਿਲਾਂ ਸਬ ਸਾਮਿੱਗਰੀ ਦੀਦਾਰ ਦੀ ਤਿਆਰ ਕਰਨੀ ਹੈ ਤੇ ਦਰਸ਼ਨਾਂ ਦੀ ਘੜੀ ਅਜ਼ਲ ਥੀਂ ਬਿਧ ਚੁਕੀ ਹੈ, ਉਹ ਅਟੱਲ ਹੈ ਜੋ ਦਰਸ਼ਨ ਹੋਣੇ ਹਨ, ਬੱਸ ! ਓਸ ਵੇਲੇ ਹੋਣੇ ਹਨ ।

ਸੋ ਹਰ ਉਨਰ ਵਿਚ, ਕੁਦਰਤ ਦੇ ਦਿਲ ਵਿਚ ਰਹਿੰਦੇ ਕਵੀ-ਕਰਤਾਰਾਂ ਨੂੰ ਪਤਾ ਹੈ ਕਿ ਹਰ ਸੋਹਣੀ ਚੀਜ਼ (ਭਾਵੇਂ ਕਵਿਤਾ, ਭਾਵੇਂ ਚਿਤ , ਭਾਵੇਂ ਬੁੱਤ) ਦੇ ਆਵੇਸ਼, ਆਗਮਨ ਤੇ ਨਿਖਰਨ ਦੀ ਆਪਣੀ ਆਪਣੀ ਸੰਜੋਗੀ ਘੜੀ ਹੁੰਦੀ ਹੈ, ਜਦ ਓਹਦਾ ਅੰਦਰਲਾ ਰਸ ਬੱਝਦਾ ਹੈ ਅੰਦਰ ਦੀ ਕਰਤਾਰੀ ਕਿਰਤ ਦੇ ਖੁੱਲ੍ਹੇ ਦੀਦਾਰ ਕਦੀ ਨਹੀਂ ਹੁੰਦੇ, ਹਮੇਸ਼ਾ ਕਦੀ ਕਵੀ-ਪਰਦੇ ਵਿਚ ਦੀ ਕੋਈ ਕੋਈ ਝਲਕਾ ਵੱਜਦਾ ਹੈ । ਇਉਂ ਤਾਂ ਬਣੀ, ਘੜੀ, ਜੜੀ, ਮੜੀ ਤਸਵੀਰ ਸੋਹਣੀ ਹੈ, ਪਰ ਚਿਤਕਾਰ ਦੇ ਦਿਲ ਵਿਚ ਲਟਕੀ ਤੇ ਚਿਤ ਦੇ ਪਰਦੇ ਉਤੇ (ਜਦ ਉਹ ਬਣ ਰਹੀ ਸੀ) ਓਹਦੀ ਉੱਭਰਦੀ ਸੁਹਣੱਪ ਤੇ ਕਿਣਕਾ ਕਿਣਕਾ ਜੁੜਦੀ ਸੁਹਣੱਪ ਕੁਝ ਹੋਰ ਵੀ ਵਧ, ਸਵਾਦਲੀ ਚੀਜ਼ ਹੈ । ਅੱਜ ਅਸੀਂ ਕਵੀ ਚਿਤ ਦੇ ਅੰਦਰ ਹਨੇਰੇ ਵਿਚ ਝਾਤੀਆਂ ਮਾਰ ਕੇ ਦੇਖਣਾ ਚਾਹੁੰਦੇ ਹਾਂ ਕਿ ਓਥੇ ਅਨੇਕਾਂ ਲਟਕੀਆਂ ਤਸਵੀਰਾਂ ਜੇਹੜੀਆਂ ਫੱਬ ਫੱਬ ਕੇ ਆਉਂਦੀਆਂ ਹਨ, ਉਹ ਕਵੀ-ਚਿਤ ਆਪਣੇ ਅੰਦਰ ਕਿਸ ਤਰਾਂ ਬਣਾਂਦਾ ਹੈ ਤੇ ਇਸ ਖੋਜ ਲਈ ਸਾਡਾ ਚਾ ਅੱਜ ਓਸੇ ਤੀਬਰਤਾ ਵਿਚ ਹੈ, ਜਿਹੜਾ ਹਰ ਦਿਲ ਨੂੰ , ਘੁੰਡ ਚੁੱਕ ਕੇ ਨਵੀਂ ਵਹੁਟੀ ਦਾ ਸੱਜਰਾ ਪਿਆਰਾ ਮੂੰਹ ਦੇਖਣ ਲਈ ਆਉਂਦਾ ਹੈ॥

ਕਵੀ ਚਿਤ-ਇਕ ਪਾਰਦਰਸ਼ੀ ਅਨੋਖਾ ਜਿਹਾ ਸ਼ੀਸ਼ਾ ਹੈ, ਸਕੰਦਰ ਦੇ ਜਾਮੇਂ-ਜਮ ਥੀਂ ਹੋਰ ਅਦਭੁਤ ਤੇ ਕਰਾਮਾਤੀ ਹੈ, ਜਿਸ ਵਿੱਚ ਇਕੋ ਵਕਤ ਦੋ ਤਿੰਨ ਕੰਮ ਹੁੰਦੇ ਹਨ । ਇਕ ਤਾਂ ਜੋ ਅਕਸ ਓਸ ਤੇ ਪੈਂਦੇ ਹਨ, ਉਹ ਜੀਂਦੇ ਚਿਤ੍ਰ ਹੋ ਨਿੱਬੜਦੇ ਹਨ, ਉਸ ਵਿੱਚ ਭੋਂ ਵਰਗਾ ਕੋਈ ਖਾਸਾ ਹੈ, ਸੁਹਣੱਪ ਦੇ ਅਕਸ ਦੇ ਬੀਜ ਮਾਨੋ ਜਦ ਉਸ ਚਿੱਤ-ਸ਼ੀਸ਼ਾ ਰੂਪ ਭੋਂ ਤੇ ਪੈਂਦੇ ਹਨ, ਤਦ ਉਹ ਬ੍ਰਿਖ ਬੰਨ ਬੰਨ ਉਥੇ ਆਪਣੇ ਵਕਤ ਸਿਰ ਨਿਕਲਦੇ ਹਨ ਤੇ ਅਕਸ ਵੀ ਜਿਵੇਂ ਅਸੀਂ ਦੱਸ ਆਏ ਹਾਂ, ਬਾਹਰ ਦੀ ਖੁੱਲ੍ਹੀ ਸੁਹਣੱਪ ਦੇ ਬਿਜਲੀ ਦੇ ਚਮਤਕਾਰਿਆਂ ਵਾਂਗ ਪੈਂਦੇ ਹਨ, ਤਾਂ ਤੇ ਦੂਜਾ ਇਸ ਚਿੱਤ ਵਿੱਚ ਇਕ ਅਜੀਬ ਤਰਾਂ ਦੀ, ਸੁਹਣੱਪਣਿਆਂ ਦੀ ਚੋਣ ਦੀ ਤਾਕਤ ਹੈ ਜੇਹੜੀ ਉਸੀ ਤਰਾਂ ਆਪ-ਮੁਹਾਰੀ ਨਿਖਾਰਦੀ ਤੇ ਚੁਣਦੀ ਹੈ, ਜਿਸ ਤਰਾਂ ਫੁੱਲਾਂ ਤੇ ਪੱਤੀਆਂ ਦੇ ਪ੍ਰਮਾਣੂਆਂ ਵਿੱਚ ਸੂਰਜ ਦੀ ਚਿੱਟੀ ਰੌਸ਼ਨੀ ਨੂੰ ਸੱਤ ਰੰਗਾਂ ਵਿੱਚ ਫਾੜਨ ਦੀ ਸਹਿਜ ਸੁਭਾ ਸ਼ਕਤੀ ਹੈ । ਸਾਵਾ ਪੱਤਾ ਹੋਰ ਸਾਰੇ ਰੰਗ ਅੰਦਰ ਜਜ਼ਬ ਕਰ ਲੈਂਦਾ ਹੈ ਤੇ ਰੰਗ ਦੀ ਕਿਰਣ ਨੂੰ ਆਪਣੇ ਥੀਂ ਬਾਹਰ ਕੱਢਕੇ ਸੁੱਟਦਾ ਹੈ, ਇਉਂ ਹੀ ਲਾਲ, ਉਦਾ, ਗੁਲਾਬੀ ਤੇ ਹੋਰ ਰੰਗ । ਰੰਗਾਂ ਦੀ ਸਾਰੀ ਸੁਹਣੱਪ ਪੱਤਿਆਂ ਤੇ ਰੰਗ ਰੰਗੀਲੀਆਂ ਚੀਜ਼ਾਂ ਦੇ ਸਫੈਦ ਨੂਰ ਨੂੰ ਫਾੜਨ ਲਈ ਅੰਦਰਲੇ ਕਰਿਸ਼ਮੇ ਤੇ ਖੜੀ ਹੈ । ਠੀਕ ! ਇਸੀ ਤਰਾਂ ਕਵੀ-ਚਿੱਤ ਵਿੱਚ ਸੁਹਣੱਪਣਿਆਂ ਦੀ 'ਚੋਣ ਦੀ ਤਾਕਤ' ਹੈ ਤੇ ਨਾਲੇ ਨਿਖਾਰਨ ਦੀ ਸ਼ਕਤੀ। ਜਦ ਕੋਈ ਸੋਹਣੀ ਚੀਜ਼ ਕਵੀ-ਚਿੱਤ ਦੇ ਸਾਹਮਣੇ ਆਈ, ਉਹ ਉਹਨੂੰ ਪ੍ਰਮਾਣੂ ਪ੍ਰਮਾਣੂ ਕਰ ਸਿੱਟਦਾ ਹੈ । ਇਹ ਹੰਸ ਵਿਵੇਕ ਵਰਗਾ ਕੋਈ ਗੁਣ ਹੈ ਤੇ ਮੁੜ ਜੋ ਅੰਦਰ ਲਟਕੀਆਂ ਅਣਦਿਸਦੀਆਂ ਆਪਮੁਹਾਰੀਆਂ ਬਣ ਰਹੀਆਂ ਤਸਵੀਰਾਂ ਦੀ ਪਲ ਪਲ ਦੀਆਂ ਲੋੜਾਂ ਹਨ, ਇਨ੍ਹਾਂ ਲਈ ਇਕ ਬੇਹੋਸ਼ੀ ਜਿਹੀ ਵਿੱਚ, ਇਕ ਸਹਿਜ ਸੁਭਾ ਆਪਮੁਹਾਰਤਾ ਵਿੱਚ ਚੁਣਦਾ ਹੈ ਤੇ ਉਹ ਪ੍ਰਮਾਣੂ ਖੜੱਕ ਖੜੱਕ ਉੱਥੇ ਠੀਕ ਸਿੱਧੇ ਜਾ ਜੁੜਦੇ ਹਨ, ਜਿਵੇਂ ਉਨ੍ਹਾਂ ਦੀ ਲੋੜ ਹੈ, ਇਹ ਆਵੇਸ ਦਵਾਰਾ ਅੰਦਰ ਗਈਆਂ ਦੀ ਚੁਮਟ ਵਖਰੀ ਵਖਰੀ ਤਸਵੀਰਾਂ ਦੇ ਅੰਗਾਂ ਨਾਲ ਮਾਦੇ ਦੇ ਅਣੂਆਂ ਤੇ ਪਰਮਾਣੂਆਂ ਦੀ ਅੰਦਰਲੀ ਕੀਮਿਆਈ ਚੁਮਟ ਵਾਂਗ ਇਕ ਮਿਕਨਾਤੀਸੀ ਤੇ ਬਿਜਲੀ ਜਿਹੀ ਚੁਮਟ ਹੈ ਤੇ ਬਸ ਕਵੀ-ਚਿੱਤ ਦੇ ਆਵੇਸ਼ਕ ਫਾੜਨ ਤੇ ਖਿਲਾਰਨ ਦੀ ਢਿੱਲ ਹੈ ਕਿ ਬਿਨਾ ਕਿਸੇ ਦੇਰੀ ਦੇ ਝਟਾ ਪੱਟ ਥਾਈਂ ਪਰ ਥਾਈਂ ਜਾ ਆਕਰਖਿਤ ਹੁੰਦੀਆਂ ਹਨ।ਇਹਦਾ ਉਦਾਹਰਣ ਦੇਣਾ ਇਥੇ ਚੰਗਾ ਹੋਵੇਗਾ। ਕਵੀ ਆਪਣੇ ਇੰਦ੍ਰਿਆਂ ਤੇ ਸਰੀਰ ਨੂੰ ਵਗਦੇ ਜਲ ਵਾਂਗ ਨਿੱਸਲ ਸੁਟੀ ਰੱਖਦਾ ਹੈ। ਬਸ ਕਵੀ-ਚਿੱਤ ਇਕ ਹੈ, ਜਿਹੜਾ ਸਦਾ ਕੰਮ ਕਰਦਾ ਬੀ ਅਕ੍ਰੈ ਹੈ। ਓਹ ਧਰਤ ਵਾਂਗ, ਜਲ ਵਾਂਗ, ਆਕਾਸ਼ ਵਾਂਗ ਅਡੋਲ, ਨਿਰਮਲ, ਨਿਰਸੰਕਲਪ, ਠੰਢੇ ਸਾਗਰ ਵਾਂਗ-ਜਿਸ ਤੇ ਲਹਿਰਾਂ ਸਭ ਸੁੱਤੀਆਂ ਪਈਆਂ ਹਨ-ਰਹਿੰਦਾ ਹੈ, ਤੇ ਇਸੀ ਕਰਕੇ ਉਸਦੇ ਨਿੱਸਲ ਸੁੱਤੇ, ਪਰ ਬੜੀ ਤੇਜ਼ ਚਾਲ ਵਾਲੇ ਚਿੱਤ ਤੇ ਕੁਦਰਤ ਤੇ ਦਿਲ ਦੇ ਅੰਦਰ ਦੇ ਅਕਸ ਪੈਂਦੇ ਹਨ। ਕੁਦਰਤ ਥੀਂ ਉੱਚੀ ਦੁਨੀਆਂ, ਉੱਚੀ ਰੂਹਾਨੀ ਦੁਨੀਆਂ ਦੇ ਝਾਵਲੇ ਪੈਂਦੇ ਹਨ, ਸੋ ਇਸ ਕਵੀ-ਚਿਤ ਦੀ ਨਿੱਸਲਤਾ ਤੇ ਅਕ੍ਰੈਤਾ ਇਕ ਆਪ-ਮੁਹਾਰੀ ਸਹਜ ਸੁਭਾ ਜੀਵਨ ਅਵਸਥਾ ਹੈ, ਜਿਹੜੀ ਉਹਨੂੰ ਕਿਸੀ ਸਾਧਨ ਨਾਲ ਨਹੀਂ, ਆਪ-ਮੁਹਾਰੀ ਪ੍ਰਾਪਤ ਹੈ ਤੇ ਇਸ ਪ੍ਰਾਪਤੀ ਕਰਕੇ ਉਹ ਕਵੀ-ਚਿਤ ਹੈ। ਇਹ ਬੜੀ ਵਿਰਲੀ ਤੇ ਅਮੋਲਕ ਜੀਵਨ ਅਵਸਥਾ ਹੈ, ਜਿਹੜੀ ਕਿਸੀ ਕਿਸੀ ਨੂੰ ਪ੍ਰਾਪਤ ਹੁੰਦੀ ਹੈ ਤੇ ਇਸ ਕਰਕੇ ਕਵੀ ਵਿਰਲਾ ਵਿਰਲਾ ਕੋਈ ਕੋਈ ਕਦੀ ਕਦੀ ਹੁੰਦਾ ਹੈ ॥

ਹੁਣ ਇਨ੍ਹਾਂ ਅਕਸਾਂ ਤੇ ਬਾਵਲਿਆਂ ਦੇ ਦੋ ਵੱਖਰੇ ਵੱਖਰੇ ਅਸਰ ਹੁੰਦੇ ਹਨ । ਇਕ ਤਾਂ ਚਿੱਤ੍ਰਾਂ ਦੇ ਨਵੇਂ ਸੱਜਰੇ ਖ਼ਾਕੇ ਸੁਝ ਸੁਝ ਆਪ ਮੁਹਾਰੇ ਅੰਦਰ ਖਿਚੀਂਦੇ ਹਨ ਤੇ ਆਪ ਮੁਹਾਰੇ ਅੰਦਰ ਪਏ ਲਟਕਦੇ ਹਨ। ਇਹ ਘਾੜਾ ਖਿਆਲ ਫੁਰਨੇ ਦੇ ਖ਼ਾਕੇ ਹਨ, ਅਨੇਕਾਂ ੀਦea-ਪਚਿਟੁਰeਸ (ਸੰਕਲਪ-ਚਿਤ੍ਰ) ਅੰਦਰ ਲਟਕਦੇ ਹਨ, ਇਹ ਅਸਰ ਤਾਂ ਇਨ੍ਹਾਂ ਆਵੇਸ਼ਾਂ ਦੇ ਆਗਮਨ ਦਾ ਕਵੀ ਅਸਰ ਹੁੰਦਾ ਹੈ, ਇਕ ਟਿਕ ਆਵੇਸ਼ ਦੇ ਅਨੇਕ ਰੂਪ ਬਣ ਕੇ ਅੰਦਰ ਲਟਕ ਜਾਂਦੇ ਹਨ। ਮੁਕੰਮਲ ਕੋਈ ਨਹੀਂ ਹੁੰਦਾ, ਕੋਈ ਖ਼ਾਕਾ ਪੂਰਾ, ਕੋਈ ਅੱਧਾ, ਕੋਈ ਇਕ ਲਕੀਰ ਹੀ ਜਿਹੀ, ਕੋਈ ਇਕ ਰੰਗ ਜਿਹਾ ਕੰਬਦਾ ਅੰਦਰ ਆ ਪੈਂਦਾ ਹੈ ਤੇ ਇਕ ਨਵੀਂ ਪਰ, ਤਿਹਾਂ ਵਿੱਚ ਅਣਉਗੜੀ ਦੁਨੀਆਂ ਬਣਨ ਦਾ ਪ੍ਰਭਾਵ ਪੈ ਜਾਂਦਾ ਹੈ ਤੇ ਦੂਜਾ ਅਸਰ ਸਮੇਂ ਤੇ ਘੜੀ, ਪਲ ਦੇ ਰੰਗ ਤੇ ਮਸਤੀ ਤੇ ਬੇਹੋਸ਼ੀ ਅਨੁਸਾਰ ਇਕ ਬਿਜਲੀ ਵਾਂਗ ਕਰਤਾਰੀ ਅੱਗ ਕੂੰਦ ਪੈਂਦੀ ਹੈ। ਉਹ ਲਿਸ਼ਕਾਂ ਅੰਦਰ ਵੜ ਅੱਧੀ ਉਗੜੀ ਚਿੱਤ੍ਰ ਕਵੀ-ਚਿੱਤ ਦੀ ਚਿੱਤ੍ਰ ਦੁਨੀਆਂ ਨੂੰ ਲੋੜੀਦਾ ਰੰਗ, ਰੂਪ ਅਥਵਾ ਰੰਗ ਰੂਪ ਦੇ ਅਣੂ ਤੇ ਪ੍ਰਮਾਣੂ ਦਿੰਦੀ ਹੈ। ਕਵੀ ਸਹਿਜ ਸੁਭਾ ਬਿਨਾਂ ਪ੍ਰਯੋਜਨ ਇਕ ਥਾਂ ਤੇ ਖੜਾ ਕਿਸੀ ਹੋਰ ਕੰਮ ਖੜਾ ਹੈ, ਕੁਛ ਸੌਦਾ ਲੈ ਰਿਹਾ ਹੈ ਤੇ ਉਥੇ ਅਚਾਨਚਕ ਇਕ ਬੜੀ ਰੂਪਵਤੀ ਕੋਈ ਕੰਨਯਾ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬੱਸ ਇਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵਲ ਤੱਕਿਆ ਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਯਾ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋਹ ਗਿਆ, ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿਤ੍ਰਤਾ ਦੈਵਸੱਤਾ ਦੀ ਸੀ, ਇਕ ਇੰਨੇ ਬੜੇ ਅਸਗਾਹ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ? ਸਮਾ ਲੰਘ ਗਿਆ ਆਪ ਨੂੰ ਕੁਛ ਪਤਾ ਨਹੀਂ, ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ, ਪਰ ਦਸ ਸਾਲ ਬਾਦ ਆਪ ਦੇ ਅੰਦਰੋਂ ਇਕ ਬਣਿਆ ਪੂਰਾ ਚਿੱਤ੍ਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਯਾ ਰੰਗ ਯਾ ਰੂਪ ਦੀ ਝਲਕ, ਪਲਕ, ਮਟਕ, ਅਦਾ ਜੋ ਕੁਛ ਸੀ ਉਹੋ ਇੰਨ-ਬਿੰਨ ਆਪਦੀ ਤਸਵੀਰ ਵਿੱਚ ਆਈ ਪਈ ਹੈ, ਆਪਨੇ ਨਹੀਂ ਕੁਛ ਕੀਤਾ। ਇਹ ਆਪ ਦੇ ਕਵੀ-ਚਿੱਤ ਦੀ ਸਹਿਜ ਸੁਭਾ ਰਸਿਕ ਕਿਰਤ ਹੈ । ਇਉਂ ਸਹਿਜ ਸਭਾ ਆਪ-ਮੁਹਾਰੀ ਕਵੀ-ਚਿੱਤ ਦੀਆਂ ਘਾੜਾਂ ਹੁੰਦੀਆਂ ਹਨ । ਨਿੱਕਾ ਨਿੱਕਾ ਜਗਤ ਵਿੱਚੋਂ ਕੋਈ ਕੋਈ ਰੂਪ ਰੰਗ ਚੰਗਾ ਲੱਗਣਾ, ਬੱਸ ਇਹ ਅਠਪਹਿਰੀ ਠਕ ਠਕ ਹੈ, ਜੇਹੜੀ ਬੁੱਤ ਘੜਦੀ ਹੈ। ਕਵਿਤਾ ਅਰਥਾਤ ਕਵੀ-ਚਿੱਤ ਦੀ ਰਸਿਕ ਕਿਰਤ, ਓਹ ਨਹੀਂ ਜੇਹੜੀ ਬਣ ਬਾਹਰ ਆਂਦੀ ਹੈ, ਜਿਸ ਵੇਲੇ ਬਣ ਕੇ ਚਿੱਤ੍ਰ ਅਥਵਾ ਬੁੱਤ ਬਾਹਰ ਆਯਾ, ਉਹ ਕਵਿਤਾ ਨਹੀਂ ਰਹਿੰਦੀ, ਉਹ ਤਾਂ ਜਗਤ ਵਿੱਚ ਹੋਰ ਲੱਖਾਂ ਜੁੱਸੇ ਵਾਲੀਆਂ ਸ਼ਰੀਰੀ ਸੁਹਣੱਪਾਂ ਵਾਂਗ ਇਕ ਸਥੂਲ ਸੁਹਣੱਪ ਹੈ, ਜੇਹੜੀ ਇੰਦ੍ਰੀਆਂ ਦਵਾਰਾ ਰਸ ਦੇ ਸਕਦੀ ਹੈ। ਕਵਿਤਾ ਸੁੱਧ ਅੰਦਰ ਦਾ ਕੋਈ ਜੀਵਨ ਰੰਗ ਹੈ, ਜਿਸ ਨੂੰ ਸਾਖੀ ਆਤਮਾ ਆਪਣੇ ਆਪ ਵਿੱਚ ਅਨੁਭਵ ਕਰਦਾ ਹੈ। ਹਾਂ, ਜਦ ਇੰਦ੍ਰੀਆਂ ਦਵਾਰਾ ਓਸ ਸੋਹਣੀ ਚੀਜ਼ ਨੂੰ, ਰਾਗ ਗੋਂਦ ਨੂੰ, ਚਿੱਤ ਨੂੰ, ਘਾੜ ਨੂੰ, ਗਾਣ ਵਾਲੀ ਕਿਸੀ ਸਨਅਤ ਨੂੰ ਜਦ ਮੁੜ ਅੰਦਰ ਰਸ ਰੂਪ ਕਰ ਲੈ ਜਾਈਏ ਉਹ ਕਵਿਤਾ ਹੋ ਜਾਂਦੀ ਹੈ। ਕਵਿਤਾ ਤਾਂ ਕੈਫੀਅਤ ਦਾ ਨਾਂ ਹੈ, ਇਕ ਖਾਸ ਉੱਚੇ ਦਰਜੇ ਬਿਨ ਟੋਟ ਕਿਸੀ ਕੈਫ ਤੇ ਸਰੂਰ ਦਾ ਨਾਂ ਹੈ, ਕਵਿਤਾ ਜੀਵਨ ਦੀ ਇਕ ਅੰਦਰਲੀ ਰਸ ਭਰੀ ਅਵਸਥਾ ਦਾ ਨਾਂ ਹੈ। ਸੋਹਣੀਆਂ ਚੀਜ਼ਾਂ, ਰਾਗਾਂ, ਰੰਗਾਂ, ਬੁੱਤਾਂ, ਚਿੱਤਾਂ ਨੂੰ ਤੱਕ ਕੇ ਜਦ ਅੱਖਾਂ ਆਪ ਮੁਹਾਰੀਆਂ "ਵਾਹ, ਵਾਹ" ਕਰਦੀਆਂ ਮੀਟ ਜਾਂਦੀਆਂ ਹਨ ਤੇ ਸਵਾਦ ਜਿਸਮ ਤੇ ਤੁਚਾ (ਖਲੜੀ) ਸਾਰੀ ਵਿੱਚ ਇਕ ਕਾਮ ਭਰੀ ਖਿੱਚ ਵਾਂਗ ਫੈਲ ਜਾਂਦਾ ਹੈ, ਘੁਲ ਜਾਂਦਾ ਹੈ ਤੇ ਦਿਲ ਸ਼ਹੁ ਦਰਿਯਾ ਹੋ ਵਗਦਾ ਹੈ, ਸਤੋਗੁਣ ਸ਼ਾਂਤੀ ਦਾ ਮੀਂਹ ਅੰਦਰ ਬਾਹਰ ਪੈਂਦਾ ਹੈ ਤੇ ਅਨੰਤ ਰਸ ਦੀ ਚੰਚਲ ਬਿਹਬਲਤਾ ਵਿੱਚ ਇਕ ਬੱਝ ਰਸ-ਸਮਾਧੀ ਦਾ ਰੰਗ ਹੁੰਦਾ ਹੈ, ਉਹ ਕਵਿਤਾ ਹੈ! ਸੁਹਣੱਪ ਦੀ ਖਿੱਚ ਖਾਕੇ ਰੋਮ ਰੋਮ ਦੇ ਖਿਚੀਂਣ ਦੀ ਬੇਚੈਨੀ ਦਾ ਜਿੰਦਾ ਰਸ ਹੈ । ਜੀ, ਸੁਰਤ, ਮਨ ਆਦਿ ਓਸ ਖਿੱਚ ਵਿੱਚ ਸਦਾ ਅਫੁਰ, ਅਡੋਲ, ਜਲ ਵਿੱਚ ਮੀਨ ਵਾਂਗ ਰਸ ਭਿੱਜੇ, ਰਸ ਗੁੱਝੇ, ਰਸ ਡੁੱਬੇ, ਰਸ ਰੂਪ ਹੁੰਦੇ ਹਨ, ਪਰਮ ਨਿੱਸਲਤਾ ਤੇ ਸਮਾਧੀ ਬੀ ਅਵਸਥਾ ਹੈ, ਜੇਹੜੀ ਆਪਣੀ ਅੰਦਰਲੀ ਰਸਕ ਸੁਤੰਤ੍ਰਤਾ ਤੇ ਆਤਮ ਰਸ ਲੀਨਤਾ ਵਿੱਚ ਬੇਪ੍ਰਵਾਹ ਹੋ ਠਹਿਰ ਚੁੱਕੀ ਹੈ, ਟਿਕ ਗਈ ਹੈ । ਇਸ ਟਿਕਾ ਦਾ ਨਾਂ ਕਵਿਤਾ ਹੈ ਅਰ ਕਵਿਤਾ ਨਿਰੀ ਅੱਖਰਾਂ ਵਿੱਚ ਰਾਗ ਗੋਂਦ ਦਾ ਨਾਮ ਨਹੀਂ, ਇਹ ਤਾਂ ਇਕ ਜੀਵਨ-ਆਵੇਸ਼ ਹੈ, ਜਿਹੜਾ ਪੱਥਰਾਂ ਵਿੱਚ, ਚਿੱਤਾਂ ਵਿੱਚ, ਆਪਣੇ ਹੱਥ ਦੀਆਂ ਕਿਰਤਾਂ ਵਿੱਚ, ਆਪਣੀ ਪਿਆਰ-ਸੇਵਾ ਵਿੱਚ, ਆਪਣੇ ਹਰ ਖਿਆਲ, ਕੰਮ ਕਾਜ ਵਿੱਚ, ਜਿੱਥੇ ਕਿਧਰੇ ਰਾਗ-ਗੋਂਦ ਗੁੰਦ ਦੇਂਦਾ ਹੈ। ਕੋਈ ਸਮਾਂ ਹੁੰਦਾ ਹੈ, ਰਸ ਦੀ ਫੁਹਾਰ ਨੈਣਾਂ ਥੀਂ ਵਹਿੰਦੀ ਹੁੰਦੀ ਹੈ। ਹੋਠ ਖੁਲ੍ਹੇ ਹੁੰਦੇ ਹਨ ਤੇ ਉਨਾਂ ਥੀਂ ਭਰੇ ਰਸ ਮਨੁੱਖ ਦਾ ਰੰਗ ਤੇ ਲਾਲੀਆਂ ਬਾਹਰ ਹੋ ਰਹੀਆਂ ਹੁੰਦੀਆਂ ਹਨ । ਉਸ ਵਕਤ ਉਹ ਕਵਿਤਾ ਦੇ ਆਵੇਸ਼ ਵਿੱਚ ਹੈ ਓਹਦੀ ਨਾੜ ਨਾੜ ਉੱਠਦੀ ਹੈ, ਓਹਦੀ ਛੋਹ ਰਾਗ ਗੋਂਦ ਹੁੰਦੀ ਹੈ, ਓਹਦੀ ਤੱਕ ਵਿੱਚ ਅਸਰ ਹੁੰਦਾ ਹੈ । ਜੀਵਨ ਦੀ ਕੋਈ ਅਵਸਥਾ ਜਿਸ ਵਿੱਚ ਇਹ ਰੱਬੀ ਦੈਵੀ ਛੋਹ ਹੈ, ਉਹ ਕਵਿਤਾ ਦੀ ਅਵਸਥਾ ਹੈ। ਓਸ ਥੀ ਹਿਠਾਹਾਂ ਭਾਵੇਂ ਕਿੰਨਾ ਢੋਲ ਢਮੱਕਾ ਹੋਵੇ, ਕੁਛ ਹੋਵੇ ਕਵਿਤਾ ਨਹੀਂ ਹੋ ਸਕਦੀ, ਭਾਵੇਂ ਕੋਈ ਸਿਰ ਥੀਂ ਪੈਰ ਤੱਕ ਉਲਟਾ ਪਿਆ ਹੋਵੇ॥

ਸੋ ਕਵੀ-ਚਿੱਤ ਸਦਾ ਆਪਮੁਹਾਰੀ ਨਿੱਸਲਤਾ ਵਿੱਚ ਹੁੰਦਾ ਹੈ, "ਭੋਲੇ ਭਾਵ ਮਿਲੇ ਰਘੁਰਾਇਆ", ਉਹਦੇ ਜੀਵਨ ਦੀ ਜਿਗਰੀ ਲੋੜ ਇਹ ਹੈ ਤੇ ਇਹ ਸੂਝ ਉਹਨੂੰ ਰੱਬ ਨੇ ਆਪਮੁਹਾਰੀ ਦਿੱਤੀ ਹੁੰਦੀ ਹੈ ।ਸਰਲਤਾ ਯਾ ਅੰਦਰ ਦੇ ਗੂੜ੍ਹੇ ਰੰਗ ਦੀ ਸਚਾਈ ਜਿਹਨੂੰ ਕਹਿੰਦੇ ਹਨ, ਉਹ ਅਭੋਲ ਜਿਹੀ ਅਵਸਥਾ ਵਿੱਚ ਉਹਦੀ ਤਬੀਅਤ ਦਾ ਰੰਗ ਹੁੰਦਾ ਹੈ, ਸਾਰਾ ਦਿੱਸਦਾ ਜਗਤ ਉਹਦੇ ਦਿਲ ਸ਼ੀਸ਼ੇ ਤੇ ਪੈ ਪੈ ਬਾਹਰਲੇ ਦੀ ਅਨਾਤਮਤਾ ਤਿਆਗ ਕੇ ਅੰਤ੍ਰੀਵ ਦੀ ਆਤਮਤਾ ਬਣਦਾ ਹੈ ਤੇ ਕਿਸੀ ਪਦਾਰਥ ਦਾ ਬਾਹਰੋਂ ਉੱਠ ਕੇ ਸਾਡੇ ਅੰਦਰ ਵੜਨ ਤੇ ਵੜਕੇ ਅਪਦਾਰਥ ਹੋ ਸਾਡੇ ਚਿੱਤ ਦੇ ਲੋੜੀਂਦੇ ਰਸ ਵਿੱਚ ਸਮਾ ਜਾਣ ਦਾ ਨਾਂ ਰਸ ਹੈ। ਇਕ ਸਮਾਂ ਕਵੀ ਤੇ ਛਾਂਦਾ ਹੈ ਜਦ ਕੁਲ ਚੀਜਾਂ ਰੱਬ-ਰੂਪ ਵਿੱਚ ਲੀਨ ਹੋ ਰੱਬ ਵਿੱਚ ਸਮਾ, ਰੱਬ ਰੂਪ ਹੋ ਜਾਂਦੀਆਂ ਹਨ। ਉਹ ਘੜੀ ਜੇਹੜੀ ਕਵੀ-ਨੈਣਾਂ, ਫ਼ਕੀਰ-ਨੈਣਾਂ ਦੇ ਸਦਕੇ, ਬਖਸ਼ੇ ਹੋਏ ਬੰਦਿਆਂ ਦੇ ਸਦਕੇ, ਹਰ ਚੀਜ਼ ਉੱਤੇ ਜੋਬਨ ਵਾਂਗ ਆਉਂਦੀ ਹੈ, ਉਹ ਕੁਛ ਥੀਂਣ-ਅਥੀਂਣ, ਹੋਣ-ਅਣਹੋਣ ਜਿਹੇ ਦਾ ਵੇਲਾ ਰੰਗ ਰਸ ਦਾ ਹੈ, ਉਹੋ ਰਸ ਹੈ । ਇਹ ਭੇਤ ਕੇਵਲ ਸੱਚਾ ਰਸਿਕ ਕਿਰਤ ਵਾਲਾ ਪਾਰਖੀ ਚਿੱਤ ਜਾਣ ਸੱਕਦਾ ਹੈ। ਆਪਾਂ ਨੂੰ ਤਾਂ ਕਿਸੀ ਖਵਾਹਿਸ਼ ਯਾ ਸੰਕਲਪ ਦੇ ਫਲੀਭੂਤ ਹੋਣ ਵਿੱਚ ਰਸ ਦਿੱਸਦਾ ਹੈ। ਚਾਹਵਾਨ ਨੂੰ ਤੀਮੀਂ ਮਰਦ ਦਾ ਮਿਲਾਪ, ਭੁੱਖੇ ਨੂੰ ਰੋਟੀ, ਵਿੱਛੜੇ ਬੱਚੇ ਨੂੰ ਮਾਂ, ਗਰੀਬ ਨੂੰ ਧਨ, ਰਾਜੇ ਨੂੰ ਬਾਦਸ਼ਾਹੀ, ਸਿਪਾਹੀ ਨੂੰ ਮੈਦਾਨ ਜੰਗ, ਗੁਲਾਮ ਨੂੰ ਮਾਲਕ ਦੀ ਖੁਸ਼ੀ, ਇਲਮ ਵਾਲੇ ਨੂੰ ਉਹਦੀ ਅਨੇਕ ਲੋੜਾਂ ਦੀ ਪੂਰਣਤਾ ਆਦਿ, ਜਿਨ੍ਹਾਂ ਨੂੰ ਹਿੰਦੁਸਤਾਨ ਵਾਸੀਆਂ ਨੇ ਸਿੰਗਾਰ, ਵੈਰਾਗ, ਕਰੁਣਾ ਆਦਿ ਰਸਾਂ ਵਿੱਚ ਵੰਡਿਆ ਹੈ ਉਹ ਰਸ ਨਹੀਂ ਹਨ, ਉਹ ਤਾਂ ਇਨਸਾਨੀ ਫ਼ਿਤਰਤ ਦੇ ਵਲਵਲਿਆਂ ਦੇ ਉਤਾਰ, ਚੜ੍ਹਾ ਆਦਿ ਹਨ। ਇਹ ਪੁਰਾਣੇ ਲੋਕੀ ਚਿੱਤ ਦੇ ਪਲ ਛਿਨ ਦੇ ਟਿਕਾ, ਭੋਗਾਂ ਆਦਿ ਦੀ ਖੁਸ਼ੀ ਵਿੱਚ ਆਏ ਟਿਕਾ ਨੂੰ ਰਸ ਮੰਨਦੇ ਹਨ । ਰਸਿਕ ਕਿਰਤ ਅਰਥਾਤ ਕਵਿਤਾ ਤਦ ਅਰੰਭ ਹੁੰਦੀ ਹੈ, ਜਦ ਇਨਸਾਨੀ , ਫਿਤਰਤ ਜਿਹਦਾ ਠੀਕ ਨਾਂ ਹੈਵਾਨੀ ਫਿਤਰਤ ਹੈ ਤੇ ਸਾਡੀ ਤੇ . ਪਸ਼ੂਆਂ ਦੀ ਇਕੋ ਜਿਹੀ ਸਾਂਝੀ ਫਿਤਰਤ ਹੈ, ਝੜ ਜਾਂਦੀ ਹੈ। ਸ਼ਿੰਗਾਰ, ਵੈਰਾਗਯ, ਬੀਰ ਤੇ ਕਰੁਣਾ ਰਸ ਆਦਿ ਸਭ ਹੈਵਾਨਾਂ ਪਰ ਭੀ ਆਉਂਦੇ ਹਨ। ਹੈਵਾਨ ਜਦ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਦ ਉਹ ਬੇਹੋਸ਼ੀ ਦੀ ਹੋਸ਼ ਆਂਦੀ ਹੈ, ਤਦ ਉਹ ਤਬੀਅਤ ਦੀ ਸਫਾਈ, ਸਚਾਈ, ਸਰਲਤਾ, ਆਪ ਮੁਹਾਰਤਾ, ਸਹਜ ਸੁਭਾ ਨਿਸ਼ਲਤਾ, ਅਗਯਾਤ ਜਿਹੀ ਮਗਨਤਾ, "ਜੀਂਦੀ ਮੌਤ'' ਵਰਗੀ ਅਠ ਪਹਰੀ ਬੇਸੁੱਧਤਾ ਜਿਹੀ ਵਾਲੀ ਜੀਵਨ-ਉਚਾਈ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਕਵੀ-ਚਿੱਤ ਦਾ ਕਰਾਮਾਤੀ, ਸਕੰਦਰੀ ਜਾਮੇਂ ਜਮ ਥੀਂ ਵਧ ਕਰਤਾਰੀ, ਕਰਾਮਾਤ ਵਾਲਾ, ਕਾਦਰੀ ਤਾਕਤ ਵਾਲਾ, ਆਵੇਸ਼ ਗ੍ਰਹਿਣ ਕਰਨ ਵਾਲਾ ਅਕਸੀ ਸ਼ੀਸ਼ੇ ਵਰਗਾ ਗੁਣ, ਸੁਹਣੱਪ ਦੇ ਪ੍ਰਕਾਸ਼ ਦੇ ਅਸਰਾਂ ਦਾ ਜਾਣੂ ਤੇ ਚੋਣੂ ਤੇ ਭੋ ਵਰਗਾ ਉਪਜਾਊ ਆਦਿ ਗੁਣਾਂ ਵਾਲਾ ਹੋ ਨਿਖਰਦਾ ਹੈ ॥

ਇਸ ਆਲੀਸ਼ਨ ਉਚਾਈ ਵਾਲੀ ਕਵਿਤਾ ਅਰਥਾਤ ਸਾਧ-ਬਚਨ ਜੇਹੜਾ ਕਿ ਸਦਾ ਅਟਲਾਧਾ ਹੁੰਦਾ ਹੈ, ਬਾਣੀ ਹੁੰਦੀ ਹੈ, ਨਿਰੋਲ ਆਤਮਤਾ ਹੁੰਦੀ ਹੈ, ਇੱਥੇ ਤੇ ਅੱਗੇ ਸਹਾਇਕ ਹੁੰਦੀ ਹੈ, ਮੌਤ ਥੀਂ ਪਰੇ ਦੇਸ਼ ਦੀ ਉਹ ਜੀਵਨ-ਸਵਾਸ ਦਾ ਅੰਦਰਲਾ ਗੀਤ ਹੈ ॥

ਕਵਿਤਾ ਸਿਰਫ ਅੰਦਰ ਦੀ ਅਵਸਥਾ ਦਾ ਨਾਂ ਹੈ, ਜਿਸ ਵਿਚ ਧੁਰੀ-ਬਾਣੀ ਆਪਮੁਹਾਰੀ ਰੋਮ ਰੋਮ ਵਿੱਚ ਪਰੋਈ ਬੋਲਦੀ ਹੈ । ਇਉਂ ਅਸੀ ਆਪਣੀ ਬੋਲੀ ਵਿੱਚ ਕੁਛ ਦੱਸ ਸਕਦੇ ਹਾਂ ਕਿ ਕਵਿਤਾ ਰੱਬੀ ਚਰਿੱਤ੍ਰ ਹੈ, ਇਹ ਰੱਬ ਹੋਣ ਦਾ ਇਕ ਸਵਾਦ ਹੈ, ਜੇਹੜਾ ਬੰਦੇ ਨੂੰ ਬੰਦਾ ਕਹਿ ਕੇ ਬੰਦੇ ਦੇ ਰੂਪ ਵਿੱਚ ਨਹੀਂ ਆ ਸਕਦਾ। ਕਵਿਤਾ ਲਿਖਣ ਯਾ ਗਾਣ ਵਾਲੀ ਚੀਜ਼ ਨਹੀਂ, ਆਵੇਸ਼ ਹੈ, ਜਿਹਨੂੰ ਕੁੱਲ ਰਸਿਕ-ਕਿਰਤਾਂ ਗਾਉਂਦੀਆਂ ਹਨ, ਕੁੱਲ ਨਾਚ ਨੱਚਦੇ ਹਨ, ਕੁਲ ਜੀਵਨ ਦੇ ਸਿੱਟੇ ਸਿੱਧੇ ਉੱਚੇ ਹੋ ਟੋਲਦੇ ਹਨ, ਤੇ ਇਸ ਥੀਂ ਥੱਲੇ ਦੀ ਸਭ ਕਵਿਤਾ ਜਿਸ ਵਿਚ ਕੁਲ ਦੁਨੀਆਂ ਦੇ ਕਵੀ, ਚਿਤ੍ਰਕਾਰ ਆਦਿਕਾਂ ਦੀਆਂ ਕਰਨੀਆਂ ਹਨ, ਕਾਲੀਦਾਸ ਤੇ ਸ਼ੈਕਸਪੀਅਰ ਆਦਿ ਸਭ ਇਕ ਸਕੂਲ ਦੇ ਮੁੰਡੇ ਹਨ, ਜੇਹੜੇ ਆਪਣੇ ਇਸ ਯਤਨ ਵਿੱਚ ਹਨ ਕਿ ਕਿਸੀ ਤਰਾਂ ਕਵਿਤਾ ਦੇ ਰੱਬੀ ਰੰਗ ਨੂੰ ਪਹੁੰਚ ਸਕੀਏ । ਜਿਵੇਂ ਕਣਕ ਦਾ ਸਿੱਟਾ ਪ੍ਰਕਾਸ਼ ਨੂੰ ਤੱਕਣ ਦੀ ਤਾਂਘ ਵਿੱਚ ਸਿਰ ਉੱਚਾ ਕਰਦਾ ਹੈ, ਤਿਵੇਂ ਇਹ ਸਬ ਹੈਵਾਨ-ਇਨਸਾਨ ਕਵੀ, ਸੂਰਜ ਨੂੰ ਤੱਕਣ ਦੀ ਚਾਹ ਵਿੱਚ ਸਿਰ ਕੱਢ ਰਹੇ ਹਨ, ਪਰ ਜਿਸ ਅਰਥ ਵਿੱਚ ਕਵੀ-ਚਿੱਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਅਰਥ ਵਿੱਚ ਇਹ ਵੱਡੇ ਵੱਡੇ ਦੁਨੀਆਂ ਦੇ ਮੰਨੇ ਪ੍ਰਮੰਨੇ ਕਵੀ ਹੈਵਾਨੀ-ਇਨਸਾਨ ਵਿੱਚ ਬਸ ਵੱਡੇ ਹਨ, ਇਨ੍ਹਾਂ ਦੀ ਅੰਤਰਯਾਮਤਾ ਬਸ ਹੈਵਾਨ ਰੂਪੀ ਕੀੜਿਆਂ ਦੇ ਦਿਲਾਂ ਤੱਕ ਹੈ । ਫਿਤਰਤ ਦੇ ਹੈਵਾਨ-ਇਨਸਾਨੀ ਕਾਂਬਿਆਂ ਦੇ ਰੰਗ ਨੂੰ ਆਪਣੇ ਅੰਦਰ ਭਰ ਭਰ ਬਾਹਰ ਕੱਢਣਾ ਤੇ ਇਉਂ ਅਪਣੇ ਜਿਹੇ ਹੈਵਾਨਾਂ ਦੇ ਭਾਵਾਂ ਦਾ ਜਾਣੂ ਹੋਣਾ ਬਸ ਇਕ ਸੁਰਖਾਬ ਦਾ ਪਰ, ਇਹ ਲੋਕ ਆਪਣੀ ਪਗੜ ਵਿੱਚ ਲਗਾ ਸਮਝਦੇ ਹਨ ਕਿ ਇਕ ਸੀਮਾ ਹੋ ਗਈ। ਕੀ ਇਸ ਹੈਵਾਨ ਥੀਂ ਅਸੀਂ ਅੱਕ ਥੱਕ ਨਹੀਂ ਗਏ ? ਕੀ ਅੱਜ ਤਕ ਦੀਆਂ ਕਰਤੂਤਾਂ ਇਹਦੇ ਇਤਿਹਾਸ ਵਿੱਚ ਸਾਰੀਆਂ ਫਾਸ਼ ਨਹੀਂ ਹੋਗੀਆਂ? ਕੀ ਇਹ ਨਿਰੀ ਮਿੱਟੀ ਦੀ ਟੋਕਰੀ ਤੇ ਨਿਰਾ ਪੁਰਾ ਹੈਵਾਨ ਥੀਂ ਵਧ ਹੋਰ ਕੁਛ ਬਿਨਾ ਵਾਹਿਗੁਰੂ ਦੀ ਬਖਸ਼ਸ਼ ਦੇ ਕਦੀ ਹੋ ਸਕਦਾ ਹੈ ? ਅਸੀ ਤਾਂ ਇਸ ਹੈਵਾਨ ਨੂੰ ਧਰਤ ਉੱਤੇ ਛੱਡ ਕੇ, ਜਰਾ ਉੱਤੇ ਹਵਾ ਵਿੱਚ ਚੜ੍ਹ ਕੇ ਦੇਵਤਾ ਮੰਡਲ ਦੇ ਅੰਦਰਲੇ ਦਿਲਾਂ ਦੀ ਖਬਰ ਲੋਚਦੇ ਹਾਂ । ਸਾਨੂੰ ਹੈਵਾਨ-ਫਿਤਰਤ ਦੇ ਅੰਦਰਲੇ ਭੇਤਾਂ ਨੂੰ ਜਾਣਨ ਦੀ ਬਾਹਲੀ ਲੋੜ ਨਹੀਂ। ਆਦਮੀ ਦਾ ਪੜ੍ਹਨ ਦਾ ਸਭ ਥੀਂ ਵੱਡਾ ਵਿਸ਼ਾ ਜੇਹੜਾ ਕਿਹਾ ਜਾਂਦਾ ਹੈ ਆਦਮੀ ਹੈ, ਉਹ ਆਦਮੀ ਹੈਵਾਨ ਨਹੀਂ ਉਹ "ਆਪੇ ਦਿਓ" ਬੰਦਾ ਹੈ। ਜੇ ਇਸ ਭੇਤ ਨੂੰ ਹੈਵਾਨ-ਆਦਮੀ ਕਰਕੇ ਸਮਝਿਆ ਜਾਂਦਾ ਹੈ ਤਦ ਗਲਤ ਹੈ, ਉਹ ਰਸ-ਆਦਮੀ ਹੈ, ਉਹ ਰੱਬ-ਰੂਪ ਹੈ, ਸਭ ਥਾਂ ਵੱਡਾ ਵਿਸ਼ਾ ਸਾਡੇ ਪੜ੍ਹਨ ਯੋਗ ਰੱਬ ਹੈ। ਕਵਿਤਾ ਅਰਥਾਤ ਕਵੀ-ਚਿਤ ਦੀ ਨਿਸ਼ਚਲ ਅਵਸਥਾ ਰੱਬ-ਰੂਪ ਅੱਗੇ ਵਿਛਿਆ ਸ਼ੀਸ਼ਾ ਹੈ, ਓਸ ਉੱਪਰ ਇਸ ਹੈਵਾਨੀ ਦੁਨੀਆਂ ਵਿੱਚੋਂ, ਨਿਰੇ ਤੇ ਨਿਰੋਲ ਰੱਬ ਕਿਣਕੇ ਨਿਖਾਰ ਕੇ ਅੰਦਰ ਲਏ ਜਾਂਦੇ ਹਨ । ਓਥੇ ਸਫਟਕ ਮਣੀ ਵਾਲੀ ਪਾਰਦਰਸ਼ਤਾ ਹੈ । ਸਥੂਲ ਮਾਯਾਵੀ ਜਗਤ ਦੀ ਮੈਲ ਓਥੇ ਰਹਿ ਨਹੀਂ ਸੱਕਦੀ, ਸੁਹਣਾ ਕਵੀ-ਚਿਤ ਸ਼ੈਕਸਪੀਅਰ ਵਾਂਗੂ ਲੇਡੀ ਮੈਕਬਥਾਂ ਦੇ ਹੈਵਾਨੀਅਤ ਨਾਲ ਰਗੜ ਖਾਣ ਦੇ ਆਪਣੀ ਉਚਾਈ ਕਰਕੇ ਅਸਮਰੱਥ ਹੁੰਦਾ ਹੈ । ਕਵੀ-ਚਿਤ ਓਸ ਗੰਦ ਵਿੱਚ ਜਾ ਕੇ ਬਦਬੋ ਨਾਲ ਮਰਣ ਤਕ ਪਹੁੰਚਦਾ ਹੈ। ਮੰਨਿਆ, ਕਿ ਸ਼ੈਕਸਪੀਅਰ ਨੂੰ ਪੜ੍ਹ ਕੇ ਹੈਵਾਨੀ ਇਨਸਾਨ ਨਾਲ ਤੇ ਦੁਨੀਆਂ ਦੀਆਂ ਅਕਲਾਂ ਸ਼ਕਲਾਂ, ਨਕਲਾਂ, ਚੰਗਿਆਈਆਂ, ਬੁਰਿਆਈਆਂ ਨਾਲ ਬੜੀ ਵਾਕਫੀਅਤ ਹੋ ਜਾਂਦੀ ਹੈ, ਪਰ ਅਸੀ ਤਾਂ ਦੁਨੀਆਂ ਦਾਰਾਂ ਦੀ ਹੈਵਾਨੀ-ਅਕਲ ਤੇ ਹੈਵਾਨੀ ਕਰਤੂਤਾਂ, ਖਿਆਲਾਂ, ਵਲਵਲਿਆਂ ਥੀਂ ਅੱਕੇ ਹੋਏ ਹੋਏ ਅਸੀ ਓਹ ਇਲਮ ਨਹੀਂ ਲੋਚਦੇ, ਜਿਹੜਾ ਸ਼ੈਕਸਪੀਅਰ ਆਦਿ ਸਾਨੂੰ ਮੱਲੋਮਲੀ ਵੀ ਸਾਡੇ ਅੰਦਰ ਵਾੜਦੇ ਹੋਣ। ਕਵੀ ਓਹ ਇਸ ਅੰਸ ਵਿਚ ਕਹੇ ਜਾ ਸਕਦੇ ਹਨ, ਕਿ ਜਿਸ ਤਰਾਂ ਕਵੀ ਦਾ ਚਿੱਤ ਰੱਬੀ ਵਲਵਲਿਆਂ ਤੇ ਝਾਵੇਲਿਆਂ ਨੂੰ ਆਪਣੇ ਅੰਦਰ ਸਿੰਜਰ ਸਿੰਜਰ ਨਵੀਂ ਤਰਾਂ ਮੁੜ ਉਨਾਂ ਬੀਆਂ ਦਾ ਉਪਜਾਉ ਹੁੰਦਾ ਹੈ, ਇਉਂ ਹੀ ਸ਼ੈਕਸਪੀਅਰ ਤੇ ਕਾਲੀਦਾਸ ਆਦਿ ਦਾ ਚਿੱਤ ਹੈਵਾਨ ਆਦਮੀ ਤੇ ਹੈਵਾਨ ਕੁਦਰਤ ਦੇ ਸਾਏ ਆਪਣੇ ਅੰਦਰ ਲੈਕੇ ਵੇਹਲੀਆਂ ਘਾੜਾਂ ਕਰ ਬਾਹਰ ਲੈ ਆਂਦੇ ਹਨ।ਇਹ ਕਵੀ ਦੁਨੀਆਂ ਦੀ ਇਕ ਨਈ ਅਰ ਆਪਣੇ ਚਿੱਤ ਉਪਜੀ ਦੁਨੀਆਂ ਦੀ ਤਸਵੀਰਾਂ ਖਿੱਚ ਖਿੱਚ ਸਾਮਣੇ ਰੱਖਦੇ ਹਨ, ਪਰ ਜਿਸ ਕਵੀ-ਚਿਤ ਦਾ ਅਸੀਂ ਜ਼ਿਕਰ ਕਰਦੇ ਹਾਂ, ਓਸ ਲਈ ਜਿਵੇਂ ਹੈਵਾਨ ਆਦਮੀ ਦੇ ਰੂਪ ਰੰਗ ਤੇ ਹੈਵਾਨ ਕੁਦਰਤ ਦੇ ਰੂਪ ਰੰਗ ਇਕ ਉਪਜਾਊ ਰਸ ਕਿਰਤ ਦੀ ਸਾਮੱਗਰੀ ਹਨ, ਤਿਵੇਂ ਹੀ ਇਨ੍ਹਾਂ ਕਵੀਆਂ ਦੇ ਚਲਿੱਤ੍ਰ ਭੀ ਰੂਪ ਰੰਗ ਆਦਿ ਲਾਏ ਮਾਯਾਵੀ ਸਾਮੱਗਰੀ ਹਨ। ਇਸ ਸਾਮੱਗਰੀ ਵਿੱਚੋਂ ਕਵੀ-ਚਿੱਤ ਰੱਬੀ ਸੁਹਣੱਪ, ਰੱਬੀ ਦਿਲ ਦੇ ਗੁਣਾਂ ਦੇ ਹੀਰੇ ਪ੍ਰਮਾਣੂਆਂ ਨੂੰ ਆਪ-ਮੁਹਾਰਾ ਅਲੱਗ ਕਰਕੇ ਆਪਣੇ ਅਕਹਿ ਰਸ ਦੀ ਕਰਤਾਰਤਾ ਨੂੰ ਸਿੱਧ ਕਰਦਾ ਹੈ, ਪਰ ਕਵੀ-ਚਿੱਤ ਸਦਾ ਰੱਬੀ-ਚਿੱਤ ਦੇ ਅੰਦਰ ਦੀ ਹਿਲਜੁਲ ਨਾਲ ਇਕ ਸੁਰ ਹੁੰਦਾ ਹੈ ਤੇ ਸ਼ੈਕਸਪੀਅਰ ਕਾਲੀਦਾਸ ਆਦਿ ਹੈਵਾਨ ਮੰਡਲ ਦੇ ਅੰਦਰ ਦੀ ਹਿਲਜੁਲ ਨਾਲ ਇਕ ਸੁਰ ਹੁੰਦੇ ਹਨ, ਚਿੱਤ ਦੇ ਸ਼ੀਸ਼ੇ ਸ਼ੀਸ਼ੇ ਵਿੱਚ ਫਰਕ ਹੈ ॥

ਜਿੱਥੇ ਸ਼ੈਕਸਪੀਅਰ ਆਦਿ ਆਪਣੇ ਚੁਗਿਰਦੇ ਦੀ ਜੀਵਨ ਹਿਲਜੁਲ ਦੇ ਅਸਰਾਂ ਹੇਠ ਆਂਦੇ ਹਨ, ਓਸ ਥੀਂਂ ਉਲਟ ਕਵੀ ਆਪਣੇ ਚੌਗਿਰਦੇ ਦੇ ਅਸਰਾਂ ਥੀਂ ਆਜ਼ਾਦ ਤਬੀਅਤ ਹੁੰਦਾ ਹੈ। ਸੋਨੇ ਦੀ ਡਲੀ ਚਾਹੇ ਠੋਸ ਚਾਹੇ ਪਿਆਲੀ ਹੋਵੇ, ਚਾਹੇ ਚਿੱਕੜ ਵਿੱਚ ਹੋਵੇ, ਚਾਹੇ ਰਾਜ ਸਿੰਘਾਸਣਾਂ ਤੇ ਆਪਣੇ ਅੰਦਰ ਕਦੀ ਮੈਲ ਵੜਨ ਨਹੀਂ ਦਿੰਦੀ, ਤਿਵੇਂ ਹੀ ਕਵੀ-ਚਿੱਤ, ਕੁਛ ਐਸਾ ਦ੍ਰਿੜ੍ਹ ਆਤਮਤਾ ਆਤਮਸੱਤਾ ਆਤਮਰਸਤਾ ਵਿੱਚ ਜਾਂਦਾ ਹੈ ਕਿ ਚਾਹੇ ਤ੍ਰੇਲ ਵਾਂਙੂ ਕਿਣਕਾ ਕਿਣਕਾ ਇਕ ਫੁਹਾਰ ਜਿਹੇ ਰੂਪ ਵਿੱਚ ਵਗ ਤੁਰੇ, ਚਾਹੇ ਹਿਮਾਲਾ ਦੀ ਬੱਜਰ ਚਿਟਾਨਾਂ ਵਾਂਗ ਸਿੱਧਾ ਉੱਚਾ ਹੋ ਤੁਰੇ, ਉਹ ਆਪਣੇ ਸੁਭਾਉ ਵਿੱਚ ਸਦਾ ਕਾਇਮ ਹੁੰਦਾ ਹੈ । ਹਵਾ, ਗਰਮੀ, ਸਰਦੀ, ਹੈਵਾਨੀ ਵਲਵਲਿਆਂ ਤੇ ਕਾਂਬਿਆਂ ਇੰਦ੍ਰੀਆਂ ਦੀ ਪ੍ਰਬਲ ਲੋੜਵੰਦੀਆਂ ਖਿੱਚਾਂ ਦੇ ਤੁਣਕੇ ਆਦਿ ਸਭ ਆਪਣੇ ਅਸਰ ਪਾਂਦੇ ਹਨ, ਪਰ ਜਿਵੇਂ ਬੱਦਲਾਂ ਦੀਆਂ ਸ਼ਕਲਾਂ ਭਾਵੇਂ ਨੀਲੇ ਤਣੇ ਖੜੇ ਅਕਾਸ਼ ਨੂੰ ਘੜੀ ਦੀ ਘੜੀ ਜਿੰਨਾਂ ਭਰਨ ਯਾ ਆਸਕਤ ਕਰਦੀਆਂ ਦਿੱਸਣ, ਪਰ ਅਕਾਸ਼ ਇਸ ਤਰਾਂ ਦੇ ਸਦਮੇ ਝੱਲਦਾ, ਹੋਰ ਹੋਰ ਨਵੀਂ ਨਵੀਂ ਆਪਣੀ ਆਤਮ ਸੁਹਜ ਵਿੱਚ ਮੁੜ ਮੁੜ ਨਿਖਰਦਾ ਹੈ, ਇਉਂ ਇਹ ਸਭ ਬੱਦਲ, ਸ਼ਕਲਾਂ, ਬੱਦਲ ਰੰਗ, ਬੱਦਲਾਂ ਤੇ ਬਿਜਲੀਆਂ ਦੀ ਘਨਘੋਰ, ਮੀਹਾਂ ਦੇ ਸ਼ੋਰ ਵੰਨ ਵੰਨ ਸਵੇਰ ਸ਼ਾਮ ਦੀਆਂ ਪਲ ਛਿਣ ਹੁੰਦੀਆਂ ਸੁਹਣੱਪਣਾਂ ਆਕਾਸ਼ ਦੇ ਗਹਿਣੇ ਬਣ ਜਾਂਦੇ ਹਨ। ਸਿੰਗਾਰ, ਵੈਰਾਗਯ, ਬੀਰ ਤੇ ਕਰੁਣਾ ਰਸ ਆਦਿ ਸਾਡੇ ਕਵੀ ਦੇ ਅਲੰਕਾਰਿਕ ਰੰਗ ਹਨ ॥

ਕਵੀ-ਦਿਲ ਤੇ ਚਿੱਤ ਸਦਾ ਕੱਜਿਆ ਹੈ, ਓਹਦੇ ਇਰਦ ਗਿਰਦ ਸਦਾ ਓਸ ਤਰਾਂ ਦਾ ਪ੍ਰਲੈਈ ਹਨੇਰੇ ਧੁੰਧੂ-ਕਾਰਾਂ ਜਿਹਾਂ ਦਾ ਪਰਦਾ ਹੁੰਦਾ ਹੈ, ਜਿਹਦਾ ਰੂਪ ਅਸੀ ਚਿੰਨ੍ਹ ਮਾਤ੍ਰ ਦੱਸ ਆਏ ਹਾਂ । ਜਦ ਕੁਦਰਤ ਆਪਣੀ ਬਰਫਾਨੀ ਕਿਸੀ ਚੋਟੀ ਨੂੰ ਨਵੀਂ ਵਿਆਹੀ ਵਹੁਟੀ ਵਾਂਗ ਸਜਾ ਕੇ ਘੜੀ ਦੀ ਘੜੀ ਛਾਏ ਬੱਦਲਾਂ ਦੇ ਪਰਦੇ ਨੂੰ ਅੱਧਾ ਖੱਬੇ ਅਧਾ ਸੱਜੇ ਕਰ ਦਰਸਾਂਦਾ ਹੈ ਤੇ ਨਾਲੇ ਸੂਰਜ ਦੀ ਟਿਕਾ ਉਸ ਰਸਿਕ ਕਿਰਤ ਤੇ ਨੂਰ ਦੇ ਫੁੱਲ ਵਰਸਾਂਦੀ ਨਜ਼ਰ ਆਉਂਦੀ ਹੈ, ਇਉਂ ਹੀ ਕਵੀ-ਚਿਤ, ਕਵੀ-ਦਿਲ, ਕਵੀ-ਰਸ ਦੀ ਕਿਰਤ ਦਾ ਝਾਕਾ ਸਾਨੂੰ ਕਦੀ ਕਦੀ ਕਿਸੀ ਸਵਾਂਤੀ ਨਛੱਤ੍ਰ ਦੀ ਘੜੀ, ਬਸ ਇਕ ਪਲ ਛਿਣ ਲਈ ਨਸੀਬ ਹੁੰਦਾ ਹੈ ॥

ਕਵੀ-ਚਿੱਤ ਇਕ ਚਿੱਤ੍ਰ ਖਿੱਚਣ ਵਾਲੀ ਬੁੱਤ-ਸ਼ਾਲਾ ਹੈ, ਜਿੱਥੇ ਮਾਦਾ-ਜਗਤ, ਮੁਰਦਾ-ਜਿੰਦਗੀ, ਰੂਹਾਨੀ ਜਗਤ ਦੀ ਸਦਾ ਜੀਵੀ ਜੋਤ-ਜ਼ਿੰਦਗੀ ਦੀ ਸਾਮਿੱਗ੍ਰੀ ਹੈ, ਨਾ ਸਿਰਫ ਰੂਪ, ਰੰਗ ਨੂੰ ਪ੍ਰਮਾਣੂ ਰੂਪ ਕਰ ਰੱਬੀ ਗੁਣਾਂ ਨੂੰ ਚੁਣ ਚੁਣ ਆਪਣੇ ਅੰਦਰ ਭਰਦਾ ਹੈ, ਉਹ ਹਰ ਇਕ ਰੰਗ, ਚਾਲ, ਥੱਰਰਾਹਟ, ਕਾਂਬੇ, ਹਿਲਜੁਲ, ਭਰਵੱਟੇ ਤੇ ਅੱਖਾਂ ਦੇ ਇਸ਼ਾਰਿਆਂ, ਨਦਰਾਂ ਦੇ ਅਰਥਾਂ ਆਦਿ, ਸਭ ਨੂੰ ਆਪਣੀ ਹੰਸ ਵਾਲੀ ਸ਼ਕਤੀ ਦਵਾਰਾ ਪ੍ਰਮਾਣੂ ਪ੍ਰਮਾਣੂ ਕਰ ਸੁੱਟਦਾ ਹੈ ਤੇ ਉਸ ਵਿੱਚੋਂ ਇਨ੍ਹਾਂ ਜ਼ਿੰਦਗੀ ਦੇ ਚੁੱਪ-ਚਾਲਾਂ, ਕਾਂਬਿਆਂ ਤੇ ਇਸ਼ਾਰਿਆਂ ਤੇ ਸੈਣਤਾਂ ਦੇ ਵਿੱਚੋਂ ਰੱਬੀ-ਪ੍ਰਮਾਣੂ ਕੱਢਕੇ ਚੁਣਕੇ ਆਪਣੇ ਦਿਲ ਦੀਆਂ ਲੁਕੀਆਂ ਤੈਹਾਂ ਵਿੱਚ ਰੱਬੀ ਚਿੱਤ ਰੂਪ ਕਰ ਅਕੱਠਾ ਕਰਦਾ ਹੈ ॥

ਜਿਸ ਤਰਾਂ ਇਸ ਹੈਵਾਨੀ ਜੀਵਨ ਖੇਤ੍ਰ ਤੇ ਹੈਵਾਨੀ ਕੁਦਰਤ ਦੇ ਚੁਗਿਰਦੇ ਵਿੱਚਦੀ ਲੰਘਦੇ ਅਸਾਂ ਕਵੀ-ਚਿੱਤ ਨੂੰ ਰੂਪ, ਰੰਗ ਤੇ ਨਾਨਾ ਸ਼ਰੀਰੀ ਜੀਵਨ ਦੇ ਭੂਤਿਕ ਮਾਦਾ ਮਨ ਦੀ ਹਿਲ ਜੁਲ ਆਦਿ ਨੂੰ ਪ੍ਰਮਾਣੂ ਕਰਦੇ ਤੇ ਚੋਣ ਕਰਦੇ ਤੱਕਿਆ ਹੈ, ਇਸੀ ਤਰਾਂ ਹੁਣ ਅਸੀ ਇਹਨੂੰ ਇਸ ਪਦਾਰਥੀ ਚੁਗਿਰਦੇ ਦੇ ਕਰਮ ਖੇਤ੍ਰ ਵਿੱਚੋਂ ਲੰਘਦੇ ਦੇਖ ਸੱਕਦੇ ਹਾਂ ।ਇਹ ਸੋਨੇ ਦੀ ਰੇਖ ਜਿੱਥੇ ਵੱਗੇ ਆਪਣੀ ਚਮਕ ਵਿੱਚ ਹੁੰਦੀ ਹੈ, ਇਹਨੂੰ ਕੋਈ ਆਦਮੀ ਪਿਤਲ ਆਖ ਨਹੀਂ ਸਕਦਾ ॥

ਕਵੀ-ਚਿੱਤ ਕਰਮਾਂ ਭੋਗਾਂ, ਜੋਗਾਂ, ਗ੍ਰਹਿਸਥਾਂ, ਪਾਪਾਂ, ਪੁੰਨਾਂ ਵਿੱਚੋਂ ਦੀ ਲੰਘਦਾ ਆਪਣੇ ਕਰਮਾਂ ਨੂੰ ਵੀ ਪ੍ਰਮਾਣੂ ਪ੍ਰਮਾਣੂ ਕਰ ਸੁੱਟਦਾ ਹੈ, ਤੇ ਕੇਵਲ ਰੱਬੀ ਕਰਮ ਦੇ ਪ੍ਰਮਾਣੂ ਮਿਕਨਾਤੀਸ ਵਾਂਗ ਉਸ ਨਾਲ ਰਹਿੰਦੇ ਹਨ, ਬਾਕੀ ਸਭ ਆਪ-ਮੁਹਾਰੇ ਝੜ ਜਾਂਦੇ ਹਨ। ਕਵੀ ਸਦਾ ਕਰਮਾਂ ਦੀ ਸੇਜਲ ਥੀਂ ਅਣਭਿੱਜਾ ਹੁੰਦਾ ਹੈ, ਲੋਕੀ ਹੈਵਾਨ ਲੋਕੀ ਬੜੇ ਧੋਖੇ ਖਾਂਦੇ ਹਨ, ਮਨ ਦੇ ਪਦਾਰਥਿਕ ਵਿਚਾਰਾਂ ਦੇ ਮਾਰੂ ਰੂਹਾਨੀ ਕਰਿਸ਼ਮੇ ਥੀਂ ਨਾਵਾਕਫ ਹੁੰਦੇ ਹਨ, ਸ਼ਰਾਬੀਆਂ ਵਾਂਗ ਪਾਰਥਿਕ ਬੇਹੋਸ਼ੀ ਵਿੱਚ ਕੁਛ ਦਾ ਕੁਛ ਕਹਿੰਦੇ ਜਾਂਦੇ ਹਨ। ਕਵੀ-ਚਿੱਤ ਤਲਵਾਰ ਚੁੱਕ ਜਦ ਮਾਰਦਾ ਹੈ ਤੇ ਮੈਦਾਨ ਜੰਗ ਵਿੱਚ ਇਕ ਜਰਨੈਲ ਤੇ ਸਿਪਾਹੀ ਵਾਂਗ ਕੱਪੜੇ ਪਾਏ ਕਾਤਲਾਂ ਜਰਾਰਾਂ ਵਾਲੇ ਕਹਿਰ ਕਰਮ ਵਿੱਚ ਦਿਸ ਆਉਂਦਾ ਹੈ, ਤਦ ਇਨਾਂ ਮੋਏ ਮਾਰੇ ਬੰਦਿਆਂ ਦੀ ਪਾਰਸਾਈ ਤੇ ਪਯਾਰ, ਪਾਕੀਜ਼ਗੀ ਆਦਿ ਕੰਬ ਉੱਠਦੇ ਹਨ । ਮੋਏ ਮਨਾਂ ਨੂੰ ਹੌਲ ਪੈ ਜਾਂਦਾ ਹੈ, ਕਿ ਹੈਂ ! ਰੱਬਤਾ ਕਦੀ ਕਤਲ ਕਰਨ ਵਿੱਚ ਵੀ ਹੋ ਸਕਦੀ ਹੈ ? ਇਹ ਬੇਹੋਸ਼ ਸ਼ਰਾਬੀਆਂ ਵਾਂਗ ਆਪਾ ਤਾਂ ਸਮਝ ਨਹੀਂ ਸਕਦੇ, ਤੇ ਚਮਗਾਦੜ ਵਾਂਗ ਪੁੱਠੇ ਲਟਕ ਰੱਬ ਤੇ ਉਹਦੀ ਰੱਬਤਾ ਨੂੰ ਪਹਿਲੇ ਹੀ ਇਕ ਮਿਤ ਵਾਲੀ ਚੀਜ ਯਾ ਗੁਣ ਮਿਥ ਚੁੱਕੇ ਹਨ, ਤੇ ਬੜਬੜਾ ਰਹੇ ਹਨ ਕਿ ਕੀ ਰੱਬਤਾ ਕਤਲ ਕਰਨ ਦੇ ਕੰਮ ਵਿੱਚ ਵੀ ਦਿਸ ਸਕਦੀ ਹੈ? ਤੇ ਇਉਂ ਸੁੱਤੀ ਸੁੱਤੀ ਬੜ ਬੜਾਂਦੀ ਨਾਸਤਕਤਾ ਵਿੱਚ ਸਦਾ ਰਹਿੰਦੇ ਹਨ ਤੇ ਓਸੇ ਪੈਮਾਨੇ ਵਿੱਚ ਰਬ ਤੇ ਰੱਬਤਾ ਨੂੰ ਵੀ ਰੱਖ ਵੇਖਦੇ ਹਨ । ਜੀਂਦੀ ਚੀਜ਼ ਨੂੰ ਮੁਰਦਾ ਜਿਹਾ ਬਣਾਕੇ ਆਪਣੇ ਮਨ ਵਿੱਚ ਲਟਕਾ ਆਪਣੀ ਰੱਬਤਾ ਤੇ ਖੁਸ਼ ਹੁੰਦੇ ਹਨ, ਗਟਕਦੇ ਹਨ ਕਿ ਅਸਾਂ ਰੱਬ ਪਾ ਲਿਆ ਹੈ, ਹੋਰ ਰੱਬ ਹੁਣ ਕਿਧਰੇ ਨਹੀਂ ਰਿਹਾ। ਖੈਰ ! ਇਨ੍ਹਾਂ ਮੋਇਆਂ ਕਾਇਰਾਂ ਅਜ ਕਲ ਦੇ ਪਾਰਸਾਵਾਂ ਤੇ ਪੈਗੰਬਰਾਂ ਨੂੰ ਅਸੀ ਉਨਾਂ ਦੇ ਵਜ਼ੂ ਤੇ ਕੂਜ਼ੇ ਵਿੱਚ ਹੀ ਛੱਡ ਕੇ ਆਪਣੇ ਕਵੀ ਨੂੰ ਤਲਵਾਰ ਪਕੜੀ ਦੇਖਦੇ ਹਾਂ, ਕਵੀ-ਚਿੱਤ ਓਥੇ ਸਵਾਧਾਨ ਖੜਾ ਹੈ ਤੇ ਜੰਗ ਕਰਮ ਫੁੱਟ ਫੁੱਟ ਪ੍ਰਮਾਣੁਆਂ ਦੇ ਢੇਰ ਲੱਗਦੇ ਹਨ, ਪਰਬਤ ਪ੍ਰਮਾਣੂਆਂ ਦੇ ਜਗਮਗ ਕਰ ਰਹੇ ਹਨ ਤੇ ਕਵੀ-ਚਿੱਤ ਤਾਂ ਜੰਗ ਨਹੀਂ ਕਰ ਰਿਹਾ । ਕਰਮ ਖੇਤ ਵਿੱਚੋਂ ਰੱਬ ਚੁਣ ਰਿਹਾ ਹੈ, ਓਹਦੀ ਤਾਂ ਅੰਦਰ ਰੂਹ ਦੀ ਕੋਈ ਲੋੜ ਪੂਰੀ ਹੋ ਰਹੀ ਹੈ । ਇਹ ਸਭ ਜੰਗ ਕਰਮ ਯਾ ਹੋਰ ਕਰਮ ਉਸੀ ਆਪਮੁਹਾਰਤਾ ਨਾਲ ਹੋ ਰਹੇ ਹਨ, ਜਿਸ ਨਾਲ ਇਸ ਪਾਰਥਿਕ ਚੁਗਿਰਦੇ ਵਿੱਚ ਪਰਬਤ ਬਣ ਤੇ ਅਣਬਣ ਰਹੇ ਹਨ । ਸਮੁੰਦਰ ਭਰੇ ਜਾ ਰਹੇ ਹਨ ਤੇ ਸੱਖਣੇ ਹੋ ਰਹੇ ਹਨ ਕੀ ਕੁਦਰਤ ਦੇ ਕਰਮ ਤੇ ਕੀ ਮਨੁੱਖ ਦੇ ਕਰਮ, ਪਾਰਥਿਕ ਦੁਨੀਆਂ ਦੇ ਕੋਲ ਪਾਰਥਿਕ ਹਨ, ਤੇ ਜਿਸ ਤਰਾਂ ਪ੍ਰਿਥਵੀ ਦੀ ਜੀਆਲੋਜੀਕਲ ਤਬਦੀਲੀਆਂ ਕਿਸੀ ਵਹੇ ਹੁਕਮ ਵਿੱਚ ਬੇਬਸ ਚੱਲ ਰਹੀਆਂ ਹਨ, ਇਸ ਤਰਾਂ ਇਹ ਪਾਰਥਿਕ ਕਰਮ ਖੇਤ੍ਰ ਦੀ ਚਾਲ ਵੀ ਕਿਸੀ ਹੁਕਮ ਵਿੱਚ ਬੇਬਸ ਚੱਲ ਰਹੀ ਹੈ । ਕਵੀ-ਚਿੱਤ ਸਦਾ ਅਕ੍ਰੈ ਹੈ, ਉਹ ਸਰਫ ਦਿੱਸ ਰਿਹਾ ਹੈ, ਕਿ ਕਰਮ ਖੇਤ੍ਰ ਵਿੱਚ ਖੜਾ ਹੈ । ਅਸਲੀ ਉਹ, ਰਸਿਕ ਕਿਰਤ ਦੇ ਗੁਪਤ ਮੰਦਰ ਵਿੱਚ ਚੁੱਪ ਆਪਮੁਹਾਰਾ ਇਕ ਕਰਤਾਰ ਹੈ, ਤੇ ਸਦਾ ਅਦ੍ਰਿਸ਼ਟ ਹੈ ॥

ਇਹੋ ਕਵੀ ਪੈਗੰਬਰ ਹੋ ਜਾਂਦਾ ਹੈ, ਜਦ ਉੱਪਰ ਦੇ ਰਾਗ ਝਾਵਲੇ ਜ਼ਰਾ ਕਿਸੀ ਅਨੇਮੀ ਬਾਹੁਲਤਾ ਵਿੱਚ ਪੈਣ ਲੱਗ ਜਾਂਦੇ ਹਨ । ਇਹ ਕਵੀ ਫਕੀਰ ਹੋ ਜਾਂਦਾ ਹੈ, ਜਦ ਅੰਦਰ ਦੀ ਖਿੱਚ ਟੁੱਟ ਕੇ ਪੈਂਦੀ ਹੈ ਤੇ ਬਿਜਲੀ ਵਾਂਗ ਮਿਕਨਾਤੀਸੀ ਨੇਮ ਨਾਲ ਇਹ ਗੁਰੂ ਚਰਣਾਂ ਨੂੰ ਸਦਾ ਲਈ ਚਮੋੜ ਦਿੰਦੀ ਹੈ । ਇਹ ਕਵੀ ਚਿੱਤ੍ਰਕਾਰ, ਇਹੋ ਕਵੀ ਬੁੱਤ-ਘੜਨਹਾਰ ਰਸਕ ਕਰਤਾਰੀ ਹੋ ਜਾਂਦਾ ਹੈ । ਕਵੀ-ਦਿਲ ਭਰੀ ਦੁਨੀਆਂ ਵਿਚ ਅਕੱਲਾ ਹੁੰਦਾ ਹੈ ਤੇ ਰੂਹ ਦੀ ਅਕੱਲ ਵਿੱਚ ਉਹਦੀ ਆਪਣੇ ਸਤਿਸੰਗ ਦੀ ਭਰੀ ਦਿਵਯ ਦੁਨੀਆਂ ਹੁੰਦੀ ਹੈ, ਕਵਿਤਾ ਚਾਹੇ ਲਿਖੇ ਚਾਹੇ ਨਾ ਲਿਖੇ, ਕਵੀ ਸਦਾ ਰਸਦਾ ਕਰਤਾਰ ਹੁੰਦਾ ਹੈ।ਓਹਦੀਆਂ ਨਜਰਾਂ, ਓਹਦੀ ਟੋਰ, ਓਹਦੇ ਬੋਲ, ਸਹਿਜ ਸਭਾ ਗੱਲਾਂ ਸਭ ਕਵਿਤਾ ਹਨ । ਕੁਛ ਪਤਾ ਨਹੀਂ ਕਿਹੜੀ ਗੱਲ, ਕਿਹੜਾ ਕਰਮ, ਕਿਹੜਾ ਚੋਹਲ ਤੇ ਕਿਹੜੀ ਲਗਨ ਕਵੀ ਨੂੰ ਉਕਸਾਵੇਗੀ ਤੇ ਓਸ ਉਕਸਾਵਟ ਦਾ ਪਰੀਣਾਮ ਪਤਾ ਨਹੀਂ ਕਦ ਘੜੀ ਬਾਦ ਕਿ ੨੦ ਵਰਿਆਂ ਬਾਦ ਕੁਛ ਚੀਜ਼ ਪ੍ਰਗਟ ਹੋ ਬਾਹਰ ਆਵੇਗੀ ? ਕਵੀ ਸਦਾ ਅਰੂਪ ਰੱਬ ਨੂੰ ਰੂਪ-ਮਾਨ ਕਰਦਾ ਹੈ ਤੇ ਰੂਪ-ਮਾਨ ਨੂੰ ਅਰੂਪ ਕਰਦਾ ਹੈ ॥

ਕਵੀ ਜਨ ਸਦਾ ਆਪਣਾ ਨੇਮ ਤੇ ਕਾਨੂੰਨ ਆਪ ਹੁੰਦੇ ਹਨ, ਉਨ੍ਹਾਂ ਨੂੰ ਬਾਹਰ ਦੀ ਲੋਕਾਚਾਰੀ ਤੇ ਦੁਨੀਆਦਾਰਾਂ ਵਾਲੀ, ਵਿਵਹਾਰਕ ਨੀਤੀ ਤੇ ਧਿਆਨ ਫੋਕੀ ਅਕਲ ਉੱਕਾ ਲੋੜ ਨਹੀਂ ਹੁੰਦੀ । ਪ੍ਰਤੀਤ ਇੰਵ ਹੁੰਦਾ ਹੈ, ਜਿਵੇਂ ਉਹ ਬੇਅਸੂਲ, ਅਨੇਮੀ ਤੇ ਬਾਵਲੇ ਜਿਹੇ ਲੋਕ ਹਨ, ਜਿਨ੍ਹਾਂ ਨੂੰ ਦੁਨੀਆਂ ਵਾਲਾ ਇਖਲਾਕ ਵੀ ਕਾਹਲਾ ਪਾਂਦਾ ਹੈ । ਉਹਨਾਂ ਦਾ ਇਖਲਾਕ ਕਿਸੀ ਸ਼ਰੀਅਤ ਦੀਆਂ ਲਕੀਰਾਂ ਅੰਦਰ ਨਹੀਂ ਮਿਟਦਾ, ਅੱਜ ਕੁਛ ਕਹਿੰਦੇ ਹਨ ਕੱਲ ਓਸ ਥੀਂ ਉਲਟ ਕਹਿੰਦੇ ਹਨ। ਕੁਛ ਅਜਲੀ ਲਾ-ਮਕਾਨੀ ਜਿਹੇ ਲੋਕ ਹਨ, ਜਿੱਥੇ ਦੁਨੀਆਂ ਵਾਲਿਆਂ ਦੇ ਸਾਧਾਰਣ ਆਚਰਣ ਤੇ ਸਭਯਤਾ ਦੇ ਖੰਭ ਸੜਦੇ ਹਨ ਤੇ ਵੱਡੇ ਥੀਂ ਵੱਡਾ ਅੱਛੇ ਥੀਂ ਅੱਛਾ ਦੁਨੀਆਂ ਵਾਲਿਆਂ ਦਾ ਆਚਰਣ ਕਵੀ-ਦਿਲ ਨੂੰ ਕੋਈ ਇੱਕ ਅੱਧ ਜੀਂਦਾ ਪ੍ਰਮਾਣੂ ਹਛਾਈ ਦਾ ਦਿੰਦਾ ਹੈ ਤੇ ਉੱਨਾ ਕੁ ਉਨ੍ਹਾਂ ਨੂੰ ਚੋਰਾਂ ਯਾਰਾਂ ਮੰਗਲ ਮੁਖੀਆ ਦੇ ਵਲੂੰਦਰੇ ਜੀਵਨ ਕਥਾ ਥੀਂ ਵੀ ਲੱਝ ਜਾਂਦਾ ਹੈ ॥

ਜਦ ਦੁਨੀਆਂ ਵਾਲੇ ਕਹਿੰਦੇ ਹਨ, ਫਲਾਣਾ ਬੜਾ ਅੱਛਾ ਆਦਮੀ ਹੈ ਕਵਿਤਾ ਵਿੱਚ, ਇਹ ਕੋਈ ਪ੍ਰਸ਼ੰਸਾ ਨਹੀਂ ਜਿਸ ਤਰਾਂ ਕਿੱਕਰ ਨੂੰ ਕਿਹਾ ਕਿੱਕਰ ਹੈ, ਅੱਛਾ ਹੋਣਾ ਕੋਈ ਹਛਯਾਈ ਨਹੀਂ, ਜਦ ਤਕ ਹਛਯਾਈ ਕਿਸੇ ਜੀਂਦੇ ਰੰਗ ਵਿਚ ਚੱਲ ਨਹੀਂ ਰਹੀ, ਡਾਈਨੈਮਿਕ ਨਹੀਂ ਤੇ ਆਪਣੀ ਚਾਲ ਵਿੱਚ ਓਹ ਭਰੇ ਕਟੋਰੇ ਵਾਂਗ ਅਡੋਲ ਨਹੀਂ, ਜੇਹੜਾ ਰਵਾਲ ਚਾਲ ਚੱਲਦੀ ਘੋੜੀ ਤੇ ਚੜ੍ਹੇ ਜਵਾਨ ਦੇ ਹੱਥ ਵਿੱਚ ਡੁਲ੍ਹਦਾ ਨਹੀਂ।ਇਉਂ ਜੇਹੜੀ ਅਛਾਈ ਤੀਬਰਤਾ ਵਿਚ ਰੰਗ ਤੇਜ ਚਾਲ ਵਾਲੀ ਤੇ ਤੇਜ ਠਹਿਰਾਉ ਵਾਲੀ ਨਹੀਂ, ਉਹ ਮੁਰਦਾ ਹਛਯਾਈ ਇਸੀ ਕੰਮ ਨਹੀਂ। ਇਸ ਮੁਰਦਾ, ਕਾਂਬਾਂ ਤੇ ਜੁੰਬਸ਼ ਰਹਿਤ, ਹਛਾਈ ਥੀਂ ਤੇ ਹਿਲਦੀ ਚਲਦੀ ਬੁਰਿਆਈ ਜਿਆਦਾ ਰੱਬੀ ਪਰਮਾਣ ਵਾਲੀ ਧਾਤੁ ਹੈ, ਕੁਛ ਹੋਵੇ ਭਾਵੇਂ ਉਹ ਬੁਰਿਆਈ ਚਿੱਕੜ ਵਿਚ ਥੀਂ ਲੰਘ ਰਹੀ ਹੈ, ਸਦਾ ਮੰਜ਼ਲ ਮਾਰਣ ਵਾਲੀ ਬੁਰਿਆਈ, ਇਕ ਹੱਟੀ ਤੇ ਲੂਣ, ਤੇਲ, ਸਬੂਣ, ਤੋਲਣ ਵਾਲੀ ਹਵਾਈ ਥੀਂ ਬੜੀ ਵੱਧ ਅਮੋਲਕ ਹੈ ॥

ਸਭ ਮਨੁੱਖਾਂ ਵਿੱਚ ਥੋਹੜਾ ਬਾਹਲਾ ਕਵੀ-ਚਿੱਤ ਹੈ, ਪਰ ਉਨ੍ਹਾਂ ਆਪਣਾ ਅਕਸ ਸ਼ੀਸ਼ਾ ਗਲਤ ਚੀਜ਼ਾਂ ਦੇ ਪ੍ਰਭਾਵ ਖਿੱਚਣ ਵਲ ਮੋੜਿਆ ਹੋਇਆ ਹੈ । ਦੁਨੀਆਂ ਵਿੱਚੋਂ ਚੋਟੀ ਦੇ ਲੋਕ ਸ਼ੈਕਸਪੀਅਰ ਤੇ ਕਾਲੀਦਾਸ ਵਰਗੇ ਕਵੀ ਉਹੋ ਪਲੇਟ ਕੁਦਰਤ ਜਿਸ ਵਿੱਚ ਹੈਵਾਨ-ਇਨਸਾਨ ਵੀ ਸ਼ਾਮਲ ਹੈ, ਸਿੱਧਾ ਕਰ ਆਦਮੀ ਦੇ ਅੰਦਰ ਦੀ ਅੰਤਯਾਤਮਾ ਦੇ ਕ੍ਰਿਸ਼ਮੇ ਕਰਦੇ ਹਨ, ਪਰ ਇਹ ਵੀ ਹਾਲੇ ਦਿਵ ਕਵਿਤਾ ਦੇ ਰੁਖ਼ ਦੇ ਪ੍ਰਭਾਵ ਨਹੀਂ ਹਨ । ਕੋਈ ਕੋਈ, ਕਦੀ ਕਦੀ ਝਾਵਲਾ ਆਪਮੁਹਾਰਾ ਪੈ ਜਾਂਦਾ ਹੈ, ਅਸਲ ਤਾਂ ਕਵੀ-ਚਿੱਤ ਉਹ ਹੈ, ਜੋ ਆਪਣਾ ਚਿੱਤ ਛੁਪਾ ਲੁਕਾ ਕੇ, ਕਾਲੇ ਪਰਦਿਆਂ ਵਿੱਚ ਬੰਦ ਕਰਕੇ ਕੇਵਲ ਰੂਹਾਨੀ ਤਬਕਿਆਂ ਦੇ ਰਹਿਣ ਵਾਲੇ ਦੇਵਤਿਆਂ ਦੇ ਦਿਲਾਂ ਦੇ ਵਲਵਲਿਆਂ ਤੇ ਪ੍ਰਭਾਵਾਂ ਵੱਲ ਰੁਖ਼ ਕਰ ਉਪਰਲੇ ਹੁਕਮ-ਦੇਸਾਂ ਦੇ ਪ੍ਰਭਾਵਾਂ ਵਿੱਚ ਰੱਖਦੇ ਹਨ ਤੇ ਉਨ੍ਹਾਂ ਨੂੰ ਮੂਰਤੀ-ਮਾਨ ਕਰਦੇ ਹਨ, ਇਸ ਅਰਥ ਵਿੱਚ ਸਿਵਾਏ ਮਹਾਂਪੁਰਖਾਂ, ਸਾਧਾਂ ਤੇ ਰੱਬੀ ਅੰਸ਼ ਵਾਲੇ ਨਿਤਯ ਅਵਤਾਰਾਂ ਦੇ ਕੋਈ ਹੋਰ ਕਵੀ-ਸਿੰਘਾਸਨ ਤੇ ਬੈਠ ਨਹੀਂ ਸਕਦਾ, ਤੇ ਧੁਰ ਦੀ ਬਾਣੀ ਕੇਵਲ ਕਵਿਤਾ ਦਾ ਦਰਜਾ ਰੱਖਦੀ ਹੈ, ਬਾਕੀ ਨਹੀਂ ॥

ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਗੱਲ ਥੀਂ ਛੁੱਟ ਅਪਣੀ ਪਾਰਖੀ ਚੋਣ ਸਿਰਫ ਬਾਣੀ ਰੂਪ ਕਵਿਤਾ ਦੀ ਕੀਤੀ ਹੈ। ਨਿਰੀ ਕਵਿਤਾ ਨੂੰ ਸੱਚੀ ਬੀੜ ਵਿਚ ਨਹੀਂ ਚਾੜ੍ਹਿਆ, ਪਰ ਗੱਲ ਅਸਲ ਇਹ ਹੈ, ਕਿ ਦਿੱਸਦੀ ਦੁਨੀਆਂ ਦੇ ਕਵੀ ਦਾ ਮਜ਼ਮੂਨ ਬਣੇ ਤਾਂ ਅਫਸੋਸ ਹੈ! ਇਹ ਤਾਂ ਹਰ ਚਿੱਤ ਦਾ ਆਪਣਾ ਦਿਸਦਾ ਪਿਸਦਾ ਵਿਸ਼ਾ ਹੈ ਤੇ ਜੇ ਜ਼ਰਾ ਵੀ ਇਕਾਗਰ ਹੋ ਕੇ ਦੁਨੀਆਂ ਦੇ ਰੰਗਾਂ ਵਿਚ ਸੈਰ ਕਰਨਾ ਚਾਹੇ ਤਾਂ ਆਪਣੀ ਖੁੱਲ੍ਹ ਵਿਚ ਆ ਕੇ ਖੁੱਲ੍ਹਾ ਕਰ ਸਕਦਾ ਹੈ। ਮੈਂ ਹੀ ਤਾਂ ਤੀਮੀ, ਮਰਦ, ਚੋਰ, ਯਾਰ, ਜਵਾਰੀਆ, ਬਾਦਸ਼ਾਹ, ਅਮੀਰ, ਫਕੀਰ ਹਾਂ। ਭੇਸ ਬਦਲਿਆ ਤੇ ਜਿਸ ਦਿਲ ਦਾ ਹਾਲ ਚਾਹੋ ਮੈਂ ਖੁਦ ਆਪ ਉਹ ਹੋ ਕੇ ਦਸ ਸਕਦਾ ਹਾਂ, ਚੰਦ ਮਿੰਟਾਂ ਦੀ ਖੇਲ ਹੈ। ਮੈਂ ਸਭ ਕੁਛ ਬਣ ਕੇ ਉਸੀ ਤਰਾਂ ਦੇ ਕੰਮ ਆਪ-ਮੁਹਾਰਾ ਕਰ ਸਕਦਾ ਹਾਂ। ਇਹ ਕੋਈ ਕਠਿਨ ਗੱਲ ਨਹੀਂ, ਕਠਿਨ ਗੱਲ ਹੈ ਅਦ੍ਰਿਸ਼ਟ ਵਿੱਚ, ਆਪਣੇ ਥੀਂ ਉੱਚੇ ਜੀਵਨ ਦਾ ਜਾਣੂ ਹੋਣਾ, ਉਹਦਾ ਪਤਾ ਕਵੀ ਪਾਸੋਂ ਅਸੀ ਪੁੱਛਣ ਦੇ ਹੱਕਦਾਰ ਹਾਂ, ਪਰ ਉਹ ਨਾ ਸ਼ੈਕਸਪੀਅਰ ਨਾ ਕਾਲੀ ਦਾਸ ਕੋਈ ਹੁੰਦਾ ਹੈ। ਕਾਹਦੇ ਕਵੀ ਹੋਏ ? ਸ਼ੈਕਸਪੀਅਰ ਪ੍ਰਾਸਪੀਰੋ ਥੀਂ ਵੱਧ ਤੇ ਹੈਮਲਿਟ ਦੇ ਆਪਣੇ ਮੋਏ ਹੋਏ ਪਿਉ ਦੇ ਪ੍ਰੇਤ ਦੇਖਣ ਥੀਂ ਵੱਧ ਹੋਰ ਕੋਈ ਅਦ੍ਰਿਸ਼ਟ ਦੇਸਾਂ ਦਾ ਹਾਲ ਨਹੀਂ ਦੱਸ ਸਕਿਆ । ਕਾਲੀਦਾਸ ਇੰਨਾ ਦੱਸਦਾ ਹੈ, ਕਿ ਸੁਹਣੱਪ ਉੱਪਰੋਂ ਆਉਂਦੀ ਹੈ, ਪਰ ਫਿਰ ਸਿਵਾਇ ਸ਼ਿੰਗਾਰ ਰਸ ਦੀਆਂ ਉੱਚੀਆਂ ਤਸਵੀਰਾਂ ਦੇ ਕੀ ਹੋਰ ਖਿੱਚਦਾ ਹੈ । ਇਨ੍ਹਾਂ ਥੀਂ ਤਾਂ ਭਰਥਰੀਹਰੀ ਬੜੇ ਉੱਚ ਪਾਏ ਦਾ ਕਵੀ ਹੈ, ਹੋਰ ਨਹੀਂ ਤਾਂ ਇਨ੍ਹਾਂ ਦੀ ਕਵਿਤਾ ਨੂੰ ਕੰਡ ਦੇਣ ਵਿੱਚ ਤਾਂ ਸ਼ੇਰ ਹੈ ॥

ਅੰਜੀਲ ਦੀ ਕਵਿਤਾ ਨਾਲ ਪੱਛਮੀ ਦੇਸ ਦਾ ਕੋਈ ਕਵੀ ਨਹੀਂ ਪਹੁੰਚਦਾ । ਉਪਨਿਸ਼ਦਾਂ ਦੀ ਕਵਿਤਾ ਨਾਲ ਕੋਈ ਹੋਰ ਸੰਸਕ੍ਰਿਤੀ ਕਵੀ ਨਹੀਂ ਪਹੁੰਚਦਾ । ਕੁਰਾਣ ਦੀ ਕਵਿਤਾ ਸਦਾ ਲਈ ਕੁੱਲ ਅਰਬੀ ਤੇ ਫਾਰਸੀ ਕਵਿਤਾ ਥੀਂ ਮਹਾਨ ਉੱਚੀ ਰਹੇਗੀ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜ੍ਹੀ ਬਾਣੀ ਮੌਤ, ਥੀਂ ਬਾਦ ਰੂਹ ਦੀ ਦੈਵੀ ਸਾਥਣ ਹੋਈ, ਮਦਦ ਕਰਦੀ ਜਾ ਰਹੀ ਹੈ ਤੇ ਇਹ ਬਾਣੀ ਧੁਰ ਅਦ੍ਰਿਸ਼ਟ ਦੇਸਾਂ ਵਿੱਚ ਕੀਰਤਨ ਰੂਪ ਵਿੱਚ ਗੂੰਜ ਰਹੀ ਹੈ ॥

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ